ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, July 31, 2010

ਰਵਿੰਦਰ ਰਵੀ - ਨਜ਼ਮ

ਨਿੱਕੀਆਂ ਨਿੱਕੀਆਂ ਗੱਲਾਂ 1

ਨਜ਼ਮ

ਨਿੱਕੀਆਂ ਨਿੱਕੀਆਂ ਗੱਲਾਂ ਵਿਚ

ਵੱਡੀ ਸਾਰੀ ਉਮਰ ਬੀਤ ਚੱਲੀ ਹੈ!

.........

ਤੇਰਾ ਸੁਭਾਅ ਨਹੀਂ ਬਦਲਿਆ

ਨਾ ਹੀ ਬਦਲਣ ਵਿਚ, ਤੂੰ ਮੇਰੀ

ਮਦਦ ਕੀਤੀ ਹੈ!

...........

ਮੈਂ ਅਜੇ ਵੀ

ਚੁੱਲ੍ਹੇ ਉੱਤੇ ਪਾਣੀ ਰੱਖ ਕੇ ਭੁੱਲ ਜਾਂਦਾ ਹਾਂ

ਤੇ ਤੂੰ ਅਜੇ ਵੀ

ਭਾਫ਼ ਬਣੇ ਪਾਣੀ ਬਾਅਦ,

ਸੁਰਖ਼ ਹੋਏ ਪਤੀਲੇ ਵਾਂਗ,

ਤਪ ਜਾਂਦੀ ਹੈਂ,

ਹਰ ਦਿਨ ਇਕ ਨਵਾਂ ਰਣ ਬਨਣ ਲਈ!

...........

ਤੈਨੂੰ ਬਲ਼ਦੇ ਛੱਡੇ ਬਲਬ ਦੇ

ਵਿਅਰਥ ਹੋ ਰਹੇ ਚਾਨਣ

ਜਾਂ ਬਿਜਲੀ ਦੇ ਬਿਲ ਦੇ ਵਧਣ

ਦੀ ਏਨੀ ਚਿੰਤਾ ਨਹੀਂ,

ਜਿੰਨੀ ਏਸ ਗੱਲ ਦੀ, ਕਿ

ਮੇਰੇ ਸਿਰ ਇਕ ਹੋਰ ਗੋਲ਼ ਕਿਉਂ ਨਹੀਂ ਹੋਇਆ?

............

ਮੈਂ ਤਾਂ ਇਹ ਹੀ ਚਾਹਿਆ ਸੀ ਸਦਾ, ਕਿ

ਤੂੰ ਮੇਰੀਆਂ ਅੱਖੀਆਂ ਵਿਚ

ਬੇਖ਼ੌਫ਼ ਹੋ ਕੇ ਵੇਖੇਂ ਤੇ ਕਹੇਂ:

ਆਪਣੇ ਅੰਦਰਲੇ ਅਪਰਾਧੀ ਨੂੰ

ਮੇਰੇ ਹਵਾਲੇ ਕਰ,

ਇਸ ਨੂੰ ਤਾ-ਉਮਰ

ਆਪਣੀ ਮੁਹੱਬਤ ਦੀ ਸਜ਼ਾ ਦਿਆਂ!

............

ਪਰ ਨਹੀਂ,

ਤੂੰ ਤਾਂ ਆਪਣੀਆਂ ਪਲਕਾਂ ਦੇ

ਘੁੰਡ ਉਹਲਿਓਂ ਹੀ ਨਾ ਨਿਕਲੀ

ਤੇ...........

ਵਿੱਚੇ ਵਿੱਚ ਇਕ ਲੀਕ ਖਿੱਚ ਲਈ!

ਇਹ ਜਾਣਦਿਆਂ, ਕਿ

ਤਰੇੜਾਂ ਵਰਗੀਆਂ ਲੀਕਾਂ ਵਿਚ

ਤਿੜਕੀ ਹੋਈ ਹੋਂਦ ਵਸਦੀ ਹੈ

ਤੇ...........

ਇਸ ਲਈ ਕਿ ਤੇਰੀਆਂ ਲੀਕਾਂ

ਤਰੇੜਾਂ ਨਾ ਬਣਨ,

ਮੈਂ ਇਨ੍ਹਾਂ ਲਈ

ਸੱਚ ਵਰਗੇ ਕਈ ਭਰਮ ਸਿਰਜ ਲਏ:

ਬੱਚੇ, ਮਿੱਤਰ, ਰਿਸ਼ਤੇਦਾਰ,

ਵਾਕਿਫ਼,

ਤਾਂ ਕਿ

ਮੇਲੇ ਜਿਹੇ ਵਿਚ

ਤੇਰਾ ਦਿਲ ਲੱਗਾ ਰਹੇ!!!

..............

ਤੇਰਾ ਰਿਸ਼ਤਿਆਂ ਦੇ ਜੰਗਲ ਵਿਚ

ਗੁੰਮ ਗੁਆਚ ਜਾਣਾ

ਚੰਗਾ, ਚੰਗਾ ਲੱਗਦਾ ਸੀ

ਕਿਉਂਕਿ.........

ਗੁੰਮਸ਼ੁਦਾ ਨੂੰ ਤਾਂ ਲੱਭਿਆ ਜਾ ਸਕਦਾ ਹੈ,

ਪਰ ਟੁੱਟੇ ਹੋਏ ਨੂੰ ਜੋੜਿਆ ਨਹੀਂ!

.............

ਮਿੱਟੀ ਦਾ ਵਜੂਦ ਹਾਂ,

ਜਾਣਦਾ ਹਾਂ:

ਕਿ ਤਿੜਕੇ ਹੋਏ ਬਰਤਨ

ਟੁੱਟ ਤਾਂ ਸਕਦੇ ਹਨ,

ਜੁੜ ਨਹੀਂ ਸਕਦੇ!

................

ਮੈਥੋਂ ਅਜੇ ਵੀ

ਚਾਹ ਦੇ ਕੱਪ ਵਿਚ ਪਾਉਂਦਿਆਂ,

ਮੇਜ਼ ਉੱਤੇ,

ਖੰਡ ਖਿੱਲਰ ਜਾਂਦੀ ਹੈ!

ਮੇਰੇ ਖਿੱਲਰਣ ਨਾਲ਼,

ਤੂੰ ਆਪਣੇ ਅੰਦਰ

ਹੋਰ ਵਧੇਰੇ ਬੱਝ ਜਾਂਦੀ ਹੈਂ,

ਪੀਡੀ ਗੱਠੜੀ, ਗੋਲ਼ ਗੰਢ ਵਾਂਗ!

..............

ਕਿਉਂ ਨਹੀਂ ਆਖਦੀ, ਤੂੰ.....

ਖੁੱਲ੍ਹ ਕੇ......

ਕਿ, ਮੈਂ ਬੜਾ ਬੇਵਫ਼ਾ ਹਾਂ

ਘਰ ਵੱਲ ਨਜ਼ਰ ਨਹੀਂ ਕਰਦਾ,

ਬਾਹਰ ਦੀ ਮਹਿਕ ਵੱਲ

ਭੱਜਦਾ, ਭਟਕਦਾ ਹਾਂ!

.............

ਤੂੰ ਆਖ ਕੇ ਤਾਂ ਵੇਖ,

ਮੈਂ ਤੇਰੇ ਨਾਲ ਕਿਵੇਂ ਜੁੜਦਾ ਹਾਂ!

........

ਨਿੱਕੀਆਂ, ਨਿੱਕੀਆਂ ਗੱਲਾਂ ਵਿਚ

ਵੱਡੀ ਸਾਰੀ ਉਮਰ ਬੀਤ ਚੱਲੀ ਹੈ!!!

Friday, July 30, 2010

ਰੂਪ ਦਬੁਰਜੀ - ਗੀਤ

ਗੀਤ

ਮੇਰੇ ਪ੍ਰਦੇਸੀਆ

ਵਤਨ ਤੇਰੇ ਦੇ ਵਿਚ

ਅੱਗ ਦਾ ਸਾਉਣ ਵਰ੍ਹੇ

-----

ਅੱਗ ਦੇ ਸਾਉਣ ਦੀ

ਝੜੀ ਵੇ ਕਸੁੱਤੀ ਲੱਗੀ

ਫ਼ਿਕਰਾਂ ਦੇ ਪਾਣੀ ਨੇ ਚੜ੍ਹੇ

----

ਚੋਅ ਨਾ ਜਾਏ ਕਿਤੇ ਮੇਰਾ

ਹੌਸਲੇ ਦਾ ਕੋਠਾ ਚੰਨਾ

ਦਿਲ ਮੇਰਾ ਬਹੁਤ ਹੀ ਡਰੇ

-----

ਐਤਕੀਂ ਦੇ ਸਾਉਣ ਨੇ

ਮੇਰੀਆਂ ਹਥੇਲੀਆਂ ਤੇ

ਗ਼ਮਾਂ ਦੇ, ਧਰ ਤੇ ਗੜੇ

-----

ਗੱਡਿਆ ਮੁਸਾਫ਼ਿਰਾਂ ਨੂੰ

ਸੋਚ ਦੇ ਬਨੇਰੇ ਉੱਤੇ

ਓੜ੍ਹ-ਪੋੜ੍ਹ ਕਈ ਮੈਂ ਕਰੇ

-----

ਮੈਂ ਵੇ ਅਭਾਗੜੀ ਦੇ

ਹੰਝੂਆਂ ਦੀ ਢਾਬ ਵਿਚ

ਸ਼ੌਕ ਸਾਰੇ ਡੁੱਬ ਕੇ ਮਰੇ

-----

ਭਾਵੇਂ ਇੱਥੇ ਸਾਉਣ ਵੇ

ਅੱਗ ਦਾ ਹੀ ਵਰ੍ਹਦੇ

ਸਾਂਝਾਂ ਵਾਲਾ ਰੁੱਖ ਤਾਂ ਹਰੇ

ਗੁਰਦੀਪ ਪੰਧੇਰ - ਗੀਤ

ਗੀਤ

ਦਿਲ ਵਿੱਚੋਂ ਉੱਠਿਆ ਤੇ, ਦਿਲ ਚ ਦਬਾ ਲਿਆ

ਹੌਕਾ ਇੱਕ ਸੱਧਰਾਂ ਦਾ, ਅਸਾਂ ਨੇ ਛੁਪਾ ਲਿਆ

-----

ਤਾਰਿਆਂ ਦੀ ਲੋਅ ਹੇਠ, ਨੇਰਿਆਂ ਦਾ ਵਾਸਾ ਨਾ

ਚਾਨਣੀ ਦਾ ਕੋਈ ਹੁਣ, ਸਾਨੂੰ ਧਰਵਾਸਾ ਨਾ

ਸਭ ਕੁਝ ਮੱਸਿਆ ਦੀ, ਰਾਤ ਨੇ ਖਪਾ ਲਿਆ...

ਹੌਕਾ ਇੱਕ ਸੱਧਰਾਂ ਦਾ, ਅਸਾਂ ਨੇ ....

-----

ਅੰਬਰਾਂ ਤੇ ਬਾਰੀ ਰਾਹੀ, ਤੱਕਾਂ ਮੈਂ ਫ਼ਿਜ਼ਾ

ਕਿੱਦਾਂ ਪੰਛੀ ਖੋਲ੍ਹਦੇ ਨੇ, ਖੰਭਾਂ ਨੂੰ ਹਵਾ

ਅਸਾਂ ਨੇ ਵੀ ਮੋਢਿਆਂ ਤੋਂ, ਬਾਹਵਾਂ ਨੂੰ ਫੈਲਾ ਲਿਆ....

ਹੌਕਾ ਇੱਕ ਸੱਧਰਾਂ ਦਾ, ਅਸਾਂ ਨੇ ....

-----

ਕਿਰ ਗਏ ਨੇ ਸੁਫ਼ਨੇ, ਚਾਵਾਂ ਨਾਲ਼ ਗੁੰਦੇ ਹੋਏ

ਸਾਡਾ ਵੀ ਕੀ ਜ਼ੋਰ ਸੀ, ਕੰਢਿਆਂ ਦੇ ਹੁੰਦੇ ਹੋਏ

ਕਲੀਆਂ ਤੋਂ ਸੱਖਣਾ ਹੀ, ਹਾਰ ਗਲ਼ ਪਾ ਲਿਆ...

ਹੌਕਾ ਇੱਕ ਸੱਧਰਾਂ ਦਾ, ਅਸਾਂ ਨੇ ....

Thursday, July 29, 2010

ਸੁਰਿੰਦਰ ਸੋਹਲ - ਗ਼ਜ਼ਲ

ਗ਼ਜ਼ਲ

ਹੋ ਕੇ ਪਤਲੇ ਪਾਣੀਓਂ ਪਰਤੇ ਨੇ ਧੁੱਪ ਲੁੱਟਣ ਗਏ।

ਮੋਮ ਦੇ ਹੀਰੋ ਕਿਲਾ ਸੂਰਜ ਦਾ ਸੀ ਜਿੱਤਣ ਗਏ।

-----

ਆ ਰਹੇ ਨੇ ਅਸਥੀਆਂ ਤੇ ਦੰਦ ਲੈ ਕੇ ਝੋਲ਼ ਵਿਚ,

ਰੇਤ ਚੋਂ ਜਿਹੜੇ ਗਵਾਚੇ ਲਾਲ ਸੀ ਭਾਲਣ ਗਏ।

-----

ਵਕ਼ਤ ਦੇ ਸੂਬੇ ਨੇ ਮੇਰੇ ਜ਼ਿਹਨ ਵਿਚ ਤਦ ਕੰਧ ਚਿਣੀ,

ਬਾਜ਼ ਮੇਰੀ ਸੋਚ ਦੇ ਜਦ ਓਸ ਨੂੰ ਨੋਚਣ ਗਏ।

-----

ਜੋ ਹਵਾ ਦੇ ਰੁਖ਼ ਉੜੇ ਓਨ੍ਹਾਂ ਦੇ ਸਿਰ ਤੇ ਕਲਗੀਆਂ,

ਰੁਲ਼ ਰਹੇ ਨੇ ਝਾਂਬਿਆਂ ਦਾ ਮੂੰਹ ਸੀ ਜੋ ਭੰਨਣ ਗਏ।

-----

ਤੂੰ ਜਦੋਂ ਸੀ ਨਾਲ਼ ਤਾਂ ਹਰ ਕੰਧ ਵੀ ਬੂਹਾ ਬਣੀ,

ਹੁਣ ਇਕੱਲਾ ਹਾਂ ਤਾਂ ਦਰਵਾਜ਼ੇ ਵੀ ਕੰਧਾਂ ਬਣ ਗਏ।

-----

ਦਿਲ ਚ ਲੈ ਕੇ ਯਾਦ ਦੀ ਤਪਦੀ ਬਰੇਤੀ ਪਰਤੀਏ,

ਤੇਰੇ ਮਗਰੋਂ ਜਦ ਕਦੇ ਸਾਗਰ ਤੇ ਹਾਂ ਘੁੰਮਣ ਗਏ।

-----

ਤੂੰ ਪਤੰਗਿਆਂ ਦੀ ਉਡੀਕ ਅੰਦਰ ਸਮਾਂ ਖੋਟਾ ਨਾ ਕਰ,

ਸਿਰ ਫਿਰੇ ਕੀ ਪਰਤਣੇ ਵਾਪਸ ਸ਼ਮਾ ਦੇਖਣ ਗਏ।

-----

ਕੀ ਪਤਾ ਸੀ ਏਨ੍ਹਾਂ ਹੇਠਾਂ ਅਗ ਦੀ ਬਰਖਾ ਹੈ ਛੁਪੀ,

ਮੈਂ ਸਮਝਿਆ ਸ਼ੁਕਰ ਹੈ ਜੁ ਕਾਲ਼ੇ ਬੱਦਲ ਛਣ ਗਏ।

Wednesday, July 28, 2010

ਕੁਲਵਿੰਦਰ ਕੁੱਲਾ - ਗ਼ਜ਼ਲ

ਗ਼ਜ਼ਲ

ਮੇਰੇ ਟੁੱਟ ਜਾਣ ਦੀ ਏਨੀ ਹੀ ਵਿਥਿਆ ਸੀ

ਤੇਰੇ ਹੰਝੂ ਤੇ ਮੇਰਾ ਨਾਮ ਲਿਖਿਆ ਸੀ

-----

ਅਜੇ ਤੀਕਰ ਸਮਾਂ ਵੀ ਭਰ ਨਹੀਂ ਸਕਿਆ,

ਜੋ ਮੇਰੀ ਧਰਤ ਉੱਤੇ ਜ਼ਖ਼ਮ ਰਿਸਿਆ ਸੀ

-----

-----

ਇਹ ਕੁਝ ਸਾਹ ਪਾਉਣ ਲਈ, ਤੇਰੇ ਬਾਜ਼ਾਰਾਂ ਵਿੱਚ,

ਮੇਰਾ ਹਾਸਾ ਤਾਂ ਕੀ, ਹਉਕਾ ਵੀ ਵਿਕਿਆ ਸੀ

-----

ਨਹੀਂ ਡਿਗਿਆ ਵਿਚਾਰਾਂ ਤੋਂ, ਭੁਲੇਖਾ ਹੈ,

ਇਹ ਮੇਰਾ ਜਿਸਮ ਹੀ ਧਰਤੀ ਤੇ ਡਿੱਗਿਆ ਸੀ

-----

ਸਿਧਾਰਥ ਬਣਨ ਦੀ ਲੋਚਾ ਮੈਂ ਕਿਉਂ ਕਰਦਾ,

ਮੇਰੇ ਕਾਸੇ ਚ ਜਦ ਸ਼ਬਦਾਂ ਦੀ ਭਿੱਖਿਆ ਸੀ

====

ਗ਼ਜ਼ਲ

ਏਦਾਂ ਲਹੂ ਹਰ ਵਾਰ ਹੀ ਸਫ਼ਿਆਂ ਤੇ ਉਤਰੇਗਾ

ਗਾਥਾ ਜਦੋਂ ਕ਼ੁਰਬਾਨੀਆਂ ਦੀ ਵਕ਼ਤ ਉਕਰੇਗਾ

-----

ਮੇਰੇ ਲਹੂ ਵਿੱਚ ਚਮਕਦੀ ਹੈ ਅਣਖ਼ ਹਰ ਵੇਲੇ,

ਹਰ ਜ਼ੁਲਮ ਦੇ ਨ੍ਹੇਰੇ ਚ ਇਸ ਦਾ ਅਕਸ ਉਭਰੇਗਾ

-----

ਬਾਗੀ ਇਬਾਰਤ ਫਿਰ ਲਿਖੀ ਜਾਏਗੀ ਅੰਬਰ ਤੇ,

ਮੇਰਾ ਫ਼ਿਜ਼ਾ ਅੰਦਰ ਜਦੋਂ ਹਰ ਬੋਲ ਬਿਖਰੇਗਾ

-----

ਹਰ ਵਾਰ ਬਾਅਦ ਆਊ ਚਮਕ ਤਲਵਾਰ ਤੇਰੀ ਤੇ,

ਹਰ ਵਾਰ ਰੱਤ ਚੋਅ-ਚੋਅ ਕੇ, ਮੇਰਾ ਜ਼ਖ਼ਮ ਨਿਖਰੇਗਾ

-----

ਝੁਕਣਾ ਨਹੀਂ ਇਸਨੇ, ਸਗੋਂ ਸੰਵਾਦ ਛਿੜਣਾ ਹੈ,

ਮੇਰੀ ਕਲਮ ਨੂੰ ਜਦ ਕਦੇ ਹਥਿਆਰ ਟੱਕਰੇਗਾ


Tuesday, July 27, 2010

ਸਰਦਾਰ ਜਾਫ਼ਰੀ - ਉਰਦੂ ਰੰਗ

ਗ਼ਜ਼ਲ

ਏਕ ਜੁਏ-ਦਰਦ 1ਦਿਲ ਸੇ ਜਿਗਰ ਤਕ ਰਵਾਂ 2 ਹੈ ਆਜ।

ਪਿਘਲਾ ਹੁਆ ਰਗੋਂ ਮੇਂ ਇਕ ਆਤਿਸ਼ਫ਼ਿਸ਼ਾਂ 3 ਹੈ ਆਜ।

-----

ਲਬ 4 ਹੀ ਸੀ ਦੀਏ ਹੈਂ ਤਾ 5 ਨ ਸ਼ਿਕਾਯਤ ਕਰੇ ਕੋਈ,

ਲੇਕਿਨ ਹਰ ਇਕ ਜ਼ਖ਼ਮ ਕੇ ਮੂੰਹ ਮੇਂ ਜ਼ੁਬਾਂ ਹੈ ਆਜ।

-----

ਤਾਰੀਕੀਯੋਂ 6 ਨੇ ਘੇਰ ਲਿਆ ਹੈ ਹਯਾਤ 7 ਕੋ,

ਲੇਕਿਨ ਕਿਸੀ ਕਾ ਰੂ-ਏ-ਹਸੀਂ 8 ਦਰਮਿਯਾਂ ਹੈ ਆਜ।

-----

ਜੀਨੇ ਕਾ ਵਕ਼ਤ ਹੈ ਯਹੀ ਮਰਨੇ ਕਾ ਵਕ਼ਤ ਹੈ,

ਦਿਲ ਅਪਨੀ ਜ਼ਿੰਦਗੀ ਸੇ ਬਹੁਤ ਸ਼ਾਦਮਾਂ 9 ਹੈ ਆਜ।

-----

ਹੋ ਜਾਤਾ ਹੂੰ ਸ਼ਹੀਦ ਹਰ ਅਹਿਲੇ-ਵਫ਼ਾ ਕੇ ਸਾਥ,

ਹਰ ਦਾਸਤਨੇ-ਸ਼ੌਕ 10 ਮੇਰੀ ਦਾਸਤਾਂ ਹੈ ਆਜ।

-----

ਆਏ ਹੈਂ ਕਿਸ ਨਿਸ਼ਾਤ 11 ਸੇ ਹਮ ਕ਼ਤਲਗਾਹ ਮੇਂ,

ਜ਼ਖ਼ਮੋਂ ਸੇ ਦਿਲ ਹੈ ਚੂਰ ਨਜ਼ਰ ਗੁਲਫ਼ਿਸ਼ਾਂ 12 ਹੈ ਆਜ।

-----

ਜ਼ਿੰਦਾਨੀਓਂ 13 ਨੇ ਤੋੜ ਦੀਆ ਹਰ ਜ਼ੁਲਮ ਕਾ ਗ਼ਰੂਰ,

ਵੋ ਦਬਦਬਾ ਵੋ ਰੌਬੈ-ਹੁਕ਼ੂਮਤ ਕਹਾਂ ਹੈ ਆਜ।

*****

ਔਖੇ ਸ਼ਬਦਾਂ ਦੇ ਅਰਥ: ਜੁਏ-ਦਰਦ 1 - ਪੀੜ ਦੀ ਨਦੀ, ਰਵਾਂ 2 - ਵਹਿੰਦੀ ਹੋਈ, ਆਤਿਸ਼ਫ਼ਿਸ਼ਾਂ 3 - ਜਵਾਲਾਮੁਖੀ, ਲਬ 4 - ਹੋਂਠ, ਤਾ 5 ਤਾਂ ਕਿ, ਤਾਰੀਕੀਯੋਂ 6 ਹਨੇਰੇ ਨੇ, ਹਯਾਤ 7 - ਜ਼ਿੰਦਗੀ, ਰੂ-ਏ-ਹਸੀਂ 8 ਸੁੰਦਰ ਮੁਖੜਾ, ਸ਼ਾਦਮਾਂ 9 - ਪ੍ਰਸੰਨ, ਦਾਸਤਨੇ-ਸ਼ੌਕ 10 ਪ੍ਰੇਮ ਕਹਾਣੀ, ਨਿਸ਼ਾਤ 11 - ਆਨੰਦ, ਗੁਲਫ਼ਿਸ਼ਾਂ 12 ਫੁੱਲ ਬਿਖੇਰਦੀ ਹੋਈ, ਜ਼ਿੰਦਾਨੀਓਂ 13 ਕ਼ੈਦੀ

=====

ਗ਼ਜ਼ਲ

ਇਸ਼ਕ਼ ਕਾ ਨਗ਼ਮਾ ਜੁਨੂੰ ਕੇ ਸਾਜ਼ ਪਰ ਗਾਤੇ ਹੈਂ ਹਮ।

ਅਪਨੇ ਗ਼ਮ ਕੀ ਆਂਚ ਸੇ ਪੱਥਰ ਕੋ ਪਿਘਲਾਤੇ ਹੈਂ ਹਮ।

-----

ਜਾਗ ਉਠਤੇ ਹੈਂ ਤੋ ਸੂਲੀ ਪਰ ਭੀ ਨੀਂਦ ਆਤੀ ਨਹੀਂ,

ਵਕ਼ਤ ਪੜ ਜਾਏ ਤੋ ਅੰਗਾਰੋਂ ਪੇ ਸੋ ਜਾਤੇ ਹੈਂ ਹਮ।

-----

ਜ਼ਿੰਦਗੀ ਕੋ ਹਮਸੇ ਬੜ੍ਹ ਕਰ ਕੌਨ ਕਰ ਸਕਤਾ ਹੈ ਪਿਆਰ,

ਔਰ ਅਗਰ ਮਰਨੇ ਪੇ ਆ ਜਾਏਂ ਤੋ ਮਰ ਜਾਤੇ ਹੈਂ ਹਮ।

-----

ਦਫ਼ਨ ਹੋ ਕਰ ਖ਼ਾਕ ਮੈਂ ਭੀ ਦਫ਼ਨ ਰਹਿ ਸਕਤੇ ਨਹੀਂ,

ਲਾਲਾ-ਓ-ਗੁਲ 1 ਬਨ ਕੇ ਦੀਵਾਰੋਂ ਪੇ ਛਾ ਜਾਤੇ ਹੈਂ ਹਮ।

-----

ਹਮ ਹੈਂ ਕਿ ਕਰਤੇ ਹੈਂ ਚਮਨ ਮੇਂ ਇਹਤਮਾਮੇ-ਰੰਗੋ-ਬੂ 2,

ਰੂ-ਏ-ਗੇਤੀ 3 ਸੇ ਨਕ਼ਾਬੇ-ਹੁਸਨ 4 ਸਰਕਾਤੇ ਹੈਂ ਹਮ।

-----

ਅਕ਼ਸ ਪੜਤੇ ਹੀ ਸੰਵਰ ਜਾਤੇ ਹੈਂ ਚੇਹਰੇ ਕੇ ਨੁਕੂਸ਼ 5,

ਸ਼ਾਹਿਦੇ-ਹਸਤੀ 6 ਕੋ ਯੂੰ ਆਈਨਾ ਦਿਖਲਾਤੇ ਹੈਂ ਹਮ।

-----

ਮੈਕਸ਼ੋਂ ਕੋ ਮੁਜ਼ਦਾ 8 ਸਦੀਓਂ ਕੀ ਪਿਆਸੋਂ ਸੇ ਨਵੇਦ 9,

ਅਪਨੀ ਮਹਿਫ਼ਿਲ ਅਪਨਾ ਸਾਕ਼ੀ ਲੇਕੇ ਅਬ ਆਤੇ ਹੈਂ ਹਮ।

*****

ਔਖੇ ਸ਼ਬਦਾਂ ਦੇ ਅਰਥ: ਲਾਲਾ-ਓ-ਗੁਲ 1 - ਫੁੱਲ, ਇਹਤਮਾਮੇ-ਰੰਗੋ-ਬੂ 2 - ਰੰਗਾਂ ਅਤੇ ਸੁਗੰਧ ਦਾ ਸੁਮੇਲ, ਰੂ-ਏ-ਗੇਤੀ 3 ਸ੍ਰਿਸ਼ਟੀ ਦੇ ਮੁੱਖ ਤੋਂ , ਨਕ਼ਾਬੇ-ਹੁਸਨ 4 ਸੁੰਦਰਤਾ ਦਾ ਪਰਦਾ, ਨੁਕੂਸ਼ 5 ਨੈਣ-ਨਕਸ਼,, ਸ਼ਾਹਿਦੇ-ਹਸਤੀ 6 ਜੀਵਨ ਰੂਪੀ ਹਸਤੀ, ਮੁਜ਼ਦਾ 8 / ਨਵੇਦ 9 ਸ਼ੁੱਭ ਸੁਨੇਹਾ

*****

ਗ਼ਜ਼ਲਾਂ ਮੂਲ ਉਰਦੂ/ਹਿੰਦੀ ਤੋਂ ਪੰਜਾਬੀ ਲਿਪੀਅੰਤਰ: ਤਨਦੀਪ ਤਮੰਨਾ

Monday, July 26, 2010

ਹਰਦਮ ਸਿੰਘ ਮਾਨ - ਗ਼ਜ਼ਲ

ਗ਼ਜ਼ਲ

ਬਹੁਤ ਕੁਝ ਇਹ ਕਹਿਣ ਬੂਹੇ ਬਾਰੀਆਂ

ਮਾਰ ਅੰਦਰ ਤੂੰ ਕਦੇ ਤਾਂ ਝਾਤੀਆਂ

-----

ਪੈਰ ਧਰਨੇ ਸਿੱਖ ਪਹਿਲਾਂ ਧਰਤ 'ਤੇ

ਅੰਬਰਾਂ ਵਿਚ ਫੇਰ ਲਾਈਂ ਤਾਰੀਆਂ

-----

-----

ਸੁਪਨਿਆਂ ਦੀ ਸਰਜ਼ਮੀਂ ਜ਼ਰਖ਼ੇਜ਼ ਹੈ

ਬੈਠ ਨਾ ਤੂੰ ਢਾਹ ਕੇ ਏਦਾਂ ਢੇਰੀਆਂ

-----

ਬਦਲਿਆ ਮੌਸਮ ਹੈ ਏਨਾ ਸ਼ਹਿਰ ਦਾ

ਠੰਡੀਆਂ ਪੌਣਾਂ ਵੀ ਅਕਸਰ ਲੂੰਹਦੀਆਂ

-----

ਇਸ ਤਰ੍ਹਾਂ ਹੁਣ ਹੋ ਗਿਐ ਤੇਰਾ ਮਿਜ਼ਾਜ

ਹੋਣ ਨਾ ਜਿਉਂ ਫੁੱਲਾਂ ਦੇ ਵਿਚ ਖ਼ੁਸ਼ਬੂਆਂ

----

ਕੰਧਾਂ ਦਾ ਵੀ ਆਪਣਾ ਇਤਿਹਾਸ ਹੈ

ਹਰ ਸਮੇਂ ਖ਼ਾਮੋਸ਼ ਨਾ ਇਹ ਰਹਿੰਦੀਆਂ

-----

ਬੰਦਾ ਪੂਰਾ ਹੋ ਗਿਆ, ਹੁਣ ਸ਼ਾਂਤ ਹੈ

ਖ਼ਾਹਿਸ਼ਾਂ ਐਪਰ ਨਾ ਹੋਈਆਂ ਪੂਰੀਆਂ


ਇਕਵਿੰਦਰ - ਗ਼ਜ਼ਲ

ਗ਼ਜ਼ਲ

ਅਸਾਡੇ ਕੋਲ ਹੀਲਾ ਹੈ ਤੇ ਨਾ ਕੋਈ ਵਸੀਲਾ ਹੈ

ਬਹੁਤ ਸੰਘਰਸ਼ ਕਰਦਾ ਜਾ ਰਿਹਾ ਸਾਡਾ ਕਬੀਲਾ ਹੈ

-----

ਉਨ੍ਹਾਂ ਨੇ ਕੱਲ੍ਹ ਨੂੰ ਕੁੱਕਰ ਵਾਲਿਆਂ ਦੀ ਭਾਫ਼ ਕੱਢ ਦੇਣੀ ,

ਜਿਨ੍ਹਾਂ ਦੇ ਕੋਲ਼ ਹਾਲੇ ਤੀਕ ਸਿਲਵਰ ਦਾ ਪਤੀਲਾ ਹੈ

------

ਕਿਤੇ ਦਾਤੀ, ਕਿਤੇ ਰੰਬਾ, ਕਿਤੇ ਹੈ ਲੋੜ ਨਹੁੰਆਂ ਦੀ,

ਅਸਾਡੀ ਸੋਚ ਵਿਚ ਹਾਲੇ ਕਈ ਰੰਗਾਂ ਦਾ ਡੀਲਾ ਹੈ

-----

ਤੁਸੀਂ ਜੇ ਤੋੜਨੇ ਹਨ ਤਾਂ ਲਵੋ ਲੋਹੇ ਦੇ ਦਸਤਾਨੇ ,

ਮੇਰੇ ਗੁਲਸ਼ਨ ਦਾ ਹਰ ਇਕ ਫੁੱਲ ਕੰਡਿਆਂ ਤੋਂ ਨੁਕੀਲਾ ਹੈ

------

ਮੇਰੇ ਅੰਦਰ ਹੈ ਇਕ ਗਾਇਕ ਜੋ ਲਾਵੇ ਹੇਕ ਰਾਤਾਂ ਨੂੰ ,

ਸੁਰਾਂ ਨੂੰ ਜਾਣਦਾ ਨਈਂ ਹੈ ਮਗਰ ਬੇਹਦ ਸੁਰੀਲਾ ਹੈ

-----

ਬਿਨਾਂ ਨਕਸ਼ੇ ਤੋਂ ਇਕਵਿੰਦਰਹੈ ਤੇਰਾ ਆਲ੍ਹਣਾ ਬਣਨਾ ,

ਲਿਆਉਣਾ ਦੂਰ ਤੋਂ ਪੈਣਾ ਤੇ ਲੱਭਣਾ ਤੀਲਾ-ਤੀਲਾ ਹੈ


Sunday, July 25, 2010

ਸ.ਸ. ਮੀਸ਼ਾ - ਗ਼ਜ਼ਲ

ਗ਼ਜ਼ਲ

ਅੱਧੀ ਰਾਤ ਪਹਿਰ ਦੇ ਤੜਕੇ।

ਅੱਖਾਂ ਵਿਚ ਉਨੀਂਦਾ ਰੜਕੇ।

-----

ਤੇਰੀ ਧੂੜ ਵੀ ਸੁਰਮੇ ਵਰਗੀ,

ਸੱਜਣਾਂ ਦੇ ਪਿੰਡ ਜਾਂਦੀਏ ਸੜਕੇ।

-----

ਸਿੱਕ ਨਾ ਜਾਗੇ ਫੇਰ ਮਿਲ਼ਣ ਦੀ,

ਆ ਏਦਾਂ ਵਿਛੜੀਏ ਲੜ ਕੇ।

-----

ਬੁਝਿਆ ਭਾਂਬੜ ਅਜੇ ਵੀ ਦਿਲ ਵਿਚ,

ਕਦੀ ਕਦੀ ਚੰਗਿਆੜਾ ਭੜਕੇ।

-----

ਲੋ ਹੀ ਲੋ ਸੀ ਸੇਕ ਨਹੀਂ ਸੀ,

ਦੇਖ ਲਿਆ ਮੈਂ ਜੁਗਨੂੰ ਫੜਕੇ।

-----

ਜੋ ਗੱਲ ਤੈਥੋਂ ਕਹਿ ਨਹੀਂ ਹੋਈ,

ਉਹ ਮੇਰੇ ਵੀ ਦਿਲ ਵਿਚ ਰੜਕੇ।

-----

ਜਾਨ ਰਹੀ ਨਾ ਤੇਰੇ ਬਾਝੋਂ,

ਨਬਜ਼ ਤਾਂ ਚੱਲੇ ਦਿਲ ਵੀ ਧੜਕੇ।

-----

ਆਪਣਾ ਕਮਰਾ ਝਾੜਨ ਲਗਦਾਂ,

ਦੂਰ ਕਿਤੇ ਜਦ ਕੁੰਡਾ ਖੜਕੇ।

=====

ਗ਼ਜ਼ਲ

ਝਿਜਕਦਾ ਮੈਂ ਵੀ ਰਿਹਾ ਉਹ ਵੀ ਕੁਝ ਸੰਗਦੇ ਰਹੇ।

ਚੁਪ-ਚੁਪੀਤੇ ਇਕ ਦੂਏ ਦੀ ਖ਼ੈਰ ਸੁੱਖ ਮੰਗਦੇ ਰਹੇ।

-----

ਉਮਰ ਬਿਰਥਾ ਜਾਣ ਦਾ ਅਹਿਸਾਸ ਮਿਲ਼ ਕੇ ਜਾਗਿਆ,

ਏਨੇ ਦਿਨ ਇਕ ਦੂਸਰੇ ਬਿਨ, ਕਿਸ ਤਰ੍ਹਾਂ ਲੰਘਦੇ ਰਹੇ।

-----

ਤੂੰ ਜੋ ਵਿਛੜਨ ਲੱਗਿਆਂ ਤੋੜੀ ਸੀ ਤੇਹ ਕੱਢਣ ਲਈ,

ਦਿਲ ਵਿਚ ਅਕਸਰ ਚੁਭਦੇ ਟੁਕੜੇ ਤੇਰੀ ਵੰਗ ਦੇ ਰਹੇ।

-----

ਚਾਕ ਜੋਗੀ ਹੋ ਗਿਆ ਤਾਂ ਹੋ ਗਈਆਂ ਮੱਝੀਆਂ ਉਦਾਸ,

ਉਝ ਸਭ ਉਸੇ ਤਰ੍ਹਾਂ ਹੀ ਰੰਗ ਢੰਗ ਝੰਗ ਦੇ ਰਹੇ।

-----

ਮਹਿਕ ਪੈਂਦੇ ਨੇ ਮਿਰੇ ਪੋਟੇ ਜਦੋਂ ਮੈਂ ਸੋਚਦਾਂ,

ਤੇਰੇ ਕੇਸਾਂ ਵਿਚ ਕਦੀ ਇਹ ਫੁੱਲ ਸੀ ਟੰਗਦੇ ਰਹੇ।

-----

ਕਾਲ਼ੀਆਂ ਸੀ ਬਹੁਤ ਰਾਤਾਂ ਪਰ ਤਿਰੇ ਮੁਖੜੇ ਦੇ ਖ਼ਾਬ,

ਮੇਰੀਆਂ ਨੀਂਦਾਂ ਗੁਲਾਬੀ ਰੰਗ ਵਿਚ ਰੰਗਦੇ ਰਹੇ।

-----

ਤੈਨੂੰ ਭੁੱਲਣ ਵਾਸਤੇ ਮੈਂ ਭਟਕਿਆ ਹਾਂ ਥਾਂ-ਕੁਥਾਂ,

ਥਾ-ਕੁਥਾਂ ਪੈਂਦੇ ਭੁਲੇਖੇ ਤੇਰੇ ਅੰਗ-ਅੰਗ ਦੇ ਰਹੇ।

Saturday, July 24, 2010

ਉਲਫ਼ਤ ਬਾਜਵਾ - ਗ਼ਜ਼ਲ

ਗ਼ਜ਼ਲ

ਜਾਗ ਪਿਆ ਹਾਂ ਪਤਿਆਂ ਦੀ ਖੜ ਖੜ ਦੇ ਨਾਲ਼।

ਮੈਂ ਵੀ ਇਕ ਦਿਨ ਝੜ ਜਾਣਾ ਪਤਝੜ ਦੇ ਨਾਲ਼।

-----

ਵਕ਼ਤ ਲਈ ਜਾਂਦਾ ਹੈ ਮੈਨੂੰ ਲਹਿੰਦੇ ਵੱਲ,

ਪੂਰਬ ਵਲ ਜਾ ਨਿਕਲ਼ਾਂਗਾ ਦਿਨ ਚੜ੍ਹਦੇ ਨਾਲ਼।

-----

ਦੋ ਦਿਨ ਹੋਰ ਬਹਾਰ ਅਸੀਂ ਇਹ ਜਾਣ ਲਿਆ,

ਆਖ਼ਿਰ ਸਾਡੀ ਨਿਭਣੀ ਹੈ ਪਤਝੜ ਦੇ ਨਾਲ਼।

------

ਮੈਨੂੰ ਪਾਰ ਲੰਘਾਇਆ ਤੂੰ ਭਵਸਾਗਰ ਚੋਂ,

ਲੋਹਾ ਵੀ ਤਰ ਜਾਂਦਾ ਹੈ ਲੱਕੜ ਦੇ ਨਾਲ਼।

-----

ਤੇਰੇ ਨੈਣੀਂ ਹੰਝੂਆਂ ਦਾ ਹੜ੍ਹ ਤਕਿਆ ਸੀ,

ਹੁਣ ਤਕ ਹੜ੍ਹਿਆ ਜਾਂਦਾ ਹਾਂ ਉਸੇ ਹੜ੍ਹ ਦੇ ਨਾਲ਼।

------

ਨ੍ਹੇਰੀ ਜੇ ਝੁੱਲੇ ਤਾਂ ਮੀਂਹ ਵੀ ਆਵੇਗਾ,

ਅਮਨ ਹਮੇਸ਼ਾ ਆਉਂਦਾ ਹੈ ਗੜਬੜ ਦੇ ਨਾਲ਼।

-----

ਆਸ਼ਿਕ਼ ਨੇ ਹਰ ਹਾਲ ਚ ਮਾਰੇ ਜਾਣਾ ਹੈ,

ਕਦ ਤਕ ਸੀਸ ਰਹੇਗਾ ਉਸਦਾ ਧੜ ਦੇ ਨਾਲ਼।

-----

ਐਨਲਹੱਕ਼ ਕਹਿ ਕਹਿ ਕੇ ਸੂਲ਼ੀ ਚੜ੍ਹਿਆ ਤੂੰ,

ਯਾਰ ਹੰਢਾ ਹੋਇਆ ਨਾ ਉਲਫ਼ਤ ਪੜਦੇ ਨਾਲ਼।

=====

ਗ਼ਜ਼ਲ

ਮੇਰੇ ਪੈਰ ਪੈਰ ਠੋਕਰ ਮੈਨੂੰ ਵਾਰ ਵਾਰ ਸਦਮਾ।

ਕਿਸ ਕਿਸ ਦਾ ਰੋਣ ਰੋਵਾਂ ਹਰ ਦਿਨ ਹਜ਼ਾਰ ਸਦਮਾ।

-----

ਪਤਝੜ ਚ ਸੋਚਦਾ ਸਾਂ ਆਊ ਬਹਾਰ ਇਕ ਦਿਨ,

ਆਈ ਹੈ ਨਾਲ਼ ਲੈ ਕੇ ਐਪਰ ਬਹਾਰ ਸਦਮਾ।

-----

ਘਰ ਛਡ ਕੇ ਤੁਰ ਪਿਆ ਹਾਂ ਚਲਿਆ ਹਾਂ ਚਾਈਂ ਚਾਈਂ,

ਕਰਦੈ ਝਨਾਂ ਦੇ ਕੰਢੇ ਮੇਰਾ ਇੰਤਜ਼ਾਰ ਸਦਮਾ।

-----

ਫਿਰ ਉਮਰ ਭਰ ਵਿਚਾਰਾ ਫਿਰਦਾ ਹੈ ਡੌਰ ਭੌਰਾ,

ਕਰਦਾ ਹੈ ਜਦ ਕਿਸੇ ਤੇ ਇਕ ਵਾਰ, ਵਾਰ ਸਦਮਾ।

-----

ਇਕ ਹਾਸਿਆਂ ਦਾ ਸੋਮਾ ਬਸ ਰੋਣ ਦੇ ਗਿਆ ਹੈ,

ਕਰਦਾ ਰਹੇਗਾ ਮੈਨੂੰ ਹੁਣ ਅਸ਼ਕਬਾਰ ਸਦਮਾ।

-----

ਰੋਇਆ ਕਰਾਂਗਾ ਉਠ ਉਠ ਰਾਤਾਂ ਨੂੰ ਬਹਿ ਕੇ ਤਨਹਾ,

ਕਰਿਆ ਕਰੇਗਾ ਮੈਨੂੰ ਜਦ ਬੇਕ਼ਰਾਰ ਸਦਮਾ।

-----

ਛਡ ਰੋਣ ਧੋਣ ਉਲਫ਼ਤ ਕਰ ਯਾਦ ਨਾ ਬਹਾਰਾਂ,

ਮੁਸ਼ਕਿਲ ਹੈ ਭਾਵੇਂ ਸਹਿਣਾ ਫਿਰ ਵੀ ਸਹਾਰ ਸਦਮਾ।

Friday, July 23, 2010

ਜਗਜੀਤ ਸੰਧੂ - ਗ਼ਜ਼ਲ

ਜਗਜੀਤ ਜੀ! ਅੱਜ ਇਸ ਗ਼ਜ਼ਲ ਨੂੰ ਪੜ੍ਹ ਕੇ ਫੇਰ 'ਕੱਲੇ-'ਕੱਲੇ ਸ਼ਿਅਰ 'ਤੇ ਦਾਦ ਦੇਣ ਨੂੰ ਜੀਅ ਕਰਦਾ ਹੈ ...

ਉਹ ਨਹੀਂ ਮੰਨਦਾ ਸਜੀਵ ਔਰਤ ਨੂੰ,

ਲੱਛਮੀ ਸੁਰਸਤੀ ਸਤੀ ਕਹਿਣਾ।

ਇਹ ਸ਼ਿਅਰ ਮੇਰੇ ਜ਼ਿਹਨ 'ਤੇ ਡੂੰਘੀ ਛਾਪ ਛੱਡ ਗਿਆ ਹੈ। ਤੁਹਾਡੇ ਕਹਿਣ ਵਾਂਗੂੰ ... 'ਅੱਧਕ' ਵਾਲ਼ੀ 'ਕੱਮਾਲ' ਹੈ... ਮੁਬਾਰਕਬਾਦ ਕਬੂਲ ਕਰੋ।
ਅਦਬ ਸਹਿਤ
ਤਨਦੀਪ ਤਮੰਨਾ
******
ਗ਼ਜ਼ਲ

ਫਿਰ ਨਾ ਉਸਨੂੰ ਕਦੇ ਕਵੀ ਕਹਿਣਾ।

ਐਵੇਂ ਦਾੜ੍ਹੀ ਜ਼ਰਾ ਵਧੀ ਕਹਿਣਾ।

-----

ਉਹ ਨਹੀਂ ਮੰਨਦਾ ਸਜੀਵ ਔਰਤ ਨੂੰ,

ਲੱਛਮੀ ਸੁਰਸਤੀ ਸਤੀ ਕਹਿਣਾ।

-----

ਅਹਿਲੇ-ਮੋਮਨ ਨੂੰ ਨਾ ਗ਼ਵਾਰਾ ਹੈ,

ਮੇਰੇ ਜਗਜੀਤ ਨੂੰ ਨਬੀ ਕਹਿਣਾ।

-----

ਕਿੰਨਾ ਮੁਸ਼ਕਲ ਖ਼ੁਦਾ ਖ਼ੁਦਾ ਕਰਨਾ,

ਕਿੰਨਾ ਸੌਖਾ ਜੀਆਂ ਨੂੰ ਜੀ ਕਹਿਣਾ।

-----

ਜਾਣਾ ਉਸ ਕੋਲ਼ ਤੇ ਮੇਰੀ ਤਰਫ਼ੋਂ,

ਤੈਨੂੰ ਇੱਕ ਸ਼ਾਮ ਤਰਸਦੀਕਹਿਣਾ।

-----

ਮੈਨੂੰ ਹਰ ਪਲ ਜਿਉਂਦੇ ਰੱਖਦਾ ਹੈ,

ਉਹਦੇ ਬਾਰੇ ਕਦੀ ਕਦੀ ਕਹਿਣਾ।

Thursday, July 22, 2010

ਬੂਟਾ ਸਿੰਘ ਚੌਹਾਨ - ਗ਼ਜ਼ਲ

ਆਰਸੀ ਤੇ ਖ਼ੁਸ਼ਆਮਦੀਦ

ਸਾਹਿਤਕ ਨਾਮ: ਬੂਟਾ ਸਿੰਘ ਚੌਹਾਨ

ਅਜੋਕਾ ਨਿਵਾਸ: ਬਰਨਾਲ਼ਾ, ਪੰਜਾਬ

ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ ਸੰਗ੍ਰਹਿ: ਸਿਰ ਜੋਗੀ ਛਾਂ, ਖ਼ਿਆਲ ਖ਼ੁਸ਼ਬੋ ਜਿਹਾ, ਨੈਣਾਂ ਵਿਚ ਸਮੁੰਦਰ, ਬਾਲ ਸਾਹਿਤ: ਚਿੱਟਾ ਪੰਛੀ, ਨਿੱਕੀ ਜਿਹੀ ਡੇਕ, ਤਿੰਨ ਦੂਣੀ ਅੱਠ ਅਤੇ ਸਤਰੰਗੀਆਂ ਚਿੜੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਕਿਤਾਬ ਪ੍ਰਾਪਤੀ ਸਰੋਤ: ਦਵਿੰਦਰ ਸਿੰਘ ਪੂਨੀਆ ਜੀ। ਉਹਨਾਂ ਦਾ ਬੇਹੱਦ ਸ਼ੁਕਰੀਆ।

*****

ਗ਼ਜ਼ਲ

ਕੱਲਾ ਨਹੀਂ, ਮੇਰੇ ਜਿਹੇ ਰੁੱਖ ਬੇ-ਸ਼ੁਮਾਰ ਨੇ।

ਜਿਨ੍ਹਾਂ ਦੀ ਛਾਂ ਨੂੰ ਖਾ ਲਿਆ ਕਾਣੀ ਬਹਾਰ ਨੇ।

-----

ਚਿੱਠੀ ਦੇ ਬੋਲ ਸੁਲਗਦੇ ਬਣਨੇ ਨਾ ਹੁਣ ਕਦੇ,

ਚਾਦਰ ਸੁਆਹ ਦੀ ਤਾਣ ਕੇ ਸੌਂ ਗੇ ਅੰਗਿਆਰ ਨੇ।

-----

ਗੁਜ਼ਰੇ ਸਮੇਂ ਚਿਤਾਰ ਕੇ ਲੱਖ ਜੀਅ ਲਗਾ ਲਵੀਂ,

ਖੁਭਣਾ ਹੀ ਹੁੰਦਾ ਅੰਤ ਨੂੰ ਪੈਰਾਂ ਚ ਖ਼ਾਰ ਨੇ।

-----

ਪਿੰਜਰੇ ਦਿਸੇ ਹਰੇਕ ਥਾਂ ਜਿੱਥੇ ਵੀ ਦੇਖਿਆ,

ਚਾਵਾਂ ਦੇ ਬੋਟ ਹੋ ਗਏ ਕਾਹਦੇ ਉਡਾਰ ਨੇ।

------

ਮਿੱਟੀ ਦੇ ਤੁੱਲ ਹੋ ਗਈ ਬੰਦੇ ਦੀ ਆਬਰੂ,

ਰੱਬ ਦੇ ਘਰਾਂ ਦੇ ਹੋ ਗਏ ਸੋਨੇ ਦੇ ਬਾਰ ਨੇ।

-----

ਜਿੱਦਾਂ ਪਵਾਈ ਜਾ ਰਿਹਾ ਅਪਣੇ ਤੇ ਆਲ੍ਹਣੇ,

ਰੁੱਖ ਨੂੰ ਅਖ਼ੀਰ ਡੇਗਣਾ ਰੁੱਖ ਦੇ ਹੀ ਭਾਰ ਨੇ।

-----

ਬਦਲੀ ਨਿਗਾਹ ਕਾਹਦੀ ਤੂੰ ਇਕ ਪਲ ਬੂਟਿਆ,

ਕਿੰਨੇ ਹੀ ਤੀਰ ਹੋ ਗਏ ਸੀਨੇ ਦੇ ਪਾਰ ਨੇ।

=====

ਗ਼ਜ਼ਲ

ਸਾਡੇ ਮੁੱਖ ਉੱਤੇ ਦੁਪਹਿਰਾ ਨੈਣਾਂ ਦੇ ਵਿਚ ਢਲ਼ਦੀ ਸ਼ਾਮ।

ਜ਼ਿੰਦਗੀ ਤੂੰ ਖ਼ੂਬ ਦਿੱਤਾ ਸਾਫ਼ਗੋਈ ਦਾ ਇਨਾਮ।

-----

ਛਿਪ ਰਹੇ ਸੂਰਜ ਨੂੰ ਪਲ-ਪਲ ਨਿਗਲ਼ਦੀ ਜਾਂਦੀ ਏ ਸ਼ਾਮ।

ਵੇਖਦਾ ਹੁਣ ਕੋਈ ਕੋਈ ਤੜਕੇ ਤਕਦਾ ਸੀ ਅਵਾਮ।

-----

ਪੌਣ ਦੇ ਵਿਚ ਉੱਡ ਰਿਹਾ ਹਰ ਪੰਛੀ ਨਹੀਂ ਹੁੰਦਾ ਅਜ਼ਾਦ,

ਰੋਜ਼ ਇਕ ਥਾਂ ਚੋਗ ਚੁਗਦੇ ਪੰਛੀ ਵੀ ਹੁੰਦੇ ਗ਼ੁਲਾਮ।

-----

ਕੌਣ ਆ ਕੇ ਭੁਰਦਿਆਂ ਤੇ ਟੁਟਦਿਆਂ ਨੂੰ ਵੇਖਦੈ,

ਪਹੁੰਚ ਕੇ ਮੰਜ਼ਿਲ ਤੇ ਰਾਹੀ ਭੁੱਲ ਜਾਂਦੇ ਪੁਲ਼ ਤਮਾਮ।

-----

ਉਹ ਤਾਂ ਖ਼ੁਸ਼ ਸੀ ਗ਼ੈਰਾਂ ਦੇ ਰਾਹਾਂ ਚ ਕੰਡੇ ਬੀਜਦਾ,

ਪਰ ਕੁੜੱਤਣ ਹੋ ਰਹੀ ਸੀ ਘਰਦਿਆਂ ਫੁੱਲਾਂ ਦੇ ਨਾਮ।

-----

ਮਨ ਦੀ ਚਾਦਰ ਕੋਰੀ ਰੱਖੀ ਰੋਜ਼ ਮੈਂ ਰੰਗਦਾ ਕਿਵੇਂ,

ਮੇਰੇ ਵੱਲ ਜਿੰਨੇ ਵੀ ਆਏ ਰੰਗ ਸੀ ਕੱਚੇ ਤਮਾਮ।

=====

ਗ਼ਜ਼ਲ

ਖੁਰਦੀ ਪੱਤਣ ਤੇ ਸੁੱਕਿਆ ਰੁੱਖ

ਮੇਰੇ ਜੀਵਨ ਦਾ ਆਲੇਖ ਜਿਹਾ।

ਮੇਰੇ ਸੀਨੇ ਦੇ ਵਿਚ ਦਫ਼ਨ ਹੋਇਆ,

ਯਾਦਾਂ ਦਾ ਵਸਦਾ ਦੇਸ ਜਿਹਾ।

-----

ਪੱਥਰ ਦਾ ਨਾ ਹੋ ਕੁੱਝ ਡੋਲ ਕਦੇ

ਤੂੰ ਦੋ ਕੁ ਹਰਫ਼ ਤਾਂ ਬੋਲ ਕਦੇ,

ਤੇਰੀ ਚੁੱਪ ਦੀ ਸੂਲ਼ੀ ਚੜ੍ਹਦਾ ਹੈ

ਮੇਰਾ ਹਰ ਜਜ਼ਬਾ ਦਰਵੇਸ ਜਿਹਾ।

-----

ਜਦ ਸਾਂਝ ਮਨਾਂ ਦੀ ਵਧ ਜਾਂਦੀ

ਕੁਝ ਕਦਮ ਤੁਰੋ ਤਾਂ ਕੋਹ ਘਟਦੀ,

ਮਨ ਦੂਰ ਹੋਣ ਤਾਂ ਬਣ ਜਾਂਦਾ

ਕੰਧ ਉਹਲੇ ਵੀ ਪ੍ਰਦੇਸ ਜਿਹਾ।

-----

ਮੰਜ਼ਿਲ ਤੇ ਜਾਣ ਦੀ ਕਾਹਲ਼ ਸੀ

ਚਿਤ ਚੇਤੇ ਵੀ ਇਹ ਗੱਲ ਨਾ ਸੀ,

ਪੱਥਰਾਂ ਦੀ ਬਾਰਿਸ਼ ਹੋਵੇਗੀ

ਤਨ ਤੇ ਹੈ ਕੱਚ ਦਾ ਵੇਸ ਜਿਹਾ।

-----

ਬੜੇ ਯਤਨ ਕਰੇ ਸਭ ਹਾਰ ਗਏ

ਪਰ ਵਕ਼ਤ ਫੜਾਈ ਉਂਗਲ਼ ਨਾ,

ਹੋਠਾਂ ਤੇ ਗੀਤ ਨਹੀਂ ਆਇਆ

ਜਿਰਦੇ ਵਿਚ ਰਿਹਾ ਕਲੇਸ ਜਿਹਾ।