ਆਪਣੀਆਂ ਪਹਿਲੀਆਂ ਦੋ ਕਿਤਾਬਾਂ ‘ਗੰਦਲ਼ਾਂ’ ਅਤੇ ‘ਕਿਰਚਾਂ’ ਨਾਮੀ ਸੰਗ੍ਰਹਿਆਂ ਵਿਚ ਗ਼ਜ਼ਲ ਦੇ ਰੂਪ ਅਤੇ ਵਿਧਾਨ ਉੱਤੇ ਕਾਫ਼ੀ ਤਜਰਬੇ ਵੀ ਕੀਤੇ ਹਨ ਪਰ ਹੁਣ ਮਹਿਸੂਸ ਕਰਦਾ ਹਾਂ ਕਿ ਨਿਰੇ ਬਹਿਰਾਂ ਜਾਂ ਜ਼ਿਹਾਫ਼ਾਂ ਦੇ ਨਾਮ ਯਾਦ ਕਰ ਲੈਣੇ ਅਤੇ ਗ਼ਜ਼ਲਾਂ ਨੂੰ ਉਨ੍ਹਾਂ ਮੁਤਾਬਿਕ ਢਾਲ਼ ਲੈਣਾ ਹੀ ਕਾਫ਼ੀ ਨਹੀਂ ਹੈ ਸਗੋਂ ਹੋਰ ਵੀ ਬਹੁਤ ਸਾਰੇ ਪਹਿਲੂ ਹਨ ਜਿਨ੍ਹਾਂ ਬਾਰੇ ਜ਼ਿਆਦਾ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ। ਜਿਨ੍ਹਾਂ ਵਿਚ ਸਾਦਗੀ ਅਤੇ ਖ਼ਿਆਲ-ਉਡਾਰੀ ਪ੍ਰਮੁੱਖ ਹਨ।
ਸਾਦਗੀ ਗ਼ਜ਼ਲ ਦਾ ਉਹ ਮੀਰੀ ਗੁਣ ਹੈ ਜੋ ਕਿਸੇ ਲੇਖਕ ਵਿਚ ਲੰਮੀ ਘਾਲਣਾ ਤੋਂ ਬਾਅਦ ਆਉਂਦਾ ਹੈ ਅਤੇ ਖ਼ਿਆਲ ਦੀ ਉਡਾਰੀ ਨਾਲ਼ ਜਿੱਥੇ ਲੇਖਕ ਖ਼ੁਦ ਦਿਸਹੱਦਿਆਂ ਨੂੰ ਛੂਹਣ ਦਾ ਦਾਅਵੇਦਾਰ ਹੋ ਨਿਬੜਦਾ ਹੈ ਓਥੇ ਹੀ ਆਪਣੇ ਪਾਠਕਾਂ ਨੂੰ ਵੀ ਆਲੌਕਿਕ ਗਗਨ-ਮੰਡਲਾਂ ਦੀ ਸੈਰ ਕਰਵਾ ਦਿੰਦਾ ਹੈ। ਵੇਖਦੇ ਹਾਂ ਅਜੋਕੇ ਰਾਕਟ-ਯੁਗ ਵਿਚ ਅਣਦਿਸਦੇ ਸੌਰ-ਮੰਡਲ ਨੂੰ ਵਿਗਿਆਨੀ ਪਹਿਲਾਂ ਗਾਹੁੰਦੇ ਹਨ ਜਾਂ ਕੋਈ ਗ਼ਜ਼ਲਗੋ! ਲੇਖਕ ਦਾ ਫ਼ਰਜ਼ ਤਾਂ ਆਲ਼ੇ-ਦੁਆਲ਼ੇ ਵਿੱਚੋਂ ਕੁਝ ਖ਼ਾਸ ਲੱਭਣਾ ਅਤੇ ਸਮਾਜਿਕ ਸ਼ੀਸ਼ੇ ਦੇ ਸਾਹਮਣੇ ਰੱਖਣਾ ਹੁੰਦਾ ਹੈ ਪਰ ਇਹ ਸ਼ੀਸ਼ੇ ਦੀ ਮਰਜ਼ੀ ਹੈ ਕਿ ਉਹ ਧੁੰਦਲ਼ਾ ਹੀ ਰਹਿਣਾ ਚਾਹੁੰਦਾ ਹੈ ਜਾਂ ਸਾਫ਼ ਅਤੇ ਨੇਕ-ਦਿਲ।
ਗੁਰਦਰਸ਼ਨ ਬਾਦਲ
******
ਦੋਸਤੋ! ਅੱਜ ਦੀ ਪੋਸਟ ‘ਚ ਡੈਡੀ ਜੀ ਗੁਰਦਰਸ਼ਨ ਬਾਦਲ ਜੀ ਦੇ ਹਾਲ ਹੀ ਵਿਚ ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ‘ਕਿਰਨਾਂ’ ‘ਚੋਂ ਚੰਦ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਸ਼ਾਮਿਲ ਕਰ ਰਹੀ ਹਾਂ। ਉਹਨਾਂ ਦੀਆਂ ਨਵ-ਪ੍ਰਕਾਸ਼ਿਤ ਕਿਤਾਬਾਂ ਬਾਰੇ ਵਿਸਤਾਰਤ ਜਾਣਕਾਰੀ ਟਾਈਟਲ ਡਿਜ਼ਾਈਨਾਂ ਸਹਿਤ ਕੱਲ੍ਹ ਨੂੰ ਪੋਸਟ ਕੀਤੀ ਜਾਵੇਗੀ। ਆਰਸੀ ਪਰਿਵਾਰ ਵੱਲੋਂ ਬਾਦਲ ਸਾਹਿਬ ਨੂੰ ਇਸ ਕਿਤਾਬ ਦੀ ਪ੍ਰਕਾਸ਼ਨਾ 'ਤੇ ਦਿਲੀ ਮੁਬਾਰਕਬਾਦ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
*****
ਗ਼ਜ਼ਲ
ਊਂ ਦਿਲ ਦਾ ਵਿਸਥਾਰ ਬੜਾ ਸੀ, ਵਿੱਚੋਂ ਇੰਨਾ ਨਿੱਕਲ਼ਿਆ।
ਕੰਡੇ ਉੱਤੇ ਭਾਰ ਤੋਲਿਆ, ਕੰਡੇ ਜਿੰਨਾ ਨਿੱਕਲ਼ਿਆ।
------
ਅੱਖੀਆਂ ਕੋਲ਼ ਚਰਿੱਤਰ ਕਿੰਨੇ, ਉਮਰਾਂ ਤਕ ਨਈਂ ਗਿਣ ਹੋਣੇ,
ਹੰਝੂ ਤਾਂ ਬਸ ਦੋ-ਤਿੰਨ ਹੀ ਸੀ, ਪਾਣੀ ਕਿੰਨਾ ਨਿੱਕਲ਼ਿਆ।
------
ਦੁੱਖਾਂ, ਦਰਦਾਂ, ਆਹਾਂ ਤਕ ਨੂੰ, ਲਗਦੈ ਬੰਨ੍ਹ ਲਵੇਗਾ ਉਹ,
ਜਿਸ ਰਾਹੀ ਦੇ ਬੋਝੇ ਵਿੱਚੋਂ, ਗ਼ਮ ਦਾ ਪਿੰਨਾ ਨਿੱਕਲ਼ਿਆ।
-----
‘ਬਾਦਲ’ ਦੀ ਤਾਸੀਰ ਦੁਤਰਫ਼ੀ, ਉਸਨੂੰ ਪਰਖ਼ਣ ਔਖਾ ਹੈ,
ਉੱਤੋਂ ਕੌੜਾ-ਕੌੜਾ, ਵਿੱਚੋਂ ਉਹ ਰਸ-ਭਿੰਨਾ ਨਿੱਕਲ਼ਿਆ।
=====
ਗ਼ਜ਼ਲ
ਲਾਰਿਆਂ ‘ਤੇ ਹੋਰ ਵਾਅਦਾ ਟਿਕ ਗਿਆ।
ਖ਼ਾਰ ‘ਤੇ ਸ਼ਬਨਮ ਦਾ ਕਤਰਾ ਟਿਕ ਗਿਆ।
-----
ਡੋਬ ਕੇ ਸੋਹਣੀ ਨੂੰ ਦਰਿਆ ਟਿਕ ਗਿਆ।
ਰੂਪ ਦੀ ਛੋਹ ਨਾਲ਼ ਪਾਰਾ ਟਿਕ ਗਿਆ।
-----
ਹੋਰ ਵੀ ਕੁਝ ਦੂਰ ਮੰਜ਼ਿਲ ਹੋ ਗਈ,
ਠੀਕ ਥਾਂ ਜਦ ਪੈਰ ਪਹਿਲਾ ਟਿਕ ਗਿਆ।
-----
ਤੁਰ ਗਈ ਬਰਸਾਤ, ਉਸਦੇ ਨਾਲ਼ ਹੀ,
ਦਿਲ ਦੇ ਮਚਲਣ ਦਾ ਵੀ ਖ਼ਤਰਾ ਟਿਕ ਗਿਆ।
-----
ਟਿਕ-ਟਿਕਾਅ ਵਿਚ ਝੂਮਦਾ ਸੀ ਮਸਤ ਹੋ,
ਨ੍ਹੇਰੀਆਂ ਆਈਆਂ ਤਾਂ ਪੱਤਾ ਟਿਕ ਗਿਆ।
-----
ਰੂਪ ਦੀ ਬੁੱਕਲ਼ ‘ਚ ਹੀ ਠੰਢਕ ਮਿਲ਼ੀ,
ਰੂਪ ਦੀ ਬੁੱਕਲ਼ ‘ਚ ਪਾਲ਼ਾ ਟਿਕ ਗਿਆ।
-----
ਮੈਂ ਇਕੱਲਾ ਹਾਂ, ਜ਼ਰਾ ਮੇਰੀ ਸੁਣੋ!
ਦੋ ਕੁ ਸਿਫ਼ਰਾਂ ਨਾਲ਼ ਏਕਾ ਟਿਕ ਗਿਆ।
-----
ਆਪਣੀ ਹੀ ਜੜ ਜਦੋਂ ਕਟਣੀ ਪਈ,
ਤੜਪਿਆ ਦਸਤਾ, ਕੁਹਾੜਾ ਟਿਕ ਗਿਆ।
-----
ਰਾਤ ਭਰ ‘ਬਾਦਲ’ ਨਾ ਸੁੱਤਾ ਪੀੜ ਥੀਂ,
ਦਿਨ ਚੜ੍ਹਾਅ ਦੇ ਨਾਲ਼ ਕਮਲ਼ਾ ਟਿਕ ਗਿਆ।
=====
ਗ਼ਜ਼ਲ
ਪਿਸ ਰਹੇ ਨੇ ਪਰਦਿਆਂ ਅੰਦਰ, ਸਤਾਈ ਧੁੱਪ ਦੇ ਟੁਕੜੇ।
ਕਿਸ ਤਰ੍ਹਾਂ ਅਪਣੱਤ ਵੰਡਣ ਫਿਰ, ਪਰਾਈ ਧੁੱਪ ਦੇ ਟੁਕੜੇ।
------
ਕੌਣ ਰੋਕੇਗਾ? ਸਮੇਂ ਦੀ ਚਾਲ ਦਾ ਚੱਕਰ ਬੇਕਾਬੂ ਹੈ,
ਮਸਤ ਕੁਦਰਤ ਡੈਣ ਲੱਗੇ, ਤੇ ਲੁਕਾਈ ਧੁੱਪ ਦੇ ਟੁਕੜੇ।
-----
ਜਿਸ ਸਵੈਟਰ ਕੋਲ਼ ਏਨਾ ਨਿੱਘ ਤੇ ਅਪਣੱਤ ਭਰਿਆ ਹੈ,
ਉਹਨਾਂ ਮਾਹਿਰ ਉਂਗਲ਼ੀਆਂ ਦੀ ਹੈ ਬੁਣਾਈ, ਧੁੱਪ ਦੇ ਟੁਕੜੇ।
-----
ਤਨ ਢਕਣ ਦਾ ਫ਼ਿਕਰ ਕਾਹਦਾ ਹੈ, ਮਿਰੀ ਸਰਕਾਰ ਦੇ ਹੁੰਦਿਆਂ?
ਕਰ ਹੀ ਦਿੰਦੇ ਪੇਟ ਦੀ ਆਈ-ਚਲਾਈ, ਧੁੱਪ ਦੇ ਟੁਕੜੇ।
------
ਧੁੱਪ ਨੇ ਵੀ ਮੂੰਹ ਵਿਖਾਲਣ ਦੀ, ਅਨੋਖੀ ਸ਼ਰਤ ਰਖ ਦਿੱਤੀ,
ਧੁੱਪ-ਲਿਪਟੀ ਏਸ ਛਾਂ ਦੀ, ਮੂੰਹ-ਵਿਖਾਈ, ਧੁੱਪ ਦੇ ਟੁਕੜੇ।
-----
ਛਾਂ ਨਹੀਂ ਮੁਕਦੀ ਕਦੇ ਵੀ, ਕਹਿ ਰਹੀ ਹੈ ਬਾਣ ਦੀ ਮੰਜੀ,
ਵੇਖ ਸੂਰਜ ਇਕ ਹੈ, ਤੇ ਹਨ ਸਤਾਈ ਧੁੱਪ ਦੇ ਟੁਕੜੇ।
-----
ਆਸਮਾਂ ਹੋਇਐ ਵਿਰੋਧੀ, ਫੇਰ ‘ਬਾਦਲ’ ਕੀ ਕਰੇ ਦੱਸੋ?
ਜਦ ਪਰਿੰਦੇ ਹੀ ਫਿਰਨ, ਖੰਭੀਂ ਲੁਕਾਈ ਧੁੱਪ ਦੇ ਟੁਕੜੇ।