ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਇਕਵਿੰਦਰ. Show all posts
Showing posts with label ਇਕਵਿੰਦਰ. Show all posts

Saturday, February 4, 2012

ਇਕਵਿੰਦਰ - ਗ਼ਜ਼ਲ

ਦੋਸਤੋ! 10 ਦਸੰਬਰ, 2011 ਨੂੰ ਉਸਤਾਦ ਗ਼ਜ਼ਲਗੋ ਜਨਾਬ ਉਲਫ਼ਤ ਬਾਜਵਾ ਸਾਹਿਬ ਦੀ ਗ਼ਜ਼ਲ ਦੀ ਜ਼ਮੀਨ ‘ਤੇ ਤਿੰਨ ਸ਼ਾਇਰ ਦੋਸਤਾਂ – ਅਮਰੀਕ ਗ਼ਾਫ਼ਿਲ ਸਾਹਿਬ, ਸੁਮਨ ਸ਼ਾਮਪੁਰੀ ਜੀ ਅਤੇ ਰਾਜਿੰਦਰਜੀਤ ਜੀ ਵੱਲੋਂ ਕਹੀਆਂ ਸ਼ਾਨਦਾਰ ਗ਼ਜ਼ਲਾਂ ਪੋਸਟ ਕੀਤੀਆਂ ਗਈਆਂ ਸਨ, ਫੇਸਬੁੱਕ ‘ਤੇ ਇਸ ਪੋਸਟ ਨੂੰ ਬਹੁਤ ਭਰਵਾਂ ਹੁੰਘਾਰਾ ਮਿਲ਼ਿਆ ਸੀ...ਇੰਕਵਿੰਦਰ ਜੀ ਨੇ ਇਹ ਪੋਸਟ ਪੜ੍ਹ ਕੇ ਬਾਜਵਾ ਸਾਹਿਬ ਦੀ ਉਸੇ ਜ਼ਮੀਨ ‘ਚ ਕਹੀ ਇਕ ਖ਼ੂਬਸੂਰਤ ਗ਼ਜ਼ਲ ਆਰਸੀ ਲਈ ਘੱਲੀ ਸੀ, ਜਿਸਨੂੰ ਮੈਂ ਅੱਜ ਆਰਸੀ ਦੀ ਪੋਸਟ ਵਿਚ ਸ਼ਾਮਿਲ ਕਰਕੇ ਸਾਰੇ ਦੋਸਤਾਂ ਨਾਲ਼ ਸਾਂਝੀ ਕਰ ਰਹੀ ਹਾਂ....ਤੁਹਾਡੇ ਪ੍ਰਤੀਕਰਮਾਂ ਦੀ ਉਡੀਕ ਰਹੇਗੀ..ਅਦਬ ਸਹਿਤ..ਤਨਦੀਪ

********


( ਜਨਾਬ ਉਲਫ਼ਤ ਬਾਜਵਾ ਸਾਹਿਬ ਦੀ ਜ਼ਮੀਨ ’ਤੇ ਕਹੀ ਗ਼ਜ਼ਲ )


ਗ਼ਜ਼ਲ


ਰਾਗ ਪਰੀਆਂ ਨੇ ਗਾਇਆ ਲਗਦਾ ਹੈ।


ਮੇਰਾ ਮਹਿਬੂਬ ਆਇਆ ਲਗਦਾ ਹੈ।



ਹੁਣ ਨਾ ਕੋਈ ਪਰਾਇਆ ਲਗਦਾ ਹੈ।


ਮਨ ਫ਼ਕੀਰੀ ’ਚ ਆਇਆ ਲਗਦਾ ਹੈ।



ਉਹ ਤਾਂ ਮਿਲਦਾ ਹੈ ਸਭ ਨੂੰ ਹੱਸ-ਹੱਸ ਕੇ,


ਦਰਦ ਉਸ ਨੇ ਛੁਪਾਇਆ ਲਗਦਾ ਹੈ।



ਦਿਲ ਦੇ ਪੰਛੀ ਤੂੰ ਸੰਭਲ ਕੇ ਉੱਡੀਂ,


ਜਾਲ਼ ਥਾਂ-ਥਾਂ ਵਿਛਾਇਆ ਲਗਦਾ ਹੈ ।



ਸਾਡਾ ਸੂਰਜ ਨਹੀਂ ਹੈ ਥਾਂ ਅਪਣੀ ,


ਇਹ ਕਿਸੇ ਨੇ ਹਿਲਾਇਆ ਲਗਦਾ ਹੈ।



ਜਿਸ ’ਚ ਅਪਣੱਤ ਮਰ ਗਈ ਹੋਵੇ ,


ਉਸ ਨੂੰ ਆਲਮ ਪਰਾਇਆ ਲਗਦਾ ਹੈ ।



ਮੇਰੀ ਸੁਣ ਕੇ ਉਹ ਦਾਸਤਾਂ ਬੋਲੇ ,


ਕਿੱਸਾ ਸੁਣਿਆ-ਸੁਣਾਇਆ ਲਗਦਾ ਹੈ।



ਜਾਹ ! ਛੁਪਾ ਲੈ ਤੂੰ ਮੇਰੀਆਂ ਯਾਦਾਂ ਨੂੰ ,


ਕੋਈ ਬੂਹੇ ’ਤੇ ਆਇਆ ਲਗਦਾ ਹੈ ।



ਮੁਸਕੁਰਾਉਂਦਾ ਹੈ ਆ ਰਿਹਾ ਕ਼ਾਸਿਦ ,


ਖ਼ਤ ਮੁਹੱਬਤ ਦਾ ਆਇਆ ਲਗਦਾ ਹੈ।



ਦਿਲ ਦਾ ਪੰਛੀ ਅਜੀਬ ਹੈ ਪੰਛੀ ,


ਇਹ ਹਮੇਸ਼ਾ ਤਿਹਾਇਆ ਲਗਦਾ ਹੈ ।



ਸਾਰੇ ਫੁੱਲਾਂ ਦੀ ਝੁਕ ਗਈ ਗਰਦਨ ,


ਮੇਰਾ ਮਹਿਬੂਬ ਆਇਆ ਲਗਦਾ ਹੈ।



ਇਸ ’ਚ ਮੇਰੇ ਨਸ਼ੇ ਦਾ ਦੋਸ਼ ਨਹੀਓਂ,


ਰਾਹ ਨੇ ਘਰ ਭੁਲਾਇਆ ਲਗਦਾ ਹੈ।



ਤੇਰੀ ਨਗਰੀ ’ਚ ਮਸਤ ਨਜ਼ਰਾਂ ਨੇ ,


ਜਾਲ ਥਾਂ-ਥਾਂ ਵਿਛਾਇਆ ਲਗਦਾ ਹੈ।



ਤੈਨੂੰ ਭੁੱਲਿਆ ਨਹੀਂ ਹਾਂ ‘ਇਕਵਿੰਦਰ’,


ਤੂੰ ਤਾਂ ਭਾਵੇਂ ਭੁਲਾਇਆ ਲਗਦਾ ਹੈ ।



Monday, July 26, 2010

ਇਕਵਿੰਦਰ - ਗ਼ਜ਼ਲ

ਗ਼ਜ਼ਲ

ਅਸਾਡੇ ਕੋਲ ਹੀਲਾ ਹੈ ਤੇ ਨਾ ਕੋਈ ਵਸੀਲਾ ਹੈ ।

ਬਹੁਤ ਸੰਘਰਸ਼ ਕਰਦਾ ਜਾ ਰਿਹਾ ਸਾਡਾ ਕਬੀਲਾ ਹੈ ।

-----

ਉਨ੍ਹਾਂ ਨੇ ਕੱਲ੍ਹ ਨੂੰ ਕੁੱਕਰ ਵਾਲਿਆਂ ਦੀ ਭਾਫ਼ ਕੱਢ ਦੇਣੀ ,

ਜਿਨ੍ਹਾਂ ਦੇ ਕੋਲ਼ ਹਾਲੇ ਤੀਕ ਸਿਲਵਰ ਦਾ ਪਤੀਲਾ ਹੈ ।

------

ਕਿਤੇ ਦਾਤੀ, ਕਿਤੇ ਰੰਬਾ, ਕਿਤੇ ਹੈ ਲੋੜ ਨਹੁੰਆਂ ਦੀ,

ਅਸਾਡੀ ਸੋਚ ਵਿਚ ਹਾਲੇ ਕਈ ਰੰਗਾਂ ਦਾ ਡੀਲਾ ਹੈ ।

-----

ਤੁਸੀਂ ਜੇ ਤੋੜਨੇ ਹਨ ਤਾਂ ਲਵੋ ਲੋਹੇ ਦੇ ਦਸਤਾਨੇ ,

ਮੇਰੇ ਗੁਲਸ਼ਨ ਦਾ ਹਰ ਇਕ ਫੁੱਲ ਕੰਡਿਆਂ ਤੋਂ ਨੁਕੀਲਾ ਹੈ ।

------

ਮੇਰੇ ਅੰਦਰ ਹੈ ਇਕ ਗਾਇਕ ਜੋ ਲਾਵੇ ਹੇਕ ਰਾਤਾਂ ਨੂੰ ,

ਸੁਰਾਂ ਨੂੰ ਜਾਣਦਾ ਨਈਂ ਹੈ ਮਗਰ ਬੇਹਦ ਸੁਰੀਲਾ ਹੈ ।

-----

ਬਿਨਾਂ ਨਕਸ਼ੇ ਤੋਂ ‘ਇਕਵਿੰਦਰ’ ਹੈ ਤੇਰਾ ਆਲ੍ਹਣਾ ਬਣਨਾ ,

ਲਿਆਉਣਾ ਦੂਰ ਤੋਂ ਪੈਣਾ ਤੇ ਲੱਭਣਾ ਤੀਲਾ-ਤੀਲਾ ਹੈ।


Saturday, June 26, 2010

ਇਕਵਿੰਦਰ - ਉਰਦੂ ਰੰਗ

ਗ਼ਜ਼ਲ

ਇਸ਼ਕ ਕੋ ਆਜ਼ਮਾਨਾ ਨਹੀਂ ਚਾਹੀਏ।

ਹੁਸਨ ਕੋ ਯੇ ਭੁਲਾਨਾ ਨਹੀਂ ਚਾਹੀਏ।

-----

ਹਮ ਕੋ ਬੂੜ੍ਹਾ ਜ਼ਮਾਨਾ ਨਹੀਂ ਚਾਹੀਏ।

ਹਮ ਕੋ ਕਿੱਸਾ ਪੁਰਾਨਾ ਨਹੀਂ ਚਾਹੀਏ।

-----

ਹਮ ਸੇ ਸਾਰਾ ਜ਼ਮਾਨਾ ਹੈ ਰੂਠਾ ਹੂਆ,

ਆਪ ਕੋ ਰੂਠ ਜਾਨਾ ਨਹੀਂ ਚਾਹੀਏ।

-----

ਰਿਸ਼ਤੋਂ ਮੇਂ ਗਰਮ-ਜੋਸ਼ੀ ਸੀ ਰਹਤੀ ਨਹੀਂ,

ਰੋਜ਼-ਰੋਜ਼ ਆਨਾ-ਜਾਨਾ ਨਹੀਂ ਚਾਹੀਏ।

-----

ਤੁਮ ਕੋ ਮਿਲਨੇ ਕੋ ਦਿਲ ਮੇਂ ਹੈ ਤੂਫ਼ਾਨ ਸਾ,

ਮੁਝ ਕੋ ਕੋਈ ਬਹਾਨਾ ਨਹੀਂ ਚਾਹੀਏ।

-----

ਸਭ ਦੁਕਾਨੋਂ ਕੋ ਤਾਲੇ ਸੇ ਲਗ ਜਾਤੇ ਹੈਂ,

ਤੁਮ ਕੋ ਬਾਜ਼ਾਰ ਜਾਨਾ ਨਹੀਂ ਚਾਹੀਏ।

-----

ਛੀਨ ਲੇ ਹਮ ਸੇ ਜੋ ਚੈਨ ਕੀ ਬੰਸੁਰੀ,

ਹਮ ਕੋ ਇਤਨਾ ਖ਼ਜ਼ਾਨਾ ਨਹੀਂ ਚਾਹੀਏ।

-----

ਘਰ ਬਨਾਨਾ ਨਹੀਂ ਹਮ ਕੋ ਆਤਾ ਮਗਰ,

ਗ਼ੈਰ ਕਾ ਆਸ਼ਿਆਨਾ ਨਹੀਂ ਚਾਹੀਏ।

-----

ਚੋਰੀ ਕੀ ਕਿਆ ਸਜ਼ਾ ਹੈ ਯੇ ਤੁਮ ਜਾਨ ਲੋ,

ਦਿਲ ਕਿਸੀ ਕਾ ਚੁਰਾਨਾ ਨਹੀਂ ਚਾਹੀਏ।

-----

ਚਾਂਦ ਕੋ ਚਾਂਦਨੀ ਸੇ ਜੋ ਮਿਲਨੇ ਨਾ ਦੇ,

ਹਮ ਕੋ ਐਸਾ ਜ਼ਮਾਨਾ ਨਹੀਂ ਚਾਹੀਏ।

-----

ਲੋਗ ਕਹਿਤੇ ਹੈਂ ਮੁਝ ਕੋ ਕਿ ਇਸ ਉਮਰ ਮੇਂ,

ਇਤਨਾ ਦਿਲ ਆਸ਼ਿਕਾਨਾ ਨਹੀਂ ਚਾਹੀਏ।


Friday, June 4, 2010

ਇਕਵਿੰਦਰ - ਗ਼ਜ਼ਲ

ਗ਼ਜ਼ਲ

ਤਰਕ ਸੰਗਤ ਇਹ ਤਰਕ ਲਗਦਾ ਹੈ।

ਹੁਣ ਮੁਹੱਬਤ ’ਚ ਫ਼ਰਕ ਲਗਦਾ ਹੈ।

-----

ਪਹਿਲਾਂ ਵਾਂਗਰ ਹੀ ਗਲ਼ ਨੂੰ ਚਿੰਬੜੇ ਹੋ,

ਉੱਨੀ–ਇੱਕੀ ਦਾ ਫ਼ਰਕ ਲਗਦਾ ਹੈ।

-----

ਥਾਂ–ਥਾਂ ਬਣਦੀ ਹੈ ਬਰਫ਼ੀ ਉਲਫ਼ਤ ਦੀ,

ਟਾਵੀਂ–ਟਾਵੀਂ ’ਤੇ ਵਰਕ ਲਗਦਾ ਹੈ।

-----

ਜਦ ਤੋਂ ਬੈਠੇ ਹੋ ਮੇਰੇ ਬਿਸਤਰ ’ਤੇ,

ਕੁਛ ਤਬੀਅਤ ’ਚ ਫ਼ਰਕ ਲਗਦਾ ਹੈ।

-----

ਉਂਜ ਹੀ ਬਣਦੀ ਨਹੀਂ ਗ਼ਜ਼ਲ ਯਾਰੋ !

ਖ਼ੂਨ ਲਗਦਾ ਹੈ, ਅਰਕ ਲਗਦਾ ਹੈ।

-----

ਮੇਰੇ ਦਿਲ ਦਾ ਵਜ਼ਨ ਹੈ ਓਨਾਂ ਹੀ,

ਤੇਰੇ ਵੱਟਿਆਂ ’ਚ ਫ਼ਰਕ ਲਗਦਾ ਹੈ ।

-----

ਤੇਰੀ ਖ਼ੁਸ਼ਬੂ ਦੀ ਨਕਲ ਕਰਨੇ ਨੂੰ,

ਲੱਖਾਂ ਫੁੱਲਾਂ ਦਾ ਅਰਕ ਲਗਦਾ ਹੈ।

-----

ਤੇਰੇ ਗੁਲਸ਼ਨ ’ਚ ਹੁਣ ਤਾਂ ‘ਇਕਵਿੰਦਰ’,

ਹਰ ਪਰਿੰਦਾ ਸਤਰਕ ਲਗਦਾ ਹੈ।

Wednesday, April 21, 2010

ਇਕਵਿੰਦਰ - ਗ਼ਜ਼ਲ

ਗ਼ਜ਼ਲ

ਖੋਲ੍ਹ ਦਿਓ ! ਮੈਖ਼ਾਨੇ ਛੇਤੀ ।

ਗ਼ਮ ਕਰੀਏ ਬੇਗਾਨੇ ਛੇਤੀ ।

-----

ਮੁੜ-ਮੁੜ ਕੇ ਨਾ ਮੈਨੂੰ ਦੇਖੋ ,

ਬਣ ਜਾਂਦੇ ਅਫ਼ਸਾਨੇ ਛੇਤੀ ।

-----

ਤੇਰੇ ਸ਼ਹਿਰ ਚ ਹੱਸਣ ’ਤੇ ਵੀ,

ਹੋ ਜਾਂਦੇ ਜੁਰਮਾਨੇ ਛੇਤੀ ।

-----

ਮੁਸ਼ਕਿਲ ਵੇਲੇ ਬਣ ਜਾਂਦੇ ਨੇ ,

ਅਪਣੇ ਵੀ ਬੇਗਾਨੇ ਛੇਤੀ।

------

ਛੇਤੀ ਡਿਗਦੇ ਨੇ ਧਰਤੀ ’ਤੇ ,

ਜੋ ਚੜ੍ਹਦੇ ਅਸਮਾਨੇ ਛੇਤੀ।

-----

ਅੱਜ ਪਹਿਲਾ ਹੀ ਫੁੱਲ ਖਿੜ੍ਹਿਆ ਹੈ,

ਮੁੱਕ ਜਾਣ ਵੀਰਾਨੇ ਛੇਤੀ।

-----

ਹੱਥ ਦੇ ਨਾਲ ਮਿਲਾ ਹੱਥ ਯਾਰਾ !

ਲਾਹ ਦੇ ਤੂੰ ਦਸਤਾਨੇ ਛੇਤੀ ।

------

ਕੁਛ ਮਸਲੇ ਸੁਲਝਾਉਣੇ ਯਾਰੋ !

ਆ ਜਾਵੋ !ਮੈਖ਼ਾਨੇ ਛੇਤੀ।

-----

ਖੋਲ੍ਹੋ ਅੱਖੀਆਂ ਦੇ ਮੈਖ਼ਾਨੇ ,

ਭਰ ਲਾਂ ਮੈਂ ਪੈਮਾਨੇ ਛੇਤੀ।

-----

ਰਹਿਮ ਕਰੋ ਮੇਰੇ ਤੇ ਯਾਰੋ !

ਚਾੜ੍ਹੋ ਨਾ ਅਸਮਾਨੇ ਛੇਤੀ ।

-----

ਹੋਰ ਤਾਂ ਰਿਸ਼ਤੇ ਛੇਤੀ ਟੁੱਟਦੇ ,

ਟੁੱਟਦੇ ਨਈਂ ਯਾਰਾਨੇ ਛੇਤੀ ।

-----

ਤਾਹੀਓਂ ਜਾਨ ਗੁਆ ਲੈਂਦੇ ਨੇ ,

ਕਰ ਬਹਿੰਦੇ ਪਰਵਾਨੇ ਛੇਤੀ ।

-----

ਪਿਆਰ-ਮੁਹੱਬਤ ਦੇ ‘ਇਕਵਿੰਦਰ’,

ਬਣ ਜਾਂਦੇ ਅਫ਼ਸਾਨੇ ਛੇਤੀ।

-----

ਸਾਡੇ ਵਰਗਿਆਂ ਦੇ ‘ਇਕਵਿੰਦਰ’,

ਪੈਂਦੀ ਨਹੀਓਂ ਖ਼ਾਨੇ ਛੇਤੀਂ ।

Wednesday, March 10, 2010

ਇਕਵਿੰਦਰ - ਗ਼ਜ਼ਲ

ਸਾਹਿਤਕ ਨਾਮ: ਇਕਵਿੰਦਰ ਸਿੰਘ

ਜਨਮ: 3 ਅਪ੍ਰੈਲ, 1955

ਪਿੰਡ ਤੇ ਡਾਕਖ਼ਾਨਾ-ਪੁਰਹੀਰਾਂ (ਹੁਸ਼ਿਆਰਪੁਰ) (ਉਸਦਾ ਜੱਦੀ ਪਿੰਡ ਕੰਧਾਲੀ ਨਾਰੰਗਪੁਰ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਹੈ)

ਪ੍ਰਕਾਸ਼ਿਤ ਕਿਤਾਬਾਂ: ਇਕਵਿੰਦਰ ਸਿੰਘ ਦਾ ਇਕ ਮੌਲਿਕ ਗ਼ਜ਼ਲ-ਸੰਗ੍ਰਹਿ ‘ਪਾਣੀ ਮੈਲ਼ਾ ਮਾਟੀ ਗੋਰੀ’ ਪ੍ਰਕਾਸ਼ਿਤ ਹੋ ਚੁੱਕਾ ਹੈ। ‘ਅੰਬ ਦੁਸਹਿਰੀ ਚੂਪਣ ਆਇਓ!’ ਇਕਵਿੰਦਰ ਵਲੋਂ ਸੰਪਾਦਿਤ ਕੀਤਾ ਗਿਆ ਮੁੱਲਵਾਨ ਗ਼ਜ਼ਲ-ਸੰਗ੍ਰਹਿ ਹੈ। ਇਸ ਵਿਚ ਉਸਨੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਿੱਧੇ-ਅਸਿੱਧੇ ਰੂਪ ਵਿਚ ਜੁੜੇ ਹੋਏ 144 ਗ਼ਜ਼ਲਗੋਅ ਇਕੱਤਰ ਕੀਤੇ ਹਨ। 400 ਸਫ਼ੇ ਦਾ ਇਹ ਸੰਗ੍ਰਹਿ ਪੜ੍ਹਨ ਉਪਰੰਤ ਇਕਵਿੰਦਰ ਸਿੰਘ ਦੀ ਕੀਤੀ ਮਿਹਨਤ ਅੱਗੇ ਸਿਰ ਝੁਕ ਜਾਂਦਾ ਹੈ। ਗ਼ਜ਼ਲ-ਪ੍ਰੇਮੀਆਂ ਅਤੇ ਗ਼ਜ਼ਲ-ਆਲੋਚਕਾਂ ਲਈ ਇਹ ਸੰਗ੍ਰਹਿ ਬੇਸ਼ਕੀਮਤੀ ਹੈ।

-----

ਸਾਧੂ ਸਿੰਘ ਹਮਦਰਦ ਮੁਤਾਬਕ ਇਕਵਿੰਦਰ ਸਿੰਘ ਨੇ ਗ਼ਜ਼ਲ-ਲਹਿਰ ਤੋਂ ਪ੍ਰਭਾਵਿਤ ਹੋ ਕੇ 1973 ਵਿਚ ਗ਼ਜ਼ਲ ਲਿਖਣੀ ਸ਼ੁਰੂ ਕੀਤੀ। ਇਕਵਿੰਦਰ ਦੀਆਂ ਗ਼ਜ਼ਲਾਂ ਵਿਚਲਾ ਮਿੱਠਾ ਮਿੱਠਾ ਵਿਅੰਗ ਪਾਠਕ ਨੂੰ ਟੁੰਬਦਾ ਹੈ। ਮਿਸਰੇ ਵਿਚ ਸ਼ਬਦ ਬੀੜਨ ਦਾ ਹੁਨਰ ਉਸ ਅੰਦਰ ਕਮਾਲ ਦਾ ਹੈ। ਇਸੇ ਕਰਕੇ ਉਸਦੇ ਸ਼ਿਅਰ ਕਮਾਨ ਦੀ ਤੰਦ ਵਾਂਗ ਕੱਸੇ ਹੁੰਦੇ ਹਨ ਅਤੇ ਖ਼ਿਆਲ ਦੇ ਤੀਰ ਨੂੰ ਦਿਲ ਦੇ ਆਰ-ਪਾਰ ਕਰਨ ਦੀ ਸਮਰੱਥਾ ਰੱਖਦੇ ਹਨ।

-----

ਦੋਸਤੋ! ਯੂ.ਐੱਸ.ਏ. ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਜੀ ਨੇ ਇਕਵਿੰਦਰ ਜੀ ਦੀ ਇਕ ਬੇਹੱਦ ਖ਼ੂਬਸੂਰਤ ਗ਼ਜ਼ਲ ਆਰਸੀ ਲਈ ਭੇਜ ਕੇ ਉਹਨਾਂ ਦੀ ਹਾਜ਼ਰੀ ਲਵਾਈ ਹੈ। ਸੋਹਲ ਸਾਹਿਬ ਦਾ ਬੇਹੱਦ ਸ਼ੁਕਰੀਆ। ਇਕਵਿੰਦਰ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਅੱਜ ਇਸ ਗ਼ਜ਼ਲ ਨੂੰ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’

******

ਗ਼ਜ਼ਲ

ਦੂਰੀਆਂ-ਬੇਨੂਰੀਆਂ-ਮਜਬੂਰੀਆਂ।

ਪਿਆਰ ਵਿਚ ਕਦ ਪੈਂਦੀਆਂ ਨੇ ਪੂਰੀਆਂ?

-----

ਹਰ ਕਿਸੇ ਦੇ ਭਾਗ ਵਿਚ ਹੁੰਦੀਆਂ ਨਹੀਂ,

ਦੌਲਤਾਂ-ਫ਼ਨਕਾਰੀਆਂ-ਮਸ਼ਹੂਰੀਆਂ।

-----

ਲੋੜ ਨਾ ਹੋਵੇ ਤਾਂ ਪਾਉਂਦਾ ਕੌਣ ਹੈ?

ਚਿੱਠੀਆਂ-ਸਾਂਝਾਂ-ਮੁਹੱਬਤਾਂ-ਚੂਰੀਆਂ।

-----

ਹੁਸਨ ਦੀ ਬਸਤੀ ਦੀਆਂ ਦਰਬਾਨ ਹਨ,

ਤਿਊੜੀਆਂ- ਲਬ-ਟੁਕਣੀਆਂ - ਘਣ-ਘੂਰੀਆਂ।

-----

ਆਪਣੇ ਹਿੱਸੇ ਨਾ ਆਈਆਂ ਉਮਰ ਭਰ,

ਤਿਤਲੀਆਂ-ਸਰਦਾਰੀਆਂ-ਮਸ਼ਹੂਰੀਆਂ।

-----

ਚੰਗਿਆਂ-ਭਲਿਆਂ ਨੂੰ ਕਰ ਦਿੰਦੀਆਂ ਖ਼ਰਾਬ,

ਲਾਲਸਾਵਾਂ-ਦੌਲਤਾਂ-ਕਸਤੂਰੀਆਂ।

-----

ਹੁਸਨ ਦੀ ਫ਼ਿਤਰਤ ਹੈ ਉਹ ਸਿੱਖਦਾ ਨਹੀਂ,

ਸ਼ੋਖ਼ੀਆਂ-ਦਿਲਦਾਰੀਆਂ-ਮਗ਼ਰੂਰੀਆਂ।

-----

ਔਖੀਆਂ ਹੀ ਮਿਟਦੀਆਂ ਪੈ ਜਾਣ ਜੇ,

ਆਦਤਾਂ-ਪਗਡੰਡੀਆਂ-ਦਿਲ-ਦੂਰੀਆਂ।

-----

ਕਰਨੀਆਂ ਪੈ ਜਾਣ ਤਾਂ ਮਿਹਣਾ ਨਹੀਂ,

ਮਿਹਨਤਾਂ-ਹਮਦਰਦੀਆਂ-ਮਜ਼ਦੂਰੀਆਂ।

-----

ਇਸ਼ਕ਼ ‘ਇਕਵਿੰਦਰ’ ਨਹੀਂ ਜੇ ਲੱਥ ਜਾਣ,

ਮਸਤੀਆਂ-ਮਦਹੋਸ਼ੀਆਂ-ਮਖ਼ਮੂਰੀਆਂ।