ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, October 31, 2008

ਨਵੀਦ ਅਨਵਰ - ਨਜ਼ਮ

ਡਾ: ਕੌਸਰ ਮੁਹੰਮਦ ਸਾਹਿਬ ਨੇ ਇਹ ਨਜ਼ਮਾਂ ਪਾਕਿਸਤਾਨ ਤੋਂ ਭੇਜੀਆਂ।

ਮਾਂ ਦੀ ਯਾਦ

ਨਜ਼ਮ

ਮਾਂ ਤੇਰੀ ਕਬਰ ਤੇ

ਨਿੱਕੇ ਵੀਰ ਬਗੀਚਾ ਲਾਇਆ।

ਦੀਦ ਤੇਰੀ ਥੀਂ ਬੂਟੇ ਰੱਜੇ,

ਮਨ ਸਾਡਾ ਤ੍ਰਿਹਾਇਆ।

------------------

ਮਾਂ ਦੇ ਮੋਇਆਂ ਮਗਰੋਂ ਈਦ

ਨਜ਼ਮ

ਹੰਝੂ ਹਾਰ ਪਰੋਵਣ ਨੂੰ ਜੀਅ ਕਰਦਾ ਏ।

ਧਾਹਾਂ ਮਾਰ ਕੇ ਰੋਣ ਨੂੰ ਜੀਅ ਕਰਦਾ ਏ।

ਈਦ ਆਈ ਏ ਮਾਂ ਦੇ ਮੋਇਆਂ ਮਗਰੋਂ,

ਆਪਾ ਕੋਹਣ ਨੂੰ ਜੀਅ ਕਰਦਾ ਏ।

ਪਰਵੀਨ ਤਾਹਿਰ - ਨਜ਼ਮ

ਡਾ: ਕੌਸਰ ਮੁਹੰਮਦ ਸਾਹਿਬ ਨੇ ਇਹ ਨਜ਼ਮ ਪਾਕਿਸਤਾਨ ਤੋਂ ਭੇਜੀ।
ਸੂਰਜਮੁਖੀ
ਨਜ਼ਮ

ਤੂੰ ਨੈਣਾਂ ਵਿੱਚ ਠਿੱਲ੍ਹਣ ਵਾਲ਼ਾ, ਮਨ ਦਾ ਮੋਤੀ ਪਾਇਆ ਨਾ।
ਤੂੰ ਸੈਂ ਤਾਰੂ ਨਦੀਆਂ ਦਾ, ਸੋ ਭੇਦ ਸਮੁੰਦਰ ਪਾਇਆ ਨਾ।
ਤੇਰੀਆਂ ਕਿਰਨਾਂ ਦੀ ਸਾਂ ਭੁੱਖੀ, ਮੈਂ ਇੱਕ ਸੂਰਜ ਮੁੱਖੀ,
ਇਹ ਹੁਣ ਤੇਰੇ ਲੇਖ ਕਿ ਤੈਨੂੰ ਸੂਰਜ ਬਣਨਾ ਆਇਆ ਨਾ।

ਤਨਦੀਪ 'ਤਮੰਨਾ' - ਨਜ਼ਮ

ਚੇਤਿਆਂ ਦੇ ਜੁਗਨੂੰ
ਨਜ਼ਮ
ਚੱਲਿਆ ਤੂੰ ਵੀ ਸੈਂ
ਤੇ ਮੈਂ ਵੀ।
ਜੁਗਨੂੰਆਂ ਦੀ ਤਲਾਸ਼ ‘ਚ-
ਨੰਗੇ ਪੈਰੀਂ
ਘਣੇ ਹਨੇਰੇ ਜੰਗਲ਼ਾਂ ਵੱਲ।
ਮੇਰੇ ਲਹੂ-ਲੁਹਾਨ ਹੋਏ ਪੈਰ
ਮਖਮਲੀ ਘਾਹ ਤੇ ਟਿਕਾ
ਤੂੰ ਚੁਗ ਦਿੱਤੇ
ਕੰਡੇ, ਸੂਲ਼ਾਂ ਤੇ ਭੱਖੜੇ।
ਮੇਰੇ ਹੋਠਾਂ ‘ਤੇ ਚੀਸਾਂ ਸਨ-
ਤੇ ਤੇਰੇ ਅੱਖਾਂ ਦੀਆਂ ਪੁਤਲੀਆਂ ‘ਚ
ਅਣਕਿਆਸੇ ਦਰਦ ਦਾ
ਸਮੁੰਦਰ ਸੀ ਠਾਠਾਂ ਮਾਰਦਾ।
ਮੈਂ ਸੁੰਗੜਦੀ, ਸਿਮਟਦੀ
ਸ਼ਰਮਾਉਂਦੀ ਨੇ
ਤੇਰੇ ਦਿਲ ਦੇ ਅੱਲੇ ਜ਼ਖ਼ਮਾਂ ‘ਤੇ
ਰੱਖ ਦਿੱਤੇ ਕੰਬਦੇ, ਠਰਦੇ ਹੋਂਠ।
ਚੀਸ ਤੇਰੇ ਮੂੰਹੋਂ ਨਿੱਕਲ
ਖ਼ੁਸ਼ਬੂ ਬਣ ਹਵਾ ਹੋ ਗਈ।
“..ਆਰਾਮ ਆਇਐ ?”
“…ਹਾਂ !!” ਸੁਣ
ਸਹਿਮੀ ਜਿਹੀ ਮੁਸਕਾਨ ਫ਼ੈਲੀ
ਮਸਤ ਭੋਲ਼ੇ ਚਿਹਰਿਆਂ ‘ਤੇ।
ਤਿਤਲੀਆਂ ਵਰਗੇ
ਸ਼ੋਖ਼ ਰੰਗ ਖਿੜਨ ਲੱਗੇ।
ਤੂੰ ਕਿਹਾ:
“…ਤੂੰ ਨਦੀ ਏਂ..ਮੈਂ ਦਰਿਆ…
ਮੇਰੇ ਨਾਲ਼ ਰਲ਼ ਕੇ ਜੁਗਨੂੰ ਲੱਭੇਂਗੀ ?”
ਹਲਕੀ ਪਿਆਜ਼ੀ ਰੰਗੀ
ਚੁੰਨੀ ਦਾ ਲੜ
ਉਂਗਲ਼ੀ ‘ਤੇ ਲਪੇਟਦਿਆਂ
ਮੈਂ ਕਿਹਾ:
“…ਮ੍ਰਿਗਤ੍ਰਿਸ਼ਨਾ ਤੋਂ ਡਰਦੀ ਹਾਂ…
ਕਿਤੇ ਰੇਗਿਸਤਾਨ ਤਾਂ ਨਹੀਂ ਲੈ ਜਾਏਂਗਾ ?”
“… ਜਮਾਂ ਈ ਕਮਲ਼ੀ ਐਂ …!!”
ਤੇਰੇ ਮੂੰਹੋਂ ਨਿੱਕਲੇ ਸ਼ਬਦ
ਹਾਸਿਆਂ ਸੰਗ ਰਲ਼-
ਜੰਗਲ਼ ਦੀ ਹਰਿਆਲੀ ਹੋ ਗਏ।
ਹੁਣ ਆਪਾਂ
ਹਰ ਰਾਤ ਜੁਗਨੂੰ ਫੜਦੇ ਆਂ…
ਨੇਰ੍ਹੇ ਦੀ ਫ਼ੁਲਕਾਰੀ ‘ਤੇ ਸਜਾਅ…
ਇੱਕ-ਦੂਜੇ ਦੀਆਂ ਅੱਖਾਂ ‘ਚ
ਜਗਦੀਆਂ ਮਸ਼ਾਲਾਂ ਚੁੰਮ
ਸੂਰਜ ਦੀ ਪਹਿਲੀ ਕਿਰਨ ਤੋਂ ਪਹਿਲਾਂ
ਜੁਗਨੂੰਆਂ ਨੂੰ ਛੱਡ ਦਿੰਨੇ ਆਂ
ਤੇ ਤੂੰ ਡੀਕ ਲੈਂਦਾ ਏਂ
ਇੱਕੇ ਸਾਹ-
ਮੇਰੀਆਂ ਪਲਕਾਂ ਤੇ ਬੋਚੇ-
ਮੋਤੀਆਂ ਵਰਗੇ ਸੁੱਚੇ
ਪਾਰਦਰਸ਼ੀ
ਸ਼ਬਨਮ ਦੇ ਕਤਰੇ।

ਇਸ਼ਕ ਲਹਰ - ਸੂਫ਼ੀਆਨਾ ਕਲਾਮ

ਜੀਮ ਜਾਣ ਦੇ ਚਰਖੇ ਨੂੰ ਮੂਰਖਾ ਓਏ,
ਲੈ ਚਲਾਵਤ ਕੋਈ ਫ਼ਤੂਰ ਹੋਵੇ।
ਲੈ ਲੈ ਰੂਈ ਪਿਆਰ ਦੇ ਨਾਮ ਵਾਲ਼ੀ,
ਵੱਟ ਪੂਣੀਆਂ ਰਾਜ਼ੀ ਗ਼ਫ਼ੂਰ ਹੋਵੇ।
ਤੱਕਲਾ ਸਿਦਕ, ਯਕੀਨ ਦਾ ਮਾਹਲ ਪਾ ਕੇ,
ਮਨ ਕਾ ਪਾ ਮਣਕਾ, ਜੇ ਸ਼ਊਰ ਹੋਵੇ।
'ਇਸ਼ਕ ਲਹਰ' ਤੂੰ ਕੱਤਦਾ ਰਹੁ ਹਰ ਦਮ,
ਖ਼ੌਰੇ ਕਿਹੜੀ ਤੰਦ ਮਨਜ਼ੂਰ ਹੋਵੇ।

ਡਾ: ਕੌਸਰ ਮਹਿਮੂਦ - ਨਜ਼ਮ

ਡਾ: ਕੌਸਰ ਮਹਿਮੂਦ ਜੀ ਦਾ ਸ਼ੁਕਰੀਆ। ਉਹਨਾਂ ਨੇ ਮੈਨੂੰ ਰਾਤੀਂ ਇਹ ਖ਼ੂਬਸੂਰਤ ਰਚਨਾ ਪਾਕਿਸਤਾਨ ਤੋਂ ਫ਼ੋਨ ਤੇ ਲਿਖਵਾਈ।

ਨਜ਼ਮ

ਇਹ ਧਰਤੀ ਫੁੱਲ ਗੁਲਾਬ ਸਈਓ।

ਇਹ ਨਾਨਕ ਦਾ ਪੰਜਾਬ ਸਈਓ।

ਇਹ ਸਾਡਾ ਮੱਠ, ਗ੍ਰੰਥ, ਵਿਹਾਰ ਏਹੋ

ਸਾਡਾ ਕਾਬਾ, ਹਰਿਦਵਾਰ ਏਹੋ

ਸਾਡਾ ਬਦਰੀ ਨਾਥ, ਕੇਦਾਰ ਏਹੋ

ਸਾਡਾ ਜਿਉਂਣਾ-ਮਰਨਾ ਯਾਰ ਏਹੋ

ਅਸਾਂ ਏਥੇ ਈ ਮੱਥਾ ਟੇਕਣਾ,

ਸਤਿਗੁਰੂਆਂ ਦਾ ਦਰਬਾਰ ਏਹੋ

ਇਹਦੇ ਸਤਲੁਜ, ਜੇਹਲਮ, ਬਿਆਸ ਵਿਸ਼ਾਲ

ਇਹਦੇ ਭਰਵੇਂ ਰਾਵੀ, ਚਨਾਬ ਸਈਓ।

ਇਹ ਧਰਤੀ ਫੁੱਲ ਗੁਲਾਬ ਸਈਓ।

ਇਹ ਨਾਨਕ ਦਾ ਪੰਜਾਬ ਸਈਓ।

ਇਹਦਾ ਲਾੜਾ ਬੁੱਲ੍ਹੇ ਸ਼ਾਹ ਥਿਆ**

ਸ਼ਾਹਬਾਲਾ* ਸ਼ਾਹ ਹੁਸੈਨ ਜਿਹਾ

ਇਹਦੇ ਦਰਦ ਸਹੇੜੇ ਬਾਹੂ ਨੇ,

ਇਹਦਾ ਦਰਦੀ ਗ਼ੁਲਾਮ ਫ਼ਰੀਦ ਥਿਆ**

ਇਹਨੂੰ ਲਾਇਆ ਰੰਗ ਮੁਹੰਮਦ ਬਖ਼ਸ਼

ਇਹਨੂੰ ਜੰਨਤ ਵਾਰਿਸ਼ ਸਾਹ ਕਿਹਾ

ਇਹਦਾ ਸੇਵਕ ਕੌਸਰ ਉਮਰਾਂ ਦਾ

ਇਹਦਾ ਤੱਕਿਆ ਫ਼ਰੀਦ ਨੇ ਖ਼ਾਬ ਸਈਓ।

ਇਹ ਧਰਤੀ ਫੁੱਲ ਗੁਲਾਬ ਸਈਓ।

ਇਹ ਨਾਨਕ ਦਾ ਪੰਜਾਬ ਸਈਓ।

* ਸਰਵਾਲਾ( ਲਾੜੇ ਦਾ ਸਾਥੀ), ** ਬਣਿਆ,

Edited

To be posted soon

ਗੁਰਦਰਸ਼ਨ 'ਬਾਦਲ', ਗ਼ਜ਼ਲ

ਗ਼ਜ਼ਲ

ਹਰ ਵੇਲ਼ੇ ਹੀ ਚਾਹੇ ਦੁਖੜੇ ਸਹਿੰਦਾ ਸੀ।
ਤਾਂ ਵੀ ਬਾਪੂ ਖੇੜੇ ਦੇ ਵਿਚ ਰਹਿੰਦਾ ਸੀ।
ਸਾਰੀ ਸੱਥ ਦੇ ਤੁਰਲੇ ਨੀਵੇਂ ਹੋ ਜਾਂਦੇ,
ਭੁੱਲ-ਭੁਲੇਖੇ ਜਦ ਵੀ ਜਾ ਕੇ ਬਹਿੰਦਾ ਸੀ।
ਥੱਕਿਆ-ਟੁੱਟਿਆ ਮੁੜਦਾ ਸੀ ਉਹ ਖੇਤਾਂ ‘ਚੋਂ,
ਸੌਂ ਚੁੱਕਦਾ ਸੀ ਜਦ ਨੂੰ ਮੰਜਾ ਡਹਿੰਦਾ ਸੀ।
ਪਲ ਵਿਚ ਦੁੱਧ ਦੇ ਵਾਂਗ ਉਬਾਲ਼ਾ ਖਾ ਜਾਂਦਾ,
ਝੱਗ ਦੇ ਵਾਂਗੂੰ ਉਸਦਾ ਗੁੱਸਾ ਲਹਿੰਦਾ ਸੀ।
ਰੋਜ਼ ਕਨ੍ਹੇੜੇ ਚੁੱਕ ਕੇ ਦਿੰਦਾ ਸੀ ਝੂਟੇ,
ਲੁਕਣ-ਮਚੀਚੀ ਖੇਡੇ, ਲੁਕ-ਲੁਕ ਛਹਿੰਦਾ ਸੀ।
ਮੇਰਿਆ ਦੁੱਖਾਂ ਕਰਕੇ ਬਾਬਲ ਹਾਰ ਗਿਆ,
ਜਿਸ ਤੋਂ ਜੱਗ ਦਾ ਹਰ ਇਕ ਦੁੱਖ ਤ੍ਰਹਿੰਦਾ ਸੀ।
ਹੁਣ ਕਾਹਤੋਂ ਨਈਂ ਕਹਿੰਦਾ ਧੀਏ ! ਮਰ ਜਾਹ ਤੂੰ,
ਬਚਪਨ ਦੇ ਵਿਚ ਮਰਨੀ-ਮਰਨੀ ਕਹਿੰਦਾ ਸੀ।
“ਬਾਦਲ” ਧੀ ਦੇ ਸੰਸੇ ਵਿੱਚ ਗੁਆਚ ਗਿਆ,
ਜਿਹੜਾ ਹਸ-ਹਸ ਨਾਲ਼ ਮੁਸੀਬਤ ਖਹਿੰਦਾ ਸੀ।

ਗੁਰਨਾਮ ਗਿੱਲ - ਗ਼ਜ਼ਲ

ਦੋ ਗ਼ਜ਼ਲਾਂ
ਅੱਥਰੂਆਂ ਤੋਂ ਖ਼ਾਲੀ ਜਾਪਣ, ਹੋਣ ਸਰਾਪੇ ਨੈਣ ਜਿਵੇਂ ।
ਉੱਚੀ ਹਉਕਾ ਭਰਨੋ ਡਰਦੇ, ਗੂੰਗੇ ਹੋ ਗਏ ਵੈਣ ਜਿਵੇਂ!
ਸੂਰਜ ਉੱਗਿਆ ਤੇ ਦਿਨ ਚੜ੍ਹਿਆ, ਰਾਹਾਂ ਵਿੱਚ ਹਨੇਰ ਕਿਉਂ?
ਚਾਨਣ ਦੇ ਵਿਚ ਤੁਰਦਾ ਜਾਵਾਂ, ਅੱਖਾਂ ਵਿੱਚ ਪਰ ਰੈਣ ਜਿਵੇਂ!
ਰੋਜ਼ ਸਵੇਰੇ ਜਦ ਵੀ ਤੱਕਾਂ ਆਪਣਾ ਆਪ ਮੈਂ ਸ਼ੀਸ਼ੇ ਵਿੱਚ,
ਚਿਹਰਾ ਨਕਲੀ, ਅਕਸ ਮੇਰਾ ਤੇ ਸ਼ੀਸ਼ਾ ਮੈਨੂੰ ਕਹਿਣ ਜਿਵੇਂ।
ਬੀਤ ਗਏ ਨੂੰ ਭੁੱਲਣਾ ਚਾਹਵਾਂ, ਯਾਦਾਂ ਦੇ ਪਰਛਾਵੇਂ ਪਰ,
ਨਿਸ ਦਿਨ ਮੇਰੇ ਮਸਤਕ ਅੰਦਰ ਪਹਿਰਾ ਦਿੰਦੇ ਰਹਿਣ ਜਿਵੇਂ।
ਫੁੱਲਾਂ ਵਾਂਗੂ ਹਸਦਿਆਂ ਮੈਂ ਕੰਡੇ ਵੀ ਅਪਣਾ ਲੈਣੇ,
ਵੱਖਰੀ ਗੱਲ, ਮਜਬੂਰੀ ਦੇ ਵਿੱਚ ਕਰਜ਼ੇ ਲੋਕੀ ਲੈਣ ਜਿਵੇਂ।
----------------------------------
ਮਾਰ ਉਡਾਰੀ ਦੂਰ ਉੜ ਗਈ ਪੰਛੀਆਂ ਦੀ ਢਾਣੀ ।
ਚੁੱਪ ਜਿਹੇ ਨੇ ਵਿੱਚ ਉਦਾਸੀ ਹਰ ਪੱਤਾ ਹਰ ਟਾਹਣੀ।
ਜਦ ਵੀ ਪੰਛੀ ਆਲ੍ਹਣਿਆਂ ‘ਚੋਂ ਦੂਰ ਕਿਤੇ ਉੜ ਜਾਂਦੇ,
ਫੇਰ ਹਵਾਵਾਂ ਨੂੰ ਹੀ ਦੱਸਣ ਆਪਣੀ ਦਰਦ ਕਹਾਣੀ !
ਸਾਰੇ ਪੱਤੇ ਝੜ ਜਾਂਦੇ ਜਦ, ਫਿਰ ਬਿਰਖਾਂ ਦੇ ਪੱਲੇ,
ਬੀਤੇ ਦੇ ਸੁਫਨੇ ਰਹਿ ਜਾਵਣ ਬਣ ਇੱਕ ਯਾਦ ਪੁਰਾਣੀ।
ਜਿੱਥੇ ਕੋਈ ਪੁਲ਼ ਨਾ ਹੋਵੇ, ਕਿੱਦਾਂ ਮਿਲਣ ਕਿਨਾਰੇ?
ਝੂਰਦਾ ਹੋਇਆ ਵਗਦਾ ਰਹਿੰਦਾ ਓਸ ਨਦੀ ਦਾ ਪਾਣੀ।
ਰੁੱਖ ਜਾਣੇ-ਪਹਿਚਾਣੇ ਛੱਡ ਪਰਾਏ ਜੰਗਲ ਜਾ ਕੇ,
ਮੁਸ਼ਕਿਲ ਲਗਦਾ ਓਪਰੀਆਂ ਪੌਣਾਂ ਦੇ ਹੋਣਾ ਹਾਣੀ!
ਏਸ ਸਫਰ ਵਿੱਚ ਸਾਨੂੰ ਆਪਣੇ ਵਰਗਾ ਰੁੱਖ ਨਾ ਮਿਲਿਆ,
ਕਿੰਨੇ ਰਾਹਾਂ ਦੀ ਹੁਣ ਤੀਕਰ ਖ਼ਾਕ ਅਸਾਂ ਨੇ ਛਾਣੀ ।
ਪਿੰਜਰੇ ਵਿੱਚ ਵੀ ਕਦਰ ਕੋਈ ਨਾ, ਪੌਣਾਂ ਤੋਂ ਵੀ ਵਿਛੜੇ,
ਉੜ ਨਾ ਹੋਇਆ ਸਣੇ ਪਿੰਜਰੇ, ਕਈ ਵਾਰ ਅਸਾਂ ਹੈ ਠਾਣੀ।

Thursday, October 30, 2008

Edited

To be posted soon

ਮੀਆਂ ਹਦਾਇਤ ਅੱਲਾ

ਸੂਫ਼ੀਆਨਾ ਕਲਾਮ

ਅਲਫ ਅੱਜ ਵੇਲ਼ਾ ਤੇਰੇ ਕੱਤਣੇ ਦਾ,
ਸੂਤਰ ਕੱਤ ਕੁੜੀਏ ਚਰਖਾ ਚਲਦਾ ਈ।
ਬੀੜ, ਚਮੜੀਆਂ ਤੱਕਲਾ ਰਾਸ ਤੇਰਾ,
ਮੁੰਨਾ ਮੂਲ ਨਾਹੀਂ ਕੋਈ ਹਲਦਾ ਈ।
ਤੈਨੂੰ ਪਏ ਲੋਹੜੇ, ਸੜ ਗਏ ਗੋਹੜੇ,
ਵੱਟ ਪੂਣੀਆਂ ਨੀ ਦਿਨ ਢਲਦਾ ਨੀ।
ਗਏ ਵਕਤ ਨੂੰ ਦੇਖ ਹਦਾਇਤ ਅੱਲਾ,
ਮੱਖੀ ਵਾਂਗ ਪਿਆ ਹੱਥ ਮਲਦਾ ਈ।

ਸ਼ਿਵਚਰਨ ਜੱਗੀ ਕੁੱਸਾ - ਨਜ਼ਮ

ਤੂੰ ਦੁਖੀ ਨਾ ਹੋ...!
ਨਜ਼ਮ

ਕੁਝ ਵਸਤੂਆਂ ਐਸੀਆਂ ਵੀ ਹੁੰਦੀਐਂ,
ਜੋ ਖਾਣੀਆਂ ਪੈਂਦੀਐਂ ਰੋਗ ਮਿਟਾਉਣ ਲਈ,
ਜ਼ਿੰਦਗੀ ਇਨਸਾਨ ਨਾਲ਼,
ਹਮੇਸ਼ਾ ਮਜ਼ਾਕ ਕਰਦੀ ਹੈ,
ਪਰ ਜਦੋਂ ਇਨਸਾਨ,
ਜ਼ਿੰਦਗੀ ਨੂੰ ਮਜ਼ਾਕ ਸਮਝਣ ਲੱਗਦਾ ਹੈ,
ਉਹ ਜਾਂ ਤਾਂ ਬਣਦਾ ਹੈ ਸ਼ਹੀਦ,
ਆਪਣੀ ਖ਼ਲਕਤ ਲਈ,
ਅਤੇ ਜਾਂ 'ਦੂਜਿਆਂ' ਦੀਆਂ ਨਜ਼ਰਾਂ ਵਿਚ,
ਗ਼ੱਦਾਰ, ਕਾਫਿ਼ਰ ਹੁੰਦਾ ਹੈ...!
ਹੁਣ ਨਾ ਟੱਲੀਆਂ ਦੀ ਟੁਣਕਾਰ ਸੁਣਦੀ ਹੈ,
ਤੇ ਨਾ ਹੀ ਤੇਸੇ ਦੀ ਰਫ਼ਤਾਰ,
ਨਾ ਕੋਈ ਪੱਟ ਦਾ ਮਾਸ ਖੁਆਉਂਦੈ,
ਨਾ ਵੰਝਲੀ ਸਦਾ ਬਹਾਰ ਸੁਣਦੀ ਹੈ!
ਪਰ ਤੂੰ ਦੁਖੀ ਨਾ ਹੋ 'ਮਨ',
'ਜੀਤ' ਤੇਰੀ ਜ਼ਿੰਦਗੀ ਦੀ ਬੁੱਕਲ਼ ਵਿਚ ਹੈ!
ਤੂੰ ਸੋਚਦੀ ਹੋਵੇਂਗੀ ਕਿ ਮੈਂ ਦੁਖੀ ਹਾਂ?
ਨਹੀਂ, ਕਦਾਚਿੱਤ ਨਹੀਂ,
ਇਹ ਸਿਰਫ਼ ਤੇਰੇ ਮਨ ਦਾ ਭਰਮ ਹੈ,
ਤੇਰੇ ਦਿਲ ਨੂੰ ਚਿੰਬੜਿਆ ਇਕ ਵਹਿਮ ਹੈ,
ਪਰ ਇਹ ਤੇਰਾ ਮੇਰੇ 'ਤੇ ਰਹਿਮ ਹੈ!
ਤੂੰ ਸੌਣ ਨਾ ਦਿੰਦੀ ਰਾਤਾਂ ਨੂੰ,
ਸੁਪਨੇ ਵਿਚ ਦਿਲ ਬਹਿਲਾਉਨੀ ਏਂ...
ਦੱਸ ਜੀਣ ਦਾ ਮਕਸਦ ਦੱਸਦੀ ਏਂ,
ਜਾਂ 'ਉਪਰ' ਦੀ ਦੱਸ ਪਾਉਨੀ ਏਂ..?
ਮੇਰੇ ਵਰਗਾ ਸੁਖੀ ਇਨਸਾਨ ਤੈਨੂੰ,
ਸਾਰੀ ਜ਼ਿੰਦਗੀ ਨਹੀਂ ਲੱਭਣਾ!
ਜਿਸ ਦਾ ਜੁਗਾਂ ਜੁਗਾਂਤਰਾਂ ਪੁਰਾਣੀ,
ਅਤੇ ਮੂਰਛਤ ਹੋਈ ਇਬਾਦਤ,
ਸੁਰਜੀਤ ਹੋ, ਅਚਾਨਕ ਬੁੱਕਲ਼ ਵਿਚ ਆ ਡਿੱਗੇ,
ਉਸ ਵਰਗਾ ਸੁਖੀ ਜਾਂ ਕਿਸਮਤ ਵਾਲ਼ਾ
ਹੋਰ ਕੌਣ ਹੋ ਸਕਦੈ ਕਮਲ਼ੀਏ!
ਤੇਰੀ ਸੇਵਾ ਕਰਨ ਦੀ ਤਮੰਨਾ,
ਮੇਰੀ ਸਮਝ ਵਿਚ ਆਉਂਦੀ ਹੈ!
ਪਰ ਮੈਂ ਤਾਂ ਤੇਰੀ ਸੇਵਾ ਨਾਲ਼
ਨੱਕੋ ਨੱਕ ਭਰਪੂਰ ਹਾਂ,
ਤੇ ਤੇਰਾ ਵਾਲ਼ ਵਾਲ਼ ਰਿਣੀ ਹਾਂ!
ਬ੍ਰਿਹਾ ਰਾਤ ਦੀ ਸੁੰਨੀ ਬੁੱਕਲ਼ ਵਿਚ,
ਕਿੰਨੇ ਸਾਲਾਂ ਬਾਅਦ ਰੌਣਕ ਹੋਈ,
ਤੂੰ ਕੁਝ ਹੱਸੀ ਤੇ ਕੁਝ ਰੋਈ!
ਕੁਝ ਕਿਹਾ ਅਤੇ ਕੁਝ ਸੁਣਿਆ,
ਕੁਝ ਗੁੰਦਿਆ ਤੇ ਕੁਝ ਬੁਣਿਆ!
ਜ਼ਿੰਦਗੀ ਦੀਆਂ ਪਰਤਾਂ 'ਤੇ ਜੰਮੀ,
ਜੰਗਾਲ ਲਾਹੀ, ਮਨ ਤੋਂ ਹਮਦਰਦੀ ਦੀ ਫ਼ੂਕ ਮਾਰ,
ਵਿਛੋੜਿਆਂ ਦੀ ਧੂੜ ਉਡਾਈ,
ਤੇਰੇ ਹਨ੍ਹੋਰੇ ਸੁਣੇ, ਸਿ਼ਕਵੇ ਮਹਿਸੂਸ ਕੀਤੇ,
ਹਾਉਕੇ ਕੰਨਾਂ ਕੋਲ਼ ਸਿਸਕਦੇ ਰਹੇ,
ਹੰਝੂ ਵੀ ਤੱਕੇ ਅਤੇ ਖੇੜਾ ਵੀ ਦਿਸਿਆ,
ਤੇਰੀਆਂ ਬਲਾਉਰੀ ਅੱਖੀਆਂ ਵਿਚ,
ਕਿੰਨੇ ਸਾਲਾਂ ਬਾਅਦ ਆਪਾਂ,
ਇਕ ਦੂਜੇ ਨੂੰ ਸਵਰਗ ਵਾਂਗ ਹੀ ਤਾਂ ਮਿਲ਼ੇ ਸਾਂ!
ਮੈਨੂੰ ਯਾਦ ਹੈ,
ਆਪਣੀ ਪਹਿਲੀ ਅਤੇ ਪਿਛਲੀ ਮਿਲਣੀ ਵੀ!
ਪਰ ਫ਼ਰਕ ਸਿਰਫ਼ ਇਤਨਾ ਸੀ,
ਕਿ ਉਸ ਦਿਨ ਆਪਾਂ ਇਕ ਦੂਜੇ ਦੇ ਹੁੰਦੇ ਹੋਏ ਵੀ,
ਇਕ ਦੂਜੇ ਲਈ "ਬਿਗਾਨੀ ਅਮਾਨਤ" ਸਾਂ!
ਤੂੰ ਅਪਣੱਤ ਦੀ ਗਲਵਕੜੀ ਪਾ
ਮੇਰੀ ਜੁੱਗੜਿਆਂ ਦੀ ਪੀੜ ਚੂਸ ਲਈ!
ਲੱਭਦਾ ਲੱਭਦਾ ਥੱਕ ਕੇ ਚਕਨਾਚੂਰ ਹੋ ਗਿਆ ਸੀ,
ਤੇ ਸੁੱਟ ਗਿਆ ਸੀ ਜ਼ਿੰਦਗੀ ਦੇ ਹਥਿਆਰ!
ਪਰ ਕਿਸੇ ਰੱਬੀ ਰੂਹ ਦੀ ਰਹਿਮਤ ਨਾਲ਼,
ਆਪਣੇ ਮੇਲ ਹੋਏ,
ਰੱਬ ਕਿਸੇ ਨੇ ਅੱਖੀਂ ਨਹੀਂ ਤੱਕਿਆ,
ਰੱਬ ਬੰਦਿਆਂ ਵਿਚ ਦੀ ਹੀ ਬਹੁੜਦੈ ਕਮਲ਼ੀਏ!
ਤੇਰੇ ਗੁੱਸੇ ਗਿ਼ਲੇ ਸਿਰ ਮੱਥੇ,
ਪਰ ਤੂੰ ਮਨ 'ਤੇ ਬਹੁਤਾ ਝੋਰਾ ਨਾ ਲਾਇਆ ਕਰ,
ਕਿਉਂਕਿ ਗੁਲਾਬ ਹਮੇਸ਼ਾ ਕੰਡਿਆਂ 'ਤੇ ਝੂਲਦੈ!
ਦੇਖ ਲੈ, ਉਹ ਵੀ ਨੇ, ਜੋ ਮੈਨੂੰ ਦੇਖ ਕੇ,
ਅੱਖਾਂ ਮੀਟ ਗਏ ਕਬੂਤਰ ਵਾਂਗ,
ਤੇ ਕੀਤਾ ਨਹੀਂ ਮੂੰਹ ਮੇਰੇ ਵੱਲ,
ਲੱਖ ਅਵਾਜ਼ਾਂ ਮਾਰਨ 'ਤੇ ਵੀ!
ਭੈੜ੍ਹੀ ਦੁਨੀਆਂ ਐਨੀ ਜਲਦੀ ਬੇਮੁੱਖ ਹੋ ਜਾਂਦੀ ਹੈ?
ਮੈਂ ਕਦੇ ਖ਼ਾਬ ਵਿਚ ਨਹੀਂ ਸੀ ਸੋਚਿਆ!
ਖ਼ੈਰ, ਤੂੰ ਕੋਈ ਗੱਲ ਦਿਲ 'ਤੇ ਨਾ ਲਾਇਆ ਕਰ,
ਹਾਸੇ ਅਤੇ ਹਾਦਸੇ ਦਾ ਨਾਂ ਹੀ ਜ਼ਿੰਦਗੀ ਹੈ!
ਲੋਕਾਂ ਨਾਲ਼ ਘਟਨਾਵਾਂ ਵਾਪਰਦੀਐਂ,
ਪਰ ਮੇਰੇ ਨਾਲ਼ ਤਾਂ ਹਾਦਸੇ ਵਾਪਰੇ ਹੋਏ ਨੇ ਕਮਲ਼ੀਏ!
ਤੇਰੇ ਸਾਹਮਣੇ ਹੀ ਤਾਂ ਕਿੱਡਾ ਹਾਦਸਾ ਵਾਪਰਿਆ,
ਕੋਈ ਕਿਸੇ ਮਰਦੇ 'ਆਪਣੇ' ਨੂੰ,
ਸਿਰਫ਼ ਮੂੰਹ 'ਚ ਪਾਣੀ ਪਾਉਣ ਤੋਂ ਬਚਣ ਲਈ,
ਪਹਿਚਾਨਣ ਤੋਂ ਹੀ ਇਨਕਾਰੀ ਹੋ ਜਾਂਦੈ,
ਇਸ ਨੂੰ ਮੈਂ ਘਟਨਾ ਨਹੀਂ, ਹਾਦਸਾ ਹੀ ਆਖਾਂਗਾ!
ਪਰ ਤੂੰ ਝੋਰਾ ਨਾ ਕਰ,
ਰਾਤ ਨੂੰ ਪੁੱਠੀ ਸੁੱਟ, ਸੂਰਜ ਚੜ੍ਹ ਚੁੱਕਿਐ,
ਤੇ ਮੇਰੇ ਮਨ ਮਸਤਕ ਅੰਦਰ,
ਤੇਰੇ ਮੁੱਖ ਦਾ ਉਜਾਲਾ ਹੀ ਉਜਾਲਾ ਹੈ,
ਅਤੇ ਦਿਲ ਅੰਦਰ ਦੁਮੇਲ ਦੀ ਲਾਲੀ,
ਕੀ ਇਸ ਦੀ ਤੈਨੂੰ ਕੋਈ ਖ਼ੁਸ਼ੀ ਨਹੀਂ?
ਤੇਸਾ ਹੱਥ ਫੜ ਕੇ ਪਹਾੜ ਚੀਰਨ,
ਕੰਨੀਂ ਮੁੰਦਰਾਂ ਪੁਆਉਣ, ਪੱਟ ਦਾ ਮਾਸ ਖੁਆਉਣ,
ਪੁੱਠੀ ਖੱਲ ਲੁਹਾਉਣ,
ਖੂਹ ਗੇੜਨ ਅਤੇ ਮੰਗੂ ਚਾਰਨ ਵਾਲਿ਼ਆਂ ਦੀਆਂ,
ਜ਼ਾਤਾਂ ਹੀ ਵੱਖਰੀਆਂ ਹੁੰਦੀਐਂ ਕਮਲ਼ੀਏ!
ਤੂੰ ਮੇਰਾ ਫਿ਼ਕਰ ਛੱਡ,
ਤੈਨੂੰ ਮੇਰੀ ਸਹੁੰ ਲੱਗੇ,
ਬੱਸ ਤੂੰ ਦੁਖੀ ਨਾ ਹੋ...!

ਹਰਮਿੰਦਰ ਬਣਵੈਤ - ਗ਼ਜ਼ਲ

ਵੇਖਦੇ ਹਾਂ.....
ਗ਼ਜ਼ਲ

ਆੳ ਥੋੜਾ ਮੁਸਕਰਾ ਕੇ ਵੇਖਦੇ ਹਾਂ
ਹੌਕਿਆਂ ਤੋਂ ਪਰ੍ਹਾਂ ਜਾ ਕੇ ਵੇਖਦੇ ਹਾਂ ।
ਨੀਵੀਂ ਪਾ ਕੇ ਜੀ ਲਿਆ ਹੈ ਬਹੁਤ ਚਿਰ
ਧੋਣ ਕੁੱਝ ਉੱਚੀ ਉਠਾ ਕੇ ਵੇਖਦੇ ਹਾਂ ।
ਮੇਰੇ ਪਿੱਛੇ ਵੀ ਕੋਈ ਤੁਰਿਐ ਕਿ ਨਹੀਂ
ਪਿਛਾਂਹ ਵਲ ਗਰਦਨ ਭੁਆ ਕੇ ਵੇਖਦੇ ਹਾਂ ।
ਗਾ ਲਏ ਨੇ ਆਪਣੇ ਸੋਹਲੇ ਬੜੇ
ਦੂਜਿਆਂ ਵਿਚ ਸੁਰ ਮਿਲਾ ਕੇ ਵੇਖਦੇ ਹਾਂ ।
ਵੱਖਰੇ ਰਹਿ ਕੇ ਬਹੁਤੇਰਾ ਜੀ ਲਿਆ
ਵਿਚਕਾਰਲੀ ਦੀਵਾਰ ਢਾ ਕੇ ਵੇਖਦੇ ਹਾਂ ।
ਅੱਖ ਉਨ੍ਹਾਂ ਦੀ ਵੀ ਨਮ ਹੋਵੇ ਜਾਂ ਨਾਂ
ਉਸਨੂੰ ਅਪਣਾ ਗ਼ਮ ਸੁਣਾ ਕੇ ਵੇਖਦੇ ਹਾਂ।
ਕਹਿ ਸਕਾਂਗਾ ਉਨ੍ਹਾਂ ਨੂੰ ਦਿਲ ਦੀ ਕਿ ਨਹੀਂ
ਜਾਮ ਹੱਥ ਵਿਚਲਾ ਮੁਕਾ ਕੇ ਵੇਖਦੇ ਹਾਂ ।
ਮੇਰੇ ਪਿੱਛੋਂ ੳਥੇ ਰੌਣਕ ਹੈ ਕਿ ਨਹੀਂ
ਫੇਰ ਅਪਣੇ ਸ਼ਹਿਰ ਜਾ ਕੇ ਵੇਖਦੇ ਹਾਂ ।
ਸੁਣਦੇ ਹਾਂ ਉਹ ਗੁਜ਼ਰੇ ਸਨ ਇਸ ਰਾਹ ਤੋਂ
ਧੂੜ ਮੱਥੇ ਨੂੰ ਲਗਾ ਕੇ ਵੇਖਦੇ ਹਾਂ ।
ਰੁੱਸ ਕੇ ਬੈਠੇ ਨੇ ਜਿਹੜੇ ਚਿਰਾਂ ਤੋਂ
ਫਿਰ ਉਸ ਨੂੰ ਘਰ ਬੁਲਾ ਕੇ ਵੇਖਦੇ ਹਾਂ ।
ਅੱਕ ਗਏ ਹਾਂ ਕੰਢਿਆਂ ‘ਤੇ ਬੈਠ ਕੇ
ਵਹਿਣ ਵਿਚ ਡੁਬਕੀ ਲਗਾ ਕੇ ਵੇਖਦੇ ਹਾਂ ।
ਆਪੇ ਨੂੰ ਬੈਠੇ ਰਹੇ ਹਾਂ ਸਾਂਭ ਕੇ
ਹੁਣ ਜ਼ਰਾ ਆਪਾ ਗਵਾ ਕੇ ਵੇਖਦੇ ਹਾਂ ।
ਤਿਨਕਿਆਂ ਵਾਂਗੂ ਹੀ ਹਾਂ ਉੜਦੇ ਰਹੇ
ਪੈਰ ਧਰਤੀ ‘ਤੇ ਜਮਾ ਕੇ ਵੇਖਦੇ ਹਾਂ ।
ਮੈਨੂੰ ਵੀ ਨੱਚ ਕੇ ਮਨਾਉਂਦੇ ਨੇ ਕਿ ਨਹੀਂ
ਯਾਰ ਹੱਥ ਝਾਂਜਰ ਥਮਾ ਕੇ ਵੇਖਦੇ ਹਾਂ[

ਪ੍ਰਿੰ: ਤਖ਼ਤ ਸਿੰਘ – ਸ਼ਿਅਰ

ਦੋ ਸ਼ਿਅਰ

ਰੰਗ ਬਣਜਾਂ, ਫੁੱਲ ਬਣਜਾਂ, ਜਾਂ ਬਣਾ ਮਹਿਕਦੀ ਹਵਾ,

ਆਂਵਦਾ ਹੈ ਦਿਲ ਚ ਅਕਸਰ ਤਿਤਲੀਆਂ ਨੂੰ ਵੇਖ ਕੇ।

-----------------------------------------

ਚੰਦ ਚੜ੍ਹੇ ਸਨ ਸ਼ਾਇਦ ਉਸਦੇ ਨੈਣਾਂ ਵਿਚ

ਮਨ ਦਾ ਸਾਗਰ ਝਿਲਮਿਲ ਝਿਲਮਿਲ ਕਰਦਾ ਸੀ।

------------------------------------------

ਡਾ: ਰਣਧੀਰ ਸਿੰਘ ਚੰਦ– ਸ਼ਿਅਰ

ਦੋ ਸ਼ਿਅਰ

ਦੇਖਣੈ ਮੈਨੂੰ ਤਾਂ ਮੇਰੇ ਯਾਰ ਦੇ ਨੈਣਾਂ ਚ ਦੇਖ,

ਝੀਲ ਅੰਦਰ ਚੰਦ ਦਾ ਸਾਇਆ ਜ਼ਰਾ ਬਿਹਤਰ ਦਿਸੇ।

----------------------------------------

ਦੇਖ ਲੈ ਕੀਕਰ ਲਕੀਰਾਂ ਉਲ਼ਝੀਆਂ ਹੱਥਾਂ ਦੀਆਂ,

ਹਾਦਸੇ ਤੇ ਹਾਦਸਾ ਆਪਣਾ ਮੁਕੱਰਰ ਹੋ ਗਿਆ।

---------------------------------------

ਤਨਵੀਰ ਬੁਖ਼ਾਰੀ – ਸ਼ਿਅਰ

ਦੋ ਸ਼ਿਅਰ

ਮਰ ਗਿਆ 'ਤਨਵੀਰ' ਹੋਈ ਨਾ ਕਿਸੇ ਨੂੰ ਵੀ ਖ਼ਬਰ,

ਨਾਲ਼ ਦੇ ਕਮਰੇ ਚ ਓਵੇਂ ਰੇਡਿਓ ਵੱਜਦਾ ਰਿਹਾ।

---------------------------------------

ਸੋਚਨਾਂ ਵਾਂ ਜ਼ਿੰਦਗੀ ਏ ਜਾਂ ਕਿਰਾਏ ਦਾ ਮਕਾਨ,

ਜਿਹੜੇ ਵੇਲ਼ੇ ਜੀ ਕਰੇ ਮਾਲਿਕ ਕਹੇ ਜਾ ਨਿਕਲ਼ ਜਾ।

---------------------------------------

Wednesday, October 29, 2008

ਅਜਾਇਬ ਚਿਤ੍ਰਕਾਰ - ਸ਼ਿਅਰ

ਦੋ ਸ਼ਿਅਰ
ਚਾਹੁੰਦੇ ਹੋ ਮੇਰੇ ਦੁਖ ਸੁਖ ਇਕ ਨਜ਼ਰ ‘ਚ ਵੇਖਣਾ
ਜ਼ਿੰਦਗੀ ਹੈ ਮੇਰੇ ਯਾਰੋ ਇਹ ਕੋਈ ਐਲਬਮ ਨਹੀਂ।
--------------------------------------
ਜ਼ਿੰਦਗੀ ਸੰਗਰਾਮ ਹੈ ਮਜਬੂਰੀਆਂ ਨੇ ਪੈਰ ਪੈਰ
ਪਰ ਅਖੀਰੀ ਜਿੱਤ ਲਈ ਪੈਂਦੀ ਏ ਕੁੱਝ ਹਾਰਾਂ ਦੀ ਲੋੜ।
---------------------------------------

ਸ਼ਾਹ ਹੁਸੈਨ

ਸੂਫ਼ੀਆਨਾ ਕਲਾਮ

ਮੇਰੇ ਸਾਹਿਬਾ ਮੈਂ ਤੇਰੀ ਹੋ ਮੁੱਕੀ ਆਂ।

ਮਨਹੁੰ ਨਾ ਵਿਸਾਰੀ ਤੂੰ ਮੇਰੇ ਸਾਹਿਬਾ,

ਹਰਿ ਗੱਲੋਂ ਮੈਂ ਚੁੱਕੀ ਆਂ।

ਅਉਗੁਣਿਆਰੀ ਨੂੰ ਕੋ ਗੁਣ ਨਾਹੀਂ,

ਬਖਸ਼ਿ ਕਰੈਂ ਮੈਂ ਛੁੱਟੀ ਆਂ।

ਜਿਉਂ ਭਾਵੈ ਤਿਉਂ ਰਾਖ ਪਿਆਰਿਆ,

ਦਾਵਣਿ ਤੇਰੇ ਮੈਂ ਲੁੱਕੀ ਆਂ।

ਜੇ ਤੂੰ ਨਜ਼ਰ ਮਿਹਰ ਦੀ ਭਾਲੇਂ

ਚੜ੍ਹਿ ਚਉਬਾਰੇ ਮੈਂ ਸੁੱਤੀ ਆਂ।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਦਰ ਤੇਰੇ ਦੀ ਮੈਂ ਕੁੱਤੀ ਆਂ।

ਅਜ਼ੀਮ ਸ਼ੇਖਰ - ਗੀਤ

ਗੀਤ

ਸੂਰਜ ਨੇ ਕਦੇ ਵੀ ਢਲਣਾ ਨਹੀਂ, ਏਹ ਵਹਿਮ ਅਸਾਡੇ ਦਿਲ ਦਾ ਸੀ,
ਏਹ ਵੀ ਸੱਚ ਹੈ ਧੁੱਪਾਂ ਸਦਕਾ, ਆਪਣਾ ਪਰਛਾਵਾਂ ਮਿਲਦਾ ਸੀ,
ਨਾ ਰੁੱਖ ਸਿੰਜੇ ਨਾ ਪਿਆਸ ਬੁਝੀ, ਸਾਗਰ ਦੇ ਪਾਣੀ ਖ਼ਾਰੇ ਤੋਂ,
ਚੰਨ ਲਈ ਅਲਵਿਦਾ ਕੌਣ ਸੁਣੇ, ਅੰਬਰ 'ਚੋਂ ਟੁੱਟਦੇ ਤਾਰੇ ਤੋਂ----।

ਜੇਹੜੇ ਦਿਲ ਰੰਗ ਪਸੰਦ ਕਰੇ, ਨਾ ਰਾਤ ਜਿੰਨਾ ਚਿਰ ਕਟਦੇ ਨੇ,
ਲੋਕਾਂ ਨੂੰ ਅੰਮ੍ਰਿਤ ਨਈਂ ਲੱਭਦਾ, ਤਲੀਏ ਧਰ ਮਹੁਰਾ ਚਟਦੇ ਨੇ,
ਪੱਥਰਾਂ 'ਤੋਂ ਸਿੱਖਣ ਬੁੱਤ ਹੋਣਾ, ਕੰਬਣਾ ਸਿੱਖਦੇ ਨੇ ਪਾਰੇ ਤੋਂ,
ਚੰਨ ਲਈ ਅਲਵਿਦਾ ਕੌਣ ਸੁਣੇ------------------।

ਸੁਰਮੇਦਾਨੀ, ਇੱਕ ਸ਼ੀਸ਼ਾ ਹੈ, ਜਾਂ ਤਸਵੀਰਾਂ ਦੀਵਾਰਾਂ 'ਤੇ,
ਕਾਗ਼ਜ਼ ਦਾ ਟਿਕੇ ਮਿਆਨ ਕਿਵੇਂ, ਜ਼ਾਲਿਮ ਕਮ-ਦਿਲ ਤਲਵਾਰਾਂ 'ਤੇ,
ਅੱਖਰਾਂ ਦੇ ਪਿਆਸੇ ਹਿਰਨ ਮਰੇ, ਖ਼ੰਡਰ ਵਰਗੀ ਚੁੱਪ ਧਾਰੀ ਤੋਂ,
ਚੰਨ ਲਈ ਅਲਵਿਦਾ ਕੌਣ ਸੁਣੇ------------------।

ਭੱਠੀ ਵਿੱਚ ਭੁੱਜਦੇ ਦਾਣੇ ਲਈ, ਕਦ ਅੱਗ ਦੁਆਵਾਂ ਕਰਦੀ ਹੈ,
ਪਲ-ਦੋ-ਪਲ ਹੀ ਕੋਈ ਬੱਦਲੀ, ਬਿਰਖ਼ਾਂ ਲਈ ਛਾਵਾਂ ਕਰਦੀ ਹੈ,
ਨੈਣਾਂ ਵਿੱਚ ਸਿਲਤਾਂ ਦਰਦ ਦੀਆਂ, ਬਣ ਗਈਆਂ ਸ਼ੋਖ਼ ਇਸ਼ਾਰੇ ਤੋਂ,
ਚੰਨ ਲਈ ਅਲਵਿਦਾ ਕੌਣ ਸੁਣੇ-------------------।

ਹੈ ਸ਼ੋਰ ਬੜਾ ਹੈ ਭੀੜ ਬੜੀ, ਗੁੰਮਿਆਂ ਨੂੰ ਕਿੱਦਾਂ ਭਾਲੇ ਦਿਲ,
ਚੇਹਰੇ ਤਸਵੀਰਾ ਨਾਲ ਮਿਲਾ, ਇਹ ਵੀ ਨਹੀਂ ਕਹਿ ਕੇ ਟਾਲੇ ਦਿਲ,
ਆਪਣੀ ਆਵਾਜ਼ ਨਾ ਕਦੇ ਮੁੜੀ, ਬਾਜ਼ਾਰਾਂ ਵਿੱਚ ਪੁਕਾਰੇ ਤੋਂ,
ਚੰਨ ਲਈ ਅਲਵਿਦਾ ਕੌਣ ਸੁਣੇ------------------।

ਸਹਿਕਣ ਦਾ ਮਿਲੇ ਸਰਾਪ ਜਿਵੇਂ, ਸਰਦਲ 'ਤੇ ਸਦਾ ਉਡੀਕਾਂ ਨੂੰ,
'ਸ਼ੇਖਰ' ਨਿੱਤ ਡੂੰਘੀਆਂ ਕਰ ਲੈਂਦੈ, ਪੱਥਰ 'ਤੇ ਪਈਆਂ ਲੀਕਾਂ ਨੂੰ,
ਵੇਖੇ ਜੋ ਬਣਦੀ ਰਾਖ਼ ਸਦਾ, ਹੌਲੀ-ਹੌਲੀ ਅੰਗਿਆਰੇ ਤੋਂ,
ਚੰਨ ਲਈ ਅਲਵਿਦਾ ਕੌਣ ਸੁਣੇ, ਅੰਬਰ 'ਚੋਂ ਟੁੱਟਦੇ ਤਾਰੇ ਤੋਂ----

ਤਨਦੀਪ 'ਤਮੰਨਾ' - ਨਜ਼ਮ

ਲੰਡਨ
ਨਜ਼ਮ


ਅਣਜਾਣੇ ਸ਼ਹਿਰ ‘ਚ-
ਬੇਮਕਸਦ ਜਿਹੀ ਘੁੰਮਦੀ ਹਾਂ
ਦਮ ਘੁੱਟਦਾ ਜਾਂਦੈ….
ਕਿਸੇ ਕੋਨੇ ‘ਤੇ
ਘਰ ਦਾ ਸਿਰਨਾਵਾਂ ਨਹੀਂ
ਏਥੇ ਮੋਮਬੱਤੀਆਂ ਵਾਂਗੂੰ
ਪਿਘਲ਼ਦੀਆਂ ਜਾਂਦੀਆਂ ਨੇ
ਸ਼ਕਲਾਂ
ਤੇ ਟਰੇਨਾਂ ‘ਚੋਂ ਉੱਤਰਦੀਆਂ …
ਢਲ਼ਦੀਆਂ ਜਾਂਦੀਆਂ ਨੇ …
ਹੋਰ ਸ਼ੈਆਂ ਵਿੱਚ।
ਜਿਉਂਣ ਦੇ ਬਹਾਨੇ ਲੱਭਦੀਆਂ
ਫ਼ਿੱਕੇ ਤੇ ਨਕਲੀ ਹਾਸੇ ਹੱਸਦੀਆਂ।
ਤੜਕੇ ਜਿਹੇ
ਸਾਰਾ ਸ਼ਹਿਰ ਘੂਕ ਸੌਂ ਰਿਹੈ
ਸ਼ਾਇਦ….
ਸਿਰਫ਼ ਮੈਂ ਹੀ ਨਹੀਂ ਤਨਹਾ
ਦਰੱਖਤਾਂ ਦਾ ‘ਕੱਲਾ-‘ਕੱਲਾ ਪੱਤਾ …
ਖ਼ਿਜ਼ਾਂ ਦੀ ਆਮਦ ਤੇ …
ਉਦਾਸ ਤੇ ਬੇਨੂਰ ਹੈ!

ਡਾ: ਕੌਸਰ ਮਹਿਮੂਦ - ਕਾਫ਼ੀ

ਕਾਫ਼ੀ

ਮਿੱਟੀ ਚਾਕ ਚੜ੍ਹਾਂਦਾ ਯਾਰ।
ਸੋਹਣੀ ਸ਼ਕਲ ਬਣਾਂਦਾ ਯਾਰ।
ਜਿਸ ਦਿਲ ਪ੍ਰੇਮ ਦਾ ਦੀਵਾ ਬਲ਼ੇ
ਪੱਲਾ ਮਾਰ ਬੁਝਾਂਦਾ ਯਾਰ।
ਮਿੱਟੀ ਚਾਕ ਚੜ੍ਹਾਂਦਾ ਯਾਰ।
ਲੇਖਾਂ ਉੱਤੇ ਲੀਕਾਂ ਮਾਰੇ
ਭਾਵੇਂ ਜੱਗ ਪਿਆ ਚੀਕਾਂ ਮਾਰੇ
ਆਪੇ ਖੇਡ ਤੇ ਆਪ ਖਿਡਾਰੀ
ਆਪਣੀਆਂ ਕਸਮਾਂ ਖਾਂਦਾ ਯਾਰ।
ਮਿੱਟੀ ਚਾਕ ਚੜ੍ਹਾਂਦਾ ਯਾਰ।
ਆਪੇ ਕਲਮ ਕਿਤਾਬਾਂ ਖੋਲ੍ਹੇ
ਬੁੱਤ-ਖ਼ਾਨੇ ਵਿੱਚ ਆਪੇ ਬੋਲੇ
ਸੱਚਾ ਨਾਮ ਸੂ ਆਪ ਧਰਾਇਆ
ਕੂੜ ਅਸਾਂ ਕੂ ਭਾਂਦਾ ਯਾਰ।
ਮਿੱਟੀ ਚਾਕ ਚੜ੍ਹਾਂਦਾ ਯਾਰ
ਕਾਸ਼ੀ ਮਰਨਾ, ਮੱਕੇ ਮਰਨਾ
ਗ਼ੈਰਾਂ ਮਰਨਾ, ਸੱਕੇ ਮਰਨਾ
ਮਰਨਾ-ਜਿਊ ਦਾ ਲੇਖ ਲਿਖਾਇਆ
ਅਜ਼ਲਾਂ ਤੋਂ ਫ਼ਰਮਾਂਦਾ ਯਾਰ।
ਮਿੱਟੀ ਚਾਕ ਚੜ੍ਹਾਂਦਾ ਯਾਰ।

Tuesday, October 28, 2008

ਗੁਰਦਰਸ਼ਨ 'ਬਾਦਲ' - ਉਰਦੂ ਗ਼ਜ਼ਲ

ਉਰਦੂ ਗ਼ਜ਼ਲ

ਇਕ ਅਲਗ ਸਾ ਘਰ ਬਨਾਨਾ ਚਾਹਤਾ ਹੂੰ।
ਗ਼ਮ ਹੀ ਗ਼ਮ ਉਸਮੇਂ ਸਜਾਨਾ ਚਾਹਤਾ ਹੂੰ।
ਜ਼ੋਰ ਸੇ ਮਹਿਬੂਬ ਆਂਖੇਂ ਬੰਦ ਕਰ ਲੇ,
ਉਸਕੇ ਦਿਲ ਤਕ ਜਬ ਭੀ ਜਾਨਾ ਚਾਹਤਾ ਹੂੰ।
ਦਿਲ ਹੀ ਤੋ ਹੈ ਨਾ ਛੋੜਤਾ ਹੈ ਬਾਤ ਅਪਨੀ,
ਹੋਠੋਂ ਪਰ ਕਬ ਹੀ ਕਾ ਲਾਨਾ ਚਾਹਤਾ ਹੂੰ।
ਕਾਤਿਲੋਂ ਕੋ ਪਰਖਨੇ ਕੀ ਬਾਤ ਭੀ ਹੈ,
ਦਾਰ ਕੋ ਭੀ ਆਜ਼ਮਾਨਾ ਚਾਹਤਾ ਹੂੰ।
ਜੋ ਨਏ-ਪਨ ਕੀ ਝਲਕ ਦੇ ਕਰ ਨਾ ਭਾਗੇ,
ਹੌਸਲਾ-ਏ-ਦਿਲ ਪੁਰਾਨਾ ਚਾਹਤਾ ਹੂੰ।
ਆਂਖ ਚਾਹੇ ਬੰਦ ਭੀ ਹੋ, ਫ਼ਿਰ ਭੀ ਕਿਆ ਹੈ?
ਅਪਨਾ ਦਿਲ ਉਸਕਾ ਨਿਸ਼ਾਨਾ ਚਾਹਤਾ ਹੂੰ।
ਸ਼ੁਕਰੀਆ ਕਰਨੇ ਕਾ ਗਰ ਮੌਕਾ ਮਿਲੇ ਤੋ,
ਦਰਦ ਕੇ ਪਾਓਂ ਦਬਾਨਾ ਚਾਹਤਾ ਹੂੰ।
ਖੋਜ ਦੋ ਕੋਈ ਤਰੀਕਾ ਤੁਮ ਹੀ “ਬਾਦਲ”!
ਹਾਲੇ-ਦਿਲ ਉਨਕੋ ਬਤਾਨਾ ਚਾਹਤਾ ਹੂੰ।

ਸੁਖਮਿੰਦਰ ਰਾਮਪੁਰੀ - ਗ਼ਜ਼ਲ

ਗ਼ਜ਼ਲ

ਹਰ ਨਜ਼ਰ ਵਿਚ ਕੁਝ, ਲਾ-ਜਵਾਬ ਹੁੰਦਾ ਹੈ।

ਨਜ਼ਰ ਦੀ ਪਰਖ ਦਾ, ਕੁੱਝ ਤਾਂ ਹਿਸਾਬ ਹੁੰਦਾ ਹੈ।

ਮੈਂ ਤੇਰੀ ਅੱਖ ਚੋਂ ਮੱਛੀ ਦੀ ਅੱਖ ਤੱਕਦਾ ਹਾਂ,

ਸਵੰਬਰ ਇਸ ਤਰ੍ਹਾਂ ਹੀ ਕਾਮਯਾਬ ਹੁੰਦਾ ਹੈ।

ਹਰ ਇੱਕ ਸੋਚ ਵਿੱਚ, ਲੇਲਾ ਤੇ ਬਾਘ ਹੁੰਦੇ ਨੇ,

ਵਰਤੋਂ ਚ ਉਂਝ ਉਹ ਲੇਲਾ ਕਿਤੇ ਬਾਘ ਹੁੰਦਾ ਹੈ।

ਹਰ ਪਰਿੰਦੇ ਦੇ ਹੁੰਦੇ ਨੇ ਖੰਭ ੳਡਣ ਲਈ,

ਐਪਰ ਉਕਾਬ ਜੋ ਹੁੰਦੈ, ਉਕਾਬ ਹੁੰਦਾ ਹੈ।

ਤੇਰੀ ਫ਼ਿਤਰਤ ਦੀਆਂ ਸ਼ੋਖ਼ ਸ਼ਰਾਰਤਾਂ ਕਰਕੇ,

ਮੇਰੀ ਨੀਂਦ ਦਾ ਇਹ ਪਲ ਹੀ ਖ਼ਾਬ ਹੁੰਦਾ ਹੈ।

ਤੇਰੀ ਨਜ਼ਰ ਪਏ ਜੇ ਕੰਡਿਆਂ ਜਾਂ ਫੁੱਲਾਂ ਤੇ,

ਤਾਂ ਕੰਡਾ ਫੁੱਲ ਅਤੇ ਫੁੱਲ ਆਫ਼ਤਾਬ ਹੁੰਦਾ ਹੈ।

ਲੰਘਾਏ ਪਿਆਰ ਬਿਨ ਦਿਨ ਸਾਡੇ ਫ਼ੱਕਰਾਂ ਵਰਗੇ,

ਪਿਆਰ ਵਿਚ ਜਿੰਦ ਦਾ ਪਲ ਪਲ ਅਜਾਬ ਹੁੰਦਾ ਹੈ।

ਕਿਉਂ ਮੇਰਾ ਹੀ ਨਾਮ ਪੈਂਦਾ ਉਡੀਕ ਸੂਚੀ ਵਿਚ,

ਮਿਲ਼ਣ ਦੀ ਸੂਚੀ ਲਈ ਜੋ ਨਿੱਤ ਇੰਤਖ਼ਾਬ ਹੁੰਦਾ ਹੈ।

ਪੈਰੀਂ ਛਾਲੇ, ਅੱਖਾਂ ਚ ਅੱਥਰੂ ਤੇ ਸੋਚਾਂ ਚ ਸੁਪਨੇ,

ਤਨ ਤੇ ਲੀਰਾਂ ਫਿਰ ਵੀ ਪਿਆਰਾ ਬੇਅੰਤ ਬਾ-ਆਦਾਬ ਹੁੰਦਾ ਹੈ।

ਮਿਲ਼ਣ ਪਿਆਰੇ ਨੂੰ ਤੁਰਨ, ਪੈੜਾਂ ਤੇ ਬਲ਼ ਉਠਦੇ ਚਿਰਾਗ਼,

ਉਂਝ ਉਨ੍ਹਾਂ ਰਾਹਾਂ ਚ ਨ੍ਹੇਰਾ, ਬੇ-ਹਿਸਾਬ ਹੁੰਦਾ ਹੈ।

ਮਿਲ਼ਣ ਦੇ ਚਾਅ ਦਾ, ਮਿਲ਼ਣ ਦਾ ਅਤੇ ਮੁੜ ਕੇ ਮਿਲ਼ਣ ਦਾ,

ਸੁਖਮਿੰਦਰ ਦੇ ਤਨ, ਮਨ, ਰੂਹ ਚ ਇਨਕਲਾਬ ਹੁੰਦਾ ਹੈ।

ਕਮਲ ਕੰਗ - ਨਜ਼ਮ

ਦੋਸਤੋ! ਸਰੀ, ਕੈਨੇਡਾ ਵਸਦੇ ਲੇਖਕ ਦੋਸਤ ਸਤਿਕਾਰਤ ਕਮਲ ਕੰਗ ਜੀ ਨੇ ੲੁੱਕ ਖ਼ੂਬਸੂਰਾ ਨਜ਼ਮ ਨਾਲ਼ ਪਹਿਲੀ ਹਾਜ਼ਰੀ ਲਵਾਈ ਹੈ। ਉਹਨਾਂ ਨੂੰ 'ਆਰਸੀ' ਤੇ ਜੀਅ ਆਇਆਂ ਨੂੰ!

ਜਦ ਮੈਂ ਤੈਨੂੰ ਮਿਲ਼ਿਆ

ਨਜ਼ਮ

ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਤੂੰ ਪਿੰਜਰੇ 'ਚ ਕੈਦ ਹੋ ਕੇ
ਜੀਅ ਨਹੀਂ ਸਕਦੀ
ਪਰ ਅਜ਼ਾਦ, ਮਰ ਸਕਦੀ ਏਂ!
ਮਹਿਕਦੀ ਫਿਜ਼ਾ ਵਿੱਚ....
.....
ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਤੂੰ ਪੈਰੀਂ ਝਾਂਜਰਾਂ ਪਾ ਕੇ
ਬੈਠ ਨਹੀਂ ਸਕਦੀ
ਪਰ ਮੇਰੇ ਨਾਲ਼ ਤੁਰ ਸਕਦੀ ਏਂ!
ਸਾਰੀ ਉਮਰ ਤੱਕ....
.....
ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਤੂੰ ਮੌਨ ਵਰਤ ਰੱਖਿਐ!
ਬੋਲ ਨਹੀਂ ਸਕਦੀ
ਪਰ ਚੁੱਪ-ਚਾਪ ਸੁਣ ਸਕਦੀ ਏਂ!
ਨਾਦ ਦੀ ਧੁਨੀ ਵਾਂਗ....
.....
ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਖ਼ਾਬ ਕਹਿੰਦੇ ਝੂਠਾ ਹੁੰਦੈ!
ਸਹਿ ਨਹੀਂ ਸਕਦੀ
ਪਰ ਸੱਚ ਨਾਲ਼ ਜੁੜ ਸਕਦੀ ਏਂ!
ਮੰਜ਼ਿਲ ਪਾਉਣ ਲਈ....
.....
ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਸਦੀਆਂ ਤੋਂ ਤੂੰ ਕੀ ਲੈਣਾ
ਦੱਸ ਨਹੀਂ ਸਕਦੀ
ਪਰ ਪਲ ਪਲ ਗਿਣ ਸਕਦੀ ਏਂ!
ਉਂਗਲ਼ਾਂ ਦੇ ਪੋਟਿਆਂ ਤੇ....
.....
ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਤੂੰ ਪਿੰਜਰੇ 'ਚ ਕੈਦ ਹੋ ਕੇ
ਜੀਅ ਨਹੀਂ ਸਕਦੀ
ਪਰ ਅਜ਼ਾਦ, ਮਰ ਸਕਦੀ ਏਂ!
ਮਹਿਕਦੀ ਫਿਜ਼ਾ ਵਿੱਚ....।

ਸ਼ਿਵਚਰਨ ਜੱਗੀ ਕੁੱਸਾ - ਕਹਾਣੀ

ਬੇਬੇ ਮੈਂ ਆ ਗਿਆ......
(ਕਹਾਣੀ)


ਪ੍ਰੀਤ ਡਬਲ-ਡਿਊਟੀ ਕਰ ਕੇ ਮੁੜਿਆ। ਸਾਰ ਰਾਤ ਅਤੇ ਅੱਧੇ ਦਿਨ ਦੇ ਕੰਮ ਨੇ ਉਸ ਨੂੰ ਮਧੋਲ਼ ਸੁੱਟਿਆ ਸੀ। ਉਸ ਦੀ ਘਰਵਾਲੀ ‘ਹਨੀ’ ਨੇ ਅੱਜ ਦੋ ਘੰਟੇ ਅਟਕ ਕੇ ਆਪਣੀ ਡਿਊਟੀ ਤੋਂ ਪਰਤਣਾ ਸੀ। ਹਨੀ ਹਮੇਸ਼ਾ ਸਵੇਰੇ ਛੇ ਵਜੇ ਤੋਂ ਦੋ ਵਜੇ ਤੱਕ ਡਿਊਟੀ ਕਰਦੀ ਸੀ। ਦੋਨੋਂ ਬੱਚੇ ਵੀ ਸਕੂਲੋਂ ਨਹੀਂ ਪਰਤੇ ਸਨ।
ਪ੍ਰੀਤ ਨੇ ਗਰਮ-ਗਰਮ ਪਾਣੀ ਨਾਲ ਨਹਾ ਕੇ ਬੋਤਲ ਖੋਲ੍ਹ ਲਈ। ਇਕ ਤਕੜਾ ਪੈੱਗ ਮਾਰ ਕੇ ਉਸ ਨੇ ਆਪਣੇ ਆਪ ਨੂੰ ਕੁਝ ਹਲਕਾ-ਹਲਕਾ ਮਹਿਸੂਸ ਕੀਤਾ। ਜਿਵੇਂ ਉਹ ਹੌਲਾ ਫੁੱਲ ਹੋ ਗਿਆ ਸੀ। ਆਪਣੀ ਪਤਨੀ ਹਨੀ ਆਉਣ ਤੱਕ ਉਸ ਨੇ ਅੱਧੀ ਬੋਤਲ ਨੇੜੇ ਲਾ ਦਿੱਤੀ ਸੀ।
-“ਕਿਵੇਂ ਅੱਜ ਢਿੱਲੇ ਜਿਹੇ ਬੈਠੇ ਓ?” ਹਨੀ ਨੇ ਪੁੱਛਿਆ। ਉਸ ਨੇ ਅੱਧੀ ਹੋਈ ਬੋਤਲ ਤੇ ਨਜ਼ਰ ਮਾਰ ਲਈ ਸੀ। ਹਨੀ ਦੀ ਸੋਚ-ਮੁਤਾਬਿਕ ਤਾਂ ਪ੍ਰੀਤ ਦੋ ਪੈੱਗ ਲਾ ਕੇ ‘ਬਾਬੂ’ ਬਣ ਜਾਂਦਾ ਸੀ। ਉਸ ਦੇ ਆਉਂਦੀ ਨੂੰ ਜੇ ਪ੍ਰੀਤ ਦੀ ਪੀਤੀ ਹੋਈ ਹੁੰਦੀ ਤਾਂ ਉਹ ਹਨੀ ਨੂੰ ਲੱਕੋਂ ਚੁੱਕ ਕੇ ‘ਬਾਲਾ’ ਕੱਢ ਦਿੰਦਾ ਅਤੇ ਆਖਦਾ, “ਧਰਮ ਨਾਲ ਤੇਰਾ ਤਾਂ ਜਮਾਂ ਈ ਭਾਰ ਨਹੀਂ ਲੱਗਦਾ-ਪੱਚੀਆਂ ਫੁੱਲਾਂ ਨਾਲ ਤੋਲਣ ਵਾਲੀ ਐ ਤੂੰ-ਤੇਰਾ ਇਕ ਹੱਥ ਨਾਲ ਬਾਲਾ ਕੱਢ ਕੇ ਦਿਖਾਵਾਂ?” ਤਾਂ ਹਨੀ ਦੁਹਾਈ ਦਿੰਦੀ, “ਤੁਸੀਂ ਮੇਰਾ ਕੁਛ ਤੋੜਨੈਂ?” ਤਾਂ ਪ੍ਰੀਤ ਉਸ ਨੂੰ ਥੱਲੇ ਉਤਾਰਦਾ ਕਹਿੰਦਾ,“ਤੀਮੀ ਵੀ ਕੋਈ ਟੁੱਟਣ ਆਲੀ ਚੀਜ਼ ਐ? ਤੀਮੀ ਤਾਂ ਇਕ ਉਪਜਾਊ ਜ਼ਮੀਨ ਵਰਗੀ ਹੁੰਦੀ ਐ-ਜਿੰਨੀ ਵਾਹੋ ਉਨੀ ਈ ਫ਼ਲਦੀ ਐ।” ਹਾਸਾ-ਮਖੌਲ ਜਾਰੀ ਰਹਿੰਦਾ।
ਪਰ ਅੱਜ ਗੱਲ ਉਲਟ ਸੀ।
-“ਮੈਖਿਆ ਜਨਾਬ ਹੁਰੀਂ ਕਿਵੇਂ ਘੁੱਟੇ ਘੁੱਟੇ ਜਿਹੇ ਬੈਠੇ ਐ? ਨਾਲੇ ਉਹ ਵੀ ਦਾਰੂ ਪੀ ਕੇ?” ਹਨੀ ਫਰਾਂ ਵਾਲਾ ਕੋਟ ਉਤਾਰ ਕੇ ਪ੍ਰੀਤ ਦੇ ਬਿਲਕੁਲ ਸਾਹਮਣੇ ਬੈਠ ਮੋਮਬੱਤੀ ਵਾਂਗ ਜਗਣ ਲੱਗ ਪਈ।
-“ਬੱਸ ਉਈਂ ਅੱਜ ਦਿਲ ਜਿਹਾ ਨਹੀਂ ਲੱਗਦਾ-ਮਨ ਬਹੁਤ ਈ ਉਦਾਸ ਐ-ਪਤਾ ਨਹੀਂ ਕਿਉਂ?” ਉਸ ਨੇ ਗਿਲਾਸ ਖਾਲੀ ਕਰ ਦਿੱਤਾ।
-“ਫ਼ੈਕਟਰੀ ਵਿਚ ਤਾਂ ਨਹੀਂ ਤਕਰਾਰ ਹੋਗੀ ਕਿਸੇ ਨਾਲ?”
-“ਫੈਕਟਰੀ ਵਿਚ ਤਾਂ ਤਕਰਾਰ ਕਿਸੇ ਨਾਲ ਕਿਉਂ ਹੋਣੀ ਸੀ-ਆਪਣਾ ਕਿਹੜਾ ਕਿਸੇ ਨਾਲ ਕੋਈ ਵੈਰ ਐ?”
-“ਹੋਰ ਫੇਰ ਕੀ ਗੱਲ ਐ ਜਨਾਬ?”
-“ਹਨੀ ਪਤਾ ਨਹੀਂ ਕਿਉਂ ਅੱਜ ਮੇਰਾ ਰੋਣ ਨੂੰ ਜੀਅ ਜਿਹਾ ਕਰੀ ਜਾਂਦੈ।”
-“ਸੁੱਖੀ ਸਾਂਦੀ ਰੋਣਾ ਕਾਹਤੋਂ ਐ- ਰੱਬ ਸੁੱਖਾਂ ਈ ਬਖਸ਼ੇ-ਆਂਡੇ ਬਣਾ ਕੇ ਦਿਆਂ?” ਹਨੀ ਨੂੰ ਭਲੀ ਭਾਂਤ ਪਤਾ ਸੀ ਕਿ ਪ੍ਰੀਤ ਕਦੇ ਸੁੱਕੀ ਨਹੀਂ ਪੀਂਦਾ ਸੀ। ਦਾਰੂ ਨਾਲ ਮੁਰਗੇ ਦੀ ਟੰਗ ਜਾਂ ਭੁਰਜੀ ਉਸ ਦੀ ਖੁਰਾਕ ਸੀ।
-“......।” ਜਦ ਪ੍ਰੀਤ ਨੇ ਕੋਈ ਉੱਤਰ ਨਾ ਦਿੱਤਾ ਤਾਂ ਹਨੀ ਕਿਚਨ ਵਿਚ ਅੰਡੇ ਬਣਾਉਣ ਤੁਰ ਗਈ।
ਪ੍ਰੀਤ ਦਾ ਨਾਂ ਅਸਲ ਵਿਚ ਕੁਦਰਤਪ੍ਰੀਤ ਸਿੰਘ ਸੀ ਅਤੇ ਹਨੀ ਦਾ ਨਾਂ ਸੀ ਹਰਿੰਦਰ। ਆਸਟਰੀਅਨ ਯੁੱਗ ਨੇ ਕਿਸੇ ਨੂੰ ‘ਪ੍ਰੀਤ’ ਅਤੇ ਕਿਸੇ ਨੂੰ ‘ਹਨੀ’ ਬਣਾ ਧਰਿਆ ਸੀ। ਹਨੀ ਦੇ ਮਾਂ-ਬਾਪ ਤਕਰੀਬਨ ਪੱਚੀ ਸਾਲ ਤੋਂ ਇਥੇ ਵਸੇ ਹੋਏ ਸਨ ਅਤੇ ਇਥੋਂ ਦੀ ਹੀ ਜੰਮਪਲ ਸੀ। ਪਰ ਮਾਂ ਬਾਪ ਸਾਬਤ ਸੂਰਤ ਹੋਣ ਕਰ ਕੇ ਹਨੀ ਦੇਸੀ-ਮਾਹੌਲ ਵਿਚ ਢਲੀ ਹੋਈ ਸੀ। ਪ੍ਰੀਤ ਪਲੱਸ-ਟੂ ਵਿਚੇ ਹੀ ਛੱਡ ਕੇ ਰੁਲਦਾ-ਖੁਲਦਾ ਕਿਵੇਂ ਨਾ ਕਿਵੇਂ ਆਸਟਰੀਆ ਪੁੱਜ ਗਿਆ ਸੀ। ਆਸਟਰੀਆ ਵਿਚ ਹੋਰ ਕੋਈ ਟਿਕਾਣਾ ਨਾ ਹੋਣ ਕਾਰਨ ਉਸ ਨੇ ‘ਪੋਲੀਟੀਕਲ ਸਟੇਅ’ ਲਈ ਅਪਲਾਈ ਕੀਤਾ ਅਤੇ ਹਰ ਹਫਤੇ ਵਿਆਨਾ ਗੁਰੂ ਘਰ ਸੇਵਾ ਲਈ ਹਾਜ਼ਰ ਹੋਣ ਲੱਗ ਪਿਆ। ਵਿਆਨਾ ਗੁਰੂ ਘਰ ਦਾ ਮਾਹੌਲ ਬੜਾ ਨਿੱਘਾ ਅਤੇ ਧਾਰਮਿਕ ਸੀ। ਸੱਚੇ ਸੁੱਚੇ ਪ੍ਰਬੰਧਕ ਅਤੇ ਸੇਵਾਦਾਰ ਸਨ। ਕਿਸੇ ਨਾਲ ਕੋਈ ਦਰਿਆਦਰੀ ਨਹੀਂ ਕਰਦਾ ਸੀ। ਕਿਸੇ ਦਾ ਅਨਾਦਰ ਨਹੀਂ ਹੁੰਦਾ ਸੀ। ਇਥੇ ਆ ਕੇ ਹਰ ਧਰਮ, ਹਰ ਕੌਮ ਦਾ ਬੰਦਾ ਸ਼ਰਧਾ ਨਾਲ ਲੀਨ ਹੋ ਜਾਂਦਾ ਸੀ। ਪੂਰਨ ਰਹਿਤ ਮਰਿਆਦਾ ਸੀ ਅਤੇ ਸਭ ਤੋਂ ਜਿ਼ਆਦਾ ਇਸ ਗੁਰੂ ਘਰ ਦੀ ਇਹ ਖੂਬੀ ਸੀ ਕਿ ਇਥੇ ਬਰਾਬਰਤਾ ਸੀ। ਪਵਿੱਤਰ ਗੁਰਬਾਣੀ ਅਨੁਸਾਰ, “ਸਭੇ ਸਾਂਝੀਵਾਲ ਸਦਾਇਨ॥ ਕੋਈ ਨਾ ਦਿਸੈ ਬਾਹਿਰਾ ਜੀਓ॥” ਦਾ ਬੋਲਬਾਲਾ ਸੀ।
ਇਕ ਦਿਨ ਹਨੀ ਦੇ ਬਾਪ ਦੀ ਨਜ਼ਰ ਸੋਹਣੇ ਸੁਨੱਖੇ ਪ੍ਰੀਤ ਤੇ ਪਈ ਤਾਂ ਉਸ ਨੇ ਉਸ ਨੇ ਅੰਦਰੋਂ ਅੰਦਰੀ ਉਸ ਨੂੰ ਹਨੀ ਲਈ ਚੁਣ ਲਿਆ। ਹਨੀ ਦਾ ਬਾਪ ਸਰਮੁਖ ਸਿੰਘ ਨੇ ਗੱਲ ਚਲਾਈ ਅਤੇ ਪ੍ਰਬੰਧਕਾਂ ਦੀ ਸਰਪ੍ਰਸਤੀ ਸਦਕਾ ਕਾਰਜ ਰਾਸ ਆ ਗਿਆ। ਗੁਰੂ ਘਰ ਵਿਖੇ ਹੀ ਅਤਿ-ਸੰਖੇਪ ਸਾਧਨਾਂ ਨਾਲ ਆਨੰਦ-ਕਾਰਜ ਰਚਾ ਦਿੱਤਾ ਅਤੇ ‘ਏਕ ਜੋਤਿ ਦੋਇ ਮੂਰਤਿ॥ ਧੰਨਿ ਪਿਰ ਕਹੀਐ ਸੋਇ॥’ ਨਾਲ ਜੋੜੀ ਨੂੰ ਅਸ਼ੀਰਵਾਦ ਮਿਲ ਗਿਆ। ਦੋ ਹਫ਼ਤੇ ਦੇ ਵਿਚ ਵਿਚ ਸ਼ਾਦੀ ਦੀ ਰਜਿਸਟਰੇਸ਼ਨ ਹੋ ਗਈ ਅਤੇ ਪ੍ਰੀਤ ‘ਕੱਚੇ’ ਤੋਂ ‘ਪੱਕਾ’ ਹੋ ਗਿਆ। ਮਿੱਤਰ-ਪਿਆਰਿਆਂ ਦੇ ਸਹਿਯੋਗ ਸਦਕਾ ਸਰਮੁਖ ਸਿੰਘ ਨੇ ਬੰਨ੍ਹ-ਸੁੱਬ ਕਰ ਕੇ ਧੀਅ-ਜਵਾਈ ਨੂੰ ਮਕਾਨ ਦਾ ਢਾਣਸ ਕਰ ਦਿੱਤਾ। ਸੁੱਘੜ, ਸੁਆਣੀ ਵਾਂਗ ਹਨੀ ਨੇ ਆਪਣਾ ਘਰ ਸਾਂਭ ਲਿਆ। ਉਹ ਹੋਰ ਯੂਰਪ ਵਿਚ ਜੰਮੀਆਂ ਪਲੀਆਂ ਕੁੜੀਆਂ ਵਾਂਗ ਉਹ ‘ਫੁਕਰੀ’ ਨਹੀਂ ਸੀ। ਆਮ ਕੁੜੀਆਂ ਵਾਂਗ ਉਸ ਦੇ ਪੈਰਾਂ ਹੇਠ ਅੱਗ ਨਹੀਂ ਮੱਚਦੀ ਸੀ। ਉਹ ਸੁਭਾਅ ਦੀ ਨਿਰਲੇਪ ਅਤੇ ਆਦਤ ਤੋਂ ਸੰਜੀਦਾ ਸੀ। ਪ੍ਰੀਤ ਦੀ ਦਾਰੂ ਉਸ ਨੂੰ ਕਦੇ ਚੁਭੀ ਨਹੀਂ ਸੀ। ਵੈਸੇ ਪ੍ਰੀਤ ਵੀ ਨਿੱਤ ਦਾ ਲੰਡਰ-ਪਿਆਕੜ ਨਹੀਂ ਸੀ। ਉਹ ਕਦੇ ਥੱਕਿਆ ਹੋਇਆ ਜਾਂ ਕਿਤੇ ਲਾਚੜਿਆ ਹੋਇਆ ਪੀਣ ਦਾ ਸ਼ੌਕੀਨ ਸੀ।
ਜਦ ਹਨੀ ਅੰਡਿਆਂ ਦੀ ਆਮਲੇਟ ਬਣਾ ਕੇ ਲਿਆਈ ਤਾਂ ਪ੍ਰੀਤ ਉਪਰ ਪਿਸ਼ਾਬ ਕਰਨ ਗਿਆ ਹੋਇਆ ਸੀ। ਜਦ ਉਹ ਪਿਸ਼ਾਬ ਕਰ ਕੇ ਵਾਪਸ ਮੁੜਿਆ ਤਾਂ ਹਨੀ ਨੇ ਪੁੱਛਿਆ, “ਤੁਹਾਨੂੰ ਕੋਈ ਪੰਜਾਬੀ ਗੀਤ ਲਾ ਕੇ ਦਿਆਂ?” ਪ੍ਰੀਤ ਪੰਜਾਬੀ ਅਤੇ ਪੰਜਾਬੀ ਗੀਤਾਂ ਦਾ ਆਸ਼ਕ ਸੀ।
-“ਹਨੀ ਅਕਤੂਬਰ ਵਿਚ ਆਪਾਂ ਇੰਡੀਆਂ ਚੱਲਾਂਗੇ।” ਉਸ ਨੇ ਗੱਲ ਵੱਲੋਂ ਬੇਧਿਆਨਾ ਹੋ ਕੇ ਕਿਹਾ।
-“ਮੇਰੇ ਵੱਲੋਂ ਅਗਲੇ ਹਫਤੇ ਹੀ ਚੱਲੋ-ਅਕਤੂਬਰ ਵਿਚ ਤਾਂ ਅਜੇ ਦੋ ਮਹੀਨੇ ਪਏ ਐ-ਨਾਲੇ ਮੈਂ ਬੇਜੀ ਨੂੰ ਮਿਲ ਆਊਂ-ਮੈਂ ਤਾਂ ਉਹਨਾਂ ਨੂੰ ਹਾਲੀ ਤੱਕ ਦੇਖਿਆ ਵੀ ਨਹੀਂ।”
-“ਨਹੀਂ ਅਕਤੂਬਰ ਤੱਕ ਹੱਥ ਖੁੱਲ੍ਹਾ ਜਿਹਾ ਹੋ ਜਾਊ-ਜਦੋਂ ਦੇ ਬਾਪੂ ਜੀ ਮਰੇ ਐ-ਜਾਣੀ ਦੀ ਘਰ ਵਿਚ ਬਰਕਤ ਜਿਹੀ ਨਹੀਂ ਆਈ-ਇਕ ਭਰਾ ਕਿਸੇ ਕੰਮ ਦੇ ਨਹੀਂ-ਆਨੇ ਕੱਢਦੇ ਐ-ਉਹਨਾਂ ਨੂੰ ਤਾਂ ਇਉਂ ਈ ਐਂ ਬਈ ਬਾਹਰ ਈ ਕਿਤੇ ਮਰ ਖਪ ਜਾਵੇ ਤੇ ਸਾਰੀ ਜ਼ਮੀਨ ਦੇ ਅਸੀਂ ਵਾਰਿਸ ਬਣੀਏ-ਉਹ ਤਾਂ ਬੇਬੇ ਬੈਠੀ ਕਰ ਕੇ ਈ ਚੁੱਪ ਐ-ਜਿੱਦੇ ਪੂਰੀ ਹੋਗੀ-ਦੇਖਲੀਂ ਕੀ ਸੱਪ ਕੱਢ ਕੇ ਦਿਖਾਉਂਦੇ ਐ-ਕੋਈ ਨਹੀਂ ਮੇਰਾ ਸਾਲਾ ਅੱਜ ਕੱਲ੍ਹ ਕਿਸੇ ਦਾ-ਸਭ ਪੈਸੇ ਦੇ ਪੁੱਤ ਐ।”
-“ਤੁਸੀਂ ਜਨਾਬ ਕਿਉਂ ਐਵੇਂ ਬੱਕੜਵਾਹ ਕਰਨ ਲੱਗ ਪਏ - ਬਥ੍ਹੇਰੀਆਂ ਥੋਨੂੰ ਚਿੱਠੀਆਂ ਆਉਂਦੀਐ ਉਨ੍ਹਾਂ ਦੀਆਂ।”
-“ਚਿੱਠੀਆਂ ਆਉਂਦੀਐ ਟੱਲ ਬਾਬੇ ਦਾ - ਕਦੇ ਦਸ ਹਜ਼ਾਰ ਭੇਜ ਦਿਓ - ਕਦੇ ਪੰਜਾਹ ਭੇਜ ਦਿਓ - ਐਥੇ ਦਰੱਖਤਾਂ ਨੂੰ ਲੱਗਦੇ ਐ? ਕੰਮ ਕਾਰ ਕਰ ਕਰ ਅੱਟਣ-ਪਏ-ਪਏ ਐ ਹੱਥਾਂ ਤੇ- ਪੈਨਸ਼ਨ ਹੋਣ ਤੱਕ ਬੰਦਾ ਜੁਲਾਹੇ ਦੀ ਤਾਣੀ ਵਾਂਗੂੰ ਹਿੱਲਣ ਲੱਗ ਪੈਂਦੇ।” ਪੈੱਗ ਪੀ ਕੇ ਪ੍ਰੀਤ ਨੇ ਭੁਰਜੀ 'ਗਲੱਪ-ਗਲੱਪ' ਕਰ ਕੇ ਸਮੇਟਣੀ ਸ਼ੁਰੂ ਕਰ ਦਿੱਤੀ।
-“ਕੋਈ ਗੱਲ ਨਹੀਂ ਜਨਾਬ - ਜੇ ਭਰਾ ਹੈ ਤਾਂ ਹੀ ਲਿਖਦੇ ਐ!” ਹਨੀ ਖ਼ੁਦ ਭੈਣ ਭਰਾਵਾਂ ਵੱਲੋਂ ਸੱਖਣੀ ਸੀ।
-“ਸੁਆਹ ਐ ਭਰਾ - ਸਾਲੇ ਮੋਕਮਾਰ! ਸਾਡੀ ਇਕ ਆਰੀ ਸ਼ਰੀਕਾਂ ਨਾਲ ਖੜਕ ਪਈ- ਸਾਲੇ ਦੋਨੋਂ ਲੁਕਦੇ ਫਿਰਨ - ਮੈਂ ਕਾਲਜ ‘ਚੋਂ ਕਰ ਲਿਆਂਦੀ ਫਿਰ ਹਨੂੰਮਾਨ ਦੀ ਸੈਨਾ ‘ਕੱਠੀ - ਮਾਰ ਮਾਰ ਸ਼ਰੀਕਾਂ ਦੇ ਮੌਰਾਂ ਵਿਚ ਚਿੱਬ ਪਾ ਤੇ- ਮੁੜਕੇ ਮੂਹਰੇ ਸਾਹ ਨਹੀ ਕੱਢਿਆ ਸਾਲਿਆਂ ਨੇ- ਹਨੀ ਤੈਨੂੰ ਨਹੀਂ ਇਸ ਕੁੱਤੀ ਦੁਨੀਆਂ ਦਾ ਪਤਾ- ਜੀਹਦੀ ਮਾਂ ਨੂੰ ... ਉਹੀ ਬਾਪੂ ਆਖਦੈ- ਮੈਂ ਸ਼ਰਾਬੀ ਸ਼ਰੂਬੀ ਕੋਈ ਨਹੀਂ - ਮੇਰੇ ਸ਼ਰੀਕ ਮੂਹਰੇ ਲਾਏ ਹੁਣ ਤੱਕ ਨਹੀਂ ਕੁਸਕੇ - ਮੈਂ ਸ਼ਰਾਬੀ ਬਿਲਕੁਲ ਈ ਨਹੀਂ - ਸਾਲੇ ਡਰਦੇ ਮਾਰੇ ਪੁਲਸ ਕੋਲੇ ਵੀ ਨਹੀਂ ਗਏ - ਇਥੇ ਕੋਈ ਕਿਸੇ ਦਾ ਨਹੀਂ ਸਾਰੇ ਸਾਲੇ ਲੰਡੇ ਮਤਲਬੀ ਐ - ਕੋਈ ਨੀ ਕਿਸੇ ਦਾ ਬੇਲੀ ਦੁਨੀਆਂ ਮਤਲਬ ਦੀ ... ।” ਕਵੀਸ਼ਰੀ ਕਰਦਾ ਉਹ ਸੋਫੇ਼ ਤੇ ਟੇਢਾ ਹੋ ਗਿਆ।
ਜਦ ਹਨੀ ਰੋਟੀ ਲੈ ਕੇ ਆਈ ਤਾਂ ਪ੍ਰੀਤ ਘੁਰਾੜਿਆਂ ਦੀ ਚੱਕੀ ਪੀਸੀ ਜਾ ਰਿਹਾ ਸੀ। ਉਹ ਮੁਸਕਰਾਉਂਦੀ ਰੋਟੀ ਵਾਪਸ ਲੈ ਗਈ। ਸ਼ਾਮ ਨੂੰ ਸੱਤ ਕੁ ਵਜੇ ਫੋਨ ਖੜਕਿਆਂ। ਫੋਨ ਹਨੀ ਨੇ ਹੀ ਚੁੱਕਿਆਂ।
-“ਹੈਲੋ! ਭਾਬੀ ਜੀ ਬੋਲਦੇ ਐ?” ਉਧਰੋਂ ਪ੍ਰੀਤ ਦੀ ਮਾਸੀ ਦੇ ਲੜਕੇ ਸਿ਼ਕੰਦਰ ਦੀ ਆਵਾਜ਼ ਸੀ।
-“ਹਾਂ! ਮੈਂ ਹਨੀ ਬੋਲਦੀ ਐ।”
-“ਭਾਬੀ ਜੀ- ਸਤਿ ਸ਼੍ਰੀ ਅਕਾਲ।”
-“ਸਾਸਰੀਕਾਲ - ਕੀ ਹਾਲ ਐ ਸਿਕੰਦਰ? ”
-“ਹਾਲ ਬਹੁਤ ਮਾੜੇ ਐ ਭਾਬੀ ਜੀ- ਬਾਈ ਕਿਥੇ ਐ? ”
-“ਸੁੱਤੇ ਪਏ ਐ - ਕੀ ਗੱਲ ਐ- ਸੁੱਖ ਐ? ”
-“ਸੁੱਖ ਕਿਥੇ ਭਾਬੀ ਜੀ! ਬਾਈ ਨੂੰ ਜਲਦੀ ਜਗਾਓ! ਬਾਈ ਜੀ ਦੀ ਬੇਬੇ, ਮੇਰਾ ਮਤਲਬ ਮਾਸੀ ਜੀ ਦੀ ਮੌਤ ਹੋ ਗਈ।”
-“ਕਿਵੇਂ - ਕਦੋਂ?” ਹਨੀ ਸਿਰ ਜਿਵੇਂ ਬਿਜਲੀ ਡਿੱਗ ਪਈ। ਉਸ ਨੂੰ ਆਪਣੇ ਪੈਰ ਜਿਵੇਂ ਘੁਕਦੇ ਪ੍ਰਤੀਤ ਹੋ ਰਹੇ ਸਨ।
-“ਦੋ ਕੁ ਘੰਟੇ ਹੋ ਗਏ - ਬੱਸ ਦੌਰਾ ਜਿਹਾ ਪਿਆ-ਅਸੀਂ ਚੁੱਕ ਕੇ, ਬੂਟੇ ਦੀ ਗੱਡੀ ਵਿਚ ਪਾ ਹਸਪਤਾਲ ਲੈ ਗਏ - ਬੱਸ ਰਾਹ ਵਿਚ ਈ ....। ”
-“ਸਿਕੰਦਰ ਤੂੰ ਇਉਂ ਕਰ - ਮੈਂ ਉਨ੍ਹਾਂ ਨੂੰ ਜਗਾ ਦਿਨੀ ਐਂ - ਤੂੰ ਪੰਦਰਾਂ ਕੁ ਮਿੰਟਾਂ ਬਾਅਦ ਫੋਨ ਕਰੀਂ-ਪਰ ਤੂੰ ਉਨ੍ਹਾਂ ਨੂੰ ਇਕ ਦਮ ਨਾ ਦੱਸੀਂ - ਹੌਲੀ ਹੌਲੀ ਦੱਸੀਂ - ਜਜ਼ਬਾਤੀ ਬਹੁਤੇ ਐਂ।”
-“ਭਾਬੀ ਜੀ ਚਾਹੇ ਹੌਲੀ ਦੱਸ ਲੋ-ਜਿਵੇਂ ਮਰਜ਼ੀ ਐ ਕਰ ਲਵੋ - ਭਾਣਾ ਤਾਂ ਵਰਤ ਗਿਆ।”
-“ਤੂੰ ਪੰਦਰਾਂ ਵੀਹ ਮਿੰਟ ਤੱਕ ਫੋਨ ਕਰੀਂ-ਮੈਂ ਉਨ੍ਹਾਂ ਨੂੰ ਜਗਾਉਂਨੀ ਆਂ।” ਉਹ ਬੜੀ ਤੇਜ਼ੀ ਨਾਲ ਗੱਲਾਂ ਕਰ ਰਹੇ ਸਨ।
ਫੋਨ ਬੰਦ ਕਰਨ ਤੋਂ ਬਾਅਦ ਹਨੀ ਦਾ ਪ੍ਰੀਤ ਨੂੰ ਜਗਾਉਣ ਦਾ ਹੀਆਂ ਨਹੀਂ ਪੈ ਰਿਹਾ ਸੀ। ਉਹ ਘੁਰਾੜ੍ਹੇ ਮਾਰਦੇ ਪ੍ਰੀਤ ਸਿਰਹਾਣੇ ਅੱਖਾਂ ਭਰੀ ਖੜ੍ਹੀ ਸੀ। ਉਸ ਦੇ ਦਿਮਾਗ ਅੰਦਰ ਵਦਾਣ ਚੱਲੀ ਜਾ ਰਹੇ ਸਨ। ਸੱਸ ਦੀਆਂ ਚਿੱਠੀਆਂ ਤੇ ਲਿਖਵਾਈਆਂ ਮਿੱਠੀਆਂ-ਮਿੱਠੀਆਂ, ਪਿਆਰੀਆਂ-ਪਿਆਰੀਆਂ ਗੱਲਾਂ ਕੰਨਾਂ ਵਿਚ ਵੈਣ ਬਣ, ਕੂਕ ਰਹੀਆਂ ਸਨ।
-“ਮੈਖਿਆਂ ਜੀ- ਸਿਕੰਦਰ ਦਾ ਫੋ਼ਨ ਆਇਐ ਬਠਿੰਡੇ ਤੋਂ।” ਉਸ ਨੇ ਪ੍ਰੀਤ ਨੂੰ ਬਾਹੋਂ ਫੜ ਬੈਠਾ ਕਰ ਲਿਆ ਅਤੇ ਪਿੱਛੋਂ ਢੋਹ ਲਾ ਕੇ ਬੈਠ ਗਈ। ਕੁੜੀ ਦਿਲ ਦੇ ਦਰਦ ਨੂੰ ਬੜੀ ਤਾਕਤ ਨਾਲ ਜਜ਼ਬ ਕਰੀ ਬੈਠੀ ਸੀ।
-“ਹੂੰਅ.. ਕਿੱਥੇ ਐ?” ਉਹ ਊਂਘਦਾ ਪੁੱਛ ਰਿਹਾ ਸੀ।
-“ਤੁਸੀ ਉਠ ਕੇ ਮੂੰਹ ਹੱਥ ਧੋਵੋ ਕੁਰਲੀ ਕਰੋ।” ਉਸ ਨੇ ਬੜੀ ਹਿੰਮਤ ਕਰਕੇ ਉਸ ਦੀਆਂ ਲੱਤਾਂ ਸੋਫੇ ਤੋਂ ਥੱਲੇ ਲਾਹ ਦਿੱਤੀਆਂ। ਪ੍ਰੀਤ ਕੁਝ ਸੁਰਤ ਫੜ ਗਿਆ।
-“ਕੀ ਐ.....? ”
-“ਸਿਕੰਦਰ ਦਾ ਫੋਨ ਆਇਆ ਸੀ - ਉਹ ਪੰਦਰਾਂ ਕੁ ਮਿੰਟਾਂ ਬਾਅਦ ਫੇਰ ਕਰੂਗਾ - ਤੁਸੀ ਮੂੰਹ ਹੱਥ ਧੋ ਲਵੋ।”
ਪ੍ਰੀਤ ਉਠ ਕੇ ਮੂੰਹ ਹੱਥ ਧੋਣ ਚਲਾ ਗਿਆ।
-“ਅੱਜ ਥੋੜੀ ਜਿਆਦਾ ਪੀ ਲਈ - ਬੱਸ! ਹੁਣ ਦਾਰੂ ਨਹੀਂ ਪੀਣੀ।” ਉਹ ਮੂੰਹ ਪੂੰਝਦਾ ਕਹਿ ਰਿਹਾ ਸੀ।
-“..........। ”
-“ਆਹ੍ਹਏਂ ਬੈਠੀ ਐਂ ? ਮੈਂ ਪੀ ਕੇ ਤੈਨੂੰ ਕੁਛ ਬੋਲਿਆ ਤਾਂ ਨਹੀਂ?” ਉਸ ਨੇ ਗੰਭੀਰ ਬੈਠੀ ਹਨੀ ਨੂੰ ਪੁੱਛਿਆ।
-“......।” ਕੁੜੀ ਦਾ ਰੋਣ ਨਿਕਲ ਗਿਆ।
-“ਕੀ ਹੋ ਗਿਆ? ਹੈਂ! ਤੈਨੂੰ ਕਿਹਾ ਬਈ ਮੇਰਾ ਦਾਰੂ ਅੱਜ ਤੋਂ ਬੰਦ!” ਉਹ ਸਮਝ ਰਿਹਾ ਸੀ ਕਿ ਹਨੀ ਮੇਰੀ ਦਾਰੂ ਕਰ ਕੇ ਦੁਖੀ ਸੀ। ਉਸ ਨੇ ਅੰਦਰੋਂ ਆਪੇ ਨੂੰ ਲਾਹਨਤ ਪਈ।
ਟੈਲੀਫੋਨ ਫਿਰ ਖੜਕ ਪਿਆ।
ਪ੍ਰੀਤ ਨੇ ਹੀ ਚੁੱਕਿਆ। ਭਿਆਨਕ ਖਬਰ ਸਿਰ ਵਿਚ ਇੱਟ ਵਾਂਗ ਵੱਜੀ। ਪ੍ਰੀਤ ਦੇ ਦਿਮਾਗ ਵਿਚ ਬੇਬੇ ਯਾਦਾਂ ਬਣ, ਘੁੰਮਣ ਘੇਰੀਆਂ ਵਾਂਗ ਵਹਿਣ ਲੱਗ ਪਈ। ਉੇਹ ਇਕੋ ਰੱਟ ਹੀ ਰੱਟੀ ਜਾ ਰਿਹਾ ਸੀ, “ਬੇਬੇ ਦਾ ਸੰਸਕਾਰ ਨਾ ਕਰਿਓ! ਉਹਦੀ ਲਾਸ਼ ਨੂੰ ਕਿਸੇ ਹਸਪਤਾਲ ਵਿਚ ਫਰੀਜ਼ਰ ਵਿਚ ਹੀ ਲੁਆ ਦਿਓ! ਚਾਹੇ ਲੱਖ ਰੁਪਈਆ ਲੱਗ ਜਾਵੇ - ਮੈਂ ਕੱਲ੍ਹ ਨੂੰ ਹੀ ਪਹੁੰਚੂ - ਮੈਂ ਬੇਬੇ ਦੇ ਆਖਰੀ ਦਰਸ਼ਣ ਜਰੂਰ ਕਰਨੇ ਐਂ - ਸੰਸਕਾਰ ਨਾ ਕਰਿਓ ਬਾਈ ਬਣਕੇ - ਮੈਂ ਜਿਨੀ ਜਲਦੀ ਹੋ ਸਕਿਆ ਪਹੰਚੂਗਾ- ਬੇਬੇ ਨੇ ਮੇਰੇ ਬਾਰੇ ਕੁਛ ਕਿਹਾ ਸੀ?”
-“ਬਾਈ ਸੰਸਕਾਰ ਅਸੀਂ ਬਿਲਕੁਲ ਨਹੀਂ ਕਰਦੇ - ਤੂੰ ਜਲਦੀ ਪਹੁੰਚ - ਤੇਰੇ ਆਏ ਤੋਂ ਦਾਗ ਦਿਆਂਗੇ।” ਉਧਰੋਂ ਅਵਾਜ਼ ਆ ਰਹੀ ਸੀ।
-“ਚਾਹੇ ਲੱਖ ਰੁਪਈਆ ਲੱਗ ਜੇ-ਮੈਂ ਦਿਊਂ ਆਪੇ - ਬੇਬੇ ਨੂੰ ਫਰੀਜ਼ਰ ਵਿਚ ਲੁਆ ਦਿਓ - ਸੰਸਕਾਰ ਮੇਰੇ ਆਏ ਤੋਂ ਕਰਨੈਂ - ਸੁਣ ਗਿਆ?” ਪਾਗਲਾਂ ਵਾਂਗ ਗੱਲਾਂ ਕਰਦੇ ਪ੍ਰੀਤ ਨੇ ਫੋਨ ਰੱਖ ਦਿੱਤਾ ਤੇ “ਹਾਏ ਬੇਬੇ ਮੇਰੀਏ.....!” ਆਖ ਕੇ ਧੜੰ੍ਹਮ ਸੋਫੇ਼ ਤੇ ਡਿੱਗ ਪਿਆ।
ਉਹ ਸੋਫੇ ਦੀ ਕੰਨੀ ਤੇ ਪਿਆ ਧਰਾਲੀਂ ਰੋ ਪਿਆ, ਜਿਵੇ ਬੇਬੇ ਦੀ ਬੁੱਕਲ ਵਿਚ ਪਿਆ ਰੋ ਰਿਹਾ ਹੋਵੇ। ਇਕ ਖੂੰਜੇ ‘ਤੇ ਬੈਠੀ ਹਨੀ ਰੋ ਰਹੀ ਸੀ। ਉੱਚੀ ਉੱਚੀ ਰੋਂਦੇ ਪਾਪਾ ਨੂੰ ਸੁਣ ਕੇ ਬੱਚੇ ਹੇਠਾਂ ਉੱਤਰ ਆਏ।
-“ਕੀ ਹੋਇਆ ਮੰਮੀ? ਤੁਸੀ ਦੋਨੋਂ ਰੋਂਦੇ ਕਿਉਂ ਹੋ?”
-“ਬੇਟੇ ਤੁਹਾਡੀ ਦਾਦੀ ਮਰ ਗਈ।” ਹਨੀ ਨੇ ਦੱਸਿਆ ਤਾਂ ਬੱਚੇ ਵੀ ਮਸੋਸੇ ਗਏ। ਹਨੀ ਉਨ੍ਹਾਂ ਨੂੰ ਹਮੇਸ਼ਾਂ ਦਾਦੀ ਵੱਲੋ ਲਿਖੀਆਂ ਚਿੱਠੀਆਂ ਪੜ੍ਹ ਕੇ ਸੁਣਾਇਆ ਕਰਦੀ ਸੀ। ਜਿਨ੍ਹਾਂ ਵਿਚ ਦਾਦੀ ਵੱਲੋਂ ਪੋਤਿਆਂ ਨੂੰ ਸੋਨੇ ਦੀਆਂ ਚੈਨੀਆਂ ਬਣਾ ਕੇ ਦੇਣ ਦੇ ਵਾਅਦੇ ਹੁੰਦੇ, ਸੋਹਣੇ ਸੋਹਣੇ ਕੱਪੜੇ ਸੰਵਾਅ ਕੇ ਦੇਣ ਬਾਰੇ ਲਿਖਿਆ ਹੁੰਦਾ, ਪੋਤਿਆਂ ਬਿਨਾਂ ਦਿਲ ਨਾ ਲੱਗਣ ਬਾਰੇ ਲਿਖਵਾਇਆ ਹੁੰਦਾ। ਪੁੱਤ, ਨੂੰਹ ਅਤੇ ਫੁੱਲ ਵਰਗੇ ਪੋਤਰਿਆਂ ਦੇ ਮੁਖੜੇ ਦੇਖਣ ਨੂੰ ਤਰਸਦੀ ਦਾਦੀ, ਸਦਾ ਲਈ ਤੁਰ ਗਈ ਸੀ। ਸਭ ਕੁਝ ਦਿਲ ਦੀਆਂ ਦਿਲ ਵਿਚ ਲੈ, ਜਹਾਨੋਂ ਕੂਚ ਕਰ ਗਈ ਸੀ।
ਪ੍ਰੀਤ ਨੇ ਟਿਕਟਾਂ ਵਾਲੇ ਦਫਤਰ ਨੂੰ ਫੋਨ ਘੁਮਾਇਆਂ। ਫੋਨ ਕਿਸ ਨੇ ਚੁੱਕਣਾ ਸੀ? ਰਾਤ ਦੇ ਅੱਠ ਤਾਂ ਵੱਜ ਚੁੱਕੇ ਸਨ। ਏਅਰਪੋਰਟ ਤੇ ਫੋਨ ਕੀਤਾ। ਕੋਈ ਸੀਟ ਖਾਲੀ ਨਹੀਂ ਸੀ। ਫਲਾਈਟਾਂ ਬੁੱਕ ਜਾ ਰਹੀਆਂ ਸਨ। ਹਾਰ ਕੇ ਪ੍ਰੀਤ ਨੇ ਦਾਰੂ ਫਿਰ ਝੋਅ ਲਈ।
ਹਨੀ ਨੇ ਆਪਣੇ ਮਾਂ ਬਾਪ ਨੂੰ ਫੋਨ ਕਰ ਦਿੱਤਾ। ਦਾਰੂ ਪੀਂਦੇ ਪ੍ਰੀਤ ਨੂੰ ਬੇਬੇ ਦੀਆਂ ਉਹ ਗੱਲਾਂ ਯਾਦ ਆ ਰਹੀਆਂ ਸਨ ਜਦ ਉਹ ਕਾਲਜ ਪੜ੍ਹਦਾ ਸੀ ਅਤੇ ਕਬੱਡੀ ਖੇਡਦਾ ਹੁੰਦਾ ਸੀ। ਬੇਬੇ ਨੇ ਸਵੇਰੇ ਸਵੇਰੇ ਪ੍ਰੀਤ ਨੂੰ ਦਹੀਂ ਦਾ ਕਟੋਰਾ ਪਿਆ ਕੇ ਉਠਾਉਣਾ। ਚਾਹ ਕਦੇ ਨਾ ਪੀਣ ਦੇਣੀ, “ਇਹ ਕਾਲਜਾ ਸਾੜਦੀ ਐ ਅੱਗ ਲੱਗੜੀ - ਪੁੱਤ!” ਕਦੇ ਕਹਿਣਾ, “ਤੂੰ ਰੋਟੀ ਅੱਜ ਥੋੜ੍ਹੀ ਖਾਧੀ ਐ ਸ਼ੇਰਾ?” ਕਦੇ ਕਹਿਣਾ, “ਪੁੱਤ ਤੂੰ ਰਾਤ ਆਇਆ ਨਹੀਂ ਟੂਲਾਮੈਂਟ ਤੋਂ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ ਮੈਂ ਕੱਲ੍ਹ ਰੋਟੀ ਵੀ ਨਹੀਂ ਖਾਧੀ।” ਤਾਂ ਪ੍ਰੀਤ ਨੇ ਹੱਸ ਕੇ ਅੱਗੋ ਆਖ ਦੇਣਾ, “ਬੇਬੇ ਟੂਰਨਾਮੈਂਟ ਤੇ ਟਾਇਮ ਲੱਗ ਹੀ ਜਾਂਦੈ- ਪਰ ਬੇਬੇ, ਤੇਰੇ ਰੋਟੀ ਨਾ ਖਾਣ ਨਾਲ ਮੈਨੂੰ ਤਾਂ ਕੋਈ ਫਇਦਾ ਨਹੀਂ ਹੋਇਆ।” ਤਾਂ ਬੇਬੇ ਬੱਸ, “ਜਾਹ ਵਗਜਾ ਪਰ੍ਹੇ ਕੁੱਤਾ ਕਿਸੇ ਥਾਂ ਦਾ!” ਆਖ ਕੇ ਪੁੱਤਰ ਨੂੰ ਪਿਆਰ ਕਰਦੀ।
ਫਿਰ ਪ੍ਰੀਤ ਨੂੰ ਯਾਦ ਆਇਆ ਜਦ ਉਹ ਵਿਆਹ ਕਰਵਾ ਕੇ ਪੱਕਾ ਹੋਣ ਤਂੋ ਬਾਅਦ ਇੰਡੀਆਂ ਗਿਆ ਸੀ। ਤਾਂ ਬੇਬੇ ਨੇ ਮੂੰਹ ਵੱਟ ਲਿਆ ਸੀ, “ਕਿਵੇਂ ਦੁੱਧ ਮੱਖਣਾਂ ਨਾਲ ਪਾਲਿਆ ਸੀ- ਦੇਖ ਕਿਮੇਂ ਸੁੱਕੀ ਜਿਹੀ ਬੂਥੀ ਕੱਢ ਕੇ ਆ ਗਿਐ ਕੋਹੜ੍ਹੀ!” ਤਾਂ ਪ੍ਰੀਤ ਨੇ ਚਾਂਭਲ ਕੇ ਕਿਹਾ, “ਉਏ ਬੇਬੇ ਹੁਣ ਤਾਂ ਨਾ ਮੈਨੂੰ ਵੱਢੂ ਖਾਊਂ ਕਰਿਆ ਕਰ- ਹੁਣ ਤਾਂ ਮੈਂ ਬਾਪੂ ਬਣਨ ਵਾਲਾ ਐ।” ਤਾਂ ਬੇਬੇ ਨੇ ਮੂਹਰਿਓਂ ਹੂਰਾ ਸਿੰਨ੍ਹ ਲਿਆ, “ਮਾਰ ਕੇ ਲਫੇੜਾ ਮੂੰਹ ਭੰਨਦੂੰ ਮੈਂ - ਵੱਡਾ ਬਾਪੂ - ਹੁਣ ਨੀ ਜਾਣ ਦੇਣਾ ਤੈਨੂੰ ਮੈਂ ਬਾਹਰ - ਹਨਿੰਦਰ ਨੂੰ ਵੀ ਮੈਂ ਐਥੇ ਈ ਮੰਗਵਾ ਲੈਣੈਂ-ਘਰੇ ਕੀ ਘਾਟਾ ਐ-ਆਬਦਾ ਕਰਿਓ ਖਾਇਓ-ਉਸ ਚੰਦਰੇ ਮੁਲਕ ਦਾ ਕੀ ਆਸਰਾ ਜਿਹੜਾ ਬੰਦੇ ਨੂੰ ਘੁਣ ਮਾਂਗੂੰ ਖਾਂਦੈ? ਐਹੋ ਜਿਹਾ ਪੈਸਾ ਅਸੀਂ ਅੱਗ ਲਾਉਣੈਂ! ਕਿਵੇ ਪਾਲ ਪਲੋਸ ਕੇ ਵੱਡਾ ਕੀਤਾ ਸੀ- ਹੁਣ ਮੂੰਹ ਕੱਢੀ ਫਿਰਦੈ, ਜਿਵਂੇ ਅਮਲੀ ਹੁੰਦੈ-ਉਹ ਤਾਂ ਬਾਹਰ ਭੇਜਣ ਲਈ ਵੱਡੇ ਈ ਮਗਰ ਪੈ ਗਏ-ਤੇਰੇ ਬਾਪੂ ਜੀ ਜਿਉਂਦੇ ਹੁੰਦੇ ਤੈਨੂੰ ਮੈਂ ਜਮਾ ਨਾ ਜਾਣ ਦਿੰਦੀ - ਸੱਚੀ ਗੱਲ ਐ ਸਿਰ ਦੇ ਸਾਈਂ ਬਿਨਾ ਤੀਮੀ ਕੱਖ ਦੀ ਨਹੀਂ ।” ਬੇਬੇ ਡੁਸਕ ਪਈ।
-“ਬੇਬੇ ਤੂੰ ਕਿਹੜੀਆਂ ਗੱਲਾਂ ਛੇੜ ਕੇ ਬਹਿ ਗਈ? ਹੁਣ ਕਿਵੇਂ ਮੇਰਾ ਖਹਿੜਾ ਵੀ ਛੱਡੇਂਗੀ?” ਪ੍ਰੀਤ ਦਿਲੋਂ ਦੁਖੀ ਹੋ ਗਿਆ।
-“ਹੁਣ ਤੂੰ ਮੈਨੂੰ ਇਹ ਦੱਸ ਬਈ ਬਾਹਰ ਹੋਰ ਕਿੰਨਾ ਕੁ ਚਿਰ ਧੱਕੇ ਖਾਣੇ ਐਂ?” ਬੇਬੇ ਤੁਰੰਤ ਇਕ ਪਾਸਾ ਚਾਹੁੰਦੀ ਸੀ।
-“ਬੱਸ ਬੇਬੇ- ਆਹ ਹੋਰ ਚਾਰ ਸਾਲ ਲਾ ਲਈਏ-ਫਿਰ ਮੋੜੇ ਪਾ ਲਵਾਂਗੇ।” ਪ੍ਰੀਤ ਨੇ ਫੋਕਾ ਧਰਵਾਸ ਦਿੱਤਾ। ਨਾਲੇ ਉਸ ਨੂੰ ਪ੍ਰਪੱਕ ਪਤਾ ਸੀ ਕਿ ਉਹ ਯੂਰਪ ਦੀ ਸੁਨਹਿਰੀ ਜੇਲ੍ਹ ਤੋਂ ਕਦੇ ਵੀ ਆਜ਼ਾਦ ਨਹੀਂ ਹੋਵੇਗਾ।
-“ਉਦੋਂ ਨੂੰ ਮੈਂ ਤੁਰਜੂੰ।”
-“ਉਏ ਬੇਬੇ! ਅਸੀਂ ਐਨੇ ਜਾਣੇ ਤੈਨੂੰ ਐਡੀ ਛੇਤੀ ਤੁਰਨ ਦਿੰਨੇ ਐਂ? ਅਜੇ ਤਾਂ ਤੂੰ ਛੋਟੇ ਪੋਤੇ ਖਿਡਾਉਣੇ ਐਂ।”
-“ਚੰਗਾ! ਹੁਣ ਤੂੰ ਲੰਗਰ ਝੁਲਸ ਲੈ।”
ਬੇਬੇ ਪ੍ਰੀਤ ਦੇ ਰੋਟੀ ਖਾਣ ਤੋਂ ਬਾਅਦ ਆਮ ਹੀ ਆਖਦੀ, “ਤੂੰ ਅੱਜ ਰੋਟੀ ਬਲਾਅ ਥੋੜ੍ਹੀ ਖਾਧੀ ਐ ਪੁੱਤ-ਦਾਲ ਸੁਆਦ ਨਹੀਂ ਸੀ?” ਤਾਂ ਪ੍ਰੀਤ ਆਖਦਾ, “ਬੇਬੇ ਜਿੰਨੀ ਭੁੱਖ ਸੀ ਖਾ ਲਈ-ਹੋਰ ਅੰਨ ਨਾਲ ਕੋਈ ਵੈਰ ਐ?” ਤੇ ਫਿਰ ਵਾਪਸੀ ਤੇ ਤੁਰਦੇ ਪ੍ਰੀਤ ਨੂੰ ਅੱਖਾਂ ਭਰ ਕੇ ਬੇਬੇ ਨੇ ਆਖਿਆ ਸੀ, “ਜਲਦੀ ਮਿਲ ਜਾਇਆ ਕਰ ਪੁੱਤ! ਅਗਲੀ ਵਾਰੀ ਹਨਿੰਦਰ ਨੂੰ ਨਾਲ ਲੈ ਕੇ ਆਈਂ-ਖਬਰੇ ਕਿੰਨੇ ਦਿਨ ਦਾ ਮੇਲਾ ਗੇਲਾ ਐ? ਨਾਲੇ ਹਨਿੰਦਰ ਕੋਲੇ ਪੁੱਤ ਹੋਵੇ ਚਾਹੇ ਧੀ, ਦਿਲ ਤੇ ਨਾ ਲਾਈਂ-ਸਭ ਗੁਰੂ ਦੀਆਂ ਦਾਤਾਂ ਐ ਸ਼ੇਰਾ-ਮੇਰੇ ਵਲੋਂ ਹਨਿੰਦਰ ਨੂੰ ਪਿਆਰ ਦੇਈਂ-ਬੱਚਾ ਬੱਚੀ ਹੋਣ ਤੇ ਮੈਨੂੰ ਜਲਦੀ ਚਿੱਠੀ ਪਾਈਂ-ਨਾਲੇ ਸ਼ੇਰਾ ਖਾ ਪੀ ਲਿਆ ਕਰੋ-ਨਿਰਾ ਪੈਸਾ ਈ ਨਹੀਂ ਸਾਰਾ ਕੁਛ ਹੁੰਦਾ-ਸਿਹਤ ਐ ਤਾਂ ਸਾਰਾ ਕੁਝ ਐ।” ਤੇ ਬੇਬੇ ਦੇ ਹੰਝੂ ‘ਪਰਲ-ਪਰਲ’ ਵਹਿ ਰਹੇ ਸਨ।
ਤੁਰਦੇ ਪ੍ਰੀਤ ਨੂੰ ਬੇਬੇ ਨੇ ਦੁੱਧ ਦਾ ਛੰਨਾ ਪਿਆਇਆ ਅਤੇ ਸ਼ਗਨ ਕਰਨ ਲਈ ਗੱਡੀ ਦੇ ਟਾਇਰਾਂ ਤੇ ਪਾਣੀ ਡੋਹਲਿਆ ਸੀ। ਗੱਡੀ ਦਿੱਲੀ ਨੂੰ ਤੁਰ ਗਈ ਸੀ, ਪਰ ਬੇਬੇ ਦੀਆਂ ਅੱਖਾਂ ਦਾ ਹੜ੍ਹ ਨਹੀਂ ਰੁਕਿਆ ਸੀ। ਸਾਰੀ ਰਾਤ ਅਤੇ ਸਾਰਾ ਦਿਨ ਬੇਬੇ ਨੇ ਕੁਝ ਖਾਧਾ ਪੀਤਾ ਨਹੀਂ ਸੀ। ਚਾਹੇ ਬੇਬੇ ਕੋਲ ਦੋ ਪੁੱਤ ਤੇ ਦੋ ਨੂੰਹਾਂ ਸਨ। ਪਰ ਬੇਬੇ ਸਾਰਿਆਂ ਤੋਂ ਛੋਟੇ ਨੂੰ ਬੜਾ ਮੋਹ ਕਰਦੀ ਸੀ।
ਸਮਾਂ ਪਾ ਕੇ ਹਨੀ ਨੇ ਪਹਿਲਾਂ ਇਕ ਅਤੇ ਫਿਰ ਦੂਜੇ ਪੁੱਤ ਨੂੰ ਜਨਮ ਦਿੱਤਾ।
ਖਬਰ ਪੁੱਜਣ ਤੇ ਮੰਜੇ ਨਾਲ ਜੁੜੀ ਬੇਬੇ ‘ਊਰੀ’ ਬਣ ਗਈ। ਉਸ ਨੇ ਗੁਰਦੁਆਰੇ ਦੇਗ ਕਰਵਾ ਕੇ ਸਾਰੇ ਪਿੰਡ ਵਿਚ ਲੱਡੂ ਵੰਡੇ। ਲੋਹੜੀ ਤੇ ਕੁੜੀਆਂ ਸੰਗ ਰਲ ਕੇ ਖੁਦ ਗਿੱਧਾ ਪਾਇਆ ਸੀ।
ਹੁਣ ਤਾਂ ਬੇਬੇ ਦੀ ਬੱਸ ਇਕੋ ਖਾਹਿਸ਼ ਸੀ ਕਿ ਪੁੱਤ, ਨੂੰਹ ਅਤੇ ਪੋਤਰੇ ਉਸ ਨੂੰ ਮਿਲ ਜਾਣ। ਚਿੱਠੀਆਂ ਤੇ ਪ੍ਰੀਤ ਨੂੰ ਤਾਕੀਦਾਂ ਕੀਤੀਆਂ ਹੁੰਦੀਆਂ, ਨਹੋਰੇ ਦਿੱਤੇ ਹੁੰਦੇ ਤੇ ਕਦੇ ਕਦੇ ਗਾਹਲਾਂ ਵੀ ਕੱਢੀਆਂ ਹੁੰਦੀਆਂ। ਪੋਤਰਿਆਂ ਦੀਆਂ ਫੋਟੋਆਂ ਬੇਬੇ ਦੇ ਸਿਰਹਾਣੇ ਰੱਖੀਆਂ ਹੁੰਦੀਆਂ। “ਮੈਨੂੰ ਜਿਉਂਦੀ ਨੂੰ ਮਿਲ ਜਾਵੋ-ਫੇਰ ਕੀ ਫਾਇਦਾ?” ਕਦੇ ਕਦੇ ਬੇਬੇ ਦਾ ਅਜਿਹਾ ਡਰ ਵੀ ਦਿੱਤਾ ਹੁੰਦਾ। ਪਰ ਯੂਰਪ ਦੀ ਜਿ਼ੰਦਗੀ ਹੀ ਅਜਿਹੀ ਸੀ ਕਿ ਪ੍ਰੀਤ ਅਤੇ ਹਨੀ ਦਿਲੋਂ ਚਾਹੁੰਦੇ ਹੋਏ ਵੀ ਜਾ ਨਾ ਸਕੇ। ਕਦੇ ਛੁੱਟੀ ਦੀ ਮੁਸੀਬਤ ਹੁੰਦੀ ਅਤੇ ਹੱਥ ਤੰਗ ਹੁੰਦਾ...।
ਸੱਸ ਅਤੇ ਸਹੁਰੇ ਦੀ ਘੰਟੀ ਦੀ ਅਵਾਜ਼ ਨਾਲ ਪ੍ਰੀਤ ਦੀ ਸੋਚ ਟੁੱਟੀ।
ਹਨੀ ਨੇ ਦਰਵਾਜ਼ਾ ਖੋਹਲਿਆ।
ਸੱਸ ਅਤੇ ਸਹੁਰਾ ਦਿਲੋਂ ਘੋਰ ਦੁਖੀ ਅੰਦਰ ਆਏ ਤਾਂ ਪ੍ਰੀਤ ਦੇ ਜਜ਼ਬੇ ਦਾ ਬੱਝਿਆ ਬੰਨ੍ਹ ਫਿਰ ਹਿੱਲ ਪਿਆ, “ਹਾਏ ਬਾਪੂ ਜੀ, ਮੇਰੀ ਬੇਬੇ ਮਰਗੀ... !” ਉਸ ਨੇ ਹਮਦਰਦ ਸਹੁਰੇ ਗਲ ਲੱਗ ਕੇ ਧਾਹ ਮਾਰੀ।
-“ਜੇਤਾ ਚੀਰੀ ਲਿਖਿਆ॥ ਤੇਤੇ ਕਰਮ ਕਮਾਹਿ॥ ਘੱਲੇ ਆਵਹਿ ਨਾਨਕਾ॥ ਸੱਦੇ ੳੁਿਠ ਜਾਹਿ॥”
-“ਸੂਰਜ ਕਿਰਣਿ ਮਿਲੇ ਜਲ ਕਾ ਜਲ ਹੂਆ ਰਾਮ॥” ਸਹੁਰੇ ਸਰਮੁਖ ਸਿੰਘ ਨੇ ਪ੍ਰੀਤ ਨੂੰ ਜੱਫੀ ਵਿਚ ਲੈ ਕੇ ਥਾਪੜਿਆ।
-“ਬਾਪੂ ਜੀ, ਮੈਨੂੰ ਜਲਦੀ ਟਿਕਟ ਦਾ ਪ੍ਰਬੰਧ ਕਰ ਕੇ ਤੋਰ ਦਿਓ-ਤੁਹਾਨੂੰ ਇਥੇ ਬੜੀ ਦੁਨੀਆ ਜਾਣਦੀ ਐ।”
-“ਤੂੰ ਕੱਲਾ ਈ ਕਿਉਂ ਪੁੱਤਰਾ-ਹਨੀ ਤੇ ਬੱਚੇ ਵੀ ਨਾਲ ਜਾਣਗੇ।”
-“ਨਹੀਂ ਬਾਪੂ ਜੀ ਸਾਡੇ ਕੋਲੇ ਐਨੇ ਪੈਸੇ ਹੈਨੀ।”
-“ਅਸੀਂ ਬੈਠੇ ਐਂ ਅਜੇ।” ਸੱਸ ਨੇ ਕਿਹਾ।
ਮੁਸ਼ਕਿਲ ਹੱਲ ਹੋ ਗਈ।
ਪ੍ਰੀਤ ਦਾਰੂ ਪੀਂਦਾ, ਰੋਂਦਾ ਰਿਹਾ। ਸੱਸ, ਸਹੁਰਾ ਅਤੇ ਹਨੀ ਗੱਲਾਂ ਕਰਦੇ ਰਹੇ। ਉਹ ਪ੍ਰੀਤ ਦਾ ਦੁੱਖ ਆਪਣਾ ਦੁੱਖ ਸਮਝ ਰਹੇ ਸਨ। ਪ੍ਰੀਤ ਨੇ ਉਹਨਾਂ ਨੂੰ ਕਦੇ ਕੰਡੇ ਦੀ ਤਕਲੀਫ ਨਹੀਂ ਦਿੱਤੀ ਸੀ। ਸੱਤਾਂ ਧੀਆਂ ਵਰਗਾ ਇਕੋ ਇਕ ਜਮਾਈ ਸੀ।
ਅਗਲੇ ਦਿਨ ਟਿਕਟਾਂ ਲਈ ਭੱਜ ਨੱਠ ਸ਼ੁਰੂ ਹੋ ਗਈ। ਦੋ ਦਿਨ ਸੀਟਾਂ ਨਾ ਮਿਲੀਆਂ। ਇੰਡੀਆ ਤੋਂ ਫੋ਼ਨ ਤੇ ਫੋ਼ਨ ਆ ਰਹੇ ਹਨ। ਪ੍ਰੀਤ ਉਸ ਦੇ ਪੁੱਜਣ ਤੱਕ ਬੇਬੇ ਦਾ ਸੰਸਕਾਰ ਨਹੀਂ ਚਾਹੁੰਦਾ ਸੀ। ਪਿਛਲੇ ਰਿਸ਼ਤੇਦਾਰ ਲਾਸ਼ ਦੀ ਖੱਜਲ ਖੁਆਰੀ ਤੋਂ ਤੰਗ ਸਨ। ਉਹ ਜਲਦੀ ਸੰਸਕਾਰ ਦੇ ਹੱਕ ਵਿਚ ਸਨ। ਬੁੜ੍ਹੀਆਂ ਆਪਣੀ-ਆਪਣੀ ਵਿਚਾਰ ਕਰ ਰਹੀਆਂ ਸਨ। ਉਹਨਾਂ ਮੁਤਾਬਿਕ ਲਾਸ਼ ਨੂੰ ਰੋਲਣਾ ਨਹੀਂ ਚਾਹੀਦਾ ਸੀ।
ਤੀਜੇ ਦਿਨ ਸੀਟਾਂ ਮਿਲੀਆਂ।
ਪ੍ਰੀਤ ਪਰਿਵਾਰ ਸਮੇਤ ਪਿੰਡ ਪੁੱਜਿਆ ਤਾਂ ਬੇਬੇ ਦਾ ਸੰਸਕਾਰ ਕਰ ਦਿੱਤਾ ਗਿਆ ਸੀ। ਉਹ ਭਰਾਵਾਂ ਅਤੇ ਰਿਸ਼ਤੇਦਾਰਾਂ ਨਾਲ ਲੜਿਆ ਅਤੇ ਫਿਰ ਬੇਵੱਸ ਹੋ ਕੇ ਰੱਜ ਕੇ ਬੇਬੇ ਨੂੰ ਰੋਇਆ, ਔਰਤਾਂ ਵਾਂਗ! ਸਾਰੀ ਰਾਤ ਅਤੇ ਸਾਰਾ ਦਿਨ ਉਹ ਰੋਂਦਾ ਰਿਹਾ, ਬੱਚਿਆਂ ਵਾਂਗ ਕਲੇਸ਼ ਜਿਹਾ ਕਰਦਾ ਰਿਹਾ।
ਅਗਲੀ ਰਾਤ ਉਹ ਬੇਸਬਰਾ ਜਿਹਾ ਹੋ ਕੇ ਬੇਬੇ ਦੇ ਸਿਵੇ ਤੇ ਚਲਾ ਗਿਆ। ਬੇਬੇ ਇਕ ਸੁਆਹ ਦੀ ਢੇਰੀ ਬਣੀ ਪਈ ਸੀ। ਉਸ ਦੇ ਹੰਝੂ ਸੁਆਹ ਤੇ ਕਿਰਦੇ ਰਹੇ।
-“ਬੇਬੇ....!” ਉਸ ਨੇ ਪਾਗਲਾਂ ਵਾਂਗ ਹਾਕ ਮਾਰੀ।
-“....।’
-“ਬੇਬੇ ...!!” ਉਹ ਹੋਰ ਉੱਚੀ ਬੋਲਿਆ। ਉਸ ਦੀ ਅਵਾਜ਼ ਅਗਲੇ ਪਿੰਡ ਦੀ ਜੂਹ ਨਾਲ ਟਕਰਾ ਕੇ ਪਰਤ ਆਈ।
-“....।’
-“ਮੈਨੂੰ ਕੱਲ੍ਹ ਦੀ ਕਿਸੇ ਨੇ ਰੋਟੀ ਤਾਂ ਕੀ ਪੁੱਛਣੀ ਸੀ? ਚਾਹ ਵੀ ਨਹੀਂ ਪੁੱਛੀ ਬੇਬੇ!...ਬੇਬੇ...!!” ਉਹ ਚੀਕਿਆ ਤਾਂ ਪਿੱਛੋਂ ਕਿਸੇ ਨੇ ਉਸ ਦਾ ਮੋਢਾ ਆ ਘੁੱਟਿਆ। ਉਸ ਨੇ ਪਿੱਛੇ ਪਰਤ ਕੇ ਦੇਖਿਆ ਤਾਂ ਹਨੀ ਖੜ੍ਹੀ ਸੀ। ਉਸ ਦੀ ਜੀਵਨ-ਜੋਤੀ, ਜੀਵਨ-ਸਾਥਣ, ਹਮਦਰਦੀ ਦੀ ਇਕ ਮੂਰਤ! ਉਹ ਧਾਹ ਮਾਰ ਕੇ ਹਨੀ ਦੇ ਗਲ ਲੱਗ ਗਿਆ। ਉਸ ਨੂੰ ਮਾਂ ਦੀ ਬੁੱਕਲ ਵਰਗਾ ਨਿੱਘ ਆਇਆ।
-“ਚੱਲੋ ਘਰ ਚੱਲੀਏ!”
-“ਤੇ ਬੇਬੇ...?”
-“ਜਾਣ ਵਾਲੇ ਕਦੇ ਨਹੀਂ ਮੁੜਦੇ-ਚਾਹੇ ਉਹ ਕਿਤਨੇ ਵੀ ਆਪਣੇ ਹੋਣ- ਕੁਦਰਤ ਦਾ ਗੇੜ ਹੀ ਐਸਾ ਹੈ।”
-“ਹੁਣ ਬੇਬੇ ਜਮਾ ਈ ਨਹੀਂ ਮੁੜਦੀ?”
-“ਚਲੋ ਘਰ ਚਲੋ- ਆਪਣਾ ਉਹਨਾਂ ਨਾਲ ਇਤਨਾ ਕੁ ਹੀ ਨਾਤਾ ਸੀ।” ਤੇ ਹਨੀ ਦੇ ਤੋਰਨ 'ਤੇ ਉਹ ਬੇਬੇ ਦੀਆਂ ਯਾਦਾਂ ਦੇ ਫੁੱਲ ਅਤੇ ਵਿਛੋੜੇ ਦਾ ਸੱਲ ਦਿਲ ਵਿਚ ਲੈ, ਕਿਸੇ ਗ਼ੈਬੀ ਦਰਿਆਵਾਂ ਦੇ ਵਹਿਣ ਵਿਚ ਵਹਿੰਦਾ ਘਰ ਨੂੰ ਤੁਰ ਪਿਆ।
ਉਪਰ ਅਕਾਸ਼ ਵਿਚੋਂ ਘੋਰ ਉਦਾਸ ਚੰਦਰਮਾ ਉਹਨਾਂ ਨੂੰ ਚੁੱਪ ਚਾਪ ਤੱਕ ਰਿਹਾ ਸੀ। ਪੰਦਰਾਂ ਜੀਆਂ ਦੀ ਬੇਬੇ ਸ਼ਮਸ਼ਾਨ ਭੂਮੀ ਦੀ ਬੁੱਕਲ ਵਿਚ ਹਮੇਸ਼ਾ ਲਈ ਇੱਕਲੀ ਸੁੱਤੀ ਪਈ ਸੀ।

Monday, October 27, 2008

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਮੈਂ ਸਾੜ ਦਊਂ ਤੈਂਨੂੰ, ਅਗਨੀ ਨੇ ਕਿਹਾ ਡਸ ਕੇ।
ਮੈਂ ਠਾਰ ਦਊਂ ਤੈਂਨੂੰ, ਬਦਲ਼ੀ ਨੇ ਕਿਹਾ ਵਸ ਕੇ।
ਦੁੱਖਾਂ ਦੀ ਹਕੀਕਤ ਤੋਂ, ਜਾਏਂਗਾ ਕਿਧਰ ਨਸ ਕੇ?
ਜੇ ਹੋ ਜੇ ਭਲਾ ਜਗ ਦਾ, ਏਨਾ ਤਾਂ ਤੂੰ ਜਾਹ ਦਸ ਕੇ।
ਫਲ਼ ਸਾਰੇ ਹੀ ਦੁਨੀਆਂ ਦੇ, ਦਿੰਦੇ ਨੇ ਮਜ਼ਾ ਪੱਕਿਆਂ,
ਬੇਕਾਰ ਜਿਹਾ ਹੋਵੇ, ਇਹ ਉਮਰ ਦਾ ਫਲ਼ ਰਸ ਕੇ।
ਜੇ ਲੋੜ ਪਈ ਕਿਧਰੇ, ਦੰਦਾਂ ਤੋਂ ਵੀ ਖੁਲ੍ਹਣੀ ਨਈਂ,
ਉਲਫ਼ਤ ਨੂੰ ਤੂੰ ਨਫ਼ਰਤ ਦੀ, ਨਾ ਗੰਢ ਦਵੀਂ ਕਸ ਕੇ।
ਤਿਰੇ ਦਿਲ ਦੀ ਡੂੰਘਾਈ ਨੂੰ, ਨਾਪਣ ਦਾ ਹੁਕਮ ਮਿਲ਼ਿਐ,
ਚੁਪ-ਚਾਪ ਜਿਹੇ ਮੈਂਨੂੰ, ਖ਼ੰਜਰ ਨੇ ਕਿਹਾ ਧਸ ਕੇ।
ਜਿਸ ਜ਼ਖ਼ਮ ਦੇ ਉੱਤੇ ਤੂੰ, ਹਥ ਫੇਰ ਕੇ ਤੁਰ ਚੱਲਿਓਂ,
ਆਰਾਮ ਕੀ ਆਉਂਣਾ ਸੀ,ਇਹ ਹੋਰ ਸਗੋਂ ਟਸਕੇ।
ਦਰਦਾਂ ਨੂੰ ਕਿਤੇ ਤੇਰੇ, ਘਰ ਵਲ ਨਾ ਪਵੇ ਆਉਂਣਾ,
ਸਤਿਆਂ ਨੂੰ ਸਤਾਵਣ ਦੇ,ਏਨੇ ਵੀ ਨਾ ਲੈ ਚਸਕੇ।
ਤਾਂ ਹੀ ਨਾ ਨਜ਼ਰ ਆਉਂਦੇ, ਛਾਲੇ ਤੇ ਬਿਆਈਆਂ ਵੀ,
ਕਰੀ ਵਸ ‘ਚ ਕੋਮਲਤਾ, ਮਿਰੇ ਪੈਰਾਂ ਨੇ ਘਸ-ਘਸ ਕੇ।
ਆਪੇ ਹੀ ਪਤਾ ਲੱਗੂ, ਕੀ ਮੁੱਲ ਹੈ ਆਜ਼ਾਦੀ ਦਾ
ਤੂੰ ਵੇਖ ਲਵੀਂ “ਬਾਦਲ”, ਪਿੰਜਰੇ ‘ਚ ਕਿਤੇ ਫਸ ਕੇ।

ਅਜ਼ੀਮ ਸ਼ੇਖਰ - ਦੋ ਗ਼ਜ਼ਲਾਂ

ਗ਼ਜ਼ਲ

ਵਕਤ ਪਾ ਕੇ ਉਲਝਣਾਂ, ਜੀਣਾ ਸਦਾ ਮੁਸ਼ਕਿਲ ਕਰੇ।
ਜ਼ਿੰਦਗੀ ਨੂੰ ਅਲਵਿਦਾ ਲਈ, ਫੇਰ ਵੀ ਨਾਂ ਦਿਲ ਕਰੇ।
ਭੀੜ ਅੰਦਰ ਹਾਂ ਇਕੱਲੇ, ਫਿਰ ਵੀ ਲੱਗਣ ਮਹਿਫਲਾਂ,
ਗੁੰਮ-ਸ਼ੁਦਾ ਪਰਛਾਵਿਆਂ ਨੂੰ, ਦਿਲ ਜਦੋਂ ਸ਼ਾਮਿਲ ਕਰੇ।
ਸਾਡੇ ਮਸਤਕ ਸੌ ਲਕੀਰਾਂ, ਫੇਰ ਵੀ ਲੱਗੀਏ ਉਦਾਸ ,
ਇੱਕੋ ਬਿੰਦੀ ਮੱਥੇ ਉਸਦੇ, ਫੇਰ ਵੀ ਝਿਲਮਿਲ ਕਰੇ।
ਜ਼ਿੰਦਗੀ ਪਰਤੀਤ ਹੋਵੇ, ਪਰਤਦੀ ਦਰ ‘ਤੋਂ ਉਦੋਂ ,
ਜਦੋਂ ਮਹਿਰਮ ਆੳਣ ਮਗਰੋਂ, ਮੁੜਣ ਦੀ ਕਾਹਲ ਕਰੇ।
ਬਦਲੀਆਂ ਰੁੱਤਾਂ ਅਨੇਕਾਂ, ਪਰ ਉਡੀਕੇ ਦਿਲ ਸਦਾ ,
ਪੱਥਰਾਂ ਨੂੰ ਰੁੱਤ ਜੇਹੜੀ, ਜਿਉਣ ਦੇ ਕਾਬਿਲ ਕਰੇ।
ਪਾਰਦਰਸ਼ੀ ਸ਼ੀਸਿ਼ਆਂ ਵਿੱਚ, ਗੀਤ ਸੀ ਖ਼ਸ਼ਬੋ ਜਿਹੇ,
ਵਕਤ ਨੇ ਜੋ ਜ਼ੀਰ ਲਏ, 'ਸ਼ੇਖਰ' ਕਿਵੇਂ ਹਾਸਿਲ ਕਰੇ।
-------------------------------------
ਗ਼ਜ਼ਲ

ਵੇਖਕੇ ਪੌਣਾਂ ਦੀ ਹਲਚਲ, ਪਰਖਕੇ ਖੰਭਾਂ ਦੀ ਜਾਨ।
ਆਖਰੀ ਦਮ ਤੀਕ ਭਰਨੀ, ਅੰਬਰੀਂ ਲੰਮੀ ਉਡਾਨ ।
ਪੱਥਰਾਂ ‘ਤੇ ਨਾਮ ਲਿਖਕੇ, ਕਦਰ ਪਾਵੇਗਾ ਜਹਾਨ,
ਵੇਚਦਾ ਨਹੀਂ ਸ਼ਖ਼ਸ ਜੇਹੜਾ, ਜਿਉਂਦਿਆਂ ਤੀਕਰ ਈਮਾਨ।
ਸੁਪਨਿਆਂ ਦੇ ਫਾਸਲੇ ਸਭ, ਮਿਟਣ ਲਗਦੇ ਨੇ ਜਦੋਂ,
ਛਲਕਦਾ ਜ਼ਜ਼ਬਾਤ ਹੋਵੇ, ਥਿਰਕਦੀ ਹੋਵੇ ਜ਼ੁਬਾਨ।
ਨਜ਼ਰ ਦਾ ਪਾਸਾਰ ਸਿਮਟੇ, ਸਿਰਫ ਉਸ ਤੀਕਰ ਰਹੇ,
ਵੇਖਦੇ ਹੀ ਸਾਰ ਜਿਸ ਨੂੰ, ਉਲਝਣਾਂ ਹੋਵਣ ਆਸਾਨ।
ਜਾਣ ਵੇਲੇ ਯਾਦ ਕਰਕੇ, ਕਰਨੀਆਂ ਬੰਦ ਖਿੜਕੀਆਂ,
ਨਹੀਂ ਤਾਂ ਮਜ਼ਬੂਰ ਹੋ ਕੇ, ਜਾਗਦਾ ਰਹਿੰਦੈ ਮਕਾਨ।
ਸੀਨੇ ਅੰਦਰ ਸਾਂਭ ਲਈਆਂ, ਨਾਲ ਹੀ ਯਾਦਾਂ 'ਅਜ਼ੀਮ',
ਤੁਰ ਪਏ ਪਰਦੇਸ ਜਿਸ ਦਿਨ, ਬੰਨ੍ਹਕੇ ਲੋਕੀਂ ਸਾਮਾਨ।

Sunday, October 26, 2008

ਅਜ਼ੀਮ ਸ਼ੇਖਰ - ਗ਼ਜ਼ਲ

ਦੋਸਤੋ! ਗ਼ਜ਼ਲਗੋ ਅਜ਼ੀਮ ਸ਼ੇਖਰ ਜੀ ਨੇ ਇੱਕ ਖ਼ੂਬਸੂਰਤ ਗ਼ਜ਼ਲ ਨਾਲ਼ ਪਹਿਲੀ ਹਾਜ਼ਰੀ ਲਵਾਈ ਹੈ। ਉਹਨਾਂ ਨੂੰ 'ਆਰਸੀ' ਤੇ ਖ਼ੁਸ਼ਆਮਦੀਦ!


ਗ਼ਜ਼ਲ
ਬਿਰਹਣ ਪੌਣਾਂ ਬਣ ਕੇ, ਸਾਵਣ ਆਈਆਂ ਨੇ ।
ਲੰਘੀ ਰੁੱਤ ਦਾ ਸੋਗ, ਮਨਾਵਣ ਆਈਆਂ ਨੇ ।
ਦਿਲ ਦੇ ਵਿਹੜੇ ਆਉਣ, ਆਵਾਜਾਂ ਲਗਦਾ ਹੈ,
ਵਿਧਵਾ ਰੀਝਾਂ ਵਕਤ ਲੰਘਾਵਣ ਆਈਆਂ ਨੇ।
ਹੋਰ ਕਰੋ ਨਾਂ ਸ਼ੋਰ, ਹਵਾਓ ਬਿਰਖਾਂ ‘ਤੇ ,
ਮਸਾਂ-ਮਸਾਂ ਕੁਝ ਚਿੜੀਆਂ ਗਾਵਣ ਆਈਆਂ ਨੇ ।
ਮੁਸਕਾਨਾਂ ਦਾ ਹੋਠੀਂ ਮਿਲਣਾ ਲੱਗੇ ਜਿਵੇਂ ,
ਧੀਆਂ ਪੇਕੇ ਤੀਆਂ ਲਾਵਣ ਆਈਆਂ ਨੇ ।
ਰਿਹਾ ਭੁਲੇਖਾ ਏਹੋ, ਅਕਸਰ ਕਣੀਆਂ ਨੂੰ,
ਕਿ ਉਹ ਖੂਹ ਦੀ, ਪਿਆਸ ਮਿਟਾਵਣ ਆਈਆਂ ਨੇ।
ਸੁੰਨੇ ਘਰ ਨੂੰ ਦਸਤਕ, ਸੁਣਕੇ ਲੱਗੇ ਜਿਵੇਂ,
ਕੁੜੀਆਂ ਚਿੜੀਆਂ ਕਿੱਕਲੀ ਪਾਵਣ ਆਈਆਂ ਨੇ।
"ਸ਼ੇਖਰ" ਦੇ ਪਿੰਡ ਦੇ ਕੇ, ਲਾਲਚ ਛਾਵਾਂ ਦਾ,
ਬਿਰਖਾਂ ਨੂੰ ਕੁਝ ਕਿਰਨਾਂ, ਖਾਵਣ ਆਈਆਂ ਨੇ ।

Saturday, October 25, 2008

ਡਾ: ਕੌਸਰ ਮਹਿਮੂਦ - ਕਾਫ਼ੀ

ਕਾਫ਼ੀ
ਸਈਓ ਅਸੀਂ ਮੱਕੇ ਜਾ ਕੇ ਰੁੱਲੇ
ਗੰਗਾ ਜਮਨੀ ਸੁੱਚੇ ਮੋਤੀ
ਸੱਕ ਰੋੜਾਂ ਸੰਗ ਤੁੱਲੇ
ਸਈਓ ਅਸੀਂ ਮੱਕੇ ਜਾ ਕੇ ਰੁੱਲੇ
ਸਾਡੇ ਵਿਹੜੇ ਮਰੂਆ ਖਿੜਿਆ
ਚਾਰੇ ਕੁੰਟਾਂ ਦੇ ਵਿੱਚ ਜਾਂਦੇ
ਖ਼ੁਸ਼ਬੋਆਂ ਦੇ ਬੁੱਲੇ
ਸਈਓ ਅਸੀਂ ਮੱਕੇ ਜਾ ਕੇ ਰੁੱਲੇ
ਦੁੱਖਾਂ ਦਰਦਾਂ ਨੇ ਹੱਡ ਗਾਲ਼ੇ
ਜੋਬਨ ਰੂਪ ਦਾ ਸੋਨਾ ਚਾਂਦੀ
ਹੱਥੀਂ ਪਾਇਆ ਚੁੱਲ੍ਹੇ
ਸਈਓ ਅਸੀਂ ਮੱਕੇ ਜਾ ਕੇ ਰੁੱਲੇ
ਕੋਈ ਨਾ ਸਾਡਾ ਜਾਣੂੰ ਓਥੇ
ਨਿੱਤ ਦਰਗਾਹੋਂ ਦੁਰ-ਦੁਰ ਸੁਣਦੇ
ਬੇ-ਕਦਰੇ ਬੇ-ਮੁੱਲੇ
ਸਈਓ ਅਸੀਂ ਮੱਕੇ ਜਾ ਕੇ ਰੁੱਲੇ

ਤਨਦੀਪ 'ਤਮੰਨਾ' - ਨਜ਼ਮ

ਰੰਗਾਂ ਦਾ ਕੋਲਾਜ

ਝੜਨ ਤੋਂ ਪਹਿਲਾਂ

ਪੱਤਝੜ ਰੁੱਤੇ

ਪੀਲੇ, ਗੁਲਾਬੀ, ਦਾਲਚੀਨੀ ਰੰਗੇ

ਪੱਤਿਆਂ ਨੇ

ਕੁੱਝ ਕਿਹਾ ਤਾਂ ਹੈ

ਕਿ ਫੇਰ ਆਵਾਂਗੇ

ਬਹਾਰ ਰੁੱਤੇ

ਹਰਿਆਵਲ ਲੈ ਕੇ

ਫੁੱਟਾਂਗੇ

ਏਸੇ ਰੁੱਖ ਦੀਆਂ ਟਾਹਣੀਆਂ ਚੋਂ

ਕਦੇ ਸਾਨੂੰ

ਚਾਨਣੀ ਰਾਤੇ

ਰਾਤ ਦੇ ਪਹਿਲੇ ਪਹਿਰੇ

ਨੂਰੋ-ਨੂਰ ਹੁੰਦਿਆਂ ਦੇਖੀਂ

ਫੇਰ ਆਵਾਂਗੇ

ਸਾਂਭ ਰੱਖੀਂ

ਓਦੋਂ ਤੀਕਰ ਸਾਡੀ

ਗੁਲਾਬੀ ਜਿਹੀ ਯਾਦ

ਅੱਥਰੂ ਨਾ ਵਹਾਈਂ

ਬੱਸ ਰੁੱਖ ਨੂੰ ਜਾ

ਗਲਵੱਕੜੀ ਪਾਵੀਂ

ਸਮਝ ਲਵੀਂ

ਰਿਸ਼ਤਿਆਂ ਦੇ

ਰੰਗਾਂ ਦੀ,

ਖ਼ੁਸ਼ਬੂ ਦੀ ਕੀਮਤ

ਫੇਰ ਆਵਾਂਗੇ

ਹਰਿਆਵਲ ਲੈ ਕੇ

ਪਰ...

ਅਗਲੀ ਬਹਾਰ ਰੁੱਤੇ

ਤੇਰੀਆਂ ਅੱਖਾਂ

ਦੋ ਨਰਗਿਸੀ ਫੁੱਲ

ਖਿੜੇ ਦੇਖਣੇ ਚਾਹੁੰਦੇ ਹਾਂ!!

ਗੁਰਦਰਸ਼ਨ 'ਬਾਦਲ' - ਗ਼ਜ਼ਲ

ਯੁੱਧ ਸੋਚਾਂ ਦਾ ਸੀ ਭਾਵੇਂ...

ਯੁੱਧ ਸੋਚਾਂ ਦਾ ਸੀ ਭਾਵੇਂ, ਯਾਤਰੀ ਦੇ ਨਾਲ਼-ਨਾਲ਼।

ਚਲ ਰਹੇ ਸੁਪਨੇ ਸੀ ਫਿਰ ਵੀ, ਪਾਲਕੀ ਦੇ ਨਾਲ਼-ਨਾਲ਼।

ਹੋਰ ਵੀ ਘੇਰਾ ਸੁਹੱਪਣ ਦਾ, ਬਹੁਤ ਵਧਦਾ ਤਦੋਂ,

ਸੁਹਜ ਵੀ ਜੇ ਕੋਲ਼ ਹੁੰਦਾ, ਸਾਦਗੀ ਦੇ ਨਾਲ਼-ਨਾਲ਼।

ਮਨ ਬੜਾ ਚੰਚਲ, ਟਿਕਾਅ ਦੇ ਵਿਚ ਨਹੀਂ ਆਉਂਦਾ ਕਦੇ,

ਕੁੱਲ ਦੁਨੀਆਂ ਘੁੰਮ ਆਵੇ, ਆਰਤੀ ਦੇ ਨਾਲ਼-ਨਾਲ਼।

ਮਨ ਅਤੇ ਚਿਹਰਾ ਪੜ੍ਹੇ ਜਾਂਦੇ ਸਦਾ ਇੱਕੋ ਸਮੇਂ,

ਜੇ ਕੁਈ ਪੁਸਤਕ ਵੀ ਖੁਲ੍ਹਦੀ, ਆਰਸੀ ਦੇ ਨਾਲ਼-ਨਾਲ਼।

ਇਕ ਰਹੀ ਓਡੀ ਦੀ ਓਡੀ, ਇਕ ਤੇ ਜੋਬਨ ਆ ਗਿਆ,

ਵਧ ਸਕੀ ਨਾ ਕੋਈ ਗੁੜੀਆ, ਬਾਲੜੀ ਦੇ ਨਾਲ਼-ਨਾਲ਼।

ਨੇੜਤਾ ਇਨਸਾਨ ਨੇ ਖ਼ੁਸ਼ੀਆਂ ਥੀਂ ਚਾਹੀ ਰੱਖਣੀ,

ਪਰ ਹਨੇਰਾ ਵੀ ਰਿਹਾ ਹੈ, ਚਾਨਣੀ ਦੇ ਨਾਲ਼-ਨਾਲ਼।

ਬਣ ਗਿਆ ਸ਼ਾਇਰ ਉਹੀ, ਤੇ ਨਾਮ ਬਾਦਲ ਧਰ ਲਿਆ,

ਸ਼ਿਅਰ ਜੋ ਕਹਿੰਦਾ ਰਿਹਾ, ਦੀਵਾਨਗੀ ਦੇ ਨਾਲ਼-ਨਾਲ਼।

Friday, October 24, 2008

ਸ਼ਿਵਚਰਨ ਜੱਗੀ ਕੁੱਸਾ - ਨਜ਼ਮ

ਮੈਂ ਆਵਾਂਗਾ!
ਮੈਨੂੰ ਵਿਸ਼ਵਾਸ਼ ਹੈ
ਤੂੰ ਲੱਭਦੀ ਰਹੀ ਹੋਵੇਂਗੀ
ਮੇਰੀ ਸੂਰਤ ਥਾਂ ਥਾਂ!
ਤੱਕਦੀ ਰਹੀ ਹੋਵੇਂਗੀ,
ਮੇਰੇ ਪਿੰਡ ਦੇ ਰਸਤੇ!
ਦੇਖਦੀ ਰਹੀ ਹੋਵੇਂਗੀ,
ਮੇਰੇ ਪਿੰਡ ਦੀਆਂ ਬੱਸਾਂ!
ਉਡੀਕਦੀ ਰਹੀ ਹੋਵੇਂਗੀ,
ਮੇਰੇ ਪੈਰਾਂ ਦੀ ਚਾਲ!
ਪੁੱਛਦੀ ਰਹੀ ਹੋਵੇਂਗੀ,
ਮੇਰੇ ਹਾਣੀਆਂ ਤੋਂ,
ਮੇਰਾ ਥਾਂ ਟਿਕਾਣਾ!
ਕਦੇ ਰੋਈ ਵੀ ਹੋਵੇਂਗੀ ਜ਼ਰੂਰ,
ਮੈਨੂੰ ਯਾਦ ਕਰਕੇ?
ਸੋਚਿਆ ਵੀ ਹੋਵੇਗਾ,
ਕਿ ਮੈਂ ਖੁਦਗਰਜ਼ ਹਾਂ?
ਮੇਰੇ ਤੁਰ ਜਾਣ ਤੋਂ ਬਾਅਦ,
ਉਦਾਸੀ ਨੇ ਸਾੜੀਆਂ ਹੋਣਗੀਆਂ,
ਤੇਰੇ ਦਿਲ ਦੀਆਂ ਬਰੂਹਾਂ!
ਸੁਲਗਦਾ ਰਿਹਾ ਹੋਵੇਗਾ,
ਕੋਈ ਲਾਵਾ,
ਤੇਰੀ ਛਾਤੀ ਅੰਦਰ!
ਫ਼ੱਟੜ ਹੋਏ ਹੋਣਗੇ,
ਤੇਰੇ ਅਰਮਾਨ!
ਕਈ ਆਪਣਿਆਂ ਨਾਲ,
ਕਰਦੀ ਰਹੀ ਹੋਵੇਂਗੀ,
ਦੁੱਖ ਸਾਂਝਾ!
ਚੁੰਮਦੀ ਰਹੀ ਹੋਵੇਂਗੀ
ਬੱਚਿਆਂ ਨੂੰ,
ਮੇਰੇ ਹੀ ਬਹਾਨੇ!
ਰੋਜ਼ਾਨਾ ਦੀ ਡਾਕ ਵਿਚ
ਉਡੀਕਦੀ ਰਹੀ ਹੋਵੇਂਗੀ,
ਮੇਰਾ ਹੀ ਖ਼ਤ!
ਲੱਭਦੀ ਰਹੀ ਹੋਵੇਂਗੀ
ਟਿੱਬਿਆਂ ਵਿਚ, ਸੱਸੀ ਵਾਂਗ,
ਮੇਰੀ ਹੀ ਪੈੜ!
ਤੂੰ ਵਿਸ਼ਵਾਸ਼ ਕਰੀਂ,
ਮੈਂ ਜ਼ਰੂਰ ਆਵਾਂਗਾ!!
ਫਿਰ ਸਕੂਲ ਵਾਲੀ
ਉਸੇ ਗਲੀ ਵਿੱਚੋਂ,
ਹਾਸਿਆਂ ਦੀਆਂ ਪੌਣਾਂ ਵਗਣਗੀਆਂ!
ਗਾਵੇਗਾ ਤੇਰੇ ਘਰ ਦੇ ਵਿਹੜੇ ਦਾ,
ਉਹੀ ਦਰੱਖਤ!
ਤੇਰਾ ਭੋਲਾ ਜਿਹਾ ਦਿਲ
ਫਿਰ ਚਾਂਭੜ੍ਹਾਂ ਮਾਰੇਗਾ!
ਮੈਨੂੰ ਅਚਾਨਕ ਦੇਖ,
ਖਿੜ ਉਠੇਗਾ ਤੇਰਾ ਹੁਸੀਨ ਚਿਹਰਾ!
ਤੇਰੇ ਪੰਖੜੀਆਂ ਬੁੱਲ੍ਹ,
ਫਿਰ ਮੁਸਕਰਾਉਣਗੇ!
ਤੇਰੇ ਨੈਣ ਭਰਨਗੇ
ਘੁੱਟਾਂ ਮੋਹ ਭਰੀਆਂ!
ਪਰ ਇੱਕ ਗੱਲ ਸੀਨਾ ਚੀਰੇਗੀ ਤੇਰਾ!
ਕਿ ਮੈਂ ਸ਼ਾਦੀ ਸੁ਼ਦਾ,
ਬੱਚਿਆਂ ਦਾ ਬਾਪ ਹਾਂ!!
ਕਿਸੇ ਬੇਕਿਰਕ ਅੰਗਿਆਰ ਵਾਂਗ
ਦੁਨੀਆਂ ਇਹ ਨਹੀਂ ਤੱਕਦੀ,
ਕਿ ਫੁੱਲ ਪੱਤੀਆਂ
ਕਿੰਨੇ ਕੋਮਲ ਅਤੇ ਨਾਜ਼ੁਕ ਹਨ!
ਆਖਰ ਪੱਤੀਆਂ ਨੂੰ
ਸੜਨਾ ਹੀ ਕਿਉਂ ਪੈਂਦਾ ਹੈ?
ਸ਼ਾਇਦ ਆਪਣੀ ਵੀ ਕਿਸਮਤ
ਇਹੋ ਜਿਹੀ ਹੀ ਹੈ!!
ਇੱਕੋ ਬਾਗ ਵਿਚ ਖਿੜੇ ਫੁੱਲ,
ਆਪਣੀ ਕਿਸਮਤ,
ਕਿਉਂ ਵੱਖੋ ਵੱਖਰੀ ਲਿਖਾ ਕੇ ਲਿਆਉਂਦੇ ਹਨ?
ਕੋਈ ਅਰਥੀ 'ਤੇ ਸੁੱਟਿਆ ਜਾਂਦਾ ਹੈ!
ਕੋਈ ਰੱਬ ਦੀ ਹਜ਼ੂਰੀ ਵਿਚ ਚੜ੍ਹਦਾ ਹੈ!
ਕੋਈ ਲਾੜੇ ਦੇ ਗਲ ਦਾ ਸ਼ਿੰਗਾਰ ਬਣਦਾ ਹੈ!
ਕੋਈ ਕਿਸੇ ਬੁੱਤ 'ਤੇ ਟੰਗਿਆ ਜਾਂਦਾ ਹੈ!
ਕੋਈ ਤੋੜ ਕੇ,
ਖੁਸ਼ਬੂ ਲੈ ਕੇ,
ਸੁੱਟ ਦਿੱਤਾ ਜਾਂਦਾ ਹੈ!
ਬੇਕਿਰਕ ਲੋਕਾਂ ਦੇ ਪੈਰਾਂ ਹੇਠ ਮਿੱਧਣ ਲਈ!!
ਹੁੰਦੇ ਤਾਂ ਸਾਰੇ ਫੁੱਲ ਹੀ ਨੇ,
ਇੱਕੋ ਬਾਗ ਵਿਚ ਪੈਦਾ ਹੋਏ!!!