-----
ਅੱਜ ਉਹਨਾਂ ਨੇ ਫ਼ੋਨ ਕਰਕੇ ਆਰਸੀ ਲਈ ਆਸ਼ੀਰਵਾਦ ਭੇਜਿਆ ਹੈ, ਮੈਂ ਰਾਮਪੁਰੀ ਸਾਹਿਬ ਦੀ ਤਹਿ-ਦਿਲੋਂ ਧੰਨਵਾਦੀ ਹਾਂ। ਅਸੀਂ ਆਰਸੀ ਪਰਿਵਾਰ ਵੱਲੋਂ ਉਹਨਾਂ ਦੀ ਸਿਹਤਯਾਬੀ ਲਈ ਦੁਆ ਕਰਦੇ ਹੋਏ, ਉਹਨਾਂ ਦੁਆਰਾ ਰਚਿਤ ਬੇਹੱਦ ਖ਼ੂਬਸੂਰਤ 18 ਦੋਹਿਆਂ ਨਾਲ਼ ਜਨਮ-ਦਿਨ ਦੀਆਂ ਮੁਬਾਰਕਾਂ ਦੇ ਰਹੇ ਹਾਂ....ਆਮੀਨ! ਅਠਾਰਾਂ ਦੋਹੇ ਹੀ ਕਿਉਂ, ਇਸਦਾ ਜਵਾਬ ਤੁਹਾਨੂੰ ਆਰਸੀ ਛਿਲਤਰਾਂ ਸਰਗੋਸ਼ੀਆਂ ‘ਤੇ ਮਿਲ਼ੇਗਾ, ਉੱਥੇ ਵੀ ਫੇਰੀ ਜ਼ਰੂਰ ਪਾਓ ਜੀ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
*******
ਦੋਹੇ
ਅਣਵੰਡਿਆ ਬ੍ਰਹਿਮੰਡ ਹੈ ਧਰਤੀ ਲੀਕ ਨਾ ਮਾਰ।
ਪਹਿਲਾਂ ਰੱਖ ਦਰਵਾਜੜਾ ਜੇ ਪਾਵੇਂ ਦੀਵਾਰ।
=====
ਟੀਚੇ ‘ਤੇ ਪਹੁੰਚਣ ਲਈ ਭੀੜ ਸਦਾ ਨਾ ਭਾਲ਼।
ਚਾਰ ਸਿਆਣੇ ਬਹੁਤ ਨੇ ਬੈਠ ਉਨ੍ਹਾਂ ਦੇ ਨਾਲ਼।
=====
ਸੁਣ ਸਭ ਨੂੰ ਆਦਰ ਸਹਿਤ ਛਾਣ ਅਸੂਲ ਤੇ ਕੂੜ।
ਇੱਕੋ ਕਿੱਲੇ ਸਦਾ ਲਈ ਸੋਚ ਕਦੇ ਨਾ ਨੂੜ।
=====
ਸਦੀਆਂ ਸੁੱਤੇ ਕਣਾਂ ਨੂੰ ਇੱਕ ਪਲ ਦੇਂਦਾ ਛੇੜ।
ਕੋਮਲ ਤੂਈ ਰੇਸ਼ਮੀ ਪਰਬਤ ਪਈ ਤਰੇੜ।
=====
ਗਿਆਨੀ ਦਾਅਵੇ ਨਾ ਕਰੇ, ਗਿਆਨੀ ਸਦ ਨਿਰਮਾਣ।
ਮੈਂ ਸਭ ਕੁਝ ਹਾਂ ਜਾਣਦਾ ਕਹੇ ਸਿਰਫ਼ ਅਨਜਾਣ।
=====
ਗਿਆਨੀ ਸਰਲ ਸੁਣਾਉਂਦਾ, ਸਿੱਧੜ ਔਖੇ ਬੋਲ।
ਕਿਉਂ ਤਾਣੀ ਉਲ਼ਝਾ ਰਿਹਾ, ਸ਼ਬਦੀਂ ਗੰਢਾਂ ਖੋਲ੍ਹ।
=====
ਜਿਸ ਆਗੂ ਨੂੰ ਆਪ ਨਹੀਂ ਮੰਜ਼ਿਲ ਬਾਰੇ ਗਿਆਨ।
ਉਸ ਅੰਨ੍ਹੇ ਤੋਂ ਦੂਰ ਹੀ ਰਹਿੰਦੇ ਚਤਰ ਸੁਜਾਨ।
=====
ਕਥਨ ਪਰਾਈ ਰੌਸ਼ਨੀ ਥੋੜਾ ਸਕੀ ਸੁਆਰ।
ਰਾਹ ਉਦੋਂ ਹੀ ਲੱਭਿਆ ਜਦ ਰਿਦੇ ਪਈ ਲਿਸ਼ਕਾਰ।
=====
ਗੀਤ ਗਿਆਨ ਗ੍ਰੰਥ ਪੜ੍ਹ ਗੁੜ੍ਹ ਕੇ ਮੱਥਾ ਟੇਕ।
ਅੰਧ ਵਿਸ਼ਵਾਸੋਂ ਸੌ ਗੁਣਾ ਚੰਗਾ ਹਈ ਵਿਵੇਕ।
=====
ਅੰਤਕਰਨ ਜੋ ਬੋਲਦਾ ਉਸ ਤੇ ਜੋੜ ਧਿਆਨ।
ਪਿੱਛੋਂ ਪੜ੍ਹ ਕੀ ਆਖਦੇ ਵੇਦ ਗ੍ਰੰਥ ਕ਼ੁਰਾਨ।
=====
ਕਿੰਨਾ ਕੁੱਝ ਤੂੰ ਪੜ੍ਹ ਲਿਆ, ਹੈਂ ਡਾਢਾ ਗੁਣਵਾਨ।
ਅੰਦਰ ਝਾਤੀ ਮਾਰ ਹੁਣ ਹੋਵੇ ਅਸਲ ਗਿਆਨ।
=====
ਗਿਆਨ ਚੰਗੇਰਾ ਰਟਨ ਤੋਂ ਹੋਏ ਇਕਾਗਰ ਚਿੱਤ।
ਕਾਰਜ ਕਰ ਇੱਛਾ ਬਿਨਾਂ ਸ਼ਾਂਤ ਰਹੇਗਾ ਚਿੱਤ।
=====
ਜੇ ਵਰਤੋ ਖੁੰਢੀ ਹੋਈ ਕੈਂਚੀ ਕਰਦ ਕਟਾਰ।
ਵਰਤੋ, ਤਿੱਖੀ ਹੋਏਗੀ ਗਿਆਨ ਹੈ ਉਹ ਤਲਵਾਰ।
=====
ਸੋਚ ਸਿਆਣਪ ਜੋ ਕਹੇ ਧਰ ਤੂੰ ਉਸ ਤੇ ਕੰਨ।
ਭੀੜ ਜੋ ਉੱਚੀ ਬੋਲਦੀ, ਛਾਣ ਪਰਖ ਹੀ ਮੰਨ।
=====
ਤਿਣਕੇ ਸਾਂਭ ਗਿਆਨ ਦੇ ਕਰ ਝੋਲ਼ੀ ਭਰਪੂਰ।
ਚਮਕੇ ਤੇਰੇ ਆਲ੍ਹਣੇ ਮੱਸਿਆ ਨੂੰ ਵੀ ਨੂਰ।
=====
ਸੂਰਜ ਡੁੱਬੇ ਸ਼ਾਮ ਨੂੰ ਚੜ੍ਹਨ ਸਿਤਾਰੇ ਚੰਦ।
ਨੂਰ ਗਿਆਨ ਦਾ ਸਿਮਰ ਤੂੰ ਅਮਲ ‘ਚ ਹੈ ਆਨੰਦ।
=====
ਦਾਅਵਾ ਹੈ ਪੈਗ਼ਾਮ ਦਾ, ਗ਼ਰਜ਼ ਬਣੀ ਇਲਹਾਮ।
ਘੜ ਕੇ ਆਪ ਕਹਾਣੀਆਂ, ਬਣਿਆ ਫਿਰੇ ਇਮਾਮ।
=====
ਧੂਤੂ-ਬਾਂਗਾਂ ਸੈਂਕੜੇ, ਦੇਖ ਧਰਮ ਦੇ ਟ੍ਹੌਰ।
ਰੌਲ਼ੇ ਦੇ ਹੜ੍ਹ ਡੁੱਬਿਆ, ਮੇਰਾ ਸ਼ਹਿਰ ਲਹੌਰ।