ਪੰਜਾਬੀ ਦੇ ਤ੍ਰੈਮਾਸਿਕ ‘ਜ਼ਮੀਨ’ ਦੇ ਅਪ੍ਰੈਲ-ਜੂਨ 2010 ਅੰਕ ਵਿਚ ਕੰਵਲਜੀਤ ਢੁੱਡੀਕੇ (ਜਿਹਨਾਂ ਦੀਆਂ ਪੰਜਾਬ ਤੋਂ ਆਈਆਂ ਖ਼ਬਰਾਂ ਵੈਨਕੂਵਰ ਦੇ ਇਕ ਸਥਾਨਕ ਰੇਡੀਓ ਸਟੇਸ਼ਨ ਤੋਂ ਬਰਾਡਕਾਸਟ ਹੁੰਦੀਆਂ ਨੇ) ਦੀ ਨਵੀਂ ਕਾਵਿ ਪੁਸਤਕ ‘ਕੂੰਜਾਂ’ ਦੇ ਹਵਾਲੇ ਨਾਲ ਉਸ ਪੁਸਤਕ ਵਿਚੋਂ ਹੇਠ ਲਿਖੀ ਕਵਿਤਾ ਪ੍ਰਮਿੰਦਰਜੀਤ ਦੇ ਇਸ ਕਥਨ ਨਾਲ ਛਪੀ ਹੈ: ........
“....ਇਹ ਕਾਵਿ-ਦ੍ਰਿਸ਼ ਬੇਸ਼ਕ ਹੁਣ ਚੇਤਿਆਂ ਵਿਚ ਹੀ ਮਹਿਫ਼ੂਜ਼ ਹੈ ਪਰ ਇਸ ਵਿਚ ਸਿਮਰਿਤੀਆਂ ਦੀ ਤਪਸ਼ ਮੌਜੂਦ ਹੈ...”
ਜਸਬੀਰ ਮਾਹਲ
ਸਰੀ, ਕੈਨੇਡਾ
*****
ਦੋਸਤੋ! ਸਰੀ, ਕੈਨੇਡਾ ਵਸਦੇ ਕਵੀ ਜਸਬੀਰ ਮਾਹਲ ਜੀ ਨੇ ਕੰਵਲਜੀਤ ਢੁੱਡੀਕੇ ਜੀ ਦੀ ਇਕ ਬੇਹੱਦ ਖ਼ੂਬਸੂਰਤ ਨਜ਼ਮ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਲਈ ਭੇਜੀ ਹੈ, ਮੈਂ ਮਾਹਲ ਸਾਹਿਬ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਕੰਵਲਜੀਤ ਜੀ ਬਾਰੇ ਜਿਉਂ ਹੀ ਹੋਰ ਜਾਣਕਾਰੀ ਜਾਂ ਉਹਨਾਂ ਦੀ ਫ਼ੋਟੋ ਪ੍ਰਾਪਤ ਹੋਈ ਤਾਂ ਅਪਡੇਟ ਕਰ ਦਿੱਤੀ ਜਾਏਗੀ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
----
ਮੈਂ ਕਿੰਜ ਆਵਾਂਗਾ
ਨਜ਼ਮ
ਤੁਰਨ ਲੱਗੇ ਨੂੰ ਦੋਸਤ ਤਾਕੀਦ ਕਰਦੇ ਨੇ
ਅਗਲੀ ਵਾਰ ਆਇਆ ਤਾਂ
ਲੈ ਕੇ ਆਵੀਂ ਮੌਸਮ ਦੀ ਸੁਗੰਧ ਦਾ ਇਕ ਚੱਪਾ
ਲਿੱਪੇ ਘਰ ਦੀ ਖ਼ੁਸ਼ਬੋ
ਹਲ਼ਾਂ ਦੇ ਗੀਤ
ਘਿਓ ਦੇ ਤੜਕੇ ਦੀ ਮਹਿਕ
ਧਰਤੀ ਦੇ ਕਿਣਕੇ
ਬੇਬੇ ਦੀ ਲੰਮੀ ਹੇਕ ਦੇ ਗੀਤ
ਕੱਚੇ ਕੋਠਿਆਂ ਦੀਆਂ ਤਸਵੀਰਾਂ
ਘਰ ਦੇ ਮੱਖਣ ਦੀ ਮਹਿਕ
ਮਧਾਣੀ ਦੀ ਲੈਅ ਨਾਲ ਪਾਠ ਕਰਦੀ ਬੇਬੇ ਦੀ ਯਾਦ
ਬਾਹਰਲੇ ਘਰੋਂ ਆਉਂਦੀ ਗੋਹੇ ਦੀ ਮੁਸ਼ਕ
ਰੂੜੀਆਂ ’ਤੇ ਉੱਗੀ ਇਟਸਿੱਟ ਦੀ ਯਾਦ…
..............
ਮਨ ’ਚ ਸੋਚਦਾ ਹਾਂ
ਆਗਲੀ ਵਾਰ ਆਇਆ
ਤਾਂ ਕਿੰਜ ਆਵਾਂਗਾ…