ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਅਸ਼ਰਫ਼ ਮੀਆਂ. Show all posts
Showing posts with label ਅਸ਼ਰਫ਼ ਮੀਆਂ. Show all posts

Tuesday, December 9, 2008

ਅਸ਼ਰਫ਼ ਮੀਆਂ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਯੂ.ਐੱਸ.ਏ. ਵਸਦੇ ਉੱਘੇ ਲੇਖਕ ਸਤਿਕਾਰਤ ਸੁਰਿੰਦਰ ਸੋਹਲ ਜੀ ਨੇ ਨਿਊਯਾਰਕ ਵਸਦੇ ਇੱਕ ਹੋਰ ਸ਼ਾਇਰ ਜਨਾਬ ਅਸ਼ਰਫ਼ ਮੀਆਂ ਜੀ ਦੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਭੇਜ ਕੇ ‘ਆਰਸੀ’ ਦੇ ਪਾਠਕਾਂ /ਲੇਖਕਾਂ ਨਾਲ਼ ਉਹਨਾਂ ਦੀ ਪਹਿਲੀ ਸਾਹਿਤਕ ਸਾਂਝ ਪਵਾਈ ਹੈ। । ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਅਸ਼ਰਫ਼ ਮੀਆਂ ਜੀ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀਆਂ ਦੋ ਖ਼ੂਬਸੂਰਤ ਨਜ਼ਮਾਂ ਨੂੰ ‘ਆਰਸੀ’ ਤੇ ਪੋਸਟ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਸਤਿਕਾਰਤ ਸੋਹਲ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ!


ਮੋਬਾਇਲ ਫ਼ੋਨ


ਨਜ਼ਮ



ਮੈਂ ਆਪਣਾ ਸੈੱਲ ਫ਼ੋਨ


ਹਮੇਸ਼ਾ


ਕਮੀਜ਼ ਦੀ ਖੱਬੀ ਜੇਬ ਵਿਚ


ਦਿਲ ਦੇ ਕਰੀਬ


ਰੱਖਦਾ ਹਾਂ


ਜਦ ਵੀ ਮੇਰਾ ਦਿਲ


ਉਸ ਦੀ ਯਾਦ ਵਿਚ


ਧੜਕਣ ਲਗਦਾ ਹੈ ਤਾਂ


ਸੈੱਲ ਫ਼ੋਨ ਵੀ.....


ਫੜਫੜਾਉਣ ਲਗਦਾ ਹੈ


ਦਿਲ ਦੀ ਧੜਕਣ


ਸੈੱਲ ਫ਼ੋਨ ਦੇ


ਫੜਫੜਾਉਣ ਦੀਆਂ ਆਵਾਜ਼ਾਂ ਵਿਚ


ਮੈਨੂੰ ਉਸ ਦੀ ਆਵਾਜ਼


ਸੁਣਾਈ ਨਹੀਂ ਦਿੰਦੀ...!


=============



ਫ਼ਰਾਰ ਸ਼ਬਦ


ਨਜ਼ਮ


ਫ਼ਿਰੋਜ਼ ਸੰਨਜ਼ ਵਾਲਿਆਂ ਨੇ


ਥਾਣਾ ਸਿਵਲ ਲਾਈਨਜ਼ ਵਿਚ


ਇਤਲਾਹ ਦਿੱਤੀ


ਕਿ ਰਾਤ ਹਨੇਰੇ ਵਿਚ


ਫ਼ਿਰੋਜ਼-ਉਲ-ਲੁਗ਼ਾਤ ਵਿਚੋਂ


ਕੁਝ ਲਫ਼ਜ਼ ਫ਼ਰਾਰ ਹੋ ਗਏ ਹਨ


ਇਹ ਖ਼ਬਰ ਪੂਰੇ ਦੇਸ਼ ਵਿਚ


ਦਾਵਾਨਲ ਵਾਂਗ ਫੈਲ ਗਈ


ਬੌਧਿਕ ਤੇ ਸਾਹਿਤਕ ਹਲਕਿਆਂ ਵਿਚ


ਕੋਹਰਾਮ ਮਚ ਗਿਆ


ਨੈਸ਼ਨਲ ਲੈਂਗੁਏਜ ਅਥਾਰਟੀ ਨੇ


ਸੋਗ ਵਿਚ


ਇਕ ਮਹੀਨੇ ਵਾਸਤੇ


ਦਫ਼ਤਰ ਬੰਦ ਕਰ ਦਿੱਤਾ


ਉਰਦੂ ਸਾਇੰਸ ਬੋਰਡ ਉੱਤੇ


ਸਖ਼ਤ ਪਹਿਰਾ ਲਗਾ ਦਿੱਤਾ ਗਿਆ।



ਜਨਰਲ ਮੁਸ਼ਰਫ਼ ਨੇ


ਪੂਰੇ ਦੇਸ਼ ਦੀ ਨਾਕਾਬੰਦੀ ਦਾ


ਹੁਕਮ ਦੇ ਦਿੱਤਾ


ਸੁਪਰੀਮ ਕੋਰਟ ਦੇ ਸਾਬਕਾ ਜੱਜ


ਇਕਬਾਲ ਦੇ ਪੁੱਤਰ


ਅਤੇ ਫ਼ਿਰੋਜ਼ ਸੰਨਜ਼ ਦੇ ਜਵਾਈ


ਡਾ. ਜਾਵੇਦ ਇਕਬਾਲ ਨੂੰ


ਤਫ਼ਤੀਸ਼ੀ ਜੱਜ ਮੁਕੱਰਰ ਕਰ ਦਿੱਤਾ ਗਿਆ



ਤਫ਼ਤੀਸ਼ੀ ਜੱਜ ਨੇ ਜਦ


ਵਾਕਿਆ ਦਾ


ਯਾਨੀ ਸ਼ਬਦਕੋਸ਼ ਦਾ ਮੁਆਇਨਾ ਕੀਤਾ


ਤਾਂ ਕਈ ਸ਼ਬਦ ਮੁਰਦਾ


ਅਤੇ ਕਈ ਅੱਧ-ਮਰੀ


ਹਾਲਤ ਵਿਚ ਮਿਲੇ


ਕਈ ਲਫ਼ਜ਼ ਸੁੱਕ ਕੇ


ਕੰਡੇ ਬਣ ਗਏ ਸਨ


ਕਈ ਸ਼ਬਦਾਂ ਦੇ ਜਿਸਮਾਂ ਦੇ ਪਿੰਜਰ


ਖਿਲਰੇ ਪਏ ਸਨ


ਕੁਝ ਸ਼ਬਦਾਂ ਵਿਚੋਂ


ਬਦਬੂ ਆ ਰਹੀ ਸੀ


ਤਫ਼ਤੀਸ਼ ਕਰਨ ਵਾਲੇ ਜੱਜ ਨੇ


ਫ਼ਰਾਰ ਹੋਣ ਵਾਲੇ ਸ਼ਬਦਾਂ ਦੇ


ਆਸ ਪਾਸ ਰਹਿਣ ਵਾਲੇ ਸ਼ਬਦਾਂ ਦੇ


ਬਿਆਨ ਰਿਕਾਰਡ ਕਰ ਲਏ


ਅਤੇ ਤਫ਼ਤੀਸ਼ ਵਾਲੀ ਰਿਪੋਰਟ ਨੂੰ


** ਹਮਦੂਲ ਰਹਿਮਾਨ ਦੀ ਰਿਪੋਰਟ ਵਾਂਗ


ਦਫ਼ਤਰ ਵਿਚ ਬੰਦ ਕਰ ਦਿੱਤਾ


ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ


ਕਿ ਫ਼ਰਾਰ ਹੋਣ ਵਾਲੇ ਸ਼ਬਦਾਂ ਵਿਚ


ਇਕ


ਸ਼ਬਦ


‘ਸੱਚ’


ਵੀ ਸੀ…।



** ਬੰਗਲਾ ਦੇਸ਼ ਬਣਨ ਦੇ ਕਾਰਨ ਜਾਣਨ ਲਈ ਬਣਾਏ ਗਏ ਕਮਿਸ਼ਨ ਦਾ ਚੇਅਰਮੈਨ, ਸੁਪਰੀਮ ਕੋਰਟ ਦਾ ਜੱਜ ਹਮਦੂਲ ਰਹਿਮਾਨ। ਉਸ ਵਲੋਂ ਤਿਆਰ ਕੀਤੀ ਗਈ ਰਿਪੋਰਟ ਨੂੰ ਸਰਕਾਰੀ ਭੇਦ ਕਰਾਰ ਦਿੰਦੇ ਹੋਏ ਲੋਕਾਂ ਵਿਚ ਨਸ਼ਰ ਨਹੀ ਸੀ ਕੀਤਾ ਗਿਆ।