ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਗੁਰਿੰਦਰ ਸਿੰਘ ਕਲਸੀ. Show all posts
Showing posts with label ਗੁਰਿੰਦਰ ਸਿੰਘ ਕਲਸੀ. Show all posts

Wednesday, March 16, 2011

ਗੁਰਿੰਦਰ ਸਿੰਘ ਕਲਸੀ - ਨਜ਼ਮ

ਪਿਤਾ ਵਿਹੂਣਾ
ਨਜ਼ਮ
ਮੇਰਾ ਪਿਤਾ ਨਹੀਂ
ਬਸ ਮਾਂ ਹੀ ਹੈ
ਇਹ ਸੋਚਦਿਆਂ....
ਉਹ ਨਿੱਤ ਦਿਨ
ਹੋ ਰਿਹਾ ਹੈ ਹੋਰ ਵੀ ਤਕੜਾ
...........
ਨਿੱਕਾ ਜਿਹਾ ਉਹ ਬਾਲ
ਬੜੀ ਫੁਰਤੀ ਨਾਲ਼
ਕਰ ਦਵੇ ਘਰ ਦੇ ਸਭ ਕੰਮ-ਕਾਜ
ਚੁੱਕ ਦਵੇ ਪੂਰੇ ਜ਼ੋਰ ਨਾਲ਼
ਭਾਰੀ ਭਾਰੀ ਸਮਾਨ
ਮੇਰਾ ਪਿਤਾ ਨਹੀਂ
ਬਸ ਮਾਂ ਹੀ ਹੈ
............
ਇਹ ਸੋਚਦਿਆਂ
ਉਹ ਨਿੱਤ ਦਿਨ
ਹੋ ਰਿਹਾ ਹੈ ਹੋਰ ਵੀ ਚੁਕੰਨਾ
ਆਖ਼ਰੀ ਸਮੇਂ
ਪਿਤਾ ਦੇ ਦਿੱਤੇ ਕੁਝ ਰੁਪਈਏ ਲੈ
ਤੁਰ ਗਿਆ ਬਜ਼ਾਰ
ਤੇ ਖ਼ਰੀਦ ਲਿਆਇਆ
ਨਿੱਕੀ ਭੈਣ ਲਈ ਕਿਤਾਬਾਂ
............
ਦੁਸਹਿਰੇ ਨੂੰ ਤੁਰ ਗਿਆ
ਇਕੱਲਾ ਹੀ
ਜਲ਼ਦਾ ਹੋਇਆ ਰਾਵਣ ਦੇਖਣ
ਦੀਵਾਲੀ ਨੂੰ ਲੈ ਆਇਆ
ਬੰਬ-ਪਟਾਕੇ
ਖਿੱਲਾਂ, ਅਖਰੋਟ ਤੇ ਮਠਿਆਈਆਂ
............
ਪਿਤਾ ਦੀ ਉਂਗਲੀ ਤੋਂ ਬਾਅਦ
ਨਹੀਂ ਫੜਦਾ ਕਿਸੇ ਦੀ ਵੀ ਉਂਗਲ਼ੀ
ਸਗੋਂ
ਨਿੱਤ ਦਿਨ ਬੜਾ ਹੋ ਰਿਹਾ ਹੈ
ਉਸ ਦਾ ਅਪਣਾ ਹੱਥ
ਜਦ ਵੀ ਕਿਸੇ ਮੁਸ਼ਕਿਲ ਨਾਲ਼
ਉਹ ਲਵੇ ਦਸਤਪੰਜਾ
ਤਾਂ ਮੂੰਹੋਂ ਏਹੀ ਉਚਾਰਦਾ ਹੈ
ਮੇਰਾ ਪਿਤਾ ਨਹੀਂ
ਬਸ ਮਾਂ ਹੀ ਹੈ ॥
=====
ਅਣਸਿੱਖਿਅਤ
ਨਜ਼ਮ
ਨਹੀਂ ਮਿਲੇ ਸਾਨੂੰ
ਰੁੜ੍ਹਨਾ ਤੇ ਤੁਰਨਾ ਸਿੱਖਣ ਲਈ ਵਾੱਕਰ
ਇੰਜ ਹੀ ਸਿੱਖ ਗਏ ਤੁਰਨਾ
ਡਿਗਦਿਆਂ- ਢਹਿੰਦਿਆਂ
...........
ਰਤਾ ਹੋਸ਼ ਸੰਭਲ਼ਦਿਆਂ
ਨਹੀਂ ਮਿਲ਼ੀਆਂ ਸਾਈਕਲੀਆਂ
ਤਿੰਨ ਪਹੀਆਂ ਵਾਲ਼ੀਆਂ
ਰੰਗ-ਬਿਰੰਗੀਆਂ
ਟੱਲੀਆਂ ਵਾਲੀਆਂ
ਹਸਰਤਾਂ ਨਾਲ ਰਹੇ ਤੱਕਦੇ
ਸਾਥੀਆਂ ਨੂੰ ਖੇਡਦਿਆਂ
ਮਸਤ ਰਹੇ
ਖੇਡਣ ਵਿਚ
ਕੌਡੀਆਂ ਤੇ ਗ੍ਹੀਟੀਆਂ
..........
ਹੋਰ ਵੱਡੇ ਹੋਣ ‘ਤੇ
ਨਾ ਜੁੜਿਆ ਕੋਈ ਸਾਈਕਲ
ਘਰ ਆਏ ਪ੍ਰਾਹੁਣਿਆਂ ਤੋਂ
ਲੈ ਕੇ ਮੰਗਵੇਂ ਸਾਈਕਲ ਦੇ ਗੇੜੇ
ਸਿੱਖਦੇ ਰਹੇ ਚਲਾਉਣਾ
ਕਦੇ ਲੈ ਲੈਂਦੇ ਸਾਈਕਲ
ਕਿਰਾਏ ਉਤੇ
ਇਕ ਰੁਪਈਆ ਘੰਟਾ
ਖ਼ੁਸ਼ੀ ਖ਼ੁਸ਼ੀ ਦੁੜਾਉਂਦੇ ਫਿਰਦੇ
ਪਰ ਸਮਾਂ ਮੁੱਕਦਿਆਂ ਹੀ
ਹੋ ਜਾਂਦੇ ਅੰਤਾਂ ਦੇ ਉਦਾਸ
...........
ਨੌਕਰੀਆਂ, ਕੰਮ-ਧੰਦੇ ਲੱਗਣ ‘ਤੇ
ਖ਼ਰੀਦੇ ਅਸੀਂ ਸਕੂਟਰ ਪੁਰਾਣੇ
ਮੁਰੰਮਤ ਕਰਵਾਏ
ਤੇ ਕਈ ਕਈ ਸਾਲ ਚਲਾਏ
...........
ਹੁਣ ਪੰਜਾਹਾਂ ਨੂੰ ਟੱਪ ਕੇ ਵੀ
ਨਹੀਂ ਚਲਾ ਸਕਦੇ ਅਸੀਂ ਕਾਰ
ਹੁਣ ਕੁਝ ਸਿੱਖਣਾ ਵੀ
ਲੱਗਦਾ ਹੈ ਬੇਕਾਰ
ਨਹੀਂ ਦਿਲ ਚ ਕੋਈ ਜੋਸ਼
ਤੇ ਅੰਗਾਂ ‘ਚ ਕੋਈ ਹੋਸ਼
ਲੋੜਾਂ-ਥੁੜ੍ਹਾਂ ਦੇ ਟਾਇਰਾਂ ਹੇਠ ਪਿਸਦਿਆਂ
ਦੇਖ ਰਹੇ ਹਾਂ
ਲੋਕਾਂ ਨੂੰ ਕਾਰਾਂ ਭਜਾਉਂਦਿਆਂ ॥
=====
ਮੁਸੀਬਤਾਂ
ਨਜ਼ਮ
ਮੁਸੀਬਤਾਂ
ਗਲ਼ੀ ‘ਚ ਸਾਹਮਣਿਉਂ ਦੌੜੇ ਆਉਂਦੇ
ਕੁੱਤਿਆਂ ਵਾਂਗ ਹਨ
ਭੌਂਕਦੀਆਂ
ਹਫ਼ਦੀਆਂ ਹੋਈਆਂ
ਖ਼ੂੰਖਾਰ
ਤੇਜ਼ ਨਹੁੰਦਰਾਂ ਵਾਲ਼ੀਆਂ
.........
ਡਰਨ ਦੀ ਲੋੜ ਨਹੀਂ
ਹੱਥ ਚ ਰੱਖੋ ਲਾਠੀ
ਅਤੇ ਤੁਰਦੇ ਜਾਵੋ
ਦੌੜਦੇ ਕੱਤਿਆਂ ਵਾਂਗ
ਗੁਜ਼ਰ ਜਾਣਗੀਆਂ
ਇਹ ਕੋਲ਼ੋਂ ਦੀ
ਪਿੱਠ ਕਰ ਕੇ ਜੇ ਭੱਜੋਗੇ
ਤਾਂ
ਪਿੱਛਾ ਕਰਦੀਆਂ ਹੀ ਰਹਿਣਗੀਆਂ ॥
=====
ਪਿਤਾ
ਨਜ਼ਮ
ਬੇਟੀ ਨੱਕ ਮੂੰਹ ਚੜ੍ਹਾਉਂਦੀ
ਦੇਸੀ ਘਿਓ ਤੋਂ
ਮੱਖਣੀ ਮਲਾਈ ਤੋਂ
ਪੁਣ ਕੇ ਪੀਂਦੀ ਦੁੱਧ
ਸੁੱਕੇ ਰੱਖਦੀ ਵਾਲ਼
ਰੁੱਤ ਆਈ ਨਵੇਂ ਫੈਸ਼ਨ ਦੀ
ਕਰਦੀ ਪ੍ਰਹੇਜ਼
ਛੋਹ ਨਾ ਜਾਵੇ ਜਿਸਮ ਨੂੰ
ਕਿਤੇ ਕੋਈ ਥੰਦਿਆਈ
........
ਪਿਤਾ
ਰਸੋਈ ਵਿਚ ਚੁੱਪ-ਚੁਪੀਤੇ
ਪਾ ਦਿੰਦਾ ਹੈ ਸਬਜ਼ੀ ਵਿਚ
ਦੇਸੀ ਘਿਓ
ਜੋ ਘੁਲ਼ ਜਾਂਦਾ ਹੈ ਤਰੀ ਵਿਚ
ਪਿਤਾ ਦੇ ਪਿਆਰ ਵਾਂਗ ………

Thursday, July 1, 2010

ਗੁਰਿੰਦਰ ਸਿੰਘ ਕਲਸੀ - ਨਜ਼ਮ

ਸਾਹਿਤਕ ਨਾਮ: ਗੁਰਿੰਦਰ ਸਿੰਘ ਕਲਸੀ

ਅਜੋਕਾ ਨਿਵਾਸ: ਮੋਰਿੰਡਾ, ਰੋਪੜ ( ਪੰਜਾਬ )

ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ਰੂਹਾਂ ਦੇ ਰੰਗ, ਮੋਹ ਦੀਆਂ ਪੌਣਾਂ, ਗ਼ਾਲਿਬ ਦੀ ਕ਼ਬਰ ‘ਤੇ, ਮਨ ਦੀ ਕਾਤਰ, ਬਾਲ ਸਾਹਿਤ: ਅਸਲੀਅਤ, ਮੇਰੀ ਪੁਸਤਕ, ਦੀਪਾ ਅਤੇ ਉਸਦੀ ਦਾਦੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹਨਾਂ ਨੇ ਕੁਝ ਕਿਤਾਬਾਂ ਦੀ ਸੰਪਾਦਨਾ ਅਤੇ ਦੂਜੀਆਂ ਭਾਸ਼ਾਵਾਂ ਤੋਂ ਅਨੁਵਾਦ ਦਾ ਕੰਮ ਵੀ ਕੀਤਾ ਹੈ। ਕਲਸੀ ਸਾਹਿਬ ਤ੍ਰੈ-ਮਾਸਿਕ ਰਸਾਲਾ ‘ਰੂਪ’ ਦੇ ਮੁੱਖ ਸੰਪਾਦਕ ਹਨ।

-----

ਦੋਸਤੋ! ਕੁਝ ਮਹੀਨੇ ਪਹਿਲਾਂ ਮੋਰਿੰਡਾ ਵਸਦੇ ਲੇਖਕ ਗੁਰਿੰਦਰ ਸਿੰਘ ਕਲਸੀ ਜੀ ਨੇ ਆਪਣੀਆਂ ਚੰਦ ਨਜ਼ਮਾਂ ਆਰਸੀ ਲਈ ਭੇਜੀਆਂ ਸਨ, ਪਰ ਮੇਰੇ ਰੁਝੇਵਿਆਂ ਕਰਕੇ ਆਰਸੀ ‘ਤੇ ਨਵੇਂ ਲੇਖਕ ਸਾਹਿਬਾਨ ਦੀ ਹਾਜ਼ਰੀ ‘ਚ ਵਕ਼ਤ ਲੱਗ ਰਿਹਾ ਹੈ, ਏਸੇ ਕਰਕੇ ਕਲਸੀ ਸਾਹਿਬ ਦੀ ਹਾਜ਼ਰੀ ਵੀ ਦੇਰੀ ਨਾਲ਼ ਲੱਗ ਰਹੀ ਹੈ। ਅੱਜ ਉਹਨਾਂ ਦੀ ਚਾਰ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ‘ਚ ਸ਼ਾਮਿਲ ਕਰਦਿਆਂ, ਸਮੂਹ ਲੇਖਕ/ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*******

ਨਿੱਕੀ ਕਿਰਲੀ ਦਾ ਘਰ ਕਿੱਥੇ ?

ਨਜ਼ਮ

ਨਿੱਕੀਏ ਕਿਰਲੀਏ ਨੀਂ

ਆਪਣੇ ਬੱਚਿਆਂ ਦੀ ਖ਼ਾਤਿਰ

ਮਾਰ ਰਿਹਾ ਹਾਂ ਤੈਨੂੰ

ਛੱਡ ਵੀ ਦੇਵਾਂ

ਪਰ ਚਿੱਟੇ ਸੰਗਮਰਮਰੀ ਫਰਸ਼ ‘ਤੇ

ਚਮਕ ਪਵੇਂਗੀ ਤੂੰ।

ਨਹੀਂ ਛੁਪ ਸਕੇਂਗੀ

ਲਿਸ਼ਕਦੀਆਂ ਦੀਵਾਰਾਂ ਉੱਤੇ।

ਡਰ ਜਾਣਗੇ ਬੱਚੇ

ਨਹੀਂ ਵੜਨਗੇ ਬਾਥਰੂਮ ਅੰਦਰ

ਨਹੀਂ ਨਹਾਉਣਗੇ

ਸਾਰਾ ਦਿਨ ਮੱਚਿਆ ਰਹੇਗਾ

ਕੁਹਰਾਮ ।

................

ਨਿੱਕੀਏ ਕਿਰਲੀਏ ਨੀਂ

ਤੂੰ ਵੀ ਬੱਚੀ ਹੈਂ ਕਿਸੇ ਦੀ

ਮੈਂ ਕੁਦਰਤ ਦਾ ਕਵੀ

ਪਿਆਰ ਕਵਿਤਾਵਾਂ ਲਿਖਣ ਵਾਲ਼ਾ

ਆਪਣੇ ਬੱਚਿਆਂ ਦੀ ਖ਼ਾਤਿਰ

ਮਾਰ ਰਿਹਾ ਹਾਂ ਤੈਨੂੰ ।

=====

ਫਿਊਜ਼ ਹੋਇਆ ਬਲਬ

ਨਜ਼ਮ

ਚਮਕਦਾ ਹੈ

ਪੂਜਾ ਸਥਲ ਦੀ ਇਮਾਰਤ ਦਾ

ਹਰ ਕਮਰਾ

ਬੇਸ਼ੁਮਾਰ ਚਾਨਣ

ਚਮਚਮਾਉਂਦੇ ਫ਼ਰਸ਼

ਉਜਲੀਆਂ ਦੀਵਾਰਾਂ

ਸੋਨੇ ਜੜੀਆਂ ਝਾਲਰਾਂ

ਆਭਾ ਇਸ ਦੀ ਵਧਾਉਣ ਵਾਸਤੇ

ਪਾਵੇ ਹਰ ਕੋਈ

ਅਪਣਾ ਅਪਣਾ ਯੋਗਦਾਨ

ਬਸ ਇਹੋ ਹੈ ਕੰਮ ਮਹਾਨ

ਸਲ੍ਹਾਭੇ ਪੁਰਾਣੇ ਕਮਰਿਆਂ ਅੰਦਰ

ਬਦਰੰਗ ਦੀਵਾਰਾਂ ਚ ਘਿਰਿਆ

ਟੁੱਟੇ-ਫੁੱਟੇ ਡੈਸਕਾਂ ਉੱਤੇ

ਪੜ੍ਹ ਰਿਹਾ ਏ ਭਵਿੱਖ ਦੇਸ਼ ਦਾ

ਇੱਕ ਹਨੇਰਾ ਕੋਹਾਂ ਤੀਕਰ

ਰਹੇ ਡਰਾਉਂਦਾ

ਗਿਆਨ ਦਾ ਸੂਰਜ

ਇੱਕ ਦਲਦਲ ਵਿਚ ਡੁੱਬਦਾ ਜਾਂਦਾ

ਲੱਗਣ ਲੱਗਦੀ ਡਿਗਰੀ

ਮਹਿਜ਼

ਇੱਕ ਟੁਕੜਾ ਕਾਗਜ਼ ਦਾ

ਕਦੇ ਕਦੇ ਪਗਲਾ ਜਾਂਦੀ ਏ ਜਵਾਨੀ

ਸਭ ਕੁਝ ਉਲਟਾ-ਪੁਲਟਾ ਕਰਨ ਲਈ

ਦਿਮਾਗ ਚ ਭਰ ਲੈਂਦੀ ਏ ਬਾਰੂਦ

ਕਿਸੇ ਕ੍ਰਾਂਤੀ ਦੀ ਉਡੀਕ ਵਿਚ

............

ਪਰ ਕੋਈ ਨਹੀਂ ਤਿਆਰ ਹੁੰਦਾ

ਕਲਾਸ-ਰੂਮ ਦਾ ਫਿਊਜ਼ ਹੋਇਆ ਬੱਲਬ

ਬਦਲਣ ਲਈ ।

======

ਫ਼ੈਸਲੇ

ਨਜ਼ਮ

ਸਹੀ ਫ਼ੈਸਲੇ

ਬੰਨ੍ਹੇ ਨੇ ਜ਼ਿਹਨ ਦੀ ਪੋਟਲੀ ਵਿਚ

ਬਸ ਉਡੀਕ ਹੈ ਤਾਂ

ਇਕ ਸਹੀ ਸਮੇਂ ਦੀ

ਗ਼ਲਤ ਸਮੇਂ ‘ਤੇ

ਗ਼ਲਤ ਫੈਸਲਿਆਂ ਨੇ

ਸੁੱਟ ਦਿੱਤਾ ਏ

ਸਦੀਆਂ ਪਿੱਛੇ

..........

ਹੁਣ ਵਿਹਲੇ ਸਮੇਂ

‘ਕੱਲੇ ‘ਕੱਲੇ ਫ਼ੈਸਲੇ ਨੂੰ ਕੱਢ ਕੇ

ਟਟੋਲਦਾ ਰਹਿੰਦਾ ਹਾਂ

ਸਹੀ ਸਮੇਂ ਦੀ

ਉਡੀਕ ਵਿਚ।

=====

ਸੁਪਨਿਆਂ ਦੇ ਰਸਤੇ

ਨਜ਼ਮ

ਘਾਹ ਦੀ ਇਕ ਨਰਮ ਪੱਤੀ ਤੂੰ

ਲੰਮ-ਸਲੰਮੀ ਤੇ ਚਮਕਦਾਰ

ਤਰੇਲ ਭਿੱਜੇ ਫੁੱਲਾਂ ਦੇ

ਨੇੜੇ ਨੇੜੇ ਰਹਿੰਦੀ

ਜੜਾਂ ਤੇਰੀਆਂ

ਗੁੰਮੀਆਂ ਪਥਰੀਲੀ ਜ਼ਮੀਨ ਅੰਦਰ

ਮੌਸਮਾਂ ਦੀ ਹਵਾ ਅੰਦਰ ਝੂਲਦੀ

ਝੁਕਦੀ ਕਦੇ ਉੱਠਦੀ

ਸੁਪਨਿਆਂ ਦੇ ਰਸਤੇ

ਜਾਂਦੇ ਕਿਸੇ ਸੂਰਜ ਵੱਲ......