ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਡਾ: ਸੁਖਪਾਲ. Show all posts
Showing posts with label ਡਾ: ਸੁਖਪਾਲ. Show all posts

Thursday, October 7, 2010

ਡਾ: ਸੁਖਪਾਲ - ਨਜ਼ਮ

ਜ਼ਾਤੀ ਮਾਮਲਾ

ਨਜ਼ਮ

ਖੱਬੇ ਘਰੋਂ

ਰੋਜ਼ ਵਾਂਗ ਆ ਰਹੀ ਹੈ

ਔਰਤ ਦੀਆਂ ਚੀਕਾਂ ਦੀ ਆਵਾਜ਼

ਸੱਜੇ ਘਰ ਦਾ ਬਜ਼ੁਰਗ

ਇਲਾਜ ਖੁਣੋਂ

ਹੂਕ ਰਿਹਾ ਹੈ

ਸਾਮ੍ਹਣੇ ਘਰ ਵਾਲ਼ਿਆਂ

ਬੱਚੇ ਨੂੰ ਮਾਰ ਮਾਰ ਕੇ

ਨੀਲ ਪਾ ਦਿੱਤੇ ਹਨ

..........

ਅਸੀਂ ਕਿਸੇ ਦੇ ਘਰ ਨਹੀਂ ਜਾਂਦੇ

ਇਸ ਸਭ

ਉਨ੍ਹਾਂ ਦਾ ਜ਼ਾਤੀ ਮਾਮਲਾ ਹੈ

..........

ਏਸੇ ਤਰ੍ਹਾਂ ਹੌਲ਼ੀ ਹੌਲ਼ੀ

ਜ਼ਾਤੀ ਮਾਮਲੇ ਬਣ ਗਏ ਹਨ...

ਅਦਾਲਤਾਂ ਵਿਚ ਰਿਹਾਈ

ਉਡੀਕਦੇ ਨਿਆਂ

ਪਾਰਕ ਵਿਚ ਬਜ਼ੁਰਗ ‘ਤੇ ਹੋਇਆ

ਨਸਲੀ ਹਮਲਾ

ਬਲਾਤਕਾਰ ਦੀ ਸ਼ਿਕਾਰ ਕੁੜੀ ਨੂੰ

ਪੁੱਛੇ ਜਾਂਦੇ ਸੁਆਲ

ਸੈਂਤੀ ਜੁਰਮਾਂ ਦੇ ਦੋਸ਼ੀ ਦੀ ਲੋਕ ਸਭਾ

ਚੋਣ ਵਿਚ ਜਿੱਤ

ਪਿੰਡ ਦੇ ਖੂਹ ‘ਤੋਂ ਕੁਝ ਲੋਕਾਂ ਨੂੰ

ਪਾਣੀ ਭਰਨ ਦੀ ਮਨਾਹੀ

ਵਿਆਨਾ ਸ਼ਹਿਰ ਦੇ ਘਰ ‘ਚੋਂ ਮਿਲ਼ਿਆ

ਪੰਜ ਸਾਲ ਪਹਿਲਾਂ ਗੁਜ਼ਰ ਗਏ

ਇਕੱਲੇ ਬਜ਼ੁਰਗ ਦਾ ਸਰੀਰ

ਟਰਾਂਟੋ ਸ਼ਹਿਰ ਦੇ ਫਲੈਟ ‘ਚੋਂ ਮਿਲ਼ਿਆ

ਤਿਆਗਣ ਮਗਰੋਂ ਭੁੱਖ ਨਾਲ਼ ਮਰ ਗਏ

ਤਿੰਨ ਮਹੀਨੇ ਦੇ ਬਾਲ ਦਾ ਸਰੀਰ

ਵੀ ਸਾਡਾ ਮਾਮਲਾ ਨਹੀਂ

...........

ਤਿੱਬਤ ਉੱਤੇ

ਹੋਇਆ ਕਬਜ਼ਾ

ਇਰਾਕ ਉੱਤੇ

ਹੋਇਆ ਹਮਲਾ

ਅਫ਼ਗਾਨੀ ਔਰਤਾਂ ਦੀ

ਦੁਰਗਤੀ

ਗੋਲ਼ੀਆਂ ਨਾਲ਼ ਮਰਦੇ

ਚੀਨੀ ਵਿਦਿਆਰਥੀ

ਮੂਰਖਾਂ ਦੇ ਹੱਥਾਂ ‘ਚ ਫੜਿਆ

ਐਟਮ ਬੰਬ

...........

ਅਸੀਂ ਅਜਿਹੇ ਕਿਸੇ ਵੀ ਮਾਮਲੇ ਵਿਚ

ਦਖ਼ਲ ਨਹੀਂ ਦਿੰਦੇ

======

ਫੈਸਲਾ

ਨਜ਼ਮ

ਤਲਵਾਰ ਦੀ ਨੋਕ ਤਿੱਖੀ ਹੈ

ਧਾਰ ਚੀਰਵੀਂ ਹੈ

ਮੁੱਠ ਉੱਤੇ ਸੋਨਾ ਹੈ

...........

ਤਲਵਾਰ ਕਿਸੇ ਦੇ ਪਿੰਡੇ ਵਿਚ

ਲਹਿੰਦੀ ਹੈ

...........

ਮੁਕੱਦਮਾ ਚਲਦਾ ਹੈ

ਫੈਸਲਾ ਹੁੰਦਾ ਹੈ

..............

ਤਲਵਾਰ ਦੀ

ਧਾਰ ਖੁੰਢੀ ਕਰ ਦਿੱਤੀ ਜਾਵੇ

ਨੋਕ ਮੋੜ ਦਿੱਤੀ ਜਾਵੇ

ਮੁੱਠਾ ਤੋੜ ਦਿੱਤਾ ਜਾਵੇ

ਸੋਨਾ ਲੁੱਟ ਲਿਆ ਜਾਵੇ

ਜੋ ਬਚ ਜਾਵੇ ਉਸਨੂੰ

ਮਿਆਨ ਵਿਚ ਬੰਦ

ਕਰ ਦਿੱਤਾ ਜਾਵੇ

......

ਜਿਸ ਹੱਥ ਨੇ ਤਲਵਾਰ ਵਾਹੀ ਹੈ

ਉਸਨੂੰ ਬਰੀ ਕਰ ਦਿੱਤਾ ਜਾਵੇ


Monday, August 9, 2010

ਡਾ: ਸੁਖਪਾਲ - ਨਜ਼ਮ

ਦੋਸਤੋ! ਪਿਛਲੇ ਹਫ਼ਤੇ ਹਿੰਦੀ ਫਿਲਮ ‘ਰਾਵਣ’ ਵੇਖਦਿਆਂ, ਡਾ: ਸੁਖਪਾਲ ਜੀ ਦੀ 2003 ‘ਚ ਛਪੀ ਕਿਤਾਬ ‘ਚੁੱਪ ਚੁਪੀਤੇ ਚੇਤਰ ਚੜ੍ਹਿਆ’ ਦੀ ਇਹ ਨਜ਼ਮ ਵਾਰ-ਵਾਰ ਜ਼ਿਹਨ ‘ਚ ਘੁੰਮਦੀ ਤੇ ਸੋਚਾਂ ਦੀ ਸੂਲ਼ੀ ਟੰਗਦੀ ਰਹੀ। ਮੈਨੂੰ ਇੰਝ ਜਾਪਿਆ ਜਿਵੇਂ ਇਸ ਕਵਿਤਾ ਤੋਂ ਪ੍ਰਭਾਵਿਤ ਹੋ ਕੇ ਫਿਲਮ ਬਣਾਈ ਗਈ ਹੋਵੇ। ਜੇ ਫਿਲਮ ਅਤਿ-ਪ੍ਰਭਾਵਸ਼ਾਲੀ ਹੈ ਅਤੇ ਨਿਰਮਾਣ, ਨਿਰਦੇਸ਼ਨ, ਅਦਾਕਾਰੀ ਦੀ ਸਿਖ਼ਰ ਹੈ, ਤਾਂ ਡਾ: ਸਹਿਬ ਦੀ ਨਜ਼ਮ ਵੀ ਉਚ-ਕੋਟੀ ਦੀ ਰਚਨਾ ਹੈ, ਜੋ ਤਿੜਕੇ ਸ਼ੀਸ਼ਿਆਂ ‘ਚੋਂ ਸਾਬਤ ਅਕਸ ਦਿਖਾਉਣ ਦੀ ਸਮਰੱਥਾ ਰੱਖਦੀ ਹੈ, ਜੇ ਤੁਸੀਂ ਫਿਲਮ ਵੇਖੀ ਹੈ ਤਾਂ ਮੇਰੇ ਨਾਲ਼ ਸਹਿਮਤ ਜ਼ਰੂਰ ਹੋਵੋਂਗੇ। ਡਾ: ਸੁਖਪਾਲ ਜੀ! ਮੇਰੇ ਵੱਲੋਂ ਇਕ ਵਾਰ ਫੇਰ ਏਨੀ ਖ਼ੂਬਸੂਰਤ ਕਿਤਾਬ ਲਿਖਣ ‘ਤੇ ਦਿਲੀ ਮੁਬਾਰਕਬਾਦ।

ਅਦਬ ਸਹਿਤ

ਤਨਦੀਪ ਤਮੰਨਾ

******

ਸੀਤਾ

ਨਜ਼ਮ

ਸੀਤਾ ਨੂੰ ਸਮਝ ਨਹੀਂ ਔਂਦਾ..

........

ਭਾਵੇਂ ਇਹ ਜਨਕ ਦਾ ਵਚਨ ਹੋਵੇ -

ਦਸ਼ਰਥ ਦਾ ਮਾਣ ਹੋਵੇ -

ਰਾਮ ਦੀ ਮਰਿਯਾਦਾ ਹੋਵੇ -

ਲਛਮਣ ਦੀ ਰੇਖਾ ਹੋਵੇ -

ਰਾਵਣ ਦਾ ਅਹੰਕਾਰ ਹੋਵੇ -

ਜਾਂ ਧੋਬੀ ਦਾ ਸੰਸਾ ਹੋਵੇ -

ਇਹ ਹਰ ਵਾਰੀ ਉਸੇ ਨੂੰ ਹੀ ਕਿਉਂ ਭੁਗਤਣਾ ਪੈਂਦਾ ਹੈ?

...................

ਕਦੀ-ਕਦੀ ਸੀਤਾ ਦਾ ਮੋਹ ਆਉਂਦਾ ਹੈ ਰਾਵਣ ‘ਤੇ

ਇਕ ਉਹੀ ਸੀ ਜਿਸਨੂੰ ਪਰਵਾਹ ਨਹੀਂ ਸੀ

ਕਿ ਸੀਤਾ ਦਾ ਜਿਸਮ ਸੁੱਚਾ ਸੀ ਕਿ ਜੂਠਾ?

......................

ਕਦੀ-ਕਦੀ ਬੌਂਦਲ਼ ਜਾਂਦੀ ਹੈ ਸੀਤਾ

ਉਸਨੂੰ ਬਚਾਉਣ ਲਈ ਆਇਆ ਰਾਵਣ ਕੌਣ ਸੀ -

ਉਸਦਾ ਪਤੀ ਜਾਂ ਅਯੁੱਧਿਆ-ਨਰੇਸ਼?

ਅਯੁੱਧਿਆ ਦਾ ਹਾਕ਼ਮ ਵੀ ਕੌਣ ਸੀ -

ਰਾਮ ਚੰਦਰ ਕਿ ਉਸਦਾ ਧੋਬੀ?

................

ਜੇ ਰਾਮ ਯਕੀਨ ਕਰਦਾ ਸੀ ਉਸਦੀ ਨਿਰਦੋਸ਼ਤਾ ਦਾ

ਤਾਂ ਆਪ ਵੀ ਉਸ ਨਾਲ਼ ਜੰਗਲ਼ ਕਿਉਂ ਨਾ ਚਲਿਆ ਆਇਆ?

ਕਿਉਂ ਪਿਤਾ ਦੇ ਆਖਿਆਂ ਬਨਵਾਸ ਲਿਆ ਜਾ ਸਕਦਾ ਹੈ -

ਔਰਤ ਦਾ ਸਾਥ ਦੇਣ ਲਈ ਨਹੀਂ?

...............

ਕਦੀ-ਕਦੀ ਉਸਦਾ ਜੀਅ ਕਰਦਾ ਹੈ

ਉਸ ਰਾਮ ਨੂੰ ਆਪਣੀ ਕੁੱਖੋਂ ਜਨਮਿਆ ਹੁੰਦਾ

ਆਪਣੀ ਛਾਤੀ ਦੇ ਵੈਰਾਗ ਨੂੰ

ਛਾਤੀ ਦੇ ਦੁੱਧ ਵਿਚ ਪਾ ਕੇ

ਰਾਮ ਦੇ ਅੰਦਰ ਉਤਾਰ ਦੇਂਦੀ

.............

ਉਸੇ ਪਲ ਉਸਨੂੰ ਇਹ ਵੀ ਸਮਝ ਨਹੀਂ ਔਂਦਾ

ਕਿ ਉਸਦੀ ਕੁੱਖੋਂ ਜਨਮੇ ਪੁੱਤਰ

ਉਸਦਾ ਦੁੱਧ ਪੀ ਕੇ

ਕਿਉਂ ਰਾਮ ਚੰਦਰ ਦੇ ਘੋੜੇ ਉੱਪਰ ਹੀ ਸੁਆਰ ਹੋਣਾ ਚਾਹੁੰਦੇ ਹਨ?

ਕਿਉਂ ਉਹਨਾਂ ਨੂੰ ਸਮਝ ਨਹੀਂ ਔਂਦਾ

ਕਿ ਭੱਜਦੇ ਹੋਏ ਘੋੜੇ ਉਤੇ ਚੜ੍ਹਿਆ ਤਾਂ ਜਾ ਸਕਦਾ ਹੈ

ਕਿ ਮਰਿਯਾਦਾ ਦੇ ਘੋੜੇ ਉਪਰ -

ਹੁਕ਼ਮ ਦਾ ਚਾਬੁਕ ਫੜ ਕੇ ਬੈਠਾ ਮਨੁੱਖ

ਤਾਕਤਵਰ ਤਾਂ ਹੋ ਸਕਦਾ ਹੈ ਪਰ ਸੁਤੰਤਰ ਨਹੀਂ ਹੁੰਦਾ

..............

ਬਹੁਤ ਸੋਚਦੀ ਹੈ ਸੀਤਾ

ਪਰ ਉਸਨੂੰ ਸਮਝ ਨਹੀਂ ਔਂਦਾ:

ਕਿਉਂ ਮਰਦ -

ਤਾਕਤਵਰ ਹੋਣ ਦੀ ਗ਼ੁਲਾਮੀ ਪਾਲ਼ਦਾ ਹੈ?

...............

ਅਜਿਹੇ ਪਲਾਂ ਵਿਚ ਸੀਤਾ ਨੂੰ ਲਗਦਾ ਹੈ

ਕਿ ਉਹ ਕਿੰਨੀ ਸੁਤੰਤਰ ਹੈ....

............

- ਉਹ ਮਰਿਯਾਦਾ ਪੁਰਸ਼ੋਤਮ ਨਹੀਂ ਹੈ

- ਸੰਸਕਾਰਾਂ ਦੇ ਅਰ-ਪਾਰ ਦੇਖ ਸਕਦੀ ਹੈ

- ਧਰਮ-ਗੁਰੂ ਤੋਂ ਬਿਨਾ ਵੀ ਸੋਚ ਸਕਦੀ ਹੈ

- ਉਹ ਤਾਕਤਵਰ ਹੈ ਕਿਉਂਕਿ ਉਸਨੂੰ ਤਾਕਤ ਦੀ ਇੱਛਾ ਨਹੀਂ

............

ਇਕ ਉਹੀ ਤਾਂ ਹੈ

ਜੋ ਸਚਮੁੱਚ ਸੁਤੰਤਰ ਹੈ...


Thursday, June 17, 2010

ਡਾ: ਸੁਖਪਾਲ - ਨਜ਼ਮ

ਚੀਕ

ਨਜ਼ਮ

ਜਬਰ-ਜਿਨਾਹ ਦੀ ਝੰਬੀ ਹੋਈ ਕੁੜੀ ਨੇ ਕਿਹਾ:

“ਜਿਸਮ ਨੂੰ ਮੰਦਰ ਆਖਣ ਵਾਲ਼ੇ ਕਵੀ!

ਮੇਰੀ ਪੀੜ ਨੂੰ ਵੀ ਰਾਹ ਦੇਹ...”

...........

ਝੁਕੀਆਂ ਅੱਖਾਂ ਨਾਲ਼ ਕਵੀ ਬੋਲਿਆ:

“ਤੇਰੇ ਮੰਦਰ ਦੀ ਸਰਦਲ ਉੱਤੇ

ਤੇਰੇ ਹੀ ਲਹੂ ਨਾਲ਼ ਤੇਰੀ ਬਲੀ ਦੇਣ ਵਾਲ਼ਿਆਂ ਦਾ

ਚਿਹਰਾ ਮੇਰੇ ਵਰਗਾ ਸੀ

ਅੱਖਾਂ ‘ਤੇ ਹੱਥ ਵੀ ਮੇਰੇ ਜਿਹੇ

ਮੈਂ ਕਿਹੜੇ ਹੱਥਾਂ ਨਾਲ਼ ਕਲਮ ਚੁੱਕਾਂ?”

............

ਕੁੜੀ ਬੋਲੀ:

“ਕਵੀ ਸਿਰਫ਼ ਹੱਥ ਹੀ ਨਹੀਂ,

ਜਿਸਮ ਹੀ ਨਹੀਂ-

ਮਨ ਵੀ ਹੁੰਦਾ ਹੈ

ਚੇਤਨਾ ਵੀ...”

............

“ਤੇਰਾ ਜ਼ਿਕਰ ਕਰਨ ਲਈ

ਤੇਰੇ ਵਸਤਰ ਮੁੜ ਲਾਹੁਣ ਦਾ ਜੇਰਾ-

ਮੇਰੇ ਵਿਚ ਨਹੀਂ”

............

“ਕੋਈ ਵੇਲ਼ਾ ਸੀ – ਮੈਂ ਜਿਸਮ ਸਾਂ, ਮਨ ਸਾਂ

ਅੱਜ ਤਾਂ ਮੈਂ ਨਿਰੀ ਪੀੜ ਹਾਂ

ਪੀੜ ਉਪਰ ਕੋਈ ਵਸਤਰ ਨਹੀਂ ਹੁੰਦਾ”

............

“ਤੇਰੀ ਪੀੜ ਦੀ ਕਹਿਰ ਧੁੱਪ ਨਾਲ਼

ਸ਼ਬਦ ਮੇਰੇ ਸੰਘ ਵਿਚ ਸੁੱਕ ਗਏ ਨੇ”

...........

“ਮੇਰੀ ਪੀੜ ਨੂੰ ਸ਼ਬਦ ਨਹੀਂ – ਸੰਘ ਚਾਹੀਦਾ ਹੈ

ਜਿੱਥੋਂ ਉਹ ਚੀਕ ਬਣ ਕੇ ਨਿਕਲ਼ ਸਕੇ – ਕਵੀ!

ਕੀ ਤੂੰ ਉਹ ਚੀਕ ਬਣੇਂਗਾ

ਜੋ ਸੰਘ ਵਿਚ ਨੱਪੀ ਹੋਈ ਚੀਕ ਨੂੰ ਤੱਕ ਕੇ ਫੁੱਟਦੀ ਹੈ...”


Thursday, May 27, 2010

ਡਾ: ਸੁਖਪਾਲ - ਨਜ਼ਮ

ਸ਼ਬਦੋ ਤੁਸੀਂ ਆਉਣਾ

ਨਜ਼ਮ

ਸ਼ਬਦੋ ਤੁਸੀਂ ਆਉਣਾ

ਚੁੱਪ-ਚਾਪ, ਸਹਿਜ-ਸਹਿਜ

ਬਨੇਰੇ ‘ਤੇ ਆ ਬੈਠੇ ਤੇ ਫ਼ਿਰ ਉੱਡ ਗਏ ਕਬੂਤਰਾਂ ਵਾਂਗ

ਨਿੱਕੀ-ਨਿੱਕੀ ਗੁਟਰ-ਗੂੰ ਕਰਦੇ...

..............

ਹਨੇਰੀ ਵਾਂਗ ਨਾ ਆਉਣਾ

ਕਿ ਮੈਨੂੰ ਕਿਸੇ ਵਾਦ ਦੀ ਛੱਤ ਹੇਠ ਲੁਕਣਾ ਪਵੇ

ਜਾਂ ਕਿਸੇ ਵਿਵਾਦ ਦਾ ਟਾਹਣ ਫੜਨਾ ਪਵੇ...

............

ਤੁਸੀਂ ਆਉਣਾ ਰੁਮਕਦੀ ਵਾਅ ਵਾਂਗ

ਜਿਹੜੀ ਪਿੰਡੇ ਨੂੰ ਲੱਗੇ ਤੇ ਅੱਖਾਂ ਬੰਦ ਹੋ ਹੋ ਜਾਣ

ਮਨ ਦੀਆਂ ਬਾਰੀਆਂ ਖੁੱਲ੍ਹ ਖੁੱਲ੍ਹ ਜਾਣ

ਫੁੱਲਾਂ ਦੀ ਮਹਿਕ ਨੂੰ

ਮੇਰੇ ਅੰਦਰ ਆਉਣ ਲਈ ਰਾਹ ਮਿਲ਼ੇ...

...........

ਤੁਸੀਂ ਆਉਣਾ ਉਸ ਸਰੂਰ ਵਾਂਗ

ਜਿਸ ਤੋਂ ਮਗਰੋਂ ਜਿਉਣ ਦਾ ਡਰ ਨਹੀਂ ਰਹਿੰਦਾ

ਜਿਸ ਮਗਰੋਂ ਸਹਿਜ ਹੋ ਜਾਂਦਾ ਏ

ਹਰ ਸ਼ਾਮੀਂ – ਵਾਲ਼ਾਂ ਨੂੰ ਫੁੱਲਾਂ ਨਾਲ਼ ਗੁੰਦ ਲੈਣਾ

ਪਰ ਫੁੱਲਾਂ ਨੂੰ ਅਜਾਈਂ ਤੋੜਨ ਵਾਲ਼ੀ

ਕਲਾਈ ਫੜ ਕੇ ਰੋਕ ਲੈਣਾ....

............

ਸ਼ਬਦੋ ਸੋਹਣਿਓ!

ਤੁਸੀਂ ਲਗਾਂ-ਮਾਤਰਾਂ ਦੀਆਂ ਤਣੀਆਂ ਨਾਲ਼ ਬੱਝੇ

ਮਜ਼ਦੂਰਾਂ ਵਾਂਗ ਨਾ ਆਉਣਾ

ਤੁਸੀਂ ‘ਗਗਨ ਮੈ ਥਾਲ’ ਗਾਉਂਦੇ ਹੋਏ ਆਉਣਾ

ਜਾਂ ਆਉਣਾ ਕਿਸੇ ਪਰਮ ਪੁਰਖ਼ ਦੇ ਤੀਰ ਵਾਂਗ...

.............

ਤੁਸੀਂ ਆਉਣਾ ਉਸ ਟਾਹਣੀ ਵਾਂਗ

ਜਿਹੜੀ ਲਾਸਾਂ ਨਹੀਂ-

ਫੁੱਲ ਪਿੱਛੇ ਛੱਡ ਜਾਂਦੀ ਏ....

................

ਮੇਰੇ ਆਪਣਿਓ!

ਤੁਸੀਂ ਇਉਂ ਆਉਣਾ

ਕਿ ਤੁਹਾਨੂੰ ਗਾਉਂਦਿਆਂ

ਮੈਂ ਆਪਣੇ ਆਪ ਤੀਕ ਅੱਪੜ ਜਾਵਾਂ....

Saturday, April 10, 2010

ਡਾ: ਸੁਖਪਾਲ - ਨਜ਼ਮ

ਚਾਨਣਾ ਬੂਟਾ

ਨਜ਼ਮ

ਮੈਂ ਉਦਾਸ ਹਾਂ

ਲੁਕਣ ਲਈ

ਹਨੇਰੀ ਨੁੱਕਰ ਲੱਭਦਾ ਹਾਂ

............

ਹਨੇਰੇ ਵਿਚ ਪਿਆ ਬੂਟਾ

ਹੰਭਲ਼ਾ ਮਾਰਦਾ ਹੈ

ਆਪਣੇ ਪੱਤਿਆਂ ਦਾ ਮੂੰਹ

ਚਾਨਣ ਵੱਲ ਕਰ ਦੇਂਦਾ ਹੈ

ਟਾਹਣੀਆਂ ਨੂੰ ਧੂਹ ਕੇ

ਧੁੱਪੇ ਲੈ ਆਉਂਦਾ ਹੈ

............

ਉਹਦਾ ਲੱਕ ਟੇਢਾ ਹੋ ਜਾਂਦਾ ਹੈ

ਫਿਕਰ ਨਹੀਂ ਕਰਦਾ

ਸਮਾਂ ਲੱਗ ਜਾਂਦਾ ਹੈ

ਸਾਹ ਨਹੀਂ ਛਡਦਾ

............

ਜੇ ਪੈਰ ਹੋਣ

ਇਹ ਬਾਹਰ ਨਿਕਲ਼ ਜਾਵੇ

ਧੁੱਪੇ ਲੇਟੇ

ਆਵਾਰਾਗਰਦੀ ਕਰੇ

ਜੇ ਹੱਥ ਹੋਣ

ਕੰਧ ਵਿਚ ਖਿੜਕੀ ਕੱਢ ਦੇਵੇ

ਜੇ ਉਸ ਕੋਲ਼ ਜੀਭ ਹੋਵੇ

ਚਾਨਣ ਨੂੰ ਵਾਜ ਮਾਰੇ

ਜੇ ਉਹ ਰੱਬ ਹੋਵੇ

ਸੂਰਜ ਨੂੰ ਡੁੱਬਣ ਨਾ ਦੇਵੇ...!

=====

ਮੱਛੀ

ਨਜ਼ਮ

ਮਰਤਮਾਨ ਵਿਚ

ਦੋ ਮੱਛੀਆਂ ਸਨ

ਇਕ ਦਿਨ

ਵੱਡੀ ਮੱਛੀ ਨੇ

ਛੋਟੀ ਨੂੰ ਖਾ ਲਿਆ

.............

ਉਸ ਨੂੰ ਨਫ਼ਰਤ ਹੁੰਦੀ ਹੈ

ਜਿਉਂਦੀ ਮੱਛੀ ਤੋਂ

ਜੀਅ ਕਰਦਾ ਹੈ

ਪਾਣੀ ‘ਚੋਂ ਬਾਹਰ ਕੱਢ ਸੁੱਟੇ

.............

ਹਰ ਵਾਰੀ ਝਿਜਕ ਜਾਂਦਾ ਹੈ

ਪੈਸੇ ਲੱਗੇ ਹਨ ਇਨ੍ਹਾਂ ‘ਤੇ

ਉਂਝ ਵੀ ਆਏ ਗਏ ਦੇ ਵੇਖਣ ਲਈ

ਖਰੀਦੀਆਂ ਹਨ ਇਹ ਮੱਛੀਆਂ

ਉਹ ਕੰਮ ਤਾਂ

ਹਾਲੇ ਹੋ ਹੀ ਰਿਹਾ ਹੈ

............

ਕੁਝ ਬੀਤਣ ‘ਤੇ

ਉਸ ਦੀ ਮੱਛੀ ਨਾਲ਼ ਨਫ਼ਰਤ

ਘਟ ਗਈ ਹੈ

ਕੁਝ ਦਿਨ ਹੋਰ ਬੀਤਣ ‘ਤੇ

ਉਹਨੇ ਆਪ ਵੀ

ਨਿੱਕੀ ਮੱਛੀ ਨੂੰ ਖਾ ਲਿਆ ਹੈ।


Monday, December 28, 2009

ਡਾ: ਸੁਖਪਾਲ - ਨਜ਼ਮ

ਅਨੁਭਵ

ਨਜ਼ਮ

ਸੋਹਣੀ ਮਹੀਂਵਾਲ ‘ਨਾਲ਼’ ਕੀ ਵਾਪਰਿਆ:

ਸਭ ਜਾਣਦੇ ਨੇ

ਮਿਲ਼ਣ ਵੇਲ਼ੇ ਉਨ੍ਹਾਂ ਅੰਦਰ ਕੀ ਹੁੰਦਾ ਸੀ?

.............

ਵੇਈਂ ਵਿਚ ਡੁੱਬਣ ਮਗਰੋਂ

ਤੇ ਬਾਹਰ ਨਿਕਲ਼ ਆਉਂਣ ਪਹਿਲੋਂ

ਨਾਨਕ ਅੰਦਰ ਕੀ ਹੋਇਆ?

.............

ਲੂਣਾ ਦੀ ਪੀੜ

ਪੂਰਨ ਦੀ ਵੇਦਨਾ

ਇੱਛਰਾਂ ਦਾ ਵੈਰਾਗ

ਸਲਵਾਨ ਦਾ ਸੰਤਾਪ

ਰਚਨਾ ਕਰਦਿਆਂ ਕਵੀ ਅੰਦਰ ਕੀ ਵਾਪਰਿਆ?

............

ਕੀ ਹੁੰਦਾ ਹੈ?

ਵਰਖਾ ਵਿਚ ਭਿੱਜਦਿਆਂ - ਰੁੱਖ ਨੂੰ

ਬਿਜਲੀ ਦੇ ਕੜਕਦਿਆਂ - ਪਹਾੜ ਨੂੰ

ਬੱਚਿਆਂ ਨੂੰ ਪਲ਼ੋਸਦਿਆਂ - ਸਮੁੰਦਰ ਨੂੰ

ਚੰਬੇ ਦੀ ਬੂਟੀ ਛੋਹ ਕੇ ਲੰਘਦਿਆਂ – ਪੌਣ ਨੂੰ

ਇਕੱਲ, ਪਿਆਰ, ਵੈਰਾਗ, ਨਿਰਵਾਣ-

ਸਭ ਸ਼ਬਦਾਂ ਦੇ ਅਰਥ

ਹੋਰ ਸ਼ਬਦਾਂ ਵਿਚ ਹੀ ਦਸਦਾ ਹੈ

ਸ਼ਬਦ-ਕੋਸ਼......

======

ਕੱਸੀ ਹੋਈ ਤਾਰ

ਨਜ਼ਮ

ਬਹੁਤ ਕੱਸੀ ਗਈ ਹੈ ਜੀਵਨ ਦੀ ਤਾਰ

ਅੱਜ ਫ਼ੇਰ ਇਕ ਵਾਰ

ਬਹੁਤ ਹੀ ਮਹੀਨ ਆਵਾਜ਼ ਨਿਕਲ਼ੇਗੀ ਏਸ ‘ਚੋਂ

ਚੀਕ ਵਰਗੀ

ਮੈਂ ਚਾਹੁੰਦਾ ਤਾਂ ਨਹੀਂ ਸੀ ਕਿ ਇਉਂ ਬੋਲਾਂ

ਪਰ.....ਵੱਸ ਵਿਚ ਨਹੀਂ ਸੀ

.............

ਪਰ ਮੇਰੇ ਵਿਚ ਹੈ ਹਾਲੇ ਵੀ –

.............

ਪੀੜ ਵਿਚ ਤਹਿਜ਼ੀਬ ਹੋਵੇ

ਚੀਕ ਲੈਅ ਵਿਚ ਬੱਝੀ ਹੋਵੇ

ਤਾਲ ਨਾ ਲੁੰਝੇ

ਸੁਰ ਨਾ ਖੁੰਝੇ

ਮੱਧਮ ਨਹੀਂ ਤਾਂ ਪੰਚਮ ਸਹੀ

ਗੀਤ ਨਹੀਂ – ਤਾਂ ਚੁੱਪ ਤਰਜ਼ ਹੀ

..............

ਕੱਸੀ ਗਈ ਹੈ ਜੀਵਨ ਦੀ ਤਾਰ

ਮੈਂ ਚਾਹਾਂ ਤਾਂ

ਰਾਗ ਹਾਲੇ ਵੀ ਉਪਜ ਸਕਦਾ

ਮੇਰੇ ਰੋਮ ਰੋਮ ਵਿੱਚੋਂ........

Sunday, November 29, 2009

ਡਾ: ਸੁਖਪਾਲ - ਨਜ਼ਮ

ਰੌਲ਼ੇ

ਨਜ਼ਮ

ਸੰਤਾਲ਼ੀ ਦੇ ਰੌਲ਼ਿਆਂ ਵਿਚ

ਉਸਦੀ ਭੈਣ ਚੁੱਕੀ ਗਈ

ਹਵੇਲੀ ਲੁੱਟੀ ਗਈ

.........

ਉਹ ਦੂਜੇ ਮੁਲਕ ਆ ਗਿਆ

ਮੁੱਢ ਤੋਂ ਘਰ ਵਸਾ ਲਿਆ

ਕਾਰੋਬਾਰ ਜਮਾ ਲਿਆ

...........

ਚੁਰਾਸੀ ਦੇ ਰੌਲ਼ਿਆਂ ਵਿਚ

ਉਸਦੀ ਧੀ ਚੁੱਕੀ ਗਈ

ਕੋਠੀ ਲੁੱਟੀ ਗਈ

..........

ਉਹ ਦੂਜੇ ਸੂਬੇ ਆ ਗਿਆ

ਮੁੜ ਮਕਾਨ ਬਣਾ ਲਿਆ

ਬੁਢਾਪੇ ਲਈ ਪ੍ਰਬੰਧ ਕਰ ਲਿਆ

ਸਭ ਕੁਝ ਮੁੜ ‘ਠੀਕ-ਠਾਕ’ ਹੋ ਗਿਆ

............

ਹੁਣ ਉਹ ਛੱਡ ਗਿਆ ਹੈ

ਸੱਥ ਵਿਚ ਬਹਿ ਕੇ ਬੋਲਣਾ ਚਾਲਣਾ

ਅਖ਼ਬਾਰ ਪੜ੍ਹਨਾ ਰੇਡਿਓ ਸੁਣਨਾ

ਜੇ ਕਦੇ ਉਹ ਸੁਣ ਲਵੇ

ਕੋਈ ਕੁੜੀ ਜੰਮਣੋਂ ਪਹਿਲਾਂ

ਜਾਂ ਮਰਨੋਂ ਪਹਿਲਾਂ

ਮਾਰੀ ਗਈ ਹੈ....

.................

ਉਸ ਅੰਦਰ 'ਰੌਲ਼ੇ' ਪੈਣ ਲੱਗ ਜਾਂਦੇ ਹਨ


Monday, November 2, 2009

ਡਾ: ਸੁਖਪਾਲ - ਨਜ਼ਮ

ਮੈਂ ਤੇ ਨਾਨਕ

ਨਜ਼ਮ

ਮੈਂ ਉਸ ਬਾਰੇ ਅਪਸ਼ਬਦ ਸੁਣਦਾ ਹਾਂ

ਉਸਦੀ ਪਤ ਰੱਖਣ ਲਈ

ਹਥਿਆਰ ਚੁੱਕ ਲੈਂਦਾ ਹਾਂ

ਉਸਦੀ ਪਤ ਮੇਰੀ ਮੁਹਤਾਜ ਨਹੀਂ

.............

ਉਸਦੀ ਗੱਲ ਕਰਨ ਵਾਲ਼ੇ

ਸਾਰਿਆਂ ਨੂੰ ਸੁਣਦਾ ਹਾਂ

ਪੁਜਾਰੀ, ਵਿਦਵਾਨ, ਚੇਲੇ, ਯੋਧੇ

ਬਸ ‘ਉਸੇ’ ਨੂੰ ਨਹੀਂ ਸੁਣਦਾ

..............

ਉਹ ਆਪ ਤਾਂ ਕੁਝ ਵੀ ਨਹੀਂ

ਨਾ ਮੁਸਲਮਾਨ ਨਾ ਹਿੰਦੂ ਨਾ ਸਿੱਖ

ਮੈਂ ਹੀ ਕੁਝ ਬਣਨਾ

ਜ਼ਰੂਰੀ ਸਮਝਦਾ ਹਾਂ

.............

ਉਹ ਵੇਈਆਂ ਵਿਚ ਡੁੱਬਦਾ ਹੈ

ਖ਼ਾਨਾ ਬਦੋਸ਼ ਹੋ ਜਾਂਦਾ ਹੈ

ਮੈਂ ਉਸਦੀ ਬਾਣੀ ਦਾ ਗੁਟਕਾ ਫੜਦਾ ਹਾਂ

ਬੂਹਾ ਢੋਅ ਕੇ ਬਹਿ ਜਾਂਦਾ ਹਾਂ

.............

ਉਸਦੇ ਆਖਿਆਂ ਰੱਬ ਨੂੰ ਇੱਕ ਮੰਨਦਾ ਹਾਂ

ਰੱਬ ਦੇ ਬੰਦਿਆਂ ਨੂੰ ਇੱਕ ਨਹੀਂ ਸਮਝਦਾ

ਉਦਾਸੀਆਂ ਕਰਨ ਵਾਲ਼ੇ ਨੂੰ

ਮੈਂ ਉਦਾਸ ਕਰ ਦਿੱਤਾ ਹੈ

.............

ਮੈਂ ਉਸਦਾ ‘ਸਿੱਖ’ ਹੋਣ ਦੀ ਕੋਸ਼ਿਸ਼ ਕਰਦਾ ਹਾਂ

ਉਹ ਮੇਰੇ ‘ਨਾਨਕ’ ਹੋਣ ਦੀ ਉਡੀਕ ਕਰਦਾ ਹੈ....

Tuesday, October 6, 2009

ਡਾ: ਸੁਖਪਾਲ - ਨਜ਼ਮ

ਦੋਸਤੋ! ਜਦੋਂ ਕਦੇ ਵੀ ਪੰਜਾਬੀ ਕਵਿਤਾ ਬਾਰੇ ਜ਼ਿਕਰ ਛਿੜਦਾ ਹੈ ਤਾਂ ਇਕ ਗੱਲ ਵਾਰ-ਵਾਰ ਸੁਣਨ ਨੂੰ ਮਿਲ਼ਦੀ ਹੈ ਕਿ ਪੰਜਾਬੀ ਕਵਿਤਾ ਅਜੇ ‘ਉੱਥੇ’ ਨਹੀਂ ਪਹੁੰਚੀ…. ‘ਜਿੱਥੇ’ ਪਹੁੰਚਣੀ ਚਾਹੀਦੀ ਸੀ.....ਜਾਂ ਫਿਰ....ਆਧੁਨਿਕ ਪੰਜਾਬੀ ਕਵਿਤਾ ‘ਚ ‘ਰੀਸਾਈਕਲਿੰਗ’ ਦੀ ਮਾਤਰਾ ਵਧੇਰੇ ਹੈ....ਆਮ ਤੌਰ ਤੇ ਮੈਂ ਚੁੱਪ ਹੋ ਜਾਂਦੀ ਹੁੰਦੀ ਆਂ ਕਿਉਂਕਿ ਬਹੁਤੀ ਵਾਰ ਬੋਲਣ ਨਾਲ਼ੋਂ ਸੁਣਨਾ ਸੁਖਦਾਇਕ ਹੁੰਦਾ ਹੈ।

----

ਮੈਨੂੰ ਡਾ: ਸੁਖਪਾਲ ਜੀ ਦੀ ਕਵਿਤਾ ਪੜ੍ਹਦਿਆਂ ਜਾਪਦਾ ਹੁੰਦੈ ਕਿ ਪੰਜਾਬੀ ਕਵਿਤਾ ਬੁਲੰਦੀ ਤੇ ਹੈ...ਇਸ ਵਿਚ ਵੀ ਭੌਰਿਆਂ, ਪਤੰਗਿਆਂ, ਭਮੱਕੜਾਂ ਤੋਂ ਉੱਤੇ ਉੱਠਕੇ ਬਹੁਤ ਕੁਝ ਲਿਖਿਆ ਜਾ ਰਿਹਾ ਹੈ...ਜ਼ਰੂਰਤ ਸਿਰਫ਼ ਵਧੀਆ ਸਾਹਿਤ ਨੂੰ ਪੜ੍ਹਨ ਲਈ ਰੁਚੀ ਦਾ ਹੋਣਾ ਹੈ। ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਜਿੱਥੇ ਕਿਤੇ ਸ਼ਾਇਰੀ ਨਾਲ਼ ਹਵਾਲਾ ਦੇਣਾ ਹੋਵੇ, ਓਥੇ ਉਹੀ ਦੋ-ਚਾਰ ਪੰਜਾਬੀ ਲੇਖਕਾਂ ਤੱਕ ਆਪਣੀ ਸੋਚ ਸੀਮਤ ਕਿਉਂ ਕਰ ਦਿੰਨੇ ਹਾਂ ??? ਕਿਉਂ ਨਹੀਂ ਅਸੀਂ ਨਵੇਂ ਅਤੇ ਵਧੀਆ ਲੇਖਕਾਂ ਨੂੰ ਪੜ੍ਹਦੇ ਅਤੇ ਖ਼ੂਬਸੂਰਤ ਆਧੁਨਿਕ ਸ਼ਾਇਰੀ ਦੀਆਂ ਉਦਾਹਰਣਾਂ ਦਿੰਦੇ ??? ਕਿਉਂ ਸਾਹਿਤਕ ਸਿਆਸਤ ਦੇ ਚੱਕਰਾਂ ‘ਚ ਨਵੇਂ ਲੇਖਕਾਂ ਅਤੇ ਉਹਨਾਂ ਦੀ ਲੇਖਣੀ ਦਾ ਜ਼ਿਕਰ ਨਹੀਂ ਹੁੰਦਾ??? ਸ਼ਾਇਦ ਸੂਤ ਤੇ ਰੇਸ਼ਮ ਨੂੰ ਅਸੀਂ ਇਕੋ ਭਾਅ ‘ਚ ਤੋਲਣ ਦੇ ਆਦੀ ਜਿਹੇ ਹੋ ਗਏ ਹਾਂ।

----

ਮੇਰੇ ਖ਼ਿਆਲ ‘ਚ ਜਿਨ੍ਹਾਂ ਦਾ ਕੰਮ ‘ਰੀਸਾਈਕਲਿੰਗ’ ਕਰਕੇ ਕਿਤਾਬਾਂ ਦੇ ਢੇਰ ਲਾਉਂਣ ਤੱਕ ਹੀ ਹੈ, ਉਹਨਾਂ ਕਰਕੇ ਪੰਜਾਬੀ ਕਵਿਤਾ ਦੀ ਤਰੱਕੀ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ। ਆਸ ਹੈ ਕਿ ਅੱਜ ਪੋਸਟ ਕੀਤੀ ਜਾ ਰਹੀ ਡਾ: ਸੁਖਪਾਲ ਜੀ ਦੀ ਨਜ਼ਮ ਪੜ੍ਹ ਕੇ ਤੁਸੀਂ ਵੀ ਜ਼ਰੂਰ ਮਹਿਸੂਸ ਕਰੋਂਗੇ ਕਿ ਅਜਿਹੀ ਕਵਿਤਾ ਕਿਸੇ ਵੀ ਭਾਸ਼ਾ ਵਿਚ ਰਚੀ ਜਾ ਰਹੀ ਸ਼ਾਇਰੀ ਤੋਂ ਪਿੱਛੇ ਜਾਂ ਘੱਟ ਨਹੀਂ ਹੈ। ਮੈਂ ਸਮਝਦੀ ਹਾਂ ਕਿ ਡਾ: ਸਾਹਿਬ ਦੀ ਕਿਤਾਬ ‘ ਰਹਣੁ ਕਿਥਾਊ ਨਾਹਿ ’ ‘ਚ ਪੰਜਾਬੀ ਵਾਰਤਕ ਅਤੇ ਕਵਿਤਾ ਨੇ ਨਵੀਆਂ ਸਿਖਰਾਂ ਛੋਹੀਆਂ ਹਨ। । ਇਹ ਕਿਤਾਬ ਹਰੇਕ ਪੰਜਾਬੀ ਸਾਹਿਤ ਪ੍ਰੇਮੀ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਕਿਉਂਕਿ ਇਸ ਦੇ ਹਰੇਕ ਅੱਖਰ ਦੀ ਬੁੱਕਲ਼ ‘ਚੋਂ ਨਵਾਂ ਸੂਰਜ ਉਦੈ ਹੁੰਦਾ ਹੈ। ਇਸ ਕਿਤਾਬ 'ਚੋਂ ਵਾਰਤਕ ਵੀ ਥੋੜ੍ਹੇ-ਥੋੜ੍ਹੇ ਹਿੱਸਿਆਂ 'ਚ ਜਲਦ ਹੀ ਸਭ ਨਾਲ਼ ਸਾਂਝੀ ਕਰਾਂਗੀ। ਡਾ: ਸਾਹਿਬ... ਤੁਹਾਨੂੰ ਆਰਸੀ ਪਰਿਵਾਰ ਵੱਲੋਂ ਦਿਲੀ ਮੁਬਾਰਕਬਾਦ....ਜਿਹੜੀ ਨਵੀਂ ਕਿਤਾਬ ਤੁਸੀਂ ਲਿਖ ਰਹੇ ਓ, ਉਸਦਾ ਸਾਨੂੰ ਸਭ ਨੂੰ ਬੇਸਬਰੀ ਨਾਲ਼ ਇੰਤਜ਼ਾਰ ਰਹੇਗਾ। ਲਿਖਤਾਂ ਨੂੰ ਕਿਤਾਬੀ ਰੂਪ ਦੇਣ ਸਬੰਧੀ ਤੁਹਾਡੇ ਸੁਝਾਵਾਂ ਨੇ ਮੇਰੀ ਸੋਚ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ, ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’

**************

ਖੂਹ

ਨਜ਼ਮ

ਮੁਲਤਾਨ ਦੇ ਪਿੰਡ ਦੇ

ਸਰਦਾਰ ਦੀ ਧੀ

ਨੀਵੀਂ ਜਾਤ ਦੇ ਮੁੰਡੇ ਨਾਲ਼

ਪਿਆਰ ਕਰ ਬੈਠੀ

.............

ਪੰਚਾਂ ਨੇ ਫੈਸਲਾ ਕੀਤਾ ਹੈ

ਮਾਣ ਬਹਾਲ ਕਰਨ ਲਈ ਸਰਦਾਰ

ਮੁੰਡੇ ਦੀ ਭੈਣ ਅਤੇ ਭਰਜਾਈ

ਨਾਲ਼ ਜਬਰ-ਜਨਾਹ ਕਰੇਗਾ

............

ਜਬਰ-ਜਨਾਹ ਨੇ ਦੁਹਾਂ ਔਰਤਾਂ ਦੇ

ਮਰਦਾਂ ਦਾ ਮਾਣ ਭੰਨ ਸੁੱਟਿਆ ਹੈ

ਇੱਕ ਦੇ ਬਾਪ ਦੂਜੀ ਦੇ ਖਸਮ ਨੇ

ਉਨ੍ਹਾਂ ਨੂੰ ਘਰੋਂ ਕੱਢ ਛੱਡਿਆ ਹੈ

.............

ਔਰਤ ਦਾ ਮਾਣ

ਮਰਦ ਦੇ ਹੱਥ ਵਿਚ ਹੈ

ਮਰਦ ਦਾ ਮਾਣ

ਔਰਤ ਦੇ ਇੱਕ ਅੰਗ ਵਿਚ ਹੈ

.............

ਔਰਤ ਦਾ ਇਹ ਅੰਗ ਖੂਹ ਹੈ

ਖੂਹ ਉਸਨੂੰ ਔਰਤ ਬਣਾਉਂਦਾ ਹੈ

ਉਸਨੂੰ ਗਹਿਰਾਈ ਦੇਂਦਾ ਹੈ

ਘੜੇ ਭਰ ਭਰ ਜ਼ਿੰਦਗੀ ਦੇਂਦਾ ਹੈ

ਮੌਤ ਵੀ ਦੇਂਦਾ ਹੈ

..............

ਔਰਤ ਦਾ ਖੂਹ ਨਾਲ਼ ਰਿਸ਼ਤਾ ਹੈ

ਰੋਜ਼ ਉਹ ਪਿੰਡ ਦੇ ਖੂਹ ਕੋਲ਼ ਜਾਂਦੀ ਹੈ

ਉਸ ਨਾਲ਼ ਗੱਲਾਂ ਕਰਦੀ ਹੈ

ਮੌਣ ਤੇ ਬਹਿ ਕੇ ਸਾਹ ਲੈਂਦੀ ਹੈ

ਆਪਣਾ ਦੁੱਖ ਦਸਦੀ ਹੈ

ਉਸਦਾ ਦੁੱਖ ਸੁਣਦਿਆਂ ਖੂਹ ਦੀਆਂ ਟਿੰਡਾਂ

ਭਰ ਭਰ ਵਗਦੀਆਂ ਹਨ

ਖੂਹ ਔਰਤ ਨੂੰ ਪਨਾਹ ਦਿੰਦਾ ਹੈ

ਉਸਨੂੰ ਮਾਣ ਦੇਂਦਾ ਹੈ

ਉਸਦਾ ਮਾਣ ਰੱਖਦਾ ਹੈ

ਖੁੱਸਿਆ ਮਾਣ ਮੋੜਦਾ ਹੈ

ਖੂਹ ਔਰਤ ਦਾ ਆਪਣਾ ਘਰ ਹੈ

..............

ਔਰਤ ਖੂਹ ‘ਚੋਂ ਜੰਮਦੀ ਹੈ

ਆਪਣੇ ਵਿਚੋਂ ਖੂਹ ਜੰਮਦੀ ਹੈ

ਆਪਣੇ ਅੰਦਰ ਖੂਹ ਰੱਖਦੀ ਹੈ

ਜੀਣ ਵਾਸਤੇ ‘ਖੂਹ’ ਲੱਭਦੀ ਹੈ

ਇੱਕ ‘ਖੂਹ’ ਵਿਚੋਂ ਨਿਕਲ਼ਦੀ ਹੈ

ਦੂਜੇ ਵਿਚ ਜਾ ਪੈਂਦੀ ਹੈ

ਇੱਕ ‘ਖੂਹ’ ਤੋਂ ਮੁਕਤ ਹੋਣ ਲਈ

ਦੂਜਾ ਖੂਹ ਲੱਭਦੀ ਹੇ

ਸਭ ਖੂਹਾਂ ਤੋਂ ਛੁੱਟਣ ਲਈ

ਖੂਹ ਲੱਭਦੀ ਹੈ

................

ਦੋਵੇਂ ਔਰਤਾਂ

ਪਿੰਡ ਦੇ ਖੂਹ ਵਿਚ

ਪਰਤ ਗਈਆਂ ਹਨ....

ਅੱਜ ਖੂਹ ਦੇ ਪਾਣੀ ਵਿਚ

ਉਬਾਲ਼ ਹੈ....


Thursday, September 10, 2009

ਡਾ: ਸੁਖਪਾਲ - ਨਜ਼ਮ

ਸਾਜ਼

ਨਜ਼ਮ

ਸਰੀਰ ਮੇਰਾ- ਤੂੰਬੇ ਵਰਗਾ

ਪੰਜੇ ਇੰਦਰੀਆਂ – ਤਾਰਾਂ ਵਰਗੀਆਂ

........

ਇਹਨਾਂ ‘ਚੋਂ ਕੋਈ ਨੱਪੀ ਜਾਂਦੀ

ਤਾਂ ਸੁੱਤੀ ਹੋਈ ਸੁਰ

ਤ੍ਰਬਕ ਕੇ ਜਾਗ ਉੱਠਦੀ

.........

ਮੇਰਾ ਮਨ – ਬਾਲ ਵਰਗਾ

ਚਾਈਂ ਚਾਈਂ ਹਰ ਵੇਲ਼ੇ

ਕੋਈ ਨਾ ਕੋਈ ਸੁਰ ਨੱਪੀ ਰੱਖਦਾ

ਸੁਰ ਤੇ ਸਾਜ਼ ਦੋਹਾਂ ਤੋਂ ਅਣਜਾਣ...

ਰੁੱਝਿਆ ਹੋਇਆ

ਪਰ ਬੇਸੁਰ ਆਵਾਜ਼ਾਂ ਕੱਢਦਾ....

...................

ਜਦੋਂ ਇਹ ਬਾਲ ਸੌਂ ਜਾਂਦਾ

ਮੈਂ ਨੀਂਦ ਵਿਚੋਂ ਜਾਗਦਾ

ਜਾਂ ਤੇਰਾ ਚੇਤਾ ਆਉਂਦਾ

ਤਾਂ ਰਾਗਾਂ ਵਿਚ ਬੱਧੇ ਸੁਰ ਜਾਗਦੇ...

...............

ਕੋਈ – ਵਿੱਛੜੇ ਬਾਲ ਦੇ ਰੋਣ ਜਿਹਾ....

ਕੋਈ – ਸਾਉਣ ਦੀ ਰੁੱਤੇ ਚਹਿਕਦੇ ਮੋਰ ਜਿਹਾ....

ਕੋਈ – ਡਿਗਦੇ ਪੱਤਿਆਂ ਨੂੰ ਵੇਖ ਕੇ ਕੰਬੀ ਮੋਹ ਦੀ ਕਣੀ ਵਰਗਾ....

ਕੋਈ – ਲੁਕ ਕੇ ਵੇਖਦੀਆਂ ਪਰ ਆਵਾਜ਼ ਮਾਰਨੋਂ ਝਿਜਕਦੀਆਂ ਅੱਖੀਆਂ ਵਰਗਾ....

...............

ਆਪਣਾ ਆਪ ਤੇਰੇ ਅਰਪਣ ਕਰਦਾ ਹਾਂ

ਤੂੰ ਚੁੰਮਣ ਨਾਲ਼-

ਸੁਰ ਕਰ ਦੇਹ ਮੇਰੇ ਪੋਰ ਪੋਰ ਨੂੰ...

ਮੈਨੂੰ ਵੇਖ-

ਮੇਰੀਆਂ ਸਭ ਤਾਰਾਂ ਇੱਕੋ ਵੇਲ਼ੇ ਥਿਰਕ ਪੈਣ...

ਆਪਣੀਆਂ ਉਂਗਲ਼ੀਆਂ ਫੇਰ ਮੇਰੇ ਤੇ-

ਸਭ ਸੁਰ ਬੂਹੇ ਖੋਲ੍ਹ ਕੇ ਬਾਹਰ ਆ ਜਾਣ....

.................

ਮੈਨੂੰ ਵਜਾਅ

ਕਿ ਮੇਰਾ ਹੋਣਾ ਸਾਰਥਕ ਹੋਵੇ...!