'ਆਰਸੀ' 'ਤੇ ਕਮਲ ਦੇਵ ਪਾਲ ਦੀਆਂ ਗ਼ਜ਼ਲਾਂ ਪੜ੍ਹਦਿਆਂ ਪੜ੍ਹਦਿਆਂ ਮੇਰੇ 'ਤੇ ਅਜੀਬ ਜਿਹਾ ਪ੍ਰਭਾਵ ਤਾਰੀ ਹੋ ਗਿਆ। ਮੈਂ ਸੋਚਾਂ ਹੀ ਸੋਚਾਂ ਵਿਚ ਕਈ ਵਰ੍ਹੇ ਪਿਛਾਂਹ ਪਰਤ ਗਿਆ। ਸੰਨ 1988-89 ਦੇ ਸਾਲਾਂ ਵਿਚ। ਉਲਫ਼ਤ ਬਾਜਵਾ ਹੋਰੀਂ ਲਾਡੋਵਾਲੀ ਰੋਡ ਵਾਲੇ ਸਕੂਲ ਵਿਚ ਪੜ੍ਹਾਉਂਦੇ ਸਨ। ਹਰ ਮਹੀਨੇ 'ਅਦਬੀ ਦਰਬਾਰ' ਨਾਂ ਦੀ ਸੰਸਥਾ ਦੇ ਬੈਨਰ ਹੇਠ ਕਵੀ ਦਰਬਾਰ ਕਰਵਾਇਆ ਕਰਦੇ ਸਨ। ਅਸੀਂ ਅਜੇ ਉਲਫ਼ਤ ਬਾਜਵਾ ਹੋਰਾਂ ਦੇ ਚੇਲੇ ਬਣੇ ਹੀ ਸਾਂ। ਸਾਡਾ ਅਭਿਆਸੀ ਗ਼ਜ਼ਲ ਦਾ ਦੌਰ ਸੀ। ਉਹਨਾਂ ਕਵੀ ਦਰਬਾਰਾਂ ਵਿਚ ਸਿਰੇ ਦੇ ਸ਼ਾਇਰ ਆਉਂਦੇ। ਬਖ਼ਸ਼ੀ ਰਾਮ ਕੌਸ਼ਲ ਦਾ ਸ਼ਿਅਰ-
ਕਿਰਨ ਹੈ ਹੁਸਨ ਦੀ ਓਧਰ,
ਜਲਨ ਹੈ ਇਸ਼ਕ ਦੀ ਏਧਰ
ਤਿਰੇ ਘਰ ਤੋਂ ਮਿਰੇ ਘਰ ਤਕ
ਉਜਾਲੇ ਹੀ ਉਜਾਲੇ ਨੇ
ਸਿਮਰਤੀ ਵਿਚ ਹਮੇਸ਼ਾ ਲਈ ਸਾਂਭਿਆ ਗਿਆ।
.........
ਖ਼ੁਸ਼ੀ ਰਾਮ ਰਿਸ਼ੀ ਦਾ ਸ਼ਿਅਰ ਇਕ ਵਾਰ ਸੁਣਿਆ ਮੁੜ ਕਦੇ ਨਹੀਂ ਭੁਲਿਆ-
ਇਸ਼ਕ ਦੇ ਬਿਖੜੇ ਹੋਏ ਰਾਹਾਂ 'ਚ ਦੋਵੇਂ ਗੁੰਮ ਗਏ
ਰਹਿਨੁਮਾ ਨੂੰ ਮੈਂ ਤੇ ਮੈਨੂੰ ਰਹਿਨੁਮਾ ਲਭਦਾ ਰਿਹਾ।
.........
ਊਧਮ ਸਿੰਘ ਮੌਜੀ ਨਜ਼ਮਾਂ ਦੀ ਛਹਿਬਰ ਲਾ ਦਿੰਦਾ-
ਕੁਰਸੀ 'ਤੇ ਗਿਰਝਾਂ ਬੈਠੀਆਂ।
ਵੋਟ ਪਾਵਾਂ ਕਿ ਬੋਟੀਆਂ।
...........
ਮੁਸ਼ਕਲ ਮੂਨਿਕ ਦੀ ਇਹ ਰੁਬਾਈ ਮੈਂ ਕੋਈ ਪੰਜਾਹ ਵਾਰ ਲੋਕਾਂ ਨੂੰ ਸੁਣਾ ਚੁੱਕਾ ਹੋਵਾਂਗਾ-
ਕਦੇ ਨਾ ਕਦੇ 'ਤੇ ਮੁਲਾਕਾਤ ਹੋਸੀ।
ਜੋ ਗੱਲਬਾਤ ਚਾਹੁੰਨਾ ਉਹ ਗੱਲਬਾਤ ਹੋਸੀ।
ਮੈਂ ਰੋ ਰੋ ਕੇ ਦੱਸੂੰ, ਉਹ ਸੁਣ ਸੁਣ ਕੇ ਰੋਊ
ਮੁਹੱਬਤ ਦੇ ਬੂਟੇ 'ਤੇ ਬਰਸਾਤ ਹੋਸੀ।
.........
ਸੋਹਣ ਲਾਲ ਦਰਦੀ ਦੇ ਆਉਣ ਨਾਲ ਹੀ ਹਾਸੜ ਪੈ ਜਾਂਦੀ-
ਕੌਮ ਦੇ ਗ਼ੱਦਾਰ ਆਏ ਹਾਰ ਪਾਓ।
.........
ਪ੍ਰੀਤਮ ਸਿੰਘ ਪ੍ਰੀਤਮ ਵਾਰ ਵਾਰ ਆਪਣੀਆਂ ਦੋ ਹੀ ਗ਼ਜ਼ਲਾਂ ਪੜ੍ਹਦਾ ਸੀ, ਪਰ ਹਰ ਵਾਰ ਉਸਨੂੰ ਭਰਵੀਂ ਦਾਦ ਮਿਲਦੀ-
ਤਾਕਤ ਦੇ ਨਸ਼ੇ ਵਿਚ ਨਾ ਮਜ਼ਲੂਮ ਨੂੰ ਛੇੜੀ,
ਕਤਰੇ 'ਚ ਛੁਪੇ ਹੁੰਦੇ ਨੇ ਤੂਫ਼ਾਨ ਹਜ਼ਾਰਾਂ।
.........
ਉਲਫ਼ਤ ਬਾਜਵਾ ਹੋਰਾਂ ਦੇ ਹਰ ਸ਼ਿਅਰ ਨੂੰ ਭਰਵੀਂ ਦਾਦ ਮਿਲਦੀ। ਅਸੀਂ ਤਾਂ ਬਿਲਕੁਲ ਨਵੇਂ ਸਾਂ। ਪੁਰਾਣੇ ਬੰਦੇ ਜਲੰਧਰ ਦੇ ਸ਼ਾਇਰਾਂ ਵਿਚ ਚੱਲ ਰਹੀ ਅੰਦਰਲੀ ਸਿਆਸਤ ਤੋਂ ਜਾਣੂੰ ਸਨ। ਇਕ ਸਮੇਂ 'ਤੇ ਆ ਕੇ ਉਲਫ਼ਤ ਬਾਜਵਾ ਹੋਰਾਂ ਦੇ ਦੀਪਕ ਜੈਤੋਈ ਅਤੇ ਪ੍ਰਿੰ. ਤਖ਼ਤ ਸਿੰਘ ਨਾਲ ਸੰਬੰਧ ਅਣਸੁਖਾਵੇਂ ਹੋ ਗਏ ਸਨ। ਬਾਜਵਾ ਸਾਹਿਬ ਇਸ਼ਾਰੇ ਨਾਲ ਆਪਣੀ ਗ਼ਜ਼ਲ ਵਿਚ ਇਹਨਾਂ ਦਾ ਜ਼ਿਕਰ ਕਰਦੇ ਤਾਂ ਸ਼ਿਅਰਾਂ 'ਚ ਆਏ ਹਵਾਲਿਆਂ ਤੋਂ ਵਾਕਿਫ਼ ਲੋਕ ਜ਼ੋਰ-ਜ਼ੋਰ ਦੀਆਂ ਤਾੜੀਆਂ ਮਾਰਦੇ। 'ਵਾਹ ਵਾਹ' ਕਰਦੇ। ਕਈ ਮੁੱਕੀਆਂ ਮਾਰ-ਮਾਰ ਕੇ ਨਾਲ਼ ਬੈਠੇ ਦੇ ਪਾਸੇ ਵੀ ਸੇਕ ਦਿੰਦੇ-
ਬੁਝਾਇਆ ਲੋਭ ਦੀ ਆਂਧੀ ਨੇ ਤੇਰੇ ਸਾਹਮਣੇ 'ਦੀਪਕ',
ਤੂੰ ਕੀਕਰ ਸਹਿ ਗਈ ਗ਼ੈਰਤ ਤੂੰ ਕੀਕਰ ਜਰ ਗਈ ਗ਼ੈਰਤ।
ਉਹਨਾਂ ਨੇ 'ਤਖ਼ਤ' ਠੁਕਰਾਇਆ, ਉਹਨਾਂ ਨੇ ਤਾਜ ਠੁਕਰਾਇਆ,
ਜਿਨ੍ਹਾਂ 'ਲਾਲਾਂ' ਦੇ ਸਿਰ 'ਤੇ ਤਾਜ ਅਪਣਾ ਧਰ ਗਈ ਗ਼ੈਰਤ।
ਇਹਨਾਂ ਸ਼ਿਅਰਾਂ ਦੇ ਪਿਛੋਕੜ ਬਾਰੇ ਬਾਜਵਾ ਸਾਹਿਬ ਨੇ ਕਈ ਵਾਰ ਦੱਸਿਆ ਅਤੇ ਨੁਕਤਾ ਸਮਝਾਇਆ ਸੀ ਕਿ ਭਾਵੇਂ ਉਹਨਾਂ ਨੇ ਇਹ ਸ਼ਿਅਰ ਬਹੁਤ ਹੀ ਨਿੱਜੀ ਪੱਧਰ 'ਤੇ ਲਿਖੇ ਸਨ, ਪਰ ਇਹਨਾਂ ਦੀ ਖ਼ੂਬਸੂਰਤੀ ਇਹ ਸੀ ਕਿ ਇਹਨਾਂ ਦਾ ਇਤਿਹਾਸਕ ਪਰਿਪੇਖ ਵਿਚ ਵੀ ਆਪਣਾ ਮਹੱਤਵ ਸੀ। ਸੰਦਰਭ ਵਿਅਕਤੀਗਤ ਹੋਣ ਦੇ ਬਾਵਜੂਦ ਇਹ ਸ਼ਿਅਰ ਵਿਅਕਤੀਗਤ ਦੇ ਦਾਇਰੇ ਤੋਂ ਪਾਰ ਵਿਚਰਦੇ ਹਨ।
.............
ਆਰਿਫ਼ ਗੋਬਿੰਦ ਪੁਰੀ ਬੜੇ ਨਖ਼ਰੇ ਨਾਲ ਪੇਸ਼ ਹੁੰਦਾ-
ਖੁਆ ਕਾਵਾਂ ਨੂੰ ਜੇਕਰ ਗੰਦ ਰਿਸ਼ਵਤ ਦਾ ਖੁਆਉਣਾ ਏਂ,
ਕਿ ਹੰਸਾਂ ਨੂੰ ਨਹੀਂ ਹੁੰਦੀ ਇਹ ਗੰਦਗੀ ਖਾਣ ਦੀ ਆਦਤ।
............
ਉਂਕਾਰਪ੍ਰੀਤ ਦੇ ਇਹ ਸ਼ਿਅਰ 'ਤੇ ਬੜੀ ਦਾਦ ਬਟੋਰਦੇ ਸਨ-
ਜਦ ਵੀ ਕਦੇ ਅਸਾਂ ਨੇ ਤੇਰਾ ਖ਼ਿਆਲ ਲਿਖਿਆ।
ਯਾਦਾਂ 'ਚ ਡੋਬ ਕਾਨੀ, ਹੰਝੂਆਂ ਦੇ ਨਾਲ ਲਿਖਿਆ।
ਕੀਤਾ ਗਿਲਾ ਮੇਰੇ 'ਤੇ ਤਦ ਦਿਲ ਮੇਰੇ ਦੇ ਜ਼ਖ਼ਮਾਂ,
ਜਦ ਠੀਕ ਠਾਕ ਅਪਣਾ ਮੈਂ ਹਾਲ-ਚਾਲ ਲਿਖਿਆ।
...........
ਜੋਗਾ ਸਿੰਘ ਬਠੁੱਲਾ ਦਾ ਸ਼ਿਅਰ ਕਈ ਦਿਨ ਦਿਮਾਗ਼ ਵਿਚ ਘੁੰਮਦਾ ਰਿਹਾ। ਉਸਨੇ ਇਹ ਗੱਲ ਸੋਚੀ ਕਿਵੇਂ ਹੋਵੇਗੀ-
ਜ਼ਰੂਰੀ ਹੀ ਜੇ ਜਾਣਾ ਹੈ ਤਾਂ ਜਾਵੀਂ ਮੌਸਮਾਂ ਵਾਂਗਰ,
ਕਿ ਜੋ ਮੁੜ ਕੇ ਨਹੀਂ ਆਉਂਦਾ, ਨਾ ਜਾਵੀਂ ਤੂੰ ਸਮਾਂ ਬਣ ਕੇ।
.........
ਪ੍ਰੋ. ਦੀਦਾਰ ਤਰੰਨੁਮ ਵਿਚ ਗ਼ਜ਼ਲ ਪੜ੍ਹਦਾ ਸਭ ਨੂੰ ਝੂਮਣ ਲਾ ਦਿੰਦਾ ਸੀ-
ਮੇਰੇ ਘਰ ਦੇ ਬਾਰਾਂ ਬਾਲੇ ਤਿੰਨ ਕੰਧਾਂ ਦਰ ਦੱਖਣ ਨੂੰ,
ਭੂਤਾਂ ਦੀ ਜੂਹ ਅੰਦਰ ਆ ਕੇ ਤੂੰ ਕਿੱਦਾਂ ਬਚ ਜਾਵੇਂਗਾ।
........
ਸ਼ੌਕਤ ਢੰਡਵਾੜੀ ਝੂੰਮ ਝੂੰਮ ਕੇ ਗ਼ਜ਼ਲਾਂ ਪੜ੍ਹਦਾ-
ਦੇਖੋ ਇਨਾਮ ਮੇਰਾ।
ਖ਼ਾਲੀ ਹੈ ਜਾਮ ਮੇਰਾ।
ਤਿਰਕਾਲਾਂ ਪੈਣ ਲੱਗੀਆਂ,
ਕਰੋ ਇੰਤਜ਼ਾਮ ਮੇਰਾ।
ਤਾੜੀਆਂ ਦੀ ਗੂੰਜ ਵਿਚ ਸ਼ੌਕਤ ਦਾ ਸ਼ਿਅਰ ਰੰਗ ਬਿਖੇਰਦਾ-
ਇਕ ਅਜਬ ਦਿਲਕਸ਼ੀ ਹੈ, ਅੱਜ ਕੱਲ੍ਹ ਮਾਹੌਲ ਅੰਦਰ,
ਨ੍ਹੇਰੀ ਵੀ ਚੱਲ ਰਹੀ ਹੈ, ਦੀਵੇ ਵੀ ਬਲ਼ ਰਹੇ ਨੇ।
..........
ਇਹੋ ਜਿਹੇ ਕਾਵਿਕ ਮਾਹੌਲ ਵਿਚ ਹੀ ਕਮਲ ਦੇਵ ਪਾਲ ਦੀਆਂ ਗ਼ਜ਼ਲਾਂ ਦਾ ਆਨੰਦ ਅਸੀਂ ਮਾਣਦੇ ਸਾਂ-
ਹੰਝੂ, ਬਰਖਾ, ਝਾਂਜਰ ਦਾ ਕੋਈ ਮੇਲ ਨਹੀਂ,
ਫਿਰ ਵੀ ਤਿੰਨੇ ਛਮ ਛਮ ਕਰਦੇ ਆਪਣੀ ਥਾਂ।
........
ਰਿਸ਼ੀ ਸ਼ੰਭੂਕ ਦੇ ਜਦ ਕ਼ਤਲ ਦੀ ਚਰਚਾ ਛਿੜੂ ਕਿਧਰੇ,
ਉਦੋਂ ਦਰਸ਼ਥ ਦੇ ਬੇਟੇ ਰਾਮ ਦੀ ਗੱਲਬਾਤ ਚੱਲੇਗੀ।
.........
ਮੁਖ਼ਬਰ ਘਰਾਂ 'ਚ ਤੱਕ ਸੁਗਰੀਵ ਤੇ ਬਵੀਸ਼ਣ,
ਇਹ ਰਾਮ ਰਾਜ ਤਦ ਤੱਕ ਨਸੀਬ ਸਾਡੇ।
ਸ਼ਿਅਰ ਨੂੰ ਖ਼ੂਬ ਦਾਦ ਮਿਲਦੀ। ਇਤਿਹਾਸ-ਮਿਥਿਹਾਸ ਨੂੰ ਉਹ ਹਮੇਸ਼ਾ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ। ਦੱਬੀ-ਕੁਚਲੀ ਧਿਰ ਦੀ ਆਵਾਜ਼ ਬਣ ਕੇ ਪਰਗਟ ਹੁੰਦੇ ਉਸ ਨੌਜਵਾਨ ਸ਼ਾਇਰ ਦੇ ਸ਼ਿਅਰ ਉਸਤਾਦ ਸ਼ਾਇਰਾਂ ਨੂੰ ਖੁੱਲ੍ਹ ਕੇ ਦਾਦ ਦੇਣ ਲਈ ਮਜਬੂਰ ਕਰ ਦਿੰਦੇ।
..........
'ਆਰਸੀ' 'ਤੇ ਉਸਦੀ ਸ਼ਾਇਰੀ ਪੜ੍ਹ ਕੇ ਬੀਤੇ ਵਕਤ ਦੀ ਪਰਿਕਰਮਾ ਕਰਨਾ ਰੂਹ ਨੂੰ ਬੇਹੱਦ ਸਕੂਨ ਦੇਣ ਵਾਲਾ ਸਾਬਿਤ ਹੋਇਆ।
ਅਦਾਲਤ ਤੁਸੀਂ ਕੈਦ ਕੀਤੀ ਚਿਰਾਂ ਦੀ।
ਕਿ ਸ਼ਾਇਦ ਹੈ ਇਸਨੂੰ ਜ਼ਰੂਰਤ ਨਿਆਂ ਦੀ।
ਸੁਰਿੰਦਰ ਸੋਹਲ
ਯੂ.ਐੱਸ.ਏ.

