ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਦਰਵੇਸ਼. Show all posts
Showing posts with label ਦਰਵੇਸ਼. Show all posts

Saturday, February 20, 2010

ਦਰਵੇਸ਼ - ਨਜ਼ਮ

ਤਾਂ ਹੀ ਤਾਂ

ਨਜ਼ਮ

ਬੱਸ ਜਿਊਂਈ ਜਾਂਦਾ ਹਾਂ

ਕਿ-

ਇਕ ਨਹੀਂ

ਕਿੰਨ੍ਹਿਆਂ ਹੀ ਸੂਰਜਾਂ ਦਾ ਉਲ੍ਹਾਂਭਾ

ਸਿਰ ‘ਤੇ ਹੈ

ਕਿ ਚੰਦ ਦੁਆਲ਼ੇ ਜੁੜੀਆਂ

ਖਿੱਤੀਆਂ ਦਾ ਚਾਨਣ

ਵੈਂਗਣੀ ਫੁੱਲਾਂ ਵਰਗਾ ਮੋਹ ਪਾ ਬੈਠੇ।

..............

ਕਦੇ ਕਦੇ

ਜਦੋਂ ਅੰਬਰ ‘ਤੇ ਬਣੇ

ਛੜਿਆਂ ਦੇ ਰਾਹ ਤੋਂ ਉਡਦੀ

ਧੂੜ ਵੇਖਦਾਂ

ਤਾਂ ਆਪਣੇ ਆਪ

ਇਕ ਬੂਹਾ ਜਿਹਾ ਖੁੱਲ੍ਹ ਜਾਂਦੈ

ਤੇ ਯਾਦ ਆ ਜਾਂਦੇ ਨੇ

ਉਹ ਸੰਵੇਦਨੀ ਪਲ

ਜਦੋਂ ਤੈਨੂੰ ਕਹਿੰਦਾ ਸਾਂ

..... ਆ ਕਿ ਦੋ ਪਲ

ਸਿਰਨਾਵਿਆਂ ਦੀ ਖੇਡ, ਖੇਡ ਲਈਏ

ਆ ਕਿ ਕੁਝ ਘੜੀਆਂ ਬੈਠ ਕੇ

ਹੁੰਗਾਰਿਆਂ ਦਾ ਆਸਣ ਲਾ ਲਈਏ

...............

ਨਾ ਤੈਥੋਂ ਸਿਰਨਾਵਿਆਂ ਦੀ ਖੇਡ ਖੇਡੀ ਗਈ

ਤੇ ਨਾ ਹੀ

ਹੁੰਗਾਰਿਆਂ ਦੇ ਆਸਣ ‘ਤੇ ਬਹਿ ਕੇ

ਚਹੁੰ ਅੱਖਾਂ ‘ਚ

ਕੁਝ ਭਾਵਨਾਵਾਂ ਭਰੀਆਂ ਗਈਆਂ

ਕਿ ਬੇਗੀਆਂ ਉੱਤੇ

ਬਾਦਸ਼ਾਹਾਂ ਦਾ ਰਾਜ

ਸਾਡੇ ਵੇਖਦੇ ਵੇਖਦੇ ਹੀ ਹੋ ਗਿਆ

ਜ਼ਮੀਨ ਪਾਟ ਗਈ

ਤੇ-

ਸਾਡੀ ਮੁਹੱਬਤ ਦੀ ਗੋਰੀ ਦਾਸਤਾਂ

ਇਕ ਕਾਲ਼ੀ ਬੋਲ਼ੀ ਰਾਤ ਦੇ

ਵਕਫ਼ੇ ਵਿਚ

ਦਫ਼ਨ ਹੋ ਗਈ।

................

ਹਰ ਰਾਤ ਅੱਥਰੂ

ਤਲ਼ੀਆਂ ‘ਤੇ ਡਿੱਗਦੇ ਮਰਦੇ ਰਹੇ

ਤੇ ਮੈਂ-

ਉਹਨਾਂ ਅੱਥਰੂਆਂ ਦੇ ਗੋਡੇ ਮੁੱਢ ਬਹਿ ਕੇ

ਜ਼ਮੀਨ ਖੁਰਚਦਾ ਰਹਿੰਨਾਂ

ਅਤੇ-

ਉਸੇ ਕਰਜ਼ ਹੇਠ ਦੱਬਿਆ ਹੀ ਮੈਂ

ਤਾਂ ਹੀ ਤਾਂ ਜਿਊਂਈ ਜਾਨਾਂ

ਕਿ-

ਇਕ ਨਹੀਂ

ਕਿੰਨ੍ਹਿਆਂ ਹੀ ਸੂਰਜਾਂ ਦਾ ਉਲ੍ਹਾਂਭਾ

ਸਿਰ ‘ਤੇ ਹੈ

ਕਿ ਚੰਦ ਦੁਆਲ਼ੇ ਜੁੜੀਆਂ

ਖਿੱਤੀਆਂ ਦਾ ਚਾਨਣ

ਵੈਂਗਣੀ ਫੁੱਲਾਂ ਵਰਗਾ ਮੋਹ ਪਾ ਬੈਠੇ।

Friday, November 20, 2009

ਦਰਵੇਸ਼ - ਕਾਵਿ-ਚਿੱਤਰ

ਦੋਸਤੋ! ਦਰਵੇਸ਼ ਜੀ ਨੇ ਪੰਜਾਬੀ ਦੇ ਪ੍ਰਸਿੱਧ ਲੇਖਕ ਰਾਮ ਸਿੰਘ ਚਾਹਲ ਜੀ ਦਾ ਇੱਕ ਬੇਹੱਦ ਖ਼ੂਬਸੂਰਤ ਕਾਵਿ-ਚਿੱਤਰ ਲਿਖਕੇ ਆਰਸੀ ਲਈ ਭੇਜਿਆ ਸੀ। ਪਿਛਲੇ ਦੋ ਕੁ ਮਹੀਨਿਆਂ ਤੋਂ ਮੇਰੇ ਕਾਫ਼ੀ ਬੀਮਾਰ ਰਹਿਣ ਕਰਕੇ ਆਪਾਂ ਇਸਨੂੰ ਪੋਸਟ ਨਹੀਂ ਸੀ ਕਰ ਸਕੇ। ਅੱਜ ਚਾਹਲ ਸਾਹਿਬ ਦੀ ਕਲਮ ਨੂੰ ਸਲਾਮ ਕਰਦਿਆਂ ਦਰਵੇਸ਼ ਜੀ ਦਾ ਉਹਨਾਂ ਬਾਰੇ ਲਿਖਿਆ ਕਾਵਿ-ਚਿੱਤਰ ਅਤੇ ਚਾਹਲ ਸਾਹਿਬ ਦੀਆਂ ਕੁਝ ਅਤਿ ਖ਼ੂਬਸੂਰਤ ਨਜ਼ਮਾਂ ਸ਼ਾਮਲ ਕਰ ਰਹੇ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’

***************

ਸੁੱਚੀ ਸੌਂਹ ਦੀ ਹੱਥ ਲਿਖਤ – ਰਾਮ ਸਿੰਘ ਚਾਹਲ

ਕਾਵਿ-ਚਿੱਤਰ

ਸ਼ਰਾਬੀ ਨੂੰ ਸ਼ਰਾਬੀ ਨਹੀਂ ਕਿਹਾ

ਸੋਫੀ ਨੂੰ ਸੋਫੀ ਨਹੀਂ ਕਿਹਾ

ਨਸ਼ਈ ਨੂੰ ਨਸ਼ਈ ਕਿਹਾ

ਅਤੇ………

ਉਹ ਨਜ਼ਮ ਲਿਖਣ ਬੈਠ ਗਿਆ..

...............

ਮੱਥੇ ਅੰਦਰ ਸੂਰਜ ਦੇ ਆਕਾਰ ਸਨ

ਅੱਖਾਂ ਸਾਹਵੇਂ

ਗੰਭੀਰਤਾ ਦਾ ਮਾਪ-ਦੰਡ

............

ਬੀਤੇ ਦਾ ਖੂਹ ਸਾਹਾਂ ਤੋਂ

ਸਾਹਾਂ ਤੋਂ ਡੂੰਘਾ ਸੀ

ਨਜ਼ਮਾਂ ਦੀ ਬਹੁਤ ਵੱਡੀ ਸਰਹੱਦ

ਅਤੇ ਚਾਹਲ ਨੇ

ਆਪਣੀਆਂ ਨਿੱਕੀਆਂ ਨਜ਼ਮਾਂ

ਉਸ ਸਰਹੱਦ ਨੂੰ ਸਮਰਪਿਤ ਕਰ ਦਿੱਤੀਆਂ…..

.................

ਵਗਦੀ ਵਾਅ ਤੋਂ ਬਹੁਤ ਡਰਦਾ ਸੀ ਉਹ..

ਸ਼ਾਇਦ

ਉਸਦੇ ਕਿਸੇ ਅੱਥਰੇ ਵਰ੍ਹੇ ਦੀ ਵਾਅ ਨੇ

ਕੰਡਿਆਲੀਆਂ ਲਿਆ ਸੁੱਟੀਆਂ ਸਨ

ਉਸਦਿਆਂ ਰਾਹਾਂ ਅੰਦਰ..

.............

ਮਿੱਧੇ ਹੋਏ ਫੁੱਲਾਂ ਦੀ ਕੋਈ

ਲੱਪ ਦਿੱਤੀ ਸੀ ਉਸਨੂੰ

ਤੇ ਉਹ ਵਾਰ ਵਾਰ ਹੱਥ ਧੋਂਦਾ ਵੀ

ਤੌਲੀਏ ਨਾਲ ਰਗੜਕੇ ਨਹੀਂ ਸੀ ਪੂੰਝਦਾ.. ..

...............

ਤੁਸੀਂ ਤਾਂ ਮਿੱਧੇ ਹੋਏ ਫੁੱਲਾਂ ਨੂੰ

ਸ਼ਾਮ ਢਲਦਿਆਂ ਹੀ ਭੁੱਲ ਜਾਂਦੇ ਹੋ,

ਉਸਨੇ ਤਾਂ ਵਰ੍ਹਿਆਂ ਦੇ ਵਰ੍ਹੇ

ਉਹਨਾਂ ਦੀ ਮਹਿਕ ਤਲੀਆਂ ਉਪਰ ਬੋਚੀ ਸੀ.. ..

..............

ਮਿੱਤਰਾਂ ਨੂੰ

ਆਪਣੇ ਮਨ ਦੀ ਦਹਿਲੀਜ਼ ਤੱਕ

ਸਿਰਫ਼ ਦਸਤਕ ਦੀ ਆਗਿਆ ਦਿੰਦਾ

ਹੱਥ ਮਿਲਾਉਂਦਿਆਂ

ਪੋਟਿਆਂ ਦੀ ਛੋਹ ਵੀ

ਬੱਸ ਕੰਜੂਸੀ ਨਾਲ ਹੀ ਦਿੰਦਾ ਸੀ. ..

.............

ਮੈਂ.. ..

ਜਦੋਂ ਚਾਹਲ ਨੂੰ ਮਿਲਦਾ ਸੀ

ਤਾਂ ਬੱਸ

ਉਸੇ ਨੂੰ ਮਿਲਦਾ ਸੀ

ਸਾਰੇ ਦਾ ਸਾਰਾ

ਜਦੋਂ

ਨਹੀਂ ਮਿਲਦਾ ਸੀ

ਤਾਂ ਉਸਨੂੰ

ਵੇਖਦਾ ਮਹਿਸੂਸਦਾ ਸੁਣਦਾ ਮਿਣਦਾ ਸੀ.. ..

.............

ਆਪਣੇ ਹੀ ਸੰਸਾਰਾਂ ਵਿੱਚ ਘਿਰਿਆ

ਉਹ

ਬਹੁਤ ਨਿੱਕਾ ਹੁੰਦਾ ਸੀ

ਨਿਮਰ

ਸ਼ਬਦਾਂ ਦੇ ਵੱਡੇ ਵੱਡੇ ਯੁੱਧ ਲੜਦੇ ਦੀ

ਉਸਦੀ ਇੱਕ ਉਂਗਲ

ਅੱਖਰਾਂ ਦੇ ਮੋਹ ‘ਚ ਮਾਰੀ

ਦੁਨੀਆਂ ਵੱਲ ਹੁੰਦੀ

ਅਤੇ ਇੱਕ

ਆਪਣੇ ਪਿਆਰੇ ਘਰ ਵੱਲ.. ..

................

ਉਹ ਕਦੇ ਖ਼ਤ ਨਹੀਂ ਸੀ ਲਿਖਦਾ

ਪਰ

ਬਹੁਤ ਹੀ ਤੇਹ ਨਾਲ ਉਡੀਕਦਾ ਸੀ

..........

ਆਪਣੇ ਹਿੱਸੇ ਦੇ ਖ਼ਤਾਂ ਨੂੰ..

...........

ਉਸਨੂੰ

.. .. ..

ਆਪਣੀ

ਹਰ ਨਜ਼ਮ

........

ਜਾਪਦੀ ਸੀ

.........

ਆਖਰੀ ਨਜ਼ਮ.. ..

...............

ਮੈਂ ਆਖਦਾ ਸੀ

ਇਹ ਤਾਂ ਸਭ

ਪਹਿਲੀਆਂ ਨਜ਼ਮਾਂ ਨੇ.. ..

ਬੇਗਾਨੀਆਂ ਨਜ਼ਮਾਂ..

ਆਪਣੀ ਨਜ਼ਮ ਤਾਂ ਉਸਨੇ

ਅਜੇ ਲਿਖਣੀ ਸੀ

ਇਹ ਨਜ਼ਮ ਤਾਂ ਉਦੋਂ ਲਿਖੀ ਜਾਣੀ ਸੀ

ਜਦੋਂ

ਔਲਾਦ ਨੇ

ਆਪਣੇ ਵਰ੍ਹਿਆਂ ਦੀ ਉਂਗਲ਼ੀ ਲੱਗ ਜਾਣਾ ਸੀ

ਅਤੇ.. ..

ਮੈਂ ਅੱਜ ਤੱਕ ਨਹੀਂ ਸਮਝ ਸਕਿਆ

ਵਰ੍ਹੇ ਖੜੋਤੇ ਨੇ

.. .. ..

ਜਾਂ ਕਿਸੇ ਦੀ ਉਂਗਲ਼ ਲੱਗ

ਸਿਸਕ ਰਹੇ ਨੇ

ਜਾਂ

ਸਹਿਕ ਰਹੇ ਨੇ.. .. ..


Tuesday, September 8, 2009

ਦਰਵੇਸ਼ - ਜਿਉਂਦੇ ਆਦਮੀ ਦਾ ਸਰਲ ਅਨੁਵਾਦ - ਮੋਹਨ ਸਪਰਾ

ਦੋਸਤੋ! ਦਰਵੇਸ਼ ਜੀ ਨੇ ਬਹੁਤ ਘੱਟ ਸਾਹਿਤਕ ਦੋਸਤਾਂ ਦੇ ਕਾਵਿ-ਚਿੱਤਰ ਲਿਖੇ ਹਨ, ਪਰ ਜਿੰਨੇ ਵੀ ਲਿਖੇ ਹਨ, ਉਹਨਾਂ ‘ਚ ਹੂ-ਬ-ਹੂ ਉਸ ਸ਼ਖ਼ਸ ਦੀ ਤਸਵੀਰ ਚਿਤਰ ਦਿੱਤੀ ਹੈ। ਅਜਿਹੀਆਂ ਲਿਖਤਾਂ ਪੜ੍ਹਦੀ ਮੈਂ ਅਕਸਰ ਸੋਚਦੀ ਹੁੰਦੀ ਆਂ ਕਿ ਉਸਦਾ ਕਾਗ਼ਜ਼, ਕੈਨਵਸ ਅਤੇ ਕਲਮ, ਬਰੱਸ਼ ਹੁੰਦੀ ਹੈ ਤੇ ਇੱਕੋ ਵਾਰ ‘ਚ, ਇੱਕੋ ਬੈਠਕ 'ਚ, ਇੱਕੋ ਛੋਹ ਨਾਲ਼ ਉਸ ਤੇ ਤਸਵੀਰ ਮੁਕੰਮਲ ਕਰਨ ਦਾ ਜਨੂੰਨ ਸਵਾਰ ਹੋ ਜਾਂਦਾ ਹੈ। ਰੰਗ ਖ਼ੁਦ ਉਸਦੇ ਬਰੱਸ਼ ਦੀ ਤਕ਼ਦੀਰ ਬਣਨਾ ਲੋਚਦੇ ਹਨ ਅਤੇ ਕਾਵਿ-ਚਿੱਤਰ ਉਸ ਸ਼ਖ਼ਸ ਦਾ ਅਕਸ ਨਹੀਂ, ਦੂਜਾ ਆਪਾ ਬਣ ਜਾਂਦਾ ਹੈ। ਜੇ ਕਦੇ ਦੋਸਤਾਂ ਬਾਰੇ ਲਿਖਣ ਦਾ ਮੂਡ ਬਣ ਜਾਏ ਤਾਂ, ਉਹ ਫਿਲਮ ਦੀ ਐਡਿਟਿੰਗ ਤੱਕ ਛੱਡ ਕੇ ਕਮਰਾ ਬੰਦ ਕਰਕੇ ਬਹਿ ਜਾਂਦਾ ਹੈ। ਕਦੇ ਪੁੱਛ ਵੇਖਿਓ ਕਿ ਕਾਵਿ-ਚਿੱਤਰ ਲਿਖਣਾ ਜ਼ਰੂਰੀ ਸੀ ਜਾਂ ਫਿਲਮ ਦੀ ਐਡਿਟਿੰਗ ਤਾਂ ਆਖੂ... “....ਐਡਿਟਿੰਗ ਦਾ ਕੰਮ ਤਾਂ ਏਵੇਂ ਹੀ ਚਲਦਾ ਰਹੂ....ਕਾਵਿ-ਚਿੱਤਰ ਫੇਰ ਨਈਂ ਸੀ ਲਿਖਿਆ ਜਾਣਾ....”

-----

ਆਪਣੀ ਗੱਲ ਨੂੰ ਸੰਖੇਪ ਰੱਖਦੀ ਹੋਈ, ਅੱਜ ਦਰਵੇਸ਼ ਜੀ ਦਾ ਲਿਖਿਆ ਹਿੰਦੀ ਦੇ ਸੁਪ੍ਰਸਿੱਧ ਲੇਖਕ ਸ਼੍ਰੀ ਮੋਹਨ ਸਪਰਾ ਜੀ ਦਾ ਕਾਵਿ-ਚਿੱਤਰ ਸ਼ਾਮਲ ਕਰ ਰਹੀ ਹਾਂ, ਜ਼ਰਾ ਵੇਖੋ ਤਾਂ ਸਪਰਾ ਜੀ ਦੀਆਂ ਅੱਖਾਂ ‘ਚ ਸ਼ਬਦਾਂ ਦੇ ਜਾਦੂ ਦੇ ਸੂਰਜ ਕਿੰਝ ਚਮਕਦੇ ਨੇ......ਸਾਡੇ ਲਈ ਸੁਭਾਗ ਦੀ ਗੱਲ ਹੈ ਕਿ ਇਸ ਕਾਵਿ-ਚਿੱਤਰ ਨਾਲ਼ ਸਪਰਾ ਜੀ ਦੀ ਆਰਸੀ ਤੇ ਪਹਿਲੀ ਵਾਰ ਹਾਜ਼ਰੀ ਲੱਗ ਰਹੀ ਹੈ....ਸਪਰਾ ਸਾਹਿਬ! ਖ਼ੁਸ਼ਆਮਦੀਦ!

ਅਦਬ ਸਹਿਤ

ਤਨਦੀਪ ‘ਤਮੰਨਾ’

************

ਜਿਉਂਦੇ ਆਦਮੀ ਦਾ ਸਰਲ ਅਨੁਵਾਦ - ਮੋਹਨ ਸਪਰਾ

ਕਾਵਿ-ਚਿੱਤਰ

ਜਦੋਂ ਵੀ ਮਿਲ਼ਦਾ ਹੈ

ਉਸਨੂੰ ਅੱਗ ਲੱਗੀ ਹੁੰਦੀ ਹੈ

ਤੇ ਉਹ ਮੈਨੂੰ

ਅੰਦਰੋਂ

ਸਾਰੇ ਦਾ ਸਾਰਾ ਝੁਲ਼ਸ ਦਿੰਦਾ ਹੈ

............

ਰਾਖ ਦੀ ਢੇਰੀ ‘ਚੋਂ

ਤੁਸੀਂ ਉਸਦਾ ਤਾਂਡਵ ਵੇਖ ਸਕਦੇ ਹੋ

ਪਰ ਉਹ

ਮੇਰੇ ਅੰਦਰ ਕਿਧਰੇ

ਨਾਗਮਣੀ ਸਾਂਭ ਰਿਹਾ ਹੁੰਦਾ ਹੈ

............

ਵੋਦਕਾ ਦੇ ਨਸ਼ੇ ਵਾਂਗ ਗੱਲਾਂ ਕਰਦਾ

ਉਹ ਤੁਹਾਡੇ ਅੰਦਰ

ਜ਼ਹਿਰ ਦਾ ਛਿੱਟਾ ਦਿੰਦਾ ਹੈ

ਤੇ ਤੁਸੀਂ ਜਦੋਂ

ਜ਼ਹਿਰ ਆਪਣੀਆਂ ਨਾੜਾਂ ‘ਚ

ਉੱਤਰਦਾ ਮਹਿਸੂਸ ਕਰਦੇ ਹੋ

ਤਾਂ ਉਹ ਵਰਤਮਾਨ ਦੀ

ਖੂਹੀ ‘ਚ

ਉੱਤਰ ਰਿਹਾ ਹੁੰਦਾ ਹੈ

ਤੇ ਤੁਸੀਂ

ਉਸਦੇ ਨਾਲ ਤੁਰ ਰਹੇ ਹੁੰਦੇ ਹੋ

................

ਉਹ ਅੰਦਰੋਂ ਡੂੰਘਾ ਹੈ

ਵਾਨਗਾੱਗ ਦੇ ਚਿੱਤਰਾਂ ਜਿੰਨਾਂ

ਤੇ ਸ਼ੋਭਾ ਸਿੰਘ ਦੀਆਂ ਬੁਰਸ਼ ਛੋਹਾਂ ਜਿੰਨਾਂ

ਉਪਰੋਂ ਸਰਲ ਹੈ

ਤਰਲ ਵੀ

............

ਤੇ ਜੁਝਾਰੂ ਵੀ

.............

ਸੰਦੀਪਿਕਾ

ਉਸਦੀ ਪਤਨੀ ਨਹੀਂ

ਪੂਰਣ ਪ੍ਰੇਮਿਕਾ ਹੈ

ਜੇ ਉਹ ਪਤਨੀ ਤੱਕ ਹੀ ਮਹਿਦੂਦ ਹੁੰਦੀ

ਤਾਂ ਉਹ ਸ਼ਾਇਰ ਨਹੀਂ

ਇੱਕ

ਚਿੜਚਿੜਾ

ਅਧਿਆਪਕ ਹੋਣਾ ਸੀ

................

ਖਾਣ ਵਿੱਚ ਉਹ

ਪਾਪੜ ਵਰਗਾ ਚਟਪਟਾ ਹੈ

( ਮੇਰੇ ਲਈ )

ਤੁਸੀਂ ਕਿਤੇ

ਇਹ ਉਮੀਦ ਰੱਖਕੇ ਨਾਂ ਆ ਜਾਇਓ

ਕਿ ਉਹ

ਹਰ ਕਿਸੇ ਦੇ ਮੂੰਹ ਦਾ ਸੁਆਦ ਹੈ

ਇਉਂ ਤਾਂ ਉਹ

ਕਈਆਂ ਦੀਆਂ ਨਜ਼ਰਾਂ ਵਿੱਚ

ਦੂਰੋਂ ਹੀ

ਲਿਜਲਿਜਾ ਬਣਕੇ ਉਤਰਦਾ ਹੈ

( ਕਈ ਵਾਰ

ਛਾਂ ਵਿੱਚ ਫੁੰਕਾਰਦਾ

ਸੱਪ ਬਣਕੇ ਵੀ )

ਜਦੋਂ ਵੀ ਮਿਲਦਾ ਹੈ

ਉਹਦੇ ਸਿਰ ਤੇ ਸਵਾਰ ਹੁੰਦਾ ਹੈ –ਤੂਫ਼ਾਨ

ਤੇ ਉਹ ਤਹਾਨੂੰ

ਤੀਲਾ ਤੀਲਾ ਕਰ ਦਿੰਦਾ ਹੈ

ਖਿੰਡੇ ਆਲ੍ਹਣੇ ‘ਚੋਂ

ਤੁਸੀਂ ਉਹਦੇ

ਬੋਟਾਂ ਦਾ ਚਿਹਰਾ ਵੇਖਣਾ ਚਾਹੁੰਦੇ ਹੋ

ਪਰ ਉਹ ਤੁਹਾਡੇ ਅੰਦਰ ਕਿਧਰੇ

ਚੋਗਾ ਬਿਖੇਰ ਰਿਹਾ ਹੁੰਦਾ ਹੈ

..............

ਉਹ ਪੰਜਾਬੀ ਵਾਲ਼ਿਆਂ ਦਾ ਯਾਰ ਹੈ

ਤੇ ਹਿੰਦੀ ਦਾ ਕਿਣਮਿਣਾ ਨਜ਼ਮਗਰ

ਜਦੋਂ ਕੜਕੜਾ ਸਮੀਖਿਅਕ ਹੁੰਦਾ ਹੈ

ਤਾਂ ਦੁਸ਼ਮਣੀ ਭੋਗਣ ਲਈ

ਅਹਿਸਾਸ

ਉਹਦੇ ਕਰਜ਼ਦਾਰ ਹੁੰਦੇ ਹਨ

................

ਜਦੋਂ ਉਹ

ਦੁਸ਼ਮਣਾਂ ਦੇ ਸਿਰ ਔੜ ਬੀਜਦਾ ਹੈ

ਤਾਂ ਮੈਂ

ਬੱਦਲਾਂ ਵਰਗੀ ਨਜ਼ਮ ਲਿਖਦਾ ਹਾਂ

ਤੇ ਜਦੋਂ ਯਾਰਾਂ ਨੂੰ ਜੱਫੀਆਂ ਪਾਉਂਦਾ ਹੈ

ਮੈਂ ਔੜ ਵਰਗੀ ਨਜ਼ਮ ਤਾਂ ਨਹੀਂ

ਉਹਦੇ –

ਦੁਸ਼ਮਣਾਂ ਦੇ ਸਿਰ ‘ਚੋਂ

ਰੇਤ ਜ਼ਰੂਰ ਝਾੜਦਾ ਹਾਂ

...............

ਵਾਰ ਵਾਰ ਹਾਰ ਪਹਿਨਦਾ

ਉਹ ਜਿਉਂਦੇ ਆਦਮੀ ਨੂੰ ਕ਼ੈਦ ਕਰਦਾ ਹੈ

ਤੇ ਕਈ ਵਾਰ ਮਿਲਦਾ ਉਹ

ਸੁਪਨੇ ਦੀ ਦਹਿਲੀਜ਼ ਹੁੰਦਾ ਹੈ

ਜੋ ਤਹਾਨੂੰ ਆਪਣੇ ‘ਚੋਂ

ਬਾਹਰ ਨਹੀਂ ਆਉਣ ਦਿੰਦਾ

...................

ਤੁਸੀਂ ਵਾਪਸ ਪਰਤਦੇ ਹੋ

ਉਸ ਦੁਆਲੇ ਭੀੜ ਕਰਦੇ ਹੋ

ਅਤੇ ਉਸ’ਚੋਂ ਜੋ ਨੋਚਣਾ ਚਾਹੁੰਦੇ ਹੋ

ਉਸਦਾ ਤਾਂ ਮੈਂ

ਅਨੁਵਾਦ ਕਰ ਚੁੱਕਾਂ

ਉਸਦੇ ਅੰਦਰ ਡੁੱਬਕੇ

ਪਰ- ਇਹ ਸਫ਼ਲ ਹੋ ਗਿਐ

ਜੋ ਤਹਾਨੂੰ ਨਹੀਂ

ਮੈਨੂੰ ਜਚਿਆ ਹੈ!


Tuesday, July 21, 2009

ਦਰਵੇਸ਼ - ਨਜ਼ਮ

ਵਾਪਸ ਪਰਤ ਆ...

ਨਜ਼ਮ

ਤੂੰ ਅੱਥਰੂਆਂ ਨੂੰ

ਮਿਲ਼ ਕੇ ਮੜ੍ਹੀ ‘ਤੇ

ਵਾਪਸ ਹੀ ਪਰਤ ਆ

..............

ਇੱਥੇ ਤਾਂ ਹਰ ਕੋਈ

ਉਹਨਾਂ ਦੇ ਸਿਰ

ਇਲਜ਼ਾਮਾਂ ਦਾ

ਸਿਹਰਾ ਬੰਨ੍ਹਣ ਹੀ ਆਉਂਦਾ ਹੈ

ਅਤੇ ਉਹਨਾਂ ਦੀ ਸਲਤਨਤ ਦੀ

ਪਰਕਰਮਾ ਕਰਦਾ

ਆਪਣੇ ਰਾਹਾਂ ਤੇ ਜਾ ਕੇ ਕਹਿਕਹੇ ਲਾਉਂਦਾ ਹੈ

.............

ਤੂੰ ਅੱਥਰੂਆਂ ਨੂੰ

ਮਿਲ਼ ਕੇ ਮੜ੍ਹੀ ‘ਤੇ

ਵਾਪਸ ਹੀ ਪਰਤ ਆ

..................

ਬੜਾ ਇਤਿਹਾਸ ਭੋਗਿਆ ਹੈ ਉਹਨਾਂ-

ਜਦੋਂ ਖੰਡਰ ਬਣੇ ਸਨ

ਤਾਂ-

ਸਾਰੇ ਦੇ ਸਾਰੇ ਗ਼ਰਕ ਹੋ ਜਾਂਦੇ ਸਨ

ਮੀਨਾਰ-

ਤਾਂ ਨੀਂਹਾਂ ‘ਚੋਂ

ਕਈ ਹੱਸਦੇ ਚਿਹਰੇ ਨਜ਼ਰ ਆਉਂਦੇ ਸਨ

.................

ਚਾਨਣ ਬਣਦੇ ਸਨ

ਤਾਂ-

ਪਥਰੀਲੇ ਬੋਲਾਂ ਨੂੰ ਵੀ

ਬੰਸਰੀ ਬਣ ਕੇ ਮੁਖ਼ਾਤਿਬ ਹੁੰਦੇ ਸਨ

ਤੇ ਜਦ ਹਨੇਰਾ

ਤਾਂ-

ਕਬਰਾਂ ‘ਚੋਂ ਸਿਸਕੀਆਂ ਸੁਣਦੀਆਂ ਸਨ

..............................

ਹਾਦਸਾ ਤਾਂ

ਤੇਰੇ ਅੱਥਰੂਆਂ ਦੀ

ਤਲ਼ੀ ਤੇ ਉੱਕਰਿਆ ਵੀ

ਗੁੰਮਨਾਮੀ ਦੀ ਉਮਰ ਹੀ ਭੋਗਦਾ ਸੀ

.....................

ਜਦ ਉਹ ਕਿਸੇ ਵੀ ਗੀਤ ਨੂੰ

ਮਰਸੀਆ ਬਣਿਆ ਤੱਕਦੇ ਸਨ

ਤਾਂ-

ਆਪਣੇ ਹੀ

ਅਣ-ਪਛਾਣੇ ਬੋਲਾਂ ਦੇ ਪਰਦੇ ‘ਚ ਤੁਰਦੇ

ਇੰਨੇ ਖ਼ਾਮੋਸ਼ ਹੋ ਜਾਂਦੇ ਸਨ

ਕਿ-

ਕ਼ਤਲਗਾਹ ਦਾ ਖ਼ੌਫ਼ ਵੀ

ਚਲਿਆ ਜਾਂਦਾ ਸੀ

ਦੂਰ

...........

ਤੇਰੇ ਸਿਵਾ ਉਹਨਾਂ ਨੂੰ

ਕੋਈ ਨਾ ਮਿਲ਼ਿਆ

ਜੋ ਉਹਨਾਂ ਦੀ ਕ਼ਬਰ ਦੇ ਕੁਤਬੇ ਤੇ

ਵਿਰਲਾਪ ਦੀਆਂ

ਚਾਰ

ਆਇਤਾਂ ਲਿਖ ਸਕੇ

ਉਹਨਾਂ ਦੀ ਰੂਹ ਦੇ ਸ਼ਲੋਕਾਂ ਨੂੰ

ਆਪਣੇ ਮਨ ‘ਚ ਉਤਾਰ ਸਕੇ

ਅਤੇ-

ਉਹਨਾਂ ਦੇ ਚਿਹਰੇ ਦੀ ਚੁੱਪ ਨੂੰ

ਆਪਣੇ ਮੱਥੇ ‘ਚ ਸਿਰਜ ਸਕੇ

......................

ਹੁਣ ਤਾਂ

ਉਹਨਾਂ ਨੂੰ ਜੋ ਵੀ ਤੱਕਦਾ ਹੈ

ਬੱਸ ਰੇਤਲਾ ਹਾਸਾ ਹੱਸਦਾ ਹੈ

ਅਤੇ ਉਹਨਾਂ ਦੇ ਤਪ ਨੂੰ

ਦਰ-ਬ-ਦਰ ਦਾ

ਕਾਲ਼ਾ ਦਾਗ਼ ਕਹਿ ਕੇ ਭੰਡਦਾ ਹੈ

...............

ਤੂੰ ਅੱਥਰੂਆਂ ਨੂੰ

ਮਿਲ਼ ਕੇ ਮੜ੍ਹੀ ‘ਤੇ

ਵਾਪਸ ਹੀ ਪਰਤ ਆ...


Friday, June 19, 2009

ਦਰਵੇਸ਼ - ਗੀਤ

ਗੀਤ

ਮੇਰੇ ਗੀਤਾਂ ਨੂੰ ਉਦਾਸੀਆਂ ‘ਚ ਡੁੱਬ ਲੈਣ ਦੇ,

ਪਾ ਨਾ ਝਾਂਜਰਾਂ ਦਾ ਸ਼ੋਰ।

ਮੈਨੂੰ ਆਪਣੀ ਕਬਰ ਅੱਜ ਪੁੱਟ ਲੈਣ ਦੇ,

ਪਾ ਨਾ ਝਾਂਜਰਾਂ ਦਾ ਸ਼ੋਰ।

----

ਜਦੋਂ ਧੁੰਦ ਦਿਆਂ ਬੱਦਲ਼ਾਂ ਨਾਲ਼ ਵਾਹ ਪੈ ਗਿਆ,

ਚਿੱਟੇ ਮੀਂਹ ਦੇ ਭੁਲੇਖੇ ਹਾਉਕਾ ਪੱਲੇ ਪੈ ਗਿਆ।

ਬੂਹੇ ਆਏ ਹਾਉਕਿਆਂ ਨੂੰ ਵਿਹੜੇ ਰਹਿਣ ਦੇ...

ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....

----

ਰੋਸਾ ਕਾਹਤੋਂ ਪਰਛਾਵਿਆਂ ਤੇ ਕਰਦਾ ਫਿਰਾਂ,

ਅੱਕ ਫੰਭੜੀ ਹਨੇਰਿਆਂ ‘ਚੋਂ ਫੜਦਾ ਫਿਰਾ।

ਬੂਟੇ ਪੱਟੀਂ ਨਾ ਅੱਕਾਂ ਦੇ ਘਰੋਂ ਖੜ੍ਹੇ ਰਹਿਣ ਦੇ...

ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....

----

ਮੇਰਾ ਮਾਰੂਥਲੀ ਲੀਕ ਜਿੰਨਾ ਕੱਦ ਰਹਿ ਗਿਆ,

ਕੌਣ ਵਾਵਰੋਲ਼ਾ ਸਿਰ ਤੋਂ ਛੁਹਾ ਕੇ ਲੈ ਗਿਆ।

ਕਾਹਤੋਂ ਚੇਤਿਆਂ ‘ਚੋਂ ਲੱਥਾ ਚੰਦਰੀ ਸ਼ੁਦੈਣ ਦੇ...

ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....

----

ਤਲ਼ੀਆਂ ਦੇ ਪਾਣੀਆਂ ਤੋਂ ਫੁੱਲ ਸੁੱਕ ਗਏ,

ਅਣਪਾਏ ਪੈਣ ਛਾਤੀ ਵਿਚ ਮੁੱਕ ਗਏ।

ਠੰਢੀ ਚੁੱਪ ਨੂੰ ਪੌਣਾਂ ਦੇ ਸੰਗ ਪੁੱਗ ਲੈਣ ਦੇ...

ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....

******

ਦਰਵੇਸ਼ ਜੀ ਦਾ ਇਹ ਗੀਤ ਕਾਪੀਰਾਈਟਡ ਹੈ।