ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, December 10, 2011

ਜਨਾਬ ਉਲਫ਼ਤ ਬਾਜਵਾ ਸਾਹਿਬ ਦੀ ਗ਼ਜ਼ਲ ਦੀ ਜ਼ਮੀਨ ‘ਤੇ – ਤਿੰਨ ਗ਼ਜ਼ਲਾਂ

ਪਿਆਰੇ ਦੋਸਤੋ! ਬਲੌਗ ਬ੍ਰਹਿਮੰਡ ਚ ਇਕ ਵਾਰ ਫੇਰ ਤੋਂ ਸਵਾਗਤ ਹੈ....:) 6 ਦਸੰਬਰ, 2011 ਨੂੰ ਅਮਰੀਕ ਗ਼ਾਫ਼ਿਲ ਸਾਹਿਬ ਨੇ ਆਪਣੀ ਫੇਸਬੁੱਕ ਵਾੱਲ ਤੇ ਉਸਤਾਦ ਸ਼ਾਇਦ ਜਨਾਬ ਉਲਫ਼ਤ ਬਾਜਵਾ ਸਾਹਿਬ ਦੀ ਗ਼ਜ਼ਲ ਦੇ ਤਰਹ-ਮਿਸਰੇ ਤੇ ਕਹੀ ਇਕ ਸ਼ਾਨਦਾਰ ਗ਼ਜ਼ਲ ਪੋਸਟ ਕੀਤੀ ਸੀ....9 ਦਸੰਬਰ, 2011 ਨੂੰ ਉਹਨਾਂ ਦੇ ਪਰਮ-ਮਿੱਤਰ ਸੁਮਨ ਸ਼ਾਮਪੁਰੀ ਸਾਹਿਬ ਨੇ ਆਪਣੀ ਵਾੱਲ ਤੇ ਏਸੇ ਜ਼ਮੀਨ ਤੇ ਕਹੀ ਇਕ ਬੇਹੱਦ ਖ਼ੂਬਸੂਰਤ ਗ਼ਜ਼ਲ ਪੋਸਟ ਕੀਤੀ...ਤਾਂ ਦੋਵੇਂ ਗ਼ਜ਼ਲਾਂ ਦੁਬਾਰਾ ਪੜ੍ਹਨ ਮਾਨਣ ਉਪਰੰਤ ਮੈਨੂੰ ਸਹਿ-ਗ਼ਜ਼ਲਾ ਹੀ ਜਾਪੀਆਂ..ਨਾਲ਼ ਹੀ ਖ਼ਿਆਲ ਆਇਆ ਕਿ ਇਹ ਬਾਕੀ ਦੋਸਤਾਂ ਨਾਲ਼ ਵੀ ਜ਼ਰੂਰ ਸਾਂਝੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
------

ਅਪਡੇਟ: ਕੱਲ੍ਹ ਆਰਸੀ ਕਲੱਬ ਅਤੇ ਆਰਸੀ ਦੀ ਮੇਨ ਵਾੱਲ ਤੇ ਉਸਤਾਦ ਗ਼ਜ਼ਲਗੋ ਜਨਾਬ ਉਲਫ਼ਤ ਬਾਜਵਾ ਸਾਹਿਬ ਦੀ ਇਕ ਗ਼ਜ਼ਲ ਦੀ ਜ਼ਮੀਨ ਤੇ ਅਮਰੀਕ ਗ਼ਾਫ਼ਿਲ ਸਾਹਿਬ ਅਤੇ ਸੁਮਨ ਸ਼ਾਮਪੁਰੀ ਜੀ ਦੀਆਂ ਕਹੀਆਂ ਦੋ ਗ਼ਜ਼ਲਾਂ ਪੋਸਟ ਕੀਤੀਆਂ ਗਈਆਂ ਸਨ..ਜਿਨ੍ਹਾਂ ਨੂੰ ਪੜ੍ਹ ਕੇ ਮੇਰੇ ਯੂ.ਕੇ. ਵਸਦੇ ਬੜੇ ਹੀ ਪਿਆਰੇ ਅਤੇ ਪ੍ਰਸਿੱਧ ਨੌਜਵਾਨ ਗ਼ਜ਼ਲਗੋ ਦੋਸਤ ਰਾਜਿੰਦਰਜੀਤ ਜੀ ਨੇ ਏਸੇ ਜ਼ਮੀਨ ਤੇ ਇਕ ਬਹੁਤ ਹੀ ਸ਼ਾਨਦਾਰ ਗ਼ਜ਼ਲ ਆਰਸੀ ਕਲੱਬ ਦੀ ਵਾੱਲ ਤੇ ਪੋਸਟ ਕੀਤੀ ਸੀ.....ਉਸ ਗ਼ਜ਼ਲ ਨੂੰ ਵੀ ਮੈਂ ਬਲੌਗ ਤੇ ਏਸੇ ਪੋਸਟ ਚ ਸ਼ਾਮਿਲ ਕਰਨ ਦੀ ਖ਼ੁਸ਼ੀ ਹਾਸਿਲ ਕਰ ਰਹੀ ਹਾਂ....

-----

ਆਸ ਹੈ ਕਿ ਇਹ ਪੋਸਟ ਗ਼ਜ਼ਲ ਦੇ ਪਾਰਖੂ....ਉਸਤਾਦ ਸ਼ਾਇਰਾਂ ਦਾ ਧਿਆਨ ਜ਼ਰੂਰ ਖਿੱਚੇਗੀ... ਏਥੇ ਵਰਨਣਯੋਗ ਗੱਲ ਇਹ ਹੈ ਕਿ ਤਿੰਨਾਂ ਸ਼ਾਇਰਾਂ ਨੇ ਇਹ ਗੱਲ ਸਾਫ਼ ਸਾਫ ਲਿਖੀ ਹੈ ਕਿ ਇਹ ਜ਼ਮੀਨ ਜਨਾਬ ਉਲਫ਼ਤ ਬਾਜਵਾ ਸਾਹਿਬ ਦੀ ਹੈ ....ਇਸਤੋਂ ਪਤਾ ਲੱਗਦਾ ਹੈ ਕਿ ਇਹ ਤਿੰਨੇ ਸ਼ਾਇਰ ਕਿੰਨੇ ਸੰਜੀਦਾ ਅਤੇ ਸਾਫ਼ਗੋ ਹਨ.....ਬਾਕੀ ਤੁਹਾਡੀਆਂ ਟਿੱਪਣੀਆਂ ਦਾ ਇੰਤਜ਼ਾਰ ਜ਼ਰੂਰ ਰਹੇਗਾ....ਅਦਬ ਸਹਿਤ..ਤਨਦੀਪ

*************

ਦੋਸਤੋ! ਗ਼ਾਫ਼ਿਲ ਸਾਹਿਬ ਅਤੇ ਸ਼ਾਮਪੁਰੀ ਸਾਹਿਬ, ਅਤੇ ਰਾਜਿੰਦਰਜੀਤ ਜੀ ਨੇ ਗ਼ਜ਼ਲਾਂ ਬਾਜਵਾ ਸਾਹਿਬ ਦੀ ਏਸੇ ਗ਼ਜ਼ਲ ਦੀ ਜ਼ਮੀਨ 'ਤੇ ਕਹੀਆਂ ਹਨ....ਸੋ ਬਾਜਵਾ ਸਾਹਿਬ ਦੀ ਕਲਮ ਨੂੰ ਸਲਾਮ ਕਰਦਿਆਂ....ਇਹ ਚਰਚਿਤ ਗ਼ਜ਼ਲ ਵੀ ਸਤਿਕਾਰ ਸਹਿਤ....ਸ਼ਾਮਿਲ ਕਰ ਰਹੀ ਹਾਂ...ਤਨਦੀਪ


.......
ਗ਼ਜ਼ਲ – ਜਨਾਬ ( ਮਰਹੂਮ ) ਉਲਫ਼ਤ ਬਾਜਵਾ ਸਾਹਿਬ...


ਸਾਰਾ ਆਲਮ ਪਰਾਇਆ ਲਗਦਾ ਹੈ
ਜਾਣ ਦਾ ਵਕ਼ਤ ਆਇਆ ਲਗਦਾ ਹੈ
----
ਦਿਲ ਜੋ ਤੇਰਾ ਕਿਤੇ ਨਹੀਂ ਲਗਦਾ,
ਤੂੰ ਕਿਤੇ ਦਿਲ ਲਗਾਇਆ ਲਗਦਾ ਹੈ
----
ਪਿਆਰ ਦੀ ਬੂੰਦ ਤਕ ਨਹੀਂ ਮਿਲਦੀ,
ਦਿਲ ਯੁਗਾਂ ਦਾ ਤਿਆਇਆ ਲਗਦਾ ਹੈ
----
ਖ਼ਾਬ ਲਗਦਾ ਏ ਹੁਣ ਵਜੂਦ ਆਪਣਾ,
ਉਡਦੇ ਪੰਛੀ ਦਾ ਸਾਇਆ ਲਗਦਾ ਹੈ
----
ਆਣ ਬੈਠਾਂ ਏਂ ਜੀਂਦੇ ਜੀ ਕਬਰੀਂ
ਤੈਨੂੰ ਜਗ ਨੇ ਸਤਾਇਆ ਲਗਦਾ ਹੈ
----
ਲਭਦਾ ਫਿਰਦਾ ਏਂ ਮਸਤ ਨਜ਼ਰਾਂ 'ਚੋਂ
ਤੂੰ ਕਿਤੇ ਦਿਲ ਗੁਆਇਆ ਲਗਦਾ ਹੈ
----
ਨਾ ਸੁਨੇਹਾ ਨਾ ਕੋਈ ਖ਼ਤ ਉਲਫ਼ਤ
ਉਸ ਨੇ ਤੈਨੂੰ ਭੁਲਾਇਆ ਲਗਦਾ ਹੈ


*******

ਗ਼ਜ਼ਲ - ਅਮਰੀਕ ਗ਼ਾਫ਼ਿਲ ਸਾਹਿਬ ਪੋਸਟ 6 ਦਸੰਬਰ, 2011

ਹਾਉਕਾ ਦਿਲ ਵਿੱਚ ਦਬਾਇਆ ਲਗਦਾ ਹੈ।
ਬੇਸਬਬ ਮੁਸਕੁਰਾਇਆ ਲਗਦਾ ਹੈ

ਮੌਤ ਨੂੰ ਕਹਿ ਰਿਹਾ ਜੋ ਮਹਿਬੂਬਾ
ਜ਼ਿੰਦਗੀ ਦਾ ਸਤਾਇਆ ਲਗਦਾ ਹੈ

ਗੱਲ ਤੇਰੀ ਵੀ ਜੋ ਨਹੀਂ ਸੁਣਦਾ
ਤੂੰ ਉਨੂੰ ਸਿਰ ਚੜ੍ਹਾਇਆ ਲਗਦਾ ਹੈ

ਇਸ਼ਕ ਦਾ ਰੰਗ ਆਖਰੀ ਉਮਰੇ
ਆਪ ਨੂੰ ਰਾਸ ਆਇਆ ਲਗਦਾ ਹੈ

ਫਿਰ ਤੇਰੇ ਨੈਣ ਨਮ ਨੇ ਦਿਲ ਗ਼ਮਗੀਨ
ਫਿਰ ਕੋਈ ਯਾਦ ਆਇਆ ਲਗਦਾ ਹੈ

ਪੜ੍ਹ ਰਿਹੈ ਉਹ ਜੋ ਇਸ਼ਕ ਦੇ ਕਿੱਸੇ
ਇਸ਼ਕ ਨੇ ਪੜ੍ਹਨੇ ਪਾਇਆ ਲਗਦਾ ਹੈ

ਪੀ ਰਿਹਾ ਜਿਹਦੇ ਨਾਲ ਹਾਤੇ ਵਿੱਚ
ਨਵਾਂ ਬਕਰਾ ਫਸਾਇਆ ਲਗਦਾ ਹੈ

ਕਹਿ ਗਿਆ ਦੋਸਤ ਅਲਵਿਦਾ 'ਗ਼ਾਫ਼ਿਲ'
ਸਾਰਾ ਆਲਮ ਪਰਾਇਆ ਲਗਦਾ ਹੈ

............
***
ਮੇਰੇ ਗੁਰਭਾਈ ਜਨਾਬ ਉਲਫ਼ਤ ਬਾਜਵਾ (ਮਰਹੂਮ) ਦੇ ਮਿਸਰੇ ਤੇ ਲਿਖੀ (ਤਰਹਾ ਮਿਸਰਾ) ਗ਼ਜ਼ਲ**
====
ਸੁਮਨ ਸ਼ਾਮਪੁਰੀ ਸਾਹਿਬ ਪੋਸਟ 9 ਦਸੰਬਰ, 2011

ਪੰਜਾਬੀ ਦੇ ਮਰਹੂਮ ਉਸਤਾਦ ਸ਼ਾਇਰ ਜਨਾਬ ਉਲਫ਼ਤ ਬਾਜਵਾ ਜੀ ਦੀ ਗ਼ਜ਼ਲ 'ਸਾਰਾ ਆਲਮ ਪਰਾਇਆ ਲਗਦਾ ਹੈ' ਦੀ ਜ਼ਮੀਨ ਵਿੱਚ ਕਹੀ ਗਈ ਗ਼ਜ਼ਲ (ਇੱਕ ਕੋਸ਼ਿਸ਼)

ਆਦਮੀ ਡਗਮਗਾਇਆ ਲਗਦਾ ਹੈ
ਇਹ ਸਮੇਂ ਦਾ ਸਤਾਇਆ ਲਗਦਾ ਹੈ

ਲਬ 'ਤੇ ਆਹਾਂ, ਉਦਾਸ ਨੇ ਅੱਖੀਆਂ
ਤੈਨੂੰ ਕੋਈ ਯਾਦ ਆਇਆ ਲਗਦਾ ਹੈ

ਤੂੰ ਤਾਂ ਬਹਿ ਗਈ ਏਂ ਪੇਕੀਂ ਦਿਲ ਲਾ ਕੇ
ਸਹੁਰੇ ਘਰ ਨੂੰ ਭੁਲਾਇਆ ਲਗਦਾ ਹੈ

ਕੋਟ ਪਾ ਕੇ ਨਵਾਂ ਜੋ ਫਿਰਦਾ ਏਂ
ਕਿਤੋਂ ਸਜਰਾ ਚੁਰਾਇਆ ਲਗਦਾ ਹੈ

ਉਹ ਤਾਂ ਵੋਟਾਂ 'ਚ ਹੁਬ ਕੇ ਖੜ੍ਹਿਆ ਸੀ
ਪੈਸੇ ਦੇ ਕੇ ਬਿਠਾਇਆ ਲਗਦਾ ਹੈ

ਡੀ. ਸੀ. ਆਇਆ ਏ ਹੁਣ ਨਵਾਂ ਜਿਹੜਾ
ਉਹ ਤਾਂ ਮੇਰਾ ਹੀ ਤਾਇਆ ਲਗਦਾ ਹੈ

ਥੁਕਦਾ ਫਿਰਦਾ ਏ ਥਾਂ-ਕੁ-ਥਾਂ ਜਿਹੜਾ
ਉਹਨੇ ਜਰਦਾ ਲਗਾਇਆ ਲਗਦਾ ਹੈ

ਲੈ ਕੇ ਆਏ ਹੋ ਆਟਾ ਮੱਕੀ ਦਾ
ਸਾਗ ਅਜ ਫਿਰ ਬਣਾਇਆ ਲਗਦਾ ਹੈ

ਮੁਸਕਰਾਉਂਦੇ ਹੋ ਸ਼ੇਅਰ ਪੜ੍ਹ-ਪੜ੍ਹ ਕੇ
ਆਪ ਨੂੰ ਲੁਤਫ਼ ਆਇਆ ਲਗਦਾ ਹੈ

ਇਸ਼ਕ ''ਉਲਫ਼ਤ'' ਨੂੰ ਅੰਤ ਲੈ ਬੈਠਾ
ਹੁਣ 'ਸੁਮਨ' ਵੀ ਸਤਾਇਆ ਲਗਦਾ ਹੈ

(
ਅਦੀਬ ਦੋਸਤੋ! ਉਪਰੋਕਤ ਗ਼ਜ਼ਲ ਵਿੱਚ ਕੁਝ ਕਮੀਆਂ ਜ਼ਰੂਰਤੇ ਸ਼ਾਇਰੀ ਛੱਡ ਦਿੱਤੀ ਗਈਆਂ ਹਨ, ਫਿਰ ਵੀ ਤੁਹਾਡੇ ਸੁਝਾਵਾਂ ਦਾ ਸਵਾਗਤ ਹੈ।-ਸੁਮਨ)


*******


ਰਾਜਿੰਦਰਜੀਤ ਜੀ ਗ਼ਜ਼ਲ - ਪੋਸਟ 10 ਦਸੰਬਰ, 2011

ਰਾਜਿੰਦਰਜੀਤ: - ਤਨਦੀਪ, ਮੈਂ ਧੰਨਵਾਦੀ ਹਾਂ ਤੁਹਾਡਾ ਜਿਹਨਾ ਨੇ ਮੇਰੀ 6-7 ਮਹੀਨਿਆਂ ਦੀ ਚੁੱਪ ਤੋੜਨ 'ਚ ਮਦਦ ਕੀਤੀ...ਉਪਰੋਕਤ ਤਿੰਨੋਂ ਗਜ਼ਲਾਂ ਪੜ੍ਹ ਕੇ ਉਸੇ ਜ਼ਮੀਨ 'ਚ ਲਿਖਣ ਦੀ ਪ੍ਰੇਰਨਾ ਮਿਲੀ ਕੁਝ ਸ਼ੇਅਰ ਕਹੇ ਗਏ.... ਗ਼ਾਫ਼ਿਲ ਸਾਹਿ, ਸ਼ਾਮਪੁਰੀ ਜੀ, ਤਨਦੀਪ ਜੀ, ਰੇਨੂੰ ਜੀ ਤੇ ਬਾਕੀ ਸਭ ਦੋਸਤਾਂ ਦੇ ਨਾਂ -

ਗੀਤ ਰੰਗਾਂ ਨੇ ਗਾਇਆ ਲਗਦਾ ਹੈ
ਅੱਜ ਕੋਈ ਮੁਸਕੁਰਾਇਆ ਲਗਦਾ ਹੈ

ਰਿਸ਼ਤਗੀ ਕਿਸ ਪੜਾਅ 'ਤੇ ਆ ਪਹੁੰਚੀ
ਕਿਣਕਾ-ਕਿਣਕਾ ਪਰਾਇਆ ਲਗਦਾ ਹੈ

ਸੁੰਨੀ ਦਿਲ ਦੀ ਸਰਾਂ ਵੀ ਮਹਿਕ ਗਈ
ਕੋਈ ਮਹਿਮਾਨ ਆਇਆ ਲਗਦਾ ਹੈ

ਚੇਤੇ ਕਰਦੇ ਹੋ ਦੁਸ਼ਮਣਾਂ ਨੂੰ ਤੁਸੀਂ
ਦੋਸਤਾਂ ਨੇ ਰੁਆਇਆ ਲਗਦਾ ਹੈ

ਡੀਕ ਹਟਿਆ ਹੈ ਦੁਖ ਦੇ ਸਾਗਰ ਨੂੰ
ਫਿਰ ਵੀ ਸ਼ਾਇਰ ਤਿਹਾਇਆ ਲਗਦਾ ਹੈ

ਜੀਹਦੀ ਛਾਤੀ ਨੂੰ ਵਿੰਨ੍ਹ ਚੱਲੇ ਹੋ
ਉਹ ਵੀ ਤਾਂ ਅੰਮਾਂ-ਜਾਇਆ ਲਗਦਾ ਹੈ

ਦਰਦ ਵੰਡ ਕੇ ਬਥੇਰਾ ਵੇਖ ਲਿਆ
ਇਹ ਤਾਂ ਫਿਰ ਵੀ ਸਵਾਇਆ ਲਗਦਾ ਹੈ

ਬੀਤੇ ਸਮਿਆਂ ਦੀ ਧੂੜ ਦਾ ਬੱਦਲ
ਮੇਰੇ ਅੰਬਰ 'ਤੇ ਛਾਇਆ ਲਗਦਾ ਹੈ