ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, June 30, 2009

ਸੁਰਿੰਦਰ ਰਾਮਪੁਰੀ - ਨਜ਼ਮ

ਰਾਤ 1

ਨਜ਼ਮ

ਚਾਰ ਚੁਫ਼ੇਰੇ

ਫੈਲ ਰਹੀ ਹੈ ਰਾਤ।

.............

ਧਰਮ

ਰਾਜਨੀਤੀ

ਅਰਥ-ਵਿਵਸਥਾ

ਸਭ ਨੂੰ ਕਲ਼ਾਵੇ ਵਿਚ ਲੈ ਰਹੀ।

...................

ਮਨ ਨੂੰ ਗ੍ਰਸ ਰਹੀ

ਤਨ ਨੂੰ ਗ੍ਰਸ ਰਹੀ

ਲੰਮੇਰੀ ਹੁੰਦੀ ਜਾ ਰਹੀ।

.................

ਸਰਘੀ ਦਾ ਰੂਪ

ਬਣ ਤਾਂ ਸਕਦੀ ਹੈ ਇਹ ਰਾਤ

ਤੂੰ !

ਸੂਰਜ ਦਾ ਸੰਕਲਪ ਧਾਰ!

======

ਰਾਤ 2

ਨਜ਼ਮ

ਮੇਰੇ ਦੁਆਲ਼ੇ ਲਿਪਟ ਰਹੀ ਹੈ ਰਾਤ

ਕਾਲ਼ੀ ਸਰਾਲ਼ ਵਰਗੀ

.....................

ਮੇਰੀ ਵਿਦਵਤਾ

ਮੇਰਾ ਗਿਆਨ

ਪਾਠ-ਪੁਸਤਕਾਂ

ਕਲਾ

ਸਾਹਿਤ

ਇੱਕੋ ਸਾਹੇ ਡੀਕ ਰਹੀ ਹੈ।

.............

ਛਟਪਟਾ ਰਿਹਾ ਹਾਂ ਮੈਂ

ਘੁਲ਼ ਰਿਹਾਂ ਸਰਾਲ਼ ਨਾਲ਼।

=====

ਰਾਤ 3

ਨਜ਼ਮ

ਰਾਤ ਹੈ

ਹਨੇਰਾ ਹੈ

ਬੱਦਲ਼ਵਾਈ ਹੈ

...............

ਪਹੁ ਫੁੱਟੇਗੀ

ਚਾਨਣ ਹੋਵੇਗਾ

ਆਕਾਸ਼ ਲਿਸ਼ਕੇਗਾ

................

ਮਨੁੱਖ ਆਸ ਨਾਲ਼ ਜਿਉਂਦਾ ਹੈ।


Monday, June 29, 2009

ਡਾ: ਸੁਖਪਾਲ - ਨਜ਼ਮ

ਅਰਦਾਸ

ਨਜ਼ਮ

ਅੱਜ ਅੱਖਾਂ ਵਿੱਚੋਂ ਦਰਿਆ ਫੁੱਟਿਆ ਹੈ

ਮੇਰੇ ਹੱਥ ਜੁੜ ਉੱਠੇ ਨੇ

................

ਅੱਜ ਤਾਈਂ ਅੱਡਦਾ ਰਿਹਾ ਹਾਂ ਝੋਲ਼ੀ

ਔਕੜਾਂ ਦੇ ਮੁੱਕਣ ਲਈ...

ਘਰ ਪਰਿਵਾਰ ਦੇ ਵਸਣ ਲਈ...

ਕਿਸੇ ਦੇ ਜਨਮ ਲਈ....

ਕਿਸੇ ਦੇ ਜਿਉਂਦੇ ਰਹਿਣ ਲਈ....

ਕਿਸੇ ਕੋਲ਼ੋਂ ਚਾਹੇ ਜਾਣ ਲਈ....

.....................

ਪਰ ਅੱਜ ਇਹ ਸਭ ਨਹੀਂ ਮੰਗਦਾ

....................

ਅੱਜ ਜੀਅ ਕਰਦਾ ਏ-

ਤੂੰ ਕੋਲ਼ ਹੋਵੇਂ ਮੇਰੇ

ਤੇਰੇ ਦੁਆਲ਼ੇ ਬਾਹਾਂ ਵਲ਼ਾਅ

ਤੇਰੀ ਝੋਲ਼ੀ ਚ ਸਿਰ ਲੁਕਾਅ

ਮੈਂ ਰੋਵਾਂ ਰੱਜ ਕੇ

....................

ਤੇਰਾ ਚੁੱਪ ਹੱਥ ਹੋਵੇ

ਮੇਰੀ ਪਿੱਠ ਉੱਤੇ

ਮੇਰੇ ਮੱਥੇ, ਮੇਰੇ ਸਿਰ ਉੱਤੇ

ਜਦ ਤੱਕ ਹਟਕੋਰੇ ਲੈਂਦਾ ਲੈਂਦਾ

ਸੌਂ ਨਾ ਜਾਵਾਂ ਮੈਂ

ਤੇਰੀ ਨਿੱਘ ਵਿੱਚ ਥੱਕਿਆ-ਟੁੱਟਿਆ

.....................

ਬੇਸ਼ਕ ਸਦਾ ਵਾਂਗ ਚੁੱਪ ਰਹੇਂ ਤੂੰ

ਏਨਾ ਵੀ ਨਾ ਆਖੇਂ:

ਠੀਕ ਹੋ ਜਾਵੇਗਾ ਸਭ ਕੁਝ...

.................

ਠੀਕ ਹੋ ਜਾਵੇ ਸਭ ਕੁਝ-

ਅੱਜ ਇਹ ਇੱਛਾ ਵੀ ਨਹੀਂ ਬਚੀ

ਅੱਜ ਬਚਿਆ ਹੈ ਸਿਰਫ਼ ਵੈਰਾਗ

ਜੋ ਏਨੀ ਦੂਰ ਤੀਕ ਹੈ ਪਸਰਿਆ....

ਤੈਥੋਂ ਨਿੱਕੀ

ਕਿਸੇ ਝੋਲ਼ੀ ਵਿਚ ਸਮਾਅ ਨਾ ਸਕਦਾ....!


Sunday, June 28, 2009

ਤੈਨੂੰ ਲੈ ਦਊਂ ਸਲੀਪਰ ਕਾਲ਼ੇ - ਲੋਕ-ਬੋਲੀ


ਹਰਬੰਸ ਮਾਛੀਵਾੜਾ - ਗ਼ਜ਼ਲ

ਗ਼ਜ਼ਲ

ਖ਼ੁਦ ਨੂੰ ਤਨਹਾਈ ਦੀ ਪੀੜਾ ਚੋਂ ਉਭਾਰਨ ਵਾਸਤੇ।

ਤੰਦ ਜੁੜ ਜਾਂਦੀ ਕੁਈ ਜੀਵਨ ਗੁਜ਼ਾਰਨ ਵਾਸਤੇ।

----

ਕਿਉਂ ਨਹੀਂ ਹਟਦੀ ਪਰੇ ਖ਼ੁਦ ਤੋਂ ਨਜ਼ਰ ਤੇਰੀ ਮਨਾ!

ਵੇਖ ਕਿੰਨਾ ਕੁਝ ਚੁਫ਼ੇਰੇ ਹੈ ਨਿਹਾਰਨ ਵਾਸਤੇ।

----

ਇਸ਼ਕ ਤਾਂ ਚਾਹਤ ਦੀ ਉਸ ਉੱਚੀ ਅਵੱਸਥਾ ਦਾ ਹੈ ਨਾਂ,

ਜਿਸ ਚ ਕੋਈ ਥਾਂ ਨਹੀਂ ਜਿੱਤਣ ਜਾਂ ਹਾਰਨ ਵਾਸਤੇ।

----

ਉਮਰ ਦਾ ਇਕ ਅਹਿਮ ਹਿੱਸਾ ਖੁਸ ਗਿਆ ਤਾਂ ਜਾਣਿਆ,

ਉਹ ਹੀ ਤਾਂ ਵੇਲ਼ਾ ਸੀ ਜੀਵਨ ਨੂੰ ਉਭਾਰਨ ਵਾਸਤੇ।

----

ਐ ਜ਼ਮਾਨੇ! ਜੇ ਸੰਵੇਦਨਸ਼ੀਲ ਹੋਣਾ ਜੁਰਮ ਹੈ,

ਤਿਆਰ ਹਾਂ ਫਿਰ ਇਸ ਲਈ ਹਰ ਮੁੱਲ ਤਾਰਨ ਵਾਸਤੇ।

----

ਮੈਂ ਤਿਰੀ ਰਹਿਮਤ ਦੇ ਗੁਣ ਗਾਇਨ ਕਰਾਂਗਾ ਹਸ਼ਰ ਤਕ,

ਬਖ਼ਸ਼ ਦੇ ਇਕ ਬੇਖ਼ੁਦੀ ਜੀਵਨ ਗੁਜ਼ਾਰਨ ਵਾਸਤੇ।

----

ਹੋਰ ਹੋ ਜਾਵੇ ਸਗੋਂ ਪੀਡੀ ਉਦ੍ਹੇ ਚੇਤੇ ਦੀ ਗੰਢ,

ਜਦ ਕਦੇ ਕੋਸ਼ਿਸ਼ ਕਰਾਂ ਉਸਨੂੰ ਵਿਸਾਰਨ ਵਾਸਤੇ।

----

ਹੁਸਨ ਤੇਰਾ ਹੋਰ ਵੀ ਕੁਝ ਲਿਸ਼ਕ ਜਾਣਾ ਸੀ ਸਗੋਂ,

ਢੂੰਡ ਲੈਂਦੋ ਜੇ ਕੁਈ ਦਰਪਨ ਨਿਹਾਰਨ ਵਾਸਤੇ।

----

ਜੇ ਕੁਈ ਸੁਣਦਾ ਸਮਝਦਾ ਰੂਹ ਦੀ ਆਵਾਜ਼ ਨੂੰ,

ਫ਼ੈਸਲਾ ਲੈਂਦਾ ਮੈਂ ਕਾਹਤੋਂ ਮੌਨ ਧਾਰਨ ਵਾਸਤੇ।


Saturday, June 27, 2009

ਅਜਾਇਬ ਚਿਤ੍ਰਕਾਰ - ਗ਼ਜ਼ਲ

ਗ਼ਜ਼ਲ

ਨਿਤ ਨਵਾਂ ਇਸ਼ਕ ਹੈ ਮੇਰਾ, ਨਿਤ ਨਵੀਂ ਮੰਜ਼ਿਲ ਦੇ ਨਾਲ਼।

ਕਿਉਂ ਰਹੇ ਬੇੜੀ ਦਾ ਰਿਸ਼ਤਾ ਸਿਰਫ਼ ਇਕ ਸਾਹਿਲ ਦੇ ਨਾਲ਼।

----

ਕੋਹਕਨ ਬਣ ਪਰਬਤਾਂ ਨੂੰ ਕੱਟਣਾ ਮੇਰੀ ਲਗਨ,

ਮੇਰੇ ਲਈ ਲਾਅਨਤ ਹੈ ਮੱਥਾ ਫੋੜ ਲਾਂ ਇਕ ਸਿਲ ਦੇ ਨਾਲ਼।

----

ਆਪਣੇ ਕਦਮਾਂ ਦੀ ਛੁਹ ਤੋਂ ਏਸ ਨੂੰ ਗੁਲਜ਼ਾਰ ਕਰ,

ਜੇਕਰਾਂ ਸਚਮੁਚ ਹੀ ਰਾਹ ਹੁੰਦੀ ਏ ਦਿਲ ਨੂੰ ਦਿਲ ਦੇ ਨਾਲ਼।

----

ਡੁਗਡੁਗੀ ਸੁਣ ਆਖਦੇ ਵਾਹਵਾ ਤਮਾਸ਼ਾਈ ਬੜੇ,

ਪਰ ਹੁਨਰ ਦਾ ਪਾਰਖੂ ਮਿਲ਼ਦੈ ਬਹੁਤ ਮੁਸ਼ਕਿਲ ਦੇ ਨਾਲ਼।

----

ਮੈਂ ਵਧਾਵਾਂ ਹੱਥ, ਉਸ ਵਲ? ਦੋਸਤੀ ਲਈ? ਦੋਸਤੋ!

ਜਿਹੜਾ ਹੱਥ ਮਿਲ਼ਦਾ ਹੈ ਮੇਰੇ ਯਾਰ ਦੇ ਕ਼ਾਤਿਲ ਦੇ ਨਾਲ਼?

----

ਇਸ਼ਕ ਤੇਰੇ ਦੇ ਮੈਂ ਹਿੰਦਸੇ ਉਮਰ ਭਰ ਜੋੜੀ ਗਿਆ,

ਕੁਝ ਵੀ ਹਾਸਿਲ ਹੋ ਨਾ ਸਕਿਆ ਜੋੜ ਦੇ ਹਾਸਿਲ ਦੇ ਨਾਲ਼।


Friday, June 26, 2009

ਜਸਬੀਰ ਮਾਹਲ - ਨਜ਼ਮ

ਹਾਦਸੇ

ਨਜ਼ਮ

ਹਾਦਸਿਆਂ ਵਿਚ...

ਬਸ ਰਿਸ਼ਤੇ ਟੁੱਟਦੇ ਹਨ

......

ਸੁਪਨੇ ਮਰੇ ਨੇ ਕੇਵਲ

ਦਿਲ ਹੀ ਗਿਆ ਵਲੂੰਧਰਿਆ

ਸ਼ਾਂਤੀ ਹੀ ਗੁਆਚੀ ਹੈ ਮਨ ਦੀ

ਸੁੱਖ-ਸਾਂਦ ਹੈ ਬਾਕੀ

.........

ਬਾਕੀ ਸਭ ਹੈ ਸਹੀ ਸਲਾਮਤ

ਮੈਂਬਰਸ਼ਿਪ ਕਲੱਬ ਦੀ

ਵੱਡੀ ਕੋਠੀ

ਮਹਿੰਗੀ ਕਾਰ

ਬੈਂਕ ਦਾ ਖਾਤਾ

ਫਾਰਮ-ਹਾਊਸ

ਸਾਗਰ ਕੰਢੇ ਦਾ ਘਰ-ਬਾਰ

......

ਸ਼ੁਕਰ ਹੈ ਬਚ ਗਿਆ

ਹਾਦਸਿਆਂ ਤੋਂ ਕਿੰਨਾ ਕੁਝ...!

======

ਪੱਥਰ

ਨਜ਼ਮ

ਬਦਲੀ ਹੈ ਜਦ ਤੋਂ

ਪੱਥਰ ਦੀ ਨਕਸ਼-ਨੁਹਾਰ

ਅਣਗੌਲ਼ਿਆ ਨਾ ਰਹੇ ਉਹ

ਸਗੋਂ

ਘਰਾਂ ਦਾ ਬਣੇ ਸ਼ਿੰਗਾਰ

.......

ਜਦ ਤੋਂ ਮਿਲ਼ੀ ਹੈ

ਪੱਥਰ ਨੂੰ

ਬੁੱਤ-ਘਾੜੇ ਦੀ ਛੋਹ

ਆਪਣੀ ਜ਼ਾਤ ਕੋਲ਼ੋਂ

ਅੱਡ ਬਹਿੰਦਾ ਹੈ ਉਹ


ਮੇਜਰ ਮਾਂਗਟ - ਗੀਤ

ਗੀਤ

ਜੀਣ ਦੀ ਨਾ ਭੁੱਖ ਨਾ ਕੋਈ ਭੁੱਖ ਮੈਨੂੰ ਹੋਰ ਵੇ

ਗ਼ਮਾਂ ਦੇ ਵਪਾਰੀਆਂ ਨੂੰ ਛੇਤੀ ਛੇਤੀ ਤੋਰ ਵੇ

----

ਹਿਜਰਾਂ ਦੇ ਸ਼ਹਿਰ ਹੁਣ ਲੱਗਦਾ ਨਾ ਚਿੱਤ ਵੇ

ਪੱਤਾ ਪੱਤਾ ਵੈਰੀ ਹੋਇਆ, ਦੀਂਹਦਾ ਨਾ ਕੋਈ ਮਿੱਤ ਵੇ

ਉਮਰਾਂ ਦਾ ਪਿਆਰ ਮੇਰੀ ਜਿੰਦ ਦਾ ਸ਼ਿੰਗਾਰ ਸੀ ਉਹ

ਲੈ ਗਿਆ ਕੋਈ ਚੋਰ ਵੇ................................

----

ਸ਼ਹਿਰ ਦਿਆ ਮਾਲਕਾ ਆ ਸਾਂਭ ਲੈ ਅਟਾਰੀਆਂ

ਯਾਰੀਆਂ ਬਗੈਰ ਇਹ ਚੀਜ਼ਾਂ ਨਾ ਪਿਆਰੀਆਂ

ਮਿੱਤਰਾਂ ਬਗੈਰ ਜਾਪੇ ਜਲ਼ਦਾ ਇਹ ਸ਼ਹਿਰ ਤੇਰਾ

ਮਨ ਦਾ ਇਹ ਸ਼ੋਰ ਵੇ............................

----

ਚੌਧਰਾਂ ਦੀ ਭੁੱਖ ਛੱਡ ਹੋ ਚੱਲੇ ਫਕੀਰ ਵੇ

ਦਿਲ ਲੀਰੋ ਲੀਰ ਸਾਡੀ ਏਹੋ ਤਕਦੀਰ ਵੇ

ਮਾਂਗਟ ਨਿਮਾਣਾ, ਹੋ ਕੇ ਬਹਿ ਗਿਆ ਨਿਤਾਣਾ

ਕੋਈ ਚੱਲਦਾ ਨਾ ਜ਼ੋਰ ਵੇ.....................

ਜੀਣ ਦੀ ਨਾ ਭੁੱਖ ਨਾ ਕੋਈ ਭੁੱਖ ਮੈਨੂੰ ਹੋਰ ਵੇ

ਗ਼ਮਾਂ ਦੇ ਵਪਾਰੀਆਂ ਨੂੰ ਛੇਤੀ ਛੇਤੀ ਤੋਰ ਵੇ


Thursday, June 25, 2009

ਸੁਰਿੰਦਰ ਸੋਹਲ - ਗ਼ਜ਼ਲ

ਗ਼ਜ਼ਲ

ਮਾਰੂਥਲ ਦੇ ਵਾਂਗ ਪਿਆਸੀ ਓਸਦੀ ਜਾਪੀ ਪੁਕਾਰ।

ਲੈ ਕੇ ਹਟਕੋਰੇ ਪਪੀਹਾ ਬੋਲਿਆ ਜਦ ਤੜਕਸਾਰ।

----

ਬਿਰਖ ਸੁੱਕੇ ਹੇਠ, ਸਾਵੇ ਪੱਤ ਖਿਲਰੇ ਨੇ ਗਵਾਹ,

ਰਾਤ ਨੂੰ ਚੋਰੀਂ ਇਦ੍ਹੇ ਤੇ ਰੋਜ਼ ਆਉਂਦੀ ਹੈ ਬਹਾਰ।

----

ਸੀ ਅਜੇ ਬੇਦਾਗ਼ ਤਾਂ ਵੀ ਓਸ ਨੂੰ ਜਲ਼ਣਾ ਪਿਆ,

ਫੇਰ ਕੀ ਬਣਦਾ ਕਫ਼ਨ ਦਾ ਜੇ ਉਹ ਹੁੰਦਾ ਦਾਗ਼ਦਾਰ।

----

ਕੈਂਚੀਆਂ ਚੁੱਕੀ ਹੈ ਫਿਰਦੀ ਪੌਣ ਘਰ ਦੇ ਆਸ-ਪਾਸ,

ਸ਼ੋਖ਼ ਵਿਚ ਆ ਕੇ ਪਰਿੰਦੇ ਇਸ ਤਰ੍ਹਾਂ ਨਾ ਪਰ ਖਲਾਰ।

----

ਰਾਸਤਾ ਜੀਵਨ ਦਾ ਰੰਗੀਲਾ, ਮਹਿਕਣਾ ਤੇ ਉਜਾੜ,

ਤੂੰ ਮਿਲ਼ੀ ਕੁਝ ਫੁੱਲ ਮਿਲ਼ੇ, ਫਿਰ ਦਿਨ ਮਿਲ਼ੇ ਨੇ ਸੋਗਵਾਰ।

----

ਤੂੰ ਜਿਨ੍ਹਾਂ ਦੇ ਆਲ੍ਹਣੇ ਲੂਹ ਕੇ ਬਿਤਾਈ ਸਰਦ ਰਾਤ,

ਭਰ ਕੇ ਅੱਖ ਨਾ ਹੁਣ ਉਹ ਬੇਹਰਕਤ ਪਏ ਪੰਛੀ ਨਿਹਾਰ।

----

ਇਸ 'ਚ ਸਨ ਸੋਚਾਂ ਦੇ ਜਾਲ਼ੇ ਤੇ ਨਮੋਸ਼ੀ ਦੀ ਸਲ੍ਹਾਬ,

ਉਂਝ ਇਹ ਤਨ ਦਾ ਮਹਿਲ ਬਾਹਰੋਂ ਜਾਪਦਾ ਸੀ ਸ਼ਾਨਦਾਰ।


Wednesday, June 24, 2009

ਵੰਝਲੀ - ਲੋਕ ਬੋਲੀ


ਵੰਝਲੀ
ਲੋਕ ਬੋਲੀ
ਵੰਝਲੀ ਦੀ ਵਾਜ ਸੁਣ ਕੇ
ਸੁੱਕਾ ਅੰਬਰ ਛੱਡੇ ਨਰਮਾਈਆਂ।
----
ਰਾਂਝੇ ਦੀ ਵੰਝਲੀ ਨੂੰ
ਮੈਂ ਅੱਖੀਆਂ ਉੱਤੇ ਬਹਾਵਾਂ।
----
ਵੰਝਲੀ ਰਾਂਝੇ ਦੀ,
'ਹੀਰ'! ਹੀਰ' ਪਈ ਕੂਕੇ।

ਗਗਨਦੀਪ ਸ਼ਰਮਾ - ਗ਼ਜ਼ਲ

ਗ਼ਜ਼ਲ

ਘਰੋਂ ਜਿਹਨਾਂ ਸੀ ਘੱਲੇ ਸੱਧਰਾਂ-ਚਾਵਾਂ ਨਾਲ਼।

ਕੀਕਰ ਵੰਡੀਏ ਹਉਕੇ ਉਹਨਾਂ ਮਾਵਾਂ ਨਾਲ਼

----

ਮਨ ਅੰਦਰਲੀ ਅੱਗ ਤਾਂ ਤੇਰੀ ਆਪਣੀ ਹੈ,

ਕਾਹਦਾ ਰੋਸਾ ਤੱਤੀਆਂ ਠੰਢੀਆਂ ਹਵਾਵਾਂ ਨਾਲ਼

----

ਉਸਨੇ ਹੁਣ ਨਹੀਂ ਪਾਉਣੀ ਤੇਰੇ ਘਰ ਫ਼ੇਰੀ,

ਕਾਹਤੋਂ ਝੱਲਿਆ ਉਲਝੀ ਜਾਵੇਂ ਕਾਵਾਂ ਨਾਲ਼

----

ਦੁਨੀਆਂ ਦੀ ਹਰ ਉਲਝਣ ਨੂੰ ਸੁਲਝਾਵੇ ਜੋ,

ਉਲਝ ਹੀ ਜਾਂਦੈ ਉਹ ਵੀ, ਮਨ ਦੇ ਭਾਵਾਂ ਨਾਲ਼

----

ਸਿੱਧੇ ਰਾਹ ਤੇ ਤੁਰਨਾ ਸੌਖਾ ਨਹੀਂ ਹੁੰਦਾ,

ਹੁੰਦੇ ਬੜੇ ਵਿਰੋਧੀ, ਵਿਰਲਾ-ਟਾਵਾਂ ਨਾਲ਼

----

ਮਨ ਤੋਂ ਮਨ ਦਾ ਰਸਤਾ ਡਾਢਾ ਲੰਮਾ ਹੈ,

ਤੈਅ ਨਹੀਂ ਹੋਇਆ ਕਰਦਾ ਕੱਲੀਆਂ ਲਾਵਾਂ ਨਾਲ਼

----

ਜ਼ਿੰਦਗ਼ੀ ਦਾ ਦਿਲ ਆਸ਼ਿਕ ਵਰਗਾ ਹੀ ਹੁੰਦੈ,

ਮੌਤ ਕੁੜੀ ਮੋਹ ਲੈਂਦੀ ਸ਼ੋਖ਼ ਅਦਾਵਾਂ ਨਾਲ਼


Tuesday, June 23, 2009

ਗੁਰਮੀਤ ਬਰਾੜ - ਨਜ਼ਮ

----------------------------------------------------------------
ਮੋਹ
ਨਜ਼ਮ
ਲੁਕ ਲੁਕ ਕੇ
ਪਾਇਆ ਮੋਹ
ਮੁਹੱਬਤ ਨਹੀਂ
ਅੱਯਾਸ਼ੀ ਹੈ
ਕਿਸੇ ਕਾਗਜ਼ ਦੇ
ਹਾਸ਼ੀਏ ‘ਤੇ
ਮਾਰੀਆਂ
ਬੇਅਰਥ
ਝਰੀਟਾਂ
ਵਾਂਗ
======
ਤੇਰਾ ਜਾਣਾ
ਨਜ਼ਮ
ਆਹ ਤੁਸੀਂ
ਕੀ ਰੱਖ ਗਏ
ਮੇਰੇ ਸਿਰਹਾਣੇ
ਕਿ
ਸਾਰੀ ਰਾਤ
ਸੁਪਨਿਆਂ ਦੀ
ਪੰਡ ਚੁੱਕ ਕੇ
ਲੰਘਦੇ ਰਹੇ
ਉਮੀਦਾਂ ਦੇ ਸਾਗਰ
..................
ਪਰ ਅੱਜ
ਅੱਖਾਂ ਖੋਲ੍ਹਦਿਆਂ
ਤੜਕਸਾਰ ਹੀ
ਆਥਣ ਹੋਇਆ,
ਅਚਨਚੇਤ ਹੀ
ਸਮੇਂ ਦੇ ਬਾਜਾਂ
ਇੱਕ ਭਰੇ ਭਰਾਏ
ਹਸਦੇ ਦਿਨ ‘ਚੋਂ
ਸਿਖਰ ਦੁਪਹਿਰ
ਚੁਰਾ ਲਈ

Monday, June 22, 2009

ਸੁਖਦਰਸ਼ਨ ਧਾਲੀਵਾਲ - ਗ਼ਜ਼ਲ

ਗ਼ਜ਼ਲ

ਫ਼ਾਸਲਾ ਦੋਹਾਂ 'ਚ ਜੋ ਸੀ, ਮਿਟ ਨਾ ਸਕਿਆ ਉਮਰ ਭਰ

ਚੁਪ ਦਾ ਦਰਿਆ ਪਾਰ ਦੋਹਾਂ ਨੇ ਨਾ ਕਰਿਆ ਉਮਰ ਭਰ

----

ਸੀ ਤਮੰਨਾ ਸੁਲਘਦੀ ਦਿਲ ਵਿਚ ਕਿ ਉਹ ਪਾਣੀ ਬਣੇ,

ਪਰ ਪਿਘਲ ਕੇ ਮੈਂ ਵੀ ਬਣ ਸਕਿਆ ਨਾ ਦਰਿਆ ਉਮਰ ਭਰ

----

ਪੁਹੰਚਦੀ ਅਹਿਸਾਸ ਤੀਕਣ ਕਿੰਜ ਮੇਰੀ ਆਰਜ਼ੂ,

ਸੀ ਜੋ ਦਿਲ ਮੇਰੇ ', ਉਹ ਮੈਂ ਕਹਿ ਨਾ ਸਕਿਆ ਉਮਰ ਭਰ

----

ਸੋਚਦਾ ਸੀ ਮੈਂ ਕਿ ਉਹ ਪੱਥਰ ਹੈ ਅਪਣੀ ਸੋਚ ਵਿਚ,

ਪਰ ਮੈਂ ਵੀ ਤਾਂ ਰੂਹ ਵਿਚ ਸ਼ੀਸ਼ਾ ਨਾ ਬਣਿਆ ਉਮਰ ਭਰ

----

ਹਰ ਕਰਮ ਰੌਸ਼ਨ ਹੋ ਸਕਦਾ ਸੀ ਮੁਹੱਬਤ ਨਾਲ ਪਰ,

ਜਜ਼ਬਿਆਂ ਵਿਚ ਦਰਦ ਦਾ ਸੂਰਜ ਨਾ ਚੜ੍ਹਿਆ ਉਮਰ ਭਰ


Sunday, June 21, 2009

ਆਸੀ - ਨਜ਼ਮ

ਪਾਰਦਰਸ਼ੀ

ਨਜ਼ਮ

ਚੱਲ

ਕੁਝ ਨਾਮ ਰੱਖੀਏ

ਉਨ੍ਹਾਂ ਬੱਚਿਆਂ ਦੇ

ਜੋ ਸਾਡੇ ਨਹੀਂ

ਸਾਡੇ ਹੀ ਨੇ ਪਰ

.............

ਚੱਲ

ਕੁਝ ਮਹਿਕ ਵੰਡੀਏ

ਜੋ ਸਾਡੇ ਪਾਸ ਨਹੀਂ

ਪਰ

ਹੈ ਤਾਂ ਸਹੀ ਸਾਡੇ ਕੋਲ਼ ਕਿਤੇ

............

ਚੱਲ

ਆਸ਼ਰਮ ਦੇ ਪਰਿੰਦਿਆਂ ਵਾਂਗੂੰ

ਬ੍ਰਹਿਮੰਡ ਦੀ ਸੀਮਾ ਤੋਂ ਵੱਧ ਉੱਡੀਏ

ਜੋ ਸਾਡੀ ਸਮਰੱਥਾ ਨਹੀਂ

ਉੱਡ ਹੀ ਲਵਾਂਗੇ ਪਰ ਫਿਰ ਵੀ

..............

ਚੱਲ

ਕੁਝ ਰੰਗਾਂ ਦਾ ਅਨੁਵਾਦ ਕਰੀਏ

ਕਿਏ ਬੇਬਸ ਦਰਿਆ

ਕੁਝ ਧੁੱਪ ਦੀ ਕਿਸ਼ਤੀ ਠੇਲ੍ਹੀਏ

ਕਿਸੇ ਧੁਖਦੇ ਘਰ

ਕੋਈ ਸੁਪਨਾ ਬੀਜੀਏ

............

ਚੱਲ

ਪਿਘਲ਼ਦੀਆਂ ਹਸਰਤਾਂ ਦਾ ਇਤਿਹਾਸ

ਅਣ-ਲਿਖਿਆ ਛੱਡ

ਹੱਸ ਪਈਏ

ਤੇ ਪੀੜ ਨੂੰ

ਫੁੱਲਾਂ ਦੀ ਮਹਿਕ ਵਾਂਗੂੰ ਮਾਣੀਏ

ਇੱਕ ਦੂਜੇ ਨੂੰ

ਜਿਸਮਾਂ ਤੋਂ ਅੱਗੇ ਜਾਣੀਏ!


Saturday, June 20, 2009

ਜਸਵੰਤ ਦੀਦ - ਨਜ਼ਮ

ਸਾਹਿਤਕ ਨਾਮ: ਜਸਵੰਤ ਦੀਦ

ਜਨਮ : ਪਿੰਡ ਸ਼ਾਹਕੋਟ

ਅਜੋਕਾ ਨਿਵਾਸ: ਜਲੰਧਰ, ਪੰਜਾਬ

ਕਿਤਾਬਾਂ: ਕਹਾਣੀ ਸੰਗ੍ਰਹਿ: ਇੱਕ ਲੱਪ ਯਾਦਾਂ ਦੀ, ਕਾਵਿ-ਸੰਗ੍ਰਹਿ: ਬੱਚੇ ਤੋਂ ਡਰਦੀ ਕਵਿਤਾ, ਅਚਨਚੇਤ, ਆਵਾਜ਼ ਆਏਗੀ ਅਜੇ, ਘੁੰਡੀ, ਕਮੰਡਲ, ਅਨੁਵਾਦ: ਜੰਗਲ ਦੀ ਕਹਾਣੀ, ਯਸ਼ਪਾਲ, ਸੰਪਾਦਨਾ: ਦੇਸ਼ ਵੰਡ ਦੀਆਂ ਕਹਾਣੀਆਂ, ਵਾਰਤਕ: ਧਰਤੀ ਹੋਰ ਪਰ੍ਹੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਇਨਾਮ-ਸਨਮਾਨ: ਦੀਦ ਸਾਹਿਬ ਨੂੰ ਉਹਨਾਂ ਦੇ ਕਾਵਿ-ਸੰਗ੍ਰਹਿ ਕਮੰਡਲ ਲਈ ਸਾਹਿਤ ਅਕਾਦਮੀ ਐਵਾਰਡ ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਹੈ।

----

ਬਕੌਲ ਜਸਵੰਤ ਦੀਦ: - "ਮੈਂ ਐਕਸਟਰੀਮਿਸਟ ਹਾਂ...ਮੇਰੀ ਮੁਹੱਬਤ, ਮੇਰਾ ਕੰਮ ਤੇ ਮੇਰੀ ਕਵਿਤਾ ਤਿੰਨੋਂ ਇਸੇ ਤਰ੍ਹਾਂ ਹੀ ਸਿਖ਼ਰ ਛੂੰਹਦੇ ਹਨ.."

----

ਦੋਸਤੋ! ਸਾਡੇ ਲਈ ਬੜੇ ਮਾਣ ਵਾਲ਼ੀ ਗੱਲ ਹੈ ਕਿ ਆਰਸੀ ਤੇ ਜਸਵੰਤ ਦੀਦ ਸਾਹਿਬ ਦੀ ਪਹਿਲੀ ਵਾਰ ਹਾਜ਼ਰੀ ਲੱਗਣ ਜਾ ਰਹੀ ਹੈ। ਅੱਜ ਉਹਨਾਂ ਨਾਲ਼ ਫੋਨ ਤੇ ਗੱਲ ਹੋਈ ਤਾਂ ਉਹਨਾਂ ਨੇ ਬੜੀ ਖ਼ੁਸ਼ੀ ਨਾਲ਼ ਆਪਣੀਆਂ ਰਚਨਾਵਾਂ ਬਲੌਗ ਚ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ, ਮੈਂ ਉਹਨਾਂ ਦੀ ਤਹਿ ਦਿਲੋਂ ਮਸ਼ਕੂਰ ਹਾਂ। ਸਾਰੇ ਆਰਸੀ ਪਰਿਵਾਰ ਵੱਲੋਂ ਦੀਦ ਸਾਹਿਬ ਨੂੰ ਖ਼ੁਸ਼ਆਮਦੀਦ ਆਖਦੀ ਹੋਈ, ਉਹਨਾਂ ਦੀਆਂ ਚਾਰ ਬੇਹੱਦ ਖ਼ੂਬਸੂਰਤ ਨਜ਼ਮਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਦਵਿੰਦਰ ਪੂਨੀਆ ਜੀ ਨੇ ਦੀਦ ਸਾਹਿਬ ਦੀ ਕਿਤਾਬ ਮੈਨੂੰ ਪੜ੍ਹਨ ਲਈ ਦਿੱਤੀ, ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ 'ਤਮੰਨਾ'

***********

ਤਾਜ਼ਾ

ਨਜ਼ਮ

ਮੈਂ ਜਦ ਵੀ ਪੁਰਾਣਾ ਹੋਣ ਲਗਦਾ ਹਾਂ

ਤੇਰੀ ਆਵਾਜ਼ ਸੁਣਦੀ ਹੈ....

ਨਵਾਂ ਨਕੋਰ ਹੋ ਜਾਂਦਾ ਹਾਂ

ਹੁਣੇ ਆਵੀ ਤੋਂ ਲਾਹਿਆ

ਨਵਾਂ ਨਕੋਰ ਬਰਤਨ

ਗਿੱਲਾ, ਕੱਚਾ, ਹੱਥਾਂ ਦੀਆਂ ਧਾਰੀਆਂ

ਨਾਲ਼ ਸੰਵਾਰਿਆ

ਅੱਗ ਚ ਜਾਣ ਤੋਂ ਪਹਿਲਾਂ ਦਾ

ਰੂਪ

ਹੁਣੇ ਤੇਰੇ ਤੇਜ਼ ਘੁੰਮਦੇ ਚੱਕੇ ਤੋਂ ਉੱਤਰਿਆ...

======

ਦਾ ਐਇੰਡ

ਨਜ਼ਮ

ਤੈਨੂੰ ਅਦਾਕਾਰੀ ਦਾ ਸ਼ੌਕ ਸੀ

ਮੈਨੂੰ ਤਜਰਬੇ ਦਾ,

ਤੂੰ ਕਿਸੇ ਨਸ਼ੇ ਅੰਦਰ

ਮੁਦਰਾਵਾਂ ਬਦਲਦੀ

ਮੈਂ ਤੇਰੇ ਵੱਖੋ ਵੱਖ ਐਂਗਲ ਸ਼ੂਟ ਕਰਦਾ

...........

ਮੈਨੂੰ ਤੇਰੇ ਕਲੋਜ਼ ਅੱਪ ਡੱਲ ਲੱਗਣ ਲੱਗੇ ਅਚਾਨਕ

ਤੈਨੂੰ ਮੇਰੀ ਨਿਰਦੇਸ਼ਨਾ ਤੇ ਸ਼ੱਕ ਹੋਣ ਲੱਗਾ

..................

ਅੱਜ ਤੱਕ ਰਫ-ਕੱਟ

ਰੁਲ਼ਦੇ ਪਏ

========

ਅੱਜ-ਕੱਲ੍ਹ

ਨਜ਼ਮ

ਮੈਨੂੰ ਤੇਰਾ ਖ਼ਿਆਲ

ਬਹੁਤ ਘੱਟ ਆਉਂਦਾ ਹੈ

ਕਿਤੇ ਕਿਤੇ

ਜਿਵੇਂ ਯਾਦਦਾਸ਼ਤ ਗੁਆ ਚੁੱਕਾ ਕੋਈ ਆਦਮੀ

ਆਪਣਾ ਨਾਂ ਲਵੇ

ਤੇ ਰੋ ਪਵੇ

ਜਾਂ ਹੱਸ

ਤੇ ਫੇਰ ਚੁੱਪ ਦੀ ਕੰਡੇਦਾਰ ਝਾੜੀ ਚੋਂ

ਕੱਢਦਾ ਰਹੇ ਆਪਣਾ ਆਪ

ਲਗਾਤਾਰ

==========

ਐੱਸ.ਐੱਮ.ਐੱਸ.

ਨਜ਼ਮ

ਤੂੰ ਮੇਰਾ ਹੱਥ ਫੜਿਆ

.........

ਖਿੜੇ ਬਾਗਾਂ ਚੋਂ ਲੰਘਦਿਆਂ

ਮੈਂ ਤੈਨੂੰ ਚੁੰਮ ਲਿਆ

ਤੇਰਾ ਦੁਪੱਟਾ ਹਲਕਾ ਜਿਹਾ

ਉੜਿਆ

ਨਸ਼ਿਆਈ ਹਵਾ

ਤੇਰੀਆਂ ਨੀਲੀਆਂ ਅੱਖਾਂ ਅੰਦਰ ਜਾ ਗੁਆਚੀ

.........

ਜੰਗਲ਼ ਕਿੰਨਾ ਸੋਹਣਾ ਹੈ!

ਤੂੰ ਮੇਰੇ ਵੱਲ ਦੇਖਿਆ

............

ਇਹ ਤੂੰ ਮੈਨੂੰ ਕਿੱਥੇ ਲੈ ਆਈ ਹੈਂ?

ਮੈ ਤੇਰੇ ਵੱਲ ਝਾਕਿਆ

...............

ਪਹਾੜ ਦੀ ਕੰਦੀ ਤੋਂ

ਤੂੰ ਮੇਰਾ ਹੱਥ ਛੱਡ ਦਿੱਤਾ

................

ਮੇਰੀ ਆਵਾਜ਼

ਪਹਾੜਾਂ ਦਰੱਖਤਾਂ ਆਕਾਸ਼ਾਂ ਪਤਾਲਾਂ

ਨਾਲ਼ ਖਹਿੰਦੀ ਹੋਈ

..................

ਤੈਨੂੰ ਲੱਭ ਰਹੀ...


Friday, June 19, 2009

ਦਰਵੇਸ਼ - ਗੀਤ

ਗੀਤ

ਮੇਰੇ ਗੀਤਾਂ ਨੂੰ ਉਦਾਸੀਆਂ ਚ ਡੁੱਬ ਲੈਣ ਦੇ,

ਪਾ ਨਾ ਝਾਂਜਰਾਂ ਦਾ ਸ਼ੋਰ।

ਮੈਨੂੰ ਆਪਣੀ ਕਬਰ ਅੱਜ ਪੁੱਟ ਲੈਣ ਦੇ,

ਪਾ ਨਾ ਝਾਂਜਰਾਂ ਦਾ ਸ਼ੋਰ।

----

ਜਦੋਂ ਧੁੰਦ ਦਿਆਂ ਬੱਦਲ਼ਾਂ ਨਾਲ਼ ਵਾਹ ਪੈ ਗਿਆ,

ਚਿੱਟੇ ਮੀਂਹ ਦੇ ਭੁਲੇਖੇ ਹਾਉਕਾ ਪੱਲੇ ਪੈ ਗਿਆ।

ਬੂਹੇ ਆਏ ਹਾਉਕਿਆਂ ਨੂੰ ਵਿਹੜੇ ਰਹਿਣ ਦੇ...

ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....

----

ਰੋਸਾ ਕਾਹਤੋਂ ਪਰਛਾਵਿਆਂ ਤੇ ਕਰਦਾ ਫਿਰਾਂ,

ਅੱਕ ਫੰਭੜੀ ਹਨੇਰਿਆਂ ਚੋਂ ਫੜਦਾ ਫਿਰਾ।

ਬੂਟੇ ਪੱਟੀਂ ਨਾ ਅੱਕਾਂ ਦੇ ਘਰੋਂ ਖੜ੍ਹੇ ਰਹਿਣ ਦੇ...

ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....

----

ਮੇਰਾ ਮਾਰੂਥਲੀ ਲੀਕ ਜਿੰਨਾ ਕੱਦ ਰਹਿ ਗਿਆ,

ਕੌਣ ਵਾਵਰੋਲ਼ਾ ਸਿਰ ਤੋਂ ਛੁਹਾ ਕੇ ਲੈ ਗਿਆ।

ਕਾਹਤੋਂ ਚੇਤਿਆਂ ਚੋਂ ਲੱਥਾ ਚੰਦਰੀ ਸ਼ੁਦੈਣ ਦੇ...

ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....

----

ਤਲ਼ੀਆਂ ਦੇ ਪਾਣੀਆਂ ਤੋਂ ਫੁੱਲ ਸੁੱਕ ਗਏ,

ਅਣਪਾਏ ਪੈਣ ਛਾਤੀ ਵਿਚ ਮੁੱਕ ਗਏ।

ਠੰਢੀ ਚੁੱਪ ਨੂੰ ਪੌਣਾਂ ਦੇ ਸੰਗ ਪੁੱਗ ਲੈਣ ਦੇ...

ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....

******

ਦਰਵੇਸ਼ ਜੀ ਦਾ ਇਹ ਗੀਤ ਕਾਪੀਰਾਈਟਡ ਹੈ।

Thursday, June 18, 2009

ਰਾਜਿੰਦਰ ਜਿੰਦ - ਗ਼ਜ਼ਲ

ਗ਼ਜ਼ਲ

ਕਿਥੇ ਲੈ ਜਾਵਾਂ ਇਸ ਦਿਲ ਨੂੰ, ਦੂਰ ਦੂਰ ਤੱਕ ਨ੍ਹੇਰੇ ਨੇ।

ਮਜਬੂਰੀ ਨੇ ਖਾ ਲਿਆ ਸੂਰਜ, ਜਿਸਦੇ ਹੱਥ ਸਵੇਰੇ ਨੇ।

----

ਐਸੀ ਸ਼ਾਮ ਪਈ ਹੈ ਸਿਰ ਤੇ ਰਾਤ ਗ਼ਮਾਂ ਦੀ ਮੁਕਦੀ ਨਹੀਂ,

ਕਿਸ ਦਾ ਫੜ ਕੇ ਹੱਥ ਤੁਰਾਂ ਹੁਣ, ਉਂਝ ਤਾਂ ਯਾਰ ਬਥੇਰੇ ਨੇ।

----

ਗ਼ਮ ਦੀ ਕਾਲ਼ੀ ਕਾਲਖ ਨੂੰ ਮੈਂ ਲੱਖ ਹੰਝੂਆਂ ਨਾਲ਼ ਧੋਤਾ ਸੀ,

ਦਿਲ ਤੋਂ ਦਾਗ਼ ਨਾ ਫਿਰ ਵੀ ਜਾਂਦੇ ਐਸੇ ਗਏ ਉਕੇਰੇ ਨੇ।

----

ਹੁਣ ਤਾਂ ਸਿਰ ਢਕਣ ਲਈ ਕੋਈ ਐਸੀ ਛੱਤ ਵੀ ਦਿਸਦੀ ਨਹੀਂ,

ਜਿਧਰ ਦੇਖਾਂ ਹਰ ਘਰ ਦੇ ਹੀ ਢੱਠੇ ਪਏ ਬਨੇਰੇ ਨੇ।

----

ਮਜਬੂਰੀ, ਮੱਕਾਰੀ, ਧੋਖਾ ਦਿਲ ਨੂੰ ਲੁੱਟ ਚੁਫ਼ੇਰੇ ਹੈ,

ਕਿਥੇ ਜਾਣ ਵਿਚਾਰੇ ਜਿਹਨਾਂ ਦਿਲ ਨਾਲ਼ ਲੈ ਲਏ ਫੇਰੇ ਨੇ।

----

ਕਾਵਾਂ ਦੇ ਇਸ ਦੇਸ਼ ਚ ਘੁੱਗੀਆਂ ਮਰ ਮਰ ਕੇ ਹੀ ਜੀਣਾ ਏਂ,

ਪੱਥਰ ਫਿਰ ਵੀ ਮੋਮ ਪਏ ਨੇ ਬੁਕ ਬੁਕ ਹੰਝੂ ਕੇਰੇ ਨੇ।


Wednesday, June 17, 2009

ਸ਼ੇਰ ਸਿੰਘ ਕੰਵਲ - ਗ਼ਜ਼ਲ

ਗ਼ਜ਼ਲ

ਲਹਿਰਾਂ ਨੇ ਜਦ ਰੋਲ਼ਿਆ ਚੰਨ ਦਾ ਪਰਛਾਵਾਂ।

ਖੁਰਿਆ ਸਾਰੀ ਝੀਲ ਵਿਚ ਉਸ ਦਾ ਸਿਰਨਾਵਾਂ।

----

ਰੁੱਖ ਉਦਾਸੇ ਮੌਲ ਪਏ ਨਸ਼ਿਆਏ ਝੂੰਮੇ,

ਵਰ੍ਹੀਆਂ ਜਦ ਸਿਰ ਜੋੜ ਕੇ ਘਨਘੋਰ ਘਟਾਵਾਂ।

----

ਹੁੰਦੇ ਪੱਟੇ ਹਵਾ ਦੇ ਰੁੱਖ ਜੜ੍ਹਾਂ ਲਗਾਉਂਦੇ,

ਸਾਨੂੰ ਤਾਂ ਪਰ ਪੱਟਿਆ ਹੈ ਸ਼ੋਖ਼ ਅਦਾਵਾਂ।

----

ਇਕ ਇਕ ਕਰਕੇ ਹੰਸ ਦਿਨਾਂ ਦੇ ਉੱਡਦੇ ਜਾਂਦੇ,

ਰੁਕਦੀ ਨਾ ਇਹ ਡਾਰ ਹਾਏ! ਲੱਖ ਬਣਤ ਬਣਾਵਾਂ।

----

ਅਕਸ ਆਪਣੇ ਨਾਲ਼ ਲੜੇ ਮੱਥਾ ਭੰਨਵਾਵੇ,

ਦੱਸੋ ਮੈਂ ਉਸ ਚਿੜੀ ਨੂੰ ਕੀਕਰ ਸਮਝਾਵਾਂ।

----

ਅਪਣੇ ਅਪਣੇ ਆਖ ਘਰਾਂ ਵਿਚ ਵਸੀਏ-ਰਸੀਏ,

ਹੋਰਾਂ ਦੇ ਹਿੱਸੇ ਆਉਂਣੀਆਂ ਕਲ੍ਹ ਇਹ ਹੀ ਥਾਵਾਂ।

----

ਆਇਆ ਹੈਂ, ਨਾ ਆ ਰਿਹੈਂ, ਨਾ ਹੀ ਤੈਂ ਆਉਣੈਂ,

ਐਵੈਂ ਝੱਲਿਆਂ ਵਾਂਗ ਨਿਮਾਣੇ ਤੱਕੀਏ ਰਾਹਵਾਂ।

----

ਛੰਡੇ ਉਸਨੇ ਜਦੋਂ ਨਹਾ ਕੇ ਕੇਸ ਸੁਨਹਿਰੀ,

ਟੁੱਟੀਆਂ ਇਕੋ ਵਾਰ ਅਸਾਂ ਤੇ ਲੱਖ ਬਲਾਵਾਂ।

----

ਅਮਰ ਵੇਲ ਦੇ ਵਾਂਗ ਪਹਿਲੋਂ ਰੁੱਖ ਦੀ ਰੱਤ ਪੀਤੀ,

ਇਸ ਤੋਂ ਹੀ ਫਿਰ ਭਾਲ਼ਦੇ ਹੋ ਠੰਢੀਆਂ ਛਾਵਾਂ?


ਰੂਪ ਨਿਮਾਣਾ - ਗ਼ਜ਼ਲ

ਗ਼ਜ਼ਲ
(ਬਹਿਰ-- ਰਜਜ਼ ਮੁਸੱਮਨ ਸਾਲਿਮ )

ਰਬ ਤੋਂ ਸਹਾਰਾ ਕੀ ਲਵਾਂ , ਮੇਰਾ ਸਹਾਰਾ ਤੂੰ ਹੀ ਹੈਂ !
ਤੈਥੋਂ ਕਿਨਾਰਾ ਕੀ ਕਰਾਂ , ਮੇਰਾ ਕਿਨਾਰਾ ਤੂੰ ਹੀ ਹੈਂ !
----
ਨਾ ਸੋਚਿਆ ਸੀ ਮੈਂ ਕਦੇ , ਦਿਲਬਰ ਮਿਲੂ ਤੇਰੇ ਜਿਹਾ ,
ਦਿਲਬਰ ਮੇਰੇ ,ਹਮਦਮ ਮੇਰੇ, ਜੱਗ ਤੋਂ ਨਿਆਰਾ ਤੂੰ ਹੀ ਹੈਂ !
----
ਪਰਬਤ ਵੀ ਨੇ, ਨਦੀਆਂ ਵੀ ਨੇ, ਝਰਨੇ ਵੀ ਨੇ, ਤੇ ਫੁੱਲ ਖਿੜੇ ,
ਬੇਸ਼ਕ ਪਿਆਰੇ ਨੇ ਮਗਰ , ਸਭ ਤੋਂ ਪਿਆਰਾ ਤੂੰ ਹੀ ਹੈਂ !
----
ਮੈਂ ਧੂੜ ਸੀ, ਮੈਂ ਕੂੜ ਸੀ, ਹਰ ਥਾਂ ਤੇ ਨਾ -ਮਨਜ਼ੂਰ ਸੀ ,
ਜਿਸ ਲੇਖ ਮੇਰੇ ਬਦਲ 'ਤੇ, ਕਿਸਮਤ ਸਿਤਾਰਾ ਤੂੰ ਹੀ ਹੈਂ !
----
ਮੇਰਾ ਸਹਾਰਾ ਯਾਰ ਤੂੰ , ਚਾਨਣ - ਮੁਨਾਰਾ ਯਾਰ ਤੂੰ ,
ਨਾ ਕਰ ਕਿਨਾਰਾ ਯਾਰ ਤੂੰ , ਅੱਖਾਂ ਦਾ ਤਾਰਾ ਤੂੰ ਹੀ ਹੈਂ !
----
ਤੇਰਾ ਸਹਾਰਾ ਬਣ ਸਕੇ , ਇਹ "ਰੂਪ" ਦੀ ਔਕਾਤ ਨਈਂ ,
ਪਰ ਤੂੰ ਕਿਨਾਰਾ "ਰੂਪ" ਦਾ, ਉਸਦਾ ਸਹਾਰਾ ਤੂੰ ਹੀ ਹੈਂ !