ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, June 30, 2010

ਗਿਆਨ ਸਿੰਘ ਕੋਟਲੀ - ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 'ਤੇ ਵਿਸ਼ੇਸ਼ - ਨਜ਼ਮ

ਦੋਸਤੋ! ਕੱਲ੍ਹ ਨੌਰਥ ਡੈਲਟਾ ਦੀ ਜਾਰਜ ਮੈਕੀ ਲਾਇਬ੍ਰੇਰੀ ਵਿਚ ਡੇਢ ਘੰਟੇ ਲਈ ਗਿੱਲ ਮੋਰਾਂਵਾਲ਼ੀ ਸਾਹਿਬ ਅਤੇ ਗਿਆਨ ਸਿੰਘ ਕੋਟਲੀ ਸਾਹਿਬ ਨੇ ਆਪਣੀਆਂ ਕਾਵਿ-ਰਚਨਾਵਾਂ ਨਾਲ਼ ਰੰਗ ਬੰਨ੍ਹਿਆ। ਸਾਡੇ ਵੀਰ ਜੀ ਸਰਵਣ ਸਿੰਘ ਰੰਧਾਵਾ ਅਤੇ ਭੈਣ ਜੀ ਸਰਬਜੀਤ ਕੌਰ ਰੰਧਾਵਾ ਇਹਨਾਂ ਸਾਹਿਤਕ ਸ਼ਾਮਾਂ ਨੂੰ ਲਾਇਬ੍ਰੇਰੀ ਵਿਚ ਆਯੋਜਿਤ ਕਰਨ ਲਈ ਵਧਾਈ ਦੇ ਹੱਕਦਾਰ ਹਨ।

-----

ਕੋਟਲੀ ਸਾਹਿਬ ਨੇ ਆਪਣੀਆਂ ਹੋਰ ਰਚਨਾਵਾਂ ਨਾਲ਼ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖੀ ਇਕ ਨਜ਼ਮ ਪੜ੍ਹੀ, ਜਿਹੜੀ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਤੇ ਮੈਂ ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਇਹ ਕਵਿਤਾ ਆਰਸੀ ਪਰਿਵਾਰ ਨਾਲ਼ ਜ਼ਰੂਰ ਸਾਂਝੀ ਕਰਨ ਕਿਉਂਕਿ ਇਤਿਹਾਸ ਹਮੇਸ਼ਾ ਹੀ ਮੇਰਾ ਮਨ-ਭਾਉਂਦਾ ਵਿਸ਼ਾ ਰਿਹਾ ਹੈ ਤੇ ਕੋਸ਼ਿਸ਼ ਰਹਿੰਦੀ ਹੈ ਕਿ ਕੋਈ ਇਤਿਹਾਸਕ ਪ੍ਰਸੰਗ ਵਾਲ਼ੀ ਲਿਖਤ ਵੀ ਜ਼ਰੂਰ ਸਾਂਝੀ ਕੀਤੀ ਜਾਵੇ। ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਦਿਆਂ ਅੱਜ ਇਹ ਨਜ਼ਮ ਆਰਸੀ ਲਈ ਘੱਲੀ ਹੈ, ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਏਨੀ ਖ਼ੂਬਸੂਰਤ ਕਵਿਤਾ ਲਿਖਣ ਤੇ ਆਰਸੀ ਪਰਿਵਾਰ ਵੱਲੋਂ ਕੋਟਲੀ ਸਾਹਿਬ ਨੂੰ ਦਿਲੀ ਮੁਬਾਰਕਬਾਦ। ਇਹ ਨਜ਼ਮ ਉਹਨਾਂ ਦੀ ਕਾਵਿ-ਪੁਸਤਕ- ਨਾਨਕ ਦੁਨੀਆਂ ਕੈਸੀ ਹੋਈਵਿਚ ਸ਼ਾਮਿਲ ਹੈ।

-----

ਅਸੀਂ ਸਭ ਜਾਣਦੇ ਹੀ ਹਾਂ ਕਿ ਅੰਗਰੇਜ਼ਾਂ ਨੇ ਸਾਰੇ ਹਿੰਦੋਸਤਾਨ ਤੇ ਤਕਰੀਬਨ ਸਤਲੁਜ ਦਰਿਆ (ਲੁਧਿਆਣਾ) ਤੱਕ ਕਬਜ਼ਾ ਕਰ ਲਿਆ ਸੀਹੁਣ ਉਹਨਾਂ ਦੀ ਨਜ਼ਰ ਪੰਜਾਬ ਤੇ ਕਬਜ਼ਾ ਕਰਨ ਦੀ ਸੀ ਜਿਥੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀਸ਼ੇਰੇ-ਪੰਜਾਬ ਦੀ ਲਲਕਾਰ ਸੀ ਕਿ ਮੈਂ ਫਰੰਗੀ ਨੂੰ ਆਪਣੇ ਜੀਂਦੇ ਜੀਅ ਸਤਲੁਜ ਵੱਲ ਨਹੀਂ ਆਉਣ ਦੇਣਾਏਵੇਂ ਹੀ ਹੋਇਆਪਰ ਸ਼ੇਰੇ-ਪੰਜਾਬ ਦੀ 1839ਵਿਚ ਮੌਤ ਤੋਂ ਬਾਅਦ 1849 ਵਿਚ ਅੰਗਰੇਜ਼ਾਂ ਨੇ ਪੰਜਾਬ ਤੇ ਵੀ ਕਬਜ਼ਾ ਕਰ ਲਿਆ। ਪੇਸ਼ ਹੈ ਕੋਟਲੀ ਸਾਹਿਬ ਦੀਸਤਲੁਜ ਵੱਲ ਤੂੰ ਆ ਨਹੀਂ ਸਕਦਾ ਕਵਿਤਾ ਵਿਚ ਸ਼ੇਰੇ-ਪੰਜਾਬ ਦੀ ਅੰਗਰੇਜ਼ ਨੂੰ ਲਲਕਾਰ:-

ਅਦਬ ਸਹਿਤ

ਤਨਦੀਪ ਤਮੰਨਾ

*****

ਮਹਾਰਾਜਾ ਰਣਜੀਤ ਸਿੰਘ ਦੀ ਫਰੰਗੀ ਨੂੰ ਲਲਕਾਰ

(ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 'ਤੇ ਵਿਸ਼ੇਸ਼)

ਨਜ਼ਮ

ਕਹਿਰੀ ਨਜ਼ਰਾਂ ਰੱਖਣ ਵਾਲੇ, ਮੇਰੇ ਦਿਲ ਪੰਜਾਬ ਦੇ ਉਤੇ

ਖ਼ੂਨ ਜਿਗਰ ਦਾ ਪਾ ਕੇ ਸਿੰਜੇ, ਮੇਰੇ ਫੁੱਲ ਗੁਲਾਬ ਦੇ ਉਤੇ

ਖ਼ੂਨ ਸ਼ਹੀਦਾਂ ਨਾਲ ਉਲੀਕੇ, ਤਾਰੀਖ ਮੇਰੀ ਦੇ ਬਾਬ ਦੇ ਉਤੇ

ਸਦੀਆਂ ਪਿਛੋਂ ਪੂਰੇ ਹੋਏ , ਕੌਮ ਮੇਰੀ ਦੇ ਖ਼ਾਬ ਦੇ ਉਤੇ

ਸੂਰਮਿਆਂ ਦੀ ਧਰਤੀ ਉਤੇ, ਪੈਰ ਕਦੇ ਤੂੰ ਪਾ ਨਹੀਂ ਸਕਦਾ

ਸ਼ੇਰ ਬੱਬਰ ਦੇ ਜੀਂਦੇ ਜੀ ਤਾਂ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

-----

ਫੂਕੇ ਨੇ ਮੈਂ ਕੌਮੀ ਜ਼ਜਬੇ , ਆਪਣੇ ਸਿਪਾਹਸਾਲਾਰਾਂ ਅੰਦਰ

ਫੂਕੀ ਏ ਮੈਂ ਅਣਖ ਚੰਗਿਆੜੀ, ਆਪਣੇ ਸ਼ਾਹਸਵਾਰਾਂ ਅੰਦਰ

ਫੂਕੀ ਏ ਕੋਈ ਸ਼ਾਨ ਸ਼ਹੀਦੀ, ਕੌਮੀ ਅਣਖੀ ਵਾਰਾਂ ਅੰਦਰ

ਫੂਕੀ ਏ ਮੈਂ ਕਹਿਣੀ ਕਰਨੀ, ਸਭਨਾਂ ਸਿੰਘ ਸਰਦਾਰਾਂ ਅੰਦਰ

ਦੇਸ਼ ਕੌਮ ਦੇ ਥੰਮ੍ਹਾਂ ਨੂੰ ਹੁਣ , ਝੱਖੜ ਕੋਈ ਹਿਲਾ ਨਹੀਂ ਸਕਦਾ

ਮੇਰੇ ਅਣਖੀ ਸ਼ੇਰਾਂ ਹੁੰਦਿਆਂ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

-----

ਅਰਸ਼ ਫਰਸ਼ ਨੇ ਜਾਂਦੇ ਸਦਕੇ, ਦੇਸ਼ ਮੇਰੇ ਦੀਆਂ ਸ਼ਾਨਾਂ ਉਤੇ

ਆਪਾਵਾਰੀ ਝੂਮਦੀ ਦਿਸਦੀ, ਇਹਦੀਆਂ ਆਨਾਂ ਬਾਨਾਂ ਉਤੇ

ਝੂਮਦੀ ਏ ਬੇਖ਼ੌਫ਼ ਜੁਆਨੀ, ਇਸ ਦੇ ਵੀਰ ਜੁਆਨਾਂ ਉੱਤੇ

ਹੱਸ ਕੇ ਖੇਡਣ ਇਸਦੇ ਸੂਰੇ, ਆਪਣੇ ਸਿਦਕ ਈਮਾਨਾਂ ਉੱਤੇ

ਇਹਦੀ ਸ਼ਾਨ ਦਾ ਅਰਸ਼ੀਂ ਝੁੱਲਦਾ, ਝੰਡਾ ਕੋਈ ਨਿਵਾ ਨਹੀਂ ਸਕਦਾ

ਜਦ ਤਕ ਮੇਰੀ ਜਾਨ ਏ ਬਾਕੀ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

-----

ਦੇਸ਼ ਮੇਰੇ ਦੀ ਸ਼ਾਨ ਦੇ ਕਿੱਸੇ, ਨਲੂਏ ਜਹੇ ਬਲਵਾਨ ਦੇ ਦੱਸਦੇ

ਕਾਬਲ ਤੇ ਕੰਧਾਰ ਦੇ ਉੱਤੇ , ਝੁੱਲਦੇ ਹੋਏ ਨਿਸ਼ਾਨ ਨੇ ਦੱਸਦੇ

ਕੌਮੀ ਜੋਸ਼ ਦੀ ਚੜਤਲ ਅੱਗੇ, ਅਟਕੇ ਅਟਕ ਤੂਫ਼ਾਨ ਨੇ ਦੱਸਦੇ

ਨਾਲ ਖ਼ੂਨ ਦੇ ਰੰਗੇ ਥਾਂ ਥਾਂ , ਯੁੱਧਾਂ ਦੇ ਮੈਦਾਨ ਨੇ ਦੱਸਦੇ

ਮੇਰੇ ਦਿਲ ਦੀ ਸੁੰਦਰ ਨਗਰੀ, ਜਾਬਰ ਹੁਣ ਕੋਈ ਢਾ ਨਹੀਂ ਸਕਦਾ

ਜਦ ਤਕ ਸੂਰੇ ਸ਼ੇਰ ਨੇ ਬਾਕੀ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

-----

ਮੇਰੇ ਪਾਸ ਨੇ ਨਲੂਏਸੂਰੇ, ਮੌਤ ਨੂੰ ਠੱਠੇ ਕਰਨੇ ਵਾਲੇ

ਰੱਖ ਕੇ ਆਣ ਚੰਗਾੜੀ ਸੀਨੇ, ਸੀਸ ਤਲੀ ਤੇ ਧਰਨੇ ਵਾਲੇ

ਝੱਖੜਾਂ ਦੇ ਗਲ਼ ਪਾ ਕੇ ਬਾਹਵਾਂ, ਮੌਤ ਝਨਾਵਾਂ ਤਰਨੇ ਵਾਲੇ

ਦੇਸ਼ ਕੌਮ ਦੀ ਸ਼ਮ੍ਹਾਂ ਦੇ ਉੱਤੋਂ, ਵਾਂਗ ਪਤੰਗੇ ਮਰਨੇ ਵਾਲੇ

ਉਠਿਆ ਜੋਸ਼ ਤੂਫ਼ਾਨ ਇਨ੍ਹਾਂ ਦਾ, ਪਰਬਤ ਵੀ ਅਟਕਾ ਨਹੀਂ ਸਕਦਾ

ਸੀਨਾ ਭੀ ਤਾਂ ਚੀਰ ਇਹਨਾਂ ਦਾ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

-----

ਮਾਣ ਦੇ ਅਰਸ਼ਾਂ ਤੋਂ ਇਹ ਦੂਲੇ, ਫ਼ਰਸ਼ਾਂ ਉੱਤੇ ਲਹਿ ਨਹੀਂ ਸਕਦੇ

ਆਪਣੀ ਪਾਵਨ ਧਰਤੀ ਉਤੇ, ਪੈਰ ਕਿਸੇ ਦੇ ਸਹਿ ਨਹੀਂ ਸਕਦੇ

ਤੱਕ ਕੇ ਸੱਟ ਅਣਖ ਨੂੰ ਵੱਜਦੀ, ਬੁਜ਼ਦਿਲ ਬਣ ਕੇ ਬਹਿ ਨਹੀਂ ਸਕਦੇ

ਗ਼ੈਰਾਂ ਅੱਗੇ ਸ਼ੇਰ ਬੱਬਰ ਇਹ, ਬਿੱਲੀਆਂ ਬਣ ਕੇ ਬਹਿ ਨਹੀਂ ਸਕਦੇ

ਗਿੱਠ ਗਿੱਠ ਮੇਰੀਆਂ ਮੁੱਛਾਂ ਤਾਈਂ, ਨਾਢੂ ਕੋਈ ਨਿਵਾ ਨਹੀਂ ਸਕਦਾ

ਜਦ ਤਕ ਮੇਰੀ ਜਾਨ ਏ ਬਾਕੀ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

Tuesday, June 29, 2010

ਦਾਦਰ ਪੰਡੋਰਵੀ - ਗ਼ਜ਼ਲ

ਗ਼ਜ਼ਲ

ਸ਼ਿਕਨ ਮੱਥੇ ਤੇ ਰੱਤੀ ਭਰ ਵੀ ਦਿਲ ਵਿਚ ਡਰ ਨਹੀਂ ਲੱਭੇ

ਮੇਰੇ ਤੇ ਵਾਰ ਕਰਨੇ ਦੇ ਉਨੂੰ ਅਵਸਰ ਨਹੀਂ ਲੱਭੇ।

------

ਗੁਆਚੇ ਪੰਛੀਆਂ ਦਾ ਆਲ੍ਹਣੇ ਨੂੰ ਹੇਰਵਾ ਜਾਇਜ਼,

ਘਰਾਂ ਦੀ ਕੀ ਕਰੇ ਹੋਣੀ, ਜਿਦ੍ਹੇ ਟੱਬਰ ਨਹੀਂ ਲੱਭੇ।

-----

ਤੁਹਾਡੀ ਪਿਆਸ ਦੀ ਸ਼ਿੱਦਤ ਚ ਹੋਵੇਗੀ ਕਮੀ ਸ਼ਾਇਦ,

ਥਲਾਂ ਵਿਚ ਸੜਦਿਆਂ ਨੂੰ ਜੇ ਅਜੇ ਸਾਗਰ ਨਹੀਂ ਲੱਭੇ।

-----

ਸਫ਼ਰ ਵਿਚ ਕਾਫ਼ਿਲੇ ਦੇ ਨਾਲ ਇਹ ਵੀ ਤਾਂ ਤੁਰੀ ਗਈਆਂ,

ਮਗਰ ਧੁੱਪਾਂ ਤੇ ਛਾਵਾਂ ਨੂੰ ਕਦੇ ਬਿਸਤਰ ਨਹੀਂ ਲੱਭੇ।

-----

ਤੇਰੇ ਪੁੱਛੇ ਸਵਾਲਾਂ ਦਾ ਦਿਆਂ ਉੱਤਰ ਕੀ ਹੁਣ ਤਕ ਤਾਂ,

ਜੋ ਪੁੱਛੇ ਜ਼ਿੰਦਗੀ ਨੇ ਸਨ, ਉਹੀ ਉੱਤਰ ਨਹੀਂ ਲੱਭੇ।

-----

ਉਹ ਅੰਬਰ ਹੈ, ਮੈਂ ਧਰਤੀ ਹਾਂ, ਹੈ ਸਾਡੀ ਨੇੜਤਾ ਫਿਰ ਵੀ,

ਕਿਸੇ ਨੂੰ ਵੀ ਇਹ ਦੂਰੀ ਮਿਣਨ ਦੇ ਮੀਟਰ ਨਹੀਂ ਲੱਭੇ।

-----

ਤੇਰੀ ਤਫ਼ਤੀਸ਼ ਕੀਤੀ ਉੱਤੇ ਉੱਠਣ ਉਂਗਲਾਂ, ਤੈਨੂੰ

ਮਿਲੇ ਸ਼ੀਸ਼ੇ ਦੇ ਹੀ ਟੁਕੜੇ, ਕਿਉਂ ਪੱਥਰ ਨਹੀਂ ਲੱਭੇ।

-----

ਤੇਰਾ ਤਾਂ ਘਰ ਸੀ ਪੱਥਰ ਦਾ, ਸਮੁੰਦਰ ਲੈ ਗਿਆ ਕਿੱਧਰ?

ਕੀ ਹੋਇਆ ਜੇ ਅਸਾਡੇ ਰੇਤਿਆਂ ਦੇ ਘਰ ਨਹੀਂ ਲੱਭੇ।

-----

ਭਿਅੰਕਰ ਤੋਂ ਭਿਅੰਕਰ ਹਾਦਸਾ ਵੀ ਇਸ ਤੋਂ ਬੌਣਾ ਹੈ,

ਮਿਲ਼ੇ ਸਭ ਰਹਿਮ ਦੇ, ਵਿਸ਼ਵਾਸ ਦੇ ਪਾਤਰ ਨਹੀਂ ਲੱਭੇ।

Monday, June 28, 2010

ਸ਼ਹਰਯਾਰ - ਉਰਦੂ ਰੰਗ

ਗ਼ਜ਼ਲ

ਸਿਆਹ ਰਾਤ ਨਹੀਂ ਲੇਤੀ ਨਾਮ ਢਲਨੇ ਕਾ।

ਯਹੀ ਤੋ ਵਕ਼ਤ ਹੈ ਸੂਰਜ ਤੇਰੇ ਨਿਕਲਨੇ ਕਾ।

-----

ਯਹਾਂ ਸੇ ਗੁਜ਼ਰੇ ਹੈਂ, ਗੁਜ਼ਰੇਂਗੇ ਹਮ ਸੇ ਅਹਿਲੇ ਵਫ਼ਾ,

ਯੇ ਰਾਸਤਾ ਨਹੀਂ ਪਰਛਾਈਓਂ ਕੇ ਚਲਨੇ ਕਾ।

-----

ਕਹੀਂ ਨ ਸਬਕੋ ਸਮੰਦਰ ਬਹਾ ਕੇ ਲੇ ਜਾਏ,

ਯੇ ਖੇਲ ਖ਼ਤਮ ਕਰੋ ਕਸ਼ਤੀਆਂ ਬਦਲਨੇ ਕਾ।

-----

ਬਿਗੜ ਗਯਾ ਜੋ ਯੇ ਨਕ਼ਸ਼ਾ ਹਵਸ ਕੇ ਹਾਥੋਂ ਸੇ,

ਤੋ ਫਿਰ ਕਿਸੀ ਕੇ ਸੰਭਾਲੇ ਨਹੀਂ ਸੰਭਲਨੇ ਕਾ।

-----

ਜ਼ਮੀਂ ਨੇ ਕਰ ਲੀਆ ਕਯਾ ਤੀਰਗੀ 1 ਸੇ ਸਮਝੌਤਾ,

ਖ਼ਯਾਲ ਛੋੜ ਚੁਕੇ ਕਯਾ ਚਿਰਾਗ਼ ਜਲਨੇ ਕਾ।

*****

ਔਖੇ ਸ਼ਬਦਾਂ ਦੇ ਅਰਥ: ਤੀਰਗੀ - ਹਨੇਰਾ

Sunday, June 27, 2010

ਰਵਿੰਦਰ ਰਵੀ - ਨਜ਼ਮ

ਦੋਸਤੋ! ਟੈਰੇਸ, ਬੀ.ਸੀ. ਵਸਦੇ ਸੁਪ੍ਰਸਿੱਧ ਲੇਖਕ ਰਵਿੰਦਰ ਰਵੀ ਸਾਹਿਬ ਨੇ ਸਿਹਤਯਾਬ ਹੁੰਦਿਆਂ ਹੀ ਅੱਸੀਵਿਆਂ ਦੇ ਦੌਰ ਦੀਆਂ ਲਿਖੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਘੱਲੀਆਂ ਹਨ। ਅੱਜ ਦੀ ਪੋਸਟ 'ਚ ਰਵੀ ਸਾਹਿਬ ਦੀ ਕਲਮ ਨੂੰ ਇਕ ਵਾਰ ਫੇਰ ਸਲਾਮ ਕਰਦੀ ਹੋਈ ਇਹਨਾਂ ਨਜ਼ਮਾਂ ਨੂੰ ਸ਼ਾਮਿਲ ਕਰਨ ਜਾ ਰਹੀ ਹਾਂ। ਬਾਕੀ ਨਜ਼ਮਾਂ ਆਉਣ ਵਾਲ਼ੇ ਦਿਨਾਂ ਚ ਸਾਂਝੀਆਂ ਕਰਦੇ ਰਹਾਂਗੇ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*******

ਬੁੱਢਾ ਮਾਹੀਗੀਰ

ਨਜ਼ਮ

1.ਬੁੱਢਾ ਮਾਹੀਗੀਰ,

ਕੂਲ਼ੀਆਂ ਕੂਲ਼ੀਆਂ ਮੱਛੀਆਂ ਪਲ਼ੋਸਦਾ,

ਉਨ੍ਹਾਂ ਦੀਆਂ ਅੱਖੀਆਂ ਚ ਝਾਕਦਾ,

ਸਮੁੰਦਰਾਂ ਦੀ ਥਾਹ ਪਾ ਰਿਹਾ!

ਆਕਾਸ਼ ਤੋਂ ਪਾਤਾਲ ਤਕ,

ਜ਼ਿੰਦਗੀ ਦਾ ਗੀਤ ਗਾ ਰਿਹਾ!

=====

2.ਨਵੇਂ ਤੇ ਜਵਾਨ ਮਛੇਰੇ,

ਬਾਰ ਬਾਰ ਦੱਸਦੇ ਹਨ:

ਇਹ ਬੁੱਢਾ ਮਾਹੀਗੀਰ,

ਜਾਲ ਤੇ ਜਹਾਜ਼

ਮੁੱਢ ਕਦੀਮ ਤੋਂ ਹੀ ਏਥੇ ਹਨ!

ਨਾ ਮੱਛੀਆਂ ਮੁੱਕੀਆਂ,

ਨਾ ਪਕੜ!

ਬੁੱਢਾ ਮਾਹੀਗੀਰ,

ਜਵਾਨੀਆਂ ਨੂੰ ਜ਼ਿੰਦਗੀ ਦੀ ਜਾਗ ਲਾ ਰਿਹਾ!

=====

3.ਬੁੱਢਾ ਮਾਹੀਗੀਰ,

ਸਮੁੰਦਰ ਚ ਵੇਖਦਾ

ਤਾਰੇ ਗਿਣਦਾ,

ਗਿਣਦਾ ਰਿਹਾ ਹੈ!

ਸੂਰਜ ਵਿਖਾਵੇ,

ਕਦੇ ਚੰਦ ਨੂੰ ਛੁਪਾਵੇ!

ਕਦੇ ਆਪ ਭੁੱਲ ਜਾਵੇ,

ਕਦੇ ਸਭ ਨੂੰ ਭੁਲਾਵੇ!

ਬੁੱਢਾ ਮਾਹੀਗੀਰ,

ਲਹਿਰਾਂ ਨੂੰ ਉਛਾਲਦਾ,

ਨਿਖੇੜਦਾ ਤੇ ਜੋੜਦਾ,

ਖੜ੍ਹਨੇ ਤੋਂ ਹੋੜਦਾ

ਆਪੋਂ ਪਰ੍ਹੇ, ਆਪ ਤਕ,

ਸਫ਼ਰਾਂ ਦੇ ਰਾਹ ਪਾ ਰਿਹਾ!

ਬੁੱਢਾ ਮਾਹੀਗੀਰ,

ਜ਼ਿੰਦਗੀ ਦਾ ਗੀਤ ਗਾ ਰਿਹਾ!

=====

ਝੀਲ ਤੇ ਦਰਿਆ

ਨਜ਼ਮ

ਝੀਲ ਦੇ ਪਾਣੀ ,

ਦਰਿਆ ਵਹਿ ਰਿਹਾ ਹੈ!

.............

ਪਰਬਤ ਆਪਣੀ ਚੁੱਪ ਦਾ ਭੇਦ,

ਵਣ ਚੋਂ ਤੇਜ਼ ਗਤੀ ਤੇ ਲੰਘਦੀ,

ਪਵਨ ਨੂੰ ਕਹਿ ਰਿਹਾ ਹੈ!

.............

ਬਰਫ਼ ਦੇ ਘਰਾਂ ਚ ਨਿੱਘ ਜਾਗਦਾ ਹੈ,

ਅਸਕੀਮੋਆਂ 1 ਦਾ ਜਗਰਾਤਾ ਚੁਗਣ ਲਈ!

............

ਇਹ ਹੀ ਬਰਫ਼,

ਬਾਹਰ,

ਬਰਫ਼ ਦੇ ਘਰਾਂ ਤੋਂ ਬਾਹਰ,

ਧਰਤ ਜਮਾ ਦਿੰਦੀ ਹੈ;

ਅਣ-ਸੁਰੱਖਿਅਤ ਅੰਗਾਂ ਨੂੰ,

ਸੁੱਕੇ ਪੱਤਰਾਂ ਵਾਂਗ ਝੜਨ ਦਾ,

ਰੋਗ ਲਗਾ ਦਿੰਦੀ ਹੈ!

...............

ਉੱਤਰੀ ਤੇ ਦੱਖਣੀ ਧਰੁੱਵ ਦੇ

ਮੁੰਜਮਿਦ 2 ਸਾਗਰ ਹੀ

ਹਿੰਦ, ਸ਼ਾਂਤ ਤੇ ਅੰਧ ਮਹਾਂ ਸਾਗਰ ਦਾ ਵਿਸਥਾਰ ਹਨ!

.............

ਪਾਣੀ: ਭਾਫ਼ ਹੈ, ਬੱਦਲ, ਬਰਖਾ ਤੇ ਬਰਫ਼!

ਇਨਸਾਨ: ਗ਼ੁੱਸਾ ਹੈ, ਹਿੰਸਾ ਹੈ, ਅੱਥਰੂ ਤੇ ਮੌਨ!

.............

ਹਰ ਦਰਿਆ ਵਿਚ ਇਕ ਸ਼ਾਂਤ ਝੀਲ ਹੁੰਦੀ ਹੈ,

ਸਮਾਧੀ ਵਾਂਗ

ੜੋ

ਤੀ!

ਸੁਰਤੀ,

ਇਕ ਨੁਕਤੇ ਨੂੰ,

ਕਈ ਕੋਨਾਂ ਤੋਂ ਵੇਖਦੀ ਹੈ!

.................

ਝੀਲ ਦੇ ਪਾਣੀ

ਦਰਿਆ ਵਹਿ ਰਿਹਾ ਹੈ!

******

ਔਖੇ ਸ਼ਬਦਾਂ ਦੇ ਅਰਥ: *1. ਅਸਕੀਮੋ ਅਲਾਸਕਾ ਦੇ ਮੂਲ ਵਾਸੀ ਜੋ ਬਰਫ਼ ਦੇ ਘਰਾਂ ਚ ਨਿਵਾਸ ਕਰਦੇ ਹਨ, 2 ਮੁੰਜਮਿਦ ਜੰਮਿਆ ਹੋਇਆ, ਫਰੋਜ਼ਨ

Saturday, June 26, 2010

ਸ਼ੇਰ ਸਿੰਘ ਕੰਵਲ - ਗ਼ਜ਼ਲ

ਗ਼ਜ਼ਲ

ਚੁੱਪ ਚੁਪੀਤਾ ਬੱਦਲ਼ ਵਾਦੀ ਉਤੋਂ ਗੁਜ਼ਰ ਗਿਆ।

ਲੰਘਦੇ ਹੀ ਪਰ ਹੰਝੂ ਹੰਝੂ ਹੋ ਕੇ ਬਰਸ ਪਿਆ।

-----

ਉਸ ਰੁੱਖ ਕੋਲ਼ੇ ਪੰਛੀ ਦੱਸੀ ਦੁੱਖਾਂ ਦੀ ਵਿਥਿਆ,

ਜਿਸਦਾ ਆਪਣਾ ਝੱਖੜ ਦੇ ਵਿਚ ਪੱਤਾ ਨਾ ਬਚਿਆ।

-----

ਇਕ ਮਿਤਰ ਦੀਆਂ ਗੱਲਾਂ ਸਾਨੂੰ ਛਮਕਾਂ ਵਾਂਗੂੰ ਲੱਗੀਆਂ,

ਕਦੇ ਨਾ ਏਨਾ ਤਨ ਲੁੱਛਿਆ ਸੀ ਮਨ ਨਾ ਸੀ ਭਰਿਆ।

-----

ਤੂਫ਼ਾਨਾਂ ਨਾਲ਼ ਘੁਲ਼ ਰਾਤੀਂ ਉਹ ਬੇਫ਼ਿਕਰਾ ਹੋ ਸੁੱਤਾ,

ਲਹਿਰਾਂ ਆਖਣ ਧੰਨ ਨੀ ਅੜੀਓ ਬਾਬਲ ਦਾ ਜਿਗਰਾ।

-----

ਡੁੱਬਣ ਪਿਛੋਂ ਲਾਸ਼ ਤਾਂ ਲੋਕਾਂ ਦੇ ਹੱਥ ਆ ਗਈ ਯਾਰੋ,

ਉਸ ਦੀਆਂ ਅੱਖਾਂ ਵਿਚ ਡੁੱਬਾ ਪਰ ਸ਼ਾਇਰ ਨਾ ਮਿਲ਼ਿਆ।

-----

ਚੰਨ ਸਿਤਾਰੇ ਰੌਸ਼ਨੀਆਂ ਮੈਂ ਸਭ ਝੋਲ਼ੀ ਵਿਚ ਪਾਏ,

ਮਨ ਬਸ ਸਾਡਾ ਜ਼ਿਦੀਆ ਬੱਚਾ ਕਿਥੇ ਇਹ ਵਿਰਿਆ।

-----

ਬਾਣੀ ਵਰਗੇ ਸੁੱਚੇ ਸਾਨੂੰ ਮਿੱਤਰਾਂ ਦੇ ਸਿਰਨਾਵੇਂ,

ਵੱਖਰੀ ਗੱਲ ਹੈ ਕਦੇ ਕਿਸੇ ਨੂੰ ਖ਼ਤ ਨਾ ਹੁਣ ਲਿਖਿਆ।

ਇਕਵਿੰਦਰ - ਉਰਦੂ ਰੰਗ

ਗ਼ਜ਼ਲ

ਇਸ਼ਕ ਕੋ ਆਜ਼ਮਾਨਾ ਨਹੀਂ ਚਾਹੀਏ

ਹੁਸਨ ਕੋ ਯੇ ਭੁਲਾਨਾ ਨਹੀਂ ਚਾਹੀਏ

-----

ਹਮ ਕੋ ਬੂੜ੍ਹਾ ਜ਼ਮਾਨਾ ਨਹੀਂ ਚਾਹੀਏ

ਹਮ ਕੋ ਕਿੱਸਾ ਪੁਰਾਨਾ ਨਹੀਂ ਚਾਹੀਏ

-----

ਹਮ ਸੇ ਸਾਰਾ ਜ਼ਮਾਨਾ ਹੈ ਰੂਠਾ ਹੂਆ,

ਆਪ ਕੋ ਰੂਠ ਜਾਨਾ ਨਹੀਂ ਚਾਹੀਏ

-----

ਰਿਸ਼ਤੋਂ ਮੇਂ ਗਰਮ-ਜੋਸ਼ੀ ਸੀ ਰਹਤੀ ਨਹੀਂ,

ਰੋਜ਼-ਰੋਜ਼ ਆਨਾ-ਜਾਨਾ ਨਹੀਂ ਚਾਹੀਏ

-----

ਤੁਮ ਕੋ ਮਿਲਨੇ ਕੋ ਦਿਲ ਮੇਂ ਹੈ ਤੂਫ਼ਾਨ ਸਾ,

ਮੁਝ ਕੋ ਕੋਈ ਬਹਾਨਾ ਨਹੀਂ ਚਾਹੀਏ

-----

ਸਭ ਦੁਕਾਨੋਂ ਕੋ ਤਾਲੇ ਸੇ ਲਗ ਜਾਤੇ ਹੈਂ,

ਤੁਮ ਕੋ ਬਾਜ਼ਾਰ ਜਾਨਾ ਨਹੀਂ ਚਾਹੀਏ

-----

ਛੀਨ ਲੇ ਹਮ ਸੇ ਜੋ ਚੈਨ ਕੀ ਬੰਸੁਰੀ,

ਹਮ ਕੋ ਇਤਨਾ ਖ਼ਜ਼ਾਨਾ ਨਹੀਂ ਚਾਹੀਏ

-----

ਘਰ ਬਨਾਨਾ ਨਹੀਂ ਹਮ ਕੋ ਆਤਾ ਮਗਰ,

ਗ਼ੈਰ ਕਾ ਆਸ਼ਿਆਨਾ ਨਹੀਂ ਚਾਹੀਏ

-----

ਚੋਰੀ ਕੀ ਕਿਆ ਸਜ਼ਾ ਹੈ ਯੇ ਤੁਮ ਜਾਨ ਲੋ,

ਦਿਲ ਕਿਸੀ ਕਾ ਚੁਰਾਨਾ ਨਹੀਂ ਚਾਹੀਏ

-----

ਚਾਂਦ ਕੋ ਚਾਂਦਨੀ ਸੇ ਜੋ ਮਿਲਨੇ ਨਾ ਦੇ,

ਹਮ ਕੋ ਐਸਾ ਜ਼ਮਾਨਾ ਨਹੀਂ ਚਾਹੀਏ

-----

ਲੋਗ ਕਹਿਤੇ ਹੈਂ ਮੁਝ ਕੋ ਕਿ ਇਸ ਉਮਰ ਮੇਂ,

ਇਤਨਾ ਦਿਲ ਆਸ਼ਿਕਾਨਾ ਨਹੀਂ ਚਾਹੀਏ


Friday, June 25, 2010

ਸਰਦਾਰ ਪੰਛੀ - ਉਰਦੂ ਰੰਗ

ਗ਼ਜ਼ਲ

ਤਵੀਲ 1 ਖ਼ਤ ਵਹੀ ਫ਼ੁਰਸਤ ਕਹਾਂ ਤਲਾਸ਼ ਕਰੇਂ।

ਵੋ ਪਹਿਲੇ ਜੈਸੀ ਮੁਹੱਬਤ ਕਹਾਂ ਤਲਾਸ਼ ਕਰੇਂ।

-----

ਵੋ ਬੂੜ੍ਹੇ ਹਾਥ ਵੋ ਸ਼ਫ਼ਕਤ 2 ਕਹਾਂ ਤਲਾਸ਼ ਕਰੇਂ।

ਹਮ ਐਸੀ ਧੂਪ ਮੇਂ ਵੋ ਛਤ ਕਹਾਂ ਤਲਾਸ਼ ਕਰੇਂ।

-----

ਹਵਾਏਂ ਆਤੀ ਥੀਂ ਬੇ-ਰੋਕ ਜਿਸ ਸੇ ਆਂਗਨ ਮੇਂ,

ਬਿਨਾ ਮੁੰਡੇਰ ਕੀ ਵੋ ਛਤ ਕਹਾਂ ਤਲਾਸ਼ ਕਰੇਂ।

-----

ਯੇ ਖਿਲਤੇ ਹੋਂਠ, ਯੇ ਜ਼ੁਲਫ਼ੇਂ, ਯਿਹ ਜਿਸਮ-ਓ-ਜਾਂ ਕੀ ਮਹਿਕ,

ਸਿਵਾ ਤੁਮ੍ਹਾਰੇ ਯਿਹ ਜੱਨਤ ਕਹਾਂ ਤਲਾਸ਼ ਕਰੇਂ।

-----

ਹਿਨਾ ਮੇਂ, ਫੂਲ ਮੇਂ, ਮੋਤੀ ਮੇਂ, ਯਾ ਕਿ ਦੀਪਕ ਮੇਂ,

ਹਮ ਅਪਨੇ ਖ਼ੂਨ ਕੀ ਰੰਗਤ ਕਹਾਂ ਤਲਾਸ਼ ਕਰੇਂ।

-----

ਹੈਂ ਜ਼ੇਵਰੋਂ ਕੀ ਤਰਹ ਬੰਦ ਹਮ ਤਿਜੋਰੀ ਮੇਂ,

ਤੁਮ੍ਹਾਰੇ ਹੁਸਨ ਕੀ, ਕ਼ੁਰਬਤ 3 ਕਹਾਂ ਤਲਾਸ਼ ਕਰੇਂ।

-----

ਵੋ ਪੱਥਰੋਂ ਕੀ ਤਰਹ ਲਫ਼ਜ਼ ਕੋ ਚਬਾਤੇ ਹੈਂ,

ਜ਼ੁਬਾਂ ਮੇਂ ਸ਼ਹਿਦ ਕੀ ਲੱਜ਼ਤ ਕਹਾਂ ਤਲਾਸ਼ ਕਰੇਂ।

-----

ਸਿਆਹ ਤਿਲ ਭੀ ਤੇਰੇ ਗਾਲ ਕਾ ਮੁਕ਼ੱਦਰ ਹੈ,

ਜੋ ਪਾਈ ਇਸ ਨੇ ਵੋ ਕ਼ਿਸਮਤ ਕਹਾਂ ਤਲਾਸ਼ ਕਰੇਂ।

-----

ਹੈਂ ਮਾਂ ਕੇ ਦੂਧ ਮੇਂ, ਰੋਟੀ ਮੇਂ, ਯਾ ਕਿਤਾਬੋਂ ਮੇਂ,

ਲਹੂ ਮੇਂ ਜ਼ਹਿਰ ਕੀ ਸ਼ਿਰਕਤ ਕਹਾਂ ਤਲਾਸ਼ ਕਰੇਂ।

-----

ਯਹੀਂ ਕਹੀਂ ਵੋ ਜਗਹ ਥੀ ਜਹਾਂ ਪੇ ਖ਼ੁਦ ਹਮ ਨੇ,

ਮਿਲਾਈ ਖ਼ਾਕ ਮੇਂ ਹਸਰਤ ਕਹਾਂ ਤਲਾਸ਼ ਕਰੇਂ।

*****
ਔਖੇ ਸ਼ਬਦਾਂ ਦੇ ਅਰਥ: ਤਵੀਲ
ਲੰਮਾ, ਸ਼ਫ਼ਕਤ 2 ਬਜ਼ੁਰਗਾਂ ਦੀ ਆਸੀਸ, ਕ਼ੁਰਬਤ 3 ਨੇੜਤਾ

Thursday, June 24, 2010

ਤਰਲੋਕਬੀਰ - ਨਜ਼ਮ

ਸਾਹਿਤਕ ਨਾਮ: ਤਰਲੋਕਬੀਰ

ਪ੍ਰਕਾਸ਼ਿਤ ਕਿਤਾਬਾਂ - ਆਪਣੇ ਆਪਣੇ ਸੱਚ (ਕਾਵਿ-ਸੰਗ੍ਰਹਿ-2010)

ਅਜੋਕਾ ਨਿਵਾਸ: ਯੂ.ਐੱਸ.ਏ. ਪਿਛੋਕੜ-ਕਪੂਰਥਲਾ

ਤਰਲੋਕਬੀਰ ਜੀ ਪੰਜਾਬ ਸਿੰਧ ਬੈਂਕ ਦੀ ਨੌਕਰੀ ਦੌਰਾਨ ਜਲੰਧਰ, ਕਪੂਰਥਲਾ, ਦਿੱਲੀ ਵਿਚ ਰਹੇਦਿੱਲੀ ਦੇ ਸਾਹਿਤਕ ਮਾਹੌਲ ਨੇ ਉਹਨਾਂ ਦੀ ਸ਼ਖ਼ਸੀਅਤ ਅਤੇ ਸ਼ਾਇਰੀ ਨੂੰ ਘੜਿਆਉਹਨਾਂ ਦੀ ਸ਼ਾਇਰੀ ਬਾਰੇ ਸਤਿੰਦਰ ਸਿੰਘ ਨੂਰ ਦਾ ਕਹਿਣਾ ਹੈ-ਤਰਲੋਕ ਬੀਰ ਨੇ ਆਪਣੀ ਕਵਿਤਾ ਵਿਚ ਜੀਵਨ ਦੇ ਸੱਚ ਨੂੰ ਪਰਿਭਾਸ਼ਿਤ ਕਰਨ ਦੇ ਨਾਲ ਨਾਲ ਕਈ ਥਾਂ ਤੇ ਕਵਿਤਾ ਨੂੰ ਵੀ ਪਰਿਭਾਸ਼ਿਤ ਕੀਤਾ ਹੈਅਜਿਹੀਆਂ ਕਵਿਤਾਵਾਂ ਵਿਚ ਉਸਨੇ ਆਪਣੀ ਕਵਿਤਾ ਦੀ ਪਰਿਭਾਸ਼ਾ ਅਤੇ ਕਾਵਿ-ਸ਼ਬਦਾਂ ਦੀ ਵਿਸਥਾਰ ਨਾਲ ਗੱਲ ਕੀਤੀ ਹੈ

-----

ਦੋਸਤੋ! ਯੂ.ਐੱਸ.ਏ. ਵਸਦੇ ਲੇਖਕ ਸੁਰਿੰਦਰ ਸੋਹਲ ਜੀ ਨੇ ਨਿਊਯਾਰਕ ਵਸਦੇ ਇੱਕ ਹੋਰ ਸ਼ਾਇਰ ਤਰਲੋਕਬੀਰ ਜੀ ਇਕ ਬੇਹੱਦ ਖ਼ੂਬਸੂਰਤ ਨਜ਼ਮ ਭੇਜ ਕੇ ਆਰਸੀ ਦੇ ਪਾਠਕਾਂ /ਲੇਖਕਾਂ ਨਾਲ਼ ਉਹਨਾਂ ਦੀ ਪਹਿਲੀ ਸਾਹਿਤਕ ਸਾਂਝ ਪਵਾਈ ਹੈ। । ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਤਰਲੋਕਬੀਰ ਜੀ ਨੂੰ ਆਰਸੀ ਦੀ ਅਦਬੀ ਮਹਿਫ਼ਲ ਚ ਜੀਅ ਆਇਆਂ ਆਖਦਿਆਂ ਨਜ਼ਮ ਨੂੰ ਅੱਜ ਦੀ ਪੋਸਟ 'ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਸੋਹਲ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਬਰਾਬਰੀ ਦਾ ਆਧਾਰ

ਨਜ਼ਮ

ਲਹੂ ਦੀ ਲਾਲੀ

ਜੇ ਬਰਾਬਰੀ ਦਾ ਆਧਾਰ ਹੁੰਦੀ

ਤਾਂ ਮੈਂ ਵੀ ਉਹਨਾਂ ਵਰਗਾ ਈ ਸਾਂ

ਉਹ ਮੇਰੇ ਘੜੇ ਤਖ਼ਤ ਤੇ ਬੈਠ ਕੇ

ਹਾਕਮ ਬਣ ਗਏ

ਤੇ ਮੈਂ ਸਾਹਮਣੇ ਖੜ੍ਹਾ ਮੁਜਰਮ

ਮੇਰੇ ਮੋਢਿਆਂ ਤੇ ਆਪਣਾ ਸਿਰ ਸੀ

ਤੇ ਉਹਨਾਂ ਦੇ ਹੱਥ 'ਚ ਰੱਸੀ

ਭਲਾ ਕਿਹੜੇ ਹਾਕਮ ਨੂੰ

ਬੰਦੇ ਦੇ ਮੋਢਿਆਂ ਤੇ

ਆਪਣਾ ਸਿਰ ਚੰਗਾ ਲਗਦੈ

ਰੱਸੀ ਮੇਰੇ ਗਲ਼ ਦੇ ਮੇਚ ਦੀ ਕੀਤੀ ਗਈ

ਜਿਸ ਵਿਚ ਸਾਡੀ ਬੇਵਕੂਫ਼ੀ

ਅੱਜ ਤੱਕ ਝੂਲਦੀ ਹੈ

ਅੱਜ ਸਮਝ ਆਇਆ

ਲਹੂ ਆਪਣਾ ਰੰਗ ਵਿਖਾਵੇ

ਤਾਂ ਲਹੂ ਹੁੰਦੈ

ਵਰਨਾ ਲਹੂ ਦੀ ਨਿਰੀ ਲਾਲੀ

ਬਰਾਬਰੀ ਦਾ ਆਧਾਰ ਨਹੀਂ ਹੁੰਦੀ...

Wednesday, June 23, 2010

ਉਸਤਾਦ ਦੀਪਕ ਜੈਤੋਈ ਸਾਹਿਬ - ਗ਼ਜ਼ਲ

ਗ਼ਜ਼ਲ

ਮਹਿਫ਼ਲਾਂ ਫਿਰ ਸਜਣੀਆਂ ਤੂੰ ਝਾਂਜਰਾਂ ਨੂੰ ਸਾਂਭ ਲੈ।

ਵਾਦਕਾਂ ਨੇ ਪਰਤ ਆਉਣਾ, ਸਰਗਮਾਂ ਨੂੰ ਸਾਂਭ ਲੈ।

-----

ਸਾੜ ਦਿੱਤੇ ਮੌਸਮਾਂ ਨੇ ਵੇਲ-ਬੂਟੇ ਜੇ ਕਿਤੇ,

ਬੀਜ ਲਾਂਗੇ ਵਿਹੜਿਆਂ ਵਿਚ, ਗਮਲਿਆਂ ਨੂੰ ਸਾਂਭ ਲੈ।

-----

ਜਦ ਖਿੜੂ ਗੁਲਜ਼ਾਰ ਆਪਾਂ ਫਿਰ ਉੜਾਵਾਂਗੇ ਕਦੀ,

ਪੋਟਿਆਂ ਤੇ ਉਸ ਸਮੇਂ ਤੱਕ ਤਿਤਲੀਆਂ ਨੂੰ ਸਾਂਭ ਲੈ।

-----

ਹੈ ਨਜ਼ਰ ਜੇ ਅਰਸ਼ ਵੱਲ, ਉੜ ਜਾ ਪਰਿੰਦੇ ਵਾਂਗਰਾਂ,

ਛੱਡ ਖਹਿੜਾ ਧਰਤ ਦਾ, ਜਾ ਕਹਿਕਸ਼ਾਂ ਨੂੰ ਸਾਂਭ ਲੈ।

-----

ਸੁਪਨਿਆਂ ਦੇ ਅੰਬਰੀਂ ਦਿਨ ਚੜ੍ਹਨ ਤੋਂ ਜੇ ਮੁੱਕਰਿਆ,

ਰਾਤ ਦੇ ਵਿਚ ਜੜਨ ਲਈ ਕੁੱਝ ਤਾਰਿਆਂ ਨੂੰ ਸਾਂਭ ਲੈ।

Tuesday, June 22, 2010

ਜਗਜੀਤ ਸੰਧੂ - ਹਾਇਕੂ

ਜਗਜੀਤ ਜੀ! ਤੁਹਾਡੇ ਬੇਹੱਦ ਖ਼ੂਬਸੂਰਤ ਹਾਇਕੂ ਆਰਸੀ ਚ ਸ਼ਾਮਿਲ ਕਰਦਿਆਂ ਉਸੇ ਦਿਲੀ ਪ੍ਰਸੰਨਤਾ ਦਾ ਅਨੁਭਵ ਕਰ ਰਹੀ ਹਾਂ, ਜਿਹੜਾ ਤੁਹਾਡਾ ਸ਼ਾਹਕਾਰ ਹਾਇਕੂ ਕਾਲ਼ੀ ਬੋਲ਼ੀ ਰਾਤ / ਮਾਉਰੀ* ਕੁੜੀ ਦੇ ਪੈਰੀਂ/ ਜੁਗਨੂੰਆਂ ਦੀ ਪਾਜ਼ੇਬ ਪੜ੍ਹ ਕੇ ਹੋਇਆ ਸੀ। ਨਹੀਂ ਤਾਂ ਪੰਜਾਬੀ ਚ ਰਚੇ ਜਾ ਰਹੇ ਹਾਇਕੂ ਦਾ ਜੋ ਹਾਲ ਅੱਜ ਹੋ ਰਿਹਾ ਹੈ, ਤੁਸੀਂ, ਮੈਂ, ਤੇ ਦਵਿੰਦਰ ਪੂਨੀਆ ਜੀ ਭਲੀ-ਭਾਂਤ ਵਾਕਿਫ਼ ਹਾਂ। ਉਹ ਦਿਨ ਦੂਰ ਨਹੀਂ ਜਦੋਂ ਕਿਤਾਬਾਂ 'ਚ ਕਹਿਣ ਨੂੰ ( ਜਾਂ ਆਖ ਲਵੋ ਕਿ ਦਿਖਾਵਾ ਕਰਨ ਨੂੰ ) ਹਜ਼ਾਰਾਂ ਹਾਇਕੂ ਹੋਣਗੇ, ਪਰ ਹਾਇਕੂ ਦੀ ਰੂਹ ਗ਼ਾਇਬ ਹੋਵੇਗੀ, ਕਿਉਂਕਿ ਬਹੁਤੇ ਹਾਇਜਨ ( ਹਾਇਕੂ ਕਵੀ ) ਤੁਕਬੰਦੀਆਂ ਕਰ ਰਹੇ ਹਨ, ਬਿੰਬ ਦਾ ਸਰਲ ਅਤੇ ਸੰਖੇਪ ਵਰਣਨ ਉਹਨਾਂ ਦੀ ਪਹੁੰਚ ਤੋਂ ਬਾਹਰ ਹੈ। ਮੈਨੂੰ ਪੂਰਨ ਆਸ ਹੈ ਕਿ ਤੁਹਾਡੇ ਅਤੇ ਪੂਨੀਆ ਸਾਹਿਬ ਦੇ ਹਾਇਕੂ, ਹਾਇਕੂ ਦੇ ਨਾਂ ਤੇ ਤੁਕਬੰਦੀ ਕਰਨ ਵਾਲ਼ਿਆਂ ਨੂੰ ਸਹੀ ਦਿਸ਼ਾ ਅਤੇ ਸੇਧ ਜ਼ਰੂਰ ਪ੍ਰਦਾਨ ਕਰਨਗੇ। ਤੁਹਾਡੀ ਕਲਮ ਨੂੰ ਮੇਰੇ ਵੱਲੋਂ ਇਕ ਵਾਰੀ ਫੇਰ ਸਲਾਮ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਪੰਛੀ ਚਹਿਕ ਪਿਆ

ਉੱਠ ਵੇ ਮਨਾ ਸੁੱਤਿਆ

ਸਰਘੀ ਨੇ ਵਾਕ ਲਿਆ

=====

ਕਾਲ਼ੀ ਬੋਲ਼ੀ ਰਾਤ

ਮਾਉਰੀ* ਕੁੜੀ ਦੇ ਪੈਰੀਂ

ਜੁਗਨੂੰਆਂ ਦੀ ਪਾਜ਼ੇਬ

.......

*ਨਿਊਜ਼ੀਲੈਂਡ ਦੇ ਮੂਲਵਾਸੀ

=====

ਸਾਹਮਣੇ ਪਹਾੜ ਤੇ

ਕਿਸ ਨੇ ਲਟਕਾਏ

ਰੰਗ ਬਿਰੰਗੇ ਘਰ

=====

ਹਾਰੀ ਵਿਚੋਂ ਨਿਕਲ਼

ਥਮਲੇ ਨੂੰ ਜਾ ਲਿਪਟੀ

ਧੂਏਂ ਦੀ ਵੇਲ

=====

ਪੰਡਾਲ ਤੇ ਬਰਸਾਤ-

ਕਵਿਤਾ ਮਗਰੋਂ

ਤਾੜੀਆਂ ਦੀ ਅਵਾਜ਼

=====

ਉਸ ਖੋਲ੍ਹਿਆ

ਵਾਈਨ ਬੋਤਲ ਦੇ ਸੰਗ

ਭਰੇ ਹੋਏ ਮਨ ਨੂੰ

=====

ਨਹੀਂ ਜੀ ਨਹੀਂ

ਮੈਂ ਟਾਰਚ ਨਹੀਂ ਭੁੱਲਾ

ਨੀਂਦ ਚ ਚੱਲ ਰਿਹਾਂ

=====

ਮੇਰੇ ਬੁੱਲ੍ਹਾਂ ਉੱਤੇ

ਉਸਨੇ ਉਂਗਲ਼ ਰੱਖੀ

ਸੰਤਰੇ ਨਾਲ਼ ਮਹਿਕੀ

=====

ਰੁੱਤ ਬਦਲੀ

ਸੰਗਤਰੀ ਸੂਰਜ

ਬੁੱਲ੍ਹ ਸੁਕਾਵੇ

=====

ਇੱਕ ਸਿਰਹਾਣਾ ਥਿੰਧਾ

ਮਾਂ ਤੇ ਦਾਦੀ ਲੜੀਆਂ

ਦੋ ਸਿਰਹਾਣੇ ਸਿੱਲ੍ਹੇ

Monday, June 21, 2010

ਇਫ਼ਤਿਖ਼ਾਰ ਨਸੀਮ - ਉਰਦੂ ਰੰਗ

ਗ਼ਜ਼ਲ

ਇਸ ਤਰਹ ਸੋਈ ਹੈਂ ਆਂਖੇਂ ਜਾਗਤੇ ਸਪਨੋ ਕੇ ਸਾਥ।

ਖ਼ਾਹਿਸ਼ੇਂ ਲਿਪਟੀ ਹੋਂ ਜੈਸੇ ਬੰਦ ਦਰਵਾਜ਼ੋਂ ਕੇ ਸਾਥ।

-----

ਰਾਤ ਭਰ ਹੋਤਾ ਰਹਾ ਹੈ ਉਸ ਕੇ ਆਨੇ ਕਾ ਗੁਮਾਂ,

ਐਸੇ ਟਕਰਾਤੀ ਰਹੀ ਠੰਢੀ ਹਵਾ ਪਰਦੋਂ ਕੇ ਸਾਥ।

-----

-----

ਏਕ ਲਮਹੇ ਕਾ ਤੁਅੱਲਕ ਉਮਰ ਭਰ ਕਾ ਰੋਗ ਹੈ,

ਦੌੜਤੇ ਫਿਰਤੇ ਰਹੋਗੇ ਭਾਗਤੇ ਲਮਹੋਂ ਕੇ ਸਾਥ।

-----

ਮੈਂ ਉਸੇ ਆਵਾਜ਼ ਦੇ ਕਰ ਭੀ ਬੁਲਾ ਸਕਤਾ ਨਾ ਥਾ,

ਇਸ ਤਹ ਟੂਟੇ ਜ਼ੁਬਾਂ ਕੇ ਰਾਬਤੇ ਲਫ਼ਜ਼ੋਂ ਕੇ ਸਾਥ।

-----

ਜਾਨੀ ਪਹਿਚਾਨੀ ਹੈਂ ਬਾਤੇਂ ਜਾਨੇ ਬੂਝੇ ਨਕਸ਼ ਹੈਂ,

ਫਿਰ ਭੀ ਮਿਲਤਾ ਹੈ ਵੋ ਸਭ ਸੇ ਮੁਖ਼ਤਲਿਫ਼1 ਚਿਹਰੋਂ ਕੇ ਸਾਥ।

------

ਦਿਲ ਧੜਕਤਾ ਹੀ ਨਹੀਂ ਹੈ ਉਸ ਕੋ ਪਾਕਰ ਭੀ ਨਸੀਮ,

ਕਿਸ ਕਦਰ ਮਾਨੂਸ2 ਹੈ ਯੇ ਨਿਤ ਨਏ ਸਦਮੋਂ ਕੇ ਸਾਥ।

*****

ਔਖੇ ਸ਼ਬਦਾਂ ਦੇ ਅਰਥ ਮੁਖ਼ਤਲਿਫ਼ ਅਲਗ ਅਲਗ, ਮਾਨੂਸ - ਵਾਕਿਫ਼

*****

ਗ਼ਜ਼ਲ ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ: - ਸੁਰਿੰਦਰ ਸੋਹਲ

Sunday, June 20, 2010

ਰਾਜਿੰਦਰਜੀਤ - ਗ਼ਜ਼ਲ

ਗ਼ਜ਼ਲ

ਅਸਾਂ ਕੀ ਦੋਸ਼ ਦੇਣਾ ਰਸਤਿਆਂ ਨੂੰ ,

ਸਫ਼ਰ ਸਾਡਾ ਜੇ ਇਉਂ ਬਦਨਾਮ ਹੋਵੇ

ਅਜੇ ਨਾ ਆਸ਼ਿਆਨੇ ਦੀ ਜ਼ਰੂਰਤ,

ਅਜੇ ਤਾਂ ਉੱਡਦਿਆਂ ਨੂੰ ਸ਼ਾਮ ਹੋਵੇ

------

ਸਫ਼ਾ ਅਸਮਾਨ ਦਾ ਖੁਲ੍ਹਿਆ ਸੀ ਰਾਤੀਂ,

ਲਿਖੇ ਚੰਨ ਤਾਰਿਆਂ ਨੇ ਹਰਫ਼ ਸੁਹਣੇ

ਉਣੀਂਦੇ ਜਾਪਿਆ ਮੈਨੂੰ ਇਹ ਸ਼ਾਇਦ,

ਮਿਰੇ ਹੀ ਵਾਸਤੇ ਪੈਗ਼ਾਮ ਹੋਵੇ

-----

ਗੁਜ਼ਰਦਿਆਂ ਪੋਹਲ਼ੀਆਂ-ਸੂਲ਼ਾਂ ਦੇ ਉੱਤੋਂ,

ਸਫ਼ਰ ਕੁਝ ਹੋਰ ਵੀ ਆਸਾਨ ਜਾਪੇ

ਮਿਰੇ ਸਿਰ ਤੇ ਵੀ ਜੇ ਕਈਆਂ ਦੇ ਵਾਂਗੂੰ ,

ਕੁਰਾਹੇ ਪੈਣ ਦਾ ਇਲਜ਼ਾਮ ਹੋਵੇ

-----

ਹਰਿਕ ਅਰਪਣ ਦੀ ਨੀਂਹ ਹੈ ਆਦਮੀਅਤ,

ਤੇ ਹਰ ਕਿੱਸੇ ਦੀ ਹੈ ਏਹੋ ਹਕ਼ੀਕ਼ਤ

ਉਹ ਘਰ ਤੋਂ ਜਾ ਰਿਹਾ ਹੋਵੇ ਜਾਂ ਗੌਤਮ,

ਅਯੁੱਧਿਆ ਛੱਡ ਰਿਹਾ ਜਾਂ ਰਾਮ ਹੋਵੇ

------

ਉਹ ਡੁੱਬ ਜਾਂਦਾ ਹੈ ਨੀਲੇ ਪਾਣੀਆਂ ਵਿੱਚ,

ਸਵੇਰੇ ਜਿਉਂਦਿਆਂ ਹੀ ਪਰਤਦਾ ਹੈ

ਤੇ ਮੈਂ ਵੀ ਲੋਚਦਾਂ ਓਵੇਂ ਹੀ ਜੰਮਣਾ,

ਤੇ ਓਹੋ ਹੀ ਮੇਰਾ ਅੰਜਾਮ ਹੋਵੇ

Friday, June 18, 2010

ਹਰਜੀਤ ਦੌਧਰੀਆ - ਨਜ਼ਮ

ਦੋਸਤੋ! ! ਸਰੀ ਕੈਨੇਡਾ ਵਸਦੇ ਲੇਖਕ ਹਰਜੀਤ ਦੌਧਰੀਆ ਜੀ ਨੇ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਕਾਵਿ-ਸੰਗ੍ਰਹਿ ਤੁੰਮਿਆਂ ਵਾਲ਼ੀ ਜਮੈਣ ਆਰਸੀ ਦੀ ਲਾਇਬ੍ਰੇਰੀ ਲਈ ਮੈਨੂੰ ਪਿਛਲੇ ਐਤਵਾਰ ਸਰੀ ਚ ਹੋਏ ਸਾਹਿਤਕ ਸਮਾਗਮ ਦੌਰਾਨ ਦਿੱਤਾ ਸੀ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ ਸੰਪਰਕ ਪੈਦਾ ਕਰ ਸਕਦੇ ਹੋ।

-----

ਦੌਧਰੀਆ ਸਾਹਿਬ ਨੂੰ ਇਸ ਕਾਵਿ-ਸੰਗ੍ਰਹਿ ਦੀ ਪ੍ਰਕਾਸ਼ਨਾ ਤੇ ਆਰਸੀ ਪਰਿਵਾਰ ਵੱਲੋਂ ਦਿਲੀ ਮੁਬਾਰਕਬਾਦ ਪੇਸ਼ ਕਰਦੀ ਹੋਈ, ਅੱਜ ਏਸੇ ਕਿਤਾਬ ਵਿਚੋਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਚ ਸ਼ਾਮਿਲ ਕਰ ਰਹੀ ਹਾਂ। ਬਾਕੀ ਰਚਨਾਵਾਂ ਆਉਣ ਵਾਲ਼ੇ ਦਿਨਾਂ ਚ ਸਾਂਝੀਆਂ ਕਰਦੇ ਰਹਾਂਗੇ। ਦੌਧਰੀਆ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਪਹਿਲਾਂ

ਨਜ਼ਮ

ਪਹਿਲਾਂ

ਮੇਰੇ ਨਹੁੰਆਂ

ਜੰਮਣ ਭੋਂ ਦੀ ਮਿੱਟੀ ਪਈ

ਮੈਂ...

ਨਹੁੰ ਕੁਤਰ ਲਏ

ਫੇਰ ਪ੍ਰਵਾਸ ਦੀ ਮਿੱਟੀ ਰਲ਼ੀ

ਮੈਂ....

ਨਹੁੰ ਕਟਵਾਏ

............

ਹੁਣ

ਮੇਰੇ ਨਹੁੰਆਂ

ਪ੍ਰਵਾਸ-ਆਵਾਸ ਦੀ ਮਿੱਟੀ ਜੰਮੀ ਹੋਈ ਹੈ

ਮੈਂ....

ਨਹੁੰ ਟੁੱਕਦਾ ਹਾਂ

ਅਕਸਰ ਮਿੱਟੀ ਫ਼ਰੋਲ਼ਦਾ ਹਾਂ

ਤੇ ਮਿੱਟੀ ਰੋਲ਼ਦਾ ਹਾਂ

ਮਿੱਟੀ ਦੀਆਂ ਭਰ ਭਰ ਮੁੱਠੀਆਂ

ਭਰ ਭਰ ਕੇ ਬੁੱਕ

ਕੇਰਦਾ ਹਾਂ

ਖਲੇਰਦਾ ਹਾਂ

ਹਵਾਵਾਂ ਦਾ ਰੁਖ਼ ਵੇਖਦਾ ਹਾਂ

ਤੇ ਫ਼ਾਸਲੇ ਮੇਚਦਾ ਹਾਂ....

=====

ਚੁਕੰਨੇ ਰਹਿਓ

ਨਜ਼ਮ

ਮੁੱਦਤਾਂ ਦਾ ਝਗੜਾ ਅਜੇ ਜਾਰੀ ਏ

ਬਹੁਤੇ ਸਵਾਲਾਂ ਦਾ ਜਵਾਬ

ਅਜੇ ਨਾਂਹ ਚ ਈ ਏ

ਰੁੱਤਾਂ ਭਾਵੇਂ ਫਿਰ ਗਈਆਂ ਨੇ

ਪਰਛਾਵੇਂ ਵੀ ਢਲ਼ ਚੁੱਕੇ ਨੇ

ਪਰ ਰਾਤ ਅਜੇ ਬਾਕੀ ਏ

............

ਆਉਂਦੀ ਮੱਸਿਆ ਨੂੰ ਭਰੀ ਕਚਹਿਰੀ ਵਿਚ

ਰੁੱਖਾਂ ਨੇ ਵੀ ਗਵਾਹੀਆਂ ਦੇਣੀਆਂ ਨੇ

ਤੇ ਚੁੱਪ ਟੁੱਟ ਜਾਣੀ ਏ

............

ਉਹ ਵਕਤੀ ਤੌਰ ਤੇ

ਕਬਜ਼ੇ ਛੱਡਣ ਦੇ ਬਿਆਨ ਦੇਣਗੇ

ਰਾਜ਼ੀ ਬੰਦਿਆਂ ਦਾ ਜਤਨ ਕਰਨਗੇ

ਹੱਥ ਮਿਲਾਉਣ ਮਗਰੋਂ ਉਂਗਲ਼ਾਂ ਗਿਣ ਲੈਣਾ

ਮੁੱਠ ਖਿੱਲਾਂ ਦੀ ਵੇਖ

ਖਿੜ-ਖਿੜਾਅ ਕੇ ਨਾ ਹੱਸਣਾ

..............

ਉਹ ਸਲਾਹ-ਸਲਾਹੁਤਾਂ ਦੇ

ਕੁਝ ਨਵੇਂ ਸ਼ਬਦ ਵਰਤਣਗੇ

ਜਿਨ੍ਹਾਂ ਚੋਂ

ਵੀਹ ਤਰ੍ਹਾਂ ਦੇ ਮਤਲਬ ਨਿਕਲ਼ਣਗੇ

ਉਹਨਾਂ ਦੀਆ ਖਾਧੀਆਂ ਕਸਮਾਂ ਤੇ

ਯਕੀਨ ਨਾ ਕਰਿਓ

ਠੰਢੀ ਕਸ਼ਮਕਸ਼ ਅਜੇ ਵੀ ਜਾਰੀ ਏ

ਸ਼ਾਇਦ ਭਖ ਵੀ ਪਵੇ

............

ਮਗਰੋਂ ਉਦਾਸੀ ਨਾ ਫੜ ਲੈਣਾ

ਤੇ ਵੈਰਾਗੀ ਨਾ ਬਣ ਜਾਣਾ

ਮਿੱਤਰਾਂ ਵਿਰੁੱਧ,

ਵੈਰੀਆਂ ਪਿੱਛੇ ਨਾ ਤੁਰ ਪੈਣਾ

ਚੇਤੇ ਰੱਖਿਓ!

ਕਿਸੇ ਨਾ ਕਿਸੇ ਸੂਕਟਰ ਵਿਚ

ਜੰਗ ਸਦਾ ਜਾਰੀ ਰਹਿੰਦੀ ਏ

ਅਵੇਸਲੇ ਨਾ ਹੋਇਓ

ਬਿੜਕ ਰੱਖਿਓ,

ਚੁਕੰਨੇ ਰਹਿਓ....

======

ਹੱਡ ਬੀਤੀ ਜੱਗ ਬੀਤੀ

ਨਜ਼ਮ

ਉਹ ਜਦੋਂ ਮੀਟਿੰਗ ਵਿਚ ਆਈ

ਤਾਂ ਕਾਰਲ ਮਾਰਕਸ ਤੇ

ਵਿਚਾਰ ਹੋ ਰਹੀ ਸੀ

....ਤੇ ਜਦੋਂ ਗੱਲ

ਵਿਚਾਰਾਂ ਦੀ ਗ਼ੁਰਬਤ ਤੇ ਪਹੁੰਚੀ

ਤਾਂ ਉਹਨੇ ਧੁੜਧੁੜੀ ਲਈ

.... ਅਤੇ ਹੌਲ਼ੀ ਜਿਹੀ

ਬਾਹਰ ਨਿਕਲ਼ ਗਈ