ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਕੁਲਦੀਪ ਸਿੰਘ ਬਾਸੀ. Show all posts
Showing posts with label ਕੁਲਦੀਪ ਸਿੰਘ ਬਾਸੀ. Show all posts

Tuesday, July 14, 2009

ਕੁਲਦੀਪ ਸਿੰਘ ਬਾਸੀ - ਨਜ਼ਮ

ਅਸਲੀ ਮੰਗਤੇ

ਨਜ਼ਮ

ਝਿਜਕ ਨਹੀਂ

ਲੱਜਾ ਨਹੀਂ

ਸੜਕਾਂ ਤੇ ਫਿਰਦੇ

ਤੰਦਰੁਸਤ ਤਨ ਵਾਲ਼ੇ

ਭਿਖਾਰੀਆਂ ਨੂੰ!

...........

ਹੱਟੇ-ਕੱਟੇ

ਹੱਥ ਅੱਡ

ਅੱਗੇ ਖਲੋਅ

ਮੰਗਦੇ ਨੇ ਲੋਕਾਂ ਕੋਲ਼ੋਂ

ਲੋਕਾਂ ਵਿਚਾਰਿਆਂ ਦੀ

ਹੱਕ ਦੀ

ਮਿਹਨਤ ਦੀ

ਸੱਚੀ ਸੁੱਚੀ ਕਮਾਈ।

.............

ਰੱਬ ਤੋਂ ਡਰ

ਸ਼ਰਧਾ ਨਾਲ਼

ਮਿਹਨਤੀ ਲੋਕ

ਹੱਸ ਹੱਸ

ਚਾਈਂ ਚਾਈਂ

ਪਿਆਰ ਨਾਲ਼

ਵੰਡ ਦਿੰਦੇ ਨੇ

ਲੰਮੀ ਬਾਂਹ ਕਰ

ਅੱਟਣ-ਭਰੇ ਹੱਥਾਂ ਨਾਲ਼

ਅਪਣੇ ਤ੍ਰੇਲ ਤੁਪਕੇ

ਅਪਣੀ ਖੱਟੀ

ਸਮਝਦੇ ਨੇ

ਮਾਇਆ ਦਾ ਮੋਹ ਕੇਹਾ!

............

ਭਿਖਾਰੀ

ਦੇਸ਼ ਦੀ ਬਿਮਾਰੀ!

ਨਹੀਂ ਨਹੀਂ, ਨਾ ਕਹੋ

ਇੰਝ ਨਾ ਕਹੋ।

ਉਹ ਤਾਂ ਨੇ

ਕਿਸਮਤ ਮਾਰੇ

ਗਰੀਬੀ ਦੇ ਕੁੱਟੇ

ਬੇਘਰੇ!

................

ਸੜਕਾਂ ਵਾਲ਼ੇ ਮੰਗਤੇ

ਮੰਗਦੇ ਨੇ ਹੱਥ ਅੱਡ

ਪਰ ਨਿਵ ਕੇ

ਲੋਕੀਂ ਕਹਿੰਦੇ ਨੇ

ਮਰਿਆ ਸੋ ਮੰਗਣ ਤੁਰਿਆ

ਤਰਸਯੋਗ ਹਨ ਵਿਚਾਰੇ

ਗੁਰੂ ਵੀ ਕਹਿੰਦੇ ਨੇ

ਨੀਚਾ ਹੋਇਆ

ਸੋ ਹੋਇਆ ਊਚਾ।

ਭਲੇ ਹੀ ਹੋਣਗੇ

......................

ਪਰ ਅਸਲੀ ਭਿਖਾਰੀ

ਹਨ, ਕਿਤੇ ਹੋਰ

ਸੜਕਾਂ ਤੇ ਨਹੀਂ!

ਪਰਦਿਆਂ ਪਿੱਛੇ

ਜੋ ਦਿਨ ਦਿਹਾੜੇ

ਲੁੱਟਦੇ, ਖੋਂਹਦੇ ਨੇ

ਬੇਫ਼ਿਕਰ, ਬਝਿਜਕ

ਝੂਠ ਬੋਲਦੇ ਨੇ

ਸੱਚ ਵਾਂਗੂੰ!

...................

ਧਨ ਧੂਹ ਲੈਂਦੇ ਨੇ

ਭਰੋਸਾ ਦਵਾ

ਗਰੀਬਾਂ ਹੱਥੋਂ

ਸ਼ਰੀਫਾਂ ਕੋਲ਼ੋਂ

ਪਰ ਮੋੜਦੇ ਨਹੀਂ

ਸ਼ਰਾਫਤ ਦਾ ਮੁੱਲ!

..............

ਉਹ ਵਾਅਦੇ ਤੋੜ

ਕੰਮ ਅਧੂਰੇ ਛੱਡ

ਹੋ ਜਾਂਦੇ ਨੇ

ਫਰਾਰ

ਘਰਾਂ ਦੀ ਮੁਰੰਮਤ

ਸੜਕਾਂ ਦੇ ਕੰਮ

ਜਨਤਾ ਨਾਲ਼ ਕੀਤੇ ਪ੍ਰਣ

ਹੋਰ ਕਿੰਨਾ ਕੁੱਝ

ਵਿੱਚੇ ਛੱਡ ਭੱਜਣ ਵਾਲ਼ੇ

ਪੈਸਾ ਹਸਕੇ ਫੜ

ਅਲ਼ੋਪ ਹੋਣ ਵਾਲ਼ੇ

ਕੰਮ ਰੋ ਕੇ ਕਰਨ ਵਾਲ਼ੇ

ਜਾਂ

ਨਾ ਕਰਨ ਵਾਲ਼ੇ

................

ਥਾਲ਼ੀ ’ਚ ਖਾ ਕੇ

ਛੇਦ ਕਰਨ ਵਾਲ਼ੇ

ਊਚੇ ਜਿਨ੍ਹਾਂ ਦੇ ਨਾਂ

ਪਰ ਦਰਸ਼ਨ ਛੋਟੇ

ਓਹੀ ਨੇ ਅਸਲੀ

ਊਚੇ ਪਰ ਨੀਚੇ

ਧੋਖੇਬਾਜ਼!

ਮੰਗਤੇ!


Friday, May 22, 2009

ਕੁਲਦੀਪ ਸਿੰਘ ਬਾਸੀ - ਨਜ਼ਮ

ਪਰਤੇਗੀ ਜੁਆਨੀ

ਨਜ਼ਮ

ਪੱਤਰ ਆਇਆ ਪਰ

ਚਿਰਾਂ ਬਾਅਦ

ਵਿਚਾਰੀ

ਰਹਿਮ ਦੀ ਪਾਤਰ

ਕਿਸਮਤ ਕੁੱਟੀ

ਪੁੱਛਦੀ ਐ

ਚਿੱਠੀ ਗਹੁ ਨਾਲ਼

ਵੇਖ

ਪੜ੍ਹ

ਯਾਦ ਕਰ

ਆਇਆ ਚੇਤੇ?

...............

ਪਿਆਰ ਦਾ ਵਾਓਵਰੋਲ਼ਾ

ਚੜ੍ਹ ਆਇਆ ਸੀ

ਜੋ ਤੂਫ਼ਾਨ

ਮੇਰੀ ਜਾਨ!

ਦੂਰ ਤੱਕ ਉਡੇ

ਵਰੋਲ਼ਾ ਲਪੇਟਦਾ ਗਿਆ

ਅਸੀਂ ਬੇਬਸ

ਉਲ਼ਝਦੇ ਹੀ ਗਏ

ਉਡਦੇ ਹੀ ਰਹੇ

ਬੱਸ ਨਿਹ ’ਚ

ਜੁੜਦੇ ਹੀ ਗਏ।

................

ਅੱਖਾਂ ਮੀਟ

ਚੇਤੇ ਕਰ

ਉਹ ਝੱਖੜ

ਜੋ ਝੁੱਲਿਆ

ਮੇਰੇ ਵਿਆਹ ਸਮੇਂ

ਤੂੰ ਸੁਣ ਨਾ ਸਕਿਆ

ਮੈਂ ਕਹਿ ਨਾ ਸਕੀ

ਬੱਸ ਦੀਦੇ ਹੀ ਸੁੱਜੇ

ਨੇਤ੍ਰੋਂ ਨੀਰ ਹੀ ਮੁੱਕਿਆ

ਚਲੀ ਗਈ

ਜਾਣਾ ਹੀ ਪਿਆ

ਓਪਰੇ ਦੀ ਬਾਂਹ ਫੜ!

ਤੂੰ ਗੁੰਮ-ਸੁੰਮ

ਦੋ ਤੁਪਕੇ ਵੀ ਨਾ ਕੇਰੇ

ਚੰਦਰਿਆ!

.............

ਸੁਣ

ਅੱਜ ਮੈਂ ਫੇਰ

ਇਕੱਲੀ ਹੋ ਗਈ

ਛੱਡ ਗਿਆ ਓਪਰਾ

ਕਹਿ ਗਿਆ

ਜਾਹ ਪਹਿਲੇ ਕੋਲ

ਜਾਹ ਹੋ ਕਲੋਲ

ਭੈੜਾ!

........

ਮੈਂ ਵਿਚਾਰੀ ਨੂੰ

ਲਿਖਿਆ ਉੱਤਰ

ਦਿਲੋਂ

ਪਿਆਰ ਉਭਰਿਆ

ਹੰਝੂ ਡਿੱਗੇ

ਮੁੱਛਾਂ ‘ਤੇ ਅਟਕੇ

ਦਾੜ੍ਹੀ ‘ਤੇ ਲਟਕੇ

.............

ਅੜੀਏ!

ਪੁੱਛਿਆ ਵੀ ਤਾਂ

ਕੀ ਪੁੱਛਿਆ?

ਯਾਦ ਅਇਆ?

ਝੱਲੀਏ, ਯਾਦ!

ਕਿਹੜੀ ਯਾਦ?

ਨਾ, ਨਹੀਂ ਆਈ

ਬਿਲਕੁਲ ਨਹੀਂ।

ਤੈਨੂੰ ਪਤਾ ਨਹੀਂ!

ਯਾਦ ਫੜਦੀ ਐ

ਭੁਲੱਕੜਾਂ ਦਾ ਦਾਮਨ

ਜੋ ਭੁੱਲਿਆ ਹੀ ਨਹੀਂ

ਯਾਦ ਕਿਵੇਂ ਕਰਾਂ!

...............

ਤੂੰ ਚਲੀ ਗਈ

ਤੇਰੀ ਮਜਬੂਰੀ

ਮੈਂ ਰੋਇਆ

ਉੱਚੀ ਉੱਚੀ

ਸਿਸਕੀਆਂ ਭਰ ਭਰ

ਅੰਦਰੋ ਅੰਦਰੀ

ਇਕੱਲਾ ਬਹਿ ਬਹਿ

ਛੁਪ ਛੁਪ

.................

ਪਿਆਰ ਦੀ ਪੀੜ

ਪਿਆਰ ਦਾ ਰੋਣਾ

ਓਹਲੇ ਹੋ ਕੇ ਹੀ

ਠੀਕ

ਨਹੀਂ ਤਾਂ

ਲੋਕ ਆਖਦੇ ਨੇ

ਬਾਵਰਾ!

............

ਹਾਂ ਸੱਚ, ਮੈਂ

ਇਕੱਲਾ ਹਾਂ

ਇਕੱਲਾ ਹੀ ਰਿਹਾਂ

ਤੂੰ ਆ ਸਕਦੀ ਏਂ?

ਆਏਂਗੀ?

............

ਮੈਨੂੰ ਯਕੀਨ ਹੈ

ਜੇ ਤੂੰ ਆਈ

ਮੁੜ ਆਏਗਾ

ਵਾਓਵਰੋਲ਼ਾ

ਪਰਤੇਗੀ ਜੁਆਨੀ!


Thursday, April 16, 2009

ਕੁਲਦੀਪ ਸਿੰਘ ਬਾਸੀ - ਨਜ਼ਮ

ਦੋਸਤੋ! ਮੈਨੂੰ ਪੂਰਨ ਯਕੀਨ ਹੈ ਕਿ ਇਹ ਬੇਹੱਦ ਖ਼ੂਬਸੂਰਤ ਨਜ਼ਮ ਪੜ੍ਹ ਕੇ ਸਾਡੀਆਂ ਲੇਖਿਕਾਵਾਂ ਨੂੰ ਬਚਪਨ ਜ਼ਰੂਰ ਯਾਦ ਆ ਜਾਵੇਗਾ, ਜਦੋਂ ਪਹਿਲੀ ਵਾਰ ਸਵੈਟਰ ਬੁਣਨਾ ਸਿੱਖਿਆ ਸੀ। ਬਾਸੀ ਸਾਹਿਬ ਦੀ ਇਸ ਨਜ਼ਮ ਨੇ ਮੇਰੇ ਬਚਪਨ ਦੀ ਯਾਦ ਤਾਜ਼ਾ ਕਰ ਦਿੱਤੀ ਜਦੋਂ ਮੈਨੂੰ ਤੇ ਮੇਰੀ ਬਚਪਨ ਦੀ ਸਹੇਲੀ ਰਿੰਪੀ ਨੂੰ, ਸਿਆਲ਼ ‘ਚ ਮੰਮੀਆਂ ਨੂੰ ਸਲ਼ਾਈਆਂ ਚਲਾਉਂਦੇ ਵੇਖ, ਸਵੈਟਰ ਬੁਣਨ ਦਾ ਚਾਅ ਚੜ੍ਹਿਆ ਸੀ। ਜਦੋਂ ਅਸੀਂ ਚੋਰੀ-ਚੋਰੀ ਉਹਨਾਂ ਦੀ ਉੱਨ ਤੇ ਸਲ਼ਾਈਆਂ ਚੁੱਕ ਲਈਆਂ ਤੇ ਉਹਨਾਂ ਦੇ ਬੁਣੇ ਸਵਾਟਰਾਂ ‘ਚ ਮਘੋਰੇ ਕਰ ਦਿੱਤੇ ਤਾਂ, ਜਿਹੜੀ ਡਾਂਟ ਪਈ...ਤੌਬਾ!ਤੌਬਾ!!

ਦੂਜੇ ਦਿਨ ਸਾਨੂੰ, ਨਜ਼ਮ ਦੇ ਅਨੁਸਾਰ, ਸਾਈਕਲ ਦੇ ਚੱਕਿਆ ਦੀਆਂ ਤਾਰਾਂ ਸਿੱਧੀਆਂ ਕਰਵਾ ਕੇ ਦੇ ਦਿੱਤੀਆਂ ਗਈਆਂ ਤੇ ਪੁਰਾਣੀ ਉੱਨ ਦੇ ਗੋਲ਼ੇ...ਚੌਥੀ ਜਮਾਤ ‘ਚ ਪੜ੍ਹਦਿਆਂ, ਸਿਲਾਈ, ਕਢਾਈ, ਬੁਣਾਈ ਦੇ ਕਿਸੇ ਵੀ ਕੰਮ ਨੂੰ ਸਿੱਖਣ ਦਾ ਸਾਡਾ ਉਹ ਪਹਿਲਾ ਮੌਕਾ ਸੀ... ਰਿੰਪੀ ਅੱਜ ਇਹ ਨਜ਼ਮ....ਤੈਨੂੰ ਯਾਦ ਕਰਦਿਆਂ....ਤੇਰੇ ਨਾਮ ਕਰਦੀ ਹਾਂ...

---------

ਸਵੈਟਰ

( ਇੱਕ ਯਾਦ – ਮਾਂ ਦੀ )

ਨਜ਼ਮ

ਪਿਛਲੇ ਸਿਆਲ਼ ਵਿੱਚ, ਪਿਛਲੇ ਤੋਂ ਪਿਛਲੇ।

ਫਿਰਦਾ ਰਿਹਾਂ ਮੈਂ, ਠੁਰ ਠੁਰ ਕਰਦਾ।

ਸਾਇਕਲ ਚਲਾਕੇ, ਹੁਣ ਮੈਂ ਸਕੂਲ ਜਾਵਾਂ।

ਚਾਹੀਦਾ ਸਵੈਟਰ ਹੈ, ਬੇਬੇ ਨਹੀਂ ਸਰਦਾ।

----

ਸਵੈਟਰ ਤਾਂ ਬਣਜੂ, ਆਖ ਜਾ ਕੇ ਬਾਪੂ ਨੂੰ।

ਅੱਜ ਕੱਲ੍ਹ ਵਿੱਚ ਜੇ, ਲਿਆ ਕੇ ਦਵੇ ਉੱਨ।

ਬੇਬੇ ਕਰ ਛੇਤੀ, ਮਨਾ ਲੈ ਤੂੰ ਹੀ ਬਾਪੂ ਨੂੰ ਵੀ।

ਖੱਟ ਲੈ ਪਿਆਰੀ ਬੇਬੇ, ਇਹ ਵੀ ਇੱਕ ਪੁੰਨ।

----

ਬੇਬੇ ਨੇ ਬਾਪੂ ਤੋਂ, ਸਲ਼ਾਈਆਂ ਮੰਗਵਾ ਲੀਆਂ।

ਸਾਇਕਲ ਦੀ ਸਪੋਕਾਂ, ਤਿੱਖੀਆਂ ਕਰਾ ਲੀਆਂ।

ਟੋਕਰਾ ਲਿਆਂਦਾ ਬਾਪੂ, ਉੱਨ ਦਾ ਭਰਾ ਕਿਤੋਂ।

ਪੰਜ ਸੱਤ ਭੇਡਾਂ, ਕਿਤੇ ਜਾ ਕੇ ਮੁਨਵਾ ਲੀਆ।

----

ਟੋਕਰੇ ਦੀ ਉੱਨ, ਇੱਕ ਦਿਨ ਪਿੰਜ ਲਈ।

ਨਿੱਚਲ਼ੇ ਬਣਾਏ ਬੇਬੇ, ਘਰੇ ਕੱਤ-ਕੁੱਤ ਕੇ।

ਛੇਤੀ ਕਹੇ ਕਰਾਂਗੀ, ਦੇਰ ਕਾਹਨੂੰ ਕਰਨੀ।

ਸਵੈਟਰ ਬਣਾ ਕੇ ਇੱਕ, ਪਾਊਂ ਗਲ਼ੇ ਪੁੱਤ ਕੇ।

----

ਥੋੜ੍ਹੇ ਜੇ ਦਿਨਾਂ ‘ਚ, ਸਵੈਟਰ ਬੇਬੇ ਬੁਣਿਆ।

ਖਿੱਚ ਕੇ ਫਸਾਇਆ ਸਿਰ, ਖਿੱਚ ਧੂ੍ਹ ਬਾਹਾਂ ਵੀ।

ਚਾਅ ਮੈਨੂੰ ਚੜ੍ਹਿਆ, ਝੱਗੇ ਉੱਤੋਂ ਪਾ ਲਿਆ।

ਸਭ ਨੂੰ ਵੇਖਾਵਾਂ, ਆਪੇ ਹੀ ਸਰਾਹਾਂ ਵੀ।

----

ਸਵੈਟਰ ਸਜਾਏ ਮੈਨੂੰ, ਕਈ ਘੰਟੇ ਨਿੱਕਲ਼ੇ।

ਪਿੰਡੇ ਉੱਤੇ ਉੱਠੀ ਖਾਜ, ਤੰਗ ਕੀਤਾ ਪਿੱਤ ਨੇ।

ਸਵੈਟਰ ਨਾ ਖੁੱਲ੍ਹਿਆ, ਪੂਰਾ ਜ਼ੋਰ ਲਾ ਲਿਆ।

ਭੇਡਾਂ ਦੇ ਹੀ ਸਹੀ, ਭਲਾਂ ਵਾਲ਼ ਕਿਹਦੇ ਮਿੱਤ ਨੇ।

----

ਬਚਾਓ ਆ ਕੇ ਮਿੱਤਰੋ, ਯਾਰਾਂ ਨੂੰ ਬੁਲਾ ਲਿਆ।

ਸਾਰਿਆਂ ਨੇ ਆ ਕੇ, ਘੇਰਾ ਜਿਹਾ ਪਾ ਲਿਆ।

ਕਿਸੇ ਮੈਨੰ ਫੜਿਆ, ਕਿਸੇ ਝੱਗਾ ਖਿੱਚਿਆ।

ਸਵੈਟਰ ਉਹਨਾਂ ਨੇ, ਸਣੇ ਝੱਗੇ ਲਾਹ ਲਿਆ।

----

ਸਾਰਾ ਇਹ ਡਰਾਮਾ, ਬਾਪੂ ਨੇ ਵੀ ਵੇਖਿਆ।

ਬੇਬੇ ਨੂੰ ਜਾ ਦੱਸਿਆ, ਘਰ ਜਦ ਵੜਿਆ।

ਠੰਢ ’ਚ ਖਲੋਤਾ ਪੁੱਤ, ਪਿੰਡੇ ਨੂੰ ਘਰੋਟਦੈ।

ਝੱਗੇ ਤੋਂ ਬਿਨਾ ਹੀ, ਨੰਗਾ ਹੋਇਆ ਖੜ੍ਹਿਆ।

----

ਠੰਢ ਲੱਗੂ ਬੇਬੇ ਕਿਹਾ, ਘਰ ਚੱਲ ਪੁੱਤਰਾ!

ਸ਼ੀਸ਼ੀ ਚੋਂ ਤੇਲ ਕੱਢ, ਮੇਰੇ ਪਿੰਡੇ ਮੱਥਿਆ।

ਖਾਜ ਹੋਈ ਬੰਦ, ਬੜਾ ਚੰਗਾ ਲੱਗਿਆ।

ਹੱਥ ਜਦ ਮਾਂ ਮੇਰੀ, ਪਿੱਠ ਉੱਤੇ ਰੱਖਿਆ।

----

ਭੇਡਾਂ ਦੀ ਉੱਨ ਹੈ, ਜਾਂ ਘੋੜੇ ਦੀ ਜੱਤ ਬੇਬੇ?

ਸਵੈਟਰ ਨਹੀਂ ਪਾਉਣਾ, ਬਣ ਜਾਂਦੀ ਜਾਨ ਤੇ।

ਹੁਣ ਇਹ ਕੰਮ ਆਊ, ਕਿਤੇ ਦੇਣ ਲੈਣ ਦੇ।

ਜੋੜ ਦੇਵੀਂ ਨਾਲ ਕਿਤੇ, ਕੱਪੜੇ ਦੇ ਥਾਨ ਤੇ।

----

ਅਮਰੀਕਾ ਦੀ ਠੰਢ ਦਾ, ਦੁੱਖ ਸੀਤ ਹਵਾ ਦਾ।

ਭੇਡਾਂ ਦੀ ਉੱਨ ਚੋਂ, ਮਾਂ ਦਾ ਪਿਆਰ ਡੁੱਲ੍ਹਦਾ।

ਸਵੈਟਰ ਦੀ ਯਾਦ ਆਈ, ਮੈਨੂੰ ਐਦਾਂ ਲੱਗਦਾ।

ਬੇਬੇ ਦੇ ਸੰਦੂਖ ਵਾਂਗ, ਓਹ ਵੀ ਹੋਣਾ ਰੁਲ਼ਦਾ।

----

ਵਿਦੇਸ਼ ਵਿੱਚ ਬੈਠੇ ਨੂੰ, ਦੇਸ਼ ਯਾਦ ਆ ਗਿਆ।

ਕਿੱਦਾ ਉਤਾਰਾਂ ਰਿਣ, ਮਾਪਿਆਂ ਦੇ ਪੁੰਨ ਦਾ।

ਸਵੈਟਰ ਨਾ ਲੱਭਦਾ, ਮੈਨੂੰ ਓਹੀ ਚਾਹੀਦਾ।

ਬੇਬੇ ਦੇ ਹੱਥਾਂ ਵਾਲ਼ਾ, ਭੇਡਾਂ ਵਾਲੀ ਉੱਨ ਦਾ।


Saturday, March 28, 2009

ਕੁਲਦੀਪ ਸਿੰਘ ਬਾਸੀ - ਨਜ਼ਮ

ਸਾਹਿਤਕ ਨਾਮ: ਕੁਲਦੀਪ ਸਿੰਘ ਬਾਸੀ

ਅਜੋਕਾ ਨਿਵਾਸ: ਮਿਨੀਸੋਟਾ, ਯੂ.ਐੱਸ.ਏ.

ਕਿਤਾਬਾਂ: ਕਹਾਣੀ ਸੰਗ੍ਰਹਿ : ਸੰਯੋਗੀ ਮੇਲਾ, ਅਕਰਖਣ, ਕਾਵਿ ਵਾਰਤਾਲਾਪ: ਹਾਲਚਾਲ ਮਿੱਤਰਾਂ ਦਾ, ਲਘੂ ਕਵਿਤਾ-ਸੰਗ੍ਰਹਿ: ਨਿਬ ਦੀ ਨੋਕ ਚੋਂ ਛਪ ਚੁੱਕੀਆਂ ਹਨ ਅਤੇ ਕਾਵਿ-ਸੰਗ੍ਰਹਿ: ਮਨ ਮੰਥਨ (ਪ੍ਰਕਾਸ਼ਨ ਅਧੀਨ) ਹੈ।

----

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਬਾਸੀ ਸਾਹਿਬ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਵਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਦੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ‘ਆਰਸੀ’ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਸੀ ਸਾਹਿਬ ਨੂੰ ਆਰਸੀ ਦਾ ਲਿੰਕ ਡਾ: ਪ੍ਰੇਮ ਮਾਨ ਜੀ ਨੇ ਭੇਜਿਆ ਹੈ, ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।

------------

ਨਵੀਨ ਪ੍ਰਭਾਤ

ਨਜ਼ਮ

ਸਹਿਜ ਸੁਭਾ ਹੀ

ਪਤਨੀ ਬੋਲੀ

“ ਚੰਦਰਾ

ਦੋ ਹਜ਼ਾਰ ਨੌਂ!

ਹਾਲਤ ਖਸਤਾ

ਬੈਂਕਾਂ ਦੀ

ਦੇਸ਼ ਦੀ

ਇਕਾਨਮੀ ਦੀ

ਸ਼ੁਕਰੀਆ ਰੱਬ ਦਾ

ਤੁਹਾਡੀ ਨੌਕਰੀ

ਕਾਇਮ ਐ

ਸ਼ੁਕਰ, ਸ਼ੁਕਰ!”

.........

ਕਿਵੇਂ ਦੱਸਾਂ?

ਚਿਹਰੇ ਤੇ ਮੁਸਕਰਾਹਟ

ਹਾਂ, ਮੇਰੀ ਮੁਸਕਰਾਹਟ

ਓਪਰੀ ਜਿਹੀ

ਫਿੱਕੀ, ਫੋਕੀ

ਹੈ ਨਿਰਾ ਵਿਖਾਵਾ

ਬਨਾਵਟੀ!

ਜਨਤਾ ਨੂੰ

ਬਹੁਤਿਆਂ ਨੂੰ

ਰੋਟੀ ਦੇ ਸੰਸੇ

ਹੁਣ ਮੈਨੂੰ ਵੀ!

ਕਿਵੇਂ ਦੱਸਾਂ?

..........

ਬੱਚਤ ਅਲੋਪ

ਅੱਧੀ ਰਹਿ ਗਈ

ਹੱਥੋਂ ਖਿਸਕੀ

ਚੋਰੀ ਹੋ ਗਈ?

ਨਹੀਂ......

ਹਰਾਮਖੋਰੀ ਹੋਈ?

ਨਹੀਂ......

ਸ਼ਾਇਦ ਹੋਈ

ਬੋਰੀ ‘ਚ ਮੋਰੀ

...........

ਖੇਤ ਨੂੰ

ਵਾੜ ਖਾ ਗਈ!

ਬੈਂਕਾਂ ਦੇ ਰਖਵਾਲੇ

ਰਗੜ ਗਏ!

............

ਕਿਵੇਂ ਦੱਸਾਂ?

ਬੈਠ ਗਿਆ

ਭੱਠਾ!

ਕੰਪਨੀ ਦਾ

ਐਨੇ ਵਰ੍ਹਿਆਂ ਦਾ

ਸੇਵਾ ਫਲ਼

ਮੇਵਾ

ਵੀਹ ਸਾਲ ਬਾਅਦ

ਅੱਜ ਮਿਲਿਆ

ਅੱਜ ਹੀ ਹੋਈ

ਨੌਕਰੀ ਤੋਂ ਬਰਖ਼ਾਸਤਗੀ

ਰੋਵਾਂ ਕਿ ਹੱਸਾਂ

ਕਿਵੇਂ ਦੱਸਾਂ?

ਲੰਮੇ ਸਫ਼ਰ ਦਾ

ਅਚਨਚੇਤ ਅੰਤ

ਬੰਦ ਹੋਈ ਰਾਹ!

ਦੱਸ!

ਦੱਸਣਾ ਪਵੇਗਾ

..........

ਪਰ ਦੱਸ ਕਿ

ਆਇਆ ਹੈ

ਇੱਕ ਮੋੜ

ਨਵਾਂ ਨਕੋਰ

ਦੱਸ!!

ਪਰ ਹੱਸ ਕੇ

...........

ਸਾਸ ਨਾਲ਼ ਆਸ

ਆਈ ਹੈ ਰਾਤ

ਅਗਾਹਾਂ

ਨਵੀਨ ਪ੍ਰਭਾਤ!

======

ਕੀ ਪਾਪ ਕੀ ਪੁੰਨ

ਨਜ਼ਮ

ਭਿਆਨਕ, ਕਾਲ਼ੀ ਵੱਡੀ ਸੀ

ਮੱਕੜੀ

ਪੈਟੀਓ ਦਾ ਫਰਸ਼

ਫੁਰਤੀ ਨਾਲ਼ ਟੁਰਦੀ

ਅਗਾਹਾਂ ਵਧਦੀ ਗਈ

ਨਿੱਕਾ ਬਾਲਕ – ਖੇਡ ’ਚ ਮਸਤ

ਵੇਖ, ਖਤਰਾ ਭਾਂਪ ਗਿਆ

ਮੱਕੜੀ ਭਵਿੱਖ ਤੋਂ – ਬੇਖਬਰ

ਅਗਾਹਾਂ ਵਧਦੀ ਗਈ

ਖਤਰਾ ਬਾਲਕ ਦੇ ਨੇੜੇ

ਹੋਰ ਨੇੜੇ – ਚਲਦਾ ਆਇਆ

....................

ਮਨ ’ਚ ਦਹਿਲ, ਘਬਰਾਹਟ

ਬਾਲਕ ਕੀਤਾ ਵਾਰ

ਹੱਥ ਫੜ ਹਥਿਆਰ

ਰਬੜ ਦਾ ਖਿਡੌਣਾ

ਮੱਕੜੀ ਚਿੱਥੀ ਗਈ

ਬਾਲਕ ਹੱਸਿਆ

ਮੈਂ ਮ੍ਰਿਤਕ ਮੱਕੜੀ ਨੂੰ

ਵੇਖਿਆ, ਨੇੜਿਓਂ

...............

ਅਚੰਭਾ! ਅਚੰਭਾ!

ਨਿੱਕੀਆਂ ਕੀੜੀਆਂ

ਕਿੰਨੀਆਂ ਹੀ

ਵਾਹੋ ਦਾਹੀ

ਇੱਕ ਤੋਂ ਅੱਗੇ ਦੂਜੀ

ਮੱਕੜੀ ਦੀ ਲਾਸ਼ ਚੋਂ

ਜਾਨ ਬਚਾ ਭੱਜੀਆਂ

ਜਿਵੇਂ ਕਹਿੰਦੀਆ ਹੋਣ

‘ਜਾਨ ਬਚੀ ਲਾਖੋਂ ਪਾਏ’

...............

ਚਿੱਥੇ ਪੇਟ ਦਾ

ਚੀੜ੍ਹਾ, ਚਮਕੀਲਾ, ਰੇਸ਼ਮੀ ਪਾਣੀ

ਜਕੜ ਨਾ ਸਕਿਆ

ਵਿਚਾਰੀਆਂ ਨੂੰ।

ਵਧੀ ਹੋਈ ਜੋ ਸੀ!

.............

ਮੌਤ ਦਾ ਪੰਜਾ

ਢਿੱਲਾ ਪੈ ਗਿਆ

ਬਚ ਨਿਕਲ਼ੀਆਂ

ਕੀੜੀਆਂ

ਬਣ ਜਾਣਾ ਸੀ ਫਲੂਦਾ

ਭੋਜਨ, ਮੱਕੜੀ ਦਾ

ਮਿਲ਼ਿਆ ਦੂਜਾ ਜੀਵਨ

ਨਵੇਂ ਸਾਹ, ਪ੍ਰਭੂ ਦਯਾ!

ਸੋਚਾਂ.....

ਕਾਕੇ ਨੇ

ਕੀਤਾ ਪਾਪ

ਜਾਂ

ਕੀਤਾ ਪੁੰਨ?