ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, February 21, 2013

ਤੇਜਿੰਦਰ - ਆਰਸੀ 'ਤੇ ਖ਼ੁਸ਼ਆਮਦੇਦ - ਨਜ਼ਮਆਰਸੀ 'ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਤੇਜਿੰਦਰ
ਅਜੋਕਾ ਨਿਵਾਸ: ਮਲੇਰਕੋਟਲਾ, ਪੰਜਾਬ
ਪ੍ਰਕਾਸ਼ਿਤ ਕਿਤਾਬਾਂ: ਰਚਨਾਵਾਂ ਅਜੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਨਹੀਂ ਹੋਈਆਂ।
------
ਦੋਸਤੋ! ਅੱਜ ਮਲੇਰਕੋਟਲਾ, ਪੰਜਾਬ ਵਸਦੀ ਸ਼ਾਇਰਾ ਦੋਸਤ ਤੇਜਿੰਦਰ ਜੀ ਨੇ ਚੰਦ ਖ਼ੂਬਸੂਰਤ ਨਜ਼ਮਾਂ ਘੱਲ ਕੇ ਆਰਸੀ ਬਲੌਗ ਤੇ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਉਹ ਡਾ: ਤੇਜਵੰਤ ਮਾਨ ਜੀ ਦੀ ਸਪੁੱਤਰੀ ਹਨ ਅਤੇ ਫੇਸਬੁੱਕ ਤੇ ਆਰਸੀ ਸਾਹਿਤਕ ਕਲੱਬਾਂ ਨਾਲ਼ ਵੀ ਪਿਛਲੇ ਦੋ ਕੁ ਸਾਲਾਂ ਤੋਂ ਜੁੜੇ ਹੋਏ ਹਨ। ਮੇਰੀ ਘੌਲ਼ ਅਤੇ ਰੁਝੇਵਿਆਂ ਕਰਕੇ ਇਹ ਹਾਜ਼ਰੀ ਵੀ ਦੇਰੀ ਨਾਲ਼ ਲੱਗ ਰਹੀ ਹੈ। ਮੈਂ ਤੇਜਿੰਦਰ ਜੀ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਜੀ ਆਇਆਂ ਆਖ ਰਹੀ ਹਾਂ....ਬਹੁਤ-ਬਹੁਤ ਸ਼ੁਕਰੀਆ ।
ਅਦਬ ਸਹਿਤ
ਤਨਦੀਪ
********

ਅਲਵਿਦਾ
ਨਜ਼ਮ
ਅਲਵਿਦਾ!
ਲੱਗਦੈ ਹੁਣ ਵੇਲਾ ਆ ਗਿਆ
ਅੰਨ ਦਾਤਾ ਤੋਂ ਇਜਾਜ਼ਤ ਲੈਣ ਦਾ
ਤੇ ਕਿਸੇ ਪੁਰਾਣੇ ਨਜ਼ਲੇ ਭਰੇ ਰੁਮਾਲ ਨੂੰ
ਰੁਖ਼ਸਤ ਕਰਨ ਦਾ
ਰੀੜ ਦੀ ਹੱਡੀ 'ਚ ਅਟਕੇ
ਨਿਪੱਤਰੇ ਰੁੱਖ ਨੂੰ ਜੜ੍ਹੋਂ ਪੁੱਟ ਸੁੱਟਣ ਦਾ
ਤੇ ਉਸ ਦਾ ਸੰਸਕਾਰ ਕਰ
ਬਚੀ-ਖੁਚੀ ਰਾਖ ਨੂੰ ਗੰਗਾਂ 'ਚ ਵਹਾਅ
ਅੰਤਿਮ ਰਸਮਾਂ ਨੂੰ ਪੂਰਾ ਕਰਨ ਦਾ

ਹੁਣ
ਜੂਠ ਖਾਣ ਤੋਂ ਤੋਬਾ ਕਰੀ ਜਾਵੇ
ਅੱਧ ਸੜੇ ਟੋਟਿਆਂ ਨਾਲ਼
ਬੁੱਲਾਂ ਨੂੰ ਗਰਮਾਉਣ ਦੇ
ਆਨੰਦ ਦੀ ਆਦਤ ਨੂੰ ਵੀ ਵਿਦਾ ਕੀਤਾ ਜਾਵੇ
ਤਲਬ ਬਹੁਤ ਹੋਵੇ ਤਾਂ ਕਿਉਂ ਨਾ ਬਾਜ਼ਾਰ 'ਚੋਂ
ਨਵੀਂ ਨਕੋਰ ਪੈਕਿੰਗ ਖ਼ਰੀਦ
ਅੰਦਰਲੀ ਤੇ ਬਾਹਰਲੀ ਅੱਗ ਨੂੰ ਧੂੰਆਂ ਬਣਾ
ਆਲ਼ੇ ਦੁਆਲ਼ੇ ਦੀ ਪਵਿੱਤਰਤਾ
ਯੋਗਦਾਨ ਪਾਇਆ ਜਾਵੇ
ਕਿਉਂ ਨਾ ਸਿਰਨਾਵੇਂ ਰਹਿਤ ਲੋਕਾਂ ਨੂੰ
ਕਦੇ ਨਾ ਪਹੁੰਚਣ ਵਾਲੇ ਖ਼ਤਾਂ ਦਾ ਸਿਲਸਿਲਾ
ਬੰਦ ਕੀਤਾ ਜਾਵੇ
ਕਿਉਂ ਨਾ ਆਪਣਾ ਸਿਰਨਾਵਾਂ
ਕਿਸੇ ਗੁਪਤ ਭਾਸ਼ਾ ਚ ਲਿਖ
ਠਾਹ ਕਰਕੇ ਕਿਸੇ ਦੇ ਮੱਥੇ ਮਾਰਿਆ ਜਾਵੇ

ਕੀ ਜ਼ਰੂਰਤ ਹੈ? ਕਿਸੇ ਦੀਆਂ ਛਿੱਕਾਂ ਚੋਂ
ਆਪਣਾ ਵਜੂਦ ਲੱਭਣ ਦੀ?
ਤੇ ਉਸ ਖੰਡਿਤ ਵਜੂਦ ਨੂੰ ਸਮੇਟ
ਤੁਰ ਜਾਣ ਦੀ?

ਤੁਰ ਤਾਂ ਜਾਣਾ ਹੀ ਹੈ ਇਕ ਦਿਨ ਸਭ ਨੇ
ਫੇਰ ਕਿਸੇ ਹੋਰ ਦੇ ਦਿੱਤੇ ਦਾਨ ਦੇ ਸਮਾਨ ਨੂੰ
ਸ਼ਟੇਸ਼ਨ 'ਤੇ ਹੀ ਛੱਡ
ਗੱਡੀ ਕਿਉਂ ਨਾ ਫੜੀ ਜਾਵੇ  
ਅਲਵਿਦਾ…..
=====
ਬੋਗਨਵਿਲਿਆ ਅਤੇ ਨਿਪੱਤਰਾ ਰੁੱਖ
ਨਜ਼ਮ
ਪੁੰਨਿਆ ਦੀ ਰਾਤ...
ਚੰਨ ਆਪਣੀ ਮਸਤ ਚਲ ਤੁਰਦਾ ਜਾ ਰਿਹਾ ਸੀ
ਨਿਪੱਤਰੇ ਰੁੱਖ ਦਾ ਪਰਛਾਵਾਂ ਵਿਹੜੇ 'ਚ ਸਪਾਟ ਪਿਆ ਸੀ
ਰੁਮਕਦੀ ਪੌਣ ਇਕ ਖੂੰਜੇ ਲੱਗੀ
ਬੋਗਨਵਿਲਿਆ ਨੂੰ ਲਹਿਰਾ ਰਹੀ ਸੀ
ਬੋਗਨਵਿਲਿਆ ਦਾ ਪਰਛਾਵਾਂ
ਨਿਪੱਤਰੇ ਰੁੱਖ ਦੇ ਪਰਛਾਵੇਂ ਨੂੰ
ਛੋਹਣ ਦੀ ਕੋਸ਼ਿਸ ਕਰ ਰਿਹਾ ਸੀ....


ਨਿਪੱਤਰਾ ਰੁੱਖ ਖਿੱਝ ਕੇ ਬੋਲਿਆ  " ਕੀ ਕਰ ਰਹੀਂ ਹੈਂ ?"
ਬੋਗਨਵਿਲਿਆ ਹੱਸ ਕੇ ਬੋਲੀ " ਕੁਝ ਨਹੀਂ"
ਨਿਪੱਤਰਾ ਰੁੱਖ  "ਆਹ ਝੂੰਮਣ ਕਿਓਂ ਲੱਗੀ ਹੈਂ?"
ਬੋਗਨਵਿਲਿਆ  "ਹਵਾ ਰੁਮਕ ਰਹੀ ਹੈ "
ਇਕ ਹਵਾ ਦਾ ਬੁੱਲਾ ਆਇਆ...
ਬੋਗਨਵਿਲਿਆ ਦੇ ਕਿੰਨੇ ਹੀ ਫੁੱਲ ਕਿਰ ਗਏ .........

ਨਿਪੱਤਰਾ ਰੁੱਖ "ਆਹ ਕੀ
? ਤੇਰੇ ਫੁੱਲ ਤਾਂ ਕਿਰੀ ਜਾ ਰਹੇ ਨੇ....
ਫੁੱਲਾਂ ਤੋਂ ਬਗੈਰ ਕੀ ਕਰੇਂਗੀ ?"
ਬੋਗਨਵਿਲਿਆ  "ਤਾਂ ਕੀ .....ਰੁੱਤ ਬਦਲੇਗੀ.....ਫੇਰ ਬਹਾਰ ਆਵੇਗੀ ....."
ਨਿਪੱਤਰਾ ਰੁੱਖ  " ਜੇ ਨਾ ਆਈ ਤਾਂ?"
ਬੋਗਨਵਿਲਿਆ ਨੇ ਕੋਈ ਜਵਾਬ ਨਾ ਦਿੱਤਾ
ਇੱਕ ਤੇਜ਼ ਹਵਾ ਦਾ ਬੁੱਲਾ ਆਇਆ....
ਬੋਗਨਵਿਲਿਆ ਤੋਂ ਕਿੰਨੇ ਹੀ ਫੁੱਲ ਕਿਰ ਗਏ....
ਅਤੇ ਉਨ੍ਹਾਂ ਨੇ ਨਿਪੱਤਰੇ ਰੁੱਖ ਦੇ
ਪਰਛਾਵੇਂ ਨੂੰ ਢੱਕ ਦਿੱਤਾ.....
=====
ਤਸੱਵੁਰ
ਨਜ਼ਮ
ਕਿੰਨਾ ਸੁਰੱਖਿਅਤ ਹੈ
ਤੇਰਾ ਤਸੱਵੁਰ
ਮੇਰੇ ਜ਼ਿਹਨ ਵਿਚ
ਤੇਰੀ ਬੇਫ਼ਿਕਰੀ.....ਮੇਰੀ ਝਿਜਕ ਦਾ ਤਾਲਾ

 ਪਰ ਫੇਰ ਵੀ
ਜਦੋਂ ਸੁਣਦੀ ਹਾਂ ਗੀਤ ਕੋਈ
ਕਿਉਂ ਤੇਰਾ ਤਸੱਵੁਰ ਆ...
 ਗੀਤ ਦੇ ਸੁਰ
'ਚ ਘੁਲ਼ਮਿਲ਼ ਜਾਂਦਾ ਹੈ


ਕਿਸੇ ਕਵਿਤਾ ਦਾ ਬੰਦ ਬਣ
ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦਾ ਹੈ
ਕਿਉਂ ਉੱਭਰ ਆਉਂਦਾ ਹੈ
ਕਿਸੇ ਤਸਵੀਰ ਵਿਚਲੇ ਰੰਗਾਂ ਵਿਚ
ਤੇਰਾ ਅਕਸ....


ਅਛੋਪਲੇ ਜਿਹੇ ਆ ਬਹਿੰਦਾ ਹੈ ਮੇਰੀ ਮੁਸਕਾਨ 'ਤੇ
ਅਤੇ ਫੇਰ ਕਿੰਨੀ ਹੀ ਦੇਰ ਸਿੰਮਦਾ ਰਹਿੰਦਾ ਹੈ
ਸਿੱਕਰੇ-ਬੁੱਲ੍ਹਾਂ ਤੋਂ
ਲਾਲ ਜਿਹੇ ਰੰਗ ਦਾ ਤਰਲ
ਕਦੇ ਬਣ ਜਾਂਦਾ ਹੈ
ਅੱਖਾਂ ਦੇ ਕੋਇਆਂ 'ਚੋਂ ਤਿਲ੍ਹਕਦਾ
ਇਕ ਤੁਪਕਾ.....
ਜੋ ਹੋਠਾਂ ਦੇ ਰਸਤੇ
ਧੁਰ ਅੰਦਰ ਤੱਕ ਦਾ
ਸਫ਼ਰ ਤਹਿ ਕਰਦਾ ਹੈ

ਕਦੇ ਸ਼ੀਸ਼ੇ ਵਿਚਲੇ ਮੇਰੇ ਅਕਸ ਤੇ
ਝਾਤੀ ਮਾਰ ਮੁਸਕਰਾ ਲੰਘ ਜਾਂਦਾ ਹੈ
ਅਤੇ ਮੈਂ ਆਪਣੇ ਆਪ ਨੂੰ ਸਮੇਟਦਿਆਂ
ਕਿੰਨੇ ਹੀ ਰੰਗਾਂ
ਚ ਰੰਗੀ ਜਾਂਦੀ ਹਾਂ ....

ਕਦੇ ਇੱਕ ਸ਼ਰਾਰਤੀ ਬੱਚਾ ਬਣ
ਆ ਸ਼ੁਮਾਰ ਹੁੰਦੈ ਮੇਰੀਆਂ ਸ਼ਰਾਰਤਾਂ ਵਿਚ
ਅਤੇ ਫਿਰ ਛਲੇਡੇ ਵਾਂਗ ਗ਼ਾਇਬ ਹੋ ਜਾਂਦੈ
ਅਤੇ ਜੰਮ ਜਾਂਦੀ ਹੈ ਮੇਰੇ ਚਿਹਰੇ ਤੇ
ਸੰਜੀਦਗੀ ਦੀ ਇਕ ਪਰਤ
ਜਿਸਦੇ ਹੇਠਾਂ ਉਸਲਵੱਟੇ ਲੈਂਦੀ ਉਦਾਸੀ
ਚਿਹਰੇ ਦੀਆਂ ਲਕੀਰਾਂ ਵਿਚ
ਇਕਮਿਕ ਹੋ ਜਾਂਦੀ ਹੈ.....

ਚਾਨਣੀਆਂ ਰਾਤਾਂ ਵਿੱਚ
ਮੱਲਕ ਦੇਣੇ ਚਾਨਣ ਦਾ ਛਿੱਟਾ ਦੇ
ਆਪ ਚੰਨ
'ਤੇ ਜਾ ਬੈਠ ਹੱਸਣ ਲਗਦਾ ਹੈ
ਅਤੇ ਮੈਂ ਚਾਨਣੀ 'ਚ ਤੱਕਣ ਲਗਦੀ ਹਾਂ
ਅਪਣਾ ਹੀ ਪਰਛਾਵਾਂ
ਪਰਛਾਵੇਂ ਨਾਲ ਗੱਲਾਂ ਕਰਦੀ
ਬਣਦੀ ਹਾਂ ਹਾਸੇ ਦੀ ਪਾਤਰ
=====
ਕਿਰਦੀ ਰੇਤ
ਨਜ਼ਮ
ਜਿੰਨਾ ਸੰਭਲਣ ਦੀ ਕੋਸ਼ਿਸ਼ ਕੀਤੀ
ਓਨਾ ਹੀ ਬਿਖਰੀ ਹਾਂ ਮੈਂ
ਜਿਵੇਂ ਮੁੱਠੀ ਚ ਘੁੱਟੀ ਰੇਤ ਕਿਰੀ
ਮੈਂ ਤੇਰੇ ਕ਼ਦਮਾਂ ਚ ਇੰਝ ਰੁਲ਼ੀ ....
ਜਿਵੇਂ ਸ਼ਿਵ ਦੇ ਗਲ਼ਵੇਂ ਤੋਂ ਉਤਰ
ਧਰਤੀ ਤੇ ਰੀਂਗਦਾ ਇਕ ਗੰਡੋਇਆ....
ਪਾਰਵਤੀ ਨੇ ਅਪਣੇ ਵਾਲ਼ਾਂ ਚੋਂ ਲਾਹ
ਝਟਕ ਦਿੱਤਾ ਹੋਵੇ ਮੁਰਝਾਇਆ ਕੋਈ
ਬੋਗਨਵਿਲੀਆ ਦਾ ਬੇਰੰਗਾ ਫੁੱਲ....
ਜਿਵੇਂ ਕ੍ਰਿਸ਼ਨ ਦੀ ਤਿਆਗੀ ਕੋਈ ਬੰਸਰੀ
ਜਿਸਨੂੰ ਅਪਣੇ ਬੁੱਲ੍ਹਾਂ ਨੂੰ ਛੁਹਾ
ਬਿਨਾ ਕੋਈ ਸੁਰ ਛੇੜੇ
ਮਸਤ ਹੋ ਗਿਆ ਹੋਵੇ ਕਾਨ੍ਹਾ
ਆਪਣੀ ਰਾਸ ਲੀਲਾ ਵਿਚ....
ਜਿਵੇਂ ਪਰਦਾ ਉੱਠਣ ਤੋਂ ਪਹਿਲਾਂ ਹੀ
ਨਾਟਕ ਖ਼ਤਮ ਹੋਣ ਦੀ ਘੋਸ਼ਣਾ....
ਜਿਵੇਂ ਕੰਜਰੀ ਦੀ ਝਾਂਜਰ ਚੋਂ ਟੁੱਟ ਕੇ
ਖੂੰਜੇ ਲੱਗਿਆ ਘੁੰਗਰੂ....
ਜਿਵੇਂ ਥਲਾਂ ਚ ਸਹਿਕਦੀ ਸੱਸੀ ਦੀ
ਅਣਸੁਣੀ ਆਖ਼ਰੀ ਮੱਧਮ ਹਿਚਕੀ....
ਜੋ ਉਸਦੇ ਆਪਣੇ ਕੰਨਾਂ ਤੱਕ ਵੀ ਨਾ ਉੱਪੜੀ....
ਜਿਵੇਂ ਡੁੱਬਦੀ ਸੋਹਣੀ ਦਾ
ਖੁਰੇ ਜਾਂਦੇ ਘੜੇ ਨੂੰ
ਘੁੱਟ ਕੇ ਫੜਨ ਦਾ ਆਖਰੀ ਹੰਭਲਾ....
.............
ਮੈਂ ਤੇਰੇ ਕ਼ਦਮਾਂ
ਚ ਇੰਝ ਰੁਲ਼ੀ....
=====
ਇਕ ਅਜਬ ਸੱਨਾਟਾ
ਨਜ਼ਮ
ਇਕ ਗਜ਼ਬ ਦੀ ਸੁੰਨ ਛਾਈ ਹੋਈ ਹੈ
ਪ੍ਰਕਿਰਤੀ ਚੁੱਪ ਹੈ
ਬ੍ਰਹਮਾ ਹੈਰਾਨ ਹੈ
ਨਾ ਗੰਗਾ-ਯਮੁਨਾ ਵਗ ਰਹੀ ਹੈ
ਨਾ ਕੋਇਲ ਕੂਕ ਰਹੀ ਹੈ
ਨਾ ਮੋਰ ਪੈਲ ਪਾ ਰਿਹਾ ਹੈ
ਨਾ ਬੱਦਲ ਵਰ੍ਹ ਰਿਹਾ
ਨਾ ਬਿਜਲੀ ਗਰਜ ਰਹੀ ਹੈ
ਚੰਨ ਮਹਿਜ਼ ਇਕ ਗੋਲ਼ਾ ਬਣ ਕੇ
ਅੰਬਰ ਵਿੱਚ ਸਟਿਲ ਹੋ ਗਿਆ ਹੈ
ਨਾ ਸੂਰਜ ਤਪਿਸ਼ ਨਾਲ ਮਘ ਰਿਹਾ ਹੈ

ਉਫ਼! ਇਹ ਕਿਹੋ ਜਿਹੀ ਸ਼ਾਂਤੀ ਹੈ
ਜੋ ਸਕੂਨ ਵੀ ਨਹੀਂ ਕਹਿ ਸਕਦੇ
ਵਿਸ਼ਨੂੰ ਅੱਖ ਚੁਰਾ ਰਿਹਾ ਹੈ
ਤੇ ਮਹੇਸ਼ ਜਿਵੇਂ ਲੰਬੀ ਛੁੱਟੀ ਲੈ ਕੇ
ਇਧਰ ਉਧਰ ਹੋ ਗਿਆ ਹੈ
ਪ੍ਰਕਿਰਤੀ ਵਿਚਲਾ ਸੱਨਾਟਾ
ਬ੍ਰਹਿਮੰਡ ਨੂੰ ਚੱਕਰਾਂ ਵਿਚ ਪਾ ਰਿਹਾ ਹੈ
ਕਿਤੇ ਪ੍ਰਕਿਰਤੀ ਦੇ ਪਾਗਲ ਹੋਣ ਦੀ
ਸੂਚਨਾ ਤਾਂ ਨਹੀਂ ਮਿਲ਼ਣ ਵਾਲ਼ੀ
ਖ਼ਤਰੇ ਦੀ ਘੰਟੀ ਦੀ ਅਜੀਬ ਆਵਾਜ਼
ਦੂਰ ਕਿਸੇ ਹਨੇਰੀ ਗੁਫ਼ਾ ਵਿਚ....
.........
ਨਹੀਂ..! ਨਹੀਂ....!!
ਕੋਈ ਸ਼ੋਰ ਨਹੀਂ .....
ਕੋਈ ਚੋਰ ਨਹੀਂ .....
ਇਹੀ ਤਾਂ ਹੈ ਬਸ ਸੱਨਾਟਾ.....
=====
ਕਈ ਦਿਨਾਂ ਤੋਂ...
ਨਜ਼ਮ

ਕਈ ਦਿਨਾਂ ਤੋਂ  ਸਮੁੰਦਰ ਸ਼ਾਂਤ ਹੈ
ਲਗਦੈ ਅਛੋਪਲੇ ਜਿਹੇ
ਸ਼ਿਵ ਦੀਆਂ ਜਟਾਵਾਂ ਟੋਹਣ ਤੁਰ ਗਿਆ ਏ
ਇਕ ਹੋਰ ਗੰਗਾ ਨੂੰ ਮੁਕਤ ਕਰਨ ਲਈ
ਤੇ ਓਹ ਪੁਰਾਤਨ ਯੁੱਗ ਵਾਲ਼ੀ
ਓਹ ਕਮਲੀ.....
ਕਿਸੇ ਮਾਰੂਥਲ ਨੂੰ ਸਿੰਞ ਸਿੰਞ
ਆਪ ਹੀ ਗਵਾਚ ਗਈ
ਰੇਤ ਦੇ ਵਿਸ਼ਾਲ ਸਮੁੰਦਰ ਵਿਚ...
ਕੀ ਸਮੁੰਦਰ ਵੀ ਕਦੇ
ਪਿਆਸ ਬੁਝਾਉਣ ਦੀ ਸੋਚੇਗਾ
ਜਾਂ ਉਸਦਾ ਖਾਰਾਪਨ
ਹੜੱਪ ਜਾਵੇਗਾ ...
ਆਕਾਸ਼ ਗੰਗਾ ਵੀ ਇਕ ਦਿਨ.....

Wednesday, February 20, 2013

ਬਾਬਾ ਨਜਮੀ - ਗ਼ਜ਼ਲਗ਼ਜ਼ਲ
ਤੇਰੇ ਸ਼ਹਿਰ ਦੇ ਬਾਬਾ ਨਜਮੀ, ਲੋਕ ਚੰਗੇਰੇ ਹੁੰਦੇ।
ਝੁੱਗੀਆਂ ਵਿੱਚ ਨਾ ਚਾਨਣ ਬਦਲੇ, ਘੁੱਪ-ਹਨੇਰੇ ਹੁੰਦੇ।

ਫੁੱਲਾਂ ਦੇ ਗੁਲਦਸਤੇ ਘੱਲਦੇ ਇਕ ਦੂਜੇ ਦੇ ਵੱਲੇ,
ਗਿਰਜੇ ਮੰਦਰ ਵਿੱਚ ਮਸੀਤੇ ਲੋਕ ਜੇ ਮੇਰੇ ਹੁੰਦੇ।

ਮੈਂ ਵੀ ਘਰ ਦੇ ਓਬੜਾਂ ਅੱਗੇ ਰਾਜ਼ ਜੇ ਵੇਚੇ ਹੁੰਦੇ,
ਸਰਦਾ ਫੁੰਮਣ ਸਿਰ
ਤੇ ਹੁੰਦਾ, ਲੰਡਨ ਡੇਰੇ ਹੁੰਦੇ।

ਮੈਂ ਵੀ ਆਪਣੇ ਸੱਜਣਾਂ ਉੱਤੇ ਫੁੱਲਾਂ ਦਾ ਮੀਂਹ ਪਾਉਂਦਾ,
ਮੇਰੇ ਵੀ ਜੇ ਲੋਕਾਂ ਵਾਂਗੂੰ, ਕਾਸ਼, ਬਨੇਰੇ ਹੁੰਦੇ।

ਮੇਰੇ ਚੰਮ ਦੀਆਂ ਵੱਟੀਆਂ ਵੱਟੋ, ਲਹੂ ਨਾਲ਼ ਭਰ ਲਓ ਦੀਵੇ,
ਕਰ ਲਓ ਘਰ ਦੇ ਲੋਕੋ ਜੀਕਣ ਦੂਰ ਹਨੇਰੇ ਹੁੰਦੇ।

ਮੇਰਾ ਨਾਂ ਵੀ ਹੁੰਦਾ, ਬਾਬਾ, ਉਤਲੇ ਵਿੱਚ ਅਦੀਬਾਂ,
ਮੈਂ ਵੀ ਸ਼ਾਹ ਦੇ ਚਮਚੇ ਅੱਗੇ ਹੰਝੂ ਕੇਰੇ ਹੁੰਦੇ।

Sunday, February 17, 2013

ਆਰਸੀ 'ਤੇ ਖ਼ੁਸ਼ਆਮਦੇਦ - ਰੇਨੂ ਨਈਅਰ - ਗ਼ਜ਼ਲਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਰੇਨੂ ਨਈਅਰ
ਅਜੋਕਾ ਨਿਵਾਸ:  ਜਲੰਧਰ, ਪੰਜਾਬ
ਪ੍ਰਕਾਸ਼ਿਤ ਕਿਤਾਬਾਂ: ਇਕ ਕਾਵਿ-ਸੰਗ੍ਰਹਿ ਪ੍ਰਕਾਸ਼ਨ ਅਧੀਨ ਹੈ।
------
ਦੋਸਤੋ! ਅੱਜ ਜਲੰਧਰ ਵਸਦੀ ਸ਼ਾਇਰਾ ਦੋਸਤ ਰੇਨੂ ਨਈਅਰ ਜੀ ਨੇ ਦੋ ਖ਼ੂਬਸੂਰਤ ਗ਼ਜ਼ਲਾਂ ਘੱਲ ਕੇ ਆਰਸੀ ਬਲੌਗ
ਤੇ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਉਹ ਜਸਵਿੰਦਰ ਮਹਿਰਮ ਸਾਹਿਬ ਤੋਂ ਗ਼ਜ਼ਲ ਦੀਆਂ ਬਾਰੀਕੀਆਂ ਸਿੱਖ ਰਹੇ ਹਨ। ਪਿਛਲੇ ਇਕ ਸਾਲ ਤੋਂ ਕੋਲਾਜ ਪਬਲੀਕੇਸ਼ਨ ਤੋਂ ਕਿਤਾਬਾਂ ਦੀ ਸੰਪਾਦਨਾ ਅਤੇ ਪ੍ਰਕਾਸ਼ਨਾ ਵੀ ਕਰ ਰਹੇ ਹਨ। ਉਹ ਫੇਸਬੁੱਕ ਤੇ ਆਰਸੀ ਸਾਹਿਤਕ ਕਲੱਬਾਂ ਦੇ ਕੋ-ਐਡਮਿਨ ਵੀ ਹਨ। ਮੇਰੀ ਘੌਲ਼ ਕਰਕੇ ਇਹ ਹਾਜ਼ਰੀ ਵੀ ਦੇਰੀ ਨਾਲ਼ ਲੱਗ ਰਹੀ ਹੈ। ਮੈਂ ਰੇਨੂ ਜੀ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਜੀ ਆਇਆਂ ਆਖ ਰਹੀ ਹਾਂ, ਤੇ ਦੁਆ ਕਰਦੀ ਹਾਂ ਕਿ ਜਲਦੀ ਹੀ ਉਹਨਾਂ ਦੀ ਕਿਤਾਬ ਪੜ੍ਹਨ ਨੂੰ ਮਿਲ਼ੇ....ਆਮੀਨ! ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ
********
ਗ਼ਜ਼ਲ
ਤੇਰੇ ਸਦਕੇ ਗ਼ਜ਼ਲ ਮੇਰੀ, ਮੇਰਾ ਅਭਿਮਾਨ ਬਣ ਕੇ ਆ
ਨਿਭਾਵਾਂਗੀ ਸਦਾ ਤੈਨੂੰ ਕੋਈ ਫੁਰਮਾਨ ਬਣ ਕੇ ਆ

ਬਡ਼ੇ ਆਰੋਹ ਤੇ ਅਵਰੋਹ ਹੰਢਾ ਬੈਠੀ ਹਾਂ ਜੀਵਨ ਦੇ
ਜੇ ਆ ਸਕਦੈਂ ਤਾਂ ਹੁਣ ਕੋਈ ਸੁਰੀਲੀ ਤਾਨ ਬਣ ਕੇ ਆ

ਭੁਲਾ ਕੇ ਤੂੰ ਤੇਰਾ ਰੁਤਬਾ ਵਿਚਰ ਦੁਸ਼ਵਾਰ ਦੁਨੀਆਂ ਵਿਚ
ਤੂੰ ਪਥਰ ਦੇ ਖ਼ੁਦਾ ਦੀ ਥਾਂ ਕਦੀ ਇਨਸਾਨ ਬਣ ਕੇ ਆ

ਜੋ ਰੂਹ ਨੂੰ ਪਾਕ ਕਰ ਦੇਵੇ ਤੇ ਮਨ ਦੀ ਵੀ ਗਿਰਹ ਖੋਲ੍ਹੇ
ਸੁਬ੍ਹਾ ਦੀ ਆਰਤੀ ਵਰਗੀ ਕੋਈ ਆਜ਼ਾਨ ਬਣ ਕੇ ਆ

ਨਿਰਰਥਕ ਦੌੜ ਵਿੱਚ ਲੱਗਿਆ ਹੈ ਮਨ ਦਾ ਬੇਲਗਾਮਾ ਰਥ
ਮੈਂ ਇਸ ਵਾਰੀ ਵੀ ਅਰਜੁਨ ਹਾਂ, ਮੇਰਾ ਰਥਵਾਨ ਬਣ ਕੇ ਆ

ਦੁਸ਼ਾਸਨ ਅੱਜ ਵੀ ਐਥੇ ਹੈ, ਤੇ ਅੱਜ ਵੀ ਦਰੋਪਦੀ ਐਥੇ
ਜੋ ਰੋਕੇ ਚੀਰ-ਹਰਨਾਂ ਨੂੰ, ਕਿਸ਼ਨ ਭਗਵਾਨ ਬਣ ਕੇ ਆ

ਧਰਤ ਬਣ ਕੇ ਵਿਛਾ ਰੱਖਿਆ ਹੈ ਆਪਣਾ ਆਪ ਕ਼ਦਮਾਂ ਵਿੱਚ
ਦਿਖਾ ਅਪਣਾ ਵਡੱਪਨ ਤੂੰ ਮੇਰਾ ਅਸਮਾਨ ਬਣ ਕੇ ਆ

ਉਡੀਕੇ ਘਰ ਦਾ ਆਂਗਨ ਫਿਰ ਕੋਈ ਮਾਸੂਮ ਕਿਲਕਾਰੀ
ਐ ਮੇਰੀ ਮਾਂ ਤੂੰ ਇਸ ਵਾਰੀ ਮੇਰੀ ਸੰਤਾਨ ਬਣ ਕੇ ਆ

ਭਰਮ ਵਿੱਚ ਜਾਲ਼ ਜਾਂਦੇ ਨੇ ਕਿਉਂ ਮਿਥਿਹਾਸ ਦੇ ਪਾਤਰ
ਜੇ ਤੋੜੇਂ ਜਕੜਨਾ ਮਨ ਦੀ ਤਾਂ ਤੂੰ ਵਿਗਿਆਨ ਬਣ ਕੇ ਆ

ਉਡੀਕਾਂਗੀ ਐ ਸ਼ਾਮੇ-ਜ਼ਿੰਦਗੀ ਤੈਨੂੰ ਮੈਂ ਹਰ ਪਲ ਹੀ
ਤੂੰ ਭਾਵੇਂ ਮਾਣ ਬਣ ਕੇ ਆ, ਭਾਵੇਂ  ਅਪਮਾਨ ਬਣ ਕੇ ਆ
-----
ਗ਼ਜ਼ਲ
ਚਲੋ ਹੁਣ ਤਾਂ ਚਿਰਾਂ ਤੋਂ ਧੁਖ ਰਿਹਾ ਲਾਵਾ ਨਿਕਲ ਜਾਵੇ
ਅਗਰ ਪੂਰੀ ਨਹੀਂ ਤਾਂ ਕੁਝ ਨਾ ਕੁਝ ਹਾਲਤ ਬਦਲ ਜਾਵੇ

ਮੈਂ ਕੁਝ ਵੀ ਕਹਿਣ ਲੱਗਾਂ ਤਾਂ ਤੇਰਾ ਹੀ ਜ਼ਿਕਰ ਆ ਜਾਂਦੈ
ਮੇਰੀ ਹਰ ਸੋਚ ਆਖ਼ਿਰ ਤੇਰੀਆਂ ਸੋਚਾਂ 'ਚ ਢਲ ਜਾਵੇ

ਕਰੀਂ ਇਹ ਆਸ ਮੌਸਮ ਤੋਂ ਨਵੀਂ ਰੁਤ ਆਉਣ ਤੋਂ ਪਹਿਲਾਂ
ਗਈ ਰੁਤ ਵਾਂਗ ਜੀਵਨ ਦਾ ਵੀ ਹਰ ਮੰਜ਼ਰ ਬਦਲ ਜਾਵੇ

ਕਿਵੇਂ ਪਰਪੰਚ ਰਚਦਾ ਹੈ ਨਾ ਤੂੰ ਜਾਣੇਂ ਨਾ ਮੈਂ ਜਾਣਾਂ
ਇਹ ਭੈੜਾ ਮੌਤ ਦਾ ਅਜਗਰ ਕਦੋਂ ਕਿਸ ਨੂੰ ਨਿਗਲ ਜਾਵੇ

ਇਵੇ ਲੱਗਿਆ ਤੇਰਾ ਮੈਨੂੰ ਬਿਨਾ ਮਿਲਿਆਂ ਹੀ ਮੁੜ ਜਾਣਾ
ਹਵਾ ਜੀਕਣ ਬਿਨਾ ਮਹਿਕੇ ਹੀ ਗੁਲਸ਼ਨ 'ਚੋਂ ਨਿਕਲ ਜਾਵੇ

ਕਹੇਂ ਤਾਂ ਮੁਸਕੁਰਾ ਕੇ ਪੀ ਲਵੇਗੀ ਜ਼ਹਿਰ ਵੀ ਰੇਨੂ
ਬਸ਼ਰਤੇ ਇਸ 'ਚ ਤੇਰੇ ਪਿਆਰ ਦੀ ਇਕ ਬੂੰਦ ਰਲ ਜਾਵੇ

Thursday, February 14, 2013

ਪਰਮਿੰਦਰ ਸੋਢੀ - ਨਵਾਂ ਕਾਵਿ-ਸੰਗ੍ਰਹਿ 'ਪਲ ਛਿਣ ਜੀਣਾ' - ਨਜ਼ਮਾਂ
ਦੋਸਤੋ! 12 ਫਰਵਰੀ, 2013 ਨੂੰ ਓਸਾਕਾ, ਜਾਪਾਨ ਵਸਦੇ ਸੁਪ੍ਰਸਿੱਧ ਲੇਖਕ ਜਨਾਬ ਪਰਮਿੰਦਰ ਸੋਢੀ ਸਾਹਿਬ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ  ਪਲ ਛਿਣ ਜੀਣਾ ਆਰਸੀ ਲਈ ਪਹੁੰਚੀ ਸੀ, ਜਿਸ  ਨਾਲ਼ ਆਰਸੀ ਦੀ ਲਾਇਬ੍ਰੇਰੀ ਵਿਚ ਨਾਯਾਬ ਵਾਧਾ ਹੋਇਆ ਹੈ। ਅੱਜ ਦੀ ਪੋਸਟ ਵਿਚ ਏਸੇ ਅਤਿ ਖ਼ੂਬਸੂਰਤ ਕਿਤਾਬ ਵਿੱਚੋਂ ਚੰਦ ਨਜ਼ਮਾਂ ਤੁਹਾਡੇ ਨਾਲ਼ ਸਾਂਝੀਆਂ ਕਰ ਰਹੀ ਹਾਂ... ਪਲ ਛਿਣ ਜੀਣਾ ਕਾਵਿ-ਸੰਗ੍ਰਹਿ ਦੀ ਵਿਸਤਾਰਿਤ ਜਾਣਕਾਰੀ ਟਾਈਟਲ ਸਕੈਨ ਸਹਿਤ ਆਰਸੀ ਸੂਚਨਾਵਾਂ ਤੇ ਵੀ ਪੋਸਟ ਕੀਤੀ ਗਈ ਹੈ, ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਦੋਸਤ ਸਾਰੀ ਜਾਣਕਾਰੀ ਉਥੋਂ ਹਾਸਿਲ ਕਰ ਸਕਦੇ ਹਨ। ਸੋਢੀ ਸਾਹਿਬ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਇਸ ਕਿਤਾਬ ਦੇ ਪ੍ਰਕਾਸ਼ਨ ਤੇ ਬਹੁਤ-ਬਹੁਤ ਮੁਬਾਰਕਬਾਦ..:)
ਅਦਬ ਸਹਿਤ

ਤਨਦੀਪ ਤਮੰਨਾ
=======
ਤੇਰੇ ਚਾਨਣ
ਨਜ਼ਮ

ਕੜੇ ਕੰਙਣ
ਮਖੌਟੇ ਵਸਤਰ
ਧਰਮ ਸ਼ਾਸਤਰ
ਵਿਚਾਰ ਅਸਤਰ
ਲਾਹ ਕੇ ਆਏ ਹੋ

ਕਿੰਨੇ ਸੋਹਣੇ
ਲਗਦੇ ਹੋ.....

ਮੈਂ ਵੀ ਅਗਨ-ਪ੍ਰੀਖਿਆ
ਚੋਂ
ਲੰਘ ਕੇ
ਆਇਆ ਹਾਂ

ਹੁਣ
ਸਹਿਜ ਤਨ
ਸਰਲ ਮਨ

ਤੇਰੇ ਚਾਨਣ

ਡੁੱਬਿਆ ਹਾਂ....

======
ਜੁਗਨੂੰ ਦੀ ਜੂਨ
ਨਜ਼ਮ

ਇਕ ਪਲ ਰੁਕਣਾ
ਫੁੱਲ ਕੋਲ਼ ਬਹਿਣਾ
ਤੇਰੇ ਵੱਲ ਦੇਖਣਾ

ਇਕ ਪਲ ਰੁਕਣਾ
ਨੰਗੇ ਪੈਰੀਂ ਤੁਰਨਾ
ਤੇਰੇ ਹੱਥਾਂ ਨੂੰ ਛੂਹਣਾ

ਇਕ ਪਲ ਰੁਕਣਾ
ਜ਼ਿੰਦਗੀ ਨੂੰ ਚੁੰਮਣਾ
ਤੇਰੇ ਕੋਲ਼ ਕੋਲ਼ ਹੋਣਾ

ਇਸ ਤੋਂ ਪਰੇ
ਜੋ ਵੀ ਹੈ
ਉਹ ਮੇਰਾ ਨਹੀਂ ਹੈ

ਮੈਨੂੰ ਰੇਤ ਦੇ
ਪਹਾੜ
ਤੇ
ਖੜ੍ਹਾ ਨਾ ਕਰ

ਮੈਨੂੰ ਬੀਤ ਗਏ
ਵਕ਼ਤ ਦੀ
ਸੂਲ਼ੀ ਨਾ ਟੰਗ

ਮੈਂ ਭੂਤਾਂ ਨਾਲ਼
ਲੜਨਾ ਨਹੀਂ ਜਾਣਦਾ

ਮੇਰੀ ਹਸਤੀ
ਕਿਸੇ ਜੁਗਨੂੰ ਦੀ
ਇਕ ਛਿਣ ਲੰਬੀ
ਟਿਮਟਿਮ ਤੋਂ ਵੱਧ
ਕੁਝ ਨਹੀਂ ਹੈ

ਮੈਨੂੰ ਸਾਲਾਂ
ਤੇ ਸਦੀਆਂ ਨਾਲ਼
ਨਾ ਨਾਪ

ਮੈਂ ਹੁਣ ਹਾਂ
ਸ਼ਾਮ ਤਕ ਹੋਵਾਂ
ਜਾਂ ਨਾ ਹੋਵਾਂ

ਮੈਂ ਇੱਥੇ ਹਾਂ
ਮੈਨੂੰ ਇੱਥੇ ਹੀ
ਹੋਣ ਦੇ

ਹੁਣ ਅਤੇ ਇੱਥੇ
ਇਸ ਪਲ
ਮੈਂ ਸਾਰੇ ਦਾ ਸਾਰਾ
ਤੇਰਾ ਹਾਂ....
=======
ਉਸਦੇ ਰੰਗ
ਨਜ਼ਮ

ਤੂੰ ਆਈ
ਤਾਂ ਬੱਦਲ਼ ਦਿਸਹੱਦੇ ਦੀਆਂ
ਪੌੜੀਆਂ ਉਤਰ ਗਏ

ਦੂਰ ਤਕ ਫੈਲੇ ਹਰੇ ਖੇਤ
ਤੇ ਖੇਤਾਂ
ਚ ਖੜ੍ਹਾ ਬਿਰਖ਼
ਨਿੱਖਰ ਕੇ ਲਿਸ਼ਕਣ ਲੱਗੇ

ਮੈਂ ਕਿਹਾ:-
”…ਇਹ ਮੇਰਾ ਪੰਜਾਬ ਹੈ
ਹਰਿਆਲੀ ਨਾਲ਼ ਭਾਵੇਂ
ਤੂੰ ਆਪਣੇ ਦਿਲ ਨੂੰ
ਨੱਕੋ-ਨੱਕ ਭਰ ਲੈ
.

ਉਸ ਨੇ ਕਿਹਾ:-
”….ਤੂੰ ਮੇਰੇ ਦੇਸ ਆਵੀਂ
ਦੂਰ ਤਕ ਪੱਸਰੇ ਸਾਗ਼ਰ ਦੇਖੀਂ
ਤੇ ਫਿਰ ਚਾਹੇ
ਆਪਣੀ ਰੂਹ ਨੂੰ
ਨੀਲ-ਅਸਮਾਨੀ ਕਰ ਲਈਂ
….”

ਸਾਹਮਣੀ ਤਾਰ
ਤੇ ਬੈਠਾ
ਪਰਿੰਦਾ ਜ਼ਰਾ ਕੁ ਹੱਸਿਆ
ਉਸ ਦੇ ਪੈਰਾਂ
  ਜੁੰਬਿਸ਼ ਹੋਈ

ਫਿਰ ਉਸਨੇ ਹਰਿਆਲੀ ਨਾਲ਼
ਆਪਣੀ ਚੁੰਝ ਭਰੀ
ਤੇ ਨੀਲੇ ਸਾਗ਼ਰਾਂ ਵੱਲ
ਉਡਾਰੀ ਮਾਰ ਗਿਆ....
====
ਤੇਰਾ ਮਿਲ਼ਣਾ
ਨਜ਼ਮ

ਜਦੋਂ ਮਿਲ਼ੇ ਸਾਂ
ਤਾਂ ਕਿੰਨੇ
ਵੱਖਰੇ ਸਾਂ

ਜਦੋਂ ਵਿੱਛੜੇ
ਤਾਂ ਕਿੰਨੇ
ਇਕ ਸਮਾਨ

ਮੈਂ ਤਾਂ
ਭਾਵਾਂ ਦੀ
ਉਲ਼ਝੀ ਬਾਤ ਸਾਂ
ਜਾਂ
ਸੋਚਾਂ ਦੀ
ਉੱਬੜ ਖਾਬੜ ਜ਼ਮੀਨ

ਤੈਨੂੰ ਮਿਲ਼ਣ ਤੋਂ ਬਾਅਦ
ਮੈਂ ਮਹਿਜ਼
ਉਹ ਰਹਿ ਗਿਆ ਹਾਂ
ਜੋ ਰਹਿਣਾ ਚਾਹੀਦਾ ਸੀ

ਖ਼ਾਲੀ ਤੇ ਹਲਕ਼ਾ
ਉੱਡਦੇ ਕਾਗ਼ਜ਼ ਦੇ ਟੋਟੇ ਜਿਹਾ

ਆਮ ਤੇ ਸਹਿਜ
ਮੀਂਹ
ਚ ਭਿੱਜਦੇ ਘਾਹ ਜਿਹਾ
======

ਕਾਮ
ਨਜ਼ਮ

ਉਹ ਕੌਣ ਹੈ
ਜੋ ਯੁਗਾਂ ਤੋਂ
ਮੇਰੇ ਨਾਲ਼ ਨਾਲ਼
ਤੁਰਿਆ ਆ ਰਿਹਾ

ਬਾਜ਼ਾਰ ਦੀ ਰੌਣਕ
ਖੁੱਲ੍ਹੇ ਮੈਦਾਨ ਹਰੇ ਘਾਹ
ਤਾਜ਼ਗੀ ਬਖੇਰਦੇ ਫੁੱਲ
ਰੰਗਾਂ
ਚ ਡੁੱਬੇ ਆਕਾਰ

ਉਹ ਜਿੱਥੇ ਵੀ ਦੇਖਦਾ
ਉੱਥੇ ਹੀ ਠਹਿਰ ਜਾਂਦਾ ਹੈ

ਮੈਂ ਬੋਧੀ ਮੰਦਿਰ ਦੀ
ਪੰਜਵੀਂ ਮੰਜ਼ਿਲ
ਤੇ
ਪਹੁੰਚ ਜਾਂਦਾ ਹਾਂ
ਪਰ ਉਹ ਤਾਂ
ਪਹਿਲੀ ਪੌੜੀ
ਤੇ ਖੜ੍ਹਾ ਰਹੇ
ਕਿਸੇ ਨਿੱਕੇ ਬੱਚੇ ਵਾਂਗ

ਉਹ ਕੌਣ ਹੈ
ਜੋ ਯੁਗਾਂ ਤੋਂ
ਮੇਰੇ ਨਾਲ਼ ਨਾਲ਼
ਤੁਰਿਆ ਆ ਰਿਹਾ

ਚੰਚਲ ਅਤੇ ਜ਼ਿੱਦੀ
ਆਪਣਾ ਤੇ ਬੇਗਾਨਾ...
=======
ਤਸਵੀਰ
ਨਜ਼ਮ

ਮੈਂ ਚੋਰਾਂ ਵਾਂਗ
ਦਾਖ਼ਲ ਹੋਣਾ ਚਾਹਾਂ
ਇਸ ਤਸਵੀਰ ਵਿਚ

ਜਿੱਥੇ ਤੇਰੇ ਬੁੱਲ੍ਹਾਂ
ਤੇ
ਕੋਈ ਛਿਣ ਸਦੀਵੀ
ਕਿਸੇ ਤਿਤਲੀ ਵਾਂਗ
ਠਹਿਰ ਗਿਆ ਹੈ

ਉਹ ਛਿਣ ਤੇ ਤੂੰ
ਤਿਤਲੀ ਤੇ ਮੈਂ
ਉਮਰ ਕ਼ੈਦੀ ਸਾਰੇ
ਇਕੋ ਤਸਵੀਰ ਦੇ
=====
ਅੱਜ ਮੈਂ ਮਰਨੋਂ ਬਚਿਆ
ਨਜ਼ਮ
ਬਾਰੀ ਵਾਂਗ ਹੈ
ਤੇਰਾ ਹੋਣਾ...

ਸੁੰਗੜ ਰਹੀਆਂ ਕੰਧਾਂ ਸਨ
ਉਦਾਸ ਸਰਦ ਕਮਰੇ ਸਨ

ਮੈਂ ਤੇਰੇ ਰਾਹੀਂ
ਬਾਹਰ ਵੱਲ ਝਾਕਿਆ ਸਾਂ ....

ਜ਼ਿੰਦਗੀ ਹਰੇ ਘਾਹ ਉਪਰ
ਖ਼ਰਗੋਸ਼ ਵਾਂਗ ਖੇਡ ਰਹੀ ਸੀ

ਜ਼ਿੰਦਗੀ ਰੰਗਾਂ , ਉਭਾਰਾਂ
ਤੇ ਆਤਿਸ਼ਬਾਜੀਆਂ ਵਾਂਗ
ਫੈਲ ਰਹੀ ਸੀ .....

ਮੈਂ ਨਦੀ ਦੇ ਨਾਲ਼-ਨਾਲ਼
ਸਰਪਟ ਦੌੜ ਪਿਆ ਸਾਂ

ਮੈਂ ਤੇਰੇ ਹੋਣ ਨਾਲ਼
ਹੋਣ ਲੱਗਦਾ ਹਾਂ

ਮੈਂ ਤੈਨੂੰ
ਪਿਆਰ ਕਰਨ ਲਗਦਾ ਹਾਂ

ਤੂੰ ਬਾਰੀ ਵਾਂਗ
ਖੁੱਲ੍ਹਦੀ ਰਹੀਂ

ਮੈਂ ਮਰਨ ਤੋਂ
ਬਚਿਆ ਰਹਾਂਗਾ....

Monday, February 11, 2013

ਆਰਸੀ ‘ਤੇ ਖ਼ੁਸ਼ਆਮਦੇਦ – ਜਨਾਬ ਚਰਨ ਸਿੰਘ – ਨਜ਼ਮਾਂ – ਭਾਗ ਪਹਿਲਾਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਚਰਨ ਸਿੰਘ
ਅਜੋਕਾ ਨਿਵਾਸ: ਰਿਚਮੰਡ, ਬੀ ਸੀ ਕੈਨੇਡਾ
ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ - 1982 ਤੋਂ ਲੈ ਕੇ ਹੁਣ ਤੱਕ ਤੀਸਰੀ ਅੱਖ
, ਮਿੱਟੀ 'ਚ ਉੱਕਰੇ ਅੱਖਰ, ਸ਼ੂਨਯ ਬੋਧ, ਆਪੇ ਬੋਲ ਸ੍ਰੋਤ, ਗਗਨ ਮੇਂ ਥਾਲ, ਸ਼ੀਸ਼ੇ ਵਿਚਲਾ ਸੂਰਜ, ਰੁੱਖ ਤੇ ਜੰਗਲ, ਮੁੜ੍ਹਕੋ ਮੁੜ੍ਹਕੀ ਪੌਣ, ਵਿਪਰੀਤ, ਬਿੰਦੂ ਤੇ ਦਾਇਰੇ, ਅੰਤਰੀਵ, ਸੂਰਜ ਤੇ ਕਿਰਨਾਂ, ਤੁਪਕਾ ਤੁਪਕਾ ਸੂਰਜ, ਆਧੁਨਿਕ ਵਿਸ਼ਵ, ਪ੍ਰਕਰਮਾ, ਦੀਵੇ ਜਗਦੇ ਨੈਣ, ਰਿਸ਼ਮਾਂ, ਦਰਪਣ, ਤ੍ਰੈਕਾਲ, ਤ੍ਰਿਵੇਣੀ, ਅਨੁਭਵ , ਪਰਛਾਵੇਂ, ਆਗਮਨ , ਪਰਵਾਜ਼, ਬੁੱਕਲ, ਸ਼ੀਸ਼ੇ ਦਾ ਸ਼ਹਿਰ,  ਕੋਰਾ ਕਾਗ਼ਜ਼, ਸ਼ਬਦ ਦਾ ਸਫ਼ਰ ਕਾਵਿ-ਸੰਗ੍ਰਹਿ ਛਪ ਚੁੱਕੇ ਹਨ ਅਤੇ  ਤੇਈ ਦੇ ਕਰੀਬ ਕਿਤਾਬਾਂ ਪ੍ਰਕਾਸ਼ਨ ਅਧੀਨ ਹਨ।
*************
ਦੋਸਤੋ! ਆਰਸੀ ਦੀ ਅੱਜ ਦੀ ਪੋਸਟ ਵਿਚ ਕੈਨੇਡਾ ਵਸਦੇ ਕਵੀ ਚਰਨ ਸਿੰਘ ਵਿਰਦੀ ਹੁਰਾਂ ਦੀਆਂ ਚੰਦ ਅਤਿ ਖ਼ੂਬਸੂਰਤ ਨਜ਼ਮਾਂ ਪੋਸਟ ਕੀਤੀਆਂ ਜਾ ਰਹੀਆਂ ਹਨ। ਅਪ੍ਰੈਲ 2011 ਵਿਚ ਵਿਰਦੀ ਸਾਹਿਬ ਦੀਆਂ ਸੋਲ੍ਹਾਂ ਕਿਤਾਬਾਂ ਪੜ੍ਹ ਕੇ ਮੈਂ ਉਹਨਾਂ ਦੀ ਸਮੁੱਚੀ ਸ਼ਾਇਰੀ ਤੇ ਇਕ ਵਿਸਤਾਰਤ ਪੇਪਰ ਲਿਖਿਆ ਸੀ ਤੇ ਨਵੰਬਰ 2011 ਵਿਚ ਉਹਨਾਂ ਦੀ ਛੇ ਕਿਤਾਬਾਂ ਤੇ ਪਰਚਾ ਪੜ੍ਹਿਆ ਸੀ। ਅੱਜ ਉਹਨਾਂ ਲੇਖਾਂ ਵਿੱਚੋਂ ਸੰਖੇਪ ਚ ਆਪਣੇ ਵਿਚਾਰ ਜ਼ਰੂਰ ਤੁਹਾਡੇ ਨਾਲ਼ ਸਾਂਝੇ ਕਰਨ ਦੀ ਇਜਾਜ਼ਤ ਚਾਹਾਂਗੀ...
------

....ਚਰਨ ਸਿੰਘ ਦੀ ਕਵਿਤਾ ਵਿਚ ਬੌਧਿਕਤਾ ਦੇ ਨਾਲ਼-ਨਾਲ਼ ਅੰਤਾਂ ਦੀ ਚੁੱਪ ਹੈ ਤੇ ਇਹਨਾਂ ਦੋਵਾਂ ਨੂੰ ਮੈਂ ਡੂੰਘਾ ਲਹਿ ਕੇ ਪਰਤ-ਦਰ-ਪਰਤ ਮਾਣਿਆ ਹੈ- ਜਿਸ ਵਿਚ ਕਾਇਨਾਤ ਦਾ ਹਰ ਰਾਜ਼, ਸਰਗਮ ਗਾਉਂਦਾ ਹੋਇਆ ਪ੍ਰਤੀਤ ਹੋਇਆ ਹੈ ਤੇ ਉਸਦੀ ਹਰ ਨਜ਼ਮ ਇਕ ਰੁੱਖ ਹੈ ਜਿਸਦੀਆਂ ਹਰ ਪਲ ਨਵੀਆਂ ਨਕੋਰ ਕਰੂੰਬਲਾਂ ਫੁੱਟਦੀਆਂ ਨੇ ....ਆਪਣੇ-ਆਪ ਵਿਚ ਇਕ ਰੁੱਖ ਬਣ ਜਾਂਦੀਆਂ ਹਨ ਇੰਝ ਉਸਦੀ ਹਰ ਸਤਰ ਆਪਣੇ-ਆਪ ਵਿਚ ਇਕ ਸੰਪੂਰਨ ਨਜ਼ਮ ਹੈ। ਬਹੁਤੀ ਵਾਰ ਇੰਝ ਜਾਪਦੈ ਜਿਵੇਂ ਉਸਦੀ ਨਜ਼ਮ ਹੀ ਕਾਇਨਾਤ ਹੋ ਗਈ ਹੋਵੇ...ਜਾਂ ਇੰਝ ਕਹਿ ਲਈਏ ਕਿ ਕਾਇਨਾਤ, ਉਸਦੀ ਨਜ਼ਮ ਦੇ ਪੈਰੀਂ ਪੰਜੇਬਾਂ ਬਣ ਕੇ ਸਜੀ ਬੈਠੀ ਹੈ, ਉਸਦੇ ਹਰ ਹਰਫ਼ ਦਾ ਪਾਣੀ ਭਰਦੀ ਹੈ।
..........ਉਸਦੀ ਖ਼ਾਮੋਸ਼ੀ, ਉਦਾਸੀ, ਇਕੱਲਤਾ ਚੋਂ ਹੀ ਉਸਦੀ ਚੇਤਨਤਾ ਜਨਮਦੀ ਹੈ ਅਤੇ ਏਸ ਬੋਧ, ਚੇਤਨਤਾ ਦੇ ਸਹਾਰੇ ਉਹ ਪਾਠਕ ਨੂੰ ਉਸ ਸਫ਼ਰ ਤੇ ਲੈ ਤੁਰਦੈ, ਜਿੱਥੇ ਕੋਈ ਵਿਰਲਾ-ਵਿਰਲਾ ਹੀ ਗਿਆ ਹੁੰਦਾ। ਉਸਦੀ ਨਜ਼ਮ ਪ੍ਰਕਿਰਤੀ ਵਿੱਚੋਂ ਜਨਮਦੀ, ਰੁੱਖਾਂ ਸੰਗ ਮੌਲ਼ਦੀ, ਹਵਾਵਾਂ ਸੰਗ ਅਠਖੇਲੀਆਂ ਕਰਦੀ, ਧਰਤੀ ਦਾ ਗਰਭ ਫ਼ਰੋਲ਼ਦੀ, ਅੰਬਰ ਦੀ ਧੁੰਨੀ ਦਾ ਰਾਜ਼ ਜਾਣਦੀ, ਕਸਤੂਰੀ ਵਰਗੀ ਖ਼ੁਸ਼ਬੂ ਵੰਡਦੀ ਪਾਠਕ-ਮਨ ਤੇ ਗਹਿਰਾ ਪ੍ਰਭਾਵ ਛੱਡਣ ਦੇ ਸਮਰੱਥ ਹੈ। ਉਸ ਦੀ ਰਿਸ਼ਮਾਂ, ਸ਼ੁਆਵਾਂ, ਫ਼ਿਜ਼ਾ ਵਿਚ ਘੁਲ਼ੀਆਂ ਮਹਿਕਾਂ ਨਾਲ਼ ਦੋਸਤੀ ਹੈ। ਉਸਦੀ ਨਜ਼ਮ ਨੇ ਗਿਆਨ, ਵਿਗਿਆਨ, ਧਰਮ, ਦਰਸ਼ਨ, ਸ਼ਾਸਤਰ ਸਭ ਦਾ ਅਰਕ ਆਪਣੀ ਮੁੰਦਰੀ ਵਿਚ ਸੰਭਾਲ਼ਿਆ ਹੋਇਆ ਹੈ। ਜਿੱਥੇ ਉਸ ਨੂੰ ਆਪਣੇ ਪਾਠਕ ਨੂੰ ਖੁੱਲ੍ਹੇ ਅੰਬਰ ਵਿਚ ਉਡਾਰੀਆਂ ਲਵਾਉਣੀਆਂ ਆਉਂਦੀਆਂ ਹਨ, ਉੱਥੇ ਉਹ ਆਪਣੀ ਕਲਪਨਾ ਨੂੰ ਸੂਈ ਦੇ ਨੱਕੇ ਚੋਂ ਲੰਘਾਉਣ ਦੇ ਵੀ ਸਮਰੱਥ ਹੈ।
...........

ਚਰਨ ਸਿੰਘ ਦੀ ਕਵਿਤਾ ਵਿਚ ਸੁੱਕ ਚੁੱਕੇ ਨਦੀਆਂ, ਦਰਿਆਵਾਂ ਦਾ ਰੁਦਨ ਹੈ, ਸੜ-ਬਲ਼ ਖ਼ਤਮ ਹੋ ਚੁੱਕੇ ਰੁੱਖਾਂ ਦਾ ਵਿਰਲਾਪ ਹੈ, ਪੰਛੀਆਂ ਦੇ ਗਲ਼ਾਂ ਚ ਮੋਏ ਗੀਤਾਂ ਦੀ ਚੀਖ਼ ਹੈ, ਧਰਤੀ ਤੋਂ ਗਗਨ ਤੱਕ ਪ੍ਰਦੂਸ਼ਣ ਨਾਲ਼ ਘਸਮੈਲ਼ੀਆਂ ਹੋਈਆਂ ਕਿਰਨਾਂ ਤੇ ਰਿਸ਼ਮਾਂ ਦਾ ਰੋਸ ਹੈ, ਗੰਧਲ਼ੇ ਪਾਣੀਆਂ ਦੀ ਕੁਰਲਾਹਟ ਹੈ, ਧੁਆਂਖੀਆਂ ਪੌਣਾਂ ਦਾ ਹਿਜਰ ਹੈ, ਮਨੁੱਖ ਦੇ ਅਣਮਨੁੱਖੀ, ਵਹਿਸ਼ੀ ਵਰਤਾਰਿਆਂ ਦੇ ਕੋਹਜ ਦਾ ਜ਼ਿਕਰ ਹੈ ਤੇ ਉਹ ਆਪੇ ਇਸਦਾ ਹੱਲ ਵੀ ਲੱਭ ਲੈਂਦਾ ਹੈ।
..........
ਉਸਦੀ ਸਾਰੀ ਨਜ਼ਮ
ਚ ਵੇਦਨਾ ਵੀ ਹੈ ਸੰਵੇਦਨਾ ਵੀ ਜੋ ਇਕ ਸਫ਼ਲ ਕਵੀ ਕੋਲ਼ ਹੋਣੀਆਂ ਬਹੁਤ ਜ਼ਰੂਰੀ ਹਨ। ਅਜੀਬ ਜਿਹਾ ਅਣਕਿਹਾ ਦਰਦ ਵੀ ਹੈ ਜੋ ਉਸਦੀ ਕਲਮ ਦੇ ਬੁੱਲ੍ਹਾਂ ਤੇ ਤਾਂ ਆਉਂਦਾ ਹੈ ਪਰ ਸ਼ਾਇਦ ਉਸਦੇ ਬਿਆਨ ਦੀ ਕਲਮ ਨੂੰ ਹਿੰਮਤ ਨਹੀਂ ਪੈਂਦੀ ਕਿ ਉਹ ਉਸਦਾ ਜ਼ਿਕਰ ਛੇੜ ਸਕੇ। - ਉਹ ਪੀੜ ਧਰਤੀ ਦੇ ਜ਼ੱਰੇ-ਜ਼ੱਰੇ ਤੋਂ ਅਸਮਾਨ ਦੇ ਕੱਲੇ-ਕੱਲੇ ਤਾਰੇ ਦੀ ਹਿੱਕ ਤੇ ਖੁਣੀ ਪਈ ਹੈ ਪਰ ਉਸਦਾ ਲਫ਼ਜ਼ਾਂ ਵਿਚ ਵਰਣਨ ਸ਼ਾਇਦ ਸੰਭਵ ਹੀ ਨਹੀਂ। ਉਸਦੀ ਨਜ਼ਮ ਕਿਸੇ ਮੁਹੱਬਤ ਦਾ ਜ਼ਿਕਰ ਵੀ ਮਲ਼ਵੀਂ ਜਿਹੀ ਜ਼ੁਬਾਨ ਨਾਲ਼ ਕਰਦੀ ਹੈ ਤੇ ਫੇਰ ਚੁੱਪ ਧਾਰ ਲੈਂਦੀ ਹੈ...

-----
ਪੂਰੇ ਲੇਖ ਕਦੇ ਫੇਰ ਸਾਂਝੇ ਕਰਾਂਗੀ.....ਅੱਜ ਵਿਰਦੀ ਸਾਹਿਬ ਨੂੰ ਆਰਸੀ ਪਰਿਵਾਰ
ਚ ਖ਼ੁਸ਼ਆਮਦੇਦ ਆਖਦਿਆਂ, ਉਹਨਾਂ ਦੀਆਂ ਕੁਝ ਬਿਹਤਰੀਨ ਨਜ਼ਮਾਂ ਤੁਹਾਡੀ ਨਜ਼ਰ ਕਰ ਰਹੀ ਹਾਂ...ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਰਹੇਗਾ.....ਇਹ ਹਾਜ਼ਰੀ ਵੀ ਬਹੁਤ ਦੇਰੀ ਨਾਲ਼ ਲੱਗ ਰਹੀ ਹੈ....ਸੋ ਖ਼ਿਮਾ ਦੀ ਜਾਚਕ ਹਾਂ ਜੀ...:) ਅੱਜ ਦੀ ਪੋਸਟ ਵੀ ਤਿੰਨ ਭਾਗਾਂ ਚ ਵੰਡ ਕੇ ਪੋਸਟ ਕੀਤੀ ਜਾ ਰਹੀ ਹੈ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ


=======
ਮੇਰੇ ਪਿੰਡ ਦੀ ਸ਼ਾਮ

ਨਜ਼ਮ
ਗੁੱਗਾ ਪੂਜਣ ਆਉਣ ਵਾਲਾ ਹੈ                                                                              
ਤੂੰ ਮੇਰੇ ਪਿੰਡ ਆਵੇਂਗਾ ਨਾ?                                            
ਫਿਰ ਵੇਖੀਂ ਤੂੰ ਆਟੇ ਦੇ ਸੱਪ                                            
ਕਾਲੇ ਨਾਗਾਂ ਤੋਂ ਵੱਧ ਕਿੰਨੇ ਜ਼ਹਿਰੀਲੇ ਨੇ                                
ਆਟੇ ਦੇ ਸੱਪ!                                                                                                                     
ਹੱਸ ਕੇ ਜਦ ਵੀ ਫੂਕ ਮਾਰਨਗੇ                                          
ਤਾਂ ਖੇਤਾਂ ਵਿਚ ਕਣਕ ਦੀਆਂ ਵੱਢੀਆਂ ਭਰੀਆਂ                         
ਲਪਟਾਂ ਨਿਕਲ਼ਣ ਤੋਂ ਪਹਿਲਾਂ ਹੀ ਸੜ ਜਾਵਣਗੀਆਂ                                  
                                                                       
ਤੇ ਇਸ ਰਾਖ '                                                          
ਤੈਨੂੰ ਮੇਰੇ ਪਿੰਡ ਦੇ ਨਰਗਸੀ ਫੁੱਲਾਂ ਦੇ                                   
ਝੁਲ਼ਸੇ ਚਿਹਰੇ ਨਜ਼ਰ ਆਉਣਗੇ                          
ਵਾਢੀ ਕਰਦੀ ਅੱਲ੍ਹੜ ਕੁੜੀ ਦੇ ਨੈਣ ਬਲੌਰੀ                               
ਮਟਕੇ ਦੇ ਵਿਚ                                                           
ਕਾਲੇ ਰੰਗ ਦੀ ਲੱਸੀ ਉੱਤੇ ਤਰਦਾ ਹੋਇਆ
ਖ਼ੂਨ ਪਸੀਨਾ                  
ਖੁਰਲੀ ਤੇ ਬੱਝੇ ਪਸ਼ੂਆਂ ਗਲ਼                                          
ਕਾਲੇ ਰੰਗ ਦੇ ਸੱਪ ਲਟਕਦੇ                                             
ਹੌਲ਼ੀ ਹੌਲ਼ੀ ਸ਼ਾਮ ਢਲ਼ੇਗੀ                                                  
ਤੇ ਪਿੰਡ ਦਾ ਇਕ ਦਾਨਿਸ਼ਵਰ                                            
ਪਿੰਡ ਦੀ ਲਾਜ ਦੀ ਛਾਤੀ ਉੱਤੇ
ਮੁੱਕੀ ਮਾਰ ਭੰਨੇਗਾ ਗੰਢਾ                                                

ਡਰ ਹੈ ਮੈਨੂੰ
ਏਨਾ ਦਿਲਕਸ਼ ਸੀਨ ਤੇਰੇ ਤੋਂ ਤੱਕ ਨਹੀਂ ਹੋਣਾ
ਗੁੱਗਾ ਪੂਜਣ ਆਉਣ ਵਾਲ਼ਾ ਹੈ
ਤੂੰ ਮੇਰੇ ਪਿੰਡ ਆਵੇਂਗਾ ਨਾ?
ਫਿਰ ਵੇਖੀਂ ਤੂੰ ਆਟੇ ਦੇ ਸੱਪ
ਕਾਲ਼ੇ ਨਾਗ਼ਾਂ ਤੋਂ ਵੱਧ ਕਿੰਨੇ ਜ਼ਹਿਰੀਲੇ ਨੇ
ਸ਼ਹਿਰ ਤੇਰੇ ਵਿਚ ਜੰਗਲੀ ਰਾਜ ਹੈ
ਹੈ ਤਾਂ ਇਥੇ ਵੀ ਜੰਗਲੀ ਹੀ
ਪਰ ਸ਼ਿਕਾਰ ਕਰਨ ਦੇ ਢੰਗ ਵੱਖਰੇ ਨੇ
ਉੱਥੇ ਸ਼ੇਰ ਧੋਤੀ ਦਾ ਲੜ ਟੁੰਗਦੇ-ਟੁੰਗਦੇ
ਕਈ ਸੌ ਮੋਰਨੀਆਂ ਦੇ ਆਂਡਿਆਂ ਤੀਕਣ ਪੀ ਜਾਂਦੇ ਨੇ
ਪਰ ਏਥੇ ਤਾਂ ਹੱਦ ਹੋ ਗਈ ਏ
ਬੰਦਾ ਜੰਮਣ ਤੋਂ ਪਹਿਲਾਂ ਹੀ ਕਰਜ਼ਾਈ ਏ

ਇਕ ਗੱਲ ਲਿਖਣੀ
ਤੈਨੂੰ ਪਿੱਛੇ ਭੁੱਲ ਗਿਆ ਹਾਂ
ਤੂੰ ਤੇ ਚੰਗੀ ਤਰ੍ਹਾਂ ਜਾਣਦੈ
ਮੇਰਾ ਬਾਪੂ, ਜਿਸ ਪਟਵਾਰਨ ਕੀਤੀ ਹੋਈ ਹੈ
ਮੈਨੂੰ ਮੱਤੀਂ ਦਿੰਦਾ ਰਹਿੰਦੈ:
ਪੁੱਤਰ! ਵੇਲ਼ੇ-ਕੁਵੇਲ਼ੇ
ਆਪਣਿਆਂ ਖੇਤਾਂ ਵਿਚ ਵੀ
ਨੰਗੇ ਪੈਰੀਂ ਨਹੀਂ ਜਾਈਦਾ
ਤੂੰ ਕੀ ਜਾਣੇ
ਮੇਰਿਆ ਬੱਚਿਆ!
ਇਕ ਸੱਪਣੀ ਨੇ ਰਾਤੋ-ਰਾਤ ਇੰਨੇ ਬੱਚੇ ਦੇ ਦਿੱਤੇ ਨੇ
ਓਨੇ ਮੇਰੀਆਂ ਉਂਗਲ਼ਾਂ ਦੇ ਵੀ ਪੋਟੇ  ਨਹੀਂ ਹਨ
ਨਹੀਂ ਤਾਂ ਪੁੱਤਰਾ ਗਿਣ ਕੇ ਤੈਨੂੰ ਦੱਸ ਦਿੰਦਾ ਮੈਂ..

ਗੁੱਗਾ ਪੂਜਣ ਆਉਣ ਵਾਲ਼ਾ ਹੈ
ਤੂੰ ਮੇਰੇ ਪਿੰਡ ਆਵੇਂਗਾ ਨਾ?
ਫੇਰ ਵੇਖੀਂ ਤੂੰ ਆਟੇ ਦੇ ਸੱਪ
ਕਾਲ਼ੇ ਨਾਗ਼ਾਂ ਤੋਂ ਵੱਧ ਕਿੰਨੇ ਜ਼ਹਿਰੀਲੇ ਨੇ....
======
ਆਪਣੇ ਨਾਂਅ

ਨਜ਼ਮ                               
ਤੁਸੀ ਜੋ ਖੰਭ ਖੁੱਸੇ ਪੱਛੀ ਨੂੰ                                          
ਉਡਾਰੀ ਦਾ ਮਿਹਣਾ ਮਾਰਦੇ ਹੋ                                         
ਇਕ ਪਾਪ ਨੂੰ ਜਨਮ ਦਿੰਦੇ ਹੋ                                         
ਤੁਹਾਡੇ ਪੁੰਨ                                                          
ਪਾਪ ਤੋਂ ਵੱਧ ਵੀ ਕੁਝ ਹੋਰ ਹਨ                                        
ਸਾਡੇ ਪੁੰਨ                                                             
ਪਾਪ ਤੇਂ ਵੱਧ ਕੁਝ ਨਹੀਂ                                                                                                                          
                                                              
ਅਸੀ ਤਾਂ ਅਗਲਾ ਕ਼ਦਮ ਨਹੀ ਪੁੱਟਦੇ                                  
ਕਿ ਦੁਖਦੀ ਧਪਤੀ
ਕਿਤੇ ਪੁੱਛ ਨਾ ਬੈਠੇ                                 
ਕਿਸੇ ਪੁੰਨ ਦਾ ਰਿਸ਼ਤਾ
ਕਿਸੇ ਪਾਪ ਦਾ ਰਿਸ਼ਤਾ                         

ਫਿਰ ਵੀ ਤੁਹਾਡੇ ਪਿੰਡ ਦੇ ਤਲਾਅ '                                             
ਜਿਹੜਾ ਕੰਵਲ ਉੱਗਿਆ ਹੈ                                            
ਉਹ ਸਾਡੇ ਪਾਪ ਵਰਗਾ ਹੈ                                              
ਤੁਹਾਡੇ ਪੁੰਨ ਵਰਗਾ ਹੈ                                                
                                                                     
ਤੁਹਾਡੇ ਪਿੰਡ ਦੀ ਹਰ ਨਵੀਂ ਕੰਧ                                        
ਜੋ ਤਿੜਕ ਜਾਂਦੀ ਹੈ
ਤਲਾਅ ਰਿੜਕ ਜਾਂਦੀ ਹੈ                       
ਤੇ ਫਿਰ ਮੰਨਣਾ ਹੀ ਪੈਂਦਾ ਹੈ                  
ਤੁਸੀ ਕੋਈ ਪੁੰਨ ਨਹੀ ਕਰਦੇ                                                     
ਤੁਸੀਂ ਕੋਈ ਪਾਪ ਨਹੀਂ ਕਰਦੇ

ਤੁਸੀਂ ਤਾਂ ਹਰ ਕੰਧ ਦੇ ਮੂੰਹ ਤੇ
ਪੋਚਾ ਫੇਰ ਦਿੰਦੇ ਸਉ
ਹੁਣ ਜਦ ਲੇਅ ਲਹਿੰਦੇ ਨੇ
ਤੇ ਪਹਿਚਾਣ ਹੁੰਦੀ ਹੈ                                        
ਸ਼ੀਸ਼ਾ ਤਿੜਕਦਾ ਦਿਸਦੈ                                                             
ਮੁੱਠ 'ਚ ਜਾਨ ਹੁੰਦੀ ਹੈ
ਕੋਈ ਨੁਕ਼ਤਾ ਲੱਭਣ ਲਈ                                                                           
ਫਿਰ ਇਕ ਪਾਪ ਜਨਮਦੇ ਹੋ
ਉਸ ਸੱਚ ਵਰਗੇ ਝੂਠ ਦਾ ਕ਼ਤਲ ਕਰਦੇ ਹੋ                                   
ਆਪਣੀ ਹਿੱਕ ਤੇ ਉਸ ਕੰਵਲ ਦੀਆਂ                        
ਜੋ ਮੁੱਕੀਆਂ ਮਾਰ ਭੰਨਦੇ ਹੋ
                                             
ਤੁਹਾਡਾ ਤਜਰਬਾ ਸੀ
ਵਕ਼ਤ ਰੁਕ ਰੁਕ ਕੇ ਚਲਦਾ ਹੈ
ਅਸੀਂ ਵੀ ਆਖ ਦਿੰਦੇ ਹਾਂ
ਖੜ੍ਹਾ ਪਾਣੀ ਕੀ ਕੰਢੇ ਖੋਰ ਸਕਦਾ ਹੈ                                     

ਤੁਸੀ ਜੋ ਖੰਭ ਖੁੱਸੇ ਪੰਛੀ ਨੂੰ                                          
ਉਡਾਰੀ ਦਾ ਮਿਹਣਾ ਮਾਰਦੇ ਹੋ                                         
ਇਕ ਪਾਪ ਨੂੰ ਜਨਮ ਦਿੰਦੇ ਹੋ.....