ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਸਤਿਕਾਰਤ ਗਗਨਦੀਪ ਸ਼ਰਮਾ ਜੀ ਨੇ ਸਤਿਕਾਰਤ ਸ਼ਾਇਰ ਹਰਚਰਨ ਮਾਂਗਟ ਜੀ ਦੀਆਂ ਖ਼ੂਬਸੂਰਤ ਲਿਖਤਾਂ ਭੇਜ ਕੇ ‘ਆਰਸੀ’ ਦੇ ਪਾਠਕਾਂ /ਲੇਖਕਾਂ ਨਾਲ਼ ਉਹਨਾਂ ਦੀ ਪਹਿਲੀ ਸਾਹਿਤਕ ਸਾਂਝ ਪਵਾਈ ਹੈ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਮਾਂਗਟ ਸਾਹਿਬ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀ ਇੱਕ ਖ਼ੂਬਸੂਰਤ ਗ਼ਜ਼ਲ ਤੇ ਇੱਕ ਰੁਬਾਈ ਨੂੰ ‘ਆਰਸੀ’ 'ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਗਗਨਦੀਪ ਜੀ ਦਾ ਬਹੁਤ-ਬਹੁਤ ਸ਼ੁਕਰੀਆ!
ਗ਼ਜ਼ਲ
ਪੈਰ ਮੰਜ਼ਿਲ ਵਲ ਵਧਾ, ਮੁੱਕਣਗੇ ਤਾਂ ਹੀ ਫ਼ਾਸਲੇ।
'ਰਾਦੇ ਨੂੰ ਪੁਖ਼ਤਾ ਬਣਾ, ਮੁੱਕਣਗੇ ਤਾਂ ਹੀ ਫ਼ਾਸਲੇ।
ਮੰਜ਼ਲਾਂ ਕਦ ਮਿਲ਼ਦੀਆਂ ਨੇ ਨ੍ਹੇਰਿਆਂ ਵਿਚ ਭਟਕਿਆਂ,
ਦੀਪ ਆਸਾਂ ਦੇ ਜਗਾ, ਮੁੱਕਣਗੇ ਤਾਂ ਹੀ ਫ਼ਾਸਲੇ।
ਸ਼ੂਕਦਾ ਤੂਫ਼ਾਨ ਕਹਿਰੀ, ਦੂਰ ਹੈ ਸਾਹਿਲ ਅਜੇ,
ਕਿਸ਼ਤੀ ਲਹਿਰਾਂ ਤੇ ਨਚਾ, ਮੁੱਕਣਗੇ ਤਾਂ ਹੀ ਫ਼ਾਸਲੇ।
ਨਫ਼ਰਤਾਂ ਨੇ ਦੂਰ ਕੀਤਾ, ਆਦਮੀ ਤੋਂ ਆਦਮੀ,
ਮਦਰਾ ਪਿਆਰ ‘ਆਲ਼ੀ ਪਿਲਾ, ਮੁੱਕਣਗੇ ਤਾਂ ਹੀ ਫ਼ਾਸਲੇ।
ਦੂਰ ਕਰ ਸ਼ਿਕਵੇ ਗਿਲੇ, ਖੋਲ੍ਹ ਤੂੰ ਘੁੰਡੀ ਦਿਲੇ ਦੀ,
ਸੁਣ ਮਿਰੀ, ਅਪਣੀ ਸੁਣਾ, ਮੁੱਕਣਗੇ ਤਾਂ ਹੀ ਫ਼ਾਸਲੇ।
ਰੁਬਾਈ
ਚਾਨਣ ਦੀ ਤਾਸੀਰ, ਹਨੇਰਾ ਕੀ ਜਾਣੇ।
ਹੱਕਾਂ ਦੀ ਤਾਰੀਫ਼, ਲੁਟੇਰਾ ਕੀ ਜਾਣੇ।
ਸੱਚ ਝੂਠ ਦਾ ਅੰਤਰ, ਮੂਰਖ ਕੀ ਸਮਝੇ,
ਭਵਸਾਗਰ ਦੀ ਸਾਰ, ਮਛੇਰਾ ਕੀ ਜਾਣੇ।