ਮੌਸਮ
ਆਰਸੀ ਤੇ ਨਵੀਆਂ ਰਚਨਾਵਾਂ
ਅਦਬ ਸਹਿਤ
ਤਨਦੀਪ ਤਮੰਨਾ
Tuesday, November 25, 2008
ਦਵਿੰਦਰ ਸਿੰਘ ਪੂਨੀਆ - ਤ੍ਰਿਵੇਣੀਆਂ
1----
ਗਰਮੀ ਹੋਵੇ ਗਰਮੀ ਮੰਨਾਂ
ਸਰਦੀ ਹੋਵੇ ਸਰਦੀ ਮੰਨਾਂ
ਸੱਚਾ ਹਾਂ ਜਾਂ ਕੱਚਾ ਹਾਂ ਮੈਂ ?
2----
ਫੁੱਲ ਨੂੰ ਦੇਖ ਕੇ ਮੈਂ ਖੁਸ਼ ਹੋਇਆ
ਕੀ ਓਹ ਵੀ ਹੋਇਆ ਹੋਵੇਗਾ
ਜਾਂ ਕਿ ਸਿਰਫ਼ ਵਹਿਮ ਹੈ ਮੈਨੂੰ ?
3----
ਹਰ ਹਨੇਰੇ ਤੋਂ ਸ਼ੁੱਧ ਹੁੰਦਾ ਹੈ
ਫਿਰ ਕਿਤੇ ਜਾ ਕੇ ਬੁੱਧ ਹੁੰਦਾ ਹੈ
ਚਾਨਣਾ ਮੁਫ਼ਤ ਵਿਚ ਨਹੀਂ ਮਿਲਦਾ ।
4----
ਰਾਤ ਨੂੰ ਇੱਦਾਂ ਨੇ ਜੁਗਨੂੰ ਉੱਡਦੇ
ਤਾਰਿਆਂ ਨੂੰ ਜਿਸ ਤਰਾਂ ਖੰਭ ਲੱਗਦੇ
ਨੈਣ ਬਿਰਹਣ ਦੇ ਉਦਾਸੀ ਚੁੰਮਦੀ।
5----
ਝੀਲ ਦੀ ਛਾਤੀ ਤੇ ਕਿਰਨਾਂ ਪੈਦੀਆਂ
ਨੂਰ ਉਸਦੇ ਨੀਰ ਤੇ ਲਹਿਰਾ ਰਿਹਾ
ਪਿਆਸ ਇਕ ਤਕਦੀ ਹੀ ਰਹਿੰਦੀ ਦੂਰ ਤੋਂ।
Wednesday, November 5, 2008
ਦਵਿੰਦਰ ਸਿੰਘ ਪੂਨੀਆ - ਤ੍ਰਿਵੇਣੀਆਂ
ਤ੍ਰਿਵੇਣੀ – ਬਹਿਰ ‘ਚ ਵਿਕਸਿਤ ਕੀਤੀ ਛੋਟੀ ਪਰ ਭਾਵਪੂਰਨ ਨਜ਼ਮ ਹੁੰਦੀ ਹੈ। ਉਰਦੂ ਵਿੱਚ ਇਹ ਸਿਨਫ਼ ‘ਗੁਲਜ਼ਾਰ’ ਸਾਹਿਬ ਨੇ ਪ੍ਰਚੱਲਤ ਕੀਤੀ ਹੈ। ਪਹਿਲੇ ਦੋ ਮਿਸਰੇ ਸ਼ਿਅਰ ਵਾਂਗ ਹੁੰਦੇ ਹਨ ਤੇ ਤੀਸਰਾ ਮਿਸਰਾ ਇੱਕ ਰਹੱਸ ਵਾਂਗ ਖੁੱਲ੍ਹਦਾ ਹੈ ਤੇ ਤ੍ਰਿਵੇਣੀ ਬਣ ਜਾਂਦੀ ਹੈ। ‘ਦਵਿੰਦਰ ਸਿੰਘ ਪੂਨੀਆ’ ਵਰਗੇ ਉੱਭਰਦੇ ਨੌਜਵਾਨ ਸ਼ਾਇਰ ਇਹ ਤਜ਼ਰਬਾ ਪੰਜਾਬੀ ‘ਚ ਕਰ ਰਹੇ ਹਨ। ਪੇਸ਼ ਹਨ ‘ਆਰਸੀ’ ਦੇ ਪਾਠਕਾਂ ਲਈ ਕੁੱਝ ਤ੍ਰਿਵੇਣੀਆਂ....
ਤ੍ਰਿਵੇਣੀਆਂ
1
ਪੱਤਿਆਂ ਨੇ ਰੰਗ ਸਾਵਾ ਬੂਨ ਲਿਆ ਹੈ ਧੁੱਪ ਤੋਂ।
ਜਿਸ ਤਰਾਂ ਇਕ ਭੇਦ ਗੂੜ੍ਹਾ ਸੁਣ ਲਿਆ ਹੈ ਚੁੱਪ ਤੋਂ।
ਇਹ ਕਲਾ ਹੈ ਜ਼ਿੰਦਗੀ ਦੀ ਜ਼ਿੰਦਗੀ ਦੇ ਵਾਸਤੇ।
2
ਜੋ ਹਵਾ ਉਸਨੂੰ ਛੂਹ ਕੇ ਲੰਘਦੀ ਹੈ।
ਓਹ ਹਵਾ ਕਾਇਨਾਤ ਰੰਗਦੀ ਹੈ।
ਮੌਸਮਾਂ ਦੀ ਵਿਆਖਿਆ ਹੈ ਓਹ।
3.
ਸੱਟ ਲਗਦੀ ਜ਼ਖਮ ਹੁੰਦਾ ਹੈ ਜਦੋਂ।
ਖ਼ੂਨ ਵੀ ਫਿਰ ਜਿਸਮ ਛੱਡ ਕੇ ਵਗ ਤੁਰੇ।
ਕੋਈ ਦਾਅਵਾ ਹੋਰ ਫਿਰ ਕਿਸਦਾ ਕਰੇ?
4
ਅਣਗਿਣਤ ਰੱਬ ਥਾਂ ਕੁ ਥਾਂ ਭਟਕਣ।
ਆਦਮੀ ਦੀ ਤਲਾਸ਼ ਕਰਦੇ ਨੇ।
ਕਾਮਯਾਬੀ ਮਿਲ਼ੇ ਮਿਲ਼ੇ ਨ ਮਿਲ਼ੇ।
5
'ਤੋਡ਼ਨ ਤੇ ਦਿਲ ਟੁੱਟ ਜਾਂਦਾ ਹੈ।
ਹਰ ਕੋਈ ਆਜ਼ਮਾਅ ਕੇ ਵੇਂਹਦਾ।
ਮੈਂ ਵੀ ਤੂੰ ਵੀ ਬੰਦੇ ਹੀ ਹਾਂ।