ਬੱਦਲ
ਮੌਸਮ
ਆਰਸੀ ਤੇ ਨਵੀਆਂ ਰਚਨਾਵਾਂ
ਅਦਬ ਸਹਿਤ
ਤਨਦੀਪ ਤਮੰਨਾ
Monday, August 6, 2012
ਜਸਬੀਰ ਮਾਹਲ - ਦੋ ਨਜ਼ਮਾਂ
ਬੱਦਲ
Thursday, April 7, 2011
ਜਸਬੀਰ ਮਾਹਲ - ਨਜ਼ਮ
ਦੋਸਤੋ! ਸਰੀ, ਕੈਨੇਡਾ ਵਸਦੇ ਸ਼ਾਇਰ ਜਸਬੀਰ ਮਾਹਲ ਸਾਹਿਬ ਨੇ ਆਰਸੀ ਦੇ ਮੁੜ ਸ਼ੁਰੂ ਹੋਣ ਦੀ ਮੁਬਾਰਕਬਾਦ ਇਹਨਾਂ ਖ਼ੂਬਸੂਰਤ ਨਜ਼ਮਾਂ ਨਾਲ਼ ਹਾਜ਼ਰੀ ਲਵਾ ਕੇ ਸਾਂਝੀ ਕੀਤੀ ਹੈ, ਮੈਂ ਉਹਨਾਂ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਮਾਹਲ ਸਾਹਿਬ ਆਪਣੇ ਜਜ਼ਬਾਤ ਅਤੇ ਆਲੇ-ਦੁਆਲੇ ਵਾਪਰਦੀਆਂ ਘਟਨਾਵਾਂ ਨੂੰ ਕਿਸ ਖ਼ੂਬਸੂਰਤੀ ਨਾਲ਼ ਸਾਦਗੀ ਦਾ ਲਿਬਾਸ ਪਹਿਨਾ ਕੇ ਪਾਠਕਾਂ ਲਈ ਪੇਸ਼ ਕਰਦੇ ਨੇ, ਉਸ ਦੀ ਮਿਸਾਲ ਉਹਨਾਂ ਦੀ ਕਿਤਾਬ ‘ਆਪਣੇ ਆਪ ਕੋਲ਼’ ਹੈ। ਉਹਨਾਂ ਦੀ ਨਜ਼ਮ ਦੀ ਇਸ ਅਦਾ ਦੀ ਮੈਂ ਕਾਇਲ ਹਾਂ। ਮਾਹਲ ਸਾਹਿਬ ਤੁਹਾਡੀ ਕਲਮ ਨੂੰ ਇਕ ਵਾਰ ਫੇਰ ਆਰਸੀ ਪਰਿਵਾਰ ਦਾ ਸਲਾਮ! ਹਾਜ਼ਰੀ ਲਵਾਉਂਦੇ ਅਤੇ ਸੁਝਾਵਾਂ ਨਾਲ਼ ਨਿਵਾਜਦੇ ਰਹਿਣਾ ਜੀ।ਅਦਬ ਸਹਿਤ
ਤਨਦੀਪ ਤਮੰਨਾ
******
ਭਗੌੜਾ
ਨਜ਼ਮ
ਅੱਜ ਵੀ
ਉਲ਼ਝਾਈ ਰੱਖਿਆ
ਰੁਝੇਵਿਆਂ ’ਚ
ਆਪਣਾ ਆਪ…
.........
ਆਪੇ ਸਾਹਵੇਂ
ਪੇਸ਼ ਹੋਣੋ
ਅੱਜ ਵੀ
ਮੈਂ ਬਚਦਾ ਰਿਹਾ!
=====
ਚਾਵਾਂ ਦੀ ਮੌਤ
ਨਜ਼ਮ
ਸ਼ਿੰਗਾਰ ਮੇਜ਼ ’ਤੇ
ਪਈਆਂ ਵੰਗਾਂ…
ਵੰਗਾਂ ਉੱਤੇ
ਜੰਮੀ ਧੂੜ!
=====
ਮਿੱਟੀ ਦੀ ਤਾਸੀਰ - 1
ਨਜ਼ਮ
ਫੁੱਲਾਂ ਨੂੰ ਕੋਈ ਕੀ ਆਖੇ!
ਹੱਸਣ ਚੁੱਪ-ਚੁਪੀਤੇ…
ਕਬਰ ’ਤੇ ਖਿੜੇ ਵੀ
ਓਨੇ ਸੋਹਣੇ,
ਜਿੰਨੇ ਵਿਚ ਬਗੀਚੇ!
ਫੁੱਲਾਂ ਨੂੰ ਕੋਈ ਕੀ ਆਖੇ!
=====
ਮਿੱਟੀ ਦੀ ਤਾਸੀਰ - 2
ਨਜ਼ਮ
ਫੁੱਲ
ਮੁਰਝਾਅ ਗਿਆ
ਸੁੱਕ ਗਿਆ
ਵਜੂਦ ਉਸ ਦਾ
ਮੁੱਕ ਗਿਆ…
.......
ਦੇਰ ਤੀਕ ਪਰ ਚੇਤਿਆਂ ’ਚੋਂ
ਉਸ ਦੀ ਸੁਗੰਧ
ਆਉਂਦੀ ਰਹੀ...
Tuesday, September 7, 2010
ਜਸਬੀਰ ਮਾਹਲ - ਨਜ਼ਮ
ਪ੍ਰਦੇਸ ਦੀ ਖੱਟੀ ਨਜ਼ਮ
ਜੁਆਨੀ ਪਹਿਰੇ
ਉਹ
ਲੈਣ ਆਇਆ ਪ੍ਰਦੇਸ
ਭਰਾ ਦੀ ਰਾਖ਼…
ਢਲ਼ਦੀ ਉਮਰੇ
ਭਾਬੀ ਦੇ ਫੁੱਲ…
ਬੁੱਢੇ ਵਾਰੇ
ਭਤੀਜੇ ਦੀਆਂ ਅਸਥੀਆਂ
ਗੋਦੀ ਵਿਚ ਰੱਖੀਆਂ
ਤਾਂ ਭਰ ਆਈਆਂ ਅੱਖੀਆਂ…
............
…ਜਹਾਜ਼ ਸਰਪਟ ਭੱਜਿਆ
ਕਿੰਨਾ ਕੁਝ ਪਿੱਛੇ ਛੱਡਿਆ…
ਵਾਪਸ ਵਤਨ ਨੂੰ ਜਾ ਰਿਹਾ
ਆਪਣੇ ਆਪ ਨੂੰ ਮੁਖ਼ਾਤਿਬ ਸੀ ਉਹ:
‘ਮਰਦਾ ਕਿਉਂ ਨਹੀਂ
ਮਿੱਟੀ ਦਾ ਮੋਹ..?!?’
=====
ਯੋਧਾ
ਨਜ਼ਮ
ਬੱਦਲ਼ ਦਾ ਟੋਟਾ ਸੀ ਉਹ
ਪਰਬਤ ਸੰਗ ਜਿਸ ਮੱਥਾ ਲਾਇਆ
ਕੀ ਹੋਇਆ
ਜੇ ਜਿੱਤ ਨਾ ਸਕਿਆ
ਨੱਚਦਾ ਟੱਪਦਾ ਸੰਗ ਦਰਿਆ ਦੇ
ਵਾਪਸ ਆਇਆ
...........
ਸਾਹ ਲੈਣ ਲਈ
ਉਹ ਟੋਟਾ
ਸਾਗਰ ਵਿਚ ਰੁਕਿਆ
ਕਿੰਨੇ ਕ਼ਤਰੇ ਨਾਲ਼ ਰਲ਼ਾ ਕੇ
ਆਪਣਾ ਨਵਾਂ ਵਜੂਦ ਬਣਾ ਕੇ
ਪਰਬਤ ਦੇ ਦਰ
ਫਿਰ ਜਾ ਢੁੱਕਿਆ
=====
ਖ਼ਿਆਲ-ਅਸਲੀਅਤ-ਅਹਿਸਾਸ
ਨਜ਼ਮ
ਸੁਨਹਿਰੀ ਸੁਪਨਿਆਂ ਦੇ ਖੇਤ ‘ਚੋਂ
ਕੋਈ ਸੁਪਨਾ ਪੁੱਟਣ ਲਈ
ਖ਼ਿਆਲਾਂ ਨੇ
ਜਦ ਵੀ ਕਦੇ
ਅਸਲੀਅਤ ਦੀ ਵਾੜ ਲੰਘੀ ਹੈ
ਮੂੰਹ ਪਰਨੇ ਡਿੱਗੇ ਮਨ ‘ਤੇ
ਅਹਿਸਾਸ ਦੀ
ਬੜੀ ਡੂੰਘੀ ਚੋਟ ਲੱਗੀ ਹੈ
======
ਨਿਕਾਸ
ਨਜ਼ਮ
ਦੁੱਖ ਦੀ ਇਸ ਘੜੀ
ਚੁੱਪ ਨਾ ਰਹੋ
ਰਸਮੀ ਹੀ ਸਹੀ
ਦੋ ਮੋਹ ਭਿੱਜੇ ਬੋਲ ਕਹੋ
ਹੱਥ ਫੜਾਓ ਕੋਈ ਬਹਾਨਾ
ਟੁੱਟੇ ਜਿਸ ਨਾਲ਼
ਅੰਦਰਲਾ ਬੰਨ੍ਹ
ਹੰਝੂਆਂ ਦਾ ਹੜ੍ਹ ਵਗੇ
ਹੌਲ਼ਾ ਹੋਵੇ ਮਨ ਦਾ ਭਾਰ
Sunday, January 3, 2010
ਜਸਬੀਰ ਮਾਹਲ - ਨਜ਼ਮ
ਰੁੱਤ-ਚੱਕਰ-1 ਨਜ਼ਮ
ਇਕ ਵੇਲੇ ਸੀ
ਅੰਬਰ ਦੇ ਸੰਗ
ਗੱਲਾਂ ਕਰਦੇ…
ਰੁੱਤ ਬਦਲੀ
ਤਾਂ ਉਹੀਓ ਪੱਤੇ
ਰੁੱਖ ਦੇ ਪੈਰੀਂ ਆਣ ਡਿੱਗੇ!
=====
ਰੁੱਤ-ਚੱਕਰ-2
ਨਜ਼ਮ
ਝੱਖੜ ਝੁੱਲਿਆ
ਘਰ ਦਾ ਦਰ ਖੁੱਲ੍ਹਿਆ…
ਬੇ-ਘਰ ਹੋਏ ਕਿੰਨੇ ਪੱਤੇ
ਟੱਪ ਬਰੂਹਾਂ ਅੰਦਰ ਆ ਗਏ।
=====
ਜ਼ਿੰਦਗੀ ਦਾ ਜਸ਼ਨ
ਨਜ਼ਮ
ਇਹ ਜਾਣਦਿਆਂ
ਕਿ ਕੁਝ ਹੀ ਦਿਨਾਂ ’ਚ
ਖ਼ਤਮ ਹਯਾਤੀ ਹੋ ਜਾਣੀ ਹੈ,
ਪੱਤਿਆਂ ਨੂੰ ਕਿਵੇਂ
ਗੂੜ੍ਹੇ ਗੂੜ੍ਹੇ ਰੰਗ ਚੜ੍ਹੇ ਨੇ
ਪੱਤਝੜ ਰੁੱਤੇ!
=====
ਯੋਧੇ
ਨਜ਼ਮ
ਪੀਲ਼ੇ, ਹਰੇ, ਕਿਰਮਚੀ ਪੱਤੇ,
ਨਿਕਲ਼ ਆਏ ਸੜਕਾਂ ਉੱਤੇ।
ਰੋਸ ਮੁਜ਼ਾਹਰਾ ਕਰਦੇ
ਪੱਤਝੜ ਕੋਲੋਂ ਜ਼ਰਾ ਨਾ ਡਰਦੇ!
Monday, December 14, 2009
ਜਸਬੀਰ ਮਾਹਲ - ਨਜ਼ਮ
ਅਜੋਕਾ ਗਲ਼ੀ-ਗੁਆਂਢਨਜ਼ਮ
ਸੰਪਰਕ ਕਾਪੀ ਦੇ ਪੰਨੇ ਪਲਟਦਿਆਂ
ਬਦਲੇ ਪਤੇ ਤੇ ਫ਼ੋਨ ਨੰਬਰ ਵਿੰਹਦਿਆਂ
ਕਿੰਨੇ ਸਵਾਲ ਜ਼ਿਹਨ ਵਿਚ
ਉੱਠ ਉੱਠ ਖਲੋਣ
..........
ਕਿੱਥੇ ਗਿਆ ਪੁਰਖਿਆਂ ਦਾ ਘਰ
ਕਿਹੋ-ਜਿਹੇ ਬਣਨਗੇ ਹੁਣ ਰਿਸ਼ਤੇ
ਕਿਹੋ ਜਿਹਾ ਹੋਊ ਗਲ਼ੀ-ਗੁਆਂਢ
ਵੀਹੀ ਵਿਹੜਿਆਂ ਨਾਲ਼
ਕਿੰਝ ਦਾ ਹੋਊ ਮੋਹ...?
..........
ਕੀ ਹੁਣ ਹਵਾ ‘ਚ ਰਲ਼ੀ ਮੁਸ਼ਕ ਤੋਂ
ਮਿਲ਼ਿਆ ਕਰੂ
ਗੁਆਂਢੀ ਦੇ ਮਰ ਜਾਣ ਦੀ ਕਨਸੋਅ...??
=====
ਟੱਬਰ
ਨਜ਼ਮ
ਟੱਬਰ
ਆਦਮੀ ਦੇ ਪੈਰਾਂ ‘ਚ ਪਾਏ ਬੇੜੀ
ਹੱਥਾਂ ‘ਚ ਹੱਥਕੜੀ
ਤੇ ਮੂੰਹ ਨੂੰ ਲਗਾਮ ਦੇਵੇ ਟੱਬਰ
............
ਮੋਹ ਦੀ ਵਲਗਣ ‘ਚ ਵਲ਼ ਕੇ
ਬੰਦੇ ਨੂੰ ਬਿਸਕੁਟ ਵਾਂਗ ਤੋੜੇ
ਛੱਲੀ ਵਾਂਗ ਭੋਰੇ
ਤੇ ਹੌਲ਼ੀ-ਹੌਲ਼ੀ ਭਸਮ ਕਰੇ
ਮਨੁੱਖ ਦੀ ਸੱਤਿਆ
...........
ਟੱਬਰ
ਨੂੜ ਕੇ ਹੱਥ ਪੈਰ
ਯੁੱਧ ‘ਚ ਘੱਲੇ ਆਦਮੀ ਨੂੰ
ਜਿੱਥੇ ਹਰ ਪਲ ਬੰਦਾ
ਤਿਲ਼ ਤਿਲ਼ ਮਰਦਾ, ਜਿਉਂਦਾ
ਮੁੜ ਮਿਲ਼ਣ ਲਈ
ਟੱਬਰ ਆਪਣੇ ਨੂੰ।
Friday, September 11, 2009
ਜਸਬੀਰ ਮਾਹਲ - ਅੱਜ ਗਿਆਰਾਂ ਸਤੰਬਰ ਤੇ ਵਿਸ਼ੇਸ਼ - ਨਜ਼ਮ
ਦੋਸਤੋ! ਅੱਜ ਤੋਂ ਪੂਰੇ ਅੱਠ ਸਾਲ ਪਹਿਲਾਂ 11 ਸਤੰਬਰ, 2001 ਨੂੰ ਅਮਰੀਕਾ ਦੇ ਟਵਿੰਨ ਟਾਵਰਾਂ ‘ਚ ਸੈਂਕੜੇ ਮਾਸੂਮ ਜਿੰਦਾਂ ਸੌੜੀਆਂ ਸੋਚਾਂ ਦਾ ਸ਼ਿਕਾਰ ਹੋ ਗਈਆਂ ਸਨ। ਅੱਜ ਭਰੇ ਮਨ ਨਾਲ਼ ਉਹਨਾਂ ਸਭ ਨੂੰ ਯਾਦ ਕਰਦਿਆਂ ਸਰੀ, ਕੈਨੇਡਾ ਵਸਦੇ ਸ਼ਾਇਰ ਜਸਬੀਰ ਮਾਹਲ ਜੀ ਦੀ ਕਿਤਾਬ ‘ਆਪਣੇ ਆਪ ਕੋਲ਼’ ‘ਚੋਂ ਦੋ ਨਜ਼ਮਾਂ ਆਰਸੀ ‘ਚ ਸ਼ਾਮਲ ਕਰ ਰਹੀ ਹਾਂ। ਬਕੌਲ ਡੈਡੀ ਜੀ ਗੁਰਦਰਸ਼ਨ ਬਾਦਲ:“...ਕਬਰਿਸਤਾਨ ‘ਚ ਥਾਵਾਂ ਮੁੱਕੀਆਂ, ਗਿਰਝਾਂ ਨੇ ਮੂੰਹ ਮੋੜੇ,
ਮੌਤੋਂ ਫੇਰ ਹਿਯਾਤੀ ਹਰ ਗਈ, ਚਾਰ-ਚੁਫ਼ੇਰੇ ਲਾਸ਼ਾਂ।
ਲਕੜਾਂ ਮੁੱਕੀਆਂ, ਕੱਫ਼ਣ ਮੁੱਕੇ, ਰਹਿਗੇ ਵੈਣ-ਸਿਆਪੇ,
ਗ਼ਮ ਵਿਚ ਪੱਥਰ-ਅੱਖ ਵੀ ਭਰ ਗਈ, ਚਾਰ-ਚੁਫ਼ੇਰੇ ਲਾਸ਼ਾਂ...”
ਅਦਬ ਸਹਿਤ
ਤਨਦੀਪ ‘ਤਮੰਨਾ’
***************
ਗਿਆਰਾਂ ਸਤੰਬਰ 2001 ਤੋਂ ਪਹਿਲਾਂ
ਨਜ਼ਮ
ਨਾਸ਼ਤਾ ਖਾਂਦਿਆਂ
ਦੂਰ-ਦੁਰਾਡੇ ਕਿਸੇ ਦੇਸ਼ ‘ਚ
ਹੋ ਰਹੀ ਜੰਗ ਬਾਰੇ
ਅਖ਼ਬਾਰ ਦੀਆਂ ਸੁਰਖ਼ੀਆਂ ‘ਤੇ
ਕਿਵੇਂ ਉੱਡਦੀ ਜਿਹੀ ਝਾਤੀ ਮਾਰ ਲੈਂਦੀ ਸੀ
..................
ਟੀ.ਵੀ. ਅੱਗੇ ਬਹਿ ਕੇ
ਨਮਕੀਨ ਨੂੰ ਮੂੰਹ ਮਾਰਦਿਆਂ
ਸਮੁੰਦਰੋਂ ਪਾਰ ਫਟੇ ਬੰਬਾਂ ਦੀ
ਵਾਰ-ਵਾਰ ਦਿਖਾਈ ਖ਼ਬਰ ‘ਚੋਂ ਉਪਜਿਆ
ਅਕੇਵਾਂ ਤੋੜਨ ਲਈ
ਕਿਵੇਂ ਬਦਲ਼ਦੇ ਸੀ ਚੈਨਲ
.................
ਕਾਰ ਚਲਾਉਂਦੇ ਸਮੇਂ ਰੇਡਿਓ ‘ਤੇ
ਦੂਰ ਦੇਸ਼ ਦੇ ਅੰਦਰੂਨੀ ਝਗੜਿਆਂ ‘ਚ
ਮਰਨ ਵਾਲ਼ਿਆਂ ਦੀ ਗਿਣਤੀ ਨਾਲ਼ੋਂ
ਕਿਤੇ ਵੱਧ ਅਹਿਮ ਹੁੰਦਾ ਸੀ
ਸ਼ੇਅਰ ਬਾਜ਼ਾਰ ਦਾ
ਉਤਰਾਅ-ਚੜ੍ਹਾਅ
ਜਾਂ ਦਿਨੇ ਹੋਏ ਮੈਚਾਂ ਦਾ ਨਤੀਜਾ
.................
ਕਿੰਨੇ ਓਪਰੇ ਸਨ ਸ਼ਬਦ
ਜੰਗ, ਡਰ, ਅਸੁਰੱਖਿਆ,
ਦਹਿਸ਼ਤਗਰਦੀ, ਜੁਰਮ-ਯੁੱਧ
ਗਿਆਰਾਂ ਸਤੰਬਰ ਤੋਂ ਪਹਿਲਾਂ....
=============
ਗਿਆਰਾਂ ਸਤੰਬਰ 2001 ਤੋਂ ਬਾਅਦ
ਨਜ਼ਮ
ਇਕ ਦਮ
ਕਿਵੇਂ ਸੁੰਗੜ ਗਏ ਭਾਵ
ਕਿੰਨੇ ਹੀ ਸ਼ਬਦਾਂ ਦੇ
ਇਕ ਦਮ
ਕਿੰਨਾ ਵਿਸ਼ਾਲ ਹੋ ਗਿਆ
ਕਈ ਅਰਥਾਂ ਦਾ ਘੇਰਾ
..............
ਇਕ ਦਮ
ਕਿੰਨਾ ਘਟ ਗਿਆ ਖੇਤਰਫਲ਼
ਰੁਝੇਵਿਆਂ ਦੀ ਦੌੜ ਦਾ
ਯਾਰਾਂ ‘ਤੇ ਕੀਤੇ ਗ਼ੁੱਸੇ ਦਾ
ਅਫ਼ਸੋਸ ਬਟੂਏ ਖੁੱਸੇ ਦਾ
................
ਇਕ ਦਮ
ਕਿੰਨਾ ਅਹਿਮ ਹੋ ਗਿਆ
ਘਰੋਂ ਤੁਰਨ ਵੇਲ਼ੇ
ਬੱਚਿਆਂ ਨੂੰ ਚੁੰਮਣਾ
ਜਾਗਣ ਸੌਣ ਵੇਲ਼ੇ
ਪਰਿਵਾਰ ਦੇ ਜੀਆਂ ਨੂੰ ਸੀਨੇ ਨਾਲ਼ ਘੁੱਟਣਾ
ਰਿਸ਼ਤਿਆਂ ਦੀ ਖ਼ੈਰ-ਸੁੱਖ ਪੁੱਛਣਾ
.................
ਇਕ ਦਮ
ਅਕਸ ਨਜ਼ਰ ਵਿਚ ਫੈਲਿਆ
ਕਿਵੇਂ ਬੇਬਸੀ ਤੇ ਰੋਣ ਦਾ
ਭਰਮ ਮਨ ‘ਚੋਂ ਟੁੱਟਿਆ
ਜ਼ਿੰਦਗੀ ਮਹਿਫ਼ੂਜ਼ ਹੋਣ ਦਾ....
Friday, August 7, 2009
ਜਸਬੀਰ ਮਾਹਲ - ਨਜ਼ਮ
ਬੱਸ ਉਡੀਕਦੀ ਕੁੜੀ ਨਜ਼ਮ
ਉਹ
ਬੱਸ ਸਟਾਪ ’ਤੇ ਆ ਖੜ੍ਹਦੀ…
ਆਉਂਦੀ ਟ੍ਰੈਫਿਕ ਤੋਂ
ਮੂੰਹ ਭੁਆਂ ਕੇ
ਲੰਘ ਗਈ ਟ੍ਰੈਫਿਕ ਦੇ
ਨੰਬਰ ਪੜ੍ਹਦੀ
ਬੁੱਢੀ ਹੋ ਗਈ
ਉਹ ਕੁੜੀ,
ਇਉਂ ਹੀ ਕਰਦੀ…
=====
ਬਰਫ਼ ਦੇ ਟੁਕੜੇ
ਨਜ਼ਮ
ਕਈ ਵੇਰ ਇਉਂ ਵੀ ਹੋਏ
ਕਿ ਹੌਲ਼ੀ-ਹੌਲ਼ੀ
ਖਹਿਸ਼ ਖੁਰ ਜਾਏ
.............
ਫਿਰ
ਮਨ ਦੀ ਕਿਸੇ ਤਹਿ ‘ਚੋਂ
ਹੱਥ ਲੱਗ ਜਾਏ
ਸੱਖਣਾ ਜਿਹਾ ਅਹਿਸਾਸ ਕਦੇ
ਤੂੜੀ ਫਰੋਲ਼ਦਿਆਂ
ਸਿੱਲ੍ਹੀ ਬੋਰੀ
ਲੱਭਦੀ ਹੈ ਜਿਵੇਂ ਅਕਸਰ।
========
ਫਾਸਟ ਫੂਡ
ਨਜ਼ਮ
ਅੱਗ ਤੋਂ ਕਾਹਲ਼ਾ ਪਕਵਾਨ
ਪਕਵਾਨ ਤੋਂ ਕਾਹਲ਼ੀ ਅੱਗ
ਦੋਹਾਂ ਤੋਂ ਵੀ ਕਾਹਲ਼ੇ
ਹੱਥ ਪਕਾਉਂਣ ਵਾਲ਼ੇ
ਤੇ ਸਭ ਤੋਂ ਕਾਹਲ਼ੇ
ਖਾਂਦੇ ਖਾਂਦੇ
ਗੱਡੀਆਂ ਭਜਾਉਂਣ ਵਾਲ਼ੇ।
Friday, June 26, 2009
ਜਸਬੀਰ ਮਾਹਲ - ਨਜ਼ਮ
ਹਾਦਸੇਨਜ਼ਮ
ਹਾਦਸਿਆਂ ਵਿਚ...
ਬਸ ਰਿਸ਼ਤੇ ਟੁੱਟਦੇ ਹਨ
......
ਸੁਪਨੇ ਮਰੇ ਨੇ ਕੇਵਲ
ਦਿਲ ਹੀ ਗਿਆ ਵਲੂੰਧਰਿਆ
ਸ਼ਾਂਤੀ ਹੀ ਗੁਆਚੀ ਹੈ ਮਨ ਦੀ
ਸੁੱਖ-ਸਾਂਦ ਹੈ ਬਾਕੀ
.........
ਬਾਕੀ ਸਭ ਹੈ ਸਹੀ ਸਲਾਮਤ
ਮੈਂਬਰਸ਼ਿਪ ਕਲੱਬ ਦੀ
ਵੱਡੀ ਕੋਠੀ
ਮਹਿੰਗੀ ਕਾਰ
ਬੈਂਕ ਦਾ ਖਾਤਾ
ਫਾਰਮ-ਹਾਊਸ
ਸਾਗਰ ਕੰਢੇ ਦਾ ਘਰ-ਬਾਰ
......
ਸ਼ੁਕਰ ਹੈ ਬਚ ਗਿਆ
ਹਾਦਸਿਆਂ ਤੋਂ ਕਿੰਨਾ ਕੁਝ...!
======
ਪੱਥਰ
ਨਜ਼ਮ
ਬਦਲੀ ਹੈ ਜਦ ਤੋਂ
ਪੱਥਰ ਦੀ ਨਕਸ਼-ਨੁਹਾਰ
ਅਣਗੌਲ਼ਿਆ ਨਾ ਰਹੇ ਉਹ
ਸਗੋਂ
ਘਰਾਂ ਦਾ ਬਣੇ ਸ਼ਿੰਗਾਰ
.......
ਜਦ ਤੋਂ ਮਿਲ਼ੀ ਹੈ
ਪੱਥਰ ਨੂੰ
ਬੁੱਤ-ਘਾੜੇ ਦੀ ਛੋਹ
ਆਪਣੀ ਜ਼ਾਤ ਕੋਲ਼ੋਂ
ਅੱਡ ਬਹਿੰਦਾ ਹੈ ਉਹ
Sunday, May 17, 2009
ਜਸਬੀਰ ਮਾਹਲ - ਨਜ਼ਮ
ਅਰਥਹੀਣਨਜ਼ਮ
ਬੜੀ ਵਕ਼ਤ ਦੀ ਥੋੜ ਹੈ
ਆਉਂਦੇ ਦਿਨਾਂ ‘ਚ
ਆਰਜ਼ੀ ਤੌਰ ‘ਤੇ ਲੋੜ ਹੈ
ਰੂਹ ਤੋਂ ਸੱਖਣੇ
ਇਕ ਜਣੇ ਦੇ ਸਿਰ ਦੀ
ਜੋ ਮੇਰੀ ਥਾਵੇਂ ਭਰੇ ਹਾਜ਼ਰੀ
ਰਸਮੀ ਕਿਸਮ ਦੀ....
................
ਤੁਰ ਗਏ ਦੇ ਸੋਗ ਵਿਚ
ਦੋ ਤਿੰਨ ਜਣਿਆਂ ਦੇ ਰੱਖੇ
ਪਾਠ ਦੇ ਭੋਗ ਵਿਚ
..........
ਨਵੇਂ ਜੰਮੇ ਲਈ
ਲੰਮੀ ਉਮਰ ਦੀ ਅਰਦਾਸ ਵਿਚ
ਮੰਗਣੇ ਦੀ ਰਸਮ ਖ਼ਾਸ ਵਿਚ
.......
ਵਿਆਹ ਦੇ ਸ਼ਗਨ ਵਿਚ
ਗੁਆਂਢੀ ਬੱਚੇ ਦੇ ਜਸ਼ਨ ਵਿਚ
.........
ਰਾਤ ਦੀ ਪਾਰਟੀ ਦੇ ਰੌਲ਼ੇ-ਗੌਲ਼ੇ ਵਿਚ
ਸਭਿਆਚਾਰ ਦੇ ਨਾਂ ‘ਤੇ
ਚਲਦੇ ਘਚੋਲ਼ੇ ਵਿਚ
.............
ਮੈਂ ਆਪ ਤੇ ਹਾਜ਼ਰ ਹੋ ਨਹੀਂ ਸਕਣਾ
ਕਿਉਂਕਿ....
ਮੈਂ.......
ਆਪਣੇ ਆਪ ਨੂੰ.......
ਮਿਲ਼ਣ ਜਾਣਾ ਹੈ!
Tuesday, April 21, 2009
ਜਸਬੀਰ ਮਾਹਲ - ਨਜ਼ਮ
ਸਾਹਿਤਕ ਨਾਮ: ਜਸਬੀਰ ਮਾਹਲਅਜੋਕਾ ਨਿਵਾਸ: ਸਰੀ, ਕੈਨੇਡਾ
ਕਿਤਾਬਾਂ: ਕਾਵਿ-ਸੰਗ੍ਰਹਿ: ਆਪਣੇ ਆਪ ਕੋਲ਼ ( 2009)
ਦੋਸਤੋ! ਆਰਸੀ ਲਈ ਪਹੁੰਚੀ ਜਸਬੀਰ ਮਾਹਲ ਜੀ ਦੀ ਬੇਹੱਦ ਖ਼ੂਬਸੂਰਤ ਕਿਤਾਬ ‘ਆਪਣੇ ਆਪ ਕੋਲ਼’ ‘ਚੋਂ ਕੁੱਝ ਨਜ਼ਮਾਂ ਤੁਹਾਡੀ ਨਜ਼ਰ ਕਰਕੇ ਆਰਸੀ ਦੀ ਅਦਬੀ ਮਹਿਫ਼ਿਲ ‘ਚ ਮਾਹਲ ਸਾਹਿਬ ਨੂੰ ਖ਼ੁਸ਼ਆਮਦੀਦ ਆਖਣ ਦਾ ਅੱਜ ਮਾਣ ਹਾਸਲ ਕਰ ਰਹੀ ਹਾਂ। ਮੈਨੂੰ ਇਹ ਲਿਖਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਇਸ ਕਿਤਾਬ ‘ਚ ਸ਼ਾਮਲ ਨਜ਼ਮਾਂ ਦੀ ਦਾਰਸ਼ਨਿਕਤਾ ਨੇ ਮੇਰੇ ਮਨ ਤੇ ਗਹਿਰਾ ਪ੍ਰਭਾਵ ਛੱਡਿਆ ਹੈ, ਅਚੇਤ ਮਨ ਨੂੰ ਝੰਜੋੜਿਆ ਹੈ। ਬੇਲੋੜੇ ਵਿਸਤਾਰ ਦੀ ਜਗ੍ਹਾ, ਥੋੜ੍ਹੇ ਲਫ਼ਜ਼ਾਂ ‘ਚ ਵੱਡੇ ਸੰਕੇਤ ਦੇ ਜਾਣਾ, ਇਹਨਾਂ ਨਜ਼ਮਾਂ ਦੀ ਖ਼ਾਸੀਅਤ ਅਤੇ ਖ਼ੂਬਸੂਰਤੀ ਹੈ। ਮਾਹਲ ਸਾਹਿਬ ਦੀ ਇਹ ਕਿਤਾਬ ਵਾਰ-ਵਾਰ ਪੜ੍ਹਨ ਅਤੇ ਮਾਨਣਯੋਗ ਹੈ। ਇਸ ਦੇ ਪ੍ਰਕਾਸ਼ਨ ‘ਤੇ ਆਰਸੀ ਪਰਿਵਾਰ ਵੱਲੋਂ ਲੇਖਕ ਨੂੰ ਇੱਕ ਵਾਰ ਫੇਰ ਬਹੁਤ-ਬਹੁਤ ਮੁਬਾਰਕਾਂ।
---------------
ਸਿਧਾਰਥ ਨਹੀਂ
ਨਜ਼ਮ
ਸਿਧਾਰਥ ਨਹੀਂ ਹਾਂ ਮੈਂ
ਕਿ ਤੁਰ ਪਵਾਂ ਜੰਗਲ਼ ਵੱਲ
ਟੱਬਰ ਨੂੰ ਛੱਡ
ਮੇਰੇ ਕੋਲ਼ ਨਹੀਂ
ਕੋਈ ਸਾਹੀ ਸ਼ੀਸ਼ ਮਹਿਲ
ਕਰ ਸਕੇ ਜੋ
ਰੋਟੀ ਦੀ ਮੁਸ਼ਕਿਲ ਹੱਲ
.............
ਬਿਰਖ਼ ਬੂਟਿਆਂ ਦੀ ਥਾਂ
ਇੱਕ ਜੰਗਲ਼ ਹੈ ਰੁਝੇਵਿਆਂ ਦਾ
ਮੈਂ ਤਾਂ
ਇਸ ਜੰਗਲ਼ ਵਿਚ ਘੁੰਮਦਿਆਂ ਹੀ
ਹੋਣਾ ਹੈ ਬਿਰਧ
ਉਹੀਓ ਰਾਹ
ਵਾਰ-ਵਾਰ ਮਿੱਧਣੇ ਨੇ
ਮੈਂ ਸਾਰੀ ਉਮਰ...
...........
ਮੇਰੇ ਖ਼ੁਦਾ!
ਟੱਬਰ ਵੱਲ, ਆਪਣੇ ਵੱਲ
ਜੰਗਲ਼ ਤੋਂ
ਕਦੋਂ ਮੁੜਾਂਗਾ ਮੈਂ?
=============
ਪਾਰਖੂ
ਨਜ਼ਮ
ਕਵਿਤਾ
ਮੈਂ ਅਜੇ ਤੈਨੂੰ ਨਹੀਂ ਲਿਖ ਸਕਦਾ
ਅਜੇ ਤਾਂ ਲੱਭ ਰਿਹਾਂ
ਅਜਿਹਾ ਕੋਈ ਖ਼ਿਆਲ
ਜਾਰੀ ਹੈ ਅਜੇ
ਅਜਿਹੇ ਸ਼ਬਦਾਂ ਦੀ ਭਾਲ਼
ਜਿਨ੍ਹਾਂ ਨੂੰ ਵਰਤ ਕੇ
ਬਣਾਵਾਂ ਤੇਰਾ ਮੂੰਹ-ਮੱਥਾ
ਪਿਕਾਸੋ ਦੀ
ਉਸ ਕਲਾ ਕ੍ਰਿਤ ਜਿਹਾ
ਨੁਮਾਇਸ਼ ‘ਚ ਜੀਹਨੂੰ
ਪੁੱਠੀ ਟੰਗੀ ਵੇਖ
ਸ਼ਲਾਘਾ ਕਰਦੇ
ਥੱਕਦੇ ਨਹੀਂ ਕਲਾ ਦੇ ਪਾਰਖੂ...
==============
ਰੁੱਤ ਚੱਕਰ
ਨਜ਼ਮ
ਸਦਾ ਬਹਾਰ ਨਹੀਂ
ਮੈਂ ਲੋਚਾਂ
ਉਸ ਰੁੱਖ ਜਿਹਾ ਬਣਨਾ
ਕਿਸੇ ਘੜੀ ਵੀ
ਜਿਸ ਵੱਲ ਤੱਕਿਆਂ
ਆਉਂਦੀ ਜਾਂਦੀ ਹਰ ਇਕ ਰੁੱਤ ਦੀ
ਖ਼ਬਰ ਮਿਲ਼ੇ।
==============
ਲਕੀਰ
ਨਜ਼ਮ
ਮੈਂ
ਸਮਝੀ ਸੀ ਬੈਠਾ
ਕਿ ਬਹੁਤ ਲੰਮੇਰਾ ਕੱਦ ਹੈ
ਮੇਰੀ ਪੀੜ ਦਾ
ਰਿਣੀ ਹਾਂ ਉਸ ਦਾ
ਜਿਸ ਦੁੱਖ ਆਪਣੇ ਦੀ
ਵਾਹ ਕੇ ਲਕੀਰ
ਕੱਦ-ਕਾਠ ਮਧਰਾ ਕਰ ਦਿੱਤਾ
ਮੇਰੀ ਲਕੀਰ ਦਾ।
.jpg)
.jpg)