ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਗੁਰਦਰਸ਼ਨ 'ਬਾਦਲ'. Show all posts
Showing posts with label ਗੁਰਦਰਸ਼ਨ 'ਬਾਦਲ'. Show all posts

Friday, December 11, 2009

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਰੰਗ ਉਸਤੇ ਹੋਰ ਗੂੜ੍ਹਾ ਦਾਗ਼ ਦਾ ਹੋਇਆ ਕਰੇ।

ਦਾਜ ਦੀ ਚਾਦਰ ਨੂੰ ਜਦ ਵੀ ਉਹ ਕੁੜੀ ਧੋਇਆ ਕਰੇ।

-----

ਆਪਣੇ ਹੀ ਘਰ ਦੇ ਅੰਦਰ, ਜਦ ਬਿਗਾਨੀ ਬਣ ਗਈ,

ਆਪਣਾ ਘਰ ਯਾਦ ਕਰਕੇ, ਹੋਰ ਵੀ ਰੋਇਆ ਕਰੇ।

-----

ਸੁਰਖ਼ੁਰੂ ਇਕ ਬਾਪ ਹੋਇਆ, ਲਾਸ਼ ਤਾਈਂ ਤੋਰ ਕੇ,

ਹੰਝੂਆਂ ਥੀਂ ਰੋਜ਼ ਹੀ ਉਹ ਲਾਸ਼ ਮੂੰਹ ਧੋਇਆ ਕਰੇ।

-----

ਤੋੜਕੇ ਜਿਸ ਵੇਲ ਨਾਲ਼ੋਂ, ਪੱਤੀ ਇਹ ਕੀਤੀ ਜੁਦਾਅ,

ਵੇਲ ਵੀ ਉਸ ਨਾਲ਼ ਹੀ, ਜੀਆ ਕਰੇ, ਮੋਇਆ ਕਰੇ।

-----

ਔਸੀਆਂ ਦਾ ਪਾਣੀ ਪਾ-ਪਾ, ਦਰਦ ਦੀ ਥਾਲ਼ੀ ਦੇ ਵਿਚ,

ਯਾਦ ਦਾ ਆਟਾ ਉਹ ਕਮਲ਼ੀ, ਬੈਠ ਕੇ ਗੋਇਆ ਕਰੇ।

-----

ਗਿਰ ਕੇ ਮਿੱਟੀ ਵਿੱਚ ਮਿੱਟੀ ਹੋ ਰਹੇ ਹੰਝੂ ਉਦ੍ਹੇ,

ਹੈ ਕੁਈ ਦਰਦੀ ਜੋ ਅੱਗੇ ਆਪਣਾ ਕੋਇਆ ਕਰੇ?

-----

ਦੇ ਦਿਓ ਜਾਕੇ ਸੁਨੇਹਾਂ, ਉਸ ਅਭਾਗਣ ਨੂੰ ਕੁਈ,

ਐਵੇਂ ‘ਬਾਦਲ’ ਦੇ ਵਿਛੋੜੇ, ਵਿੱਚ ਨਾ ਰੋਇਆ ਕਰੇ।

Friday, October 9, 2009

ਗੁਰਦਰਸ਼ਨ 'ਬਾਦਲ' - ਮਰਸੀਆ-ਏ-ਇੰਦਰਜੀਤ ਹਸਨਪੁਰੀ

ਸ਼ਾਇਰ ਦੋਸਤ ਜਨਾਬ ਇੰਦਰਜੀਤ ਹਸਨਪੁਰੀ ਸਾਹਿਬ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਡੂੰਘਾ ਸਦਮਾ ਲੱਗਿਆ ਹੈ। ਜੁਲਾਈ-ਅਗਸਤ ‘ਚ ਜਦੋਂ ਉਹ ਕੈਨੇਡਾ ਫੇਰੀ ਤੇ ਆਏ ਹੋਏ ਸਨ ਤਾਂ ਇੰਡੀਆ ਵਾਪਸੀ ਤੋਂ ਦੋ ਕੁ ਦਿਨ ਪਹਿਲਾਂ ਉਹਨਾਂ ਨਾਲ਼ ਫੋਨ ਤੇ ਗੱਲ ਹੋਈ ਤਾਂ ਮੈਂ ਪੁੱਛਿਆ ਕਿ ਹਸਨਪੁਰੀ ਸਾਹਿਬ! ਟਰਾਂਟੋ ਤੋਂ ਹੀ ਮੁੜ ਚੱਲੇ ਹੋ…ਵੈਨਕੂਵਰ ਆ ਜਾਓ, ਬਹਾਨੇ ਨਾਲ਼ ਮਿਲ਼ ਲਵਾਂਗੇ। ਆਖਣ ਲੱਗੇ ਯਾਰ ਬਾਦਲ! ਸਿਹਤ ਠੀਕ ਨਹੀਂ ਹੈ। ਬੱਸ ਹੁਣ ਵਾਪਸ ਚਲੇ ਜਾਣਾ ਹੈ। ਕੀ ਪਤਾ ਤੇਰੀ ਮੇਰੀ ਇਹ ਆਖ਼ਰੀ ਗੱਲ ਹੀ ਨਾ ਹੋਵੇ।ਉਹਨਾਂ ਦੇ ਇਹ ਆਖ਼ਰੀ ਬੋਲ ਅੱਜ ਵੀ ਮੇਰੇ ਕੰਨਾਂ ‘ਚ ਗੂੰਜ ਰਹੇ ਨੇ।

ਕੱਲ੍ਹ ਜਦੋਂ ਬੇਟੀ ਤਨਦੀਪ ਨੇ ਉਹਨਾਂ ਦੇ ਸਭ ਨੂੰ ਅਲਵਿਦਾ ਆਖ ਜਾਣ ਦੀ ਖ਼ਬਰ ਸੁਣਾਈ ਤਾਂ ਮੈਂ ਹਸਨਪੁਰੀ ਸਾਹਿਬ ਨੂੰ ਇੰਝ ਯਾਦ ਕੀਤਾ:

ਮਰਸੀਆ-ਏ-ਇੰਦਰਜੀਤ ਹਸਨਪੁਰੀ

*******

ਬੈਠੋਗੇ ਕਲ੍ਹ ਨੂੰ ਮਿਤਰੋ! ਮਹਿਫ਼ਿਲ ਦੇ ਵਿਚ ਇਕੱਲੇ।

ਆਗੀ, ਅਸਾਡੀ ਆਗੀ, ਚੱਲੇ, ਅਸੀਂ ਵੀ ਚੱਲੇ।

-----

ਹੁਣ ਸੁਰਖ਼ੁਰੂ ਹਾਂ ਹੋਏ, ਥੋੜ੍ਹੇ ਪਲਾਂ ਨੂੰ ਛਡਕੇ,

ਸਾਰੀ ਹੀ ਉਮਰ ਸਾਡੇ, ਦਰਦਾਂ ਨੇ ਰਾਹ ਮੱਲੇ।

-----

ਹੈ ਮਰਨ ਪਿੱਛੋਂ ਆਈ, ਮੁਸਕਾਨ ਤਾਂ ਹੀ ਬੁੱਲ੍ਹੀਂ,

ਮਨ ਨੇ ਸਹੇ ਨੇ ਤਾਨ੍ਹੇ, ਤਨ ਨੇ ਤਸੀਹੇ ਝੱਲੇ।

-----

ਜੀਂਦੇ ਰਹੇ ਤਾਂ ਵੇਖੋ, ਪੁੱਛਿਆ ਕਿਸੇ ਨਾ ਸਾਨੂੰ,

ਹੁਣ ਮਰਨ ਪਿੱਛੋਂ ਸਾਡੀ, ਹੋਵੇਗੀ ਬੱਲੇ-ਬੱਲੇ।

-----

ਹੁਣ ਜਾ ਰਹੇ ਹਾਂ ਜਿੱਥੇ, ਪਹੁੰਚੇ ਨਾ ਕਾਂ, ਕਬੂਤਰ,

ਦਿਲਬਰ ਨੂੰ ਆਖ ਦੇਣਾ, ਹੁਣ ਨਾ ਸੁਨੇਹੇ ਘੱਲੇ।

-----

ਸ਼ਰਧਾਂਜਲੀ ਬਹਾਨੇ, ਦਿਲ ਦੀ ਭੜਾਸ ਕਢ ਕੇ,

ਨਾ ਛੇੜਿਓ ਇਨ੍ਹਾਂ ਨੂੰ, ਸਾਰੇ ਨੇ ਜ਼ਖ਼ਮ ਅੱਲੇ।

-----

ਨਾਜ਼ੁਕ ਸਰੀਰ ‘ਬਾਦਲ’, ਹੋਇਆ ਮਸਾਂ ਹੈ ਹੌਲ਼ਾ,

ਐਵੇਂ ਨਾ ਦੱਬੀ ਜਾਇਓ, ਲੋਈਆਂ ਦੇ ਭਾਰ ਥੱਲੇ।


ਇੰਦਰਜੀਤ ਹਸਨਪੁਰੀ - ਗ਼ਜ਼ਲ-ਚਿੱਤਰ

ਸਾਹਿਤਕ ਨਾਮ: ਇੰਦਰਜੀਤ ਹਸਨਪੁਰੀ

ਜਨਮ: 19 ਅਗਸਤ, 1932 – 8 ਅਕਤੂਬਰ, 2009

ਨਿਵਾਸ: ਪਿੰਡ ਹਸਨਪੁਰ ਅਤੇ ਬਾਅਦ ‘ਚ ਲੁਧਿਆਣਾ

ਕਿਤਾਬਾਂ: ਔਸੀਆਂ, ਸਮੇਂ ਦੀ ਆਵਾਜ਼ ਜ਼ਿੰਦਗੀ ਦੇ ਗੀਤ, ਜੋਬਨ ਨਵਾਂ ਨਕੋਰ, ਰੂਪ ਤੇਰਾ ਰੱਬ ਵਰਗਾ, ਮੇਰੇ ਜਿਹੀ ਕੋਈ ਜੱਟੀ ਨਾ, ਗੀਤ ਮੇਰੇ ਮੀਤ, ਰੰਗ ਖ਼ੁਸ਼ਬੂ ਰੌਸ਼ਨੀ, ਮੋਤੀ ਪੰਜ ਦਰਿਆਵਾਂ ਦੇ ਸਹਿਤ ਕੁੱਲ 13 ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ।

----

ਇਨਾਮ-ਸਨਮਾਨ: 1992 ਵਿੱਚ ਉਹਨਾਂ ਨੂੰ ਮੋਹਨ ਸਿੰਘ ਫਾਊਂਡੇਸ਼ਨ ਵਲੋਂ ਸ. ਪੂਰਨ ਸਿੰਘ ਬਸਹਿਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੇਸ਼ ਵਿਦੇਸ਼ ਦੀਆਂ ਸੈਂਕੜੇ ਸੰਸਥਾਵਾਂ ਦੇ ਇਨਾਮਾਂ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਨੇ ਵੀ ਉਹਨਾਂ ਨੂੰ ਇੱਕ ਲੱਖ ਰੁਪਏ ਦਾ ਸ੍ਰੋਮਣੀ ਪੁਰਸਕਾਰ ਦੇ ਕੇ ਸਨਮਾਨਿਆ। ਅਜੇ ਪਿਛਲੇ ਮਹੀਨੇ ਹੀ ਟੋਰਾਂਟੋ ਵਿਖੇ ਉਹਨਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਇਕਬਾਲ ਮਾਹਿਲ ਅਤੇ ਇਕਬਾਲ ਰਾਮੂਵਾਲੀਆ ਨੇ ਸਨਮਾਨਿਤ ਕੀਤਾ ਸੀ।

----

ਦੋਸਤੋ! ਪੰਦਰਾਂ ਕੁ ਸਾਲ ਦੀ ਉਮਰ ‘ਚ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਮਗਰੋਂ ਗ਼ਰੀਬੀ ਅਤੇ ਘਰ ਦੀਆਂ ਜ਼ਰੂਰਤਾਂ ਕਾਰਣ ਲੁਧਿਆਣੇ ਨੌ-ਲੱਖਾ ਸਿਨੇਮੇ ਦੇ ਸਾਹਮਣੇ ਪੇਂਟਰ ਦੀ ਦੁਕਾਨ ਕਰਨ ਤੋਂ ਲੈ ਕੇ ਅੰਤਰ-ਰਾਸ਼ਟਰੀ ਪ੍ਰਸਿੱਧੀ ਵਾਲ਼ਾ ਗੀਤਕਾਰ ਬਣਨ ਵਾਲ਼ੇ ਹਸਨਪੁਰੀ ਸਾਹਿਬ ਦਾ ਪਹਿਲਾ ਗੀਤ ‘ ਸਾਧੂ ਹੁੰਦੇ ਰੱਬ ਵਰਗੇ, ਘੁੰਡ ਕੱਢ ਕੇ ਖ਼ੈਰ ਨਾ ਪਾਈਏ’ 1959 ‘ਚ ਸ਼ਾਦੀ ਬਖ਼ਸ਼ੀ ਦੀ ਆਵਾਜ਼ ‘ਚ ਰਿਕਾਰਡ ਹੋਇਆ ਸੀ। ਉਸਤੋਂ ਬਾਅਦ ‘ਲੈ ਜਾ ਛੱਲੀਆਂ ਭੁਨਾ ਲਈਂ ਦਾਣੇ, ਮਿੱਤਰਾ ਦੂਰ ਦਿਆ’, ‘ਜੇ ਮੁੰਡਿਆ ਮੇਰੀ ਤੋਰ ਤੂੰ ਵੇਖਣੀ, ਗੜਵਾ ਲੈ ਦੇ ਚਾਂਦੀ ਦਾ, ਲੱਕ ਹਿੱਲੇ ਮਜਾਜਣ ਜਾਂਦੀ ਦਾ’, ‘ ਨਿੱਕੇ ਨਿੱਕੇ ਦੋ ਖਾਲਸੇ’, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ’, ‘ਘੁੰਮ ਨੀ ਭੰਬੀਰੀਏ ਤੂੰ ਘੁੰਮ ਘੁੰਮ ਘੁੰਮ’ ਆਦਿ ਸੈਂਕੜੇ ਗੀਤ ਲਿਖੇ ਜੋ ਸੁਪਰ-ਹਿੱਟ ਰਹੇ। ਪੰਜਾਬ ਦੇ ਲੱਗਭੱਗ ਹਰ ਵਧੀਆ ਗਾਇਕ ਨੇ ਉਹਨਾਂ ਦੇ ਗੀਤ ਗਾ ਕੇ ਨਾਮਣਾ ਖੱਟਿਆ, ਜਿਨ੍ਹਾਂ ‘ਚ ਚਾਂਦੀ ਰਾਮ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਸਵਰਨ ਲਤਾ, ਨਰਿੰਦਰ ਬੀਬਾ, ਜਗਮੋਹਨ ਕੌਰ, ਹੰਸ ਰਾਜ ਹੰਸ, ਸਰਦੂਲ ਸਿਕੰਦਰ ਆਦਿ ਜ਼ਿਕਰਯੋਗ ਹਨ।

----

ਸੰਨ 1966-1967 ਤੋਂ ਸ਼ੁਰੂ ਕਰਕੇ ਉਹਨਾਂ ਨੇ ਕਈ ਪੰਜਾਬੀ ਫਿਲਮਾਂ ਦਾ ਨਿਰਮਾਣ ਵੀ ਕੀਤਾ ਜਿਨ੍ਹਾਂ ‘ਚ ‘ਦਾਜ’ ਅਤੇ ‘ਸੁਖੀ ਪਰਿਵਾਰ’, ‘ਤੇਰੀ ਮੇਰੀ ਇਕ ਜਿੰਦੜੀ’ ਪ੍ਰਮੁੱਖ ਹਨ। ਉਹਨਾਂ ਨੇ ਅਨੇਕਾਂ ਹੋਰ ਪੰਜਾਬੀਆਂ ਫਿਲਮਾਂ ਦੇ ਗੀਤ ਵੀ ਲਿਖੇ ਜਿਨ੍ਹਾਂ ਵਿਚੋਂ, ਮਨ ਜੀਤੇ ਜਗਜੀਤ, ਦੁੱਖ ਭੰਜਨ ਤੇਰਾ ਨਾਮ, ਪਾਪੀ ਤਰੇ ਅਨੇਕ, ਧਰਮਜੀਤ, ਫੌਜੀ ਚਾਚਾ, ਯਮਲਾ ਜੱਟ, ਜੈ ਮਾਤਾ ਦੀ, ਗੋਰੀ ਦੀਆਂ ਝਾਂਜਰਾਂ, ਮਾਂ ਦਾ ਲਾਡਲਾ, ਚੋਰਾਂ ਨੂੰ ਮੋਰ, ਲੌਂਗ ਦਾ ਲਿਸ਼ਕਾਰਾ, ਮੋਟਰ ਮਿੱਤਰਾਂ ਦੀ ਅਤੇ ਨਹੀਂ ਰੀਸਾਂ ਪੰਜਾਬ ਦੀਆਂ ਪ੍ਰਮੁੱਖ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕਈ ਡਾਕੂਮੈਂਟਰੀ ਫਿਲਮਾਂ ਦਾ ਨਿਰਮਾਣ ਵੀ ਕੀਤਾ ਸੀ।

----

ਹਸਨਪੁਰੀ ਸਾਹਿਬ ਦੀ ਕਲਮ ਨੂੰ ਸਲਾਮ ਕਰਦੀ ਹੋਈ, ਕਿਤਾਬ ‘ਮੋਤੀ ਪੰਜ ਦਰਿਆਵਾਂ ਦੇ’ ‘ਚੋਂ ਅੱਜ ਮੈਂ ਉਹਨਾਂ ਦੁਆਰਾ ਲਿਖਿਆ ਡੈਡੀ ਜੀ ਗੁਰਦਰਸ਼ਨ ਬਾਦਲ ਸਾਹਿਬ ਦਾ ਗ਼ਜ਼ਲ-ਚਿੱਤਰ ਸ਼ਾਮਲ ਕਰ ਰਹੀ ਹਾਂ, ਜਿਹੜਾ ਉਹ ਚਾਹੁੰਦੇ ਸੀ ਕਿ ਆਰਸੀ ‘ਚ ਜ਼ਰੂਰ ਸ਼ਾਮਲ ਕੀਤਾ ਜਾਵੇ। ਦੁੱਖ ਇਸ ਗੱਲ ਦਾ ਹੈ ਕਿ ਉਹਨਾਂ ਦੀ ਹਾਜ਼ਰੀ ਉਹਨਾਂ ਦੇ ਤੁਰ ਜਾਣ ਮਗਰੋਂ ਲੱਗ ਰਹੀ ਹੈ।

ਅਦਬ ਸਹਿਤ

ਤਨਦੀਪ ‘ਤਮੰਨਾ’

*******************

ਗੁਰਦਰਸ਼ਨ ਬਾਦਲ

ਗ਼ਜ਼ਲ-ਚਿੱਤਰ

ਚਾਹੇ ਗ਼ਜ਼ਲ ਕਿਸੇ ਦੀ ਹੋਵੇ, ਤਕੜੀ ਦੇ ਵਿਚ ਤੋਲੇ ਬਾਦਲ।

ਫ਼ਰਕ ਦਿਸੇ ਤਾਂ ਠੀਕ ਕਰ ਦਵੇ, ਮਾਰ ਕੇ ਕਲਮ ਦੇ ਠੋਲੇ ਬਾਦਲ।

-----

ਇਕ-ਇਕ ਜੋੜ ਨੂੰ ਟੋਹ-ਟੋਹ ਵੇਖੇ, ਨੀਝ ਨਾਲ਼ ਹਰ ਪੱਖ ਤੋਂ ਜਾਂਚੇ,

ਜੇ ਨਾ ਲੱਗੇ ਹੋਣ ਟਿਕਾਣੇ, ਪੇਚ ਓਸ ਦੇ ਖੋਲ੍ਹੇ ਬਾਦਲ।

-----

ਆਪ ਜਦੋਂ ਵੀ ਗ਼ਜ਼ਲ ਕਹੇ ਉਹ, ਨਾਪ-ਤੋਲ ਕੇ ਅੱਖਰ ਜੜਦਾ,

ਗਿਣਤੀ-ਮਿਣਤੀ ਕਰਕੇ ਪੂਰੀ, ਬਹਿਰ-ਵਜ਼ਨ ਵਿਚ ਬੋਲੇ ਬਾਦਲ।

-----

ਉਸ ਵਿਚ ਏ ਉਸਤਾਦੀ, ਇਸ ਲਈ, ਵਜ਼ਨ ਹੈ ਉਸਦੀ ਗੱਲ ‘ਚ ਹੁੰਦਾ,

ਹੌਲ਼ੀ ਗੱਲ ਨਾ ਕਰਦਾ, ਜਿੱਦਾਂ, “ਮਨ ਡੋਲੇ-ਤਨ ਡੋਲੇ” ਬਾਦਲ।

-----

ਲੋਹੇ ਵਰਗੀ ਦ੍ਰਿੜਤਾ ਉਸ ਵਿਚ, ਪਰਬਤ ਵਰਗੇ ਹੈਨ ਇਰਾਦੇ,

ਜੋ ਲਿਖਣਾ ਉਹ ਡਟ ਕੇ ਲਿਖਣਾ, ਖਾਂਦਾ ਨਾ ਹਿਚਕੋਲੇ ਬਾਦਲ।

-----

ਜਾ ਬੈਠਾ ਕੈਨੇਡਾ ਦੇ ਵਿਚ, ਪਰ ਪੰਜਾਬ ‘ਚ ਰੂਹ ਹੈ ਉਸਦੀ,

ਨਾ ਭੁੱਲਿਆ ਉਹ ਗੁੱਲੀ-ਡੰਡਾ, ਨਾ ਹੀ ਉੜਨ-ਖਟੋਲੇ ਬਾਦਲ।

-----

ਸੋਚਾਂ ਦੇ ਸਾਗਰ ਦੀ ਤਹਿ ‘ਚੋਂ, ਲੱਭੀ ਜਾਵੇ ਲਾ-ਲਾ ਚੁੱਭੀ,

‘ਕੱਠੇ ਕਰ-ਕਰ ਗ਼ਜ਼ਲ ਦੇ ਮੋਤੀ, ਭਰਦਾ ਜਾਏ ਭੜੋਲੇ ਬਾਦਲ।

-----

ਹੈ ਅੰਦਾਜ਼ ਓਸਦਾ ਵੱਖਰਾ, ਨਾਲ਼ ਇਸ਼ਾਰੇ ਸਭ ਸਮਝਾਵੇ,

ਅਪਣੇ ਦਿਲ ਦੀ ਗੱਲ ਵੀ ਆਖੇ, ਨਾਲ਼ੇ ਰੱਖਦਾ ਓਲ੍ਹੇ ਬਾਦਲ।

-----

ਡਰਦਾ ਕਿਸੇ ਵੀ ਆਫ਼ਤ ਤੋਂ ਨਾ, ਹਰ ਔਕੜ ਨੂੰ ਨੱਥ ਪਾ ਦਵੇ,

‘ਹਸਨਪੁਰੀ’ ਜੀ! ਦੁੱਖਾਂ ਵਿਚ ਵੀ, ਗਾਉਂਦਾ ਰਹਿੰਦਾ ਢੋਲੇ ਬਾਦਲ।


Monday, September 28, 2009

ਗੁਰਦਰਸ਼ਨ 'ਬਾਦਲ' – ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਵਿਸ਼ੇਸ਼ - ਗ਼ਜ਼ਲ

****************************
ਗ਼ਜ਼ਲ

(ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ)

ਜਦੋਂ ਤੀਕਰ ਨਿਗ੍ਹਾ ਰੱਖੀ ਚੁਕੰਨੀ ਲਸ਼ਕਰਾਂ ਉੱਤੇ।

ਉਦੋਂ ਤੀਕਰ ਫ਼ਤਿਹ ਪੈਂਦੀ ਰਹੇਗੀ ਖ਼ਤਰਿਆਂ ਉੱਤੇ।

----

ਸ਼ਹੀਦਾਂ ਦੀ ਮੜ੍ਹੀ ਉੱਤੇ ਤਣੇ ਵਿਸ਼ਵਾਸ ਦੀ ਚਾਦਰ,

ਹਰਿਕ ਥਾਂ ‘ਤੇ ਕਫ਼ਨ ਪੈਂਦੇ ਨੇ ਐਪਰ ਮੁਰਦਿਆਂ ਉੱਤੇ।

----

ਭਗਤ ਸਿਉਂ ਆਖਿਆ ਏਦਾਂ, ਖ਼ੁਸ਼ੀ ਜੀਵਨ ਜੇ ਜੀਣਾ ਹੈ,

ਤਾਂ ਜੋਕਾਂ ਨੂੰ ਨਾ ਥਾਂ ਦੇਣਾ, ਦਿਲਾਂ ਦੇ ਨਕਸ਼ਿਆਂ ਉੱਤੇ।

----

ਦਿਮਾਗਾਂ ਨੂੰ ਕਰੋ ਤਿੱਖੇ, ਤੇ ਅੱਖਾਂ ਖੋਲ੍ਹਕੇ ਰੱਖੋ,

ਕਰੋ ਵਿਸ਼ਵਾਸ ਨਾ ਅੰਨ੍ਹਾ, ਐਂ ਅਪਣੇ ਰਾਹਬਰਾਂ ਉੱਤੇ।

----

ਨਾ ਬਿਜਲੀ ਦਾ ਪਊ ਜੇਰਾ, ਹਵਾ ਵੀ ਰਾਹ ਬਦਲ ਲੰਘੂ,

ਜੇ ਪਹਿਰੇ ਸੋਚ ਦੇ ਲਾਓਗੇ, ਘਰ ਦੇ ਮੁਖ-ਦਰਾਂ ਉੱਤੇ।

----

ਪਤੰਗਾਂ ਦੀ ਤੜਾਵਾਂ, ਡੋਰ ਹੀ ਨੇ ਕਰਦੀਆਂ ਰਾਖੀ,

ਸ਼ਿਕੰਜਾ ਕਸ ਤਦੇ ਹੁੰਦੈ, ਤੁਫ਼ਾਨਾਂ ਨੇਰ੍ਹੀਆਂ ਉੱਤੇ।

----

ਜੜ੍ਹਾਂ ਮਜਬੂਤ ਜੇ ਹੋਵਣ, ਤਣਾ, ਟਾਹਣੇ ਤੇ ਪੱਤੇ ਵੀ,

ਝਪਟ ਪੈਂਦੇ ਨੇ ਬਾਜਾਂ ਵਾਂਗ ਮਿਲ਼ਕੇ ਬਿਜਲੀਆਂ ਉੱਤੇ।

----

ਮਲਾਹ ਈਮਾਨ ਹੈ ਜਿਸਦਾ, ਭਰੋਸਾ ਹੇਠ ਹੈ ਜਿਸਦੇ,

ਤੁਫ਼ਾਨਾਂ ਵਿਚ ਉਹੀ ਕਿਸ਼ਤੀ, ਹੈ ਤਰਦੀ ਸਾਗਰਾਂ ਉੱਤੇ।

----

ਰੁਕਾਵਟ ਮੰਜ਼ਿਲਾਂ ਦੇ ਰਾਹ ‘ਚ ਕੀਕਣ ਆ ਸਕੇ “ਬਾਦਲ!”

ਹਰਿਕ ਟੋਏ ਤੇ ਟਿੱਬੇ ਨੂੰ, ਜੇ ਰੱਖੀਏ ਠੋਹਕਰਾਂ ਉੱਤੇ।


Sunday, September 6, 2009

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਅਕਸ ਮਿਰਾ ਹੀ ਪਰਤਾਵਾਂ ਹੈ?

ਜਾਂ ਹੰਝੂਆਂ ਦਾ ਪਰਛਾਵਾਂ ਹੈ?

----

ਡਿਗਦੇ ਹੰਝੂ, ਖੁਸਦਾ ਹਾਸਾ,

ਟੁਟਦੇ ਘਰ ਦਾ ਸਿਰਨਾਵਾਂ ਹੈ।

-----

ਯਾਦ ਦੀ ਧਰਤੀ ਡੂੰਘੀ ਪੁੱਟੀ,

ਹਲ਼ ਚੱਲਿਆ ਕੁਈ ਉਲ਼ਟਾਵਾਂ ਹੈ।

----

ਗ਼ੈਰ-ਜ਼ਰੂਰੀ ਪੁੱਛ ਹੋਏਗੀ,

ਉੱਤਰ ਜਿਸਦਾ ਹਿਰਖ਼ਾਵਾਂ ਹੈ।

-----

ਸ਼ੋਖ਼ ਨਿਗਾਹ ਦਾ ਸ਼ੋਖ਼ ਇਸ਼ਾਰਾ,

ਕੁੱਝ ਨਹੀਂ, ਰਾਹ ਭਟਕਾਵਾਂ ਹੈ।

-----

ਭੁੱਖੇ ਪੇਟ ਨੂੰ ਸ਼ਬਦ ਸੁਝਾਇਉ,

ਰੋਟੀ ਦਾ ਜੋ ਬਦਲਾਵਾਂ ਹੈ।

-----

‘ਬਾਦਲ’ ਜੰਮਿਆ ਸ਼ੇਖ਼ ਦੌਲਤ ਵਿਚ,

ਰੈਣ-ਬਸੇਰਾ ਜਗਰਾਵਾਂ ਹੈ।


Thursday, July 23, 2009

ਗੁਰਦਰਸ਼ਨ ਬਾਦਲ - ਗ਼ਜ਼ਲ

ਗ਼ਜ਼ਲ

ਸਦਾ ਹੀ ਹੱਦ ਰੱਖੀ ਹੈ, ਤੂੰ ਚਿਹਰੇ ਦੀ ਬਨਾਵਟ ਤੀਕ।

ਗੁਣਾਂ ਉੱਪਰ ਵੀ ਝਾਤੀ ਪਾ, ਨਾ ਰਹਿ ਬਾਹਰੀ ਸਜਾਵਟ ਤੀਕ।

----

ਮੁਕੱਦਰ ਜਾਗ ਉੱਠੇਗਾ, ਸੁਹਾਣੇ ਆਣਗੇ ਸੁਪਨੇ,

ਜ਼ਰਾ ਤੂੰ ਪਹੁੰਚ ਤਾਂ ਰਾਹੀ, ਕਦੇ ਚਲ ਕੇ ਥਕਾਵਟ ਤੀਕ।

----

ਮਿਰੀ ਝੁੱਗੀ ਦੇ ਅੰਦਰ ਜੋ, ਤੂੰ ਚਿੜੀਆਂ, ਮੋਰ ਉਕਰੇ ਨੇ,

ਮੁਨਾਰੇ ਪਹੁੰਚ ਨਈਂ ਸਕਣੇ, ਕਦੇ ਇਸ ਦੀ ਸਜਾਵਟ ਤੀਕ।

----

ਇਹ ਮਾਇਆ ਛੱਡ ਚੱਲਿਆ ਏਂ, ਬੜੇ ਪਾਪੜ ਤੂੰ ਵੇਲੇ ਸੀ,

ਜਮ੍ਹਾ-ਖ਼ੋਰੀ ਕਦੇ ਕੀਤੀ, ਕਦੇ ਕੀਤੀ ਮਿਲਾਵਟ ਤੀਕ।

----

ਨਜ਼ਰ ਆਂਦਾ ਹੈ ਜੋ ਝੱਲਾ, ਹਕੀਕਤ ਹੋਰ ਹੈ ਉਸਦੀ,

ਟਿਕਾ ਕੇ ਹੱਥ ‘ਤੇ ਸਰਸੋਂ, ਮਸਲ਼ਦਾ ਹੈ ਤਰਾਵਟ ਤੀਕ।

----

ਖਿੜੇ ਰਹਿਣਾ ਹੀ ਜੀਵਨ ਹੈ, ਤੇ ਚਲਣਾ ਜਿੱਤ ਦਾ ਸੂਚਕ,

ਇਰਾਦੇ ਹੋਣ ਜੇ ਉੱਚੇ, ਹਟਾ ਦੇਵਣ ਰੁਕਾਵਟ ਤੀਕ।

----

ਕਦੇ ਉਠਣਾ ਵੀ ਚਾਹੇਂ ਤਾਂ, ਅਸੰਭਵ ਨਾ ਰਹੇ ਜਿੱਥੋਂ,

ਗਿਰੀਂ ਨਾ ਭੁੱਲ ਕੇ ‘ਬਾਦਲ’, ਕਦੇ ਏਨੀ ਗਿਰਾਵਟ ਤੀਕ।


Monday, April 13, 2009

ਗੁਰਦਰਸ਼ਨ 'ਬਾਦਲ' - ਗੀਤ - ਵਿਸਾਖੀ ਮੁਬਾਰਕ

ਗੀਤ

ਪੱਕ ਚੱਲੀਆਂ, ਕਣਕ ਦੀਆਂ ਬੱਲੀਆਂ,

ਵੇ ਆ ਜਾ ਮਾਹੀ ਵਾਢੀ ਪਾ ਦੀਏ, ਰੁੱਤਾਂ ਚੱਲੀਆਂ।

----

ਦੂਰ-ਦੂਰ ਸੋਨਾ ਸਾਡੇ, ਖੇਤਾਂ ‘ਚ ਚਮਕਦਾ,

ਲੱਖ-ਲੱਖ ਬਣਿਆ ਏ, ਦਾਣਾ-ਦਾਣਾ ਕਣਕ ਦਾ,

ਇੰਝ ਲੱਗਦਾ ਏ ਆਸਾਂ ਹੁਣ ਫ਼ੱਲੀਆਂ।

ਵੇ ਆ ਜਾ ਮਾਹੀ...........................!

----

ਵੇਖ-ਵੇਖ ਦਾਣਿਆਂ ਨੂੰ, ਆ ਰਿਹਾ ਸਰੂਰ ਵੇ!

ਖੇਤਾਂ ਦਾ ਤੂੰ ਰਾਜਾ ਚੰਨਾ! ਖੇਤਾਂ ਦੀ ਮੈਂ ਹੂਰ ਵੇ!

ਤੇਜੋ, ਸ਼ਾਮੋ ਨੇ ਵੀ ਦਾਤੀਆਂ ਨੇ ਮੱਲੀਆਂ।

ਵੇ ਆ ਜਾ ਮਾਹੀ...........................!

----

ਵੱਢ-ਵੱਢ ਆਪਾਂ ਦੋਵੇਂ, ਢੇਰ ਖੇਤੀਂ ਲਾ ਦੀਏ,

ਸਿੱਟ ਖ਼ਲਵਾੜਿਆਂ ‘ਚ, ਗਾਹ ਫੇਰ ਪਾ ਦੀਏ,

ਗੋਰੇ, ਕਾਲ਼ੇ ਦੇ ਗਲ਼ਾਂ ‘ਚ ਪਾ ਕੇ ਟੱਲੀਆਂ।

ਵੇ ਆ ਜਾ ਮਾਹੀ...........................!

----

ਵੇਚ-ਵੱਟ ਆਪਾਂ ਦੋਵੇਂ, ਚੱਲੀਏ ਵਿਸਾਖੀ ਵੇ!

ਫ਼ਿਕਰਾਂ ਤੋਂ ਦੂਰ, ਮੁੱਕੀ ਫ਼ਸਲਾਂ ਦੀ ਰਾਖੀ ਵੇ!

ਆ ਕੇ ਬੀਜਾਂਗੇ ‘ਬਾਦਲਾ’ ਵੇ ਛੱਲੀਆਂ।

ਵੇ ਆ ਜਾ ਮਾਹੀ...........................!

*****************

ਸੰਨ 2002 'ਚ ਪ੍ਰਕਾਸ਼ਿਤ ਗੀਤ-ਸੰਗ੍ਰਹਿ: 'ਵਿਓਹ ਮਿਟਾਉਂਦੇ ਗੀਤ' 'ਚੋਂ



Wednesday, April 1, 2009

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਬਾਜ ਉਡਦੇ ਦਾ ਖ਼ਾਬ ਆ ਜਾਂਦਾ।

ਸੋਚ ਵਿਚ ਇਨਕਲਾਬ ਆ ਜਾਂਦਾ।

----

ਹੋਰ ਜੀਵਣ ਦੀ ਚਾਹ ਬਣੀ ਰਹਿੰਦੀ,

ਕਾਸ਼! ਖ਼ਤ ਦਾ ਜਵਾਬ ਆ ਜਾਂਦਾ।

----

ਯਾਦ ਕਰਨੇ ਦਾ ਢੰਗ ਸਿਖ ਲੈਂਦੇ,

ਵਕ਼ਤ ਜੇਕਰ ਖ਼ਰਾਬ ਆ ਜਾਂਦਾ।

----

ਨਾਲ਼ ਸਾਡੇ ਜੇ ਦੋਸਤੀ ਰਖਦਾ,

ਕੁਝ ਤਾਂ ਅਦਬੋ-ਅਦਾਬ ਆ ਜਾਂਦਾ।

----

ਖ਼ਾਰ ਹੁੰਦੇ ਜੇ ਡਾਲ਼ ‘ਤੇ ਥੋੜ੍ਹੇ,

ਹੋਰ ਹਸਦਾ ਗੁਲਾਬ ਆ ਜਾਂਦਾ।

----

ਤਾਂਘ ਹੁੰਦੀ ਜਾਂ ਵਲਵਲਾ ਹੁੰਦਾ,

ਰਾਤ ਉੱਤੇ ਸ਼ਬਾਬ ਆ ਜਾਂਦਾ।

----

ਪਿਆਰ ਕਰਦੇ ਨਾ ਜੇ ਕਿਤੇ ‘ਬਾਦਲ’,

ਸਾਨੂੰ ਕਰਨਾ ਹਿਸਾਬ ਆ ਜਾਂਦਾ।


Tuesday, March 10, 2009

ਗੁਰਦਰਸ਼ਨ 'ਬਾਦਲ' - ਗ਼ਜ਼ਲ


ਨਾਰੀ ਦਿਵਸ ਦਾ ਇੱਕ ਰੂਪ ਇਹ ਵੀ.....

ਗ਼ਜ਼ਲ

ਆਪਣੀ ਹੀ ਬਾਤ ‘ਤੇ ਅੜਿਆ ਰਿਹਾ।

ਉਮਰ ਸਾਰੀ ਚੰਦਰਾ ਲੜਿਆ ਰਿਹਾ।

----

ਹਾਸਿਆਂ ਦੇ ਨਾਲ਼, ਧੁਰ ਤੋਂ ਵੈਰ ਸੀ,

ਤਿਉੜੀਆਂ ਮੱਥੇ, ਸੁਭਾਅ ਸੜਿਆ ਰਿਹਾ।

----

ਵਰਜਿਆ ਸਭ ਨੇ, ਨਾ ਹਟਿਆ ਪੀਣ ਤੋਂ,

ਕਾਲ਼ਜਾ ਮੁੱਠੀ ‘ਚ ਹੀ ਫੜਿਆ ਰਿਹਾ।

----

ਕੰਮ ਦੇ ਨਾਂ ‘ਤੇ ਨਾ ਡੱਕਾ ਤੋੜਿਆ,

ਕੰਮਚੋਰਾ ਅੰਦਰੇ ਵੜਿਆ ਰਿਹਾ।

---

ਚੰਨ ਵਾਂਗੂੰ ਸੀ ਸਜਾਉਂਣਾ ਲੋਚਿਆ,

ਦਾਗ਼ ਬਣ ਮੱਥੇ ‘ਤੇ ਪਰ ਜੜਿਆ ਰਿਹਾ।

----

ਤੇਲ ਦੀ ਥਾਂ ਖ਼ੂਨ ਪਾ-ਪਾ ਬਾਲ਼ਿਆ,

ਵੀਟਵੀਂ ਬੱਤੀ ਦਾ ਗੁਲ ਝੜਿਆ ਰਿਹਾ।

----

ਅਹਿ ਕਰਾਂਗੇ, ਅਹੁ ਕਰਾਂਗੇ ‘ਬਾਦਲਾ!’

ਯੋਜਨਾ ਦਾ ਹਰ ਪੜਾਅ ਘੜਿਆ ਰਿਹਾ।

Sunday, March 8, 2009

ਗੁਰਦਰਸ਼ਨ 'ਬਾਦਲ' - ਗ਼ਜ਼ਲ - ਅੱਜ ਨਾਰੀ ਦਿਵਸ 'ਤੇ ਵਿਸ਼ੇਸ਼

ਗ਼ਜ਼ਲ

ਏਨਾ ਨਾ ਤੜਪਾਇਆ ਕਰ ਨੀ ਧੀਏ ਲਾਡਲੀਏ!

ਚਿੱਠੀ ਛੇਤੀ ਪਾਇਆ ਕਰ ਨੀ ਧੀਏ ਲਾਡਲੀਏ!

----

ਚਿੱਠੀ ਜੇਕਰ ਤੈਥੋਂ ਲਿਖ ਨਹੀਂ ਹੁੰਦੀ, ਤਾਂ

ਸੁਪਨੇ ਵਿਚ ਹੀ ਆਇਆ ਕਰ ਨੀ ਧੀਏ ਲਾਡਲੀਏ!

----

ਸਭ-ਕੁਝ ਹੁੰਦਿਆਂ-ਸੁੰਦਿਆਂ ਵੀ ਤੂੰ ਕਰੇਂ ਕੰਜੂਸੀ ਕਿਉਂ?

ਛੇਤੀ ਆਇਆ, ਜਾਇਆ ਕਰ ਨੀ ਧੀਏ ਲਾਡਲੀਏ!

----

ਜਿੰਨਾਂ ਪਿਆਰ ਖ਼ਤਾਂ ਦੇ ਰਾਹੀਂ ਤੈਨੂੰ ਘੱਲਦਾ ਹਾਂ,

ਅੱਧਾ ਹੀ ਪਰਤਾਇਆ ਕਰ ਨੀ ਧੀਏ ਲਾਡਲੀਏ!

----

ਤੇਰੇ ਕਮਰੇ ਵੱਲੋਂ ਹਰਦਮ ਠੰਢੀ ਵਾਅ ਆਵੇ,

ਖਿੜਕੀ ਖੋਲ੍ਹ ਕੇ ਜਾਇਆ ਕਰ ਨੀ ਧੀਏ ਲਾਡਲੀਏ!

----

ਤੇਰੇ ਸੁੱਖ-ਸੁਨੇਹੇ ਖ਼ਾਤਿਰ ਹੀ ਤਾਂ ਜੀਂਦੇ ਹਾਂ,

ਪੌਣਾਂ ਹੱਥ ਪੁਚਾਇਆ ਕਰ ਨੀ ਧੀਏ ਲਾਡਲੀਏ!

----

ਤੇਰਾ ਧਰਮੀ ਬਾਬਲ ਤੈਨੂੰ ਕਦੇ ਵੀ ਭੁੱਲੇ ਨਾ,

ਰੱਬ ਨੂੰ ਯਾਦ ਕਰਾਇਆ ਕਰ ਨੀ ਧੀਏ ਲਾਡਲੀਏ!

----

ਕੁੜੀਆਂ, ਚਿੜੀਆਂ ਆਖ਼ਿਰ ਵਿਹੜੇ ‘ਚੋਂ ਉਡ ਜਾਣਾ ਹੈ,

‘ਬਾਦਲ’ ਨੂੰ ਸਮਝਾਇਆ ਕਰ ਨੀ ਧੀਏ ਲਾਡਲੀਏ!

Sunday, February 22, 2009

ਗੁਰਦਰਸ਼ਨ 'ਬਾਦਲ' - ਉਰਦੂ ਰੰਗ

ਗ਼ਜ਼ਲ

ਬੀਚ ਸਾਗਰ ਮੇਂ ਸੁਬ੍ਹਾ ਤਕ, ਕਸ਼ਤੀਆਂ ਜਲਤੀ ਰਹੀਂ।

ਔਰ ਸਾਹਿਲ ਪੇ ਘਰੋਂ ਮੇਂ , ਮਛਲੀਆਂ ਜਲਤੀ ਰਹੀਂ।

----

ਸੁਲਗ਼ਤੀ ਥੀਂ ਕਿਨਤੀਆਂ, ਅਰ ਕਿਤਨੀਆਂ ਜਲਤੀ ਰਹੀਂ।

ਬਾਗ਼ ਮੇਂ ਪੱਤੋਂ ਕੀ ਮਾਨਿੰਦ , ਤਿਤਲੀਆਂ ਜਲਤੀ ਰਹੀਂ।

----

ਚਲ ਦਿਏ ਅਪਨੇ ਘਰੋਂ ਕੋ, ਸਰਫ਼ਿਰੇ ਹੰਸਤੇ ਹੂਏ,

ਆਂਖੋਂ ਮੇਂ ਆਂਸੂ ਲਿਏ, ਕੁਛ ਬਸਤੀਆਂ ਜਲਤੀ ਰਹੀਂ।

----

ਫ਼ੂੰਕ ਮਾਰੀ ਤੋ ਜਲਾ ਦੀ, ਫ਼ੂੰਕ ਮਾਰੀ ਤੋ ਬੁਝਾ ਦੀ,

ਫ਼ੂੰਕ ਸੇ ਬਾਤੀ ਬੁਝੀ, ਪਰ ਲਕੜੀਆਂ ਜਲਤੀ ਰਹੀਂ।

----

ਵੋ ਜ਼ਮਾਨਾ ਸਤੀਓਂ ਕਾ ਥਾ, ਅਬ ਸਤਾਈ ਹੁਈਓਂ ਕਾ ਹੈ,

ਹਰ ਜ਼ਮਾਨੇ ਮੇਂ ਸਿਤਮ, ਕਿ ਪਤਨੀਆਂ ਜਲਤੀ ਰਹੀਂ।

----

ਸਰ ਪੇ ਸੂਰਜ ਆ ਗਿਆ ਤੋ, ਕੁਛ ਭੀ ਗਰਮਾਇਆ ਨਹੀਂ,

ਚਾਂਦ ਕੀ ਠੰਡਕ ਸੇ ਲੇਕਿਨ, ਬਦਲੀਆਂ ਜਲਤੀ ਰਹੀਂ।

----

ਕਾਰਵਾਂ ਚਲਤਾ ਗਿਆ ‘ਬਾਦਲ’! ਜਨੂੰ ਕੇ ਜ਼ੋਰ ਸੇ,

ਯੂੰ ਸਫ਼ਰ ਕਟਤਾ ਗਿਆ, ਔਰ ਦੂਰੀਆਂ ਜਲਤੀ ਰਹੀਂ।


Tuesday, February 10, 2009

ਗੁਰਦਰਸ਼ਨ 'ਬਾਦਲ' - ਗ਼ਜ਼ਲ

ਦੋਸਤੋ! ਗੁਰਦੇਵ ਸਿੰਘ ਘਣਗਸ ਜੀ ਨੇ ਬਾਦਲ ਸਾਹਿਬ ਦੀ ਬਹੁ-ਚਰਚਿਤ ਗ਼ਜ਼ਲ ‘ਸੱਠਾਂ ਤੋਂ ਬਾਅਦ’ ਤੋਂ ਮੁਤਾਸਿਰ ਹੋ ਕੇ ਗ਼ਜ਼ਲਗੋਈ ਦੇ ਖੇਤਰ ‘ਚ ਕਦਮ ਰੱਖਣ ਦੀ ਜੋ ਰੌਚਕ ਕਹਾਣੀ ਭੇਜੀ ਹੈ, ਮੈਂ ਉਹਨਾਂ ਦੀ ਸ਼ੁਕਰਗੁਜ਼ਾਰ ਹਾਂ। ਬਾਦਲ ਸਾਹਿਬ ਦੀ ਇਹ ਗ਼ਜ਼ਲ ਸੰਨ 2000 ‘ਚ ਛਪੇ ਗ਼ਜ਼ਲ-ਸੰਗ੍ਰਹਿ ‘ਕਿਰਚਾਂ’ ‘ਚ ਸ਼ਾਮਲ ਹੈ ਅਤੇ ਉਹਨਾਂ ਬੇਹੱਦ ਚਰਚਿਤ ਗ਼ਜ਼ਲਾਂ ‘ਚੋਂ ਹੈ ਜਿਨ੍ਹਾਂ ਤੇ ਰੇਡਿਓ ਤੇ ਬਹੁਤ ਵਾਰ ਭਖ਼ਵੇਂ ਟਾਕ-ਸ਼ੋਅ ਹੋ ਚੁੱਕੇ ਨੇ।

ਅੱਜ ਮੈਂ ਇਹ ਖ਼ੂਬਸੂਰਤ ਗ਼ਜ਼ਲ ਘਣਗਸ ਸਾਹਿਬ ਵਰਗੇ ਸਾਰੇ ‘ਸੱਠਾਂ ਤੋਂ ਟੱਪ ਚੁੱਕੇ’ ਸਤਿਕਾਰਤ ਲੇਖਕ ਸਾਹਿਬਾਨਾਂ ਦੇ ਨਾਮ ਕਰਦੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਗ਼ਜ਼ਲ

ਭਾਲ਼ਦੈ ਰੰਗੀਨੀਆਂ ਹਰ ਆਦਮੀ, ਸੱਠਾਂ ਤੋਂ ਬਾਅਦ।

ਜਾਪਦੀ ਹੈ ਹਰ ਘੜੀ ਹੀ ਬੇ-ਰਸੀ, ਸੱਠਾਂ ਤੋਂ ਬਾਅਦ।

----

ਹਰ ਤਿਓੜੀ ਜਾਪਦੀ ਹੈ ਮੁਸਕਣੀ, ਸੱਠਾਂ ਤੋਂ ਬਾਅਦ।

ਹੋਰ ਵੀ ਲਗਦੀ ਹੈ ਸੁੰਦਰ ਇਸਤਰੀ, ਸੱਠਾਂ ਤੋਂ ਬਾਅਦ।

----

ਐਨਕਾਂ ਰਾਹੀਂ ਜਦੋਂ ਵੀ ਵੇਖਦੈ, ਤਾਂ ਏਸਨੂੰ,

ਦੂਰ ਵਾਲ਼ੀ ਚੀਜ਼ ਨੇੜੇ ਜਾਪਦੀ, ਸੱਠਾਂ ਤੋਂ ਬਾਅਦ।

----

ਪਿਆਸ ਵਧਦੀ, ਭੁੱਖ ਲਗਦੀ, ਨੀਂਦ ਉਡਦੀ ਏਸਦੀ,

ਲਾਲਚੀ, ਇਹ ਹੋਰ ਹੋਵੇ ਲਾਲਚੀ, ਸੱਠਾਂ ਤੋਂ ਬਾਅਦ।

----

ਆਪਣੇ ਪਰਿਵਾਰ ਵਿਚ ਬੈਠਣ ਨੂੰ ਇਸਦਾ ਮਨ ਕਰੇ,

ਰੌਲ਼ਿਆਂ ਵਿਚੋਂ ਵੀ ਭਾਲ਼ੇ ਸ਼ਾਨਤੀ, ਸੱਠਾਂ ਤੋਂ ਬਾਅਦ।

----

ਕੱਲ੍ਹ-ਪਰਸੋਂ ਏਸ ਤੋਂ ਜੋ ਮਸ਼ਵਰਾ ਸਨ ਭਾਲ਼ਦੇ,

ਆਖਦੇ ਸਠਿਆ ਗਿਆ ਹੈ ਬਾਪ ਵੀ, ਸੱਠਾਂ ਤੋਂ ਬਾਅਦ।

----

ਉਮਰ ਸਾਰੀ ‘ਬਾਦਲਾ!’ ਤੂੰ ਦਿਲ-ਲਗੀ ਕਰਦਾ ਰਿਹਾ,

ਬੱਸ ਕਰ, ਜਚਦੀ ਨਹੀਂ ਹੈ ਮਸ਼ਕਰੀ, ਸੱਠਾਂ ਤੋਂ ਬਾਅਦ।




Monday, January 26, 2009

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਅਹਿਸਾਸ ਹੋਵੇ ਏਸਨੂੰ, ਇਕ ਪਿੰਜਰਾ ਲਿਆ।

ਕਰਦੀ ਰਹੀ ਹੈ ਘੁਣਤਰਾਂ, ਇਹ ਸਾਜਿਸ਼ੀ ਹਵਾ।

----

ਹੋਵੇ ਹਰੇਕ ਦਿਲ ‘ਚ ਜੇ, ਥੋੜ੍ਹੀ ਜਿਹੀ ਜਗ੍ਹਾ।

ਦੁਨੀਆਂ ਤੇ ਕੋਈ ਆਦਮੀ, ਹੋਵੇ ਨਾ ਬੇ-ਘਰਾ।

----

ਇਹ ਵਕਤ ਕੀਕਣ ਬੀਤਦੈ, ਦਿਲ ਦੀ ਕਹਾਂ ਕਿਵੇਂ?

ਸੋਚਣ ਦੀ ਵਿਹਲ ਨਾ ਦਵੇ, ਸਿਮਰਨ ਦਾ ਇਹ ਨਸ਼ਾ।

----

ਚਸਕਾ ਹੈ ਜੇਕਰ ਪੜ੍ਹਨ ਦਾ, ਪੜ੍ਹਨੈ ਤਾਂ ਦਿਲ ਨੂੰ ਪੜ੍ਹ,

ਜਿਉਂਦੀ ਕਿਤਾਬ ਵਿੱਚ ਹੀ, ਜੀਵਨ ਦਾ ਹੈ ਮਜ਼ਾ।

----

ਆਇਐਂ, ਤਾਂ ਥੰਮਿਆਂ ਹੀ ਰਿਹੈ, ਤੁਰਿਆ ਨਾ ਵਕਤ ਵੀ,

ਚੱਲਿਐਂ, ਤਾਂ ਤੇਰੇ ਨਾਲ਼ ਹੀ, ਇਹ ਦਿਨ ਵੀ ਤੁਰ ਗਿਆ।

----

ਮਹਿਕੇ ਇਹ ਮੇਰਾ ਬਾਗ਼ ਇਉਂ, ਇਉਂ ਹੀ ਖਿੜੇ-ਪੁੜੇ,

ਜਾਵਾਂ ਸਫ਼ਰ ‘ਤੇ ਛੱਡ ਕੇ, ਜੀਕਣ ਹਰਾ-ਭਰਾ।

----

ਬਣਨਾ ਖ਼ੁਸ਼ੀ ਦੇ ਫੁੱਲ ਤੇ, ਫ਼ਬਣਾ ਕਿਸੇ ਦੇ ਦਿਲ,

ਏਹੀ ਅਖੀਰ ਇਸ਼ਕ ਦੀ, ਏਹੀ ਹੈ ਇਬਤਦਾ।

----

ਇਸ ਕਾਲ਼ੀ-ਬੋਲ਼ੀ ਰਾਤ ‘ਚੋਂ, ਸੂਰਜ ਤਦੇ ਚੜ੍ਹੂ,

ਇਨਸਾਨੀਅਤ ‘ਤੇ ‘ਬਾਦਲਾ’! ਉਤਰੇਂਗਾ ਜਦ ਖ਼ਰਾ।

Thursday, January 8, 2009

ਗੁਰਦਰਸ਼ਨ 'ਬਾਦਲ' - ਦੋ ਗ਼ਜ਼ਲਾਂ

ਦੋਸਤੋ! ਡੈਡੀ ਜੀ ਬਾਦਲ ਸਾਹਿਬ ਨੇ ਆਰਸੀ ਲਈ ਅੱਜ ਦੋ ਗ਼ਜ਼ਲਾਂ ਇੱਕ ਮਾਡਰਨ ਤੇ ਦੂਜੀ ਜਦੀਦ ਗ਼ਜ਼ਲ ਇੱਕੋ ਕਾਫ਼ੀਏ-ਰਦੀਫ਼ ਵਿਚ ਸਾਂਝੀਆਂ ਕਰਨ ਲਈ ਭੇਜੀਆਂ ਹਨ। ਗ਼ਜ਼ਲਗੋਈ ਦੀ ਇਹ ਖ਼ਾਸ ਖ਼ੂਬੀ ਹੈ ਕਿ ਦੋ ਵੱਖ-ਵੱਖ ਖ਼ਿਆਲਾਂ ਨੂੰ ਇੱਕੋ ਕਾਫ਼ੀਏ-ਰਦੀਫ਼ ਵਿਚ ਨਜ਼ਮ ਕਰਨਾ ਅਤੇ ਕਿਸੇ ਇੱਕ ਸ਼ਬਦ ਦੇ ਵੱਖਰੇ ਅਰਥ ਕੱਢ ਕੇ ਸਫ਼ਲਤਾ ਪੂਰਵਕ ਨਿਭਾਉਂਣਾ। ਬਹੁਤ-ਬਹੁਤ ਸ਼ੁਕਰੀਆ।

ਮਾਡਰਨ ਗ਼ਜ਼ਲ
ਮਨਦੀਆਂ ਕਹਿਣਾ ਅਗਰ ਇਹ ਅੱਖੀਆਂ।
ਭਜਦੀਆਂ ਨਾ ਸਾਡੀਆਂ ਫਿਰ ਵੱਖੀਆਂ।
-----
ਮੁਸ਼ਕ ਸਾਡੇ ਮੂੰਹ ‘ਚੋਂ ਆਉਂਦਾ ਹੀ ਰਿਹਾ,
ਲੈਚੀਆਂ ਵੀ ਜੇਬ ਦੇ ਵਿਚ ਰੱਖੀਆਂ।
-----
ਗੁੜ ਜਿਹੇ ਬਣ-ਬਣ ਬੜਾ ਫਿਰਦੇ ਰਹੇ,
ਭਿਣ-ਭਿਣਾਈਆਂ ਨਾ ਅਸਾਂ ‘ਤੇ ਮੱਖੀਆਂ।
----
ਨਕਲੂਆਂ ਦਾ ਮੁੰਡਾ ਡਾਕਟਰ ਬਣ ਗਿਆ,
ਫਿਰਦੀਆਂ ਨੇ ਪਿੱਛੇ ਵੀਹ-ਵੀਹ ਲੱਖੀਆਂ।
-----
ਮਿਸ਼ਰੀ ਵਰਗੇ ਬੋਲ ਸੁਣ ਕੇ ਫਸ ਗਏ,
ਗੁੜ ਭੁਲੇਖੇ ਕੌੜ-ਮਿਰਚਾਂ ਚੱਖੀਆਂ।
----
ਘਰ ਤਿਰੇ ਛਣ-ਛਣ ਨਾ ਹੋਣੀ ‘ਬਾਦਲਾ!’
ਭਾਬੀਆਂ ਨੂੰ ਝੱਲ ਭਾਵੇਂ ਪੱਖੀਆਂ।
===============
ਗ਼ਜ਼ਲ
ਗੁੰਮ ਗਈਆਂ ਕਿੱਥੇ ਇਹ ਦੋ ਅੱਖੀਆਂ?
ਪਿੰਡ ਦੀਆਂ ਫੋਲ਼ ਚਾਰੇ ਵੱਖੀਆਂ।
----
ਠਰਕ ਭੋਰਨ ਵਾਲ਼ੇ ਵਾਪਸ ਮੁੜ ਗਏ,
ਰੋਂਦੀਆਂ ਨੇ ਪਿੱਛੇ ਵੀਹ-ਵੀਹ ਲੱਖੀਆਂ।
-----
ਬਚਪਨਾ, ਸ਼ੌਕੀਨੀਆਂ ਤੇ ਇੱਲਤਾਂ,
ਭੁੱਲ ਆਇਐਂ ਕਿੱਥੇ, ਕਿੱਥੇ ਰੱਖੀਆਂ ?
----
ਏਕਤਾ ਦਾ ਪਾਠ ਸਾਂਭੀ ਫਿਰਦੀਆਂ,
ਸਾਡੇ ਤੋਂ ਨੇ ਚੰਗੀਆਂ ਮਧ-ਮੱਖੀਆਂ।
----
ਕਿੱਥੇ ਪੱਲੂ ਉੱਡਣਾ ਸੀ ਮੁੱਖ ਤੋਂ,
ਜੇ ਹਵਾ ਵੀ ਝੱਲਦੀ ਨਾ ਪੱਖੀਆਂ।
----
ਭੁੱਖ, ਘਿਰਨਾ, ਘੂਰੀਆਂ ਤਕ ‘ਬਾਦਲਾ’!
ਸਭ ਅਸਾਂ ਨੇ ਬਾਲਪਨ ਵਿਚ ਚੱਖੀਆਂ।

Saturday, January 3, 2009

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਕਿਰਿਆ-ਕਰਮ ਇਵੇਂ ਵੀ ਹੁੰਦੈ, ਕੁਝ ਅਣਜਾਣੇ ਰੁੱਖਾਂ ਦਾ।

ਫ਼ਲ਼-ਪੱਤੇ ਹਨ ਸਣੇ ਟਾਹਣੀਆਂ, ਬਾਲ਼ਣ ਬਣਦੇ ਭੁੱਖਾਂ ਦਾ।

----

ਪੀਲ਼ਾ ਮੂੰਹ ਤੇ ਢਹਿੰਦੀ ਹਾਲਤ, ਕਹੇ ਪਹਾੜਾ ਦੁੱਖਾਂ ਦਾ।

ਢਲ਼ਦੀ ਉਮਰੇ ਰੁੱਖ ਦੀ ਹਾਲਤ ਵਰਗਾ ਹਾਲ ਮਨੁੱਖਾਂ ਦਾ।

----

ਚੌਦਾਂ ਸਾਲ ਦਾ ਬਨੋਵਾਸ, ਤੇ, ਫੇਰ ਵਿਛੋੜਾ ਪ੍ਰੀਤਮ ਤੋਂ,

ਏਹੋ ਸਿੱਟਾ ਨਿੱਕਲ਼ਿਆ ਹੈ ਤੋੜੇ ਹੋਏ ਧਨੁੱਖਾਂ ਦਾ।

----

ਜੰਗਲ਼ ‘ਚੋਂ ਤਾਂ ਬਚ ਕੇ ਆਇਆ, ਐਪਰ, ਮੰਦਿਰ ਵਿਚ ਮਰਿਆ,

ਬਣਿਆ ਇੰਝ ਚੜ੍ਹਾਵਾ ਪੁੱਤ ਹੀ, ਮਾਂ ਦੀਆਂ ਮੰਗੀਆਂ ਸੁੱਖਾਂ ਦਾ।

----

ਕਿਰਦਾਰਾਂ ਦੀ ਗੁੰਝਲ਼ ਨੇ ਕੁਝ, ਏਦਾਂ ਰਲ਼-ਗਡ ਕੀਤੀ ਹੈ,

ਫ਼ਰਕ ਮਿਟ ਗਿਐ ਇਨਸਾਨਾਂ ਦੇ, ਅਸਲੀ-ਨਕਲੀ ਮੁੱਖਾਂ ਦਾ।

----

ਸਰਕਸ ਦੇ ਇੱਕ ਜੋਕਰ ਨੇ, ਇਉਂ ਅੱਕੇ ਨੇ ਕਰਤੱਬ ਕਰੇ,

ਭੁਖੇ ਪੇਟ ਤੋਂ ਝੱਲ ਨਾ ਹੋਇਆ, ਹਾਸਾ ਫੁੱਲੀਆਂ ਕੁੱਖਾਂ ਦਾ।

----

ਤੇਰਾ ਹੀ ਪਰਛਾਵਾਂ ‘ਬਾਦਲ’!, ਏਥੇ ਨਿਭਣੈ ਤੇਰੇ ਨਾਲ਼,

ਤੇਰੇ ਤਨ ਦਾ, ਤੇਰਾ ਮਨ ਹੈ, ਸਾਥੀ ਦੁੱਖਾਂ-ਸੁੱਖਾਂ ਦਾ।