ਸਾਹਿਤਕ ਨਾਮ: ਕਰਮਜੀਤ ਸਿੰਘ ਗਰੇਵਾਲ
ਅਜੋਕਾ ਨਿਵਾਸ: ਪਿੰਡ ਲਲਤੋਂ ਕਲਾਂ, ਜ਼ਿਲ੍ਹਾ ਲੁਧਿਆਣਾ
ਪ੍ਰਕਾਸ਼ਿਤ ਕਿਤਾਬਾਂ: ਬਾਲ ਸਾਹਿਤ ਪੁਸਤਕਾਂ ਜਾਵਾਂ ਰੋਜ਼ ਸਕੂਲ ਨੂੰ, ਚਾਨਣ ਮਮਤਾ ਦਾ, ਛੱਡ ਕੇ ਸਕੂਲ ਮੈਨੂੰ ਆ, ਕਿਰਤ ਦੇ ਪੁਜਾਰੀ ਬਣੋ ਛਪ ਚੁੱਕੀਆਂ ਹਨ ਅਤੇ ਦੋ ਕਿਤਾਬਾਂ ‘ਧਰਤੀ ਦੀ ਪੁਕਾਰ’ ਅਤੇ ਗਾਈਏ ਗੀਤ ਪਿਆਰੇ ਬੱਚਿਓ’, ਪੰਜਾਬੀ ਸੱਥ ਵੱਲੋਂ ਹਾਲ ਹੀ ਵਿਚ ਛਾਪੀਆਂ ਗਈਆਂ ਹਨ।
----
ਦੋਸਤੋ! ਪਿੰਡ ਲਲਤੋਂ ਕਲਾਂ, ਜ਼ਿਲ੍ਹਾ ਲੁਧਿਆਣਾ ਵਸਦੇ ਬਾਲ ਸਾਹਿਤ ਲੇਖਕ ਕਰਮਜੀਤ ਸਿੰਘ ਗਰੇਵਾਲ ਜੀ ਨੇ ਦੋ ਬੇਹੱਦ ਖ਼ੁਬਸੂਰਤ ਬਾਲ-ਗੀਤ ਘੱਲ ਕੇ ਆਰਸੀ ਪਰਿਵਾਰ ਨਾਲ਼ ਪਲੇਠੀ ਸਾਹਿਤਕ ਸਾਂਝ ਪਾਈ ਹੈ। ਉਹਨਾਂ ਦੀਆਂ ਦੋ ਕਿਤਾਬਾਂ ‘ਧਰਤੀ ਦੀ ਪੁਕਾਰ’ ਅਤੇ 'ਗਾਈਏ ਗੀਤ ਪਿਆਰੇ ਬੱਚਿਓ’ ਮੈਨੂੰ ਆਰਸੀ ਲਈ ਯੂਰਪੀ ਪੰਜਾਬੀ ਸੱਥ ਦੇ ਕਰਤਾ-ਧਰਤਾ ਸ: ਮੋਤਾ ਸਿੰਘ ਸਰਾਏ ਸਾਹਿਬ ਨੇ ਘੱਲੀਆਂ ਸਨ। ਸਰਾਏ ਸਾਹਿਬ ਦਾ ਵੀ ਬੇਹੱਦ ਸ਼ੁਕਰੀਆ। ਬਾਲ-ਸਾਹਿਤ ਰਚਣ ਵਾਲ਼ਿਆਂ ਨੂੰ ਉਤਸ਼ਾਹਿਤ ਕਰਨ ਲਈ ਸੱਥ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਆਰਸੀ ਪਰਿਵਾਰ ਵੱਲੋਂ ਸਰਾਏ ਸਾਹਿਬ ਤੇ ਸੱਥ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਦਿਲੀ ਮੁਬਾਰਕਬਾਦ ਜੀ। ਕਰਮਜੀਤ ਜੀ ਨੂੰ ਆਰਸੀ ਪਰਿਵਾਰ ‘ਚ ਖ਼ੁਸ਼ਆਮਦੀਦ ਆਖਦਿਆਂ, ‘ਗਾਈਏ ਗੀਤ ਪਿਆਰੇ ਬੱਚਿਓ’ ਕਿਤਾਬ ਵਿੱਚੋਂ ਲਏ ਇਹਨਾਂ ਗੀਤਾਂ ਨੂੰ ਅੱਜ ਦੀ ਪੋਸਟ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਆਸ ਹੈ ਕਿ ਉਹ ਭਵਿੱਖ ਵਿਚ ਵੀ ਆਪਣੀਆਂ ਲਿਖਤਾਂ ਨਾਲ਼ ਹਾਜ਼ਰੀ ਲਵਾਉਂਦੇ ਅਤੇ ਧੰਨਵਾਦੀ ਬਣਾਉਂਦੇ ਰਹਿਣਗੇ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
*****
ਘਰ ਸਾਡੇ ਨਿੱਕਾ ਵੀਰਾ ਹੈ
ਬਾਲ ਗੀਤ
ਘਰ ਸਾਡੇ ਨਿੱਕਾ ਵੀਰਾ ਹੈ
ਮਾਂ ਕਹਿੰਦੀ ਮੇਰਾ ਹੀਰਾ ਹੈ
ਸਭ ਚੀਜ਼ਾਂ ਰੋਜ਼ ਖਿੰਡਾ ਦਿੰਦਾ
ਮੰਮੀ ਦਾ ਕੰਮ ਵਧਾ ਦਿੰਦਾ
ਕਦੇ ਬਿਸਤਰ ਗਿੱਲਾ ਕਰ ਦੇਵੇ
ਸ਼ੂ-ਸ਼ੂ ਨਾਲ ਕੱਛੀ ਭਰ ਦੇਵੇ
ਕੋਈ ਘੂਰੇ ਤਾਂ ਮੁਸਕਰਾ ਦਿੰਦਾ•••••••ਮੰਮੀ ਦਾ•••
.........
ਮਾਂ ਸਬਜ਼ੀ ਕੱਟਣ ਬਹਿ ਜਾਵੇ
ਉਹ ਚਾਕੂ ਪਿੱਛੇ ਪੈ ਜਾਵੇ
ਨਾ ਦਏ ਤਾਂ ਭੜਥੂ ਪਾ ਦਿੰਦਾ •••••ਮੰਮੀ ਦਾ•••
..........
ਕਦੇ ਗੋਦੀ ਚੜ੍ਹਨ ਨੂੰ ਕਹਿੰਦਾ ਏ
ਕਦੇ ਰੁੱਸ ਕੇ ਦੂਰ ਜਾ ਬਹਿੰਦਾ ਏ
ਆਪਣੀ ਹਰ ਜਿੱਦ ਪੁਗਾ ਲੈਂਦਾ••••••ਮੰਮੀ ਦਾ•••
............
ਮੰਮੀ ਜਦ ਰੋਟੀ ਲਾਹੁੰਦੇ ਨੇ
ਉਹ ਭਾਂਡੇ ਦੇ ਕੇ ਵਰਾਉਂਦੇ ਨੇ
ਆਟੇ ਦੇ ਵਿਚ ਹੱਥ ਪਾ ਲੈਂਦਾ •••••ਮੰਮੀ ਦਾ•••
...........
ਕਦੇ ਝਾੜੂ ਖੋਹ ਕੇ ਭੱਜਦਾ ਹੈ
ਕਦੇ ਪੋਚਾ ਲਾਵਣ ਲੱਗਦਾ ਹੈ
ਮੰਮੀ ਨੂੰ ਪੂਰਾ ਖਿਝਾ ਦਿੰਦਾ •••••ਮੰਮੀ ਦਾ•••
..........
ਸਾਰਾ ਦਿਨ ਪਾਉਂਦਾ ਖਿਲਾਰਾ ਹੈ
ਫਿਰ ਵੀ ਉਹ ਲੱਗਦਾ ਪਿਆਰਾ ਹੈ
ਹਰ ਇਕ ਨੂੰ ਪਿੱਛੇ ਲਾ ਲੈਂਦਾ •••••••ਮੰਮੀ ਦਾ••
====
ਜਨਮ ਦਿਨ ਮਨਾਇਆ
ਬਾਲ ਗੀਤ
ਦੋ ਬੱਚਿਆਂ ਨੇ ਆਪੋ ਆਪਣਾ ਜਨਮ ਦਿਨ ਮਨਾਇਆ
ਇਕ ਜਗਾਈਆਂ ਮੋਮਬੱਤੀਆਂ, ਪਰ ਦੂਜੇ ਪੌਦਾ ਲਾਇਆ
ਇਕ ਬੱਚੇ ਨੇ ਕੇਕ ਕੱਟਿਆ, ਕੀਤਾ ਖ਼ਰਚ ਫ਼ਜ਼ੂਲ
ਦੂਜਾ ਕਹਿੰਦਾ ਇਹ ਗੱਲ ਮੈਨੂੰ ਬਿਲਕੁਲ ਨਹੀਂ ਕਬੂਲ
ਇਕ ਕੀਤਾ ਪਦੂਸ਼ਨ, ਦੂਜੇ ਵਾਤਾਵਰਨ ਬਚਾਇਆ
ਦੋ ਬੱਚਿਆਂ ਨੇ•••
.........
ਇੱਕ ਬੱਚੇ ਨੇ ਜ਼ਿੱਦ ਪੁਗਾ ਕੇ, ਤੋਹਫ਼ੇ ਦੀ ਕਰੀ ਮੰਗ
ਦੂਜੇ ਬਾਲ ਨੇ ਮਾਂ ਬਾਪ ਨੂੰ, ਕੀਤਾ ਨਹੀਓਂ ਤੰਗ
ਧਰਤੀ ਮਾਂ ਦਾ ਆਪਣੇ ਸਿਰ ਤੋਂ ਕਿਸਨੇ ਕਰਜ਼ ਚੁਕਾਇਆ?
ਦੋ ਬੱਚਿਆਂ ਨੇ•••
.......
ਇਕ ਬੱਚੇ ਨੇ ਡੀ.ਜੇ. ਲਾਇਆ ਘਰੇ ਬੁਲਾ ਕੇ ਹਾਣੀ
ਦੂਜਾ ਬਾਲਕ ਉਸ ਪੌਦੇ ਨੂੰ, ਪਾ ਰਿਹਾ ਸੀ ਪਾਣੀ
ਆਪੇ ਦੱਸੋ ਦੋਵਾਂ ਵਿਚੋਂ ਕਿਸਨੇ ਪੁੰਨ ਕਮਾਇਆ?
ਦੋ ਬੱਚਿਆਂ ਨੇ•••
.........
ਦੋਵੇਂ ਬੱਚੇ ਵੱਡੇ ਹੋਏ ਆਪਣੀ ਉਮਰ ਦੇ ਨਾਲ
ਉਹ ਪੌਦਾ ਹੁਣ ਰੁੱਖ ਬਣ ਗਿਆ, ਬੀਤ ਗਏ ਕੁਝ ਸਾਲ
ਕੇਕ, ਡੀ.ਜੇ. ਤੇ ਤੋਹਫ਼ਿਆਂ ਵਾਲਾ ਬੱਚਾ ਅੱਜ ਪਛਤਾਇਆ
ਦੋ ਬੱਚਿਆਂ ਨੇ•••