ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, April 30, 2011

ਅਜ਼ੀਮ ਸ਼ੇਖਰ – ਗੀਤ

ਸ਼ੇਖਰ ਜੀ! ਮੈਂ ਤੁਹਾਡੀ ਇਕ ਗੱਲ ਦੇ ਜਵਾਬ ਚ ਲਿਖਿਆ ਸੀ ਕਿ ਜੇ ਅਸੀਂ ਚਾਹੀਏ ਤਾਂ ਤੁਹਾਡੀਆਂ ਕਿਤਾਬਾਂ ਦੀ ਸ਼ਿਪਮੈਂਟ ਰਸਤੇ ਚੋਂ ਹੀ ਗ਼ਾਇਬ ਕਰ ਦੇਈਏ, ਪਰ ਤੁਸੀਂ ਨਹੀਂ ਮੰਨੇ....ਗੱਲ ਹਾਸੇ ਚ ਹੀ ਟਾਲ਼ ਦਿੱਤੀ...ਤੇ ਆਹ ਲਓ! ਹੁਣ ਸਬੂਤ ਦੇ ਤੌਰ ਤੇ ਜਿਹੜਾ ਗੀਤ ਮੈਂ ਆਰਸੀ ਤੇ ਪੋਸਟ ਕਰਨ ਲੱਗੀ ਆਂ...ਘੱਲਿਆ ਤਾਂ ਤੁਸੀਂ ਕਿਤੇ ਹੋਰ ਸੀ...ਪਰ ਅਸੀਂ ਵੀ ਰਸਤੇ ਵਿੱਚੋਂ ਹੀ ਗ਼ਾਇਬ ਕਰ ਲਿਆ...:) ਅਜੇ ਵੀ ਮੰਨਦੇ ਹੋਂ ਕਿ ਨਹੀਂ ਕਿ ਥੋੜ੍ਹੀ ਬਹੁਤੀ ਜਾਦੂਗਰੀ ਤਾਂ ਸਾਨੂੰ ਵੀ ਆਉਂਦੀ ਹੈ ??


ਤੁਹਾਡੇ ਗ਼ਜ਼ਲ-ਸੰਗ੍ਰਹਿ ਹਵਾ ਨਾਲ਼ ਖੁੱਲ੍ਹਦੇ ਬੂਹੇ 14 ਮਈ ਨੂੰ ਰਿਲੀਜ਼ ਹੋਣ ਤੇ ਬਹੁਤ-ਬਹੁਤ ਮੁਬਾਰਕਾਂ ਹੋਣ, ਇਸ ਕਿਤਾਬ ਦੀ ਤੁਹਾਡੇ ਬਾਕੀ ਦੋਸਤਾਂ ਦੀ ਤਰ੍ਹਾਂ ਮੈਨੂੰ ਵੀ ਬੜੀ ਉਡੀਕ ਸੀ। ਇਸ ਸਮਾਗਮ ਦੀ ਵਿਸਤਾਰਤ ਜਾਣਕਾਰੀ ਆਰਸੀ ਸੂਚਨਾਵਾਂ ਤੇ ਪੋਸਟ ਕਰ ਦਿੱਤੀ ਗਈ ਹੈ, ਸਮੂਹ ਆਰਸੀ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਬਾਦ! ਆਸ ਹੈ ਕਿ ਇਸ ਕਿਤਾਬ ਵਿਚਲੀਆਂ ਪਿਆਰੀਆਂ-ਪਿਆਰੀਆਂ ਗ਼ਜ਼ਲਾਂ ਨਾ ਸਿਰਫ਼ ਵਰ੍ਹਿਆਂ ਤੋਂ ਬੰਦ ਪਏ ਬੂਹੇ ਹੀ ਖੋਲ੍ਹਣਗੀਆਂ, ਬਲਕਿ ਵਧੀਆ ਅਤੇ ਮਿਆਰੀ ਸਾਹਿਤ ਦੀਆਂ ਪਿਆਸੀਆਂ ਰੂਹਾਂ ਨੂੰ ਨਸ਼ਿਆਉਣ ਲਈ ਸੰਦਲੀ, ਸੀਤਲ ਹਵਾ ਵੀ ਅੰਦਰ ਆਵੇਗੀ। ਨਾਲ਼ ਹੀ ਇਸ ਬੇਹੱਦ ਖ਼ੂਬਸੂਰਤ ਗੀਤ ਲਈ ਵੀ ਵਧਾਈਆਂ ਕਬੂਲ ਕਰੋ, ਮੈਨੂੰ ਯਾਦ ਹੈ ਕਿ ਇਸ ਗੀਤ ਦਾ ਮੁੱਖੜਾ ਤੁਸੀਂ ਮੈਨੂੰ ਕੋਈ ਡੇਢ-ਦੋ ਕੁ ਸਾਲ ਪਹਿਲਾਂ ਫ਼ੋਨ ਤੇ ਸੁਣਾਇਆ ਸੀ। ਤੁਹਾਡੀ ਕਲਮ ਨੂੰ ਸਲਾਮ!


ਅਦਬ ਸਹਿਤ


ਤਨਦੀਪ ਤਮੰਨਾ


******


ਗੀਤ


ਤੇਰਾ ਦਰਦ ਤਾਂ ਏਨਾ ਜ਼ਾਲਿਮ ਏ, ਏਹ ਸਾਹ ਤਾਂ ਕਦੋਂ ਦੇ ਮੁੱਕ ਜਾਂਦੇ,
ਅਸੀਂ ਡੇਰਾ ਵਸਦੀ ਦੁਨੀਆਂ ਤੋਂ, ਚੁੱਪ-ਚਾਪ ਕਦੋਂ ਦੇ ਚੁੱਕ ਜਾਂਦੇ,
ਤੇਰੇ ਗ਼ਮ ਤਾਂ ਜਿੰਦ ਮੁਕਾ ਜਾਂਦੇ, ਸਨ ਚੀਸਾਂ ਲੰਮੀ ਉਮਰ ਦੀਆਂ,
ਮਿਲ਼ੀਆਂ ਨੇ ਸਾਨੂੰ ਮਾਵਾਂ ਤੋਂ ਪਰ 'ਸੀਸਾਂ ਲੰਮੀ ਉਮਰ ਦੀਆਂ...


ਮਿਲ਼ੀਆਂ ਨੇ ਸਾਨੂੰ....ਪੀੜਾਂ ਸੰਗ ਰਿਸ਼ਤੇ ਜੋੜੇ ਨੇ, ਤੇਰੇ ਹਿਜਰ ਦੀਆਂ ਕੁੜਮਾਈਆਂ ਨੇ,
ਹੁਣ ਏਹੀ ਪੀੜਾਂ ਲਗਦੀਆਂ ਨੇ, ਜਿਉਂ ਸਕੀ ਮਾਂ ਦੀਆਂ ਜਾਈਆਂ ਨੇ,
ਰਾਤਾਂ ਨੂੰ ਹੰਝੂ ਭਰਦੇ ਨੇ ਹੁਣ ਫੀਸਾਂ ਲੰਮੀ ਉਮਰ ਦੀਆਂ....
ਮਿਲ਼ੀਆਂ ਨੇ ਸਾਨੂੰ....ਦਿਲ ਤੂੰ ਦੱਸ ਕੀਹਦਾ ਨਈਂ ਕਰਦਾ, ਹੱਸ-ਹੱਸ ਕੇ ਉਮਰ ਗੁਜ਼ਾਰਨ ਨੂੰ,
ਕੀ ਕਰੀਏ ਹਰ ਰੁੱਤ ਮਿਲ਼ਦੀ ਹੈ, ਰੀਝਾਂ ਦੇ ਬਾਗ਼ ਉਜਾੜਨ ਨੂੰ,
ਅਸੀਂ ਮਨੋਂ ਕਰਨੀਆਂ ਨਈਂ ਚਾਹੀਆਂ ਕਦੇ ਰੀਸਾਂ ਲੰਮੀ ਉਮਰ ਦੀਆਂ...
ਮਿਲ਼ੀਆਂ ਨੇ ਸਾਨੂੰ....ਤੇਰੀ ਯਾਦ ਚੁਰਾ ਕੇ ਲੈ ਜਾਵੇ, ਮੋਤੀ ਨਿੱਤ ਸੁੱਚੇ ਸਾਹਾਂ ਦੇ,
ਤੇਰੀ ਗ਼ੈਰ-ਹਾਜ਼ਰੀ ਬਣ ਜਾਵੇ, ਸੁਪਨੇ ਸ਼ੇਖਰ ਦੀਆਂ ਬਾਹਾਂ ਦੇ,
ਨਿੱਤ ਪਲਕਾਂ ਓਹਲੇ ਸੁਲਘਦੀਐਂ ਬਖ਼ਸ਼ੀਸ਼ਾਂ ਲੰਮੀ ਉਮਰ ਦੀਆਂ...


ਮਿਲ਼ੀਆਂ ਨੇ ਸਾਨੂੰ....
Sunday, April 24, 2011

ਜਗਜੀਤ ਸੰਧੂ - ਨਜ਼ਮ

ਜਗਜੀਤ ਜੀਓ! ਤੁਹਾਡੀਆਂ ਨਵੇਂ ਘਰ ਦੀ ਬਗ਼ੀਚੀ ਵਿੱਚ ਲਿਖੀਆਂ ਕਵਿਤਾਵਾਂ ਪੜ੍ਹ ਕੇ ਲਗਦੈ ਕਿ ਤੁਹਾਡੀ ਅਤੇ ਦਵਿੰਦਰ ਪੂਨੀਆ ਜੀ ਦੀ M.Sc. Agriculture ਨੇ ਇਕ ਵਾਰੀ ਫੇਰ ਰੰਗ ਲਿਆ ਰਹੀ ਹੈ...ਸਿਲੇਬਸ ਮੁੜ ਤੋਂ ਯਾਦ ਆ ਰਿਹਾ ਹੈ :) ਸੱਚ ਦੱਸਣਾ ਕਿ ਪੂਨੀਆ ਸਾਹਿਬ ਨੇ ਕਿੰਨੀ ਵਾਰ ਇਨ੍ਹਾਂ ਨੂੰ ਸੁਣ ਕੇ, ਖ਼ਾਸ ਕਰਕੇ ਨਦੀਨਾਂ ਵਾਲ਼ੀ ਨਜ਼ਮ ਸੁਣ ਕੇ ਵਾਹ-ਵਾਹ ਕੀਤੀ ਸੀ? ਬਈ, ਪੀ.ਏ.ਯੂ ਦੇ ਦੋ ਜ਼ਹੀਨ ਸ਼ਾਇਰ ਮਿਲ਼ ਬੈਠਣ ਤੇ ਵਾਹ-ਵਾਹ ਤਾਂ ਹੋਣੀ ਹੀ ਹੈ ਨਾ..:) ਸੱਚ ਆਖਾਂ, ਇਹਨਾਂ ਨਜ਼ਮਾਂ ( ਖ਼ਾਸ ਤੌਰ ਤੇ ਨਦੀਨਾਂ ਵਾਲ਼ੀ ) ਨੂੰ ਪੜ੍ਹਦਿਆਂ, ਮਾਣਦਿਆਂ, ਮੈਨੂੰ ਨਾਲ਼ੇ ਪਾਬਲੋ ਨੇਰੂਦਾ ਦੀ ਰੂਹ ਵੀ ਮੁਸਕਰਾਉਂਦੀ, ਤੁਹਾਡੇ ਦੋਵਾਂ ਦੇ ਨੇੜੇ-ਨੇੜੇ ਤੁਰਦੀ ਫਿਰਦੀ ਮਹਿਸੂਸ ਹੋਈ ਹੈ..:)


ਸ਼ੁੱਭ ਨਹੀਂ ਹੁੰਦਾ ਵੇਖ ਹਵਾਏ!


ਮਹਿਕੇ ਮਹਿਕੇ


ਖਿੜੇ ਖਿੜੇ


ਫੁੱਲਾਂ ਦਾ ਮਰਨਾਵਾਹ! ਵਾਹ!! ਵਾਹ!! ਤੇ ਨਾਲ਼ੇ ਤੁਹਾਡੇ ਆਖਣ ਅਨੁਸਾਰ, ਅੱਧਕ ਵਾਲ਼ੀ ਕੱਮਾਲ ਹੈ, ਸੰਧੂ ਸਾਹਿਬ! ਇਹਨਾਂ ਬੇਹੱਦ ਖ਼ੂਬਸੂਰਤ ਨਜ਼ਮਾਂ ਲਈ ਦਿਲੀ ਮੁਬਾਰਕਬਾਦ ਕਬੂਲ ਕਰੋ ਜੀ.... ਆਰਸੀ ਤੇ ਹਾਜ਼ਰੀ ਲਵਾਉਣ ਲਈ ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ


ਤਨਦੀਪ ਤਮੰਨਾ


******


ਸੋਗ


ਇੱਕ ਖਾਲ਼ ਵਿੱਚ ਤੈਰਦੀਆਂ ਫੁੱਲ ਪੱਤੀਆਂ ਵੇਖ ਕੇ ਇਹ ਮਹਿਸੂਸ ਹੋਇਆ:


ਨਜ਼ਮ


ਹਵਾ ਵਗੀ


ਫ਼ੁਲਵਾੜੀ ਅੰਦਰ


ਨਿੱਕੀਆਂ ਨਿੱਕੀਆਂ ਮੌਤਾਂ ਹੋਈਆਂ


ਜਲ ਤੇ ਹੋ ਅਸਵਾਰ ਅਰਥੀਆਂ


ਖਾਲ਼ੀਓ-ਖਾ਼ਲੀ...ਰਾਹ ਕਿਨਾਰੇ ਰੁੱਖ ਖਲੋਤੇ ਹੱਥ ਬੰਨ੍ਹ ਕੇ


ਵਗੀ ਹਨੇਰੀ ਦਾ ਵੀ ਬੋਲ ਸੀ ਭਾਰਾ ਭਾਰਾ


ਏਸ ਜਨਾਜ਼ੇ ਵਿੱਚ ਭਲਾ ਮੈਂ


ਕਿਵੇਂ ਖਲੋਣਾ ਕਿਥਾਂ ਖਲੋਣਾ


ਕਹਿਣਾ ਰੋਣਾ ਜਾਂ ਚੁੱਪ ਹੋਣਾਨਾਲ਼ ਹਨੇਰੀ ਸ਼ਿਕਵਾ ਕਰਨਾ


ਸ਼ੁੱਭ ਨਹੀਂ ਹੁੰਦਾ ਵੇਖ ਹਵਾਏ!


ਮਹਿਕੇ ਮਹਿਕੇ


ਖਿੜੇ ਖਿੜੇ


ਫੁੱਲਾਂ ਦਾ ਮਰਨਾ


=====


ਜੈ ਨਦੀਨ


ਨਜ਼ਮ


ਜੁਗ ਜੁਗ ਜੀਣ....


ਜੁਗ ਜੁਗ ਜੀਣ....


ਧਰਤੀ ਉਪਰ ਬੂਟ ਨਦੀਨ


ਧਰਤੀ ਹੇਠਾਂ ਕਿਰਮ ਮਹੀਨਦਾਤਰ ਚੱਲੇ ਜ਼ਹਿਰਾਂ ਪਈਆਂ


ਇਹ ਨਾ ਮੁੱਕੇ


ਫ਼ਸਲਾਂ ਨਾਲ਼ ਹੀ ਜੀ ਪੈਂਦੇ ਨੇ


ਆਪਣੀ ਰੁੱਤੇ


ਮੰਦੇ ਚੰਗੇ ਜਿਵੇਂ ਵੀ ਲਗਦੇ


ਰਹਿਣ ਖੜੋਤੇ ਪਕੜ ਜ਼ਮੀਨਜੁਗ ਜੁਗ ਜੀਣ...ਇਹ ਵੀ ਸੁਹਣੇ ਸੁਹਣੇ ਲਗਦੇ


ਜੇਕਰ ਉਗਦੇ ਸਾਡੇ ਰਾਹੀਂ


ਇਹਨਾਂ ਦੇ ਫੁੱਲਣ ਮੌਲਣ ਨੂੰ


ਸਾਡੇ ਘਰਾਂ ਚ ਗਮਲੇ ਨਾਹੀਂ


ਅਸੀਂ ਟੀਰੀਆਂ ਨਜ਼ਰਾਂ ਵਾਲੇ


ਕਿਸ ਸੁੰਦਰਤਾ ਦੇ ਸ਼ੌਕੀਨਜੁਗ ਜੁਗ ਜੀਣ....


ਜੁਗ ਜੁਗ ਜੀਣ....


ਧਰਤੀ ਉਪਰ ਬੂਟ ਨਦੀਨ


ਧਰਤੀ ਹੇਠਾਂ ਕਿਰਮ ਮਹੀਨFriday, April 22, 2011

ਦਰਸ਼ਨ ਦਰਵੇਸ਼ - ਨਜ਼ਮ

ਦਰਵੇਸ਼ ਜੀਓ! ਮੇਰੀ ਅੱਜ ਦੀ ਸ਼ਾਮ ਬੜੀ ਸੁਭਾਗੀ ਹੈ ਕਿਉਂਕਿ ਪਹਿਲਾਂ ਹਰਮਨ ਜੀਤ ਜੀ ਦੀਆਂ ਲਿਖਤਾਂ ਨੇ ਬੰਨ੍ਹ ਲਿਆ ਸੀ, ਤੇ ਹੁਣ ਤੁਹਾਡੀਆਂ ਨਜ਼ਮਾਂ, ਸ਼ਾਮ ਦੀ ਤਸਵੀਰ ਚ ਬਾਕੀ ਰਹਿੰਦੇ ਰੰਗ ਭਰਨ ਆ ਗਈਆਂ ਨੇ। ਤੁਹਾਡੀਆਂ ਨਜ਼ਮਾਂ ਵਿਚਲੇ ਡੂੰਘੇ ਖ਼ਿਆਲਾਂ ਨੇ ਇੰਝ ਘੇਰਾ ਵਲ਼ਿਆ ਕਿ ਮੇਰੀ ਸੋਚ, ਸੁਆਲਾਂ ਜਵਾਬਾਂ ਦੇ ਅੰਤਰ ਜਾਨਣ ਲਈ ਭੰਵਰ ਦੀ ਆਖ਼ਰੀ ਪਰਤ ਤੱਕ ਉਤਰਦੀ ਮਹਿਸੂਸ ਹੋਈ... ਕਿਉਂਕਿ...


ਇਹ ਕਿਹੋ ਜਿਹੀ ਆਵਾਜ਼ ਹੈ
ਜਿਹੜੀ ਜਦੋਂ ਦੀ ਆਈ ਹੈ
ਮੇਰੀ ਨੀਂਦ ਦੇ
ਚਾਰੇ ਪਾਵਿਆਂ ਉੱਪਰ ਬੈਠ ਗਈ ਹੈ
ਕਿ ਸ਼ਾਇਦ
ਰਾਤ ਨੂੰ
ਅੱਜ ਕੱਲ੍ਹ
ਬੰਸਰੀ ਏਵੇਂ ਹੀ ਵੱਜਦੀ ਹੈ...ਤੁਹਾਡੀ ਕਲਮ ਨੂੰ ਇਕ ਵਾਰ ਫੇਰ ਸਲਾਮ, ਦਰਵੇਸ਼ ਜੀ! ਇਹਨਾਂ ਦੋਵਾਂ ਬੇਹੱਦ ਖ਼ੂਬਸੂਰਤ ਨਜ਼ਮਾਂ ਲਈ ਮੁਬਾਰਕਬਾਦ ਕਬੂਲ ਕਰੋ ਜੀ! ਨਵੀਆਂ ਨਜ਼ਮਾਂ ਨਾਲ਼ ਹਾਜ਼ਰੀ ਲਵਾਉਣ ਲਈ ਆਰਸੀ ਪਰਿਵਾਰ ਤੁਹਾਡਾ ਮਸ਼ਕੂਰ ਹੈ।


ਅਦਬ ਸਹਿਤ


ਤਨਦੀਪ ਤਮੰਨਾ


*****


ਵਾਪਸੀ


ਨਜ਼ਮ
ਸਮੁੰਦਰ
ਜੰਗਲ
ਮਹਾਂਨਗਰ
ਅੰਦਰ
ਬਾਰ ਬਾਰ ਭਟਕਣ ਤੋਂ ਬਾਦ
ਆਦਮੀ ਜਦੋਂ ਪਰਤਦਾ ਹੈ ਆਪਣੇ ਸ਼ਹਿਰ
ਦੇਖਦਾ ਹੈ
ਉਹੀ ਪੁਰਾਣੀਆਂ ਦੁਕਾਨਾਂ
ਸੜਕ ਕਿਨਾਰੇ ਬੈਠਾ ਚਾਹ ਵਾਲਾ
ਥੜ੍ਹੀ ਉੱਪਰ ਖੜ੍ਹਾ ਹਾੱਕਰ
ਗਲ਼ੀਆਂ ਵਿੱਚ ਸਬਜ਼ੀਆਂ ਦਾ ਹੋਕਾ
ਤਾਂ ਉਸਨੂੰ
ਉਹ ਸਾਰੇ ਆਦਮੀ
ਸਮੁੰਦਰ ਲੱਗਦੇ ਨੇ ਆਪਣੇਪਣ ਦਾ
ਜੰਗਲ ਲੱਗਦੇ ਨੇ ਬਿਨਾਂ ਸ਼ੋਰ ਦਾ
ਮਹਾਂਨਗਰ ਜਾਪਦੇ ਨੇ ਭੀੜ ਤੋਂ ਬੇਖ਼ਬਰ

ਅੰਤਾਂ ਦੀ ਭਟਕਣ ਤੋਂ ਬਾਅਦ
ਆਪਣੇ ਪਿੰਡ ਆ ਕੇ
ਕਰਦਾ ਹੈ ਕੋਸ਼ਿਸ਼
ਕੱਚੀ ਨਹਿਰ ਤਲਾਸ਼ਣ ਦੀ
ਪਾਣੀ ਨੂੰ ਤਾਂ ਚਾਹੀਦੇ ਨੇ ਕਿਨਾਰੇ
ਉਹ
ਕੱਚੇ ਹੋਣ ਜਾਂ ਪੱਕੇ

ਸਾਲਾਂ ਸਾਲ
ਦੂਰ ਭਟਕਦਾ ਆਦਮੀ
ਵਾਪਸ ਆ ਕੇ
ਤਲਾਸ਼ਦਾ ਹੈ ਆਪਣੇ ਆਪ ਨੂੰ
ਅਤੇ ਆਪਣੇ ਸਾਹਮਣੇ ਦੇਖਦਾ ਹੈ
ਚਕਨਾਚੂਰ ਹੁੰਦੇ ਆਪਣੇ ਸੁਪਨੇ
ਵਾਪਸ ਪਰਤਿਆ ਆਦਮੀ.. ..


=====


ਕਿ ਰਾਤ ਨੂੰ ਬੰਸਰੀ ਏਵੇਂ ਹੀ ਵੱਜਦੀ ਹੈ...
ਨਜ਼ਮ


ਇੱਕ ਆਵਾਜ਼
ਹਰ ਰੋਜ਼ ਆਉਂਦੀ ਹੈ
ਰਾਤ ਨੂੰ
ਤਿੰਨ ਅਤੇ ਚਾਰ ਵਜੇ ਦੇ ਵਿਚਕਾਰ।

ਕੀ ਬਾਪੂ
ਅੰਦਰੋਂ ਉੱਠ ਕੇ
ਵਿਹੜੇ ਵਿਚ ਆ ਗਿਆ ਹੈ
ਜਾਂ
ਪਿੰਡ ਦੇ ਨਵੇਂ ਉੱਠੇ ਐਥਲੀਟ
ਚੌਂਕ ਵਿੱਚ ਇਕੱਠੇ ਹੋ ਗਏ ਨੇ.. ..

ਕੁੱਤੇ ਨੇ ਗੁਆਂਢੀਆਂ ਦੀ
ਛੱਤ ਉੱਤੇ ਛਾਲ਼ ਮਾਰੀ ਹੈ
ਜਾਂ ਫਿਰ ਬਿੱਲੀ ਨੇ ਦੁੱਧ ਡੋਲ੍ਹਿਆ ਹੈ.. ..

ਕਿਸੇ ਬੁੱਢੀ ਮਾਂ ਨੂੰ
ਸਰਹੱਦ ਉੱਪਰ ਸ਼ਹੀਦ ਹੋਇਆ
ਪੁੱਤਰ ਯਾਦ ਆਇਆ ਹੈ
ਕਿਸੇ ਸ਼ਾਇਰ ਦੀ ਕਵਿਤਾ ਰੋਈ ਹੈ
ਜਾਂ ਕਿ
ਰਾਤ ਨੂੰ ਬੰਸਰੀ ਏਵੇਂ ਹੀ ਵੱਜਦੀ ਹੈ.. .. ..

ਦੀਵਾਰ 'ਤੇ ਮਾਰੇ
ਚੌਕੀਦਾਰ ਦੇ ਡੰਡੇ ਦੀ ਆਵਾਜ਼ ਹੈ
ਸੂਹੀ ਸੰਗੀਨ ਪਿੱਛੇ
ਖਾਕੀ ਸੰਗੀਨ ਦੌੜੀ ਹੈ .. ..

ਕਿਸੇ ਨੇ ਤਲਾਅ 'ਚ ਡੁਬਕੀ ਲਾਈ ਹੈ
ਜਾਂ ਕਿਧਰੋਂ
ਰਾਗ ਵਿਚ
ਕੋਈ ਚੀਕ ਗੁਣਗੁਣਾਈ ਹੈ.. ..

ਇਹ ਕਿਹੋ ਜਿਹੀ ਆਵਾਜ਼ ਹੈ
ਜਿਹੜੀ ਜਦੋਂ ਦੀ ਆਈ ਹੈ
ਮੇਰੀ ਨੀਂਦ ਦੇ
ਚਾਰੇ ਪਾਵਿਆਂ ਉੱਪਰ ਬੈਠ ਗਈ ਹੈ
ਕਿ ਸ਼ਾਇਦ
ਰਾਤ ਨੂੰ
ਅੱਜ ਕੱਲ੍ਹ
ਬੰਸਰੀ ਏਵੇਂ ਹੀ ਵੱਜਦੀ ਹੈ.. .. !!!!!Thursday, April 21, 2011

ਰਵਿੰਦਰ ਰਵੀ - ਨਜ਼ਮ

ਮੈਂ-ਕੁ-ਭਰਅਸਮਾਨ

ਨਜ਼ਮ


ਮੈਂ ਤਾਂ ਮੰਗਿਆ ਸੀ ਕੇਵਲ ਇਕ


ਮੈਂ-ਕੁ-ਭਰਅਸਮਾਨ


ਜਾਗ ਪਏ ਕਿਉਂ ਮੇਰੇ ਅੰਦਰੋਂ


ਸੁੱਤੇ ਸਦੀਆਂ ਦੇ ਨਿਸ਼ਾਨ?ਕਦੇ ਕਦੇ ਇਓਂ ਜਾਪੇ, ਜੀਕੂੰ


ਮੁੱਠੀ ਦੇ ਵਿਚ ਧਰਤੀ ਹੋਵੇ,


ਨਜ਼ਰਾਂ ਵਿਚ ਅਸਮਾਨਦੂਜੇ ਪਲ ਹੀ ਇਓਂ ਜਾਪੇ ਜਿਓਂ


ਮੇਰੇ ਅੰਦਰ ਟੁੱਟ ਬਿਖਰਿਆ


ਅੱਖਰ, ਅੱਖਰ ਜੋੜ ਬਣਾਇਆ


ਕੁੱਲ ਇਤਿਹਾਸ ਤੇ ਸਗਲ ਧਿਆਨਮੈਂ ਵਿਚ ਮਸਤੀ, ਮੈਂ ਵਿਚ ਹਸਤੀ


ਮੈਂ ਵਿਚ ਸੂਰਜ, ਚੰਦ, ਸਿਤਾਰੇ


ਮੈਂ ਵਿਚ ਬਾਗ਼, ਹੁਸਨ ਤੇ ਸਾਗਰ


ਮੈਂ-ਚਿੰਤਨ ਵਿਚ ਸਗਲ ਨਜ਼ਾਰੇਮੈਂ ਜਿੰਨਾਂ ਹੀ’, ਪਿਆਰ ਸੀ ਮੰਗਿਆ


ਔਰਤ ਸੁਹਣੀ, ਮਨ ਦੀ ਹਾਣੀਮੈਂ ਜੋ ਸੋਚਾਂ, ਉਹ, ਉਹ ਸੋਚੇ


ਉਹ ਮਹਿਸੂਸੇ, ਮੈਂ ਹੱਸਾਸਜਨਮ, ਜਨਮ ਤੋਂ ਉਸ ਨੂੰ ਮੇਰੀ, ਮੇਰੀ ਉਸ ਨੂੰ


ਤੇਹ, ਤ੍ਰਿਸ਼ਨਾ ਤੇ ਪਿਆਸਮੈਂ ਚਾਹਿਆ ਮੈਂ, ਮੈਂ ਬਣ ਜੀਵਾਂ


ਧੁੱਪ ਤੇ ਥਲ ਵੀ ਰੂਪ ਨੇ ਮੇਰੇ


ਮੈਂ ਦੇ ਘੜੇ ਚੋਂ ਮੈਂ-ਜਲਪੀਵਾਂਮੇਰੀ ਮੈਂ, ਪਰ ਵਿਣਤਨ ਆ ਗਏ


ਸਿਆਸੀ ਅਤੇ ਸਮਾਜੀ ਦਰਜ਼ੀ


ਚੌਖਟਿਆਂ ਵਿਚ ਕੱਟ, ਫਿੱਟ ਕਰਦੇ


ਮੇਰੀ ਮਰਜ਼ੀ, ਸਮੇਂ ਦੇ ਦਰਜ਼ੀਮੈਨੂੰ ਮੈਂਤੋਂ ਅ-ਮੈਂਬਣਾਇਆ


ਮੇਰੀ ਹਰ ਸੂਰਤ ਦੇ ਉੱਤੇ


ਉਹਨਾਂ ਆਪਣਾ ਖੋਲ ਚੜ੍ਹਾਇਆਚਿੱਪਰ, ਚਿੱਪਰ ਕਰ, ਟੁੱਟ ਬਿਖਰੀ


ਮੇਰੇ ਸੌਹੇਂ, ਮੇਰੀ ਪਛਾਣ


ਇਕ, ਇਕ ਕਰਕੇ, ਝੜੇ ਵਿਲੱਖਣ,


ਸਮਝੇ ਸੀ ਜੁ, ‘ਮੈਂ-ਨਿਸ਼ਾਨਆਪੇ ਵਿਚ ਅਨਾਪ ਭੋਗਦਾ,


ਕੈਸਾ ਇਹ ਸਰਾਪ!!!


ਸੋਚ, ਅਹਿਸਾਸ, ਬੇਗਾਨੇ ਹੋਏ,


ਕੈਸਾ ਇਹ ਸੰਤਾਪ???

Tuesday, April 19, 2011

ਅਮਰਦੀਪ ਗਿੱਲ - ਗੀਤ

ਗੀਤ

ਦੂਰ ਜਾ ਕੇ ਵਰ੍ਹ ਵੇ ਕਿਧਰੇ ਬੱਦਲ਼ਾ ਸਾਂਵਲਿਆ,
ਸਾਡੇ ਖੇਤੀਂ ਅੱਜ ਕੱਲ੍ਹ ਬੀਬਾ ਕਣਕਾਂ ਪੱਕੀਆਂ ਨੇ!
ਤੂੰ ਕੀ ਜਾਣੇ ਮੁੱਲ ਵੇ ਸੋਨੇ ਰੰਗੇ ਸਿੱਟਿਆਂ ਦਾ,
ਇੱਕ ਇੱਕ ਦਾਣੇ ਉੱਤੇ ਕਿੰਨੀਆਂ ਆਸਾਂ ਰੱਖੀਆਂ ਨੇ!
ਸਾਡੇ ਖੇਤੀਂ ਅੱਜ ਕੱਲ੍ਹ ਬੀਬਾ ਕਣਕਾਂ ਪੱਕੀਆਂ ਨੇ!
ਦੂਰ ਜਾ ਕੇ...

ਏਸ ਵਾਰੀ ਤਾਂ ਧੀ ਦੇ ਹੱਥ ਵੀ ਪੀਲ਼ੇ ਕਰਨੇ ਨੇ,
ਕਿਸ਼ਤ ਬੈਂਕ ਦੀ ਆਈ ਏ ਉਹ ਪੈਸੇ ਭਰਨੇ ਨੇ,
ਹੁਣ ਤਾਂ ਏਸੇ ਹਾੜ੍ਹੀ ਉੱਤੇ ਸਾਡੀਆਂ ਅੱਖੀਆਂ ਨੇ!
ਸਾਡੇ ਖੇਤੀਂ ਅੱਜ ਕੱਲ੍ਹ ਬੀਬਾ ਕਣਕਾਂ ਪੱਕੀਆਂ ਨੇ!
ਦੂਰ ਜਾ ਕੇ...

ਪੁੱਤ ਕਹੇ ਪ੍ਰਦੇਸੀਂ ਜਾਣਾ, ਰੋਕਿਆਂ ਰੁਕਦਾ ਨਈਂ,
ਬਾਪੂ ਡਰਦਾ ਮਾਰਾ ਹੋਰ ਕਰਜ਼ਾ ਚੁੱਕਦਾ ਨਈਂ,
ਸੁਪਨੇ ਹੰਭੇ ਹਾਰੇ ਨਾਲ਼ੇ ਰੀਝਾਂ ਥੱਕੀਆਂ ਨੇ!
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ!
ਦੂਰ ਜਾ ਕੇ...

ਸਿਰ ਢਕਣ ਲਈ ਐਤਕੀਂ ਪੱਕਾ ਕੋਠਾ ਛੱਤ ਲਈਏ,
ਕੋਈ ਸ਼ੌਂਕ ਦੀ ਪੂਣੀ ਵੈਰੀਆ ਅਸੀਂ ਵੀ ਕੱਤ ਲਈਏ,
ਸਾਡੇ ਕੋਲ ਬੱਸ ਝੋਨੇ, ਕਣਕਾਂ, ਨਰਮੇ, ਮੱਕੀਆਂ ਨੇ!
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ!
ਦੂਰ ਜਾ ਕੇ....

ਅੰਨ-ਦਾਤੇ ਭਾਵੇਂ ਕਹਾਉਂਦੇ ਹਾਂ ਪਰ ਹਾਲਤ ਮਾੜੀ ਏ,
ਸੱਪਾਂ, ਸੇਠਾਂ, ਜ਼ਹਿਰਾਂ ਦੇ ਨਾਲ਼ ਸਾਡੀ ਆੜੀ ,
ਅਸੀਂ ਤਾਂ ਹੁਣ ਤੱਕ ਆਪਣੀਆਂ ਹੀ ਸੰਘੀਆਂ ਨੱਪੀਆਂ ਨੇ!
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ!
ਦੂਰ ਜਾ ਕੇ...

ਸਾਡੇ ਸਿਰ ਤੇ ਜੋ ਵੋਟਾਂ ਦੀ ਫ਼ਸਲ ਉਗਾਉਂਦੇ ਨੇ,
ਉਡੀਕ ਸਾਡੀ ਦੇ ਬੂਟੇ ਨੂੰ ਜੋ ਲਾਰੇ ਲਾਉਂਦੇ ਨੇ,
ਉਨਾਂ ਲਈ "ਗਿੱਲ" ਹੱਥਾਂ ਦੇ ਵਿੱਚ ਦਾਤੀਆਂ ਚੱਕੀਆਂ ਨੇ!
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ!
ਦੂਰ ਜਾ ਕੇ...Friday, April 15, 2011

ਡਾ: ਸੁਹਿੰਦਰਬੀਰ - ਆਰਸੀ ‘ਤੇ ਖ਼ੁਸ਼ਆਮਦੀਦ - ਗੀਤ

ਸਾਹਿਤਕ ਨਾਮ: ਡਾ: ਸੁਹਿੰਦਰਬੀਰ

ਅਜੋਕਾ ਨਿਵਾਸ: ਯੂ.ਐੱਸ.ਏ/ਅੰਮ੍ਰਿਤਸਰ


ਪ੍ਰਕਾਸ਼ਿਤ ਕਿਤਾਬਾਂ: ਉੱਘੇ ਕਵੀ ਅਤੇ ਕਾਵਿ-ਆਲੋਚਕ ਡਾ: ਸੁਹਿੰਦਰਬੀਰ ਸਾਹਿਬ ਦੀਆਂ ਕਾਵਿ-ਪੁਸਤਕਾਂ: ਵੇਦਨਾ ਦਾ ਸ਼ਿਲਾਲੇਖ, ਤਾਰਾ ਤਾਰਾ ਅੱਥਰੂ, ਹਾੜ੍ਹ ਸਿਆਲ, ਰੁੱਖ, ਦੁੱਖ ਅਤੇ ਮਨੁੱਖ, ਸੋਨ-ਸੁਨਹਿਰੀ ਡਲ਼ੀਆਂ, ਜੀਵਨੀ: ਇਨਕਲਾਬ ਦਾ ਬਾਨੀ ਸ਼ਹੀਦ ਭਗਤ ਸਿੰਘ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਨਾਲ਼ ਹੀ ਉਹ ਆਲੋਚਨਾ ਦੇ ਖੇਤਰ ਚ ਪੰਜ ਵਡਮੁੱਲੀਆਂ ਕਿਤਾਬਾਂ ਦਾ ਯੋਗਦਾਨ ਵੀ ਦੇ ਚੁੱਕੇ ਹਨ।ਦੋਸਤੋ! ਮੇਰੀ ਬੜੀ ਦੇਰ ਦੀ ਤਮੰਨਾ ਸੀ ਕਿ ਸੁਹਿੰਦਰਬੀਰ ਸਾਹਿਬ ਦੀ ਹਾਜ਼ਰੀ ਆਰਸੀ ਤੇ ਜ਼ਰੂਰ ਲੱਗੇ, ਕਿਉਂਕਿ ਬਚਪਨ ਚ ਉਹਨਾਂ ਦੇ ਗੀਤ ਮੈਂ ਦੂਰਦਰਸ਼ਨ ਤੋਂ ਸੁਣੇ ਹੋਏ ਸਨ। ਇਤਫ਼ਾਕਨ ਉਹਨਾਂ ਨਾਲ਼ ਫੇਸਬੁੱਕ ਸੰਪਰਕ ਹੋਇਆ ਤਾਂ ਉਹਨਾਂ ਨੇ ਅੱਧ-ਬੋਲ ਮੇਰੀ ਬੇਨਤੀ ਦਾ ਮਾਣ ਰੱਖਦਿਆਂ, ਆਪਣੀਆਂ ਰਚਨਾਵਾਂ ਆਰਸੀ ਲਈ ਘੱਲ ਦਿੱਤੀਆਂ, ਮੈਂ ਉਹਨਾਂ ਦੀ ਦਿਲੋਂ ਮਸ਼ਕੂਰ ਹਾਂ। ਉਂਝ ਤਾਂ ਡਾ: ਸਾਹਿਬ ਨਜ਼ਮ ਅਤੇ ਗ਼ਜ਼ਲ ਦੀ ਵਿਧਾ ਤੇ ਵੀ ਬਹੁਤ ਕੰਮ ਕੀਤਾ ਹੈ, ਪਰ ਅੱਜ ਦੀ ਪੋਸਟ ਚ ਉਹਨਾਂ ਦੇ ਕੁਝ ਬੇਹੱਦ ਖ਼ੂਬਸੂਰਤ ਗੀਤ ਸ਼ਾਮਿਲ ਕਰ ਰਹੀ ਹਾਂ, ਨਜ਼ਮਾਂ ਅਤੇ ਗ਼ਜ਼ਲਾਂ ਅਗਲੀ ਪੋਸਟ ਚ ਸਾਂਝੀਆਂ ਕਰਾਂਗੇ। ਉਹਨਾਂ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ। ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ


ਤਨਦੀਪ ਤਮੰਨਾ


*****


ਗੀਤ


ਨਦੀਏ ਨੀ ਨਦੀਏ!


ਚਲ ਖਾਂ ਕਿਨਾਰਿਆਂ ਤੋਂ ਪਰਾਂ ਹੋ ਕੇ ਵਗੀਏ


ਪਰਬਤਾਂ-ਪਹਾੜੀਆਂ 'ਚੋਂ ਨੱਚ ਨੱਚ ਆਈ ਨੀ


ਜੋਗੀਆਂ ਦੇ ਦਰਾਂ ਉੱਤੇ ਅਲਖ ਜਗਾਈ ਨੀ


ਉੱਜੜੇ ਮਜ਼ਾਰਾਂ 'ਤੇ ਚਿਰਾਗ਼ ਬਣ ਜਗੀਏ...


ਨਦੀਏ ਨੀ ਨਦੀਏ...ਮਹਿਕ-ਮੁਸਕਾਨ ਤੇਰੀ ਬੱਦਲਾਂ ਦੀ ਭੂਰ ਨੀ


ਧੋਈ ਜਾਵੇ ਸਮਿਆਂ ਨੇ ਪਾਏ ਜੋ ਨਾਸੂਰ ਨੀ


ਦੁੱਖਾਂ ਦੀਆਂ ਵਾਦੀਆਂ 'ਚੋਂ ਪੌਣ ਬਣ ਲੰਘੀਏ...


ਨਦੀਏ ਨੀ ਨਦੀਏ...ਤੇਰੇ ਪੈਰਾਂ ਸਾਹਵੇਂ ਵਿਛੀ ਸੱਜਰੀ ਜ਼ਮੀਨ ਨੀ


ਪਲਕਾਂ 'ਚ ਗੁੰਦੇ ਹੋਏ ਸੁਪਨੇ ਰੰਗੀਨ ਨੀ


ਯਾਦਾਂ ਦੀਆਂ ਗੰਢਾਂ ਵਿਚ ਖੇੜਾ ਕੋਈ ਬੰਨ੍ਹੀਏ...


ਨਦੀਏ ਨੀ ਨਦੀਏ...ਪੈਰਾਂ ਵਿਚ ਬੇੜੀਆਂ ਤੇ ਪਲਕਾਂ 'ਤੇ ਪਹਿਰਾ ਨੀ


ਪੁੰਨਿਆ ਦੀ ਰਾਤ ਨੂੰ ਹਨੇਰਾ ਕਿੰਨਾ ਗਹਿਰਾ ਨੀ


ਅੱਲਾਹ ਦੇ ਦੁਆਰ ਜਾ ਕੇ ਖ਼ੈਰ-ਸੁੱਖ ਮੰਗੀਏ...


ਨਦੀਏ ਨੀ ਨਦੀਏ...


=====


ਗੀਤ


ਸੁਬਹ ਤੇ ਸ਼ਾਮ ਦੇ ਨੇ ਰੰਗ ਭਾਵੇਂ ਇਕੋ ਜਿਹੇ


ਸ਼ਾਮਾਂ ਸਾਨੂੰ ਬਹੁਤ ਨੇ ਪਿਆਰੀਆਂ


ਸੁਬਹ-ਸਵੇਰ ਵੇਲੇ ਖ਼ਾਬ ਜੋ ਵੀ ਚਿਤਵੀਏ


ਸ਼ਾਮ ਤਾਈਂ ਖੁੱਲ੍ਹਣ ਪਟਾਰੀਆਂ


ਸੁਬਹ ਤੇ ਸ਼ਾਮ ਦੇ ਨੇ....ਨਿੱਕੇ ਨਿੱਕੇ ਭਰਮ ਅਸਾਂ ਕਾਲਜੇ 'ਚ ਪਾਲ਼ ਲਏ ਨੇ


ਸ਼ਾਮਾਂ ਹੋਣ ਬਹੁਤ ਹੀ ਉਦਾਸੀਆਂ


ਨੱਕੋ-ਨੱਕ ਭਰੇ ਹੋਏ ਨੈਣਾਂ ਦੇ ਕਟੋਰੇ ਹੁਣ


ਖੇੜੇ ਵਿਚ ਰੂਹਾਂ ਨੇ ਨਹਾਤੀਆਂ


ਧਰਤੀ ਦੇ ਕੋਨਿਆਂ ਨੂੰ ਗਾਹ ਕੇ ਹੈ ਦੇਖ ਲਿਆ


ਫੁੱਲਾਂ ਦੀਆਂ ਖਿੜੀਆਂ ਕਿਆਰੀਆਂ. . .


ਸੁਬਹ ਤੇ ਸ਼ਾਮ ਦੇ ਨੇ....ਦੇਹੀ ਦੇ ਜੰਜਾਲ਼ ਹੋਣ ਵਾਸਨਾ ਦੀ ਹੱਦ ਤੀਕ


ਰੂਹਾਂ ਪਰ ਏਸਤੋਂ ਨਿਆਰੀਆਂ


ਗਲ਼ੀ ਗਲ਼ੀ ਲੰਘ ਕੇ ਫ਼ਕੀਰਾਂ ਦੇਖ ਲਿਆ ਏ


ਪਰ-ਥਾਏਂ ਹੋਣ ਦੁਸ਼ਵਾਰੀਆਂ


ਆਪਣੀ ਹੀ ਕੰਬਲੀ ਦਾ ਨਿੱਘ ਏ ਪਿਆਰਾ ਸਦਾ


ਫ਼ਾਲਤੂ ਨੇ ਲਾ ਕੇ ਪਰ੍ਹਾਂ ਮਾਰੀਆਂ. . .


ਸੁਬਹ ਤੇ ਸ਼ਾਮ ਦੇ ਨੇ....ਸੁਬਹ ਦੇ ਰੰਗ ਕੱਚੀ ਉਮਰ-ਵਰੇਸ ਵਾਂਗ


ਸ਼ਾਮ ਤਾਈਂ ਰੂਪ ਨੇ ਵਟਾਂਵਦੇ


ਜੋਬਨੇ ਦੇ ਪੈਰ ਪਾਣੀ ਹੋਣ ਜਿਉਂ ਹੜ੍ਹ ਦੇ


ਧਰਤੀ ਤੋਂ ਉੱਚਾ ਨੇ ਉਠਾਂਵਦੇ


ਸ਼ਾਮ ਵੇਲੇ ਝੂਠ ਦੇ ਨਕਾਬ ਲਾਹ ਕੇ ਸੁੱਟ ਦਈਏ


ਸੱਚ ਦੀਆਂ ਚੜ੍ਹਨ ਖ਼ੁਮਾਰੀਆਂ. . .


ਸੁਬਹ ਤੇ ਸ਼ਾਮ ਦੇ ਨੇ....ਅੰਬਰਾਂ ਦੇ ਤਾਰਿਆਂ 'ਚ ਸੈਆਂ ਹੀ ਇਸ਼ਾਰੇ ਹੋਣ


ਅਬਰਕੀ ਰੰਗਾਂ ਦੀ ਵੀ ਭਾਹ


ਕਾਮਨਾ ਤੇ ਵਾਸਨਾ ਦੇ ਚਿੱਕੜ 'ਚ ਫਾਥੇ ਹੋਏ


ਕਾਲ ਵਿਚ ਹੋਵਣੇ ਫ਼ਨਾਹ


ਰੂਹ ਦੀਆਂ ਦੌਲਤਾਂ ਅਸੀਮ ਉਹੀ ਘੜੀਆਂ ਨੇ


ਫ਼ੱਕਰਾਂ ਦੇ ਨਾਲ਼ ਜੋ ਗੁਜ਼ਾਰੀਆਂ


ਸੁਬਹ ਤੇ ਸ਼ਾਮ ਦੇ ਨੇ....


=====


ਗੀਤ


ਜੇ ਧੀਆਂ ਨੂੰ ਕੁੱਖ ਵਿਚ ਮਾਰ ਮੁਕਾਉਗੇ


ਸੋਹਣਾ ਜਿਹਾ ਸੰਸਾਰ ਇਹ ਕਿਵੇਂ ਵਸਾਉਗੇ ?


ਧੀ ਹੋਵੇ ਤਾਂ ਘਰ ਵਿਚ ਲੱਛਮੀ ਆਉਂਦੀ ਹੈ


ਕੁਲ ਦੁਨੀਆ ਨੂੰ ਚੱਜ-ਆਚਾਰ ਸਿਖਾਉਂਦੀ ਹੈ


ਧੀ ਬਿਨ ਸੱਭਿਅਤਾ ਤੋਂ ਸੱਖਣੇ ਹੋ ਜਾਉਗੇ. . .


ਜੇ ਧੀਆਂ ਨੂੰ ਕੁੱਖ ਵਿਚ....ਸਦੀਆਂ ਤੋਂ ਧੀਆਂ ਨੂੰ ਮਾਰ ਮਕਾਉਂਦੇ ਰਹੇ


ਸਿਰ ਸ਼ਮਲੇ ਦੀ ਝੂਠੀ ਧੌਂਸ ਜਮਾਉਂਦੇ ਰਹੇ


ਧੀਆਂ ਬਿਨ ਦੁੱਖੜੇ ਕਿਸ ਕੋਲ਼ ਵੰਡਾਉਗੇ?. . .


ਜੇ ਧੀਆਂ ਨੂੰ ਕੁੱਖ ਵਿਚ....ਤੁਸੀਂ ਪੰਜਾਬ ਦੇ ਜਾਏ ਆਲਮ ਫ਼ਾਜ਼ਲ ਹੋ


ਆਲਮ ਫ਼ਾਜ਼ਲ ਹੀ ਧੀਆਂ ਦੇ ਕ਼ਾਤਿਲ ਹੋ


ਥੋੜ੍ਹ-ਦਿਲੇ-ਮਨ ਤੋਂ ਕਦ ਰਾਹਤ ਪਾਉਗੇ ?. . .


ਜੇ ਧੀਆਂ ਨੂੰ ਕੁੱਖ ਵਿਚ....ਨੰਨ੍ਹੀਆਂ ਛਾਵਾਂ ਦੀ ਜੇ ਖ਼ੈਰ ਮਨਾਉਂਦੇ ਹੋ


ਥੋਥੀਆਂ ਰੀਤਾਂ ਲਈ ਕਿਉਂ ਸੀਸ ਝਕਾਉਂਦੇ ਹੋ?


ਧੀ ਆਵੇਗੀ ਜਦ ਇਹ ਜਾਲ਼ ਉਠਾਉਗੇ. . .


ਜੇ ਧੀਆਂ ਨੂੰ ਕੁੱਖ ਵਿਚ....ਅੱਜ ਪੰਜਾਬੀਓ ਤੁਸੀਂ ਅਮੀਰ ਸਦਾਉਂਦੇ ਹੋ


ਆਦਮ ਵੇਲੇ ਦੀ ਪਰ ਰੀਤ ਨਿਭਾਉਂਦੇ ਹੋ


ਜ਼ਿਹਨੀ ਗ਼ੁਰਬਤ ਤੋਂ ਕਦ ਮੁਕਤੀ ਪਾਉਗੇ?. . .


ਜੇ ਧੀਆਂ ਨੂੰ ਕੁੱਖ ਵਿਚ....


=====


ਗੀਤ


ਪਰਦੇਸਾਂ ਨੂੰ ਜਾਵਣ ਵਾਲੇ, ਫਿਰ ਕਦ ਫੇਰਾ ਪਾਏਂਗਾ?


ਅਸਤ ਹੋਏ ਅੰਮੜੀ ਦੇ ਸੁਪਨੇ, ਫਿਰ ਕਦ ਆਣ ਜਗਾਏਂਗਾ?ਚੁੱਲ੍ਹੇ ਵਿਚ ਅੱਗ ਠੰਡੀ ਹੋਈ, ਸੇਕ ਕਲੇਜੇ ਲੱਗਿਆ ਏ


ਬਾਪੂ ਦੀ ਅੱਖ ਵਿਚੋਂ ਹੁਣ ਤਾਂ, ਹੜ੍ਹ ਹੰਝੂਆਂ ਦਾ ਵਗਿਆ ਏ


ਪੱਥਰ ਹੋ ਗਈ ਮਾਂ ਦੀ ਸੂਰਤ, ਮੁੜ ਕਦ ਆ ਪਿਘਲਾਏਂਗਾ?


ਪਰਦੇਸਾਂ ਨੂੰ ਜਾਵਣ ਵਾਲੇ....ਕੰਧਾਂ ਤੋਂ ਉੱਚੀਆਂ ਹੋਈਆਂ ਨੇ, ਨਿੱਕਿਆਂ ਘਰ ਵਿਚ ਵੇਲਾਂ


ਤੇਰੇ ਜਾਣ 'ਤੇ ਭੁਰ-ਚੁਰ ਗਈਆਂ, ਝਾਂਜਰਾਂ ਅਤੇ ਹਮੇਲਾਂ


ਕਦ ਝਾਂਜਰ ਦੇ ਬੋਰਾਂ ਅੰਦਰ, ਦਿਲ ਦੇ ਤਾਲ ਵਜਾਏਂਗਾ?


ਪਰਦੇਸਾਂ ਨੂੰ ਜਾਵਣ ਵਾਲੇ....ਚਾਰ ਸਿਆੜ ਜੋ ਰਹਿੰਦ-ਖੂੰਦ੍ਹ ਸੀ, ਉਹ ਵੀ ਗਿਰਵੀ ਕਰਤੇ ਨੇ


ਗ਼ੁਰਬਤ ਦੀ ਦਲਦਲ ਵਿਚ ਖੁੱਭਿਆਂ, ਜ਼ਹਿਰ ਜੀਭ 'ਤੇ ਧਰ ਲਏ ਨੇ


ਬੰਜਰ ਹੋ ਗਏ ਚਿਹਰਿਆਂ ਉੱਤੇ, ਕਦ ਮੁਸਕਾਨ ਲਿਆਏਂਗਾ?


ਪਰਦੇਸਾਂ ਨੂੰ ਜਾਵਣ ਵਾਲੇ....ਮਾਂ ਧਰਤੀ ਦਾ ਗਹਿਰਾ ਦੁੱਖੜਾ, ਵੇਖ ਨਾ ਕਿਸੇ ਸੁਖਾਵੇ


ਅਪਣੀ ਕੁੱਖ 'ਚੋਂ ਜਨਮੇ-ਮੌਲੇ, ਬੈਠ ਨਾ ਗੋਦ ਖਿਡਾਵੇ


ਕਦ ਧਰਤੀ ਨੂੰ ਏਸ ਸਰਾਪ ਤੋਂ, ਆ ਕੇ ਮੁਕਤ ਕਰਾਏਂਗਾ?


ਪਰਦੇਸਾਂ ਨੂੰ ਜਾਵਣ ਵਾਲੇ....


=====


ਗੀਤ


ਇਸ ਪਰਦੇਸਣ ਧਰਤੀ ਦੀਆਂ, ਕਿਉਂ ਨਿਰਮੋਹੀ ਥਾਵਾਂ?


ਜਾਨ ਦੁੱਖਾਂ ਵਿਚ ਪਾ ਆਪੇ ਹੀ, ਪਲ ਪਲ ਮੁੱਕਦੀ ਜਾਵਾਂ


ਇਸ ਪਰਦੇਸਣ ਧਰਤੀ ਦੀਆਂ....ਇਸ ਨਿਰਮੋਹੀ ਧਰਤੀ ਉਤੇ, ਕੋਈ ਨਾ ਸਾਕ-ਸਕੀਰੀ


ਦਿਲ ਦਾ ਦਰਦ ਵੰਡਾਵਣ ਵਾਲਾ, ਨਾ ਸੱਜਣ-ਦਿਲਗੀਰੀ


ਗਿੱਲੇ ਗਰਨੇ ਵਾਂਗੂੰ ਧੁੱਖ ਧੁੱਖ, ਅਪਣੀ ਜੂਨ ਹੰਢਾਵਾਂ...


ਇਸ ਪਰਦੇਸਣ ਧਰਤੀ ਦੀਆਂ....ਯਾਦ ਸਹੇਲੀਆਂ-ਸਖੀਆਂ ਆਵਣ, ਹੱਸ ਹੱਸ ਉਮਰ ਬਿਤਾਈ


ਚਾਰ ਜਮਾਤਾਂ ਪੜ੍ਹ-ਲਿਖ ਕੇ ਵੀ, ਅਨਪੜ੍ਹ ਹਾਂ ਅਖਵਾਈ


ਪੂਰਬ ਦੇ ਚਾਨਣ ਦੀ ਸਰਘੀ, ਕਾਲਖ਼ ਵਿਚ ਸਮਾਵਾਂ ...


ਇਸ ਪਰਦੇਸਣ ਧਰਤੀ ਦੀਆਂ....ਪਾਲ਼ ਪੋਸ ਕੇ ਮਾਪਿਆਂ ਤੋਰੀ, ਮਿਲਿਆ ਨਹੀਂ ਟਿਕਾਣਾ


ਰੂਹ ਦਾ ਹਾਲ ਹੈ ਕੱਲ-ਮਕੱਲੇ, ਪੰਛੀ ਦਾ ਤੜਫਾਣਾ


ਬਿਖੜੇ ਰਾਹਾਂ ਦੇ ਵਿਚ ਪੈ ਕੇ, ਸਬਰ ਪਈ ਅਜ਼ਮਾਵਾਂ. . .


ਇਸ ਪਰਦੇਸਣ ਧਰਤੀ ਦੀਆਂ....ਪਲਕਾਂ ਵਿਚ ਕੱਜਲਾ ਸੋਹਵੇ ਨਾ ਪੈਰੀਂ ਝਾਂਜਰ ਛਣਕੇ


ਮਿੱਟੀ ਵਿਚ ਮਿਲ ਮਿੱਟੀ ਹੋਏ, ਗਲ ਗਾਨੀ ਦੇ ਮਣਕੇ


ਜੋਬਨ ਰੁੱਤ ਦੀਆਂ ਰੀਝਾਂ-ਸੱਧਰਾਂ, ਕਿਸ ਭੱਠੀ ਵਿਚ ਪਾਵਾਂ?...


ਇਸ ਪਰਦੇਸਣ ਧਰਤੀ ਦੀਆਂ....


*****