ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, January 31, 2009

ਜਗਜੀਤ ਸੰਧੂ - ਗ਼ਜ਼ਲ

ਸਾਹਿਤਕ ਨਾਮ: ਜਗਜੀਤ ਸੰਧੂ

ਮੌਜੂਦਾ ਨਿਵਾਸ: ਸਸਕੈਚੇਵਨ, ਕੈਨੇਡਾ

ਕਿੱਤਾ: ਅਧਿਆਪਨ

ਕਿਤਾਬ: ਹਾਲੇ ਪ੍ਰਕਾਸ਼ਿਤ ਨਹੀਂ ਹੋਈ। ਸੰਧੂ ਸਾਹਿਬ ਦੇ ਲਿਖੇ ਹਾਇਕੂ ਪੜ੍ਹ ਕੇ ਮੈਂ ਬਹੁਤ ਮੁਤਾਸਿਰ ਹੋਈ ਹਾਂ। ਅੱਜ ਉਹਨਾਂ ਨੇ ਆਰਸੀ ਤੇ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਗ਼ਜ਼ਲ

ਇਹਨਾਂ ਬੇਚੈਨ ਲੋਕਾਂ ਨੂੰ ਪਰ੍ਹੇ ਬਹੁ ਵੇਖਿਆ ਕਰੀਏ।

ਚਲੋ ਚੁੱਪ ਚਾਪ ਇਓਂ ਆਪਣੇ ਇਕੱਲ ਦਾ ਚਾਅ ਜਿਹਾ ਕਰੀਏ।

----

ਕੋਈ ਆਇਆ ਨਹੀਂ ਇਹ ਸੋਚ ਕੇ ਮਾਯੂਸ ਕਿਓਂ ਹੋਣਾ?

ਹਵਾ ਖ਼ਾਤਰ ਵੀ ਉੱਠ ਕੇ ਬੂਹਿਆਂ ਨੂੰ ਖੋਲ੍ਹਿਆ ਕਰੀਏ।

----

ਜੁ ਮੇਰੇ ਕੋਲ਼ ਬੈਠੀ ਹੈ ਇਹ ਠਰਦੀ ਰਾਤ ਹੈ ਅੱਜ ਦੀ,

ਓ ਮੇਰੇ ਜਜ਼ਬਿਓ! ਚਿਣਗਾਂ ਦਿਓ, ਇਸਦਾ ਉਪਾ ਕਰੀਏ।

----

ਹੁਣੇ ਆਕੇ ਗਏ ਸਾਹ ਵਾਂਗ ਇਹ ਵੀ ਵਿੱਸਰ ਜਾਵੇਗੀ,

ਤਾਂ ਫਿਰ ਕਿਸਦਾ ਵਿਸਾਹ ਕਰੀਏ ਤੇ ਕਾਹਦਾ ਤੌਖ਼ਲ਼ਾ ਕਰੀਏ।

----

ਜਦੋਂ ਤੀਕਰ ਅਸਾਡੇ ਬੋਲ ਕਿਰਨਾਂ ਹੋ ਨਹੀਂ ਜਾਂਦੇ,

ਸਿਆਹੀ ਬਣਕੇ ਸਫ਼ਿਆਂ ਨੂੰ ਅਰਘ ਹੁੰਦੇ ਰਿਹਾ ਕਰੀਏ।

=====

ਗ਼ਜ਼ਲ

ਰਾਤ ਦੇ ਸੀਨੇ ਤੇ ਕੁੱਝ ਚਾਨਣ ਮਚਲਦਾ ਰਹਿਣ ਦੇ

ਤੂੰ ਪੜਾਅ ਤੋਂ ਕੂਚ ਕਰ ਦੀਵਾ ਟਿਮਕਦਾ ਰਹਿਣ ਦੇ

----

ਪਿਘਲ਼ ਜਾਵੇ ਤੇਰੀਆਂ ਪਲਕਾਂ ਤੇ ਠਹਿਰੀ ਚਾਨਣੀ,

ਆਪਣਾ ਚੇਹਰਾ ਮੇਰੇ ਚੇਹਰੇ ਤੇ ਝੁਕਿਆ ਰਹਿਣ ਦੇ

----

ਨਾਗ਼ਵਾਰਾ ਹੈ ਤੇਰਾ ਚੁੰਮਣ ਤਾਂ ਫਿਰ ਖੰਜਰ ਸਹੀ,

ਕੁਝ ਮੇਰੇ ਮਤਲਬ ਦਾ ਵੀ ਸੀਨੇ ਤੇ ਸਜਿਆ ਰਹਿਣ ਦੇ

----

ਕੋਟ ਤੇਹਾਂ ਨੇ ਤੇਰੇ ਚੌਗਿਰਦ ਬੱਸ ਏਸੇ ਲਈ,

ਆਪਣੇ ਅੰਦਰ ਹਰਿੱਕ ਦਰਿਆ ਨੂੰ ਵਗਦਾ ਰਹਿਣ ਦੇ

----

ਦੋਸਤੀ ਕਰ ਪਿਆਰ ਕਰ ਅਹਿਸਾਨ ਨਾ ਕਰ ਇਸ ਤਰ੍ਹਾਂ,

ਬਾਦ ਇੱਕ ਅਰਸੇ ਦੇ ਸਿਰ ਉੱਠਿਆ ਹੈ ਉੱਠਿਆ ਰਹਿਣ ਦੇ

----

ਸ਼ੂਕਦਾ ਦਰਿਆ ਹਾਂ ਮੈਂ ਤੇ ਤਲ ਮੇਰੇ ਦੀ ਧਰਤ ਤੂੰ,

ਆਪਣਾਪਨ ਮੇਰੀਆਂ ਲਹਿਰਾਂ ਚ ਘੁਲ਼ਦਾ ਰਹਿਣ ਦੇ


ਦਵਿੰਦਰ ਸਿੰਘ ਪੂਨੀਆ - ਤਾਨਕਾ ਕਵਿਤਾਵਾਂ

ਦੋਸਤੋ! ਦਵਿੰਦਰ ਪੂਨੀਆ ਜੀ ਸਾਹਿਤ ਦੀਆਂ ਅਲੱਗ-ਅਲੱਗ ਸਿਨਫ਼ਾਂ ਜਿਵੇਂ: ਹਾਇਕੂ, ਤ੍ਰਿਵੇਣੀਆਂ ਆਦਿ ਲਿਖ ਕੇ ਨਵੇਂ ਤਜ਼ਰਬੇ ਕਰਦੇ ਹੀ ਰਹਿੰਦੇ ਹਨ। ਅੱਜ ਉਹਨਾਂ ਨੇ ਤਾਨਕਾ ਕਵਿਤਾਵਾਂ ਨਾਲ਼ ਇੰਡੀਆ ਤੋਂ ਵਾਪਸ ਆਕੇ ਪਹਿਲੀ ਹਾਜ਼ਰੀ ਲਵਾਈ ਹੈ।

ਤਾਨਕਾ ਕਵਿਤਾ - ਇਹ ਵਿਧਾ ਪੰਜ ਸਤਰਾਂ ਵਾਲੀ ਜਾਪਾਨੀ ਵਿਧਾ ਹੈ ਜੋ ਹਾਇਕੂ ਤੋਂ ਦੋ ਸਤਰਾਂ ਲੰਬੀ ਹੈ ਅਤੇ ਇਮੇਜ ਦੀ ਥਾਂ ਜਜ਼ਬਾਤ ਭਰਪੂਰ ਹੁੰਦੀ ਹੈ। ਪਰ ਇਹ ਕੋਈ ਆਮ ਅੰਦਾਜ਼ ਦੀ ਪੰਜ ਸਤਰੀ ਨਜ਼ਮ ਨਹੀਂ ਹੁੰਦੀ। ਇਸ ਦਾ ਸੁਭਾਅ ਇਸ ਦਾ ਆਪਣਾ ਹੀ ਹੁੰਦਾ ਹੈ। ਅੰਗਰੇਜ਼ੀ ਅਤੇ ਹੋਰ ਕਈ ਭਾਸ਼ਾਵਾਂ ਵਿਚ ਦੇਰ ਤੋਂ ਲਿਖੀ ਜਾ ਰਹੀ ਹੈ। ਸ਼ਬਦ-ਸੰਜਮ ਹਾਇਕੂ ਵਾਂਗ ਹੀ ਲਾਜ਼ਮੀ ਹੈ।

ਤਾਨਕਾ ਕਵਿਤਾਵਾਂ

1. ਅਸੀਂ ਕੌਣ ਹਾਂ

ਆਰਤੀ ਕਰਨ ਵਾਲੇ

ਬਾਬਾ ਨਾਨਕ ਦੱਸਦਾ

ਆਰਤੀ ਹੋ ਰਹੀ ਨਿਰੰਤਰ

ਆਪਣੇ ਆਪ ਹੀ ਜੁਗਾਂ ਜੁਗੰਤਰ

-----

2. ਨਾਨਕ ਦੀਆਂ ਉਦਾਸੀਆਂ

ਗਿਆਨ, ਰੌਸ਼ਨੀ, ਮਹਿਕ

ਫੈਲਾਓਂਦੀਆਂ

ਸਾਡੀਆਂ ਉਦਾਸੀਆਂ

ਮਨ ਦਾ ਅੰਧਕਾਰ

----

3. ਰਸਤੇ ਭਟਕ ਰਹੇ ਸਨ

ਦਰਿਆ ਕਿਨਾਰੇ

ਚਿਰ ਕਾਲ ਤੋਂ

ਪੁਲ ਬਣਦੇ ਸਾਰ

ਕਰ ਗਏ ਦਰਿਆ ਪਾਰ

----

4. ਕਾਂ ਬਨੇਰੇ ਬੋਲਦਾ

ਕੌਣ ਸੁਣਦਾ

ਸੁੰਞੇ ਵਿਹੜੇ

ਲੱਗਿਆ ਤਾਲਾ

ਪਰਵਾਸੀ ਦੇ ਮਕਾਨ ਨੂੰ

----

5. ਟ੍ਰਾਲੀ ਚੋਂ ਖਿੱਚਦੇ ਗੰਨੇ

ਬੱਚੇ ਖੁਸ਼ ਕਿੰਨੇ

ਤੇਜ਼ ਵਕ਼ਤ ਚੋਂ

ਚੋਰੀ ਕਰਦੇ

ਮਿੱਠੇ-ਮਿੱਠੇ ਪਲ


Friday, January 30, 2009

ਤੁਹਾਡੇ ਧਿਆਨ ਹਿੱਤ

ਹਾਜੀ ਲੋਕ ਮੱਕੇ ਵੱਲ ਜਾਂਦੇ (ਨਾਵਲ)
ਦੋਸਤੋ! ਮੈਨੂੰ ਇਸ ਸੂਚਨਾ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਸ਼ਿਵਚਰਨ ਜੱਗੀ ਕੁੱਸਾ ਜੀ ਦਾ ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ', ਜਲਦ ਹੀ ਆਰਸੀ ਦੇ ਪਾਠਕਾਂ ਲਈ ਲੜੀਵਾਰ ਸ਼ੁਰੂ ਕੀਤਾ ਜਾ ਰਿਹਾ ਹੈ।
====================================
ਨਵੀਆਂ ਪੁੱਜੀਆਂ ਰਚਨਾਵਾਂ
ਆਰਸੀ ਲਈ ਮਾਣਯੋਗ ਲੇਖਕ ਸਾਹਿਬਾਨਾਂ ਦੀਆਂ ਬਹੁਤ ਜ਼ਿਆਦਾ ਰਚਨਾਵਾਂ ਆਈਆਂ ਪਈਆਂ ਹਨ, ਸੋ ਇੱਕ-ਇੱਕ ਕਰਕੇ ਸਭ ਪੋਸਟ ਕੀਤੀਆਂ ਜਾਣਗੀਆਂ। ਤੁਹਾਡੇ ਵੱਲੋਂ ਦਿੱਤੇ ਹਰ ਸਹਿਯੋਗ ਲਈ ਮੈਂ ਤੁਹਾਡੀ ਮਸ਼ਕੂਰ ਹਾਂ।
===========================
ਨਵਾਂ ਬਲੌਗ 'ਆਰਸੀ ਰਿਸ਼ਮਾਂ'
ਕਹਾਣੀਆਂ, ਮਿੰਨੀ ਕਹਾਣੀਆਂ, ਲੇਖਾਂ ਲਈ ਇੱਕ ਵੱਖਰਾ ਬਲੌਗ ਅਟੈਚ ਕਰ ਦਿੱਤਾ ਗਿਆ ਹੈ, ਇਹਨਾਂ ਨਾਲ਼ ( ਬਲੌਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਦੀਆਂ) ਸਬੰਧਤ ਸਾਰੀਆਂ ਪੋਸਟਾਂ (ਟਿੱਪਣੀਆਂ ਸਹਿਤ) ਓਥੇ ਪਾ ਦਿੱਤੀਆਂ ਗਈਆਂ ਹਨ। ਅੱਗੇ ਤੋਂ 'ਆਰਸੀ' 'ਤੇ ਨਜ਼ਮਾਂ ਤੇ ਗ਼ਜ਼ਲਾਂ ਅਤੇ ਨਵੇਂ ਬਲੌਗ 'ਆਰਸੀ ਰਿਸ਼ਮਾਂ' ਤੇ ਕਹਾਣੀਆਂ, ਮਿੰਨੀ ਕਹਾਣੀਆਂ, ਲੇਖ ਆਦਿ ਪੋਸਟ ਕੀਤੇ ਜਾਇਆ ਕਰਨਗੇ। ਓਥੇ ਫੇਰੀ ਪਾਉਂਣ ਲਈ ਇਸ ਲਿੰਕ ਆਰਸੀ ਰਿਸ਼ਮਾਂ ਤੇ ਕਲਿਕ ਕਰੋ ਜੀ।

ਬਹੁਤ-ਬਹੁਤ ਸ਼ੁਕਰੀਆ।

ਤਨਦੀਪ 'ਤਮੰਨਾ'

ਪ੍ਰੀਤਮ ਸਿੰਘ ਧੰਜਲ - ਗ਼ਜ਼ਲ

ਸਾਹਿਤਕ ਨਾਮ: ਪ੍ਰੀਤਮ ਸਿੰਘ ਧੰਜਲ

ਨਿਵਾਸ: ਓਨਟਾਰੀਓ, ਕੈਨੇਡਾ

ਕਿੱਤਾ: ਟੈਕਸਟਾਈਲ ਕੈਮਿਸਟ

ਕਿਤਾਬਾਂ: ਕਾਵਿ-ਸੰਗ੍ਰਹਿ: ਮਿਲਨ( ਉਰਦੂ ਸ਼ਾਇਰੀ ਪੰਜਾਬੀ ਚ ਪ੍ਰਕਾਸ਼ਿਤ), ਸੁਚੇਤ ਸੁਪਨੇ, ਤੁਲਸੀ ਦੇ ਪੱਤਰ, ਸੱਤਿਅਮ ਸ਼ਿਵਮ ਸੁੰਦਰਮ, ਨਿਰਪ।

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਧੰਜਲ ਸਾਹਿਬ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਧੰਜਲ ਸਾਹਿਬ ਨੂੰ ਆਰਸੀ ਦਾ ਲਿੰਕ ਸੁਖਿੰਦਰ ਜੀ ਨੇ ਭੇਜਿਆ, ਉਹਨਾਂ ਦਾ ਵੀ ਬੇਹੱਦ ਸ਼ੁਕਰੀਆ।

-----------

ਗ਼ਜ਼ਲ

ਮੁਸ਼ਕਿਲ ਬੜਾ ਹੈ ਲਾਉਣਾ ਅਨੁਮਾਨ ਜ਼ਿੰਦਗੀ ਦਾ,

ਪਲ ਵਿਚ ਹਾਲਾਤ ਬਦਲੇ, ਤੂਫ਼ਾਨ ਜ਼ਿੰਦਗੀ ਦਾ

----

ਕੁਝ ਵਾਕਿਆਤ ਐਸੇ ਜੋ ਹਾਦਸੇ ਨਾ ਲੱਗਦੇ,

ਫਿਰ ਭੀ ਬੜਾ ਨੇ ਕਰਦੇ ਨੁਕਸਾਨ ਜ਼ਿੰਦਗੀ ਦਾ

----

ਧਰਤੀ ਦੀ, ਕੁੱਖ ਇਕ ਦਿਨ ਬੇਸ਼ੱਕ ਫ਼ਨਾਹ ਹੋਵੇ,

ਪਰ ਇਸ ਦੇ ਸਿਰ ਰਹੇਗਾ ਅਹਿਸਾਨ ਜ਼ਿੰਦਗੀ ਦਾ

----

ਜੇਕਰ ਕੋਈ ਸਿਤਾਰਾ, ਆ ਕੇ ਖ਼ੈਰਾਤ ਮੰਗੇ,

ਝੋਲੀ ਉਸਦੀ ਪਾਉਣਾ ਵਰਦਾਨ ਜ਼ਿੰਦਗੀ ਦਾ

----

ਫ਼ੈਲਾਅ ਲਏ ਅਡੰਬਰ ਭਾਵੇਂ ਪੁਲਾੜ ਤਾਈਂ,

ਪਰ ਕੁਝ ਵੀ ਤਾਂ ਨਹੀਂ ਹੈ, ਸਾਮਾਨ ਜ਼ਿੰਦਗੀ ਦਾ

----

ਅੱਗਾਂ ਤੇ ਪਾਣੀਆਂ ਦੇ ਹੁੰਦੇ ਸੁਮੇਲ ਵਿਚੋਂ,

ਉੱਠਦੇ ਧੂੰਏਂ ਨੂੰ ਦਿੱਤਾ ਅਨਵਾਨ ਜ਼ਿੰਦਗੀ ਦਾ

----

ਤਨ-ਮਨ ਅਰੋਗ ਹੋਵੇ ਤੇ ਕਦੇ ਨਾ ਮੌਤ ਆਵੇ,

ਇਹ ਰਿਹਾ ਹੈ ਤੇ ਰਹੇਗਾ, ਅਰਮਾਨ ਜ਼ਿੰਦਗੀ ਦਾ

----

ਕਿ ਜ਼ਿੰਦਗੀ ਹੀ ਆਪਣੇ ਸਾਹਾਂ ਦੀ ਭੀਖ ਮੰਗੇ,

ਏਨਾ ਵੀ ਤੇ ਨਾ ਕਰਨਾ, ਅਪਮਾਨ ਜ਼ਿੰਦਗੀ ਦਾ

----

ਹਰ ਜ਼ਿੰਦਗੀ ਨੂੰ ਕਹਿ ਦੇ, ਉਹ ਜ਼ਿੰਦਗੀ ਸੁਵਾਰੇ,

ਪ੍ਰੀਤਮ’! ਸਦਾ ਹੀ ਕਰਨਾ ਸਨਮਾਨ ਜ਼ਿੰਦਗੀ ਦਾ

=========================

ਗ਼ਜ਼ਲ

ਸਾਡੀ ਕਹਾਣੀ ਪਿਆਰ ਦੀ ਹੋਵੇ ਜਾਂ ਜੰਗ ਦੀ,

ਪੰਜ ਪਾਣੀਆਂ ਦੀ ਹੋ ਕੇ ਵੀ, ਲਹੂ ਦੇ ਰੰਗ ਦੀ

----

ਖ਼ੁਸ਼ਹਾਲ ਸੀ ਤੇ ਹੈ ਵੀ ਸੀ ਦੱਰੇ ਦੇ ਸਾਹਮਣੇ,

ਫਿਰ ਕਿਉਂ ਨਾ ਭੀੜ ਲਾਲਚੀ ਏਥੋਂ ਦੀ ਲੰਘਦੀ!

----

ਜਾਓ! ਪਤਾ ਲਗਾਓ!! ਕਿਹੜੀ ਬਲਾ ਹੈ ਉਹ,

ਜੋ ਭਾਈਆਂ ਤੋਂ ਭਾਈਆਂ ਦਾ ਖ਼ੂਨ ਮੰਗਦੀ

----

ਨ੍ਹੇਰਿਆਂ ਕੇ, ਨਾ ਰਸਤੇ ਗਵਾਚਦੇ,

ਬੇ-ਬਸੀ ਮੌਤ ਨਾ ਹੁੰਦੀ ਉਮੰਗ ਦੀ

----

ਇਕ ਰਸਮ ਇਕ ਗੁਨਾਹ ਨੂੰ ਪਾਕ ਕਰ ਗਈ,

ਬੇ-ਪਰਦ ਹੋ ਗਈ ਹੈ ਹਯਾ, ਸੰਗਦੀ ਸੰਗਦੀ

----

ਉਸ ਨੇ ਬੁਰਾਈ ਦੇਖ ਕੇ, ਮਜ਼ਹਬ ਵੀ ਭੰਡਿਆ,

ਕੀ ਗੱਲ ਕਰ ਰਹੇ ਓ! ਪ੍ਰੀਤਮ ਨਿਸ਼ੰਗ ਦੀ


ਸੁਰਿੰਦਰ ਸੋਹਲ - ਗ਼ਜ਼ਲ

ਗ਼ਜ਼ਲ

ਮੈਂ ਚਾਹੁੰਦਾ ਹਾਂ ਮੇਰੀ ਹਸਤੀ ਇਵੇਂ ਕਵਿਤਾ ਚ ਢਲ ਜਾਵੇ

ਹਵਾ ਵੰਝਲੀ ਚੋਂ ਲੰਘ ਕੇ ਜਿਸ ਤਰ੍ਹਾਂ ਸੁਰ ਵਿਚ ਬਦਲ ਜਾਵੇ

----

ਵਿਘਨਕਾਰੀ ਤਪੱਸਿਆ ਚੋਂ ਅਜਬ ਬਖ਼ਸ਼ਿਸ਼ ਮਿਲੀ ਮੈਨੂੰ,

ਮੇਰੀ ਛੋਹ ਨਾਲ ਜਲ ਹੈ ਜੰਮਦਾ, ਪੱਥਰ ਪਿਘਲ ਜਾਵੇ

----

ਨਿਸ਼ਾਨੇ ਦੇ ਨਸ਼ੇ ਵਿਚ ਦੇਖਣਾ ਨਾ ਹੋਸ਼ ਭੁੱਲ ਜਾਵੀਂ,

ਤੇਰੇ ਹਥਲੀ ਰਫ਼ਲ ਕਿਧਰੇ ਤੇਰੇ ਘਰ ਵੱਲ ਨਾ ਚਲ ਜਾਵੇ

----

ਮੈਂ ਜਦ ਥਲ ਚੋਂ ਗੁਜ਼ਰਦਾ ਹਾਂ, ਤਾਂ ਸੋਚਾਂ ਵਿਚ ਵਗੇ ਦਰਿਆ,

ਜਦੋਂ ਕਿਸ਼ਤੀ ਚ ਬਹਿ ਜਾਵਾਂ ਖ਼ਿਆਲਾਂ ਚੋਂ ਨਾ ਥਲ ਜਾਵੇ

----

ਜਗਾਵਣ ਲੱਗਿਆਂ ਦੀਵਾ, ਨਾ ਬੱਚੇ ਕਰਨ ਜ੍ਹਾ ਜਾਂਦੀ,

ਕਹੇ ਪਤਨੀ, ਘਰੇ ਪੁੱਜੀਏ, ਕਿਤੇ ਸੂਰਜ ਨਾ ਢਲ ਜਾਵੇ

----

ਜੋ ਬਿਲਕੁਲ ਰੇਤ ਦਿੱਸਦੀ ਹੈ, ਭੰਵਰ ਨਿਕਲੇ ਨਾ ਆਖ਼ਿਰ ਨੂੰ,

ਮਿਰਗ ਤ੍ਰਿਸ਼ਨਾ ਦੇ ਵਾਂਗੂੰ ਹੁਣ ਕਿਤੇ ਦਰਿਆ ਨਾ ਛਲ ਜਾਵੇ

----

ਬਰੂਦੀ ਸੁਰੰਗ ਤੋਂ ਬਚ ਕੇ ਪਰਿੰਦਾ ਉੱਡ ਤਾਂ ਚੱਲਿਆ ਹੈ,

ਇਹ ਚਿੰਤਾ ਹੈ ਕਿਤੇ ਉਸ ਨੂੰ ਨਾ ਹੁਣ ਅੰਬਰ ਨਿਗਲ ਜਾਵੇ

Thursday, January 29, 2009

ਸੰਤੋਖ ਧਾਲੀਵਾਲ - ਨਜ਼ਮ

ਨਜ਼ਮ

ਨਜ਼ਮ

ਨਾਜਾਇਜ਼ ਗਰਭ ਵਾਂਗੂੰ

ਉਹ ਨਜ਼ਮ ਨੂੰ ਲਕੋਂਦੀ ਰਹੀ

ਵਿਹੜੇ ਤੋਂ.........

ਮਾਂ ਤੋਂ..............

ਪਿਉ ਤੋਂ...........

ਜ਼ਮਾਨੇ ਤੋਂ

ਨਜ਼ਮ ਸੀ ਕਿ..........

ਉਸਨੂੰ ਰਾਤਾਂ ਨੂੰ ਸੌਣ ਨਾ ਦੇਂਦੀ

ਦਿਨੇ ਸੋਚਾਂ ਚ ਗਲਤਾਨ ਕਰੀ ਰੱਖਦੀ

.............................

ਕੀ ਲਿਖਦੀ ਰਹਿੰਦੀ ਹੈਂ ਬੇਟੇ---?

ਮਾਂ ਨੇ ਇੱਕ ਦਿਨ ਪੁਛਿਆ

ਉਹ ਧੁਰ ਪੈਰਾਂ ਤੱਕ ਹਿੱਲ ਗਈ

ਪਾੜ ਤੇ ਫੜੇ ਚੋਰ ਵਾਂਗੂੰ

........................

ਕੁਝ ਨਹੀਂ ਮਾਂ---

ਐਵੇਂ ਲਕੀਰਾਂ ਜਿਹੀਆਂ ਹੀ

ਵਾਹੁੰਦੀ ਰਹਿੰਦੀ ਹਾਂ

ਕੋਸ਼ਿਸ਼ ਕਰ ਰਹੀ ਹਾਂ

ਇਨ੍ਹਾਂ ਲਕੀਰਾਂ ਚੋਂ

ਇੱਕ ਚਿਹਰਾ ਸਿਆਨਣ ਦੀ

ਜੋ ਸਦਾ ਮੇਰੇ ਨੈਣਾਂ ਦੇ ਬੂਹਿਆਂ

ਧਰਨਾ ਮਾਰੀ ਬੈਠਾ ਰਹਿੰਦਾ ਹੈ........

...................

ਉਹ ਕਿਉਂ ਨਹੀਂ ਖੁੱਲ੍ਹ ਕੇ

ਨਜ਼ਮ ਲਿਖ ਸਕਦੀ?

............

ਸੰਸਕਾਰਾਂ ਤੋਂ ਡਰਦੀ

ਸੋਚਦੀ ਹੈ ਕਿ ਮਾਂ ਹੁਣੇ ਪੁੱਛੇਗੀ

............

ਉਹ ਕੌਣ ਹੈ---

ਕਿਸਦਾ ਚਿਹਰਾ

ਸਿਆਨਣ ਦੇ ਆਹਰ ਚ ਹੈਂ

ਜਿਸ ਲਈ ਤੂੰ ਲਕੀਰਾਂ

ਵਾਹੁੰਦੀ ਰਹਿੰਦੀ ਹੈਂ?”

..................

ਇੱਕ ਦਿਨ

ਉਸਨੇ ਇੱਕ ਨਜ਼ਮ

ਬਿਨਾ ਕਿਸੇ ਡਰੋਂ

ਬਿਨਾ ਸਹਿਮੋਂ

ਲਿਖਣ ਦੀ ਸੋਚੀ

ਕਾਗਜ਼ ਕਲਮ ਸੰਭਾਲੇ

ਕੀ ਵੇਖਦੀ ਹੈ.........

.............................

ਉਸਦੀਆਂ ਨਜ਼ਰਾਂ ਦੇ ਸਹਵੇਂ ਹੀ

ਕੋਈ ਉਸਦੇ ਅੱਖਰ ਹੀ

ਚੁਰਾ ਕੇ ਲੈ ਗਿਆ

ਬੇਗਾਨੇ ਕਰ ਦਿੱਤੇ ਗਏ

ਉਸਦੇ ਹਰਫ਼

ਉਸਦੇ ਪਲਾਂ ਤੋਂ

ਇਬਾਰਤ ਦੀਆਂ ਛਾਵਾਂ ਖੁਸ ਗਈਆਂ

ਜਿਨ੍ਹਾਂ ਦੀ ਛਾਵੇਂ ਬਹਿ

ਉਹ ਰੋਜ਼ ਨਜ਼ਮਾਂ ਲਿਖਦੀ ਸੀ

ਲਕੀਰਾਂ ਵਾਹੁੰਦੀ ਸੀ

ਇੱਕ ਚਿਹਰਾ ਸਿਆਨਣ ਦੇ ਲਈ।

................

ਉਸਨੇ ਹੁਣ...........

ਨਜ਼ਮ ਲਿਖਣੀ ਛੱਡ ਦਿੱਤੀ ਹੈ

ਪਰਾਏ ਅੱਖਰਾਂ ਨਾਲ਼

ਨਜ਼ਮ ਨਹੀਂ ਲਿਖੀ ਜਾ ਸਕਦੀ

ਨਦੀਮ ਪਰਮਾਰ - ਗ਼ਜ਼ਲ

ਗ਼ਜ਼ਲ

ਸਿਸਕਦੀ ਰਾਤ ਨੂੰ ਕੀਕਣ ਵਰਾਵਾਂ?

ਨਜ਼ਮ, ਲੋਰੀ, ਗ਼ਜ਼ਲ ਕਿਹੜੀ ਸੁਣਾਵਾਂ?

----

ਹਿਜਰ ਤੇਰਾ ਜਿਵੇਂ ਇਕ ਬਾਲ ਜ਼ਿੱਦੀ,

ਮੈਂ ਕਿਸ ਅੰਗੋਂ ਹਟਾ ਕਿਸ ਅੰਗ ਲਾਵਾਂ?

----

ਘਟਾ, ਸੂਰਜ ਕੀ, ਚੰਨ ਵਿਚ ਅਕਸ ਤੇਰਾ,

ਚੁਫ਼ੇਰੇ ਤੂੰ ਦਿਸੇਂ ਕਿੱਦਾਂ ਭੁਲਾਵਾਂ?

----

ਪਲੇਸਾ ਦਰਦ ਨੇ ਦਿਲ ਨੂੰ ਹੈ ਪਾਇਆ,

ਮੈਂ ਕਿਸ ਵਿਧ ਜਾਨ ਨੂੰ ਇਸ ਤੋਂ ਬਚਾਵਾਂ?

----

ਸਮੇਂ ਨੇ ਮੇਟਣਾ ਹਰ ਨਕਸ਼ ਨਕਸ਼ਾ,

ਰਹਿਮ ਕਰਨਾ ਨਹੀਂ ਰੁੱਤਾਂ, ਹਵਾਵਾਂ।

----

ਹੈ ਡੁਲ੍ਹ ਜਾਂਦਾ ਇਕਲ ਵਿਚ ਦਿਲ ਨਦੀਮਾ!

ਨਾ ਡੋਲਣ ਤੋਂ ਕਿਵੇਂ ਇਸ ਨੂੰ ਬਚਾਵਾਂ?

Wednesday, January 28, 2009

ਦਸ਼ਮੇਸ਼ ਗਿੱਲ 'ਫ਼ਿਰੋਜ਼' - ਗ਼ਜ਼ਲ

ਸਾਹਿਤਕ ਨਾਮ: ਦਸ਼ਮੇਸ਼ ਗਿੱਲ ਫ਼ਿਰੋਜ਼

ਨਿਵਾਸ: ਸਰੀ, ਕੈਨੇਡਾ

ਕਿਤਾਬਾਂ: ਇਖ਼ਤਿਲਾਫ਼ਾਤ ( 1999) ਉਰਦੂ ਤੇ ਹਿੰਦੀ ਚ ਪ੍ਰਕਾਸ਼ਿਤ

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਫ਼ਿਰੋਜ਼ ਜੀ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀ ਕਿਤਾਬ ਚੋਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।

ਗ਼ਜ਼ਲ

ਕੁਛ ਦਿਨ ਸੇ ਦੇਖਤਾ ਹੂੰ , ਤੇਰੇ ਪਾਓਂ ਕਾਂਪਤੇ ਹੈਂ।

ਕਯਾ ਤੁਝੇ ਪਤਾ ਨਹੀਂ ਥਾ, ਯੇ ਵਫ਼ਾ ਕੇ ਰਾਸਤੇ ਹੈਂ?

----

ਤੁਮ ਅਸ਼ਕ ਅਪਨੇ ਸਾਰੇ ਪਲਕੋਂ ਪੇ ਮੇਰੀ ਰਖਨਾ,

ਕੋਈ ਦੇਖ ਲੇ ਤੋ ਕਹਿਨਾ ਹਮ ਦਰਦ ਬਾਂਟਤੇ ਹੈਂ!

----

ਪਿਆਸੇ ਹੈਂ ਖੇਤ, ਰੂਹੇਂ, ਜੰਗਲ ਔ * ਦਸਤੋ-ਸਹਰਾ,

ਬਿਖਰੇ ਸੇ ਚੰਦ ਬਾਦਲ ਕਿਸ ਕਿਸ ਕੇ ਵਾਸਤੇ ਹੇਂ?

----

ਕਭੀ ਆਓ ਜ਼ਿੰਦਗੀ ਮੇਂ, ਤੋ ਚੁਪਕੇ ਚੁਪਕੇ ਆਨਾ,

ਕੁਛ ਖ਼ਾਬ ਸੋ ਰਹੇ ਹੈਂ, ਕੁਛ ਜ਼ਖ਼ਮ ਜਾਗਤੇ ਹੈਂ।

----

ਹੈਂ ਫ਼ਿਰੋਜ਼ ਕਿਤਨੇ ਸਾਦਾ ਜੋ ਕਤਾਰ ਮੇਂ ਖੜੇ ਹੈਂ!

ਯਾਂ ** ਜ਼ੀਸਤ ਭੀ ਹੈ ਮੁਸ਼ਕਿਲ ਯੇ *** ਹਕੂਕ ਮਾਂਗਤੇ ਹੈਂ।

ਔਖੇ ਲਫ਼ਜ਼ਾਂ ਦੇ ਅਰਥ--- * ਉਜਾੜ ਬੀਆਬਾਨ, ** ਜ਼ਿੰਦਗੀ, *** ਹੱਕ

============

ਗ਼ਜ਼ਲ

ਸੁਬਹ ਸੇ ਸ਼ਾਮ ਤਲਕ ਕਾਰੋਬਾਰ ਕੀ ਬਾਤੇਂ।

ਮਿਲੇਗਾ ਵਕਤ ਤੋ ਹੋਗੀਂ ਬਹਾਰ ਕੀ ਬਾਤੇਂ।

----

ਕਰੇਂ ਤੋ ਕਿਸ ਸੇ ਕਰੇਂ ਹਮ ਬਹਾਰ ਕੀ ਬਾਤੇਂ?

ਹਰੇਕ ਲਬ ਪੇ ਵੋ ਹੀ ਰੋਜ਼ਗਾਰ ਕੀ ਬਾਤੇਂ।

----

ਹਰੇਕ ਘਰ ਮੇਂ ਵਹੀ ਮਸਲੇ, ਵੋ ਹੀ ਝਗੜੇ,

ਸੁਨੇਂ ਜੋ ਕਾਨ ਲਗਾ ਕਰ ਦੀਵਾਰ ਕੀ ਬਾਤੇਂ।

---

ਮੇਰੀ ਤਰਹ ਕੋਈ ਹੋਕਰ ਉਦਾਸ ਲੌਟ ਗਯਾ,

ਲਿਖੀਂ ਹੈਂ ਰੇਤ ਪਰ ਕੁਛ ਇੰਤਜ਼ਾਰ ਕੀ ਬਾਤੇਂ।

----

ਖ਼ਿਜ਼ਾਂ ਕਾ ਜ਼ਿਕਰ ਖ਼ੁਦਾਇਆ ਨਾ ਕਰ ਫ਼ਿਰੋਜ਼ ਯਹਾਂ,

ਕਿ ਬਰਸੋਂ ਬਾਦ ਚਲੀ ਹੈਂ ਬਹਾਰ ਕੀ ਬਾਤੇਂ।

------------

ਹਿੰਦੀ/ਉਰਦੂ ਤੋਂ ਪੰਜਾਬੀ ਰੁਪਾਂਤਰਣ : ਤਨਦੀਪ ਤਮੰਨਾ


ਹਰਬੰਸ ਮਾਛੀਵਾੜਾ - ਗ਼ਜ਼ਲ

ਗ਼ਜ਼ਲ

ਕਿਤੇ ਕਿਰਚਾਂ, ਕਿਤੇ ਕੰਕਰ, ਕਿਤੇ ਕੰਡੇ ਵਿਛਾਏ ਨੇ।

ਇਵੇਂ ਇਸ ਦੌਰ ਨੇ ਸਭਨਾਂ ਦੇ ਹੀ ਰਸਤੇ ਸਜਾਏ ਨੇ।

----

ਬੜੇ ਹੀ ਸੱਚ ਵੇਖੇ ਤੇ ਹੰਢਾਏ ਹੋਣਗੇ ਸਭ ਨੇ,

ਮਗਰ ਕੁਝ ਸੱਚ ਐਸੇ ਵੀ ਨੇ ਜੋ ਮੈਂ ਹੀ ਹੰਢਾਏ ਨੇ।

----

ਨਹੀਂ, ਤਾਰੇ ਨਹੀਂ ਹਨ, ਸਹੁੰ ਤਿਰੀ, ਇਹ ਤਾਂ ਉਹ ਮੋਤੀ ਨੇ,

ਤਿਰੇ ਨਾਂਅ ਤੇ ਮਿਰੇ ਦਿਲ ਨੇ ਜੋ ਹਸ ਹਸ ਕੇ ਲੁਟਾਏ ਨੇ।

----

ਪਛਾੜੀ ਸੀ ਜਿਨ੍ਹਾਂ ਦੀ ਮਹਿਕ ਨੇ ਖ਼ੁਸ਼ਬੂ ਬਹਾਰਾਂ ਦੀ,

ਕਈ ਵਾਰ ਖ਼ਜ਼ਾਵਾਂ ਨੇ ਵੀ ਉਹ ਗੁੰਚੇ ਖਿੜਾਏ ਨੇ।

----

ਨ ਵਾਕਫ਼ ਹਾਂ ਜਦੋਂ ਕਿ ਦੁਸ਼ਮਣੀ ਦੇ ਨਾਮ ਤੋਂ ਵੀ ਮੈਂ,

ਹੈਰਾਨੀ ਹੈ ਮਿਰੇ ਤੇ ਤੀਰ ਫਿਰ ਕਿਸ ਨੇ ਚਲਾਏ ਨੇ।

----

ਜਿਨ੍ਹਾਂ ਰਾਹਾਂ ਤੋਂ ਆਉਂਦਾ ਸੀ ਤਿਰਾ ਉਹ ਭੋਲ਼ਾਪਣ ਚਲਕੇ,

ਮਿਰੀ ਮਾਸੂਮੀਅਤ ਨੇ ਹੁਣ ਵੀ ਉਹ ਰਸਤੇ ਸਜਾਏ ਨੇ।

Tuesday, January 27, 2009

ਸੁਖਿੰਦਰ - ਲੇਖ

ਸੰਗੀਤਕ ਸ਼ਬਦਾਂ ਦੇ ਆਰ-ਪਾਰ ਫੈਲੀ ਸ਼ਾਇਰੀ - ਭੂਪਿੰਦਰ ਦੁਲੇ
ਲੇਖ

ਅਹਿਸਾਸ ਦੀ ਪੀੜਕੈਨੇਡੀਅਨ ਪੰਜਾਬੀ ਸ਼ਾਇਰ ਭੂਪਿੰਦਰ ਦੁਲੇ ਦਾ ਪ੍ਰਕਾਸ਼ਿਤ ਹੋਇਆ ਪਹਿਲਾ ਗ਼ਜ਼ਲ ਸੰਗ੍ਰਹਿ ਹੈ। ਇਹ ਗ਼ਜ਼ਲ ਸੰਗ੍ਰਹਿ ਪੜ੍ਹਦਿਆਂ ਜਿਹੜੀ ਗੱਲ ਸਭ ਤੋਂ ਪਹਿਲਾਂ ਧਿਆਨ ਖਿੱਚਦੀ ਹੈ ਉਹ ਹੈ ਭੂਪਿੰਦਰ ਦੁਲੇ ਦਾ ਸੰਗੀਤਕ ਸ਼ਬਦਾਂ ਨਾਲ ਮੋਹ।

ਕਾਵਿ ਰਚਨਾ ਵਿੱਚ ਸੰਗੀਤਕ ਸ਼ਬਦਾਂ ਦੀ ਵਧੇਰੇ ਵਰਤੋਂ ਕਰਨ ਨਾਲ ਕਾਵਿ ਰਚਨਾ ਵਿੱਚ ਵਿਚਾਰਾਂ ਦਾ ਦੱਬ ਕੇ ਰਹਿ ਜਾਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਵਿਚਾਰਾਂ ਦੀ ਸਪੱਸ਼ਟਤਾ ਵੀ ਧੁੰਦਲੀ ਪੈ ਜਾਂਦੀ ਹੈ। ਭੂਪਿੰਦਰ ਦੁਲੇ ਦਾ ਗ਼ਜ਼ਲ ਸੰਗ੍ਰਹਿ ਅਹਿਸਾਸ ਦੀ ਪੀੜਪੜ੍ਹਦਿਆਂ ਵੀ ਮੈਨੂੰ ਕੁਝ ਇਸ ਤਰ੍ਹਾਂ ਹੀ ਮਹਿਸੂਸ ਹੋਇਆ ਹੈ।

ਭੂਪਿੰਦਰ ਦੁਲੇ ਆਪਣੀਆਂ ਗ਼ਜ਼ਲਾਂ ਵਿੱਚ ਵਿਚਾਰਾਂ ਨੂੰ ਪ੍ਰਾਥਮਿਕਤਾ ਨਹੀਂ ਦਿੰਦਾ। ਉਸਦੀ ਪ੍ਰਾਥਮਿਕਤਾ ਸੰਗੀਤਕ ਸ਼ਬਦਾਂ ਦਾ ਪ੍ਰਯੋਗ ਕਰਨ ਲਈ ਹੈ। ਸੰਗੀਤਕ ਸ਼ਬਦਾਂ ਦਾ ਉਚਾਰਨ ਪਾਠਕ / ਸਰੋਤੇ ਨੂੰ ਪਲ ਛਿਣ ਦਾ ਆਨੰਦ ਦਿੰਦਾ ਹੈ। ਉਦਾਹਰਣ ਲਈ ਪੇਸ਼ ਹਨ ਭੂਪਿੰਦਰ ਦੁਲੇ ਦੇ ਕੁਝ ਸ਼ਿਅਰ:

1.

ਜਦ ਕਿਧਰੇ ਚੇਤੇ ਆ ਜਾਵੇ, ਦਿਲ ਮੇਰੇ ਦੀ ਪਿਆਸ ਬੁਝਾਵੇ

ਹਰ ਸਰਘੀ ਦੀ ਚਾਟੀ ਘਮ ਘਮ, ਸਾ ਰੇ ਗਾ ਮਾ, ਸਾ ਰੇ ਗਾ ਮਾ

2.

ਏਸ ਦਰਿਆ ਦੀ ਇਹ ਜੋ ਹੈ ਕਲ ਕਲ

ਦਿਲ ਦੇ ਸਹਿਰਾ ਨੂੰ ਲੰਘਦੀ ਛਲ ਛਲ

3.

ਕੋਈ ਵੀ ਥਾਂ ਮਿਲੀ ਨਾਂ ਬਰਸਣ ਨੂੰ

ਇਹ ਘਟਾ ਭਟਕਦੀ ਰਹੀ ਥਲ ਥਲ

ਵਿਚਾਰਹੀਨ ਸੰਗੀਤਕ ਸ਼ਬਦਾਂ ਦੇ ਪ੍ਰਯੋਗ ਦਾ ਵਧ ਰਿਹਾ ਰੁਝਾਨ ਅਸੀਂ ਅਜੋਕੇ ਪੌਪ ਸੰਗੀਤ ਅਤੇ ਭਾਰਤੀ ਫਿਲਮੀ ਸੰਗੀਤ ਵਿੱਚ ਵੀ ਦੇਖ ਸਕਦੇ ਹਾਂ, ਪਰ ਪੰਜਾਬੀ ਗ਼ਜ਼ਲ ਵਿੱਚ ਅਜਿਹਾ ਰੁਝਾਨ ਕੋਈ ਨਵਾਂ ਨਹੀਂ। ਸਾਧੂ ਸਿੰਘ ਹਮਦਰਦ ਅਤੇ ਉਸਦੀ ਢਾਣੀ ਦੇ ਗ਼ਜ਼ਲ-ਗੋਆਂ ਵੱਲੋਂ ਪਿਛਲੇ ਤਕਰੀਬਨ ਪੰਜ ਦਹਾਕਿਆਂ ਦੌਰਾਨ ਲਿਖੀਆਂ ਗਈਆਂ ਗ਼ਜ਼ਲਾਂ ਵਿੱਚ ਅਜਿਹੇ ਵਿਚਾਰਹੀਨ ਸ਼ਬਦਾਂ ਦੀ ਭਰਮਾਰ ਦੀਆਂ ਸੈਂਕੜੇ ਉਦਾਹਰਣਾਂ ਵੇਖੀਆਂ ਜਾ ਸਕਦੀਆਂ ਹਨ। ਅਜਿਹੇ ਗ਼ਜ਼ਲਗੋ ਉਨ੍ਹਾਂ ਗ਼ਜ਼ਲਗੋਆਂ ਦੀ ਢਾਣੀ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਹਨ ਜੋ ਕਿ ਕਲਾ ਕਲਾ ਲਈਦੇ ਸਦੀਆਂ ਤੋਂ ਚੱਲੇ ਆ ਰਹੇ ਨਾਹਰੇ ਦੇ ਹਿਮਾਇਤੀ ਹਨ। ਭਾਵੇਂ ਕਿ ਅਜੋਕੇ ਸਮਿਆਂ ਵਿੱਚ ਵਧੇਰੇ ਲੇਖਕ ਅਜਿਹੀ ਸਾਹਿਤਕ ਰਾਜਨੀਤੀ ਵਿੱਚ ਵਧੇਰੇ ਵਿਸ਼ਵਾਸ ਨਹੀਂ ਰੱਖਦੇ ਅਤੇ ਆਪਣੀਆਂ ਰਚਨਾਵਾਂ ਵਿੱਚ ਰੂਪਕ ਪੱਖੋਂ ਅਤੇ ਤੱਤ ਦੇ ਪੱਖੋਂ ਸੰਤੁਲਨ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਨ।

ਭੂਪਿੰਦਰ ਦੁਲੇ ਦਾ ਵਧੇਰੇ ਧਿਆਨ ਗ਼ਜ਼ਲ ਦੀ ਸ਼ਿਲਪਕਾਰੀ ਵੱਲ ਹੈ। ਵਿਚਾਰਾਂ ਦੀ ਪੇਸ਼ਕਾਰੀ ਕਰਨ ਵੇਲੇ ਉਹ ਆਪਣੀਆਂ ਗ਼ਜਲਾਂ ਵਿੱਚ ਕਿਤੇ ਵੀ ਇਸ ਗੱਲ ਦਾ ਪ੍ਰਭਾਵ ਨਹੀਂ ਦਿੰਦਾ ਕਿ ਉਹ ਕਿਸੇ ਵਿਚਾਰ ਬਾਰੇ ਸਪੱਸ਼ਟ ਹੈ. ਇਸਦਾ ਕਾਰਨ ਉਹ ਆਪਣੇ ਸ਼ਿਅਰਾਂ ਵਿੱਚ ਆਪ ਹੀ ਦੱਸ ਦਿੰਦਾ ਹੈ:

1.

ਮੈਂ ਕਿੰਨੀ ਦੇਰ ਤੱਕ ਤੁਰਦਾ ਰਿਹਾ ਹਾਂ ਮੀਟ ਕੇ ਅੱਖਾਂ

ਤੁਹਾਡੀ ਧਰਤ, ਮੇਰੇ ਪੈਰ ਸਨ ਤੇ ਚਾਲ ਉਹਨਾਂ ਦੀ

2.

ਤੂੰ ਅਰੂਜ਼ੀ ਵੀ ਰਦੀਫ਼ੀ ਵੀ ਮਗਰ ਤੁਕਬੰਦੀ ਕਿਉਂ

ਦਰਦ ਜੀਵਨ ਦਾ ਰਤਾ ਭਰ, ਲਿਖ ਸਕੇਂ ਤਾਂ ਲਿਖ ਕਦੀ

3.

ਅਰਥ ਸ਼ਬਦਾਂ ਨਾਲ ਰੁਸ ਜਾਂਦੇ ਰਹੇ

ਸ਼ਾਇਰੀ ਦਾ ਹਾਲ ਸ੍ਹਾਵੇਂ ਸੀ ਮਿਰੇ

ਭਾਵੇਂ ਭੂਪਿੰਦਰ ਦੁਲੇ ਦੀਆਂ ਗ਼ਜ਼ਲਾਂ ਵਿੱਚ ਵਿਚਾਰਾਂ ਦੀ ਸਪੱਸ਼ਟਤਾ ਨਜ਼ਰ ਨਹੀਂ ਆਉਂਦੀ; ਪਰ ਨਿਰਸੰਦੇਹ, ਦੁਲੇ ਇਸ ਗ਼ਜ਼ਲ ਸੰਗ੍ਰਹਿ ਵਿੱਚ ਅਨੇਕਾਂ ਵਿਸ਼ਿਆਂ ਬਾਰੇ ਗੱਲ ਕਰਦਾ ਹੈ। ਇਸ ਸਬੰਧ ਵਿੱਚ ਵੀ ਉਸਦੀ ਕਾਵਿ-ਸਮਰੱਥਾ ਦੀਆਂ ਸੀਮਾਵਾਂ ਸਮਝਣ ਲਈ ਉਸਦੀ ਆਪਣੀ ਹੀ ਇੱਕ ਗ਼ਜ਼ਲ ਦਾ ਇਹ ਸ਼ਿਅਰ ਸਾਡੀ ਮੱਦਦ ਕਰ ਸਕਦਾ ਹੈ:

ਬੱਸ ਕਰ ਮਹਿਬੂਬ ਖ਼ਾਤਰ ਬਹੁਤ ਕੁਝ ਲਿਖਿਆ ਗਿਆ

ਹੁਣ ਜ਼ਰਾ ਮਜ਼ਲੂਮ ਖ਼ਾਤਰ, ਲਿਖ ਸਕੇਂ ਤਾਂ ਲਿਖ ਕਦੀ

ਅਹਿਸਾਸ ਦੀ ਪੀੜਗ਼ਜ਼ਲ ਸੰਗ੍ਰਹਿ ਵਿੱਚ ਵਧੇਰੇ ਗ਼ਜ਼ਲਾਂ ਨਿੱਜੀ ਸਮੱਸਿਆਵਾਂ ਬਾਰੇ ਹੀ ਹਨ। ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ, ਦਾਰਸ਼ਨਿਕ, ਵਾਤਾਵਰਨ ਸਬੰਧੀ ਸਮੱਸਿਆਵਾਂ ਬਾਰੇ ਕਿਤੇ ਵੀ ਖੁੱਲ੍ਹ ਕੇ ਅਤੇ ਸਪੱਸ਼ਟ ਰੂਪ ਵਿੱਚ ਚਰਚਾ ਭੂਪਿੰਦਰ ਦੁਲੇ ਦੀਆਂ ਗ਼ਜ਼ਲਾਂ ਦਾ ਵਿਸ਼ਾ ਨਹੀਂ ਬਣ ਸਕਿਆ।

ਉਂਝ ਨਿੱਜੀ ਸੰਬੰਧਾਂ ਬਾਰੇ ਭੂਪਿੰਦਰ ਦੁਲੇ ਨੇ ਕੁਝ ਵਧੀਆ ਸ਼ਿਅਰ ਵੀ ਕਹੇ ਹਨ:

1.

ਦੁਸ਼ਮਣੀ ਦੀ ਦਾਸਤਾਂ ਕੁਝ ਹੋਰ ਲੰਮੀ ਹੋ ਗਈ

ਇਸ ਤਰ੍ਹਾਂ ਮੈਨੂੰ ਗਲੇ ਲਾਇਆ ਹੈ ਮੇਰੇ ਦੋਸਤਾਂ

2.

ਨਾ ਦਿਲਾਂ ਰੂਹਾਂ ਦੀ ਹੈ ਨਾ ਅੰਦਰਾਂ ਦੀ ਨੇੜਤਾ

ਕੀ ਕਰੂਗੀ ਦੋਸਤਾ ਫਿਰ ਪਿੰਜਰਾਂ ਦੀ ਦੋਸਤੀ

3.

ਖ਼ੂਬ ਪੌਸ਼ਾਕਾਂ ਬਦਨ, ਚਾਲ ਹੈ ਛਨ ਛਨ ਛਨਨ

ਅੰਦਰੋਂ ਵੀ ਮੇਰੇ ਮਨ, ਸੋਹ ਸਕੇਂ ਤਾਂ ਸੋਹ ਕਦੇ

ਕੈਨੇਡਾ ਦੇ ਅਨੇਕਾਂ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਵਿੱਚ ਪਿਛੇ ਛੱਡ ਆਏ ਦੇਸ ਲਈ ਉਦਰੇਵੇਂ ਵਾਲ਼ੀਆਂ ਭਾਵਨਾਵਾਂ ਦਾ ਪ੍ਰਗਟਾ ਮੁੜ ਮੁੜ ਉਜਾਗਰ ਹੁੰਦਾ ਹੈ। ਅਜਿਹੇ ਮਨੁੱਖ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਜਿਵੇਂ ਕਿਤੇ ਉਹ ਪਿਛੇ ਛੱਡ਼ ਆਏ ਦੇਸ਼ ਵਿੱਚ ਬਹੁਤ ਹੀ ਆਨੰਦਮਈ ਜ਼ਿੰਦਗੀ ਬਤੀਤ ਕਰ ਰਹੇ ਸਨ ਅਤੇ ਕੈਨੇਡਾ ਆ ਕੇ ਉਹ ਇੱਕ ਤਰ੍ਹਾਂ ਦੀ ਕੈਦ ਕੱਟ ਰਹੇ ਹਨ। ਜਿੱਥੇ ਆ ਕੇ ਉਨ੍ਹਾਂ ਦੀ ਜ਼ਿੰਦਗੀ ਦੇ ਸਾਰੇ ਚਾਅ, ਮਲ੍ਹਾਰ, ਉਮੰਗਾਂ, ਇੱਛਾਵਾਂ, ਸ਼ੌਂਕ, ਕੰਮ, ਧੰਦੇ ਦੇ ਰੁਝੇਵਿਆਂ ਵਿੱਚ ਦੱਬ ਕੇ ਰਹਿ ਗਏ ਹਨ। ਭੂਪਿੰਦਰ ਦੁਲੇ ਵੀ ਆਪਣੇ ਸ਼ਿਅਰਾਂ ਰਾਹੀਂ ਕੁਝ ਇਸ ਤਰ੍ਹਾਂ ਦੀਆਂ ਹੀ ਗੱਲਾਂ ਕਰਦਾ ਹੈ:

1.

ਛੱਡ ਆਪਣੇ ਘਰਾਂ ਨੂੰ ਤੁਰੇ ਸਾਂ ਜਦੋਂ

ਸੋਚਿਆ ਵੀ ਨਾ ਸੀ ਸ਼ੌਂਕ ਮਰ ਜਾਣਗੇ

2.

ਬੜਾ ਹੀ ਭਟਕਦੈ ਦਿਲ ਜਦ ਵੀ ਅਕਸਰ ਯਾਦ ਕਰ ਲੈਨਾਂ

ਬਸੀਮਾਂ, ਪੈਲੀਆਂ, ਰਸਤਾ, ਸਰਾਂ, ਘਰ, ਯਾਦ ਕਰ ਲੈਨਾਂ

ਇਮੀਗਰੈਂਟ ਚਾਹੇ ਕਿਸੇ ਵੀ ਦੇਸ਼ ਵਿੱਚੋਂ ਕਿਉਂ ਨ ਆਏ ਹੋਣ; ਉਨ੍ਹਾਂ ਤਕਰੀਬਨ ਸਭਨਾਂ ਦੀ ਹੀ ਦੌੜ ਛੇਤੀ ਤੋਂ ਛੇਤੀ ਅਤੇ ਵੱਧ ਤੋਂ ਵੱਧ ਡਾਲਰ ਕਮਾਉਣ ਦੀ ਹੀ ਹੁੰਦੀ ਹੈ। ਉਨ੍ਹਾਂ ਦੀ ਇੱਛਾ ਹੁੰਦੀ ਹੈ ਕਿ ਉਹ ਜਿੰਨੀ ਛੇਤੀ ਹੋ ਸਕੇ ਵਧੀਆ ਘਰ, ਵਧੀਆ ਕਾਰ, ਵਧੀਆ ਘਰ ਦਾ ਫਰਨੀਚਰ ਆਦਿ ਅਤੇ ਜਿੰਦਗੀ ਦੀਆਂ ਹੋਰ ਸਭ ਸਹੂਲਤਾਂ ਖਰੀਦ ਸਕਣ। ਅਜਿਹੀਆਂ ਸਹੂਲਤਾਂ ਹਾਸਿਲ ਕਰ ਕਰਨ ਲਈ ਉਨ੍ਹਾਂ ਨੂੰ ਦਿਨ ਰਾਤ ਸਖਤ ਮਿਹਨਤ ਕਰਨੀ ਪੈਂਦੀ ਹੈ। ਅਜਿਹਾ ਕਰਦਿਆਂ, ਅਨੇਕਾਂ ਹਾਲਤਾਂ ਵਿੱਚ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਘਰਾਂ ਦੇ ਮਾਲਕਾਂ ਦੀ ਸਾਰੀ ਜ਼ਿੰਦਗੀ ਘਰਾਂ ਦੀ ਮੋਰਗੇਜ਼ ਆਦਿ ਦੇ ਵੱਡੇ ਵੱਡੇ ਬਿਲਾਂ ਦਾ ਭੁਗਤਾਣ ਕਰਨ ਖਾਤਰ ਫੈਕਟਰੀਆਂ ਵਿੱਚ ਲੱਗਦੇ ਓਵਰ ਟਾਈਮ ਲਗਾਉਣ ਵਿੱਚ ਹੀ ਬੀਤ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਇਨ੍ਹਾਂ ਮਹਿੰਗੇ ਖਰੀਦੇ ਘਰਾਂ ਵਿੱਚ ਆਰਾਮ ਨਾਲ ਬੈਠਣ ਦੇ ਚਾਰ ਪਲ ਵੀ ਨਹੀਂ ਮਿਲ਼ਦੇ। ਭੂਪਿੰਦਰ ਦੁਲੇ ਜਦੋਂ ਹੇਠ ਲਿਖੇ ਸ਼ਿਅਰ ਕਹਿੰਦਾ ਹੈ ਤਾਂ ਉਹ ਪਰਵਾਸੀ ਲੋਕਾਂ ਦੀ ਜ਼ਿੰਦਗੀ ਦੀ ਅਜਿਹੀ ਤਰਸਨਾਕ ਹਕੀਕਤ ਹੀ ਬਿਆਨ ਕਰ ਰਿਹਾ ਹੁੰਦਾ ਹੈ:

1.

ਕਦਵਾਰ ਮਕਾਨਾਂ ਦੇ, ਹੇਠਾਂ ਮੁਸਕਾਨਾਂ ਦੇ

ਕਿੰਨੇ ਅਰਮਾਨ ਅਜੇ, ਥੇਹਾਂ ਅੰਦਰ ਤਰਸਣ

2.

ਚੰਦ ਇੱਟਾਂ ਨੂੰ ਘਰ ਕਹੀ ਜਾਵਾਂ, ਇਸ ਨੂੰ ਥੰਮਾਂ ਤੇ ਖੁਦ ਢਹੀ ਜਾਵਾਂ

ਜੀਅ ਕਰੇ ਫੇਰ ਮੁੜ ਕੇ ਬਾਲ ਬਣਾਂ, ਰੇਤ ਦੇ ਘਰ ਬਣਾ ਬਣਾ ਢਾਹਾਂ

ਪੰਜਾਬੀ ਸਮਾਜ ਵਿੱਚ ਧੀਆਂ ਦੇ ਕਤਲਾਂ ਦਾ ਮਸਲਾ ਇੱਕ ਭਿਆਨਕ ਸਮੱਸਿਆ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਧੀਆਂ ਨੂੰ ਮਾਵਾਂ ਦੇ ਗਰਭ ਵਿੱਚ ਹੀ ਕਤਲ ਕੀਤਾ ਜਾ ਰਿਹਾ ਹੈ। ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ ਅਤੇ ਚਿੰਤਕਾਂ ਦੀ ਇਹ ਇੱਕ ਸਮਾਜਿਕ ਜ਼ਿੰਮੇਵਾਰੀ ਬਣ ਚੁੱਕੀ ਹੈ ਕਿ ਉਹ ਆਪਣੀਆਂ ਰਚਨਾਵਾਂ ਅਤੇ ਕਲਾ-ਕ੍ਰਿਤਾਂ ਰਾਹੀਂ ਇਸ ਸਮਾਜਿਕ ਬੁਰਾਈ ਦੇ ਖਿਲਾਫ ਆਵਾਜ਼ ਉਠਾਉਣ। ਇਸ ਸਮਾਜਿਕ ਬੁਰਾਈ ਦੇ ਖ਼ਿਲਾਫ਼ ਲੋਕ-ਚੇਤਨਾ ਪੈਦਾ ਕਰਨ ਲਈ ਉਹ ਇਸ ਗੱਲ ਦਾ ਵੀ ਲੋਕਾਂ ਨੂੰ ਸੁਨੇਹਾ ਦੇਣ ਕਿ ਅਜੋਕੇ ਸਮਿਆਂ ਵਿੱਚ ਔਰਤ ਅਤੇ ਮਰਦ ਵਿੱਚ ਕੋਈ ਫਰਕ ਨਹੀਂ। ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਔਰਤਾਂ ਨੇ ਆਪਣੀ ਸਖਤ ਮਿਹਨਤ ਸਦਕਾ ਮਰਦਾਂ ਤੋਂ ਵੀ ਵੱਡੀਆਂ ਪ੍ਰਾਪਤੀਆਂ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਜੋ ਕੰਮ ਪੁੱਤਰ ਕਰ ਸਕਦੇ ਹਨ ਉਹ ਕੰਮ ਧੀਆਂ ਵੀ ਕਰ ਸਕਦੀਆਂ ਹਨ। ਫਿਰ ਸਾਡੇ ਸਮਾਜ ਵਿੱਚ ਉਨ੍ਹਾਂ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ? ਭੂਪਿੰਦਰ ਦੁਲੇ ਵੀ ਆਪਣੇ ਇਨ੍ਹਾਂ ਕੁਝ ਸ਼ਿਅਰਾਂ ਰਾਹੀਂ ਇਸ ਗੱਲ ਵੱਲ ਹੀ ਸਾਡਾ ਧਿਆਨ ਦੁਆ ਰਿਹਾ ਹੈ:

1.

ਕੁੱਖ ਮਮਤਾ ਦੀ ਉਜਾੜੀ ਜਾ ਰਿਹਾ

ਭਾਲਦਾ ਕੋਈ ਲਾਲ ਸ੍ਹਾਵੇਂ ਸੀ ਮਿਰੇ

2.

ਭਾਲਦੇ ਓਹਨਾਂ ਨੂੰ ਫਿਰਦੇ ਅੱਜ ਵੀ ਮਮਤਾ ਦੇ ਗੀਤ

ਜਨਮ ਤੋਂ ਪਹਿਲਾਂ ਜਿਨ੍ਹਾਂ ਦਾ ਘੁੱਟਿਆ ਖ਼ੁਦ ਸੀ ਗਲਾ

ਅਹਿਸਾਸ ਦੀ ਪੀੜਭੂਪਿੰਦਰ ਦੁਲੇ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ। ਅਜੇ ਉਸਨੂੰ ਆਪਣੀਆਂ ਕਲਾਤਮਕ ਸੀਮਾਵਾਂ ਅਤੇ ਸੰਭਾਵਨਾਵਾਂ ਬਾਰੇ ਚੇਤੰਨ ਹੋਣ ਦੀ ਲੋੜ ਹੈ। ਗ਼ਜ਼ਲ ਲਿਖਣ ਵੇਲੇ ਭੂਪਿੰਦਰ ਦੁਲੇ ਨੂੰ ਸੰਗੀਤਕ ਸ਼ਬਦਾਂ ਲਈ ਆਪਣਾ ਮੋਹ ਕੁਝ ਹੱਦ ਤੱਕ ਤਿਆਗਣਾ ਪਵੇਗਾ। ਜੇਕਰ ਉਹ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਦਾਰਸ਼ਨਿਕ, ਧਾਰਮਿਕ ਸਮੱਸਿਆਵਾਂ ਨੂੰ ਵਧੇਰੇ ਸਪੱਸ਼ਟ ਰੂਪ ਵਿੱਚ ਸਮਝ ਕੇ ਆਪਣੀਆਂ ਕਲਾ-ਕ੍ਰਿਤਾਂ ਦਾ ਵਿਸ਼ਾ ਬਣਾਵੇਗਾ ਤਾਂ ਉਸਦੀਆਂ ਗ਼ਜ਼ਲਾਂ ਹੋਰ ਵਧੇਰੇ ਸ਼ਕਤੀਸ਼ਾਲੀ ਅਤੇ ਅਰਥ ਭਰਪੂਰ ਹੋਣਗੀਆਂ। ਮੈਨੂੰ ਉਮੀਦ ਹੈ ਕਿ ਆਪਣਾ ਅਗਲਾ ਗ਼ਜ਼ਲ ਸੰਗ੍ਰਹਿ ਪ੍ਰਕਾਸਿ਼ਤ ਕਰਨ ਵੇਲੇ ਭੂਪਿੰਦਰ ਦੁਲੇ ਆਪਣੀ ਰਚਨਾ ਦੀਆਂ ਇਨ੍ਹਾਂ ਸੀਮਾਵਾਂ ਵੱਲ ਹੋਰ ਵਧੇਰੇ ਧਿਆਨ ਦੇਵੇਗਾ।

ਆਪਣਾ ਪਹਿਲਾ ਗ਼ਜ਼ਲ ਸੰਗ੍ਰਹਿ ਅਹਿਸਾਸ ਦੀ ਪੀੜਪ੍ਰਕਾਸ਼ਤ ਕਰਕੇ ਕੈਨੇਡੀਅਨ ਪੰਜਾਬੀ ਲੇਖਕਾਂ ਦੀ ਢਾਣੀ ਵਿੱਚ ਸ਼ਾਮਿਲ ਹੋਣ ਲਈ ਭੂਪਿੰਦਰ ਦੁਲੇ ਨੂੰ ਮੇਰੀਆਂ ਸ਼ੁੱਭ ਇਛਾਵਾਂ।

ਕਵਲ ਇੰਦਰ ਕਵਲ - ਗ਼ਜ਼ਲ

ਗ਼ਜ਼ਲ

ਲਾਲ, ਪੀਲ਼ੀ, ਸੰਦਲੀ ਸੀ ਰੇਤ ਮੇਰੇ ਜਿਸਮ ਦੀ।

ਰੰਗ, ਖ਼ੁਸ਼ਬੂ, ਚਾਂਦਨੀ ਸੀ ਰੇਤ ਮੇਰੇ ਜਿਸਮ ਦੀ।

----

ਰਾਤ ਭਰ ਉਡਦੀ ਰਹੀ ਸੀ ਰੇਤ ਮੇਰੇ ਜਿਸਮ ਦੀ।

ਜਾਗਿਆ ਤਾਂ ਰੇਤ ਹੀ ਸੀ, ਰੇਤ ਮੇਰੇ ਜਿਸਮ ਦੀ।

----

ਜਿਸ ਸਮੇਂ ਸੀ ਹੁਸਨ ਤੇਰਾ ਵਾਂਗ ਸੂਰਜ ਦਹਿਕਦਾ,

ਉਸ ਸਮੇਂ ਤਾਂ ਇਕ ਨਦੀ ਸੀ ਰੇਤ ਮੇਰੇ ਜਿਸਮ ਦੀ।

----

ਜਿਸਮ ਮੇਰਾ ਡੁਬ ਗਿਆ ਸੀ ਪਾਣੀਆਂ ਦੀ ਰੇਤ ਵਿਚ,

ਸਤਹਿ ਉੱਤੇ ਤੈਰਦੀ ਸੀ ਰੇਤ ਮੇਰੇ ਜਿਸਮ ਦੀ।

----

ਹੁਣ ਮੈਂ ਮਾਰੂਥਲ ਚ ਅਪਣੀ ਹੋਂਦ ਨੂੰ ਲੱਭਦਾ ਪਿਆਂ,

ਸ਼ਹਿਰ ਚੋਂ ਨਈਂ ਲੱਭਦੀ ਸੀ ਰੇਤ ਮੇਰੇ ਜਿਸਮ ਦੀ।

----

ਮੈਂ ਬਥੇਰਾ ਪਾਰ ਅਪਣੇ ਜਿਸਮ ਚੋਂ ਦੀ ਲੰਘਿਆ,

ਜਿਸਮ ਦੇ ਪਰ ਪਾਰ ਵੀ ਸੀ ਰੇਤ ਮੇਰੇ ਜਿਸਮ ਦੀ।

----

ਰਿਸ਼ਤਿਆਂ ਚ ਬੱਝ ਕੇ ਵੀ ਅਜਨਬੀ ਲਗਦੀ ਰਹੀ,

ਕਹਿਣ ਨੂੰ ਬਸ ਆਪਣੀ ਹੀ ਸੀ ਰੇਤ ਮੇਰੇ ਸ਼ਹਿਰ ਦੀ।

----

ਲੋਕ ਜਿਸਨੂੰ ਆਖਦੇ ਸੀ ਝੀਲ ਪਾਣੀ ਦੀ ਕਵਲ,

ਰੇਤ ਮੇਰੇ ਜਿਸਮ ਦੀ ਸੀ, ਰੇਤ ਮੇਰੇ ਜਿਸਮ ਦੀ।

ਹਰਿਭਜਨ ਹਲਵਾਰਵੀ - ਗ਼ਜ਼ਲ

ਗ਼ਜ਼ਲ

ਬਣੀ ਹੈ ਉਮਰ ਅਣਕੀਤੇ ਗੁਨਾਹਾਂ ਦੀ ਸਜ਼ਾ ਵਰਗੀ।

ਕਿਹੜਾ ਹੈ ਦੇ ਗਿਆ ਸਾਨੂੰ ਦੁਆ ਇਹ ਬਦ-ਦੁਆ ਵਰਗੀ।

----

ਜਦੋਂ ਅਰਪੀ ਸੀ ਤੈਨੂੰ ਜਿੰਦ ਸੀ ਮਘਦੀ ਸ਼ੁਆ ਵਰਗੀ,

ਤੇਰੇ ਸੂਰਜ ਬਿਨ੍ਹਾ ਇਹ ਹੋ ਗਈ ਨੇਰ੍ਹੀ ਗੁਫ਼ਾ ਵਰਗੀ।

----

ਦ੍ਰਿਸ਼ ਦਿਲ-ਖਿੱਚਵੇਂ ਤੇ ਝਿਲਮਿਲਾਂਦੇ ਰੰਗ ਸਭ ਤੇਰੇ,

ਮੇਰੇ ਹਿੱਸੇ ਚ ਆਈ ਪੀੜ ਸਾਹਾਂ ਦੀ ਹਵਾ ਵਰਗੀ।

----

ਦੇਖਾਂ ਉਸ ਨੂੰ ਹਰ ਵਾਰੀ ਮੇਰੀ ਦਹਿਲੀਜ਼ ਤੋਂ ਮੁੜਦਾ,

ਅਸਾਡੀ ਨੇੜਤਾ ਹੋਈ ਨਾ-ਆਖੀ ਅਲਵਿਦਾ ਵਰਗੀ।

----

ਬੜਾ ਉਨਮਾਦ ਹੈ, ਵਿਸਮਾਦ ਹੈ, ਸੁਪਨੇ ਨੇ ਸੰਸੇ ਨੇ,

ਕਿਉਂ ਸਭ ਕੁਝ ਹੁੰਦਿਆਂ ਵੀ ਹੋਂਦ ਲੱਗਦੀ ਹੈ ਖ਼ਿਲਾ ਵਰਗੀ।

----

ਹਾਂ ਠਾਠਾਂ ਮਾਰਦੇ ਸਾਗਰ ਦੀਆਂ ਛੱਲਾਂ ਚ ਰੁੜ੍ਹ ਚੱਲੇ,

ਨਾ ਤਿਣਕੇ ਦਾ ਸਹਾਰਾ ਹੈ ਨਾ ਉਂਗਲ਼ੀ ਹੈ ਦਿਸ਼ਾ ਵਰਗੀ।

----

ਮੇਰੀ ਤਲਾਸ਼ ਮੋਹ ਮੇਰਾ ਤਾਂ ਬੰਦੇ ਤਕ ਸੀਮਤ ਨੇ,

ਉਹ ਕਾਹਤੋਂ ਫਿਰ ਰਿਹੈ ਐਵੇਂ ਸ਼ਕਲ ਧਾਰੀ ਖ਼ੁਦਾ ਵਰਗੀ।