ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਸੰਤ ਸੰਧੂ. Show all posts
Showing posts with label ਸੰਤ ਸੰਧੂ. Show all posts

Friday, August 7, 2009

ਸੰਤ ਸੰਧੂ - ਡੰਗ ਤੇ ਚੋਭਾਂ

ਨਗਾਰਾ

ਸੌ ਸੁਨਿਆਰ ਦੀ....

ਮੰਦਵਾੜਾ :ਲੌਂਗ ਕਰਾਉਣਾ ਸੀ, ਨਾ ਮੁੱਕੀਆਂ ਘਰਾਂ ਦੀਆਂ ਗਰਜ਼ਾਂ।

-----

ਸੋਨੀਆ ਗਾਂਧੀ :ਦਮੜੀ ਦਾ ਸੱਕ ਮਲ਼ ਕੇ, ਮੁੰਡਾ ਮੋਹ ਲਿਆ ਤਵੀਤਾਂ ਵਾਲਾ।

-----

ਸੰਤ ਸੀਚੇਵਾਲ :ਕਾਲੇ ਬਾਗ ਵਿਚ ਜੋਗੀੜਾ ਸਿੱਧ ਦਾਤਾ, ਉਸ ਦੇ ਕਦਮ ਪਾਇਆਂ ਦੁੱਖ ਜਾਂਵਦੇ ਨੇ।

-----

ਅਫਸਰਸ਼ਾਹੀ :ਬਾਸ਼ਕ ਨਾਗ ਕਰੰਡੀਏ ਮੇਂਡ ਭੱਸ਼ਕ, ਛੀਣੇ ਤਿੱਤਰੇ ਸਭ ਨਿਉਂ ਆਂਵਦੇ ਨੇ।

----

ਮੋਤਾ ਸਿੰਘ ਸਰਾਏ :ਵਾਰਸ ਸ਼ਾਹ ਸਦਾਈਏ ਵੈਦ ਰਾਂਝਾ, ਜਿਸ ਥੇ ਦਰਦ ਅਸਾਡੇ ਦੀ ਪੁੜੀ ਹੈ ਨੀ।

----

ਕ੍ਰਿਸਾਨੀ ਸੰਕਟ :ਜੱਟੀ ਕਪਾਹ ਵਿਚ ਬੰਨ੍ਹ ਝੋਲੀ, ਕਾਲਾ ਨਾਗ ਅਜਗੈਬ ਥੀਂ ਕੜਕਿਆ ਈ।

----

ਹੰਸ ਰਾਜ ਹੰਸ :ਸੈਦਾ ਸੰਗ ਕੇ ਥਰ ਥਰ ਖੜ੍ਹਾ ਕੰਬੇ, ਉਸਦਾ ਅੰਦਰੋਂ ਕਾਲਜਾ ਧੜਕਿਆ ਈ।

----

ਨਿਰਮਲ ਸਿੰਘ ਲਾਂਬੜਾ :.ਹੋਰ ਵੈਦ ਸਭ ਵੈਦਗੀ ਲਾ ਥੱਕੇ, ਵਾਰਸ ਸ਼ਾਹ ਜੋਗੀ ਹੁਣ ਆਂਵਦੇ ਨੇ।

-----

ਪੰਜਾਬ :ਮਰਨ ਦੇਹ ਜੱਟੀ ਜ਼ਰਾ ਵੈਣ ਸੁਣੀਏ, ਰਾਗ ਨਿਕਲਣ ਰੰਗ ਬਰੰਗ ਦੇ ਜੀ।

----

ਅਮਰਿੰਦਰ ਸਿੰਘ :ਐਵੇਂ ਗਫ਼ਲਤਾਂ ਵਿਚ ਬਰਬਾਦ ਕੀਤੀ, ਵਾਰਸ ਸ਼ਾਹ ਇਹ ਉਮਰ ਵਿਚਾਰੜੀ ਵੋ।

----

ਦਿੱਲੀ :ਕੌਰਵ ਦੇਸ ਦਾ ਸ਼ਹਿਰ ਇਉਂ ਜਾਣੋ, ਵੱਡੇ ਲੋਹੜੇ ‘ਤੇ ਕਹਿਰ ਕਮਾਂਵਦਾ ਏ।

----

ਜਗਦੀਸ਼ ਸਿੰਘ ਵਰਿਆਮ :ਅੱਠੇ ਪਹਿਰ ਖ਼ੁਦਾ ਦੀ ਬੰਦਗੀ ‘ਚ, ਤੁਸੀਂ ਨਫਸ ਸ਼ੈਤਾਨ ਨੂੰ ਮਾਰਦੇ ਹੋ।

----

ਕਾਰ ਸੇਵਾ ਕਾਲੀ ਵੇਈਂ :ਜੋਗੀ ਚੱਲਿਆ ਰੂਹ ਦੀ ਕਲਾ ਹਿੱਲੀ, ਤਿੱਤਰ ਬੋਲਿਆ ਸ਼ਗਨ ਮਨਾਵਣੇ ਨੇ।

----

ਓਸੇਨ ਬੋਲਟ :ਵੀਰ ਤੇਰੇ ਫੁਲਕੇ ਨੂੰ, ਖੰਡ ਦਾ ਪਲੇਥਣ ਲਾਵਾਂ।

Saturday, May 16, 2009

ਮਰਹੂਮ ਗ਼ਜ਼ਲਗੋ ਜਨਾਬ ਉਲਫ਼ਤ ਬਾਜਵਾ ਸਾਹਿਬ ਦੀ ਪਹਿਲੀ ਬਰਸੀ 'ਤੇ ਵਿਸ਼ੇਸ਼

ਦੋਸਤੋ! ਆਰਸੀ ਦਾ ਅੱਜ ਦਾ ਦਿਨ ਮਰਹੂਮ ਗ਼ਜ਼ਲਗੋ ਜਨਾਬ ਉਲਫ਼ਤ ਬਾਜਵਾ ਸਾਹਿਬ ( 11 ਫਰਵਰੀ 1938 - 16 ਮਈ 2008) ਦੀ ਯਾਦ ਅਤੇ ਸ਼ਾਇਰੀ ਨੂੰ ਸਮਰਪਿਤ ਹੈ। ਇਹ ਗੀਤ ਸੰਤ ਸੰਧੂ ਜੀ ਦੁਆਰਾ ਲਿਖਿਆ ਅਤੇ ਮੋਤਾ ਸਿੰਘ ਸਰਾਏ ਜੀ ਵੱਲੋਂ ਆਰਸੀ ਲਈ ਭੇਜਿਆ ਗਿਆ ਹੈ। ਸੰਧੂ ਸਾਹਿਬ ਅਤੇ ਸਰਾਏ ਸਾਹਿਬ ਦਾ ਬੇਹੱਦ ਸ਼ੁਕਰੀਆ।

ਆਬਾਦਪੁਰੇ ਦਾ ਗੀਤ

ਉਲਫ਼ਤ ਬਾਜਵਾ ਨੂੰ ਯਾਦ ਕਰਦਿਆਂ

ਗੀਤ

ਤਨ ਮਰੇ ਤਾਂ ਕੁਝ ਨਹੀਂ ਮਰਦਾ

ਮਨ ਮਰੇ ਮਰਜੀਵਾ ਹੁੰਦਾ।

ਮਾਨਵਤਾ ਦੀ ਉਲਫਤ ਦੇ ਵਿਚ

ਸ਼ਾਇਰ ਹਮੇਸ਼ਾ ਖੀਵਾ ਹੁੰਦਾ ।

-----

ਧੁੰਧਲੇ-ਧੁੰਧਲੇ ਤਾਰੇ ਜਿਥੇ

ਕੁੱਲੀਆਂ ਕੱਚੀਆਂ ਢਾਰੇ ਜਿਥੇ।

ਲੱਭਣ ਪਏ ਸਹਾਰੇ ਜਿਥੇ

ਲੋਕ ਨੇ ਗੁਰਬਤ ਮਾਰੇ ਜਿਥੇ।

-----

ਉਥੇ ਤੇਰੀ ਸੁਹਬਤ ਆਈ

ਲੰਮੇ ਪਿੰਡ ਤੋਂ ਉਲਫਤ ਆਈ।

ਆਬਾਦਪੁਰੇ ਜੋਕਾਂ ਦਾ ਘੇਰਾ

ਆਬਾਦਪੁਰੇ ਕੰਮੀਆਂ ਦਾ ਡੇਰਾ।

----

ਆਬਾਦਪੁਰੇ ਵਿਚ ਘੁੱਪ ਹਨੇਰਾ

ਉਲਫਤ ਕੀਤਾ ਆਣ ਸਵੇਰਾ ।

ਵੈਦ ਧਨੰਤਰ ਹੋ ਕੇ ਆਇਆ

ਸੁਪਨ ਸੁਤੰਤਰ ਹੋ ਕੇ ਆਇਆ।

----

ਆਬਾਦਪੁਰੇ ਦਾ ਈਸਾ ਲੱਗਦਾ

ਆਬਾਦਪੁਰੇ ਦਾ ਸੀ ਹਮਸਾਇਆ।

ਆਬਾਦਪੁਰੇ ਸੰਗ ਲੱਗੀਆਂ ਵਾਲਾ

ਉਲਫਤ ਸੱਚਾ ਕੌਲ ਨਿਭਾਇਆ ।

----

ਆਬਾਦਪੁਰੇ ਦਾ ਗੀਤ ਹੈ ਸੁੱਤਾ

ਤੇ ਦਰਿਆ ਦਾ ਕੰਢਾ ਖੁਰਿਆ।

ਆਬਾਦਪੁਰੇ ਦੀਆਂ ਖੈਰਾਂ ਮੰਗਦਾ

ਆਬਾਦਪੁਰੇ ਦਾ ਮਹਿਰਮ ਤੁਰਿਆ ।

-----

ਲੰਮੇ ਪਿੰਡ ਵਿਚ ਰੁਕ ਨਾ ਸਕੀਆਂ

ਲੰਮੇ ਪਿੰਡ ਦੀਆਂ ਲੰਮੀਆਂ ਗੱਲਾਂ।

ਨਗਰ ਨਗਰ ਵਿਚ ਉਲਫਤ ਵੰਡਣ

ਜਿਓ ਸਾਗਰ ਦੀਆਂ ਲਹਿਰਾਂ ਛੱਲਾਂ ।

----

ਫਿਰ ਜਿਵੇਂ ਕੋਈ ਤਾਰਾ ਟੁੱਟਾ

ਫਿਰ ਜਿਵੇਂ ਕੋਈ ਫੁੱਲ ਮੁਰਝਾਇਆ।

ਫਿਰ ਜਿਵੇਂ ਬੱਦਲਾਂ ਦੇ ਹੇਠਾਂ

ਪੂਨਮ ਦਾ ਹੈ ਚੰਦਾ ਆਇਆ।

----

ਸੋਚਾਂ ਦੇ ਵਿਚ ਲੂਣਾ ਡੁੱਬੀ

ਮਹਿਲਾਂ ਦੇ ਵਿਚ ਸੁੰਦਰਾਂ।

ਰਾਹਾਂ ਦੇ ਵਿਚ ਠੇਡੇ ਖਾਵੇ

ਅੰਨ੍ਹੀ ਹੋਈ ਇੱਛਰਾਂ ।

----

ਫਿਰ ਜਿਵੇਂ ਤ੍ਰਿਵੇਣੀ ਸੁੱਕੀ

ਫਿਰ ਕੋਈ ਕਾਲਾ ਝੱਖੜ ਆਇਆ।

ਫਿਰ ਜਿਵੇਂ ਕੋਈ ਝਰਨਾ ਸੁੱਕਾ

ਫਿਰ ਜਿਵੇਂ ਕੋਈ ਵਣ ਕੁਮਲਾਇਆ।

----

ਫਿਰ ਮੇਰੇ ਗੀਤਾਂ ਦੇ ਮੁਖੜੇ

ਹੋ ਗਏ ਕਾਲੇ ਕਾਲੇ।

ਫਿਰ ਮੇਰੇ ਗੀਤਾਂ ਦੇ ਪੈਰੀਂ

ਹੋ ਗਏ ਛਾਲੇ ਛਾਲੇ ।

----

ਫਿਰ ਮੇਰੇ ਗੀਤਾਂ ਨੂੰ ਲੱਗਦਾ

ਹੋ ਚੱਲੀ ਏ ਗਰਮੀ।

ਮੇਰੇ ਗੀਤਾਂ ਦੇ ਜੁਸੇ ‘ਚੋਂ

ਮੁੱਕ ਚੱਲੀ ਏ ਨਰਮੀ ।

----

ਜੱਗ ਵਿਚ ਮੇਰੇ ਗੀਤਾਂ ਵਾਲੀ

ਹੋ ਨਾ ਜਾਵੇ ਹਾਨੀ।

ਗੀਤ ਮੇਰੇ ਦੇ ਗਲ਼ ਦੇ ਵਿਚੋਂ

ਟੁੱਟ ਗਈ ਏ ਗਾਨੀ ।

----

ਗਲ਼ੀ ਗਲ਼ੀ ਵਿਚ ਤਾਣਾ ਤੇਰਾ

ਤੁਰ ਗਿਆ ਯਾਰ ਨਿਮਾਣਾ ਮੇਰਾ।

ਤੇਰੇ ਗੀਤਾਂ ਵਿਚੋਂ ਚੜ੍ਹਦਾ

ਸੂਰਜ ਦਾ ਸੀ ਸੁਰਖ਼ ਸਵੇਰਾ ।

----

ਦੁਲ੍ਹੇ ਦੇ ਕੇਸਾਂ ਵਿਚ ਜਦ ਵੀ

ਹੋਣੀ ਫੇਰੇ ਕੰਘੀ।

ਅਕਬਰ ਦੇ ਦਰਬਾਰ ‘ਚ ਲੱਗਣ

ਖੌਰੂ ਪਾਉਣ ਮਲੰਗੀ।

----

ਉਲਫ਼ਤ ਤੇਰੀ ਨਾਲ ਚਮਕਦਾ

ਆਬਾਦਪੁਰੇ ਦਾ ਚਿਹਰਾ ਖੀਵਾ।

ਉਲਫਤ ਮੇਰੇ ਘਰ ਦਾ ਚਾਨਣ

ਆਬਾਦਪੁਰੇ ਦੇ ਚੌਮੁਖ ਦੀਵਾ।

----

ਕੌਣ ਭਲਾ ਮੱਝੀਆਂ ਨੂੰ ਮੋੜੇ

ਕੌਣ ਹੀਰ ਨੂੰ ਦੱਸੇ।

ਜੰਞ ਖੇੜਿਆਂ ਦੀ ਨੇ ਕੀਤਾ

ਫਿਰ ਕੋਈ ਰਾਂਝਾ ਗੁੱਸੇ ।

----

ਲੋਕ ਇਸ਼ਕ ਦੀ ਪੱਤ ਖੇੜਿਆਂ

ਜਦ ਪੈਰਾਂ ਵਿਚ ਰੋਲੀ।

ਕਾਜੀ ਦੇ ਮੂੰਹ ਉਤੇ ਮਾਰੀ

ਵੀਰ ਮੇਰੇ ਨੇ ਬੋਲੀ ।

.................

ਨਗ਼ਮਾ ਜੋ ਗ਼ਮਗੀਨ ਹੋ ਗਿਆ

ਆਬਾਦਪੁਰੇ ਦਾ ਗੀਤ ਸੌਂ ਗਿਆ..........


Friday, May 1, 2009

ਸੰਤ ਸੰਧੂ - ਨਜ਼ਮ

ਮਜ਼ਦੂਰ ਦਿਵਸ 'ਤੇ ਵਿਸ਼ੇਸ਼
ਲਾਲ ਹਨੇਰੀ

ਨਜ਼ਮ

ਹੱਕ ਵਾਲ਼ਾ ਹੱਕ ਮੰਗਦਾ

ਗੱਲ ਕਰਾਂ ਨਾ ਤੇਰੀ ਮੇਰੀ।

ਪੱਤਾ-ਪੱਤਾ ‘ਕੱਠਾ ਹੋ ਗਿਆ,

ਝੁੱਲ ਕੇ ਬਣੂੰ ਹਨੇਰੀ।

----

ਇੱਕ ਵਾਰੀ ਮਾਰ ਹੰਭਲ਼ਾ

ਕਿਉਂ ਢਾਹ ਕੇ ਬੈਠਾਂ ਢੇਰੀ।

ਦਿਨ ਵੇਲ਼ੇ ਸੌਣ ਵਾਲ਼ਿਆ

ਤੈਨੂੰ ਦੱਬ ਲਊ ਰਾਤ ਹਨੇਰੀ।

----

ਸੂਰਜ ਸਿਰ ਆ ਗਿਆ

ਹੋਰ ਲਾਇਓ ਨਾ ਲੋਕੋ ਦੇਰੀ।

ਕਿੱਥੇ ਜੋੜੀ ਬਲ਼ਦਾਂ ਦੀ

ਤੇ ਕਿੱਥੇ ਮੱਝ ਲਵੇਰੀ।

----

ਪੁੱਛ ਲਓ ਸ਼ਾਹਾਂ ਨੂੰ

ਜਿਹੜੇ ਲੈ ਗਏ ਅਲ੍ਹਕ ਵਛੇਰੀ।

ਕਦਮਾਂ ਨੂੰ ਤੇਜ਼ ਕਰ ਦੇ

ਅੱਗੇ ਲੱਗ ਗਈ ਦੇਰ ਬਥੇਰੀ।

----

ਨੀਮ ਹਕੀਮਾਂ ਤੋਂ

ਵੱਧ ਗਈ ਮਰਜ ਘਨੇਰੀ।

ਹੋ ਜਾਣ ਸੱਭੇ ਫ਼ੈਸਲੇ

ਜਦ ਝੁੱਲ ਪਈ ਲਾਲ ਹਨੇਰੀ।