ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਰਵਿੰਦਰ ਰਵੀ. Show all posts
Showing posts with label ਰਵਿੰਦਰ ਰਵੀ. Show all posts

Saturday, August 25, 2012

ਰਵਿੰਦਰ ਰਵੀ - ਦੋ ਨਜ਼ਮਾਂ

 ਦੋਸਤੋ! ਪੰਜਾਬੀ ਆਰਸੀ ਰਾਈਟਰਜ਼ ਕਲੱਬ ਇੰਟਰ. ਸਰੀ ਕੈਨੇਡਾ ਦੇ ਸਰਪ੍ਰਸਤ ਪੰਜਾਬੀ ਦੇ ਸੁਪ੍ਰਸਿੱਧ ਲੇਖਕ ਜਨਾਬ ਰਵਿੰਦਰ ਰਵੀ ਸਾਹਿਬ ਤਬੀਅਤ ਨਾਸਾਜ਼ ਹੋਣ ਕਾਰਣ ਕੁਝ ਦਿਨ ਹਸਪਤਾਲ ਰਹੇ, ਹੁਣ ਘਰ ਆ ਗਏ ਹਨ ਅਤੇ ਆਰਾਮ ਕਰ ਰਹੇ ਹਨ....ਉਹਨਾਂ ਦੇ ਆਸ਼ੀਰਵਾਦ ਸਦਕਾ ਆਰਸੀ ਕਲੱਬ ਉੱਚ-ਕੋਟਿ ਦੇ ਸਾਹਿਤਕ ਸਮਾਗਮ ਉਲ਼ੀਕਦਾ ਅਤੇ ਅਤੇ ਬਲੌਗ ਮਿਆਰੀ ਸਾਹਿਤ ਨੂੰ ਪਰਮੋਟ ਕਰਦਾ ਆ ਰਿਹਾ ਹੈ.... ਆਰਸੀ ਦੀ ਅੱਜ ਦੀ ਪੋਸਟ ਵਿਚ ਦੀਆਂ ਉਹਨਾਂ ਦੇ ਕੀਨੀਆ ਨਿਵਾਸ ( 1967-1974 ) ਦੌਰਾਨ ਲਿਖੀਆਂ, ਵਣ-ਵਾਣੀ ਕਾਵਿ-ਸੰਗ੍ਰਹਿ ਵਿੱਚੋਂ  ਦੋ ਅਤਿ ਖ਼ੂਬਸੂਰਤ ਨਜ਼ਮ ਪੋਸਟ ਕਰਕੇ ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਉਹਨਾਂ ਦੀ ਜਲਦ ਸਿਹਤਯਾਬੀ ਲਈ ਦੁਆ ਕਰ ਰਹੀ ਹਾਂ...  ਆਮੀਨ! ਤੁਹਾਡੀ ਕ਼ਲਮ ਨੂੰ ਸਲਾਮ, ਰਵੀ ਸਾਹਿਬ...:) ਅਦਬ ਸਹਿਤ...ਤਨਦੀਪ

**********
ਮੌਸਮਾਂ ਦਾ ਸਫ਼ਰ
ਨਜ਼ਮ

ਉਹ ਜਦੋਂ ਮੇਰੇ ਘਰ ਆਇਆ
ਉਹਦੀ ਇਕ ਅੱਖ ਵਿਚ ਸਮੁੰਦਰ
ਤੇ ਦੂਜੀ ਵਿਚ ਮਾਰੂਥਲ ਸੀ
ਉਸਨੇ ਮੈਨੂੰ ਪੁੱਛਿਆ:
”ਤੈਨੂੰ ਕੀ ਚਾਹੀਦਾ ਹੈ?”
........
ਮੈਂ ਕਿਹਾ:
ਥਲ ਨਾਲ਼ ਜੂਝਣ ਤੋਂ ਪਹਿਲਾਂ
ਸਮੁੰਦਰ ਦਾ ਕੇਹਾ ਆਨੰਦ?
ਤਲਾਸ਼ ਦੇ ਆਰੰਭ ਤੋਂ ਪਹਿਲਾਂ ਹੀ
ਮੰਜ਼ਿਲ ਦੀ ਪ੍ਰਾਪਤੀ
ਵਰ ਨਹੀਂ, ਸਰਾਪ ਦੇ ਤੁੱਲ ਹੈ

ਉਹ ਮੇਰੇ
‘ਤੇ ਖੁੱਲ੍ਹ ਕੇ ਹੱਸਿਆ
ਤੇ ਫੇਰ ਦੂਰ ਖਿਤਿਜ ਵੱਲ
ਉਂਗਲ਼ੀ ਕਰਕੇ ਕਹਿਣ ਲੱਗਾ
ਜਦ ਤੱਕ ਤੈਨੂੰ ਧਰਤੀ ਆਸਮਾਨ
ਮਿਲ਼ਦੇ ਨਜ਼ਰ ਆਉਂਦੇ ਰਹਿਣ
ਤੁਰੀਂ ਜਾਵੀਂ
ਤੇਰੀ ਹਰ ਮੁਰਾਦ ਪੂਰੀ ਹੋਵੇਗੀ!

ਮੈਂ ਬੜਾ ਭਟਕਿਆ
ਕਿਤੇ ਨਾ ਅਟਕਿਆ
ਇਕ ਖੋਹ ਜਿਹੀ ਪੈਂਦੀ ਰਹੀ
ਤੇ ਮੈਂ,
ਹਰ ਰੁੱਤ ਦੇ ਨਾਲ਼-ਨਾਲ਼ ਤੁਰਦਾ ਰਿਹਾ
ਮੇਰੇ ਰਾਹ ਵਿਚ ਜਲ ਆਏ, ਥਲ ਆਏ
ਪਰ ਮੇਰੇ ਕਦਮ ਕਿਤੇ ਵੀ ਨਾ ਰੁਕੇ

ਅੱਜ ਜਦ ਅਚਾਨਕ ਮੈਂ
ਇਕ ਮਾਸੂਮ ਬੱਚੇ ਦੀਆਂ ਅੱਖਾਂ ਵਿਚ ਵੇਖਿਆ
ਤਾਂ ਉਸਦੀਆਂ ਅੱਖਾਂ ਵਿਚ ਮੈਨੂੰ
ਆਪਣੀਆਂ ਅੱਖਾਂ ਦਾ ਅਕਸ ਨਜ਼ਰੀਂ ਆਇਆ:
ਮੇਰੀ ਇਕ ਵਿਚ ਦਰਿਆ ਸੀ
ਸਮੁੰਦਰ ਤੱਕ ਤਣਿਆ ਹੋਇਆ-
ਤੇ ਦੂਜੀ ਵਿਚ ਮਾਰੂਥਲ!

ਆਪਣੀ ਇਸ ਪ੍ਰਤੀਤੀ
‘ਤੇ, ਕਿ
ਜਿਸ ਨੂੰ ਮੈਂ ਬਾਹਰ ਭਾਲ਼ਦਾ ਰਿਹਾ
ਉਹ ਤਾਂ ਮੇਰੇ ਅੰਦਰ ਹੀ ਸੀ
ਜਦੋਂ ਮੈਂ ਹੈਰਾਨ ਹੋ ਕੇ ਮੁਸਕਰਾਇਆ
ਤਾਂ ਉਹ ਫਿਰ ਮੇਰੇ ਸਾਹਮਣੇ ਖੜ੍ਹਾ ਸੀ
ਉਸ ਦੀ ਇਕ ਅੱਖ ਵਿਚ ਮਾਸਹੀਣ
ਇਨਸਾਨੀ ਪਿੰਜਰ ਝੂਲਦਾ ਸੀ
ਤੇ ਦੂਜੀ ਵਿਚ ਟੁੱਟ ਰਹੇ ਆਂਡੇ
‘ਚੋਂ
ਇਕ ਪੰਛੀ ਬਾਹਰ ਨਿਕਲ਼ ਰਿਹਾ ਸੀ
ਉਹ ਫੇਰ ਖੁੱਲ੍ਹ ਕੇ ਹੱਸਿਆ
ਤੇ ਫਿਰ ਪੁੱਛਣ ਲੱਗਾ:
”ਦੱਸ, ਹੁਣ ਕੀ ਚਾਹੀਦਾ ਹੈ?”
ਮੈਂ ਕਿਹਾ:
ਹੁਣ ਤੂੰ ਮੇਰੀਆ ਅੱਖਾਂ
‘ਚ ਵੇਖ
ਤੇਰੀ ਜਿਸ ਅੱਖ ਵਿਚ ਆਂਡਾ ਹੈ
ਮੇਰੀ ਉਸ ਅੱਖ ਵਿਚ ਨਿਰੁੱਖਾ ਥਲ ਹੈ
ਤੇਰੀ ਜਿਸ ਅੱਖ ਵਿਚ ਪਿੰਜਰ ਹੈ
ਮੇਰੀ ਉਸ ਅੱਖ ਵਿਚ
ਸਮੁੰਦਰ ਤੱਕ ਤਣਿਆ ਦਰਿਆ ਹੈ!

ਆਂਡੇ ਤੋਂ ਪਿੰਜਰ ਦੇ ਵਿਚਕਾਰ
ਕਈ ਮੌਸਮ ਆਉਂਦੇ ਹਨ
ਤੇ ਮੈਂ
ਉਨ੍ਹਾਂ ਮੌਸਮਾਂ ਦਾ ਸਫ਼ਰ ਹਾਂ!
ਇਸ ਤੋਂ ਪਹਿਲਾਂ
ਕਿ ਮੈਂ ਉਸ ਨੂੰ ਕੁਝ ਹੋਰ ਕਹਿੰਦਾ
ਉਹ ਗ਼ਾਇਬ ਹੋ ਚੁੱਕਾ ਸੀ-
ਬਾਕੀ ਮੈਂ ਸਾਂ, ਮੇਰਾ ਸਫ਼ਰ
ਤੇ ਮੇਰੀਆਂ, ਮੇਰੇ ਨਾਲ਼ ਗੱਲਾਂ!

=====
ਆਪਣੀ ਚੁੱਪ ਆਪਣੀ ਧੁੱਪ
ਨਜ਼ਮ

ਚਾਰ ਚੁਫ਼ੇਰੇ ਚੁੱਪ ਹੈ!
ਸੰਘਣੀ ਧੁੱਪ ਹੈ!

ਜੇ ਛੋਹੀਏ ਕੋਈ ਗੱਲ
ਬੋਲ ਧੂੰਆਂ ਬਣ
ਚੁਪੀਤੇ ਪੌਣ ਵਿਚ ਘੁਲ਼ਦੇ!

ਨਜ਼ਰ, ਤੱਕਦੀ ਇਕ ਧੂੜ
ਅਰਥ
ਘੱਟੇ ਦੇ  ਵਿਚ ਰੁਲ਼ਦੇ!

ਜੇ ਕਰ ਜਾਈਏ ਚੁੱਪ
ਤਾਂ ਵਣ, ਬਨਸਪਤੀ, ਹਰਿਆਲੀ
ਭੌਂ ਅੰਦਰ ਵਲਾਂ, ਧਸਦੀ
ਜੜ੍ਹਾਂ ਦੇ ਜਾੜ, ਤਲ ਉੱਤੇ
ਅਤੇ ਸੂਰਜ
ਨੌਂ ਨੇਜ਼ੇ ਦੀ, ਵਿੱਥ ਦੇ ਉੱਤੇ!

ਨਾ ਦਿਸਦੀ ਅੱਗ
ਨਾ ਧੂੰਆਂ
ਨਾ ਭੜਕਦੇ ਭਾਂਬੜ
ਬਿਨਾਂ ਕੂੰਇਆਂ
ਇਹ ਛੱਪਰੀ ਰਾਖ਼ ਹੋ ਜਾਵੇ!

ਆਪਣੀ ਭਾਸ਼ਾ
ਕੇਹੀ ਚੁੱਪ!

ਆਪਣੀ ਧੁੱਪ
ਕੇਹਾ ਚਿੰਤਨ!
=====

Monday, April 16, 2012

ਜਨਾਬ ਰਵਿੰਦਰ ਰਵੀ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਮੁਬਾਰਕਾਂ

ਦੋਸਤੋ! ਆਰਸੀ ਲਈ ਅੱਜ ਪ੍ਰਾਪਤ ਹੋਈ ਸੂਚਨਾ ਅਨੁਸਾਰ ‘ਅਰਪਨ ਲਿਖਾਰੀ ਸਭਾ ਕੈਲਗਰੀ’ ਵੱਲੋਂ ਸਾਲਾਨਾ ਸਮਾਗਮ ਵਿਚ 2 ਜੂਨ 2012, ਦਿਨ ਸ਼ਨਿੱਚਰਵਾਰ ਨੂੰ ਟੈਰੇਸ, ਬੀ.ਸੀ. ਕੈਨੇਡਾ ਵਸਦੇ ਪੰਜਾਬੀ ਦੇ ਬਹੁ-ਪੱਖੀ ਲੇਖਕ ਰਵਿੰਦਰ ਰਵੀ ਸਾਹਿਬ ਨੂੰ ‘ਇਕਬਾਲ ਅਰਪਨ ਯਾਦਗਾਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਏਸੇ ਖ਼ੁਸ਼ੀ ‘ਚ ਅੱਜ ਬਲੌਗ ਨੂੰ ਰਵੀ ਸਾਹਿਬ ਦੀ ਇਕ ਖ਼ੁਬਸੂਰਤ ਨਜ਼ਮ ਨਾਲ਼ ਅਪਡੇਟ ਕਰਕੇ ਉਹਨਾਂ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਮੁਬਾਰਕਬਾਦ ਆਖਦੀ ਹੋਈ ਇਕ ਵਾਰ ਫੇਰ ਉਹਨਾਂ ਦੀ ਕਲਮ ਨੂੰ ਸਲਾਮ ਕਰ ਰਹੀ ਹਾਂ....ਅਦਬ ਸਹਿਤ...ਤਨਦੀਪ

******


ਸਰਹੱਦਾਂ ਤੋਂ ਪਾਰ
ਨਜ਼ਮ
ਸਿਮਰਤੀਆਂ ਦਾ ਮੌਸਮ ਹੈ
ਨਜ਼ਮ ਫੇਰ ਅਫ਼ਰੀਕਾ ਬਣੀ
ਮੇਰੇ ਸੌਂਹੇ ਖੜ੍ਹੀ ਹੈ!

ਕਾਲ਼ੀ ਚਮੜੀ ਹੇਠ
, ਤਿੱਖੇ
ਛਾਤੀਆਂ ਦੇ ਉਭਾਰ
ਕਾਲੀ ਚਮੜੀ ਹੇਠ:
ਮਮਤਾ
ਮਾਸ਼ੂਕ
ਤੇ ਅੰਤਾਂ ਦਾ ਪਿਆਰ!

ਦੁੱਧ ਤੇ ਅੱਗ ਦੇ
ਰਿਸ਼ਤੇ
‘ਚ ਬੱਝੀ ਹੋਂਦ
ਹੱਦਾਂ ਤੇ ਰੰਗਾਂ ਨੂੰ ਚੁਣੌਤੀ
ਦਿੰਦੀ ਹੈ ਹਵਾ ਵਾਂਗ!


ਦੁੱਧ ਕਾਲ਼ਾ ਨਹੀਂ ਹੁੰਦਾ!!!
ਅੱਗ ਕਾਲ਼ੀ ਨਹੀਂ ਹੁੰਦੀ!!!



ਦੁੱਧ ਦੇ ਮੌਸਮ ‘ਚ
ਦੁੱਧ ਦੀ ਗੱਲ
ਅੱਗ ਦੇ ਮੌਸਮ
‘ਚ ਅੱਗ ਦੀ ਗੱਲ


ਕਰਨ ਵਾਲ਼ੇ
ਮੁਹੱਬਤੀ ਇਨਸਾਨ ਦੀ
ਕੋਈ ਸਰਹੱਦ ਨਹੀਂ ਹੁੰਦੀ!

ਸਿਮਰਤੀਆਂ ਦਾ ਮੌਸਮ ਹੈ!
ਨਜ਼ਮ ਫੇਰ ਅਫ਼ਰੀਕਾ ਬਣੀ
ਮੇਰੇ ਸੌਂਹੇਂ ਖੜ੍ਹੀ ਹੈ!
****
( ਪੇਂਟਿੰਗ
– ਜਿਓਰਜੀਆ ਕੁੰਜ਼ ਦੇ ਬਲੌਗ ਤੋਂ ਧੰਨਵਾਦ ਸਹਿਤ )







Thursday, April 21, 2011

ਰਵਿੰਦਰ ਰਵੀ - ਨਜ਼ਮ

‘ਮੈਂ-ਕੁ-ਭਰ’ ਅਸਮਾਨ

ਨਜ਼ਮ


ਮੈਂ ਤਾਂ ਮੰਗਿਆ ਸੀ ਕੇਵਲ ਇਕ


‘ਮੈਂ-ਕੁ-ਭਰ’ ਅਸਮਾਨ


ਜਾਗ ਪਏ ਕਿਉਂ ਮੇਰੇ ਅੰਦਰੋਂ


ਸੁੱਤੇ ਸਦੀਆਂ ਦੇ ਨਿਸ਼ਾਨ?



ਕਦੇ ਕਦੇ ਇਓਂ ਜਾਪੇ, ਜੀਕੂੰ


ਮੁੱਠੀ ਦੇ ਵਿਚ ਧਰਤੀ ਹੋਵੇ,


ਨਜ਼ਰਾਂ ਵਿਚ ਅਸਮਾਨ



ਦੂਜੇ ਪਲ ਹੀ ਇਓਂ ਜਾਪੇ ਜਿਓਂ


ਮੇਰੇ ਅੰਦਰ ਟੁੱਟ ਬਿਖਰਿਆ


ਅੱਖਰ, ਅੱਖਰ ਜੋੜ ਬਣਾਇਆ


ਕੁੱਲ ਇਤਿਹਾਸ ਤੇ ਸਗਲ ਧਿਆਨ



ਮੈਂ ਵਿਚ ਮਸਤੀ, ਮੈਂ ਵਿਚ ਹਸਤੀ


ਮੈਂ ਵਿਚ ਸੂਰਜ, ਚੰਦ, ਸਿਤਾਰੇ


ਮੈਂ ਵਿਚ ਬਾਗ਼, ਹੁਸਨ ਤੇ ਸਾਗਰ


ਮੈਂ-ਚਿੰਤਨ ਵਿਚ ਸਗਲ ਨਜ਼ਾਰੇ



‘ਮੈਂ ਜਿੰਨਾਂ ਹੀ’, ਪਿਆਰ ਸੀ ਮੰਗਿਆ


ਔਰਤ ਸੁਹਣੀ, ਮਨ ਦੀ ਹਾਣੀ



ਮੈਂ ਜੋ ਸੋਚਾਂ, ਉਹ, ਉਹ ਸੋਚੇ


ਉਹ ਮਹਿਸੂਸੇ, ਮੈਂ ਹੱਸਾਸ



ਜਨਮ, ਜਨਮ ਤੋਂ ਉਸ ਨੂੰ ਮੇਰੀ, ਮੇਰੀ ਉਸ ਨੂੰ


ਤੇਹ, ਤ੍ਰਿਸ਼ਨਾ ਤੇ ਪਿਆਸ



ਮੈਂ ਚਾਹਿਆ ਮੈਂ, ਮੈਂ ਬਣ ਜੀਵਾਂ


ਧੁੱਪ ਤੇ ਥਲ ਵੀ ਰੂਪ ਨੇ ਮੇਰੇ


ਮੈਂ ਦੇ ਘੜੇ ‘ਚੋਂ ‘ਮੈਂ-ਜਲ’ ਪੀਵਾਂ



ਮੇਰੀ ਮੈਂ, ਪਰ ਵਿਣਤਨ ਆ ਗਏ


ਸਿਆਸੀ ਅਤੇ ਸਮਾਜੀ ਦਰਜ਼ੀ


ਚੌਖਟਿਆਂ ਵਿਚ ਕੱਟ, ਫਿੱਟ ਕਰਦੇ


ਮੇਰੀ ਮਰਜ਼ੀ, ਸਮੇਂ ਦੇ ਦਰਜ਼ੀ



ਮੈਨੂੰ ‘ਮੈਂ’ ਤੋਂ ‘ਅ-ਮੈਂ’ ਬਣਾਇਆ


ਮੇਰੀ ਹਰ ਸੂਰਤ ਦੇ ਉੱਤੇ


ਉਹਨਾਂ ਆਪਣਾ ਖੋਲ ਚੜ੍ਹਾਇਆ



ਚਿੱਪਰ, ਚਿੱਪਰ ਕਰ, ਟੁੱਟ ਬਿਖਰੀ


ਮੇਰੇ ਸੌਹੇਂ, ਮੇਰੀ ਪਛਾਣ


ਇਕ, ਇਕ ਕਰਕੇ, ਝੜੇ ਵਿਲੱਖਣ,


ਸਮਝੇ ਸੀ ਜੁ, ‘ਮੈਂ-ਨਿਸ਼ਾਨ’



ਆਪੇ ਵਿਚ ਅਨਾਪ ਭੋਗਦਾ,


ਕੈਸਾ ਇਹ ਸਰਾਪ!!!


ਸੋਚ, ਅਹਿਸਾਸ, ਬੇਗਾਨੇ ਹੋਏ,


ਕੈਸਾ ਇਹ ਸੰਤਾਪ???

Sunday, March 13, 2011

ਰਵਿੰਦਰ ਰਵੀ - ਨਾਟਕ ਲਿਖਣ ਵਲ ਮੇਰਾ ਪਹਿਲਾ ਕਦਮ: ਇਕ ਅਭੁੱਲ ਯਾਦ - ਨਜ਼ਮ

ਦੋਸਤੋ! ਮੈਨੂੰ ਇਹ ਸੂਚਨਾ ਸਾਂਝੀ ਕਰਦਿਆਂ ਦਿਲੀ ਖ਼ੁਸ਼ੀ ਹੋ ਰਹੀ ਹੈ ਕਿ ਕੈਨੇਡਾ ਨਿਵਾਸੀ ਪ੍ਰਸਿੱਧ ਪੰਜਾਬੀ ਲੇਖਕ ਤੇ ਇਆਪਾ (I.A.P.A.A.) ਦੇ ਪ੍ਰਧਾਨ ਰਵਿੰਦਰ ਰਵੀ ਜੀ ਨੂੰ 2 ਅਪ੍ਰੈਲ, 2011 ਨੂੰ, ਯੂ.ਬੀ.ਸੀ. ਦੇ ਏਸ਼ੀਅਨ ਸੈਂਟਰ ਵਿਚ ਆਯੋਜਿਤ ਕੀਤੇ ਜਾ ਰਹੇ “ਸੈਲੀਬਰੇਸ਼ਨ ਆਫ ਪੰਜਾਬੀ” ਭਾਵ “ਪੰਜਾਬੀ ਦਾ ਜਸ਼ਨ” ਸਮਾਗਮ ਵਿਚ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (UBC), ਵੈਨਕੂਵਰ, ਕੈਨੇਡਾ ਵੱਲੋਂ “ਜੀਵਨ-ਕਾਲ ਪ੍ਰਾਪਤੀ ਪੁਰਸਕਾਰ”(Life Time Achievement Award) ਨਾਲ਼ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਨੇ ਵੀ 26 ਮਾਰਚ, 2011 ਨੂੰ, ਸਰੀ, ਬੀ.ਸੀ., ਕੈਨੇਡਾ ਵਿਖੇ ਹੋ ਰਹੇ ਆਪਣੇ ਸਾਲਾਨਾ ਸਮਾਗਮ ਵਿਚ, ਉਹਨਾਂ ਨੂੰ “ਜੀਵਨ-ਕਾਲ ਪ੍ਰਾਪਤੀ ਪੁਰਸਕਾਰ” ਨਾਲ਼ ਸਨਮਾਨਿਤ ਕਰਨ ਦੀ ਘੋਸ਼ਨਾ ਕੀਤੀ ਹੈ। ਇਹਨਾਂ ਸਮਾਗਮਾਂ ਦੀ ਵਿਸਤਾਰਤ ਜਾਣਕਾਰੀ ‘ਆਰਸੀ ਸੂਚਨਾਵਾਂ ’ ਬਲੌਗ ‘ਤੇ ਪੋਸਟ ਕਰ ਦਿੱਤੀ ਗਈ ਹੈ। ਆਰਸੀ ਪਰਿਵਾਰ ਵੱਲੋਂ ਰਵੀ ਸਾਹਿਬ ਨੂੰ ਇਹ ਦੋਵੇਂ ਐਵਾਰਡ ਮਿਲ਼ਣ ‘ਤੇ ਦਿਲੀ ਮੁਬਾਰਕਬਾਦ!

ਅਦਬ ਸਹਿਤ

ਤਨਦੀਪ ਤਮੰਨਾ

*******

1965-66 ਦੀ ਗੱਲ ਹੈ, ਡਾ. ਸੁਰਜੀਤ ਸਿੰਘ ਸੇਠੀ, ਜਲੰਧਰ ਦੇ ਆਕਾਸ਼ਵਾਣੀ ਕੇਂਦਰ ਵਿਚ, ਪੰਜਾਬੀ ਪ੍ਰੋਗਰਾਮਾਂ ਦਾ ਪ੍ਰੋਡਿਊਸਰ ਲੱਗਾ ਹੋਇਆ ਸੀ। ਉਨ੍ਹਾਂ ਦਿਨਾਂ ਵਿਚ, ਮੈਂ ਜ਼ਿਲਾ ਜਲੰਧਰ ਦੇ ਪਿੰਡ ਤਲਵਣ ਦੇ ਗੌਰਮੈਂਟ ਹਾਇਰ ਸੈਕੰਡਰੀ ਸਕੂਲ ਵਿਚ ਪੰਜਾਬੀ ਅਤੇ ਅੰਗਰੇਜ਼ੀ ਦਾ ਅਧਿਆਪਕ ਸਾਂ। ਦੂਰਦਰਸ਼ਨ ਦੇ ਆਉਣ ਤੋਂ ਪਹਿਲਾਂ, ਉਸ ਸਮੇਂ, ਆਕਾਸ਼ਵਾਣੀ(ਰੇਡੀਓ) ਹੀ ਪੰਜਾਬੀ ਸਾਹਿਤਕਾਰਾਂ ਦੀਆਂ ਗਤੀ-ਵਿਧੀਆਂ ਦਾ ਕੇਂਦਰ ਹੰਦਾ ਸੀ।

------

ਆਕਾਸ਼ਵਾਣੀ ਤੋਂ “ਕਵਿਤਾ-ਪਾਠ” ਕਰਨਾ, ਇਕ ਵੱਕਾਰੀ ਕੰਮ ਸਮਝਿਆ ਜਾਂਦਾ ਸੀ। ਇਕ ਦਿਨ, ਸਪਤਾਹ-ਅੰਤ ਉੱਤੇ, ਜਲੰਧਰ ਦੇ ਕਾਫੀ ਹਾਊਸ ਵਿਚ ਬੈਠੇ ਸਾਂ, ਕਿ ਸੁਰਜੀਤ ਸਿੰਘ ਸੇਠੀ ਆ ਧਮਕਿਆ। ਉਸ ਨੂੰ ਨਵੇਂ ਨਵੇਂ ਪ੍ਰਯੋਗ ਕਰਨ ਦਾ ਬੜਾ ਸ਼ੌਕ ਸੀ, ਕਹਿਣ ਲੱਗਾ:

.........

“ਰਵੀ ਯਾਰ! ਮੇਰੇ ਲਈ ਕੋਈ ਨਾਟਕੀ ਕਵਿਤਾ ਲਿਖ, ਜਿਸ ਨੂੰ ਵੱਖ, ਵੱਖ ਆਵਾਜ਼ਾਂ ਅਤੇ ਨਾਟਕੀ ਰੂਪ ਵਿਚ , ਧੁਨੀ-ਪ੍ਰਭਾਵਾਂ ਦੀ ਸਿਰਜਣਾਂ ਕਰ ਕੇ, ਮੈਂ ਆਕਾਸ਼ਵਾਣੀ ਤੋਂ ਪ੍ਰਸਤੁਤ ਕਰ ਸਕਾਂ। ਮੈਂ ਇਨ੍ਹਾਂ ਰਵਾਇਤੀ ਕਵਿਤਾ-ਪਾਠਾਂ ਤੋਂ ਬੋਰ ਹੋ ਚੁੱਕਾ ਹਾਂ। ਕੁਝ ਨਵਾਂ ਕਰਨਾਂ ਤੇ ਕਰਵਾਉਣਾ ਚਾਹੁੰਦਾ ਹਾਂ। ਕੀ ਤੂੰ ਮੇਰੇ ਲਈ ਇਹ ਕਰ ਸਕੇਂਗਾ?”

ਮੈਂ, ਜਕੋ ਤਕੀ ਵਿਚ, ਸੇਠੀ ਨੂੰ ਹਾਂ ਕਰ ਦਿੱਤੀ।

------

ਬੱਸ ਵਿਚ, ਤਲਵਣ ਵਾਪਸ ਪਰਤਦਿਆਂ, ਇਹ ਨਾਟਕੀ ਕਵਿਤਾ ਮੇਰੇ ਸਿਰ ਉੱਤੇ ਸਵਾਰ ਸੀ। ਮੇਰੇ ਦਿਲ, ਦਿਮਾਗ਼ ਉੱਤੇ ਛਾਈ ਹੋਈ ਸੀ। ਜ਼ਿੰਦਗੀ ਦੇ ਕੁਝ ਕੌੜੇ ਤੇ ਵਿਸ਼ਾਦ-ਗ੍ਰਸਿਤ ਸੱਚ ਵੀ ਉਸ ਸਮੇਂ ਇਸ ਨਾਟਕੀ ਅਨੁਭਵ ਨਾਲ ਅੰਤਰ-ਕਿਰਿਆ ਕਰ ਰਹੇ ਸਨ। ਇਸੇ ਮਾਨਸਕ ਅਵਸਥਾ ਵਿੱਚੋਂ, ਮੇਰੀ ਪਹਿਲੀ ਨਾਟਕੀ ਕਵਿਤਾ: “ਮੈਂ ਕਿਸ ਨਗਰੀ ਵਿਚ ਭਟਕ ਰਿਹਾ?” ਦਾ ਜਨਮ ਹੋਇਆ। ਸੇਠੀ ਨੇ ਬੜੇ ਹੀ ਪ੍ਰਭਾਵਸ਼ਾਲੀ ਰੂਪ ਵਿਚ, ਇਸ ਕਵਿਤਾ ਨੂੰ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਤ ਕੀਤਾ। ਉਹ ਬੜਾ ਖ਼ੁਸ਼ ਸੀ।

-----

ਇਹ ਕਵਿਤਾ, ਕੀਨੀਆ ਜਾਣ ਉਪਰੰਤ, 1967 ਵਿਚ ਪ੍ਰਕਾਸ਼ਤ ਹੋਏ ਮੇਰੇ ਕਾਵਿ-ਸੰਗ੍ਰਹਿ: “ਮੌਨ ਹਾਦਸੇ” ਵਿਚ ਛਪ ਕੇ ਉਚੇਚੀ ਚਰਚਾ ਦਾ ਵਿਸ਼ਾ ਬਣੀ। 1980 ਵਿਚ ਜਦੋਂ ਮੈਂ ਆਪਣੇ ਦੂਸਰੇ ਕਾਵਿ-ਨਾਟਕ: “ਦਰ ਦੀਵਾਰਾਂ ” ਦੀ ਸਿਰਜਣਾ ਕਰ ਰਿਹਾ ਸਾਂ, ਤਾਂ ਇਹ ਨਾਟਕੀ ਕਵਿਤਾ ਮੇਰੇ ਅਵਚੇਤਨ ਵਿੱਚੋਂ ਬਾਹਰ ਨਿਕਲ ਕੇ, ਮੇਰੇ ਸਾਹਮਣੇ ਆ ਬੈਠੀ।

-----

1981 ਵਿਚ ਛਪੇ ਆਪਣੇ ਇਸ ਕਾਵਿ-ਨਾਟਕ: “ਦਰ ਦੀਵਾਰਾਂ ” ਦਾ ਆਰੰਭ, ਮੈਂ ਇਸੇ ਕਵਿਤਾ ਦੇ ਨਾਲ, ਇਸ ਨੂੰ, ਨਵੇਂ ਸਿਰਿਓਂ ਨਾਟਕੀ ਵਿਉਂਤ ਵਿਚ, ਪੁਨਰ-ਸੁਰਜੀਤ ਕਰ ਕੇ ਕੀਤਾ।

ਰਵਿੰਦਰ ਰਵੀ

*******

ਪੇਸ਼ ਹੈ ਇਕ ਅਭੁੱਲ ਯਾਦ, ਇਹ ਕਵਿਤਾ:

ਮੈਂ ਕਿਸ ਨਗਰੀ ਵਿਚ ਭਟਕ ਰਿਹਾ???

ਨਜ਼ਮ

ਕਵੀ: ਮੈਂ ਕਿਸ ਨਗਰੀ ਵਿਚ ਭਟਕ ਰਿਹਾ?

ਮੈਂ ਕਿਸ ਨਗਰੀ ਵਿਚ ਭਟਕ ਟਿਹਾ??

...........

ਇਸ ਨਗਰੀ ਰੁੱਖ ਹੈ, ਛਾਂ ਨਹੀਂ!

ਇਸ ਨਗਰੀ, ਸੜਕ ਬਿਨਾ ਮੰਜ਼ਿਲ,

ਇਕ ਗੋਰਖਧੰਦੇ ਵਿਚ ਉਲ਼ਝੀ!

..............

ਆਵਾਜ਼-1: ਤੂੰ ਕਿਸ ਮੰਜ਼ਿਲ ਦਾ ਅਭਿਲਾਸ਼ੀ?

ਤੂੰ ਕਿਹੜੀ ਛਾਂ ਦਾ ਮੁਤਲਾਸ਼ੀ?

..........

ਕਵੀ: ਮੈਨੂੰ ਪਤਾ ਨਹੀਂ ਆਪਣੀ ਮੰਜ਼ਿਲ ਦਾ,

ਮੈਨੂੰ ਆਪਣੀ ਛਾਂ ਤੋਂ ਡਰ ਆਵੇ!

ਮੇਰੀ ਹੋਂਦ ਗਈ ਹੈ ਪਰਛਾਵੀਂ,

ਮੇਰੇ ਕੰਬਦੇ ਕਦਮਾਂ ਦੀ ਥਿੜਕਣ,

ਪਈ ਆਪਣੀ ਤੋਰ ਤੋਂ ਕਤਰਾਵੇ!

ਪਰ ਦੂਰ ਨਜ਼ਰ ਦੀ ਸੀਮਾਂ ‘ਤੇ,

ਕੋਈ ਅਦ੍ਰਿਸ਼ ਮੰਜ਼ਲ ਖਿੱਚ ਪਾਵੇ!

ਨਾ ਨਜ਼ਰ ਆਵੇ, ਨਾ ਕੋਲ਼ ਆਵੇ!

ਕੋਈ ਅਜਨਬੀ ‘ਵਾਜ ਪਈ ਆਵੇ!

..........

ਪਿਛੋਕੜ ‘ਚੋਂ “ਅਨਾਰਕਲੀ ” ਫਿਲਮ ਦੇ ਗੀਤ ਦੇ, ਹੇਠ ਲਿਖੇ ਬੋਲ ਗੂੰਜਦੇ ਹਨ:

“ਆ ਜਾ, ਅਬ ਤੋ ਆ ਜਾ,

ਮੇਰੀ ਕਿਸਮਤ ਕੇ ਖ਼ਰੀਦਾਰ,

ਅਬ ਤੋ ਆ ਜਾ!”

..........

ਕਵੀ: ਮੈਂ ਤੁਰਾਂ, ਤਾਂ ਉਲਝਾਂ ਮੋੜਾਂ ਵਿਚ,

ਜਾਂ ਬੰਦ ਗਲ਼ੀ ਦੀਆਂ ਸੌੜਾਂ ਵਿਚ!

ਮੇਰੇ ਕਦਮ ਰੁਕਣ, ਤਾਂ ਪੁੱਜ ਜਾਵਣ,

ਆਪਣੇ ਹੀ ਮਨ ਦੀਆਂ ਔੜਾਂ ਵਿਚ!

.........

ਆਵਾਜ਼-1: ਤੂੰ ਸਘਨ ਨਗਰ ਵਿਚ ਕਿੰਜ ‘ਕੱਲਾ?

ਕਿੰਜ ਭਰੀ ਭੀੜ ਵਿਚ ਸੱਖਣਾ ਤੂੰ?

ਕੋਈ ਹੀਲਾ ਕਰ, ਕੋਈ ਜੁਗਤ ਬਣਾ,

ਲੱਭ ਘਰ ਕੋਈ, ਜਾਂ ਕੋਈ ਦਰਵਾਜ਼ਾ!

...........

ਕਵੀ: ਏਥੇ ਘਰ ਹਨ, ਪਰ ਦਰਵਾਜ਼ੇ ਨਹੀਂ!

ਏਥੇ ਚਿਹਰੇ ਹਨ, ਪਹਿਚਾਣ ਨਹੀਂ

ਤੇ ਆਵਾਜ਼ਾਂ ਵਿਚ ਮਾਣ ਨਹੀਂ –

ਵਿਸ਼ਵਾਸ ਨਹੀਂ, ਧਰਵਾਸ ਨਹੀਂ!

ਮੇਰੇ ਸਿਰ ‘ਤੇ ਮੌਤ ਦਾ ਬੋਝ ਜਿਹਾ,

ਮੈਂ ਜੀਵਨ ਦੇ ਲਈ ਜੂਝ ਰਿਹਾ!

ਮੇਰੇ ਦੁਆਲੇ ਮੇਰੀ ਕਾਰ ਵਲੀ,

ਮੈਂ ਆਪਣੀ ਹੋਂਦ ‘ਚ ਘਿਰਿਆ ਹਾਂ!

ਨਾ ਹਮਦਰਦੀ, ਨਾ ਹਮਰਾਹੀ!

ਮੈਂ ਕੱਲਾ ਹਾਂ, ਮੈਂ ਸੱਖਣਾ ਹਾਂ,

ਹੈ ਕੌਣ ਜੁ ਮੈਨੂੰ ਅਪਣਾਵੇ???

..........

ਆਵਾਜ਼-1: ਕੋਈ ਹੀਲਾ ਕਰ, ਕੋਈ ਜੁਗਤ ਬਣਾ,

ਤਕ ਸੂਰਜ ਸਿਰ ‘ਤੇ ਚਮਕ ਰਿਹਾ –

ਨਾ ਨਜ਼ਰ ਚੁਰਾ, ਨਾ ਨਜ਼ਰ ਚੁਰਾ,

ਨਾ ਨਜ਼ਰ ਚੁਰਾ!!!

.............

ਕਵੀ: ਮੇਰੀ ਰਚਨਾ ਅੰਦਰ ਸੂਰਜ ਨਹੀਂ,

ਨਾ ਚਾਨਣ ‘ਤੇ ਵਿਸ਼ਵਾਸ ਕੋਈ!

ਚਾਨਣ ਵਿਚ ਸ਼ੀਸ਼ਾ ਤੱਕਾਂ, ਤਾਂ

ਮੈਂ ਆਵਾਜ਼ਾਂ ਵਿਚ ਟੁੱਟ ਜਾਵਾਂ:

..........

ਆਵਾਜ਼-2: ਤੂੰ ‘ਕੱਲਾ ਕਾਰਾ ਰਾਹੀ ਹੈਂ,

ਤੂੰ ਆਪਣੀ ਆਪ ਤਬਾਹੀ ਹੈਂ!

..........

ਆਵਾਜ਼-3: ਤੂੰ ਕੁਹਜਾ, ਅੰਦਰੋਂ ਮਧਰਾ ਹੈਂ,

ਤੂੰ ਸੱਖਣਾ, ਅਪ੍ਰਮਾਣਿਕ ਹੈਂ!

..........

ਆਵਾਜ਼-4: ਤੇਰੇ ਸਿਰ ‘ਤੇ ਪ੍ਰੇਤ ਦਾ ਸਾਇਆ ਹੈ,

ਤੂੰ ਸਵੈ ਨੂੰ ਹੀ ਅਪਣਾਇਆ ਹੈ!

...........

ਆਵਾਜ਼-1: ਇਸ ਨਗਰੀ ਤੇਰਾ ਮੀਤ ਨਹੀਂ,

ਇਸ ਨਗਰੀ ਤੇਰੀ ਪ੍ਰੀਤ ਨਹੀਂ!

ਨਾ ਮੰਜ਼ਿਲ, ਨਾ ਕੋਈ ਰਾਹ ਤੇਰਾ......

ਜਾ ਦੂਰ ਚਲਾ ਜਾ, ਦੂਰ ਚਲਾ ਜਾ,

ਦੂਰ ਚਲਾ ਜਾ!!!

...........

ਕਵੀ: ਮੈਂ ਤੁਰਾਂ, ਤਾਂ ਉਲਝਾਂ ਮੋੜਾਂ ਵਿਚ,

ਜਾਂ ਬੰਦ ਗਲ਼ੀ ਦੀਆਂ ਸੌੜਾਂ ਵਿਚ!

ਮੇਰੇ ਕਦਮ ਰੁਕਣ, ਤਾਂ ਪੁੱਜ ਜਾਵਣ,

ਆਪਣੇ ਹੀ ਮਨ ਦੀਆਂ ਔੜਾਂ ਵਿਚ!

ਮੈਂ ਕਿਸ ਨਗਰੀ ਵਿਚ ਭਟਕ ਰਿਹਾ?

ਮੈਂ ਕਿਸ ਨਗਰੀ ਵਿਚ ਭਟਕ ਰਿਹਾ??

ਮੈਂ ਕਿਸ ਨਗਰੀ ਵਿਚ ਭਟਕ ਰਿਹਾ???

Monday, October 4, 2010

ਰਵਿੰਦਰ ਰਵੀ - ਨਜ਼ਮ

ਇਕ ਬੇਨਾਮ ਇਸ਼ਕ

ਨਜ਼ਮ

(ਪਿਛਲੇ ਸੱਤ ਸਾਲਾਂ ਵਿਚ, ਦਿਲ ਦੇ ਕਈ ਅਪ੍ਰੇਸ਼ਨਾਂ ਤੋਂ ਬਾਅਦ, 10 ਮਈ, 2010 ਨੂੰ ਹੋਏ , ਸੱਜੀ ਅੱਖ ਦੇ ਅਪ੍ਰੇਸ਼ਨ ਤੋਂ ਬਾਅਦ )

*****

*ਟੁੱਟੇ ਘਰ ਨੂੰ ਉਲਟ ਪੁਲਟ ਕਰ

ਪੁਲਸ ਕਰੇ ਪੜਤਾਲ ਜਿਵੇਂ

ਦਿਲ ਦੇ ਹਮਲੇ ਪਿੱਛੋਂ ਸੁੰਨੀ

ਹੋਂਦ ਦਾ ਹੋਇਆ ਹਾਲ ਇਵੇਂ

ਹੋਂਦ, ਹੋਣ, ਨਿਹੋਂਦ ਦੇ ਵਿਚ ਤਾਂ

ਪੁਲਸਰਾਤ ਦੀ ਖੇਡ ਵੱਸੇ

ਬਚ ਕੇ ਕੋਈ ਨਾ ਲੰਘਿਆ ਏਥੋਂ,

ਬਚੇ ਜੁ, ਉਹ ਹੀ ਭੇਦ ਦੱਸੇ

ਦਿਲ ‘ਚੋਂ ਕੁਝ ਨਾ ਲੱਭਿਆ, ਤਾਂ ਫਿਰ

ਅੱਖ ਨੂੰ ਆ ਬਘਿਆੜੀ ਪਾਈ

ਸ਼ਾਇਰ ਦਾ ਸੰਸਾਰ ਨਿਰਾਲਾ,

ਇਸ ਵਿਚ ਵੱਸਿਆ, ਦਿਸਦਾ ਈ ਨਹੀਂ

ਲਹੂ ਲੁਹਾਣ ਨਜ਼ਰਾਂ ਦੇ ਅੰਦਰ

ਚਸਕਾਂ ਪੈਂਦੀਆਂ ਪੀੜ ਦੀਆਂ

ਕੁਝ ਦਰ ਖੁੱਲ੍ਹਣ ਆਪ ਮੁਹਾਰੇ,

ਕੁਝ ਦਰ ਆਪੂੰ ਭੀੜਦੀਆਂ

ਤੇਰੇ ਨਾਲ ਮੁਹੱਬਤੀ ਸੱਜਣਾ

ਜੀਵਨ ਇਕ ਸ਼ਰਾਰਤ ਸੀ

ਆਪਣੇ ਆਪ ਵਿੱਚੋਂ ਤੈਨੂੰ ਵੇਖਣ

ਦੀ ਇਹ ਇਕ ਮੁਹਾਰਤ ਸੀ

ਤੇਰੇ ਸਿਹਰਿਆਂ ਵਾਲੇ ਤੈਨੂੰ

ਧੀ, ਪੁੱਤ ਦਿੱਤੇ ਲਾਲ ਕਈ

ਸਾਡੇ ਦਰ ਤੂੰ ਮੁੜ, ਮੁੜ ਆਈ,

ਆਪਣੀ ਅਸਲੀ ਭਾਲ ਲਈ

ਤਨ ਦੀ ਭਾਸ਼ਾ ਅਸੀਂ ਵੀ ਬੋਲੀ,

ਮਨ ਦੇ ਅਰਥ ਪਛਾਨਣ ਲਈ -

ਤਨ ਨੂੰ ਤੇਹ, ਮਨ ਨੂੰ ਸੰਤੋਸ਼,

ਮਿਲੇ ਸੀ ਆਪਾ ਛਾਨਣ ਲਈ

ਕਿਤਨੀਆਂ ਦੇਹਾਂ, ਇਸ ਦੇਹ ਅੰਦਰ,

ਘੁਲ਼ ਮਿਲ਼, ਫਿਰ ਕਾਫੂਰ ਹੋਈਆਂ?

ਚੇਤੰਨਤਾ ਦਾ ਸਾਗਰ-ਮੰਥਨ,

ਸੋਮਰਸ ਨੂੰ ਝੂਰ ਰਹੀਆਂ

ਅਹਿਸਾਸਾਂ ਦੀ ਸਾਂਝ ‘ਚ ਵੱਸੇ

ਤੇਰਾ ਮੇਰਾ ਪਿਆਰ ਇਵੇਂ,

ਥਲ ਵਿਚ ਠੇਡੇ ਖਾ, ਖਾ ਸੁਫ਼ਨਾ,

ਖੇੜ ਲਵੇ ਗੁਲਜ਼ਾਰ ਜਿਵੇਂ

ਦਿਲ, ਅੱਖ ਚੀਰ ਵੀ ਲੱਭਾ ਨਾ, ਨਾਂ,

ਤੇਰਾ ਗਰਮ ਹਵਾਵਾਂ ਨੂੰ

ਪਿੰਡ ਬ੍ਰਹਿਮੰਡ ਹੁਣ ਇਕ ਮਿਕ ਹੋਏ

ਪਕੜੇ ਕੌਣ ਦਿਸ਼ਾਵਾਂ ਨੂੰ???

ਟੁੱਟੇ ਘਰ ਨੂੰ ਉਲਟ ਪੁਲਟ ਕਰ

ਪੁਲਸ ਕਰੇ ਪੜਤਾਲ ਜਿਵੇਂ

ਦਿਲ ਦੇ ਹਮਲੇ ਪਿੱਛੋਂ ਸੁੰਨੀ

ਹੋਂਦ ਦਾ ਹੋਇਆ ਹਾਲ ਇਵੇਂ

*****

# ਟੁੱਟੇ ਘਰ – ਜਿਸ ਘਰ ਵਿਚ ਚੋਰੀ ਹੋਈ ਜਾਂ ਡਾਕਾ ਪਿਆ ਹੋਵੇ ( Broken House )


Monday, September 6, 2010

ਰਵਿੰਦਰ ਰਵੀ - ਨਜ਼ਮ

ਸੱਸੀ, ਸਾਹਿਬਾਂ ਤੇ ਹੀਰ ਦੀ ਊਲ ਜਲੂਲ ਤਸਵੀਰ

ਨਜ਼ਮ

ਤੂੰ ਹਰ ਔਰਤ ਵਾਂਗ

ਇਕ ਘਰ ਦੀ ਇੱਛਾ ਪ੍ਰਗਟ ਕੀਤੀ, ਤਾਂ ਮੈਂ

ਇਕ ਝੀਲ ਚੁੱਕ ਲਿਆਇਆ, ਤੇ ਤੈਨੂੰ

ਇਸ ਦੇ ਖਿਤਿਜ ਵਿਚ ਘੁੰਮਦੇ ਕੰਢਿਆਂ ਦੁਆਲ਼ੇ

ਵਿਛੀ ਹੋਈ ਧਰਤੀ ਤੇ ਝੁਕਿਆ ਹੋਇਆ, ਅਸਮਾਨ ਵਿਖਾਇਆ,

ਇਸ ਘਰ ਵਿਚ ਦਰਾਂ ਤੇ ਦੀਵਾਰਾਂ ਦੀ ਗੁੰਜਾਇਸ਼ ਨਹੀਂ ਸੀ!!!

............

ਮੈਂ ਤੇਰੇ ਮੇਰੇ ਰਿਸ਼ਤੇ ਨੂੰ

ਖੁੱਲ੍ਹੀਆਂ ਹਵਾਵਾਂ ਵਿਚ ਮਹਿਕਾਂ ਵਾਂਗ ਖਿੱਲਰਦੇ,

ਫ਼ੈਲਦੇ, ਮਿਲਦੇ, ਸਾਹ ਲੈਂਦੇ, ਧੜਕਦੇ ਵੇਖਿਆ ਸੀ,

ਪਰ ਤੂੰ ਕਿਹਾ:

“ਝੀਲ ਦੇ ਪਾਣੀ ਵਿਚ ਖੜੋਤ ਹੈ,

ਇਹ ਸਾਡਾ ਘਰ ਕਿਵੇਂ ਹੋ ਸਕਦੀ ਹੈ?”

............

ਮੈਂ ਤੇਰੀਆਂ ਅੱਖਾਂ ਵਿਚ ਡੂੰਘੀ ਨੀਝ ਨਾਲ ਤੱਕਿਆ

ਆਪਣੇ ਅੰਦਰ ਫੜਫੜਾਇਆ

ਤੇ ਅੰਬਰ ਨੂੰ ਉਡਾਣ ਬਣਾ ਕੇ,

ਸੋਮੇ ਤੋਂ ਤੁਰ, ਸਮੁੰਦਰ ਵਿਚ ਸਮਾਇਆ,

ਦਰਿਆ ਚੁੱਕ ਲਿਆਇਆ -

ਦਰਿਆ ਦੇ ਪਾਣੀ ਵਿਚ ਘੁਲ਼ੀ ਜੰਮਣਹਾਰੀ ਮਿੱਟੀ ਨੂੰ, ਤੂੰ

“ਗੰਦੀ” ਆਖਿਆ

ਤੇ ਸਮੁੰਦਰ ਨੂੰ “ਖਾਰਾ”,

ਤੇਰੀ ਪਿਆਸ ਨੂੰ ਇਹ ਸਭ ਕੁਝ ਰਾਸ ਨਾ ਆਇਆ!

.............

ਮੈਂ ਤੇਰੇ ਡੂੰਘੇ ਨੈਣਾਂ ਵਿਚ ਵੇਖਦਿਆਂ

ਤੇਰੀਆਂ ਜ਼ੁਲਫ਼ਾਂ ਨੂੰ ਛੰਡਿਆ, ਹਿਲਾਇਆ –

ਮੇਰੀ ਦੀਵਾਨਗੀ ਨੇ ਹਰ ਤਰਫ਼

ਘਨਘੋਰ ਘਟਾਵਾਂ ਦਾ ਸਿਲਸਿਲਾ ਫ਼ੈਲਾਇਆ,

ਤਾਂ ਤੂੰ ਡਰ ਕੇ ਮੇਰੇ ਨਾਲ਼ ਆ ਜੁੜੀ -

ਤੈਨੂੰ ਘਟਾਵਾਂ ਦੀ ਗਰਜ,

ਤੇ ਬਿਜਲੀ ਦੀ ਕੜਕ ਤੋਂ ਭੈਅ ਆਉਂਦਾ ਸੀ,

ਤੈਨੂੰ ਇਨ੍ਹਾਂ ਦੇ ਹੇਠ ਫ਼ੈਲਿਆ ਨ੍ਹੇਰਾ ਵੀ ਨਹੀਂ ਭਾਉਂਦਾ ਸੀ

.............

ਤੂੰ ਹੁਣ ਚਾਨਣ ਦੀ ਇੱਛਾ ਕੀਤੀ,

ਮੈਂ ਕਲਮ ਚੁੱਕੀ ਤੇ ਉਸ ਦੀ ਰੌਸ਼ਨੀ ਨਾਲ਼,

ਸੂਰਜ ਬਣਾਇਆ -

ਚੁੰਧਿਆਈਆਂ ਅੱਖੀਆਂ ਨਾਲ ਤੂੰ ਕਿਹਾ:

“ਇਹ ਕਿਹਾ ਚਾਨਣ ਹੈ! ਨਿਰਾ ਅੱਗ ਦਾ ਗੋਲ਼ਾ -

ਕਿਰਨਾਂ ਦੇ ਤੀਰ ,

ਥਲ ਉੱਤੇ ਫ਼ੈਲਿਆ -

ਮੈਂ ਇਸ ਵਿਚ ਸੜ, ਬਲ਼, ਰਿੱਝ, ਮੁੱਕ ਜਾਵਾਂਗੀ!

ਮੈਂ ਮਰਨਾ ਨਹੀਂ ਚਾਹੁੰਦੀ!

ਮੈਨੂੰ ਸਿਰਫ਼ ਮੇਰੇ ਜੋਗੀ ਥਾਂ ਦੇ ਦੇ,

ਜਿੱਥੇ ਮੈਂ ਆਪਣਾਂ ਆਪ ਬਣ ਕੇ ਜੀਅ ਸਕਾਂ!”,

...................

ਮੈਂ ਤੈਨੂੰ ਦੂਰ ਅੰਬਰ ‘ਤੇ ਚੜ੍ਹੇ ਸੂਰਜ ਦੀ ਲੋਅ ਵਿਚ,

ਦਰਿਆਵਾਂ, ਥਲਾਂ ਨਾਲ ਤੋਰਦਾ,

ਸਮੁੰਦਰ ਤੱਕ ਲੈ ਆਇਆ -

ਝੀਲ ਵੀ ਮੇਰੇ ਨਾਲ਼ ਹੀ ਸੀ,

ਮੇਰੀਆਂ ਅੱਖਾਂ ਵਿਚ,

ਮੇਰੇ ਦਿਲ ‘ਚੋਂ ਛਲਕਦੀ –

ਮੈਂ ਕਿਹਾ:

“ਸਾਡਾ ਸਾਥ ਏਨਾ ਕੁ ਹੀ ਸੀ!

ਨਾ ਤੂੰ ਝੀਲ ਵਿਚ ਤਰੀ,

ਨਾ ਦਰਿਆ ਸੰਗ ਤੁਰੀ,

ਨਾ ਸਮੁੰਦਰ ਵਿਚ ਸਮਾਈ,

ਨਾ ਸੂਰਜ ਨਾਲ਼ ਚੜ੍ਹੀ –

ਧਰਤੀ ਨੂੰ ਛੂਹ ਕੇ ਵੀ ਤੂੰ ਨਿਛੁਹ ਰਹੀ –

ਅਸਮਾਨ ਦੀ ਉਚਾਈ ਵੀ ਤੂੰ

ਆਪਣੀਆਂ ਨਜ਼ਰਾਂ ਵਿਚ ਨਾ ਸਮਾਅ ਸਕੀ!!!

ਤੂੰ ਇੰਜ ਕਰ,

ਸੱਸੀ, ਸਾਹਿਬਾਂ ਤੇ ਹੀਰ ਦੇ ਜੁਦੇ ਜੁਦੇ ਰੰਗਾਂ ਤੋਂ -

ਇੱਕ ਇਕਾਈ ਵਿਚ ਬੱਝੀ –

ਇਕ ਨਵੀਂ ਤਸਵੀਰ ਬਣਾ

ਤੇ ਮੁਸਕਰਾ................

..................ਮੈਂ ਜ਼ਰੂਰ ਪਰਤਾਂਗਾ –

ਜਦੋਂ ਮੇਰੇ ਅੰਦਰਲੇ

ਪੁੰਨੂੰ, ਮਿਰਜ਼ੇ ਤੇ ਰਾਂਝੇ ਦੇ ਤਿੰਨੇ ਰੰਗ, ਆਪਸ ਵਿਚ ਘੁਲ਼ ਕੇ,

ਇਕ ਇਕਾਈ, ਇਕ ਤਸਵੀਰ ਬਣ ਚੁੱਕੇ ਹੋਣਗੇ!

ਅਲਵਿਦਾ!!!!!!!!!!!!!!!”


Friday, August 13, 2010

ਰਵਿੰਦਰ ਰਵੀ - ਨਜ਼ਮ

ਪ੍ਰਕਰਮਾ
ਨਜ਼ਮ

ਸੱਜਣ ਜੀ! ਅਸੀਂ ਫੇਰ ਤਿਹਾਏ!
.............

ਹਰ ਪਲ ਬੀਤੇ, ਬੀਤ ਬੀਤ ਕੇ,
ਤੇਹ ਆਪਣੀ ਦੁਹਰਾਏ!
ਤੇਹ ਦੀ ਤ੍ਰਿਪਤੀ ਜੇ ਹੋ ਜਾਵੇ,
ਕੁਲ ਜ਼ਿੰਦਗੀ ਰੁਕ ਜਾਏ!
ਤੇਹ ਵਿਚ ਅਮਲ, ਅਮਲ ਵਿਚ ਤੇਹ ਹੈ,
ਤੇਹ ਤ੍ਰਿਪਤੀ ਭਰਮਾਏ!
ਸੱਜਣ ਜੀ! ਅਸੀਂ ਫੇਰ ਤਿਹਾਏ!
...........

ਆਪਣੀ ਧੁਰੀ ਦੁਆਲੇ ਘੁੰਮ, ਘੁੰਮ,
ਪਵੇ ਨਾ ਧਰਤੀ ਮਾਂਦੀ!
ਬੀਤੇ ਰਾਹ ‘ਤੇ ਜਿਉਂ ਜਿਉਂ ਜ਼ਿੰਦਗੀ,
ਸੱਜਰੇ ਕਦਮ ਟਿਕਾਂਦੀ,
ਤਿਉਂ, ਤਿਉਂ ਆਪਣੀ ਪ੍ਰਕਰਮਾ ਦੇ,
ਅਰਥ ਵੀ ਬਦਲੀ ਜਾਏ!
ਸੱਜਣ ਜੀ ਅਸੀਂ ਫੇਰ ਤਿਹਾਏ!
............

ਦਿਹੁੰ ਰਾਤ ਦੋਏਂ ਕਰਮ ‘ਚ ਬੱਝੇ,
ਆਵਣ ਵਾਰੋ ਵਾਰੀ!
ਬਿਣਸ ਬਿਣਸ ਕੇ, ਵਿਗਸ, ਵਿਗਸ ਕੇ,
ਬਣਸਪਤਿ ਨਾ ਹਾਰੀ!
ਨਿਸਦਿਨ ਸੂਰਜ-ਰੇਖਾ ਭੋਂ ‘ਚੋਂ,
ਭੇਦ ਨਵਾਂ ਕੋਈ ਪਾਏ!
ਸੱਜਣ ਜੀ! ਅਸੀਂ ਫੇਰ ਤਿਹਾਏ!
.............
ਇਸ ਬਿੰਦੂ ਤੋਂ ਦੋਵੇਂ ਰੇਖਾਂ,
ਜਿਉਂ ਜਿਉਂ ਵਧਦੀਆਂ ਪਈਆਂ!
ਤਿਉਂ ਤਿਉਂ ਏਸ ਕੋਨ ਦੀਆਂ ਨਜ਼ਰਾਂ,
ਚੌੜੀਆਂ ਹੁੰਦੀਆਂ ਗਈਆਂ!
ਇਸ ਵਿਸ਼ਵਾਸ ਦੀਆਂ ਬਾਹਾਂ ਵਿਚ,
ਸੱਭੇ ਯੁੱਗ ਸਮਾਏ!
ਸੱਜਣ ਜੀ! ਅਸੀਂ ਫੇਰ ਤਿਹਾਏ!!!

=====

ਟਿਕਾਅ

ਨਜ਼ਮ

ਕੁਝ ਬਾਹਰੀ ਨਜ਼ਾਰਿਆਂ ‘ਚ ਖੋਇਆ

ਕੁਝ ਅੰਦਰ ਦੇ ਨਸ਼ੇ ‘ਚ ਮਸਤ

ਉਡਦਾ ਉਡਦਾ ਪੰਛੀ

ਅਜਾਣੇ ਹੀ

ਡਾਰ ਤੋਂ ਅਲੱਗ ਹੋ ਗਿਆ!

................

ਦੂਰ ਦੂਰ ਤਕ ਪਰਬਤ ਹਨ

ਖੱਡਾਂ, ਖਾਈਆਂ ਤੇ ਵਾਦੀਆਂ ਹਨ

ਕਦੇ ਨਿਰਮਲ, ਕਦੇ ਘਟਾਟੋਪ ਆਕਾਸ਼ ਹੇਠ

ਚਿਟੀਆਂ ਬਰਫ਼ਾਂ ਵਗਦੀਆਂ ਨਦੀਆਂ,

ਥਿਰ ਝੀਲਾਂ ਹਨ!

..............

ਪੰਛੀ ਨੇ ਪਰਬਤ ਦੀ ਉਚਾਈ

ਆਪਣੇ ਅੰਦਰ ਵਸਾ ਲਈ ਹੈ –

ਉਹ ਇਸ ਤੋਂ ਹੇਠਾਂ ਨਹੀਂ ਆਉਣਾ ਚਾਹੁੰਦਾ!

................

ਉਹ ਬਾਰ, ਬਾਰ ਪਰਬਤ ਵਲੋਂ

ਅਥਾਹ ਅੰਬਰ ਵਲਾਂ ਤਕਦਾ ਹੈ

ਪਰ ਆਪਣੇ ਆਪ ਤੋਂ,

ਉਚਾ ਨਹੀਂ ਉਠ ਸਕਦਾ!

............

ਇਕਸਾਰ ਟਿਕਾਅ ਜਿਹੇ ਵਿਚ ਉਸ ਦੀ ਉਡਾਣ

ਨਾ ਭੋਂ ਦੀ ਬਣੀ

ਨਾ ਆਪੇ ਤੋਂ ਉਚੇਰੇ ਆਕਾਸ਼ ਦੀ!

..............

ਉਹ ਲਗਾਤਾਰ: ਅੰਦਰ ਤੇ ਬਾਹਰ

ਖ਼ਲਾਅ ‘ਚ ਵਿਅਸਤ ਹੋ ਰਿਹਾ ਹੈ!!!

=====

ਚੇਤਨਾ

ਨਜ਼ਮ

ਮਰਨ ਵਾਲੇ ਨੂੰ

ਮਰਨ ਦੀ ਵਿਹਲ ਨਹੀਂ ਸੀ

ਜਿਊਣ ਵਾਲੇ ਨੂੰ ਜਿਊਣ ਦੀ ਚਾਹ ਨਹੀਂ!!!

..............

ਨਾ ਮਰ ਕੇ, ਮਰੇ

ਨਾ ਜੀ ਕੇ, ਜੀਵੇ!

..............

ਜੀਵਨ, ਮੌਤ ਨਾਲ, ਨਾਲ਼ ਚੁੱਕੀ,

ਸਮਵਿਥ,

ਭੋਗਦੇ ਰਹੇ ਕਿਸੇ ਹੋਰ ਦਾ ਜੀਵਨ –

ਭੁਗਤਦੇ ਰਹੇ

ਕਿਸੇ ਹੋਰ ਦੀ ਮੌਤ!

...........

ਵਿਚ ਵਿਚਾਲੇ,

ਖਿੱਚ-ਰਹਿਤ,

ਜ਼ੀਰੋ-ਖੇਤਰ.......ਚੇਤਨਾ!!!