ਦੋਸਤੋ! 19 ਸਿਤੰਬਰ, 1929 ਨੂੰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਫ਼ੈਜ਼ਾਬਾਦ ‘ਚ ਜਨਮੇ ਹਿੰਦੀ ਦੇ ਸਿਰਮੌਰ ਕਵੀ ਸਤਿਕਾਰਤ ਕੁੰਵਰ ਨਾਰਾਇਣ ਜੀ ਨੂੰ 2005 ਦੇ ‘ਗਿਆਨ ਪੀਠ ਪੁਰਸਕਾਰ’ ਨਾਲ਼ ਸਨਮਾਨੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਓਹ 1995 ‘ਚ ਕਾਵਿ-ਸੰਗ੍ਰਹਿ ‘ਕੋਈ ਦੂਸਰਾ ਨਹੀਂ ’ ਲਈ ‘ਸਾਹਿਤ ਅਕੈਡਮੀ ਪੁਰਸਕਾਰ’ ਨਾਲ਼ ਵੀ ਸਨਮਾਨੇ ਜਾ ਚੁੱਕੇ ਹਨ। ਉਹਨਾਂ ਦੀਆਂ ਪ੍ਰਮੁੱਖ ਲਿਖਤਾਂ ‘ਚ ਸ਼ਾਮਿਲ ਹਨ: ‘ਚੱਕਰਵਿਊ’ ( 1956), ‘ਪਰਿਵੇਸ਼ – ਹਮ-ਤੁਮ’ ( 1961), ‘ਆਤਮਜਯਈ ਪ੍ਰਬੰਧ ਕਾਵਯ’ (1965), ‘ਅਪਨੇ ਸਾਮਨੇ’ ( 1979), ‘ਕੋਈ ਦੂਸਰਾ ਨਹੀਂ’। ਆਰਸੀ ਦੇ ਸਮੂਹ ਪਾਠਕ / ਲੇਖਕ ਵਰਗ ਵੱਲੋਂ ਸਤਿਕਾਰਤ ਕੁੰਵਰ ਨਾਰਾਇਣ ਜੀ ਨੂੰ ਬਹੁਤ- ਬਹੁਤ ਮੁਬਾਰਕਾਂ! ਅੱਜ ਆਰਸੀ ਤੇ ਉਹਨਾਂ ਦੀਆਂ ਨਜ਼ਮਾਂ ਦਾ ਪੰਜਾਬੀ ਅਨੁਵਾਦ ਪੋਸਟ ਕਰਨ ‘ਚ ਮਾਣ ਮਹਿਸੂਸ ਕਰ ਰਹੀ ਹਾਂ! ਕੁੰਵਰ ਸਾਹਿਬ ਦੀ ਫੋਟੋ ਨਵਰਾਹੀ ਜੀ ਨੇ ਭੇਜੀ ਹੈ...ਬਹੁਤ ਧੰਨਵਾਦ ਨਵਰਾਹੀ ਜੀ!! ਆਦਮੀ ਦਾ ਚਿਹਰਾ
ਨਜ਼ਮ
“ਕੁਲੀ”! ਪੁਕਾਰਦੇ ਹੀ
ਮੇਰੇ ਅੰਦਰ ਕੋਈ ਹੈਰਾਨੀ ਹੋਈ...
ਇੱਕ ਆਦਮੀ ਖੜ੍ਹਾ ਹੋ ਗਿਆ
ਮੇਰੇ ਕੋਲ਼
ਸਮਾਨ ਸਿਰ ਤੇ ਲੱਦ ਕੇ
ਮੇਰੇ ਸਵੈ-ਅਭਿਮਾਨ ਤੋਂ
ਦਸ ਕਦਮ ਦੂਰ
ਤੁਰਨ ਲੱਗਾ।
ਓਹ.........
ਜੋ ਕਿੰਨੇ ਹੀ ਸਫ਼ਰਾਂ ‘ਚ
ਮੇਰਾ ਸਮਾਨ ਢੋਅ ਚੁੱਕਿਆ ਸੀ।
ਮੈਂ.........
ਓਹਦੇ ਚਿਹਰੇ ਤੋਂ ਓਹਨੂੰ
ਕਦੇ ਨਹੀਂ ਸੀ ਪਹਿਚਾਣਿਆ
ਸਿਰਫ਼ ਉਸ 'ਨੰਬਰ' ਤੋਂ ਜਾਣਿਆ
ਜੋ ਓਹਦੀ ਲਾਲ ਕਮੀਜ਼ ਤੇ
ਲੱਗਿਆ ਹੁੰਦਾ।
...................
.......ਅੱਜ.....
ਜਦੋਂ ਆਪਣਾ ਸਮਾਨ
ਆਪ ਚੁੱਕਿਆ
ਤਾਂ ..........
ਇੱਕ 'ਆਦਮੀ' ਦਾ ਚਿਹਰਾ
ਯਾਦ ਆਇਆ!
===================
ਦੀਵਾਰਾਂ
ਨਜ਼ਮ
ਹੁਣ ਮੈਂ
ਇੱਕ ਛੋਟੇ ਜਿਹੇ ਘਰ
ਤੇ.........
ਬਹੁਤ ਵੱਡੀ ਦੁਨੀਆਂ ‘ਚ
ਰਹਿੰਦਾ ਹਾਂ
ਕਦੇ ਮੈਂ
ਇੱਕ ਬਹੁਤ ਵੱਡੇ ਘਰ
ਤੇ ਛੋਟੀ ਜਿਹੀ
ਦੁਨੀਆਂ ‘ਚ ਰਹਿੰਦਾ ਸੀ
ਘੱਟ ਦੀਵਾਰਾਂ ਨਾਲ਼
ਬੜਾ ਫ਼ਰਕ ਪੈਂਦਾ ਹੈ
ਦੀਵਾਰਾਂ ਨਾ ਹੋਣ ਤਾਂ
ਦੁਨੀਆ ਤੋਂ ਵੀ
ਵੱਡਾ ਹੋ ਜਾਂਦਾ ਏ
ਘਰ!
==========
ਉਦਾਸੀ ਦੇ ਰੰਗ
ਨਜ਼ਮ
ਉਦਾਸੀ ਵੀ
ਇੱਕ ਪੱਕਾ ਰੰਗ ਹੈ ਜੀਵਨ ਦਾ
ਉਦਾਸੀ ਦੇ ਵੀ ਬਹੁਤ ਰੰਗ ਹੁੰਦੇ ਨੇ
ਜਿਵੇਂ
ਫ਼ਿੱਕਾ ਜੋਗੀਆ
ਪੱਤਝੜ ਵਰਗਾ ਭੂਰਾ
ਅਸਮਾਨੀ ਨੀਲਾ
ਵੀਰਾਨੇ ਵਰਗਾ ਹਰਾ
ਬਰਫ਼ੀਲਾ ਸਫ਼ੈਦ
ਬੁਝਦਾ ਲਾਲ
ਬੀਮਾਰਾਂ ਵਰਗਾ ਪੀਲ਼ਾ
ਕਦੇ-ਕਦੇ ਧੋਖਾ ਹੋ ਜਾਂਦਾ
ਖ਼ੁਸ਼ੀ ਦੇ ਇੰਦਰਧਨੁਸ਼ੀ ਰੰਗਾਂ ਨਾਲ਼
ਖੇਡਦੇ ਵਕਤ
ਕਿ..........
ਓਹ ਕਿਤੇ.........
ਉਦਾਸੀਆਂ ਤੋਂ ਖੋਹੇ ਹੋਏ
ਰੰਗ ਤਾਂ ਨਹੀਂ??
===========
ਇਹ ਸ਼ਬਦ ਓਥੇ ਹੀ ਨੇ...
ਨਜ਼ਮ
ਇਹ ਜਗ੍ਹਾ ਓਹੀ ਹੈ
ਜਿੱਥੇ ਕਦੇ ਮੈਂ
ਜਨਮ ਲਿਆ ਹੋਣਾ
ਇਸ ਜਨਮ ਤੋਂ ਪਹਿਲਾਂ
---
ਇਹ ਮੌਸਮ ਵੀ ਓਹੀ...
ਜਿਸ ਵਿੱਚ ਮੈਂ
ਕਦੇ ਪਿਆਰ ਕੀਤਾ ਹੋਣਾ
ਇਸ ਪਿਆਰ ਤੋਂ ਪਹਿਲਾਂ
---
ਇਹ ਸਮਾਂ ਓਹੀ ਹੈ
ਜਿਸ ਵਿੱਚ ਮੈਂ ਬੀਤ ਚੁੱਕਾ ਹਾਂ ਕਦੇ
ਇਸ ਸਮੇਂ ਤੋਂ ਪਹਿਲਾਂ
---
ਓਥੇ ਹੀ ਕਿਤੇ
ਠਹਿਰੀ ਰਹਿ ਗਈ ਏ
ਇੱਕ ਕਵਿਤਾ
ਜਿੱਥੇ ਆਪਾਂ ਵਾਅਦਾ ਕੀਤਾ ਸੀ
ਫ਼ੇਰ ਮਿਲ਼ਾਂਗੇ
---
ਇਹ ਸ਼ਬਦ ਓਹੀ ਨੇ....
ਜਿਨ੍ਹਾਂ ਵਿੱਚ ਮੈਂ ਕਦੇ
ਜਿਉਂਇਆ ਹੋਣਾ ਇੱਕ ਜੀਵਨ
ਇਸ ਜੀਵਨ ਤੋਂ ਪਹਿਲਾਂ!
ਪੰਜਾਬੀ ਅਨੁਵਾਦ: ਤਨਦੀਪ ‘ਤਮੰਨਾ’