ਸਾਹਿਤਕ ਨਾਮ: ਹਰਬੰਸ ਮਾਛੀਵਾੜਾ ਅਜੋਕਾ ਨਿਵਾਸ: ਮਾਛੀਵਾੜਾ, ਪੰਜਾਬ
ਕਿਤਾਬਾਂ: ਗ਼ਜ਼ਲ ਸੰਗ੍ਰਹਿ: ਵੇਦਨਾ ਦੇ ਆਰ ਪਾਰ , ਸਵੈ ਦੀ ਤਲਾਸ਼
ਦੋਸਤੋ! ਹਰਬੰਸ ਮਾਛੀਵਾੜਾ ਜੀ ਨੇ ਦਵਿੰਦਰ ਸਿੰਘ ਪੂਨੀਆ ਜੀ ਕੋਲ਼ ਆਪਣੀ ਕਿਤਾਬ ‘ਸਵੈ ਦਾ ਤਲਾਸ਼’ ਆਰਸੀ ਲਈ ਭੇਜੀ ਸੀ। ਅੱਜ ਓਸੇ ਕਿਤਾਬ ‘ਚੋਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਤੁਹਾਡੀ ਨਜ਼ਰ ਕਰਕੇ ਮਾਛੀਵਾੜਾ ਜੀ ਨੂੰ ਆਰਸੀ ਤੇ ਸਾਰੇ ਪਾਠਕ/ਲੇਖਕ ਦੋਸਤਾਂ ਵੱਲੋਂ ਖ਼ੁਸ਼ਆਮਦੀਦ ਆਖ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
------------
ਗ਼ਜ਼ਲ
ਰਵਾਂ ਜਦ ਤਕ ਰਗਾਂ ਵਿਚ ਅੱਗ ਦਾ ਦਰਿਆ ਨਹੀਂ ਹੁੰਦਾ।
ਮਨਾਂ! ਤਦ ਤਕ ਨਵਾਂ ਕੁਝ ਸਿਰਜਣਾ ਚੰਗਾ ਨਹੀਂ ਹੁੰਦਾ।
----
ਨਹੀਂ, ਇਉਂ ਤਾਂ ਨਹੀਂ ਭਾਵੇਂ ਮਗਰ ਲਗਦੈ ਇਵੇਂ ਅਕਸਰ,
ਭਰੇ ਸੰਸਾਰ ਵਿਚ ਜੀਕਣ ਕੁਈ ਅਪਣਾ ਨਹੀਂ ਹੁੰਦਾ।
----
ਮਿਰੀ ਬਦਕਿਸਮਤੀ ਵੇਖੋ ਮੈਂ ਜੋ ਵੀ ਰੁੱਖ ਲਾਉਂਦਾ ਹਾਂ,
ਮਿਰੇ ਹੀ ਵਾਸਤੇ ਉਸਦਾ ਕਦੇ ਸਾਇਆ ਨਹੀਂ ਹੁੰਦਾ।
----
ਅਜੇ ਵੀ ਜ਼ਹਿਨ ‘ਚੋਂ ਕਢਕੇ ਤਰਾਜ਼ੂ ਨੂੰ ਪਰੇ ਧਰਦੇ,
ਇਹ ਮਨ ਦਾ ਮਾਮਲਾ ਹੈ ਏਸ ਵਿਚ ਸੌਦਾ ਨਹੀਂ ਹੁੰਦਾ।
----
ਅਜਬ ਇਤਫ਼ਾਕ ਹੈ ਉਹ ਵੀ ਬੁਲਾਵੇ ਭੇਜਦੈ ਓਦੋਂ,
ਜਦੋਂ ਅਸ਼ਕਾਂ ਬਿਨਾਂ ਕਿਧਰੇ ਕੁਈ ਰਸਤਾ ਨਹੀਂ ਹੁੰਦਾ।
----
ਮਿਰਾ ਹੀ ਕੰਮ ਹੈ ਕੋ ਜੀ ਰਿਹਾਂ ਜੀਣਾ ਬਣੇ ਜੀਕਣ,
ਨਹੀਂ ਜੀਵਨ ਬਿਨਾਂ ਜੀਣਾ ਕਿਤੇ ਸੌਖਾ ਨਹੀਂ ਹੁੰਦਾ।
----
ਤਣਾਓ,ਕਸ਼ਮਕਸ਼, ਹਰ ਪਲ ਘੁਟਨ, ਫ਼ਿਕਰਾਂ ਦੇ ਯੁਗ ਅੰਦਰ,
ਸਫ਼ਰ ਅੱਧੀ ਸਦੀ ਦਾ ਵੀ ਕਿਤੇ ਥੋੜਾ ਨਹੀਂ ਹੁੰਦਾ।
----
ਨਹੀਂ ਪਾਉਂਦਾ ਕੁਈ ਕੀਤੇ ਤਿਰੇ ਦਾ ਮੁੱਲ, ਤਾਂ ਕੀ ਹੈ,
ਮਨਾਂ! ਰੁੱਖਾਂ ਨੂੰ ਛਾਂ ਵੰਡਣ ਦਾ ਪਛਤਾਵਾ ਨਹੀਂ ਹੁੰਦਾ।
=============
ਗ਼ਜ਼ਲ
ਅਕਾਰਨ ਹੀ ਰਿਹਾ ਹੈ ਜੋ ਸਦਾ ਪਾਤਰ ਸਜ਼ਾਵਾਂ ਦਾ।
ਇਹ ਮੇਰਾ ਦਿਲ ਹੈ ਜਾਂ ਹੈ ਮਕਬਰਾ ਅਣਗਿਣਤ ਚਾਵਾਂ ਦਾ।
----
ਨਿਆਮਤ ਜ਼ਬਤ ਦੀ ਬਖ਼ਸ਼ੀ ਮਿਰੀ ਝੋਲ਼ੀ ਨੂੰ ਜਿਹਨਾਂ ਨੇ,
ਰਿਣੀ ਹਾਂ ਜਾਨ ਤੋਂ, ਜੀਅ ਤੋਂ ਉਨ੍ਹਾਂ ਧੁੱਪਾਂ ਦਾ, ਛਾਵਾਂ ਦਾ।
----
ਮਿਰੇ ਮੱਥੇ ਦਾ ਚਾਨਣ ਫੈਲਣੋਂ ਰੋਕੂ ਕੁਈ ਕਦ ਤਕ,
ਰਹੇ ਸੂਰਜ ਤੇ ਬਹੁਤੀ ਦੇਰ ਕਦ ਗ਼ਲਬਾ ਘਟਾਵਾਂ ਦਾ।
----
ਬਲਾ ਜਾਣੇ ਸ਼ਿਕਾਰੀ ਦੀ ਕਿਸੇ ਘਾਇਲ ਤੇ ਕੀ ਬੀਤੇ,
ਹਰਿਕ ਸਾਹ ਨਾਲ਼ ਦਮ ਨਿਕਲ਼ੇ ਜਦੋਂ ਮਾਸੂਮ ਚਾਵਾਂ ਦਾ।
----
ਸੁਤੇ ਸਿਧ ਹੀ ਬਣਾ ਲੈਣਾ ਤੂੰ ਗਲ਼ ਦਾ ਹਾਰ ਜਿਹਨਾਂ ਨੂੰ,
ਭਲਾ ਹੁਣ ਕੀ ਕਰੇਂਗਾ ਐ ਦਿਲਾ! ਓਹਨਾਂ ਬਲਾਵਾਂ ਦਾ।
----
ਲੁੜੀਂਦਾ ਦਮ ਨ ਸੀ ਜਿਹਨਾਂ ‘ਚ ਬਲ਼ਦੇ ਰਹਿਣ ਦਾ ਓਹੀ,
ਜਿ ਦੀਵੇ ਬੁਝ ਗਏ ਤਾਂ ਏਸ ਵਿਚ ਕੀ ਦੋਸ਼ ‘ਵਾਵਾਂ ਦਾ।
----
ਐ ਮੁਨਸਿਫ਼! ਹੁਣ ਬਾਇੱਜ਼ਤ ਕਰ ਰਹੈਂ ਭਾਵੇਂ ਬਰੀ ਐਪਰ,
ਭੁਗਤ ਚੁੱਕਾਂ ਜੁ ਹੁਣ ਤਕ ਕੀ ਬਣੂੰ ਓਹਨਾਂ ਸਜ਼ਾਵਾਂ ਦਾ।