ਸਾਹਿਤਕ ਨਾਮ: ਹਰਕੀਰਤ ‘ਹਕ਼ੀਰ’ ਕਲਸੀਅਜੋਕਾ ਨਿਵਾਸ: ਅਸਾਮ, ਇੰਡੀਆਕਿਤਾਬਾਂ: ਹਿੰਦੀ ‘ਚ ਕਵਿਤਾ-ਸੰਗ੍ਰਹਿ – ‘ਇਕ ਦਰਦ’ ਪ੍ਰਕਾਸ਼ਿਤ ਹੋ ਚੁੱਕਿਆ ਹੈ ਅਤੇ ਅਸਾਮੀ ਤੇ ਪੰਜਾਬੀ ਤੋਂ ਹਿੰਦੀ ਭਾਸ਼ਾ ‘ਚ ਬਹੁਤ ਅਨੁਵਾਦ ਕੀਤਾ ਹੈ। ਰੇਡਿਓ ਅਤੇ ਦੂਰਦਰਸ਼ਨ ਤੋਂ ਵੀ ਨਜ਼ਮਾਂ ਪ੍ਰਸਾਰਿਤ ਹੋ ਚੁੱਕੀਆਂ ਹਨ।ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਹਰਕੀਰਤ ਜੀ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀਆਂ ਭੇਜੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ‘ਆਰਸੀ’ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
-----------
ਖੋਖਲ਼ੀ ਹੁੰਦੀ ਜੜ੍ਹ
ਨਜ਼ਮ
ਜਦ ਵੀ ਮੈਂ ਆਪਣੀ ਜੜ੍ਹ ਨੂੰ ਖੋਦਣਾ ਚਾਹਿਆ
ਹੋਣ ਲੱਗ ਪਈ ਹੰਝੂਆਂ ਦੀ ਬਾਰਿਸ਼
ਮੋਜ਼ੈਕ ਕੀਤੇ ਹੋਏ ਫਰਸ਼ ਵਿਚ
ਦੱਬੀ ਹੋਈ ਮੁਸਕਾਨ
ਧਾਹਾਂ ਮਾਰ ਰੋਣ ਲੱਗ ਪਈ
ਦੱਸ ਨੀ ਮਾਏ!
ਮੈਂ ਕਿਸ ਤਰ੍ਹਾਂ ਪਛਾਣਾਂ
ਅਪਣੀ ਜੜ੍ਹ ਨੂੰ....?
................
ਕਦੇ -ਕਦੇ ਸੋਚਦੀ ਹਾਂ
ਇਹ ਬੰਦ ਖਿੜਕੀ ਖੋਲ੍ਹ ਕੇ
ਤੋੜ ਲਵਾਂ ਫਲਕ ਤੋਂ ਦੋ-ਚਾਰ ਤਾਰੇ
ਚੁਰਾ ਕੇ ਚੰਨ ਤੋਂ ਚਾਨਣ
ਸਜਾ ਲਵਾਂ
ਅਪਣੀ ਉਜੜੀ ਹੋਈ
ਤਕਦੀਰ ਵਿਚ.....
................
ਝੂਠ, ਫ਼ਰੇਬ ਅਤੇ ਦੌਲਤ ਦੀ
ਨੀਂਹ ਉਤੇ ਖੜ੍ਹੀ
ਇਸ ਇਮਾਰਤ ਵਿਚੋਂ
ਜਦ ਵੀ ਮੈਂ ਲੰਘਦੀ ਹਾਂ
ਸੱਚ ਦੀ ਡੋਰ ਨਾਲ
ਲਹੂ ਲੁਹਾਨ ਹੋ ਜਾਂਦੇ ਨੇ ਪੈਰ
ਫੁੱਲਾਂ ਉਤੇ ਪਈਆਂ
ਸ਼ਬਨਮ ਦੀਆਂ ਬੂੰਦਾਂ
ਅੱਥਰੂ ਬਣ ਵਗ ਪੈਂਦੀਆਂ ਨੇ
....................
ਦੱਸ ਨੀ ਮਾਏ!
ਮੈਂ ਕਿਸ ਤਰ੍ਹਾਂ ਚੱਲਾਂ
ਸੱਚ ਦੀ ਡੋਰ ਨਾਲ...
ਮੈਂ ਰਿਣੀ ਹਾਂ ਤੇਰੀ
ਜੰਮਿਆ ਸੀ ਤੂੰ ਮੈਨੂੰ
ਬਿਨਾ ਕਿਸੇ ਭੇਦ ਨਾਲ਼
ਸਿੰਜਿਆ ਸੀ ਮੇਰੀ ਜੜ੍ਹ ਨੂੰ
ਪਿਆਰ ਅਤੇ ਸਨੇਹ ਨਾਲ
ਪਰ ਅੱਜ ਵਰ੍ਹਿਆਂ ਬਾਅਦ........
.........................
ਜਦ ਮੈਂ ਅਪਣੀ ਜੜ੍ਹ ਨੂੰ
ਖੋਦਣਾ ਚਾਹਿਆ
ਹੋਣ ਲੱਗ ਪਈ ਹੰਝੂਆਂ ਦੀ ਬਾਰਿਸ਼
ਮੋਜ਼ੈਕ ਕੀਤੇ ਹੋਏ ਫਰਸ਼ ਵਿਚ
ਦੱਬੀ ਹੋਈ ਮੁਸਕਾਨ
ਧਾਹਾਂ ਮਾਰ ਰੋਣ ਲੱਗ ਪਈ
ਦੱਸ ਨੀ ਮਾਏ!
ਮੈਂ ਕਿਸ ਤਰਾਂ ਪਛਾਣਾਂ
ਅਪਣੀ ਜੜ੍ਹ ਨੂੰ....??
=======
ਕੱਫ਼ਣ ‘ਚ ਸਿਉਂਤਾ ਖ਼ਤ
ਨਜ਼ਮ
ਤੇਰੇ ਵਿਹੜੇ ਦੀ ਮਿੱਟੀ ‘ਚੋਂ
ਉੱਡ ਕੇ
ਜੋ ਹਵਾ ਆਈ ਹੈ
ਨਾਲ਼ ਆਪਣੇ
ਕਈ ਸਵਾਲ ਲਿਆਈ ਹੈ
ਹੁਣ ਨਾ ਅਲਫ਼ਾਜ਼ ਨੇ ਮੇਰੇ ਕੋਲ਼
ਨਾ ਆਵਾਜ਼ ਹੈ
ਖ਼ਾਮੋਸ਼ੀ
ਕੱਫ਼ਣ ‘ਚ ਸਿਉਂਤਾ ਖ਼ਤ
ਲਿਆਈ ਹੈ......
ਤੇਰੇ ਰਹਿਮ
ਨੋਚਦੇ ਨੇ ਜਿਸਮ ਮੇਰਾ
ਤੇਰੀ ਦੁਆ
ਅਸਮਾਨ ਚੀਰਦੀ ਹੈ
ਦੇਹ ਤੋਂ ਵਿੱਛੜ ਗਈ ਹੈ
ਹੁਣ ਰੂਹ ਕਿਤੇ
ਤਨਹਾਈ ਹਨੇਰਿਆਂ ਦਾ ਅਰਥ
ਚੁਰਾ ਲਿਆਈ ਹੈ....
ਦਰੱਖਤਾਂ ਨੇ ਕੀਤਾ ਏ ਧੋਖਾ
ਕਿਸੇ ਫੁੱਲ ਨਾਲ਼
ਕ਼ੈਦ ‘ਚ ਜਿਸਮ ਦੀ ਪਰਛਾਈਂ ਹੈ
ਝਾਂਜਰ ਵੀ ਹਾਉਕੇ ਭਰਦੀ ਏ
ਪੈਰਾਂ ‘ਚ ਏਥੇ
ਉਮੀਦ ਜਲ਼ੇ ਕੱਪੜਿਆਂ ‘ਚ
ਮੁਸਕਰਾਈ ਹੈ....
ਰਾਤ ਨੇ ਤਲਾਕ
ਦੇ ਦਿੱਤਾ ਏ ਸਾਹਵਾਂ ਨੂੰ
ਬਦਨ ‘ਚ ਇੱਕ ਜ਼ੰਜੀਰ ਜਿਹੀ
ਉਤਰ ਆਈ ਹੈ
ਅਹੁ ਦੇਖ ਸਾਹਮਣੇ
ਮੋਈ ਪਈ ਹੈ ਕੋਈ ਔਰਤ
ਸ਼ਾਇਦ ਉਹ ਵੀ ਕਿਸੇ ‘ਹਕ਼ੀਰ’ ਦੀ
ਪਰਛਾਈਂ ਹੈ!
---------------
ਕੱਫ਼ਣ ‘ਚ ਸਿਉਂਤਾ ਖ਼ਤ – ਹਿੰਦੀ ਤੋਂ ਪੰਜਾਬੀ ਅਨੁਵਾਦ: - ਤਨਦੀਪ ‘ਤਮੰਨਾ’