ਦੋਸਤੋ! ਅੱਜ ਕੋਈ ਤਿੰਨ ਕੁ ਸਾਲਾਂ ਦੇ ਵਕਫ਼ੇ ਤੋਂ ਬਾਅਦ, ਪਾਕਿਸਤਾਨ ਵਸਦੇ ਬਹੁਤ ਹੀ ਪਿਆਰੇ ਦੋਸਤ ਡਾ: ਕੌਸਰ ਮਹਿਮੂਦ ਸਾਹਿਬ ਨਾਲ਼ ਗੱਲ ਕਰਕੇ ਰੂਹ ਖ਼ੁਸ਼ ਹੋ ਗਈ ਹੈ....ਅਸੀਂ ਪਿਛਲੇ ਬਹੁਤ ਵਰ੍ਹਿਆਂ ਤੋਂ ਬੜੇ ਕਰੀਬੀ ਦੋਸਤ ਹਾਂ..ਪਰ ਮੇਰੀ ਤਬੀਅਤ ਨਾਸਾਜ਼ ਰਹਿਣ ਕਰਕੇ ਮੈਂ ਬਹੁਤੇ ਦੋਸਤਾਂ ਨਾਲ਼ ਰਾਬਤਾ ਕਾਇਮ ਨਾ ਰੱਖ ਸਕੀ....ਉਹਨਾਂ ਦੇ ਸੁਨੇਹੇ....ਈਮੇਲਾਂ.. ਫ਼ੋਨ ਕਾੱਲਜ਼ ਆਉਂਦੇ ਰਹੇ..ਪਰ ਮੈਥੋਂ ਜਵਾਬ ਨਾ ਲਿਖ ਹੋਇਆ...ਪਰ ਜਿਵੇਂ ਮੈਂ ਅਕਸਰ ਆਖਦੀ ਹੁੰਦੀ ਹਾਂ ਕਿ ਮੇਰੇ ਦੋਸਤ ਏਨੇ ਪਿਆਰੇ ਨੇ ਕਿ ਬਿਨਾ ਸ਼ਿਕਾਇਤ ਕੀਤਿਆਂ ਮੇਰੀ ਬੇਰੁਖ਼ੀ ਬੜੀ ਮੁਹੱਬਤ ਨਾਲ਼ ਸਹਾਰ ਲੈਂਦੇ ਨੇ...ਮੈਂ ਕਈ-ਕਈ ਵਰ੍ਹੇ ਚੁੱਪ ਕਰ ਜਾਂਦੀ ਹਾਂ..ਪਰ ਉਹ ਸਾਰੇ ਮੁਸੱਲਸਲ ਮੈਨੂੰ ਯਾਦ ਕਰਦੇ ਨੇ...ਮੈਨੂੰ ਆਪਣੀਆਂ ਦੁਆਵਾਂ ‘ਚ ਚੇਤੇ ਰੱਖਦੇ ਨੇ....ਮੈਂ ਕਿੰਨੀ ਖ਼ੁਸ਼ਨਸੀਬ ਹਾਂ....ਮੌਲਾ!
ਅੱਜ ਮੈਂ ਉਹਨਾਂ ਨੂੰ ਸਰਪਰਾਈਜ਼ ਦੇਣ ਦੇ ਮੂਡ ‘ਚ ਸੀ..ਸੋ ਫ਼ੋਨ ਕੀਤਾ...ਤਾਂ ਡਾ: ਸਾਹਿਬ ਡਰਾਈਵ ਕਰਕੇ ਪਿੰਡ ਜਾ ਰਹੇ ਸਨ....ਲਾਹੌਰ ਤੋਂ ਉਹਨਾਂ ਦਾ ਪਿੰਡ ਕੋਈ 350 ਕਿਲੋਮੀਟਰ ਦੂਰ ਪੈਂਦਾ ਹੈ....ਟਰੈਫਿਕ ‘ਚ ਫਸੇ ਹੋਣ ਦੇ ਬਾਵਜੂਦ ਉਹਨਾਂ ਫ਼ੋਨ ਚੁੱਕਿਆ ਤੇ ਬੋਲੇ.....ਤਨਦੀਪ ਜੀ! ਤੁਸੀਂ ਜਿਉਂਦੇ ਓ ? ਮੈਂ ਤਾਂ ਸੋਚਿਆ ਸੀ ਕਿ ਮਰ ਈ ਗਏ ਓ.....ਹਾ ਹਾ ਹਾ....ਕੋਈ ਅਜ਼ੀਜ਼ ਹੀ ਤੁਹਾਨੂੰ ਏਨੀ ਗੱਲ ਆਖੇਗਾ....ਉਹਨਾਂ ਨੇ ਘੰਟਾ ਕੁ ਪਹਿਲਾਂ ਕਾਲ ਕੀਤੀ ਤੇ ਫੇਰ ਬਹੁਤ ਸਾਰੀਆਂ ਗੱਲਾਂ ਹੋਈਆਂ।
ਪਤਾ ਨਹੀਂ ਆਪਣੀਆਂ ਕਿੰਨੀਆਂ ਨਜ਼ਮਾਂ ਡਾ: ਸਾਹਿਬ ਮੇਰੇ ਨਾਮ ਕਰ ਚੁੱਕੇ ਨੇ....ਏਸ ਮੁਹੱਬਤ ਨੂੰ ਸਲਾਮ! ਉਹਨਾਂ ਬੜੀ ਲਗਨ ਨਾਲ਼ ਗੁਰਮੁਖੀ ਸਿੱਖੀ ਹੈ ਤੇ ਮੈਂ ਆਪਣੀ ਘੌਲ਼ ਕਰਕੇ ਅਜੇ ਤੀਕ ਸ਼ਾਹਮੁਖੀ ਸਿੱਖਣ ਦਾ ਵਾਅਦਾ ਨਹੀਂ ਪੁਗਾ ਸਕੀ....ਖ਼ੈਰ! ਇਹ ਵਾਅਦਾ, ਲਾਰਾ ਨਾ ਬਣੇ...ਮੈਂ ਏਸ ਸਾਲ ਸ਼ਾਹਮੁਖੀ ਸਿੱਖ ਲੈਣੀ ਹੈ.... ਡਾ: ਸਾਹਿਬ ਦੇ ਨਾਲ਼-ਨਾਲ਼ ਪਿਆਰੀ ਤਸਨੀਮ ਕੌਸਰ ਸਾਹਿਬਾ, ਤੇ ਜਨਾਬ ਨਵੀਦ ਅਨਵਰ ਸਾਹਿਬ ਨੂੰ ਵੀ ਇਸ ਪੋਸਟ ‘ਚ ਯਾਦ ਕਰ ਰਹੀ ਹਾਂ..... ਜਿਨ੍ਹਾਂ ਮੈਨੂੰ ਹਰ ਪਲ ਯਾਦ ਕੀਤਾ ਹੈ ਤੇ ਆਪਣਾ ਢੇਰ ਸਾਰਾ ਪਿਆਰ ਭੇਜਿਆ ਹੈ। ਅੱਜ ਏਸੇ ਖ਼ੁਸ਼ੀ ‘ਚ ਆਰਸੀ ਨੂੰ ਅਪਡੇਟ ਕਰਨ ਨੂੰ ਮਨ ਕਰ ਆਇਐ.....ਜੀਓ ਡਾ: ਸਾਹਿਬ.... ਅੱਜ ਮੈਨੂੰ ਪੈਰਾਂ ਹੇਠਲੀ ਧਰਤੀ ਅਤੇ ਸਿਰ ਉਪਰਲਾ ਅਸਮਾਨ ਹੋਰ ਵਸੀਹ ਤੇ ਖ਼ੂਬਸੂਰਤ ਹੋ ਗਏ ਜਾਪਦੇ ਨੇ.... ਉਹਨਾਂ ਦੀ ਕੁਝ ਮਹੀਨੇ ਪਹਿਲਾਂ ਘੱਲੀ ਸ਼ਾਇਰੀ ‘ਚੋਂ ਇਹ ਨਜ਼ਮਾਂ ਅਤੇ ਕਾਫ਼ੀ...ਅੱਜ ਮੇਰੇ ਵੱਲੋਂ ਤੁਹਾਡੇ ਸਭ ਦੇ ਨਾਮ...:) ( ਇਕ-ਦੋ ਲਫ਼ਜ਼ ਮੈਨੂੰ ਸਪੱਸ਼ਟ ਨਹੀਂ ਹੋਏ....ਮੈਂ ਇਕ-ਦੋ ਦਿਨਾਂ ਤੱਕ ਡਾ: ਸਾਹਿਬ ਨੂੰ ਫ਼ੋਨ ‘ਤੇ ਪੁੱਛ ਕੇ ਏਥੇ ਸੋਧ ਕਰ ਦੇਵਾਂਗੀ )
ਅਦਬ ਸਹਿਤ
ਤਨਦੀਪ
******
ਕਾਫ਼ੀ
ਇੱਕ ਵਾਰ ਜ਼ਿਆਰਤ ਫ਼ਰਜ਼ੀ ਮੰਨ
ਸਾਡਾ ਭੁੱਲ ਕੇ ਆਵਣਾ ਅੱਜ ਮੱਕੇ
ਅਸਾਂ ਮੁੜ ਏਸ ਦ੍ਵਾਰ ਤੇ ਨਹੀਂ ਆਣਾ
ਨਹੀਂ ਲੱਗੀਆਂ ਦੀ ਕੋਈ ਲੱਜ ਮੱਕੇ
ਸਭ ਕਾਲ਼ਾ ਕੋਠਾ ਤੱਕਦੇ ਪਏ
ਕਿਸ ਤੱਕਿਆ ਤੈਨੂੰ ਰੱਜ ਰੱਜ ਮੱਕੇ
ਅਸਾਂ ਤੱਕਿਆ ਲਾਹੌਰ ਕਸੂਰ ਤੈਨੂੰ
ਲੱਖ ਆਪਣੇ ਆਪ ਨੂੰ ਕੱਜ ਮੱਕੇ
ਭੱਜ ਭੱਜ ਜਾਈਏ ਕੋਈ ਦੱਸੇ ਜੇਕਰ
ਸਾਨੂੰ ਯਾਰ ਮਨਾਣ ਦਾ ਚੱਜ ਮੱਕੇ
ਸਭ ਤੀਰਥ ਚੁੰਮਣ ਪੈਰ ਸਾਡੇ
ਘਰ ਬੈਠਿਆਂ ਕਰੀਏ ਹੱਜ ਮੱਕੇ
ਇੱਕ ਵਾਰ ਜ਼ਿਆਰਤ ਫ਼ਰਜ਼ੀ ਮੰਨ
ਸਾਡਾ ਭੁੱਲ ਕੇ ਆਵਣਾ ਅੱਜ ਮੱਕੇ
====
ਸਾਨੂੰ ਕਿਸੇ ਨਾ ਹਟਕਿਆ ਹੋੜਿਆ
ਨਜ਼ਮ
ਸਾਨੂੰ ਕਿਸੇ ਨਾ ਹਟਕਿਆ ਹੋੜਿਆ
ਅਸਾਂ ਫੁੱਲ ਗੁਲਾਬ ਦਾ ਤੋੜਿਆ
ਸਭ ਖੇਸ ਕ਼ਬੀਲਾ ਛੋੜਿਆ
ਨਹੀਂ ਆਖਾ ਯਾਰ ਦਾ ਮੋੜਿਆ
ਸਾਡੇ ਅੱਖੀਂ ਕੱਚ ਬਰੂਰ ਕੇ
ਹਰ ਸੁਫ਼ਨਾ ਯਾਰ ਨਚੋੜਿਆ
ਜਿਉਂ ਫੁੱਲ ਸ਼ਰੀਂਹ ਦਾ ਸਾਝਰੇ
ਕਿਸੇ ਤਲੀ ‘ਤੇ ਰੱਖ ਮਰੋੜਿਆ
ਸਾਨੂੰ ਕਿਸੇ ਨਾ ਹਟਕਿਆ ਹੋੜਿਆ ......
ਸਾਡਾ ਗੁਜ਼ਰਿਆ ਰੜੇ ਸਿਆਲੜਾ
ਅਸਾਂ ਝੱਲਿਆ ਗੜਾ ਤੇ ਪਾਲੜਾ
ਸਾਨੂੰ ਲੜਿਆ ਸੱਪ ਅਕਾਲੜਾ
ਅਸਾਂ ਪੀਤਾ ਜ਼ਹਿਰ ਪਿਆਲੜਾ
ਸਾਡੇ ਮਾਂਦਰੀ ਨੀਂਦਰਾਂ ਮਾਣਦੇ
ਸਾਡੀ ਦੇਹੀ ਨੀਲ ਓ ਨੀਲ ......
ਜਿੰਦ ਛੁੱਟੀ ਨਾ ਕਿਸੇ ਸਬੀਲ
ਸਾਡੇ ਖੇਤੀਂ ਉੱਗਦੀਆਂ ਪੋਹਲੀਆਂ 1
ਸਾਥੋਂ ਪੂਰੀ ਨਾ ਪਈ ਤਹਿਸੀਲ
ਅਸੀਂ ਨਿੱਤ ਕਚਹਿਰੀਆਂ
ਸਾਡੀ ਕਿਸੇ ਨਾ ਸੁਣੀ ਅਪੀਲ
ਅਸੀਂ ਸ਼ਾਹ ਹੁਸੈਨ ਦੇ ਲੜ ਲੱਗੇ
ਸਾਡਾ ਫ਼ੱਰੁਖ਼ ਯਾਰ 2 ਵਕੀਲ
ਸਾਡੀ ਦੇਹੀ ਨੀਲ ਓ ਨੀਲ ......
======
ਬਾਬੇ "ਨਵੀਦ ਅਨਵਰ" ਲਈ ਇਕ ਨਜ਼ਮ
("ਨਵੀਦ ਅਨਵਰ" : -- ਲਹਿੰਦੇ ਪੰਜਾਬ ਦੇ ਸ਼ਹਿਰ ਲਾਹੌਰ ਦੇ ਵਿਚ ਰਹਿਣ ਵਾਲੇ ਇਕ ਨੌਜਵਾਨ ਸ਼ਾਇਰ)
ਬਾਬਾ ਜੀ! ਅਸੀਂ ਜਿੱਤੀ ਬਾਜ਼ੀ ਹਾਰ ਗਏ
ਸਭ ਖੱਟਿਆ ਵੱਟਿਆ ਰੋਹੜਿਆ
ਕੁਝ ਸੁਫ਼ਨੇ ਸਾਨੂੰ ਮਾਰ ਗਏ
ਕਿਸੇ ਗ਼ੈਰ ਵੱਲੋਂ ਨਹੀਂ ਆਏ ਸਨ
ਜਿਹੜੇ ਤੀਰ ਕਲੇਜਿਉਂ ਪਾਰ ਗਏ
ਬਾਬਾ ਜੀ! ਅਸੀਂ ਜਿੱਤੀ ਬਾਜ਼ੀ ਹਾਰ ਗਏ ......
ਬਾਬਾ ਜੀ! ਅਸੀਂ ਤਾਰੂ ਪੰਜ ਦਰਿਆਵਾਂ ਦੇ
ਅਸੀਂ ਡੁੱਬੇ ਛੱਪੜਾਂ ਮੱਲ੍ਹਿਆਂ ਵਿਚ
ਅਸੀਂ ਲਾਡਲੇ ਆਪਣੀਆਂ ਮਾਵਾਂ ਦੇ
ਨਾਂ ਭੁੱਲ ਗਏ ਵਗਦੀਆਂ ਰਾਵੀਆਂ ਦੇ
ਤਲ ਸੁੱਕੇ ਪਏ ਚਨਾਬਾਂ ਦੇ
ਬਾਬਾ ਜੀ! ਅਸੀਂ ਤਾਰੂ ਪੰਜ ਦਰਿਆਵਾਂ ਦੇ
ਬਾਬਾ ਜੀ! ਸਾਡੀ ਰਹਿਤਲ ਛੇਕੜੇ ਸਾਹ ਲੈਂਦੀ
ਸਾਡੇ ਬਾਲ ਬਲੂੰਗੇ ਹੋਰ ਥਏ
ਨਹੀਂ ਜੀਵਣ ਦੀ ਕੋਈ ਦੱਸ ਪੈਂਦੀ
ਅਸੀਂ ਵਰਖਾ ਮੰਗੀਏ ਗੜਾ ਲੱਭੇ
ਅਸੀਂ ਕੁੱਲੀ ਪਾਈਏ ਢਹੇ ਵੇਂਹਦੀ
ਬਾਬਾ ਜੀ! ਸਾਡੀ ਰਹਿਤਲ ਛੇਕੜੇ ਸਾਹ ਲੈਂਦੀ
ਬਾਬਾ ਜੀ! ਜਿਸ ਧਰਤੀ ਨੇ ਸਾਨੂੰ ਪਾਲ਼ਿਆ
ਅੱਜ ਉਸ ਦੇ ਮਾਲਿਕ ਹੋਰ ਹੋਏ
ਜਿਨ੍ਹਾਂ ਅੰਮ੍ਰਿਤ ਜ਼ਹਿਰ ਬਣਾ ਲਿਆ
ਜਿਨ੍ਹਾਂ ਐਸੀਆਂ ਕ਼ਲਮਾਂ ਟੋਰੀਆਂ
ਸਾਡੇ ਗੀਤਾਂ ਮੋਹਰਾ ਖਾ ਲਿਆ
ਸਾਡੇ ਅੱਖੀਂ ਕੰਡੇ ਪੂਰ ਕੇ
ਸਾਡੇ ਮਿੱਤਰ ਨਦੀਓਂ ਪਾਰ ਗਏ
ਬਾਬਾ ਜੀ! ਸਾਡੀ ਰਹਿਤਲ ਛੇਕੜੇ ਸਾਹ ਲੈਂਦੀ...