ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, May 31, 2010

ਸੰਤੋਖ ਧਾਲੀਵਾਲ - ਨਜ਼ਮ

ਚਿਤਾ

ਨਜ਼ਮ

ਚਿਤਾ ਦੁਆਲ਼ੇ

ਘੜਾ ਲੈ ਕੇ ਘੁੰਮਦਾ

ਨੇੜੇ ਦਾ ਰਿਸ਼ਤੇਦਾਰ

ਫਿਲਮਾਂ ਚ ਹੀ ਵੇਖਦਾ ਹਾਂ

ਘੜੇ ਚ ਕੀਤੀ ਮੋਰੀ ਚੋਂ

ਪਾਣੀ ਕਿਉਂ ਡੋਲ੍ਹਿਆ ਜਾ ਰਿਹਾ ਹੈ?

...........

ਸੋਚਦਾ ਹਾਂ...

ਘੜਾ ਬਣਾਉਣ ਵਾਲ਼ੇ ਨੇ

ਕਿਵੇਂ ਕੀਤੀ ਹੋਵੇਗੀ

ਇਹ ਨਿੱਕੀ ਜਹੀ ਮੋਰੀ

ਤੇ-

ਕੀ ਲੋੜ ਸੀ ਇਸਦੀ...

ਸ਼ਾਇਦ ਪਾਣੀ ਖ਼ਤਮ ਹੋ ਗਿਆ ਸੀ

ਖ਼ਤਮ ਹੋਏ ਪਰਾਣੀ ਦੇ

ਪਾਣੀ ਤੋਂ ਬਿਨਾ

ਸਾਹ ਮੁਸ਼ਕਿਲ ਹਨ

ਏਸੇ ਲਈ ਕਰ ਰਿਹਾ ਸੀ ਖ਼ਾਲੀ ਘੜਾ

ਨੇੜੇ ਦਾ ਰਿਸ਼ਤੇਦਾਰ

ਮੋਰੀ ਕਰਨ ਲੱਗਿਆਂ

ਘੜਾ ਤਿੜਕਣ ਤੋਂ ਕਿਵੇਂ ਬਚ ਰਿਹਾ?

..............

ਤੇ ਫੇਰ ਉਨ੍ਹਾਂ ਹੱਥਾਂ ਦਾ ਸੋਚਿਆ

ਜਿਨ੍ਹਾਂ ਦੀ ਅੱਜ ਸ਼ਾਮ ਦੀ ਰੋਟੀ

ਮਰਗ ਤੇ ਵਰਤੇ

ਇਸ ਘੜੇ ਦੀ ਹੀ ਵਜ੍ਹਾ ਹੈ

.........

ਬਹੁਤ ਹੀ ਇਹਤਿਆਤ ਨਾਲ਼

ਕੀਤੀ ਹੋਵੇਗੀ

ਉਸਨੇ ਚਿਤਾ ਦੁਆਲੇ

ਖ਼ਾਲੀ ਹੋਣ ਵਾਲੇ ਘੜੇ ਚ ਮੋਰੀ

ਆਪਣੀ ਭੁੱਖ ਦੇ ਅੰਤ ਲਈ

ਜ਼ਿੰਦਗੀ ਦੇ ਅੰਤ ਨੂੰ

ਬਿਆਨਣ ਲਈ

ਕਿੰਨੀ ਵਾਰ

ਤੇ

ਕਿਵੇਂ

ਘੁੰਮੀ ਹੋਵੇਗੀ ਉਸਦੀ ਉਂਗਲ਼

ਚਿਤਾ ਦੁਆਲੇ ਖ਼ਾਲੀ ਹੋਣ ਵਾਲ਼ੇ

ਘੜੇ

ਮੋਰੀ ਕਰਨ ਲਈ

ਸੋਚਦਾ ਹਾਂ.....?


Sunday, May 30, 2010

ਜਗਜੀਤ ਸੰਧੂ - ਨਜ਼ਮ

ਨਾਸਤਿਕ

ਨਜ਼ਮ

ਉਹ

ਸ਼ਹਿਰ ਭਰ ਚ ਬਦਨਾਮ ਨਾਸਤਿਕ

ਉਹ ਰੱਬ ਦੀ ਜਗਹ ਤੋਂ

ਦੂਰ-ਦੂਰ ਰਹਿਣ ਵਾਲ਼ਾ

.........

ਆਪਣੇ ਦੋ ਬੱਚਿਆਂ ਦੇ ਸਿਰ ਤੇ ਹੱਥ ਫੇਰਦਾ ਹੈ

ਉਹਨਾਂ ਨੂੰ ਗ਼ਰੂਰ ਨਾਲ਼ ਦੇਖਦਾ

ਅਪਣੀ ਪਤਨੀ ਨੂੰ ਕਹਿੰਦਾ ਹੈ

........

ਦੇਖ ਕੈਥੀ! ਮੈਂ ਦੋ ਗਿਰਜੇ ਬਣਾ ਰਿਹਾ ਹਾਂ..

====

ਮੈਂ ਉਹੀ ਹਾਂ

ਨਜ਼ਮ

ਤੂੰ ਮੈਨੂੰ

ਸਾਰਾ ਦਿਨ ਅਣਗੌਲ਼ਦੀ ਏਂ

-ਸੜਕਾਂ ਤੇ

-ਦਫ਼ਤਰੀ ਕਤਾਰਾਂ

-ਪਾਰਕ ਚ ਟਹਿਲਦਿਆਂ

........

ਪਰ ਹੇ ਮੇਰੀ ਦੁਨੀਆਂ!

ਮੈਂ ਉਹੀ ਹਾਂ

ਜੋ ਹਰ ਸਵੇਰ

ਅੱਖਾਂ ਖੋਲ੍ਹਕੇ

ਤੈਨੂੰ ਚਾਨਣ ਚਾਨਣ ਕਰਦਾ ਹਾਂ

====

ਮੈਂ ਕਿਉਂ ਲਿਖਦਾ ਹਾਂ?

ਨਜ਼ਮ

ਮੇਰੇ ਮਨ

ਜਦ ਮੈਂ ਲਿਖਦਾ ਹਾਂ,

ਤੈਨੂੰ ਸਰੀਰ ਦਿੰਦਾ ਹਾਂ

...........

ਫਿਰ ਜਦ ਪੜ੍ਹਦਾ ਹਾਂ

ਤੈਨੂੰ ਛੋਹ ਲੈਂਦਾ ਹਾਂ

ਦੇਵ ਰਾਜ ਦਿਲਬਰ - ਗ਼ਜ਼ਲ

ਗ਼ਜ਼ਲ

ਤਪਦੀ ਦੁਪਹਿਰ ਸਿਰ ਤੇ, ਹੈ ਪੰਧ ਵੀ ਲੰਮੇਰਾ

ਕਰੀਏ ਕੀ ਦਿਲ ਤਾਂ ਕਰਦੈ, ਛਾਵਾਂ ਦਾ ਮੋਹ ਬਥੇਰਾ

-----

ਓਦਾਂ ਤਾਂ ਰਿਸ਼ਤਿਆਂ ਦੀ, ਰੌਣਕ ਹੈ ਆਸੇ ਪਾਸੇ,

ਇਕਲਾਪਿਆਂ ' ਲੰਘਦਾ, ਦਿਨ ਰਾਤ ਫਿਰ ਵੀ ਮੇਰਾ

------

ਮੌਸਮ ਸਰਾਪਿਆ ਹੈ, ਬੇਚੈਨ ਤਿਤਲੀਆਂ ਹਨ,

ਅਖਬਾਰ ਆਖਦੀ ਹੈ, ਰੰਗਾਂ ਚੁਫ਼ੇਰਾ

-----

ਕੋਸ਼ਿਸ਼ ਕਰੋ, ਜਗਾਓ, ਇਕ ਪਾਲ ਦੀਵਿਆਂ ਦੀ,

ਚਾਨਣ ਨੂੰ ਤਰਸਦਾ ਹੈ, ਮੁੱਦਤ ਤੋਂ ਇਹ ਬਨੇਰਾ

-----

ਮਜ਼ਬੂਰੀਆਂ ਨੇ ਘੇਰੇ, ਇਨਸਾਨ ਅੱਜ ਏਦਾਂ ,

ਜੀਕਣ ਕਿ ਸ਼ਿਕਰਿਆਂ ਨੇ, ਚਿੜੀਆਂ ਨੂੰ ਪਾਇਐ ਘੇਰਾ

-----

ਮੇਰੇ ਤੋਂ ਦੂਰ ਏਂ ਤੂੰ, ਤੇਰੇ ਤੋਂ ਦੂਰ ਹਾਂ ਮੈਂ,

ਹਾਲੇ ਵੀ ਲੱਗ ਰਿਹੈ ਇਉਂ, ਹੈ ਨੇੜ ਤੇਰਾ ਮੇਰਾ

-----

ਕੰਧਾਂ ਦੇ ਅੱਗੇ ਹੁਣ ਤਾਂ, ਇਨਸਾਨ ਬੌਣਾ ਲੱਗਦੈ,

ਕੰਧਾਂ ਦਾ ਹੋ ਰਿਹਾ ਹੈ, ਘਰ ਘਰ ਚ ਕੱਦ ਉਚੇਰਾ

-----

ਹਰ ਘਰ ਹੈ ਉਦਾਸੀ, ਖ਼ੂੰਖਾਰਗੀ ਚੁਫ਼ੇਰੇ,

ਲਗਦਾ ਏ ਆਦਮੀ ਦਾ, ਜੰਗਲ ਚ ਹੈ ਬਸੇਰਾ

-----

ਕੁਝ ਦੀਪ ਮੈਂ ਜਗਾਏ, ਕੁਝ ਦੀਪ ਤੂੰ ਜਗਾ ਦੇ,

ਤਸਵੀਰ ਲਾ ਕੇ ਚੰਨ ਦੀ, ਮਿਟਣਾ ਨਹੀਂ ਹਨੇਰਾ

Saturday, May 29, 2010

ਬਖ਼ਤਾਵਰ ਸਿੰਘ ਦਿਓਲ - ਨਜ਼ਮ

ਭਵਸਾਗਰ

ਨਜ਼ਮ

ਮੇਰੇ ਵਾਂਗ ਮੇਰਾ ਪਰਛਾਵਾਂ

ਮੇਰੇ ਨਾਲ਼ ਤੁਰ ਜਾਵੇਗਾ।

ਏਸ ਕ਼ਬਰ ਤੇ ਕਦੇ-ਕਦੇ

ਕੋਈ ਬਿਰਲਾ ਟਾਵਾਂ ਆਵੇਗਾ।

----

----

ਮੈਂ ਨਹੀਂ ਹੋਣਾ, ਯਾਦ ਨਿਮਾਣੀ

ਨੇ ਵੀ ਜਗ ਦਾ ਕੀ ਖੋਹਣਾ?

ਉੱਡ ਗਏ ਪੰਛੀ, ਤੁਰ ਗਏ ਜੀਊੜੇ ਨੂੰ

ਕਿਹੜਾ ਬਹਿਲਾਵੇਗਾ।

-----

ਜੇਬ-ਕਤਰਿਆਂ ਵਾਂਗੂੰ ਮੇਰਾ

ਸਵੈ-ਵਿਸ਼ਵਾਸ ਮੇਰੇ ਸੰਗ ਹੀ,

ਧੋਖਾ ਕਰਕੇ ਤੁਰਦਾ ਬਣਿਆ

ਹੁਣ ਕਦ ਮੁੜ ਕੇ ਆਵੇਗਾ?

-----

ਕੱਟੀਆਂ ਜੇਬਾਂ ਵਿਚ ਮੈਂ ਭਰਿਆ,

ਨਿੱਕਸੁੱਕ ਆਪਣੀ ਜਿੰਦੜੀ ਦਾ,

ਕੱਟੀਆਂ ਜੇਬਾਂ ਵਿਚ ਜੋ ਭਰਿਆ

ਕਿਸ ਮੂਰਖ ਨੂੰ ਥਿਆਵੇਗਾ?

-----

ਕਿਹੜੇ ਰੁੱਖ ਹਨ ਜਿਨ੍ਹਾਂ ਉੱਪਰ

ਦਾਖਾਂ ਦਾ ਫਲ਼ ਪੈਂਦਾ ਹੈ?

ਮੈਂ ਕਦ ਚਾਹਿਆਂ ਮੇਰਾ ਰੁੱਖੜਾ

ਤੁੱਕਿਆਂ ਸੰਗ ਭਰ ਜਾਵੇਗਾ?

-----

ਵਿਹੁ ਤਾਂ ਘੁੱਟ-ਘੁੱਟ ਕਰਕੇ ਪੀਤੀ

ਵਿਹੁ ਦਾ ਸਾਗਰ ਭਰਿਆ ਹੈ,

ਇਸ ਸਾਗਰ ਤੋਂ ਹੋਰ ਅਗੇਰੇ

ਭਰਿਆ ਸਾਗਰ ਆਵੇਗਾ।

-----

ਮੈਂ ਮੁੱਕਾਂ ਤਾਂ ਮੇਰੇ ਸੰਗ ਹੀ

ਬਿਖ ਦੁਨੀਆਂ ਦੀ ਮੁੱਕ ਜਾਵੇ,

ਭਰਿਆ ਸਾਗਰ ਮੁੱਕ ਨਹੀਂ ਸਕਣਾ

ਰੰਜ ਇਹੀ ਰਹਿ ਜਾਵੇਗਾ।

-----

ਇਸ ਦੁਨੀਆਂ ਦੇ ਭਵ ਸਾਗਰ ਤੋਂ

ਯਾਦ ਤੇਰੀ ਨੇ ਤਾਰ ਲਿਆ,

ਭਰ ਵਗਦੇ ਇਸ ਬਿਖ ਸਾਗਰ ਤੋਂ

ਕਿਹੜਾ ਪਾਰ ਲਗਾਵੇਗਾ?

ਜਸਵਿੰਦਰ ਮਹਿਰਮ - ਗ਼ਜ਼ਲ

ਗ਼ਜ਼ਲ

ਜ਼ਰੂਰੀ ਤਾਂ ਨਹੀਂ ਆਵੇ ਨਜ਼ਰ ਕੁਝ ਹਾਦਸੇ ਵਰਗਾ।

ਬੜਾ ਕੁਝ ਦਿਲ 'ਚ ਰੱਖਦੇ ਹਾਂ ਛਿਪਾ ਕੇ ਜ਼ਲਜ਼ਲੇ ਵਰਗਾ।

-----

ਚਮਕ ਚਿਹਰੇ 'ਤੇ ਹੁੰਦੀ ਏ ਖ਼ੁਸ਼ੀ ਵੇਲੇ ਸੁਬਹ ਵਰਗੀ,

ਗ਼ਮੀ ਹੋਵੇ ਤਾਂ ਇਸਦਾ ਹਾਲ ਹੁੰਦਾ ਦਿਨ ਢਲੇ ਵਰਗਾ।

-----

ਸਮਾਂ ਤਾਂ ਕੱਟ ਲੈਂਦਾ ਆਦਮੀ ਸਭ ਨਾਲ ਪਰ ਫਿਰ ਵੀ,

ਉਹ ਸਾਥੀ ਭਾਲਦਾ ਰਹਿੰਦੈ ਸਦਾ ਹੀ ਆਪਣੇ ਵਰਗਾ।

-----

ਤੁਰਾਂਗੇ ਸਾਥ ਰਲ਼ ਮਿਲ਼ ਕੇ, ਕਸਮ ਉਹ ਖਾਣਗੇ, ਲੇਕਿਨ,

ਉਨ੍ਹਾਂ ਦੇ ਦਿਲ 'ਚ ਛੁਪਿਆ ਹੈ ਬੜਾ ਕੁਝ ਫਾਸਲੇ ਵਰਗਾ।

-----

ਨਾ ਐਸਾ ਮਸ਼ਵਰਾ ਦੇਵੋ ਜੋ ਦਿਲ ਨੂੰ ਤੋੜ ਹੀ ਦੇਵੇ,

ਅਜੇਹਾ ਮਸ਼ਵਰਾ ਦੇਵੋ, ਜੋ ਹੋਵੇ ਹੌਸਲੇ ਵਰਗਾ।

-----

ਉਨ੍ਹਾਂ ਦੀ ਪਹੁੰਚ ਤੋਂ ਮੰਜ਼ਿਲ ਕਦੇ ਵੀ ਦੂਰ ਨਹੀਂ ਰਹਿੰਦੀ,

ਜਿਨ੍ਹਾਂ ਦਾ ਜੋਸ਼ ਹੋਵੇ ਢੋਲ 'ਤੇ ਲੱਗੇ ਡਗੇ ਵਰਗਾ।

-----

ਕੁਰਾਹੇ ਪੈ ਗਿਆ ਜੋ, ਹੁਣ ਇਸ਼ਾਰੇ ਕੀ ਭਲਾ ਸਮਝੂ,

ਨਸੀਹਤ ਦਾ ਰਿਹਾ ਉਸ ਤੇ ਅਸਰ ਚਿਕਨੇ ਘੜੇ ਵਰਗਾ।

-----

ਜਿਦ੍ਹੇ 'ਤੇ ਮਾਣ ਹੈ, ਹੱਕ ਹੈ, ਮੁਹੱਬਤ ਹੈ, ਮੁਨਾਸਿਬ ਹੈ,

ਕਦੇ ਮੈਂ ਬੋਲ ਵੀ ਬੋਲਾਂ ਉਨੂੰ ਗ਼ੁੱਸੇ ਗਿਲੇ ਵਰਗਾ।

-----

ਕਿਵੇਂ ਉਪਕਾਰ ਕਰ ਸਕਦੈ, ਦੁਬਾਰਾ ਉਸ ਜਗਹ ਕੋਈ,

ਜ਼ਰੂਰਤ ਪੈਣ 'ਤੇ ਜਿੱਥੋਂ, ਜਵਾਬ ਆਵੇ ਟਕੇ ਵਰਗਾ ।

-----

ਕਰੀਂ ਉਸਦਾ ਭਲਾ ਰੱਬਾ, ਮੇਰੇ ਦਿਲ 'ਚੋਂ ਦੁਆ ਨਿਕਲੀ,

ਉਹ ਕਰਦਾ ਹੈ ਬੁਰਾ ਬੇਸ਼ੱਕ, ਬੁਰਾ ਕਰਦੈ ਭਲੇ ਵਰਗਾ।

-----

ਪੁਜਾਰੀ ਪਿਆਰ ਦਾ ਬਣਕੇ, ਮੁਨਾਫ਼ਾ ਭਾਲਦੈ ਇਸ 'ਚੋਂ,

ਨਹੀਂ ਇਹ ਮਾਮਲਾ ਉਸਦਾ, ਦਿਲਾਂ ਦੇ ਮਾਮਲੇ ਵਰਗਾ।

-----

ਕਿਸੇ ਨੂੰ ਖ਼ੂਨ ਦਾ ਰਿਸ਼ਤਾ ਵੀ ਕਦ ਤਕ ਜੋੜ ਕੇ ਰੱਖ,

ਹਮੇਸ਼ਾ ਹੀ ਰਹੇ ਜਿਸਦਾ, ਵਤੀਰਾ ਓਪਰੇ ਵਰਗਾ।

-----

ਛੁਪਾ ਕੇ ਗ਼ਮ, ਖ਼ੁਸ਼ੀ ਵੰਡੇ, ਖ਼ਤਾ ਬਦਲੇ ਵਫ਼ਾ ਪਾਲ਼ੇ,

ਮਿਲੇ ਜਦ ਵੀ, ਮੇਰਾ ਮਹਿਰਮ, ਮਿਲੇ 'ਮਹਿਰਮ' ਤੇਰੇ ਵਰਗਾ।

Friday, May 28, 2010

ਮਰਹੂਮ ਗਿਆਨ ਸਿੰਘ ਸੰਧੂ - ਗ਼ਜ਼ਲ

ਸਾਹਿਤਕ ਨਾਮ: ਗਿਆਨ ਸਿੰਘ ਸੰਧੂ (ਆਈ.ਏ.ਐੱਸ)

ਜਨਮ: 01 ਮਈ, 1936- 03 ਮਾਰਚ, 2009 ( ਜ਼ਿਲ੍ਹਾ ਹੁਸ਼ਿਆਰਪੁਰ )

ਪ੍ਰਕਾਸ਼ਿਤ ਕਿਤਾਬਾਂ : ਸਾਡਾ ਬਿਰਹਾ ਮਿੱਠੜਾ ਯਾਰ, ਸਾਗਰ ਛੱਲਾਂ, ਨਦੀ ਤੇ ਨਗਰ, River Town And The Sea ਆਦਿ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

-----

ਦੋਸਤੋ! ਹੁਸ਼ਿਆਰਪੁਰ ਵਸਦੇ ਗ਼ਜ਼ਲਗੋ ਇਕਵਿੰਦਰ ਜੀ ਨੇ ਮਰਹੂਮ ਗਿਆਨ ਸਿੰਘ ਸੰਧੂ ( ਆਈ.ਏ.ਐੱਸ ) ਜੀ ਦੀਆਂ ਗ਼ਜ਼ਲਾਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਘੱਲੀਆਂ ਹਨ। ਮੈਂ ਇਕਵਿੰਦਰ ਜੀ ਦਾ ਸ਼ੁਕਰੀਆ ਅਦਾ ਕਰਦੀ ਹੋਈ, ਇਹਨਾਂ ਦੋਵਾਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਗ਼ਜ਼ਲ

ਬੈਠ ਗਏ ਅਸੀਂ ਦਿਲ ਨੂੰ ਫੜ ਕੇ

ਪੀੜ ਵੀ ਹੋਈ ਦਰਦ ਵੀ ਰੜਕੇ

-----

ਅੱਧੀ ਰਾਤ ਪਹਿਰ ਦੇ ਤੜਕੇ

ਬੈਠ ਗਏ ਅਸੀਂ ਦਿਲ ਨੂੰ ਫੜਕੇ

-----

ਅੱਧੀ ਰਾਤ ਪਹਿਰ ਦੇ ਤੜਕੇ

ਪੀੜ ਵੀ ਹੋਈ ਦਰਦ ਵੀ ਰੜਕੇ

-----

ਤੇਰੇ ਬਾਝੋਂ ਜੀਅ ਨਈਂ ਹੋਣਾ,

ਤੱਕ ਲੈ ਬੇਸ਼ਕ ਦਿਲ ਵਿਚ ਵੜ ਕੇ

-----

ਮੇਰੇ ਸਾਹਵੇਂ ਕੌਣ ਖੜ੍ਹਾ ਹੈ?

ਅਪਣੇ ਉੱਤੇ ਹੀਰੇ ਜੜ ਕੇ

-----

ਸਾਰੇ ਪਾਸੇ ਹੀ ਖ਼ੁਸ਼ਬੂਆਂ ,

ਕੌਣ ਗਿਆ ਹੈ ਏਥੇ ਖੜ੍ਹ ਕੇ?

-----

ਦੁਨੀਆ ਕਮਲ਼ੀ ਕਰ ਛੱਡੀ ਹੈ ,

ਕੀ ਕੀਤਾ ਰੱਬ ਤੈਨੂੰ ਘੜ ਕੇ

-----

ਦੀਵਾਨੇ ਨੂੰ ਖ਼ਬਰ ਨਾ ਹੋਈ ,

ਲਹਿ ਗਿਆ ਪਾਣੀ ਸਿਰ ਤੋਂ ਚੜ੍ਹ ਕੇ

=====

ਗ਼ਜ਼ਲ

ਇਕ ਪਲ ਦਾ ਸਾਥ ਤੇਰਾ, ਉਮਰਾਂ ਲਈ ਨਸ਼ਾ ਹੈ

ਤੈਨੂੰ ਲਿਪਟ ਕੇ ਆਉਂਦੀ ਸੁਰਗਾਂ ਦੀ ਜੋ ਹਵਾ ਹੈ

-----

ਹੱਸਦੇ ਨੇ ਯਾਰ ਮੇਰੇ, ਮੇਰੇ ਨਸੀਬ ਉੱਤੇ,

ਐਨੇ ਕਰੀਬ ਹੋ ਕੇ ਫਿਰ ਵੀ ਇਹ ਫ਼ਾਸਲਾ ਹੈ

------

ਰਹਿੰਦਾ ਹੈ ਸਾਥ ਹਰ ਦਮ ਫਿਰ ਭੀ ਹੈ ਭਾਲ਼ ਉਸ ਦੀ,

ਕਿੱਦਾਂ ਕਿਸੇ ਨੂੰ ਦੱਸਾਂ ਇਹ ਦਿਲ ਦਾ ਮਾਮਲਾ ਹੈ

-----

ਚਿੱਠੀ ਹੈ ਨਾ ਸੁਨੇਹਾ ਵਾਅਦਾ ਹੈ ਨਾ ਖ਼ਬਰ ਹੈ,

ਫਿਰ ਭੀ ਉਡੀਕ ਉਸਦੀ ਇਸ ਦਿਲ ਨੂੰ ਕਿਉਂ ਭਲਾ ਹੈ?

-----

ਆਵਾਜ਼ ਦੇ ਲਵਾਂਗਾ ਕੰਢੇ ਝਨਾਂ ਦੇ ਖੜ੍ਹ ਕੇ ,

ਉਠ ਜਾਗ ਸੋਹਣੀਏ ! ਨੀ ਮਹੀਂਵਾਲ ਆ ਗਿਆ ਹੈ


ਸੱਤਪਾਲ ਭੀਖੀ - ਨਜ਼ਮ

ਦੋਸਤੋ! ਮਾਨਸਾ, ਪੰਜਾਬ ਵਸਦੇ ਲੇਖਕ ਬਲਜੀਤਪਾਲ ਜੀ ਨੇ ਸੱਤਪਾਲ ਭੀਖੀ ਜੀ ਦੀ ਇਕ ਬੇਹੱਦ ਖ਼ੂਬਸੂਰਤ ਨਜ਼ਮ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਲਈ ਭੇਜੀ ਹੈ, ਮੈਂ ਉਹਨਾਂ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ।

*****

ਦੌੜ

ਨਜ਼ਮ

ਪਗਡੰਡੀ ਤੇ ਵੇਖ ਰਿਹਾਂ

ਦੌੜਦੀ ਹੋਈ ਹਿਰਨੀ

..........

ਪਿਆਰੀ ਪਿਆਰੀ

ਚੁੰਗੀਆਂ ਭਰਦੀ

ਦਿਲ ਨੂੰ ਹਰਦੀ

.........

ਪਿੱਛੇ ਉਸਦੇ

ਕੁੱਤਿਆਂ ਦਾ ਲਸ਼ਕਰ ਹੈ

..........

ਮੇਰੇ ਰੋਕਣ ਤੇ ਵੀ

ਵਲ਼ ਪਾ

ਪਿੱਛਾ ਕਰ ਰਹੇ ਹਿਰਨੀ ਦਾ

...........

...ਤੇ ਅਚਾਨਕ....

ਘਰ ਵਿਚ

ਗੁੱਡੀਆਂ ਪਟੋਲਿਆਂ ਸੰਗ ਖੇਡਦੀ

ਬੇਟੀ ਯਾਦ ਆਉਂਦੀ ਹੈ ਮੈਨੂੰ...

............

ਹਿਰਨੀ ਦੌੜ ਰਹੀ ਹੈ

ਪਿੱਛੇ ਉਸਦੇ

ਕੁੱਤਿਆਂ ਦਾ ਲਸ਼ਕਰ ਹੈ


Thursday, May 27, 2010

ਡਾ: ਸੁਖਪਾਲ - ਨਜ਼ਮ

ਸ਼ਬਦੋ ਤੁਸੀਂ ਆਉਣਾ

ਨਜ਼ਮ

ਸ਼ਬਦੋ ਤੁਸੀਂ ਆਉਣਾ

ਚੁੱਪ-ਚਾਪ, ਸਹਿਜ-ਸਹਿਜ

ਬਨੇਰੇ ਤੇ ਆ ਬੈਠੇ ਤੇ ਫ਼ਿਰ ਉੱਡ ਗਏ ਕਬੂਤਰਾਂ ਵਾਂਗ

ਨਿੱਕੀ-ਨਿੱਕੀ ਗੁਟਰ-ਗੂੰ ਕਰਦੇ...

..............

ਹਨੇਰੀ ਵਾਂਗ ਨਾ ਆਉਣਾ

ਕਿ ਮੈਨੂੰ ਕਿਸੇ ਵਾਦ ਦੀ ਛੱਤ ਹੇਠ ਲੁਕਣਾ ਪਵੇ

ਜਾਂ ਕਿਸੇ ਵਿਵਾਦ ਦਾ ਟਾਹਣ ਫੜਨਾ ਪਵੇ...

............

ਤੁਸੀਂ ਆਉਣਾ ਰੁਮਕਦੀ ਵਾਅ ਵਾਂਗ

ਜਿਹੜੀ ਪਿੰਡੇ ਨੂੰ ਲੱਗੇ ਤੇ ਅੱਖਾਂ ਬੰਦ ਹੋ ਹੋ ਜਾਣ

ਮਨ ਦੀਆਂ ਬਾਰੀਆਂ ਖੁੱਲ੍ਹ ਖੁੱਲ੍ਹ ਜਾਣ

ਫੁੱਲਾਂ ਦੀ ਮਹਿਕ ਨੂੰ

ਮੇਰੇ ਅੰਦਰ ਆਉਣ ਲਈ ਰਾਹ ਮਿਲ਼ੇ...

...........

ਤੁਸੀਂ ਆਉਣਾ ਉਸ ਸਰੂਰ ਵਾਂਗ

ਜਿਸ ਤੋਂ ਮਗਰੋਂ ਜਿਉਣ ਦਾ ਡਰ ਨਹੀਂ ਰਹਿੰਦਾ

ਜਿਸ ਮਗਰੋਂ ਸਹਿਜ ਹੋ ਜਾਂਦਾ ਏ

ਹਰ ਸ਼ਾਮੀਂ ਵਾਲ਼ਾਂ ਨੂੰ ਫੁੱਲਾਂ ਨਾਲ਼ ਗੁੰਦ ਲੈਣਾ

ਪਰ ਫੁੱਲਾਂ ਨੂੰ ਅਜਾਈਂ ਤੋੜਨ ਵਾਲ਼ੀ

ਕਲਾਈ ਫੜ ਕੇ ਰੋਕ ਲੈਣਾ....

............

ਸ਼ਬਦੋ ਸੋਹਣਿਓ!

ਤੁਸੀਂ ਲਗਾਂ-ਮਾਤਰਾਂ ਦੀਆਂ ਤਣੀਆਂ ਨਾਲ਼ ਬੱਝੇ

ਮਜ਼ਦੂਰਾਂ ਵਾਂਗ ਨਾ ਆਉਣਾ

ਤੁਸੀਂ ਗਗਨ ਮੈ ਥਾਲ ਗਾਉਂਦੇ ਹੋਏ ਆਉਣਾ

ਜਾਂ ਆਉਣਾ ਕਿਸੇ ਪਰਮ ਪੁਰਖ਼ ਦੇ ਤੀਰ ਵਾਂਗ...

.............

ਤੁਸੀਂ ਆਉਣਾ ਉਸ ਟਾਹਣੀ ਵਾਂਗ

ਜਿਹੜੀ ਲਾਸਾਂ ਨਹੀਂ-

ਫੁੱਲ ਪਿੱਛੇ ਛੱਡ ਜਾਂਦੀ ਏ....

................

ਮੇਰੇ ਆਪਣਿਓ!

ਤੁਸੀਂ ਇਉਂ ਆਉਣਾ

ਕਿ ਤੁਹਾਨੂੰ ਗਾਉਂਦਿਆਂ

ਮੈਂ ਆਪਣੇ ਆਪ ਤੀਕ ਅੱਪੜ ਜਾਵਾਂ....

Wednesday, May 26, 2010

ਰਵਿੰਦਰ ਰਵੀ - ਨਜ਼ਮ

ਦੋਸਤੋ! ਟੈਰੇਸ, ਬੀ.ਸੀ. ਵਸਦੇ ਸੁਪ੍ਰਸਿੱਧ ਲੇਖਕ ਰਵਿੰਦਰ ਰਵੀ ਜੀ ਦੀ 10 ਮਈ ਨੂੰ ਅੱਖ ਦੀ ਸਰਜਰੀ ਹੋਣ ਉਪਰੰਤ ਪੈਦਾ ਹੋਈਆਂ Complications ਕਰਕੇ ਉਹਨਾਂ ਨੂੰ 15- 26 ਮਈ ਤੱਕ ਹਸਪਤਾਲ ਚ ਰੱਖਿਆ ਗਿਆ। ਕਿਉਂਕਿ ਰਵੀ ਸਾਹਿਬ ਦੇ ਦਿਲ ਦੇ ਵੀ ਕਈ ਆਪ੍ਰੇਸ਼ਨ ਹੋ ਚੁੱਕੇ ਹੋਣ ਕਰਕੇ ਉਹ Blood Thinners ‘ਤੇ ਹਨ, ਅੱਖ ਦੀ ਸਰਜਰੀ ਹੋਣ ਤੋਂ ਬਾਅਦ ਇਕ ਦਿਨ ਅੱਖ ਚੋਂ ਫ਼ੁਹਾਰੇ ਵਾਂਗ ਖ਼ੂਨ ਵਗਣ ਲੱਗਾ ਤੇ ਉਹਨਾਂ ਨੂੰ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਹਸਪਤਾਲ ਰਹਿਣਾ ਪਿਆ। ਪਰ ਹੁਣ ਡਾਕਟਰਾਂ ਨੇ ਪੂਰੀ ਵਾਹ ਲਾ ਕੇ ਉਹਨਾਂ ਦੀ ਅੱਖ ਚੋਂ ਵਗਦੇ ਖ਼ੂਨ ਨੂੰ ਕਾਫ਼ੀ ਹੱਦ ਤੱਕ ਰੋਕ ਦਿੱਤਾ ਹੈ।

-----

ਅੱਜ ਉਹ ਹਸਪਤਾਲੋਂ ਛੁੱਟੀ ਲੈ ਕੇ ਘਰ ਪਰਤੇ ਹਨ। ਮੇਰੀ ਉਹਨਾਂ ਨਾਲ਼ ਫ਼ੋਨ ਤੇ ਗੱਲ ਵੀ ਹੋਈ ਹੈ। ਵੇਖੋ ਹੌਸਲਾ ਰਵੀ ਸਾਹਿਬ ਦਾ! ਉਹੀ ਜ਼ਿੰਦਾ-ਦਿਲ ਰਵੀ ਸਾਹਿਬ ....ਤੇ ਉਹੀ ਉਹਨਾਂ ਦੀ ਦਿਲ-ਖਿੱਚਵੀਂ ਆਵਾਜ਼!! ਫ਼ੋਨ ਤੇ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਹਸਪਤਾਲੋਂ ਪਰਤੇ ਨੇ...ਮੇਰੇ ਮਾਈਗ੍ਰੇਨ ਤੱਕ ਹੋਵੇ ਤਾਂ ਮੇਰੀ ਆਵਾਜ਼ ਤਾਂ ਕੀ...ਮੇਰੇ ਆਲ਼ੇ-ਦੁਆਲ਼ੇ ਸਭ ਕੁਝ ਬਦਲ ਜਾਂਦਾ ਹੈ, ਪਰ ਸਾਡੇ ਰਵੀ ਸਾਹਿਬ ਅਸਲੀ ਅਰਥਾਂ ਸੁਪਰ ਮੈਨ ਹਨ। ਉਹਨਾਂ ਨਾਲ਼ ਗੱਲ ਕਰਕੇ ਹਰ ਵਾਰ ਇਕ ਨਵਾਂ ਉਤਸ਼ਾਹ ਜਾਗਦਾ ਹੈ ਕਿ ਢੇਰੀਆਂ ਢਾਹ ਕੇ ਨਹੀਂ, ਜ਼ਿੰਦਗੀ ਹੱਸ ਕੇ ਜਿਉਣੀ ਚਾਹੀਦੀ ਹੈ।

------

ਰਵੀ ਸਾਹਿਬ! ਆਰਸੀ ਪਰਿਵਾਰ ਵੱਲੋਂ ਤੁਹਾਡੀ ਚੜ੍ਹਦੀ ਕਲਾ ਦੀ ਰੱਬ ਸੋਹਣੇ ਅੱਗੇ ਅਰਦਾਸ ਹੈ। ਤੁਸੀਂ ਜਲਦੀ ਸਿਹਤਯਾਬ ਹੋਵੋ ਅਤੇ ਨਵੀਆਂ ਨਜ਼ਮਾਂ ਲਿਖ ਕੇ ਸਾਂਝੀਆਂ ਕਰਨ ਲਈ ਭੇਜੋ। ਅੱਜ ਦੀ ਪੋਸਟ ਚ ਸਾਡੇ ਸੁਪਰ ਮੈਨ ਰਵੀ ਸਾਹਿਬ ਦੀਆਂ ਸੱਠਵਿਆਂ ਦੇ ਦੌਰ ਦੀਆਂ ਲਿਖੀਆਂ ਚੰਦ ਬੇਹੱਦ ਖ਼ੂਬਸੂਰਤ ਨਜ਼ਮਾਂ ਸ਼ਾਮਿਲ ਕਰਨ ਜਾ ਰਹੀ ਹਾਂ। ਜਲਦੀ ਹੀ ਰਵੀ ਸਾਹਿਬ ਦੀ ਲਿਖਣ-ਪ੍ਰਕਿਰਿਆ ਬਾਰੇ ਇਕ ਵੱਖਰੇ ਅਤੇ ਰੌਚਕ ਬਲੌਗ ਦਾ ਲਿੰਕ ਵੀ ਤੁਹਾਡੇ ਲਈ ਖੋਲ੍ਹ ਦਿੱਤਾ ਜਾਏਗਾ। ਉਹਨਾਂ ਦਾ ਸਫ਼ਰਨਾਮਾ ਤੁਸੀਂ ਬਹੁਤ ਪਸੰਦ ਕਰ ਰਹੇ ਹੋ, ਇਕ ਵਾਰ ਫੇਰ ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਅਗਰਬੱਤੀ
ਨਜ਼ਮ

ਧੁਖ ਰਹੀ ਹੈ ਅਗਰਬੱਤੀ,
ਫੇਰ ਅੱਜ ਕਮਰੇ ਦੇ ਵਿਚ!
ਮਹਿਕ ਚੰਦਨ ਦੀ,
ਜਿਵੇਂ ਹੈ ਆ ਰਹੀ!
.........
ਸੋਚਦਾਂ, ਕੀ
ਏਸ ਕਮਰੇ ਵਿਚ ਹੈ ਇਸਦਾ ਵਜੂਦ?
.........

ਧੁਖਣ ਹੈ ਜਜ਼ਬਾਤ ਦੀ ਤੇ
ਸੜਨ ਹੈ ਅਹਿਸਾਸ ਦੀ!
..........
ਸ਼ੇਕ ਹੈ ਨਫ਼ਰਤ ਜਿਹੀ ਦਾ,
ਏਸ ਚੌਗਿਰਦੇ ਵਿਰੁੱਧ!
ਚਾਰ-ਦੀਵਾਰੀ ਵਿਰੁੱਧ!
...........
ਸਿਸਕ ਰਹੇ ਜਜ਼ਬਾਤ ਇਸਦੇ,
ਵੈਣ ਜਿਹੇ, ਧੂੰਏਂ ਦੇ ਵਿਚ,
ਗੀਤ ਕਹਿ ਲਓ ਇਨ੍ਹਾਂ ਨੂੰ!!!
............
ਹੋਰ ਕੀ ਹੈ?

.............
"
ਬੁਝਣ ਤੋਂ ਚੰਗਾ ਹੈ ਧੁਖਣਾ",
ਹਠ ਇਸ ਦਾ,
ਆਖ ਕੇ, ਧੁਖਦਾ ਪਿਆ ਹੈ!

............
ਆਖਿਆ ਸੀ, ਤੂੰ ਕਦੇ
ਸੱਜਣੀ ਮੇਰੀ,
ਮੇਰੀ ਪ੍ਰੀਤਮਾ :
"
ਹੈ ਜ਼ਿੰਦਗੀ ਚੰਦਨ ਦਾ ਰੁੱਖ!"

...............
ਜਾਪਦਾ ਹੈ ਇਸ ਤਰ੍ਹਾਂ,
ਜਿਉਂ ਯਾਦ ਤੇਰੇ ਕਥਨ ਦੀ,
ਧੂੰਏਂ ਚ ਘੁਲ਼ਦੀ ਜਾ ਰਹੀ!

............
ਧੁਖ ਰਹੀ ਹੈ ਅਗਰਬੱਤੀ,
ਫੇਰ ਅੱਜ ਕਮਰੇ ਦੇ ਵਿਚ,
ਮਹਿਕ ਚੰਦਨ ਦੀ ਹੈ
ਤਾਈਓਂ ਆ ਰਹੀ!!!

=====

ਸਿਰਜਣ ਅਤੇ ਸਰਾਪ

ਨਜ਼ਮ

ਮੇਰੀ ਨਫ਼ਰਤ ਨਿਖੇੜੋ ਨਾ,
ਮੇਰੀ ਨਫ਼ਰਤ, ਚ ਮੇਰੀ ਹੋਂਦ ਦਾ ਆਕਾਰ ਢਲ਼ਿਆ ਹੈ!
...........
ਹਰ ਇਕ ਯੁੱਗ ਵਿਚ ਕਿਸੇ ਆਦਮ2 ਦੇ ਅੰਦਰ ਦੀ ਹੱਵਾ 2 ਜਾਗੀ,
ਹਰ ਇਕ ਯੁੱਗ ਵਿਚ ਹੱਵਾ ਅੰਦਰ, ਕੋਈ ਆਦਮ ਉਦੈ ਹੋਇਆ!
...............
ਸਰਾਪੀ ਸਿਰਜਣਾ ਦਾ ਵਰ ਪ੍ਰਾਪਤ ਹੋਂਦ ਮੇਰੀ ਨੂੰ,
ਤ੍ਰੀਮਤ ਆਪਣੇ ਅੰਦਰ ਦੀ ਮੈਂ ਬਾਹਰ ਭਾਲ਼ਦਾ ਫਿਰਦਾਂ,
ਗੁਨਾਹ ਕਹਿਕੇ ਜੇ ਨਿੰਦਣਾ, ਨਿੰਦ ਲਵੋ ਇਹ ਅਮਲ ਕਰਤਾਰੀ
ਮੇਰੇ ਅੰਦਰ ਦਾ ਆਦਮ ਫਿਰ ਅੰਜੀਰਾਂ ਖਾਣ ਚੱਲਿਆ ਹੈ!
...........
ਮੇਰੇ ਜੀਵਨ ਦੇ ਮੰਥਨ ਚੋਂ ਹੈ ਅੰਮ੍ਰਿਤ ਜਦ ਕਦੇ ਮਿਲ਼ਿਆ,
ਮੇਰੇ ਅੰਦਰ ਦੇ ਰਾਖਸ਼ਸ਼ ਨੇ ਚੁਰਾ ਕੇ ਸਭ ਦੀਆਂ ਨਜ਼ਰਾਂ,
ਅਸੁਰ3 ਦੀ ਅਉਧ-ਰੇਖਾ ਖਿੱਚ ਕੇ ਸੁਰ4 ਜੇਡੀ ਬਣਾ ਦਿੱਤੀ!
ਮੇਰੇ ਅੰਦਰ ਦੇ ਸ਼ਿਵ ਜੀ ਦਾ ਅਜੇ ਵੀ ਕੰਠ ਨੀਲਾ ਹੈ!
..............
ਮਿੱਤ-ਮੁਖੇ ਦੁਸ਼ਮਣ,
ਅਸੰਗ, ਸੰਗੀ
ਅਤੇ ਦੁਸ਼ਮਣ-ਮੁਖੇ ਮਿੱਤਰ
ਚੁਫ਼ੇਰੇ ਦੇ ਅਨ੍ਹੇਰੇ ਚਾਨਣੇ ਅੰਦਰ,
ਉਮਰ ਦਾ ਜ਼ਹਿਰ ਪਈ ਚੂਸੇ ਮੇਰੇ ਅੰਦਰ ਦੀ ਵਿਸ਼-ਕੰਨਿਆ 5!
.............
ਧਰਮ ਹੈ ਜ਼ਹਿਰ ਦਾ ਆਪਣਾ,
ਧਰਮ ਅੰਮ੍ਰਿਤ ਦਾ ਵੀ ਆਪਣਾ!
ਕੰਵਲ ਨਿਰਲੇਪ ਦੀ ਜੜ੍ਹ ਵੀ ਹੈ ਧੁਰ ਚਿੱਕੜ ਦੇ ਵਿਚ ਰਹਿੰਦੀ!
...........
ਮੇਰੇ ਫੁੱਲ ਦੀ ਮਹਿਕ ਵੀ ਓਸ ਟਹਿਣੀ ਤੋਂ ਪ੍ਰਾਪਤ ਹੈ,
ਧਰਮ ਇਸ ਸੂਲ਼ ਮੇਰੀ ਦਾ ਜਿਹੜੀ ਟਹਿਣੀ ਤੇ ਪਲਿਆ ਹੈ!
.............
ਮੇਰੀ ਨਫ਼ਰਤ ਨਿਖੇੜੋ ਨਾ,
ਮੇਰੀ ਨਫ਼ਰਤ ਚ ਮੇਰੀ ਹੋਂਦ ਦਾ ਆਕਾਰ ਢਲ਼ਿਆ ਹੈ!!!
*****
ਔਖੇ ਸ਼ਬਦਾਂ ਦੇ ਅਰਥ: - 1 ਆਦਮ ਬਾਬਾ ਆਦਮ(adam) 2. ਹੱਵਾ ਮਾਈ ਹੱਵਾ(eve) , 3 ਅਸੁਰ ਰਾਖਸ਼ਿਸ਼ 4. ਸੁਰ ਦੇਵਤਾ 5 ਵਿਸ਼-ਕੰਨਿਆ ਜ਼ਹਿਰ ਚੂਸਣ ਵਾਲੀ ਕੁੜੀ
=====

ਅਕੱਥ ਕਥਾ
ਨਜ਼ਮ

ਸਿਰਜੇ ਜੀ! ਕੋਈ ਸਿਰਜੇ ਕਿਵੇਂ ਖ਼ਾਮੋਸ਼ੀ?
ਪਕੜੇ ਜੀ! ਕੋਈ ਪਕੜੇ ਕੀਕੂੰ
ਸ਼ਬਦਾਂ ਦੇ ਵਿਚ ਭਾਵਾਂ ਦੀ ਬੇਹੋਸ਼ੀ?
..............
ਪਾਰੇ ਵਾਂਗ ਡਲ੍ਹਕਦਾ ਛਿਣ, ਛਿਣ,
ਅੱਖੀਆਂ ਨੂੰ ਚੁੰਧਿਆਵੇ!
ਬੇ-ਆਵਾਜ਼, ਆਵਾਜ਼ ਚ ਛਿਣ, ਛਿਣ,
ਫੁੱਲ ਵਾਂਗੂੰ ਖਿੜ ਜਾਵੇ!
ਪਕੜੇ ਜੀ! ਕੋਈ ਪਕੜੇ ਕੀਕੂੰ
ਮਹਿਕਾਂ ਦੀ ਸਰਗੋਸ਼ੀ?
................
ਸ਼ਬਦਾਂ ਦੇ ਦਰ ਸੌੜੇ ਹਨ ਤੇ
ਕੱਦ ਅਰਥਾਂ ਦੇ ਉੱਚੇ!
ਬਹੁ-ਦਿਸ਼ਾਵੀ ਚੇਤੰਨ ਅਨੁਭਵ,
ਕਵਣ ਸੁ ਦਰ, ਜਿਤ ਢੁੱਕੇ?
ਸ਼ਬਦਾਂ ਬਾਝੋਂ ਅਰਥ, ਬੇ-ਅਰਥੇ,
ਮਰਦੇ ਵਿਚ ਨਮੋਸ਼ੀ!
...........
ਕੰਜਕ ਅਉਧ ਤੇ ਨਿਰਛੁਹ ਕਾਇਆ,
ਭਾਵ ਮੇਰੇ ਗਰਭਾਏ!
ਭਰ ਸਰਵਰ ਚੋਂ ਸੂਰਜ ਦਾ ਨਾਂ
ਸ਼ੇਕ ਪਕੜਿਆ ਜਾਏ!
ਪਰ-ਖ਼ਿਆਲਾਂ1. ਦੇ ਸਵੈ-ਵਿਚਰਨ2 ਵਿਚ
ਕਾਮ ਜਿਹੀ ਮਦਹੋਸ਼ੀ!
............
ਸੂਈਆਂ ਇਕ ਗੇੜੇ ਵਿਚ ਬੱਝੀਆਂ,
ਸਮੇਂ ਨੂੰ ਅੰਕੀ ਜਾਵਣ!
ਪਰ ਨਿਰ-ਅੰਕ3. ਸਮੇਂ ਦੀਆਂ ਰਮਜ਼ਾਂ,
ਸੂਈਆਂ ਚੋਂ ਲੰਘ ਜਾਵਣ!
ਇਸ ਤ੍ਰੈ-ਕਾਲੀ4 ਪਰਵਾਹ ਵਿਚ, ਇਕ
ਜਾਣੀ ਹੋਈ ਫਰਾਮੋਸ਼ੀ!
..............
ਕਿਸ ਹਉਮੈ ਦੀ ਸਬਲ ਸਾਧਨਾ,
ਨਿਰਬਲ ਕਿਸੇ ਨੇ ਕੀਤੀ?
ਕਿਸ ਤ੍ਰਿਪਤੀ ਨੇ, ਰੁੱਤ-ਗੇੜ ਵਿਚ,
ਤ੍ਰਿਸ਼ਨਾ ਦੀ ਲੋਅ ਡੀਕੀ?
ਯੁੱਗਾਂ ਦੀ ਅਕੱਥ ਕਥਾ ਹੈ,
ਛਿਣ, ਛਿਣ ਦੀ ਖ਼ਾਮੋਸ਼ੀ!
ਕੋਈ ਸਿਰਜੇ ਕਿਵੇਂ ਖਾਮੋਸ਼ੀ???
******
ਔਖੇ ਸ਼ਬਦਾਂ ਦੇ ਅਰਥ: - 1 ਪਰ-ਖ਼ਿਆਲਾਂ ਦੂਜੇ ਦੇ ਖ਼ਿਆਲਾਂ 2 ਸਵੈ-ਵਿਚਰਨ ਆਪਣੇ ਵਿਚ ਵਿਚਰਨ 3. ਨਿਰ-ਅੰਕ ਅੰਕਾਂ ਜਾਂ ਨੰਬਰਾਂ ਤੋਂ ਬਿਨਾਂ , 4 ਤ੍ਰੈ-ਕਾਲੀ ਤਿੰਨ ਕਾਲਾਂ ਵਾਲੇ ਜਾਂ ਭੂਤ, ਵਰਤਮਾਨ ਤੇ ਭਵਿੱਖ ਵਾਲੇ
=====
ਤਸਵੀਰ
ਨਜ਼ਮ

ਕਈ ਦਿਨ ਤੋਂ ਇਹ ਚਿੜੀ ਵਿਚਾਰੀ,
ਨਾ ਕੁਝ ਖਾਂਦੀ, ਨਾ ਕੁਝ ਪੀਂਦੀ!
ਸ਼ੀਸ਼ੇ ਦੇ ਵਿਚ,
ਅਕਸ ਆਪਣਾ ਵੇਖ, ਵੇਖ ਕੇ,
ਸ਼ੀਸ਼ੇ ਉੱਤੇ ਠੂੰਗੇ ਮਾਰੇ!
ਅਣ-ਛਿੜੀਆਂ ਬਾਤਾਂ ਨੂੰ ਆਪੇ ਭਰੇ ਹੁੰਗਾਰੇ!
..............
ਸ਼ੀਸ਼ਾ ਤਾਂ ਇਕ ਥਲ ਦੀ ਨਿਅਈਂ!
ਚਿੜੀ ਵਿਚਾਰੀ ਇਹ ਕੀ ਜਾਣੇ:
...........
ਅਕਸ ਭਲਾ ਕੀ ਤੇਹ ਮੇਟਣਗੇ?
ਅਕਸ ਭਲਾ ਕੀ ਨਿੱਘ ਦੇਵਣਗੇ?
..........
ਵਿੱਠਾਂ ਦੇ ਨਾਲ ਭਰਿਆ ਸ਼ੀਸ਼ਾ,
ਖ਼ੰਡਰਾਂ ਦੀ ਵਿਥਿਆ ਦਾ ਹਾਣੀ ਬਣਿਆ ਜਾਪੇ!
..........
ਚਿੜੀ ਵਿਚਾਰੀ,
ਨਾ ਕੁਝ ਖਾਂਦੀ, ਨਾ ਕੁਝ ਪੀਂਦੀ!
ਠੂੰਗੇ ਮਾਰ, ਮਾਰ, ਵਿਚਾਰੀ,
ਅੱਧ-ਮੋਈ ਪਈ ਪਾਸੇ-ਪਰਨੇ!
ਖੁੱਲ੍ਹੀਆਂ ਅੱਖਾਂ ਰੂਪ ਪਛਾਨਣ!
ਚੁੰਝ ਨਾਲ਼ ਚੁੰਝ ਪਰਸਦੀ ਪਈ ਹੈ!
.........
ਮਨ ਦੀ ਹਾਲਤ ਅਜਬ ਜਿਹੀ ਹੈ!
ਸ਼ੀਸ਼ੇ ਕੋਲ ਮੇਰੀ ਪ੍ਰਿਤਮਾ ਦੀ,
ਇਕ ਤਾਜ਼ਾ ਤਸਵੀਰ ਪਈ ਹੈ!!!