ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਜਗਜੀਤ ਸੰਧੂ. Show all posts
Showing posts with label ਜਗਜੀਤ ਸੰਧੂ. Show all posts

Saturday, March 11, 2017

ਜਗਜੀਤ ਸੰਧੂ - ਨਜ਼ਮ



ਦੋਸਤੋ! ਐਬਟਸਫ਼ੋਰਡ ਵਸਦੇ ਸ਼ਾਇਰ ਦੋਸਤ ਜਗਜੀਤ ਸੰਧੂ ਦੀ ਇਹ ਕਿਤਾਬ
‘ਚੁੰਨੀ ਲੈ ਆਵਾਜ਼ਾਂ ਦੀ’ 2014 ‘ਚ ਪ੍ਰਕਾਸ਼ਿਤ ਹੋਈ ਸੀ ... ਤੇ ਤਕਰੀਬਨ ਢਾਈ-ਤਿੰਨ ਕੁ ਸਾਲਾਂ ਤੋਂ ਮੇਰੀ ਪੜ੍ਹਨ-ਮੇਜ਼ ‘ਤੇ ਪਈ ਰਹੀ ਹੈ। ਇਹਨਾਂ ਵਰ੍ਹਿਆਂ ਦੌਰਾਨ ਮੈਂ ਆਪਣੇ ਹੀ ਆਨੰਦ ਵਿਚ ਤੁਰੀ ਫਿਰਦੀ ਸੀ। ਇਹ ਉਹ ਸਮਾਂ ਸੀ ਜਦੋਂ ਨਾ ਕੁਝ ਲਿਖਿਆ ਤੇ ਨਾ ਕੁਝ ਪੜ੍ਹਿਆ.... ਫ਼ੋਨ, ਸੋਸ਼ਲ ਮੀਡੀਆ, ਦੋਸਤਾਂ.... ਸਭ ਤੋਂ ਦੂਰ ਰਹੀ। ਹੁਣ ਕੁਝ ਦਿਨਾਂ ਤੋਂ ਪੜ੍ਹਨ ਵਾਲ਼ੀਆਂ ਕਿਤਾਬਾਂ ‘ਤੇ ਨਜ਼ਰ ਪਈ ਤਾਂ ਜਗਜੀਤ ਦੀ ਕਿਤਾਬ ਨੇ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ਼ ਵੇਖਿਆ। ਕੱਲ੍ਹ ਬਹਿ ਕੇ ਇਸ ਕਿਤਾਬ ਨੂੰ ਮਾਣਿਆ ਹੈ। ਸ਼ਾਇਰ ਜਗਜੀਤ ਬਾਰੇ ਬਹੁਤ ਕੁਝ ਕਿਹਾ ਜਾ ਸਕਦੈ.....ਉਹ ਸਾਰਾ ਕੁਝ ਪਰਫ਼ੈਕਸ਼ਨ ਦੇ ਪੈਮਾਨੇ ਨਾਲ਼ ਮੇਚ ਕੇ ਫੇਰ ਕਵਿਤਾ ਪਾਠਕਾਂ ਮੂਹਰੇ ਪਰੋਸਣ ਦੀ ਕੋਸ਼ਿਸ਼ ‘ਚ ਰਹਿੰਦਾ ਹੈ। ਉਸ ਦੀ ਕਵਿਤਾ... ਜਲ ‘ਤੇ ਮੁਹਾਰਤ ਨਾਲ਼ ਤੈਰ ਵੀ ਸਕਦੀ ਹੈ..... ਵਾਸ਼ਪ ਬਣ ਕੇ ਬੱਦਲਾਂ ਸੰਗ ਰਲ਼ ਕੇ ਵਰ੍ਹ ਵੀ ਸਕਦੀ ਹੈ ਤੇ  ਲੋੜ ਪੈਣ ‘ਤੇ ਕਿਸੇ ਪਹਾੜੀ ‘ਤੇ ਬਰਫ਼ ਬਣ ਕੇ ਸਥਿਰ ਵੀ ਹੋ ਸਕਦੀ ਹੈ। ਕਿਤਾਬ ‘ਚੋਂ ਬਹੁਤ ਹਵਾਲੇ ਦਿੱਤੇ ਜਾ ਸਕਦੇ ਹਨ.. ਪਰ ਅੱਜ ਤੁਹਾਡੇ ਨਾਲ਼ ...... ਇਕ ਨਿਵੇਕਲ਼ੇ ਹੀ ਰੰਗ ਦੀ ਨਜ਼ਮ ਸਾਂਝੀ ਕਰਕੇ.... ਜਗਜੀਤ ਨੂੰ ਇਸ ਖ਼ੂਬਸੂਰਤ ਕਿਤਾਬ ਲਈ ਮੁਬਾਰਕਾਬਦ ਪੇਸ਼ ਕਰਦੀ ਹਾਂ।
=======
ਅੱਛਾ...!
( ਨਜ਼ਮ )
ਅੱਛਾ...!
ਤਾਂ ਇਸ ਤਰ੍ਹਾਂ ਕੁੱਟਦੇ ਨੇ ਫਾਲ਼ੇ
ਤੇ ਇਸ ਤਰ੍ਹਾਂ ਉਹ ਭੋਂ ਸੀੜਦੇ ਨੇ

ਅੱਛਾ...!
ਤਾਂ ਇਸ ਤਰ੍ਹਾਂ ਕਿਰਦਾ ਹੈ ਬੀਜ ਪੋਰੇ
‘ਚੋਂ
ਤੇ ਇਸ ਤਰ੍ਹਾਂ ਫਿਰ ਪਾਣੀ ਜੀਰਦੇ ਨੇ

ਮਿੱਟੀ ਤੋਂ ਟੁੱਟਿਆਂ ਅਰਸਾ ਹੋ ਚੱਲਿਐ
ਸਧਾਰਨ ਗੱਲਾਂ ਅਲੋਕਾਰ ਲੱਗਦੀਆਂ ਨੇ
ਵਾ-ਵਰੋਲ਼ੇ ਅੰਦਰ ਆਜ਼ਾਦ ਪੱਤੀਆਂ
ਖੌਰੇ ਕਿਸ ਦੀ ਪ੍ਰਕਰਮਾ
‘ਚ ਵਗਦੀਆਂ ਨੇ

ਅੱਛਾ...!
ਇਸ ਤਰ੍ਹਾਂ ਹੋ ਜਾਂਦਾ ਹੈ ਚਾਨਣ ਗ਼ਾਇਬ
ਅਤੇ ਇਸ ਤਰ੍ਹਾਂ ਨ੍ਹੇਰ ਦਿਸਦਾ ਹੈ

ਅੱਛਾ...!
ਇਸ ਤਰ੍ਹਾਂ ਪਹਿਨਦਾ ਹੈ ਅੰਬਰ ਘਟਾਵਾਂ ਨੂੰ
ਫਿਰ ਇਸ ਤਰ੍ਹਾਂ ਰੇਤ ਪੁਰ ਪਾਣੀ ਵਿਛਦਾ ਹੈ

ਮੇਰੇ ਅੱਧੇ ਯਕੀਨ
‘ਤੇ ਹੱਸਦੀ
ਤੂੰ ਆਪਣੇ ਜੇਰੇ
‘ਤੇ ਗ਼ਰੂਰਦੀ ਵੀ ਹੁੰਦੀ ਸੀ
ਇਹਦਾ ਮਤਲਬ ਤੂੰ ਮੈਨੂੰ ਪਿਆਰਦੀ ਨਹੀ ਨਹੀਂ
ਆਪ ਖੁਰ-ਖੁਰ ਕੇ ਪੂਰਦੀ ਵੀ ਹੁੰਦੀ ਸੀ

ਅੱਛਾ...!
ਏਨੇ ਸੁਰਖ਼ ਹੁੰਦੇ ਹਨ ਰੋ ਰੋ ਕੇ ਤੇਰੇ ਕੋਏ
ਤੇ ਏਸ ਤਰ੍ਹਾਂ ਤੇਰਾ ਹੇਠਲਾ ਬੁੱਲ੍ਹ ਫਰਕਦਾ ਹੈ

ਅੱਛਾ...!
ਤਾਂ ਇਸ ਤਰ੍ਹਾਂ ਤਿਲ੍ਹਕਦੇ ਹਨ ਹੱਥ ਤੇਰੇ ਚਿਹਰੇ ਤੋਂ
ਇਸ ਤਰ੍ਹਾਂ ਪੋਟਿਆਂ
‘ਚੋਂ ਰੇਸ਼ਮ ਸਰਕਦਾ ਹੈ

ਦਿਨ ਵੇਲ਼ੇ ਆਲ੍ਹਣੇ ਸਣੇ ਰੁੱਖ ਚਿਤਰਿਆ ਜਾਂਦਾ ਹੈ
ਰਾਤ ਵੇਲ਼ੇ ਇਸ ਖਿੜਕੀ
‘ਤੇ ਲੁੱਕ ਪੁਤ ਜਾਂਦੀ ਹੈ
ਸੌਣ ਮਹੀਨੇ ਪੁਰਾਣੇ ਫਾਲ਼ੇ ਦੀ ਚੌਅ
ਚੱਪਾ ਕੁ  ਧਰਤੀ
‘ਚ ਆਪੇ ਖੁੱਭ ਜਾਂਦੀ ਹੈ

ਅੱਛਾ...!
ਮੈਨੂੰ ਹਰ ਸ਼ੈਅ ਦੂਸਰੀ ਵਾਰ ਦੇਖਣੀ ਪੈਂਦੀ ਹੈ
ਤੇ ਦੂਜੀ ਵਾਰ ਆਉਂਦੀ ਹੈ ਮੇਰੀ ਸੁਰਤ
‘ਚ ਮਹੀਨੀ

ਅੱਛਾ...!
ਪਹਿਲੀ ਵਾਰ ਤੇ ਮੇਰਾ ਪਿਆਰ ਸੀ ਅੰਨ੍ਹਾ
ਹੁਣ ਜਾ ਕੇ ਹੋਈ ਹੈ ਛੋਹ ਖੁਰਦਬੀਨੀ
ਅੱਛਾ...!

Friday, September 7, 2012

ਜਗਜੀਤ ਸੰਧੂ - ਨਜ਼ਮਾਂ



( ਇਹ ਦੋਵੇਂ ਨਜ਼ਮਾਂ ਜਗਜੀਤ ਸੰਧੂ ਹੁਰਾਂ ਦੀ ਪ੍ਰਕਾਸ਼ਨ ਅਧੀਨ ਕਿਤਾਬ ‘ਬਾਰੀ ਕੋਲ਼ ਬੈਠਿਆਂ’ ‘ਚੋਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ )
ਸੁਧਾਰ ਕਾਲਜ-੧
ਨਜ਼ਮ
ਮੇਰਾ ਮਨ ਕਰਦਾ ਹੈ ਕਿ 
ਇਸ ਥਾਂ ਮੈਂ ਫਿਰ ਆਵਾਂ
ਪਰ ਇਸ ਤਰ੍ਹਾਂ ਨਾ ਆਵਾਂ
ਇਸ ਥਾਂ ਮੈਂ, ਮੈਂ ਬਣ ਕੇ ਨਹੀਂ
ਇਹ ਥਾਂ ਬਣ ਕੇ ਆਵਾਂ
ਉਸ ਤੋਤੇ ਦੇ ਕੰਠ ‘ ਚ 
ਕੋਈ ਬੋਲ ਬਣ ਕੇ ਆਵਾਂ
ਕਰੂੰਬਲਾਂ ਦੇ ਅੰਦਰ 
ਪੁੰਗਰ ਜਾਣ ਦਾ ਉਮਾਹ ਬਣ ਕੇ ਆਵਾਂ
ਪੈਰਾਂ ਹੇਠਲੇ ਕਿਣਕਿਆਂ ‘ਚ 
ਬੈਠੀ ਰੜਕ ਬਣ ਕੇ ਆਵਾਂ
ਕਿਸੇ ਦੀਆਂ ਅੱਖਾਂ ‘ਚ ਵੀ 
ਉਲਝਣ ਨਹੀਂ ਮੋਹ ਬਣ ਕੇ ਆਵਾਂ
ਹੁਣ ਮੈਂ ਇੱਥੇ ਜਦ ਵੀ ਆਵਾਂ 
ਕੁਝ ਕਰਨ ਵਾਸਤੇ ਨਹੀਂ
ਬਲਕਿ
ਵਾਪਰਨ ਵਾਸਤੇ ਆਵਾਂ
=====
ਸੁਧਾਰ ਕਾਲਜ - ੨
ਨਜ਼ਮ
ਇਸ ਕਾਲਜ ਦੇ 
ਵੰਨ ਸੁਵੰਨੇ ਰੁੱਖ 
ਏਨੇ ਚਿਰ ਵਿੱਚ 
ਮੇਰੇ ਮਿੱਤਰ ਬਣ ਗਏ ਨੇ
ਹਰ ਸ਼ਾਮ ਚਾਹ ਵੇਲੇ 
ਅਸੀਂ ਕਰਦੇ ਹਾਂ ਦੁੱਖ ਸੁੱਖ
ਉਹਨਾਂ ਦੇ ਵਧਦੇ ਘਟਦੇ 
ਸਾਵੇ ਪਨ ਬਾਰੇ
ਮੈਂ ਸਾਂਝਾ ਕਰਦਾ ਹਾਂ 
ਉਹ ਅਹਿਸਾਸ ਜੋ 
ਉਹਨਾਂ ਹੇਠ ਖਲੋਅ ਕੇ ਮੈਨੂੰ ਹੁੰਦਾ ਹੈ
ਉਹ ਵੀ ਸੌਖੇ ਜਿਹੇ ਹੋ 
ਬੈਠ ਜਾਂਦੇ ਨੇ ਕੋਲ਼ ਮੇਰੇ
ਆਪਣੇ ਹੀ ਪੱਤਿਆਂ ‘ਤੇ 
ਆਪਣੀ ਹੀ ਛਾਵੇਂ
ਮੈਂ ਜ਼ਿਕਰ ਕਰਦਾਂ
ਦੂਰ ਕਿਤੇ ਬਿਫਰੇ ਹੋਏ ਚੋਆਂ ਦਾ
ਸਣੇ ਫ਼ਸਲਾਂ 
ਵਹਿ ਗਏ ਕਿਰਸਾਨਾਂ ਦਾ
ਅਤੇ ਉਹ ਵਿਥਿਆ ਦਸਦੇ ਹਨ 
ਵੱਢੇ ਟੁੱਕੇ ਜਾਂਦੇ ਆਪਣੇ ਕੁਟੁੰਬ ਦੀ
ਜਿਨ੍ਹਾਂ ਦੇ ਕਾਗ਼ਜ਼ ‘ਤੇ ਛਪ ਜਾਏਗੀ
ਉਹਨਾਂ ਦੇ ਹੀ 
ਅਲੋਪ ਹੋ ਜਾਣ ਦੀ ਖ਼ਬਰ
ਰੁੱਖਾਂ ਦਾ ਦੁੱਖ 
ਮੇਰੇ ਦੁੱਖ ਤੋਂ ਵੱਡਾ ਹੈ
ਵਧਦਾ ਹੀ ਜਾਂਦਾ ਹੈ ਸ਼ਾਮਾਂ ਵੇਲ਼ੇ 
ਉਹਨਾਂ ਦੇ ਪਰਛਾਵੇਂ ਵਾਂਗ।

Monday, January 30, 2012

ਜਗਜੀਤ ਸੰਧੂ - ਨਜ਼ਮ

ਮੈਂ ਸੱਖਣਾ ਹੀ ਆਇਆ ਹਾਂ

ਨਜ਼ਮ


ਨਾ ਤੂੰ ਭੈਅ ਨਾ ਰੱਖ
ਮੈਂ ਸੱਖਣਾ ਹੀ ਆਇਆ ਹਾਂ
ਮੇਰੀ ਲਾਲਸਾ
ਮੇਰੀ ਹਉਂ
ਮੇਰੇ ਅਰਮਾਨ
ਬੂਹੇ ਲਾਗੇ ਟੰਗੇ
ਮੇਰੇ ਹੈਟ ‘ਚ ਪਏ ਨੇ
ਨਾ ਬੇਨਤੀ
ਨਾ ਹੁਕ਼ਮ
ਨਾ ਫ਼ਤਵਾ
ਇਹ ਸਭ ਮੇਰੀ ਹਉਂ ਤੇਵਰ ਜੁ ਹੋਏ
..........
ਇਹਨਾਂ ਦੀ ਗ਼ੈਰ ਹਾਜ਼ਰੀ ‘ਚ ਮੈਂ ਕੁਝ ਕਹਿਣਾ ਹੈ
ਪਰ ਜਦ ਵੀ ਮੈਂ ਕੁਝ ਕਹਿਣਾ ਚਾਹਿਆ...
ਜਿਵੇਂ.... “ਅੱਜ ਕਿੰਨੇ ਪਿਆਰੇ ਫੁੱਲ ਖਿੜੇ ਨੇ”
ਤੂੰ ਕਿਆਰੀ ਵੱਲ ਝਾਕੀ
“
ਉੱਥੇ ਨਹੀਂ ਯਾਰ ਮੇਰੇ ਅੰਦਰ....” ਹੁਣ ਇਹ ਕਹਿਣ ਦੀ ਲੋੜ ਹੁੰਦੀ ਹੈ ਭਲਾ??
ਜਾਂ..... “ਕਿੰਨੀ ਨਮੀ ਹੈ, ਅੱਜ”
ਇਸ ਤੋਂ ਪਹਿਲਾਂ ਕਿ ਮੈਂ ਕਹਿੰਦਾ “ ਤੇਰੇ ਬੁੱਲ੍ਹਾਂ ‘ਤੇ-
ਤੂੰ ਕੂਲਰ ਬੰਦ ਕਰ ਦਿੱਤਾ
ਦੇਖ ਫਿਰ ਇੱਕ ਫਾਸਿਲਾ ਤਾਂ ਹੈ
ਤੇਰੀ ਤੇ ਮੇਰੀ ਕੁਰਸੀ ਦਰਮਿਆਨ
ਮੇਜ਼ ਕੁ ਜਿੰਨਾ
ਪਰ ਸਾਡੇ ਵਰਗੇ
ਅਲੱਗ ਮਤੇ ਦੇ ਲੋਕਾਂ ਲਈ
ਇਹ ਫਾਸਲਾ ਨਹੀਂ
ਬਚੀ ਖੁਚੀ ਨੇੜਤਾ ਹੁੰਦੀ ਹੈ
..........
ਚੱਲ ਆ.... ਆਪਾਂ
ਗੁੰਮ ਚੁੱਕੇ ‘ਤੇ ਅਫ਼ਸੋਸ
ਗੁੰਮ ਰਹੇ ‘ਤੇ ਪੜਚੋਲ
ਅਤੇ ਇਸ ਬਚੇ ਖੁਚੇ ‘ਤੇ ਮਾਣ ਕਰੀਏ
..........
ਹੋਰ ਮੈਂ ਕਹਿਣਾ ਸੀ ਕਿ
ਮੈਂ ਰੁੱਖ ਨਹੀਂ
ਪੰਜਵੀਂ ਰੁੱਤ ਅਤੇ ਤੇਹਰਵੇਂ ਮਹੀਨੇ ਦਾ ਅਨੁਭਵੀ
ਮੈਂ ਮਰਦ ਹਾਂ
ਤਪਦੇ- ਠਰਦੇ ਜਾਣਦਾ
ਕਦੀ ਮਨ ਰਾਹੀਂ
ਕਦੇ ਜੁੱਸੇ ਰਾਹੀਂ
............
ਜੁੱਸੇ ਰਾਹੀਂ ਮੈਂ ਜਾਣਿਆ:
-
ਕਿ ਤੇਰੇ ਅੰਦਰ ਲਾਵਾ ਹਾਵੀ ਹੈ
ਅਤੇ ਬਾਹਰ ਨਦੀਆਂ
-
ਕਿ ਤੇਰੇ ਬਦਨ ਦੀ ਊਚ-ਨੀਚ
ਕਦ ਪਹਾੜੀ ਹੁੰਦੀ ਹੈ, ਕਦ ਪਠਾਰੀ
-
ਕਿ ਝਨਾਅ ਨੇ ਸੁਹਣੀ ਨਹੀਂ
ਉਸਦੀ ਪਿਆਸ ਪੀਣੀ ਸੀ
-
ਕਿ ਥਲ ਨੇ ਸੱਸੀ ਨਹੀਂ
ਉਸਦਾ ਸੇਕ ਠਾਰਨਾ ਸੀ
...........
ਸ਼ਾਇਦ ਤੂੰ ਵੀ ਕੁਝ ਕਹਿਣਾ ਹੋਵੇ
ਕਿ ਅੱਜ ਵੀ ਰਹੇਂਗੀ ਸਦਾ ਵਾਂਗ
ਬੋਲਾਂ ‘ਚ ਸੰਜਮੀ
..........
ਵੇਖ ਰਿਹਾ ਹਾਂ
ਬੁੱਕਲ਼ ‘ਚ ਪਿਆ ਸੱਜਾ ਹੱਥ
ਕਿਰ ਚੁੱਕੀ ਹੈ ਜਿਸ ਚੋਂ
ਅਲਵਿਦਾ
........
ਪਤਾ ਨਹੀਂ ਕਦ ਕੱਜ ਲਿਆ
ਇਸਦਾ ਖ਼ਾਲੀਪਨ
ਖੱਬੇ ਹੱਥ ਨਾਲ਼।



Sunday, July 3, 2011

ਜਗਜੀਤ ਸੰਧੂ - ਨਜ਼ਮ

ਪਲੀਜ਼ ਇੰਜ ਨਾ ਕਰੋ
ਨਜ਼ਮ
ਮੈਂ ਕਵਿਤਾ ਲਿਖ ਕੇ
ਉਸਨੂੰ ਵੱਖ-ਵੱਖ ਆਵਾਜ਼ਾਂ
ਤਰ੍ਹਾਂ-ਤਰ੍ਹਾਂ ਦੀਆਂ ਰੌਸ਼ਨੀਆਂ
`
ਚ ਪੜਦਾਂ

ਹੋਰਾਂ ਨੂੰ ਪੜ੍ਹਨ ਲਈ ਕਹਿਨਾਂ
ਖ਼ੁਦ ਸੁਣਦਾਂ
ਸੂਰਜ ਮੂਹਰੇ
ਕਾਗ਼ਜ਼ ਪੁੱਠਾ ਕਰ ਕੇ ਪੜ੍ਹਦਾਂ
ਫਿਰ ਸਿੱਧਾ ਕਰ ਕੇ
ਪੁੱਠੀ ਕਵਿਤਾ ਵੀ ਪੜ੍ਹ ਲੈਨਾਂ

ਕਾਗ਼ਜ਼ ਨੂੰ ਝਣਕ ਕੇ ਦੇਖਦਾ ਹਾਂ
-
ਕਿਤੇ ਕਵਿਤਾ ਡਿਗਦੀ ਤਾਂ ਨਹੀਂ

ਮੰਨਦਾ ਹਾਂ
ਮੇਰੀ ਕਵਿਤਾ `ਚੋਂ
ਕਦੇ ਸੂਰਜ ਨਹੀਂ ਕਿਰੇ
ਕਦੇ ਕੂੰਜਾਂ ਦੀ ਡਾਰ ਨਹੀਂ ਉੱਡੀ

ਲਿਖਣ ਵੇਲ਼ੇ
ਮੈਂ ਕਦੇ ਪ੍ਰਸੂਤੀ ਪੀੜਾਂ ਨਾਲ਼
ਪੁੱਠਾ ਸਿੱਧਾ ਨਹੀਂ ਹੋਇਆ
ਕੋਈ ਪਾਰਾ, ਚਾਨਣ ਜਾਂ
ਸ਼ਬਦਾਂ ਦਾ ਲਹੂ ਨਹੀਂ ਪੀਤਾ

ਮੁੱਕਦੀ ਗੱਲ-
ਇਸਨੇ ਮੈਨੂੰ ਕਦੇ ਕੋਈ ਤਕਲੀਫ਼ ਨਹੀਂ ਦਿੱਤੀ

ਪਰ ਤੁਸੀਂ ਇਹ ਕੀ ਕਰ ਰਹੇ ਹੋ, ਮਹਾਨੁਭਾਵ?

ਤੁਸੀਂ ਮੇਰੀ ਕਵਿਤਾ ਦੇ ਹੱਥ-ਪੈਰ
ਮੰਜੇ ਨਾਲ਼ ਕਿਉਂ ਬੰਨ੍ਹ ਦਿੱਤੇ ਹਨ?
ਫੋਰਸੈਪਸ, ਪਰੋਬ, ਸਕਾਲਪੈਲ, ਕੈਂਚੀ ਲੈ ਕੇ
ਮੇਰੀ ਕਵਿਤਾ ਦੁਆਲ਼ੇ ਕਿਉਂ ਹੋਏ ਹੋ?
ਕਦੇ ਉਸਦੀਆਂ ਪੁਤਲੀਆਂ ਪੁੱਠੀਆਂ ਕਰਦੇ ਹੋ,
ਕਦੇ ਹੋਂਠ
ਇਸਦੇ ਉੱਪਰਲੇ ਬੁੱਲ੍ਹ ਦੇ ਬਿਲਕੁਲ ਵਿਚਾਲ਼ੇ
ਜਿੱਥੇ ਗੋਰਾਪਨ ਸੂਹੇਪਨ ਦੀ ‘ਵੀ’ ਬਣਾਉਂਦਾ ਹੈ
ਦੇ ਹੇਠਲੇ ਦੋ ਦੰਦਾਂ ਦੇ ਪਿਛਲੇ ਪਾਸੇ ਥੋੜ੍ਹਾ ਪੀਲ਼ਾਪਨ ਹੈ
ਮੈਨੂੰ ਪਤਾ ਹੈ
ਪਰ ਇਹ ਕਿਸੇ ਨੂੰ ਨਹੀਂ ਦਿਸਦਾ

ਦੇਖੋ
ਇਸਦੀ ਗੋਰੀ ਸੁਰਾਹੀਦਾਰ ਗਰਦਨ
ਇਸ ਤੋਂ ਅੱਗੇ ਨਾ ਛੇੜੋ ਪਲੀਜ਼
ਤੁਸੀਂ ਵਿਦੂਸ਼ੀ ਜੀ
ਆਪਣੇ ਪੋਟੇ ਪਰ੍ਹੇ ਕਰ ਲਉ
ਇਸ ਨਾਲ਼ ਉਹ ਤੰਗ ਹੁੰਦੀ ਹੈ
ਉਸ ਅੰਦਰ ਜਵਾਰ ਉਠਦੇ ਹਨ
ਜੇ ਕੋਈ ਤੁਹਾਡੇ ਨਾਲ਼ ਇੰਜ ਕਰੇ ਫੇਰ ਭਲਾਂ
ਮੈਂ ਉਸਨੂੰ ਹਰ ਦਰਜੇ ਕੋਣ ਤੋਂ ਦੇਖਿਆ ਹੈ
ਬੜੀ ਪਿਆਰੀ ਜਹੀ ਤਾਂ ਹੈ

ਤੁਹਾਨੂੰ ਇਹ ਸਭ ਕਰਦਿਆਂ ਵੇਖ ਕੇ
ਮੇਰੀਆਂ ਅੱਖਾਂ ਵਿਹ ਤੁਰੀਆਂ ਹਨ
ਮੇਰੀਆਂ ਨਜ਼ਰਾਂ ਹੇਠ
ਉਹ ਗੱਚ ਹੋ ਚੁੱਕੀ ਹੈ

ਹੁਣ ਤੁਸੀਂ ਇਸਨੂੰ ਚੱਟਣ ਨਾ ਲੱਗ ਪੈਣਾ
ਹੰਝੂ ਸਲੂਣੇ ਹੀ ਹੁੰਦੇ ਹਨ
ਪਰ ਇਸ ਗੱਲੋਂ ਰਿਣੀ ਰਹਾਂਗਾ
ਮੈਂ ਇਸਨੂੰ ਭਿੱਜੀ ਹੋਈ ਨਹੀਂ ਸੀ ਵੇਖਿਆ

Sunday, April 24, 2011

ਜਗਜੀਤ ਸੰਧੂ - ਨਜ਼ਮ

ਜਗਜੀਤ ਜੀਓ! ਤੁਹਾਡੀਆਂ ਨਵੇਂ ਘਰ ਦੀ ਬਗ਼ੀਚੀ ਵਿੱਚ ਲਿਖੀਆਂ ਕਵਿਤਾਵਾਂ ਪੜ੍ਹ ਕੇ ਲਗਦੈ ਕਿ ਤੁਹਾਡੀ ਅਤੇ ਦਵਿੰਦਰ ਪੂਨੀਆ ਜੀ ਦੀ M.Sc. Agriculture ਨੇ ਇਕ ਵਾਰੀ ਫੇਰ ਰੰਗ ਲਿਆ ਰਹੀ ਹੈ...ਸਿਲੇਬਸ ਮੁੜ ਤੋਂ ਯਾਦ ਆ ਰਿਹਾ ਹੈ :) ਸੱਚ ਦੱਸਣਾ ਕਿ ਪੂਨੀਆ ਸਾਹਿਬ ਨੇ ਕਿੰਨੀ ਵਾਰ ਇਨ੍ਹਾਂ ਨੂੰ ਸੁਣ ਕੇ, ਖ਼ਾਸ ਕਰਕੇ ਨਦੀਨਾਂ ਵਾਲ਼ੀ ਨਜ਼ਮ ਸੁਣ ਕੇ ਵਾਹ-ਵਾਹ ਕੀਤੀ ਸੀ? ਬਈ, ਪੀ.ਏ.ਯੂ ਦੇ ਦੋ ਜ਼ਹੀਨ ਸ਼ਾਇਰ ਮਿਲ਼ ਬੈਠਣ ਤੇ ਵਾਹ-ਵਾਹ ਤਾਂ ਹੋਣੀ ਹੀ ਹੈ ਨਾ..:) ਸੱਚ ਆਖਾਂ, ਇਹਨਾਂ ਨਜ਼ਮਾਂ ( ਖ਼ਾਸ ਤੌਰ ‘ਤੇ ਨਦੀਨਾਂ ਵਾਲ਼ੀ ) ਨੂੰ ਪੜ੍ਹਦਿਆਂ, ਮਾਣਦਿਆਂ, ਮੈਨੂੰ ਨਾਲ਼ੇ ਪਾਬਲੋ ਨੇਰੂਦਾ ਦੀ ਰੂਹ ਵੀ ਮੁਸਕਰਾਉਂਦੀ, ਤੁਹਾਡੇ ਦੋਵਾਂ ਦੇ ਨੇੜੇ-ਨੇੜੇ ਤੁਰਦੀ ਫਿਰਦੀ ਮਹਿਸੂਸ ਹੋਈ ਹੈ..:)


ਸ਼ੁੱਭ ਨਹੀਂ ਹੁੰਦਾ ਵੇਖ ਹਵਾਏ!


ਮਹਿਕੇ ਮਹਿਕੇ


ਖਿੜੇ ਖਿੜੇ


ਫੁੱਲਾਂ ਦਾ ਮਰਨਾ



ਵਾਹ! ਵਾਹ!! ਵਾਹ!! ਤੇ ਨਾਲ਼ੇ ਤੁਹਾਡੇ ਆਖਣ ਅਨੁਸਾਰ, ਅੱਧਕ ਵਾਲ਼ੀ ‘ਕੱਮਾਲ’ ਹੈ, ਸੰਧੂ ਸਾਹਿਬ! ਇਹਨਾਂ ਬੇਹੱਦ ਖ਼ੂਬਸੂਰਤ ਨਜ਼ਮਾਂ ਲਈ ਦਿਲੀ ਮੁਬਾਰਕਬਾਦ ਕਬੂਲ ਕਰੋ ਜੀ.... ਆਰਸੀ ‘ਤੇ ਹਾਜ਼ਰੀ ਲਵਾਉਣ ਲਈ ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ


ਤਨਦੀਪ ਤਮੰਨਾ


******


ਸੋਗ


ਇੱਕ ਖਾਲ਼ ਵਿੱਚ ਤੈਰਦੀਆਂ ਫੁੱਲ ਪੱਤੀਆਂ ਵੇਖ ਕੇ ਇਹ ਮਹਿਸੂਸ ਹੋਇਆ:


ਨਜ਼ਮ


ਹਵਾ ਵਗੀ


ਫ਼ੁਲਵਾੜੀ ਅੰਦਰ


ਨਿੱਕੀਆਂ ਨਿੱਕੀਆਂ ਮੌਤਾਂ ਹੋਈਆਂ


ਜਲ ‘ਤੇ ਹੋ ਅਸਵਾਰ ਅਰਥੀਆਂ


ਖਾਲ਼ੀਓ-ਖਾ਼ਲੀ...



ਰਾਹ ਕਿਨਾਰੇ ਰੁੱਖ ਖਲੋਤੇ ਹੱਥ ਬੰਨ੍ਹ ਕੇ


ਵਗੀ ਹਨੇਰੀ ਦਾ ਵੀ ਬੋਲ ਸੀ ਭਾਰਾ ਭਾਰਾ


ਏਸ ਜਨਾਜ਼ੇ ਵਿੱਚ ਭਲਾ ਮੈਂ


ਕਿਵੇਂ ਖਲੋਣਾ ਕਿਥਾਂ ਖਲੋਣਾ


ਕਹਿਣਾ ਰੋਣਾ ਜਾਂ ਚੁੱਪ ਹੋਣਾ



ਨਾਲ਼ ਹਨੇਰੀ ਸ਼ਿਕਵਾ ਕਰਨਾ


ਸ਼ੁੱਭ ਨਹੀਂ ਹੁੰਦਾ ਵੇਖ ਹਵਾਏ!


ਮਹਿਕੇ ਮਹਿਕੇ


ਖਿੜੇ ਖਿੜੇ


ਫੁੱਲਾਂ ਦਾ ਮਰਨਾ


=====


ਜੈ ਨਦੀਨ


ਨਜ਼ਮ


ਜੁਗ ਜੁਗ ਜੀਣ....


ਜੁਗ ਜੁਗ ਜੀਣ....


ਧਰਤੀ ਉਪਰ ਬੂਟ ਨਦੀਨ


ਧਰਤੀ ਹੇਠਾਂ ਕਿਰਮ ਮਹੀਨ



ਦਾਤਰ ਚੱਲੇ ਜ਼ਹਿਰਾਂ ਪਈਆਂ


ਇਹ ਨਾ ਮੁੱਕੇ


ਫ਼ਸਲਾਂ ਨਾਲ਼ ਹੀ ਜੀ ਪੈਂਦੇ ਨੇ


ਆਪਣੀ ਰੁੱਤੇ


ਮੰਦੇ ਚੰਗੇ ਜਿਵੇਂ ਵੀ ਲਗਦੇ


ਰਹਿਣ ਖੜੋਤੇ ਪਕੜ ਜ਼ਮੀਨ



ਜੁਗ ਜੁਗ ਜੀਣ...



ਇਹ ਵੀ ਸੁਹਣੇ ਸੁਹਣੇ ਲਗਦੇ


ਜੇਕਰ ਉਗਦੇ ਸਾਡੇ ਰਾਹੀਂ


ਇਹਨਾਂ ਦੇ ਫੁੱਲਣ ਮੌਲਣ ਨੂੰ


ਸਾਡੇ ਘਰਾਂ ‘ਚ ਗਮਲੇ ਨਾਹੀਂ


ਅਸੀਂ ਟੀਰੀਆਂ ਨਜ਼ਰਾਂ ਵਾਲੇ


ਕਿਸ ਸੁੰਦਰਤਾ ਦੇ ਸ਼ੌਕੀਨ



ਜੁਗ ਜੁਗ ਜੀਣ....


ਜੁਗ ਜੁਗ ਜੀਣ....


ਧਰਤੀ ਉਪਰ ਬੂਟ ਨਦੀਨ


ਧਰਤੀ ਹੇਠਾਂ ਕਿਰਮ ਮਹੀਨ



Tuesday, September 21, 2010

ਜਗਜੀਤ ਸੰਧੂ - ਗ਼ਜ਼ਲ

ਗ਼ਜ਼ਲ

ਲਮਹਾ ਲਮਹਾ ਗ਼ੁਜ਼ਾਰਿਆ ਹੈ ਕਿਵੇਂ,

ਕਿਣਕਾ ਕਿਣਕਾ ਹਿਸਾਬ ਦੇਂਦੀ ਹੈ।

ਪੌਣ ਆ ਆ ਸੁਆਲ ਕਰਦੀ ਹੈ,

ਰੇਤ ਉੱਡ ਉੱਡ ਜੁਆਬ ਦੇਂਦੀ ਹੈ।

-----

ਮੇਰੇ ਜੋੜਾ ਹੀ ਮੇਚ ਨਾ ਆਵੇ,

ਜ਼ਿੰਦਗੀ ਤਾਂ ਸਫ਼ਰ ਦੇ ਗੀਤ ਕਹੇ,

ਮੇਰੇ ਪੈਰੀਂ ਵਿਛਾਂਵਦੀ ਰਾਹਾਂ,

ਮੇਰੇ ਹੱਥੀਂ ਰਬਾਬ ਦੇਂਦੀ ਹੈ।

-----

ਮੈਂ ਸੁਖ਼ਨਵਰ ਸੁਖ਼ਨ ਸਕੂਨ ਮੇਰਾ,

ਮੈਂ ਹਾਂ ਕੁਦਰਤ ਦਾ ਲਾਡਲਾ ਕੋਈ,

ਮੈਨੂੰ ਅੰਬਰ ਅਸੀਸ ਦਿੰਦਾ ਹੈ,

ਮੈਨੂੰ ਧਰਤੀ ਸਵਾਬ ਦੇਂਦੀ ਹੈ।

----

ਜਿਹਦੇ ਅੰਬਰ ਤਲਾਸ਼ ਕਰਦੇ ਨੇ,

ਮੇਰੀਆਂ ਗੁਮਸ਼ੁਦਾ ਉੜਾਨਾਂ ਦੀ,

ਕੋਸੇ ਸਾਹੀਂ ਤੇ ਮਹਿਕਦੇ ਹੱਥੀਂ ,

ਖੁਣ ਹਿੱਕ ‘ਤੇ ਉਕਾਬ ਦੇਂਦੀ ਹੈ।

Wednesday, August 18, 2010

ਜਗਜੀਤ ਸੰਧੂ - ਗ਼ਜ਼ਲ

ਗ਼ਜ਼ਲ

ਮੇਰੇ ਮਨ ‘ਚ ਉਪਜੇ ਵਿਕਾਰਾਂ ਦੇ ਆਖੇ।

ਮੈਂ ਅੱਜ ਕੱਲ੍ਹ ਜਿਓਨਾਂ ਬਾਜ਼ਾਰਾਂ ਦੇ ਆਖੇ।

-----

ਕਿਸੇ ਝੌਂਪੜੀ ‘ਚ ਰੁਮਕਦੀ ਰੁਮਕਦੀ,

ਹਵਾ ਰੁਕ ਗਈ ਏ ਮੀਨਾਰਾਂ ਦੇ ਆਖੇ।

-----

-----

ਸ਼ਹਿਰ ਦੇ ਬਗ਼ੀਚੀਂ ਕਈ ਜੁਗਨੂੰਆਂ ਨੇ,

ਹੈ ਜਗਮਗ ਲਕੋਈ ਮਜ਼ਾਰਾਂ ਦੇ ਆਖੇ।

-----

ਹਨੇਰੇ ਦੀ ਆਮਦ ਖਰੇ ਟਲ਼ ਹੀ ਜਾਵੇ,

ਤੇਰੇ ਚੰਦ ਰੌਸ਼ਨ ਵਿਚਾਰਾਂ ਦੇ ਆਖੇ।

-----

ਧੁਨਾਂ ਸੁਣ ਕੇ ਦਿਲ ਚੋਂ ਉਹ ਚੁਪ ਹੋ ਗਿਆ ਹੈ,

ਜੋ ਗੌਂਦਾ ਸੀ ਨਿਸ-ਦਿਨ ਸਿਤਾਰਾਂ ਦੇ ਆਖੇ।

-----

ਓੜਕ ਉਹ ਮੇਰੇ ਕਲ਼ਾਵੇ ‘ਚ ਆਈ,

ਜਿਮੀਂ ਖੁਰ ਗਈ ਆਬਸ਼ਾਰਾਂ ਦੇ ਆਖੇ।

------

ਮੈਂ ਰੰਗਾਂ ਦੀ ਤਿਲਸਮ ਆਪਾ ਗੁਆ ਕੇ,

ਹਾਇ ! ਫੇਰ ਲੱਗਿਆ ਬਹਾਰਾਂ ਦੇ ਆਖੇ।

-----

ਸਖੀਆਂ ਨ ਹਮਦਮ, ਅੰਮੜੀ ਨ ਬਾਬਲ,

ਮਨਾਂ ਧੀਰ ਕਰ ਲੈ ਕੁਹਾਰਾਂ ਦੇ ਆਖੇ।


Friday, July 23, 2010

ਜਗਜੀਤ ਸੰਧੂ - ਗ਼ਜ਼ਲ

ਜਗਜੀਤ ਜੀ! ਅੱਜ ਇਸ ਗ਼ਜ਼ਲ ਨੂੰ ਪੜ੍ਹ ਕੇ ਫੇਰ 'ਕੱਲੇ-'ਕੱਲੇ ਸ਼ਿਅਰ 'ਤੇ ਦਾਦ ਦੇਣ ਨੂੰ ਜੀਅ ਕਰਦਾ ਹੈ ...

ਉਹ ਨਹੀਂ ਮੰਨਦਾ ਸਜੀਵ ਔਰਤ ਨੂੰ,

ਲੱਛਮੀ ਸੁਰਸਤੀ ਸਤੀ ਕਹਿਣਾ।

ਇਹ ਸ਼ਿਅਰ ਮੇਰੇ ਜ਼ਿਹਨ 'ਤੇ ਡੂੰਘੀ ਛਾਪ ਛੱਡ ਗਿਆ ਹੈ। ਤੁਹਾਡੇ ਕਹਿਣ ਵਾਂਗੂੰ ... 'ਅੱਧਕ' ਵਾਲ਼ੀ 'ਕੱਮਾਲ' ਹੈ... ਮੁਬਾਰਕਬਾਦ ਕਬੂਲ ਕਰੋ।
ਅਦਬ ਸਹਿਤ
ਤਨਦੀਪ ਤਮੰਨਾ
******
ਗ਼ਜ਼ਲ

ਫਿਰ ਨਾ ਉਸਨੂੰ ਕਦੇ ਕਵੀ ਕਹਿਣਾ।

ਐਵੇਂ ਦਾੜ੍ਹੀ ਜ਼ਰਾ ਵਧੀ ਕਹਿਣਾ।

-----

ਉਹ ਨਹੀਂ ਮੰਨਦਾ ਸਜੀਵ ਔਰਤ ਨੂੰ,

ਲੱਛਮੀ ਸੁਰਸਤੀ ਸਤੀ ਕਹਿਣਾ।

-----

ਅਹਿਲੇ-ਮੋਮਨ ਨੂੰ ਨਾ ਗ਼ਵਾਰਾ ਹੈ,

ਮੇਰੇ ‘ਜਗਜੀਤ’ ਨੂੰ ‘ਨਬੀ’ ਕਹਿਣਾ।

-----

ਕਿੰਨਾ ਮੁਸ਼ਕਲ ਖ਼ੁਦਾ ਖ਼ੁਦਾ ਕਰਨਾ,

ਕਿੰਨਾ ਸੌਖਾ ਜੀਆਂ ਨੂੰ ਜੀ ਕਹਿਣਾ।

-----

ਜਾਣਾ ਉਸ ਕੋਲ਼ ਤੇ ਮੇਰੀ ਤਰਫ਼ੋਂ,

“ਤੈਨੂੰ ਇੱਕ ਸ਼ਾਮ ਤਰਸਦੀ” ਕਹਿਣਾ।

-----

ਮੈਨੂੰ ਹਰ ਪਲ ਜਿਉਂਦੇ ਰੱਖਦਾ ਹੈ,

ਉਹਦੇ ਬਾਰੇ ਕਦੀ ਕਦੀ ਕਹਿਣਾ।

Tuesday, June 22, 2010

ਜਗਜੀਤ ਸੰਧੂ - ਹਾਇਕੂ

ਜਗਜੀਤ ਜੀ! ਤੁਹਾਡੇ ਬੇਹੱਦ ਖ਼ੂਬਸੂਰਤ ਹਾਇਕੂ ਆਰਸੀ ‘ਚ ਸ਼ਾਮਿਲ ਕਰਦਿਆਂ ਉਸੇ ਦਿਲੀ ਪ੍ਰਸੰਨਤਾ ਦਾ ਅਨੁਭਵ ਕਰ ਰਹੀ ਹਾਂ, ਜਿਹੜਾ ਤੁਹਾਡਾ ਸ਼ਾਹਕਾਰ ਹਾਇਕੂ ‘ਕਾਲ਼ੀ ਬੋਲ਼ੀ ਰਾਤ / ਮਾਉਰੀ* ਕੁੜੀ ਦੇ ਪੈਰੀਂ/ ਜੁਗਨੂੰਆਂ ਦੀ ਪਾਜ਼ੇਬ ’ ਪੜ੍ਹ ਕੇ ਹੋਇਆ ਸੀ। ਨਹੀਂ ਤਾਂ ਪੰਜਾਬੀ ‘ਚ ਰਚੇ ਜਾ ਰਹੇ ਹਾਇਕੂ ਦਾ ਜੋ ਹਾਲ ਅੱਜ ਹੋ ਰਿਹਾ ਹੈ, ਤੁਸੀਂ, ਮੈਂ, ਤੇ ਦਵਿੰਦਰ ਪੂਨੀਆ ਜੀ ਭਲੀ-ਭਾਂਤ ਵਾਕਿਫ਼ ਹਾਂ। ਉਹ ਦਿਨ ਦੂਰ ਨਹੀਂ ਜਦੋਂ ਕਿਤਾਬਾਂ 'ਚ ਕਹਿਣ ਨੂੰ ( ਜਾਂ ਆਖ ਲਵੋ ਕਿ ਦਿਖਾਵਾ ਕਰਨ ਨੂੰ ) ਹਜ਼ਾਰਾਂ ਹਾਇਕੂ ਹੋਣਗੇ, ਪਰ ਹਾਇਕੂ ਦੀ ਰੂਹ ਗ਼ਾਇਬ ਹੋਵੇਗੀ, ਕਿਉਂਕਿ ਬਹੁਤੇ ਹਾਇਜਨ ( ਹਾਇਕੂ ਕਵੀ ) ਤੁਕਬੰਦੀਆਂ ਕਰ ਰਹੇ ਹਨ, ਬਿੰਬ ਦਾ ਸਰਲ ਅਤੇ ਸੰਖੇਪ ਵਰਣਨ ਉਹਨਾਂ ਦੀ ਪਹੁੰਚ ਤੋਂ ਬਾਹਰ ਹੈ। ਮੈਨੂੰ ਪੂਰਨ ਆਸ ਹੈ ਕਿ ਤੁਹਾਡੇ ਅਤੇ ਪੂਨੀਆ ਸਾਹਿਬ ਦੇ ਹਾਇਕੂ, ਹਾਇਕੂ ਦੇ ਨਾਂ ‘ਤੇ ਤੁਕਬੰਦੀ ਕਰਨ ਵਾਲ਼ਿਆਂ ਨੂੰ ਸਹੀ ਦਿਸ਼ਾ ਅਤੇ ਸੇਧ ਜ਼ਰੂਰ ਪ੍ਰਦਾਨ ਕਰਨਗੇ। ਤੁਹਾਡੀ ਕਲਮ ਨੂੰ ਮੇਰੇ ਵੱਲੋਂ ਇਕ ਵਾਰੀ ਫੇਰ ਸਲਾਮ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਪੰਛੀ ਚਹਿਕ ਪਿਆ

ਉੱਠ ਵੇ ਮਨਾ ਸੁੱਤਿਆ

ਸਰਘੀ ਨੇ ਵਾਕ ਲਿਆ

=====

ਕਾਲ਼ੀ ਬੋਲ਼ੀ ਰਾਤ

ਮਾਉਰੀ* ਕੁੜੀ ਦੇ ਪੈਰੀਂ

ਜੁਗਨੂੰਆਂ ਦੀ ਪਾਜ਼ੇਬ

.......

*ਨਿਊਜ਼ੀਲੈਂਡ ਦੇ ਮੂਲਵਾਸੀ

=====

ਸਾਹਮਣੇ ਪਹਾੜ ‘ਤੇ

ਕਿਸ ਨੇ ਲਟਕਾਏ

ਰੰਗ ਬਿਰੰਗੇ ਘਰ

=====

ਹਾਰੀ ਵਿਚੋਂ ਨਿਕਲ਼

ਥਮਲੇ ਨੂੰ ਜਾ ਲਿਪਟੀ

ਧੂਏਂ ਦੀ ਵੇਲ

=====

ਪੰਡਾਲ ‘ਤੇ ਬਰਸਾਤ-

ਕਵਿਤਾ ਮਗਰੋਂ

ਤਾੜੀਆਂ ਦੀ ਅਵਾਜ਼

=====

ਉਸ ਖੋਲ੍ਹਿਆ

ਵਾਈਨ ਬੋਤਲ ਦੇ ਸੰਗ

ਭਰੇ ਹੋਏ ਮਨ ਨੂੰ

=====

ਨਹੀਂ ਜੀ ਨਹੀਂ…

ਮੈਂ ਟਾਰਚ ਨਹੀਂ ਭੁੱਲਾ

ਨੀਂਦ ‘ਚ ਚੱਲ ਰਿਹਾਂ

=====

ਮੇਰੇ ਬੁੱਲ੍ਹਾਂ ਉੱਤੇ

ਉਸਨੇ ਉਂਗਲ਼ ਰੱਖੀ

ਸੰਤਰੇ ਨਾਲ਼ ਮਹਿਕੀ

=====

ਰੁੱਤ ਬਦਲੀ

ਸੰਗਤਰੀ ਸੂਰਜ

ਬੁੱਲ੍ਹ ਸੁਕਾਵੇ

=====

ਇੱਕ ਸਿਰਹਾਣਾ ਥਿੰਧਾ

ਮਾਂ ‘ਤੇ ਦਾਦੀ ਲੜੀਆਂ

ਦੋ ਸਿਰਹਾਣੇ ਸਿੱਲ੍ਹੇ