ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, August 31, 2010

ਹਰਬੰਸ ਮਾਛੀਵਾੜਾ - ਗ਼ਜ਼ਲ

ਗ਼ਜ਼ਲ

ਇਸ ਦਿਆਂ ਰਾਹਾਂ ਚ ਭਾਵੇਂ ਲੱਖ ਪੱਥਰ ਹੋਣਗੇ।

ਜ਼ਿੰਦਗੀ ਦੇ ਮਰਹਲੇ ਹਰ ਹਾਲ ਵਿਚ ਸਰ ਹੋਣਗੇ।

-----

ਇੱਕ ਨਾ ਇਕ ਦਿਨ ਸਕਾਰਥ ਹੋਣਗੇ ਅਪਣੇ ਯਤਨ,

ਇੱਕ ਨਾ ਇਕ ਦਿਨ ਤਾਂ ਇਹ ਹਾਲਾਤ ਬਿਹਤਰ ਹੋਣਗੇ।

-----

-----

ਐ ਨਜੂਮੀ! ਹੱਥ ਮੇਰਾ ਹੋਰ ਗੌਹ ਦੇ ਨਾਲ਼ ਵੇਖ,

ਕੁਝ ਕੁ ਤਾਂ ਇਸ ਤੇ ਸਜੀਲੇ ਸ਼ੋਖ਼ ਅੱਖਰ ਹੋਣਗੇ।

-----

ਕੀ ਪਤਾ ਸੀ ਖਾਣ-ਖੇਡਣ ਦੀ ਨਸ਼ੀਲੀ ਰੁੱਤ ਵਿਚ,

ਮੇਰੇ ਸਾਹਵੇਂ ਹੀ ਮਿਰੇ ਚਾਵਾਂ ਦੇ ਸੱਥਰ ਹੋਣਗੇ।

-----

ਤਾਂ ਹੀ ਮੇਲ੍ਹੇਗੀ ਗ਼ਜ਼ਲ ਦੀ ਲਹਿਰ ਇਹਨਾਂ ਤੇ ਕੁਈ,

ਮਨ ਦੇ ਕੁੱਜੇ ਵਿੱਚ ਜੇ ਸੋਚਾਂ ਦੇ ਸਾਗਰ ਹੋਣਗੇ।

-----

ਜ਼ਿੰਦਗੀ ਗੁਜ਼ਰੇਗੀ ਛੱਲਾਂ ਦੀ ਦਯਾ ਦੇ ਆਸਰੇ,

ਜੇ ਸਮੁੰਦਰ ਦੇ ਕਿਨਾਰੇ ਰੇਤ ਦੇ ਘਰ ਹੋਣਗੇ।

-----

ਫੇਰ ਹੀ ਸਜਣੀ, ਸੰਵਰਨੀ, ਮੌਲਣੀ ਹੈ ਜ਼ਿੰਦਗੀ

ਆਪਣੇ ਹੱਥਾਂ ਚ ਜਦ ਅਪਣੇ ਮੁਕ਼ੱਦਰ ਹੋਣਗੇ।

=====

ਗ਼ਜ਼ਲ

ਫੇਰ ਕੀ ਜੇਕਰ ਤਿਰੀ ਮਹਿਫ਼ਿਲ ਚ ਮੇਰੀ ਥਾਂ ਨਹੀਂ।

ਅਪਣਾ ਹਸਤਾਖ਼ਰ ਹਾਂ ਮੈਂ ਵੀ, ਹੋਰਨਾਂ ਦੀ ਛਾਂ ਨਹੀਂ।

-----

ਨਜ਼ਰ ਕੀਤੇ ਨੇ ਬਥੇਰੇ ਛਾਂ ਦੇ ਤੋਹਫ਼ੇ ਧਰਤ ਨੂੰ,

ਫੇਰ ਕੀ ਜੇ ਹੁਣ ਮਿਰੇ ਪੱਤੇ ਨਹੀਂ, ਸ਼ਾਖ਼ਾਂ ਨਹੀਂ।

-----

ਆਖ ਉਸ ਥਾਂ ਨੂੰ ਕਿਵੇਂ ਗੁਲਸ਼ਨ ਕਹਾਂ ਮੈਂ ਜਿਸ ਜਗ੍ਹਾ,

ਫੁਲ ਨਹੀਂ, ਭੌਰੇ ਨਹੀਂ, ਕੋਇਲ ਨਹੀਂ, ਕਲੀਆਂ ਨਹੀਂ।

-----

ਐ ਸਿਆਸਤ! ਹੋਰ ਕੀ ਨੇ ਹੋਛੇ ਹਥਕੰਡੇ ਤਿਰੇ,

ਸਭਿਅਤਾ ਦੇ ਸੋਹਲ ਪਿੰਡੇ ਤੇ ਅਗਰ ਲਾਸਾਂ ਨਹੀਂ।

-----

ਵਾ ਵਗੀ ਜਾਪੇ ਮਸ਼ੀਨੀ ਦੌਰ ਦੀ ਪਿੰਡਾਂ ਚ ਵੀ,

ਮੋਹ ਨਹੀਂ, ਤਾਂਘਾਂ ਨਹੀਂ, ਸੱਥਾਂ ਨਹੀਂ, ਸਾਂਝਾਂ ਨਹੀਂ।

-----

ਮੰਨਿਆ ਮਜਬੂਰੀਆਂ ਨੇ ਹੋਂਠ ਸੀਤੇ ਨੇ ਮਿਰੇ,

ਇਸ ਦਾ ਮਤਲਬ ਇਹ ਨਹੀਂ ਮਨ ਵਿਚ ਮਿਰੇ ਰੀਝਾਂ ਨਹੀਂ।

Monday, August 30, 2010

ਅਚਾਰੀਆ ਸਾਰਥੀ ਰੂਮੀ - ਉਰਦੂ ਰੰਗ

ਗ਼ਜ਼ਲ

ਲਮਸ 1 ਵੋ ਏਕ ਬਾਰ ਫੂਲੋਂ ਕਾ।

ਜ਼ਿੰਦਗੀ ਭਰ ਖ਼ੁਮਾਰ ਫੂਲੋਂ ਕਾ।

-----

ਆਈਨਾ ਦੇਖਤੀ ਹੈ ਖ਼ਾਮੋਸ਼ੀ,

ਔਰ ਹੈ ਇੰਤਜ਼ਾਰ ਫੂਲੋਂ ਕਾ।

-----

ਮੇਰੇ ਪਤਝਰ ਨੇ ਖ਼ੁਦਕੁਸ਼ੀ ਕਰ ਲੀ,

ਕਰਕੇ ਖ਼ੂੰ ਸੇ ਸ਼ਿੰਗਾਰ ਫੂਲੋਂ ਕਾ।

-----

ਜ਼ਿੰਦਗੀ ਬਨ ਗਈ ਹੈ ਕਯੂੰ ਐਸੇ,

ਆਈਨਾ ਅਸ਼ਕਬਾਰ ਫੂਲੋਂ ਕਾ।

-----

ਹੈਰਤੇਂ ਦੇਖਤੇ ਹੁਏ ਚੌਂਕੀ,

ਇਸ ਕ਼ਦਰ ਇੰਤਸ਼ਾਰ 2 ਫੂਲੋਂ ਕਾ।

-----

ਖ਼ਵਾਬ ਟੂਟੇ ਤੋ ਫੂਲ ਭੀ ਬਿਖਰੇ,

ਆਜ ਰੁਸਵਾ ਹੈ ਪਯਾਰ ਫੂਲੋਂ ਕਾ।

-----

ਪੱਥਰੋਂ ਪਰ ਤੁਲੀ ਹੁਈ ਦੁਨੀਆ,

ਕੈਸੇ ਜਾਨੇ ਵਕ਼ਾਰ 3 ਫੂਲੋਂ ਕਾ।

-----

ਏਕ ਖ਼ੁਸ਼ਬੂ ਸੇ ਦੂਸਰੀ ਪੂਛੇ,

ਕਿਸਨੇ ਛੀਨਾ ਕ਼ਰਾਰ ਫੂਲੋਂ ਕਾ।

-----

ਫੂਲ ਤਾਰੋਂ ਸੇ, ਫੂਲ-ਸੇ ਤਾਰੇ,

ਕੌਨ ਕਰਤਾ ਸ਼ੁਮਾਰ ਫੂਲੋਂ ਕਾ।

-----

ਕਾਸ਼! ਰੂਮੀ ਮੈਂ ਦੇਖਤਾ ਜਾਊਂ,

ਲਮਹਾ-ਲਮਹਾ ਨਿਖਾਰ ਫੂਲੋਂ ਕਾ।

*****

ਔਖੇ ਸ਼ਬਦਾਂ ਦੇ ਅਰਥ: ਲਮਸ 1 ਛੋਹ, ਸਪਰਸ਼, ਇੰਤਸ਼ਾਰ 2 ਬਿਖਰਨਾ, ਵਕ਼ਾਰ 3 - ਮਾਣ


Sunday, August 29, 2010

ਸੁਭਾਸ਼ ਕਲਾਕਾਰ - ਗ਼ਜ਼ਲ

ਗ਼ਜ਼ਲ

ਹਨੇਰੀ ਰਾਤ ਹੈ ਚੰਨ ਤਾਰਿਆਂ ਦੀ ਲੋੜ ਹੈ ਸਾਨੂੰ।

ਨਹੀਂ! ਇਕ ਦੋ ਨਹੀਂ, ਹੁਣ ਸਾਰਿਆਂ ਦੀ ਲੋੜ ਹੈ ਸਾਨੂੰ।

-----

ਚੁਬਾਰੇ ਵਾਲ਼ਿਆਂ ਨੇ ਮਾਣਿਆ ਬਰਸਾਤ ਦਾ ਮੌਸਮ,

ਹੜ੍ਹਾਂ ਨੇ ਮਾਰਿਆਂ ਹੈ ਢਾਰਿਆਂ ਦੀ ਲੋੜ ਹੈ ਸਾਨੂੰ।

-----

-----

ਗਲ਼ੀ ਬਾਜ਼ਾਰ ਕ਼ਬਰਾਂ ਦੀ ਤਰ੍ਹਾਂ ਖ਼ਾਮੋਸ ਨੇ ਯਾਰੋ,

ਬੁਲਾਓ ਅਮਨ ਦੇ ਹਰਕਾਰਿਆਂ ਦੀ ਲੋੜ ਹੈ ਸਾਨੂੰ।

-----

ਤਬੀਅਤ ਆਦਮੀ ਦੀ ਨ ਕਿਤੇ ਬੀਮਾਰ ਹੋ ਜਾਏ,

ਕਰੋ ਤੀਮਾਰਦਾਰੀ ਚਾਰਿਆਂ ਦੀ ਲੋੜ ਹੈ ਸਾਨੂੰ।

-----

ਬੁਲੰਦੀ ਖ਼ੁਦ ਪਸੰਦੀ ਤੋਂ ਜ਼ਰਾ ਤੂੰ ਵੇਖ ਹੇਠਾਂ ਵੀ,

ਕਿਹਾ ਕਿਸ ਨੇ ਕਿ ਹਿੰਮਤ-ਹਾਰਿਆਂ ਦੀ ਲੋੜ ਹੈ ਸਾਨੂੰ?

-----

ਤਮੰਨਾ ਨਾ ਬਣੀ ਹੀਰਾ, ਨ ਪੰਨਾ, ਬਣ ਗਈ ਪੱਥਰ,

ਕਦੋਂ ਸ਼ੀਸ਼ਾਗ਼ਰੋ ਲਿਸ਼ਕਾਰਿਆਂ ਦੀ ਲੋੜ ਹੈ ਸਾਨੂੰ।

Saturday, August 28, 2010

ਅਮਿਤੋਜ - ਨਜ਼ਮ

ਧਰਤੀ ਆਕਾਸ਼ ਤੇ ਚੰਨ

ਨਜ਼ਮ

ਧਰਤੀ ਨੇ ਕਿਹਾ:

ਵੇਖੀਂ! ਕਿਤੇ ਮੈਨੂੰ ਛੋਹੀਂ ਨਾ, ਆਕਾਸ਼!

ਮੈਂ ਬਹੁਤ ਜਲਦ ਬੀਜ ਪਕੜ ਲੈਂਦੀ ਹਾਂ

...........

ਤੇ ਇਕ ਤੂੰ ਏਂ ਸ਼ੈਤਾਨ,

ਤੇ ਤੇਰੇ ਗੂੜ੍ਹੇ ਨੀਲੇ ਕਾਲ਼ੇ ਬੱਦਲ਼

ਜੋ ਹਰ ਵੇਲ਼ੇ

ਮੇਰੀਆਂ ਨੰਗੀਆਂ ਨੀਲੀਆਂ ਪਹਾੜੀਆਂ ਨੂੰ

ਚੁੰਮਦੇ ਰਹਿੰਦੇ ਨੇ।

...........

ਆਕਾਸ਼ ਨੇ ਕਿਹਾ:

ਨਹੀਂ, ਉਸ ਨੇ ਕੁਝ ਨਾ ਕਿਹਾ

ਭਲਾ ਉਸਦੇ ਮੂੰਹ ਵਿਚ ਜ਼ੁਬਾਨ ਕਿੱਥੇ?

ਉਸਨੇ ਇਕ ਲੰਮਾ ਹੌਕਾ ਭਰਿਆ

ਜਿਵੇਂ ਕਿਹਾ ਹੋਵੇ...

ਮੈਨੂੰ ਪਤੈ ਕੁੱਖ ਕੀ ਹੁੰਦੀ ਹੈ!

..........

ਹਾਂ! ਜੇ ਮੇਰੇ ਨੰਗੇ ਨੀਲੇ ਕਾਲ਼ੇ ਬੱਦਲ਼

ਤੇਰੀਆਂ ਕੁਆਰੀਆਂ ਟੀਸੀਆਂ ਨਾਲ਼ ਟਕਰਾਉਂਦੇ ਹਨ

ਤੇ ਫਿਰ ਛਮ-ਛਮ ਰੋਂਦੇ ਹਨ

ਤਾਂ ਮੈਨੂੰ ਬਹੁਤ ਚੰਗਾ ਲਗਦਾ ਹੈ

ਚੁੱਪ ਚਾਪ ਛਮ ਛਮ ਰੋਣਾ

ਪਰ ਮੂੰਹੋਂ ਕੁਝ ਨਾ ਕਹਿਣਾ

ਸੱਚ! ਮੈਨੂੰ ਬਹੁਤ ਚੰਗਾ ਲਗਦਾ ਏ।

...............

ਕਹਿਣ ਨੂੰ ਤਾਂ ਆਕਾਸ਼ ਇਹ ਵੀ ਕਹਿ ਸਕਦਾ ਸੀ

ਧਰਤੀਏ! ਝੂਠੀਏ ਜਹਾਨ ਦੀਏ!

ਤੂੰ ਤਾਂ ਪਹਿਲਾਂ ਹੀ ਮੇਰਾ ਚੰਨ

ਆਪਣੇ ਗਹਿਰੇ ਨੀਲੇ ਸਮੁੰਦਰ ਵਿਚ

ਕ਼ੈਦ ਕਰ ਰੱਖਿਆ ਏ

ਪਰ ਉਸਨੇ ਕੁਝ ਨਾ ਕਿਹਾ

ਉਸਦੇ ਮੂੰਹ ਵਿਚ ਜ਼ੁਬਾਨ ਕਿੱਥੇ?

ਆਸੀ - ਨਜ਼ਮ

ਦਰਵੇਸ਼ ਨਹੀਂ

ਨਜ਼ਮ

ਉਸਨੇ

ਸਾਰੇ ਹਨੇਰੇ ਉਤਾਰ ਕੇ

ਚਾਨਣੀ ਦੀ ਲੱਜ ਤੇ ਲਟਕਾ ਦਿੱਤੇ

ਤੇ ਮਿੰਨ੍ਹਾ-ਮਿੰਨ੍ਹਾ ਫ਼ਰਿਆਦੀ ਮੁਸਕਰਾਈ

ਕਿ ਮੈਨੂੰ

ਕੱਜਣ ਦੇ

............

ਲੋਹੜੇ ਦਾ ਚਾਨਣ ਤੱਕ

ਮੇਰੀਆਂ ਅੱਖਾਂ ਮਿਚ ਗਈਆਂ

ਸੋ ਮੈਂ

ਆਪਣਾ ਸਾਰਾ ਬਦਨ

ਉਸਦੇ ਨਗਨ ਸਰੀਰ ਤੇ ਵਿਛਾ ਦਿੱਤਾ

ਤਲਖ਼ੀਆਂ ਉਸਦੇ ਚਿਹਰੇ ਤੇ ਉਭਰ ਆਈਆਂ

..........

ਉਹ ਤਿਲਮਿਲਾਈ:

ਇੰਝ ਤਾਂ ਹੋਰ ਵੀ ਨਗਨ ਹੋ ਗਈ ਹਾਂ

ਮੈਂ ਤਾਂ ਆਤਮਾ ਦਾ ਕੱਜਣ ਮੰਗਿਆ ਸੀ

ਸ਼ਰਮਿੰਦਗੀ ਦੀਆਂ ਕੁਝ ਬੂੰਦਾਂ

ਮੇਰੀ ਸੋਚ ਚ ਤੈਰ ਪਈਆਂ

...........

ਮੈਂ

ਆਪਣੀ ਉਮਰ ਜਿੱਡੀ ਨਜ਼ਮ

ਉਸਨੂੰ ਓੜ੍ਹਣ ਲਈ ਦਿੱਤੀ

.............

ਹੁਣ ਉਹ ਖ਼ਾਮੋਸ਼ ਸੀ

ਕਿਸੇ ਵੀ ਸਾਗਰ ਦੀ ਗਹਿਰਾਈ ਤੋਂ ਵੱਧ ਖ਼ਾਮੋਸ਼

ਉਸ ਦੀਆਂ ਅੱਖਾਂ ਵਿਚ ਦੋ ਨਦੀਆਂ ਰਵਾਨਾ ਸਨ

..........

ਉਸਦੇ ਬੋਲ ਥਿਰਕੇ:

ਲਫ਼ਜ਼ ਆਤਮਾ ਦਾ ਕੱਜਣ ਨਹੀਂ ਹੁੰਦੇ

ਆਤਮਾ ਦਾ ਕੱਜਣ ਆਤਮਾ ਹੁੰਦੀ ਹੈ

...............

ਨਾਰੀ ਨਹੀਂ ਜਾਣਦੀ

ਸ਼ਾਇਰ ਕੋਲ਼ ਜਿਸਮ ਹੁੰਦਾ ਹੈ

ਜਾਂ ਲਫ਼ਜ਼!

ਆਤਮਾ ਤਾਂ ਦਰਵੇਸ਼ ਕੋਲ਼ ਹੁੰਦੀ ਹੈ

ਤੇ ਮੈਂ

ਦਰਵੇਸ਼ ਨਹੀਂ!!


Friday, August 27, 2010

ਗੁਰਮੀਤ ਖੋਖਰ - ਗ਼ਜ਼ਲ

ਆਰਸੀ ਤੇ ਖ਼ੁਸ਼ਆਮਦੀਦ

ਸਾਹਿਤਕ ਨਾਮ: ਗੁਰਮੀਤ ਖੋਖਰ

ਅਜੋਕਾ ਨਿਵਾਸ: ਪਿੰਡ ਭਾਈ ਰੂਪਾ, ਬਠਿੰਡਾ, ਪੰਜਾਬ

ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ-ਪੁਸਤਕ 'ਦਰਦ ਖੁਰਦੀ ਰੇਤ ਦਾ' 2008 ਵਿਚ ਛਪ ਚੁੱਕੀ ਹੈ ।ਦੂਜੀ ਪ੍ਰਕਾਸ਼ਨ ਅਧੀਨ ਹੈ । ਚੰਦ ਗ਼ਜ਼ਲਾਂ ਡਾ: ਸ਼ਮਸ਼ੇਰ ਮੋਹੀ ਜੀ ਦੁਆਰਾ ਸੰਪਾਦਿਤ ਗ਼ਜ਼ਲ-ਸੰਗ੍ਰਹਿ: ਤਾਜ਼ੀ ਹਵਾ ਦਾ ਬੁੱਲਾ ਚ ਵੀ ਸ਼ਾਮਿਲ ਹਨ।

ਮਾਣ-ਸਨਮਾਨ: ਨਵ-ਪ੍ਰਤਿਭਾ ਪੁਰਸਕਾਰ ਕੌਮਾਂਤਰੀ ਲੇਖਕ ਮੰਚ (ਫਗਵਾੜਾ) ਵੱਲੋਂ

******

ਗ਼ਜ਼ਲ

ਹੋਂਠ ਚੁਪ ਨੇ ਜੇ ਇਸਦਾ ਇਹ ਮਤਲਬ ਨਹੀਂ

ਕਿ ਅਸੀਂ ਬੋਲਣਾ ਹੀ ਨਹੀਂ ਜਾਣਦੇ।

ਸ਼ੀਸ਼ੇ ਤਿੜਕੇ ਤਿਰੇ ਸਾਡੇ ਚਿਹਰੇ ਨਹੀਂ

ਇਹ ਨਾ ਸਮਝੀਂ ਕਿ ਤੇੜਾਂ ਨਾ ਪਹਿਚਾਣਦੇ ।

-----

ਰੁੱਖ ਧਰਤੀ ਤੇ ਹੁੰਦੇ ਕਦੀ ਭਾਰ ਨਾ

ਨਾ ਹੀ ਇਹਨਾਂ ਨੇ ਲੁੱਟਿਆ ਕੋਈ ਆਲ੍ਹਣਾ

ਦੋਸ਼ ਝੂਠੇ ਲਗਾ ਮੇਰੇ ਰੁੱਖਾਂ ਦੇ ਸਿਰ

ਆਰੇ ਮਾਸੂਮਾਂ ਉੱਤੇ ਰਹੇ ਤਾਣਦੇ।

-----

ਉਹਨਾਂ ਸੂਰਜ ਲੁਕੋਇਆ ਹੈ ਅਪਣੇ ਦਰੀਂ

ਲੱਭਦੇ ਫਿਰਦੇ ਨੇ ਇਸਨੂੰ ਉਹ ਸਾਡੇ ਘਰੀਂ

ਲਾਉਂਦੇ ਇਲਜ਼ਾਮ ਅੰਬਰ ਦੇ ਸਿਰ ਤੇ ਕਦੀ

ਪਾਣੀ ਸਾਗਰ ਦਾ ਫਿਰਦੇ ਕਦੀ ਛਾਣਦੇ।

-----

ਸਾਡੇ ਖੰਭਾਂ ਤੋਂ ਨੀਵਾਂ ਇਹ ਅਸਮਾਨ ਸੀ

ਸਾਡੀ ਪਰਵਾਜ਼ ਸਾਡੇ ਤੇ ਹੈਰਾਨ ਸੀ

ਕਾਲਾ ਧੂੰਆਂ ਹੈ ਪੌਣਾਂ ਚ ਭਰਿਆ ਤੁਸੀਂ

ਦੁੱਖ ਦੱਸੀਏ ਕੀ ਖ਼ਾਬਾਂ ਦੇ ਢਹਿ ਜਾਣ ਦੇ।

-----

ਅੱਗ ਜੰਗਲ ਨੂੰ ਲੱਗੀ ਬੜੀ ਤੇਜ਼ ਸੀ

ਚਾਰੇ ਪਾਸੇ ਵਿਛੀ ਮੌਤ ਦੀ ਸੇਜ ਸੀ

ਦਰਿਆ ਚੁੱਪ ਚਾਪ ਕੋਲੋਂ ਦੀ ਲੰਘਦਾ ਰਿਹਾ

ਮੌਜਾਂ ਸਾਗਰ ਤੇ ਬੱਦਲ ਰਹੇ ਮਾਣਦੇ।

-----

ਕ਼ਤਲ ਕੀਤੇ ਨੇ ਫੁੱਲ ਖ਼ਾਬ ਸਾੜੇ ਤੁਸੀਂ

ਹਉਮੈ ਖ਼ਾਤਰ ਨੇ ਵਸਦੇ, ਉਜਾੜੇ ਤੁਸੀਂ

ਸਾਵੇ ਰੁੱਖਾਂ, ਪਰਿੰਦਿਆਂ ਤੇ ਬੋਟਾਂ ਤੇ ਵੀ

ਜ਼ੁਲਮ ਕੀਤੇ ਕਈ ਅੱਗਾਂ ਬਰਸਾਣ ਦੇ ।

-----

ਧਰਤ ਹੱਸੇ ਤੇ ਫੁੱਲ ਖ਼ਾਬ ਮਹਿਕਣ ਸਦਾ

ਵਸਣ ਨਦੀਆਂ ਪਰਿੰਦੇ ਵੀ ਚਹਿਕਣ ਸਦਾ

ਧੁੱਪ ਸਭ ਨੂੰ ਮਿਲ਼ੇ ਛਾਂ ਵੀ ਸਭ ਨੂੰ ਮਿਲ਼ੇ

ਐਸੇ ਸੁਪਨੇ ਨੇ ਸਭ ਸਾਡੀ ਅੱਖ ਹਾਣ ਦੇ।

=====

ਗ਼ਜ਼ਲ

ਪਿਆਸੀ ਰੇਤ ਦਾ ਉਹ ਦਰਦ ਦਿਲ ਚੋਂ ਧੋਣ ਲੱਗੀ ਸੀ।

ਨਦੀ ਅਪਣੇ ਕਿਨਾਰੇ ਦੇ ਗਲ਼ੇ ਲੱਗ ਰੋਣ ਲੱਗੀ ਸੀ।

-----

ਸਿਆਹੀ ਰਾਤ ਦੀ ਡੁੱਲ੍ਹੀ ਜਦੋਂ ਮੇਰੇ ਨਗਰ ਉੱਤੇ,

ਬਨੇਰਿਉਂ ਲਾਹ ਕੇ ਸੂਰਜ ਸ਼ਾਮ ਬੂਹਾ ਢੋਣ ਲੱਗੀ ਸੀ।

-----

ਚਮਕ ਆਏ ਸੀ ਰਾਹਾਂ ਵਿੱਚ ਬੜੇ ਚੰਨ ਤਾਰਿਆਂ ਦੇ ਰੁੱਖ,

ਜਦੋਂ ਡੁੱਬਿਆ ਸੀ ਸੂਰਜ ਰਾਤ ਕਾਲ਼ੀ ਹੋਣ ਲੱਗੀ ਸੀ।

-----

ਮੈਂ ਸਭ ਤੇਹਾਂ ਦੇ ਨਾਂ ਬਸ ਕੁੱਝ ਕੁ ਬੂੰਦਾਂ ਲਿਖ ਕੇ ਆਇਆ ਸੀ,

ਮਿਰੀ ਗਿਣਤੀ ਵੀ ਫਿਰ ਤਾਂ ਰਹਿਬਰਾਂ ਵਿੱਚ ਹੋਣ ਲੱਗੀ ਸੀ।

-----

ਜਦੋਂ ਉਸਨੂੰ ਕਿਹਾ ਮੈਂ ਝਰਨਿਆਂ ਦੇ ਗੀਤ ਗਾਉਂਦਾ ਹਾਂ,

ਮਿਰੀ ਹਰ ਸੁਰ ਦੇ ਦਰ ਤੇ ਰੇਤ ਹੰਝੂ ਚੋਣ ਲੱਗੀ ਸੀ।

-----

ਸਫ਼ਰ ਵਿੱਚ ਧੁੰਦਲੇ ਰਸਤੇ ਤੇ ਮੈਲੀ ਸ਼ਾਮ ਢਲ਼ ਆਈ,

ਕਿਸੇ ਦੀ ਯਾਦ ਚੰਨ ਬਣ ਕੇ ਨੁਮਾਇਆ ਹੋਣ ਲੱਗੀ ਸੀ।

-----

ਹਜ਼ਾਰਾਂ ਅੱਥਰੂ ਸਨ ਕਲਮ ਦੇ ਨੈਣਾਂ ਚ ਉਸ ਵੇਲੇ

ਉਦਾਸੇ ਵਕ਼ਤ ਦੀ ਜਦ ਵੀ ਇਹ ਗਾਥਾ ਛੋਣ੍ਹ ਲੱਗੀ ਸੀ ।

Thursday, August 26, 2010

ਪਰਵੀਨ ਸ਼ਾਕਿਰ - ਉਰਦੂ ਰੰਗ

ਗ਼ਜ਼ਲ

ਖੁਸ਼ਬੂ ਭੀ ਉਸਕੀ ਤਰਜ਼ੇ-ਪਜ਼ੀਰਾਈ 1 ਪਰ ਗਈ।

ਧੀਰੇ ਸੇ ਮੇਰੇ ਹਾਥ ਕੋ ਛੂ ਕਰ ਗੁਜ਼ਰ ਗਈ।

-----

ਆਂਧੀ ਕੀ ਜ਼ਦ 2 ਮੇਂ ਆਏ ਹੁਏ ਫੂਲ ਕੀ ਤਰਹ,

ਮੈਂ ਟੁਕੜੇ ਟੁਕੜੇ ਹੋ ਕੇ ਫ਼ਿਜ਼ਾ ਮੈਂ ਬਿਖਰ ਗਈ।

-----

ਸ਼ਾਖ਼ੋਂ ਨੇ ਫੂਲ ਪਹਨੇ ਥੇ ਕੁਛ ਦੇਰ ਕ਼ਬਲ 3 ਹੀ,

ਕਯਾ ਹੋ ਗਯਾ, ਕ਼ਬਾਏ-ਸ਼ਜਰ 4 ਕਯੂੰ ਉਤਰ ਗਈ।

----

ਉਨ ਉਂਗਲੀਯੋਂ ਕਾ ਲਮਸ 5 ਥਾ ਔਰ ਮੇਰੀ ਜ਼ੁਲਫ਼ ਥੀ,

ਗੇਸੂ ਬਿਖਰ ਰਹੇ ਥੇ ਤੋ ਕਿਸਮਤ ਸੰਵਰ ਗਈ।

-----

ਉਤਰੇ ਨਾ ਮੇਰੇ ਘਰ ਮੇਂ ਵੋ ਮਹਤਾਬ-ਰੰਗ 6 ਲੋਗ,

ਮੇਰੀ ਦੁਆਏ-ਨੀਮ-ਸ਼ਬੀ 7 ਬੇਅਸਰ ਗਈ।

*****

ਔਖੇ ਸ਼ਬਦਾਂ ਦੇ ਅਰਥ: ਤਰਜ਼ੇ-ਪਜ਼ੀਰਾਈ 1 - ਸਵਾਗਤ ਕਰਨ ਦਾ ਢੰਗ, ਜ਼ਦ 2 ਲਪੇਟ, ਕ਼ਬਲ 3 ਪਹਿਲਾਂ , ਕ਼ਬਾਏ-ਸ਼ਜਰ 4 - ਦਰਖ਼ਤ ਦਾ ਲਿਬਾਸ, ਛਿੱਲ, ਲਮਸ 5 ਛੋਹ, ਸਪਰਸ਼, ਮਹਤਾਬ-ਰੰਗ ਚੰਦ ਵਰਗੇ ਖ਼ੂਬਸੂਰਤ 6 ਦੁਆਏ-ਨੀਮ-ਸ਼ਬੀ 7 ਅੱਧੀ ਰਾਤ ਨੂੰ ਮੰਗੀ ਦੁਆ

=====

ਗ਼ਜ਼ਲ

ਦਸਤਰਸ 1 ਸੇ ਅਪਨੀ ਬਾਹਰ ਹੋ ਗਏ।

ਜਬ ਸੇ ਹਮ ਉਨਕੋ ਮਯੱਸਰ 2 ਹੋ ਗਏ।

-----

ਸ਼ਹਰੇ-ਖ਼ੂਬਾਂ 3 ਕਾ ਯਹੀ ਦਸਤੂਰ ਹੈ,

ਮੁੜ ਕੇ ਦੇਖਾ ਔਰ ਪੱਥਰ ਹੋ ਗਏ।

-----

ਬੇਵਤਨ ਕਹਲਾਏ ਅਪਨੇ ਦੇਸ ਮੇਂ,

ਅਪਨੇ ਘਰ ਮੇਂ ਰਹ ਕੇ ਬੇਘਰ ਹੋ ਗਏ।

-----

ਸੁਖ ਤਿਰੀ ਮੀਰਾਸ 4 ਥੇ, ਤੁਝ ਕੋ ਮਿਲੇ,

ਦੁਖ ਹਮਾਰੇ ਥੇ, ਮੁਕ਼ੱਦਰ ਹੋ ਗਏ।

-----

ਵੋ ਸਰਾਬ 5 ਉਤਰਾ ਰਗ-ਓ-ਪੈ 6 ਮੇਂ ਕਿ ਹਮ,

ਖ਼ੁਦ-ਫ਼ਰੇਬੀ 7 ਮੇਂ ਸਮੰਦਰ ਹੋ ਗਏ।

-----

ਤੇਰੀ ਖ਼ੁਦ ਗ਼ਰਜ਼ੀ ਸੇ, ਖ਼ੁਦ ਕੋ ਸੋਚ ਕਰ,

ਆਜ ਹਮ ਤੇਰੇ ਬਰਾਬਰ ਹੋ ਗਏ।

*****

ਔਖੇ ਸ਼ਬਦਾਂ ਦੇ ਅਰਥ: ਦਸਤਰਸ 1 ਪਕੜ, ਮਯੱਸਰ 2 - ਪ੍ਰਾਪਤ, ਸ਼ਹਰੇ-ਖ਼ੂਬਾਂ 3 ਹਸੀਨਾਂ ਦਾ ਸ਼ਹਿਰ, ਮੀਰਾਸ 4 ਵਿਰਾਸਤ, ਜਾਗੀਰ, ਸਰਾਬ 5 - ਮ੍ਰਿਗ ਤ੍ਰਿਸ਼ਨਾ, ਰਗ-ਓ-ਪੈ 5 ਸਰੀਰ, ਖ਼ੁਦ-ਫ਼ਰੇਬੀ 7 ਆਪਣੇ ਆਪ ਨਾਲ਼ ਧੋਖਾ, ਫ਼ਰੇਬ ਕਰਨਾ


Wednesday, August 25, 2010

ਕੁਲਵਿੰਦਰ - ਗ਼ਜ਼ਲ

ਗ਼ਜ਼ਲ

ਇਕਾਂਤ ਵਿਚ ਜੋ ਅਕਸਰ ਰਹੇ ਤੇ ਮੁਸਕਾਵੇ।

ਉਦਾਸ ਬਹੁਤ ਹੀ ਜਸ਼ਨਾਂ ਚ ਜਾ ਕੇ ਹੋ ਜਾਵੇ।

-----

ਮੈਂ ਤੈਨੂੰ ਵੇਖਣੈ ਤੂੰ ਨ੍ਹੇਰਿਆਂ ਚੋਂ ਕਿੰਝ ਮੁੜਦੈਂ,

ਤੇਰੀ ਅਵਾਜ਼ ਤਾਂ ਅਕਸਰ ਗੁਫ਼ਾ ਚੋਂ ਮੁੜ ਜਾਵੇ।

-----

ਯਕੀਨ ਹੈ ਕਿ ਇਹ ਔੜਾਂ ਚ ਵੀ ਸਿਖ਼ਰ ਤੇ ਹੈ,

ਮੇਰੀ ਉਮੀਦ ਦਾ ਦਰਿਆਂ ਤਾਂ ਨਾਪਿਆ ਜਾਵੇ।

-----

ਮੇਰੇ ਨਗਰ ਚ ਅਚਾਨਕ ਹੀ ਢਲ਼ ਗਿਆ ਸੂਰਜ,

ਖ਼ੁਦਾ ਕਰੇ ਕਿ ਚਰਾਗ਼ਾਂ ਚ ਰਾਤ ਢਲ਼ ਜਾਵੇ।

-----

ਜਗੇ ਬੁਝੇ ਇਹ ਮੇਰਾ ਦਿਲ ਵੀ ਤਾਰਿਆਂ ਦੀ ਤਰ੍ਹਾਂ,

ਕਿ ਏਹੀ ਰਾਤ ਗਏ ਕੌਣ ਮੈਨੂੰ ਯਾਦ ਆਵੇ।

ਅੰਮ੍ਰਿਤ ਦੀਵਾਨਾ - ਨਜ਼ਮ

ਰਿਕਸ਼ੇਵਾਲ਼ਾ ਤੇ ਮੈਂ

ਨਜ਼ਮ

ਮੈਂ ਆਪਣੇ ਪੜ੍ਹਨ-ਕਮਰੇ ਚ ਬੈਠਾ

ਬਾਹਰ ਵੱਲ ਤੱਕਦਿਆਂ, ਵੇਖਦਾ

ਰੋਜ਼ ਦੁਪਹਿਰੇ ਸੜਕ ਕਿਨਾਰੇ

ਨਿੰਮ ਹੇਠਾਂ ਸ਼ਾਮੂ ਦਾ ਰਿਕਸ਼ਾ ਰੋਕਦਾ

ਸੀਟ ਤੇ ਬੈਠ, ਪੋਟਲੀ ਖੋਲ੍ਹਦਾ

ਕਦੇ ਅਚਾਰ, ਆਲੂ ਜਾਂ

ਗੁੜ ਦੀ ਰੋੜੀ ਨਾਲ਼

ਰੋਟੀ ਖਾਣੀ ਸ਼ੁਰੂ ਕਰ ਦਿੰਦਾ

............

ਮੈਂ ਉਸਦੀ ਗੁਰਬਤ ਦੀ ਅੱਗ

ਦੇ ਸੇਕ ਨੂੰ ਆਪਣੇ ਅੰਦਰ

ਦੂਰੋਂ-ਦੂਰੋਂ ਮਹਿਸੂਸ ਕਰਦਾ

ਮੈਂ ਨਜ਼ਰਾਂ ਨਜ਼ਰਾਂ ਰਾਹੀਂ

ਉਸ ਵੱਲ ਹਮਦਰਦੀ ਦੀ

ਭਾਨ ਸੁੱਟਦਾ ਰਹਿੰਦਾ

ਮੈਂ ਸੋਚਦਾ ਉਸਦਾ ਵੀ

ਹੋਵੇਗਾ ਕੋਈ ਪਰਿਵਾਰ

ਨਿੱਕਾ ਜਿਹਾ ਇਕ ਸੰਸਾਰ।

..............

ਹੁਣ ਏਥੇ ਮੈਂ ਕਿਸੇ

ਗਲ਼ੀ ਦੀ ਨੁੱਕਰੇ ਆਪਣੀ

ਟੈਕਸੀ ਰੋਕ ਜਦੋਂ

ਲੰਚ ਬਾਕਸ ਖੋਲ੍ਹਦਾ ਹਾਂ

ਸ਼ਾਮੂ ਰਿਕਸ਼ੇ ਵਾਲ਼ਾ

ਮੇਰੇ ਨਾਲ਼ ਪੋਟਲੀ ਲੈ ਕੇ

ਬੈਠ ਜਾਂਦਾ ਹੈ

..............

ਮੈਂ ਹੀਣ ਭਾਵਨਾ ਦੇ

ਅਹਿਸਾਸ ਚ ਡੁੱਬ ਜਾਂਦਾ ਹਾਂ

ਕਿ ਕਿਸੇ

ਘਰ ਦੀ ਖਿੜਕੀ ਦੇ ਸ਼ੀਸ਼ੇ ਚੋਂ

ਮੈਨੂੰ ਕੋਈ ਵੇਖ ਰਿਹਾ ਹੈ

ਮੇਰੇ ਬਾਰੇ ਸੋਚ ਰਿਹਾ ਹੈ...


Tuesday, August 24, 2010

ਮਨਮੋਹਨ ਆਲਮ - ਉਰਦੂ ਰੰਗ

ਗ਼ਜ਼ਲ

ਮੇਰੇ ਦਿਲ ਮੇਂ ਅਗਰ ਵੋ ਖ਼ਵਾਬ ਸੋਤਾ ਮਰ ਗਿਆ ਹੋਤਾ

ਤੋ ਕਿਤਨਾ ਜੀ ਰਹਾ ਹੋਤਾ ਮੈਂ ਕਿਤਨਾ ਮਰ ਗਿਆ ਹੋਤਾ

-----

ਬਹੁਤ ਕੁਛ ਭੂਲ ਜਾਨਾ ਭੀ ਗ਼ਨੀਮਤ 1 ਹੈ ਮੁਝੇ, ਵਰਨਾ,

ਮੈਂ ਕਿਆ ਕਿਆ ਯਾਦ ਕਰ ਕਰ ਕੇ ਕਭੀ ਕਾ ਮਰ ਗਿਆ ਹੋਤਾ

-----

ਜ਼ਰੂਰੀ ਥਾ ਕਿ ਦੁਨੀਆ ਮੇਂ ਕੋਈ ਸ਼ੈਤਾਨ ਭੀ ਹੋਤਾ,

ਵਗਰਨਾ ਧੀਰੇ ਧੀਰੇ ਹਰ ਫ਼ਰਿਸ਼ਤਾ ਮਰ ਗਿਆ ਹੋਤਾ

-----

ਕਿਸੀ ਕੀ ਮੁਸਕਰਾਹਟ ਨੇ ਅਤਾ 2 ਕੀ ਜ਼ਿੰਦਗੀ ਵਰਨਾ,

ਮੈਂ ਕਬ ਕਾ ਆਤਸ਼ੇ ਉਲਫ਼ਤ 3 ਮੇਂ ਜਲਤਾ ਮਰ ਗਿਆ ਹੋਤਾ

-----

ਯੇ ਮਾਨਾ ਮੇਰੇ ਜੀਨੇ ਕਾ ਕੋਈ ਮਤਲਬ ਨਹੀਂ ਲੇਕਿਨ,

ਮੁਝੇ ਉਤਨਾ ਤੋ ਜੀਨੇ ਦੋ ਮੈਂ ਜਿਤਨਾ ਮਰ ਗਿਆ ਹੋਤਾ

-----

ਖ਼ੁਦਾ ਕਾ ਸ਼ੁਕਰ ਹੈ ਤੁਮ ਸਾਥ ਹੋ ਮੇਰੇ ਵਗਰਨਾ ਮੈਂ,

ਅਕੇਲੇਪਨ ਸੇ ਘਬਰਾ ਕਰ ਅਕੇਲਾ ਮਰ ਗਿਆ ਹੋਤਾ

*****

ਔਖੇ ਸ਼ਬਦਾਂ ਦੇ ਅਰਥ: 1.ਸ਼ੁਕਰ 2. ਦੇਣਾ 3. ਮੁਹੱਬਤ ਦੀ ਅੱਗ

*****

ਗ਼ਜ਼ਲ ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ: ਸੁਰਿੰਦਰ ਸੋਹਲ

Monday, August 23, 2010

ਸਰਦਾਰ ਪੰਛੀ - ਗੀਤ

ਗੀਤ

ਐਵੇਂ ਬੋਲ ਨਾ ਬਨੇਰੇ ਉੱਤੇ ਕਾਵਾਂ

ਵੇ ਸਾਡੇ ਵਿਹੜੇ ਕਿਨ੍ਹੇ ਆਉਣਾ ਏਂ।

ਇੱਥੇ ਭੁੱਲ ਕੇ ਨਾ ਆਉਂਦੀਆਂ ਹਵਾਵਾਂ,

ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...

ਐਵੇਂ ਬੋਲ ਨਾ...

-----

-----

ਭੁੱਲ ਗਿਆ ਮਾਹੀ ਸਾਨੂੰ ਜਾ ਕੇ ਪਰਦੇਸ ਵੇ।

ਯਾਦ ਆਇਆ ਕਦੇ ਵੀ ਨਾ ਉਹਨੂੰ ਸਾਡਾ ਦੇਸ ਵੇ।

ਸਾਰ ਲਈ ਕਦੇ ਭੈਣਾਂ ਨਾ ਭਰਾਵਾਂ...

ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...

ਐਵੇਂ ਬੋਲ ਨਾ...

-----

ਦਿਲ ਵਿਚ ਸਾਂਭੀ ਬੈਠੀ ਯਾਦ ਮਿੱਠੀ ਮਿੱਠੀ ਵੇ।

ਘੱਲਾਂ ਵੀ ਤਾਂ ਦੱਸ ਕਿੱਥੇ ਓਸ ਨੂੰ ਮੈਂ ਚਿੱਠੀ ਵੇ।

ਓਹਨੇ ਘੱਲਿਆ ਨਾ ਕੋਈ ਸਿਰਨਾਵਾਂ...

ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...

ਐਵੇਂ ਬੋਲ ਨਾ...

-----

ਯਾਦ ਆਵੇ ਜਦੋਂ ਉਹਦਾ ਭੱਤਾ ਲੈ ਕੇ ਜਾਂਦੀ ਸਾਂ।

ਆਪਣੇ ਮੈਂ ਹੱਥੀਂ ਉਹਨੂੰ ਚੂਰੀਆਂ ਖੁਆਂਦੀ ਸਾਂ।

ਹੁਣ ਵੱਢ-ਵੱਢ ਖਾਂਦੀਆਂ ਉਹ ਥਾਵਾਂ...

ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...

ਐਵੇਂ ਬੋਲ ਨਾ...

-----

ਉਹਨੇ ਭੁੱਲ ਕੇ ਕਦੇ ਨਾ ਕੀਤਾ ਮੈਨੂੰ ਯਾਦ ਵੇ।

ਕੀਹਦੇ ਅੱਗੇ ਕਰਾਂ ਜਾ ਕੇ ਦੱਸ ਫਰਿਆਦ ਵੇ।

ਕੀਹਨੂੰ ਦਿਲ ਦੇ ਇਹ ਜ਼ਖ਼ਮ ਵਿਖਾਵਾਂ...

ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...

ਐਵੇਂ ਬੋਲ ਨਾ...

-----

ਭੁੱਲ ਗਿਆ ਲੱਗੀਆਂ ਨਿਭਾਉਣ ਦੀ ਉਹ ਜਾਚ ਵੇ।

ਡਾਲਰਾਂ ਦੀ ਭੀੜ ਵਿਚ ਗਿਆ ਹੈ ਗੁਆਚ ਵੇ।

ਉਹਨੂੰ ਘੇਰ ਲਿਆ ਗੋਰੀਆਂ ਬਲਾਵਾਂ...

ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...

ਐਵੇਂ ਬੋਲ ਨਾ...

Sunday, August 22, 2010

ਹਰਜਿੰਦਰ ਕੰਗ - ਗ਼ਜ਼ਲ

ਗ਼ਜ਼ਲ

ਨੈਣਾਂ ਦੇ ਵਿਚ ਵਸਦੇ ਸੁਪਨੇ ਮਰਿਆਂ ਦੇ।

ਜੰਮੇ ਹੋਏ ਨੇ ਪਰਛਾਵੇਂ ਵਰ੍ਹਿਆਂ ਦੇ।

-----

ਟੁੱਟੇ ਪੱਤਿਆਂ ਵਾਂਗਰ ਰੁਲ਼ਦੇ ਫਿਰਦੇ ਹਾਂ,

ਕੀ ਸਿਰਨਾਵੇਂ ਪੁੱਛਦੇ ਹੋ ਬੇਘਰਿਆਂ ਦੇ।

-----

ਦਿਲ ਵਿਚ ਚੁਭਦੀ ਰਹਿੰਦੀ ਪੀੜ ਵਿਛੋੜੇ ਦੀ,

ਨੈਣ ਛਲਕਦੇ ਰਹਿੰਦੇ ਗ਼ਮ ਦੇ ਭਰਿਆਂ ਦੇ।

-----

ਤਨ ਦੀ ਅਰਥੀ ਨਿਕਲ਼ੇਗੀ ਤਾਂ ਰੋਵਾਂਗੇ,

ਕਿਹੜਾ ਸੋਗ ਮਨਾਉਂਦਾ ਹੈ ਮਨ ਮਰਿਆਂ ਦੇ।

-----

ਸ਼ੀਸ਼ੇ ਚਿਹਰੇ ਦੇਖਣ ਦਿਲ ਨਾ ਦੇਖ ਸਕਣ,

ਅੰਤਰ ਕੀ ਦੱਸਣਗੇ ਖੋਟੇ ਖਰਿਆਂ ਦੇ।

-----

ਸਹਿਮ ਦਫ਼ਨ ਹੈ ਕੋਈ ਦਿਲ ਵਿਚ ਲੋਕਾਂ ਦੇ,

ਬੋਲ ਵੀ ਥਥਲਾਉਂਦੇ ਨੇ ਡਰ ਦੇ ਭਰਿਆਂ ਦੇ।

=====

ਗ਼ਜ਼ਲ

ਬਸ ਇਕ ਟੁਕੜਾ ਹੀ ਧੁੱਪ ਦਾ ਮੇਰੀ ਹੈ ਲੋੜ ਸਾਰੀ।

ਕੀ ਕਰਨੀ ਹੈ ਮੈਂ ਧੁੱਪ ਦੇ ਰੰਗਾਂ ਦੀ ਜਾਣਕਾਰੀ।

-----

ਬਹੁਤਾ ਵੀ ਨਾ ਨਿਹਾਰੀਂ ਸੱਜਣ ਦੀ ਪੈੜ ਨੂੰ ਤੂੰ,

ਯਾਦਾਂ ਦੀ ਰੇਤ ਨੈਣੀਂ ਰੜਕੇਗੀ ਰਾਤ ਸਾਰੀ।

-----

ਸਾਰਾ ਮੈਂ ਲੁੱਟ ਜਾਵਾਂ ਥਾਂ ਥਾਂ ਤੋਂ ਟੁੱਟ ਜਾਵਾਂ,

ਟੁੱਟੀ ਤੇ ਕੁਝ ਨਾ ਟੁੱਟੇ! ਏਦਾਂ ਨਾ ਤੋੜ ਯਾਰੀ।

-----

ਤੇਰਾ ਹੱਸ ਕੇ ਬੁਲਾਉਣਾ ਲੱਗਾ ਸੀ ਇੰਝ ਮੈਨੂੰ,

ਫੁੱਲਾਂ ਚੋਂ ਮੁਸਕਰਾ ਕੇ ਖ਼ੁਸ਼ਬੂ ਨੇ ਹਾਕ ਮਾਰੀ।

-----

ਪਹਿਲਾਂ ਹੀ ਬੋਝ ਹਾਂ ਮੈਂ ਉੱਤੇ ਨਾ ਕੇਰ ਹੰਝੂ,

ਡਰ ਹੈ ਕਿ ਹੋ ਨਾ ਜਾਏ ਅਰਥੀ ਹੀ ਹੋਰ ਭਾਰੀ।

Saturday, August 21, 2010

ਜਨਾਬ ਨਜ਼ੀਰ ਅਕਬਰਾਬਾਦੀ ਸਾਹਿਬ - ਉਰਦੂ ਰੰਗ

ਕੋਰਾ ਬਰਤਨ

ਨਜ਼ਮ

ਕੋਰੇ ਬਰਤਨ ਹੈਂ ਕਿਆਰੀ ਗੁਲਸ਼ਨ ਕੀ

ਜਿਸਸੇ ਖਿਲਤੀ ਹੈ ਹਰ ਕਲੀ ਤਨ ਕੀ

ਬੂੰਦ ਪਾਨੀ ਕੀ ਉਸਮੇਂ ਜਬ ਖਨਕੀ,

ਕਯਾ ਵੋ ਪਿਆਰੀ ਸਦਾ 1 ਹੈ ਸਨ-ਸਨ ਕੀ

ਤਾਜ਼ਗੀ ਜੀ ਕੀ ਔਰ ਤਰੀ ਤਨ ਕੀ

ਵਾਹ! ਕਯਾ ਬਾਤ ਹੈ ਕੋਰੇ ਬਰਤਨ ਕੀ।

-----

ਕੋਰਾ ਪਨਿਹਰੀ ਕਾ ਹੈ ਜੋ ਮਟਕਾ

ਉਸਕਾ ਜੋਬਨ ਕੁਛ ਔਰ ਹੀ ਮਟਕਾ

ਲੇ ਗਯਾ ਜਾਨ ਪਾਂਵ ਕਾ ਖਟਕਾ

ਦਿਲ ਘੜੇ ਕੀ ਤਰਹ ਸੇ ਦੇ ਪਟਕਾ

ਤਾਜ਼ਗੀ ਜੀ ਕੀ ਔਰ ਤਰੀ ਤਨ ਕੀ

ਵਾਹ! ਕਯਾ ਬਾਤ ਹੈ ਕੋਰੇ ਬਰਤਨ ਕੀ।

-----

ਕੋਰੇ ਕੂਜ਼ੋਂ 2 ਕੋ ਦੇਖ ਆਲਮ ਮੇਂ

ਕੂਜ਼ੇ ਮਿਸਰੀ ਕੇ ਭਰ ਗਏ ਗ਼ਮ ਮੇਂ

ਯੂੰ ਵੋ ਰਿਸਤੇ ਹੈਂ ਆਬ 3 ਕੇ ਨਮ 4 ਮੇਂ

ਜੈਸੇ ਡੂਬੇ ਹੋਂ ਫੂਲ ਸ਼ਬਨਮ ਮੇਂ

ਤਾਜ਼ਗੀ ਜੀ ਕੀ ਔਰ ਤਰੀ ਤਨ ਕੀ

ਵਾਹ! ਕਯਾ ਬਾਤ ਹੈ ਕੋਰੇ ਬਰਤਨ ਕੀ।

-----

ਜਿਸ ਸੁਰਾਹੀ ਮੇਂ ਸਰਦ ਪਾਨੀ ਹੈ

ਮੋਤੀ ਕੀ ਆਬ ਪਾਨੀ ਪਾਨੀ ਹੈ

ਜ਼ਿੰਦਗੀ ਕੀ ਯਹੀ ਨਿਸ਼ਾਨੀ ਹੈ

ਦੋਸਤੋ! ਯੇ ਭੀ ਬਾਤ ਮਾਨੀ ਹੈ

ਤਾਜ਼ਗੀ ਜੀ ਕੀ ਔਰ ਤਰੀ ਤਨ ਕੀ

ਵਾਹ! ਕਯਾ ਬਾਤ ਹੈ ਕੋਰੇ ਬਰਤਨ ਕੀ।

-----

ਜਿਤਨੇ ਨਜ਼ਰੋ-ਨਿਆਜ਼ 5 ਕਰਤੇ ਹੈਂ

ਔਰ ਜੋ ਪੀਰੋਂ ਸੇ ਅਪਨੇ ਡਰਤੇ ਹੈਂ

ਜਬ ਕਿਲਾ ਫੂਲ ਪਾਨ ਧਰਤੇ ਹੈਂ

ਵਹ ਭੀ ਕੋਰੀ ਹੀ ਠਿਲੀਆਂ ਭਰਤੇ ਹੈਂ

ਤਾਜ਼ਗੀ ਜੀ ਕੀ ਔਰ ਤਰੀ ਤਨ ਕੀ

ਵਾਹ! ਕਯਾ ਬਾਤ ਹੈ ਕੋਰੇ ਬਰਤਨ ਕੀ।

-----

ਕੋਰੋਂ ਪਰ ਜੋ ਨਜ਼ੀਰ ਜੋਬਨ ਹੈ

ਜੋਜਰੇ 6 ਮੇਂ ਕਹਾਂ ਵੋ ਖਨਖਨ ਹੈ

ਜਿਸ ਘੜੌਂਚੀ ਪੇ ਕੋਰਾ ਬਾਸਨ ਹੈ

ਵਹ ਘੜੌਂਚੀ ਨਹੀਂ ਹੈ ਗੁਲਸ਼ਨ ਹੈ

ਤਾਜ਼ਗੀ ਜੀ ਕੀ ਔਰ ਤਰੀ ਤਨ ਕੀ

ਵਾਹ! ਕਯਾ ਬਾਤ ਹੈ ਕੋਰੇ ਬਰਤਨ ਕੀ।

****

ਔਖੇ ਸ਼ਬਦਾਂ ਦੇ ਅਰਥ: ਸਦਾ 1 ਆਵਾਜ਼, ਕੂਜ਼ੋਂ 2 ਕੁੱਜੇ, ਆਬ 3 - ਪਾਣੀ, ਨਮ 4 ਤਰਾਵਟ, ਨਜ਼ਰੋ-ਨਿਆਜ਼ 5 ਪੂਜਾ, ਜੋਜਰੇ 6 ਪੁਰਾਣੇ ਭਾਂਡੇ