ਅਜੋਕਾ ਨਿਵਾਸ: ਕਪੂਰਥਲਾ, ਪੰਜਾਬ
ਕਿਤਾਬਾਂ: ਹਾਲੇ ਪ੍ਰਕਾਸ਼ਿਤ ਨਹੀਂ ਹੋਈ।
ਇਨਾਮ-ਸਨਮਾਨ: ਕਾਲਜ, ਯੂਨੀਵਰਸਿਟੀ ਤੋਂ ਲੈ ਕੇ ਕਈ ਸਾਹਿਤ ਸਭਾਵਾਂ ਨੇ ਲਿਖਤਾਂ ਲਈ ਸਨਮਾਨਿਤ ਕੀਤਾ ਹੈ। ਰੂਪ ਜੀ ਸ: ਅਮਰਜੀਤ ਸਿੰਘ ਸੰਧੂ ਗ਼ਜ਼ਲ ਸਕੂਲ ਦੇ ਵਿਦਿਆਰਥੀ ਹਨ।
----
ਦੋਸਤੋ! ਰੂਪ ਜੀ ਨੇ ਆਪਣੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਭੇਜ ਕੇ ਆਰਸੀ ਦੀ ਅਦਬੀ ਮਹਿਫ਼ਿਲ ‘ਚ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਮੈਂ ਉਹਨਾਂ ਨੂੰ ਸਾਰੇ ਪਾਠਕ/ਲੇਖਕ ਦੋਸਤਾਂ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਦੋਵਾਂ ਗ਼ਜ਼ਲਾਂ ਨੂੰ ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
********
ਗ਼ਜ਼ਲ
(ਬਹਿਰ-- ਰਮਲ ਮਸੱਮਨ ਮਹਿਜ਼ੂਫ਼)
ਜਦ ਕਲਮ ਚੋਂ ਨਿਕਲਿਆ ਤਾਂ ਦਰਦ ਅੱਖਰ ਹੋ ਗਿਆ !!
ਇਸ ਤਰਾਂ ਮੈਂ ਵੀ ਕਿਸੇ ਮਿਸਰੇ ਦਾ ਪਾਤਰ ਹੋ ਗਿਆ !
----
ਜ਼ਿੰਦਗੀ ਦੇ ਰਾਸਤੇ ਦਾ ਜੋ ਮੁਸਾਫ਼ਿਰ ਹੋ ਗਿਆ !
ਫੇਰ ਸਮਝੋ ਹਰ ਕਦਮ ਤੇ ਉਹ ਸਿਕੰਦਰ ਹੋ ਗਿਆ !
----
ਕੈਦ ਕੀਤਾ ਹੈ ਖ਼ੁਦਾ - ਭਗਵਾਨ ਜਿਹੜੀ ਜੇਲ੍ਹ ਵਿੱਚ ,
ਨਾਮ ਓਸੇ ਜੇਲ੍ਹ ਦਾ ਮਸਜਿਦ ਤੇ ਮੰਦਿਰ ਹੋ ਗਿਆ !
----
ਵੇਚਦੈ ਇਹ ਜਿਸਮ ਵੀ ਤੇ ਵੇਚਦੈ ਈਮਾਨ ਵੀ ,
ਵੇਖ ਬੰਦਾ ਅੱਜ ਤੇਰਾ ਕਿੱਡਾ ਸੁਦਾਗਰ ਹੋ ਗਿਆ !
----
ਵਰ੍ਹਿਆ ਸੀ ਅਸਮਾਨ ਤੋਂ ਬਣ ਬਣ ਜੋਂ ਬੂੰਦਾਂ ਨੰਨ੍ਹੀਆਂ,
ਮਿਲ ਗਿਆ ਸਾਗਰ 'ਚ ਤਾਂ ਆਖ਼ਿਰ ਉਹ ਸਾਗਰ ਹੋ ਗਿਆ !
----
ਪਿਆਰ ਕੀਤਾ ਯਾਰ ਨੂੰ ਜਿਸਨੇ ਦੀਵਾਨੇ ਵਾਂਗ ਸੀ ,
ਯਾਰ ਖ਼ਾਤਿਰ ਉਹ ਦੀਵਾਨਾ ਹੱਸਦਾ ਪੱਥਰ ਹੋ ਗਿਆ !
----
ਜਿਸ ਕਿਹਾ ਸੀ ਮੈਂ ਕਿਸੇ ਦੀ ਨੌਕਰੀ ਕਰਨੀ ਨਹੀ ,
ਮਾਰਿਆ ਹਾਲਾਤ ਦਾ ਕਿਸ ਕਿਸ ਦਾ ਨੌਕਰ ਹੋ ਗਿਆ !
----
ਜ਼ਿੰਦਗੀ ਦੇ ਰਾਸਤੇ ਡਿੱਗ - ਡਿੱਗ ਕੇ ਜੋ ਉੱਠਦੈ ਉਹੀ ,
ਜ਼ਿੰਦਗੀ ਦੇ ਰਾਸਤੇ ਦਾ ਪੂਰਾ ਮਾਹਿਰ ਹੋ ਗਿਆ !
----
ਮਿਲ ਗਿਆ ਇਹ ਦਰਦ ਯਾਰੋ "ਰੂਪ" ਦੇ ਵਿੱਚ ਇਸ ਕਦਰ,
ਜੀ ਕਰੇ ਕੋਈ ਕਹੇ 'ਗਾਗਰ 'ਚ ਸਾਗਰ' ਹੋ ਗਿਆ !
----
ਸਾਥ ਤੇਰੇ ਵਾਸਤੇ ਇਹ ਵੀ ਤਾਂ ਕੀਤਾ "ਰੂਪ" ਨੇ ,
ਦਾਦ ਤੇਰੀ ਪਾਉਣ ਨੂੰ ਉਹ ਵੇਖ ਸ਼ਾਇਰ ਹੋ ਗਿਆ !
=======
ਗ਼ਜ਼ਲ
(ਬਹਿਰ-- ਰਜਜ਼ ਮੁਸੱਮਨ ਸਾਲਿਮ)
ਇਹ ਜ਼ਿੰਦਗੀ ਲਾਚਾਰ ਹੈ , ਦੁਸ਼ਵਾਰ ਹੈ ਤੇਰੇ ਬਿਨਾਂ !
ਸੰਸਾਰ ਕੀ ਸੰਸਾਰ ਹੈ , ਬਾਜ਼ਾਰ ਹੈ ਤੇਰੇ ਬਿਨਾਂ !
----
ਤੂੰ ਨਾਲ ਹੈਂ ਤਾਂ ਹਰ ਕਦਮ ਤੇ ਦੋਸਤੀ ਹੈ , ਪਿਆਰ ਹੈ ,
ਪਰ ਹਰ ਕਦਮ ਵੰਗਾਰ ਹੈ , ਲਲਕਾਰ ਹੈ ਤੇਰੇ ਬਿਨਾਂ !
----
ਮੈਂ ਕੀ ਕਰਾਂ , ਕੀ ਨਾ ਕਰਾਂ , ਕੁੱਝ ਸਮਝ ਨਹੀਓ ਪੈ ਰਹੀ ,
ਕਿਉਂ ਹਰ ਤਰਫ਼ ਤੋਂ ਹਾਰ ਹੀ ਬੱਸ ਹਾਰ ਹੈ ਤੇਰੇ ਬਿਨਾਂ !
----
ਗ਼ਮਖ਼ਾਰ ਬਣਕੇ ਤੂੰ ਮੇਰਾ ਹਰ ਦਰਦ ਹਰਿਆ ਸੀ ਕਦੇ ,
ਅਜ ਤੂੰ ਨਹੀ ਪਰ ਦਰਦ ਦਾ ਅੰਬਾਰ ਹੈ ਤੇਰੇ ਬਿਨਾਂ !
----
ਦਿਲ ਧੜਕਦੈ ਜਿਉਂ ਦਿਲ 'ਚ ਬੰਬਾਂ ਦੇ ਧਮਾਕੇ ਹੋ ਰਹੇ,
ਈ. ਸੀ. ਜੀ. ਦੱਸਿਐ ਦਿਲ ਮੇਰਾ ,ਬੀਮਾਰ ਹੈ ਤੇਰੇ ਬਿਨਾਂ !
----
ਉਂਝ ਆਸਰੇ ਤਾਂ ਘੱਟ ਨਹੀ , ਪਰ ਘਾਟ ਤੇਰੀ ਰੜਕਦੀ ,
ਇਹ ਜ਼ਿੰਦਗੀ ਤਾਂ ਜਾਪਦੀ ਦੁਸ਼ਵਾਰ ਹੈ ਤੇਰੇ ਬਿਨਾਂ !
----
ਤੂੰ ਯਾਰ ਹੈਂ , ਗ਼ਮਖਾਰ ਹੈਂ , ਤੂੰ "ਰੂਪ" ਦਾ ਸੰਸਾਰ ਹੈਂ ,
ਜੇ ਤੂੰ ਨਹੀ ਤਾਂ ਜ਼ਿੰਦਗੀ ਬੇਕਾਰ ਹੈ ਤੇਰੇ ਬਿਨਾਂ !