ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਸੁਰਿੰਦਰ ਰਾਮਪੁਰੀ. Show all posts
Showing posts with label ਸੁਰਿੰਦਰ ਰਾਮਪੁਰੀ. Show all posts

Tuesday, June 30, 2009

ਸੁਰਿੰਦਰ ਰਾਮਪੁਰੀ - ਨਜ਼ਮ

ਰਾਤ – 1

ਨਜ਼ਮ

ਚਾਰ ਚੁਫ਼ੇਰੇ

ਫੈਲ ਰਹੀ ਹੈ ਰਾਤ।

.............

ਧਰਮ

ਰਾਜਨੀਤੀ

ਅਰਥ-ਵਿਵਸਥਾ

ਸਭ ਨੂੰ ਕਲ਼ਾਵੇ ਵਿਚ ਲੈ ਰਹੀ।

...................

ਮਨ ਨੂੰ ਗ੍ਰਸ ਰਹੀ

ਤਨ ਨੂੰ ਗ੍ਰਸ ਰਹੀ

ਲੰਮੇਰੀ ਹੁੰਦੀ ਜਾ ਰਹੀ।

.................

ਸਰਘੀ ਦਾ ਰੂਪ

ਬਣ ਤਾਂ ਸਕਦੀ ਹੈ ਇਹ ਰਾਤ

ਤੂੰ !

ਸੂਰਜ ਦਾ ਸੰਕਲਪ ਧਾਰ!

======

ਰਾਤ – 2

ਨਜ਼ਮ

ਮੇਰੇ ਦੁਆਲ਼ੇ ਲਿਪਟ ਰਹੀ ਹੈ ਰਾਤ

ਕਾਲ਼ੀ ਸਰਾਲ਼ ਵਰਗੀ

.....................

ਮੇਰੀ ਵਿਦਵਤਾ

ਮੇਰਾ ਗਿਆਨ

ਪਾਠ-ਪੁਸਤਕਾਂ

ਕਲਾ

ਸਾਹਿਤ

ਇੱਕੋ ਸਾਹੇ ਡੀਕ ਰਹੀ ਹੈ।

.............

ਛਟਪਟਾ ਰਿਹਾ ਹਾਂ ਮੈਂ

ਘੁਲ਼ ਰਿਹਾਂ ਸਰਾਲ਼ ਨਾਲ਼।

=====

ਰਾਤ – 3

ਨਜ਼ਮ

ਰਾਤ ਹੈ

ਹਨੇਰਾ ਹੈ

ਬੱਦਲ਼ਵਾਈ ਹੈ

...............

ਪਹੁ ਫੁੱਟੇਗੀ

ਚਾਨਣ ਹੋਵੇਗਾ

ਆਕਾਸ਼ ਲਿਸ਼ਕੇਗਾ

................

ਮਨੁੱਖ ਆਸ ਨਾਲ਼ ਜਿਉਂਦਾ ਹੈ।


Friday, May 22, 2009

ਸੁਰਿੰਦਰ ਰਾਮਪੁਰੀ - ਨਜ਼ਮ

ਉਹ ਦਿਨ - ਇਹ ਦਿਨ

ਨਜ਼ਮ

ਉਹ ਵੀ ਦਿਨ ਸਨ

ਤੂੰ ਕਹਿੰਦੀ ਸੀ

ਆ ਆਪਾਂ ਕੋਈ ਜੁਗਨੂੰ ਫੜੀਏ

ਆਪਣੇ ਰਾਹ ਵਿਚ ਚਾਨਣ ਭਰੀਏ

ਜਵਾਨ ਉਮਰ ਦੇ ਮਾਣ ਆਖਿਆ

ਆਪਾਂ ਤਾਂ ਸੂਰਜ ਦੇ ਆਸ਼ਕ।

..............

ਇਹ ਵੀ ਦਿਨ ਹਨ

ਵਰ੍ਹਿਆਂ ਦੀ ਵਿੱਥ ਪਾੜ

ਜਦ ਪਿਛਾਂਹ ਨੂੰ ਝਾਕਦਾਂ

ਛਿੱਥਾ ਜਿਹਾ ਮਨ ਆਖਦੈ

........

ਇੱਕ ਜੁਗਨੂੰ ਹੀ ਫੜ ਲੈਂਦੇ

ਜੀਵਨ ਦਾ ਕੋਈ ਛਿਣ ਤਾਂ ਚਾਨਣ ਹੋ ਜਾਂਦਾ!


Tuesday, February 24, 2009

ਸੁਰਿੰਦਰ ਰਾਮਪੁਰੀ - ਨਜ਼ਮ

ਲਘੂ ਨਜ਼ਮਾਂ
ਭੁਚਾਲ

ਉਹ ਧਰਤੀ ਉੱਤੇ ਆਵੇ

ਜਾਂ ਮਨ ਵਿਚ

ਇੱਕੋ ਜਿੰਨਾ

ਵਿਨਾਸ਼ ਕਰਦਾ ਹੈ।

=====
ਪੱਤਝੜ-1

ਬਿਰਖਾਂ ਦੇ ਪੱਤੇ

ਝੜ ਜਾਂਦੇ ਹਨ ਉਦੋਂ

ਪੱਤਝੜ ਆਉਂਦੀ ਹੈ ਜਦੋਂ।


ਮਨ

ਘੋਰ ਉਦਾਸੀ ’ਚ ਘਿਰੇ ਜਦੋਂ

ਕਿਰਨ-ਮ-ਕਿਰਨੀ, ਪੱਤਿਆਂ ਵਾਂਗ

ਸਾਥ ਛੱਡ ਜਾਣ ਆਸਾਂ

ਪੱਤਝੜ ਹੀ ਤਾਂ ਹੁੰਦੀ ਹੈ ਉਦੋਂ।

=====
ਪੱਤਝੜ-2

ਬਿਰਹਨ ਦੇ ਬਨੇਰੇ ਕਾਂ ਬੋਲੇ

ਪੱਤਝੜ ਦੇ ਬੀਤਣ ਦੀ ਆਸ ਹੋ ਗਈ।

====
ਪੱਤਝੜ-3

ਪੱਤਝੜ ਕਿਸੇ ਪੰਛੀ ਦਾ ਨਾਂ ਨਹੀਂ

ਜਿਸ ਨੂੰ ਸ਼ਿਸ਼ਕੇਰ ਕੇ ਉਡਾ ਦਿਓਗੇ।

....................
ਇਹ ਤਾਂ ਰੁੱਤ ਹੈ

ਤਨ ’ਚ ਰਚ ਜਾਂਦੀ

ਮਨ ’ਚ ਵਸ ਜਾਂਦੀ

ਇਹ ਕਿਸੇ ਪੰਛੀ ਦਾ ਨਾਂ ਨਹੀਂ

ਜਿਸ ਨੂੰ ਸ਼ਿਸ਼ਕੇਰ ਕੇ ਉਡਾ ਦਿਓਗੇ।

.........................
ਸਮੁੰਦਰ ਵਰਗੇ ਮਨ ਵਿਚ ਪੈਣੈਂ ਗੋਤਾ ਲਾਉਂਣਾ

ਡੂੰਘੇ ਪੱਤਣਾਂ ਦੀ ਥਾਹ ਹੈ ਪਾਉਂਣੀ ਪੈਣੀਂ

ਫਿਰ ਛਿੜਨਗੇ ਜਲ ਤਰੰਗ, ਮਨ ਵਿਚ

ਫਿਰ ਮਹਿਕੇਗਾ ਤਨ।

......................
ਪੱਤਝੜ ਕਿਸੇ ਪੰਛੀ ਦਾ ਨਾਂ ਨਹੀਂ

ਇਹ ਤਾਂ ਮਨ ਦਾ ਮੌਸਮ ਹੈ।

==========
ਪਲ ਪਲ ਮਰਨਾ

ਨਿਸ਼ਚਿਤ ਹੈ ਜਦ

ਮੌਤ ਦਾ ਇਕ ਦਿਨ

ਫਿਰ ਰੋਜ਼ ਰੋਜ਼

ਕਿਉਂ ਆਉਂਦੀ ਹੈ?

Saturday, January 10, 2009

ਸੁਰਿੰਦਰ ਰਾਮਪੁਰੀ - ਕਹਾਣੀ

ਦੋਸਤੋ! ਗਗਨਦੀਪ ਜੀ ਨੇ ਸਤਿਕਾਰਤ ਅੰਕਲ ਸੁਰਿੰਦਰ ਰਾਮਪੁਰੀ ਜੀ ਦੀ ਇੱਕ ਬੇਹੱਦ ਖ਼ੂਬਸੂਰਤ ਕਹਾਣੀ ਆਰਸੀ ਦੇ ਪਾਠਕਾਂ / ਲੇਖਕਾਂ ਲਈ ਟਾਈਪ ਕਰਕੇ ਭੇਜੀ ਹੈ। ਮੈਂ ਡੈਡੀ ਜੀ ਤੋਂ ਅੰਕਲ ਜੀ ਦੀਆਂ ਕਹਾਣੀਆਂ ਦੀ ਬਹੁਤ ਤਾਰੀਫ਼ ਸੁਣੀ ਹੋਈ ਸੀ, ਗਗਨ ਜੀ ਨੇ ਇਹ ਕਹਾਣੀ ਭੇਜ ਕੇ ਮੇਰੀ ਇੱਛਾ ਪੂਰੀ ਕਰ ਦਿੱਤੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਇਸ ਕਹਾਣੀ ਨੂੰ ਪੜ੍ਹ ਕੇ ਤੁਹਾਨੂੰ ਕੋਈ ਨਾ ਕੋਈ ਘਟਨਾ ...ਆਪ-ਬੀਤੀ ਜਾਂ ਜੱਗ-ਬੀਤੀ ਜ਼ਰੂਰ ਯਾਦ ਆਏਗੀ। ਗਗਨਦੀਪ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਰਾਮਪੁਰੀ ਸਾਹਿਬ ਨੂੰ ਏਨੀ ਵਧੀਆ ਕਹਾਣੀ ਲਿਖਣ ਤੇ ਆਰਸੀ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਾਂ!

ਕੋਸ਼ਿਸ਼

ਕਹਾਣੀ

ਜਦੋਂ ਮੈਂ ਇਹ ਕਹਾਣੀ ਲਿਖਣ ਲੱਗਿਆ ਤਾਂ ਇਸ ਦੀਆਂ ਤਿੰਨੇ ਇਸਤਰੀ ਪਾਤਰ ਮੇਰੇ ਸਾਹਮਣੇ ਆ ਕੇ ਖੜ੍ਹ ਗਈਆਂ। ਕਹਿਣ ਲੱਗੀਆਂ, “ਤੂੰ ਸਾਡੀ ਕਹਾਣੀ ਨਹੀਂ ਲਿਖ ਸਕਦਾ।” ਮੈਂ ਪੁੱਛਿਆ, “ਕਿਉਂ?” ਉਹ ਪਲ ਭਰ ਲਈ ਚੁੱਪ ਹੋਈਆਂ, ਫਿਰ ਇਕੱਠੀਆਂ ਹੀ ਬੋਲ ਪਈਆਂ, “ਤੂੰ ਸਾਡੇ ਬਾਰੇ ਕੁਝ ਵੀ ਨਹੀਂ ਲਿਖ ਸਕਦਾ। ਜੋ ਕੁੱਝ ਕਹਿਣੈ, ਅਸੀਂ ਆਪ ਕਹਾਂਗੀਆਂ।” ਮੈਂ ਉਹਨਾਂ ਵੱਲ ਦੇਖਦਾ ਹੀ ਰਹਿ ਗਿਆ। ਉਹਨਾਂ ਵਿਚੋਂ ਸਭ ਤੋਂ ਕਾਹਲੀ ਇਕ ਔਰਤ ਬੋਲਣ ਲੱਗੀ, “ਮੇਰਾ ਨਾਂ ਗੁਰਮੀਤ ਹੈ। ਉਮਰ ਪੰਤਾਲੀ ਸਾਲ। ਮੈਂ ਜੱਟਾਂ ਦੀ ਧੀ ਹਾਂ। ਵੀਹ ਸਾਲ ਪਹਿਲਾਂ ਮੈਂ, ਆਪਣੇ ਹਾਣ ਦੇ ਮੁੰਡੇ ਨਾਲ ਪਿਆਰ ਵਿਆਹ ਕਰਵਾਇਆ ਸੀ। ਸਾਡੇ ਪਿੰਡ ਵੀ ਵੱਖ-ਵੱਖ ਸਨ ਅਤੇ ਜਾਤਾਂ ਵੀ। ਉਹ ਰਵੀਦਾਸੀਆਂ ਦਾ ਮੁੰਡਾ ਸੀ। ਜਵਾਨੀ ਦਾ ਜੋਸ਼, ਜਾਤਾਂ ਨਹੀਂ ਦੇਖਦਾ ਹੁੰਦਾ। ਉਹ ਮੇਰੇ ਨਾਲ ਪੜ੍ਹਦਾ ਸੀ। ਮੈਂਨੂੰ ਚੰਗਾ ਲਗਦਾ ਸੀ। ਏਦੂੰ ਵੱਧ ਮੈਂ ਕੁਝ ਵੀ ਨਹੀਂ ਸੀ ਚਾਹੁੰਦੀ। ਮੇਰੇ ਪਿੰਡ ਵਿਚ ਤੂਫ਼ਾਨ ਉੱਠ ਖੜ੍ਹਿਆ ਸੀ। ਜੱਟਾਂ ਦੀ ਧੀ ਅਤੇ ਮੁੰਡਾ ਰਵੀਦਾਸੀਆਂ ਦਾ।ਮੇਰੇ ਮਾਪੇ ਤਾਂ ਕੀ, ਆਲੇ-ਦੁਆਲੇ ਦੇ ਪੰਤਾਲੀ ਪਿੰਡਾਂ ਦੇ ਜੱਟ ਇਕੱਠੇ ਹੋ ਗਏ ਸਨ। ਬਹੁਤ ਵੱਡਾ ਮਸਲਾ ਖੜ੍ਹਾ ਹੋ ਗਿਆ। ਖਾਨਾ-ਜੰਗੀ ਵਰਗੇ ਹਾਲਾਤ ਹੋ ਗਏ। ਕੋਰਟ-ਕਚਹਿਰੀ ਤੱਕ ਜਾਣਾ ਪਿਆ। ਇਕ ਤੂਫ਼ਾਨ ਆਇਆ ਤੇ ਲੰਘ ਗਿਆ। ਸਾਡੀ ਕਿਸ਼ਤੀ ਡਿੱਕ-ਡੋਲੇ ਖਾਂਦੀ ਕਿਨਾਰੇ ਲੱਗ ਗਈ। ਅਸੀਂ ਆਪਣਾ ਘਰ ਵਸਾ ਲਿਆ। ਮੈਂ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕਾ ਲੱਗ ਗਈ। ਉਹ ਇਕ ਕੰਪਨੀ ਵਿਚ ਸੇਲਜ਼ਮੈਨ ਲੱਗ ਗਿਆ। ਅਸੀਂ ਇਕ ਦੂਜੇ ਦੇ ਸਾਹੀਂ ਜਿਉਂਦੇ। ਦੋਵਾਂ ਵਿਚੋਂ ਕੋਈ ਇਕ ਵੀ ਰਤਾ ਦੇਰ ਨਾਲ ਘਰ ਮੁੜਦਾ, ਸਾਹ ਸੂਤੇ ਰਹਿੰਦੇ। ਸਾਡੇ ਦੋ ਬੱਚੇ ਹੋਏ, ਦੋਵੇਂ ਧੀਆਂ। ਅਸੀਂ ਨਾ ਆਪਣੇ ਨਾਂ ਨਾਲ, ਨਾ ਬੱਚਿਆਂ ਦੇ ਨਾਂ ਨਾਲ, ਕਦੇ ਜਾਤ-ਗੋਤ ਨਹੀਂ ਲਗਾਇਆ। ਕਦੇ-ਕਦੇ ਇਕਾਂਤ ਵਿਚ ਬੈਠੀ ਮੈਂ ਸੋਚਣ ਲੱਗ ਜਾਂਦੀ, ਇਹ ਕਿਹੜੀ ਜਾਤ ਦੀਆਂ ਕੁੜੀਆਂ ਨੇ। ਇਕ ਦਿਨ ਮੈਂ ਅਚਾਨਕ ਹੀ ਇਹ ਸਵਾਲ ਆਪਣੇ ਪਤੀ ਨੂੰ ਕਰ ਦਿੱਤਾ, ‘ਤੁਸੀਂ ਦੱਸੋ ਇਹਨਾਂ ਦੀ ਜਾਤ ਕਿਹੜੀ ਹੈ?’ ਉਹ ਬੋਲਿਆ, ‘ਪਿਓ ਦੀ ਜਾਤ ਹੀ ਬੱਚਿਆਂ ਦੀ ਜਾਤ ਹੁੰਦੀ ਹੈ।’ ‘ਤੇ ਮਾਂ ਦੀ,’ ਮੈਂ ਕਿਹਾ। ਉਹ ਫ਼ਿਲਾਸਫ਼ੀ ਝਾੜਦਾ ਬੋਲਿਆ, ‘ਵਿਆਹ ਤੋਂ ਬਾਅਦ ਤੀਵੀਂ ਦੀ ਆਪਣੀ ਕੋਈ ਜਾਤ ਨਹੀਂ ਰਹਿੰਦੀ। ਉਹ ਪਤੀ ਦੀ ਜਾਤ ਵਿਚ ਹੀ ਰਲ਼ ਜਾਂਦੀ ਹੈ।’

ਉਸ ਦਿਨ ਪਹਿਲੀ ਵਾਰ, ਮੈਨੂੰ ਉਸ ਵਿਚੋਂ ਬੋਅ ਆਈ। ਇਕ ਮੁਸ਼ਕ ਮੇਰੀਆਂ ਨਾਸਾਂ ਨੂੰ ਚੜ੍ਹ ਗਈ। ਮੈਨੂੰ ਘੁਮੇਰ ਜਿਹੀ ਆ ਗਈ। ਮੈਂ ਆਪਣੇ ਅੰਦਰਲੀ ਜਾਟਾਂ ਦੀ ਕੁੜੀ ਨੂੰ ਹਮੇਸ਼ਾ ਦਬਾ ਕੇ ਰੱਖਿਆ ਸੀ, ਪਰ ਉਸ ਦਿਨ ਪਤਾ ਨਹੀਂ ਉਹ ਕਿਵੇਂ ਬੇ-ਕਾਬੂ ਹੋ ਗਈ। ਮੇਰੇ ਮੂੰਹੋਂ ਨਿਕਲਿਆ, ‘ਤੂੰ ਉਹੀ ਰਿਹਾ ਨਾ, ਬਿਲਕੁਲ ਉਹੀ।’ ਉਸ ਦੇ ਅੰਦਰਲੀ ਜਾਤ ਨੂੰ ਰੋਹ ਚੜ੍ਹ ਗਿਆ। ‘ਤੂੰ ਮੈਂਨੂੰ ਕਹਿੰਦੀ ਕੀ ਐਂ, ਤੇਰਾ ਮਤਲਬ ਕੀ ਹੈ?’ ਉਸ ਨੇ ਮੇਰੇ ਥੱਪੜ ਜੜ ਦਿੱਤਾ। ਮੈਂ ਸੁੰਨ ਹੋ ਗਈ। ਘੁਮੇਰ ਤਾਂ ਪਹਿਲਾਂ ਹੀ ਆ ਰਹੀ ਸੀ। ਧਰਤੀ ਘੁੰਮਣ ਲੱਗ ਪਈ। ਮੈਂ ਮੰਜੀ ’ਤੇ ਡਿੱਗ ਪਈ। ‘ਮੈਂ ਜਾਣਦਾਂ ਤੈਂਨੂੰ, ਬੜੀ ਉੱਚੀ ਜਾਤ ਵਾਲੀ ਨੂੰ।’

ਏਨੇ ਵਰ੍ਹਿਆਂ ਵਿਚ ਅਸੀਂ ਬਹੁਤ ਘੱਟ ਵਾਰ ਲੜੇ ਸਾਂ। ਮਾੜਾ-ਮੋਟਾ ਬੋਲ-ਬੁਲਾਰਾ ਤਾਂ ਹੋ ਹੀ ਜਾਂਦਾ ਸੀ, ਪਰ ਏਸ ਹੱਦ ਤੱਕ ਨਹੀਂ ਸੀ ਅੱਪੜੇ। ਮੈਂ ਵਾਰ-ਵਾਰ ਸੋਚਦੀ, ਮਨਾ ਮੇਰੇ ਨਾਲ ਏਨੇ ਵਰ੍ਹੇ ਰਹਿ ਕੇ, ਮੇਰੇ ਪਿਆਰ ਵਿਚ ਰਚ ਕੇ, ਇਹ ਅਜੇ ਵੀ ਕਿਉਂ ਏਨਾ ਰੁੱਖਾ ਹੈ। ਮੈਂ ਬਹੁਤ ਕੁਝ ਸੋਚਦੀ, ਪਰ ਕਿਸੇ ਵੀ ਸਿੱਟੇ ’ਤੇ ਨਾ ਅੱਪੜ ਸਕਦੀ।

ਮੈਂ ਆਪਣੇ ਸਾਥੀ ਅਧਿਆਪਕ ਕਮਲਜੀਤ ਤੋਂ ਵੀ ਇਸ ਸਵਾਲ ਦਾ ਉੱਤਰ ਜਾਣਨਾ ਚਾਹਿਆ। ਉਸ ਨੇ ਦਲੀਲਾਂ ਤਾਂ ਬਹੁਤ ਦਿੱਤੀਆਂ ਪਰ ਨਾ ਹੀ ਮੇਰੇ ਸਮਝ ਵਿਚ ਆਈਆਂ, ਨਾ ਮੈਨੂੰ ਜਚੀਆਂ ਹੀ। ਕਮਲਜੀਤ ਮੇਰੀ ਮਨੋ-ਅਵਸਥਾ ਨੂੰ ਸਮਝਦਾ ਸੀ। ਕਈ ਵਾਰ ਸ਼ਾਮ ਨੂੰ ਉਹ, ਸਾਡੇ ਘਰ ਵੀ ਆ ਜਾਂਦਾ। ਅਸੀਂ ਚਾਹ-ਪਾਣੀ ਪੀਂਦੇ। ਉਹ ਮੇਰੇ ਨਾਲ ਅਤੇ ਮੇਰੇ ਪਤੀ ਨਾਲ ਦੁੱਖ-ਸੁੱਖ ਸਾਂਝਾ ਕਰ ਲੈਂਦਾ। ਇਕ ਦਿਨ ਉਹ, ਛੁੱਟੀ ਉਪਰੰਤ ਹੀ ਮੇਰੇ ਨਾਲ ਸਾਡੇ ਘਰ ਆ ਗਿਆ। ਜਦੋਂ ਮੇਰਾ ਪਤੀ ਆਇਆ ਤਾਂ ਅਸੀਂ ਚਾਹ ਪੀ ਚੁੱਕੇ ਸੀ। ਉਸ ਦੇ ਜਾਣ ਬਾਅਦ ਮੇਰਾ ਪਤੀ ਫਿਰ ਭੜਕ ਪਿਆ, ‘ਮੇਰੇ ਘਰ ਇਹ ਕੰਜਰਖਾਨਾ ਨੀਂ ਚੱਲਣਾ।’

ਮੈਥੋਂ ਰਿਹਾ ਨਾ ਗਿਆ, ‘ਪਹਿਲੀ ਗੱਲ ਇਹ ਕੰਜਰਖਾਨਾ ਨਹੀਂ। ਦੂਜੀ ਗੱਲ ਇਹ ਤੇਰਾ ਘਰ ਨਹੀਂ। ਇਹ ਆਪਣਾ ਘਰ ਹੈ।’

‘ਇਹ ਮੇਰਾ ਘਰ ਹੈ, ਮੇਰਾ ਘਰ। ਤੂੰ ਘਰ ਦੀ ਮਾਲਕਣ ਹੈਂ ਪਰ ਮੇਰੇ ਘਰ ਦੀ। ਮੈਂ ਤੈਨੂੰ ਓਦਣ ਵੀ ਕਿਹਾ ਸੀ, ਤੀਵੀਂ ਦੀ ਜਾਤ ਅਤੇ ਘਰ, ਆਦਮੀ ਦੀ ਜਾਤ ਅਤੇ ਘਰ ਵਿਚ ਰਲ਼ ਜਾਂਦਾ ਹੈ। ਤੂੰ ਮੇਰੀ ਗੱਲ ਸਮਝਦੀ ਕਿਉਂ ਨੀਂ।’

‘ਸ਼ੱਕ ਘਰ ਨੂੰ ਤੋੜ ਦਿੰਦਾ ਹੈ। ਤੁਸੀਂ ਸ਼ੱਕੀ ਹੋ ਗਏ ਓਂ। ਮੈਂ ਤਾਂ ਤੂਫ਼ਾਨਾਂ ’ਚੋਂ ਨਿੱਕਲ਼ ਕੇ ਤੁਹਾਡੇ ਨਾਲ ਕਿਨਾਰੇ ਲੱਗੀ ਆਂ।’ ਮੇਰਾ ਗੱਚ ਭਰ ਆਇਆ।

‘ਸਾਰੀ ਉਮਰ ਮੈਂ ਇਸ ਦਬਦਬੇ ’ਚ ਨਹੀਂ ਰਹਿਣਾ। ਜੇ ਮੇਰੀ ਬਣੀ ਐਂ ਤਾਂ ਬਣੀ ਰਹਿ। ਮੈਂ ਸ਼ੱਕ ਨਹੀਂ ਕਰਦਾ, ਮੈਨੂੰ ਯਕੀਨ ਹੋ ਗਿਆ, ਹੁਣ ਫ਼ਿਰ ਤੁਫ਼ਾਨ ਆਵੇਗਾ ਤੇ ਤੂੰ ਉਸ ਕਮੀਨੇ ਨਾਲ ਕਿਨਾਰੇ ਜਾ ਲੱਗੇਂਗੀ।’ ਮੈਂ ਸੁੰਨ ਹੋ ਗਈ। ਸੁੰਨ ਪੱਥਰ। ਮੱਥੇ ਦੀਆਂ ਸਭ ਸੋਚਾਂ ਜੰਮ ਗਈਆਂ ਸਨ। ਮੈਨੂੰ ਲੱਗਿਆ, ਮੈਂ ਤਾਂ ਹੁਣ ਤੱਕ ਤੂਫ਼ਾਨਾਂ ਵਿਚ ਹੀ ਘਿਰੀ ਰਹੀ ਹਾਂ। ਮੈਂ ਤਾਂ ਕਿਨਾਰੇ ਲੱਗਣ ਦਾ ਭਰਮ ਪਾਲ ਰਹੀ ਸਾਂ। ਮੈਂ ਤਾਂ ਮੰਝਧਾਰ ਵਿਚ ਹੀ ਫਸੀ ਪਈ ਸੀ।”

ਅਜੇ ਉਹ ਚੁੱਪ ਵੀ ਨਹੀਂ ਸੀ ਹੋਈ ਕਿ ਦੂਸਰੀ ਪਾਤਰ ਬੋਲਣ ਲੱਗ ਪਈ, “ਮੇਰਾ ਨਾਂ ਕੁਸਮ ਹੈ। ਮੇਰੇ ਡੈਡੀ, ਜ਼ਿਲ੍ਹੇ ਦੇ ਉੱਚ ਅਫ਼ਸਰ ਸਨ। ਮੈਂ ਐਲ.ਐਲ.ਬੀ. ਕਰਕੇ ਐਲ਼.ਐਲ.ਐਮ. ਕਰ ਰਹੀ ਸੀ। ਸ਼ਾਮ ਨੂੰ ਮੈਂ ਕਲੱਬ ਚਲੀ ਜਾਂਦੀ। ਉਥੇ ਰਣਦੀਪ ਨਾਲ ਮੇਰੀ ਸਾਂਝ ਬਣਨ ਲੱਗੀ। ਉਹ ਇਕ ਨਾਮੀ ਵਕੀਲ ਦਾ ਸਹਾਇਕ ਸੀ। ਮੈਂ ਉਸ ਨਾਲ ਤਾਸ਼ ਵੀ ਖੇਡ ਲੈਂਦੀ ਅਤੇ ਬੀਅਰ ਵੀ ਸਾਂਝੀ ਕਰ ਲੈਂਦੀ। ਉਹ ਮੈਥੋਂ ਦਸ ਕੁ ਸਾਲ ਵੱਡਾ ਸੀ। ਉਸ ਨੇ ਅਜੇ ਤੱਕ ਵਿਆਹ ਨਹੀਂ ਸੀ ਕੲਵਾਇਆ। ਇਕ ਦਿਨ ਕਹਿਣ ਲੱਗਿਆ, ‘ਮੈਂ ਸਾਰੀ ਉਮਰ ਕੰਵਾਰਾ ਹੀ ਰਹਾਂਗਾ।’ ਮੈਂ ਪੁੱਛਿਆ, ‘ਕਿਉਂ?’ ਉਹ ਬੋਲਿਆ, ‘ ਮੈਂ ਪਿਆਰ ਦੀ ਬਾਜ਼ੀ ਹਾਰ ਚੁੱਕਿਆ ਹਾਂ ਅਤੇ ਹੁਣ ਹਾਰਿਆਂ ਵਾਂਗ ਹੀ ਜੀਵਨ ਬਤੀਤ ਕਰਾਂਗਾ।’ ਮੈਂ ਕਿਹਾ, ‘ਤੂੰ ਮੈਨੂੰ ਵੀ ਤਾਂ ਜਿੱਤ ਸਕਦਾ ਹੈਂ। ਮੈਨੂੰ ਹਰਾ ਕੇ ਜਿੱਤਿਆਂ ਵਰਗਾ ਜੀਵਨ ਕਿਉਂ ਨਹੀਂ ਬਤੀਤ ਕਰਦਾ?’

ਮੈਂ ਡੈਡੀ ਦੀ ਉੱਚ ਅਫ਼ਸਰੀ ਦੀ ਤਾਕਤ ਦਾ ਸੰਤਾਪ ਵੀ ਝੱਲਿਆ। ਮੈਂ ਵਿਦਰੋਹ ਕੀਤਾ ਅਤੇ ਜਵਾਨੀ ਦਾ ਵਿਦਰੋਹ ਜਿੱਤ ਗਿਆ। ਅਸੀਂ ਕੋਰਟ-ਮੈਰਿਜ ਕਰਵਾ ਲਈ। ਵਿਆਹ ਤੋਂ ਛੇ ਮਹੀਨੇ ਬਾਅਦ ਹੀ ਮੈਂ ਉਸ ਦੀ ਅਸਲੀਅਤ ਪਛਾਣ ਗਈ। ਮੰਮੀ-ਡੈਡੀ ਨੇ ਸਮਝਾਇਆ ਤਾਂ ਬਹੁਤ ਸੀ, ਇਸ ਦੀ ਨਜ਼ਰ ਤੇਰੀ ਜਾਇਦਾਦ ਅਤੇ ਜਮ੍ਹਾਂ-ਪੂੰਜੀ ’ਤੇ ਹੈ। ਇਹ ਅੱਗੇ ਵੀ ਅਜਿਹਾ ਕੁਝ ਕਰ ਚੁੱਕਿਆ ਹੈ। ਇਹ ਤੈਨੂੰ ਗੁੰਮਰਾਹ ਕਰ ਰਿਹਾ ਏ। ਉਦੋਂ ਤਾਂ ਮੈਂ, ਇਹਨਾਂ ਗੱਲਾਂ ਤੋਂ ਬਹੁਤ ਦੂਰ ਸੀ ਪਰ ਜਦੋਂ ਅਸਲੀਅਤ ਸਾਹਮਣੇ ਆਈ ਤਾਂ ਬਹੁਤ ਪਾਣੀ ਵਹਿ ਚੁੱਕਿਆ ਸੀ। ਮੈਨੂੰ ਪਤਾ ਲੱਗਿਆ, ਉਹ ਪਹਿਲਾਂ ਤਲਾਕ-ਸ਼ੁਦਾ ਹੈ। ਉਸ ਨੇ ਕੁਝ ਮਹੀਨਿਆਂ ਵਿਚ ਹੀ ਮੈਂਨੂੰ ਬੈਂਕ ਵਿਚੋਂ ਪੈਸੇ ਕਢਾਉਣ ਲਈ ਰਾਜ਼ੀ ਕਰਕੇ ਆਪਣੇ ਨਾਂ ਕੋਠੀ ਖਰੀਦ ਲਈ। ਜਦੋਂ ਉਹ ਮੇਰੀ ਜ਼ਮੀਨ ਵੀ ਵੇਚਣ ਲਈ ਜ਼ੋਰ ਪਾਉਣ ਲੱਗਿਆ ਤਾਂ ਮੈਂ ਅੜ ਗਈ। ਮੈਂ ਉਸ ਨੂੰ ਸਮਝਾਉਣ ਲੱਗੀ, ‘ਇਸ ਜ਼ਮੀਨ ਦੇ ਸਿਰ ’ਤੇ ਤਾਂ ਆਪਾਂ ਸਾਰੀ ਉਮਰ ਲੰਘਾਉਣੀ ਹੈ।’ ਉਹ ਦਲੀਲ ਦੇਣ ਲੱਗਿਆ, ‘ਇਹ ਜ਼ਮੀਨ ਤੇਰੇ ਡੈਡੀ ਨੇ ਖ਼ਰੀਦ ਕੇ ਦਿੱਤੀ ਹੈ। ਉਹ ਉੱਚ ਅਫ਼ਸਰ ਹੈ। ਕਿਸੇ ਹਰਬੇ ਤੇਰੀ ਜ਼ਮੀਨ ’ਤੇ ਕਬਜ਼ਾ ਕਰ ਸਕਦਾ ਹੈ।’ ਮੈਂ ਵੀ ਵਕੀਲ ਸੀ, ਇਹਨਾਂ ਘੁੰਡੀਆਂ ਤੋਂ ਜਾਣੂੰ ਸੀ। ਇਸ ਮਾਮਲੇ ਵਿਚ ਉਸਦੀ ਮੇਰੇ ਅੱਗੇ ਇਕ ਨਾ ਚੱਲੀ।

ਉਹ ਮੇਰੀ ਜਮ੍ਹਾਂ ਪੂੰਜੀ ਤਾਂ ਹਜ਼ਮ ਕਰ ਚੁੱਕਿਆ ਸੀ ਅਤੇ ਜ਼ਮੀਨ ਉਸ ਨੂੰ ਕਦੇ ਵੀ ਨਹੀਂ ਸੀ ਮਿਲਣੀ। ਇਕ ਸਾਲ ਦੇ ਅੰਦਰ ਹੀ ਸਾਡਾ ਤਲਾਕ ਹੋ ਗਿਆ। ਮੈਂ ਵਕਾਲਤ ਕਰ ਰਹੀ ਹਾਂ। ਜ਼ਿਆਦਾ ਕੇਸ ਔਰਤਾਂ ਦੇ ਹੀ ਲੈਂਦੀ ਹਾਂ। ਆਪਣੀ ਕੋਠੀ ਖਰੀਦ ਲਈ ਹੈ। ਕੁਝ ਸਮਾਜਕ ਜਥੇਬੰਦੀਆਂ ਦੀ ਮੈਂਬਰ ਹਾਂ। ਕਦੀ ਕਦੀ ਕਲੱਬ ਚਲੀ ਜਾਂਦੀ ਹਾਂ।”

ਕੁਸਮ ਨੂੰ ਰੁਕਦੀ ਦੇਖ ਹਰਜੋਤ ਬੋਲਣ ਲੱਗ ਪਈ। “ਹੁਣ ਮੇਰੀ ਉਮਰ ਸੱਠਾਂ ਤੋਂ ਉੱਪਰ ਹੈ। ਮੈਂ ਰਿਟਾਇਰ ਹੋ ਚੁੱਕੀ ਹਾਂ।ਮੈਂ ਬਤੌਰ ਕਾਲਜ ਅਧਿਆਪਕ ਰੀਟਾਇਰ ਹੋਈ ਹਾਂ। ਜ਼ਿੰਦਗੀ ’ਚੋਂ ਰੀਟਾਇਰ ਨਹੀਂ ਹੋਈ। ਅਜੇ ਜ਼ਿੰਦਗੀ ਨੂੰ ਜਿਉਣਾ ਚਾਹੁੰਦੀ ਹਾਂ। ਮੈਂ ਪਿਆਰ ਕਰਨਾ ਚਾਹੁੰਦੀ ਹਾਂ, ਕਿਸੇ ਪਿਆਰੇ ਜਿਹੇ ਇਨਸਾਨ ਨੂੰ। ਅਜਿਹਾ ਇਨਸਾਨ ਜੋ ਮੈਂਨੂੰ ਆਪਣੀ ਬੁੱਕਲ ਦਾ ਨਿੱਘ ਵੀ ਦੇਵੇ ਅਤੇ ਮਨ ਦਾ ਨਿੱਘ ਵੀ। ਮੈਂ ਭਾਲਦੀ ਹਾਂ ਉਸ ਇਨਸਾਨ ਨੂੰ ਜੋ ਮੇਰਾ ਬਣ ਕੇ ਰਹਿ ਜਾਵੇ। ਜੋ ਮੈਂਨੂੰ ਆਪਣੀ ਬਣਾ ਕੇ ਰੱਖ ਲਵੇ। ਜੋ ਮੇਰੀ ਭਟਕਣ ਮੁਕਾ ਦੇਵੇ। ਤੁਸੀਂ ਹੈਰਾਨ ਕਿਉਂ ਹੋ ਗਏ? ਸੱਠਾਂ ਸਾਲਾਂ ਦੀ ਉਮਰ ਤੋਂ ਹੀ ਕਿਉਂ ਘਬਰਾ ਗਏ? ਪਿਆਰ ਤਾਂ ਇਸ ਤੋਂ ਬਾਅਦ ਵੀ ਹੋ ਸਕਦਾ ਹੈ। ਪਿਆਰ ਦੀ ਕੋਈ ਉਮਰ ਨਹੀਂ ਹੁੰਦੀ। ਪਿਆਰ ਦੀ ਕੋਈ ਜਾਤ ਨਹੀਂ ਹੁੰਦੀ ਪਰ ਪਿਆਰ ਹੋਵੇ, ਹਿਰਸ ਨਾ। ਪਿਆਰ ਹੋਵੇ, ਫਰੇਬ ਨਾ।

ਮੈਂ ਦੋ ਵਾਰੀ ਇਸ ਹਿਰਸ ਵਿਚ ਘਿਰ ਚੁੱਕੀ ਹਾਂ। ਤੁਸੀਂ ਸਮਝਦੇ ਹੋ, ਮੈਂ ਚਿੱਕੜ ਵਿਚ ਲਿੱਬੜੀ ਹਾਂ। ਮੈਂ ਕਹਿੰਦੀ ਹਾਂ, ਮੈਂ ਕੁੰਦਨ ਬਣ ਗਈ ਹਾਂ। ਸੋਚ ਦਾ ਅੰਤਰ ਹੈ। ਸਮਝ ਦਾ ਫਰਕ ਹੈ।

ਇਕ ਵਾਰ ਤਾਂ ਚੜ੍ਹਦੀ ਜਵਾਨੀ ਵਿਚ ਹੀ ਇਸ ਦਾ ਸ਼ਿਕਾਰ ਹੋ ਗਈ। ਮੇਰਾ ਹਮ-ਉਮਰ ਮੁੰਡਾ, ਮੇਰੇ ਜਿਸਮ ਨਾਲ ਖੇਡਦਾ ਰਿਹਾ। ਮੈਂ ਪਿਆਰ ਸਮਝਦੀ ਰਹੀ। ਮੇਰੇ ਜਿਸਮ ਵਿਚ ਕੁਝ ਪਲਮਦਾ ਛੱਡ, ਉਹ ਪਤਾ ਨਹੀਂ ਕਿੱਧਰ ਤੁਰ ਗਿਆ। ਮੇਰੀ ਮਾਂ ਨੇ ਮੇਰੇ ਪੇਟ ਦਾ ਭਾਰ ਘਟਾਇਆ। ਮੇਰੇ ਮਨ ਦਾ ਭਾਰ ਵਧਦਾ ਗਿਆ। ਵਰ੍ਹਿਆਂ ਤੀਕ ਵਧੀ ਗਿਆ। ਅਜੇ ਵੀ ਵਧੀ ਹੀ ਜਾਂਦਾ ਹੈ। ਪੇਟ ਦਾ ਭਾਰ ਤਾਂ ਡਾਕਟਰ-ਹਕੀਮ ਘਟਾ ਦਿੰਦੇ ਹਨ। ਮਨ ਦਾ ਭਾਰ ਤਾਂ ਕੋਈ ਆਪਣਾ ਹੀ ਘਟਾ ਸਕਦਾ ਹੈ। ਇਕ ਵਾਰ ਮੈਨੂੰ ਲੱਗਿਆ, ਮੇਰੇ ਕਾਲਜ ਦਾ ਸਹਿਕਰਮੀ ਮੇਰੇ ਮਨ ਦਾ ਬੋਝ ਘਟਾ ਸਕਦਾ ਹੈ। ਉਸ ਦੀ ਉਮਰ ਮੈਥੋਂ ਛੋਟੀ ਸੀ ਅਤੇ ਇਕ ਬੱਚੇ ਦਾ ਬਾਪ ਵੀ ਸੀ। ਇਹਨਾਂ ਗੱਲਾਂ ਦਾ ਮੈਨੂੰ ਪਤਾ ਸੀ। ਮਨ ਉਸ ’ਤੇ ਫ਼ਿਦਾ ਹੁੰਦਾ ਗਿਆ। ਉਹ ਮਨ ਵਿਚ ਉਤਰਦਾ ਰਿਹਾ। ਮੈਂ ਜਿਸਮਾਂ ਦੇ ਮੇਲ ਦੀ ਬਜਾਏ ਮਨ ਦਾ ਮੇਲ ਭਾਲਦੀ ਸੀ। ਸਕੂਨ ਲੱਭਦੀ ਸੀ। ਮੈਂਨੂੰ ਲੱਗਿਆ, ਉਹ ਮੇਰੀ ਭਟਕਣ ਮੁਕਾ ਦੇਵੇਗਾ। ਉਹ ਮੇਰੇ ਨਾਲ ਰਹਿਣ ਲੱਗ ਪਿਆ। ਮੇਰੇ ਘਰ ਵਿਚ। ਨਾ ਅਸੀਂ ਵਿਆਹ ਕਰਵਾਇਆ, ਨਾ ਕੋਈ ਰਸਮ ਕੀਤੀ। ਮਨਾਂ ਨੇ ਰਸਮਾਂ ਮਨਾਈਆਂ। ਤਨਾਂ ਨੇ ਮੇਲ-ਮਿਲਾਪ ਕੀਤਾ। ਉਹ ਹਫ਼ਤੇ, ਦਸਾਂ ਦਿਨਾਂ ਬਾਅਦ ਆਪਣੇ ਘਰ ਵੀ ਜਾ ਆਉਂਦਾ। ਬੱਚੇ ਅਤੇ ਪਤਨੀ ਨੂੰ ਮਿਲ ਆਉਂਦਾ। ਮੈਨੂੰ ਕੋਈ ਇਤਰਾਜ਼ ਨਹੀਂ ਸੀ। ਮੈਨੂੰ ਕੀ ਫ਼ਰਕ ਪੈਂਦਾ ਸੀ। ਮੈਨੂੰ ਤਾਂ ਉਸ ਦੇ ਤਨ ਨਾਲੋਂ ਮਨ ਦੀ ਵੱਧ ਚਾਹਤ ਸੀ।

ਇਕ ਵਾਰ ਮੈਂ ਡਾਕਟਰ ਤੋਂ ਚੈਕ-ਅੱਪ ਕਰਵਾਉਂਦੀ ਨੇ ਪੁੱਛਿਆ, ਕੀ ਕਾਰਨ ਹੈ ਮੇਰੀ ਮਾਂਹਵਾਰੀ ਇੰਨੀ ਛੇਤੀ ਕਿਉਂ ਸੁੱਕ ਗਈ। ਡਾਕਟਰ ਹੈਰਾਨ ਹੋਈ ਮੇਰੇ ਮੂੰਹ ਵੱਲ ਵੇਖਦੀ ਕਹਿਣ ਲੱਗੀ, ‘ਇਹ ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਤਾਂ ਬੱਚੇਦਾਨੀ ਕਢਵਾ ਚੁੱਕੇ ਹੋ।’ ‘ਹੈਂਅ’ ਮੇਰੇ ਮੂੰਹੋਂ ਨਿਕਲਿਆ। ਮੈਂਨੂੰ ਯਾਦ ਆਇਆ, ਇਕ ਵਾਰ ਮੇਰੇ ਪੇਟ ਵਿਚ ਬਹੁਤ ਦਰਦ ਹੋਣ ਲੱਗ ਪਿਆ ਸੀ। ਮੈਂ ਦੋ-ਢਾਈ ਮਹੀਨੇ ਹਸਪਤਾਲ ਰਹੀ ਸੀ। ਮੇਰੇ ਹੇਠਲੇ ਅੰਗਾਂ ਦਾ ਅਪਰੇਸ਼ਨ ਹੋਇਆ ਸੀ। ਹਸਪਤਾਲ ਤੋਂ ਆ ਕੇ ਵੀ ਮੈਂ ਲੰਮਾਂ ਸਮਾਂ ਬੈੱਡ-ਰੈਸਟ ’ਤੇ ਰਹੀ। ਉਹਨੀਂ ਦਿਨੀਂ, ਇਹਨਾਂ ਨੇ ਹੀ ਮੇਰੀ ਦੇਖ-ਭਾਲ ਕੀਤੀ ਸੀ। ਸ਼ਾਮ ਨੂੰ ਮੈਂ ਇਹਨਾਂ ਨੂੰ ਪੁੱਛਿਆ, ‘ਬੜੀ ਹੈਰਾਨੀ ਦੀ ਗੱਲ ਹੈ, ਡਾਕਟਰ ਕਹਿੰਦੀ ਹੈ ਤੇਰੀ ਬੱਚੇਦਾਨੀ ਅਪਰੇਸ਼ਨ ਕਰਕੇ ਕੱਢ ਦਿੱਤੀ ਗਈ ਹੈ।’

ਉਹ ਬਹੁਤ ਹੀ ਸਹਿਜ ਨਾਲ ਬੋਲਿਆ, ‘ਮੈਂ ਤੈਨੂੰ ਜਾਣ ਕੇ ਹੀ ਨਹੀਂ ਸੀ ਦੱਸਿਆ। ਜਦੋਂ ਤੇਰੇ ਪੇਟ ਦੇ ਹੇਠਲੇ ਅੰਗਾਂ ਦਾ ਅਪਰੇਸ਼ਨ ਹੋਇਆ ਸੀ, ਮੈਂ ਹੀ ਡਾਕਟਰ ਨੂੰ ਕਹਿ ਦਿੱਤਾ ਸੀ, ਓਵਰੀ ਵੀ ਕੱਢ ਦਿਓ। ਮੈਂ ਕਿਹਾ, ਕੱਲ੍ਹ ਨੂੰ ਕੋਈ ਪੰਗਾ ਹੀ ਨਾ ਪੈ ਜਾਵੇ। ਪਹਿਲੀ ਪਤਨੀ ਦੇ ਮੁੰਡਾ ਹੈਗਾ।ਆਪਾਂ ਵਿਆਹ ਹੀ ਨਹੀਂ ਕਰਵਾਇਆ।’ ਮੇਰੇ ’ਤੇ ਜਿਵੇਂ ਬਿਜਲੀ ਪੈ ਗਈ ਹੋਵੇ। ਮੈਂ ਝੁਲ਼ਸ ਗਈ। ਰਾਖ਼ ਦੀ ਢੇਰੀ ਬਣ ਗਈ। ਮੇਰੇ ਮੂੰਹ ਹੌਲੀ ਜਿਹੀ ਨਿਕਲਿਆ, ‘ਇਕ ਬਾਲ ਤਾਂ ਜਵਾਨੀ ਵਿਚ ਹੀ ਗਵਾ ਚੁੱਕੀ ਸੀ,ਮੁੜ ਸਾਰੀ ਉਮਰ ਭਾਲ਼ਦੀ ਰਹੀ। ਤੂੰ ਇਹ ਕੀ ਕਹਿਰ ਦਿੱਤਾ!’

ਉਹ ਉਵੇਂ ਹੀ ਸਹਿਜ ਸੀ, ‘ਇਹਦੇ ਨਾਲ ਕੀ ਫ਼ਰਕ ਪੈ ਗਿਆ?’ ਮੈਨੂੰ ਲੱਗਿਆ, ਉਹਦੇ ਤਾਂ ਮਨ ਹੀ ਨਹੀਂ ਸੀ। ਉਹ ਤਾਂ ਭਾਵਨਾਵਾਂ ਤੋਂ ਕੋਰਾ ਸੀ। ਮੈਂ ਤਾਂ ਪੱਥਰ ਨਾਲ ਹੀ ਲਿਪਟਦੀ ਰਹੀ। ਉਹ ਮੈਨੂੰ ਭੋਗਦਾ ਰਿਹਾ। ਮੈਂ ਮਾਨਸਿਕ ਸੰਤੁਸ਼ਟੀ ਭਾਲਦੀ ਰਹੀ। ਇਸੇ ਲਈ ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤਾਂ ਅਜੇ ਵੀ ਉਸ ਇਨਸਾਨ ਦੀ ਭਾਲ ਵਿਚ ਹਾਂ, ਜੋ ਮੈਨੂੰ ਬੁੱਕਲ ਦਾ ਨਿੱਘ ਵੀ ਦੇਵੇ ਅਤੇ ਮਨ ਦਾ ਨਿੱਘ ਵੀ।”

ਇਹ ਤਿੰਨੇ ਪਾਤਰ ਤਾਂ ਆਪਣੀ ਗੱਲ ਕਹਿ ਕੇ ਤੁਰ ਗਏ। ਮੈਂ ਸੋਚਦਾਂ, ਇਹ ਜੋ ਮਰਜ਼ੀ ਕਹੀ ਜਾਣ, ਮੈਂ ਇਹਨਾਂ ਦੀ ਕਹਾਣੀ ਜ਼ਰੂਰ ਲਿਖਾਂਗਾ। ਚਲੋ ਕੋਸ਼ਿਸ਼ ਕਰਦਾ ਹਾਂ।

Sunday, December 21, 2008

ਸੁਰਿੰਦਰ ਰਾਮਪੁਰੀ - ਲੇਖ

ਲੋਕ ਗਾਇਕ ਮੁਹੰਮਦ ਸਦੀਕ ਦਾ ਪਿਛੋਕੜ

ਲੇਖ

ਮੁਹੰਮਦ ਸਦੀਕ ਪਿੰਡ ਰਾਮਪੁਰ ਦਾ ਜੰਮਪਲ ਹੈ । ਰਾਮਪੁਰ ਉਸਦੀ ਜਨਮ-ਭੂਮੀ ਹੈ । ਇਥੋਂ ਦੀਆਂ ਗਲ਼ੀਆਂ ਵਿਚੋਂ ਉਸ ਨੂੰ ਸੰਗੀਤ ਦੀ ਗੁੜ੍ਹਤੀ ਮਿਲੀ । ਇਸ ਦੇ ਚੌਗਿਰਦੇ ਵਿਚ ਉਸਨੇ ਆਪਣੀ ਪਹਿਲੀ ਹੇਕ ਲਾਈ । ਇਥੋਂ ਦੇ ਲੋਕਾਂ ਵਿਚ ਵਿਚਰਦਿਆਂ ਉਹ ਲੋਕ ਗਾਇਕ ਬਣਿਆ । ਪਿੰਡ ਰਾਮਪੁਰ ਵਿਚੋਂ ਉਸਨੂੰ ਮੋਹ ਵੀ ਮਿਲਿਆ, ਪਿਆਰ ਵੀ ਅਤੇ ਬੇ-ਥਾਹ ਨਫ਼ਰਤ ਵੀ । ਇਥੋਂ ਉਸਨੂੰ ਖ਼ੁਸ਼ੀਆਂ-ਖੇੜੇ ਵੀ ਮਿਲੇ ਅਤੇ ਮਾਨਸਿਕ ਤਸੀਹੇ ਵੀ । ਸਾਹਮਣੇ ਖੜ੍ਹੀ ਮੌਤ ਵਰਗੀ ਨਫ਼ਰਤ ਅਤੇ ਤਸੀਹੇ । ਉਸ ਨੂੰ ਜਾਨ ਦੇ ਲਾਲ੍ਹੇ ਪੈ ਗਏ । ਲੁਕ-ਛਿਪ ਕੇ ਜਾਨ ਬਚਾਈ ।

ਰਾਮਪੁਰ ਇਕ ਇਤਿਹਾਸਕ ਪਿੰਡ ਹੈ । ਇਸ ਪਿੰਡ ਨੂੰ ਦਸਮ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਦੀ ਚਰਨ-ਛੋਹ ਪ੍ਰਾਪਤ ਹੈ । ਉਹਨਾਂ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਸੁਸ਼ੋਭਿਤ ਹੈ । ਇਥੇ ਸੰਤ ਬਾਬਾ ਅਤਰ ਸਿੰਘ ਅਤੇ ਸੰਤ ਬਾਬਾ ਭਗਵਾਨ ਸਿੰਘ ਨੇ ਸੇਵਾ ਅਤੇ ਸਿਮਰਨ ਕੀਤਾ । ਸੰਤ ਬਾਬਾ ਈਸ਼ਰ ਸਿੰਘ ਵੀ ਇਸ ਅਸਥਾਨ ’ਤੇ ਰਹੇ । ਬਾਅਦ ਵਿਚ ਉਹਨਾਂ ਕਰਮਸਰ, ਰਾੜਾ ਸਾਹਿਬ ਵਿਖੇ ਗੁਰਦੁਆਰਾ ਸਥਾਪਿਤ ਕੀਤਾ । ਸਕੂਲ, ਕਾਲਜ ਅਤੇ ਹਸਪਤਾਲ ਬਣਾਏ ।

ਭਗਤ ਪੂਰਨ ਸਿੰਘ ਪਿੰਗਲਵਾੜਾ ਨੂੰ ਵੀ ਇਥੋਂ ਹੀ ਨਿਸ਼ਕਾਮ ਸੇਵਾ ਦੀ ਪ੍ਰੇਰਨਾ ਮਿਲੀ ।

ਸੰਤ ਬਾਬਾ ਹੀਰਾਦਾਸ ਅਤੇ ਸੰਤ ਬਾਬਾ ਸਰਵਣ ਦਾਸ ਨੇ ਸਿਮਰਨ ਅਤੇ ਸੇਵਾ ਤੋਂ ਇਲਾਵਾ ਦਵਾਖ਼ਾਨਾ ਖੋਹਲ ਕੇ ਮਨੁੱਖਤਾ ਦੀ ਭਲਾਈ ਦਾ ਕੰਮ ਕੀਤਾ ।

ਇਸ ਪਿੰਡ ਦੇ ਸਾਧੂ ਸੁੰਦਰ ਸਿੰਘ ਦਾ ਨਾਂ ਈਸਾਈ ਧਰਮ ਵਿਚ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ ।

ਮੁਹੰਮਦ ਸਦੀਕ ਦਾ ਬਚਪਨ ਇਹੋ ਜਿਹੇ ਮਾਹੌਲ ਵਿਚ ਬੀਤਿਆ । ਇਥੋਂ ਹੀ ਉਸਨੂੰ ਸੰਗੀਤ ਦੀ ਮੁੱਢਲੀ ਸਿੱਖਿਆ ਮਿਲੀ।

1947 ਦੇ ਫ਼ਿਰਕੂ ਜਨੂੰਨ, ਦਹਿਸ਼ਤ, ਵਹਿਸ਼ਤ ਅਤੇ ਕਹਿਰ ਵਿਚ ਮੁਹੰਮਦ ਸਦੀਕ ਦੇ ਪਰਿਵਾਰ ਨੂੰ ਲੁਕ-ਛਿਪ ਕੇ ਜਾਨ ਬਚਾਉਣੀ ਪਈ । ਡਰ, ਉਨ੍ਹਾਂ ਦੀ ਰੂਹ ਤੱਕ ਫੈਲ ਗਿਆ । ਆਖਰਕਾਰ ਉਨ੍ਹਾਂ ਨੇ ਪਿੰਡ ਛੱਡਣ ਦਾ ਫੈਸਲਾ ਕਰ ਲਿਆ । ਪਾਕਿਸਤਾਨ ਜਾਣ ਦਾ ਮਨ ਬਣਾ ਲਿਆ । ਪਾਕਿਸਤਾਨ ਜਾਣ ਦਾ ਸਬੱਬ ਨਾ ਬਣਿਆ । ਪਹਿਲਾਂ ਮਲੇਰਕੋਟਲਾ ਅਤੇ ਫਿਰ ਕੁੱਪ ਨੂੰ ਪੱਕਾ ਟਿਕਾਣਾ ਬਣਾ ਲਿਆ । ਮੁਹੰਮਦ ਸਦੀਕ ਨੇ ਤਾਂ ਲੁਧਿਆਣਾ ਵਿਖੇ ਆਪਣਾ ਘਰ ਬਣਾ ਲਿਆ ਹੈ ਪਰੰਤੂ ਉਨ੍ਹਾਂ ਦੇ ਮਾਤਾ ਜੀ ਅਤੇ ਭਰਾ ਦਾ ਟੱਬਰ ਕੁੱਪ ਵਿਚ ਹੀ ਵਸੇ ਹੋਏ ਹਨ । ਕਈ ਵਿਅਕਤੀ ਉਸ ਨੂੰ ਰਾਮਪੁਰ ਦੀ ਥਾਂ ‘ਕੁੱਪ ਵਾਲਾ ਸਦੀਕ’ ਹੀ ਸਮਝਦੇ ਹਨ ।

ਇਸ ਦਹਿਸ਼ਤ ਅਤੇ ਵਹਿਸ਼ਤ ਬਾਰੇ ਹਰਚਰਨ ਮਾਂਗਟ ਬਿਆਨ ਕਰਦਾ ਹੈ ਕਿ ਜਦੋਂ ਉਹ ਫਿਰੋਜ਼ਪੁਰ ਤੋਂ ਰਾਮਪੁਰ ਵਾਪਿਸ ਪਿੰਡ ਆਇਆ ਤਾਂ ਲਗਦਾ ਸੀ ਜਿਵੇਂ ਅੱਧਾ ਪਿੰਡ ਮਰ ਗਿਆ ਹੋਵੇ । ਜਦੋਂ ਉਸ ਨੇ ਨਿੱਕੇ ਜਿਹੇ, ਪਿਆਰੇ ਜਿਹੇ ਬੱਚੇ ‘ਚੱਘੂ’ ਬਾਰੇ ਆਪਣੀ ਮਾਂ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਕ ਬੇਰਹਮ ਜਨੂੰਨੀ ਨੇ ਤੇਰੇ ਚੱਘੂ ਨੂੰ ਪੁਲ਼ ਦੇ ਥਮਲੇ ਨਾਲ ਪਟਕਾ ਮਾਰਿਆ, ਫੁੱਟ ਵਾਂਗ ਫਾੜ ਦਿੱਤਾ । ਉਸ ਬੱਚੇ ਦੀ ਯਾਦ ਵਿਚ ਹਰਚਰਨ ਭੁੱਬਾਂ ਮਾਰ ਮਾਰ ਰੋਇਆ ਅਤੇ ਕਈ ਗ਼ਜ਼ਲਾਂ ਅਤੇ ਰੁਬਾਈਆਂ ਲਿਖੀਆਂ ।

ਇਸੇ ਵਹਿਸ਼ਤ ਬਾਰੇ ਸੁਖਮਿੰਦਰ ਰਾਮਪੁਰੀ ਨੇ ਇਕ ਨਜ਼ਮ ‘ਅੱਧਾ ਪਿੰਡ’ ਲਿਖੀ ਜਿਸ ਦੇ ਕੁਝ ਸ਼ਬਦ ਹੇਠ ਲਿਖੇ ਅਨੁਸਾਰ ਹਨ:

ਅੱਜ ਕੱਲ੍ਹ ਮੈਂ

ਜਿਸ ਪਿੰਡ ਵਿਚ ਰਹਿੰਨਾਂ,

ਅੱਧਾ ਪਿੰਡ ਹੈ ।

ਅੱਧਾ ਪਿੰਡ ਤਾਂ ਚਿਰ ਹੋਇਆ ਹੈ,

ਉਜੜ ਗਿਆ ਸੀ ।

ਖੇਡਣ ਦੀ ਰੁੱਤੇ ਹੀ ਮੈਥੋਂ,

ਮਰੀਆਂ, ਬੂਲਾਂ, ਬੁਧਾਂ, ਬਾਨੋ,

ਰੁਲਦੂ, ਹਸਨਾ ਅਤੇ ਗਫੂਰਾ,

ਵਿਛੜ ਗਏ ਸਨ ।

ਇਸ ਹਨ੍ਹੇਰੀ ਨੇ ਪਤਾ ਨਹੀਂ ਕਿੰਨੇ ਕੁ ਹੋਣਹਾਰ, ਕਲਾਕਾਰਾਂ ਨੂੰ ਗ੍ਰੱਸ ਲਿਆ । ਜਿਸ ਪਿੰਡ ਨੇ ਮੁਹੰਮਦ ਸਦੀਕ ਨੂੰ ਉੱਜੜਨ ਲਈ ਮਜਬੂਰ ਕਰ ਦਿੱਤਾ ਸੀ ਉਸੇ ਪਿੰਡ ਨੂੰ ਉਹ ਬੜੇ ਮਾਣ ਨਾਲ ਆਪਣਾ ਪਿੰਡ, ਆਪਣਾ ਜਨਮ-ਅਸਥਾਨ ਆਖਦਾ ਹੈ । ਪਿੰਡ ਨੂੰ ਸਜਦਾ ਕਰਦਾ ਹੈ । ਆਪਣੇ ਭਾਈਚਾਰੇ ਅਤੇ ਪਿੰਡ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੁੰਦਾ ਹੈ । ਉਹ ਆਪਣੇ ਨਾਂ ਨਾਲ ਮੁਹੰਮਦ ਸਦੀਕ (ਰਾਮਪੁਰੀ) ਲਿਖਦਾ ਹੈ ।

ਪਿੰਡ ਰਾਮਪੁਰ ਦੀ ਸੰਗੀਤ ਪਰੰਪਰਾ ਬਹੁਤ ਪੁਰਾਣੀ ਹੈ । ਇਥੇ ਕਈ ਸੰਗੀਤ ਘਰਾਣੇ ਸਥਾਪਿਤ ਸਨ । ਨਾਮਧਾਰੀ ਗੁਰੂ ਜਗਜੀਤ ਸਿੰਘ ਨੇ ਰਾਮਪੁਰ ਦੇ ਤਲਵੰਡੀ ਘਰਾਣੇ ਦੇ ਕਲਾਵੰਤ ਉਸਤਾਦ ਊਧੋ ਖਾਂ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਸੀ । ਇਸ ਪਰੰਪਰਾ ਨੂੰ ਸਤਿਕਾਰਯੋਗ ਰਹਿਮਾਨ, ਜ਼ਮਾਲਦੀਨ, ਸ਼ੇਰ ਖ਼ਾਨ ਅਤੇ ਮੁਹੰਮਦ ਸਦੀਕ ਨੇ ਅੱਗੇ ਤੋਰਿਆ । ਇਹ ਸੰਗੀਤ ਵਿਚ ਪ੍ਰਬੀਨ ਹੋਏ ਅਤੇ ਪ੍ਰਸਿੱਧੀ ਹਾਸਲ ਕੀਤੀ ।

ਪਿੰਡ ਦੇ ਪੰਡਿਤ ਸੋਮਨਾਥ ਸ਼ਰਮਾ ਨੇ ਇਸ ਗੀਤ-ਸੰਗੀਤ ਦੀ ਪ੍ਰੰਪਰਾ ਦੀ ਧੁਨ ਵਿਦੇਸ਼ਾਂ ਤੱਕ ਫੈਲਾਈ ਸੀ । ਉਹ ਆਪਣੇ ਸਮੇਂ ਦੇ ਪ੍ਰਸਿੱਧ ਸੰਗੀਤਕਾਰ ਅਤੇ ਗਾਇਕ ਸਨ । ਉਨ੍ਹਾਂ ਦੀ ਆਵਾਜ਼ ਵਿਚ ਕਈ ਦਰਜਨ ਕੈਸਟਾਂ ਤਿਆਰ ਹੋ ਚੁੱਕੀਆਂ ਹਨ । ਉਹਨਾਂ ਨੇ ਆਪਣੇ ਆਪ ਨੂੰ ਧਾਰਮਿਕ ਗੀਤ-ਸੰਗੀਤ ਲਈ ਹੀ ਸਮਰਪਣ ਕੀਤਾ ਹੋਇਆ ਸੀ ।

ਸੰਤ ਬਾਬਾ ਗੁਰਮੇਲ ਸਿੰਘ ਨੇ ਪਿੰਡ ਰਾਮਪੁਰ ਵਿਚ ਗੁਰਮਤਿ ਸੰਗੀਤ ਵਿਦਿਆਲਯ ਦੀ ਸਥਾਪਨਾ ਕੀਤੀ ਸੀ ਜਿਥੇ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਦਿੱਤੀ ਜਾਂਦੀ ਹੈ ।

ਨਵੀਂ ਪੀੜ੍ਹੀ ਵਿਚੋਂ ਪ੍ਰੋ. ਸ਼ਮਸ਼ਾਦ ਅਲੀ ਸੰਗੀਤ ਦੀ ਐਮ.ਏ., ਐਮ. ਫਿਲ. ਹੈ । ਉਹ ਸੰਗੀਤ ਵਿਚ ਪੀ.ਐਚ.ਡੀ. ਵੀ ਕਰ ਰਿਹਾ ਹੈ । ਕਲਾਸੀਕਲ ਸੰਗੀਤ ਵਿਚ ਉਸਦਾ ਆਪਣਾ ਨਿਵੇਕਲਾ ਸਥਾਨ ਹੈ । ਉਸ ਨੇ ਕਈ ਪ੍ਰਤਿਭਾਵਾਨ ਗਾਇਕਾਂ ਨੂੰ ਸੰਗੀਤ ਦੀ ਸਿੱਖਿਆ ਦੇ ਕੇ ਉੱਚੇ ਸਥਾਨ ’ਤੇ ਪਹੁੰਚਾਇਆ ਹੈ । ਲਗਦਾ ਹੈ ਕਿ ਇਕ ਦਿਨ ਉਹ ਰਾਮਪੁਰ ਸੰਗੀਤ ਦੀ ਨਵੀਂ ਪ੍ਰੰਪਰਾ ਅਤੇ ਨਵਾਂ ਘਰਾਣਾ ਸਥਾਪਿਤ ਕਰਨ ਵਿਚ ਸਫ਼ਲਤਾ ਪ੍ਰਾਪਤ ਕਰ ਲਵੇਗਾ ।

ਮੁਹੰਮਦ ਸਦੀਕ ਆਪਣੇ ਸਮੇਂ ਦਾ ਪ੍ਰਸਿੱਧ ਲੋਕ ਗਾਇਕ ਹੈ । ਉਸਨੇ ਦੋ-ਗਾਣਿਆਂ ਵਿਚ ਪ੍ਰਸਿੱਧੀ ਹਾਸਲ ਕੀਤੀ ਹੈ । ਉਸਦਾ ਗੀਤ-ਸੰਗੀਤ ਪੰਜਾਬੀ ਫਿਲਮਾਂ ਅਤੇ ਟੈਲੀ ਫਿਲਮਾਂ ਦੀ ਸ਼ੋਭਾ ਬਣਿਆ ਹੈ । ਉਸ ਨੇ ਕਈ ਫਿਲਮਾਂ ਅਤੇ ਟੈਲੀਫਿਲਮਾਂ ਵਿਚ ਅਦਾਕਾਰੀ ਵੀ ਕੀਤੀ ਹੈ । ਉਸਦੇ ਨਿਭਾਏ ਕਿਰਦਾਰ ਚਰਚਿਤ ਹੋਏ ਹਨ।

ਪਿੰਡ ਰਾਮਪੁਰ ਦੀ ਆਪਣੀ ਨਿਵੇਕਲੀ ਸਾਹਿਤਕ ਪਰੰਪਰਾ ਵੀ ਹੈ । ਸਾਲ 1953 ਤੋਂ ਇਥੇ ‘ਪੰਜਾਬੀ ਲਿਖਾਰੀ ਸਭਾ ਰਾਮਪੁਰ’ ਸਥਾਪਿਤ ਹੈ ਜਿਸ ਦੇ ਸਮਾਗਮਾਂ ਵਿਚ ਦੇਸ਼ ਵਿਦੇਸ਼ ਦੇ ਲੇਖਕ ਭਾਗ ਲੈਂਦੇ ਹਨ । ਪ੍ਰਸਿੱਧ ਸ਼ਾਇਰ ਸੁਰਜੀਤ ਰਾਮਪੁਰੀ ਆਪਣੇ ਪਿੰਡ ਰਾਮਪੁਰ ਬਾਰੇ ਲਿਖਦਾ ਹੈ:

ਜਿਹੜਾ ਪਾਣੀ ਪੀਂਦਾ ਸ਼ਾਇਰ ਬਣ ਜਾਂਦਾ,

ਏਨੀਆਂ ਸਖ਼ਤ ਸਜ਼ਾਵਾਂ ਮੇਰੇ ਪਿੰਡ ਦੀਆਂ।

ਕੱਚੀਆਂ ਕੰਧਾਂ ਪੱਕੀਆਂ ਪ੍ਰੀਤਾਂ ਦੀ ਬਸਤੀ,

ਕਿੰਝ ਗਲੀਆਂ ਛੱਡ ਜਾਵਾਂ ਮੇਰੇ ਪਿੰਡ ਦੀਆਂ।

ਪਿੰਡ ਰਾਮਪੁਰ ਦੇ ਉਨ੍ਹਾਂ ਲੇਖਕਾਂ ਦੀ ਗਿਣਤੀ ਬਾਈ ਹੋ ਗਈ ਹੈ ਜਿਹਨਾਂ ਦੀ ਘੱਟੋ-ਘੱਟ ਇਕ ਕਿਤਾਬ ਛਪ ਚੁੱਕੀ ਹੈ । ਉਨ੍ਹਾਂ ਵਿਚ ਡਾ. ਜੋਗਿੰਦਰ ਸਿੰਘ (ਪਿੰਗਲ ਤੇ ਅਰੂਜ਼), ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ, ਹਰਚਰਨ ਮਾਂਗਟ, ਲਾਭ ਸਿੰਘ ਚਾਤ੍ਰਿਕ, ਸਾਧੂ ਰਾਮ ਸੂਦ, ਸਾਧੂ ਰਾਮ ਸ਼ਰਮਾ, ਮੱਲ ਸਿੰਘ ਰਾਮਪੁਰੀ, ਪੁਸ਼ਪਦੀਪ, ਸੁਖਮਿੰਦਰ ਰਾਮਪੁਰੀ, ਅੰਮ੍ਰਿਤ ਰਾਮਪੁਰੀ, ਮੁਹਿੰਦਰ ਰਾਮਪੁਰੀ, ਸੁਰਿੰਦਰ ਰਾਮਪੁਰੀ, ਬਾਬਾ ਗੁਰਮੇਲ ਸਿੰਘ, ਬਹਾਦੁਰ ਸਿੰਘ ਰਾਮਪੁਰੀ, ਹਰਬੰਸ ਰਾਮਪੁਰੀ, ਅਮਰਜੀਤ ਮਾਂਗਟ, ਜੀਵਨ ਰਾਮਪੁਰੀ, ਗਗਨ ਦੀਪ ਸ਼ਰਮਾ, ਦਲਵਿੰਦਰ ਕੌਰ ਰਾਮਪੁਰੀ, ਕੁਲਦੀਪ ਸ਼ਰਮਾ, ਨਵੀਨ ਵਿਸ਼ਵ ਭਾਰਤੀ ਦਾ ਨਾਂ ਆਉਂਦਾ ਹੈ । ਨੇੜ ਭਵਿੱਖ ਵਿਚ ਕਈ ਹੋਰ ਲੇਖਕਾਂ ਦੀਆਂ ਪੁਸਤਕਾਂ ਛਪਣ ਲਈ ਤਿਆਰ ਹਨ ।

ਜਿੰਨੇ ਲੇਖਕ ਪਿੰਡ ਰਾਮਪੁਰ ਨੇ ਪੈਦਾ ਕੀਤੇ ਹਨ, ਉਨੇ ਕਿਸੇ ਹੋਰ ਇਕੱਲੇ ਪਿੰਡ ਨੇ ਪੈਦਾ ਨਹੀਂ ਕੀਤੇ ।

ਪਿੰਡ ਰਾਮਪੁਰ ਨੇ ਜਿੰਨੇ ਗਾਇਕ ਅਤੇ ਸੰਗੀਤਕਾਰ ਪੈਦਾ ਕੀਤੇ ਹਨ, ਹੋਰ ਕਿਸੇ ਪਿੰਡ ਨੇ ਸ਼ਾਇਦ ਹੀ ਪੈਦਾ ਕੀਤੇ ਹੋਣ ।

ਇਹ ਹੀ ਕਾਰਨ ਹੈ ਕਿ ਪਿੰਡ ਰਾਮਪੁਰ ਨੂੰ ‘ਸਾਹਿਤਕ ਪਿੰਡ’ ਅਤੇ ‘ਸਾਹਿਤਕਾਰਾਂ ਦਾ ਮੱਕਾ’ ਵਰਗੇ ਵਿਸ਼ੇਸ਼ਣ ਦਿੱਤੇ ਜਾਂਦੇ ਹਨ ।

ਰਾਮਪੁਰ ਦੀ ਗੀਤ-ਸੰਗੀਤ ਪਰੰਪਰਾ ਅਤੇ ਸਾਹਿਤਕ ਪਰੰਪਰਾ ਦੇ ਪਿਛੋਕੜ ਵਿਚ ਹੀ ਮੁਹੰਮਦ ਸਦੀਕ ਦੀ ਗਾਇਕੀ ਦਾ ਵਿਕਾਸ ਹੋਇਆ । ਇਹ ਮਾਹੌਲ ਉਸ ਦੇ ਮਨ ਅੰਦਰ ਵਸਿਆ ਹੋਇਆ ਹੈ ।

ਮੁਹੰਮਦ ਸਦੀਕ ਦੇ ਪੜਦਾਦਾ ਅਲਾਹੀ ਬਖ਼ਸ਼ ਦੇ ਤਿੰਨ ਪੁੱਤਰ ਪੀਰਾਂ ਦਿੱਤਾ, ਪਤੌਰੀ, ਅਤੇ ਮੱਘਰ ਖਾਂ ਸਨ । ਮੱਘਰ ਖਾਂ ਮੁਹੰਮਦ ਸਦੀਕ ਦਾ ਬਾਬਾ ਸੀ । ਮੱਘਰ ਖਾਂ ਦੇ ਪੁੱਤਰ ਵਲਾਇਤ ਖਾਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਜੀ ਸਨ । ਉਨ੍ਹਾਂ ਦੀ ਮਾਤਾ ਦਾ ਨਾਂਅ ਪਰਸਿੰਨੀ ਹੈ । ਸਦੀਕ ਦਾ ਤਾਇਆ ਸੁਬੀਆ ਖਾਂ ਲੋਕ-ਗਾਇਕ ਸੀ। ਉਹ ‘ਜਾਨੀ ਚੋਰ’ ਦਾ ਕਿੱਸਾ ਅਤੇ ‘ਰਾਜਾ ਨਲ’ ਦਾ ਕਿੱਸਾ ਵਿਸ਼ੇਸ਼ ਤੌਰ ’ਤੇ ਪੂਰੀ ਰੀਝ ਨਾਲ ਗਾਉਂਦਾ । ਉਸੇ ਦਾ ਅਸਰ ਮੁਹੰਮਦ ਸਦੀਕ ’ਤੇ ਹੋਇਆ । ਉਸਨੇ ਲਗਾਤਾਰ ਅਭਿਆਸ ਕੀਤਾ ਅਤੇ ਲੋਕ-ਗਾਇਕੀ ਦੇ ਖੇਤਰ ਵਿਚ ਆਪਣਾ ਵਿਲੱਖਣ ਸਥਾਨ ਬਣਾ ਲਿਆ ।


Wednesday, December 10, 2008

ਸੁਰਿੰਦਰ ਰਾਮਪੁਰੀ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਸਤਿਕਾਰਤ ਗਗਨਦੀਪ ਸ਼ਰਮਾ ਜੀ ਨੇ ਉੱਘੇ ਲੇਖਕ ਸਤਿਕਾਰਤ ਸੁਰਿੰਦਰ ਰਾਮਪੁਰੀ ਜੀ ਦੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਭੇਜ ਕੇ ‘ਆਰਸੀ’ ਦੇ ਪਾਠਕਾਂ / ਲੇਖਕਾਂ ਨਾਲ਼ ਉਹਨਾਂ ਦੀ ਪਹਿਲੀ ਸਾਹਿਤਕ ਸਾਂਝ ਪਵਾਈ ਹੈ। ਸੁਰਿੰਦਰ ਰਾਮਪੁਰੀ ਸਾਹਿਬ ਕਿਸੇ ਜਾਣਕਾਰੀ ਦੇ ਮੋਹਤਾਜ ਨਹੀਂ....ਲੇਖਕਾਂ ਦੇ ਪਿੰਡ ਰਾਮਪੁਰ ਨਾਲ਼ ਸਬੰਧਤ, ਉਹ ਸਾਹਿਤਕ ਹਲਕਿਆਂ ‘ਚ ਚਰਚਿਤ ਹਸਤਾਖ਼ਰ ਹਨ। ਪਿੰਡ ਰਾਮਪੁਰ ਬਾਰੇ ਮਰਹੂਮ ਸ਼ਾਇਰ ਸਤਿਕਾਰਤ ਸੁਰਜੀਤ ਰਾਮਪੁਰੀ ਜੀ ਨੇ ਲਿਖਿਐ..

“...ਜਿਹੜਾ ਪਾਣੀ ਪੀਂਦਾ ਸ਼ਾਇਰ ਬਣ ਜਾਂਦੈ

ਕਿੰਨੀਆਂ ਸਖ਼ਤ ਸਜ਼ਾਵਾਂ ਮੇਰੇ ਪਿੰਡ ਦੀਆਂ..”

ਤੇ ਬਕੌਲ ਸਤਿਕਾਰਤ ਗੁਰਦਰਸ਼ਨ ‘ਬਾਦਲ’ ਜੀ:

"...ਸੁਹਾਣੀ ਨਹਿਰ ਰੂਹਾਂ ਰੱਖਦੀ ਦੀਵਾਨੀਆਂ ਕਰਕੇ।

ਨਿਗਾਹਾਂ ਰੱਖਦੇ ਬੂਟੇ ਵੀ ਨੇ ਮਸਤਾਨੀਆਂ ਕਰਕੇ।

ਕਦੇ ‘ਸੁਰਜੀਤ’ ਤੇ ‘ਗੁਰਚਰਨ’ ਹੀ ਦੋ ਨਾਮ ਸੀ ‘ਬਾਦਲ’!

ਬੜਾ ਮਸ਼ਹੂਰ ਹੈ ਉਹ 'ਰਾਮਪੁਰ' ਹੁਣ ਕਾਨੀਆਂ ਕਰਕੇ...।"

ਸ੍ਰੀ ਸੁਰਿੰਦਰ ਰਾਮਪੁਰੀ ਦੁਆਰਾ ਰਚਿਤ ਪੁਸਤਕਾਂ ਵਿੱਚ ਕਹਾਣੀ ਸੰਗ੍ਰਹਿ: 'ਪੱਤਝੜ ਮਾਰੇ', 'ਖ਼ੁਰਦੀ ਹੋਂਦ', 'ਬੇਚੈਨ ਹਿੰਦਸੇ', 'ਨ੍ਹੇਰੀ ਰਾਤ ਦਾ ਕਹਿਰ', 'ਪੁੰਨਿਆਂ ਤੋਂ ਪਹਿਲਾਂ', 'ਹਸਨਪੁਰੀ ਜੀਵਨ ਤੇ ਚੋਣਵੀਂ ਰਚਨਾ' (ਸੰਪਾਦਿਤ),ਕਾਵਿ-ਸੰਗ੍ਰਹਿ: 'ਅੱਗ ਨਾਲ ਖੇਡਦਿਆਂ', 'ਚੰਦਨ ਦੇ ਰੁੱਖ' (ਸ਼ਬਦ-ਚਿੱਤਰ) ਸ਼ਾਮਿਲ ਹਨ।

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਰਾਮਪੁਰੀ ਸਾਹਿਬ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਰਾਮਪੁਰੀ ਸਾਹਿਬ ਦੀ ਹਾਜ਼ਰੀ ਉਹਨਾਂ ਦੇ ਪਿੰਡ ਦੀ ਮਹਿਕਦੀ ਫ਼ਿਜ਼ਾ ਨਾਲ਼ ਲੈ ਕੇ ਆਈ ਹੈ।ਅੱਜ ਉਹਨਾਂ ਦੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ਨੂੰ ‘ਆਰਸੀ’ ਤੇ ਪੋਸਟ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਗਗਨਦੀਪ ਜੀ ਦਾ ਬਹੁਤ-ਬਹੁਤ ਸ਼ੁਕਰੀਆ!



ਤੁਰਦੀ ਰਹੀਂ

ਨਜ਼ਮ

ਮੋਢੇ ’ਚ ਪਾ ਬਸਤਾ

ਇਸ ਨੂੰ ਭਾਰ ਨਾ ਸਮਝੀਂ

ਘਰ ਤੋਂ ਸਕੂਲ ਨੂੰ

ਕੋਈ ਵਾਟ ਨਾ ਸਮਝੀਂ

ਤੁਰਦੀ ਰਹਿ

ਧੀਏ

ਤੁਰਦੀ ਰਹਿ।

ਤੂੰ ਪੜ੍ਹ ਗਈ

ਪੜ੍ਹ ਗਿਆ ਪਰਿਵਾਰ ਤੇਰਾ

ਤੂੰ ਖੜ੍ਹ ਗਈ –

ਆਪਣੇ ਪੈਰਾਂ ’ਤੇ
ਸੰਭਲ ਗਿਆ ਪਰਿਵਾਰ ਤੇਰਾ
ਘਰ-ਬਾਰ ਤੇਰਾ
ਤੁਰਦੀ ਰਹਿ
ਧੀਏ
ਤੁਰਦੀ ਰਹਿ।
ਤੂੰ ਤੁਰੇਂਗੀ
ਤੁਰਨਗੇ ਨਾਲ ਤੇਰੇ –
ਰਾਹ
ਪਗਡੰਡੀਆਂ
ਬਣਨਗੇ ਰਾਹ ਦਸੇਰੇ
ਤੁਰਦੀ ਰਹਿ
ਧੀਏ
ਤੁਰਦੀ ਰਹਿ।
ਰਾਹਾਂ ’ਚ ਹੋਣਗੇ ਕੰਡੇ
ਔਕੜਾਂ
ਦੁਸ਼ਵਾਰੀਆਂ
ਬੈਠੀਂ ਨਾ ਚੁੱਪ ਹੋ ਕੇ
ਨਾ ਹੋਈਂ ਨਿੰਮੋਝੂਣੀ
ਘਬਰਾਈਂ ਨਾਂ
ਪੋਟਿਆਂ ਦੇ ਨਾਲ ਚੁਗ ਲਈਂ ਕੰਡੇ
ਹੱਥ ’ਚ ਰੱਖੀਂ ਕਿਤਾਬ
ਮਘਦੀ ਰੱਖੀਂ
ਮੱਥੇ ਦੀ ਸੋਚ।
ਤੁਰਦੀ ਰਹੀਂ
ਧੀਏ
ਤੁਰਦੀ ਰਹੀਂ

ਤੂੰ ਤੁਰਦੀ ਹੀ ਰਹੀਂ।

=========
ਘਰ
ਨਜ਼ਮ
ਉਮਰ ਲੱਗ ਜਾਂਦੀ ਹੈ –
ਉਸਾਰਦਿਆਂ
ਤਿੜਕਦਿਆਂ –
ਪਲ ਵੀ ਨਹੀਂ ਲੱਗਦਾ।
ਈਰਖਾ ਦੀ ਇਕੋ ਚਿਣਗ
ਸ਼ੱਕ ਦਾ ਲੁਕਵਾਂ ਡੰਗ
ਇਕ ਅਪ-ਸ਼ਬਦ ਦੀ ਚੋਭ
ਨੀਹਾਂ ਹਿਲਾ ਦਿੰਦੀ ਹੈ।
ਉਸਾਰਦਿਆਂ
ਉਮਰ ਲੱਗ ਜਾਂਦੀ ਹੈ
ਤਿੜਕਦਿਆਂ
ਪਲ ਵੀ ਨਹੀਂ ਲੱਗਦਾ।