ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਦਰਸ਼ਨ ਦਰਵੇਸ਼. Show all posts
Showing posts with label ਦਰਸ਼ਨ ਦਰਵੇਸ਼. Show all posts

Sunday, July 3, 2011

ਦਰਸ਼ਨ ਦਰਵੇਸ਼ - ਗੀਤ

ਗੀਤ
ਨੀ ਤੈਂ ਚਰਖਾ ਚੁੱਕਿਆ ਨਾ
, ਨੀ ਕੁੜੀਏ ਢਲ ਚੱਲੇ ਪਰਛਾਵੇਂ।

ਬੋਹਟੀ ਭਰੀ ਪੂਣੀਆਂ ਦੀ, ਗਲੋਟੇ ਕਿਹੜਿਆਂ ਦੁੱਖਾਂ ਦੇ ਲਾਹਵੇਂ।



ਜਾਂ ਤਾਂ ਮਾਪੇ ਤੇਰੇ ਨੀ ਹੋਣਗੇ ਥੁੜਾਂ ਟੁੱਟਾਂ ਦੇ ਮਾਰੇ।


ਤਨ ਢੱਕਦੇ ਧੀਆਂ ਦਾ ਸੋਚਦੇ ਹੋਣਗੇ ਬੈਠ ਵਿਚਾਰੇ।


ਕਹਿੰਦੇ ਹੋਣਗੇ ਲਾਡੋ ਨੀ, ਤੂੰ ਕਦ ਆਪਣੇ ਘਰ ਨੂੰ ਜਾਵੇਂ।


ਬੋਹਟੀ ਭਰੀ ਪੂਣੀਆਂ ਦੀ, ਗਲੋਟੇ ਕਿਹੜਿਆਂ ਦੁੱਖਾਂ ਦੇ ਲਾਹਵੇਂ…



ਮੈਨੂੰ ਉਹ ਵੀ ਲੱਗਦੀ ਤੂੰ, ਜਿਹੜੀ ਦਾਜ ਦੀ ਹੋਈ ਸਤਾਈ।


ਸੱਤ ਬਿਗਾਨਿਆਂ ਲਈ ਛੱਡੇ, ਜੀਹਨੇ ਮਾਂ,ਪਿਉ, ਭੈਣਾਂ, ਭਾਈ।


ਵੇਂਹਦੀ ਰੰਗਲੇ ਚੂੜੇ ਨੂੰ, ਨੈਣੀਂ ਮੁੱਠੀਆਂ ਦੇ ਕੁਰਲਾਵੇਂ।


ਬੋਹਟੀ ਭਰੀ ਪੂਣੀਆਂ ਦੀ, ਗਲੋਟੇ ਕਿਹੜਿਆਂ ਦੁੱਖਾਂ ਦੇ ਲਾਹਵੇਂ…



ਇਹ ਵੀ ਹੋ ਸਕਦੈ ਤੇਰਾ, ਬੈਠ ਗਿਆ ਕੰਤ ਹੋਵੇ ਪਰਦੇਸੀਂ।


ਕੋਈ ਚਿੱਠੀ ਚੀਰਾ ਨਾਂ, ਦੁੱਖ ਸੁੱਖ ਕੀਹਦੇ ਨਾਲ ਕਰੇਸੀਂ।


ਵਰ ਲੱਭਿਆ ਮਾਪਿਆਂ ਨੇ, ਹੁਣ ਤੂੰ ਕਿਸਮਤ ਦੇ ਸਿਰ ਲਾਵੇਂ।


ਬੋਹਟੀ ਭਰੀ ਪੂਣੀਆਂ ਦੀ, ਗਲੋਟੇ ਕਿਹੜਿਆਂ ਦੁੱਖਾਂ ਦੇ ਲਾਹਵੇਂ….



ਜੇ ਇਹ ਕੁੱਝ ਵੀ ਨਹੀਂ ਹੋਇਆ, ਫੇਰ ਦੱਸ ਮੈਨੂੰ ਕਾਹਦਾ ਰੋਣੈ?


ਮੈਂ ਤਾਂ ਭੁੱਲ ਈ ਚੱਲਿਆ ਸੀ, ਹਾਣੀ ਤੇਰਾ ਦਗ਼ਾ ਦੇ ਗਿਆ ਹੋਣੈ।


'ਦਰਸ਼ਨ ਦਰਵੇਸ਼' ਦਾ ਨਾਂਅ, ਤਾਹੀਉਂ ਹਰ ਗੇੜੇ ਨਾਲ ਗਾਵੇਂ।


ਬੋਹਟੀ ਭਰੀ ਪੂਣੀਆਂ ਦੀ, ਗਲੋਟੇ ਕਿਹੜਿਆਂ ਦੁੱਖਾਂ ਦੇ ਲਾਹਵੇਂ….





Friday, April 22, 2011

ਦਰਸ਼ਨ ਦਰਵੇਸ਼ - ਨਜ਼ਮ

ਦਰਵੇਸ਼ ਜੀਓ! ਮੇਰੀ ਅੱਜ ਦੀ ਸ਼ਾਮ ਬੜੀ ਸੁਭਾਗੀ ਹੈ ਕਿਉਂਕਿ ਪਹਿਲਾਂ ਹਰਮਨ ਜੀਤ ਜੀ ਦੀਆਂ ਲਿਖਤਾਂ ਨੇ ਬੰਨ੍ਹ ਲਿਆ ਸੀ, ਤੇ ਹੁਣ ਤੁਹਾਡੀਆਂ ਨਜ਼ਮਾਂ, ਸ਼ਾਮ ਦੀ ਤਸਵੀਰ ‘ਚ ਬਾਕੀ ਰਹਿੰਦੇ ਰੰਗ ਭਰਨ ਆ ਗਈਆਂ ਨੇ। ਤੁਹਾਡੀਆਂ ਨਜ਼ਮਾਂ ਵਿਚਲੇ ਡੂੰਘੇ ਖ਼ਿਆਲਾਂ ਨੇ ਇੰਝ ਘੇਰਾ ਵਲ਼ਿਆ ਕਿ ਮੇਰੀ ਸੋਚ, ਸੁਆਲਾਂ ਜਵਾਬਾਂ ਦੇ ਅੰਤਰ ਜਾਨਣ ਲਈ ਭੰਵਰ ਦੀ ਆਖ਼ਰੀ ਪਰਤ ਤੱਕ ਉਤਰਦੀ ਮਹਿਸੂਸ ਹੋਈ... ਕਿਉਂਕਿ...


ਇਹ ਕਿਹੋ ਜਿਹੀ ਆਵਾਜ਼ ਹੈ
ਜਿਹੜੀ ਜਦੋਂ ਦੀ ਆਈ ਹੈ
ਮੇਰੀ ਨੀਂਦ ਦੇ
ਚਾਰੇ ਪਾਵਿਆਂ ਉੱਪਰ ਬੈਠ ਗਈ ਹੈ
ਕਿ ਸ਼ਾਇਦ
ਰਾਤ ਨੂੰ
ਅੱਜ ਕੱਲ੍ਹ
ਬੰਸਰੀ ਏਵੇਂ ਹੀ ਵੱਜਦੀ ਹੈ...



ਤੁਹਾਡੀ ਕਲਮ ਨੂੰ ਇਕ ਵਾਰ ਫੇਰ ਸਲਾਮ, ਦਰਵੇਸ਼ ਜੀ! ਇਹਨਾਂ ਦੋਵਾਂ ਬੇਹੱਦ ਖ਼ੂਬਸੂਰਤ ਨਜ਼ਮਾਂ ਲਈ ਮੁਬਾਰਕਬਾਦ ਕਬੂਲ ਕਰੋ ਜੀ! ਨਵੀਆਂ ਨਜ਼ਮਾਂ ਨਾਲ਼ ਹਾਜ਼ਰੀ ਲਵਾਉਣ ਲਈ ਆਰਸੀ ਪਰਿਵਾਰ ਤੁਹਾਡਾ ਮਸ਼ਕੂਰ ਹੈ।


ਅਦਬ ਸਹਿਤ


ਤਨਦੀਪ ਤਮੰਨਾ


*****


ਵਾਪਸੀ


ਨਜ਼ਮ
ਸਮੁੰਦਰ
ਜੰਗਲ
ਮਹਾਂਨਗਰ
ਅੰਦਰ
ਬਾਰ ਬਾਰ ਭਟਕਣ ਤੋਂ ਬਾਦ
ਆਦਮੀ ਜਦੋਂ ਪਰਤਦਾ ਹੈ ਆਪਣੇ ਸ਼ਹਿਰ
ਦੇਖਦਾ ਹੈ
ਉਹੀ ਪੁਰਾਣੀਆਂ ਦੁਕਾਨਾਂ
ਸੜਕ ਕਿਨਾਰੇ ਬੈਠਾ ਚਾਹ ਵਾਲਾ
ਥੜ੍ਹੀ ਉੱਪਰ ਖੜ੍ਹਾ ਹਾੱਕਰ
ਗਲ਼ੀਆਂ ਵਿੱਚ ਸਬਜ਼ੀਆਂ ਦਾ ਹੋਕਾ
ਤਾਂ ਉਸਨੂੰ
ਉਹ ਸਾਰੇ ਆਦਮੀ
ਸਮੁੰਦਰ ਲੱਗਦੇ ਨੇ ਆਪਣੇਪਣ ਦਾ
ਜੰਗਲ ਲੱਗਦੇ ਨੇ ਬਿਨਾਂ ਸ਼ੋਰ ਦਾ
ਮਹਾਂਨਗਰ ਜਾਪਦੇ ਨੇ ਭੀੜ ਤੋਂ ਬੇਖ਼ਬਰ

ਅੰਤਾਂ ਦੀ ਭਟਕਣ ਤੋਂ ਬਾਅਦ
ਆਪਣੇ ਪਿੰਡ ਆ ਕੇ
ਕਰਦਾ ਹੈ ਕੋਸ਼ਿਸ਼
ਕੱਚੀ ਨਹਿਰ ਤਲਾਸ਼ਣ ਦੀ
ਪਾਣੀ ਨੂੰ ਤਾਂ ਚਾਹੀਦੇ ਨੇ ਕਿਨਾਰੇ
ਉਹ
ਕੱਚੇ ਹੋਣ ਜਾਂ ਪੱਕੇ

ਸਾਲਾਂ ਸਾਲ
ਦੂਰ ਭਟਕਦਾ ਆਦਮੀ
ਵਾਪਸ ਆ ਕੇ
ਤਲਾਸ਼ਦਾ ਹੈ ਆਪਣੇ ਆਪ ਨੂੰ
ਅਤੇ ਆਪਣੇ ਸਾਹਮਣੇ ਦੇਖਦਾ ਹੈ
ਚਕਨਾਚੂਰ ਹੁੰਦੇ ਆਪਣੇ ਸੁਪਨੇ
ਵਾਪਸ ਪਰਤਿਆ ਆਦਮੀ.. ..


=====


ਕਿ ਰਾਤ ਨੂੰ ਬੰਸਰੀ ਏਵੇਂ ਹੀ ਵੱਜਦੀ ਹੈ...
ਨਜ਼ਮ


ਇੱਕ ਆਵਾਜ਼
ਹਰ ਰੋਜ਼ ਆਉਂਦੀ ਹੈ
ਰਾਤ ਨੂੰ
ਤਿੰਨ ਅਤੇ ਚਾਰ ਵਜੇ ਦੇ ਵਿਚਕਾਰ।

ਕੀ ਬਾਪੂ
ਅੰਦਰੋਂ ਉੱਠ ਕੇ
ਵਿਹੜੇ ਵਿਚ ਆ ਗਿਆ ਹੈ
ਜਾਂ
ਪਿੰਡ ਦੇ ਨਵੇਂ ਉੱਠੇ ਐਥਲੀਟ
ਚੌਂਕ ਵਿੱਚ ਇਕੱਠੇ ਹੋ ਗਏ ਨੇ.. ..

ਕੁੱਤੇ ਨੇ ਗੁਆਂਢੀਆਂ ਦੀ
ਛੱਤ ਉੱਤੇ ਛਾਲ਼ ਮਾਰੀ ਹੈ
ਜਾਂ ਫਿਰ ਬਿੱਲੀ ਨੇ ਦੁੱਧ ਡੋਲ੍ਹਿਆ ਹੈ.. ..

ਕਿਸੇ ਬੁੱਢੀ ਮਾਂ ਨੂੰ
ਸਰਹੱਦ ਉੱਪਰ ਸ਼ਹੀਦ ਹੋਇਆ
ਪੁੱਤਰ ਯਾਦ ਆਇਆ ਹੈ
ਕਿਸੇ ਸ਼ਾਇਰ ਦੀ ਕਵਿਤਾ ਰੋਈ ਹੈ
ਜਾਂ ਕਿ
ਰਾਤ ਨੂੰ ਬੰਸਰੀ ਏਵੇਂ ਹੀ ਵੱਜਦੀ ਹੈ.. .. ..

ਦੀਵਾਰ 'ਤੇ ਮਾਰੇ
ਚੌਕੀਦਾਰ ਦੇ ਡੰਡੇ ਦੀ ਆਵਾਜ਼ ਹੈ
ਸੂਹੀ ਸੰਗੀਨ ਪਿੱਛੇ
ਖਾਕੀ ਸੰਗੀਨ ਦੌੜੀ ਹੈ .. ..

ਕਿਸੇ ਨੇ ਤਲਾਅ 'ਚ ਡੁਬਕੀ ਲਾਈ ਹੈ
ਜਾਂ ਕਿਧਰੋਂ
ਰਾਗ ਵਿਚ
ਕੋਈ ਚੀਕ ਗੁਣਗੁਣਾਈ ਹੈ.. ..

ਇਹ ਕਿਹੋ ਜਿਹੀ ਆਵਾਜ਼ ਹੈ
ਜਿਹੜੀ ਜਦੋਂ ਦੀ ਆਈ ਹੈ
ਮੇਰੀ ਨੀਂਦ ਦੇ
ਚਾਰੇ ਪਾਵਿਆਂ ਉੱਪਰ ਬੈਠ ਗਈ ਹੈ
ਕਿ ਸ਼ਾਇਦ
ਰਾਤ ਨੂੰ
ਅੱਜ ਕੱਲ੍ਹ
ਬੰਸਰੀ ਏਵੇਂ ਹੀ ਵੱਜਦੀ ਹੈ.. .. !!!!!



Friday, July 2, 2010

ਦਰਸ਼ਨ ਦਰਵੇਸ਼ - ਨਜ਼ਮ

ਬੁੱਢਾ ਦਰਿਆ

ਨਜ਼ਮ

ਜੀਹਦੇ ਕੰਢਿਆਂ ਨੂੰ ਕਾਫ਼ਿਲਾ

ਅਲਵਿਦਾ ਕਹਿ ਕੇ ਤੁਰ ਗਿਆ ਸੀ

ਤੂੰ ਅਜੇ ਵੀ

ਉਹਨਾਂ ਹੀ ਕੰਢਿਆਂ ‘ਤੇ ਖੜ੍ਹਾ

ਪਿਘਲ਼ ਰਿਹੈਂ

...........

ਜੀਹਦੇ ਕੰਢਿਆਂ ‘ਤੇ ਖੜ੍ਹ ਕੇ

ਕਾਫ਼ਿਲੇ ਨੇ

ਮਿਰਜ਼ੇ ਦੇ ਤੀਰਾਂ ਨੂੰ ਭੰਨਿਆ ਸੀ

ਚੀਣਾ ਚੀਣਾ ਹੋਏ ਤੀਰਾਂ ਨੂੰ

ਤੂੰ ਅਜੇ ਵੀ

ਉੱਥੇ ਹੀ ਬੈਠਾ ਚੁਗ ਰਿਹੈਂ

ਪਰ – ਬੁੱਢਾ ਦਰਿਆ

ਉਦੋਂ ਤੋਂ ਤੇਰੇ ਸਾਹਵੇਂ

ਖ਼ਾਮੋਸ਼ ਵਧਦਾ ਜਾ ਰਿਹੈ

.............

ਉਸਦਾ ਇਤਿਹਾਸ ਦੱਸਦਾ ਹੈ:

ਜਦੋਂ ਕਦਮਾਂ ‘ਚ ਉੱਗੀ

ਈਸਾ ਦੀ ਸਲੀਬ ਉੱਤੇ

ਉਹਦਾ ਨਾਂ ਖੁਣਿਆ ਗਿਆ ਸੀ

ਤਾਂ ਯਾਰ ਪਤਾ ਨਹੀਂ

ਕਿੰਨ੍ਹਾਂ ਕਮਰਿਆਂ ‘ਚ ਜਾ ਲੁਕੇ ਸਨ

ਕਿ ਪੌਣਾਂ ‘ਚ ਖੜ੍ਹੇ ਕੀਤੇ

ਸ਼ੀਸ਼ ਮਹਿਲ –

ਇਕ ਇਕ ਕਰਕੇ

ਉਹਦੀਆਂ ਅੱਖਾਂ ਅੱਗੇ ਤਿੜਕੇ ਸਨ

.............

ਜਦੋਂ ਉਸਨੇ

ਤਲ਼ੀ ‘ਤੇ ਸਿਰ ਧਰ ਕੇ

ਹਵਾ ‘ਚ ਮੁੱਕਾ ਲਹਿਰਾਇਆ ਸੀ

ਤਾਂ ਯਾਰਾਂ ਦੀ ਨਿਗਾਹ

ਪਤਾ ਨਹੀਂ ਕਿਨ੍ਹਾਂ

ਬੋਲ਼ਿਆਂ ਖੂਹਾਂ ‘ਚ ਡੁੱਬ ਗਈ ਸੀ

ਕਿ ਉਹਦੇ ਤਹਿ ਕੀਤੇ

ਸਾਰੇ ਬਨਵਾਸ ਨੂੰ

ਸਰਦ ਪੰਧ ਦੀ ਧੂੜ ਕਹਿ ਕੇ

ਦੁਰਕਾਰਨ ਲੱਗ ਪਏ ਸਨ

.................

ਸੰਘਣੀ ਆਬਾਦੀ ਦੇ

ਭੀੜ ਤੋਂ ਬਾਹਰ ਆ ਕੇ

ਮਾਂ ਤੋਂ ਅਸੀਸ ਲੈ ਕੇ

ਸਰਹੰਦ ਦੀ ਕੰਧ ਦੀਆਂ ਇੱਟਾਂ ਦਾ

ਖੁਰਦਾ ਰੰਗ

ਜਦ ਉਸਨੇ

ਆਪਣੇ ਮੱਥੇ ਨੂੰ ਲਾਇਆ ਸੀ

ਤਾਂ ਬਰਾਬਰ ਤੁਰਦੇ ਯਾਰ

ਸੜਕ ਤੋਂ ਪਤਾ ਨਹੀਂ

ਕਿੱਧਰ ਗ਼ਾਇਬ ਹੋ ਗਏ ਸਨ

ਕਿ ਜੰਗਲ਼ ਦੇ ਹਨੇਰੇ ‘ਚ ਤੁਰਦੇ ਤੋਂ

ਉਸ ਤੋਂ ਹੀ ਆਪਣੀ ਆਮਦ

ਬਰਦਾਸ਼ਤ ਨਹੀਂ ਸੀ ਹੋਈ

ਅਤੇ ਉਹ

ਆਪਣੇ ਹੀ

ਗੁੰਮਨਾਮ ਇਤਿਹਾਸ ਦੀ

ਕ਼ਤਲਗਾਹ ਦੀ ਚੁੱਪ ‘ਚ

ਹੌਲ਼ੇ ਜਿਹੇ ਸਰਕ ਗਿਆ ਸੀ

...........

ਹੁਣ ਬੁੱਢਾ ਦਰਿਆ

ਖ਼ਾਮੋਸ਼ ਵਗਦਾ ਜਾ ਰਿਹੈ

...............

ਬੀਤੇ ਬਨਵਾਸ ਦੇ

ਮਜ਼ਾਰਾਂ ‘ਚ ਘੁੰਮਦਾ ਘੁੰਮਦਾ

ਆਪਣੇ ਹੀ ਹਾਰੇ ਚਿਹਰੇ ਦੇ

ਰੰਗ ਤੋਂ

ਤ੍ਰਹਿੰਦਾ ਤੇ

ਲਹਿਰਾਂ ਦੀ ਉਮਰ ਨੂੰ

ਖੰਜਰ ਚੁੱਕਣ ਨੂੰ ਤਾਂ ਕਹਿੰਦਾ ਹੈ

ਪਰ ਫਿਰ ਵੀ

ਅਗਲਾ ਅਧਿਆਏ ਦੱਸਣ ਤੋਂ ਪਹਿਲਾਂ

ਤੇਰੇ ਵਰਗਿਆਂ ਦੀ

ਛਾਂ ਤੇ ਦਸਤਖ਼ਤ ਕਰਕੇ

ਉੱਪਰ ਆਪ ਆ ਬਹਿੰਦਾ ਹੈ

.............

ਜੀਹਦੇ ਕੰਢਿਆਂ ਨੂੰ ਕਾਫ਼ਿਲਾ

ਅਲਵਿਦਾ ਕਹਿ ਕੇ ਤੁਰ ਗਿਆ ਸੀ...

Wednesday, October 7, 2009

ਦਰਸ਼ਨ ਦਰਵੇਸ਼ - ਨਜ਼ਮ

ਭੋਜ ਪੱਤਰਾਂ ‘ਤੇ

ਨਜ਼ਮ

ਭੋਜ ਪੱਤਰਾਂ ‘ਤੇ

ਜਿਹੜੇ ਖ਼ਤ ਮੈਂ ਤੈਨੂੰ ਲਿਖੇ ਸਨ

ਉਹਨਾਂ ‘ਚ

ਮੇਰੇ ਮਨ ਦੇ ਅਹਿਸਾਸਾਂ ਦਾ

ਸਾਰਾ ਸੇਕ ਜ਼ਰਬ ਸੀ

..............

ਅੱਖਾਂ ‘ਚ ਜਿਉਂਦੀ

ਨਦੀ ਦਾ ਇਤਿਹਾਸ ਸੀ

ਰੇਗਿਸਤਾਨ ‘ਚ ਊਂਘਦੇ

ਦਰਿਆ ਦੀ ਬਾਤ ਸੀ

ਅਤੇ ਤੇਰੇ ਪਿੰਡ ਦੀ

ਫਿਰਨੀ ਤੇ ਹੋਈਆਂ ਪੈੜਾਂ ਦੀ

ਉਨੀਂਦਰੀ ਜਿਹੀ ਝਾਤ ਸੀ

.............

ਹਰ ਅਧੂਰੀ ਸਤਰ ਦੇ

ਪੂਰੇ ਅਰਥਾਂ ‘ਚ ਮੈਂ ਇਹੋ ਲਿਖਦਾ ਸੀ

ਰਿਸ਼ਤਿਆਂ ਦੀ ਝੀਲ ‘ਚੋਂ

ਲਹਿਰਾਂ ਤਾਂ ਉੱਠਦੀਆਂ ਨੇ

ਪਰ ਮਨ ਤੀਕ ਆਉਂਦੀਆਂ ਹੀ

ਸਾਨੂੰ ਵੱਖੋ-ਵੱਖਰੇ

ਕਿਨਾਰੇ ਵਿਖਾਉਂਣ ਲੱਗ ਪੈਂਦੀਆਂ ਨੇ

..............

ਸਾਗਰ ਦੀਆਂ ਸਿੱਪੀਆਂ

ਸਾਡੀਆਂ ਅੱਖਾਂ ਅੱਗੇ

ਫੈਲਦੀਆਂ ਤਾਂ ਜ਼ਰੂਰ ਨੇ

ਪਰ, ਖ਼ਾਮੋਸ਼ੀ ਦੀ ਭਾਸ਼ਾ ‘ਚ

ਇਹੋ ਬੋਲਦੀਆਂ ਨੇ

“.... ਅਜੇ ਤੁਸੀਂ ਇਬਾਰਤ ਪੜ੍ਹ ਤਾਂ ਸਕਦੇ ਹੋ

ਉਸ ਨੂੰ ਮਨ ਦੇ ਬੋਲਾਂ ‘ਚ

ਨਹੀਂ ਰਲ਼ਾ ਸਕਦੇ

ਹਮਗੁਜ਼ਰ ਹੋਣ ਦਾ ਭਰਮ ਪਾਲ਼ ਸਕਦੇ ਹੋ

ਅਜੇ ਸੂਰਜ ਨੂੰ

ਰੂ-ਬ-ਰੂ ਖੜ੍ਹਾ ਨਹੀਂ ਕਰ ਸਕਦੇ..”

..............

ਤੇ ਮੇਰੀ

ਹਰ ਅਧੂਰੀ ਸਤਰ

ਇਉਂ ਵੀ ਤਾਂ ਬੋਲਦੀ ਸੀ

“...ਕਮਲ਼ੀਏ!

ਮੈਂ ਕਿਸੇ ਭਿਕਸ਼ੂ ਦੀ ਜ਼ੁਬਾਨ ਦਾ ਉਚਾਰਣ ਨਹੀਂ

ਜਿਹੜਾ ਵੇਦਾਂ ‘ਚ ਵਾਕਾਂ ਵਾਂਗ ਲਿਖਿਆ ਜਾਵਾਂਗਾ

ਅਤੇ—

ਕੁਰਾਨ ਦੇ ਪਹਿਲੇ ਸਫ਼ੇ ‘ਤੇ ਲਿਖੀ

ਕੋਈ ਆਇਤ ਵੀ ਨਹੀਂ

ਜਿਹੜਾ—

ਜੰਗਲ਼ ‘ਚ ਬੈਠੇ ਮੌਲਵੀ ਨੂੰ

ਪਿੱਛੇ ਲਾ ਲਿਆਵਾਂਗਾ।

...................

ਮੈਂ ਤਾਂ ਬੇਲਿਆਂ ‘ਚ ਬਣੀ

ਮਟੀ ਤੇ ਉੱਕਰਿਆ

ਇੱਕ ਮਾਸੂਮ ਜਿਹਾ ਨਾਮ ਹਾਂ

ਜਿਹੜਾ ਨਾਂ ਤਾਂ

ਆਪਣੀ ਕਬਰ ‘ਚੋਂ

ਉੱਠ ਕੇ ਬਾਹਰ ਆ ਸਕਦਾ

ਅਤੇ ਨਾ ਹੀ

ਚੁੱਪ-ਚਾਪ ਕਬਰ ‘ਚ ਪੈ ਕੇ

ਕੋਈ ਸਪਤਕ ਵਜਾ ਸਕਦਾ..”

..............

ਹੁਣ ਜਦੋਂ ਕਿ ਤੂੰ

ਧਰਤ ਦੀ ਹਾਜ਼ਰੀ ‘ਚ ਮੇਰੇ ਸਨਮੁੱਖ ਹੈਂ

ਤਾਂ ਮੇਰੀ ਪੁੱਛ ਨੂੰ ਤੇਰਾ ਇਉਂ ਸੰਬੋਧਨ ਹੋਣਾ..

“....ਚੇਤੇ ਨਹੀਂ ਕਿੱਥੇ ਰੱਖੇ ਨੇ

ਅਗਲੀ ਵਾਰ ਮੈਂ

ਤੇਰੇ ਸਾਰੇ ਖ਼ਤ ਲੱਭ ਕੇ ਲਿਆਵਾਂਗੀ..”

ਅੱਖਾਂ ਤੋਂ ਮਨ ਤੱਕ ਵਹਿੰਦੀ

ਖ਼ੂਨ ਦੀ ਵੇਈਂ ‘ਚ

ਰੇਤ ਦੀ ਚੁਟਕੀ ਭਰ ਕੇ

ਘੱਲਣ ਵਰਗੀ ਗੱਲ ਲੱਗਦੀ ਹੈ

ਤਾਂ ਇਹ ਦੱਸ—

ਭੋਜ ਪੱਤਰਾਂ ਉੱਤੇ

ਜਿਹੜੇ ਖ਼ਤ ਮੈਂ ਤੈਨੂੰ ਲਿਖੇ ਸਨ

ਉਹ—

ਖ਼ਾਬ ਬਣ ਕੇ ਰਹਿ ਜਾਣ ਲਈ ਲਿਖੇ ਸਨ

ਜਾਂ ਵਿਸ਼ਵਾਸ ਦੀ ਉਮਰ ਤੱਕਣ ਲਈ

ਤੂੰ ਅਜੇ....ਏਨਾ ਕੁ ਜਵਾਬ ਹੀ ਦੇਹ!

Monday, April 6, 2009

ਦਰਸ਼ਨ ਦਰਵੇਸ਼ - ਨਜ਼ਮ

ਸਦੀਵੀ ਰਿਸ਼ਤਾ

ਨਜ਼ਮ

ਮੁੜ ਆ...

ਪਰਤ ਆ...

ਮੇਰੀ ਹਾਕ ਆਜੜੀਆਂ ਵਰਗੀ ਹੈ

ਅਤੇ

ਤੇਰੇ ਕਦਮ

ਪੱਥਰਾਂ ਨੂੰ ਚੁੰਮਦੇ

ਪਾਣੀਆਂ ਵਰਗੇ ਨੇ

ਮੈਂ ਰੇਗਿਸਤਾਨ ਵਿੱਚ ਖੜ੍ਹਾ ਹਾਂ

ਅਤੇ

ਤੂੰ ਪਾਣੀਆਂ ਦੇ ਕਦਮਾਂ ਨਾਲ਼

ਮੈਨੂੰ ਛੂਹਣ ਤੋਂ ਡਰਦੀ ਹੈਂ

.....................

ਸ਼ਾਇਦ ਤੂੰ ਪਿੱਛੇ ਪਰਤਣਾ ਨਹੀਂ ਚਾਹੁੰਦੀ

ਕੋਲ਼ੋਂ ਗੁਜ਼ਰਨਾ ਨਹੀਂ ਚਾਹੁੰਦੀ

ਮੇਰੀ ਹਾਕ ਵੀ ਜਿਉਂਦੀ ਹੈ

ਤੇ ਤੇਰਾ ਪਾਣੀ ਵੀ ਵਗਦਾ ਹੈ

.....................

ਮੁੜ ਆ...

ਪਰਤ ਆ...

ਇਹ ਰਿਸ਼ਤਾ ਸਦੀਵੀ ਹੈ...!


Wednesday, March 11, 2009

ਦਰਸ਼ਨ ਦਰਵੇਸ਼ - ਕਾਵਿ-ਚਿੱਤਰ

ਦੋਸਤੋ! ਦਰਸ਼ਨ ਦਰਵੇਸ਼ ਜੀ ਨੇ ਬਹੁਤ ਘੱਟ ਕਾਵਿ-ਚਿੱਤਰ ਲਿਖੇ ਹਨ, ਪਰ ਜਿਨ੍ਹਾਂ ਸ਼ਖਸੀਅਤਾਂ ਬਾਰੇ ਕਦੇ ਲਿਖਿਆ ਹੈ, ਉਹਨਾਂ ਦੀ ਰੂਹ ਸ਼ਬਦਾਂ ‘ਚ ਕੈਦ ਕਰ ਦਿੱਤੀ ਹੈ.... ਬਿਲਕੁਲ ਬਲਵੰਤ ਗਾਰਗੀ ਅਤੇ ਅਜੀਤ ਕੌਰ ਦੇ ਲਿਖੇ ਸ਼ਬਦ-ਚਿੱਤਰਾਂ ਵਾਂਗ ਹੀ ਤੁਸੀਂ ਉਹਨਾਂ ਸ਼ਖਸਾਂ ਨੂੰ ਬਿਨ੍ਹਾਂ ਮਿਲ਼ੇ ਵੀ ਉਹਨਾਂ ਦੀ ਗਲਵੱਕੜੀ ਦਾ ਨਿੱਘ ਮਹਿਸੂਸ ਕਰ ਸਕਦੇ ਓ......ਗੁਲਜ਼ਾਰ ਜੀ ਦਾ ਬੇਹੱਦ ਖ਼ੂਬਸੂਰਤ ਕਾਵਿ-ਚਿੱਤਰ ਤੁਹਾਨੂੰ ਯਾਦ ਹੀ ਹੋਵੇਗਾ ਜੋ ਕੁੱਝ ਮਹੀਨੇ ਪਹਿਲਾਂ ‘ਆਰਸੀ’ ਤੇ ਪੋਸਟ ਕੀਤਾ ਗਿਆ ਸੀ। ਦਰਵੇਸ਼ ਜੀ ਦੇ ਕਾਵਿ-ਚਿੱਤਰ ਇੱਕ ਹਾਉਕੇ ਨਾਲ਼ ਕਲਮ ਦੀ ਕੁੱਖੋਂ ਜੰਮਦੇ ਨੇ ਤੇ ਪਾਠਕਾਂ ਦੇ ਪੜ੍ਹਨ ਨਾਲ਼ ਹਰ ਵਾਰ ਜਵਾਨ ਹੋ ਕੇ ਬੁੱਲ੍ਹਾਂ ਤੇ ਮੁਸਕਾਨ ਬਣ ਫੈਲ ਜਾਂਦੇ ਨੇ। ਅੱਜ ਉਹਨਾਂ ਨੇ ਪੰਜਾਬੀ ਦੇ ਉੱਘੇ ਕਵੀ ਤੇ ਚਿੱਤਰਕਾਰ ਸਵਰਨਜੀਤ ਸਵੀ ਦਾ ਕਾਵਿ-ਚਿੱਤਰ ਲਿਖ ਭੇਜਿਆ ਹੈ। ਜ਼ਰਾ ਵੇਖੀਏ ਕਿ ਇੱਕ ਚਿੱਤਰਕਾਰ ਕਵੀ ਦਾ ਕਾਵਿ-ਚਿੱਤਰ ਨਾਲ਼ ਕਿਹੋ ਜਿਹਾ ਅਕਸ ਉੱਭਰਦਾ ਹੈ।

-------

ਡੁੱਲ੍ਹੇ ਹੋਏ ਰੰਗਾਂ ਦਾ ਕੋਲਾਜ-ਸਵਰਨਜੀਤ ਸਵੀ

ਕਾਵਿ-ਚਿੱਤਰ

ਗੁਫ਼ਾ ਅੱਗੋਂ ਗੁਜ਼ਰਦੇ ਰਾਹਗੀਰ ਨੇ ਆਖਿਆ

ਤੂੰ ਕਿਉਂ

ਕਾਗਜ਼ਾਂ ‘ਚ ਤੈਰਦੇ ਸ਼ਬਦਾਂ ਵਿੱਚ

ਚਿਣਿਆ ਜਾ ਰਿਹੈਂ?

....................

ਉਹ ਨਹੀਂ

ਉਹਦਾ ਸ਼ੀਸ਼ਾ ਬੋਲਿਆ ਸੀ-

ਉਹ ਤਾਂ ਅਜੇ ਆਪਣੇ ਆਪ ਨੂੰ

ਤਰਤੀਬ ਦੇਣ ਵਿੱਚ ਰੁੱਝਿਆ ਹੋਇਐ

ਬਾਪ ਨੇ ਆਖਿਆ ਸੀ-

“ਬਿੱਲਿਆ !

ਘਰ ‘ਚ ਬਹੁਤ ਕੁੱਝ ਨਹੀਂ ਹੈ

ਗੁਆਉਣ ਵਾਸਤੇ...”

ਉਹ ਬੋਲਿਆ ਸੀ-

“ਪਾਪਾ!

ਮੈਂ ਤਾਂ ਚਾਹੁੰਨਾਂ

ਅੰਬਰੀਂ ਉੱਡਦੇ ਸੈਆਂ ਪੰਛੀ

ਸਾਡੇ ਘਰ

ਚਨੁੱਕਰੀ ਛੱਤਰੀ ਉੱਪਰ ਆਕੇ ਹੀ ਬੈਠਣ ...”

.........................

ਮਾਂ ਹੌਲ਼ੇ ਜਿਹੇ ਬੋਲੀ ਸੀ

“...ਤਿੱਖੀਆਂ ਸੂਲਾਂ

ਜੇ ਆਪਣੇਂ ਹੀ ਪੈਰਾਂ ‘ਚ ਪੁੜ ਜਾਣ

ਤਾਂ ਜ਼ਖ਼ਮਾਂ ਨਾਲ਼

ਨੇੜਲੀ ਸਕੀਰੀ ਪੈ ਜਾਂਦੀ ਹੈ....”

ਉਹ ਮਾਂ ਦੀ ਹੀ

ਬੁੱਕਲ ਜਿਹੇ ਨਿੱਘ ‘ਚੋਂ ਬੋਲਿਆ ਸੀ

“...ਮੈਂ ਤਾਂ ਤੇਰੇ ਵਿਹੜੇ ਦੀ ਤ੍ਰਿਵੈਣੀ ਬਣਨ ਤੋਂ ਬਿਨਾਂ

ਕਦੇ ਕੁੱਝ ਸੋਚਿਆ ਹੀ ਨਹੀਂ ਮਾਂ....”

.........................

ਭੈਣਾਂ ਨੇ ਆਪਣੀਂ ਕਿੱਕਲੀ ਲਕੋਈ

ਬੋਲੀਆਂ-

“...ਸਾਡੀ ਚੜ੍ਹਦੀ ਧੁੱਪ ਨੂੰ ਆਪਣੇ ਵਰ੍ਹਿਆਂ ਦੀ

ਛਾਂ ਦਿੰਦਾ ਰਹੀਂ ਵੀਰਾ...”

ਉਹ ਅੱਖਾਂ ‘ਚ

ਮੁਸਕਾਉਂਦੇ ਅੱਥਰੂ ਭਰਕੇ ਬੋਲਿਆ-

“...ਤੁਹਾਡੇ ਸੁਪਨਿਆਂ ਦੇ ਬੂਰ ਲਈ

ਮੈਂ ਆਪਣੇ ਤਨ ਅਤੇ ਮਨ ਨੂੰ

ਦਰਬਾਨ ਦੀ ਜੂਨੇ ਪਾ ਲਵਾਂਗਾ ਝੱਲੀਓ.. ..”

...............................

ਭਾਬੀ ਮਨਜੀਤ ਕੁੱਝ ਵੀ ਨਹੀਂ ਬੋਲੀ

ਉਹ ਆਪ ਹੀ ਕਹਿਣ ਲੱਗ ਪਿਆ

“....ਤੇਰੇ ਹਿੱਸੇ ਦੀ ਰੂਹ ਤੈਨੂੰ ਦਿੱਤੀ

ਆਪਣਾ ਨਾਮ ਉੱਕਰ ਲੈ

ਤੇਰੇ ਹਿੱਸੇ ਦੇ ਫੁੱਲ ਤੈਨੂੰ ਦਿੱਤਾ

ਚਾਹੇ ਜੂੜੇ ‘ਚ ਸਜਾ

ਚਾਹੇ ਸੇਜ ਤੇ ਵਿਛਾ

ਮੇਰੀ ਡਾਇਰੀ ਵੀ ਤੇਰੇ ਨਾਮ

ਮੈਂ ਤਾਂ ਦਸਤਖ਼ਤ ਕਰ ਦਿੱਤੇ ਨੇ

ਤੂੰ ਕੋਲ ਬਹਿਕੇ ਕਰਲੈ

ਮੇਰੇ ਦਿਨ ਉਧਾਰੇ ਨਾਂ ਮੰਗੀਂ

ਸਾਰੇ ਹੀ ਤੇਰੇ ਨੇ. ..

ਉੱਗਦੀ ਸਵੇਰ ਨੂੰ ਹਾਕ ਤਾਂ ਮਾਰ

ਮੈਂ ਤੈਨੂੰ ਆਪਣੀ ਸ਼ਾਮ ‘ਚੋਂ ਵੇਖਣਾ ਚਾਹੁੰਨਾਂ...”

..........................

ਯਾਰਾਂ ਨੇ ਆਖਿਆ

“....ਤੇਰੀ ਪਹਿਲੀ ਮਿਲਣੀ

ਖ਼ੁਦਾ ਦੇ ਰਾਹ ਜੇਹੀ ਸੀ

ਤੇ ਅਗਲੀਆਂ ਮਿਲਣੀਆਂ

ਤੂੰ ਖ਼ੁਦਾ ਦੇ ਦਰਬਾਰ ਜਿਹੀਆਂ

ਕਿਉਂ ਬਣਾ ਦਿੱਤੀਆਂ ?”

.............................

ਮੈਂ ਵੇਖ ਰਿਹਾ ਸੀ ਉਹਦੇ ਮੱਥੇ ਅੰਦਰਲਾ

ਪੂਰਨਮਾਸ਼ੀ ਦਾ ਚੰਨ

ਅੱਖਾਂ ‘ਚ ਖੁੱਲ੍ਹੀਆਂ ਕਵਿਤਾਵਾਂ ਦੇ

ਤਲਖ, ਮਿੱਠੜੇ ਜਿਹੇ ਬੋਲ

ਚਿਹਰੇ ਉੱਪਰ ਅਣਗਿਣਤ ਰੰਗਾਂ ਦੀ ਪਰਤ

ਪੋਟਿਆਂ ‘ਚ

ਕਿਸੇ ਸਫ਼ਰ ਦਾ ਸਿਰਾ ਫੜਨ ਦੀ ਕਾਹਲ

ਸੁਪਨਿਆਂ ‘ਚ

ਨਸ਼ਈ ਤਿਤਲੀਆਂ ਦੇ ਦਰਦ ਦਾ

ਮੋਹ ਦੀ ਜ਼ੁਬਾਨ ‘ਚ ਹੋਇਆ

ਅਨੁਵਾਦ

ਚੜ੍ਹਦੇ ਦਿਨ ਦੀ ਲੋਅ ‘ਚ

ਕਿਤਾਬਾਂ

ਸ਼ਾਇਰੀ

ਕੈਮਰੇ ਦੀ ਅੱਖ

ਪਾਣੀਂ ‘ਚ ਨਹਾਉਂਦਾ ਬੁਰਸ਼

ਬੁਝੇ ਹੋਏ

ਦੀਵਿਆਂ ਦੇ ਪੋਰਟਰੇਟ

ਇੱਕ ਦੂਜੇ ਦੀ ਨਿੱਘੀ ਗਲਵੱਕੜੀ ‘ਚ ਸਾਂ

.....................

ਸ਼ਾਇਦ ਉਹ ਮੈਨੂੰ

ਸਾਜ਼ ਸਮਝ ਬੈਠਾ ਸੀ

ਤੇ ਮੈਂ

ਉਹਦੀ ਤੇਹ ਦਾ ਦੋਹਾ ਗਾਉਣ ਲਈ

ਉਹਦੇ ਮਨ ‘ਚ ਉੱਤਰ ਰਿਹਾ ਸੀ .. ..!

ਸਵਰਨਜੀਤ ਸਵੀ ਦੀ ਇੱਕ ਕਲਾ-ਕ੍ਰਿਤ 'Love World'






Sunday, February 15, 2009

ਦਰਸ਼ਨ ਦਰਵੇਸ਼ - ਨਜ਼ਮ

ਆਪਣੀ ਗੈਰਹਾਜ਼ਰੀ ਵੇਲ਼ੇ

ਨਜ਼ਮ

ਅੱਜ-ਕੱਲ੍ਹ ਉਹ ਮੈਨੂੰ ਮਿਲ਼ਦਾ ਨਹੀਂ

ਉਂਝ ਮੈਂ ਸੁਣਿਐ

ਉਹ ਆਪਣੇ ਕੁੱਝ ਕੁ ਦੋਸਤਾਂ ਕੋਲ਼ ਜ਼ਰੂਰ ਜਾਂਦੈ

ਅੱਥਰੂ ਕੇਰਦੈ

ਅਤੇ ਆਪਣੇ ਨਸੀਬਾਂ ਦੀ ਵਹੀ ਉੱਪਰ ਦਸਤਖ਼ਤ ਕਰਕੇ

ਅੱਧਾ ਕੁ ਬਣਕੇ ਵਾਪਸ ਪਰਤ ਆਉਂਦੈ

ਅਤੇ ਇਕੱਲਾ ਬੈਠਕੇ.......

ਰੇਗਿਸਤਾਨ ‘ਚ ਮੱਚ ਮੋਈ

ਸਿਖ਼ਰ ਦੁਪਹਿਰ ਦਾ ਮਰਸੀਆ ਗਾਉਂਦੈ

ਆਪਣੇ ਵਹਿ ਚੁੱਕੇ

ਵਰ੍ਹਿਆਂ ਕੋਲ਼ ਬਾਤ ਪਾਉਂਦੈ

----

ਮੇਰਾ ਜੇ ਜ਼ਿਕਰ ਚੱਲੇਗਾ

ਤਾਂ ਏਨਾ ਕੁ ਚੱਲੇਗਾ

-ਮੁਹੱਬਤ ਮਨ ਉੱਤੇ ਸ਼ਹਿਤੂਤ ਬਣਕੇ ਫੈਲੀ ਤਾਂ ਸੀ

ਪਰ ਛਾਂ ਨਾ ਦੇ ਸਕੀ

ਅੱਖਾਂ ਸਾਹਵੇਂ ਵਹਿੰਦੀ ਨਦੀ ‘ਚ ਡੁੱਬਿਆ ਤਾਂ ਸੀ

ਪਰ........................

ਸਿਰ ਉੱਤੋਂ ਗੁਜ਼ਰਦੇ ਪਾਣੀ ਦਾ

ਤਾਪ ਨਾ ਮਿਣ ਸਕਿਆ

----

ਅੱਜ-ਕੱਲ੍ਹ ਉਹ ਮੈਨੂੰ ਮਿਲ਼ਦਾ ਨਹੀਂ

ਉਂਝ ਮੈਂ ਕੋਲ਼ ਬਹਿਕੇ ਤੱਕਿਐ

ਉਹ ਆਪਣੇ ਮਨ ਦੇ ਸੰਘਣੇ ਜੰਗਲ ‘ਚ ਗੁਆਚਿਆ ਰਹਿੰਦੈ

ਬਿਰਖਾਂ ਦੀਆਂ ਪਪੀਸੀਆਂ ਉੱਤੇ ਵੈਣ ਲਿਖਕੇ

ਇਹੀਉ ਡੁਸਕਦਾ ਰਹਿੰਦੈ

ਆਪਣੇ ਹੀ ਮਨ ਦੀ ਧੁੱਪ

ਦੁਸ਼ਮਣ ਕਿਉਂ ਬਣ ਜਾਂਦੀ ਐ

ਆਪਣੇ ਹੀ ਵਿਹੜੇ ਦੀ ਛਾਂ

ਆਪ ਨੂੰ ਹੀ ਕਿਉਂ ਖਾਂਦੀ ਐ

ਅਤੇ

ਉਦਾਸੀ ਰੰਗੇ ਪੱਤਿਆਂ ਨੂੰ ਦੱਸਣ ਲੱਗ ਪੈਂਦੈ

----

ਮੇਰਾ ਜੇ ਜ਼ਿਕਰ ਚੱਲੇਗਾ

ਤਾਂ ਏਨਾ ਕੁ ਚੱਲੇਗਾ

-ਉਹ ਹਰ ਰਾਤ

ਸਿਵਿਆ ‘ਚ ਖੋਦੀ ਇੱਕ ਕਬਰ ‘ਤੇ ਜਾਂਦਾ ਸੀ

ਅਤੇ

ਉਸ ਉੱਤੇ ਖੁਣੇ

ਇੱਕ ਮਾਸੂਮ ਜਿਹੇ ਨਾਮ ਤੋਂ ਪੁੱਛਦਾ ਸੀ

-ਸਬਰ ਵੀ ਨਾ ਕੀਤਾ ਗਿਆ

ਤੇ ਘੁੱਟ ਵੀ ਨਾ ਭਰਿਆ ਗਿਆ

ਹਥੇਲੀਆਂ ਦੇ ਪਾਣੀ ਨੂੰ

ਇੰਝ ਹੀ ਸੁੱਤੇ ਰਹਿਣਾ ਚਾਹੀਦਾ ਸੀ

ਦਲਦਲ ਬਣਕੇ

ਉਸਨੇ ਮੇਰੇ ਨਾਲ ਇਨਸਾਫ਼ ਨਈਂ ਕੀਤਾ

----

ਅੱਜ-ਕੱਲ੍ਹ ਉਹ ਮੈਨੂੰ ਮਿਲ਼ਦਾ ਨਹੀਂ

ਉਂਝ ਮੈਂ ਕੋਲ ਬਹਿਕੇ ਦੇਖਿਐ

ਉਹ ਆਪਣੀ ਹਰ ਰਾਤ ਦੇ ਵਕਤ ਨਾਲ਼ ਕਿਰਦਾ ਰਹਿੰਦੈ

ਕੱਫ਼ਣ ਵਰਗੀ ਰਾਤ ਦੇ ਜਦੋਂ ਮਰਗ ‘ਤੇ ਬਹਿੰਦੈ

ਤਾਂ ਭੁਰਦੀਆਂ ਕੰਧਾਂ ਵੱਲ ਵੇਖਕੇ ਇਹੋ ਸੋਚਦੈ....

...............................

-ਜ਼ਿੰਦਗੀ

ਪੌਣ ‘ਚ ਪਰੋਈ ਇਬਾਰਤ ਦਾ ਨਾਂ ਹੈ

ਜਾਂ ਕਿ-

ਜਿਸਮ ‘ਤੇ ਜਿਊਂਏ ਤੂਫ਼ਾਨਾਂ ਦੀ ਪਹਿਲੀ ਚੀਕ

ਤੇ ਫਿਰ ਉਦਾਸੀ ‘ਚ ਸਿਰ ਸੁੱਟਕੇ ਦੱਸਣ ਲੱਗ ਪੈਂਦੈ

-ਆਮਦ ਤਾਂ ਖ਼ਤਾਂ ਦੀ ਵੀ ਤੂਫ਼ਾਨਾਂ ਵਰਗੀ ਹੁੰਦੀ ਐ

ਫਿਰ ਉਹ

ਮਨ ਦੀ ਅਮੀਰੀ ਤੱਕ ਹੀ

ਸੀਮਤ ਕਿਉਂ ਰਹਿ ਜਾਂਦੇ ਨੇ ?

..........

ਪੌਣ ‘ਚ ਸੁੱਟਿਆ ਚਿਹਰਾ

ਝੁਲਸਕੇ ਕਿਉਂ ਪਰਤ ਆਉਂਦੈ ?

..........

ਫਿਰ ਆਪ ਹੀ ਆਖਦੈ…

ਤੁਹਾਡਾ ਆਪਣਾ ਨਾਮ ਵੀ ਬਲਣ ਲੱਗ ਪਵੇਗਾ

ਤੁਸੀਂ ਕਦੇ ਆਪਣੇ ਹੱਥਾਂ ‘ਚ ਫੜਕੇ ਤਾਂ ਦੇਖੋ

ਕਦੇ ਆਪਣੇ ਹੀ ਪੋਟਿਆਂ ‘ਤੇ ਸੇਕ ਕੇ ਤਾਂ ਦੇਖੋ

----

ਅੱਜ-ਕੱਲ੍ਹ ਉਹ ਮੈਨੂੰ ਮਿਲ਼ਦਾ ਨਹੀਂ

ਮੈਂ ਉਹਦਾ ਮੱਥਾ ਫੜਨ ਦੀ ਕੋਸ਼ਿਸ਼ ਤਾਂ ਕੀਤੀ ਸੀ

ਪਰ ਉਹ ਚੀਖਣ ਲੱਗ ਪਿਆ

-ਤੂੰ ਸੁਪਨੇ ਨਹੀਂ ਜੀਅ ਸਕਦਾ

ਪਰ ਮੈਂ ਜੀ ਕੇ ਦੇਖੇ ਨੇ

ਤੂੰ ਇਲਜ਼ਾਮ ਪੀ ਨਹੀਂ ਸਕਦਾ

ਪਰ ਮੈਂ ਪੀ ਕੇ ਦੇਖੇ ਨੇ

-ਤੂੰ ਲਾਡਲੇ ਫੁੱਲਾਂ ਨੂੰ ਪਾਣੀ ਲਾ ਨਹੀਂ ਸਕਦਾ

ਪਰ ਮੈਂ ਲਾਕੇ ਦੇਖੇ ਨੇ

ਤੂੰ ਮਰੂਏ ਦੇ ਬੀਅ ਉਗਾ ਨਹੀਂ ਸਕਦਾ

ਪਰ ਮੈਂ ਉਗਾ ਕੇ ਦੇਖੇ ਨੇ.. ..

----

ਉਂਝ ਮੈਂ ਉਸਨੂੰ ਜਾਂਦੇ ਨੂੰ

ਤੇ ਮਕਬਰੇ ਹੇਠ ਬਹਿੰਦੇ ਨੂੰ ਵੇਖਿਐ

ਉਹ ਅੱਜ ਵੀ ਮਕਬਰੇ ਹੇਠ ਬੈਠਦੈ

ਦੁਆਲੇ ਫੈਲੀ ਸਲਾਭੀ ਪੌਣ ਉੱਪਰ

ਆਪਣੀ ਨਦੀ ਦੀ ਨਮੀ ਪੀਣ ਦਾ ਇਲਜ਼ਾਮ ਲਾਉਂਦੈ

----

ਕਦੇ ਕਦੇ ਉੱਠਦੈ

ਦੋਸਤਾਂ ਕੋਲ ਜਾ ਆਉਂਦੈ

ਉਂਝ ਅੱਜ-ਕੱਲ੍ਹ ਉਹ ਮੈਨੂੰ ਮਿਲ਼ਦਾ ਨਹੀਂ

ਬਿਲਕੁਲ ਵੱਖਰਾ ਹੋ ਕੇ ਬੀਤਣ ਲੱਗ ਪਿਐ… ..!