ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, March 31, 2009

ਗੁਰਿੰਦਰਜੀਤ - ਨਜ਼ਮ

ਪਤੰਗ - ਡੋਰ

ਨਜ਼ਮ

ਕੁੱਝ ਦਿਨ ਹੋਏ,

ਮੈਂ ਸੁਪਨੇ 'ਚ ਪਤੰਗ ਬਣ

ਉਡਾਰੀਆਂ ਮਾਰ ਰਿਹਾ ਸਾਂ..

ਕਦੇ ਖੱਬਿਓਂ ਕੱਨੀਂ ਮਾਰਾਂ..

ਕਦੇ ਸੱਜਿਉਂ ਕੱਨੀਂ ਮਾਰਾਂ..

ਕਦੇ ਥੱਲੇ ਨੂੰ ਡਾਈਵ ਕਰਾਂ!

........................

ਨਿੱਕੂ ਦਾ ਦਿਲ ਘਬਰਾਵੇ..

"ਊਹਹਹ..! ਲੱਗਾ ਡਿੱਗਣ..!"

'ਵਾ ਦਾ ਪੰਘੂੜਾ ਝੂਟਦਿਆਂ ..

ਨੀਂਦ... ਨੀਂਦ ..'

ਜਾ ਅਸਮਾਨੀ ਪੁੱਜਾ..

....................

ਨਿੱਕੂ ਤਾਂ ਉਂਝ ਹੀ ਨਿੱਕਾ ਸੀ..

ਜਮਾਂ ਹੀ ਦਿਸਣੋਂ ਬੰਦ ਹੋ ਗਿਆ..

ਦੋਵੇਂ ਹੱਡੀਆਂ ਹੌਲ਼ੇ ਜਿਹੇ,

ਡੋਰ ਨੂੰ ਬੋਲੀਆਂ.....

...................

"ਨਿੱਕੂ ਤੈਨੂੰ ਭਾਵੇਂ ਛੱਡ ਦੇਵੇ,

ਤੂੰ ਨਿੱਕੂ ਨੂੰ ਨਾ ਛੱਡੀਂ...!"

ਮੇਰਾ ਕਾਗਤੀ ਭਲਵਾਨ..

'ਤਾਅ' ਵੀ

ਤਰਲਿਆਂ ਤੇ ਆ ਗਿਆ....

.................

ਮੈਂ ਬਿਸਤਰੇ ਚੋਂ ਛਾਲ਼ ਮਾਰ ਉਠਿਆ,

ਫੂਨ ਚੁੱਕਿਆ....

ਦੋਸਤ ਟ੍ਰੈਵਲ ਏਜੰਟ ਤੋਂ

ਵਤਨ ਦੀ ਟਿਕਟ ਲੈ......

ਡੋਰ ਟੱਟਣ ਤੋਂ ਪਹਿਲਾਂ

ਰੱਬ ਸਬੱਬੀ

ਪਹਿਲਾਂ ਘਰ

ਤੇ ਫਿਰ ਸਾਇੰਸ ਵਾਲ਼ੇ

ਮਾਸਟਰ ਕੋਲ਼ ਪਹੁੰਚਿਆ

ਜੀਹਨੇਂ ਕਦੇ ਮੈਨੂੰ

ਨਿੱਕੂ ਵਾਂਗ

ਅਸਮਾਨੀ ਚੜ੍ਹਾਇਆ ਸੀ..!

.................

ਹੁਣ,

ਜੇ ਫੇਰ ਪਤੰਗ ਬਣ ਚੜ੍ਹਿਆ

ਤਾਂ ਬਸੀਵੇਂ ਤੋਂ ਦੂਰ ਨੀ ਜਾਂਦਾ

ਸ਼ਰੀਕਾਂ ਨੇ

ਜੇ ਪੇਚਾ ਪਾਕੇ.......

ਹੱਟ ਬੋ ਵੀ ਕੀਤੀ

ਤਾਂ ਕਿਤੇ ਡੱਬਰੀ ਵਾਲ਼ੇ ਖੇਤਾਂ ਦੁਆਲ਼ੇ

ਹੀ ਡਿੱਗਾਂਗਾ....!

..................

ਨਾਲ਼ੇ ਮੇਰੀ ਡੋਰ ਨੂੰ,

ਪੈਲ਼ੀ ਦੀ ਪਰਮ ਛੋਹ ਮਿਲ਼ਜੂ..!

ਜਾਂ ਸ਼ਾਇਦ ਨਿੱਕੂ

ਬਚੀ ਡੋਰ ਨਾਲ਼

ਨਵਾਂ ਪਤੰਗ ਉਡਾ ਲਵੇਗਾ

ਨਿੱਕੂ..........!

ਬਚੀ ਡੋਰ...............!!

ਨਵਾਂ ਪਤੰਗ..............!!!

ਗੁਰਮੀਤ ਬਰਾੜ - ਨਜ਼ਮ

ਕਾਹਲ਼
ਨਜ਼ਮ

ਮੈਨੂੰ ਇੰਤਜ਼ਾਰ
ਬੁਲਬੁਲੇ ' ਦਿਸਦੇ
ਮੇਰੇ ਅਕਸ ਦੇ
ਹੋਰ ਉਘੜਨ ਦਾ ਨਹੀਂ
..................

ਕਾਹਲ਼ ਬੜੀ ਹੈ ਮੈਨੂੰ
ਇਹਦੇ ਅੰਦਰ ਦੀ
ਚੁੱਪ ਨੂੰ

ਸੁਨਣ ਦੀ
................

ਇਹਦੀ ਸਿਫ਼ਰ ਨੂੰ
ਪੜ੍ਹਣ ਦੀ
................

ਇਹਦੇ ਖਾਲੀਪਣ ਨੂੰ
ਭਰਨ ਦੀ
............

ਤੱਤੀ ਧਰਤੀ ਤੇ
ਵਰਖਾ ਦੀ
ਪਹਿਲੀ ਕਣੀ ਵਾਂਗ
ਬਲ਼ ਬਲ਼ ਕੇ
ਮਿਟਣ ਦੀ ...!


Sunday, March 29, 2009

ਸ਼ਹਰਯਾਰ - ਉਰਦੂ ਰੰਗ

ਨਜ਼ਮ

ਹਰ ਏਕ ਸ਼ਖ਼ਸ ਅਪਨੇ ਹਿੱਸੇ ਕਾ ਅਜ਼ਾਬ ਖ਼ੁਦ ਸਹੇ

ਕੋਈ ਨਾ ਉਸਕਾ ਸਾਥ ਦੇ

ਜ਼ਮੀਂ ਪੇ ਜ਼ਿੰਦਾ ਰਹਿਨੇ ਕੀ ਯੇ ਏਕ ਪਹਿਲੀ ਸ਼ਰਤ ਹੈ!

=====

ਨਜ਼ਮ

ਰੇਤ ਕੋ ਨਿਚੋੜ ਕਰ ਪਾਨੀ ਕੋ ਨਿਕਾਲਨਾ

ਬਹੁਤ ਅਜੀਬ ਕਾਮ ਹੈ

ਬੜੇ ਹੀ *ਇਨਹਿਮਾਕ ਸੇ ਯੇ ਕਾਮ ਕਰ ਰਹਾ ਹੂੰ ਮੈਂ!

----

*ਇਨਹਿਮਾਕ - ਲਗਨ

=====

ਨਜ਼ਮ

ਸ਼ਾਮ ਕਾ ਢਲਨਾ ਨਈ ਬਾਤ ਨਹੀਂ

ਇਸ ਲੀਏ ਖ਼ੌਫ਼ਜ਼ਦਾ ਹੂੰ ਇਤਨਾ

ਆਨੇ ਵਾਲੀ ਜੋ ਸਹਰ ਹੈ ਉਸਮੇਂ

ਰਾਤ ਸ਼ਾਮਿਲ ਹੀ ਨਹੀਂ

ਯੇ ਜਾਨਤਾ ਹੂੰ!

====

ਨਜ਼ਮ

ਸੱਨਾਟੋਂ ਸੇ ਭਰੀ ਬੋਤਲੇਂ ਬੇਚਨੇ ਵਾਲੇ

ਮੇਰੀ ਖਿੜਕੀ ਕੇ ਨੀਚੇ ਫ਼ਿਰ ਖੜੇ ਹੁਏ ਹੈਂ

ਔਰ ਆਵਾਜ਼ੇਂ ਲਗਾ ਰਹੇਂ ਹੈਂ

ਬਿਸਤਰ ਕੀ **ਸ਼ਿਕਨੋਂ ਸੇ ਨਿਕਲੂੰ

ਨੀਚੇ ਜਾਊਂ

ਉਨਸੇ ਪੂਛੂੰ

ਮੇਰੀ ਰੁਸਵਾਈ ਸੇ ਉਨਕੋ ਕਯਾ ਮਿਲਤਾ ਹੈ

ਮੇਰੇ ਪਾਸ ਕੋਈ ਭੀ ਕਹਨੇ ਵਾਲੀ ਬਾਤ ਨਹੀਂ ਹੈ

ਸੁਨਨੇ ਕੀ ਤਾਕ਼ਤ ਭੀ ਕਭੀ ਕੀ ਗੰਵਾ ਚੁਕਾ ਹੂੰ!

---

**ਸ਼ਿਕਨੋਂ ਸਿਲਵਟਾਂ

========

ਹਿੰਦੀ-ਉਰਦੂ ਤੋਂ ਪੰਜਾਬੀ ਲਿਪੀਅੰਤਰ: ਤਨਦੀਪ ਤਮੰਨਾ


ਮਖ਼ਮੂਰ ਦੇਹਲਵੀ - ਉਰਦੂ ਰੰਗ

ਮਖ਼ਮੂਰ ਦੇਹਲਵੀ ਸਾਹਿਬ ਉਰਦੂ ਦੇ ਮਹਾਨ ਸ਼ਾਇਰ ਹੋਏ ਹਨ। ਪੇਸ਼ ਹੈ ਉਹਨਾਂ ਦੀ ਇਕ ਬੇਹੱਦ ਮਕ਼ਬੂਲ ਗ਼ਜ਼ਲ:

----

ਗ਼ਜ਼ਲ

ਕਿਸੀ ਸੇ ਮੇਰੀ ਮੰਜ਼ਿਲ ਕਾ ਪਤਾ ਪਾਇਆ ਨਹੀਂ ਜਾਤਾ।

ਜਹਾਂ ਮੈਂ ਹੂੰ ਫਰਿਸ਼ਤੋਂ ਸੇ ਵਹਾਂ ਜਾਇਆ ਨਹੀਂ ਜਾਤਾ।

----

ਮੇਰੇ ਟੂਟੇ ਹੁਏ ਪਾ-ਏ-ਤਲਬ ਕਾ ਮੁਝ ਪੇ ਅਹਿਸਾਂ ਹੈ।

ਤੁਮਹਾਰੇ ਦਰ ਸੇ ਉਠ ਕਰ ਅਬ ਕਹੀਂ ਜਾਇਆ ਨਹੀਂ ਜਾਤਾ।

----

ਚਮਨ ਤੁਮਸੇ ਇਬਾਰਤ ਹੈ, ਬਹਾਰੇਂ ਤੁਮਸੇ ਜ਼ਿੰਦਾ ਹੈਂ

ਤੁਮਹਾਰੇ ਸਾਮਨੇ ਫ਼ੂਲੋਂ ਸੇ ਮੁਰਝਾਇਆ ਨਹੀਂ ਜਾਤਾ।

----

ਹਰਿਕ ਦਾਗ਼-ਏ-ਤਮੰਨਾ ਕੋ ਕਲੇਜੇ ਸੇ ਲਗਾਤਾ ਹੂੰ

ਕਿ ਘਰ ਆਈ ਹੂਈ ਦੌਲਤ ਕੋ ਠੁਕਰਾਇਆ ਨਹੀਂ ਜਾਤਾ।

----

ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖ਼ਸੂਸ ਹੋਤੇ ਹੈਂ

ਯੇ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ।

-----

ਫਕ਼ੀਰੀ ਮੇਂ ਭੀ ਮੁਝਕੋ ਮਾਂਗਨੇ ਸੇ ਸ਼ਰਮ ਆਤੀ ਹੈ

ਸਵਾਲੀ ਹੂੰ ਪ ਮੁਝਸੇ ਹਾਥ ਫ਼ੈਲਾਇਆ ਨਹੀਂ ਜਾਤਾ।

-----

ਉਰਦੂ ਤੋਂ ਪੰਜਾਬੀ ਲਿਪੀਅੰਤਰ: ਦਵਿੰਦਰ ਸਿੰਘ ਪੂਨੀਆ


Saturday, March 28, 2009

ਕੁਲਦੀਪ ਸਿੰਘ ਬਾਸੀ - ਨਜ਼ਮ

ਸਾਹਿਤਕ ਨਾਮ: ਕੁਲਦੀਪ ਸਿੰਘ ਬਾਸੀ

ਅਜੋਕਾ ਨਿਵਾਸ: ਮਿਨੀਸੋਟਾ, ਯੂ.ਐੱਸ.ਏ.

ਕਿਤਾਬਾਂ: ਕਹਾਣੀ ਸੰਗ੍ਰਹਿ : ਸੰਯੋਗੀ ਮੇਲਾ, ਅਕਰਖਣ, ਕਾਵਿ ਵਾਰਤਾਲਾਪ: ਹਾਲਚਾਲ ਮਿੱਤਰਾਂ ਦਾ, ਲਘੂ ਕਵਿਤਾ-ਸੰਗ੍ਰਹਿ: ਨਿਬ ਦੀ ਨੋਕ ਚੋਂ ਛਪ ਚੁੱਕੀਆਂ ਹਨ ਅਤੇ ਕਾਵਿ-ਸੰਗ੍ਰਹਿ: ਮਨ ਮੰਥਨ (ਪ੍ਰਕਾਸ਼ਨ ਅਧੀਨ) ਹੈ।

----

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਬਾਸੀ ਸਾਹਿਬ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਵਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਦੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਸੀ ਸਾਹਿਬ ਨੂੰ ਆਰਸੀ ਦਾ ਲਿੰਕ ਡਾ: ਪ੍ਰੇਮ ਮਾਨ ਜੀ ਨੇ ਭੇਜਿਆ ਹੈ, ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।

------------

ਨਵੀਨ ਪ੍ਰਭਾਤ

ਨਜ਼ਮ

ਸਹਿਜ ਸੁਭਾ ਹੀ

ਪਤਨੀ ਬੋਲੀ

ਚੰਦਰਾ

ਦੋ ਹਜ਼ਾਰ ਨੌਂ!

ਹਾਲਤ ਖਸਤਾ

ਬੈਂਕਾਂ ਦੀ

ਦੇਸ਼ ਦੀ

ਇਕਾਨਮੀ ਦੀ

ਸ਼ੁਕਰੀਆ ਰੱਬ ਦਾ

ਤੁਹਾਡੀ ਨੌਕਰੀ

ਕਾਇਮ ਐ

ਸ਼ੁਕਰ, ਸ਼ੁਕਰ!

.........

ਕਿਵੇਂ ਦੱਸਾਂ?

ਚਿਹਰੇ ਤੇ ਮੁਸਕਰਾਹਟ

ਹਾਂ, ਮੇਰੀ ਮੁਸਕਰਾਹਟ

ਓਪਰੀ ਜਿਹੀ

ਫਿੱਕੀ, ਫੋਕੀ

ਹੈ ਨਿਰਾ ਵਿਖਾਵਾ

ਬਨਾਵਟੀ!

ਜਨਤਾ ਨੂੰ

ਬਹੁਤਿਆਂ ਨੂੰ

ਰੋਟੀ ਦੇ ਸੰਸੇ

ਹੁਣ ਮੈਨੂੰ ਵੀ!

ਕਿਵੇਂ ਦੱਸਾਂ?

..........

ਬੱਚਤ ਅਲੋਪ

ਅੱਧੀ ਰਹਿ ਗਈ

ਹੱਥੋਂ ਖਿਸਕੀ

ਚੋਰੀ ਹੋ ਗਈ?

ਨਹੀਂ......

ਹਰਾਮਖੋਰੀ ਹੋਈ?

ਨਹੀਂ......

ਸ਼ਾਇਦ ਹੋਈ

ਬੋਰੀ ਚ ਮੋਰੀ

...........

ਖੇਤ ਨੂੰ

ਵਾੜ ਖਾ ਗਈ!

ਬੈਂਕਾਂ ਦੇ ਰਖਵਾਲੇ

ਰਗੜ ਗਏ!

............

ਕਿਵੇਂ ਦੱਸਾਂ?

ਬੈਠ ਗਿਆ

ਭੱਠਾ!

ਕੰਪਨੀ ਦਾ

ਐਨੇ ਵਰ੍ਹਿਆਂ ਦਾ

ਸੇਵਾ ਫਲ਼

ਮੇਵਾ

ਵੀਹ ਸਾਲ ਬਾਅਦ

ਅੱਜ ਮਿਲਿਆ

ਅੱਜ ਹੀ ਹੋਈ

ਨੌਕਰੀ ਤੋਂ ਬਰਖ਼ਾਸਤਗੀ

ਰੋਵਾਂ ਕਿ ਹੱਸਾਂ

ਕਿਵੇਂ ਦੱਸਾਂ?

ਲੰਮੇ ਸਫ਼ਰ ਦਾ

ਅਚਨਚੇਤ ਅੰਤ

ਬੰਦ ਹੋਈ ਰਾਹ!

ਦੱਸ!

ਦੱਸਣਾ ਪਵੇਗਾ

..........

ਪਰ ਦੱਸ ਕਿ

ਆਇਆ ਹੈ

ਇੱਕ ਮੋੜ

ਨਵਾਂ ਨਕੋਰ

ਦੱਸ!!

ਪਰ ਹੱਸ ਕੇ

...........

ਸਾਸ ਨਾਲ਼ ਆਸ

ਆਈ ਹੈ ਰਾਤ

ਅਗਾਹਾਂ

ਨਵੀਨ ਪ੍ਰਭਾਤ!

======

ਕੀ ਪਾਪ ਕੀ ਪੁੰਨ

ਨਜ਼ਮ

ਭਿਆਨਕ, ਕਾਲ਼ੀ ਵੱਡੀ ਸੀ

ਮੱਕੜੀ

ਪੈਟੀਓ ਦਾ ਫਰਸ਼

ਫੁਰਤੀ ਨਾਲ਼ ਟੁਰਦੀ

ਅਗਾਹਾਂ ਵਧਦੀ ਗਈ

ਨਿੱਕਾ ਬਾਲਕ ਖੇਡ ਚ ਮਸਤ

ਵੇਖ, ਖਤਰਾ ਭਾਂਪ ਗਿਆ

ਮੱਕੜੀ ਭਵਿੱਖ ਤੋਂ ਬੇਖਬਰ

ਅਗਾਹਾਂ ਵਧਦੀ ਗਈ

ਖਤਰਾ ਬਾਲਕ ਦੇ ਨੇੜੇ

ਹੋਰ ਨੇੜੇ ਚਲਦਾ ਆਇਆ

....................

ਮਨ ਚ ਦਹਿਲ, ਘਬਰਾਹਟ

ਬਾਲਕ ਕੀਤਾ ਵਾਰ

ਹੱਥ ਫੜ ਹਥਿਆਰ

ਰਬੜ ਦਾ ਖਿਡੌਣਾ

ਮੱਕੜੀ ਚਿੱਥੀ ਗਈ

ਬਾਲਕ ਹੱਸਿਆ

ਮੈਂ ਮ੍ਰਿਤਕ ਮੱਕੜੀ ਨੂੰ

ਵੇਖਿਆ, ਨੇੜਿਓਂ

...............

ਅਚੰਭਾ! ਅਚੰਭਾ!

ਨਿੱਕੀਆਂ ਕੀੜੀਆਂ

ਕਿੰਨੀਆਂ ਹੀ

ਵਾਹੋ ਦਾਹੀ

ਇੱਕ ਤੋਂ ਅੱਗੇ ਦੂਜੀ

ਮੱਕੜੀ ਦੀ ਲਾਸ਼ ਚੋਂ

ਜਾਨ ਬਚਾ ਭੱਜੀਆਂ

ਜਿਵੇਂ ਕਹਿੰਦੀਆ ਹੋਣ

ਜਾਨ ਬਚੀ ਲਾਖੋਂ ਪਾਏ

...............

ਚਿੱਥੇ ਪੇਟ ਦਾ

ਚੀੜ੍ਹਾ, ਚਮਕੀਲਾ, ਰੇਸ਼ਮੀ ਪਾਣੀ

ਜਕੜ ਨਾ ਸਕਿਆ

ਵਿਚਾਰੀਆਂ ਨੂੰ

ਵਧੀ ਹੋਈ ਜੋ ਸੀ!

.............

ਮੌਤ ਦਾ ਪੰਜਾ

ਢਿੱਲਾ ਪੈ ਗਿਆ

ਬਚ ਨਿਕਲ਼ੀਆਂ

ਕੀੜੀਆਂ

ਬਣ ਜਾਣਾ ਸੀ ਫਲੂਦਾ

ਭੋਜਨ, ਮੱਕੜੀ ਦਾ

ਮਿਲ਼ਿਆ ਦੂਜਾ ਜੀਵਨ

ਨਵੇਂ ਸਾਹ, ਪ੍ਰਭੂ ਦਯਾ!

ਸੋਚਾਂ.....

ਕਾਕੇ ਨੇ

ਕੀਤਾ ਪਾਪ

ਜਾਂ

ਕੀਤਾ ਪੁੰਨ?


Friday, March 27, 2009

ਜਗਜੀਤ ਸੰਧੂ - ਗ਼ਜ਼ਲ

ਗ਼ਜ਼ਲ

ਜ਼ਿੰਦਗੀ ਦੀ ਪੀੜ ਪੜ੍ਹਕੇ ਬੋਲਦਾ ਹਾਂ।

ਮੈਂ ਰਤਾ ਮਹਿਸੂਸ ਕਰਕੇ ਬੋਲਦਾ ਹਾਂ।

----

ਜੇ ਕਦੀ ਵੀ ਬੋਲਦਾਂ ਅਸਮਾਨ ਬਾਰੇ,

ਤਾਂ ਪਰੀਂ ਪਰਵਾਜ਼ ਭਰ ਕੇ ਬੋਲਦਾ ਹਾਂ।

----

ਇਸ਼ਕ ਮੈਂ ਰੰਗਾਂ ਦਾ ਐਸਾ ਪਾਲ਼ਿਐ ਕਿ,

ਹਰ ਸਮੇਂ ਪਤਝੜ ਤੋਂ ਡਰ ਕੇ ਬੋਲਦਾ ਹਾਂ।

----

ਸਿਰਫ਼ ਸ਼ਬਦਾਂ ਨੂੰ ਹੀ ਨਾ ਤਰਤੀਬ ਦੇਵਾਂ,

ਜੇ ਲਬੀਂ ਅਹਿਸਾਸ ਫ਼ਰਕੇ ਬੋਲਦਾ ਹਾਂ।

----

ਭਾਵਨਾ ਤੇ ਜਰਬ ਹੈ ਮੁਮਕਿਨ ਜਦੋਂ ਵੀ,

ਜੀਭ ਤੇ ਤਹਿਜ਼ੀਬ ਧਰ ਕੇ ਬੋਲਦਾ ਹਾਂ।

----

ਓੜ੍ਹਿਐ ਇਖ਼ਲਾਕ ਦਾ ਹੁਣ ਵੇਸ ਤਾਂ ਹੀ,

ਨੰਗਿਆਂ ਲਫ਼ਜ਼ਾਂ ਤੋਂ ਡਰ ਕੇ ਬੋਲਦਾ ਹਾਂ।

----

ਨਾ ਸੁਣੇ ਆਵਾਜ਼, ਤੂੰ ਆਵਾਜ਼ ਦੇਵੀਂ,

ਆਪਣੇ ਅੰਦਰ ਉਤਰਕੇ ਬੋਲਦਾ ਹਾਂ।


Thursday, March 26, 2009

ਕਿਤੇ ਲਿੱਪਣੇ ਨਾ ਪੈਣ ਬਨੇਰੇ....


ਮਨਦੀਪ ਖੁਰਮੀ ਹਿੰਮਤਪੁਰਾ - ਨਜ਼ਮ

ਤੇਰਾ ਨਾਂ............!

ਨਜ਼ਮ

ਤੇਰਾ ਨਾਂ ਚੱਲੇ

ਮੇਰੇ ਨਾਂ ਦੇ ਨਾਲ

ਜਿਵੇਂ ਧੁੱਪ ਚਲਦੀ ਐ

ਛਾਂ ਦੇ ਨਾਲ਼

----

ਯਾਦਾਂ ਤੇਰੀਆਂ ਦਾ ਮੋਹ

ਰਵ੍ਹੇ ਇੰਝ ਬਣਿਆ,

ਜਿਵੇਂ ਹੁੰਦੈ ਪ੍ਰਦੇਸੀ ਦਾ

ਗਰਾਂ ਦੇ ਨਾਲ਼

----

ਭੰਵਰਾ, ਸੀ ਜੋ ਸ਼ੁਦਾਈ

ਖਿੜੇ ਗੁਲਾਬਾਂ ਦਾ,

ਕੱਲਾ ਹੈ, ਤਾਂ ਯਾਰਾਨਾ

ਸੁੰਨ ਸਰਾਂ ਦੇ ਨਾਲ਼

----

ਤੇਰੀ ਰਜ਼ਾ ਚ ਰਹਿਣਾ

ਰਾਜੀ ਇਸ ਕਦਰ,

ਸਾਥ ਬੋਲਾਂ ਦਾ ਜਿਵੇਂ

ਜ਼ੁਬਾਂ ਦੇ ਨਾਲ਼

----

ਲੱਖ ਚਾਹਿਆ ਨਾ ਹੋਣ

ਮਨਫ਼ੀ ਓਹ ਪਲ,

ਯਾਦਾਂ ਬਣ ਜੁੜ ਗਏ

ਜੋ ਥਾਂ-ਥਾਂ ਦੇ ਨਾਲ਼

----

ਤੂੰ ਸੂਰਜ

ਤੇਰੇ ਤੱਕ ਕਿੰਝ ਪੁੱਜਾਂ,

ਮੈਂ ਉੱਡਕੇ

ਮੋਮ ਦੇ ਪਰਾਂ ਦੇ ਨਾਲ਼

----

ਤੇਰੇ ਰਹਿਮ ਉੱਤੇ ਬਸ

ਜੀਅ ਰਿਹਾ ਇੱਕ ਜੀਅ,

ਸਾਹ ਅਟਕੇ ਨੇ

ਤੇਰੀ ਹਾਂਜਾਂ ਨਾਂਹਦੇ ਨਾਲ਼

----

ਤੇਰਾ ਨਾਂ ਚੱਲੇ

ਮੇਰੇ ਨਾਂ ਦੇ ਨਾਲ

ਜਿਵੇਂ ਧੁੱਪ ਚਲਦੀ ਐ

ਛਾਂ ਦੇ ਨਾਲ਼


ਗਿਆਨ ਸਿੰਘ ਕੋਟਲੀ - ਮਾਡਰਨ ਗ਼ਜ਼ਲ

ਮਾਡਰਨ ਗ਼ਜ਼ਲ

ਕਰਦੇ ਨੇ ਮੂੰਹ ਮੁਲਾਹਜ਼ੇ, ਲੋਕਾਂ ਨੂੰ ਫਾਹੁਣ ਵਾਲੇ

ਬਣ ਗਏ ਨੇ ਆਪ ਚਮਚੇ, ਚਮਚੇ ਬਣਾਉਂਣ ਵਾਲੇ

----

ਦਿਲ ਨੂੰ ਹੈ ਸੱਟ ਵੱਜਦੀ, ਮਨ ਵੀ ਉਦਾਸ ਹੁੰਦਾ,

ਕਰਦੇ ਜਾਂ ਚਾਲਬਾਜ਼ੀ, ਰਹਿਬਰ ਕਹਾਉਣ ਵਾਲੇ

----

ਇਹ ਗੰਢ ਤੁੱਪ ਕਰਦੇ, ਇਹ ਝੂਠ ਬੋਲਦੇ ਨੇ,

ਛੋਟੀ ਜਾਂ ਕੋਈ ਵਡੀ, ਕੁਰਸੀ ਨੂੰ ਪਾਉਣ ਵਾਲੇ

----

ਨ੍ਹੇਰੇ ਬੈਠ ਘੜਦੇ, ਵਧੀਆ ਇਹ ਝੂਠ ਚਾਲਾਂ,

ਦਿਨ ਨੂੰ ਸਜਾਊ ਸੁੰਦਰ, ਮੁੱਖੜਾ ਦਿਖਾਉਣ ਵਾਲੇ

----

ਕੀ ਕਰਨਗੇ ਅਗੇਰੇ, ਇਹ ਧਰਮ ਕਰਮ ਖ਼ਾਤਿਰ,

ਹੁਣ ਤੋਂ ਹੀ ਚੌਧਰਾਂ ਲਈ, ਨਾਟਕ ਦਖਾਉਣ ਵਾਲੇ

----

ਯਾ ਰੱਬ! ਸੁਮੱਤ ਬਖਸ਼ੀਂ, ਇਨ੍ਹਾਂ ਲੀਡਰਾਂ ਨੂੰ ਸਾਡੇ,

ਏਕੇ ਤੇ ਪਿਆਰ ਅੰਦਰ, ਲੂਤੀ ਜੋ ਲਾਉਣ ਵਾਲੇ


Wednesday, March 25, 2009

ਸ਼ੇਰ ਸਿੰਘ ਕੰਵਲ - ਗ਼ਜ਼ਲ

ਸਾਹਿਤਕ ਨਾਮ: ਸ਼ੇਰ ਸਿੰਘ ਕੰਵਲ

ਅਜੋਕਾ ਨਿਵਾਸ: ਨਿਆਗਰਾ ਫਾਲਜ਼, ਯੂ.ਐੱਸ.ਏ.

ਕਿਤਾਬਾਂ: ਕਾਵਿ-ਸੰਗ੍ਰਹਿ: ਪੱਥਰ ਦੀ ਅੱਖ, ਗੁਲਾਬ, ਫ਼ਾਨੂਸ ਤੇ ਬਰਫ਼, ਆਨੰਦਪਰ ਬਨਾਮ ਦਿੱਲੀ, ਮੋਹ-ਮਹਿਲ, ਸੰਦਲੀ ਰੁੱਤ, ਮਿੱਟੀ ਦੇ ਮੋਰ ਅਤੇ ਗ਼ਜ਼ਲ ਸੰਗ੍ਰਹਿ: ਕਾਸ਼ਨੀ ਦੇ ਫੁੱਲ ਪ੍ਰਕਾਸ਼ਿਤ ਹੋ ਚੁੱਕੇ ਹਨ।

----

ਪ੍ਰਕਾਸ਼ਨ ਅਧੀਨ: ਕਾਵਿ-ਸੰਗ੍ਰਹਿ: ਕੱਚ ਦੀਆਂ ਮੁੰਦਰਾਂ, ਚੀਨੇ ਕਬੂਤਰ, ਢਾਈ ਪੱਤ ਮਛਲੀ ਦੇ, ਵਿਅੰਗ-ਸੰਗ੍ਰਹਿ: ਕਿੱਸਾ ਪਰਦੇਸੀ ਰਾਂਝਣ, ਹੱਸਦੇ ਹੱਸਦੇ ਜਾਂਦੇ ਜਾਂਦੇ ਅਤੇ ਵਾਰਤਕ-ਸੰਗ੍ਰਹਿ : ਪੰਜਾਬ ਦੇ ਮੇਲੇ ਪ੍ਰਕਾਸ਼ਨ ਅਧੀਨ ਹਨ।

----

ਇਨਾਮ-ਸਨਮਾਨ: 1977 ਚ ਛਪੀ ਕਿਤਾਬ ਗੁਲਾਬ, ਫ਼ਾਨੂਸ ਤੇ ਬਰਫ਼ ਬਦਲੇ ਭਾਈ ਵੀਰ ਸਿੰਘ ਪੁਰਸਕਾਰ ਅਤੇ ਹੋਰ ਬਹੁਤ ਸਾਰੇ ਇਨਾਮਾਂ ਨਾਲ਼ ਸਨਮਾਨਿਆ ਜਾ ਚੁੱਕਾ ਹੈ।

----

ਕੰਵਲ ਸਾਹਿਬ ਨੂੰ ਸਭ ਤੋਂ ਲੰਮੀ ਤੋਰੀ ( Zuchhini Courgette) ਪੈਦਾ ਕਰਕੇ ਕਿਸੇ ਖੇਤੀ ਉਪਜ ਲਈ ਪਹਿਲੇ ਸਿੱਖ ਤੇ ਭਾਰਤੀ ਮੂਲ ਦੇ ਵਿਅਕਤੀ ਵਜੋਂ ਗਿਨੀਜ਼ ਵਰਲਡ ਰਿਕਾਰਡ ਕਾਇਮ ਕਰਨ ਦਾ ਵੀ ਮਾਣ ਹਾਸਲ ਹੈ।

---

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਕੰਵਲ ਸਾਹਿਬ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਵਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਦੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

------

ਗ਼ਜ਼ਲ

ਜਦ ਤੋਂ ਅਪਣੇ ਕਮਰੇ ਵਿਚ ਮੈਂ ਲਾਈਆਂ ਨੇ ਤਸਵੀਰਾਂ।

ਉਸ ਦਿਨ ਤੋਂ ਹੀ ਕਮਰੇ ਉਤੇ ਛਾਈਆਂ ਨੇ ਤਸਵੀਰਾਂ।

----

ਕਦੇ ਉਦਾਸ ਪਲਾਂ ਵਿਚ ਇਹਨਾਂ ਮੈਨੂੰ ਹੈ ਪਰਚਾਇਆ,

ਮੈਂ ਵੀ ਏਵੇਂ ਕਦੇ ਕਦੇ ਪਰਚਾਈਆਂ ਨੇ ਤਸਵੀਰਾਂ।

----

ਤਨਹਾਈ ਵਿਚ ਜਦੋਂ ਕਦੇ ਮੈਂ ਵਾਜ਼ ਕਿਸੇ ਨੂੰ ਮਾਰੀ,

ਚੌਖਟਿਆਂ ਚੋਂ ਨਿਕਲ਼ ਕੇ ਇਹ ਆਈਆਂ ਨੇ ਤਸਵੀਰਾਂ।

----

ਤਸਵੀਰਾਂ ਦੇ ਰੰਗਾਂ ਨੂੰ ਹੈ ਕੌਣ ਸੂਝ ਕੇ ਵਰਿਆ,

ਕਿਹੜੀ ਸੋਚ ਨੇ ਧੁਰ ਤੋਂ ਧੁਰ ਤਕ ਪਾਈਆਂ ਨੇ ਤਸਵੀਰਾਂ।

-----

ਇਹਨਾਂ ਦੀ ਗਰਮੀ ਨੇ ਮੇਰੇ ਯਖ਼ ਕੱਕਰ ਨੇ ਭੰਨੇ,

ਠਰੀਆਂ ਹੋਈਆਂ ਮੈਂ ਵੀ ਤਾਂ ਗਰਮਾਈਆਂ ਨੇ ਤਸਵੀਰਾਂ।

----

ਰੰਗ ਜ਼ਮਾਨੇ ਭਰ ਦੇ ਇਹਨਾਂ ਵਿਚ ਭਰ ਭਰ ਕੇ ਵੇਖੇ,

ਫਿਰ ਵੀ ਪਹਿਲਾਂ ਵਾਂਗੂੰ ਹੀ ਤਿਰਹਾਈਆਂ ਨੇ ਤਸਵੀਰਾਂ।

----

ਉਂਞ ਤਾਂ ਅਪਣੇ ਕਮਰੇ ਵਿਚ ਤਸਵੀਰਾਂ ਲਾਵਣ ਸਾਰੇ,

ਰਾਸ ਕਿਸੇ ਨੂੰ ਦੱਸੋ ਜੇਕਰ ਆਈਆਂ ਨੇ ਤਸਵੀਰਾਂ।

----

ਉਸ ਦਿਨ ਮੇਰਾ ਕਮਰਾ ਮੈਨੂੰ ਖਾਣ ਲਈ ਹੀ ਆਇਆ,

ਜਿਸ ਦਿਨ ਅਪਣੇ ਕਮਰੇ ਚੋਂ ਮੈਂ ਲਾਹੀਆਂ ਨੇ ਤਸਵੀਰਾਂ।

----

ਕੀ ਆਖਾਂ ਇਹ ਚੰਗਾ ਹੋਇਆ ਜਾਂ ਕੁਝ ਹੋਇਆ ਮੰਦਾ,

ਜਦ ਬਾਜ਼ਾਰ ਚ ਮੇਰੇ ਸੰਗ ਟਕਰਾਈਆਂ ਨੇ ਤਸਵੀਰਾਂ।

----

ਦਫ਼ਤਰ ਦੇ ਵਿਚ ਅਫ਼ਸਰ ਕਦੇ ਨਾ, ਕੰਮ ਦਾ ਸ਼ਿਕਵਾ ਕੀਤਾ,

ਜਦ ਵੀ ਉਸ ਵੱਲ ਹੱਸੀਆਂ ਤੇ ਸ਼ਰਮਾਈਆਂ ਨੇ ਤਸਵੀਰਾਂ।

----

ਹਾਕਮ ਦੇ ਮਨ ਭੁੱਖ ਵਸੀ ਹੈ ਤਸਵੀਰਾਂ ਮਾਨਣ ਦੀ,

ਆਪਣੀ ਕੋਠੀ ਚੁਣ ਚੁਣ ਉਸ ਮੰਗਵਾਈਆਂ ਨੇ ਤਸਵੀਰਾਂ।

================

ਗ਼ਜ਼ਲ

ਦਰਿਆ ਦੇ ਕੰਢੇ ਰਾਤ ਇਕ ਸੁਣਿਆ ਹੈ ਹੋਇਆ ਹਾਦਸਾ।

ਹੈ ਅਜਨਬੀ ਇਕ ਬੂੰਦ ਲਈ ਰੋਂਦਾ ਪਿਆਸਾ ਮਰ ਗਿਆ।

----

ਆਈ ਹਨੇਰੀ ਚੰਦਰੀ ਪੰਛੀ ਦੇ ਪੱਲੇ ਕੀ ਰਿਹਾ?

ਰੀਝਾਂ ਦਾ ਇਕੋ ਆਲ੍ਹਣਾ ਵੀ ਤੀਲ੍ਹਾ-ਤੀਲ੍ਹਾ ਹੋ ਗਿਆ।

----

ਸੀ ਉਹ ਗੁਬਾਰਾ ਰੰਗਲਾ ਉਡਿਆ ਤੇ ਉਡਦਾ ਹੀ ਗਿਆ,

ਬਸ ਕੀ ਪਤਾ ਕੀ ਹੋ ਗਿਆ? ਨਜ਼ਰੀਂ ਹੀ ਮੁੜ ਕੇ ਨਾ ਪਿਆ।

----

ਇਕ ਰੁੱਤ ਜ਼ਾਲਮ ਆਏਗੀ ਕਿ ਪੱਤ ਵੀ ਕਿਰ ਜਾਣਗੇ,

ਫੁੱਲਾਂ ਚੋਂ ਹੱਸਦੇ ਰੁੱਖ ਨੇ ਇਹ ਨਾ ਕਦੇ ਸੀ ਸੋਚਿਆ।

----

ਉਹ ਨਾਗ ਇਕ ਫੁੰਕਾਰਦਾ ਜੂਹਾਂ ਚ ਜੋ ਸੀ ਮੇਲ੍ਹਦਾ,

ਰੁਕਿਆ ਤੇ ਕੀਕਰ ਪਰਤਿਆ ਜਾਦੂ ਸੀ ਕਿਹੜੀ ਬੀਨ ਦਾ।

----

ਹੱਥਾਂ ਚ ਸਾਰੀ ਤਾਸ਼ ਸੀ, ਸੀ ਵਕ਼ਤ ਚਲਦੀ ਖੇਡ ਵੀ,

ਬਸ ਮਾਤ ਉਸਨੂੰ ਦੇ ਗਿਆ ਇਕੋ ਹੀ ਪੱਤਾ ਰੰਗ ਦਾ।

----

ਨਾ ਜ਼ਿੰਦਗੀ, ਨਾ ਖ਼ੁਦਕੁਸ਼ੀ ਕਹੀਏ ਤਾਂ ਇਸ ਨੂੰ ਫੇਰ ਕੀ?

ਇਲਜ਼ਾਮ ਅਪਣੇ ਆਪ ਤੇ ਹੈ ਯਾਰ ਅਪਣੇ ਕ਼ਤਲ ਦਾ।

----

ਮਰਦੇ ਆਵਾਜ਼ਾਂ ਦਿੱਤੀਆਂ, ਕੋਈ ਇਕ ਵੀ ਨਾ ਬਹੁੜਿਆ,

ਵਿੰਹਦੇ ਹੀ ਕੋਲ਼ੋਂ ਗੁਜ਼ਰਿਆ ਮਿੱਤਰਾਂ ਦਾ ਇਉਂ ਵੀ ਕਾਫ਼ਲਾ।

----

ਸੁਣਦੇ ਤਾਂ ਸੀ ਕਿ ਸਮਾਂ ਇਹ ਹੈ ਬਦਲਦੇ ਹੀ ਬਦਲਦਾ,

ਪਰ ਸਾਡੇ ਲਈ ਇਉਂ ਬਦਲਿਆ ਜਿਉਂ ਨਾ ਸੀ ਕਦੇ ਬਦਲਿਆ।


Tuesday, March 24, 2009

ਹਰਜਿੰਦਰ ਕੰਗ - ਨਜ਼ਮ

ਮਿਲ਼ਿਆ ਕਰੀਏ ਕਦੇ ਕਦੇ....

ਨਜ਼ਮ

ਜਦ ਜਦ ਵੀ ਹਾਂ ਮਿਲ਼ਦੇ ਆਪਾਂ

ਰਹਿ ਜਾਂਦਾ ਹੈ ਹਰ ਵਾਰੀ ਹੀ

ਤੇਰਾ ਕੁਝ ਮੇਰੇ ਕੋਲ਼

ਮੇਰਾ ਕੁਝ ਤੇਰੇ ਕੋਲ਼

....................

ਇੰਝ ਲੱਗੇ ਹੁਣ ਜਦ ਮਿਲ਼ਦੇ ਹਾਂ

ਕੁਝ ਕੁਝ ਮਿਲ਼ੀਏ ਇਕ ਦੂਜੇ ਨੂੰ

ਕੁਝ ਕੁਝ ਆਪਣੇ ਆਪ ਨੂੰ ਮਿਲ਼ੀਏ

ਹੌਲ਼ੀ-ਹੌਲ਼ੀ ਵਸ ਜਾਏਂਗਾ

ਤੂੰ ਮੇਰੇ ਵਿਚ ਮੈਂ ਤੇਰੇ ਵਿਚ

ਫਿਰ ਵਿਛੜਨ ਦਾ ਡਰ ਨਈਂ ਰਹਿਣਾ

....................

ਪਰ ਇਕ ਗੱਲ ਦਾ ਡਰ ਖਾਂਦਾ ਹੈ

ਤਾਂਘ ਮਿਲ਼ਣ ਦੀ ਮੁੱਕ ਜਾਏਗੀ

ਨਦੀ ਪਿਆਰ ਦੀ ਸੁੱਕ ਜਾਏਗੀ

ਇੰਜ ਨਾ ਹੋਵੇ ਇੰਜ ਨਾ ਕਰੀਏ

.....................

ਏਹਦੇ ਨਾਲ਼ੋਂ ਤਾਂ ਚੰਗਾ ਹੈ

ਮਿਲ਼ਿਆ ਕਰੀਏ ਕਦੇ ਕਦਾਈਂ

ਇਕ ਦੂਜੇ ਵਿਚ ਉਦੋਂ ਸਮਾਈਏ

ਸਾਹ ਜਦ ਪੁੱਜਣ ਮੁੱਕਣ ਤਾਈਂ

ਜਦ ਜਦ ਵੀ ਹਾਂ ਮਿਲ਼ਦੇ ਆਪਾਂ

ਰਹਿ ਜਾਂਦਾ ਹੈ ਹਰ ਵਾਰੀ ਹੀ

ਤੇਰਾ ਕੁਝ ਮੇਰੇ ਕੋਲ਼

ਮੇਰਾ ਕੁਝ ਤੇਰੇ ਕੋਲ਼।


ਸੁਖਦਰਸ਼ਨ ਧਾਲੀਵਾਲ - ਉਰਦੂ ਰੰਗ

ਗ਼ਜ਼ਲ

ਮਿਰੇ ਜ਼ਖ਼ਮੋਂ ਪੇ ਤੁਮ ਮਰਹਮ ਲਗਾਦੋਗੇ ਅਗਰ ਯਾਰੋ

ਜ਼ਰਾ ਆਸਾਨ ਗੁਜ਼ਰੇਗਾ ਮੁਹੱਬਤ ਕਾ ਸਫ਼ਰ ਯਾਰੋ

----

ਯਹਾਂ ਕਿਸ ਕੋ ਕਿਸੀ ਸੇ ਕਬ ਹੋ ਜਾਏ ਕੁਛ ਨਹੀਂ ਮਾਲੂਮ,

ਮੁਹੱਬਤ ਕੇ ਲਿਏ ਹੋਤੀ ਹੈ ਕਾਫ਼ੀ ਇਕ ਨਜ਼ਰ ਯਾਰੋ

----

ਨਜ਼ਰ ਸੇ ਦੂਰ ਹੈ ਤੋ ਕਯਾ ਮਿਰੇ ਵੋ ਦਿਲ ਮੇਂ ਰਹਿਤੇ ਹੈਂ,

ਬਹੁਤ ਗ਼ਹਿਰਾ ਉਤਰ ਜਾਏ ਮੁਹੱਬਤ ਕਾ ਅਸਰ ਯਾਰੋ

----

ਪਤਾ ਚਲ ਜਾਏਗਾ ਉਨ ਕੀ ਮੁਹੱਬਤ ਕਾ ਭੀ ਨਜ਼ਰੋਂ ਸੇ,

ਮੁਹੱਬਤ ਕੇ ਇਸ਼ਾਰੋਂ ਕੋ ਸਮਝਤੇ ਹੋ ਅਗਰ ਯਾਰੋ

----

ਮੁਹੱਬਤ ਕੇ ਸਫ਼ਰ ਮੇਂ ਤੋ ਨਮੀ ਰਹਿਤੀ ਹੈ ਆਂਖੋਂ ਮੇਂ,

ਜਵਾਨੀ ਮੇਂ ਥਾ ਮੈਂ ਭੀ ਇਸ ਖ਼ਬਰ ਸੇ ਬੇਖ਼ਬਰ ਯਾਰੋ।


Monday, March 23, 2009

ਜਸਬੀਰ ਕਾਲਰਵੀ - ਗ਼ਜ਼ਲ

ਸਾਹਿਤਕ ਨਾਮ: ਜਸਬੀਰ ਕਾਲਰਵੀ

ਅਜੋਕਾ ਨਿਵਾਸ: ਕੈਨੇਡਾ

ਕਿਤਾਬਾਂ: ਕਾਵਿ-ਸੰਗ੍ਰਹਿ: ਖ਼ਲਾਅ ਚ ਤਰਦਾ ਚਿਹਰਾ, ਅਗਸਤ ਪੰਦਰਾਂ, ਰਵਾਲ, (ਪੰਜਾਬੀ ਚ) ਅਤੇ ਰਬਾਬ ( ਹਿੰਦੀ ਚ), ਨਾਵਲ: ਫਤਹਿ, ਅੰਮ੍ਰਿਤ, ( ਪੰਜਾਬੀ ਚ) ਪ੍ਰਕਾਸ਼ਿਤ ਹੋ ਚੁੱਕੇ ਹਨ। ਨਾਵਲ: ਨਹੀਂ, ਕਾਵਿ-ਸੰਗ੍ਰਹਿ: ਗੁੰਬਦ (ਪੰਜਾਬੀ ਚ) ਅਤੇ ਹਿੰਦੀ ਕਾਵਿ-ਸੰਗ੍ਰਹਿ: ਏਕਲ ਮਾਟੀ ਪ੍ਰਕਾਸ਼ਨ ਅਧੀਨ ਹਨ।

---

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਜਸਬੀਰ ਕਾਲਰਵੀ ਜੀ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਵਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਦੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਗ਼ਜ਼ਲ

ਮੇਰੀ ਆਹਟ ਨੂੰ ਸੁਣ ਕੇ ਦਰ ਤੇਰਾ ਵੀ ਭਿੜ ਗਿਆ ਲਗਦਾ।

ਇਹ ਵੀ ਕਮਬਖ਼ਤ ਮੇਰਾ ਨਾਮ ਸੁਣ ਕੇ ਚਿੜ੍ਹ ਗਿਆ ਲਗਦਾ।

----

ਉਨ੍ਹਾਂ ਮਿੱਠੇ ਜਿਹੇ ਅਹਿਸਾਸ ਤੇ ਇੰਝ ਮਾਰੀਆਂ ਸੱਟਾਂ,

ਇਹ ਦਿਲ ਦਾ ਡੂੰਮਣਾ ਮੇਰੇ ਹੀ ਅੰਦਰ ਛਿੜ ਗਿਆ ਲਗਦਾ।

----

ਹਜ਼ਾਰਾਂ ਸੂਰਤਾਂ ਹੁਣ ਦਿਖਦੀਆਂ ਨੇ ਤੇਰੀਆਂ ਦਿਲ ਵਿਚ,

ਹਕੀਕਤ ਇਹ ਹੈ ਮੇਰੇ ਦਿਲ ਦਾ ਸ਼ੀਸ਼ਾ ਤਿੜ ਗਿਆ ਲਗਦਾ।

----

ਪਤਾ ਮੈਨੂੰ ਨਹੀਂ ਕਿ ਯਾਦ ਉਸਦੀ ਆ ਰਹੀ ਕਿੱਥੋਂ,

ਮੇਰਾ ਮਨ ਅੰਦਰੋ ਅੰਦਰ ਹੀ ਕਿੰਨਾ ਖਿੜ ਗਿਆ ਲਗਦਾ।

----

ਉਹ ਜਿਸਨੂੰ ਮਾਰਦਾ ਰਹਿੰਦਾ ਸੀ ਮੈਂ ਲੋਕਾਂ ਦੇ ਮੱਥੇ ਤੇ,

ਮੇਰੇ ਆਹਮ ਦਾ ਉਹ ਪੱਥਰ ਕਿਤੇ ਹੁਣ ਰਿੜ੍ਹ ਗਿਆ ਲਗਦਾ।

----

ਮੇਰੀ ਆਹਟ ਨੂੰ ਸੁਣ ਕੇ ਦਰ ਤੇਰਾ ਵੀ ਭਿੜ ਗਿਆ ਲਗਦਾ।

ਜਦੋਂ ਹੁਣ ਜਾ ਰਿਹਾਂ ਵਾਪਿਸ ਤਾਂ ਇਹ ਵੀ ਖਿੜ ਗਿਆ ਲਗਦਾ।

==========

ਗ਼ਜ਼ਲ

ਉਸਦੇ ਘਰ ਦੇ ਬੂਹੇ ਅੱਗੇ ਜੇ ਖ਼ਤ ਧਰ ਜਾਵਾਂਗਾ।

ਅਪਣੇ ਉਸਦੇ ਖ਼ਾਲੀਪਣ ਨੂੰ ਕੁਝ ਤਾਂ ਭਰ ਜਾਵਾਂਗਾ।

----

ਜਿਸਦੇ ਸ਼ਹਿਰ ਚ ਫਿਰਦਾ ਹਾਂ ਮੈਂ ਝੜਿਓ ਪੱਤੇ ਵਾਂਗੂੰ,

ਰੁੱਖ ਹਵਾ ਦਾ ਜਦ ਬਦਲੇਗਾ ਉਸਦੇ ਘਰ ਜਾਵਾਂਗਾ।

----

ਠੋਕਰ ਖਾ ਕੇ ਜਦ ਉੱਠਾਂਗੇ ਮੈਂ ਤੇ ਮੇਰਾ ਸਾਇਆ,

ਕੁਝ ਤਾਂ ਮੈਥੋਂ ਉਹ ਡਰ ਜਾਊ, ਕੁਝ ਮੈਂ ਡਰ ਜਾਵਾਂਗਾ।

----

ਮੈਂ ਤਾਂ ਮਰ ਕੇ ਹੰਸ ਬਣਾਂਗਾ ਜਾਂ ਫਿਰ ਬੂੰਦ ਸਵਾਤੀ,

ਖ਼ਾਲੀ ਮਾਨਸਰੋਵਰ ਅੰਬਰ ਕਿੱਦਾਂ ਜਰ ਜਾਵਾਂਗਾ।

----

ਇੱਕ ਵੀ ਹੰਝੂ ਡਿਗਿਆ ਤਾਂ ਦੂਣਾ ਛਲਕੇਗਾ ਇਹ,

ਜੀਵਨ ਦੇ ਇਸ ਸਾਗਰ ਨੂੰ ਮੈਂ ਏਨਾ ਭਰ ਜਾਵਾਂਗਾ।

----

ਤਨਹਾ ਸੜਕਾਂ, ਥਿੜਕੀ ਆਹਟ ਤੇ ਰੁਲ਼ਦੀ ਮੰਜ਼ਿਲ ਨੂੰ,

ਤੇਰੇ ਬਾਝੋਂ ਅਪਣੇ ਨਾਅ ਮੈਂ ਇਹ ਸਭ ਕਰ ਜਾਵਾਂਗਾ।