ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਸੁਰਿੰਦਰ ਸਿੰਘ ਸੁੱਨੜ. Show all posts
Showing posts with label ਸੁਰਿੰਦਰ ਸਿੰਘ ਸੁੱਨੜ. Show all posts

Thursday, January 1, 2009

ਸੁਰਿੰਦਰ ਸਿੰਘ ਸੁੱਨੜ - ਨਜ਼ਮ

ਨਵਾਂ ਸਾਲ ਮੁਬਾਰਕ

ਨਜ਼ਮ

ਸ਼ੁਕਰ ਹੈ ਹਰ ਦਿਨ ਦਾ ਤੇ ਸ਼ੁਕਰ ਹੈ ਹਰ ਪਹਿਰ ਦਾ,

ਹਰ ਗਲੀ ਦਾ ਹਰ ਮਹੱਲੇ ਅਤੇ ਹਰ ਇੱਕ ਸ਼ਹਿਰ ਦਾ।

----

ਦੁੱਖ ਸੁਖ ਤਾਂ ਦੋਵੇ ਹੀਂ ਵਸਤਰ ਨੇ ਸਾਡੇ ਦੋਸਤਾ!

ਸ਼ੁਕਰ ਕਰੀਏ ਸਾਰੇ ਮਿਲਕੇ ਵਾਹਿਗੁਰੂ ਦੀ ਮਿਹਰ ਦਾ।

----

ਰੀਂਘਦੇ ਫਿਰਦੇ ਨੇ ਕਿੰਨੇ ਜੀਵ ਕੋਈ ਹਿਸਾਬ ਨਾ,

ਪਾਤਾਲਾਂ ਵਿੱਚ ਜੀਵ ਗਿਣਤੀ ਦੀ ਕੋਈ ਕਿਤਾਬ ਨਾ।

----

ਆਸਮਾਂ ਤੇ ਉੱਡਦਿਆਂ ਨੂੰ ਕੌਣ ਦੇਂਦਾ ਹੈ ਮੁਬਾਰਕ,

ਦਿਲ ਦਾ ਜਾਨੀ ਹੀ ਦਵੇ ਖਿੜਿਆ ਫੁੱਲ ਗੁਲਾਬ ਦਾ।

----

ਸਾਂਝ ਭਿਆਲੀ ਹੋਰ ਪੱਕੀ ਕਰਨ ਦੀ ਇੱਕ ਆਸ ਹੈ,

ਕਲਮਾਂ ਦੀ ਸਾਡੀ ਸਾਂਝ ਵਧਦੀ ਰਹੇਗੀ ਵਿਸ਼ਵਾਸ ਹੈ।

----

'ਨਵੇਂ ਸਾਲ' ਵਿੱਚ ਹੋਰ ਲਾਗੇ ਹੋਣ ਦੀ ਇੱਕ ਰੀਝ ਹੈ,

ਕਲਮਾਂ ਵਾਲੇ ਦੋਸਤਾਂ ਲਈ ਤਹਿ ਦਿਲੋਂ ਅਰਦਾਸ ਹੈ।

----

ਰੱਬ ਕਰੇ ਕਲਮਾਂ ਚੋਂ ਮਹਿਕ ਬਸ ਆਉਂਦੀ ਰਹੇ,

ਸੋਹਣੇ ਸੋਹਣੇ ਫੁੱਲ ਫੁਲਵਾੜੀ ‘ਚ ਨਿੱਤ ਲਾਉਂਦੀ ਰਹੇ।

----

ਭੁੱਖ ਹੈ 'ਸੁੱਨੜ' ਨੂੰ ਸਭ ਦੇ ਹੋਰ ਲਾਗੇ ਹੋਣ ਦੀ,

ਰੀਝ ਮੇਰੀ ਰੱਬ ਕਰੇ ਸਭ ਨੂੰ ਇਹ ਭੁੱਖ ਲਾਉਂਦੀ ਰਹੇ।

----

ਸੁਪਨਾ ਤਾਂ ਸੁਪਨਾ ਹੈ ਫਿਰ ਵੀ ਸੁਪਨਾ ਮੇਰਾ ਯਾਰ ਹੈ,

ਸੁਪਨਿਆਂ ਦੇ ਆਸਰੇ ਤਾਂ ਵੱਸ ਰਿਹਾ ਸੰਸਾਰ ਹੈ।

----

ਉਹ ਵੀ ਕਾਹਦਾ ਦਿਲ ਹੈ ਜਿਸਦਾ ਕੋਈ ਵੀ ਸੁਪਨਾ ਨਹੀਂ,

ਆਉਂਦੇ ਜਾਂਦੇ ਰਿਹੋ ਜੀ ਆਪਣਾ ਤਾਂ ਇੱਕ ਪਰਿਵਾਰ ਹੈ।

Tuesday, December 30, 2008

ਸੁਰਿੰਦਰ ਸਿੰਘ ਸੁੱਨੜ - ਇਤਿਹਾਸ ਝਰੋਖਾ

ਆਪਣਾ ਅਤੀਤ
ਭਾਗ ਪੰਜਵਾਂ
ਇਤਿਹਾਸ ਝਰੋਖਾ

ਚਾਲੀ ਸਾਲ ਪਹਿਲਾਂ ਜਦੋਂ ਮੈਂ ਸਰਕਾਰੀ ਹਾਈ ਸਕੂਲ ਕਾਲਾ ਸੰਘਿਆਂ ਵਿੱਚ ਆਖਰੀ ਜਮਾਤ ਵਿੱਚ ਸਾਂ ਤਾਂ ਮੈਨੂੰ ਹੜੱਪਾ ਤੇ ਮਹਿੰਜੋਦੜੋ ਬਾਰੇ ਪਤਾ ਸੀ ਕਿ ਬਹੁਤ ਹੀ ਪੁਰਾਣੇ ਸ਼ਹਿਰ ਸਨ। ਸਿੰਧ ਘਾਟੀ ਦੀ ਸੱਭਿਅਤਾ ਬਾਰੇ ਵੀ ਜਿੰਨਾ ਕੁ ਪੜ੍ਹਿਆ ਯਾਦ ਸੀ। ਸਮਾਂ ਬੀਤਦਾ ਗਿਆ ਪਰ ਉਹ ਯਾਦਾਂ ਉਵੇਂ ਹੀ ਬਣੀਆਂ ਰਹੀਆਂ। ਜਦ ਕਦੇ ਵੀ ਕਿਤੇ ਸੱਭਿਅਤਾ ਦੀ ਗੱਲ ਚੱਲਦੀ ਤਾਂ ਮੇਰੇ ਦਿਲ ਵਿੱਚ ਉਹ ਹੀ ਹਾਈ ਸਕੂਲ ਵਾਲੀ ਯਾਦ ਤਾਜ਼ਾ ਹੋ ਜਾਂਦੀ ਕਿ ਹੜੱਪਾ ਤੇ ਮਹਿੰਜੋਦੜੋ ਸਿੰਧ ਘਾਟੀ ਦੀ ਸੱਭਿਅਤਾ ਦੇ ਬਹੁਤ ਪੁਰਾਣੇ ਸ਼ਹਿਰ ਸਨ। ਕੈਲੇਫੋਰਨੀਆ ਵਿੱਚ ਰਹਿੰਦਿਆਂ ਜਦੋਂ ਮੈਨੂੰ ਮਹਿਸੂਸ ਹੋਇਆ ਕਿ ਹੁਣ ਰੋਜ਼ੀ-ਰੋਟੀ ਲਈ ਸਿਰ ਧੜ ਦੀ ਬਾਜ਼ੀ ਲਾਉਣ ਦੀ ਲੋੜ ਨਹੀਂ ਤਾਂ ਮੈਂ ਫਿਰ ਤੋਂ ਪੜ੍ਹਨਾ ਲਿਖਣਾ ਸ਼ੁਰੂ ਕਰ ਦਿੱਤਾ। 1975 ਵਿੱਚ ਪੰਜਾਬੀ ਦੀ ਐਮ ਏ ਕਰਨ ਤੋਂ ਬਾਅਦ ਪੜ੍ਹਨ ਲਿਖਣ ਨਾਲ ਬਹੁਤੀ ਰਿਸ਼ਤੇਦਾਰੀ ਨਹੀਂ ਸੀ ਰਹੀ। ਮੇਰੇ ਮਿੱਤਰ ਦੋਸਤ ਕਈ ਵਾਰ ਗੁਰਦਵਾਰਿਆਂ ਦੀ ਚੋਣ ਵੇਲੇ ਇੱਕ ਦੂਜੇ ਨਾਲ ਬੜੇ ਪੰਗੇ ਲੈਂਦੇ, ਮੈਨੂੰ ਇਹ ਬਿਲਕੁਲ ਚੰਗਾ ਨਾ ਲੱਗਣਾ। ਮੇਰੀਆਂ ਕਹਾਣੀਆਂ ਕਵਿਤਾਵਾਂ ਤਾਂ ਅਕਸਰ ਲੋਕ ਅਖਬਾਰਾਂ ਰਸਾਲਿਆਂ ਵਿੱਚ ਪੜ੍ਹਦੇ ਹੀ ਸੀ ਲੇਕਿਨ ਜਦ ਇੱਕ ਨਿੱਕਾ ਜਿਹਾ ਲੇਖ ਲਿਖਿਆ "ਆਪਣਾ ਅਤੀਤ" ਤਾਂ ਪਾਠਕਾਂ ਨੇ ਬਹੁਤ ਪਸੰਦ ਕੀਤਾ। ਇਸ ਲੇਖ ਵਿੱਚ ਮੈਂ ਕਹਿਣ ਦਾ ਯਤਨ ਕੀਤਾ ਕਿ ਸਾਡਾ ਅੱਜ ਤੱਕ ਜੋ ਵੀ ਨੁਕਸਾਨ ਹੋਇਆ ਉਹ ਹੋਰ ਕਿਸੇ ਨੇ ਨਹੀਂ ਕੀਤਾ ਬਲਕੇ ਕੋਈ ਕਸੂਰ ਤੇਰਾ ਹੈ ਕੁਝ ਕਸੂਰ ਮੇਰਾ ਹੈ ਤੇ ਕੁਝ ਕਸੂਰ ਆਪਾਂ ਦੋਹਾਂ ਦਾ ਹੈ।
ਉਸ ਵਕਤ ਮੈਨੂੰ ਇਹ ਬਿਲਕੁਲ ਨਹੀਂ ਸੀ ਪਤਾ ਕਿ ਮੈਂ ਆਪਣੇ ਅਤੀਤ ਬਾਰੇ ਕਈ ਹੋਰ ਲੇਖ ਲਿਖਾਂਗਾ। ਇਹ ਤਾਂ ਬਿਲਕੁਲ ਨਹੀਂ ਸੀ ਸੋਚਿਆ ਕਿ ਪੁਰਾਤਨ ਸਭਿਅਤਾ ਦੇ ਬਾਰੇ ਪੜ੍ਹਦਿਆਂ ਪੜ੍ਹਦਿਆਂ ਮੈਂ ਯੁਨਾਨੀਆਂ, ਅਫਰੀਕਣਾ, ਪਰਸ਼ੀਅਨ ਲੋਕਾਂ ਅਤੇ ਚੀਨ ਦੀ ਸਭਿਅਤਾ ਬਾਰੇ ਕਿਤਾਬਾਂ ਵਿੱਚੋਂ ਕੁਝ ਐਸਾ ਮਹਿਸੂਸ ਕਰਨ ਲੱਗ ਪਵਾਂਗਾ ਕਿ ਹੜੱਪਾ ਤੇ ਮਹਿੰਜੋਦੜੋ ਦੀ ਖੋਜ ਕਿਸਨੇ ਕੀਤੀ ਤੇ ਕਦੋਂ ਕੀਤੀ। ਇਹ ਸਵਾਲ ਦਿਲ ਵਿੱਚ ਲਈ ਫਿਰਦਾ ਮੈਂ ਕਈ ਦੇਸ਼ਾਂ ਵਿੱਚ ਘੁੰਮਦਾ ਰਿਹਾ। ਸੌ ਦੇ ਕਰੀਬ ਕਿਤਾਬਾਂ ਵੀ ਪੜ੍ਹੀਆਂ, ਕੁਝ ਕਿਤਾਬਾਂ ਮੈਨੂੰ ਮੇਰੇ ਪੁਰਾਣੇ ਕਾਲਜ ਸਰਕਾਰੀ ਕਾਲਜ ਕਪੂਰਥਲਾ ਦੇ ਪ੍ਰਿੰਸੀਪਲ ਡਾਕਟਰ ਪਰਿਤਪਾਲ ਦੀ ਨਿੱਜੀ ਲਾਇਬ੍ਰੇਰੀ ਵਿੱਚੋਂ ਮਿਲ ਗਈਆਂ। ਜਿਵੇਂ ਜਿਵੇਂ ਮੈਂ ਹੋਰ ਕਿਤਾਬਾਂ ਪੜ੍ਹਦਾ ਗਿਆ ਮੇਰੀ ਉਤਸੁਕਤਾ ਹੋਰ ਵਧਦੀ ਗਈ। ਹੜੱਪਣ ਸੱਭਿਅਤਾ ਦੀਆਂ ਥੋੜੀਆਂ ਬਹੁਤ ਗੱਲਾਂ ਸਾਰਿਆਂ ਨੇ ਕੀਤੀਆਂ ਪਰ ਕਿਸੇ ਨੇ ਵੀ ਖੁੱਲ ਕੇ ਨਹੀਂ ਲਿਖਿਆ ਕਿ ਕਿਸ ਬਿਨਾ ਤੇ ਯੂਨਾਨ, ਅਫਰੀਕਾ ਤੇ ਅਰਬੀਅਨ ਸੱਭਿਅਤਾਵਾਂ ਨੂੰ ਇਨਸਾਨ ਦੀਆਂ ਮੁੱਢਲੀਆਂ ਸਭਿਅਤਾਵਾਂ ਕਿਹਾ ਜਾਂਦਾ ਹੈ। ਜਿਵੇਂ ਜਿਵੇਂ ਮੈਂ ਹੋਰ ਕਿਤਾਬਾਂ ਦੇਖਦਾ ਗਿਆ ਓਨਾ ਹੀ ਮੈਂ ਗਵਾਚਦਾ ਗਿਆ। ਮੇਰੀ ਰਾਤਾਂ ਦੀ ਨੀਂਦ ਖਰਾਬ ਹੋਣ ਲੱਗ ਪਈ। ਮੈਂ ਆਪਣੇ ਆਪ ਨੂੰ ਬੜਾ ਸਮਝਾਵਾਂ ਕਿ ਮੈਂ ਇਸ ਦਾ ਪਤਾ ਲਾਅ ਕੇ ਕੀ ਕਰਨਾ। ਕਵਿਤਾ ਲਿਖਾਂ ਚੁੱਪ ਕਰਕੇ, ਕਦੇ ਕੋਈ ਕਹਾਣੀ ਲਿਖ ਦਿਆ ਕਰਾਂ। ਮੇਰੀਆਂ ਹਲਕੀਆਂ ਫੁਲਕੀਆਂ ਰਚਨਾਵਾਂ ਲੋਕ ਬੜੇ ਸ਼ੌਕ ਨਾਲ ਪੜ੍ਹਨ ਲੱਗ ਪਏ ਹਨ। ਹਲਕੇ ਮਿਜਾਜ਼ ਵਿੱਚ ਲਿਖੀਆਂ ਪੰਜ ਕਿਤਾਬਾਂ ਪਾਠਕ ਚਸਕੇ ਲੈ ਲੈ ਕੇ ਪੜ੍ਹਦੇ ਹਨ, ਮੈਂ ਕਿਸ ਚੱਕਰ ਵਿੱਚ ਪੈ ਗਿਆਂ। ਲੇਕਿਨ ਮੇਰੀ ਸੋਚ ਨੂੰ ਆਪਣੇ ਅਤੀਤ ਨੇ ਐਸੀ ਕੈਂਚੀ ਮਾਰੀ ਕਿ ਕਿਸੇ ਪਾਸੇ ਹਿੱਲਣ ਹੀ ਨਾ ਦੇਵੇ। ਸਾਧ ਕੰਬਲੀ ਨੂੰ ਛੱਡੇ ਪਰ ਕੰਬਲੀ ਨਾ ਛੱਡੇ।
ਕਿਤਾਬਾਂ ਵਿੱਚੋਂ ਗੱਲ ਨਾ ਬਣਦੀ ਦਿਸੇ, ਮੈਂ ਹਾਰ ਕੇ ਇੰਟਰਨੈਟ ਵਿੱਚੋਂ ਨਵੇਂ ਜ਼ਮਾਨੇ ਦੇ ਲੋਕਾਂ ਦੀਆਂ ਨਵੀਆਂ ਗੱਲਾਂ ਪੜ੍ਹਨ ਲੱਗ ਪਿਆ। ਇੰਟਰਨੈਟ ਤੋਂ ਜਦ ਮੈਂ ਆਪਣੇ ਅਤੀਤ ਦੇ ਪਿੱਛੇ ਭੱਜਦਾ ਭੱਜਦਾ ਮੁੜ ਘੁੜ ਕੇ ਵਾਪਿਸ ਪੰਜਾਬ ਪਹੁੰਚਾ ਤਾਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਅਸਲੀਅਤ ਦਾ ਪਤਾ ਲੱਗਣ ਤੇ ਮੈਨੂੰ ਮੇਰੀ ਉਤਸੁਕਤਾ ਦੇ ਅਰਥ ਸਮਝ ਆਏ। ਫਰਦ ਵੇਖੀ ਤਾਂ ਪਤਾ ਲੱਗਾ ਕਿ ਸਾਡੀ ਜਮੀਨ ਤਾਂ ਸਾਰੀ ਉਮਰ ਗੈਰ ਹੀ ਵਾਹੁੰਦੇ ਰਹੇ। ਪਟਵਾਰੀ ਵੀ ਉਨ੍ਹਾਂ ਦੇ, ਕਾਸ਼ਤਕਾਰ ਵੀ ਉਹ ਫਿਰ ਮਾਲਕਾਂ ਨੂੰ ਕਿਵੇਂ ਪਤਾ ਲੱਗ ਸਕਦਾ ਸੀ। ਮੇਰੀ ਹੈਰਾਨੀ ਵਿੱਚੋਂ ਮੈਨੂੰ ਸੰਗ ਜਿਹੀ ਵੀ ਆਵੇ ਕਿ ਅਸੀਂ ਕਿਓਂ ਸੁੱਤੇ ਰਹੇ ਅੱਜ ਤੱਕ। ਕਿਸੇ ਨੇ ਵੀ ਆਪਣੇ ਅਤੀਤ ਬਾਰੇ ਸੋਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੋ ਕੁਝ ਨਵੀਆਂ ਤੇ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਦਾ ਮੈਨੂੰ ਪਤਾ ਲੱਗਾ ਮੈਂ ਸਾਰੇ ਪਾਠਕਾਂ ਨਾਲ ਸਾਂਝੀਆਂ ਕਰਨਾ ਚਾਹੰਦਾ ਹਾਂ। ਮੈਂ ਨਹੀਂ ਜਾਣਦਾ ਕਿ ਇਹ ਤੱਥ ਜੋ ਮੈਂ ਸਭ ਨਾਲ ਸਾਂਝੇ ਕਰਨ ਲੱਗਿਆ ਹਾਂ ਇਹ ਕਿਸੇ ਹੋਰ ਪੰਜਾਬੀ ਭਰਾ ਨੇ ਗੰਭੀਰਤਾ ਨਾਲ ਵਿਚਾਰੇ ਹੋਣ ਜਾਂ ਨਾ ਕਿਉਂਕਿ ਜੇ ਕਿਸੇ ਨੇ ਵਿਚਾਰੇ ਹੁੰਦੇ ਤਾਂ ਸਾਰੀ ਦੁਨੀਆਂ ਨੂੰ ਕੂਕ ਦੱਸਣਾ ਉਸਦਾ ਫਰਜ਼ ਬਣਦਾ ਸੀ। ਦੁਨੀਆਂ ਦੀ ਕਹਾਣੀ ਦੀ ਇਸ ਕਿਤਾਬ ਦਾ ਇਹ ਅਖੀਰਲਾ ਪੰਨਾ ਮੇਰੇ ਹਿਸਾਬ ਨਾਲ ਪਹਿਲਾ ਪੰਨਾ ਹੋਣਾ ਚਾਹੀਦਾ ਸੀ। ਲਓ ਫਿਰ ਸੁਣੋ ਮੈਨੂੰ ਕੀ ਜਾਣਕਾਰੀ ਮਿਲੀ :---
ਚਾਰਲਸ ਮੇਸਨ ਨੇ 1842 ਵਿੱਚ ਆਪਣੀ ਕਿਤਾਬ ਵਿੱਚ ਜ਼ਿਕਰ ਕੀਤਾ ਕਿ "ਸੁਣਿਆਂ ਹੈ ਕਿ (ਸਿੰਧ ਵਿੱਚ ਇੰਦਸ ਨਦੀ ਦੇ ਕਿਨਾਰੇ) ਇੱਕ ਸ਼ਹਿਰ ਸੀ ਜੋ ਕਿ ਤੇਰਾਂ ਕੋਹਾਂ ਵਿੱਚ ਸੀ"। ਕੋਈ ਨਾਂ ਨਹੀਂ ਸ਼ਹਿਰ ਦਾ
ਲਿਖਿਆ। ਸਨ 1856- 57 ਵਿੱਚ ਜਦ ਲਾਹੌਰ ਤੋਂ ਕਰਾਚੀ ਰੇਲਵੇ ਲਾਈਨ ਬਣਾ ਰਹੇ ਸਨ ਤਾਂ ਇੱਕ ਇੰਜਨੀਅਰ ਜੌਹਨ ਬਰੰਟਨ ਨੇ ਜ਼ਿਕਰ ਕੀਤਾ ਕਿ ਇੱਕ ਢਹਿ ਚੁੱਕੇ ਪੁਰਾਣੇ ਸ਼ਹਿਰ ਦਾ ਮਲਵਾ, ਸਖਤ ਤੇ ਅੱਗ ਦੇ ਨਾਲ ਪਕਾਈਆਂ ਹੋਈਆਂ ਏਨੀਆਂ ਇੱਟਾਂ ਮਿਲੀਆਂ ਕਿ 93 ਮੀਲ ਤੱਕ ਲਾਈਨ ਵਿਛਾਉਣ ਦੇ ਕੰਮ ਆਈਆਂ। ਕੁਝ ਦੇਰ ਬਾਅਦ ਵਿਲੀਅਮ ਬਰੰਟਨ ਜੋ ਕਿ ਜੌਹਨ ਦਾ ਹੀ ਭਰਾ ਸੀ ਤੇ ਉਹ ਵੀ ਇੰਜਨੀਅਰ ਸੀ, ਨੇ ਦੱਸਿਆ ਕਿ ਦਰਿਆ ਦੇ ਕਿਨਾਰੇ (ਹੜੱਪਾ) ਇੱਕ ਥੇਹ ਮਿਲਿਆ ਜਿਸ ਦਾ ਮਲਵਾ ਵੀ ਆਂਢੀ-ਗਵਾਂਢੀ ਪਿੰਡਾਂ ਦੇ ਲੋਕਾਂ ਨੇ ਚੁੱਕ ਖੜਿਆ ਸੀ। ਕਿਸੇ ਨੂੰ ਕੋਈ ਹੋਰ ਜਾਣਕਾਰੀ ਨਹੀਂ ਸੀ ਕਿ ਇਹ ਕਿਹੜੇ ਸ਼ਹਿਰ ਸਨ ਤੇ ਕਿੰਨੇ ਪੁਰਾਣੇ ਸਨ। ਸਨ 1912 ਵਿੱਚ ਇੱਕ ਖੋਜੀ ਮਿਸਟਰ ਜੇ. ਫਲੀਟ ਨੇ ਹੜੱਪਾ ਦੀ ਖੋਜ ਕੀਤੀ। ਖੁਦਾਈ ਕਰਦਿਆਂ ਹੜੱਪਾ ਸ਼ਹਿਰ ਦੇ ਨਾਂ ਦਾ ਪਤਾ ਲੱਗਾ। ਮੋਹਰਾਂ ਮਿਲੀਆਂ, ਗਹਿਣੇ ਮਿਲੇ, ਹਥਿਆਰ ਮਿਲੇ, ਵਜ਼ਨ ਕਰਨ ਵਾਲੇ ਵੱਟੇ ਮਿਲੇ, ਕਈ ਕਿਸਮ ਦੀਆਂ ਮੂਰਤੀਆਂ ਮਿਲੀਆਂ ਅਤੇ ਜੋ ਅੱਜ ਤੱਕ ਕਿਸੇ ਨੇ ਵੀ ਖੁੱਲ੍ਹ ਕੇ ਵਰਨਣ ਨਹੀਂ ਕੀਤਾ ਕਿ ਮਿਸਟਰ ਜੇ, ਫਲੀਟ ਨੂੰ ਲਿਖਤਾਂ ਮਿਲੀਆਂ ਅਤੇ ਗਿਣਤੀ ਕਰਨ ਦੀ ਵਿਧੀ ਵੀ ਮਿਲੀ। ਪੰਜਾਬੀ ਭਾਸ਼ਾ ਦੀਆਂ ਉਹ ਪਹਿਲੀਆਂ ਵਨਗੀਆਂ ਸਨ ਜੋ ਕਿਸੇ ਕਾਰਣ ਪੰਜਾਬੀਆਂ ਨਾਲ ਸਾਂਝੀਆਂ ਨਹੀਂ ਕੀਤੀਆਂ ਗਈਆਂ। ਜੇ. ਫਲੀਟ ਨੇ ਲਿਖਤਾਂ ਦਾ ਜ਼ਿਕਰ ਕੀਤਾ ਹੈ ਪਰ ਬਾਅਦ ਵਿੱਚ ਸਾਰੇ ਦੇ ਸਾਰੇ ਇਤਹਾਸਕਾਰਾਂ ਨੇ ਉਨ੍ਹਾਂ ਲਿਖਤਾਂ ਦਾ ਜ਼ਿਕਰ ਕਰਨ ਤੋਂ ਕੰਨੀਂ ਕਤਰਾਈ ਹੈ।
1921-22 ਵਿੱਚ ਸਰ ਜੌਹਨ ਹੱਬਰਟ ਨੇ ਹੜੱਪਾ ਦੀ ਖੋਜ ਕਰਕੇ ਜੋ ਤੱਥ ਪੇਸ਼ ਕੀਤੇ ਉਹ ਵੀ ਸਾਰੇ ਦੇ ਸਾਰੇ ਇਤਹਾਸ ਦੇ ਪੰਨਿਆ ਤੇ ਨਹੀਂ ਮਿਲਦੇ। ਖਾਸ ਕਰਕੇ ਪੰਜਾਬੀ ਲਿਖਤਾਂ ਦਾ ਜੋ ਜ਼ਿਕਰ ਕੀਤਾ, ਮੋਹਰਾਂ ਤੇ ਉੱਕਰੇ ਹੋਏ ਸ਼ਬਦਾਂ ਦਾ ਜ਼ਿਕਰ, ਮੂਰਤੀਆਂ ਤੇ ਉੱਕਰੇ ਹੋਏ ਸ਼ਬਦਾਂ ਦਾ ਜ਼ਿਕਰ, ਪੱਥਰਾਂ ਤੇ ਉੱਕਰੇ ਹੋਏ ਸ਼ਬਦ ਕਿਉਂਕਿ ਨਾ ਤਾਂ ਉਹ ਅੱਖਰ ਗਰੀਕੀ ਸਨ ਤੇ ਨਾ ਹੀ ਅਰਬੀ ਸਨ, ਸ਼ਾਇਦ ਇਸੇ ਲਈ ਜ਼ਿਕਰ ਨਹੀਂ ਕੀਤਾ ਗਿਆ। ਪਿਛਲੇ ਦਸ ਕੁ ਸਾਲਾਂ ਤੋਂ ਉਨ੍ਹਾਂ ਸ਼ਬਦਾਂ ਨੂੰ ਬੇ ਮਹਿਨੇ ਸਾਬਤ ਕਰਨ ਦਾ ਜੋਰ ਲੱਗ ਰਿਹਾ ਹੈ। ਸਨ 1931 ਵਿੱਚ ਮੋਰਟੀਮਰ ਵ੍ਹੀਲਰ ਨੇ ਅਤੇ ਹੋਰ ਕਈ ਖੋਜੀਆਂ ਨੇ ਮਹਿੰਜੋਦੜੋ ਦੀ ਖੋਜ ਕੀਤੀ। ਪੂਰਾ ਯੋਜਨਾਬੱਧ ਸ਼ਹਿਰ ਜਿਸ ਵਿੱਚ ਪਾਣੀ ਦੇ ਨਿਕਾਸ ਦਾ ਪੂਰਾ ਪ੍ਰਬੰਧ, ਇਸ਼ਨਾਨ ਕਰਨ ਵਾਸਤੇ ਵਲਗਣ ਕਰਕੇ ਬਣਾਏ ਹੋਏ ਪੱਕੀਆਂ ਇੱਟਾਂ ਦੇ ਖੁਰਿਆਂ ਦਾ ਜ਼ਿਕਰ ਕੀਤਾ। ਹਮਲਾਵਰਾਂ ਤੇ ਚੋਰਾਂ ਤੋਂ ਬਚਣ ਲਈ ਪਿਛਵਾੜੇ ਵਾਲੀਆਂ ਕੰਧਾਂ ਬਹੁਤ ਚੌੜੀਆਂ ਰੱਖੀਆਂ ਜਾਂਦੀਆਂ। ਨਾਟਕ ਖ੍ਹੇਡਣ ਵਾਸਤੇ ਬਹੁਤ ਵੱਡੀ (ਚਾਰ ਅਮਰੀਕਨ ਬਲਾਕ ਵਿੱਚ) ਬਣੀ ਸਟੇਜ ਦਾ ਜਿਕਰ ਕੀਤਾ। ਬੈਲ ਗੱਡੀਆਂ ਮਿਲੀਆਂ, ਕਿਸ਼ਤੀਆਂ ਲਿਮੀਆਂ, ਬਹੁਤ ਵਨਗੀਆਂ ਦੇ ਬਰਤਨ ਮਿਲੇ। ਹਜ਼ਾਰਾਂ ਸਾਲ ਪੁਰਾਣੇ ਜੋ ਸਿੱਕੇ ਮਿਲੇ ਉਹ ਭਲਾ ਕਿੱਧਰ ਰੂਪੋਸ਼ ਹੋ ਗਏ। ਜੇ ਉਹ ਸਿੱਕੇ ਕਿਧਰੇ ਮਿਲ ਜਾਣ ਤਾਂ ਪੰਜਾਬੀ ਭਾਸ਼ਾ ਦੇ ਮੁਢਲੇ ਅੱਖਰ ਮਿਲ ਜਾਣ। ਇੱਕ ਖੋਜ ਅਨੁਸਾਰ ਮੇਹਰਗੜ (ਪਾਕਿਸਤਾਨ) ਵਿੱਚ 7500 ਤੋਂ 9000 ਸਾਲ ਪਹਿਲਾਂ ਦੀਆਂ ਨਿਸ਼ਾਨੀਆਂ ਮਿਲੀਆਂ ਹਨ। ਸਰ ਜੌਹਨ ਮਾਰਸ਼ਲ ਨੇ ਤਾਂ ਆਪਣੀ ਕਿਤਾਬ ਵਿੱਚ ਏਥੋਂ ਤੱਕ ਵੀ ਲਿਖ ਦਿੱਤਾ ਹੈ ਕਿ ਯੂਨਾਨੀ ਸਭਿਅਤਾ ਨੂੰ ਮੁਢਲੀ ਸਭਿਅਤਾ ਕਹਿਣ ਦੀ ਇੱਕ ਬਹੁਤ ਵੱਡੀ ਭੁੱਲ ਹੋਈ ਹੈ।
ਖੈਰ ਅੱਜ ਤੱਕ ਪੁਰਾਣੇ ਪੰਜਾਬ ਦੇ 1052 ਸ਼ਹਿਰਾਂ ਵਿੱਚੋਂ ਪੁਰਾਤਨ ਸੱਭਿਅਤਾ ਦੀਆਂ ਨਿਸ਼ਾਨੀਆਂ ਮਿਲੀਆਂ ਹਨ, ਹੋਰ ਵੀ ਜਰੂਰ ਮਿਲਣਗੀਆਂ। ਪਰ ਖਿਆਲ ਕਰਿਓ ਪੰਜਾਬੀਓ ਜਿਵੇ ਦਿੱਲੀ ਤੋਂ ਲੈ ਕੇ ਕੰਧਾਰ ਤੱਕ ਦਾ ਸਾਡਾ 250,000 ਵਰਗ ਮੀਲ ਦਾ ਪੰਜਾਬ ਸੁੰਗੜਦਾ ਜਾ ਰਿਹਾ ਹੈ ਇਸੇ ਤਰਾਂ ਕਿਤੇ ਪੰਜਾਬੀ ਭਾਸ਼ਾ ਵੀ ਨਾ ਸੁੰਗੜ ਜਾਵੇ।ਦੁਨੀਆਂ ਦੀ ਸਭ ਤੋਂ ਪੁਰਾਣੀ ਸੱਭਿਅਤਾ ਦੀ ਸਭ ਤੋਂ ਪੁਰਾਣੀ ਜ਼ੁਬਾਨ ਪੰਜਾਬੀ ਮਾਂ ਨੇ ਆਪਣੀ ਪਹਿਚਾਣ ਬਰਕਰਾਰ ਰੱਖਣ ਲਈ ਦੋ ਬਹੁਤ ਹੀ ਵਧੀਆ ਸੂਟ ਸੰਵਾ ਰੱਖੇ ਹਨ, ਗੁਰਮੁਖੀ ਹੈ ਜਾਂ ਫਿਰ ਸ਼ਾਹਮੁਖੀ ਦੋਹਾਂ ਸੂਟਾਂ ਵਿੱਚ ਹੀ ਪਹਿਚਾਣੀ ਜਾਂਦੀ ਹੈ। ਜੇ ਕਿਸੇ ਕਪੁੱਤ ਨੇ ਆਪਣੀ ਮਾਂ ਨੂੰ ਮਾਂ ਕਹਿਣ ਤੋਂ ਮੁਨਕਰ ਵੀ ਹੋਣਾ ਹੈ ਤਾਂ ਕੋਈ ਗੱਲ ਨਹੀਂ। ਸਾਨੂੰ ਯਤਨ ਕਰਦੇ ਰਹਿਣਾ ਚਾਹੀਦਾ ਹੈ ਕਿ ਹੱਕ ਸੱਚ ਦੇ ਨਾਲ ਡਟ ਕੇ ਖੜੇ ਰਹੀਏ। ਕਿਹਾ ਜਾਂਦਾ ਹੈ ਕਿ ਭਗਵਾਨ ਬਾਲਮੀਕ ਨੇ ਰਮਾਇਣ ਅੰਮ੍ਰਿਤਸਰ ਦੇ ਇਲਾਕੇ ਵਿੱਚ ਬੈਠ ਕੇ ਲਿਖੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਲਾਹੌਰ ਸ਼ਹਿਰ ਸ਼੍ਰੀ ਰਾਮ ਚੰਦਰ ਅਤੇ ਸੀਤਾ ਮਾਤਾ ਦੇ ਪੁੱਤਰਾਂ, ਲਵ ਅਤੇ ਕੁਸ਼ ਨੇ ਵਸਾਇਆ ਤੇ ਜੇ ਮੇਰਾ ਜੀਅ ਕਰੇ ਕਹਿਣ ਨੂੰ ਕਿ ਭਗਵਾਨ ਬਾਲਮੀਕ, ਸ਼੍ਰੀ ਰਾਮ ਤੇ ਲਵ ਕੁਸ਼ ਸਾਰੇ ਹੀ ਪੰਜਾਬੀ ਬੋਲਦੇ ਸਨ ਤਾਂ ਇਸ ਵਿਚਾਰ ਦਾ ਜਵਾਬ, ਇਸ ਵਿਚਾਰ ਨੂੰ ਝੁਠਲਾਉਣ ਲਈ ਕਿਸੇ ਕੋਲ ਬਹੁਤੀ ਸਮੱਗਰੀ ਨਹੀਂ ਹੋਣੀ। ਗੀਤਾ ਦਾ ਉਪਦੇਸ਼ ਕੁਰਕੁਸ਼ੇਤਰ ਦੇ ਮੈਦਾਨ ਵਿੱਚ ਖੜ ਕੇ ਕ੍ਰਿਸ਼ਨ ਜੀ ਨੇ ਅਰਜਣ ਨੂੰ ਦਿੱਤਾ। ਤਾਂ ਫਿਰ ਜੇ ਕਿਸੇ ਨੂੰ ਬਹੁਤਾ ਇਤਰਾਜ਼ ਨਹੀਂ ਤਾਂ ਮੈਨੂੰ ਕਹਿ ਲੈਣ ਦਿਓ ਕਿ ਗੀਤਾ ਦਾ ਉਪਦੇਸ਼ ਵੀ ਪੰਜਾਬੀ ਵਿੱਚ ਹੀ ਦਿੱਤਾ ਗਿਆ ਜਿਸ ਨੂੰ ਵਿਦਵਾਨਾ ਨੇ ਬਾਅਦ ਵਿੱਚ ਵਿਆਕਰਣਕ ਢੰਗ ਨਾਲ ਲਿਖ ਲਿਆ। ਸੰਸਕ੍ਰਿਤ ਦੀ ਵਿਆਕਰਣ ਵੀ ਤਾਂ ਪੰਜਾਬੀ ਬੋਲਣ ਵਾਲੇ ਅਟਕ ਜਿਲੇ ਦੇ ਜੰਮ ਪਲ ਪਣਿਨੀ ਨੇ ਹੀ ਲਿਖੀ ਤਾਂ ਫਿਰ ਬਈ ਰੌਲ਼ਾ ਕਾਹਦਾ।
ਪੰਜਾਬ ਦੀ ਜ਼ਰਖੇਜ ਧਰਤੀ ਤੇ, ਉੱਚੇ ਪਹਾੜਾਂ ਤੋਂ ਬਰਫ਼ ਢਲ ਕੇ ਬਣਿਆਂ ਸੀਤਲ ਪਾਣੀ ਪੀ ਕੇ ਕੌਣ ਨਹੀਂ ਸੀ ਜੀਅ ਸਕਦਾ। ਜੰਗਲੀ ਜਾਨਵਰ ਲੱਖਾਂ ਕਰੋੜਾਂ ਸਾਲ ਪਹਿਲਾਂ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਤੇ ਪਾਏ ਗਏ। ਜੇ ਜਾਨਵਰ ਵੀ ਸਮੁੰਦਰ ਦਾ ਪਾਣੀ ਨਹੀਂ ਪੀ ਕੇ ਜੀਅ ਸਕਦੇ ਤਾਂ ਫਿਰ ਭਲਾ ਆਦਮੀਂ ਕਿਓਂ ਸਮੁੰਦਰੀ ਪਾਣੀ ਪੀਵੇ। ਮਰਦਾ ਤਾਂ ਭਾਵੇਂ ਕੋਈ ਘੁੱਟ ਭਰ ਵੀ ਲਵੇ ਪਰ ਜੇ ਪੰਜਾਬ ਵਰਗੀ ਧਰਤੀ ਰੱਬ ਨੇ ਬਣਾਈ ਹੋਈ ਸੀ ਤਾਂ ਫਿਰ ਕਿਓਂ ਕੋਈ ਖਾਰਾ ਪਾਣੀ ਪੀਵੇ ਭਲਾ। ਪੰਜਾਬ ਵਿੱਚ ਪਾਣੀਆਂ ਦੀ ਤਾਂ ਕੋਈ ਕਮੀਂ ਨਹੀਂ ਸੀ। ਕਿਸੇ ਵੀ ਸਾਇੰਸ ਦੇ ਵਿਦਿਆਰਥੀ ਨੂੰ ਪੁੱਛ ਕੇ ਦੇਖ ਲਓ ਕਿ ਜਿੱਥੇ ਪਾਣੀ ਹੋਵੇ ਓਥੇ ਹਵਾ ਹੋਵੇਗੀ ਕਿ ਨਹੀਂ? ਜਵਾਬ ਮਿਲੇਗਾ ਕਿ ਹਵਾ ਤੋਂ ਬਿਨਾ ਪਾਣੀ ਹੋ ਹੀ ਨਹੀਂ ਸਕਦਾ। ਤਪਸ਼ ਤੋਂ ਬਿਨਾ ਬਨਸਪਤੀ ਨਹੀਂ ਹੋ ਸਕਦੀ, ਪੰਜਾਬ ਵਿੱਚ ਬਹੁਤ ਬਨਸਪਤੀ ਸੀ ਇਸਦਾ ਮਤਲਬ ਤਪਸ਼ ਵੀ ਮਾਜੂਦ ਸੀ। ਪੰਜਾਬ ਵਿੱਚ ਕਰੋੜਾਂ ਸਾਲ ਪਹਿਲਾਂ ਹਵਾ ਸੀ ਪਾਣੀ ਸੀ, ਧਰਤੀ ਸੀ ਤੇ ਅਗਨ ਵੀ ਸੀ ਤਾਂ ਫਿਰ ਪੰਚ ਤੱਤ ਕਾ ਪੂਤਲਾ (ਇਨਸਾਨ) ਕਿਸੇ ਨਾ ਕਿਸੇ ਆਕਾਰ ਵਿੱਚ ਕਰੋੜਾਂ ਸਾਲ ਪਹਿਲਾਂ ਤੋਂ ਹੀ ਮਾਜ਼ੂਦ ਹੋਵੇਗਾ। ਸੱਭਿਅਤਾ ਦੇ ਜਨਮ ਤੋਂ ਕਿਤੇ ਪਹਿਲਾਂ ਇਨਸਾਨ ਵੀ ਜਾਨਵਰਾਂ ਵਾਂਗ ਪੰਜਾਬ ਦੇ ਜੰਗਲਾਂ ਵਿੱਚ ਰਹਿੰਦਾ ਰਿਹਾ ਹੋਵੇਗਾ। ਪੱਥਰ ਯੁੱਗ ਤੋਂ ਵੀ ਪਹਿਲਾਂ ਦਾ ਇਨਸਾਨ ਦਾ ਪੰਜਾਬ ਵਿੱਚ ਹੋਣਾ ਕੋਈ ਝੁਠਲਾ ਨਹੀਂ ਸਕਦਾ। ਫਿਰ 1500 ਤੋਂ 1000 ਬੀ, ਸੀ. ਤੱਕ ਦੇ ਸਮੇਂ ਨੂੰ ਵੈਦਿਕ ਸਮਾਂ ਗਿਣਿਆਂ ਜਾਂਦਾ ਹੈ।ਫਿਰ ਜੈਨ ਮੱਤ ਦਾ ਸਮਾਂ ਹੈ ਅਤੇ 567 ਤੋਂ 487 ਬੀ.ਸੀ. ਤੱਕ ਬੁੱਧ ਦੇ ਸਮੇਂ ਦੇ ਤੌਰ ਤੇ ਜਾਣਿਆਂ ਜਾਂਦਾ ਸੀ। 326-27 ਬੀ.ਸੀ.ਵਿੱਚ ਸਕੰਦਰ, 322 ਤੋਂ 298 ਬੀ. ਸੀ. ਤੀਕਰ ਚੰਦਰਗੁਪਤ ਮੋਰੀਆ ਦਾ ਰਾਜ ਰਿਹਾ। 273 ਤੋਂ 232 ਬੀ ਸੀ ਤੱਕ ਅਸ਼ੋਕ, ਫਿਰ ਗੁਪਤਾ, ਹਰਸ਼ਵਰਧਨ ਅਤੇ ਰਾਜਪੂਤਾਂ ਦਾ ਸਮਾਂ ਰਿਹਾ। 713 ਇਸਵੀ ਤੋਂ ਮੁਸਲਮਾਨ ਹਮਲਾਵਰ ਸ਼ੁਰੂ ਹੋ ਗਏ। 1450 ਤੋਂ ਲੈ ਕੇ 1707 ਤੱਕ ਮੁਗਲ ਰਾਜ ਰਿਹਾ ਨਾਲ ਨਾਲ 1469 ਇਸਵੀ ਤੋਂ 1708 ਇਸਵੀ ਤੱਕ ਗੁਰੂ ਇਤਿਹਾਸ 1708 ਤੋਂ 1713 ਤੱਕ ਬੰਦਾ ਸਿੰਘ ਬਹਾਦਰ, 1761 ਤੋਂ 1849 ਤੱਕ ਸਿੱਖ ਮਿਸਲਾਂ ਤੇ ਮਹਾਂਰਾਜਾ ਰਣਜੀਤ ਸਿੰਘ। ਫਿਰ 1849 ਤੋਂ 1947 ਤੱਕ ਅੰਗਰੇਜ਼ ਤੇ ਫਿਰ ਵੰਡ ਵੰਡਾਈਆ। ਕੁਝ ਵੀ ਹੋਇਆ ਲੇਕਿਨ ਪੰਜਾਬ ਤਾਂ ਪੰਜਾਬ ਹੀ ਹੈ। ਪੰਜਾਬੀਆਂ ਦੀ ਪੰਜਾਬੀ ਭਾਸ਼ਾ ਨੂੰ ਪੰਜਾਬੀਆਂ ਦੇ ਦਿਲਾਂ ਵਿੱਚੋਂ ਕੌਣ ਕੱਢ ਸਕਦਾ ਭਲਾ?
ਦੁਨੀਆਂ ਭਰ ਵਿੱਚ ਵਸਦੇ ਸਾਰੇ ਪੰਜਾਬੀਆਂ ਤੱਕ ਆਪਣੀ ਆਵਾਜ਼ ਪਹੁੰਚਾਣ ਦੀ ਠਾਣ ਕੇ ਬੈਠਾ
ਤੁਹਾਡਾ ਆਪਣਾ-
ਸੁਰਿੰਦਰ ਸਿੰਘ ਸੁੱਨੜ

Monday, December 22, 2008

ਸੁਰਿੰਦਰ ਸਿੰਘ ਸੁੱਨੜ - ਇਤਿਹਾਸ ਝਰੋਖਾ

"ਆਪਣੀ ਆਵਾਜ਼" ਪੰਜਾਬ, ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀਅਤ ਨਾਲ ਹਮਦਰਦੀ ਰੱਖਣ ਵਾਲਿਆਂ ਨਾਲ ਕੁਝ ਐਸੀਆਂ ਸਚਿਆਈਆਂ ਸਾਂਝੀਆਂ ਕਰਨ ਦਾ ਯਤਨ ਹੈ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਨੇ ਵੀ ਸਾਂਝੀਆਂ ਕਰਨ ਦੀ ਕੋਸ਼ਿਸ਼ ਨਹੀ ਕੀਤੀ। ਜੇਕਰ ਤੁਹਾਨੂੰ ਇਹ ਆਪਣੀ ਖ਼ੁਦ ਦੀ ਆਵਾਜ਼ ਲੱਗੇ ਤਾਂ ਅਸੀਂ ਤੁਹਾਡੇ ਹੁੰਘਾਰੇ ਨੂੰ ਆਪਣੀ ਆਵਾਜ਼ ਸਮਝਾਂਗੇ ਲਓ ਮੈਂ ਕੁਝ ਐਸਾ ਸੱਚ ਕਹਿਣ ਲੱਗਾ ਹਾਂ ਜਿਸ ਨੂੰ ਝੂਠਾਂ ਕਹਿਣ ਵਾਲਿਆਂ ਨੂੰ ਵੀ ਜੀ ਆਇਆਂ ਕਹਿੰਦੇ ਹੋਏ ਹਰ ਸਵਾਲ ਦਾ ਜਵਾਬ ਸਾਰਥਕ ਅਤੇ ਯਥਾਰਥਕ ਤਰੀਕੇ ਨਾਲ ਦੇਵਾਂਗੇ।

1 = ਪੰਜਾਬ ਇਨਸਾਨੀ ਸੱਭਿਅਤਾ ਦਾ ਜਨਮ ਅਸਥਾਨ ਹੈ।

2 = ਉੱਨੀ ਸੌ ਪੰਜਾਹ ਤੱਕ ਪੰਜਾਬੀ (ਖੜ੍ਹੀ ਬੋਲੀ) ਦੁਨੀਆਂ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਸੀ।

3 = ਹੜੱਪਣ ਤੋਂ ਬਰੱਹਮੀ ਤੇ ਬਰੱਹਮੀ ਤੋਂ ਬਣੀ ਦੇਵਨਾਗਰੀ ਲਿੱਪੀ ਵਿੱਚ ਦੁਨੀਆਂ ਦੀ ਸਭ ਤੋਂ ਪਹਿਲੀ ਵਿਆਕਰਣ ਸੰਸਕ੍ਰਿਤ ਬਣਾਉਂਣ ਵਾਲਾ ‘ਪਾਨਣੀ’ ਪੰਜਾਬੀ ਸੀ।

4 = ਜੋ ਆਪਣੇ ਆਪ ਨੂੰ ਹਿੰਦੀ ਅਖਵਾਉਂਦਾ ਹੈ ਉਹ ਬਾਬਿਓਂ ਪੜਦਾਦਿਓਂ ਪੰਜਾਬ ਅਤੇ ਸਿੰਧ ਨਾਲ ਜ਼ਰੂਰ ਜੁੜਦਾ ਹੈ।

5 = ਗੁਰਮੁਖੀ (1532-1539) ਦੇਵਨਾਗਰੀ ਤੋਂ ਦੂਸਰੇ ਨੰਬਰ ਤੇ ਹਿੰਦੁਸਤਾਨੀ (ਖੜ੍ਹੀ ਬੋਲੀ) ਲਿਖਣ ਲਈ ਬਣਾਈ ਗਈ ਸੀ।

6 = ਸ਼੍ਰੀ ਗੁਰੁ ਆਦਿ ਗ੍ਰੰਥ (1604) ਚਾਰ ਵੇਦਾਂ ਤੇ 108 ਉੱਪਨਿਸ਼ਦਾਂ (ਜੋ ਸਾਰੇ ਦੇ ਸਾਰੇ ਦੇਵਨਾਗਰੀ ਵਿੱਚ ਲਿਖੇ ਗਏ) ਨੂੰ ਬਣਦਾ ਸਤਿਕਾਰ ਦੇਂਦਿਆਂ ਹੋਇਆਂ ਆਮ ਆਦਮੀ ਦੇ ਪੜ੍ਹ ਸਕਣ ਵਾਲਾ ਦੁਨੀਆ ਦਾ ਪਹਿਲਾ ਗ੍ਰੰਥ ਹੈ।

7 ਅੱਜ ਦੁਨੀਆਂ ਵਿੱਚ ਤੇਰ੍ਹਵੇਂ ਨੰਬਰ ਤੇ ਗਿਣੀ ਜਾਣ ਵਾਲੀ ਪੰਜਾਬੀ ਇੱਕੋ ਇੱਕ ਭਾਸ਼ਾ ਹੈ ਜੋ ਗੁਰਮੁਖੀ, ਸ਼ਾਹਮੁਖੀ, ਦੇਵਨਾਗਰੀ ਅਤੇ ਕਈ ਹੋਰ ਲਿੱਪੀਆਂ ਵਿੱਚ ਲਿਖੀ ਜਾਂਦੀ ਹੈ।

8 = ਚੀਨੀ, ਅੰਗ੍ਰੇਜ਼ੀ, ਹਿੰਦੀ, ਫਾਰਸੀ, ਰੂਸੀ ਸਪੈਨਿਸ਼, ਬੰਗਾਲੀ, ਪੁਰਤਗੇਜ਼ੀ, ਫ੍ਰੈਂਚ, ਜਪਾਨੀ, ਜਰਮਨ ਅਤੇ ਗੁਜਰਾਤੀ ਸਾਰੀਆਂ ਬੋਲੀਆਂ ਵੀਹਵੀਂ ਸਦੀ ਵਿੱਚ ਵਿਆਕਰਣਕ ਬਣੀਆਂ।

9 = ਹਿੰਦੁਸਤਾਨੀ (ਖੜ੍ਹੀ ਬੋਲੀ) ਨੂੰ ਭਾਰਤ ਦੀ ਆਜ਼ਾਦੀ ਤੋਂ ਬਾਅਦ ਹੀ ਹਿੰਦੀ ਅਤੇ ਉਰਦੂ ਨਾਮ ਦਿੱਤੇ ਗਏ।

10 = ਦੁਨੀਆਂ ਦੀ ਕਿਸੇ ਵੀ ਹੋਰ ਭਾਸ਼ਾ ਦਾ ਇਤਿਹਾਸ ਤਿੰਨ ਚਾਰ ਸਦੀਆਂ ਤੋਂ ਪਹਿਲਾਂ ਲਿਖਤੀ ਰੂਪ ਵਿੱਚ ਨਹੀਂ ਮਿਲਦਾ।

11 = ਪਿਛਲੇ ਸੌ ਕੁ ਸਾਲਾਂ ਵਿੱਚ ਹੀ ਅੰਗਰੇਜ਼ੀ ਨੇ ਦੁਨੀਆਂ ਦਾ ਸਭ ਕੁਝ ਆਪਣੇ ਨਾਮ ਕਰ ਲਿਆ।

ਕੀ ਇਹ ਕਬਜ਼ੇ ਸਦਾ ਹੀ ਬਣੇ ਰਹਿਣਗੇ ਜਾਂ ਕੋਈ ਆਵਾਜ਼ ਉੱਠੇਗੀ?

ਆਪਣਾ ਅਤੀਤ

ਭਾਗ ਚੌਥਾ

ਇਤਿਹਾਸ ਝਰੋਖਾ

ਪੰਜਾਬ ਦੀ ਧਰਤੀ ਤੇ ਇੰਦਸ ( ਸਿੰਧ ) ਨਦੀ ਅਤੇ ਜੇਹਲਮ ਨਦੀ ਦੇ ਮਿਲਾਪ ਤੋਂ ਮਾਸਾ ਕੁ ਉੱਤਰ ਪੂਰਬ ਵੱਲ ਵੱਸਿਆ ਸ਼ਹਿਰ ਹੜੱਪਾ, ਦੁਨੀਆਂ ਦਾ ਸਭ ਤੋਂ ਪਹਿਲਾ ਸ਼ਹਿਰ ਸੀ। ਇੱਕ ਵਰਗ ਮੀਲ ਵਿੱਚ ਪੱਕੀਆਂ ਇੱਟਾਂ ਦਾ ਬਣਿਆਂ ਸ਼ਹਿਰ ਜਿਸ ਵਿੱਚ 2500 ਬੀ. ਸੀ. ਵਿੱਚ ਚਾਰ ਅਮਰੀਕਨ ਬਲਾਕ ਦੇ ਆਕਾਰ ਦਾ ਰੰਗ ਮੰਚ ਸੀ, ਜਿਸ ਰੰਗ ਮੰਚ ਤੇ ਲੋਕ ਦੇਵੀ ਦੇਵਤਿਆਂ ਦਾ ਰੂਪ ਧਾਰ ਕੇ ਅਦਾਕਾਰੀ ਕਰਿਆ ਕਰਦੇ ਸੀ। ਮੈਂ ਉਸ ਸਮੇ ਦੀ ਗੱਲ ਕਰ ਰਿਹਾ ਹਾਂ ਜਦੋਂ ਹਾਲੇ ਇਸ ਦੁਨੀਆਂ ਤੇ ਲਿਖਤ ਸ਼ੁਰੂ ਨਹੀਂ ਸੀ ਹੋਈ। ਸਮਾਂ ਪਾ ਕੇ ਲਿਖਤੀ ਰੂਪ ਵਿੱਚ ਵੀ ਪਹਿਲਾ ਅੱਖਰ ਇਸੇ ਧਰਤੀ ਤੇ ਹੀ ਮਿਲਿਆ। ਮੇਰਾ ਦਿਲ ਕਰਦਾ ਹੈ ਕਿ ਮੈਂ ਉਸ ਸਮੇ ਦੇ ਲੇਖਕਾਂ ਤੇ ਅਦਾਕਾਰਾਂ ਨੂੰ ਪੰਜਾਬੀ ਕਹਾਂ। ਉਹ ਸਾਰੇ ਦੇ ਸਾਰੇ ਅਦਾਕਾਰ ਜੋ ਇੰਦਰ ਦੇਵਤਾ, ਜਲ, ਅਗਨੀ ਤੇ ਬਾਕੀ ਦੇਵੀ ਦੇਵਤਿਆਂ ਦੇ ਰੂਪ ਧਾਰ ਕੇ ਨਾਟਕ ਖੇਡਿਆ ਕਰਦੇ ਸਨ, ਸਾਰੇ ਦੇ ਸਾਰੇ ਪੰਜਾਬ ਦੇ ਜੰਮਪਲ ਪੰਜਾਬੀ ਸਨ। ਦੁਨੀਆ ਦਾ ਸਭ ਤੋਂ ਪਹਿਲਾ ਗਰੰਥ ਰਿਗ ਵੇਦ ਵੀ ਇੰਦਸ ਨਦੀ ਦੇ ਕਿਨਾਰੇ ਤੇ ਬੈਠ ਕੇ ਲਿਖਿਆ ਗਿਆ, ਤਾਂ ਫਿਰ ਇਹ ਗੱਲ ਮੰਨਣ ਤੋਂ ਕੰਨੀਂ ਕਿਉਂ ਕਤਰਾਈ ਜਾ ਰਹੀ ਹੈ ਕਿ ਰਿਗ ਵੇਦ ਦਾ ਰਚਣ ਵਾਲਾ ਜਾਂ ਰਚਣ ਵਾਲੇ, ਪੰਜਾਬੀ ਸਨ। ਰਮਾਇਣ ਅਤੇ ਮਹਾਂਭਾਰਤ ਨਾਟਕ ਦੇ ਰੂਪ ਵਿੱਚ ਧਾਰਮਕ ਪਰਚਾਰ ਵਾਸਤੇ ਇਸੇ ਇਲਾਕੇ ਵਿੱਚ ਪੰਜਾਬ ਵਿੱਚ ਪੰਜਾਬੀਆਂ ਨੇ ਰੱਜ-ਰੱਜ ਕੇ ਖੇਡੇ।

ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਦੇ ਲੋਕ ਪੰਜਾਬੀ ਸਨ, ਪੰਜਾਬੀ ਹਨ ਅਤੇ ਪੰਜਾਬੀ ਹੀ ਰਹਿਣਗੇ। ਸਮੇਂ ਦੇ ਤਾਕਤਵਰ ਲੋਕਾਂ ਨੇ ਪੰਜਾਬ ਨੂੰ ਲੀਰੋ-ਲੀਰ ਕਰ ਦਿੱਤਾ। ਖੈਰ! ਕੋਈ ਗੱਲ ਨਹੀਂ, ਪੰਜਾਬੀਆਂ ਦੀਆਂ ਰਗਾਂ ਵਿੱਚ ਵਹਿੰਦੇ ਖ਼ੂਨ ਦਾ ਰੰਗ ਤਾਂ ਕੋਈ ਲੀਰਾਂ ਨਹੀਂ ਕਰ ਸਕਦਾ। ਆਪਣੇ ਦੇਸ਼ ਵਿੱਚ ਨਾ ਸਹੀ ਵਿਦੇਸ਼ਾਂ ਵਿੱਚ, ਖ਼ਾਸ ਕਰ ਅਮਰੀਕਾ ਕੈਨੇਡਾ ਵਿੱਚ ਤਾਂ ਪੰਜਾਬੀ ਆਪਣੀ ਪਹਿਚਾਣ ਬਣਾਉਂਣ ਵਿੱਚ ਸਫ਼ਲ ਹਨ। ਹਰ ਪੰਜਾਬੀ ਨੂੰ ਪੰਜਾਬੀ ਹੋਣ ਦਾ ਮਾਣ ਹੈ। ਜਦੋਂ ਕੋਈ ਕਿਸੇ ਪੰਜਾਬੀ ਨੂੰ ਇਰਾਨੀ ਜਾਂ ਇਰਾਕੀ ਕਹਿ ਕੇ ਬੁਲਾਉਂਦਾ ਹੈ ਤਾਂ ਇਵੇਂ ਸਮਝਦੇ ਹਨ ਕਿ ਜਿਵੇਂ ਕੋਈ ਗਾਲ਼ ਕੱਢ ਰਿਹਾ ਹੋਵੇ। ਗੁਰਮੁਖੀ ਵਿੱਚ ਲਿਖੀ ਪੰਜਾਬੀ ਭਾਸ਼ਾ ਦਾ ਪੂਰਬੀ, ਪੱਛਮੀਂ ਕਿਸੇ ਪੰਜਾਬ ਵਿੱਚ ਓਨਾਂ ਸਤਿਕਾਰ ਨਹੀਂ ਜਿੰਨਾ ਕੈਨੇਡਾ ਵਿੱਚ ਹੈ। ਫਰੈਂਚ, ਚੀਨੀਂ ਅਤੇ ਪੰਜਾਬੀ ਵਿੱਚੋਂ ਕਿਸੇ ਇੱਕ ਭਾਸ਼ਾ ਨੂੰ ਦੂਸਰੀ ਭਾਸ਼ਾ ਦੇ ਅਧਿਕਾਰ ਦੇ ਤੌਰ ਤੇ ਪੜਿਆ ਜਾ ਸਕਦਾ ਹੈ। ਅੰਮ੍ਰਿਤਧਾਰੀ ਪੰਜਾਬੀ ਕੈਨੇਡੀਅਨ ਪਾਰਲੀਮੈਂਟ ਦੇ ਮੈਂਬਰ ਹਨ। ਕਿਸੇ ਪੰਜਾਬੀ ਕੋਲੋਂ ਤਾਂ ਹੋ ਸਕਦਾ ਕੋਈ ਗਲਤੀ ਹੋ ਗਈ ਹੋਵੇ, ਲੇਕਿਨ ਪੰਜਾਬੀ ਭਾਸ਼ਾ ਨੇ ਕਿਸੇ ਦਾ ਕੀ ਵਿਗਾੜਿਆ ਮੈਨੂੰ ਸਮਝ ਨਹੀਂ ਆਉਂਦੀ ਕਿ ਆਪਣੀ ਮਾਂ ਬੋਲੀ ਤੋਂ ਮੁਨਕਰ ਹੋ ਕੇ, ਮਾਂ ਵੱਲ ਪਿੱਠ ਕਰਕੇ ਬੈਠਣ ਵਾਲਿਆਂ ਦਾ ਕਾਲਜਾ ਕਿਓਂ ਨਹੀਂ ਫਟ ਜਾਂਦਾ। ਪੰਜਾਬ ਦੀ ਧਰਤੀ ਨੂੰ ਪੰਜਾਬ ਨਾ ਮੰਨਣਾ, ਪੰਜਾਬੀ ਬੋਲੀ ਨੂੰ ਮਾਂ ਬੋਲੀ ਕਹਿਣ ਤੋਂ ਸੰਗ ਆਉਣੀ ਪਤਾ ਨਹੀਂ ਕਿੱਨੀ ਕੁ ਵਡਿਆਈ ਦੀ ਗੱਲ ਹੈ।

ਪੰਜਾਬ ਦੀ ਧਰਤੀ ਅਤੇ ਪੰਜਾਬੀ ਬੋਲੀ ਦੀ ਵੀ ਗੱਲ ਛੱਡੋ। ਗੁਰੂ ਨਾਨਕ ਨੇ ਧਾਰਮਕ ਦੁਨੀਆਂ ਦੇ ਆਪਸੀ ਝਗੜੇ ਧਾਰਮਕ ਤਰੀਕੇ ਨਾਲ ਹੱਲ ਕਰਨ ਵਾਸਤੇ ਸਿੱਖ ਧਰਮ ਦੁਨੀਆਂ ਨੂੰ ਬਖਸ਼ਿਸ਼ ਕੀਤਾ। ਗੁਰੂ ਨਾਨਕ ਦੇ ਚਲਾਏ ਇਸ ਧਰਮ ਨੂੰ ਦੁਨੀਆਂ ਦਾ ਸਭ ਤੋਂ ਨਵੀਨ ਤੇ ਸਭ ਤੋਂ ਪਰਭਾਵਸ਼ਾਲੀ ਵਿਚਾਰਧਾਰਾ ਵਾਲਾ ਧਰਮ ਮੰਨਿਆ ਗਿਆ ਹੈ। ਸੈਂਕੜੇ ਧਰਮ ਹਨ ਦੁਨੀਆਂ ਵਿੱਚ ਪਰ ਸਿੱਖ ਧਰਮ ਸਿੱਖਾਂ ਦੀ ਗਿਣਤੀ ਮੁਤਾਬਕ ਦੁਨੀਆਂ ਦਾ ਛੇਵਾਂ ਵੱਡਾ ਧਰਮ ਹੈ। ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਸਿੱਖ ਧਰਮ ਦੇ ਜਨਮ ਅਸਥਾਨਾਂ ਤੇ ਅਜੇ ਵੀ ਕਈ ਲੋਕ ਕੋਸ਼ਿਸ਼ ਕਰ ਰਹੇ ਹਨ ਕਹਿਣ ਦੀ ਕਿ ਸਿੱਖ ਕੋਈ ਧਰਮ ਹੀ ਨਹੀਂ। ਦੁਨੀਆਂ ਦਾ ਕੋਈ ਵੀ ਧਾਰਮਕ ਆਦਮੀ ਜੇ ਉਹ ਧਾਰਮਕ ਹੈ, ਭਾਵੇਂ ਕਿਸੇ ਵੀ ਧਰਮ ਵਿੱਚ ਯਕੀਨ ਰੱਖਦਾ ਹੋਵੇ, ਜੇ ਉਹ ਧਰਮੀ ਹੈ ਤਾਂ ਆਪਣੇ ਆਪ ਨੂੰ ਸਿੱਖ ਵੀ ਅਖਵਾ ਸਕਦਾ ਹੈ। ਭਾਰਤ ਦੇ ਕਾਨੂੰਨ ਵਿੱਚ ਸਿੱਖ ਧਰਮ ਨੂੰ ਅਜੇ ਤੱਕ ਧਰਮ ਹੀ ਨਹੀਂ ਗਿਣਦੇ। ਪੰਜਾਬੀ ਵੀ ਨਹੀਂ, ਬੋਲੀ ਵੀ ਪੰਜਾਬੀ ਨਹੀਂ, ਸਿੱਖ ਧਰਮ ਇੱਕ ਧਰਮ ਵੀ ਨਹੀਂ ਤਾਂ ਅਸੀਂ ਕੌਣ ਹਾਂ? ਵਿਦੇਸ਼ਾਂ ਵਿੱਚ ਪੰਜਾਬੀ ਹਾਂ, ਵਿਦੇਸ਼ਾਂ ਵਿੱਚ ਸਾਡੀ ਭਾਸ਼ਾ ਪੰਜਾਬੀ ਹੈ, ਵਿਦੇਸ਼ਾਂ ਵਿੱਚ ਦੁਨੀਆਂ ਦਾ ਛੇਵਾਂ ਵੱਡਾ ਧਰਮ ਹੈ ਸਿੱਖ ਧਰਮ, ਲੇਕਿਨ ਅਸੀਂ ਭਾਰਤ ਵਿੱਚ ਕੌਣ ਹਾਂ? ਅੰਗਰੇਜ਼ਾਂ ਨਾਲ ਜੋ 1845 ਵਿੱਚ ਜੰਗ ਸਿੰਘਾਂ ਤੇ ਫਰੰਗੀਆਂ ਦੀ ਹੋਈ ੳਸ ਲੜਾਈ ਵਿੱਚ ਬਾਕੀਆਂ ਵੱਲੋਂ ਜੇ ਜ਼ਰਾ ਜਿੰਨੀ ਵੀ ਮਦਦ ਮਿਲ ਜਾਂਦੀ ਤਾਂ ਭਾਰਤ ਓਦੋਂ ਹੀ ਆਜ਼ਾਦ ਹੋ ਜਾਣਾ ਸੀ। ਸਿਰਫ਼ ਸਰਕਾਰ ਨਹੀਂ ਸੀ ਕੋਈ ਤਾਂ ਹੀ ਤਾਂ ਸਿੱਖ ਫੌਜਾਂ ਜਿੱਤ ਕੇ ਵੀ ਅੰਤ ਹਾਰ ਗਈਆਂ। ਸਿੱਖਾਂ ਦੀ ਲੜਾਈ ਦੇਸ਼ ਦੀ ਲੜਾਈ ਕਿਵੇਂ ਗਿਣੇਂ ਕੋਈ ਸਿੱਖਾਂ ਨੂੰ ਤਾਂ ਅੱਜ ਤੱਕ ਕਿਸੇ ਨੇ ਗਿਣਿਆ ਨਹੀਂ।

Wednesday, December 3, 2008

ਸੁਰਿੰਦਰ ਸਿੰਘ ਸੁੱਨੜ - ਯਾਦਾਂ

ਕਦਰਾਂ ਕੀਮਤਾਂ
ਯਾਦਾਂ


ਜੀਵਨ ਦੀਆਂ ਕਦਰਾਂ-ਕੀਮਤਾਂ ਬੜੀ ਤੇਜ਼ੀ ਨਾਲ ਬਦਲ ਰਹੀਆਂ ਨੇ । ਅੱਜਕਲ ਜੇ ਬੱਚਿਆਂ ਨੂੰ ਸੌ ਡਾਲਰ ਕੋਈ ਖੇਡ ਮੇਲਾ ਦੇਖਣ ਜਾਣ ਲੱਗਿਆਂ ਦੇਈਏ ਤਾਂ ਨੱਕ-ਬੁੱਲ੍ਹ ਵੱਟਦਿਆਂ ਹੀ ਜੇਬ ਵਿੱਚ ਪਾਉਂਦੇ ਹਨ ਤੇ ਰਾਤ ਨੂੰ ਘਰ ਵਾਪਸੀ ਵੇਲੇ ਯਾਦ ਵੀ ਨਹੀਂ ਹੁੰਦਾ ਕਿ ਕਿੱਥੇ ਖਰਚਿਆ । ਮੇਰੇ ਪਿਤਾ ਜੀ ਰੋਜ ਸ਼ਾਮ ਨੂੰ ਸਾਰੇ ਦਿਨ ਦਾ ਹਿਸਾਬ ਕਿਤਾਬ ਲਿਖਿਆ ਕਰਦੇ ਸੀ । ਇੱਕ ਰਾਤ ਮੈਂ ਬਾਰਾਂ ਵਜੇ ਦੇ ਕਰੀਬ ਜਦੋਂ ਕਿਤਾਬਾਂ ਬੰਦ ਕਰਕੇ ਸੌਣ ਲੱਗਾ ਤਾਂ ਪਿਤਾ ਜੀ ਦੇ ਕਮਰੇ ਦੀ ਬੱਤੀ ਜਗਦੀ ਸੀ । ਸਵੇਰੇ ਉੱਠਕੇ ਅਸੀਂ ਸਾਰੇ ਆਪੋ-ਆਪਣਾ ਬਿਸਤਰਾ ਸਿੱਧਾ ਕਰਿਆ ਕਰਦੇ ਸੀ । ਜਦੋਂ ਸਵੇਰ ਨੂੰ ਪਿਤਾ ਜੀ ਨੇ ਆਪਣੇ ਬਿਸਤਰੇ ਦੀ ਚਾਦਰ ਸਿੱਧੀ ਕੀਤੀ ਤਾਂ ਉਸ ਵਿੱਚੋਂ ਇੱਕ ਚਵਾਨੀ ਟੰਨ ਕਰਕੇ ਫਰਸ਼ ਤੇ ਡਿੱਗੀ । ਨਾਲੇ ਤਾਂ ਉਨ੍ਹਾਂ ਨੇ ਚਵਾਨੀ ਚੁੱਕ ਕੇ ਜੇਬ ਵਿੱਚ ਪਾ ਲਈ ਤੇ ਨਾਲੇ ਬੜੀ ਹੈਰਾਨੀ ਜਿਹੀ ਨਾਲ ਕਹਿਣ ਲੱਗੇ 'ਹੱਤ ਤੇਰੇ ਕੀ! ਮੇਰੇ ਤਿੰਨ ਘੰਟੇ ਇਸ ਚਵਾਨੀ ਨੇ ਖ਼ਰਾਬ ਕੀਤੇ ਰਾਤੀਂ । ਤਿੰਨ ਘੰਟੇ ਦੁਬਾਰਾ-ਦੁਬਾਰਾ ਚਵਾਨੀ ਦਾ ਫ਼ਰਕ ਕੱਢਦੇ ਰਹੇ ।ਅੱਜ ਸਿਰਫ਼ ਪੈਸੇ ਦੀ ਹੀ ਨਹੀਂ ਹਰ ਕਿਸੇ ਚੀਜ਼ ਦੀ ਕੀਮਤ ਘਟ ਗਈ ਹੈ । ਰਿਸ਼ਤਿਆਂ ਦੀ ਕੀਮਤ ਘਟ ਗਈ ਏਥੋਂ ਤੱਕ ਕਿ ਇਨਸਾਨ ਦੀ ਸਮੁੱਚੇ ਤੌਰ ਤੇ ਕੀਮਤ ਬਹੁਤ ਘਟ ਗਈ ਹੈ ।
ਪੰਜਾਬ ਵਿੱਚ ਕੋਈ ਐਸਾ ਕਾਨੂੰਨ ਨਹੀਂ ਸੀ ਹੁੰਦਾ ਕਿ ਕਿਸ ਉਮਰ ਦਾ ਵਿਅਕਤੀ ਅਲਕੋਹਲ ਖਰੀਦ ਸਕਦਾ ਹੈ ਸ਼ਾਇਦ ਅੱਜ ਵੀ ਕੋਈ ਕਾਨੂੰਨ ਨਹੀਂ ਹੈ । ਜਦੋਂ 1968-69 ਵਿੱਚ ਅਸੀਂ ਨਵੇਂ ਨਵੇਂ ਕਾਲਜੀਏਟ ਬਣੇ ਉਸ ਸਮੇਂ ਕਦੇ ਕਿਸੇ ਦੇ ਦਿਮਾਗ ਵਿੱਚ ਵੀ ਨਹੀਂ ਸੀ ਆਉਂਦਾ ਕਿ ਠੇਕੇ ਵੀ ਸਾਡਾ ਕੋਈ ਕੰਮ ਹੈ । ਲੇਕਿਨ ਅੱਜ ਦੀ ਜਵਾਨ ਪੀੜੀ ਹਰ ਜਾਇਜ਼ ਨਜਾਇਜ਼ ਤਰੀਕੇ ਨਾਲ ਸ਼ਾਮ ਦੀ ਮਸਤੀ ਦਾ ਇੰਤਜ਼ਾਮ ਕਰਦੀ ਫਿਰਦੀ ਹੈ ।ਅਸੀਂ ਉੱਚੀ-ਉੱਚੀ ਰੌਲਾ ਪਾਉਂਦਿਆਂ ਕਾਲਿਜ ਤੋਂ ਨਿਕਲਣਾ ਜੇ ਕੋਈ ਸਿਆਣਾ ਬੰਦਾ ਅੱਗਿਓਂ ਆਉਂਦਾ ਦੇਖ ਲੈਣਾ ਤਾਂ ਰੌਲਾ ਪਾਉਂਣਾ ਬੰਦ ਕਰ ਦੇਣਾ ਸਿਆਣੇ ਬੰਦੇ ਦਾ ਸਤਿਕਾਰ ਕਰਨਾ । ਮੈਨੂੰ ਯਾਦ ਹੈ ਕਿ ਮੈਂ ਜੇ ਕੋਈ ਚਿੱਟੀ ਦਾੜ੍ਹੀ ਵਾਲਾ ਸਰਦਾਰ ਦੇਖਣਾ ਤਾਂ ਦੋਵੇਂ ਹੱਥ ਜੋੜਕੇ ਸਤਿ ਸ਼੍ਰੀ ਅਕਾਲ ਬੁਲਾਉਣੀ - ਤੇ ਅੱਜਕਲ੍ਹ ਦੇ ਬੱਚੇ ਤਾਂ ਆਪਣੇ ਮਾਪਿਆਂ ਨੂੰ ਵੀ ਚੱਜ ਨਾਲ ਸਤਿਕਾਰ ਭੇਂਟ ਨਹੀਂ ਕਰਦੇ । ਮੇਰੇ ਬਚਪਨ ਦੀ ਇਕ ਗੱਲ ਮੈਨੂੰ ਯਾਦ ਹੈ ਕਦਰਾਂ ਕੀਮਤਾਂ ਦੀ ਗੱਲ ਕਰ ਰਹੇ ਹਾਂ ਇਸ ਦੇ ਨਾਲ ਬੜਾ ਮੇਲ ਖਾਂਦੀ ਹੈ ਲਓ ਸੁਣੋ ਕੀ ਹੋਇਆ :--
ਫਰਵਰੀ 1963 ਦੀ ਗੱਲ ਹੈ ਮੇਰੀ ਉਮਰ ਦਸ ਕੁ ਸਾਲ ਦੀ ਸੀ । ਸਾਡੇ ਘਰੋਂ ਮੀਲ ਕੁ ਦੂਰ ਕਾਲਾ ਸੰਘਿਆਂ ਦੇ ਦੂਸਰੇ ਪਾਸੇ ਹਰ ਸਾਲ ਫੱਗਣ ਦੀ ਸੰਗਰਾਂਦ ਤੇ ਬੜੇ ਵੱਢੇ ਪੱਧਰ ਤੇ ਕੁਸ਼ਤੀਆਂ ਹੋਇਆ ਕਰਦੀਆਂ ਸੀ । ਕਾਲੇ ਦੀ ਛਿੰਝ ਬੜੀ ਦੂਰ-ਦੂਰ ਤੱਕ ਮਸ਼ਹੂਰ ਸੀ । ਹਰ ਸਾਲ ਦੂਰੋਂ ਦੂਰੋਂ ਮਠਿਆਈ ਤੇ ਪਕੌੜੇ ਵਗੈਰਾ ਵੇਚਣ ਵਾਲੇ ਕਈ ਦਿਨ ਪਹਿਲਾਂ ਆ ਜਾਂਦੇ ਤੇ ਰਸਤੇ ਦੇ ਦੋਨੀਂ ਪਾਸੀਂ ਦੁਕਾਨਾਂ ਲਾਅ ਕੇ ਬੈਠ ਜਾਂਦੇ । ਹਜ਼ਾਰਾਂ ਲੋਕ ਕੁਸ਼ਤੀਆਂ ਵੇਖਣ ਆਉਂਦੇ । ਦੋ-ਤਿੰਨ ਦਿਨ ਦਾ ਮੇਲਾ ਹੁੰਦਾ , ਲਾਗਲੇ ਪਿੰਡਾਂ ਵਿੱਚ ਦੂਰੋਂ ਆਏ ਰਿਸ਼ਤੇਦਾਰ ਦੋਸਤ ਮਿੱਤਰ ਰਾਤ ਵੀ ਰਹਿੰਦੇ । ਮੈਂ ਸਵੇਰ ਦਾ ਤਿਆਰ ਹੋ ਕੇ ਬੈਠਾ , ਕੁਸ਼ਤੀਆਂ ਦੀ ਤਾਂ ਹਾਲੇ ਬਹੁਤੀ ਸਮਝ ਨਹੀਂ ਸੀ ਲੇਕਿਨ ਖਾਣ-ਪੀਣ ਦੇ ਚਾਅ ਨਾਲ ਹੀ ਘਰੋਂ ਜਾਇਆ ਕਰਦੇ ਸਾਂ । ਮੇਰੇ ਪਿਤਾ ਜੀ ਕਿਸੇ ਕੰਮ ਸਵੇਰ ਦੇ ਹੀ ਘਰੋਂ ਗਏ ਹੋਏ ਸੀ , ਕਿਸੇ ਕਾਰਣ ਉਨ੍ਹਾਂ ਨੂੰ ਦੇਰ ਹੋ ਗਈ । ਮੈਂ ਕਾਹਲਾ ਪੈ ਰਿਹਾ ਸਾਂ ਜਦੋਂ ਮੈਂ ਜ਼ਿਆਦਾ ਹੀ ਜ਼ਿੱਦ ਕੀਤੀ ਤਾਂ ਮੇਰੇ ਮਾਤਾ ਜੀ ਨੇਂ ਮੈਨੂੰ ਕਿੰਗਰਿਆਂ ਵਾਲਾ ਇੱਕ ਆਨਾ ਦੇ ਦਿੱਤਾ ਤੇ ਨਾਲੇ ਕਿਹਾ ਕਿ ਘਰ ਮੇਰੇ ਕੋਲ ਹੋਰ ਪੈਸੇ ਨਹੀਂ ਹਨ ਕੱਲ ਨੂੰ ਆਪਣੇ ਪਿਤਾ ਜੀ ਕੋਲੋਂ ਵੱਧ ਲੈ ਲਵੀਂ ।
ਕਿੰਗਰਿਆਂ ਵਾਲਾ ਆਨਾ ਜੇਬ ਵਿੱਚ ਪਾਅ ਕੇ ਮੇਲੇ ਵੱਲ ਜਾਣ ਵਾਲੇ ਰਸਤੇ ਦੌੜਿਆ ਜਾਂਦਾ ਸਾਂ । ਇੱਕ ਹੱਥ ਨਾਲ ਆਨੇ ਵਾਲੀ ਜੇਬ ਘੁੱਟ ਕੇ ਹਿੱਕ ਨਾਲ ਲਾਈ ਹੋਈ ਸੀ । ਰਸਤੇ ਵਿੱਚ ਇੱਕ ਜਗ੍ਹਾ ਬਰਸਾਤਾਂ ਦੇ ਪਾਣੀਆਂ ਨਾਲ ਕਾਫੀ ਡੂੰਘਾ ਹੋਇਆ ਹੋਇਆ ਸੀ ਰਾਹ ਤੇ ਉਸ ਡੂੰਘੀ ਜਗ੍ਹਾ ਤੇ ਬਾਲੂ ਰੇਤ ਵਰਗੀ ਕਾਫ਼ੀ ਰੇਤਾ ਸੀ । ਰੇਤਾ ਲੰਘਦਿਆਂ ਮੇਰਾ ਹੱਥ ਆਨੇ ਵਾਲੀ ਜੇਬ ਤੋਂ ਚੁੱਕਿਆ ਗਿਆ ਤੇ ਮੇਰਾ ਆਨਾ ਮੇਰੀ ਨਿੱਕੀ ਜਿਹੀ ਜੇਬੀ ਵਿੱਚੋਂ ਭੁੜਕ ਕੇ ਰੇਤਾ ਵਿੱਚ ਡਿਗ ਪਿਆ । ਰੇਤਾ ਫਰੋਲ ਫਰੋਲ ਮੈਂ ਆਪਣਾ ਆਨਾ ਲੱਭਣ ਲੱਗਾ । ਮੇਰੇ ਕੋਲ ਦੀ ਲੋਕੀਂ ਲੰਘਦੇ ਗਏ । ਦੋ-ਚਾਰ ਜਾਣਦੇ ਪਛਾਣਦੇ ਲੋਕਾਂ ਨੇ ਪੁੱਛਿਆ ਵੀ ਕਿ ਕਾਕਾ ਕੀ ਕਰਦਾਂ ਏਥੇ ਬੈਠਾ ਪਰ ਮੈਂ ਕੀ ਦੱਸਾਂ ਮੇਰੀ ਤਾਂ ਸਾਰੀ ਤਵੱਜੋ ਆਪਣਾਂ ਆਨਾ ਲੱਭਣ ਤੇ ਲੱਗੀ ਹੋਈ ਸੀ । ਯਕੀਨ ਕਰਿਓ ਮੈਂ ਸਾਰਾ ਦਿਨ ਮਿੱਟੀ ਚੋਂ ਆਪਣਾਂ ਆਨਾ ਲੱਭਦਾ ਰਿਹਾ । ਸ਼ਾਮ ਨੂੰ ਜਦੋਂ ਛਿੰਝ ਛਿੜ ਗਈ , ਲੋਕੀਂ ਵਾਪਿਸ ਮੁੜ ਪਏ , ਮਾੜਾ ਮਾੜਾ ਨ੍ਹੇਰਾ ਹੋਣ ਲੱਗ ਪਿਆ ਤਾਂ ਮੈਂ ਆਪਣੇਂ ਗਵਾਚ ਗਏ ਆਨੇ ਬਾਰੇ ਸੋਚਦਾ ਸੋਚਦਾ ਉੱਠਕੇ ਹੌਲ਼ੀ-ਹੌਲ਼ੀ ਆਪਣੇਂ ਘਰ ਨੂੰ ਚਲਾ ਗਿਆ । ਮੈਨੂੰ ਗਵਾਚੇ ਆਨੇ ਦਾ ਏਨਾਂ ਵਿਗੋਚਾ ਲੱਗਾ ਕਿ ਹਾਲੇ ਤੱਕ ਮੈਂ ਉਸਦਾ ਦਰਦ ਮਹਿਸੂਸ ਕਰ ਸਕਦਾ ਹਾਂ।

ਮੇਰੀ ਜੀਵਨ ਕਹਾਣੀ 'ਮੰਜ਼ਿਲ ਨਾ ਮਿਲੀ' ਵਿੱਚੋਂ

Friday, November 28, 2008

ਸੁਰਿੰਦਰ ਸਿੰਘ ਸੁੱਨੜ - ਇਤਿਹਾਸ ਝਰੋਖਾ

ਇਤਿਹਾਸ ਝਰੋਖਾ

ਭਾਗ ਤੀਜਾ

ਇਹ ਵੀ ਸੱਚ ਹੈ ਕਿ ਪੰਜਾਬੀਆਂ ਨੂੰ ਦੁਨੀਆਂ ਦੇ ਹਰ ਵਿਕਸਤ ਦੇਸ਼ ਵਿੱਚ ਵਿਚਰਨ ਦਾ ਸ਼ੌਕ ਹੈ। ਹਰ ਤਰ੍ਹਾਂ ਦੀਆਂ ਚੁਣੌਤੀਆਂ ਆਪਣੇ ਪਿੰਡੇ ਤੇ ਹੰਢਾ ਸਕਣ ਦੇ ਸਮਰੱਥ ਪੰਜਾਬੀ ਕੌਮ ਦੁਨੀਆਂ ਦੇ ਕੋਨੇ-ਕੋਨੇ ਵਿੱਚ ਆਪਣੀ ਧਾਕ ਜਮਾਈ ਬੈਠੀ ਹੈ। ਦੂਰੋਂ ਦਿਸਣ ਵਾਲੀ ਤੇ ਦੂਰ-ਦੂਰ ਤੱਕ ਦਿਸਣ ਵਾਲੀ ਪੰਜਾਬੀਅਤ ਪੂਰੀ ਚੜਦੀ ਕਲਾ ਵਿੱਚ ਹੈ। ਇਵੇਂ ਲਗਦਾ ਹੈ ਕਿ ਚਿੰਤਾ ਕਰਨ ਦੀ ਕੋਈ ਲੋੜ ਹੀ ਨਹੀਂ ਪਰ ਅਸੀਂ ਕਿਤੇ ਕੁਝ ਗੁਆ ਤਾਂ ਨਹੀਂ ਰਹੇ? ਸੱਤ ਦੋਆਬਿਆਂ ਵਾਲਾ ਦੇਸ਼, ਦਰਿਆਵਾਂ ਦੀ ਜ਼ਰਖੇਜ਼ ਧਰਤੀ, ਪੀਰਾਂ ਫਕੀਰਾਂ ਦਾ ਦੇਸ਼, ਗੁਰੂਆਂ ਦੇ ਕਰ ਕਮਲਾਂ ਨਾਲ ਬਣਾਈ ਹੋਈ ਦੁਨੀਆਂ ਦੀ ਮਿੱਤੀ ਦੋਲੀ ਵਿਆਕਰਣ ਗੁਰਮੁਖੀ ਦਾ ਦੇਸ਼ ਇਸ ਵਕਤ ਕਿਸ ਮੋੜ ਤੇ ਖੜ੍ਹਾ ਹੈ, ਜ਼ਰਾ ਗੱਲ ਤਾਂ ਕਰੀਏ :--

ਇੱਕ ਮਾਂ ਦੇ ਅੱਧੇ ਪੁੱਤਰ ਇੱਕ ਪਾਸੇ ਤੇ ਅੱਧੇ ਤਾਰਾਂ ਦੇ ਦੂਜੇ ਪਾਸੇ ਭਲਾ ਮਾਂ ਕਿਹੜੇ ਖੂਹ ਵਿੱਚ ਡੁੱਬ ਮਰੇ? ਅਸੀਂ ਪੰਜਾਬੀਆਂ ਨੇ ਸਿਰ ਢਕਾਵਾ ਕਰਨ ਲਈ ਤਾਂ ਸਿਰ ਧੜ ਦੀ ਬਾਜ਼ੀ ਲਾ ਦਿੱਤੀ ਪਰ ਮਾਂ ਬਾਰੇ ਕੁਝ ਕਲਮਾਂ ਤੋਂ ਬਿਨ੍ਹਾ ਕਦੇ ਕਿਸੇ ਨੇ ਕੁਝ ਨਾ ਸੋਚਿਆ। ਕਲਮਾਂ ਤਾਂ ਰੋਣ ਤੋਂ ਬਿਨਾ ਕੁਝ ਨਹੀਂ ਕਰ ਸਕਦੀਆਂ। ਕਲਮਾਂ ਵਾਲੇ ਪੰਜਾਬ ਦਾ ਨਕਸ਼ਾ ਜਿਵੇਂ ਮਰਜ਼ੀ ਹਿੱਕ ਨਾਲ ਲਾਈ ਫਿਰਨ ਕਿਸੇ ਨੂੰ ਕੀ? ਧਰਤੀ ਤਾਂ ਚਲੋ ਵੰਡ ਲਈ ਪਰ ਪੰਜਾਬੀ ਭਾਸ਼ਾ ਦਾ ਕੀ ਕਸੂਰ? ਪੰਜਾਬੀ ਦਾ ਜੋ ਜੋ ਕੁਝ ਗੁਰਮੁਖੀ ਤੋਂ ਬਿਨ੍ਹਾ ਨਹੀਂ ਲਿਖਿਆ ਜਾ ਸਕਦਾ ਉਹ ਤਾਂ ਫਿਰ ਗਿਆ ਗਵਾਚ। ਬੰਗਲਾ ਦੇਸ਼ ਦੇ ਬੰਗਾਲੀਆਂ ਨੇਂ ਮਾਤ ਭਾਸ਼ਾ ਬਚਾ ਲਈ ਬਾਕੀ ਸਭ ਕੁਝ ਗਵਾ ਲਿਆ ਭਾਵੇਂ ਪਰ ਮਾਂ ਬੋਲੀ ਦੀ ਗੋਦ ਦਾ ਨਿੱਘ ਦੁਨੀਆਂ ਦੀ ਹਰ ਵਸਤੂ ਤੋਂ ਪਿਆਰਾ ਲੱਗਾ। ਰੁੱਖ ਬਚਾਉਣ ਲਈ ਸਾਰੀ ਦੀ ਸਾਰੀ ਬਿਸ਼ਨੋਈ ਕੌਮ ਮਰਨ ਵਾਸਤੇ ਤਿਆਰ ਹੋ ਸਕਦੀ ਹੈ ਤਾਂ ਪੰਜਾਬੀ ਆਪਣੀ ਮਾਂ ਪੰਜਾਬੀ ਨੂੰ ਬਚਾਉਣ ਲਈ ਭਲਾ ਇੱਕ ਆਵਾਜ ਵਿੱਚ ਬੋਲ ਵੀ ਨਹੀਂ ਸਕਦੇ?

ਆਪਣੀ ਆਵਾਜ਼ ਅਦਾਰੇ ਨੇ ਇੱਕ ਕਦਮ ਚੁੱਕਿਆ ਹੈ। ਖੋਜ ਕਰਨੀ ਸ਼ੁਰੂ ਕੀਤੀ ਹੈ ਕਿ ਦੁਨੀਆਂ ਵਿੱਚ ਪੰਜਾਬੀ ਕਿੱਥੇ-ਕਿੱਥੇ ਰਹਿੰਦੇ ਹਨ। ਵਿਦੇਸ਼ਾਂ ਵਿੱਚ ਪੰਜਾਹ ਦੇਸ਼ਾਂ ਦੇ ਤਿੰਨ ਸੌ ਕਹੱਤਰ ਗੁਰਦਵਾਰਿਆਂ ਵਿੱਚ ਅਸੀਂ ਆਪਣੀ ਆਵਾਜ਼ ਦੇ ਪਰਚੇ ਭੇਜੇ ਹਨ। ਕੋਸ਼ਿਸ਼ ਜਾਰੀ ਹੈ ਕਿ ਹਰ ਪੰਜਾਬੀ ਦੁਨੀਆਂ ਵਿੱਚ ਜਿੱਥੇ ਮਰਜ਼ੀ ਰਹਿੰਦਾ ਹੋਵੇ, ਆਪਣੀ ਆਵਾਜ਼ ਪੜ੍ਹ ਕੇ ਆਪਣੀ ਮਾਂ ਪੰਜਾਬੀ ਦੀ ਸੁਖ ਮੰਗੇ। ਵਿਦੇਸ਼ਾਂ ਦੇ ਵਿੱਚ ਕਾਮਯਾਬੀਆਂ ਤੁਹਾਨੂੰ ਮੁਬਾਰਕ ਹੋਣ ਪਰ ਪੰਜਾਬੀਅਤ ਨਾਲੋਂ ਨਾ ਟੁੱਟ ਜਾਇਓ। ਜਿੰਨੇ ਪੰਜਾਬੀ ਵਿਦੇਸ਼ਾਂ ਵਿੱਚ ਰਹਿੰਦੇ ਹਨ ਜੇ ਉਨ੍ਹਾਂ ਵਿੱਚੋਂ ਪੰਜਾਬੀਅਤ ਮਰ ਗਈ ਤਾਂ ਕਲਮਾਂ ਵਾਲਿਆਂ ਤੋਂ ਤਾਂ ਏਨਾ ਰੋਇਆ ਵੀ ਨਹੀਂ ਜਾਣਾ। ਬੇਨਤੀ ਹੈ ਕਿ ਜੇ ਕੋਈ ਪੰਜਾਬੀ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਰਹਿੰਦਾ ਹੋਵੇ, ਆਪਣਾ ਸਿਰਨਾਵਾਂ ਭੇਜੇ ਅਸੀਂ ਹਰ ਹਾਲਤ ਵਿੱਚ ਹਰ ਮਹੀਨੇ ਆਪਣੀ ਆਵਾਜ਼ ਦੀ ਕਾਪੀ ਭੇਜਾਂਗੇ। ਪੰਜਾਬ, ਪੰਜਾਬੀ, ਪੰਜਾਬੀ ਸਭਿਆਚਾਰ ਅਤੇ ਪੰਜਾਬੀਅਤ ਨਾਲ ਜੁੜੇ ਰਹਿਣਾ ਹੀ ਸਾਡਾ ਧਰਮ ਹੈ।

ਕਿਤੇ ਐਸਾ ਨਾ ਹੋਵੇ ਕਿ ਅਮਰੀਕਾ, ਕੈਨੇਡਾ ਜਾਂ ਵਲੈਤ ਵਿੱਚ ਆਪਣੇ ਪਰਵਾਰ ਪੱਕੇ ਕਰਦਿਆਂ ਕਰਦਿਆਂ ਪੰਜਾਬੀ ਆਪਣੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਹੀ ਗੁਆ ਲੈਣ। ਸੱਭਿਆਚਾਰਕ ਤੌਰ ਤੇ ਦੁਨੀਆਂ ਦਾ ਕੋਈ ਦੇਸ਼ ਵੀ ਪੰਜਾਬੀਆਂ ਤੋਂ ਉੱਚਾ ਸਿਰ ਕਰਕੇ ਨਹੀਂ ਤੁਰ ਸਕਦਾ। ਅਸੀਂ ਹਰ ਹਾਲਤ ਵਿੱਚ ਇਹ ਵਿਲੱਖਣਤਾ ਬਣਾਈ ਰੱਖਣੀ ਹੈ। ਕੋਸ਼ਿਸ਼ ਕਰਨੀ ਹੈ ਕਿ ਪੰਜਾਬੀ ਬੱਚੇ ਪੰਜਾਬੀਆਂ ਨਾਲ ਹੀ ਵਿਆਹ ਕਰਵਾਉਣ। ਅਗਲੇ ਮਹੀਨੇ ਤੋਂ ਅਸੀਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਬੱਚਿਆਂ ਵਾਸਤੇ ਮੁਫ਼ਤ ਸੇਵਾ ਕਰਨ ਦੀ ਸੋਚੀ ਹੈ। ਜੋ ਵੀ ਪੰਜਾਬੀ ਇੱਕ ਖ਼ਤ ਰਾਹੀਂ ਆਪਣਾ ਵੇਰਵਾ ਭੇਜੇਗਾ ਅਸੀਂ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਤੱਕ ਪਹੁੰਚਾਵਾਂਗੇ। ਪੰਜਾਬ ਨੂੰ ਖ਼ਤਮ ਕਰਨ ਦਾ ਇਰਾਦਾ ਬਣਾ ਕੇ ਬੈਠੇ ਸਿਆਸਤਦਾਨਾ ਨੂੰ ਪਤਾ ਲੱਗ ਜਾਵੇ ਕਿ ਪੰਜਾਬੀ ਤਾਂ ਸਾਰੀ ਦੁਨੀਆਂ ਵਿੱਚ ਪੰਜਾਬੀਅਤ ਦੇ ਝੰਡੇ ਝੁਲਾ ਰਹੇ ਹਨ। ਇਹ ਕਿਸੇ ਕੱਲੇ ਕਾਰੇ ਦੇ ਕਰਨ ਵਾਲਾ ਕੰਮ ਨਹੀਂ ਹੈ। ਭਰਵਾਂ ਹੁੰਘਾਰਾ ਮਿਲਣ ਨਾਲ ਹੀ ਇਹ ਸਭ ਦੀ ਆਪਣੀ ਆਵਾਜ਼ ਬਣ ਸਕੇਗੀ। ਵਿਦੇਸ਼ਾਂ ਵਿੱਚ ਪੰਜਾਬੀਅਤ ਰੁਲ ਗਈ ਤਾਂ ਫਿਰ ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚੋਂ ਆ ਕੇ ਤੁਹਾਡੀ ਗੈਰਹਾਜ਼ਰੀ ਵਿੱਚ ਬਣੇ ਸਰਪੰਚਾਂ ਨੂੰ ਪੰਜਾਬੀ ਕਹੀ ਜਾਇਓ ਜਾਂ ਕੁਝ ਹੋਰ... ਕੀ ਫਰਕ ਪੈਂਦਾ?

Saturday, November 22, 2008

ਸੁਰਿੰਦਰ ਸਿੰਘ ਸੁੱਨੜ - ਲੇਖ

ਪੰਜਾਬ - ਇੱਕ ਸਦੀ ਪਹਿਲਾਂ
ਕਿਸ਼ਤ ਪਹਿਲੀ

ਇਤਿਹਾਸ ਝਰੋਖਾ

ਇੱਕ ਸਦੀ ਪਹਿਲਾਂ ਵਾਲੇ ਪੰਜਾਬ ਦੀ ਜਿਲ੍ਹਿਆਂ ਅਨੁਸਾਰ ਗੱਲ ਕਰਨ ਨੂੰ ਜੀਅ ਕਰਦਾ ਹੈ। ਸੌ ਸਾਲ ਪਹਿਲਾਂ ਸਾਡਾ ਪੰਜਾਬ ਕਿਸ ਤਰਾਂ ਲਗਦਾ ਸੀ, ਆਓ ਇੱਕ ਨਜ਼ਰ ਆਪਣੇ ਅਤੀਤ ਤੇ ਮਾਰੀਏ – ਸੁਰਿੰਦਰ ਸ. ਸੁੱਨੜ
ਅਟਕ
ਬਿਆਸੀ ਮੀਲ ਇੰਦਸ ਦਰਿਆ ਦੇ ਪੂਰਬੀ ਕੰਡੇ ਦੇ ਨਾਲ ਨਾਲ ਅਟਕ ਜਿਲਾ 4223 ਵਰਗ ਮੀਲ ਖੇਤਰ ਦਾ ਜਿਲ੍ਹਾ ਸੀ। ਹਜ਼ਾਰਾ ਅਤੇ ਮੁੱਰਰੀ ਪਹਾੜਾਂ ਦੀ ਗੋਦ ਵਿੱਚ ਇੰਦਸ ਤੇ ਜੇਹਲਮ ਦਰਿਆਵਾਂ ਵਿਚਕਾਰ ਘੁੱਗ ਵੱਸਦਾ ਇਲਾਕਾ ਸੀ। ਕਾਦਰ ਦੀ ਕੁਦਰਤ ਦਾ ਸ਼ਾਇਦ ਹੀ ਕੋਈ ਐਸਾ ਨਜ਼ਾਰਾ ਹੋਵੇਗਾ ਜੋ ਅਟਕ ਜਿਲੇ ਵਿੱਚ ਨਹੀਂ ਮਿਲਦਾ। ਬਾਸਲ ਤੋਂ ਕਾਲਾ ਚਿੱਟਾ ਨੂੰ ਜਾਂਦੀ ਸੜਕ ਜਦੋਂ ਜੰਗਲਾਂ ਵਿੱਚੋਂ ਦੀ ਲੰਘਦੀ ਤਾਂ ਦੇਖ ਕੇ ਹੀ ਪਤਾ ਲੱਗ ਜਾਂਦਾ ਕਿ ਇਸ ਇਲਾਕੇ ਤੇ ਕੁਦਰਤ ਕਿੰਨੀ ਮੇਹਰਬਾਨ ਹੈ। ਅਟਕ ਦੀ ਪੁਰਾਣੀ ਸਰਾਂ, ਕਿਲ੍ਹਾ ਤੇ ਖੰਡਰਾਤ ਅਟਕ ਦੇ ਅਤੀਤ ਦੀ ਕਹਾਣੀ ਕਰਦੇ।ਇੰਦਸ ਜਦੋਂ ਪਹਾੜਾਂ ਨਾਲ ਸਮਝੌਤਾ ਕਰਕੇ ਸਮੁੰਦਰ ਦੀ ਸ਼ਕਲ ਧਾਰਦੀ ਤਾਂ ਚੜਦੇ ਤੇ ਅਸਤ ਹੁੰਦੇ ਸੂਰਜ਼ ਦਾ ਨਜ਼ਾਰਾ ਜਿਸ ਕਿਸੇ ਵੀ ਦੇਖਿਆ ਬੱਸ ਦੇਖਦਾ ਹੀ ਰਹਿ ਗਿਆ।ਇੰਦਸ ਨਦੀ ਦੇ ਇੱਕ ਪਾਸੇ ਪਸ਼ਾਵਰ ਅਤੇ ਉੱਤਰੀ ਫਰੰਟੀਅਰ ਤੇ ਦੂਜੇ ਪਾਸੇ ਅਟਕ। 82 ਮੀਲ ਦਾ ਸਾਥ ਕਰਕੇ ਜਦ ਇੰਦਸ ਪਾਸਾ ਵੱਟ ਜਾਂਦੀ ਤਾਂ ਬਾਕੀ ਦਾ ਪੱਛਮੀਂ ਕੰਢਾ ਮੀਆਂਵਾਲ ਜਿਲ੍ਹੇ ਦੀ ਮੀਆਂਵਾਲ ਤਹਿਸੀਲ ਨਾਲ ਲਗਦਾ ਸੀ।ਦੱਖਣੀ ਹੱਦ ਸ਼ਾਹਪੁਰ ਦੀ ਖੁਸ਼ਬ ਤਹਿਸੀਲ, ਜੇਹਲਮ ਦੀ ਚੱਕਵਾਲ ਤਹਿਸੀਲ ਅਤੇ ਰਾਵਲਪਿੰਡੀ ਦੀਆਂ ਗੁੱਜਰਖ਼ਾਨ ਤੇ ਰਾਵਲਪਿੰਡੀ ਤਹਿਸੀਲਾਂ ਪੂਰਬ ਵੱਲੋ ਲਗਦੀਆਂ। ਉੱਤਰ ਵਿੱਚ ਪੂਰਬੀ ਪਹਾੜੀਆਂ (ਹਜ਼ਾਰੇ ਦੀਆਂ ਪਹਾੜੀਆਂ) ਤੇ ਵਿੱਚ ਵਿਚਾਲੇ ਨਹਾਇਤ ਖ਼ੂਬਸੂਰਤ ਅਟਕ ਸੀ। ਚਾਰ ਤਹਿਸੀਲਾਂ ਸਨ ਉੱਤਰ ਵਿੱਚ ਅਟਕ ਤਹਿਸੀਲ, ਦੱਖਣ ਵਿੱਚ ਤਾਲਾਗੰਗ, ਪੱਛਮ ਵਿੱਚ ਪਿੰਡੀਘੇਬ ਅਤੇ ਪੂਰਬ ਵਿੱਚ ਤਹਿਸੀਲ ਫ਼ਤਿਹਜੰਗ ਸੀ।
ਕਾਬਲ ਦਰਿਆ ਜਦੋਂ ਇੰਦਸ ਵਿੱਚ ਛਾਲ ਮਾਰਦਾ ਤੇ ਇੰਦਸ ਵਿੱਚ ਡੁੱਬ ਕੇ ਇੰਦਸ ਹੀ ਬਣ ਜਾਂਦਾ ਉਸ ਤੋਂ ਬਿੰਦ ਕੁ ਮਗਰੋਂ ਹੀ ਕਾਬਲ ਦੀ ਰੀਸੇ ਅਟਕ ਦਾ ਪਾਣੀਂ ਵੀ ਇੰਦਸ ਦੀ ਮਲਕੀਅਤ ਬਣ ਬੈਠਦਾ। 1883 ਵਿੱਚ ਰੇਲ ਦਾ ਪੁਲ ਬਣ ਜਾਣ ਤੋਂ ਪਹਿਲਾਂ ਲੋਕ ਲੱਕੜ ਦੇ ਬਣਾਏ ਹੋਏ ਪੁਲ ਉੱਤੋਂ ਦੀ ਹੀ ਇੰਦਸ ਦੇ ਪਾਰ ਲੰਘਦੇ। ਰੇਲ ਦਾ ਦੂਜਾ ਪੁਲ 1904 ਵਿੱਚ ਖੁਸ਼ਲਗੜ ਬਣ ਜਾਣ ਤੋਂ ਬਾਅਦ ਵੀ ਲੋਕ ਕਿਸ਼ਤੀ ਤੇ ਬੈਠ ਕੇ ਪਾਰ ਲੰਘਣਾ ਵਧੀਆ ਸਮਝਦੇ। ਅਟਕ ਜਿਲ੍ਹੇ ਦੇ ਸਾਰੇ ਨਦੀਆਂ ਨਾਲੇ ਇੱਕ ਦੂਜੇ ਵਿੱਚ ਰਲ਼ਦੇ-ਰਲ਼ਾਉਂਦੇ ਇੰਦਸ ਵਿੱਚ ਆਣ ਰਲਦੇ ਪਰ ਇੰਦਸ ਦੀ ਚਲਾਕੀ ਵੇਖੋ ਕਿ ਇੱਕ ਵਾਰ ਜੋ ਵੀ ਪਾਣੀ ਕਬਜ਼ੇ ਵਿੱਚ ਆ ਗਿਆ ਉਸ ਵਿੱਚੋਂ ਚੁਲੀ ਭਰ ਪਾਣੀ ਵੀ ਵਾਪਿਸ ਅਟਕ ਦਾ ਕੋਈ ਖੇਤ ਸਿੰਜਣ ਵਾਸਤੇ ਨਹੀਂ ਦਿੱਤਾ। ਅਟਕ ਜਿਲੇ ਦੀ ਢਲਾਣ ਜੋ ਪੱਛਮ ਵੱਲ ਨੂੰ ਸੀ ਇਸੇ ਲਈ ਤਾਂ ਅਟਕ ਜਿਲੇ ਦਾ ਸਾਰਾ ਪਾਣੀ ਭੱਜ ਭੱਜ ਕੇ ਇੰਦਸ ਵਿੱਚ ਜਾ ਰਲਦਾ। ਚੈਹਲ ਅਤੇ ਹਾਰੋ ਦਾ ਪਾਣੀ ਉੱਤਰੀ ਇਲਾਕੇ ਨੂੰ ਸਿੰਜਦਾ ਪਰ ਮੌਕਾ ਮਿਲਣ ਤੇ ਇੰਦਸ ਵਿੱਚ ਸਮਾ ਕੇ ਹੀ ਸਾਹ ਲੈਂਦਾ। ਪਾਣੀਆਂ ਨੇ ਕਈ ਵਾਰ ਅਟਕ ਜਿਲੇ ਵਿੱਚ ਹੂੰਝਾ ਵੀ ਫੇਰਿਆ ਲੇਕਿਨ ਪਾਣੀਆਂ ਦਾ ਕਰਕੇ ਹੀ ਦੁਬਾਰਾ ਚੈਹਲ ਪਹਿਲ ਹੋ ਗਈ। ਅਟਕ ਵਿੱਚ ਕੁਦਰਤ ਦੀਆਂ ਏਨੀਆਂ ਨਿਆਮਤਾਂ ਸਨ ਕਿ ਇਨਸਾਨ ਨੂੰ ਜਿਊਣ ਲਈ ਬਹੁਤੀਆਂ ਸਿਆਣਪਾਂ ਦੀ ਲੋੜ ਹੀ ਨਹੀਂ।
ਅੰਗ੍ਰੇਜ਼ੀ ਫੌਜ ਦੇ ਇੱਕ ਅਫ਼ਸਰ ਟੌਡ ਆਰ. ਆਈ. ਐਮ.ਨੇ ਲਿਖਿਆ ਹੈ ਕਿ ਪਿੰਡੀਘੇਬ ਤੋਂ ਕੋਈ ਦੋ ਕੁ ਮੀਲ ਦੱਖਣ ਵੱਲ ਇੱਕ ਨਿੱਕੀ ਜਿਹੀ ਝੀਲ ਦੇ ਕਿਨਾਰੇ ਪੱਥਰਯੁਗ ਦੇ ਵੇਲੇ ਦੇ ਕਈ ਹਥਿਆਰ, ਪੱਥਰ ਦੇ ਬਰਛੇ ਕੁਹਾੜੀਆਂ ਅਤੇ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਮਿਲੀਆਂ। ਉਹ ਨਿਸ਼ਾਨੀਆਂ ਇਨ ਬਿਨ ਉਸੇ ਤਰਾਂ ਦੀਆਂ ਸਨ ਜਿਸ ਤਰਾਂ ਦੀਆਂ ਨਿਸ਼ਾਨੀਆਂ ਨੂੰ ਯੌਰਪ (ਫਰਾਂਸ) ਵਿੱਚ 40,000 ਸਾਲ ਪੁਰਾਣੀਆਂ ਗਿਣਿਆ ਜਾਂਦਾ ਹੈ। 327 ਬੀ ਸੀ. ਵਿੱਚ ਜਦੋਂ ਸਕੰਦਰ (ਅਲਗਜ਼ੈਂਡਰ) ਨੇ ਇੰਦਸ ਨਦੀ ਪਾਰ ਕੀਤੀ ਤਾਂ ਅਟਕ ਇਲਾਕੇ ਵਿੱਚ ਉਸਦਾ ਵਾਹਵਾ ਮੂੰਹ ਮਿੱਠਾ ਹੋਇਆ। ਟੈਕਸ਼ਲਾ ਲੋਕ ਬਹੁਤ ਹੀ ਅਮੀਰ ਕੌਮ ਗਿਣੀ ਜਾਂਦੀ ਸੀ। ਟੈਕਸ਼ਲਾ ਨੂੰ ਦੋਹੀਂ ਹੱਥੀਂ ਲੁੱਟਣ ਤੋਂ ਬਾਅਦ ਹੀ ਜੇਹਲਮ ਪਾਰ ਕਰਕੇ ਪੋਰਸ ਨਾਲ ਪੰਗਾ ਪਿਆ ਸਕੰਦਰ ( ਅਲਗਜ਼ੈਂਡਰ ) ਦਾ। ਇਤਹਾਸਕਾਰ 1500 ਬੀ. ਸੀ. ਤੋਂ ਕਿਤੇ ਪਹਿਲਾਂ ਬਣੀਆਂ ਖੂਹੀਆਂ ਦੀ ਗੱਲ ਲਿਖਦੇ ਹਨ। ਨਾਲੀਆਂ ਬਣਾ ਕੇ ਲੋਕ ਆਪਣੇ ਘਰਾਂ ਦਾ ਪਾਣੀ ਇਨ੍ਹਾਂ ਖੂਹੀਆਂ ਵਿੱਚ ਸੁੱਟਦੇ ਸਨ। ਟੈਕਸ਼ਲਾ ਤੋਂ ਹਵੇਲੀਆਂ ਨੂੰ ਜਾਂਦੀ ਰੇਲਵੇ ਲਾਈਨ ਤੇ ਆਉਂਦੇ ਭੀਰਮੰਡ ਸ਼ਹਿਰ ਨੂੰ ਇਸ ਇਲਾਕੇ ਦਾ ਸਭ ਤੋਂ ਪੁਰਾਣਾ ਸ਼ਹਿਰ ਗਿਣਿਆਂ ਜਾਂਦਾ ਹੈ। ਭੀਰਮੰਡ ਦੀ ਖੁਦਾਈ ਕਰਦਿਆਂ ਥੇਹ ਦੀਆਂ ਤਿੰਨ ਤੈਹਾਂ ਮਿਲੀਆਂ। ਇਸ ਤੋਂ ਕਿਆਸ ਲਾਇਆ ਜਾ ਸਕਦਾ ਹੈ ਕਿ ਇਹ ਆਬਾਦੀ ਤਿੰਨ ਵਾਰ ਜਰੂਰ ਗ਼ਰਕ ਹੋਈ। ਉੱਪਰਲੀ ਤਹਿ ਤੋਂ 6 ਫੁੱਟ ਥੱਲੇ ਦੂਜੀ ਤਹਿ ਵਿੱਚੋਂ 1167 ਚਾਂਦੀ ਦੇ ਸਿੱਕੇ ਬਹੁਤ ਸਾਰੇ ਸੋਨੇ ਦੇ ਸਿੱਕੇ ਅਤੇ ਗਹਿਣੇ ਜਿਨ੍ਹਾਂ ਵਿੱਚ ਚਾਂਦੀ ਦੇ ਗਹਿਣੇ ਵੀ ਸਨ, ਇੱਕ ਘੜੇ ਵਿੱਚ ਬੰਦ ਕਰਕੇ ਰੱਖੇ ਮਿਲੇ। ਕਈ ਸਿੱਕਿਆਂ ਤੇ ਸਿਕੰਦਰ ਅਲਗਜੈਂਡਰ ਦਾ ਸਿਰ ਵੀ ਬਣਿਆ ਸੀ। ਖੁਦਾਈ ਕਰਦਿਆਂ ਵੱਡੇ ਵੱਡੇ ਦੀਵਾਨ ਹਾਲ ਅਤੇ ਇੱਕ ਬੁੱਧ ਦਾ ਮੰਦਰ ਵੀ ਮਿਲਿਆ।
ਧਾਰਮਕ ਨਜ਼ਰੀਏ ਨਾਲ ਦੇਖੀਏ ਤਾਂ ਅਟਕ ਵਿਚ ਬੁੱਧ ਮੱਤ ਦੀਆਂ ਨਿਸ਼ਾਨੀਆਂ ਦੇ ਨਾਲ ਨਾਲ ਹਿੰਦੂ-ਮੱਤ ਨਾਲ ਸਬੰਧਤ ਨਿਸ਼ਾਨੀਆਂ, ਪੁਰਾਤਨ ਦੇਵੀ ਦੇਵਤਿਆਂ ਦੀਆਂ ਮੂਰਤਾਂ ਤੇ ਇਸਲਾਮਿਕ ਕਦਰਾਂ ਕੀਮਤਾਂ ਦੀਆਂ ਨਿਸ਼ਾਨੀਆਂ ਵੀ ਸਮੇਂ ਸਮੇਂ ਖੋਜੀਆਂ ਨੇ ਖੋਜੀਆਂ।ਹਿਊਨਸਾਂਗ ਦੇ ਸਮੇਂ ਦੀਆਂ ਨਿਸ਼ਾਨੀਆਂ ਮਿਲੀਆਂ। ਆਨੰਦ ਪਾਲ ਦੀਆਂ ਹਿੰਦੂ ਫੌਜਾਂ ਅਤੇ ਮਹਿਮੂਦ ਗਜ਼ਨਵੀ ਦੀ ਲੜਾਈ ਅਟਕ ਜਿਲੇ ਵਿੱਚ ਹੋਈ, ਇਸ ਲੜਾਈ ਵਿੱਚ ਭਾਵੇਂ ਰਾਜਪੂਤਾਂ ਦੀ ਹਾਰ ਹੋਈ ਪਰ 30,000 ਫੌਜ ਦੇ ਅਚਾਨਕ ਹਮਲੇ ਨੇ ਮੁਹੰਮਦਨ ਫੌਜਾਂ ਨੂੰ ਬਹੁਤ ਵੱਡੀ ਸੱਟ ਮਾਰੀ। ਮਹਿਮੂਦ ਗਜਨਵੀ ਦੀਆਂ ਫੌਜਾਂ ਹਰਦੀਆਂ ਹਰਦੀਆਂ ਮਸਾਂ ਜਿੱਤੀਆਂ। ਤੇਰਵੀਂ ਸਦੀ ਵਿੱਚ ਗੌਰੀ ਵੀ ਮਰਦਾ ਮਰਦਾ ਬਚਿਆ ਜਦ ਰਾਤ ਦੇ ਅੰਧੇਰੇ ਵਿੱਚ ਉਸ ਦੇ ਟੈਂਟ ਤੇ ਹਮਲਾ ਬੋਲਿਆ ਗਿਆ। ਸਾਰੇ ਦੇ ਸਾਰੇ ਹਮਲਾਆਵਰ ਜੋ ਭਾਰਤ ਨੂੰ ਲੁੱਟਣ ਲਈ ਆਉਂਦੇ ਉਨ੍ਹਾਂ ਦਾ ਕੋਈ ਨਾਂ ਕੋਈ ਵਾਹ ਅਟਕ ਦੇ ਲੋਕਾਂ ਨਾਲ ਜਰੂਰ ਪੈਂਦਾ। ਜੰਜੂਆ ਲੋਕ ਜਿਨ੍ਹਾਂ ਵਿੱਚ ਜੱਟ ਗੁੱਜਰ ਤੇ ਹੋਰ ਕਈ ਕਿਸਮ ਦੇ ਲੋਕ ਸਨ ਆਪਸ ਵਿੱਚ ਬੜੇ ਪਿਆਰ ਨਾਲ ਰਹਿੰਦੇ। ਮੁਸੀਬਤ ਪੈਣ ਤੇ ਇਕੱਠੇ ਹੋ ਜਾਂਦੇ ਤੇ ਵੱਡਿਆਂ ਵੱਡਿਆਂ ਨੂੰ ਚਨੇ ਚਬਾ ਦੇਂਦੇ। ਅਟਕ ਜਿਲ੍ਹਾ ਨਾਦਰ ਸ਼ਾਹ, ਅਹਿਮਦ ਸ਼ਾਹ ਅਤੇ ਹੋਰ ਕਈ ਹਮਲਾਆਵਰਾਂ ਦਾ ਰਸਤਾ ਬਣਿਆਂ ਰਿਹਾ। ਸਿੱਖਾਂ ਦੀ ਕੋਈ ਵੀ ਮਿਸਲ ਜੇਹਲਮ ਦੇ ਪਾਰ ਨਹੀਂ ਸੀ।1765 ਵਿੱਚ ਪਹਿਲੀ ਵਾਰ ਗੁੱਜਰ ਸਿੰਘ ਭੰਗੀ ਨੇ ਕੁਝ ਇਲਾਕੇ ਤੇ ਕਬਜ਼ਾ ਕੀਤਾ। ਫਤਿਹਜੰਗ ਤਸੀਲ ਤੇ ਸ਼ੁਕਰਚੱਕੀਆ ਤਹਿਸੀਲ ਦੇ ਸਰਦਾਰ ਚਤਰ ਸਿੰਘ ਨੇ ਕਬਜ਼ਾ ਕਰ ਲਿਆ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਾਰੇ ਦਾ ਸਾਰਾ ਜਿਲਾ ਸ਼ਾਮਲ ਸੀ।19 ਵੀਂ ਸਦੀ ਦੇ ਸ਼ੁਰੂ ਵਿੱਚ ਸਾਰਾ ਜਿਲ੍ਹਾ ਸੰਪੂਰਣ ਸਿੱਖ ਰਾਜ ਬਣ ਗਿਆ। ਲਹੌਰ ਤੋਂ ਦੂਰ ਹੋਣ ਕਰਕੇ ਇਹ ਇਲਾਕਾ ਕਿਰਾਏ ਤੇ ਚੜਦਾ ਰਿਹਾ। ਵੱਖ-ਵੱਖ ਲੋਕਾਂ ਨੇ ਮਾਮਲਾ ਤਾਰ ਕੇ ਇੰਦਸ ਤੇ ਜੇਹਲਮ ਵਿਚਲਾ ਇਲਾਕਾ ਮੱਲੀ ਰੱਖਿਆ। ਅਟਕ ਨੂੰ ਸੰਵਿਧਾਨਕ ਤੌਰ ਤੇ ਜਿਲਾ ਪਹਿਲੀ ਅਪ੍ਰੈਲ 1904 ਵਿੱਚ ਬਣਾਇਆ ਗਿਆ।
ਅਟਕ ਦੇ ਲੋਕਾਂ ਨੂੰ ਜੋ ਮਰਜ਼ੀ ਕਹੀ ਜਾਓ। ਜਿਸਦਾ ਮਰਜ਼ੀ ਝੰਡਾ ਝੁੱਲਦਾ ਰਿਹਾ ਹੋਵੇ ਪਰ ਇੱਕ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਅਟਕ ਦੇ ਲੋਕ ਜਿਨ੍ਹਾਂ ਵਿੱਚ ਇੰਦਸ ਨਦੀ ਦੇ ਕੰਡੇ ਤੇ ਸ਼ਾਲਾਤੁਲਾ ਦਾ ਜੰਮ ਪਲ ਪਾਨਣੀ ਵੀ ਸ਼ਾਮਿਲ ਹੈ। ( ਜਿਸ ਨੇ ਦੁਨੀਆਂ ਦੀ ਸਭ ਤੋਂ ਪਹਿਲੀ ਵਿਆਕਰਣ ਬਣਾਈ ) ਪੰਜਾਬੀ ਸਨ, ਪੰਜਾਬੀ ਹਨ ਅਤੇ ਰਹਿੰਦੀ ਦੁਨੀਆਂ ਤੱਕ ਪੰਜਾਬੀ ਹੀ ਰਹਿਣਗੇ, "ਜੀਵੇ ਪੰਜਾਬ"।

Friday, November 14, 2008

ਸੁਰਿੰਦਰ ਸਿੰਘ ਸੁੱਨੜ - ਇਤਿਹਾਸ ਝਰੋਖਾ

ਆਪਣਾ ਅਤੀਤ
ਭਾਗ ਦੂਜਾ

ਇਤਿਹਾਸ ਝਰੋਖਾ

ਇਤਿਹਾਸ ਬੀਤ ਗਈ ਕਹਾਣੀ ਨੂੰ ਆਖਦੇ ਨੇ । ਕੱਲ੍ਹ ਜੋ ਬੀਤ ਗਿਆ ਉਸ ਕੱਲ੍ਹ ਦੀ ਕਹਾਣੀ ਅੱਜ ਇਤਿਹਾਸ ਲੱਗ ਰਹੀ ਹੈ । ਲੇਕਿਨ ਜੋ ਕੱਲ੍ਹ ਆਉਣ ਵਾਲਾ ਹੈ ਉਸ ਕੱਲ੍ਹ ਵਿੱਚ ਅੱਜ ਦਾ ਵਰਤਮਾਨ ਇਤਿਹਾਸ ਲੱਗੇਗਾ । ਇੱਕ ਇਤਿਹਾਸ ਬੀਤ ਚੁੱਕਾ ਇੱਕ ਹਾਲੇ ਬੀਤ ਰਿਹਾ । ਬੀਤ ਚੁੱਕੇ ਸਮੇਂ ਨੂੰ ਅਸੀਂ ਇਸ ਲਈ ਯਾਦ ਕਰਦੇ ਹਾਂ ਕਿ ਜੋ ਗਲਤੀਆਂ ਸਾਡੇ ਤੋਂ ਜਾਣੇ ਅਨਜਾਣੇ ਹੋ ਗਈਆਂ ਅੱਗੇ ਤੋਂ ਨਾ ਕਰੀਏ । ਲੇਕਿਨ ਗਿਣ ਕੇ ਦੇਖ ਲਓ ਹਰ ਨਵੇਂ ਇਤਹਾਸ ਵਿੱਚ ਅਸੀਂ ਪੁਰਾਣੇਂ ਤੋਂ ਵੱਧ ਗਲਤੀਆਂ ਕਰਦੇ ਹਾਂ । ਜਾਣਦਿਆਂ ਅਨਜਾਣ ਬਣਕੇ ਅਸੀਂ ਅੱਜ ਤੱਕ ਕੀ ਖੱਟਿਆ? ਆਪਣਾ ਇਤਿਹਾਸ ਹੋਰ ਤਾਂ ਕਿਸੇ ਨੇ ਨਹੀਂ ਬਣਾਇਆ । ਚੰਗੀਆਂ ਜਾਂ ਮਾੜੀਆਂ ਆਪਣੇ ਆਪਣਿਆਂ ਦੀਆਂ ਹੀ ਤਾਂ ਕਰਤੂਤਾਂ ਹਨ , ਚਲੋ ਸਿਫ਼ਤਾਂ ਕਹਿ ਲਓ । ਲੇਕਿਨ ਜੋ ਇਤਿਹਾਸ ਅਸੀਂ ਅੱਜ ਬਣਾ ਰਹੇ ਹਾਂ , ਆਪਣੀਆਂ ਆਉਂਣ ਵਾਲੀਆਂ ਪੀੜ੍ਹੀਆਂ ਪਤਾ ਨਹੀਂ ਕਿਨ੍ਹਾਂ ਅੱਖਰਾਂ ਵਿੱਚ ਲਿਖਣ । ਐਨੇ ਪੁਰਾਤਨ ਤੇ ਅਮੀਰ ਵਿਰਸੇ ਨੂੰ ਅਸੀਂ ਕਿਵੇਂ ਲੀਰੋ-ਲੀਰ ਕਰੀ ਬੈਠੇ ਹਾਂ , ਇਸਦੇ ਕਾਰਣ ਘਟਨਾਵਾਂ ਤੇ ਨਤੀਜੇ ਅਸੀਂ ਜਾਣਦੇ ਹਾਂ । ਲੇਕਿਨ ਪਤਾ ਨਹੀਂ ਕਿਉਂ ਇਵੇਂ ਲੱਗਦਾ ਜਿਵੇਂ ਸਾਨੂੰ ਕਿਸੇ ਗੱਲ ਦਾ ਕੋਈ ਪਛਤਾਵਾ ਨਹੀਂ ਹੈ ।
ਪੰਜ ਹਜ਼ਾਰ ਸਾਲ ਪੁਰਾਣਾ ਸਾਡਾ ਇਤਿਹਾਸ ਅੰਕਿਤ ਹੋਇਆ ਮਿਲਦਾ ਹੈ । ਉਸ ਤੋਂ ਪਹਿਲਾਂ ਦਾ ਕੋਈ ਸਾਰਥਕ ਸਬੂਤ ਨਹੀਂ ਮਿਲਦਾ । ਰਿਗ ਵੇਦ ਵਿੱਚ ਲਫ਼ਜ਼ ਵਰਤਿਆ ਸਪਤਸਿੰਧੂ , ਦੇਵਨਾਗਰੀ ਲਿੱਪੀ ਤੇ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਵੇਦਾਂ ਦੇ ਅਰਥ ਕਰਨ ਵਾਲੇ ਇਸਦੇ ਅਰਥ ਕਰਦੇ ਹਨ ਸੱਤ ਪਾਣੀ । ਸੱਤ ਦਰਿਆ ਇੰਦੂ – ਜੇਹਲਮ – ਝਨ੍ਹਾਬ – ਰਾਵੀ- ਬਿਆਸ – ਸਤਲੁਜ ਅਤੇ ਸਰਸਵਤੀ ਜਿਸ ਨੂੰ ਘੱਗਰ ਦਰਿਆ ਵੀ ਆਖਦੇ ਹਨ । ਇਹ ਇਲਾਕਾ ਤਕਰੀਬਨ ਦੋ ਲੱਖ ਵਰਗ ਮੀਲ ਦਾ ਇਲਾਕਾ ਸੀ ਅਜੋਕੇ ਪੰਜਾਬ ਤੋਂ ਲਗ ਭਗ ਸੱਤ ਗੁਣਾ ਵੱਡਾ , ਇਸ ਇਲਾਕੇ ਦੇ ਲੋਕ ਪੰਜਾਬੀ ਸਨ । ਲਾਹੌਰੀ ਪੰਜਾਬੀ , ਬਿਸ਼ਤ ਦੋਆਬੀ , ਲਹਿੰਦੀ ਪੰਜਾਬੀ , ਸਿੰਧੀ ਤੇ ਪਹਾੜੀ ਬੋਲਦੇ । ਮਿਹਨਤ ਮਜ਼ਦੂਰੀ ਕਰਨ ਵਾਲੇ ਸਿੱਧੇ-ਸਾਦੇ ਲੋਕ ਸਨ ਕਿਉਂਕਿ ਪੰਜਾਬੀ ਤਾਂ ਇਨ੍ਹਾ ਆਮ ਲੋਕਾਂ ਦੀ ਭਾਸ਼ਾ ਸੀ ਇਸ ਕਰਕੇ ਸਾਡੇ ਧਾਰਮਿਕ ਆਗੂਆਂ ਨੇ ਪਤਾ ਨਹੀਂ ਕੀ ਸੋਚਕੇ ਵੇਦਾਂ ਸ਼ਾਸਤਰਾਂ ਦੀ ਰਚਨਾ ਕਰਨ ਲੱਗਿਆ ਐਸੀ ਭਾਸ਼ਾ ਚੁਣੀ ਜਿਸਨੂੰ ਆਮ ਲੋਕ ਪੜ੍ਹ ਨਾ ਸਕਣ । ਇਹ ਹੀ ਕਾਰਨ ਹੈ ਕਿ ਉਰਦੂ ਫ਼ਾਰਸੀ ਹੌਲੀ ਹੌਲੀ ਕਾਬਜ਼ ਹੋ ਗਈ । ਉਰਦੂ ਭਾਸ਼ਾ ਕਿਉਂਕਿ ਪੰਜਾਬੀ ਨਾਲ ਮਿਲਦੀ ਜੁਲਦੀ ਭਾਸ਼ਾ ਸੀ ,ਇਸ ਕਰਕੇ ਬਹੁਤ ਜਲਦੀ ਪਰਚੱਲਤ ਹੋ ਗਈ । ਸੰਸਕ੍ਰਿਤ ਸਿਰਫ ਗਰੰਥਾਂ ਤੀਕ ਹੀ ਸੀਮਤ ਰਹਿ ਗਈ ਤੇ ਉਰਦੂ ਫਾਰਸੀ ਸਰਕਾਰੇ ਦਰਬਾਰੇ ਵੀ ਕਾਬਜ਼ ਹੋ ਗਈ ।
ਰਹਿੰਦੀ ਕਸਰ ਸੂਫ਼ੀ ਕਵੀਆਂ ਨੇ ਪੂਰੀ ਕਰ ਦਿੱਤੀ । ਆਮ ਲੋਕਾਂ ਦੇ ਸਮਝ ਵਿੱਚ ਨਾ ਆ ਸਕਣ ਵਾਲੀ ਭਾਸ਼ਾ ਸੰਸਕ੍ਰਿਤ ਵਿੱਚ ਲਿਖ ਕੇ ਜੋ ਜੀਵਨ ਦਾ ਰਹੱਸ ਵੇਦਾਂ ਵਿੱਚ ਕੈਦ ਕਰਕੇ ਰੱਖਿਆ ਹੋਇਆ ਸੀ , ਸਰਲ ਭਾਸ਼ਾ ਵਿੱਚ ਸੂਫ਼ੀਆਂ ਨੇ ਲੋਕਾਂ ਤੱਕ ਪਹੁੰਚਾਇਆ । ਆਮ ਜੀਵਨ ਵਿੱਚੋਂ ਉਦਾਹਰਣਾਂ ਦੇ ਕੇ ਆਮ ਲੋਕਾਂ ਦੇ ਸਮਝ ਵਿੱਚ ਆ ਸਕਣ ਵਾਲੀ ਭਾਸ਼ਾ ਵਿੱਚ ਲਿਖੀ ਸੂਫ਼ੀ ਕਵਿਤਾ ਪੰਜਾਬੀਆਂ ਨੇ ਰੱਜ ਰੱਜ ਕੇ ਗਾਈ । ਉਰਦੂ ਫ਼ਾਰਸੀ ਏਨੀ ਪਰਚਲਤ ਹੋ ਗਈ ਕਿ ਲੋਕਾਂ ਨੇ ਲਿਖਣੀ ਪੜਨੀ ਵੀ ਸਿੱਖ ਲਈ । ਪੰਜਾਬ ਦੇ ਆਮ ਲੋਕਾਂ ਨੇ ਸਭ ਤੋਂ ਪਹਿਲਾਂ ਉਰਦੂ ਫ਼ਾਰਸੀ ਵਾਲੀ ਲਿੱਪੀ ਜੋ ਪੁੱਠੇ ਪਾਸਿਓਂ ਲਿਖ ਹੁੰਦੀ ਹੈ , ਲਿਖਣੀ ਪੜ੍ਹਨੀ ਸਿੱਖੀ । ਸਡੀ ਕੌਮ ਦੇ ਲੰਬੜਦਾਰਾਂ ਨੇ ਸੋਚਣ ਦੀ ਖੇਚਲ ਹੀ ਨਹੀਂ ਕੀਤੀ ਕੇ ਪੰਜਾਬੀ ਨੂੰ ਉਰਦੂ ਵਿੱਚ ਲਿਖਣਾ ਸਿੱਖਕੇ ਭਾਸ਼ਾ ਨੂੰ ਸੰਵਾਰ ਰਹੇ ਹਨ ਜਾਂ ਵਿਗਾੜ ਰਹੇ ਹਨ । ਇਸ ਵਿਸ਼ੇ ਤੇ ਅਸੀਂ ਘੂਕ ਸੁੱਤੇ ਰਹੇ ਤੇ ਕੀ ਦਾ ਕੀ ਹੋ ਗਿਆ ? ਸ਼ੇਰੇ -ਪੰਜਾਬ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਰਕਾਰੀ ਭਾਸ਼ਾ ਉਰਦੂ ਫ਼ਾਰਸੀ ਸੀ । ਭਾਵੇਂ ਤਿੰਨ ਸੌ ਸਾਲ ਪਹਿਲਾਂ ਗੁਰੁ ਅੰਗਦ ਦੇਵ ਜੀ ਨੇ ਪੈਂਤੀ-ਅੱਖਰੀ ਆਮ ਲੋਕਾਂ ਵਾਸਤੇ ਪੰਜਾਬੀ ਭਾਸ਼ਾ ਦੀ ਪੰਜਾਬੀ ਲਿੱਪੀ ਗੁਰਮੁਖੀ ਬਣਾਈ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਨਾ ਰਾਜੇ ਨੂੰ ਤੇ ਨਾ ਪਰਜਾ ਨੂੰ ਖ਼ਿਆਲ ਆਇਆ ਕਿ ਕਿੱਡੀ ਵੱਡੀ ਗਲਤੀ ਕਰ ਰਹੇ ਹਨ ।ਅੱਜ ਤੱਕ ਕਿਸੇ ਨੇ ਇਹ ਗਲਤੀ ਨਹੀਂ ਚਿਤਾਰੀ ।
ਆਪਣੀ ਮਾਤ ਭਾਸ਼ਾ ਦਾ ਅਤੀਤ ਦਿਲ ਨੂੰ ਦਰਦ ਦੇ ਸਿਵਾ ਹੋਰ ਕੁਝ ਨਹੀਂ ਦੇ ਸਕਦਾ । ਰੋਣ ਨੂੰ ਦਿਲ ਕਰਦਾ ਹੈ ਪਰ ਰੋਅ ਕੇ ਦੱਸੀਏ ਕਿਸਨੂੰ ? ਕਿਸ ਦੀ ਸ਼ਕਾਇਤ ਕਿਸ ਕੋਲ ਕਰੀਏ ? ਕਹਿੰਦੇ ਮਾਂ ਹੋਵੇ ਯਾਰਨੀ , ਪੁੱਤ ਨਾ ਚਿਤਾਰੇ ਲੇਕਿਨ ਪੁੱਤ ਕਰੇ ਤਾਂ ਕੀ ਕਰੇ ? ਕਾਬਲ ਦਰਿਆ ਤੌਂ ਲੈ ਕੇ ਜਮੁਨਾ ਤੱਕ ਜੋ ਵੀ ਵਸੋਂ ਸੀ ਸਾਰੇ ਦੇ ਸਾਰੇ ਪੰਜਾਬੀ ਸੀ ਅੱਜ ਕੀ ਹੋਇਆ ? ਰਹਾਇਸ਼ ਤਾਂ ਓਥੇ ਹੀ ਹੈ , ਲੋਕ ਵੀ ਓਹੀ ਨੇ , ਦਾਦੇ-ਪੜਦਾਦੇ ਤਾਂ ਸਾਰੇ ਪੰਜਾਬੀ ਸੀ ਲੇਕਨ ਪੋਤਰੇ-ਨੱਤੇ ਕੋਈ ਅਫ਼ਗਾਨਿਸਤਾਨੀ ਕਹਾਉਂਦਾ ਹੈ ਤੇ ਕੋਈ ਪਾਕਿਸਤਾਨੀ , ਹੋਰ ਤਾਂ ਹੋਰ ਅੰਬਾਲੇ ਬੈਠੇ ਉਹੀ ਲੋਕ ਪੰਜਾਬੀਆਂ ਨੂੰ ਆਪਣੇ ਦੁਸ਼ਮਣ ਮੰਨਦੇ ਹਨ । ਮੈਂ ਇੱਕ ਦਿਨ ਬੈਠਾ ਸੋਚਦਾ ਸਾਂ ਕਿ ਜੇ ਕਿਸੇ ਨੇ ਹੋਰ ਕਿਸੇ ਭਾਸ਼ਾ ਵਿੱਚ ਲਿਖਣਾ ਹੋਵੇ –

ਚੰਬੇ ਦੀਏ ਬੰਦ ਕਲੀਏ , ਕਿਹੜੇ ਵੇਲੇ ਤੈਨੂੰ ਰੱਬ ਨੇ ਬਣਾਇਆ ,
ਸੋਚਾਂ ਵਿੱਚ ਆਪ ਪੈ ਗਿਆ , ਦੂਜਾ ਚੰਦ ਕਿੱਧਰੋਂ ਚੜ੍ਹ ਆਇਆ ।

ਤਾਂ ਭਲਾ ਕਿਵੇਂ ਲਿਖੂ ਕਿਉਂਕਿ ਚੰਬੇ ਦੀਆਂ ਕਲੀਆਂ ਵਿਚਾਰੀਆਂ ਪੰਜਾਬਣਾਂ ਤਾਂ ਰਹੀਆਂ ਹੀ ਨਹੀਂ । ਸਮਝ ਨਹੀ ਲਗਦੀ ਆਪਣੇ ਅਤੀਤ ਨੂੰ ਯਾਦ ਕਰਕੇ ਰੋਵਾਂ ਕਿ ਹੱਸਾਂ ? ਆਪਣਾ ਝੱਗਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੋਣਾ ।
ਸ਼ਾਇਦ ਅਸੀਂ ਪਤਾ ਲਾਉਣਾ ਹੀ ਨਹੀਂ ਚਾਹੁੰਦੇ ਕਿ ਕਿੱਧਰ ਨੂੰ ਜਾ ਰਹੇ ਹਾਂ । ਸਾਡੇ ਬੱਚੇ ਅੰਗ੍ਰੇਜ਼ੀ ਸਿੱਖਦੇ ਸਾਨੂੰ ਬੜੇ ਚੰਗੇ ਲਗਦੇ ਨੇ ਲੇਕਿਨ ਅੰਗ੍ਰੇਜ਼ੀ ਦਾ ਪਾਰਾ ਕਿਤੇ ਸਾਡੇ ਹੱਡ ਤਾਂ ਨਾ ਗਾਲ਼ ਦਊ । ਮਦਰ ਟਰੀਸਾ ਨੂੰ ਸਾਰੀ ਦੁਨੀਆ ਬੜੇ ਸਤਿਕਾਰ ਨਾਲ ਯਾਦ ਕਰਦੀ ਹੈ । ਬਹੁਤ ਬੱਚਿਆਂ ਦੀ ਮਾਂ ਬਣ ਸਕਣ ਦਾ ਮਾਣ ਪਰਾਪਤ ਕੀਤਾ ਮਦਰ ਟਰੀਸਾ ਨੇ । ਲੱਖਾਂ ਬੱਚਿਆਂ ਨੂੰ ਵਧੀਆ ਸਿੱਖਿਆ ਦੇਣਾ ਕੋਈ ਹਾਰੀ ਸਾਰੀ ਦਾ ਕੰਮ ਤਾਂ ਹੈ ਨਹੀ ਲੇਕਿਨ ਲੱਖਾਂ ਬੱਚੇ ਐਨੇ ਸੌਖੇ ਤਰੀਕੇ ਨਾਲ ਇਸਾਈ ਵੀ ਨਹੀਂ ਸੀ ਬਣਾਏ ਜਾ ਸਕਦੇ । ਪੰਜਾਬ ਦੀ ਧਰਤੀ ਤੇ ਲਗਦਾ ਕਈ ਮਦਰ ਟਰੀਸਾ ਨੋਬਲ ਪਰਾਈਜ਼ ਲੈ ਲੈ ਕੇ ਗਈਆਂ । ਪਰ ਸਾਡੀ ਜਾਤ ਜਰੂਰ ਵਿਗਾੜ ਕੇ ਧਰ ਗਈਆਂ ।
ਹਿੰਦੀ ਦਾ ਇੱਕ ਗੀਤ ਹੈ – ਸਭ ਕੁਛ ਲੁਟਾ ਕੇ ਹੋਸ਼ ਮੇਂ ਆਏ ਤੌ ਕਿਆ ਕੀਆ । ਪਰ ਮੈਨੂੰ ਤਾਂ ਫ਼ਿਕਰ ਹੈ ਕਿ ਸਭ ਕੁਝ ਲੁਟਾ ਕੇ ਵੀ ਸਾਨੂੰ ਹੋਸ਼ ਨਹੀਂ ਆਈ । ਸਾਡੀ ਕੌਮ ਦੇ ਆਗੂਆਂ ਨੂੰ ਕੀ ਕਹਾਂ ? ਆਪਣੀਆਂ ਕੁਰਸੀਆਂ ਖ਼ਾਤਰ ਪੰਜਾਬ , ਪੰਜਾਬੀ ਬੋਲੀ ਅਤੇ ਪੰਜਾਬੀਅਤ ਦਾ ਨਾਸ਼ ਕਰੀ ਜਾਂਦੇ ਹਨ । ਆਪਣੀ ਕੁਰਸੀ ਨਹੀਂ ਛੱਡਣੀ ਬਾਕੀ ਭਾਵੇਂ ਸਭ ਕੁਝ ਜਾਂਦਾ ਰਹੇ । ਮੈਨੂੰ ਤਾਂ ਕਈ ਵਾਰ ਡਰ ਲਗਦਾ ਕਿ ਜੇ ਕੁਰਸੀ ਡਾਹੁੰਣ ਜੋਗੀ ਜਗ੍ਹਾ ਹੀ ਨਾ ਰਹੀ ਸਾਡੇ ਕੋਲ ਤਾਂ ਸਾਡੇ ਚੌਧਰੀ ਆਪਣੀ ਕੁਰਸੀ ਰੱਖਣਗੇ ਕਿੱਥੇ? ਕਈ ਵਾਰ ਦਿਲ ਕਰਦਾ ਤਕੜਾ ਹੋ ਕੇ ਆਪਣੀ ਕੌਮ ਦੇ ਚੌਧਰੀਆਂ ਨੂੰ ਕਹਾਂ – ਵੀਰਾ ! ਛੱਡ ਕੇ ਦੇਖੋ , ਕੀ ਰੱਖਿਆ ਬੱਲੇ-ਬੱਲੇ ਵਿੱਚ , ਪਰ ਡਰ ਵੀ ਲਗਦਾ ਸੁਰਜੀਤ ਪਾਤਰ ਦੇ ਬੋਲ ਯਾਦ ਕਰਦਾਂ --- ਜੀਣ ਜੋਗਾ ਤਾਂ ਹੋ --- ਤੇਰਾ ਵੀ ਕਤਲ ਕਰ ਦਿਆਂਗੇ । ਮੈਨੂੰ ਤਾਂ ਲਗਦਾ ਡਰ , ਚੁੱਪ ਰਹਿਣਾ ਕੁਝ ਨਹੀਂ ਕਹਿਣਾ । ਵੰਡਣਾ ਪਤਾ ਨਹੀਂ ਕੀ ਹੈ , ਆਪਣੀ ਚੀਜ਼ ਜੇ ਆਪ ਨਹੀਂ ਵੰਡ ਸਕਦੇ ਤਾਂ ਵੰਡੀਆਂ ਪਾਉਣ ਲਈ ਸੱਦੀ ਬਿੱਲੀ ਨੇ ਸਭ ਕੁਝ ਖਾ ਜਾਣਾ । ਚੱਲ ਮੈਨੂੰ ਕੀ ਮਰਨ ਭੁੱਖੇ।

Tuesday, November 11, 2008

ਸੁਰਿੰਦਰ ਸਿੰਘ ਸੁੱਨੜ - ਯਾਦਾਂ

ਤਨਦੀਪ... ਮੈਂ 1975 ਵਿੱਚ ਇੱਕ ਕਹਾਣੀ "ਪਰੌਂਠਾ" ਲਿਖੀ ਸੀ। ਮੇਰੀ ਹੱਡ-ਬੀਤੀ ਨੂੰ ਅੰਮ੍ਰਿਤਾ ਪ੍ਰੀਤਮ ਨੇ ਪੜ੍ਹਿਆ ਤੇ ਪੜ੍ਹ ਕੇ ਮੈਨੂੰ ਹੌਸਲਾ ਅਫ਼ਜ਼ਾਈ ਦਾ ਨਿੱਕਾ ਜਿਹਾ ਚਾਰ ਸਤਰਾਂ ਦਾ ਖ਼ਤ ਲਿਖ ਭੇਜਿਆ ਕਿ ਤੂੰ ਲਿਖ ਸਕਦਾ ਹੈਂ ਲਿਖਣਾ ਨਾ ਬੰਦ ਕਰੀਂ। ਹੋ ਸਕਦਾ ਇਹ ਹੀ ਕਾਰਣ ਹੈ ਕਿ ਮੈਂ ਅਜੇ ਤੱਕ ਕੁਝ ਨਾ ਕੁਝ ਲਿਖਦਾ ਹੀ ਰਹਿਨਾਂ। ਕਹਾਣੀ ਭੇਜ ਰਿਹਾਂ। ਜੇ ਆਰਸੀ ਦੇ ਪਾਠਕਾਂ ਨੂੰ ਚੰਗੀ ਲੱਗੀ ਤਾਂ ਮੇਰੀਆਂ ਬਹੁਤ ਸਾਰੀਆਂ ਹੱਡ-ਬੀਤੀਆਂ ਹਨ ਇੱਕ-ਇੱਕ ਕਰਕੇ ਭੇਜਦਾ ਰਹਾਂਗਾ।
ਸੁਰਿੰਦਰ ਸਿੰਘ ਸੁੱਨੜ

ਪਰੌਂਠਾ
ਮੇਰੀ ਜੀਵਨ ਕਹਾਣੀ 'ਮੰਜ਼ਿਲ ਨਾਂ ਮਿਲੀ' ਵਿੱਚੋਂ ਇੱਕ ਹੱਡ-ਬੀਤੀ
ਯਾਦਾਂ
ਆਪਣੇ-ਆਪ ਤੇ ਵਿਸ਼ਵਾਸ ਕਰਨ ਨੂੰ ਦਿਲ ਨਹੀਂ ਸੀ ਕਰ ਰਿਹਾ । ਮਨ ਹੀ ਮਨ ਵਿੱਚ ਕਈ ਮੰਦਰ ਬਣਾਉਂਣੇ ਚਾਹੇ ਲੇਕਿਨ ਸੰਪੂਰਣਤਾ ਕਿਸੇ ਵਿੱਚ ਵੀ ਨਾ ਮਿਲੀ । ਯਕੀਨ ਨਹੀਂ ਸੀ ਆ ਰਿਹਾ ਕਿ ਐਨਾ ਪੜ੍ਹ-ਲਿਖ ਕੇ ਇਸ ਤਰ੍ਹਾਂ ਦਾ ਮੰਨਿਆਂ -ਪਰਮੰਨਿਆਂ ਪਰਿਵਾਰ , ਜਿਸ ਦੇ ਪਿਉ ਦਾਦੇ ਅਫ਼ਸਰੀ ਠਾਠ ਨਾਲ ਰਹੇ ਹੋਣ-ਦੋ ਭਰਾ ਗਜ਼ਟਡ ਅਫ਼ਸਰ ਲੇਕਿਨ ਮੈਨੂੰ ਨੌਕਰੀ ਨਹੀਂ ਸੀ ਮਿਲ ਰਹੀ । ਸੂਰਜ ਚੜ੍ਹਦੇ ਦਾ ਤੇ ਛਿਪਣ ਲੱਗੇ ਦਾ ਕੋਈ ਬਹੁਤਾ ਫ਼ਰਕ ਹੀ ਨਹੀਂ ਸੀ ਮਹਿਸੂਸ ਹੋ ਰਿਹਾ । ਕੀ ਕਰਾਂ ਕੀ ਨਾ ਕਰਾਂ , ਕਿੱਧਰ ਨੂੰ ਜਾਵਾਂ ਕੋਈ ਵੀ ਫੈ਼ਸਲਾ ਕਰਨ ਦਾ ਕੋਈ ਕਾਰਣ ਨਹੀਂ ਸੀ ਦਿਸ ਰਿਹਾ । ਜਦੋਂ ਹੋਸਟਲ ਵਿੱਚ ਰਹਿ ਕੇ ਪੜਦਾ ਸਾਂ ਤਾਂ ਹਰ ਮਹੀਨੇ ਜੇਬ ਖਰਚਾ ਮੰਗਣਾ ਆਪਣਾ ਹੱਕ ਲਗਦਾ ਸੀ ਲੇਕਿਨ ਅੱਜ ਸਭ ਕੁਝ ਹੀ ਅਰਥਹੀਣ ਹੋ ਗਿਆ ਜਾਪਦਾ। ਪਿੰਡ ਹੀ ਰਹਿਣਾ ਰਸੋਈ ਵਾਲੇ ਨੌਕਰ ਨੇ ਸਵੇਰ ਦੀ ਚਾਹ ਮੰਜੇ ਤੇ ਦੇ ਜਾਣੀ , ਰੋਟੀ ਵੇਲ਼ੇ ਰੋਟੀ ਮਿਲ ਜਾਣੀ ਸ਼ਾਮ ਦਾ ਖਾਣਾ ਖਾਣ ਤੋਂ ਬਾਅਦ ਦੋ ਚਾਰ ਚੱਕਰ ਏਧਰ ਉਧਰ ਲਾ ਕੇ ਬਿਸਤਰੇ ਵਿੱਚ ਅਸਤ ਹੋ ਜਾਣਾ ।
ਮਾਰਚ ਦਾ ਮਹੀਨਾ ਚੜ੍ਹ ਪਿਆ ਸੀ , ਇੱਕ ਦਿਨ ਸਵੇਰੇ ਚਾਹ ਦਾ ਕੱਪ ਪੀ ਕੇ ਘਰੋਂ ਬਾਹਰ ਨਿਕਲ਼ਣ ਲੱਗਾ ਮੱਠੀ-ਮੱਠੀ ਠੰਢ ਸੀ ਆਪਣੇ ਬਿਸਤਰੇ ਤੇ ਵਿਛੀ ਚਾਦਰ ਦੀ ਬੁੱਕਲ ਮਾਰ ਲਈ । ਘਰੋਂ ਤੁਰਕੇ ਨਹਿਰ ਤੱਕ ਸਾਡੇ ਆਪਣੇ ਖੇਤਾਂ ਵਿੱਚੋਂ ਦੀ ਤੁਰਦਾ ਫਿਰਦਾ ਨਹਿਰ ਤੇ ਪਹੁੰਚ ਗਿਆ । ਬਿਨ੍ਹਾ ਸੋਚੇ ਸਮਝੇ ਬਿਨ੍ਹਾ ਕਿਸੇ ਦਲੀਲ ਦੇ ਨਹਿਰ ਦੇ ਕੰਢੇ-ਕੰਢੇ ਤੁਰਿਆ ਗਿਆ , ਨਹਿਰੇ ਨਹਰ ਤੁਰਦਾ ਜਲੰਧਰ ਪਹੁੰਚ ਗਿਆ । ਪੰਜ ਕੁ ਮੀਲ ਦਾ ਪੈਂਡਾ ਸੀ , ਜਲੰਧਰ ਪਹੁੰਚ ਕੇ ਖ਼ਿਆਲ ਆਇਆ ਕਿ ਇਸ ਸ਼ਹਿਰ ਦੇ ਬਹੁਤ ਲੋਕ ਸਾਨੂੰ ਜਾਣਦੇ ਹਨ , ਕੋਈ ਦੇਖੂ ਤਾਂ ਕੀ ਸੋਚੂ ਇਸ ਖ਼ਿਆਲ ਨਾਲ ਚਾਦਰ ਸਿਰ ਤੇ ਲਪੇਟ ਕੇ ਬੁੱਕਲ ਮਾਰ ਲਈ , ਅੱਧਾ ਕੁ ਮੂੰਹ ਬੁੱਕਲ ਵਿੱਚ ਲੈ ਕੇ ਹੌਲ਼ੀ-ਹੌਲ਼ੀ ਤੁਰਿਆ ਗਿਆ ਤੇ ਰੇਲਵੇ ਸਟੇਸ਼ਨ ਪਹੁੰਚ ਗਿਆ । ਬੜੀ ਭੀੜ ਸੀ , ਜਿੱਧਰ ਨੂੰ ਲੋਕ ਤੁਰੇ ਜਾਣ ਉਧਰ ਨੂੰ ਮੈਂ ਵੀ ਤੁਰਿਆ ਜਾਵਾਂ । ਅੰਮ੍ਰਿਤਸਰ ਵੱਲੋਂ ਆਉਂਦੀ ਗੱਡੀ ਰੁਕੀ , ਬਹੁਤ ਲੋਕ ਉਸ ਗੱਡੀ ਵਿੱਚ ਭੱਜ ਭੱਜ ਕੇ ਚੜ ਰਹੇ ਸੀ ਮੈਂ ਵੀ ਭੱਜ ਕੇ ਚੜ੍ਹ ਗਿਆ । ਗੱਡੀ ਤੁਰ ਪਈ ਜਿੱਥੇ ਜਿੱਥੇ ਕਿਸੇ ਨੂੰ ਸੀਟ ਮਿਲੀ ਲੋਕੀਂ ਬੈਠਦੇ ਗਏ । ਹੌਲ਼ੀ-ਹੌਲ਼ੀ ਮੁਸਾਫ਼ਰ ਇੱਕ ਦੂਜੇ ਨਾਲ ਗੱਲ-ਬਾਤ ਕਰਨ ਲੱਗ ਪਏ । ਮੇਰੇ ਲਾਗੇ ਬੈਠੀ ਇੱਕ ਔਰਤ ਮੈਨੂੰ ਪੁੱਛਣ ਲੱਗੀ , ਵੀਰਾ! ਤੂੰ ਕਿੱਥੇ ਜਾਣਾ? ਮੈਨੂੰ ਤਾਂ ਖੁਦ ਨਹੀਂ ਸੀ ਪਤਾ ਕਿ ਮੈਂ ਕਿੱਥੇ ਜਾਣਾ । ਵੀਰਾ! ਸੁੱਖ ਤਾਂ ਹੈ ? ਕੀ ਗੱਲ ਬੋਲਦਾ ਕਿਉਂ ਨਹੀਂ , ਓਹ ਤਾਂ ਵਿਚਾਰੀ ਹਮਦਰਦੀ ਦਿਖਾ ਰਹੀ ਸੀ ਲੇਕਿਨ ਉਸਦੀ ਹਮਦਰਦੀ ਨੇ ਮੈਨੂੰ ਉਸਦੇ ਕੋਲ ਬੈਠਣਾ ਔਖਾ ਕਰ ਦਿੱਤਾ । ਪਰ ਚੱਲਦੀ ਗੱਡੀ 'ਚੋਂ ਜਾਵਾਂ ਤਾਂ ਕਿੱਥੇ ਜਾਵਾਂ । ਏਨੇ ਨੂੰ ਗੱਡੀ ਲੁਧਿਆਣੇ ਆ ਕੇ ਰੁਕੀ ਮੈਂ ਫਟਾਫਟ ਗੱਡੀ ਚੋਂ ਉਤਰ ਗਿਆ ।
ਜੇ ਕੋਈ ਮੇਰੇ ਵੱਲ ਅੱਖਾਂ ਨਾਲ ਅੱਖਾਂ ਪਾ ਕੇ ਦੇਖਦਾ ਤਾਂ ਮੈਂ ਇੱਕ ਦਮ ਨੀਵੀਂ ਪਾ ਲੈਂਦਾ ਮੈਨੂੰ ਲੱਗਦਾ ਜਿਵੇਂ ਕੋਈ ਸਵਾਲ ਕਰ ਰਿਹਾ ਹੋਵੇ ਕਿਉਂਕਿ ਕਿਸੇ ਵੀ ਸਵਾਲ ਦਾ ਜਵਾਬ ਤਾਂ ਮੇਰੇ ਕੋਲ ਸੀ ਨਹੀਂ । ਲੋਕਾਂ ਦੀ ਭੀੜ ਤੋਂ ਪਾਸੇ ਜਾਣ ਦੀ ਕੋਸ਼ਿਸ਼ ਵਿੱਚ ਮੈਂ ਇਕਾਂਤ ਭਾਲ਼ਦਾ ਭਾਲ਼ਦਾ ਲੁਧਿਆਣੇ ਤੋਂ ਬਾਹਰ ਨਿਕਲ ਗਿਆ । ਏਨੇ ਨੂੰ ਮਾੜਾ-ਮਾੜਾ ਹਨ੍ਹੇਰਾ ਹੋਣ ਲੱਗ ਪਿਆ ਸੀ । ਸ਼ਹਿਰ ਦੇ ਬਾਹਰਵਾਰ ਇੱਕ ਬੰਦ ਹੋ ਚੁੱਕੀ ਦੁਕਾਨ ਦੇ ਮੂਹਰੇ ਬਣੇ ਥੜ੍ਹੇ ਤੇ ਮੈਂ ਬੈਠ ਗਿਆ । ਥੜ੍ਹੇ ਤੇ ਕੋਈ ਸਾਰਾ ਦਿਨ ਕੋਲ਼ਿਆਂ ਦੀ ਭੱਠੀ ਬਾਲਕੇ ਕੁਝ ਪਕਾਉਂਦਾ ਰਿਹਾ ਹੋਣਾ , ਭੱਠੀ ਹਾਲੇ ਪੂਰੀ ਗਰਮ ਸੀ । ਸਾਰਾ ਦਿਨ ਤੁਰ ਤੁਰ ਕੇ ਥੱਕਿਆ ਮੈਂ ਉਸ ਥੜ੍ਹੇ ਤੇ ਚਾਦਰ ਉੱਪਰ ਲੈ ਕੇ ਲੇਟ ਗਿਆ ਤੇ ਮੈਨੂੰ ਨੀਂਦ ਆ ਗਈ । ਤੜਕੇ ਉੱਠਿਆ ਠੰਡ ਲੱਗ ਰਹੀ ਸੀ , ਭੱਠੀ ਦੀ ਗਰਮੀ ਰਾਤੋ-ਰਾਤ ਠੰਢੀ ਹੋ ਚੁੱਕੀ ਸੀ । ਚਾਦਰ ਦੀ ਬੁੱਕਲ ਮਾਰ ਕੇ ਮੈਂ ਹੌਲ਼ੀ-ਹੌਲ਼ੀ ਤੁਰ ਪਿਆ । ਤੁਰਨ ਨਾਲ ਸਰੀਰ ਥੋੜ੍ਹਾ ਗਰਮੀ ਵਿੱਚ ਆ ਗਿਆ । ਸੂਰਜ ਵੀ ਚੜ੍ਹ ਪਿਆ , ਮੈਂ ਜੀ ਟੀ ਰੋੜ ਦੇ ਪਾਸੇ ਪਾਸੇ ਤੁਰਿਆ ਗਿਆ । ਹਾਲੇ ਸਵੇਰਾ ਹੀ ਸੀ ਕਿ ਮੈਂ ਫਿਲੌਰ ਪਹੁੰਚ ਗਿਆ । ਸੜਕ ਦੇ ਦੋਵੇਂ ਪਾਸੇ ਲੋਕ ਤੁਰੇ ਫਿਰਦੇ ਨਜ਼ਰ ਆਏ ਲੋਕਾਂ ਤੋਂ ਪਰੇ-ਪਰੇ ਰਹਿਣ ਲਈ ਮੈਂ ਖੱਬੇ ਪਾਸੇ ਜਾਂਦੀ ਇੱਕ ਸੜਕ ਤੇ ਮੁੜ ਗਿਆ । ਉਸ ਸੜਕ ਤੇ ਮੈਂ ਹਾਲੇ ਥੋੜਾ ਦੂਰ ਹੀ ਗਿਆ ਸਾਂ ਕਿ ਮੀਲ ਪੱਥਰ ਤੇ ਜੰਡਿਆਲਾ ਲਿਖਿਆ ਪੜ੍ਹ ਕੇ ਮੈਨੂੰ ਪਤਾ ਲੱਗ ਗਿਆ ਕਿ ਮੈਂ ਆਪਣੇ ਪਿੰਡ ਵੱਲ ਨੂੰ ਹੀ ਜਾ ਰਿਹਾ ਹਾਂ । ਇੱਕ ਗੱਲ ਦਾ ਹੌਸਲਾ ਹੋ ਗਿਆ ਕਿ ਜੇ ਮੈਨੂੰ ਹੁਣ ਕੋਈ ਪੁੱਛੂ ਕਿੱਥੇ ਚੱਲਿਆਂ ਤਾਂ ਮੈਂ ਆਪਣਾ ਪਿੰਡ ਦੱਸ ਸਕਦਾ ਹਾਂ । ਸੜਕ ਤੇ ਡਿੱਗਿਆ ਕਿਸੇ ਦਾ ਗੰਨਾ ਚੁੱਕ ਕੇ ਚੂਪਦਾ ਤੁਰਿਆ ਗਿਆ । ਗੰਨਾ ਚੂਪਣ ਨਾਲ ਜਿਵੇਂ ਯਾਦ ਆ ਗਿਆ ਕਿ ਮੈਂ ਤਾਂ ਕੱਲ ਦਾ ਕੁਝ ਖਾਧਾ ਹੀ ਨਹੀਂ । ਖ਼ੈਰ ! ਭੁੱਖ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਤੁਰਿਆ ਗਿਆ ।
ਤਕਰੀਬਨ ਦੁਪਿਹਰ ਦਾ ਸਮਾ ਹੋ ਗਿਆ , ਅੱਗੇ ਇੱਕ ਪਿੰਡ ਨਜ਼ਰ ਆਇਆ । ਪਿੰਡ ਦਾ ਸਕੂਲ ਸੜਕ ਦੇ ਬਿਲਕੁਲ ਨਾਲ ਸੀ , ਸਕੂਲ ਦੇ ਸਾਹਮਣੇ ਸੜਕ ਦੇ ਕੰਢੇ ਤੇ ਕਈ ਦਰੱਖਤ ਸਨ । ਦੁਪਿਹਰ ਵੇਲੇ ਗਰਮੀ ਥੋੜ੍ਹੀ-ਥੋੜ੍ਹੀ ਚੁਭ ਰਹੀ ਸੀ । ਮੈਂ ਥਕਾਵਟ ਵੀ ਮਹਿਸੂਸ ਕਰ ਰਿਹਾ ਸੀ । ਜ਼ਰਾ ਕੁ ਆਰਾਮ ਕਰਨ ਦੀ ਸੋਚਕੇ ਇੱਕ ਦਰੱਖਤ ਹੇਠਾਂ ਮੈਂ ਬੈਠ ਗਿਆ । ਮੈਂ ਹਾਲੇ ਬੈਠਾ ਹੀ ਸੀ ਕਿ ਘੰਟੀ ਵੱਜੀ ਸਕੂਲ ਵਿੱਚ ਅੱਧੀ ਛੁੱਟੀ ਹੋਈ । ਬੱਚੇ ਦੌੜੇ-ਦੌੜੇ ਆਏ , ਪੰਜ-ਸੱਤ ਬੱਚੇ ਉਸੇ ਦਰਖਤ ਹੇਠਾਂ ਆ ਬੈਠੇ ਤੇ ਉਨ੍ਹਾਂ ਆਪੋ ਆਪਣਾ ਲੰਚ ਖੋਲ੍ਹ ਕੇ ਖਾਣਾ ਸ਼ੁਰੂ ਕਰ ਦਿੱਤਾ । ਇੱਕ ਲੜਕਾ ਮੇਰੇ ਤੋਂ ਦੋ ਕੁ ਗਜ ਦੂਰ ਬੈਠਾ ਸੀ । ਕੱਪੜੇ-ਲੱਤੇ ਤੋਂ ਕਿਸੇ ਸਰਦੇ-ਪੁਜਦੇ ਘਰ ਦਾ ਲਗਦਾ ਸੀ । ਉਸਨੇ ਆਪਣਾ ਰੋਟੀ ਵਾਲਾ ਡੱਬਾ ਖੋਲ੍ਹਿਆ , ਵਿੱਚੋਂ ਇੱਕ ਪਰੌਂਠਾ ਕੱਢਿਆ ਤੇ ਖਾਣ ਲੱਗ ਪਿਆ । ਏਨੀ ਵਧੀਆ ਮਹਿਕ ਆਈ ਕਿ ਰੋਕਦਿਆਂ-ਰੋਕਦਿਆਂ ਵੀ ਮੈਂ ਉਸ ਦਸ ਬਾਰਾਂ ਸਾਲ ਦੇ ਬੱਚੇ ਦੀਆਂ ਸਾਰੀਆਂ ਬੁਰਕੀਆਂ ਗਿਣਦਾ ਰਿਹਾ । ਉਸ ਬੱਚੇ ਦਾ ਹਾਣੀ-ਪਰਮਾਣੀ ਇੱਕ ਲੜਕਾ , ਜਿਸਨੇ ਲੰਬਾ ਜਿਹਾ ਝੱਗਾ ਪਾਇਆ ਹੋਇਆ ਸੀ , ਸਿਰੋਂ ਪੈਰੋਂ ਨੰਗਾ , ਝੱਗੇ ਵਿੱਚ ਵੀ ਇੱਕ ਦੋ ਮੋਰੀਆਂ ਸਨ । ਇੱਕ ਮੋਰੀ ਵਿੱਚ ਦੀ ਤਾਂ ਉਸਦਾ ਢਿੱਡ ਨਜ਼ਰ ਆ ਰਿਹਾ ਸੀ । ਹੌਲੀ-ਹੌਲੀ ਲਾਗੇ ਆ ਖੜ੍ਹਾ ਹੋਇਆ ਤੇ ਪਰੌਂਠਾ ਖਾ ਰਹੇ ਬੱਚੇ ਦੀਆਂ ਬੁਰਕੀਆਂ ਮੇਰੇ ਨਾਲੋਂ ਵੀ ਵੱਧ ਨੀਝ ਨਾਲ ਗਿਣਨ ਲੱਗਾ । ਉਸਦਾ ਧਿਆਨ ਏਨਾ ਗਵਾਚਿਆ ਹੋਇਆ ਸੀ ਬੁਰਕੀਆਂ ਵਿੱਚ ਕਿ ਦੋ ਵਾਰ ਉਸਦੀ ਆਪਣੀ ਉਂਗਲੀ ਫਟੀ ਹੋਈ ਕਮੀਜ਼ ਦੀ ਮੋਰੀ ਵਿੱਚ ਗਈ ਤੇ ਅਚੇਤ ਹੀ ਉਸਨੇ ਆਪਣਾ ਕਮੀਜ਼ ਥੋੜਾ ਜਿਹਾ ਹੋਰ ਪਾੜ ਲਿਆ ।
ਇੱਕ ਤਾਜ਼ੀ ਸੂਈ ਲਗਦੀ ਕੁੱਤੀ ਵੀ ਸਾਡੇ ਲਾਗੇ ਹੋ ਕੇ ਬੈਠ ਗਈ । ਮੈਂ , ਨੰਗੇ ਢਿੱਡ ਵਾਲਾ ਮੁੰਡਾ ਅਤੇ ਤਾਜ਼ੀ ਸੂਈ ਕੁੱਤੀ ਅਸੀਂ ਤਿੰਨੇ ਬੜੇ ਧਿਆਨ ਨਾਲ ਪਰੌਂਠਾ ਖਾ ਰਹੇ ਬੱਚੇ ਵੱਲ ਟਿਕਟਿਕੀ ਲਾ ਕੇ ਦੇਖ ਰਹੇ ਸਾਂ । ਇੱਕ ਪਰੌਂਠਾ ਖਾ ਕੇ ਉਹ ਸ਼ਾਇਦ ਰੱਜ ਗਿਆ । ਉਸਦੇ ਡੱਬੇ ਵਿੱਚ ਇੱਕ ਹੋਰ ਪਰੌਂਠਾ ਸੀ । ਉਸਨੇ ਅੱਧਾ ਪਰੌਂਠਾ ਤੋੜ ਕੇ ਕੁੱਤੀ ਵੱਲ ਸੁੱਟਿਆ , ਕੁੱਤੀ ਨੇ ਹਾਲੇ ਮਾੜਾ ਜਿਹਾ ਮੂੰਹ ਲਾਇਆ ਹੀ ਸੀ ਕਿ ਲਾਗੇ ਖੜੋਤੇ ਮੁੰਡੇ ਨੇ ਕੁੱਤੀ ਨੂੰ ਦਬਕ ਕੇ ਪਰੌਂਠਾ ਚੁੱਕ ਲਿਆ ਤੇ ਫਟਾ ਫਟ ਖਾ ਗਿਆ । "ਕੁੱਤੀ ਦਾ ਜੂਠਾ ਖਾ ਗਿਆ , ਕੁੱਤੀ ਦਾ ਜੂਠਾ ਖਾ ਗਿਆ ", ਰੌਲਾ ਸੁਣਕੇ ਕਈ ਹੋਰ ਬੱਚੇ ਵੀ ਕੱਠੇ ਹੋ ਗਏ । ਜੋ ਅੱਧਾ ਪਰੌਂਠਾ ਹਾਲੇ ਬਚਿਆ ਸੀ , ਉਹ ਫਿਰ ਉਸ ਲੜਕੇ ਨੇ ਕੁੱਤੀ ਵੱਲ ਨੂੰ ਸੁੱਟਣਾ ਚਾਹਿਆ ਪਰ ਇਸ ਵਾਰ ਉਸ ਲੰਬੇ ਝੱਗੇ ਵਾਲੇ ਮੁੰਡੇ ਨੇ ਬੜੀ ਫੁਰਤੀ ਕੀਤੀ । ਛਾਲ ਮਾਰ ਕੇ ਚੁੱਕ ਲਿਆ ਕੁੱਤੀ ਨੂੰ ਮੂੰਹ ਵੀ ਨਾ ਲਾਉਣ ਦਿੱਤਾ । ਸਾਰੇ ਬੱਚੇ---- "ਹੋ ਈ ਓਏ- ਹੋ ਈ ਓਏ" ਰੌਲ਼ਾ ਪਾਉਂਦੇ ਰਹੇ । ਸਿਰੋਂ ਪੈਰੋਂ ਨੰਗਾ ਉਹ ਮੁੰਡਾ ਪਰੌਠੇ ਦਾ ਮਜ਼ਾ ਲੈਂਦਾ ਟਪੂਸੀਆਂ ਮਾਰਦਾ ਸਕੂਲ ਵੱਲ ਨੂੰ ਚਲਾ ਗਿਆ ।

Sunday, November 9, 2008

ਸੁਰਿੰਦਰ ਸਿੰਘ ਸੁੱਨੜ - ਇਤਿਹਾਸ ਝਰੋਖਾ

9 ਨਵੰਬਰ, 2008
'ਆਪਣਾ ਅਤੀਤ'
ਭਾਗ ਪਹਿਲਾ

ਇਤਿਹਾਸ ਝਰੋਖਾ

ਜਨਮ ਕੁੰਡਲੀ ਬਣਾਉਂਣ ਵਾਲੇ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਜੇ ਸਾਡੇ ਜਨਮ ਦਾ ਸਹੀ ਸਮਾਂ, ਸਹੀ ਤਾਰੀਕ ਅਤੇ ਸਹੀ ਅਸਥਾਨ ਦਾ ਪਤਾ ਹੋਵੇ ਤਾਂ ਬਹੁਤ ਹੱਦ ਤੱਕ ਪਤਾ ਲੱਗ ਜਾਂਦਾ ਹੈ ਕਿ ਇਨਸਾਨ ਦੇ ਸਿਤਾਰੇ ਕਿਸ ਤਰ੍ਹਾਂ ਦੇ ਹਨ। ਸੂਰਜ ਦੇ ਦੁਆਲੇ ਘੁੰਮ ਰਹੇ ਇਹ ਗ੍ਰਹਿਆਂ ਦੀ ਜੋ ਆਪਣੀ ਆਕਰਸ਼ਣ ਸ਼ਕਤੀ ਹੈ ਉਸਦਾ ਪ੍ਰਭਾਵ ਇਕ ਦੂਸਰੇ ਗ੍ਰਹਿ ਤੇ ਪੈਂਦਾ ਹੈ। ਧਰਤੀ ਸੂਰਜ ਤੋਂ ਲੱਖਾਂ ਮੀਲ ਦੂਰ ਹੋਣ ਦੇ ਬਾਵਜੂਦ ਵੀ ਧਰਤੀ ਤੇ ਸੂਰਜ ਦੀ ਆਕਰਸ਼ਣ ਸ਼ਕਤੀ ਦਾ ਪ੍ਰਭਾਵ ਪੈਂਦਾ ਹੈ।
ਜੇ ਜਨਮ ਅਸਥਾਨ ਦੇ ਕਰਕੇ ਸਿਤਾਰੇ ਪਤਾ ਚਲ ਸਕਦੇ ਹਨ ਤਾਂ ਸਿਤਾਰਿਆਂ ਦੀ ਸਹੀ ਜਾਣਕਾਰੀ ਹੋਵੇ ਤਾਂ ਫਿਰ ਸਾਡਾ ਜਨਮ ਅਸਥਾਨ ਵੀ ਭਾਲ਼ਿਆ ਜਾ ਸਕਦਾ ਹੈ। ਭੁਮੱਧ ਰੇਖਾ ਤੋਂ ਉੱਤਰ ਵੱਲ, ਦੱਖਣ ਵੱਲ ਜਾਂ ਪੂਰਬ-ਪੱਛਮ ਕਿਸੇ ਪਾਸੇ ਜਨਮ ਹੋਇਆ। ਜੇ ਜਨਮ ਦਾ ਪਤਾ ਕਰਕੇ ਸਿਤਾਰੇ ਪਤਾ ਚਲ ਸਕਦੇ ਹਨ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਸਿਤਾਰਿਆਂ ਦੀ ਸਹੀ ਜਾਣਕਾਰੀ ਹੋਵੇ ਤਾਂ ਅਸੀਂ ਸਹੀ ਜਨਮ ਅਸਥਾਨ ਦਾ ਵੀ ਪਤਾ ਲਗਾ ਸਕਦੇ ਹਾਂ।
ਅੱਜ ਤੱਕ ਦੀ ਖੋਜ ਮੁਤਾਬਕ ਜਿੰਨਾ ਕੁ ਅਸੀਂ ਸਿਤਾਰਿਆਂ ਦੀ ਜਾਣਕਾਰੀ ਰੱਖਦੇ ਹਾਂ ਉਸ ਮੁਤਾਬਕ ਦੇਖੀਏ ਤਾਂ ਧਰਤੀ ਤੇ ਕਈ ਕਰੋੜ ਸਾਲ ਪਹਿਲਾਂ ਪਾਣੀ ਮੌਜੂਦ ਸੀ। ਪਾਣੀ ਮੌਜੂਦ ਸੀ, ਇਸ ਦਾ ਭਾਵ ਕਈ ਕਰੋੜ ਸਾਲ ਪਹਿਲਾਂ ਹਵਾ ਵੀ ਸੀ ਕਿਉਂਕਿ ਹਵਾ ਬਿਨ੍ਹਾ ਪਾਣੀ ਦੀ ਹੋਂਦ ਅਸੰਭਵ ਹੈ। ਪਾਣੀ ਸੀ, ਹਵਾ ਸੀ, ਧਰਤੀ ਸੀ ਤੇ ਇਹ ਵੀ ਸਾਨੂ ਪਤਾ ਹੈ ਕਿ ਧਰਤੀ ਦੇ ਵਿਚਕਾਰ ਹਾਲੇ ਵੀ ਏਨੀ ਗਰਮੀ ਹੈ ਕਿ ਧਰਤੀ ਦੇ ਆਰ-ਪਾਰ ਮੋਰੀ ਨਹੀਂ ਕੀਤੀ ਜਾ ਸਕਦੀ। ਕਹਿਣ ਤੋਂ ਭਾਵ ਪਾਣੀ, ਹਵਾ , ਧਰਤੀ ਅਤੇ ਅਗਨ ਧਰਤੀ ਤੇ ਕਈ ਕਰੋੜਾਂ ਸਾਲ ਪਹਿਲਾਂ ਮੌਜੂਦ ਸਨ। ਜੇ ਮੈਂ ਅਰਬਾਂ ਸਾਲ ਕਹਾਂ ਤਾ ਵੀ ਕੋਈ ਇਸ ਨੂੰ ਗ਼ਲਤ ਨਹੀਂ ਕਹਿ ਸਕਦਾ। ਇਸ ਵਿਸ਼ੇ ਤੇ ਮੈਂ ਸੈਂਕੜੇ ਕਿਤਾਬਾਂ ਪੜ੍ਹੀਆਂ, ਬਹੁਤੀਆਂ ਅੰਗ੍ਰੇਜ਼ੀ ਵਿਚ ਹੀ ਲਿਖੀਆਂ ਹੋਈਆਂ ਹਨ। ਬਾਕੀ ਭਾਸ਼ਾਵਾਂ ਵਿਚ ਜੇ ਇੱਕੜ-ਦੁੱਕੜ ਕਿਤਾਬਾਂ ਮਿਲਦੀਆਂ ਹਨ ਉਹ ਵੀ ਅੰਗ੍ਰੇਜ਼ੀ ਦੀਆਂ ਲਿਖਤਾਂ ਦੀ ਨਕਲ ਮਾਰ ਕੇ ਹੀ ਲਿਖੀਆਂ ਲਗਦੀਆਂ ਹਨ। ਬੰਦੇ ਦੇ ਜਨਮ ਬਾਰੇ ਕਿ ਬੰਦਾ ਕਿਥੇ ਤੇ ਕਦੋਂ ਪੈਦਾ ਹੋਇਆ, ਇਸ ਬਾਰੇ ਬਹੁਤ ਹੀ ਅਜੀਬ ਅੰਦਾਜ਼ੇ ਲਗਾਏ ਹੋਏ ਹਨ। ਦਸ ਹਜ਼ਾਰ ਬੀ•ਸੀ• 30 ਹਜ਼ਾਰ ਬੀ•ਸੀ•, 35 ਹਾਜ਼ਾਰ ਬੀ•ਸੀ•, 50 ਹਜ਼ਾਰ ਬੀ•ਸੀ• ਤੇ ਕਿਤੇ ਕਿਤੇ 5 ਲੱਖ ਸਾਲ ਪਹਿਲਾਂ ਦੀ ਗੱਲ ਕੀਤੀ ਮਿਲਦੀ ਹੈ। ਪੰਜ ਲੱਖ ਦੇ ਨਾਲ ਕਈਆਂ ਨੇ ਇਕ ਬਿੰਦੀ ਹੋਰ ਲਾ ਕੇ ਪੰਜਾਹ ਲੱਖ ਸਾਲ ਵੀ ਲਿਖ ਲਿਆ। ਚੈਸਟਰ ਸਟਾਰ ਦੀ ਕਿਤਾਬ 'ਹਿਸਟਰੀ ਆਫ਼ ਦੀ ਏਸ਼ੀਅਨ ਵਰਲਡ' ਵਿਚ 1 ਕਰੋੜ 57 ਲੱਖ ਸਾਲ ਦੀ ਵੀ ਗੱਲ ਕੀਤੀ ਹੈ।
ਆਦਮੀ ਦੇ ਮੁੱਢ ਕਦੀਮ ਬਾਰੇ ਇਹ ਜਿਨੇ ਵੀ ਹਵਾਲੇ ਮਿਲਦੇ ਹਨ ਉਸ ਸਾਰੀ ਗੱਲ ਬਾਤ ਦਾ ਜ਼ਰੀਆ ਖੁਦਾਈ ਕਰਕੇ ਮਿਲੀਆਂ ਹੱਡੀਆਂ, ਪਿੰਜਰ ਤੇ ਇਨਸਾਨੀ ਨਿਸ਼ਾਨੀਆਂ ਹੀ ਹਨ। ਲੇਕਿਨ ਕਿਸੇ ਨੇ ਵੀ ਅੱਜ ਤੱਕ ਇਹ ਦਾਅਵਾ ਨਹੀਂ ਕੀਤਾ ਕਿ ਆਦਮੀ ਜਿਸਦਾ ਪਿੰਜਰ ਮਿਲ਼ਿਆ ਬਹੁਤ ਪੁਰਾਣਾ, ਇਸ ਆਦਮੀ ਦਾ ਜਨਮ ਕਿਥੇ ਹੋਇਆ ਹੋਊ। ਆਦਮੀ ਕੋਈ ਦਰੱਖ਼ਤ ਤਾਂ ਸੀ ਨਹੀਂ ਕਿ ਜਿੱਥੇ ਜੰਮਿਆ ਉਥੇ ਹੀ ਉਸਦੀ ਮੌਤ ਹੋਈ ਹੈ। ਯੂਨਾਨੀ ਸਭਿਅਤਾ ਬਾਰੇ ਬੜਾ ਕੁੱਝ ਲਿਖਿਆ ਗਿਆ।ਸਾਡੀ ਵਰਗੀ ਸ਼ਕਲ ਦਾ ਦੇਸ਼ ਹੈ ਇਟਲੀ, ਪਰ ਕਿਉਂਕਿ ਸਮੁੰਦਰ ਦਾ ਪਾਣੀ ਬਹੁਤ ਸੀ ਇਸ ਲਈ ਸਮੁੰਤਰੀ ਤੱਟਾਂ ਤੇ ਹੀ ਬੰਦੇ ਦੀ ਸ਼ੁਰੂਆਤ ਕਰਦੇ ਹਨ। ਗਰੀਸ ਦੀ ਵੀ ਇਹ ਹੀ ਕਹਾਣੀ ਹੈ ਕਿ ਆਦਮੀ ਸਮੁੰਦਰ ਦੇ ਕਰਕੇ ਏਥੇ ਪੈਦਾ ਹੋਇਆ। ਅਫ਼ਰੀਕਾ ਤੇ ਅਰਬ ਦੇਸ਼ਾਂ ਵਿਚ ਦਰਿਆਵਾਂ ਦੇ ਕੰਢੇ ਆਦਮੀ ਮਿਲਿਆ ਦੱਸਦੇ ਹਨ। ਚੀਨ ਵਿਚ ਵੀ ਨਦੀ ਦੇ ਕਿਨਾਰੇ ਹੀ ਛੇ ਸੌ ਬੀ•ਸੀ• ਦੇ ਕਰੀਬ ਬੰਦਾ ਮਿਲਦਾ ਹੈ, ਲੇਕਿਨ ਕਿਸੇ ਨੇ ਵੀ ਆਦਮੀ ਦੀ ਕੁੰਡਲੀ ਨਹੀਂ ਬਣਾਈ। ਕੁੰਡਲੀ ਬਣਾਵਾਂਗੇ ਤਾਂ ਇਹ ਦਲੀਲ ਦੇਣੀ ਪਵੇਗੀ। ਹੱਡੀਆਂ ਮਿਲਣ ਕਰਕੇ ਜਨਮ ਦਾ ਤਾਂ ਅੰਦਾਜ਼ਾ ਨਹੀਂ ਨਾ ਲੱਗ ਸਕਦਾ।
ਆਓ ਆਪਾਂ ਭੁਮੱਧ ਰੇਖਾ ਦੇ ਆਧਾਰ ਤੇ ਕਰਕ ਰੇਖਾ ਦੇ ਆਧਾਰ ਤੇ, ਗ੍ਰਹਿਆਂ ਦੇ ਆਧਾਰ ਤੇ, ਧਰਤੀ ਦੀ ਬਣਤਰ ਦੇ ਆਧਾਰ ਤੇ, ਵਾਯੂਮੰਡਲ ਦੇ ਆਧਾਰ ਤੇ, ਤਾਪਮਾਨ ਦੇ ਆਧਾਰ ਤੇ ਅਤੇ ਸਮੁੱਚੇ ਧਰਾਤਲ ਦੇ ਆਧਾਰ ਤੇ ਸਾਰੇ ਰਲ਼ ਮਿਲ਼ ਕੇ ਆਦਮੀ ਦੇ ਮੁੱਢ ਕਦੀਮ ਦੀ ਗੱਲ ਚਲਾਈਏ। ਜੇ ਕਿਤੋਂ ਕਮੀ ਰਹਿ ਗਈ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮਿਹਨਤ ਕਰਕੇ ਸਹੀ ਜਨਮ ਕੁੰਡਲੀ ਬਣਾ ਲੈਣਗੀਆਂ। ਕਰੋੜਾਂ ਸਾਲ ਸ਼ਾਇਦ ਅਰਬਾਂ ਸਾਲ ਪਹਿਲਾਂ ਧਰਤੀ ਸੀ, ਪਾਣੀ ਸੀ, ਹਵਾ ਸੀ, ਗਰਮੀ ਸੀ ਤਾਂ ਫਿਰ ਆਦਮੀ ਦੇ ਵਜੂਦ ਦਾ ਬਾਕੀ ਕੀ ਹੈ ਜੋ ਨਹੀਂ ਸੀ। ਆਕਾਰ ਬਣ ਜਾਵੇ ਤਾਂ ਪੰਜੇ ਤੱਤ ਇਕੱਠੇ ਹੋ ਕੇ ਬੰਦਾ ਬਣ ਜਾਵੇ। ਮੇਰੇ ਕਹਿਣ ਤੋਂ ਭਾਵ ਜੇ ਪੰਜੇ ਤਤ ਅਰਬਾਂ ਸਾਲ ਪਹਿਲਾਂ ਹੀ ਮੌਜੂਦ ਸਨ ਤਾ ਕਿਸੇ ਨਾ ਕਿਸੇ ਆਕਰ ਵਿਚ ਕਿਸੇ ਨਾ ਕਿਸੇ ਸ਼ਕਲ ਵਿਚ ਬੰਦਾ ਵੀ ਅਰਬਾਂ ਸਾਲ ਪਹਿਲਾਂ ਜਨਮਿਆ। ਪੰਜਾਂ ਤੱਤਾਂ ਦੀ ਜ਼ਰੂਰਤ ਹੈ ਬੰਦੇ ਦੇ ਵਜੂਦ ਵਾਸਤੇ ਤੇ ਜੇ ਪੰਜੇ ਹੀ ਅਰਬਾਂ ਸਾਲ ਪਹਿਲਾਂ ਮੌਜੂਦ ਸਨ ਤਾਂ ਮੈਨੂੰ ਕਹਿ ਲੈਣ ਦਿਓ ਕਿ ਆਦਮੀ ਅਰਬਾਂ ਸਾਲ ਪਹਿਲਾਂ ਪੈਦਾ ਹੋਇਆ। ਸਗੋਂ ਗ੍ਰਹਿਆਂ ਦੇ ਹਿਸਾਬ ਨਾਲ ਇਸ ਤੋਂ ਵੀ ਪਹਿਲਾਂ ਦੀ ਕੋਈ ਗੱਲ ਸੁਣਾਓਗੇ ਤਾਂ ਮੈਨੂੰ ਚੰਗਾ ਲਗੇਗਾ।
ਅਰਬਾਂ ਸਾਲ ਪਹਿਲਾਂ ਸਮੁੰਦਰ ਦਾ ਪਾਣੀ ਗਰਮੀ ਨਾਲ ਭਾਫ਼ ਬਣ ਉੱਡਦਾ, ਨਮੀਂ ਵਾਲੀ ਹਵਾ ਕਿਉਂਕਿ ਭਾਰੀ ਹੁੰਦੀ ਹੈ, ਬੱਦਲਾਂ ਦੇ ਰੂਪ ਵਿਚ ਇਹ ਹਵਾਵਾਂ ਉਨ੍ਹਾਂ ਇਲਾਕਿਆਂ ਵਲ ਉੱਡ ਤੁਰਦੀਆਂ ਜਿੱਧਰ ਹਵਾ ਹਲਕੀ ਹੋਵੇ। ਹਵਾ ਦੇ ਵਾਤਾਵਰਣ ਕਰਕੇ ਟਕਰਾਅ ਨਾਲ ਮੀਂਹ ਪੈਂਦੇ। ਮੀਹਾਂ ਦੇ ਪਾਣੀ ਨਦੀਆਂ ਨਾਲ਼ਿਆਂ ਵਿਚ ਦੀ ਹੁੰਦੇ ਹੋਏ ਫਿਰ ਹੌਲੀ ਹੌਲੀ ਸਮੁੰਦਰ ਵਿਚ ਆਣ ਰਲ਼ਦੇ। ਕੁਝ ਬਦਲ ਜੋ ਉਚੇ ਪਰਬਤਾਂ ਤੇ ਚਲੇ ਜਾਂਦੇ ਜੋ ਪਰਬਤ ਭੁਮੱਧ ਰੇਖਾ ਤੋਂ ਬਹੁਤ ਦੂਰ ਹੁੰਦੇ। ਨਾਰਥ ਪੋਲ ਵੱਲ ਦੇ ਸਾਰੇ ਉੱਚੇ ਪਹਾੜਾਂ ਤੇ ਐਨੀ ਠੰਢ ਹੁੰਦੀ ਕਿ ਸਮੁੰਦਰੀ ਹਵਾਵਾਂ ਓਥੇ ਪਹੁੰਚਦੀਆਂ ਹੀ ਜੰਮ ਜਾਂਦੀਆਂ। ਫਿਰ ਕਦੇ ਗਰਮ ਹਵਾ ਦੇ ਵਗਣ ਨਾਲ ਬਰਫਾਂ ਥੋੜ੍ਹਾ ਬਹੁਤ ਖੁਰ ਵੀ ਜਾਂਦੀਆਂ ਤੇ ਉਹ ਪਾਣੀ ਵੀ ਨਦੀਆਂ ਨਾਲ਼ਿਆਂ ਵਿਚ ਬਰਸਾਤੀ ਪਾਣੀਆਂ ਨਾਲ ਰਲ਼ਦਾ ਰਲ਼ਾਉਂਦਾ ਸਮੁੰਦਰ ਵਿਚ ਚਲਾ ਜਾਂਦਾ। ਹੁਣ ਤਕ ਆਪਾਂ ਇਸ ਸਿੱਟੇ ਤੇ ਪਹੁਚੇ ਹਾਂ ਕਿ ਅਰਬਾਂ ਸਾਲ ਪਹਿਲਾਂ ਬੰਦੇ ਦੇ ਵਜੂਦ ਵਾਸਤੇ ਲੋੜੀਂਦੇ ਸਾਰੇ ਤੱਤ ਮੌਜੂਦ ਸਨ। ਉੱਚੇ ਪਹਾੜ, ਬਰਫ਼, ਬਾਰਸ਼ ਤੇ ਨਦੀਆਂ ਨਾਲੇ ਮੌਜੂਦ ਸਨ। ਇਹ ਸਭ ਕੁਝ ਘੋਖ ਕੇ ਤਾਂ ਮੇਰਾ ਦਿਲ ਕਰਦਾ ਹੈ ਕਿ ਮੈਂ ਜ਼ਿੱਦ ਕਰਕੇ ਕਹਾਂ ਕਿ ਬੰਦਾ ਅਰਬਾਂ ਸਾਲ ਪਹਿਲਾਂ ਪੈਦਾ ਹੋਇਆ। ਬੰਦੇ ਦੇ ਸਿਤਾਰਿਆਂ ਵਲੋਂ, ਧਰਤੀ ਅਤੇ ਬਾਕੀ ਸਾਰੇ ਗ੍ਰਹਿ ਜੋ ਸੂਰਜ ਦੇ ਇਰਦ- ਗਿਰਦ ਘੁੰਮਦੇ ਹਨ ਉਨ੍ਹਾਂ ਗ੍ਰਹਿਆਂ ਵਲੋਂ ਲੱਭਣਾ ਸ਼ੁਰੂ ਕਰਾਂਗੇ ਤਾਂ ਅਰਬਾਂ ਸਾਲ ਦੇ ਬੰਦੇ ਦੀ ਜਨਮ ਕੁੰਡਲੀ ਵੀ ਬਣਾ ਲਵਾਂਗੇ।
ਅਜੋਕੇ ਸਮੇਂ ਦੀਆਂ ਸਹੂਲਤਾਂ ਤੋਂ ਬਿਨਾਂ ਨਾ ਤਾਂ ਆਦਮੀ ਭੁਮੱਧ ਰੇਖਾ ਦੇ ਕਰੀਬ ਰਹਿ ਸਕਦਾ ਸੀ ਤੇ ਨਾ ਹੀ ੳੁੱਤਰ ਵਿਚ ਬਰਫ਼ਾਨੀ ਇਲਾਕਿਆਂ ਵਿਚ ਹੀ ਰਹਿ ਸਕਦਾ ਹੈ। ਜੇ ਉੱਤਰ ਵਿਚ ਬੰਦਾ ਪੈਦਾ ਹੋਇਆ ਵੀ ਹੋਊ ਤਾਂ ਠਰ ਕੇ ਮਰ ਗਿਆ ਹੋਊ, ਕੁਝ ਦਿਨਾਂ ਵਿਚ ਜਾਂ ਸ਼ਾਇਦ ਕੁਝ ਘੰਟਿਆਂ ਵਿਚ ਹੀ। ਕਈ ਇਲਾਕੇ ਇਸ ਧਰਤੀ ਐਸੇ ਹਨ ਜਿਥੇ ਆਕਸੀਜ਼ਨ ਨਾਲ ਲੈ ਕੇ ਹੀ ਜਾਇਆ ਜਾ ਸਕਦਾ ਹੈ। ਕਈ ਐਸੇ ਗਰਮ ਇਲਾਕੇ ਵੀ ਹਨ ਜਿਥੇ ਏਅਰਕਡੀਸ਼ਨ ਤੋਂ ਬਿਨਾਂ ਬੰਦਾ ਜੀਅ ਨਹੀਂ ਸਕਦਾ। ਇਸ ਦਾ ਭਾਵ ਬੰਦਾ ਨਾ ਬਹੁਤੇ ਗਰਮ ਨਾ ਬਹੁਤੇ ਠੰਢੇ ਇਲਾਕੇ ਵਿਚ ਪੈਦਾ ਹੋਇਆ। ਦੂਸਰੀ ਵੱਡੀ ਗੱਲ ਕਿ ਪਾਣੀ ਤੋਂ ਬਿਨ੍ਹਾਂ ਅਸੀਂ ਕਿੰਨਾ ਚਿਰ ਜੀਅ ਸਕਦੇ ਹਾਂ ? ਤਾਂ ਫਿਰ ਜ਼ਾਹਰ ਹੈ ਕਿ ਪਾਣੀਆਂ ਦੇ ਕੰਢਿਆਂ ਤੇ ਬੰਦਾ ਪੈਦਾ ਹੋਇਆ। ਸਮੁੰਦਰ ਦਾ ਪਾਣੀ ਤਾਂ ਖਾਰਾ ਹੁਦਾ ਹੈ । ਅੱਜ ਵੀ ਨਹੀਂ ਪੀਤਾ ਜਾ ਸਕਦਾ। ਲੇਕਿਨ ਬਰਸਾਤੀ ਪਾਣੀ ਅਤੇ ਬਰਫ਼ਾਨੀ ਪਾਣੀ ਤਾਂ ਮਿੱਠਾ ਹੁੰਦਾ ਹੈ। ਕਿਸੇ ਪਸ਼ੂ ਨੂੰ ਵੀ ਦੋ ਬਰਤਨਾਂ ਵਿਚ ਪਾਣੀ ਦਿਓ; ਇਕ ਵਿਚ ਸਮੁੰਦਰ ਦਾ ਅਤੇ ਦੂਜੇ ਵਿਚ ਨਦੀ ਦਾ, ਜਾਨਵਰ ਵੀ ਨਦੀ ਦਾ ਪਾਣੀ ਪੀ ਕੇ ਖ਼ੁਸ਼ ਰਹੇਗਾ। ਤੇ ਫਿਰ ਜੇ ਮੈਂ ਇਸ ਗੱਲ ਦੀ ਵੀ ਜ਼ਿੱਦ ਕਰਾਂ ਕਿ ਬੰਦਾ ਸਮੁੰਦਰੀ ਤੱਟ ਤੇ ਨਹੀਂ ਸਗੋਂ ਨਦੀਆਂ ਦੇ ਕਿਨਾਰਿਆਂ ਤੇ ਪੈਦਾ ਹੋਇਆ ਤਾਂ ਮੇਰੀ ਇਸ ਜ਼ਿੱਦ ਦਾ ਜਵਾਬ ਵੀ ਕਿਸੇ ਤੋਂ ਸੌਖਾ ਨਹੀਂ ਦਿਤਾ ਜਾਣਾ।
ਅਰਬਾਂ ਸਾਲ ਪਹਿਲਾਂ ਧਰਤੀ ਤੇ ਨਦੀਆਂ ਦੇ ਕਿਨਾਰਿਆਂ ਤੇ ਬੰਦਾ, ਜਾਨਵਰ, ਪਸ਼ੂ-ਪੰਛੀ ਪੈਦਾ ਹੋਏ। ਜੇ ਮੇਰੇ ਨਾਲ ਏਥੇ ਤੱਕ ਸਹਿਮਤ ਹੋ ਤਾਂ ਮੈਂ ਅਗਲੀ ਗੱਲ ਕਰਾਂ ਕਿ ਕਿਹੜੀਆਂ ਨਦੀਆਂ ਤੇ ਬੰਦਾ ਪੈਦਾ ਹੋਇਆ ਹੋਊ। ਯੂਨਾਨੀ ਲੋਕਾਂ ਨਾਲ ਤਾਂ ਮੈਂ ਸਹਿਮਤ ਨਹੀਂ ਕਿਉਂਕਿ ਸਮੁੰਦਰ ਦਾ ਪਾਣੀ ਕੇ ਸਾਡੇ ਨਗੜਦਾਦੇ ਜੀਂਦੇ ਰਹੇ, ਮੈਂ ਨਹੀਂ ਮੰਨਦਾ। ਅਫ਼ਰੀਕਾ ਵਿਚ ਭੁਮੱਧ ਰੇਖਾ ਦੇ ਕਰੀਬ ਕਰਕੇ ਗਰਮੀ ਏਨੀ ਹੈ ਕਿ ਕਿਸੇ ਹਾਲਤ ਵਿਚ ਵੀ ਬੰਦਾ ਅਫ਼ਰੀਕਾ ਵਿਚ ਪੈਦਾ ਨਹੀਂ ਹੋਇਆ। ਅਰਬ ਦੇਸ਼ਾਂ ਵਿਚ ਵੀ ਜੀਵਨ ਸ਼ੂਰੂ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਏਨੀ ਗਰਮੀ ਕੋਈ ਨਹੀ ਸਹਾਰ ਸਕਦਾ; ਹਾਂ ਇਰਾਨ ਵਿਚ ਪੰਜਾਂ ਦਰਿਆਵਾਂ ਦੇ ਵਿਚਾਲੇ ਦਾ ਇਲਾਕਾ ਜਿਸ ਨੂ ਕਦੇ ਪੰਜਾਬ ਵੀ ਕਿਹਾ ਜਾਂਦਾ ਸੀ, ਉਸ ਇਲਾਕੇ ਵਿਚ ਦੂਜੇ ਜਾਂ ਤੀਜੇ ਪੜਾਅ ਤੇ ਹੋ ਸਕਦਾ ਹੈ ਵਸ ਵੀ ਗਿਆ ਹੋਵੇ। ਚੀਨ ਦੀ ਵੀ ਗਲ ਮੰਨਣ ਵਾਲੀ ਨਹੀਂ ਕਿਉਂਕਿ ਸਰਦੀਆਂ ਸਹਿ ਸਕਣੀਆਂ ਵੀ ਮੁੱਢਲੇ ਬੰਦੇ ਲਈ ਔਖੀ ਗੱਲ ਸੀ। ਯੂਰਪ ਵਿਚ ਜੇ ਕੋਈ ਪਿੰਜਰ ਬਹੁਤ ਪੁਰਾਣਾ ਮਿਲ਼ ਵੀ ਗਿਆ ਹੋਊ ਤਾਂ ਉਸਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਬੰਦਾ ਪੈਦਾ ਹੀ ਓਥੇ ਹੋਇਆ। ਕੋਈ ਭੁੱਲਿਆ ਭਟਕਿਆ ਕਬੀਲਾ ਜਾ ਵੀ ਸਕਦਾ ਹੈ ਗ਼ਲਤ ਪਾਸੇ ਤੇ ਫਿਰ ਠੰਢ ਨੇ ਓਥੇ ਹੀ ਸਿੱਟ ਲਿਆ ਹੋਵੇ।
ਦੁਨੀਆਂ ਦੇ ਤਖ਼ਤ ‘ਤੇ ਹੜੱਪਾ ਤੇ ਮਹਿੰਜੋਦੜੋ ਵਰਗਾ ਕੋਈ ਐਸਾ ਇਲਾਕਾ ਨਹੀਂ ਹੈ ਜਿਸ ਨੂੰ ਬੰਦੇ ਦੇ ਪੈਦਾ ਹੋ ਸਕਣ ਦਾ ਅਸਥਾਨ ਕਿਹਾ ਜਾ ਸਕਦਾ ਹੈ। ਹੜੱਪਾ ਸਮੁੰਦਰ ਤੋਂ ਕੋਈ ਚਾਰ ਕੁ ਸੌ ਮੀਲ ਦੂਰ ਤੇ ਪਹਾੜ ਤੋਂ ਵੀ ਚਾਰ ਕੁ ਸੌ ਮੀਲ ਦੂਰ ਮੌਨਸੂਨ ਹਵਾਵਾਂ ਦਾ ਰਸਤਾ, ਬਰਸਾਤੀ ਪਾਣੀ ਤੇ ਪਹਾੜਾਂ ਤੋਂ ਢਲ਼ ਕੇ ਆਇਆ ਬਰਫ਼ ਦਾ ਮਿੱਠਾ ਪਾਣੀ, ਇੰਦਸ ਤੇ ਜਿਹਲਮ ਨਦੀਆਂ ਦੀ ਗੋਦ ਵਿਚ ਵਸਿਆ ਸਵਰਗ ਭੁਮੱਧ ਰੇਖਾ ਦੀ ਗਰਮੀ ਤੋਂ ਦੂਰ ਬਰਫ਼ਾਨੀ ਉੱਤਰੀ ਇਲਾਕੇ ਤੋਂ ਦੂਰ। ਬਨਸਪਤੀ ਵਾਸਤੇ ਐਨੀ ਅਨੁਕੂਲ ਜ਼ਰਖ਼ੇਜ਼ ਜ਼ਮੀਨ। ਸਭ ਕੁਝ ਗਿਣੀ ਜਾਣ ਤੋਂ ਚੰਗਾ ਹੈ ਕਿ ਮੈਂ ਸਵਾਲ ਕਰਾਂ ਕਿ ਇਸ ਤੋਂ ਵੱਧ ਅਨੁਕੂਲ ਇਲਾਕਾ ਜਿਥੇ ਬੰਦਾ ਉਪਜਿਆ, ਵਿਗਸਿਆ ਹੋ ਸਕਦਾ ਕਿਹੜਾ ਇਲਾਕਾ ਹੋ ਸਕਦਾ ਹੈ ? ਇਸੇ ਧਰਤੀ ਤੇ ਤਾਂ ਇਸ ਤੋਂ ਵਧੀਆ ਅਸਥਾਨ ਮੈਨੂੰ ਨਹੀਂ ਦਿਸਿਆ ਜਿਥੇ ਬੰਦਾ ਪੈਦਾ ਹੋ ਸਕਦਾ ਸੀ। ਅਰਬ ਦੇਸ਼, ਇਟਲੀ, ਯੌਰਪ, ਚੀਨ, ਰੂਸ, ਅਮਰੀਕਾ, ਕੈਨੇਡਾ, ਮੈਂ ਸਾਰਾ ਗਾਹ ਵੇਖਿਆ; ਹੜੱਪਾ ਵਰਗਾ ਕੋਈ ਇਲਾਕਾ ਨਹੀਂ ਹੈ ਜਿਸ ਵਿਚ ਬੰਦਾ ਪੈਦਾ ਹੋਇਆ ਹੋ ਸਕਦਾ ਹੈ। ਸੁਰਤੀ ਸਿਰਤੀ ਲਾ ਕੇ ਇਸ ਪਾਸੇ ਸੋਚੋਗੇ ਤਾਂ ਮੇਰੇ ਜ਼ਿੱਦ ਕਰਨ ਦੇ ਕੁਝ ਅਰਥ ਜ਼ਰੂਰ ਲੱਭਣਗੇ। ਜ਼ਿੱਦ ਲਫ਼ਜ਼ ਚੰਗਾ ਲੱਗਣ ਲੱਗ ਗਿਆ ਹੈ ਮੈਨੂੰ ।
ਦੁਨੀਆਂ ਦੇ ਸਾਰੇ ਖੋਜੀ ਹਰ ਕਿਤਾਬ ਵਿਚ ਹੜੱਪਾ ਨੂ ਸਭ ਤੋਂ ਪੁਰਾਣਾ ਸ਼ਹਿਰ ਮਨਦੇ ਹਨ। 3000 ਬੀ•ਸੀ• ਵਿਚ ਪੱਕੀਆਂ ਇੱਟਾਂ ਦੇ ਬਣੇ ਹੜੱਪਾ ਤੇ ਮਹਿੰਜੋਦੜੋ ਨੂੰ ਜਦ ਆਰੀਆ ਢਾਹ ਢੇਰੀ ਕਰਦੇ ਹਨ ਤਾਂ ਉਸ ਵਕਤ ਦੀ ਗੱਲ ਲਿਖਦਿਆਂ, ਬਹੁਤ ਸਾਰੇ ਹਿਸਟੋਰੀਅਨ ਲਿਖਦੇ ਹਨ ਕਿ ਨਾਟਕ ਕਲਾ ਸਿਖਰ ‘ਤੇ ਸੀ। ਇੱਕ ਨਾਟਕ ਖੇਲਣ ਵਾਲਾ ਮੰਚ ਚਾਰ ਬਲਾਕ ਵਿਚ ਲਿਖਦੇ ਹਨ। ਤਕਰੀਬਨ ਸੌ ਘਰ ਦੀ ਜਗ੍ਹਾ ਵਿਚ। ਢਕੀਆਂ ਹੋਈਆਂ ਨਾਲ਼ੀਆਂ ਪਾਣੀ ਨਿਕਲਣ ਲਈ ਹਨ। ਚਾਲੀ ਸੇਰ ਦੇ ਵਟੇ ਮਿਲ਼ੇ। ਹੱਡੀਆਂ ਤੇ ਸੋਨੇ ਚਾਂਦੀ ਦੇ ਗਹਿਣੇ, ਖੇਤੀ ਕਰਨ ਦੇ ਔਜ਼ਾਰ, ‘ਲਿੱਪੀ’ ਸ਼ਬਦ ਦਾ ਜਾਮਾ ਵੀ ਖੋਜੀਆਂ ਨੇ ਲੱਭਾ। ਸਭ ਕੁੱਝ ਹੀ ਲੱਭਾ ਜਿਸਨੂੰ ਗਿਣ ਕੇ ਅਸੀਂ ਕਹਿ ਸਕਦੇ ਹਾਂ ਕਿ ਦੁਨੀਆਂ ਦੀ ਆਰੰਭਤਾ ਹੜੱਪਾ ਤੇ ਮਹਿੰਜੋਦੜੇ ਤੋਂ ਹੀ ਹੋਈ, ਪਰ ਪਤਾ ਨਹੀਂ ਕਿਉਂ ਸਾਰੇ ਇਤਿਹਾਸਕਾਰ ਇਹ ਕਹਿਣ ਤੋਂ ਅਜ ਤਕ ਕਿਉਂ ਸੰਗਦੇ ਰਹੇ ਕਿ ਇਨਸਾਨ ਪੈਦਾ ਵੀ ਹੜੱਪਾ ਤੇ ਮਹਿੰਜੋਦੜੋ ਇਲਾਕੇ ਵਿੱਚ ਅਤੇ ਇਨਸਾਨੀ ਸੱਭਿਅਤਾ ਵੀ ਇਸੇ ਇਲਾਕੇ ਵਿਚ ਹੀ ਸ਼ੁਰੂ ਹੋਈ। ਚਾਰੇ ਪਾਸੇ ਜਿਧਰ ਕਿਤੇ ਵੀ ਬੰਦਾ ਗਿਆ ਏਥੋਂ ਹੀ ਗਿਆ, ਮੇਰਾ ਵਿਸ਼ਵਾਸ ਹੈ। ਮੇਰੀ ਇਸ ਜ਼ਿੱਦ ਨੂੰ ਗ਼ਲਤ ਸਾਬਤ ਕਰਨ ਦੀ ਜੇ ਕਿਸੇ ਦੀ ਦਲੀਲ ਹੋਵੇ ਤਾਂ ਮੈਂ ਆਪਣੀ ਉਮਰ ਦੇ ਸਾਰੇ ਦਿਨ ਜੋ ਬਚੇ ਹਨ ਇਸ ਵਿਸ਼ੇ ਤੇ ਬਹਿਸ ਕਰਨ ਨੂੰ ਤਿਆਰ ਹਾਂ।

Friday, November 7, 2008

ਸੁਰਿੰਦਰ ਸਿੰਘ ਸੁੱਨੜ - ਨਜ਼ਮ

ਕਾਦਰ
ਨਜ਼ਮ

ਕਾਦਰ ਦੀ ਕੁਦਰਤ ਦੇ ਕਾਤਲ ਕੌਣ ਕੌਣ?
ਨਾਂ ਗਿਣਾਂ ਗਿਣਤੀ 'ਚ ਮੇਰਾ ਨਾਮ ਵੀ ਆਊ।
ਤੇਰਾ ਮੇਰਾ ਸਾਰਿਆਂ ਦਾ ਦੋਸ਼ ਹੈ,
ਇੱਕ ਦੋਸ਼ੀ ਦੂਸਰੇ ਤੇ ਦੋਸ਼ ਕੀ ਲਾਊ?
ਕਾਬੂ ਕਰਦੇ ਫਿਰਨ ਜੋ ਕਰਤਾਰ ਨੂੰ,
ਕਿਸ ਧਰਮ ਦਾ ਪਿੰਜਰਾ ਜੋ ਕੈਦ ਕਰ ਪਾਊ?
ਮੁਰਗਾਬੀ ਤੋਂ ਸ਼ਾਂਤ ਸਾਗਰ ਖੁੱਸ ਗਿਆ,
ਕਿਸਮਤ ਤੇ ਹੱਸੂਗੀ ਜਾਂ ਫਿਰ ਰੋਂਦੀ ਰਹਿ ਜਾਊ।
ਅੰਬ ਜਾਮਣ ਨਾ ਰਹੇ ਬਾਗਾਂ ਦੀ ਮੌਤ ਤੇ,
ਕੋਇਲ ਵਿਚਾਰੀ ਗਾਊਗੀ ਜਾਂ ਕੀਰਨੇ ਪਾਊ?
ਸਵਾਂਤ ਬੂੰਦਾਂ ਭਾਲਦਾਂ ਛੱਪੜ ਵੀ ਨਾ ਰਹੇ,
ਚਾਤ੍ਰਿਕ ਬਬੀਹਾ ਸੁੱਨੜਾ ਜੀਊ ਕਿ ਮਰ ਜਾਊ?
ਇਹ ਪੀਰਾਂ ਅਵਤਾਰਾਂ ਦੀ ਧਰਤੀ ਸੀ ਕਦੇ,
ਰਾਮ, ਰੱਬ, ਅੱਲਾ ਦਾ ਬੰਦਾ ਕੀ ਸਮਝ ਪਾਊ।
ਰਾਮ ਦੇ ਸਰਨਾਵਿਆਂ ਦੀ ਲਿਸਟ ਵਿੱਚ,
ਕੋਈ ਲੁਬਾਣਾ ਕਿਸ ਤਰ੍ਹਾਂ ਹੁਣ ਗੁਰੂ ਲੱਭ ਪਾਊ।
ਅੰਬਰਾਂ ਨੂੰ ਛੋਹ ਰਹੇ ਹੋ ਪਰਬਤੋ!
ਬਹੁਤ ਉੱਚੇ ਥਾਂ ਤਾਂ ਫੁੱਲ-ਬੂਟਾ ਨਾ ਜੰਮ ਪਾਊ।
ਕੀ ਪਤਾ ਸੀ ਪਾਣੀਆਂ ਦੇ ਦੇਸ਼ ਵਿੱਚ,
ਪਾਣੀ ਦੇਖਣ ਨੂੰ ਕਦੇ ਨਲਕਾ ਤਰਸ ਜਾਊ।

Wednesday, November 5, 2008

ਸੁਰਿੰਦਰ ਸਿੰਘ ਸੁੱਨੜ - ਗੀਤ

ਮੁਟਿਆਰ
ਗੀਤ
ਹਰ ਗਲੀ, ਹਰ ਜਗ੍ਹਾ, ਮੇਰੇ ਯਾਰ ਭਾਲ਼ਿਓ।
ਇੱਕ ਲੱਭਦੀ ਨਹੀਂ, ਮੁਟਿਆਰ ਭਾਲ਼ਿਓ ।
ਜਿਹੜੀ ਹੇਕਾਂ ਲਾਅ ਤ੍ਰਿੰਜਣਾਂ ਚ, ਗਾਉਂਦੀ ਹੁੰਦੀ ਸੀ ।
ਜਿਹੜੀ ਪੀਂਘ ਅਸਮਾਨਾਂ ਨੂੰ ਚੜ੍ਹਾਉਂਦੀ ਹੁੰਦੀ ਸੀ ।
ਜਿਹੜੀ ਗਿੱਧਿਆਂ ਦੇ ਵਿੱਚ ਅੱਗ ਲਾਉਂਦੀ ਹੁੰਦੀ ਸੀ ।
ਜਿਹੜੀ ਤੋਰ ਪਾਣੀਆਂ ਨੂੰ ਮਾਤ ਪਾਉਂਦੀ ਹੁੰਦੀ ਸੀ ।
ਜਿਹੜੀ ਸ਼ਾਹ ਵੇਲਾ ਖੇਤਾਂ ਚ, ਲਿਆਉਂਦੀ ਹੁੰਦੀ ਸੀ ।
ਜਿਹੜੀ ਹੱਥ ਛੱਡ ਟੋਕਰੀ ਉਠਾਉਂਦੀ ਹੁੰਦੀ ਸੀ ।
ਗੁੰਮ ਹੋ ਗਈ ਉਹ ਭੱਤੇ ਵਾਲੀ ਨਾਰ ਭਾਲ਼ਿਓ –
ਇੱਕ ਲੱਭਦੀ ਨਹੀਂ, ਮੁਟਿਆਰ ਭਾਲ਼ਿਓ ॥
ਜੀਹਦੀ ਸੱਥਾਂ ਵਿੱਚ ਬਹਿਕੇ ਲੋਕੀਂ ਗੱਲ ਕਰਦੇ ।
ਜੀਹਦੀ ਚੁੱਪ ਦੇ ਵੀ ਗੱਭਰੂ ਹੁੰਘਾਰੇ ਭਰਦੇ ।
ਜੀਹਦੀ ਅੱਖ ਦੀ ਅਦਾ ਤੇ ਵੱਢੇ-ਵੱਢੇ ਮਰਦੇ ।
ਜੀਹਤੇ ਚੰਗੇ-ਚੰਗੇ ਚੋਬਰਾਂ ਦੇ ਦਿਲ ਹਰਦੇ ।
ਜੀਹਦੇ ਗੇਸੂਆਂ ਦੇ ਨਾਗ ਸੀਨਿਆਂ ਤੇ ਲੜਦੇ ।
ਜੀਹਦੇ ਲੱਕ ਦੇ ਇਸ਼ਾਰੇ ਵੀ ਸਵਾਲ ਕਰਦੇ ।
ਜੀਹਦੇ ਹਾਸਿਆਂ ਚੋਂ ਖਿੜਦੀ ਬਹਾਰ ਭਾਲ਼ਿਓ –
ਇੱਕ ਲੱਭਦੀ ਨਹੀਂ, ਮੁਟਿਆਰ ਭਾਲ਼ਿਓ ॥
ਜੀਹਦੀ ਸਾਦਗੀ ਤੇ ਸਾਰੇ ਲੋਕੀਂ ਡੁੱਲ੍ਹ-ਡੁੱਲ੍ਹ ਜਾਂਦੇ ।
ਜੀਹਨੂੰ ਦੇਖ ਹਟਵਾਣੀਏਂ ਵੀ ਸੌਦਾ ਭੁੱਲ ਜਾਂਦੇ ।
ਜਿਸ ਮੇਲੇ ਜਾਵੇ, ਮੇਲੇ ਦੇ ਨਸੀਬ ਖੁੱਲ੍ਹ ਜਾਂਦੇ ।
ਜੀਹਦੇ ਲੌਂਗ ਦੀ ਲਿਸ਼ਕ ਨਾਲ ਸਾਰੇ ਹਿੱਲ ਜਾਂਦੇ ।
ਜੀਹਨੂੰ ਦੇਖ ਜਿੰਦਗੀ ਦੇ ਸਾਰੇ ਸੁਖ ਮਿਲ਼ ਜਾਂਦੇ ।
ਜੀਹਦਾ ਰੂਪ ਤੱਕ ਤਾਜ ਤੇ ਤਖ਼ਤ ਹਿੱਲ ਜਾਂਦੇ ।
ਕਿੱਥੇ ਗਈ ਹੁਸਨਾਂ ਦੀ ਸਰਕਾਰ ਭਾਲ਼ਿਓ –
ਇੱਕ ਲੱਭਦੀ ਨਹੀਂ, ਮੁਟਿਆਰ ਭਾਲ਼ਿਓ ॥