ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਗੁਰਚਰਨ ਰਾਮਪੁਰੀ. Show all posts
Showing posts with label ਗੁਰਚਰਨ ਰਾਮਪੁਰੀ. Show all posts

Tuesday, August 28, 2012

ਗੁਰਚਰਨ ਰਾਮਪੁਰੀ - ਨਜ਼ਮਾਂ



ਭਗੌੜੇ ਬੁੱਲ੍ਹਾਂ ਉੱਤੇ ਨਾਅਰਾ
ਨਜ਼ਮ

ਪਿਛਲਾ ਵਤਨ ਹੋ ਗਿਆ ਸੀ ਬਾਸੀ
ਉਸ ਧਰਤੀ
‘ਤੇ ਖ਼ੰਜਰ ਨਾਲ਼ ਲਕੀਰਾਂ ਕੱਢ ਕੇ
ਨਵੇਂ ਵਤਨ ਦੇ ਨਾਅਰੇ ਲਾਂਦੇ ਮੇਰੇ ਮਿੱਤਰੋ!
ਅਪਣੇ ਅੰਦਰ ਦਾ ਸੱਚ ਦੇਖੋ।

ਖੇਤ ਅਜੇ ਤਾਂ ਪਿਛਲੇ ਸਾਲ ਹੀ ਗਿਰਵੀ ਰੱਖਿਆ
ਜਿਸ ਦੇ ਬਦਲੇ ਲੱਖ ਰੁਪਈਆ ਲੈ ਕੇ
ਇਕ ਦਲਾਲੀ ਝੋਲ਼ੀ ਰਿਸ਼ਵਤ ਪਾ ਕੇ
ਜਾਣ-ਬੁੱਝ ਕੇ ਹੋਏ ਅਪਣੇ ਘਰੋਂ ਭਗੌੜੇ
ਚੁਸਤੀ ਕਰਕੇ ਵਤਨੋ ਦੌੜੇ।

ਕਿਸੇ ਭਗੌੜੇ ਦੇ ਬੁੱਲ੍ਹਾਂ
‘ਤੇ
ਅਪਣੀ ਮਿੱਟੀ ਦਾ ਨਾਅਰਾ ਨਾ ਸੋਂਹਦਾ।
======
ਤੂੰ ਅਗਨੀ ਬੀਜੀ ਤੇ ਵੱਢੀ
ਨਜ਼ਮ

ਸਾਰੀ ਉਮਰਾ ਜਿਹੜੀ ਅੱਗ ਨੂੰ ਫੂਕਾਂ ਮਾਰ ਹਵਾ ਤੂੰ ਦਿੱਤੀ
ਉਸ ਅਗਨੀ ਵਿਚ ਨਿਰਾ ਸੇਕ, ਕੋਈ ਨੂਰ ਨਹੀਂ ਸੀ
ਭੋਲ਼ੇ ਸਿਰ ਤੱਤੇ ਅਰ  ਚੁੱਲ੍ਹੇ ਠੰਡੇ ਏਸ ਨੇ ਕੀਤੇ
ਪਰ ਤੇਰੀ ਮਮਟੀ
‘ਤੇ ਚਾਂਦੀ ਸਿਰ ‘ਤੇ ਕਲਗੀ ਲਾਈ।

ਲੋਕੀ ਜਦ ਬੇਗਾਨੇ ਘਰ ਨੂੰ ਤੀਲੀ ਲਾਉਂਦੇ
ਮੁਸਕਾਉਂਦੇ, ਮੁਸਕਾਉਂਦੇ ਘਰ ਨੂੰ ਆਉਂਦੇ
ਅਪਣੇ ਸੜਦੇ ਘਰ ਆ ਕੇ ਫਿਰ ਨੀਰ ਵਹਾਉਂਦੇ
ਤਾਂ ਤੂੰ ਹਸਦਾ
ਜ਼ਖ਼ਮਾਂ ਉੱਤੇ ਲੂਣ ਛਿੜਕਦਾ
ਅਰ ਤੇਜ਼ਾਬੀ ਫ਼ਿਕਰੇ ਕਸਦਾ।

ਜਦ ਉਸ ਅਗਨ ਦੀਆਂ ਲਾਟਾਂ ਵਿਚ
ਸਾਰਾ ਪਿੰਡ ਸੀ ਮਚਦਾ
ਫਿਰ ਤੇਰਾ ਘਰ ਕੀਕਰ ਬਚਦਾ?
ਤੂੰ ਅਗਨੀ ਬੀਜੀ ਤੇ ਵੱਢੀ।

ਰੱਤ ਦੇ ਹੜ੍ਹ ਵਿਚ ਗੋਤੇ ਖਾਂਦੇ ਅਪਣੇ ਪਿੰਡ ਨੂੰ
ਬਲ਼ਦਾ, ਰੋਂਦਾ ਛੱਡ ਕੇ
ਤੂੰ ਹੁਣ ਜੀਵਨ ਦੇ ਪਿੜ ਵਿੱਚੋਂ ਖਿਸਕ ਗਿਆ ਹੈਂ?
======
ਮੇਰੀ ਉੱਨ
ਨਜ਼ਮ

ਇਹ ਰੌਲ਼ਾ ਪੰਥ ਉੱਮਤ ਧਰਮ ਦਾ ਰੌਲ਼ਾ ਨਹੀਂ ਹੈ
ਮੇਰੀ ਉੱਨ ਦਾ ਹੈ।
ਪ੍ਰਸ਼ਨ ਤਾਂ ਸਿਰਫ਼ ਏਨਾ ਹੈ
ਕਿ ਮੈਨੂੰ ਕੌਣ ਮੁੰਨਦਾ ਹੈ?

ਇਹ ਤਿੱਖੀਆਂ ਕੈਂਚੀਆਂ ਮੇਰੇ ਦੁਆਲ਼ੇ ਨੱਚ ਰਹੀਆਂ ਨੇ,
ਇਹ ਲੋਭੀ ਝੋਲ਼ੀਆਂ ਮੇਰੇ ਦੁਆਲ਼ੇ ਹੌਂਕ ਰਹੀਆਂ ਨੇ
ਜੋ ਆਫ਼ਰ ਕੇ ਵੀ ਭੁੱਖੀਆਂ ਨੇ।

ਇਨ੍ਹਾਂ ਦੀ ਭੁੱਖ ਮੇਰੀ ਉੱਨ
‘ਤੇ ਆ ਕੇ ਵੀ ਨਹੀਂ ਮਿਟਦੀ
ਲਹੂ ਤੇ ਮਾਸ ਵੀ ਮੇਰਾ ਇਨ੍ਹਾਂ ਦੀ ਨਜ਼ਰ ਹੇਠਾਂ ਹੈ।

ਹੁਣੇ ਮੈਂ ਸੋਚਿਆ ਹੈ
ਕਿ ਇਨ੍ਹਾਂ ਦੀ ਖ਼ਾਤਰ ਬਲੀ ਚੜ੍ਹਨੋ ਚੰਗੇਰਾ ਹੈ:
ਇਨ੍ਹਾਂ ਦੀ ਖੇਡ ਨੂੰ ਸਮਝਾਂ
ਮੈਂ ਅਪਣੀ ਭੇਡ ਖ਼ੁਦ ਮਾਰਾਂ
ਕਿ ਸ਼ੇਰਾਂ ਨੂੰ ਕੋਈ ਮੁੰਨਦਾ ਨਹੀਂ ਹੈ।

Saturday, October 2, 2010

ਗੁਰਚਰਨ ਰਾਮਪੁਰੀ - ਦੋਹੇ

ਦੋਹੇ

ਸਿਰ ਦੀ ਮੰਨਦੈਂ ਤੂੰ ਸਦਾ, ਮਾੜੀ ਨਹੀਂ ਇਹ ਗੱਲ।

ਜਿੱਧਰ ਨੂੰ ਦਿਲ ਤੋਰਦਾ, ਕਦੇ ਤਾਂ ਓਧਰ ਵੱਲ।

-----

ਦੇਖੇ ਦੁੱਖ ਬੇਗਾਨੜੇ, ਮੱਤਾਂ ਦਿੱਤੀਆਂ ਢੇਰ।

ਜਦ ਅਪਣੇ ‘ਤੇ ਆ ਪਈ, ਮੱਤ ਮਾਰੀ ਗਈ ਫੇਰ।

-----

-----

ਪਰਖਹੀਣ ਵਿਸ਼ਵਾਸ ਹੈ, ਪਰਖੋਂ ਡਰੇ ਫ਼ਰੇਬ।

ਪਰਖ ਨਾ ਕਰਦਾ ਲਾਈ-ਲੱਗ, ਨੂਰੋਂ ਖ਼ਾਲੀ ਜੇਬ।

-----

ਸਿਆਣੇ ਸੱਜਣ ਸਾਹਮਣੇ ਅਪਣਾ ਸੀਸ ਝੁਕਾ।

ਕਰਕੇ ਖੁਣਸੀ ਈਰਖਾ, ਹਿਰਦਾ ਨਾ ਤੜਪਾ।

-----

ਅਪਣਾ ਆਪ ਪਛਾਣ ਕੇ, ਅੱਧੀ ਜੰਗ ਤਾਂ ਜਿੱਤ।

ਮਿਥ ਕੇ ਟੀਚਾ ਫ਼ਤਿਹ ਦਾ, ਫੇਰ ਟਿਕਾ ਲੈ ਚਿੱਤ।

-----

ਗ਼ਰਜ਼ ਸੁਰੀਲਾ ਬੋਲਦੀ, ਧਰ ਨ ਉਸ ‘ਤੇ ਕੰਨ।

ਅੰਤਕਹਨ ਪੁਕਾਰਦਾ, ਉਸਦਾ ਕਹਿਣਾ ਮੰਨ।

-----

ਹਾਜ਼ਰ ਨਾਜ਼ਰ ਸੁੰਦਰਤਾ, ਦਰਸ਼ਨ ਹੁੰਦੇ ਝੱਬ।

ਸਾਥ, ਸ਼ਾਂਤੀ, ਸਿਹਤ, ਸੁਖ, ਮਿਲ਼ਦੇ ਨਾਲ਼ ਸਬੱਬ।

-----

ਸੁਪਨੇ ਨੂੰ ਨਾ ਬੁਝਣ ਦੇ, ਮੱਸਿਆ ਵਕ਼ਤੀ ਹਾਰ।

ਤਾਰਾ-ਮੰਡਲ ਟਿਮਕਦਾ, ਕੋਈ ਨਾ ਅੰਤ ਸ਼ੁਮਾਰ।

-----

ਸਾਹ ਬੀਤੇ ਸੱਜਣ ਗਏ, ਪਰਛਾਵੇਂ ਭਰਮਾਉਣ।

ਮੇਰੇ ਮਨ ਦੀਆਂ ਉਲਝਣਾਂ, ਸੁਪਨੇ ਬਣ ਕੇ ਆਉਣ।

-----

ਨੀਂਦਰ, ਮਾਇਆ, ਮਾਣ, ਮੋਹ, ਕੁਝ ਨਾ ਸੁਪਨੇ ਤੁੱਲ।

ਸੁਪਨਾ ਅਸੀਂ ਖ਼ਰੀਦਿਆ, ਡਾਢੇ ਮਹਿੰਗੇ ਮੁੱਲ।

-----

ਹਸ ਨਾ ਪਹਿਲਾਂ ਸਮੇਂ ਤੋਂ, ਮੁੱਕਣ ਤਾਂ ਦੇ ਗੱਲ।

ਸ਼ਾਇਦ ਹੁੰਝੂ ਵਹਿ ਤੁਰਨ, ਡੂੰਘਾ ਅੰਤੇ ਸੱਲ।

-----

ਸ਼ਾਇਰ ਨਾ ਪੜ੍ਹ, ਸ਼ੇਅਰ ਪੜ੍ਹ, ਭੁੱਲ ਕਰਤਾ ਦੀ ਜ਼ਾਤ।

ਪਰਖਣ ਪਾਠਕ ਪੁਰਖ ਜਦ, ਹੁਨਰੀ ਬਾਜ਼ੀ ਮਾਤ।

-----

ਤਾਰੇ ਜੁਗਨੂੰ ਸ਼ਾਸਤਰ, ਤੇਰੇ ਆਲ਼ ਦੁਆਲ਼।

ਜੇ ਚਾਹੇਂ ਮਨ ਚਾਨਣਾ, ਅਪਣਾ ਦੀਵਾ ਬਾਲ਼।

------

ਗ਼ੁੱਸਾ ਪਾਪ ਗਿਆਨ ਲਈ, ਝੂਠਾ ਗ਼ੁੱਸੇ-ਖ਼ੋਰ।

ਲੱਭੇ ਜਦੋਂ ਦਲੀਲ ਨਾ, ਸਿੱਧੜ ਭੜਕੇ ਹੋਰ।

-----

ਮਨ ਕਪਟੀ ਮਿਥਿਆ ਕਥਨ, ਸਿੱਧੀ ਅੱਖ ਵੀ ਕਾਣ।

ਸਾਹਵੇਂ ਤੱਕ ਵੀ ਮੁੱਕਰੇ, ਨੀਤੀ ਖੋਟੀ ਬਾਣ।

Monday, July 5, 2010

ਗੁਰਚਰਨ ਰਾਮਪੁਰੀ - ਦੋਹੇ

ਦੋਹੇ

ਝੱਖੜ ਨ੍ਹੇਰਾ ਸ਼ੂਕਦਾ ਭਰਿਆ ਵਗੇ ਝਨਾਂ।

ਮੈਂ ਪੱਕੀ ਕੱਚਾ ਘੜਾ, ਚੱਲ ਉਸ ਪਾਰ, ਮਨਾਂ!

-----

ਜੇ ਤੂੰ ਮਿੱਤਰ ਲੋਚਦੈਂ ‘ਮੈਂ’ ਤੋਂ ਗੱਲ ਨਾ ਤੋਰ।

ਨਹੀਂ ਤਾਂ ਮਿਲਣੀ ਮਰੇਗੀ ‘ਤੂੰ ਤੂੰ ਮੈਂ ਮੈਂ’ ਸ਼ੋਰ।

-----

-----

ਵਸਲ ਆਨੰਦ ਬਹਿਸ਼ਤ ਲਈ ਸਦਾ ਸਮੇਂ ਦੀ ਥੋੜ।

ਗਲਵੱਕੜੀ ਦੀ ਕ਼ੈਦ ‘ਚੋਂ ਮੁਕਤੀ ਦੀ ਕੀ ਲੋੜ?

-----

ਬੜਾ ਤਣਾਅ ਹੈ ਇਸ ਘਰੇ ਡਰ ਗ਼ੁੱਸਾ ਤਕਰਾਰ।

ਹਉਮੈ ਗ਼ਰਕ ਗੁਆ ਰਹੇ ਜੀਵਨ ਦੇ ਦਿਨ ਚਾਰ।

-----

ਮਨ ਤਣਿਆ ਤਨ ਤੁਰ ਰਿਹਾ ਖ਼ੁਸ਼ੀਓਂ ਖ਼ਾਲੀ ਜਾਮ।

ਰੋਜ਼ ਪਿਆਲੇ ਛਲਕਦੇ ਡੁੱਬ ਜਾਂਦੀ ਹੈ ਸ਼ਾਮ।

-----

ਦਗ਼ੇਬਾਜ਼ ਨੂੰ ਪਿਆਰ ਦਾ ਮਨ ਕੱਢਦਾ ਹੈ ਗਾਲ਼।

ਦਿਲ ਨੇ ਉਸਦੀ ਯਾਦ ਲਈ ਲਿਐ ਬਹਾਨਾ ਭਾਲ਼।

-----

ਅਪਣੀ ਬਾਂਹ ਗਲ਼ ਪਾ ਕੇ ਸੁੱਤੀ ਸੁੰਦਰ ਨਾਰ।

ਸੁਪਨਾ ਚਿੰਤਾ ਕਰ ਰਿਹਾ ਤੁਰ ਜਾਵੇ ਨਾ ਯਾਰ।

-----

ਪਲ਼ਿਆ ਕਿਲ੍ਹੇ ਹਿਫ਼ਾਜ਼ਤੀ ਅਣਤਾਰੂ ਡਰਪੋਕ।

ਪਾਰ ਨਦੀ ਦੇ ਦਿਸ ਰਹੀ ਰੂਪਵੰਤ ਦੀ ਝੋਕ।

-----

ਗ਼ੁੱਸਾ ਝਗੜਾ ਅੱਥਰੂ ਰਿਹਾ ਉਹ ਨਰਕ ਹੰਢਾ।

ਖ਼ਤ ਮੇਰੇ ਪਰ ਅਜੇ ਵੀ ਪੜ੍ਹਦਾ ਰੋਜ਼ ਲੁਕਾ।

-----

ਨਾਂਹ ਕੀਤੀ ਮਹਿਬੂਬ ਨੂੰ ਕੀਤਾ ਮਹਾਂ-ਫ਼ਰੇਬ।

ਨਰਕ ਹੰਢਾਇਆ ਉਮਰ ਭਰ ਖ਼ੁਸ਼ੀਓਂ ਖ਼ਾਲੀ ਜੇਬ।


Friday, April 9, 2010

ਗੁਰਚਰਨ ਰਾਮਪੁਰੀ - ਤੁਰ ਗਏ ਮਿੱਤਰ ਸਾਹਿਤਕਾਰਾਂ ਦੇ ਨਾਂ - ਨਜ਼ਮ

ਦੋਸਤੋ! ਕੋਕਿਟਲਮ, ਬੀ.ਸੀ. ਕੈਨੇਡਾ ਵਸਦੇ ਪੰਜਾਬੀ ਦੇ ਅਜ਼ੀਮ ਸ਼ਾਇਰ ਜਨਾਬ ਗੁਰਚਰਨ ਰਾਮਪੁਰੀ ਸਾਹਿਬ ਦਾ ਕੱਲ੍ਹ ਰੋਇਲ ਕੋਲੰਬੀਅਨ ਹਸਪਤਾਲ ਤੋਂ ਫ਼ੋਨ ਆਇਆ ਸੀ। ਉਹਨਾਂ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਵਿੱਛੜ ਚੁੱਕੇ ਆਪਣੇ ਮਿੱਤਰ ਸਾਹਿਤਕਾਰਾਂ ਦੇ ਨਾਮ ਸ਼ਰਧਾਂਜਲੀ ਇਕ ਨਜ਼ਮ ਦੇ ਰੂਪ ‘ਚ ਲਿਖ ਕੇ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਲਈ ਦਿੱਤੀ ਹੈ। ਦੋ ਕੁ ਹਫ਼ਤੇ ਪਹਿਲਾਂ ਉਹਨਾਂ ਦੇ ਗੋਡੇ ਦੀ ਰਿਪਲੇਸਮੈਂਟ ਦਾ ਦੁਬਾਰਾ ਆਪ੍ਰੇਸ਼ਨ ਹੋਇਆ ਹੈ ਤੇ ਉਹ ਹਸਪਤਾਲ ‘ਚ ਹੀ ਬੈੱਡ ਰੈਸਟ ‘ਤੇ ਹਨ। ਮੈਂ ਸਤਿਕਾਰਤ ਰਾਮਪੁਰੀ ਸਾਹਿਬ ਦੀ ਮਸ਼ਕੂਰ ਹਾਂ ਕਿ ਉਹ ਆਪਣੀ ਤਬੀਅਤ ਨਾਸਾਜ਼ ਹੋਣ ਦੇ ਬਾਵਜੂਦ ਫ਼ੋਨ ਕਰਕੇ ਮੇਰੀ ਹੌਸਲਾ-ਅਫ਼ਜ਼ਾਈ ਕਰਦੇ ਰਹਿੰਦੇ ਹਨ। ਅਸੀਂ ਰੱਬ ਸੋਹਣੇ ਕੋਲ਼ੋਂ ਉਹਨਾਂ ਦੀ ਸਿਹਤਯਾਬੀ ਦੀ ਦੁਆ ਕਰਦੇ ਹੋਏ ਅੱਜ ਇਹ ਨਜ਼ਮ ਉਹਨਾਂ ਦੇ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਮਿੱਤਰ ਸਾਹਿਤਕਾਰਾਂ ਦੇ ਨਾਮ ਕਰ ਰਹੇ ਹਾਂ। ਰਾਮਪੁਰੀ ਸਾਹਿਬ! ਤੁਸੀਂ ਜਲਦੀ ਜਲਦੀ ਠੀਕ ਹੋਵੋ .... ਆਪਾਂ ਇਕ ਮੁਸ਼ਾਇਰਾ ਤੁਹਾਡੇ ਘਰ ਪਰਤਣ ਦੀ ਖ਼ੁਸ਼ੀ ‘ਚ ਰੱਖੀਏ .... ਤੇ ਆਪਾਂ ਸਭ ਰਲ਼ ਕੇ ਓਨੀਆਂ ਹੀ ਗੱਲਾਂ ਕਰੀਏ...ਯਾਦਾਂ ਸਾਂਝੀਆਂ ਕਰੀਏ, ਜਿੰਨੀਆਂ ਆਪਾਂ ਪਿਛਲੇ ਸਾਲ ਮਾਰਚ ‘ਚ ਤੁਹਾਡੇ ਘਰ ਕੀਤੀਆਂ ਸਨ....ਆਮੀਨ!! ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਤੁਰ ਗਏ ਮਿੱਤਰ ਸਾਹਿਤਕਾਰਾਂ ਦੇ ਨਾਂ

ਨਜ਼ਮ

ਮਿੱਤਰਾਂ ਦੇ ਸਿਰਨਾਵਿਆਂ ਵਾਲ਼ੀ,

ਬੁੱਢੀ ਕਾਪੀ ਮੁੜ-ਮੁੜ ਫੋਲਾਂ।

ਕੱਟੇ ਨਾਮ ਦੇਖ ਕੇ ਏਨੇ,

ਰੱਤ ਦੇ ਹੰਝੂ ਮੁੜ-ਮੁੜ ਡੋਲ੍ਹਾਂ।

-----

ਹੋਈਆਂ ਬੀਤੀਆਂ ਚੇਤੇ ਆਵਣ,

ਲੰਘਿਆ ਵੇਲ਼ਾ ਮੁੜ-ਮੁੜ ਜੀਵਾਂ।

ਸਦਾ ਭਰੇ ਯਾਦਾਂ ਦੇ ਪਿਆਲੇ,

ਵਿੱਚੋਂ ਘੁੱਟ-ਘੁੱਟ ਕਰਕੇ ਪੀਵਾਂ।

-----

ਲੀਕ ਅਜੇਹੀ ਟੱਪ ਗਏ ਮਿੱਤਰ,

ਜਿਸਦੇ ਪਾਰੋਂ ਕੋਈ ਨਾ ਮੁੜਦਾ।

ਸਾਹਾਂ ਦਾ ਧਾਗਾ ਹੈ ਕੱਚਾ,

ਜੇ ਟੁੱਟ ਜਾਵੇ ਫਿਰ ਨਹੀਂ ਜੁੜਦਾ।

Monday, March 29, 2010

ਗੁਰਚਰਨ ਰਾਮਪੁਰੀ - ਨਜ਼ਮ

ਦੋਸਤੋ! ਅੱਜ ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਗੁਰਚਰਨ ਰਾਮਪੁਰੀ ਸਾਹਿਬ ਦੀਆਂ ਉਹਨਾਂ ਦੀ 1972 ‘ਚ ਛਪੀ ਕਾਵਿ-ਪੁਸਤਕ ‘ਅੰਨ੍ਹੀ ਗਲ਼ੀ’ ‘ਚੋਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ ਤੁਹਾਡੇ ਨਾਲ਼ ਸਾਂਝੀਆਂ ਕਰਨ ਜਾ ਰਹੀ ਹਾਂ। ਆਸ ਹੈ ਪਸੰਦ ਕਰੋਗੇ। ਹਸਪਤਾਲ ‘ਚੋਂ ਵੀ ਉਹਨਾਂ ਨੇ ਫ਼ੋਨ ਕਰਕੇ ਮੇਰੀ ਸਦਾ ਹੌਸਲਾ-ਅਫ਼ਜ਼ਾਈ ਕੀਤੀ ਹੈ ਅਤੇ ਵਡਮੁੱਲੇ ਸੁਝਾਓ ਦਿੱਤੇ ਹਨ। ਅੱਜ ਇਹਨਾਂ ਨਜ਼ਮਾਂ ਨਾਲ਼ ਹੀ ਉਹਨਾਂ ਦੀ ਸਿਹਤਯਾਬੀ ਲਈ ਦੁਆ ਵੀ ਕਰਦੇ ਹਾਂ....ਆਮੀਨ!

ਅਦਬ ਸਹਿਤ

ਤਨਦੀਪ ਤਮੰਨਾ

*******

ਸੋਚ

ਨਜ਼ਮ

ਸੋਚ ਇੱਕ ਕਾਟੋ ਹੈ ਪਾਰੇ ਦੀ ਬਣੀ

ਜੋ ਹੁਣੇ ਧੁੱਪੇ ਜੜ੍ਹਾਂ ਦੇ ਕੋਲ਼ ਬੈਠੀ

ਨੀਝ ਲਾ ਆਲ਼ੇ-ਦੁਆਲ਼ੇ ਦੇਖਦੀ,

ਦੂਸਰੇ ਪਲ ਬਿਰਛ ਦੀ ਟੀਸੀ ‘ਤੇ ਹੈ

ਪਹੁੰਚ ਗਈ ਮਿੱਟੀ ਨੂੰ ਛੱਡ ਮਹਿਬੂਬ ਕੋਲ਼ੇ।

...........

ਸਮਾਂ ਆਪਣੀ ਤੋਰ ਤਿੱਖੀ ਯੁੱਗਾਂ ਤੋਂ ਤੁਰਦਾ ਰਿਹਾ

ਪਰ ਕਦੇ ਨਾ ਮੇਲ਼ ਸਕਿਆ ਪੈਰ ਆਪਣਾ ਸੋਚ ਨਾਲ਼।

ਰੂਪ ਨੂੰ ਚੜ੍ਹਦੀ ਜਵਾਨੀ ਨਵੀਂ ਨਿੱਤੇ

ਫਿਰ ਵੀ ਉਹ ਨਾ ਸੋਚ ਦੀ ਹਾਨਣ ਬਣੀ

ਇਹ ਤਾਂ ਮਾਇਆ ਹੈ ਸਦਾ ਅਸਥਿਰ ਰਹੇ।

...........

ਇਹ ਪੁਜਾਰੀ ਹੈ

ਜੋ ਤੀਰਥ ਦੇ ਸਫ਼ਰ ਵਿਚਕਾਰ ਹੀ

ਕਈ ਉਦਿਆਲਕ ਸਮਾਧੀ ਦੀ ਜ਼ੰਜੀਰ

ਉਮਰ ਭਰ ਘੜਦੇ ਰਹੇ

ਨੈਣ ਖੁੱਲ੍ਹਦੇ ਹੀ ਤ੍ਰਿਸ਼ਨਾ ਚੁੰਗੀਆਂ ਭਰਦੀ ਮਿਲ਼ੀ।

...........

ਢਾਲ਼ ਲਈਆਂ ਲੋਹ-ਸਲਾਖਾਂ ਤਾਂ ਅਟੁੱਟ ਹਰਨਾਕਸ਼ਾਂ

ਸਿਰਜ ਲਏ ਕਾਨੂੰਨ ਲੱਖ ਤਨ ਦੇ ਲਈ

ਪਰ ਕੋਈ ਬੇਝੀਤ ਪਿੰਜਰਾ

ਬਣ ਨਹੀਂ ਸਕਿਆ ਅਜੇ ਮਨ ਦੇ ਲਈ।

=====

ਕਿੱਲਾ

ਨਜ਼ਮ

ਮੈਂ ਅਪਣੇ ਵਾਕਿਫ਼ ਥਾਵਾਂ ‘ਤੇ ਹੀ ਮੁੜ ਮੁੜ ਕੇ ਨਿੱਤ ਜਾਂਦਾ ਹਾਂ

ਮੈਂ ਅਪਣੇ ਵਾਕਿਫ਼ ਲੋਕਾਂ ਨੂੰ ਹੀ ਮਿਲ਼ਦਾ ਹਾਂ

ਮੈਂ ਨਿੱਤਨੇਮੀ ਲੱਖਾਂ ਵਾਰੀ ਇੱਕੋ ਬਾਣੀ

ਪੜ੍ਹ ਬੈਠਾ ਹਾਂ, ਪਰ ਜਿਊਂਇਆਂ ਨਹੀਂ

ਇੱਕ ਵਿਸ਼ਵਾਸ ਸਦਾ ਲਈ ਕਾਫ਼ੀ!

............

ਮੈਂ ਜਦ ਜੰਗਲ਼ ਵੀ ਘੁੰਮਿਆਂ

ਕੋਈ ਡੰਡੀ ਪਾਈ

ਮੈਂ ਲੀਹਾਂ ਦਾ ਸਿਰਜਣਹਾਰਾ ਵੀ ਕ਼ੈਦੀ ਵੀ

ਕਿੱਲੇ ਨਾਲ਼ ਬੰਨ੍ਹਿਆਂ ਮੈਂ ‘ਮਹਿਫ਼ੂਜ਼’ ਬੜਾ ਹਾਂ।

=====

ਸੀਖ਼ਾਂ

ਨਜ਼ਮ

ਪੰਛੀ ਨੂੰ ਪਿੰਜਰੇ ਦੀ ਰੱਖਿਆ ਕਾਹਤੋਂ ਬਖ਼ਸ਼ੋ?

.........

ਅਪਣੇ ਵਿਹੜੇ ਦੀ ਨਿੰਮ ਉੱਤੇ

ਇਸ ਨੂੰ ਉੱਡਣ ਚਹਿਕਣ ਦੇਵੋ

ਇਹ ਭਗੌੜਾ ਨਹੀਂ ਹੋਵੇਗਾ

ਮੈਂ ਜ਼ਾਮਨ ਹਾਂ।

...............

ਜੇਕਰ ਇੱਕ ਸੁਰੀਲੀ ਕੋਇਲ

ਅਪਣੇ ਅੰਬ ਦੇ ਉੱਤੋਂ ਉੱਡ ਕੇ

ਗੁਆਂਢੀ ਚਮਨ ‘ਚ ਗਾ ਆਏਗੀ

ਕੁਝ ਰੂਹਾਂ ਚਹਿਕਾ ਆਏਗੀ।

ਓਸ ਚਮਨ ਦੀ ਕੋਈ ਬੁਲਬੁਲ

ਜੇ ਏਧਰ ਫੇਰਾ ਪਾਏਗੀ

ਦੋਵੇਂ ਵਿਹੜੇ ਗੀਤਾਂ ਨਾਲ਼ ਜਿਊਂ ਉੱਠਣਗੇ।

............

ਘੁੰਮਰ ਪਾਉਂਦੀ ਘੁੱਗੀ ਦੇ ਪੱਥਰ ਨਾ ਮਾਰੋ

ਸ਼ਿਬਲੀ ਦਾ ਤਾਂ ਫੁੱਲ ਵੀ ਚੁਭਦਾ।

Sunday, January 31, 2010

ਗੁਰਚਰਨ ਰਾਮਪੁਰੀ - 81ਵੇਂ ਜਨਮ ਦਿਨ 'ਤੇ ਵਿਸ਼ੇਸ਼ - ਦੋਹੇ

ਦੋਸਤੋ! ਕੋਕਿਟਲਮ, ਬੀ.ਸੀ. ਵਸਦੇ ਪ੍ਰਸਿੱਧ ਲੇਖਕ ਸਤਿਕਾਰਤ ਗੁਰਚਰਨ ਰਾਮਪੁਰੀ ਜੀ 81 ਵਰ੍ਹਿਆਂ ਦੇ ਹੋ ਗਏ ਹਨ। ਉਹਨਾਂ ਨੂੰ ਸਾਹਿਤ ਸਭਾ, ਪਿੰਡ ਰਾਮਪੁਰ ਦੇ ਮੋਢੀ ਮੈਂਬਰ ਹੋਣ ਦਾ ਮਾਣ ਹਾਸਲ ਹੈ। ਉਹਨਾਂ ਦੇ ਜਨਮ ਦਿਨ ‘ਤੇ ਆਰਸੀ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਾਂ। ਉਹ ਤਬੀਅਤ ਨਾਸਾਜ਼ ਹੋਣ ਕਰਕੇ ਕੁਝ ਚਿਰ ਤੋਂ ਹਸਪਤਾਲ ‘ਚ ਜ਼ੇਰੇ-ਇਲਾਜ ਨੇ, ਪਰ ਹੁਣ ਹੌਲ਼ੀ-ਹੌਲ਼ੀ ਉਹਨਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ।

-----

ਅੱਜ ਉਹਨਾਂ ਨੇ ਫ਼ੋਨ ਕਰਕੇ ਆਰਸੀ ਲਈ ਆਸ਼ੀਰਵਾਦ ਭੇਜਿਆ ਹੈ, ਮੈਂ ਰਾਮਪੁਰੀ ਸਾਹਿਬ ਦੀ ਤਹਿ-ਦਿਲੋਂ ਧੰਨਵਾਦੀ ਹਾਂ। ਅਸੀਂ ਆਰਸੀ ਪਰਿਵਾਰ ਵੱਲੋਂ ਉਹਨਾਂ ਦੀ ਸਿਹਤਯਾਬੀ ਲਈ ਦੁਆ ਕਰਦੇ ਹੋਏ, ਉਹਨਾਂ ਦੁਆਰਾ ਰਚਿਤ ਬੇਹੱਦ ਖ਼ੂਬਸੂਰਤ 18 ਦੋਹਿਆਂ ਨਾਲ਼ ਜਨਮ-ਦਿਨ ਦੀਆਂ ਮੁਬਾਰਕਾਂ ਦੇ ਰਹੇ ਹਾਂ....ਆਮੀਨ! ਅਠਾਰਾਂ ਦੋਹੇ ਹੀ ਕਿਉਂ, ਇਸਦਾ ਜਵਾਬ ਤੁਹਾਨੂੰ ਆਰਸੀ ਛਿਲਤਰਾਂ ਸਰਗੋਸ਼ੀਆਂ ‘ਤੇ ਮਿਲ਼ੇਗਾ, ਉੱਥੇ ਵੀ ਫੇਰੀ ਜ਼ਰੂਰ ਪਾਓ ਜੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*******

ਦੋਹੇ

ਅਣਵੰਡਿਆ ਬ੍ਰਹਿਮੰਡ ਹੈ ਧਰਤੀ ਲੀਕ ਨਾ ਮਾਰ।

ਪਹਿਲਾਂ ਰੱਖ ਦਰਵਾਜੜਾ ਜੇ ਪਾਵੇਂ ਦੀਵਾਰ।

=====

ਟੀਚੇ ‘ਤੇ ਪਹੁੰਚਣ ਲਈ ਭੀੜ ਸਦਾ ਨਾ ਭਾਲ਼।

ਚਾਰ ਸਿਆਣੇ ਬਹੁਤ ਨੇ ਬੈਠ ਉਨ੍ਹਾਂ ਦੇ ਨਾਲ਼।

=====

ਸੁਣ ਸਭ ਨੂੰ ਆਦਰ ਸਹਿਤ ਛਾਣ ਅਸੂਲ ਤੇ ਕੂੜ।

ਇੱਕੋ ਕਿੱਲੇ ਸਦਾ ਲਈ ਸੋਚ ਕਦੇ ਨਾ ਨੂੜ।

=====

ਸਦੀਆਂ ਸੁੱਤੇ ਕਣਾਂ ਨੂੰ ਇੱਕ ਪਲ ਦੇਂਦਾ ਛੇੜ।

ਕੋਮਲ ਤੂਈ ਰੇਸ਼ਮੀ ਪਰਬਤ ਪਈ ਤਰੇੜ।

=====

ਗਿਆਨੀ ਦਾਅਵੇ ਨਾ ਕਰੇ, ਗਿਆਨੀ ਸਦ ਨਿਰਮਾਣ।

ਮੈਂ ਸਭ ਕੁਝ ਹਾਂ ਜਾਣਦਾ ਕਹੇ ਸਿਰਫ਼ ਅਨਜਾਣ।

=====

ਗਿਆਨੀ ਸਰਲ ਸੁਣਾਉਂਦਾ, ਸਿੱਧੜ ਔਖੇ ਬੋਲ।

ਕਿਉਂ ਤਾਣੀ ਉਲ਼ਝਾ ਰਿਹਾ, ਸ਼ਬਦੀਂ ਗੰਢਾਂ ਖੋਲ੍ਹ।

=====

ਜਿਸ ਆਗੂ ਨੂੰ ਆਪ ਨਹੀਂ ਮੰਜ਼ਿਲ ਬਾਰੇ ਗਿਆਨ।

ਉਸ ਅੰਨ੍ਹੇ ਤੋਂ ਦੂਰ ਹੀ ਰਹਿੰਦੇ ਚਤਰ ਸੁਜਾਨ।

=====

ਕਥਨ ਪਰਾਈ ਰੌਸ਼ਨੀ ਥੋੜਾ ਸਕੀ ਸੁਆਰ।

ਰਾਹ ਉਦੋਂ ਹੀ ਲੱਭਿਆ ਜਦ ਰਿਦੇ ਪਈ ਲਿਸ਼ਕਾਰ।

=====

ਗੀਤ ਗਿਆਨ ਗ੍ਰੰਥ ਪੜ੍ਹ ਗੁੜ੍ਹ ਕੇ ਮੱਥਾ ਟੇਕ।

ਅੰਧ ਵਿਸ਼ਵਾਸੋਂ ਸੌ ਗੁਣਾ ਚੰਗਾ ਹਈ ਵਿਵੇਕ।

=====

ਅੰਤਕਰਨ ਜੋ ਬੋਲਦਾ ਉਸ ਤੇ ਜੋੜ ਧਿਆਨ।

ਪਿੱਛੋਂ ਪੜ੍ਹ ਕੀ ਆਖਦੇ ਵੇਦ ਗ੍ਰੰਥ ਕ਼ੁਰਾਨ।

=====

ਕਿੰਨਾ ਕੁੱਝ ਤੂੰ ਪੜ੍ਹ ਲਿਆ, ਹੈਂ ਡਾਢਾ ਗੁਣਵਾਨ।

ਅੰਦਰ ਝਾਤੀ ਮਾਰ ਹੁਣ ਹੋਵੇ ਅਸਲ ਗਿਆਨ।

=====

ਗਿਆਨ ਚੰਗੇਰਾ ਰਟਨ ਤੋਂ ਹੋਏ ਇਕਾਗਰ ਚਿੱਤ।

ਕਾਰਜ ਕਰ ਇੱਛਾ ਬਿਨਾਂ ਸ਼ਾਂਤ ਰਹੇਗਾ ਚਿੱਤ।

=====

ਜੇ ਵਰਤੋ ਖੁੰਢੀ ਹੋਈ ਕੈਂਚੀ ਕਰਦ ਕਟਾਰ।

ਵਰਤੋ, ਤਿੱਖੀ ਹੋਏਗੀ ਗਿਆਨ ਹੈ ਉਹ ਤਲਵਾਰ।

=====

ਸੋਚ ਸਿਆਣਪ ਜੋ ਕਹੇ ਧਰ ਤੂੰ ਉਸ ਤੇ ਕੰਨ।

ਭੀੜ ਜੋ ਉੱਚੀ ਬੋਲਦੀ, ਛਾਣ ਪਰਖ ਹੀ ਮੰਨ।

=====

ਤਿਣਕੇ ਸਾਂਭ ਗਿਆਨ ਦੇ ਕਰ ਝੋਲ਼ੀ ਭਰਪੂਰ।

ਚਮਕੇ ਤੇਰੇ ਆਲ੍ਹਣੇ ਮੱਸਿਆ ਨੂੰ ਵੀ ਨੂਰ।

=====

ਸੂਰਜ ਡੁੱਬੇ ਸ਼ਾਮ ਨੂੰ ਚੜ੍ਹਨ ਸਿਤਾਰੇ ਚੰਦ।

ਨੂਰ ਗਿਆਨ ਦਾ ਸਿਮਰ ਤੂੰ ਅਮਲ ‘ਚ ਹੈ ਆਨੰਦ।

=====

ਦਾਅਵਾ ਹੈ ਪੈਗ਼ਾਮ ਦਾ, ਗ਼ਰਜ਼ ਬਣੀ ਇਲਹਾਮ।

ਘੜ ਕੇ ਆਪ ਕਹਾਣੀਆਂ, ਬਣਿਆ ਫਿਰੇ ਇਮਾਮ।

=====

ਧੂਤੂ-ਬਾਂਗਾਂ ਸੈਂਕੜੇ, ਦੇਖ ਧਰਮ ਦੇ ਟ੍ਹੌਰ।

ਰੌਲ਼ੇ ਦੇ ਹੜ੍ਹ ਡੁੱਬਿਆ, ਮੇਰਾ ਸ਼ਹਿਰ ਲਹੌਰ।

Saturday, October 24, 2009

ਗੁਰਚਰਨ ਰਾਮਪੁਰੀ - ਦੋਹੇ

ਦੋਹੇ

ਮੰਨ ਮੁਹੰਮਦ ਮਾਰਕਸ ਮੂਸਾ ਮਾਉ ਪੀਰ,

ਛੇਕ ਨਾ ਆਪਣੇ ਹਿਰਦਿਓਂ ਨਾਨਕ, ਬੁੱਧ, ਕਬੀਰ।

------

ਬੇਸੁਰ ਭੌਂਦੀ ਭੀੜ ਹੈ, ਵਿਰਲੇ ਬਣਦੇ ਮੀਤ,

ਜੀਵਨ ਸੋਝੀ ਆਉਂਣ ਤੱਕ ਜੀਵਨ ਜਾਂਦਾ ਬੀਤ।

------

ਬਿਨ ਮਾਣੇ ਹੀ ਰਹਿ ਗਏ ਰੂਪ ਰਾਗਣੀ ਜਾਮ,

ਕਿਰਸਾਂ ਕਰਦੇ ਪਾ ਲਈ ਮੈਂ ਉਮਰਾ ਤੇ ਸ਼ਾਮ।

-----

ਨਾ ਗਲ਼ੀਆਂ, ਨਾ ਡੰਡੀਆਂ, ਥਲ ਇੱਕ ਪੰਧ ਅਨੰਤ,

ਭਟਕੇ ਸੱਸੀ ਬੌਂਦਲ਼ੀ ਖੋਇਆ ਜਿਸਦਾ ਕੰਤ।

------

ਸਾਹ ਮੁੱਕੇ ਦੇਹ ਖ਼ਾਕ ਹੈ, ਕੀਹਦੀ ਕਰਦੈਂ ਭਾਲ਼,

ਇੱਕੋ ਜਿਹੀਆਂ ਢੇਰੀਆਂ, ਕਿਧਰੇ ਦੀਵਾ ਬਾਲ਼।

-----

ਸਾਹ ਮੁੱਕੇ ਦੇਸ ਖ਼ਾਕ ਹੈ, ਢੇਰੀ ਢੇਰੀ ਲਾਸ਼,

ਮਿੱਟੀ ਸੱਭੇ ਢੇਰੀਆਂ, ਕੀਹਦੀ ਕਰੇਂ ਤਲਾਸ਼।

-----

ਨੀਂਦਰ ਚਿੰਤਾ ਸੌਂਕਣਾਂ, ਇੱਕ ਆਏ ਇੱਕ ਜਾਏ,

ਇੱਕ ਤਨ ਮਨ ਹਰਿਆ ਕਰੇ ਦੂਜੀ ਲਹੂ ਸੁਕਾਏ।

-----

ਕਾਹਲ਼ੀ ਨਾਮ ਏ ਕਾਲ਼ ਦਾ, ਜੀ ਨਾ ਵਾਂਗ ਕਮਾਨ,

ਗਿਣਵੇਂ ਮਣਕੇ ਕੋਲ਼ ਨੇ ਮਾਲ਼ਾ ਕਰ ਲੈ ਜਾਨ।

-----

ਲੰਮੀ ਉਮਰ ਅਰੋਗ ਦੇਹ ਵਿਰਸਾ ਨਾ ਤਕ਼ਦੀਰ,

ਪੈਂਦੀ ਆਪ ਕਮਾਵਣੀ, ਮੇਹਨਤ ਕਰ ਤਦਬੀਰ।

-----

ਲੰਮੀ ਰਾਤ ਉਨੀਂਦਰਾ, ਸੋਚਾਂ ਹਾਵੇ ਆਹ,

ਸੁਪਨੇ ਮੇਰੇ ਸੌਣ ਦਾ ਬਣਦੇ ਹੈਨ ਗਵਾਹ।

Thursday, August 13, 2009

ਗੁਰਚਰਨ ਰਾਮਪੁਰੀ - ਦੋਹੇ

ਦੋਹੇ

ਸਾਹ ਬੀਤੇ ਸੱਜਣ ਗਏ, ਪਰਛਾਵੇਂ ਭਰਮੌਣ,

ਮੇਰੇ ਮਨ ਦੀਆਂ ਉਲ਼ਝਣਾਂ ਸੁਪਨੇ ਬਣ ਬਣ ਔਣ।

----

ਜੀਵਨ ਦੇ ਰੰਗਮੰਚ ਤੇ ਲੋਕ ਨਿਰੰਤਰ ਗੌਣ,

ਜਦੋਂ ਤੀਕ ਸਾਹ ਜਾਗਦੇ, ਦੇਹ ਨਾ ਸੁਪਨਾ ਸੌਣ।

----

ਬੜਾ ਤਨਾਅ ਹੈ ਇਸ ਘਰੇ, ਡਰ ਗ਼ੁੱਸਾ ਤਕਰਾਰ।

ਹਉਮੈਂ ਗ਼ਰਕ ਗੁਆ ਰਹੇ, ਜੀਵਨ ਦੇ ਦਿਨ ਚਾਰ।

----

ਮਨ ਤਣਿਆ, ਤਨ ਤੁਰ ਰਿਹਾ, ਖ਼ੁਸ਼ੀਓਂ ਖ਼ਾਲੀ ਜਾਮ,

ਰੋਜ਼ ਪਿਆਲੇ ਛਲਕਦੇ ਡੁੱਬ ਜਾਂਦੀ ਹੈ ਸ਼ਾਮ।

----

ਡਰਦਾ ਡਰਦਾ ਜੀ ਰਿਹਾ, ਇਹ ਘਰ ਟੁੱਟ ਨਾ ਜਾਏ,

ਜੀਵਨ ਦੇ ਪਲ ਕੀਮਤੀ ਦੁਬਿਧਾ ਵਿਚ ਗੁਆਏ।

----

ਨਾਂਹ ਕੀਤੀ ਮਹਿਬੂਬ ਨੂੰ, ਕੀਤਾ ਮਹਾਂ-ਫ਼ਰੇਬ,

ਨਰਕ ਹੰਢਾਇਆ ਉਮਰ ਭਰ, ਖ਼ੁਸ਼ੀਓਂ ਖ਼ਾਲੀ ਜੇਬ।

----

ਜਿਹੜੀ ਟਹਿਣੀ ਕਟ ਗਈ ਉਸਦਾ ਗ਼ਮ ਨਾ ਪਾਲ਼,

ਰਿਸਦਾ ਮੋਹ ਦਾ ਬੂਟੜਾ, ਉਸਦੀ ਕਰ ਸੰਭਾਲ਼।

----

ਵਸਲ ਆਨੰਦ ਬਹਿਸ਼ਤ ਲਈ ਸਦਾ ਸਮੇਂ ਦੀ ਥੋੜ੍ਹ,

ਗਲਵੱਕੜੀ ਦੀ ਕ਼ੈਦ ‘ਚੋਂ ਮੁਕਤੀ ਦੀ ਕੀ ਲੋੜ।

----

ਜੇ ਤੂੰ ਮਿੱਤਰ ਲੋਚਦੈਂ, ਮੈਂ ਤੋਂ ਗੱਲ ਨਾ ਤੋਰ,

ਨਹੀਂ ਤਾਂ ਮਿਲ਼ਣੀ ਮਰੇਗੀ ‘ਤੂੰ ਤੂੰ ਮੈਂ ਮੈਂ’ ਸ਼ੋਰ।

----

ਰਚਦਾ ਪ੍ਰੇਮ ਕਹਾਣੀਆਂ, ਅਮਲ ਓਸਦੇ ਹੋਰ,

ਰਾਂਝੇ ਨਾਲ਼ ਉਹ ਆਪਣੀ ਧੀ ਨਾ ਸਕਿਆ ਤੋਰ।


Wednesday, April 22, 2009

ਗੁਰਚਰਨ ਰਾਮਪੁਰੀ - ਦੋਹੇ

ਦੋਹੇ

ਸ਼ਾਹ ਪੁੱਛਿਆ: ‘ਦਰਵੇਸ਼ ਕਿਉਂ ਕੁੱਤਾ ਦਰੇ ਬਹਾਏ?’

ਸਰਮਦ ਬੋਲੇ: ‘ਮਹਿਲ ਦੇ ਕੁੱਤਿਓਂ ਏਹੋ ਬਚਾਏ ।’

====

ਸੁਰ ਦਾ ਵੈਰੀ ਬੇਸੁਰਾ, ਬੇਸਿਰ, ਬੇਈਮਾਨ,

ਪਾਬੰਦੀ ਸੰਗੀਤ ਤੇ ਪੜ੍ਹਦਾ ਰਹੇ ਕੁਰਾਨ।

====

ਤਸਬੀ ਫੇਰੇ ਬਾਦਸ਼ਾਹ ਦਿਸਣ ਲਈ ਦਰਵੇਸ਼,

ਨੈਣ ਪਰੋਸ ਭਰਾ ਦੇ ਪਿਉ ਨੂੰ ਕੀਤੇ ਪੇਸ਼।

====

ਕੈਦ ‘ਚ ਅੱਬਾ ਤੜਪਦਾ ਪਿਆਸਾ ਤੇ ਦਿਲਗੀਰ,

ਲਾਏ ਛਬੀਲਾਂ ਬਾਦਸ਼ਾਹ ਰਾਜ਼ੀ ਕਰਦਾ ਪੀਰ।

====

ਕ਼ੈਦ ਪਿਤਾ ਕਬਰੀਂ ਭਰਾ ਬਣਿਆ ਆਲਮਗੀਰ,

ਪਾਪੀ ਬੋਲੇ ਆਇਤਾਂ, ਗੁੰਗਾ ਹੋਇਆ ਸ਼ੀਰ।


Saturday, March 14, 2009

ਗੁਰਚਰਨ ਰਾਮਪੁਰੀ - ਗ਼ਜ਼ਲ

ਗ਼ਜ਼ਲ

ਇਸ਼ਕ ਠੋਕਰ ਤੇ ਮੁਸਕਰੌਂਦਾ ਹੈ।

ਤਾਰਾ ਟੁੱਟਦਾ ਵੀ ਜਗਮਗੌਂਦਾ ਹੈ।

----

ਯੁੱਗ ਇੱਕ ਦਰਦ ਨੂੰ ਸੁਲੌਂਦਾ ਹੈ।

ਅਗਲਾ ਪਲ ਦਰਦ ਸੌ ਜਗੌਂਦਾ ਹੈ।

----

ਹਿਜਰ ਦੀ ਰਾਤ ਨੀਂਦ ਕਦ ਔਂਦੀ

ਵਸਲ ਦੀ ਰਾਤ ਕੌਣ ਸੌਂਦਾ ਹੈ।

----

ਤੇਰਾ ਗ਼ਮ ਹੀ ਨਿਭਾਏ ਸਾਥ ਮਿਰਾ

ਕੌਣ ਦੁੱਖਾਂ ‘ਚ ਕੋਲ਼ ਆਉਂਦਾ ਹੈ।

----

ਮੋਰ ਨੱਚਦੇ ਵੀ ਰੋਈ ਜਾਂਦੇ ਨੇ

ਹੰਸ ਮਰਦੇ ਸਮੇਂ ਵੀ ਗੌਂਦਾ ਹੈ।

----

ਹੁਸਨ ਵੀ ਭਟਕਦਾ ਹੈ ਇਸ਼ਕ ਲਈ

ਚੰਨ ਧਰਤੀ ਦੁਆਲ਼ੇ ਭੌਂਦਾ ਹੈ।

----

ਜਗਤ ਇੱਕ ਸੋਚ ਵਿੱਚ ਸਮਾ ਜਾਵੇ

ਚੰਨ ਸ਼ਬਨਮ ‘ਚ ਉਤਰ ਔਂਦਾ ਹੈ।


Wednesday, February 11, 2009

ਗੁਰਚਰਨ ਰਾਮਪੁਰੀ - ਨਜ਼ਮ

ਇਸ ਘਰ ਨੂੰ ਮੁੜ ਸੋਚਣ ਲਾਓ...

ਨਜ਼ਮ

ਇਸ ਘਰ ਵਿੱਚ ਕਿੰਨਾ ਰੌਲ਼ਾ ਹੈ।

...............................

ਸੋਚ ਸੌਂ ਰਹੀ ਗੁੱਸਾ ਜਾਗੇ

ਹਰ ਕੋਈ ਉੱਚੀ ਬੋਲ ਰਿਹਾ ਹੈ

ਪਰ ਕੋਈ ਨਾ ਸੁਣਦਾ।

............................

ਇਸ ਘਰ ਨੂੰ ਮੁੜ ਸੋਚਣ ਲਾਓ

ਇਸਨੂੰ ਚੁੱਪ ਦੀ ਜਾਚ ਸਿਖਾਓ।

ਇਸ ਨੂੰ ਆਖੋ: ਫੇਰ ਸਮਾਧੀ ਲੱਭੇ ਲਾਵੇ

ਤਾਜ ਤਖ਼ਤ ਗੱਦੀ ਠੁਕਰਾਵੇ

ਸੱਚ ਕੀਰਤੀ ਮੁੜ ਕੇ ਗਾਵੇ।

ਅੱਖ ਤੀਸਰੀ ਅਪਣੀ ਖੋਲ੍ਹੇ

ਝਾਤ ਆਪਣੇ ਅੰਦਰ ਪਾਵੇ

ਸ਼ਬਦੀ ਸਾਗਰ ਹੇਠੋਂ ਮੋਤੀ ਲੱਭ ਲਿਆਵੇ।

...............................

ਜਦ ਇਸ ਘਰ ਨੂੰ ਲਗਰਾਂ ਨਾਲ਼

ਕਲੋਲਾਂ ਕਰਦੀ ‘ਵਾ ਦੀ ਬਾਤ ਸੁਣੇਗੀ

ਫਿਰ ਜੀਵਨ ਦੇ ਬਾਗ਼ ‘ਚ ਮੁੜ ਕੇ ਫੁੱਲ ਖਿੜਨਗੇ

ਬੇਦੋਸ਼ੀ ਰੱਤ ਦੀ ਕਲਜੋਗਣ ਰੁੱਤ ਵੀ ਲੰਘ ਜਾਏਗੀ।


Monday, January 26, 2009

ਗੁਰਚਰਨ ਰਾਮਪੁਰੀ - ਨਜ਼ਮ

ਇਕੱਲ

ਨਜ਼ਮ

ਤਿਰੀ ਤਸਵੀਰ 'ਤੇ ਚਾਨਣ ਸਵੇਰੇ ਦਾ

ਉਦਾਸੀ ਦੇ ਗਿਆ ਡੂੰਘੀ

ਮਿਰੀ ਉਮਰਾ ਦੀ ਆਥਣ ਨੂੰ।

.............................

ਤਿਰੇ ਤੁਰ ਜਾਣ ਦਾ ਦੁੱਖ

ਚੀਸ ਬਣਕੇ ਫੇਰ ਉੱਠਿਆ ਹੈ।

..............................

ਇਕੱਲ ਦੇ ਮਹਾਂਸਾਗਰ ਵਿਚ

ਡੁੱਬਣਾ ਹੀ

ਮਿਰੀ ਤਕ਼ਦੀਰ ਹੈ ਸ਼ਾਇਦ!

Tuesday, January 20, 2009

ਗੁਰਚਰਨ ਰਾਮਪੁਰੀ - ਨਜ਼ਮ

ਨੀਂਦ ਦੀ ਗੱਲ ਕੁੜੀ ਵਰਗੀ ਹੈ।

ਜਦ ਬੁਲਾਓ ਤਾਂ ਕੋਲ਼ ਨਾ ਆਵੇ

ਜਦੋਂ ਤੋਰੋ ਤਾਂ ਅਪਣੀਆਂ ਤਲ਼ੀਆਂ

ਦੋਹਾਂ ਅੱਖਾਂ ਤੇ ਰੱਖ ਦੇਂਦੀ ਹੈ।

.........................................

ਜਦੋਂ ਆਵੇ ਤਾਂ ਸੁਪਨਿਆਂ ਅੰਦਰ

ਦਿਲ ਦੀ ਦੁਨੀਆਂ ਨੂੰ ਡੋਬ ਦੇਂਦੀ ਹੈ।

.........................................

ਜਦੋਂ ਪਰ ਆਉਂਦਿਆਂ ਹੀ ਮੁੜ ਜਾਵੇ

ਕੀਚਰਾਂ ਤੇਜ਼ ਕੱਚ ਸੱਚ ਦੀਆਂ

ਸਾਰੀ ਕਾਇਆ ‘ਚ ਛੋੜ ਜਾਂਦੀ ਹੈ

ਹੱਥ ਅਪਣੇ ਵੀ ਮਲ਼ ਨਹੀਂ ਸਕਦੇ।

Sunday, December 28, 2008

ਗੁਰਚਰਨ ਰਾਮਪੁਰੀ - ਦੋਹੇ

ਦੋਹੇ

ਪੰਛੀ ਦੇ ਪੈਰੀਂ ਪਈ ਚੋਗੇ ਦੀ ਜ਼ੰਜੀਰ

ਕੂੰਜਾਂ ਪਹੁੰਚਣ ਦੱਖਣੇ, ਲੰਮੀਆਂ ਵਾਟਾਂ ਚੀਰ।

----

ਸਾਥ ਸਨੇਹੀ ਭਾਲ਼ਦੈਂ, ਸਹਿਜੇ ਚੇਤਨ ਚੱਲ

ਸਭ ਤੋਂ ਤਿੱਖਾ ਨੱਸਦਾ ਭੋਗੇ ਸਦਾ ਇਕੱਲ।

----

ਭੋਲ਼ੇ ਭਾਅ ਸੀ ਵਣਜਿਆ ਹੱਟੀ ਵਾਲ਼ਾ ਯਾਰ

ਲੁੱਟੇ-ਪੁੱਟੇ ਭਟਕਦੇ, ਅਸੀਂ ਕੰਗਾਲਾਂ ਹਾਰ।

----

ਝੂਠੇ ਫ਼ਤਵੇ ਵੇਚਦੈਂ, ਬਣਦੈਂ ਰੱਬ ਦਾ ਨੈਬ

ਗਿਣ ਔਗੁਣ ਅਪਣੇ ਪੁਣੀਂ ਫੇਰ ਕਿਸੇ ਦੇ ਐਬ।

----

ਸਿਰ ਨਾ ਕੱਟ, ਦਲੀਲ ਕੱਟ, ਤਰਕ ਨਾਲ਼ ਕਰ ਗੱਲ,

ਗੁਰੂ ਨਾਨਕ ਦੇ ਰਾਹ ਤੇ ਗੋਸ਼ਟਿ ਕਰਦਾ ਚੱਲ।

Thursday, December 18, 2008

ਗੁਰਚਰਨ ਰਾਮਪੁਰੀ - ਗ਼ਜ਼ਲ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਆਰਸੀ ਦੇ ਸਾਹਿਤਕ ਵਿਹੜੇ ‘ਚ ਚੰਨ ਚੜ੍ਹ ਆਇਆ ਹੈ ਕਿਉਂਕਿ ਇੱਕ ਫੋਨ ਕਾਲ ਦਾ ਮਾਣ ਰੱਖਦਿਆਂ ਉੱਘੇ ਲੇਖਕ ਸਤਿਕਾਰਤ ਗੁਰਚਰਨ ਰਾਮਪੁਰੀ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਰਚਨਾਵਾਂ ‘ਆਰਸੀ’ ਲਈ ਭੇਜੀਆਂ ਹਨ। ਉਹਨਾਂ ਦੀਆਂ ਖ਼ੁਬਸੂਰਤ ਨਜ਼ਮਾਂ ਤੇ ਗ਼ਜ਼ਲਾਂ ਪੰਜਾਬੀ ਦੇ ਸਿਰਮੌਰ ਅਖ਼ਬਾਰਾਂ, ਰਸਾਲਿਆਂ ਤੇ ਵੈੱਬ-ਸਾਈਟਾਂ ਤੇ ਆਪਾਂ ਪੜ੍ਹਦੇ ਹੀ ਰਹਿੰਦੇ ਹਾਂ। ਲੁਧਿਆਣਾ ਜ਼ਿਲੇ ਦੇ ਪਿੰਡ ਰਾਮਪੁਰ ( ਲੇਖਕਾਂ ਦੇ ਪਿੰਡ ਦੇ ਨਾਮ ਨਾਲ਼ ਮਸ਼ਹੂਰ) ‘ਚ ਜਨਵਰੀ 23, 1929 ਨੂੰ ਜਨਮੇ ਰਾਮਪੁਰੀ ਸਾਹਿਬ 1944 ਤੋਂ ਲਿਖਦੇ ਆ ਰਹੇ ਨੇ ਤੇ 1964 ਤੋਂ ਕੈਨੇਡਾ ‘ਚ ਨਿਵਾਸ ਕਰ ਰਹੇ ਹਨ।

ਉਹਨਾਂ ਦੁਆਰਾ ਰਚਿਤ ਪੁਸਤਕਾਂ ‘ਚ : ਕਣਕਾਂ ਦੀ ਖ਼ੁਸ਼ਬੋ ( ਤਿੰਨ ਐਡੀਸ਼ਨ: 1953,1957,1997), ਕੌਲ ਕਰਾਰ ( ਦੋ ਐਡੀਸ਼ਨ: 1960, 1996), ਕਿਰਨਾਂ ਦਾ ਆਲ੍ਹਣਾ (ਦੋ ਐਡੀਸ਼ਨ: 1963, 1996), ਅੰਨ੍ਹੀ ਗਲ਼ੀ ( ਦੋ ਐਡੀਸ਼ਨ: 1972, 1997), ਕੰਚਨੀ, ਕ਼ਤਲਗਾਹ ( ਦੋ ਐਡੀਸ਼ਨ: 1985, 1996), ਅਗਨਾਰ ( ਦੋ ਐਡੀਸ਼ਨ: 1993, 1996), ਅੱਜ ਤੋਂ ਆਰੰਭ ਤੱਕ ( 2001), ਦੋਹਾਵਲੀ (2004), ਨਦੀ ਨਾਦ ( ਦੋ ਆਡਿਓ ਸੀ.ਡੀਜ਼ 2005), ਸਾਂਝਾ ਆਸਮਾਨ ( ਲਾਹੌਰ ਤੋਂ ਉਰਦੂ ‘ਚ), ਪਾਰੇ ਕਾ ਨਗਰ ( ਹਿੰਦੀ ‘ਚ) ਸ਼ਾਮਲ ਹਨ। । ਉਹਨਾਂ ਦੀਆਂ ਲਿਖਤਾਂ ਦਾ ਰੂਸੀ ਤੇ ਅੰਗਰੇਜ਼ੀ ਭਾਸ਼ਾ ‘ਚ ਵੀ ਅਨੁਵਾਦ ਹੋ ਚੁੱਕਿਆ ਹੈ।

ਸਾਹਿਤਕ ਤੌਰ ਤੇ ਸਰਗਰਮ ਰਾਮਪੁਰੀ ਸਾਹਿਬ ਬਹੁਤ ਸਾਹਿਤ ਸਭਾਵਾਂ ਨਾਲ਼ ਸਬੰਧਿਤ ਰਹੇ ਹਨ ਤੇ ਅਨੇਕਾਂ ਇਨਾਮਾਂ, ਐਵਾਰਡਾਂ ਨਾਲ਼ ਸਨਮਾਨੇ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ : ਪੰਜਾਬੀ ਲਿਖਾਰੀ ਸਭਾ ਰਾਮਪੁਰ, ਪੰਜਾਬੀ ਸਾਹਿਤ ਅਕੈਡਮੀ ਚੰਡੀਗੜ੍ਹ, ਪੰਜਾਬੀ ਭਾਸ਼ਾ ਵਿਭਾਗ ਪਟਿਆਲਾ, ਨੰਦ ਲਾਲ ਨੂਰਪੁਰੀ ਐਵਾਰਡ ਅਮਰੀਕਾ, ਸ਼ਾਈਂ ਬੁੱਲੇ ਸ਼ਾਹ ਐਵਾਰਡ ਡੈਨਮਾਰਕ, ਪੰਜਾਬੀ ਲੇਖਕ ਮੰਚ ਵੈਨਕੂਵਰ, ਪੰਜਾਬੀ ਲਿਖਾਰੀ ਸਭਾ ਕੈਲਗਰੀ ਜ਼ਿਕਰਯੋਗ ਹਨ।

ਕੱਲ੍ਹ ਫੋਨ ਤੇ ਉਹਨਾਂ ਆਰਸੀ ਲਈ ਇੱਛਾਵਾਂ ਭੇਜੀਆਂ ਨੇ ਤੇ ਬਹੁਤ ਹੌਸਲਾ-ਅਫ਼ਜ਼ਾਈ ਕੀਤੀ ਹੈ, ਮੈਂ ਰਾਮਪੁਰੀ ਸਾਹਿਬ ਦੀ ਤਹਿ-ਦਿਲੋਂ ਮਸ਼ਕੂਰ ਹਾਂ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ਨੂੰ ਆਪਣੀ ਹਾਜ਼ਰੀ ਨਾਲ਼ ਭਾਗ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਸਲਾਮ ਕਰਦੀ, ਭੇਜੀਆਂ ਰਚਨਾਵਾਂ ‘ਚੋਂ ਇੱਕ ਗ਼ਜ਼ਲ ਤੇ ਇੱਕ ਨਜ਼ਮ ਨੂੰ ‘ਆਰਸੀ’ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਕੀ ਆਰਸੀ ਦੇ ਖ਼ਜ਼ਾਨੇ 'ਚ ਸਾਂਭ ਲਈਆਂ ਗਈਆਂ ਹਨ ਤੇ ਆਉਂਣ ਵਾਲ਼ੇ ਦਿਨਾਂ 'ਚ ਸਾਂਝੀਆਂ ਕੀਤੀਆਂ ਜਾਣਗੀਆਂ...ਸ਼ੁਕਰੀਆ!

ਦੋਸਤੋ! ਇਹ ਗ਼ਜ਼ਲ ਮੈਂ ਬਚਪਨ ਤੋਂ ਸਤਿਕਾਰਤ ਜਗਜੀਤ ਸਿੰਘ ਜ਼ੀਰਵੀ ਜੀ ਦੀ ਆਵਾਜ਼ ‘ਚ (ਰਿਕਾਰਡਡ) ਸੁਣਦੀ ਆਈ ਹਾਂ, ਤੇ ਮੇਰੀਆ ਮਨ-ਪਸੰਦੀਦਾ ਗ਼ਜ਼ਲਾਂ ‘ਚੋਂ ਇੱਕ ਹੈ। ਕੱਲ੍ਹ ਮੇਲ ‘ਚ ਆਈ ਇਹ ਗ਼ਜ਼ਲ ਦੇਖ ਕੇ ਅੱਖਾਂ ਭਰ ਆਈਆਂ!

ਗ਼ਜ਼ਲ

ਰਾਹ ਤੇਰੇ ਨੇ ਪੈਰ ਮੇਰੇ ਨੇ।

ਹਿਜਰ ਦੇ ਥਲ ਜਨੂੰ ਦੇ ਜੇਰੇ ਨੇ।

----

ਰੂਪ ਤੇਰਾ ਹੈ ਮਹਿਕਦੀ ਪੁੰਨਿਆ

ਮੇਰੇ ਅੰਬਰ ਤਾਂ ਪਰ ਹਨ੍ਹੇਰੇ ਨੇ।

----

ਜਿਹੜੀ ਮੱਸਿਆ ਅਸਾਂ ਨੇ ਮਿਲ਼ਣਾ ਹੈ

ਉਹਦੇ ਪੈਰਾਂ ਤਲੇ ਸਵੇਰੇ ਨੇ।

----

ਇਕ ਤਿਰੀ ਨਾਂਹ ਤੇ ਉਮਰ ਜ਼ਖ਼ਮੀ ਹੈ

ਗ਼ਮ ਦੇ ਸਾਏ ਗ਼ਮੋਂ ਲੰਮੇਰੇ ਨੇ।

----

ਜ਼ੁਲਮ ਦੇ ਝੱਖੜਾਂ ‘ਚ ਅਣਖਾਂ ਨੂੰ

ਸਿਦਕ ਦੇ ਸਾਥ ਹੀ ਬਥੇਰੇ ਨੇ।

----

ਹੰਸ ਦਿਲ ਦੇ ਨੂੰ ਚੋਗ ਪਾਵਣ ਲਈ

ਕਿੰਨੇ ਹੰਝੂ ਯੁਗਾਂ ਨੇ ਕੇਰੇ ਨੇ।

==========

ਰਾਮਪੁਰ

ਨਜ਼ਮ

ਪਿੰਡ ਮਿਰੇ

ਕਵਿਤਾ ਜੰਮਦੀ ਹੈ

ਮਹਿਕ, ਮੁਸਕਣੀ, ਮਿੱਟੀ ਦਾ ਮੋਹ,

ਮਿਹਨਤ, ਮੁੜ੍ਹਕਾ

ਰੂਪ, ਰੰਗ, ਕਣਕਾਂ ਤੇ ਕੁੜੀਆਂ

ਚਹਿਕ, ਚਾਨਣੀ

ਅੱਥਰੂ ਵਿਚ

ਆਕਾਸ਼ ਉੱਤਰਿਆ

ਕੰਢਿਆਂ ਦੇ ਲੰਗਾਰਾਂ ਵਿਚ

ਵਹਿਣਾਂ ਦੀ ਚਾਂਦੀ

ਅੱਗ, ਨਿੱਘ, ਰੋਸੇ ਦੀ ਠੰਡਕ

ਬੇ-ਦਲੀਲ ਵਿਸ਼ਵਾਸ ਅਨੇਕਾਂ।

ਬੇ-ਮਿਸਾਲ ਇਹ ਪਿੰਡ

ਧਰਤ ਦੇ ਹਰ ਪਿੰਡ ਵਾਂਗੂੰ

ਯੁੱਗਾਂ ਰਹੀ ਉਡੀਕ

ਇਹਨੂੰ ਵੀ ਕਿਸੇ ਕਲਮ ਦੀ।

ਪਰਸ ਅਨੇਕਾਂ ਕਲਮਾਂ ਵੀ

ਕਦ ਭੁੱਖਾਂ ਮਰੀਆਂ?

ਮੋਹ ਦੀ ਤ੍ਰਿਪਤੀ

ਕਦੋਂ ਹੋਈ ਹੈ?

ਇੱਕ ਨੋਕ ਤੇ...

ਸਾਰੀ ਸੁੰਦਰਤਾ

ਕਦ ਮਿਟ ਸਕੀ ਹੈ?