ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਹਰਜੀਤ ਦੌਧਰੀਆ. Show all posts
Showing posts with label ਹਰਜੀਤ ਦੌਧਰੀਆ. Show all posts

Friday, June 18, 2010

ਹਰਜੀਤ ਦੌਧਰੀਆ - ਨਜ਼ਮ

ਦੋਸਤੋ! ! ਸਰੀ ਕੈਨੇਡਾ ਵਸਦੇ ਲੇਖਕ ਹਰਜੀਤ ਦੌਧਰੀਆ ਜੀ ਨੇ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਕਾਵਿ-ਸੰਗ੍ਰਹਿ ‘ਤੁੰਮਿਆਂ ਵਾਲ਼ੀ ਜਮੈਣ’ ਆਰਸੀ ਦੀ ਲਾਇਬ੍ਰੇਰੀ ਲਈ ਮੈਨੂੰ ਪਿਛਲੇ ਐਤਵਾਰ ਸਰੀ ‘ਚ ਹੋਏ ਸਾਹਿਤਕ ਸਮਾਗਮ ਦੌਰਾਨ ਦਿੱਤਾ ਸੀ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ ਸੰਪਰਕ ਪੈਦਾ ਕਰ ਸਕਦੇ ਹੋ।

-----

ਦੌਧਰੀਆ ਸਾਹਿਬ ਨੂੰ ਇਸ ਕਾਵਿ-ਸੰਗ੍ਰਹਿ ਦੀ ਪ੍ਰਕਾਸ਼ਨਾ ‘ਤੇ ਆਰਸੀ ਪਰਿਵਾਰ ਵੱਲੋਂ ਦਿਲੀ ਮੁਬਾਰਕਬਾਦ ਪੇਸ਼ ਕਰਦੀ ਹੋਈ, ਅੱਜ ਏਸੇ ਕਿਤਾਬ ਵਿਚੋਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ‘ਚ ਸ਼ਾਮਿਲ ਕਰ ਰਹੀ ਹਾਂ। ਬਾਕੀ ਰਚਨਾਵਾਂ ਆਉਣ ਵਾਲ਼ੇ ਦਿਨਾਂ ‘ਚ ਸਾਂਝੀਆਂ ਕਰਦੇ ਰਹਾਂਗੇ। ਦੌਧਰੀਆ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਪਹਿਲਾਂ

ਨਜ਼ਮ

ਪਹਿਲਾਂ

ਮੇਰੇ ਨਹੁੰਆਂ ‘ਚ

ਜੰਮਣ ਭੋਂ ਦੀ ਮਿੱਟੀ ਪਈ

ਮੈਂ...

ਨਹੁੰ ਕੁਤਰ ਲਏ

ਫੇਰ ਪ੍ਰਵਾਸ ਦੀ ਮਿੱਟੀ ਰਲ਼ੀ

ਮੈਂ....

ਨਹੁੰ ਕਟਵਾਏ

............

ਹੁਣ

ਮੇਰੇ ਨਹੁੰਆਂ ‘ਚ

ਪ੍ਰਵਾਸ-ਆਵਾਸ ਦੀ ਮਿੱਟੀ ਜੰਮੀ ਹੋਈ ਹੈ

ਮੈਂ....

ਨਹੁੰ ਟੁੱਕਦਾ ਹਾਂ

ਅਕਸਰ ਮਿੱਟੀ ਫ਼ਰੋਲ਼ਦਾ ਹਾਂ

ਤੇ ਮਿੱਟੀ ਰੋਲ਼ਦਾ ਹਾਂ

ਮਿੱਟੀ ਦੀਆਂ ਭਰ ਭਰ ਮੁੱਠੀਆਂ

ਭਰ ਭਰ ਕੇ ਬੁੱਕ

ਕੇਰਦਾ ਹਾਂ

ਖਲੇਰਦਾ ਹਾਂ

ਹਵਾਵਾਂ ਦਾ ਰੁਖ਼ ਵੇਖਦਾ ਹਾਂ

ਤੇ ਫ਼ਾਸਲੇ ਮੇਚਦਾ ਹਾਂ....

=====

ਚੁਕੰਨੇ ਰਹਿਓ

ਨਜ਼ਮ

ਮੁੱਦਤਾਂ ਦਾ ਝਗੜਾ ਅਜੇ ਜਾਰੀ ਏ

ਬਹੁਤੇ ਸਵਾਲਾਂ ਦਾ ਜਵਾਬ

ਅਜੇ ਨਾਂਹ ‘ਚ ਈ ਏ

ਰੁੱਤਾਂ ਭਾਵੇਂ ਫਿਰ ਗਈਆਂ ਨੇ

ਪਰਛਾਵੇਂ ਵੀ ਢਲ਼ ਚੁੱਕੇ ਨੇ

ਪਰ ਰਾਤ ਅਜੇ ਬਾਕੀ ਏ

............

ਆਉਂਦੀ ਮੱਸਿਆ ਨੂੰ ਭਰੀ ਕਚਹਿਰੀ ਵਿਚ

ਰੁੱਖਾਂ ਨੇ ਵੀ ਗਵਾਹੀਆਂ ਦੇਣੀਆਂ ਨੇ

ਤੇ ਚੁੱਪ ਟੁੱਟ ਜਾਣੀ ਏ

............

ਉਹ ਵਕਤੀ ਤੌਰ ‘ਤੇ

ਕਬਜ਼ੇ ਛੱਡਣ ਦੇ ਬਿਆਨ ਦੇਣਗੇ

ਰਾਜ਼ੀ ਬੰਦਿਆਂ ਦਾ ਜਤਨ ਕਰਨਗੇ

ਹੱਥ ਮਿਲਾਉਣ ਮਗਰੋਂ ਉਂਗਲ਼ਾਂ ਗਿਣ ਲੈਣਾ

ਮੁੱਠ ਖਿੱਲਾਂ ਦੀ ਵੇਖ

ਖਿੜ-ਖਿੜਾਅ ਕੇ ਨਾ ਹੱਸਣਾ

..............

ਉਹ ਸਲਾਹ-ਸਲਾਹੁਤਾਂ ਦੇ

ਕੁਝ ਨਵੇਂ ਸ਼ਬਦ ਵਰਤਣਗੇ

ਜਿਨ੍ਹਾਂ ‘ਚੋਂ

ਵੀਹ ਤਰ੍ਹਾਂ ਦੇ ਮਤਲਬ ਨਿਕਲ਼ਣਗੇ

ਉਹਨਾਂ ਦੀਆ ਖਾਧੀਆਂ ਕਸਮਾਂ ‘ਤੇ

ਯਕੀਨ ਨਾ ਕਰਿਓ

ਠੰਢੀ ਕਸ਼ਮਕਸ਼ ਅਜੇ ਵੀ ਜਾਰੀ ਏ

ਸ਼ਾਇਦ ਭਖ ਵੀ ਪਵੇ

............

ਮਗਰੋਂ ਉਦਾਸੀ ਨਾ ਫੜ ਲੈਣਾ

ਤੇ ਵੈਰਾਗੀ ਨਾ ਬਣ ਜਾਣਾ

ਮਿੱਤਰਾਂ ਵਿਰੁੱਧ,

ਵੈਰੀਆਂ ਪਿੱਛੇ ਨਾ ਤੁਰ ਪੈਣਾ

ਚੇਤੇ ਰੱਖਿਓ!

ਕਿਸੇ ਨਾ ਕਿਸੇ ਸੂਕਟਰ ਵਿਚ

ਜੰਗ ਸਦਾ ਜਾਰੀ ਰਹਿੰਦੀ ਏ

ਅਵੇਸਲੇ ਨਾ ਹੋਇਓ

ਬਿੜਕ ਰੱਖਿਓ,

ਚੁਕੰਨੇ ਰਹਿਓ....

======

ਹੱਡ ਬੀਤੀ ਜੱਗ ਬੀਤੀ

ਨਜ਼ਮ

ਉਹ ਜਦੋਂ ਮੀਟਿੰਗ ਵਿਚ ਆਈ

ਤਾਂ ਕਾਰਲ ਮਾਰਕਸ ‘ਤੇ

ਵਿਚਾਰ ਹੋ ਰਹੀ ਸੀ

....ਤੇ ਜਦੋਂ ਗੱਲ

‘ਵਿਚਾਰਾਂ ਦੀ ਗ਼ੁਰਬਤ’ ‘ਤੇ ਪਹੁੰਚੀ

ਤਾਂ ਉਹਨੇ ਧੁੜਧੁੜੀ ਲਈ

.... ਅਤੇ ਹੌਲ਼ੀ ਜਿਹੀ

ਬਾਹਰ ਨਿਕਲ਼ ਗਈ

Friday, March 5, 2010

ਹਰਜੀਤ ਦੌਧਰੀਆ - ਨਜ਼ਮ

ਸਾਹਿਤਕ ਨਾਮ: ਹਰਜੀਤ ਦੌਧਰੀਆ

ਅਜੋਕਾ ਨਿਵਾਸ: ਸਰੀ, ਕੈਨੇਡਾ

ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ – ਸੱਚੇ ਮਾਰਗ ਚਲਦਿਆਂ, ਹੈ ਭੀ ਸੱਚ ਹੋਸੀ ਭੀ ਸੱਚ, ਆਪਣਾ ਪਿੰਡ ਪਰਦੇਸ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਕਈ ਲੇਖਕਾਂ ਦੇ ਦਰਸ਼ਨ ਸਿੰਘ ਕੈਨੇਡੀਅਨ ਬਾਰੇ ਲਿਖੇ ਹੋਏ ਨਿਬੰਧਾਂ, ਨਜ਼ਮਾਂ, ਯਾਦਾਂ ਅਤੇ ਦਰਸ਼ਨ ਸਿੰਘ ਕੈਨੇਡੀਅਨ ਨਾਲ ਕੀਤੀ ਗਈ ਇੱਕ ਲੰਬੀ ਮੁਲਾਕਾਤ ਨੂੰ ‘ਦਰਸ਼ਨ’ ਵਿਚ ਸ਼ਾਮਿਲ ਕਰਕੇ ਇਸ ਕਿਤਾਬ ਦਾ ਸੰਪਾਦਨ ਕੀਤਾ ਹੈ।

-----

ਦੋਸਤੋ! ਹਰਜੀਤ ਦੌਧਰੀਆ ਜੀ ਪਿੰਡ ਦੌਧਰ ‘ਚ ਜਨਮੇ, 1967 ਵਿਚ ਇੰਗਲੈਂਡ ਆਏ ਤੇ ਬਹੁਤ ਸਾਲ ਉੱਥੇ ਬਿਤਾਉਣ ਪਿੱਛੋਂ ਹੁਣ ਸਰੀ, ਕੈਨੇਡਾ ਨਿਵਾਸ ਕਰਦੇ ਹਨ। ਉਹ ਕੈਨੇਡਾ ਦੀ ਕਮਿਊਨਿਸਟ ਸੈਂਟਰਲ ਕਮੇਟੀ ਦੇ ਆਲਟਰਨੇਟ ਮੈਂਬਰ ਵੀ ਹਨ। ਪਿਛਲੇ ਦਿਨੀਂ ਉਹਨਾਂ ਨੇ ਆਪਣਾ ਕਾਵਿ-ਸੰਗ੍ਰਹਿ ‘ਆਪਣਾ ਪਿੰਡ ਪਰਦੇਸ’ ਡੈਡੀ ਜੀ ਬਾਦਲ ਸਾਹਿਬ ਹੱਥ ਮੇਰੇ ਪੜ੍ਹਨ ਲਈ ਘੱਲਿਆ ਸੀ। ਸਾਦੀ ਅਤੇ ਸਪੱਸ਼ਟ ਭਾਸ਼ਾ ‘ਚ ਲਿਖੀਆਂ ਇਹਨਾਂ ਨਜ਼ਮਾਂ ਨੇ ਮੇਰੇ ਮਨ ਨੂੰ ਟੁੰਬਿਆ ਹੈ। ਉਹ ਲਿਖਦੇ ਨੇ ਕਿ:

“...ਕਵਿਤਾ ਤੋਂ ਕੁਰਾਹੇ ਤਦ ਹੀ ਪੈ ਸਕਦਾ ਹਾਂ

ਜਾਂ ਤਾਂ ਵਿਕ ਜਾਵਾਂ

ਜਾਂ ਪਸੀਜ ਕੇ ਤਿਲ੍ਹਕ ਪਵਾਂ

ਪਰ ਸੱਚ ਅਤੇ ਹੱਕ ਲਈ ਤਾਂ

ਕਵਿਤਾ ਹੀ ਲਿਖ ਸਕਦਾ ਹਾਂ...”

ਅੱਜ ਏਸੇ ਕਿਤਾਬ ਵਿੱਚੋਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ ਨਾਲ਼ ਦੌਧਰੀਆ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਜਦੋਂ ਅਣਖ ਜਾਗੇ

ਨਜ਼ਮ

ਬੱਚੀ ਜੁ ਹੋਈ

ਜ਼ਰਾ ਝਿਜਕ ਕੇ ਕਹਿੰਦੀ ਏ:

“...ਬਾਪੂ ਤੇਰਾ ਕਮੀਜ਼ ਪਾਟ ਗਿਆ ਏ...”

.........

“...ਬੱਚੀ!

ਲੀੜਾ ਕਾਹਨੂੰ ਪਾਟਿਆ ਏ!!

ਇਹ ਤਾਂ ਸਿਉਣਾਂ ਦਾ ਉਧੇੜ ਏ

ਠੇਕੇਦਾਰ ਨੇ ਕੱਪੜੇ ਚਕੋਤੇ ਤੇ ਸਿਲਵਾਏ ਨੇ

ਕੱਚਿਆਂ ਧਾਗਿਆਂ ਦੇ

ਅਲਗਰਜ਼ ਜਿਹੇ ਸੜੋਪੇ ਮਰਵਾਏ ਨੇ...”

..........

“...ਹਾਂ ਬਾਪੂ!

ਪਾਟਣ ਤੇ ਉੱਧੜਨ ਦੀ ਮੈਨੂੰ

ਹੁਣ ਸਮਝ ਪਈ ਏ

ਇਹ ਚੰਦਰੀਆਂ ‘ਦਾਰੀਆਂ’

ਸਾਡੇ ਨੰਗੇਜ਼ ਦੇ ਦੁਖਾਂਤ ਦਾ ਅਸਲੀ ਕਾਰਨ ਨੇ...!!!”

=====

ਦੋ ਹੀਰੋ

ਨਜ਼ਮ

ਅੱਜ ਦਾ ਚੂਰੀ ਖਾਣਾ

ਰਾਂਝਾ

ਕੁਰਲਾਵੇ

“...ਮੈਨੂੰ ਤਾਂ ਮੇਰੀ ਹੀਰ ਮਿਲ਼ੇ

ਭਾਵੇਂ ਮੱਝਾਂ ਦੇ ਢਰਾਕੇ ‘ਚੋਂ

ਤੇ ਭਾਵੇਂ ਸੰਖੀਏ ਦੀ ਪੁੜੀ ‘ਚੋਂ.....

ਦੁਨੀਆਂ ਨੂੰ ਭਾਵੇਂ ਕੁਝ ਵੀ ਹੋ ਜੇ

ਪਰ

ਮੇਰੀ ਹੀਰ ਨੂੰ ਕੁਝ ਨਾ ਹੋਵੇ

ਹਾਏ!

ਮੇਰੀ ਹੀਰ ਸਲੇਟੀ

ਮੈਨੂੰ ਮਿਲ਼ਜੇ...!”

................

ਭਗਤ

ਸਰਾਭਾ

ਆਖੇ

“...ਭਾਵੇਂ ਮੇਰਾ ਕੁਝ ਨਾ ਹੋਵੇ

ਲੋਕਾਂ ਦਾ ਸਭ ਕੁਝ ਹੋ ਜੇ

ਪਰ

ਲੋਕਾਂ ਨੂੰ ਕੁਝ ਨਾ ਹੋਵੇ...!!”

........

ਆਸ਼ਕ਼

ਸੂਰੇ

ਆਗੂ

ਸਮਾਜੀ ਪੱਧਰ ਤੋਂ ਜਾਣੇ ਜਾਂਦੇ ਨੇ

ਅਕੀਦਿਆਂ ਦੀ ਪਕਿਆਈ ਤੋਂ

ਪਛਾਣੇ ਜਾਂਦੇ ਨੇ!!!

=====

ਸਦਕੇ

ਨਜ਼ਮ

ਸਦਕੇ!

ਤੇਰਾ ਤੱਤਾ ਠੰਡਾ ਮਿਜਾਜ਼

ਫਰਕਦੇ ਬੱਲ੍ਹਾਂ ਦੀ ਆਵਾਜ਼

ਚੁੱਪ ਬੋਲ –

.........

ਜਦੋਂ ਤੂੰ

ਚੁੰਨੀ ਦਾ ਲੜ

ਜਾਂ ਘਾਹ ਦੀ ਤਿੜ

ਦੰਦਾਂ ‘ਚ ਲਵੇਂ

ਤਾਂ ਖੁੱਲ੍ਹੀ ਕਵਿਤਾ ਵਰਗੀ ਲੱਗੇਂ।

=====

ਨੰਗੀਆਂ ਮੂਰਤਾਂ

ਨਜ਼ਮ

ਸਧਾਰਨ ਘਰਾਂ ਦੀਆਂ ਇੱਜ਼ਤਾਂ

ਆਪਦੀ ਕੁੱਲ ਦੇ ਲੀੜੇ-ਲੱਤੇ ਲਾਹ

ਅਲਫ਼ ਨੰਗੀਆਂ ਹੋ

ਅੰਗਾਂ ‘ਤੇ ਸਮੁੰਦਰ-ਝੱਗ ਮਲ਼ਦੀਆਂ

ਕੈਮਰਿਆਂ ਦੀਆਂ ਆਵਾਜ਼ਾਂ ‘ਚ ਘਿਰ

ਪੁੱਠੇ-ਸਿੱਧੇ ਪੋਜ਼ ਬਣਾਉਂਦੀਆਂ

ਨਸੀਬਾਂ ਦੀਆਂ ਮਾਰੀਆਂ

ਭਟਕੀਆਂ ਹੋਈਆਂ

ਸਾਕ-ਸਬੰਧੀਆਂ ਤੋਂ ਨਿੱਖੜੀਆਂ

ਅਸਲਾ ਵਿੱਸਰੀਆਂ

ਚੰਗੀਆਂ ਪਤਨੀਆਂ ਤਾਂ ਕੀ ਬਣਨਾ ਸੀ

ਵੀਰਿਆਂ ਦੀਆਂ ਭੈਣਾਂ ਵੀ ਨਹੀਂ ਰਹੀਆਂ

.............

ਇਨ੍ਹਾਂ ਅੰਮੜੀ ਦੀਆਂ ਜਾਈਆਂ ਨੂੰ

ਬਾਣੀਆਂ ਨੇ ਵਸਤੂ ਬਣਾ ਦਿੱਤਾ

ਤੇ ਸਰੀਰ ਵੇਚਣ ਲਾ ਦਿੱਤਾ

................

ਪੈਸਾ, ਕਲੱਬਾਂ ਇਨ੍ਹਾਂ ਦੇ ਰਿਸ਼ਤੇ

ਗਿੱਟੀ ਝਾਂਜਰਾਂ ਪਾ

ਗ਼ੈਰਤ ਦੇ ਪੈਰੋਂ ਉੱਖੜੀਆਂ

ਹਯਾ ਦੀ ਲੋਟੀ ਪਾਉਂਦੀਆਂ

ਅੰਨ੍ਹੇ ਸ਼ੁਕੀਨ ਹਿਰਸੀ ਟੱਟੂ

ਨੰਗੇ ਪਿੰਡਿਆਂ ‘ਚੋਂ ਲੈਂਦੇ ਚੁਸਕੀਆਂ

ਤਸਵੀਰਾਂ ਸੱਚੇ-ਝੂਠ ਦੀਆਂ

ਸ਼ਾਹਾਂ ਦੀ ਜੂਠ ਦੀਆਂ

ਬਿਜਲੀ ਦੇ ਖੰਭਿਆਂ ਨਾਲ਼ ਟੰਗੀਆਂ

ਕਾਮ ਦੇ ਭਾਂਬੜ ਬਾਲ਼ਦੀਆਂ

ਕਈਆਂ ਨੇ ਤਾਂ ਗੁਪਤ ਸਵਾਦ ਮਾਨਣ ਖ਼ਾਤਿਰ

ਸਰ੍ਹਾਣਿਆਂ ਥੱਲੇ ਲੁਕੋਈਆਂ

ਇਹ ਪਵਿੱਤਰ ਗੁੱਡੀਆਂ

ਸਮਾਜੀ ਦੁਰਘਟਨਾਵਾਂ ਦੇ

ਖੂਹੀਂ ਟੋਭੀਂ ਪਈਆਂ

.............

ਜਿੰਨਾਂ ਚਿਰ ਇਹ ਦੁਸ਼ਟ-ਦਾਰੀਆਂ

ਖ਼ਤਮ ਨਹੀਂ ਕੀਤੀਆਂ ਜਾਂਦੀਆਂ

ਉਨ੍ਹਾਂ ਚਿਰ ਇਹ ਕੁੜੀਆਂ ਚਿੜੀਆਂ

ਵਿਕਦੀਆਂ ਹੀ ਰਹਿਣਗੀਆਂ।