ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, November 30, 2009

ਸੁਰਿੰਦਰ ਸੋਹਲ - ਨਜ਼ਮ

ਟੁੱਟ-ਭੱਜ

ਨਜ਼ਮ

ਮਾਂ ਕਹਿੰਦੀ ਸੀ:

ਤਿਰਕਾਲ਼ਾਂ ਸਿੰਹੁ ਦਾ ਵੇਲ਼ਾ ਹੈ

ਹਰ ਕਮਰੇ ਦਾ ਬਲਬ ਜਗਾਵੋ

ਬਿਜਲੀ ਬੰਦ ਹੈ

ਦੀਵਾ ਜਾਂ ਮੋਮਬੱਤੀ ਬਾਲ਼ੋ

ਤਿਰਕਾਲ਼ਾਂ ਸਿੰਹੁ ਦੇ ਵੇਲ਼ੇ ਦੀ ਸੁੱਖ ਮਨਾਵੋ

ਇਹ ਵੇਲ਼ਾ ਸੁਖ ਸਾਂਦੀਂ ਬੀਤੇ

ਜਦ ਇਹ ਜਾਵੇ

ਸੁੱਖਾਂ ਲੱਦਾ

ਅੰਮ੍ਰਿਤ ਵੇਲ਼ਾ ਦੇ ਕੇ ਜਾਵੇ

.............

ਹੁਣ ਕਿਸ ਨਗਰੀ ਮਾਂ ਆਈ ਹੈ

ਕੰਮ ਧੰਦਿਆਂ ਵਿਚ

ਪਿਸਦੇ ਭੁਰਦੇ ਪੁੱਤਰ ਤਕਦੀ

ਗੋਡਿਆਂ ਉੱਤੇ ਠੋਡੀ ਰੱਖੀ

ਸੋਚੀਂ ਡੁੱਬੀ

ਬਲਬ ਬੁਝਾਉਂਦੀ

ਮਨ ਸਮਝਾਉਂਦੀ,

........

...ਇਸ ਨਗਰੀ

ਕੀ ਵੇਲ਼ਾ

ਤਿਰਕਾਲ਼ਾਂ ਸਿੰਹੁ ਦਾ

ਢਿੱਡ ਵੱਢ ਕੇ ਛਿੱਲੜ ਜੁੜਦੇ

ਇਕ ਦਿਹਾੜੀ ਬਿਜਲੀ ਦਾ ਬਿਲ ਖਾ ਜਾਵੇਗਾ

ਤਿਰਕਾਲ਼ਾਂ ਸਿੰਹੁ ਦੇ ਵੇਲ਼ੇ ਦਾ ਕੀ ਹੈ

ਹਰ ਵੇਲ਼ਾ ਮਾਲਕ ਦਾ ਹੀ ਹੈ...!

ਪਿਆਰਾ ਸਿੰਘ ਕੁੱਦੋਵਾਲ - ਨਜ਼ਮ

ਸਵੇਰ ਹੋਣ ਤੱਕ

ਨਜ਼ਮ

ਜਗਣਾ ਹੈ ਸਾਰੀ ਰਾਤ, ਖਾਧੀ ਦੀਵੇ ਨੇ ਕਸਮ

ਜੰਗ ਹਨ੍ਹੇਰੇ ਨਾਲ਼ ਲੜਨੀ, ਸਵੇਰ ਹੋਣ ਤੱਕ

...........

ਕਦੇ ਕੁਦਰਤ, ਕਦੇ ਬੰਦੇ ਦਾ ਜ਼ੁਲਮ ਜਾਰੀ,

ਮੈਂ ਸਫ਼ਰ ਤੋਂ ਨਾ ਮੁੜਾਂਗਾ, ਸਵੇਰ ਹੋਣ ਤੱਕ

..........

ਹਨੇਰਿਆਂ ਦਾ ਮੌਸਮ, ਜੰਗਲ ਵਰਗੀ ਚੁੱਪ,

ਚੁੱਪ ਦੀ ਤੂੰ ਚੀਖ ਸੁਣ, ਸਵੇਰ ਹੋਣ ਤੱਕ

.........

ਸੋਹਲ ਜਹੀ ਜਿੰਦ, ਬੁਲਬੁਲ ਗੁਟਾਰ ਦੀ,

ਮਸਲ ਹੁੰਦੀ ਰਹੀ ਬੇਵੱਸ, ਸਵੇਰ ਹੋਣ ਤੱਕ

...........

ਮਾਸੂਮ ਘੁੱਗੀ ਨੇ ਕਦੋਂ, ਚਾਹੀ ਸੀ ਐਸੀ ਮੌਤ,

ਪੱਖੇ ਤੋਂ ਲਟਕਦੀ ਰਹੀ, ਜੋ ਸਵੇਰ ਹੋਣ ਤੱਕ

..........

ਦੂਰ ਤੱਕ ਜੰਗਲ, ਇੱਕ ਇੱਕਲੀ ਮੇਰੀ ਜਿੰਦ,

ਤੂੰ ਹੈ ਜੁਗਨੂੰ ਜਗਦਾ ਰਹੀਂ, ਸਵੇਰ ਹੋਣ ਤੱਕ

.........

ਰੇਤ ਜੰਗਲ ਘੁੱਪ ਹਨੇਰਾ, ਮੇਰੀ ਮੰਜ਼ਿਲ ਦੇ ਰਾਹ,

ਕੁੱਦੋਵਾਲ ਹੈ ਪਹੁੰਚਣਾ, ਯਾਰੋ! ਸਵੇਰ ਹੋਣ ਤੱਕ


Sunday, November 29, 2009

ਡਾ: ਸੁਖਪਾਲ - ਨਜ਼ਮ

ਰੌਲ਼ੇ

ਨਜ਼ਮ

ਸੰਤਾਲ਼ੀ ਦੇ ਰੌਲ਼ਿਆਂ ਵਿਚ

ਉਸਦੀ ਭੈਣ ਚੁੱਕੀ ਗਈ

ਹਵੇਲੀ ਲੁੱਟੀ ਗਈ

.........

ਉਹ ਦੂਜੇ ਮੁਲਕ ਆ ਗਿਆ

ਮੁੱਢ ਤੋਂ ਘਰ ਵਸਾ ਲਿਆ

ਕਾਰੋਬਾਰ ਜਮਾ ਲਿਆ

...........

ਚੁਰਾਸੀ ਦੇ ਰੌਲ਼ਿਆਂ ਵਿਚ

ਉਸਦੀ ਧੀ ਚੁੱਕੀ ਗਈ

ਕੋਠੀ ਲੁੱਟੀ ਗਈ

..........

ਉਹ ਦੂਜੇ ਸੂਬੇ ਆ ਗਿਆ

ਮੁੜ ਮਕਾਨ ਬਣਾ ਲਿਆ

ਬੁਢਾਪੇ ਲਈ ਪ੍ਰਬੰਧ ਕਰ ਲਿਆ

ਸਭ ਕੁਝ ਮੁੜ ਠੀਕ-ਠਾਕ ਹੋ ਗਿਆ

............

ਹੁਣ ਉਹ ਛੱਡ ਗਿਆ ਹੈ

ਸੱਥ ਵਿਚ ਬਹਿ ਕੇ ਬੋਲਣਾ ਚਾਲਣਾ

ਅਖ਼ਬਾਰ ਪੜ੍ਹਨਾ ਰੇਡਿਓ ਸੁਣਨਾ

ਜੇ ਕਦੇ ਉਹ ਸੁਣ ਲਵੇ

ਕੋਈ ਕੁੜੀ ਜੰਮਣੋਂ ਪਹਿਲਾਂ

ਜਾਂ ਮਰਨੋਂ ਪਹਿਲਾਂ

ਮਾਰੀ ਗਈ ਹੈ....

.................

ਉਸ ਅੰਦਰ 'ਰੌਲ਼ੇ' ਪੈਣ ਲੱਗ ਜਾਂਦੇ ਹਨ


ਗੁਰਦੀਪ ਪੰਧੇਰ - ਗੀਤ

ਗੀਤ

ਪਲਕਾਂ ਚੋਂ ਉੱਤਰ ਕੇ, ਠੋਡੀ ਹੇਠ ਆ ਗਿਐ

ਨੀਰ ਨੇ ਤੇ ਐਨਾ ਲੰਮਾ, ਰਾਹ ਆਪਣਾ ਲਿਐ

-----

ਹਰ ਮੀਂਹ ਪੈਰ ਪਾਵੇ, ਸਾਡੇ ਘਰਾਂ ਨੀਵਿਆਂ

ਮੌਕੇ ਤੇ ਹੀ ਤੇਲ ਮੁੱਕੇ, ਮਿੱਟੀ ਦਿਆਂ ਦੀਵਿਆਂ

ੳਟਾ ਅਸਾਂ ਕੱਚੜਾ ਜੋ, ’ਨੇਰੇ ਵਿੱਚ ਢਾਅ ਲਿਐ

ਨੀਰ ਨੇ ਤੇ ਐਨਾ ਲੰਮਾ, ਰਾਹ .....

-----

ਯਾਦਾਂ ਦੇ ਸਰ੍ਹਾਣੇ ਅਸੀਂ, ਸਿਰ ਰੱਖ ਸੌਂ ਗਏ

ਜਿਨ੍ਹਾਂ ਵੀ ਜੋ ਰੋਣਾ ਸੀ, ਮੂਧੇ ਮੂੰਹ ਰੋ ਗਏ

ਹੰਝੂਆਂ ਨੂੰ ਦਰੀ ਵਾਲੇ, ਪੱਲੇ ਚ ਛੁਪਾ ਲਿਐ,

ਨੀਰ ਨੇ ਤੇ ਐਨਾ ਲੰਮਾ, ਰਾਹ ....

-----

ਵਹਿਣ ਕਿੱਦਾਂ ਦਰਦਾਂ ਦੇ, ਬੰਨ੍ਹ ਵਿੱਚ ਖੜ੍ਹ ਜਾਣ

ਅੰਤ ਨੂੰ ਕਿਨਾਰਿਆਂ ਦੇ, ਉੱਪਰੋਂ ਦੀ ਚੜ੍ਹ ਜਾਣ

ਟੁੱਟ ਚੁੱਕੇ ਨੱਕਿਆਂ , ਦੇਹ ਨੂੰ ਗਵਾ ਲਿਐ,

ਨੀਰ ਨੇ ਤੇ ਐਨਾ ਲੰਮਾ, ਰਾਹ ....

ਪਲਕਾਂ ਚੋਂ ਉੱਤਰ ਕੇ, ਠੋਡੀ ਹੇਠ ਆ ਗਿਐ

ਨੀਰ ਨੇ ਤੇ ਐਨਾ ਲੰਮਾ, ਰਾਹ ਆਪਣਾ ਲਿਐ


Saturday, November 28, 2009

ਦਾਦਰ ਪੰਡੋਰਵੀ - ਗ਼ਜ਼ਲ

ਗ਼ਜ਼ਲ

ਖੇਡ ਪੱਥਰਾਂ ਦੀ ਨਾ ਖੇਡੋ ਸ਼ੀਸ਼ਿਆਂ ਦੇ ਰੂ-ਬ-ਰੂ।

ਦਿਲ ਹਿਲਾ ਦਿੰਦਾ ਹੈ ਹੋਣਾ ਟੁਕੜਿਆਂ ਦੇ ਰੂ-ਬ-ਰੂ!

------

ਦਸਤਕਾਂ ਦੇ ਬੋਲ ਸੁਣਕੇ ਹੋ ਗਏ ਖ਼ਾਮੋਸ਼ ਦਰ,

ਹਾਦਸੇ ਜਦ ਹੋਣ ਲੱਗੇ ਵਿਹੜਿਆਂ ਦੇ ਰੂ-ਬ-ਰੂ!

-----

ਆਲ੍ਹਣੇ ਕੁਝ ਤੋੜ ਕੇ, ਕੁਝ ਸਾੜ ਕੇ, ਫਿਰ ਸ਼ਹਿਰ ਵਿਚ,

ਕਰਨਗੇ ਅਫ਼ਸੋਸ ਬਾਂਦਰ ਬਿਜੜਿਆਂ ਦੇ ਰੁ-ਬ-ਰੂ!

-----

ਦੋ ਘੜੀ ਬਣਨਾ ਸਮੁੰਦਰ ਪੈ ਗਿਆ ਮਹਿੰਗਾ ਬਹੁਤ,

ਉਮਰ ਭਰ ਜੀਣਾ ਪਿਆ ਫਿਰ ਕਤਰਿਆਂ ਦੇ ਰੂ-ਬ-ਰੂ!

-----

ਬੋਲ ਮੇਰੇ ਹੋਂਦ ਮੇਰੀ ਨੂੰ ਜਤਾਉਂਦੇ ਰਹਿਣਗੇ,

ਕਰਨਗੇ ਮੈਨੂੰ ਹਮੇਸ਼ਾਂ ਮਹਿਫ਼ਿਲਾਂ ਦੇ ਰੂ-ਬ-ਰੂ!

-----

ਸੌਣ ਤੇ ਖੇਡਣ ਦੀ ਉਮਰੇ ਘੱਲਤੇ ਬੱਚੇ ਸਕੂਲ,

ਪਾਟਦੈ ਦਿਲ, ਰੋਣ ਜਦ ਉਹ ਬਸਤਿਆਂ ਦੇ ਰੂ-ਬ-ਰੂ!

-----

ਕਰ ਵੀ ਕਿਉਂ ਲੈਂਦੇ ਅਸੀਂ ਇਕਬਾਲ ਅਪਣੇ ਜੁਰਮ ਦਾ,

ਰੰਗ ਸਭ ਬੋਣੇ ਸੀ ਸਾਡੇ, ਗਿਰਗਿਟਾਂ ਦੇ ਰੂ-ਬ-ਰੂ!

-----

ਤਿਲਮਿਲਾ ਕੇ ਡੁਬ ਗਈ ਕਿਸ਼ਤੀ ਉਦੋਂ ਤੂਫ਼ਾਨ ਵਿਚ,

ਕੱਢਣੇ ਤਰਲੇ ਪਏ ਜਦ ਤਿਣਕਿਆਂ ਦੇ ਰੂ-ਬ-ਰੂ!

ਬਲਜੀਤਪਾਲ ਸਿੰਘ - ਗ਼ਜ਼ਲ

ਗਜ਼ਲ

ਰਿਝਦਾ ,ਬਲਦਾ ,ਸੜਦਾ ਅਤੇ ਉੱਬਲਦਾ ਰਹਿੰਦਾਂ।

ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਦਾਂ।

-----

ਰਾਕਟਾਂ ਦਾ ਦੌਰ ਅੱਜ ਕੱਲ ਬੇਸ਼ਕ ਤੇਜ਼ ਹੈ ਬੜਾ,

ਮੰਜ਼ਿਲ ਵੱਲ ਫਿਰ ਵੀ ਰੋਜ਼ ਸਰਕਦਾ ਰਹਿੰਦਾਂ।

-----

ਕਿਸਨੇ ਕੰਮ ਆਉਣਾ ਹੈ ਕਦੋਂ ਕਿਹੜੇ ਹਾਲਾਤਾਂ ਵਿਚ,

ਆਪਣੀ ਗਰਜ਼ ਲਈ ਲੋਕਾਂ ਨੂੰ ਐਵੇਂ ਪਰਖਦਾ ਰਹਿੰਦਾਂ।

-----

ਉਹਨਾਂ ਦੇ ਝੂਠ ਤੋਂ ਵਾਕਫ਼ ਹਾਂ ਉਹ ਵੀ ਜਾਣ ਚੁੱਕੇ ਨੇ,

ਬਣਕੇ ਰੋੜ ਅੱਖ ਵਿਚ ਲੀਡਰਾਂ ਦੇ ਰੜਕਦਾ ਰਹਿੰਦਾਂ।

-----

ਮਰਜ਼ੀ ਨਹੀਂ ਚਲਦੀ ਕਿ ਇਹ ਨਿਜ਼ਾਮ ਬਦਲ ਦੇਵਾਂ,

ਆਪਣੇ ਆਪ ਵਿਚ ਤਾਹੀਓ ਹਮੇਸ਼ਾ ਕਲਪਦਾ ਰਹਿੰਦਾਂ।

-----

ਅਜ਼ਾਦ ਦੇਸ਼ ਵਿਚ ਗੁਲਾਮਾਂ ਵਾਂਗ ਰੀਂਗ ਰਹੀ ਜ਼ਿੰਦਗੀ,

ਨਿਘਰ ਰਹੇ ਮਿਆਰਾਂ ਵਾਂਗਰਾਂ ਹੀ ਗਰਕਦਾ ਰਹਿੰਦਾਂ।

-----

ਜਾਪਦਾ ਏ ਤੁਰ ਜਾਏਗੀ ਭੰਗ ਦੇ ਭਾਣੇ ਇਹ ਦੇਹੀ,

ਥੋੜ੍ਹਾ ਥੋੜ੍ਹਾ ਤਾਹੀਓਂ ਏਸ ਨੂੰ ਹੁਣ ਖਰਚਦਾ ਰਹਿੰਦਾਂ।

-----

ਆਪਣੀ ਮਿੱਠੀ ਬੋਲੀ ਭੁੱਲ ਨਾ ਜਾਵੇ ਮੈਨੂੰ ਹੀ ਕਿਧਰੇ,

ਅਲਫਾਜ਼ ਏਸ ਲਈ ਕੁਝ ਕੁ ਪੁਰਾਣੇ ਵਰਤਦਾ ਰਹਿੰਦਾਂ।


Friday, November 27, 2009

ਮਰਹੂਮ ਬਰਜਿੰਦਰ ਸਿੰਘ ਦਰਦ - ਉਰਦੂ ਰੰਗ

ਸਾਹਿਤਕ ਨਾਮ: ਬਰਜਿੰਦਰ ਸਿੰਘ ਦਰਦ

ਪ੍ਰਕਾਸ਼ਿਤ ਕਿਤਾਬ: ਮੁਰੱਕਾ-ਏ-ਦਰਦ ( ਉਰਦੂ ਕਾਵਿ-ਸੰਗ੍ਰਹਿ)

------

....ਮੇਰਾ ਮਜਮੂਆ-ਏ-ਕਲਾਮ ( ਕਾਵਿ-ਸੰਗ੍ਰਹਿ) ਮੁਰੱਕਾ-ਏ-ਦਰਦ ਜਦੋਂ ਟਾਈਪ ਹੋ ਰਿਹਾ ਸੀ ਤਾਂ ਮੈਨੂੰ ਇਸਦੇ ਸਮਰਪਣ ਦਾ ਖ਼ਿਆਲ ਆਇਆ ਕਿ ਆਖ਼ਿਰ ਮੈਂ ਇਹਨੂੰ ਕਿਸਦੇ ਨਾਂ ਸਮਰਪਿਤ ਕਰਾਂ? ਮੈਂ ਚਾਰੇ ਪਾਸੇ ਨਜ਼ਰ ਮਾਰੀ ਤੇ ਇਹ ਨਜ਼ਰ ਗੁਰਦਰਸ਼ਨ ਬਾਦਲ ਤੇ ਆ ਕੇ ਠਹਿਰੀ...

ਬਰਜਿੰਦਰ ਸਿੰਘ ਦਰਦ

ਪੂਰਾ ਲੇਖ ਪੜ੍ਹਨ ਲਈ ਆਰਸੀ ਰਿਸ਼ਮਾਂ ਤੇ ਫੇਰੀ ਜ਼ਰੂਰ ਪਾਓ ਜੀ।

------

ਦੋਸਤੋ! ਦੋ ਕੁ ਵਰ੍ਹੇ ਪਹਿਲਾਂ ਡੈਡੀ ਜੀ ਬਾਦਲ ਸਾਹਿਬ ਨੇ ਮਰਹੂਮ ਬਰਜਿੰਦਰ ਸਿੰਘ ਦਰਦ ਸਾਹਿਬ ਦੀ ਉਰਦੂ ਚ ਲਿਖੀ ਇੱਕ ਕਿਤਾਬ ਮੈਨੂੰ ਦਿੱਤੀ ਸੀ ਤੇ ਆਖਿਆ ਸੀ ਕਿ ਮੈਂ ਇਸਨੂੰ ਇੱਕ ਦਿਨ ਲਿਪੀਅੰਤਰ ਕਰਵਾ ਕੇ ਜ਼ਰੂਰ ਪੜ੍ਹਾਂ। ਸਾਲ ਕੁ ਪਹਿਲਾਂ ਅੰਕਲ ਹਰਭਜਨ ਮਾਂਗਟ ਸਾਹਿਬ ਘਰ ਆਏ ਤਾਂ ਮੈਨੂੰ ਦਰਦ ਸਾਹਿਬ ਦੀ ਕਿਤਾਬ ਦਾ ਖ਼ਿਆਲ ਆ ਗਿਆ। ਇਹ ਕਿਤਾਬ ਮੈਂ ਉਹਨਾਂ ਦੇ ਹਵਾਲੇ ਕਰ ਬੇਨਤੀ ਕੀਤੀ ਕਿ ਉਹ ਦਰਦ ਸਾਹਿਬ ਦੀਆਂ ਕੁਝ ਰਚਨਾਵਾਂ ਆਰਸੀ ਲਈ ਲਿਪੀਅੰਤਰ ਕਰਕੇ ਦੇਣ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮਾਂਗਟ ਸਾਹਿਬ ਨੇ ਰਚਨਾਵਾਂ ਦੇ ਲਿਪੀਅੰਤਰ ਨਾਲ਼-ਨਾਲ਼ ਕਿਤਾਬ ਦਾ ਮੁੱਖ-ਬੰਦ ਵੀ ਅਨੁਵਾਦ ਕਰਕੇ ਮੈਨੂੰ ਲਿਆ ਦਿੱਤਾ ਤੇ ਕਿਹਾ: ਤਨਦੀਪ ਬੇਟੇ! ਹੁਣ ਪੜ੍ਹ। ਇਹ ਕਿਤਾਬ ਤਾਂ ਦਰਦ ਸਾਹਿਬ ਨੇ ਬਾਦਲ ਸਾਹਿਬ ਨੂੰ ਸਮਰਪਿਤ ਕੀਤੀ ਹੋਈ ਸੀ।

-----

ਮੁੱਖ-ਬੰਦ ਬੜਾ ਰੌਚਕ ਲੱਗਿਆ ਤੇ ਮੈਂ ਗ਼ਜ਼ਲਾਂ ਟਾਈਪ ਕਰਕੇ ਰੁਝੇਵਿਆਂ ਅਤੇ ਸਿਹਤ ਨਾਸਾਜ਼ ਹੋਣ ਕਰਕੇ ਫੇਰ ਭੁੱਲ ਗਈ ਕਿ ਦਰਦ ਸਾਹਿਬ ਦੀਆਂ ਲਿਖਤਾਂ ਵੀ ਆਰਸੀ ਚ ਸ਼ਾਮਿਲ ਕਰਨੀਆਂ ਨੇ। ਕੱਲ੍ਹ ਅਚਾਨਕ ਇਹ ਲੇਖ ਅਤੇ ਗ਼ਜ਼ਲਾਂ ਦੁਬਾਰਾ ਲੱਭ ਪਈਆਂ ਤਾਂ ਸੋਚਿਆ ਕਿਉਂ ਨਾ ਉਹਨਾਂ ਦੀ ਖ਼ੂਬਸੂਰਤ ਸ਼ਾਇਰੀ ਸਭ ਨਾਲ਼ ਆਰਸੀ ਤੇ ਸਾਂਝੀ ਕੀਤੀ ਜਾਏ। ਉਹ ਇਸ ਫ਼ਾਨੀ ਦੁਨੀਆਂ ਵਿਚ ਨਹੀਂ ਰਹੇ। ਅੱਜ ਆਰਸੀ ਪਰਿਵਾਰ ਵੱਲੋਂ ਉਹਨਾਂ ਦੀ ਕਲਮ ਨੂੰ ਸਲਾਮ ਕਰਦੇ ਹੋਇਆਂ, ਆਪਾਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਤੇ ਚਾਰ ਕਤੇਅ ਸ਼ਾਮਿਲ ਕਰ ਰਹੇ ਹਾਂ। ਬਾਕੀ ਆਉਂਣ ਵਾਲ਼ੇ ਦਿਨਾਂ ਚ ਸਾਂਝੀਆਂ ਕਰਦੇ ਰਹਾਂਗੇ। ਦਰਦ ਸਾਹਿਬ ਦੇ ਇੱਕ ਖ਼ੂਬਸੂਰਤ ਸ਼ਿਅਰ ਨਾਲ਼ ਸਭ ਦਾ ਬੇਹੱਦ ਸ਼ੁਕਰੀਆ....

ਯੂੰ ਤਸੱਲੀ ਦੇ ਰਹੇ ਹੈਂ, ਹਮ ਦਿਲ-ਏ-ਬੀਮਾਰ ਕੋ।

ਥਾਮਤਾ ਹੈ ਜੈਸੇ ਕੋਈ ਗਿਰਤੀ ਹੁਈ ਦੀਵਾਰ ਕੋ।

ਅਦਬ ਸਹਿਤ

ਤਨਦੀਪ ਤਮੰਨਾ

********

ਗ਼ਜ਼ਲ

ਨਾ ਗੁਲ ਬਾਕੀ ਨਾ ਗੁਲ ਕਾ ਬਾਂਕਪਨ ਜਬ ਤੁਮ ਨਹੀਂ ਹੋਤੇ।

ਨਜ਼ਰ ਆਤਾ ਹੈ ਵੀਰਾਂ ਹਰ ਚਮਨ ਜਬ ਤੁਮ ਨਹੀਂ ਹੋਤੇ।

-----

ਬਹਾਰੇਂ ਰਕਸ਼ ਕਰਤੀ ਹੈਂ ਜਬ ਤੁਮ ਪਾਸ ਹੋਤੇ ਹੋ,

ਲਗਾਤੇ ਹੈਂ ਗਲੇ ਹਮ ਰੰਜ-ਓ-ਗ਼ਮ ਜਬ ਤੁਮ ਨਹੀਂ ਹੋਤੇ।

-----

ਗ਼ਮ ਆਲੂਦਾ ਕਲੀ ਮਾਯੂਸ ਗੁਲ ਅਫਸੁਰਦਾ ਹਰ ਗੁੰਚਾ,

ਬਦਲ ਜਾਤੀ ਹੈ ਤਕ਼ਦੀਰ-ਏ-ਚਮਨ ਜਬ ਤੁਮ ਨਹੀਂ ਹੋਤੇ।

-----

ਮੈਂ ਜਿਤਨਾ ਭਾਗਤਾ ਹੂੰ ਔਰ ਮੇਰੇ ਪਾਸ ਆਤੀ ਹੈ,

ਤਮੰਨਾ-ਏ-ਤਲਾਸ਼-ਏ-ਬਦਨ ਜਬ ਤੁਮ ਨਹੀਂ ਹੋਤੇ।

-----

ਝੁਲਸ ਦੇਤਾ ਹੈ ਅਹਿਸਾਸ-ਏ-ਵਫ਼ਾ ਕੋ ਦਰਦ ਫੁਰਕਤ1 ਕਾ,

ਮੇਰੀ ਆਗ਼ੋਸ਼ ਮੇਂ ਜਲਵਾਫ਼ਗਨ2 ਜਬ ਤੁਮ ਨਹੀਂ ਹੋਤੇ।

*******

ਗ਼ਜ਼ਲ

ਮੇਰੇ ਦਰਦ ਕੇ ਆਲਮ ਕਾ ਹੈ ਵੋ ਹਾਲ ਜਿਸ ਆਲਮ ਮੇਂ,

ਲਬੋਂ ਪੇ ਆਹ ਔਰ ਸੀਨੇ ਮੇਂ ਦਮ ਨਹੀਂ ਰਹਿਤਾ।

-----

ਮੇਰੀ ਸੂਰਤ ਸੇ ਕੁਛ ਅੰਦਾਜ਼ਾ-ਏ-ਗ਼ਮ ਹੋ ਸਕੇ ਤੋ ਹੋ,

ਵਫ਼ੂਰ-ਏ-ਗ਼ਮ3 ਮੇਂ ਤੋਂ ਅਹਿਸਾਸ-ਏ-ਗ਼ਮ ਬਾਕੀ ਨਹੀਂ ਰਹਿਤਾ।

------

ਇਤਨਾ ਹਸਾਸ4 ਹੂੰ ਗ਼ਮ-ਏ-ਦੁਨੀਆਂ ਮੇਂ ਸਭ ਕੁਛ ਭੂਲੇ ਜਾਤਾ ਹੂੰ,

ਤੇਰਾ ਅਹਿਸਾਨ ਭੀ ਤੇਰੀ ਕਸਮ ਬਾਕੀ ਨਹੀਂ ਰਹਿਤਾ।

-----

ਇਸ਼ਕ਼ ਹਾਸਿਲ-ਏ-ਨਵੱਬਤ5 ਹੈ ਜੋ ਉਸ ਵਕ਼ਤ ਮਿਲਤੀ ਹੈ,

ਜਬ ਤੇਰੇ ਔਰ ਮੇਰੇ ਕਾ ਭਰਮ ਬਾਕੀ ਨਹੀਂ ਰਹਿਤਾ।

*********

ਚਾਰ ਕਤੇਅ

1) ਜੋ ਪਹਿਲੂ ਮੇਂ ਦਿਲ ਕੋ ਸੰਭਾਲੇ ਹੁਏ ਹੈਂ।

ਤੇਰੀ ਬਜ਼ਮ ਸੇ ਹੀ ਨਿਕਲੇ ਹੁਏ ਹੈਂ।

ਗਰਦਿਸ਼-ਏ-ਦੌਰਾਂ ਨੇ ਹਮਕੋ ਸਹਾਰਾ ਦੀਆ ਹੈ,

ਗ਼ਮ-ਏ-ਜ਼ਿੰਦਗੀ ਕੇ ਹਮ ਪਾਲੇ ਹੁਏ ਹੈਂ।

-----

2) ਤਾਜ਼ਗੀ ਬਖ਼ਸ਼ ਕਿ ਜ਼ਿੰਦਗੀ ਕਰ ਲੂੰ।

ਦਿਲਬਰੀ ਬਖ਼ਸ਼ ਕਿ ਬੰਦਗੀ ਕਰ ਲੂੰ।

ਪਾਕੀਜ਼ਗੀ ਬਖ਼ਸ਼ ਗੁਨਾਹੋਂ ਸੇ ਹੋ ਤੌਬਾ,

ਤੇਰੇ ਰਾਹ ਪੇ ਬਸਰ ਜ਼ਿੰਦਗੀ ਕਰ ਲੂੰ।

-----

3) ਗ਼ਰਜ਼ ਨਹੀਂ ਅਪਨੇ ਬੇਗਾਨੇ ਸੇ।

ਮਤਲਬ ਹੈ ਅਪਨੇ ਆਸ਼ਿਆਨੇ ਸੇ।

ਨਾ ਪੀਨੇ ਸੇ ਔਰ ਨਾ ਪਿਲਾਨੇ ਸੇ।

ਨਾ ਕਾਅਬੇ ਸੇ ਔਰ ਨਾ ਮੈਖ਼ਾਨੇ ਸੇ।

ਦਰਦ ਜਬ ਹਦ ਸੇ ਗੁਜ਼ਰ ਜਾਏ,

ਲਿਪਟ ਕਰ ਰੋਤਾ ਹੂੰ ਆਸਤਾਨੇ6 ਸੇ।

-----

4) ਔਰਤ ਕਭੀ ਆਂਸੂਓਂ ਸੇ ਲਿਪਟਕਰ ਸੋਤੀ ਹੈ।

ਕਭੀ ਤਨਹਾਈ ਮੇਂ ਘੁਟ ਕਰ ਰੋਤੀ ਹੈ।

ਗ਼ਮ ਕੇ ਆਲਮ ਮੇਂ, ਤੇਰੇ ਪਾਸ ਕੋਈ ਨਹੀਂ ਹੋਤਾ,

ਤੁਝਮੇਂ ਛੁਪੀ ਔਰਤ ਤੇਰੇ ਸਾਥ ਹੋਤੀ ਹੈ।

********

ਔਖੇ ਸ਼ਬਦਾਂ ਦੇ ਅਰਥ - ਫੁਰਕਤ1 ਵਿਛੋੜਾ, ਜਲਵਾਫ਼ਗਨ2 ਹਾਜ਼ਿਰ, ਵਫ਼ੂਰ-ਏ-ਗ਼ਮ3 ਹੱਦ ਤੋਂ ਜ਼ਿਆਦਾ ਗ਼ਮ, ਹਸਾਸ4 ਜਜ਼ਬਾਤੀ, ਹਾਸਿਲ-ਏ-ਨਵੱਬਤ5 ਪੈਗੰਬਰੀ ਦਾ ਨਿਚੋੜ, ਆਸਤਾਨੇ6 ਨਸ਼ੇਮਨ, ਘਰ

*********

ਗ਼ਜ਼ਲਾਂ ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ ਹਰਭਜਨ ਮਾਂਗਟ, ਸਰੀ, ਕੈਨੇਡਾ


ਗੁਰਚਰਨ ਸਿੰਘ ਚਮਨ - ਗ਼ਜ਼ਲ

ਸਾਹਿਤਕ ਨਾਮ: ਗੁਰਚਰਨ ਸਿੰਘ ਚਮਨ

ਜਨਮ: 1939 ਪਾਕਿਸਤਾਨ।

ਅਜੋਕਾ ਨਿਵਾਸ: ਜਲੰਧਰ ( ਪੰਜਾਬ)

ਪ੍ਰਕਾਸ਼ਿਤ ਕਿਤਾਬਾਂ: ਕਾਫ਼ਿਲਾ ਚਲਦਾ ਰਿਹਾ ( 1988), ਦੁਨੀਆਂ ਰੰਗ ਰੰਗੀਲੀ ਸਫ਼ਰਨਾਮਾ ( 1996), ਦੁਨੀਆਂ ਮੇਂ ਸਭ ਚੋਰ ਚੋਰ - ਵਿਅੰਗ ( 1998) ਪ੍ਰਕਾਸ਼ਿਤ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ ਉਹਨਾਂ ਦੀਆਂ ਰਚਨਾਵਾਂ ਦੋ ਆਡੀਓ ਕੈਸਟਾਂ ਦੇ ਰੂਪ ਵਿਚ ਵੀ ਰਿਕਾਰਡ ਹੋ ਚੁੱਕੀਆਂ ਹਨ।

-----

ਦੋਸਤੋ! ਅੱਜ ਗੁਰਚਰਨ ਸਿੰਘ ਚਮਨ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਰਚਨਾਵਾਂ ਆਰਸੀ ਲਈ ਭੇਜੀਆਂ ਹਨ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਆਰਸੀ ਦੀ ਅਦਬੀ ਮਹਿਫ਼ਲ ਖ਼ੁਸ਼ਆਮਦੀਦ ਆਖਦੀ ਹੋਈ, ਅੱਜ ਇੱਕ ਗ਼ਜ਼ਲ ਅਤੇ ਇੱਕ ਨਜ਼ਮ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੇ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

********

ਗ਼ਜ਼ਲ

ਸੁਣੀ ਡੁਗ-ਡੁਗੀ ਤਾਂ ਬੜਾ ਸ਼ੋਰ ਮੱਚਿਆ,

ਮਦਾਰੀ, ਮਦਾਰੀ, ਤਮਾਸ਼ਾ, ਤਮਾਸ਼ਾ।

ਜੋ ਸਾਨੂੰ ਬਣਾਂਦੀ ਸੀ ਆਪੂੰ ਬਣੀ ਹੁਣ,

ਇਹ ਦੁਨੀਆਂ ਹੀ ਸਾਰੀ ਤਮਾਸ਼ਾ-ਤਮਾਸ਼ਾ।

-----

ਅਜੇ ਯਾਦ ਮੈਨੂੰ ਉਹ ਛੁਪਣਾ ਛੁਪਾਣਾ,

ਚਿੜੀ ਦੀ ਤੇ ਕਾਂ ਦੀ ਕਹਾਣੀ ਸੁਨਾਣਾ।

ਬਣਾਇਆ ਹੈ ਬਚਪਨ ਨੇ ਦਾਦੇ ਨੂੰ ਘੋੜਾ,

ਤੇ ਪੋਤਾ-ਸਵਾਰੀ, ਤਮਾਸ਼ਾ-ਤਮਾਸ਼ਾ।

-----

ਸਦਾ ਤੋਂ ਹਾਂ ਤੇਰੇ, ਰਹਾਂਗੇ ਵੀ ਤੇਰੇ,

ਨਹੀਂ ਭੇਤ ਕੋਈ ਨ ਤੇਰੇ ਨ ਮੇਰੇ।

ਤੂੰ ਦਿਲ ਵਿਚ ਬਿਠਾਈਂ ਨ ਜੱਗ ਨੂੰ ਸੁਣਾਈਂ,

ਬਣਾਈਂ ਨਾ ਯਾਰੀ, ਤਮਾਸ਼ਾ-ਤਮਾਸ਼ਾ।

-----

ਨਹੀਂ ਪਿਆਰ ਆਉਂਦਾ, ਨ ਨਫ਼ਰਤ ਹੀ ਹੁੰਦੀ,

ਕਿਵੇਂ ਦਾ ਤੂੰ ਦਿੱਤਾ, ਨਵਾਂ ਪਿਆਰ ਸਾਨੂੰ।

ਨਹੀਂ ਬੋਲ ਹੁੰਦਾ, ਨ ਚੁੱਪ ਹੀ ਰਹਾਂ ਮੈਂ,

ਇਹ ਜਿੰਦੂ ਵਿਚਾਰੀ, ਤਮਾਸ਼ਾ-ਤਮਾਸ਼ਾ।

-----

ਹੈ ਇਕੋ ਹੀ ਧਰਤੀ ਤੇ ਇਕੋ ਖ਼ਲਾਅ ਹੈ

ਐ ਬੰਦੇ! ਤੂੰ ਅਡਰੀ ਕਿਉਂ ਡਫ਼ਲੀ ਵਜਾਈ।

ਖ਼ੁਦਾ ਦੀ ਖ਼ੁਦਾਈ, ਦੁਹਾਈ-ਦੁਹਾਈ,

ਹੈ ਕੀਤੀ ਤੂੰ ਸਾਰੀ, ਤਮਾਸ਼ਾ-ਤਮਾਸ਼ਾ।

-----

ਇਹ ਬੰਦਾ ਹੀ ਬੰਦੇ ਤੇ ਬੱਸ਼ਕ ਹੈ ਭਾਰੂ

ਮਗਰ ਫਿਰ ਵੀ ਬੰਦਾ ਹੈ ਬੰਦੇ ਦਾ ਦਾਰੂ।

ਚਮਨ ਇਹ ਬਹਾਰਾਂ ਖ਼ਿਜ਼ਾਵਾਂ ਇਹ ਰੁੱਤਾਂ,

ਇਹੀ ਖੇਡ ਸਾਰੀ, ਤਮਾਸ਼ਾ-ਤਮਾਸ਼ਾ।

=====

ਬੇਗਾਨਗੀ

ਨਜ਼ਮ

ਤੂੰ ਜੋ ਕੁਛ ਵੀ

ਮੇਰੇ ਨਾਲ਼ ਕਰ ਰਿਹਾ ਹੈਂ

ਇਹ ਤੂੰ ਨਹੀਂ ਕੋਈ ਹੋਰ ਹੈ!

ਦੇ ਦੇ ਕੇ ਮਨ ਨੂੰ ਤਸੱਲੀਆਂ

ਮੈਂ ਆਪਣੇ ਜ਼ਖ਼ਮ ਸੀਂਦਾ ਹਾਂ।

ਹੁਦਾਰੀ ਲੈ ਕੇ ਜ਼ਿੰਦਗੀ

ਦਿਨ ਗਿਣ ਗਿਣ ਕੇ ਜੀਂਦਾ ਹਾਂ।

ਦੇਖਣਾ ਹਾਂ ਚਾਹੁੰਦਾ

ਤੇਰੇ ਬਦਲੇ ਹੋਏ ਤਿਉਰ

ਤੇਰਾ ਚਿਹਰਾ ਜੋ ਰੋਜ਼ ਤਕਦਾ ਹਾਂ

ਅਸਲੀ ਨਹੀਂ

ਕਿਸੇ ਗ਼ੈਰ ਦਾ ਮੁਖੌਟਾ ਹੈ।

.............

ਤੂੰ ਦੁਸ਼ਮਣ ਹੁੰਦਾ

ਮੇਰਾ ਦੋ-ਟੁਕ ਫ਼ੈਸਲਾ ਹੁੰਦਾ।

ਕਾਸ਼! ਇਸ ਤਰ੍ਹਾਂ ਹੀ ਹੁੰਦਾ।

ਮੇਰੇ ਖ਼ਿਆਲਾਂ ਦੀ ਸੂਝ

ਦੁਮੇਲ਼ ਤੇ ਖੜ੍ਹੀ ਨਾ ਰਹਿੰਦੀ

ਤੂੰ ਜੇ ਕੁਛ ਹੋਰ ਨਹੀਂ ਤਾਂ

ਉਹ ਕੁਛ ਜ਼ਰੂਰ ਹੈਂ

ਜਿਸ ਨੂੰ ਨਾ ਕੁਛ

ਕਹਿਣ ਨੂੰ ਜੀ ਕਰਦਾ

ਜੀਹਦੇ ਸਾਮ੍ਹਣੇ ਵੀ

ਨਾ ਰਹਿਣ ਨੂੰ ਜੀ ਕਰਦਾ।

..............

ਤੇਰੇ ਤੇ ਮੇਰੇ ਵਿਚਕਾਰ

ਫ਼ਾਸਲਾ ਵਧਦਾ ਜਾ ਰਿਹਾ ਹੈ

ਬੇਗਾਨਗੀ ਦਾ ਅਹਿਸਾਸ

ਚੜ੍ਹਦਾ ਜਾ ਰਿਹਾ ਹੈ।

ਬੱਸ! ਇਸੇ ਉਮੀਦ ਤੇ ਜ਼ਿੰਦਾ ਹਾਂ

ਕਿ ਤੂੰ ਉਹ ਨਹੀਂ

ਜੋ ਨਜ਼ਰ ਆ ਰਿਹਾ ਹੈਂ

ਇਹ ਜੋ ਕੁਛ

ਮੇਰੇ ਨਾਲ਼ ਕਰ ਰਿਹਾ ਹੈਂ

ਇਹ ਤੂੰ ਨਹੀਂ ਕੋਈ ਹੋਰ ਹੈ।

Thursday, November 26, 2009

ਹਰਚੰਦ ਸਿੰਘ ਬਾਗੜੀ - ਨਜ਼ਮ

ਮਾਏ ਨੀ ਮੁੜ ਸਾਡੇ ਹਿੱਸੇ

ਨਜ਼ਮ

ਮਾਏ ਨੀ ਮੁੜ ਸਾਡੇ ਹਿੱਸੇ ਆਈ ਏ ਰੁੱਤ ਮਾੜੀ।

ਲਹਿਣੇਦਾਰਾਂ ਸੌਣੀ ਸਾਂਭੀ ਗੜਿਆਂ ਮਾਰੀ ਹਾੜ੍ਹੀ।

ਬੀਜ ਸਿਰਾਂ ਦੇ ਖੇਤੀਂ ਬੀਜੇ ਖ਼ੂਨ ਰਗਾਂ ਚੋਂ ਪਾਇਆ,

ਫਲ਼ ਪੱਕੇ ਤਾਂ ਸਾਡੇ ਹਿੱਸੇ ਆਈ ਨਾ ਇਕ ਫਾੜੀ।

-----

ਅਸੀਂ ਤਾਂ ਉਹ ਖੇਤ ਨੀ ਮਾਏ ਜੋ ਵਾੜਾਂ ਖ਼ੁਦ ਖਾਧੇ,

ਸਾਡੀ ਹਰ ਤਬਾਹੀ ਉੱਤੇ ਸਾਡਿਆਂ ਮਾਰੀ ਤਾੜੀ।

ਨਾ ਬਿਜਲੀ ਨਾ ਡੀਜ਼ਲ ਮਾਏ ਨਹਿਰਾਂ ਸਾਥੋਂ ਰੁੱਸੀਆਂ,

ਦਰਿਆਵਾਂ ਦੇ ਹੁੰਦਿਆਂ ਸੁੰਦਿਆਂ ਫ਼ਸਲ ਸੋਕਿਆਂ ਸਾੜੀ।

-----

ਕਰਜ਼ੇ ਦੀ ਪੰਡ ਬਾਬਲ ਮੇਰਾ ਵੀਰ ਦੇ ਸਿਰ ਧਰ ਮੋਇਆ,

ਇਕ ਤਾਂ ਇਸਦੀ ਉਮਰ ਨਿਆਣੀ ਇਕ ਭੈੜੀ ਇਹ ਭਾਰੀ।

ਦੁਨੀਆਂ ਦੀ ਹਰ ਅੱਖ ਪਰਖ ਸਕੇ ਨਾ ਕੀ ਅਸਲੀ ਕੀ ਨਕਲੀ?

ਅੱਜ ਹਿਰਨੀ ਦਾ ਕਰੇ ਜਣੇਪਾ ਖ਼ੁਦ ਭੁੱਖੀ ਬਘਿਆੜੀ।

-----

ਜੀਵਨ ਦੇ ਸਾਰੇ ਹੱਕ ਖੋਹ ਕੇ ਵੀਰਾ ਬੇ-ਹੱਕ ਕਰਿਆ,

ਹੱਕ ਮੰਗੇ ਤਾਂ ਕਹਿ ਅੱਤਵਾਦੀ ਫ਼ੌਜ ਓਸ ਤੇ ਚਾੜ੍ਹੀ।

ਚੰਦ ਵਰਗਾ ਇਕ ਵੀਰਨ ਮੇਰਾ ਸ਼ਹਿਰ ਗਿਆ ਨਾ ਮੁੜਿਆ,

ਮਹਿੰਦੀ ਰੰਗੇ ਹੱਥਾਂ ਵਾਲ਼ੀ ਘਰ ਉਡੀਕੇ ਨਾਰੀ।

ਅੰਮ੍ਰਿਤ ਦੀਵਾਨਾ - ਨਜ਼ਮ

ਪਾਰਲੀਮੈਂਟ

ਨਜ਼ਮ

ਮਨ ਦੀ ਪਾਰਲੀਮੈਂਟ

ਸਦਾ ਸ਼ੋਰ ਸ਼ਰਾਬਾ ਰਹਿੰਦਾ ਹੈ

ਕਦੇ ਨਾਅਰੇਬਾਜ਼ੀ ਕਰਦੇ ਹਨ

ਬੀਤੇ ਦੇ ਪਰਛਾਵੇਂ

ਤੇ ਕਦੇ ਮੇਰੇ ਸੁਪਨੇ

ਵਾਕ ਆਊਟ ਕਰ ਜਾਂਦੇ ਹਨ

..........

ਵਿਰੋਧੀ ਧਿਰ ਦੀ ਨੇਤਾ ਮੇਰੀ ਭਾਵੁਕਤਾ

ਰੋਜ਼ ਉਠਾਉਂਦੀ ਹੈ, ਢਹਿ ਗਈ

ਮੇਰੇ ਕਾਸ਼ਨੀ ਚਾਵਾਂ ਦੀ ਮਸਜਿਦ ਦਾ ਮਾਮਲਾ

ਤੇ ਕਦੇ ਮੇਰੇ ਅੰਦਰ ਹੋ ਰਹੇ

ਦੰਗੇ ਫ਼ਸਾਦਾਂ ਦਾ ਮਸਲਾ

ਮੇਰੇ ਲੱਖ ਸਪੱਸ਼ਟੀਕਰਣ ਦੇਣ ਤੇ ਵੀ

ਉਹ ਕਰਦੀ ਹੈ ਨਾ ਸੰਤੁਸ਼ਟੀ ਦਾ ਪ੍ਰਗਟਾਵਾ

ਨਿੱਤ ਹੁੰਦੇ ਧਮਾਕਿਆਂ ਤੋਂ ਪੀੜਤ ਰੂਹ ਦੇ ਜ਼ਖ਼ਮ

ਹੋ ਹੱਲਾ ਮਚਾਉਂਦੇ

ਹਾਊਸ ਦੇ ਵਿਚਕਾਰ ਆ ਜਾਂਦੇ ਹਨ

ਤੇ ਖ਼ਿਲਾਅ ਮੇਰੇ ਖ਼ਿਲਾਫ਼ ਅਕਸਰ

ਪੇਸ਼ ਕਰਦਾ ਹੈ ਮਰਿਯਾਦਾ ਨੋਟਿਸ

..............

ਇਸ ਹੰਗਾਮਿਆਂ ਦੇ ਭਰੇ ਮਾਹੌਲ ਚ ਮੈਂ ਬੇਬਸ ਹਾਂ

ਕਿ ਕੋਈ ਇਕ ਵੀ ਮਤਾ ਮੈਂ ਆਪਣੇ ਹੱਕ

ਜ਼ੁਬਾਨੀ ਵੋਟ ਰਾਹੀਂ ਪਾਸ ਕਰ ਸਕਾਂ

ਤੇ ਨਾ ਹੀ ਮੇਰੇ ਪਾਸ ਹੈ ਅਜਿਹਾ ਕੋਈ ਮਾਰਸ਼ਲ

ਜੋ ਮੇਰੀਆਂ ਤਲਖ਼ੀਆਂ, ਬੇਚੈਨੀਆਂ, ਟੁੱਟ-ਭੱਜ, ਪ੍ਰੇਸ਼ਾਨੀਆਂ

ਨੂੰ ਚੁੱਕ ਕੇ ਬਾਹਰ ਸੁੱਟ ਦੇਵੇ

ਹਾਊਸ ਜੋ ਅੱਧੀ ਰਾਤ ਨੂੰ ਜੁੜਦਾ ਹੈ

ਪਤਾ ਨਹੀਂ ਕਦ ਨੀਂਦ ਦੀ ਬਿੜਕ ਸੁਣ

ਅਗਲੀ ਰਾਤ ਤੱਕ ਉੱਠ ਜਾਂਦਾ ਹੈ...!

Wednesday, November 25, 2009

ਅਸ਼ਰਫ਼ ਗਿੱਲ - ਗ਼ਜ਼ਲ

ਗ਼ਜ਼ਲ

ਤੇਰੀ ਨਜ਼ਰ ਦਾ ਮੈਨੂੰ, ਜੇ ਆਸਰਾ ਨਾ ਹੁੰਦਾ।

ਦਿਲ ਵਿਚ ਮੇਰੇ ਬਗ਼ਾਵਤ, ਦਾ ਹੌਸਲਾ ਨਾ ਹੁੰਦਾ।

-----

ਮੇਰੀ ਤਰ੍ਹਾਂ ਜੇ ਉਹਦੇ, ਦਿਲ ਵਿਚ ਵੀ ਖ਼ਾਰ ਹੁੰਦੀ,

ਹਰ ਥਾਂ ਉਹਦੀ ਖ਼ੁਸ਼ਾਮਦ, ਇੱਜ਼ਤ ਤੇ ਚਾਅ ਨਾ ਹੁੰਦਾ।

-----

ਚਰਚਾ ਕਦੋਂ ਕਿਸੇ ਦਾ, ਹੋਣਾ ਸੀ ਇਸ ਜਹਾਨ ਵਿਚ,

ਜੇਕਰ ਵਫ਼ਾ ਦੇ ਅੰਦਰ, ਕੋਈ ਫ਼ਨਾਹ ਨਾ ਹੁੰਦਾ।

-----

ਮੇਰੇ ਇਰਾਦਿਆਂ ਵਿਚ, ਭੋਰਾ ਨਾ ਹੁੰਦੀ ਹਲਚਲ,

ਜੇ ਤੇਰੇ ਜਜ਼ਬਿਆਂ ਵਿਚ, ਗਰਮੀ ਤੇ ਤਾਅ ਨਾ ਹੁੰਦਾ।

-----

ਮੈਂ ਜਾਣਦਾ ਜੇ ਉਹਨੇ, ਸਭ ਤੋੜਨੇ ਨੇ ਵਾਅਦੇ,

ਉਸਨੂੰ ਮੈਂ ਦਿਲ ਨਾ ਦੇਂਦਾ, ਉਸ ਤੇ ਫ਼ਿਦਾ ਨਾ ਹੁੰਦਾ।

-----

ਤੇਰੇ ਬਗ਼ੈਰ ਹਾਲੀ, ਲੋੜਾਂ ਦਾ ਸਾਹ ਰੁਕੇਂਦੈ,

ਵਰਨਾ ਵਜੂਦ ਤੇਰਾ, ਗਹੁ ਗੋਚਰਾ ਨਾ ਹੁੰਦਾ।

-----

ਹਿੱਸੇ ਚੋਂ ਮੇਰੇ ਲੋਕੀ, ਖ਼ੁਸ਼ੀਆਂ ਧਰੂਹ ਲੈਂਦੇ,

ਦਾਤਾ ਜੇ ਹਰ ਕਿਸੇ ਦਾ, ਇਕੋ ਖ਼ੁਦਾ ਨਾ ਹੁੰਦਾ।

-----

ਮੈਥੋਂ ਲਿਖੀ ਨਾ ਜਾਂਦੀ, ਮਜ਼ਲੂਮ ਦੀ ਕਹਾਣੀ,

ਮੰਜ਼ਰ ਜਹਾਂ ਦਾ ਜੇਕਰ, ਕਰਬਲ1 ਜਿਹਾ ਨਾ ਹੁੰਦਾ।

-----

ਜੀਵਨ ਦੀ ਕੋਈ ਖ਼ਾਹਸ਼, ਹੁੰਦੀ ਨਾ ਮੈਨੂੰ ਅਸ਼ਰਫ਼,

ਧੜਕਣ ਚ ਮਿਰੀ ਜੇਕਰ, ਤੂੰ ਧੜਕਦਾ ਨਾ ਹੁੰਦਾ।

******

ਔਖੇ ਸ਼ਬਦਾਂ ਦੇ ਅਰਥ - ਕਰਬਲ 1 ਅਮਾਨ ਹੁਸੈਨ ਦੀ ਸ਼ਹੀਦੀ ਦਾ ਸਥਾਨ

ਹਰਬੰਸ ਮਾਛੀਵਾੜਾ - ਗ਼ਜ਼ਲ

ਗ਼ਜ਼ਲ

ਭਾਵੇਂ ਰੁਕ-ਰੁਕ ਵਗਦਾ ਜਾਪੇ ਅਜਕਲ੍ਹ ਸਾਹਾਂ ਦਾ ਦਰਿਆ।

ਪੂਰੇ ਵੇਗ ਚ ਵਗਦੈ ਫਿਰ ਵੀ ਹਰ ਪਲ ਭਾਵਾਂ ਦਾ ਦਰਿਆ।

------

ਪਿਆਸ ਦੇ ਹੱਥੋਂ ਆਤੁਰ ਜਾਪੇ ਹੁਣ ਤਾਂ ਖ਼ੁਦ ਇਸ ਦੀ ਹੀ ਰੇਤ,

ਵੇਲ਼ਾ ਸੀ ਭਰਕੇ ਵਗਦਾ ਸੀ ਚੰਚਲ ਖ਼ਾਬਾਂ ਦਾ ਦਰਿਆ।

-----

ਗਲ਼ ਗਲ਼ ਤੀਕਰ ਡੁੱਬੇ ਜਾਪਣ ਮੈਨੂੰ ਤਾਂ ਇਸ ਅੰਦਰ ਸਭ,

ਗਲ਼ ਗਲ਼ ਤੀਕ ਪੁੱਜਿਆ ਜਾਪੇ ਸਭ ਦੇ ਫ਼ਿਕਰਾਂ ਦਾ ਦਰਿਆ।

------

ਜੇਕਰ ਆਪਾਂ ਸਾਹਵੇਂ ਅਜਕਲ੍ਹ ਰੋਕਾਂ, ਕੰਧਾਂ ਨੇ ਤਾਂ ਕੀ,

ਜਜ਼ਬੇ ਤਾਂ ਰਲ਼ ਬਹਿੰਦੇ ਹੀ ਨੇ ਤਰ ਕੇ ਵਾਵਾਂ ਦਾ ਦਰਿਆ।

-----

ਐ ਨ੍ਹੇਰੇ ਤੇ ਠਾਰੀ ਤੋਂ ਪੀੜਤ ਵਾਦੀ ਕੁਝ ਜਿਗਰਾ ਕਰ,

ਬਸ ਆਇਆ ਹੀ ਆਇਆ ਤੇਰੇ ਦਰ ਤੇ ਕਿਰਨਾਂ ਦਾ ਦਰਿਆ।

------

ਹੁਣ ਵੀ ਲਗਭਗ ਉੱਚਾ ਜਾਪੇ ਸਭ ਦੇ ਸੀਮਤ ਸਾਧਨ ਤੋਂ,

ਵੇਖੋ ਦਮ ਲੈਂਦਾ ਹੈ ਕਿੰਨਾਂ ਚੜ੍ਹ ਕੇ ਲੋੜਾਂ ਦਾ ਦਰਿਆ।

-----

ਲਹਿਰਾਂ ਕਰਵਟ ਲੈ ਲੈ ਉੱਠਣ ਰੂਪ ਵਟਾ ਕੇ ਸ਼ਿਅਰਾਂ ਦਾ,

ਭਰ ਭਰ ਵਗਦਾ ਜਾਪੇ ਫਿਰ ਅਜ ਸੂਖ਼ਮ ਸੋਚਾਂ ਦਾ ਦਰਿਆ।

------

ਵੇਖੋ ਹੁਣ ਹਰਬੰਸ ਨੂੰ ਕਿਹੜੇ ਤਣ ਪੱਤਣ ਤੇ ਲਾਉਂਦਾ ਹੈ,

ਲੈ ਤਾਂ ਚੱਲਿਐ ਨਾਲ਼ ਵਹਾ ਕੇ ਬੇਬਸ ਅਸ਼ਕਾਂ ਦਾ ਦਰਿਆ।


Tuesday, November 24, 2009

ਅਜਾਇਬ ਚਿਤ੍ਰਕਾਰ - ਨਜ਼ਮ

ਜਨੂੰਨ ਦਾ ਬੂਟਾ

ਨਜ਼ਮ

ਲੱਗ ਪਿੱਛੇ ਮੈਂ ਦੁਨੀਆਂ ਦੇ

ਕਿੰਨੀ ਵਾਰ

ਏਸ ਨੂੰ ਪੁੱਟਿਆ

ਜਿੰਨੀ ਵਾਰ ਉਖਾੜ ਕੇ ਜੜ੍ਹ ਤੋਂ

ਦੂਰ ਕਿਧਰੇ

ਮੈਂ ਏਸ ਨੂੰ ਸੁੱਟਿਆ

ਓਨਾਂ ਜ਼ਿਆਦਾ

ਇਹ ਹੋਰ ਫੁੱਟ ਆਇਆ

ਓਨਾਂ ਜ਼ਿਆਦਾ

ਇਹ ਹੋਰ ਫਲ਼ ਆਇਆ

ਦਿਲ ਦੀ ਭੌਂ ਤੇ ਜਨੂੰਨ ਦਾ ਬੂਟਾ।

................

ਦਿਲ ਦੀ ਭੌਂ ਤੇ ਜਨੂੰਨ ਦਾ ਬੂਟਾ

ਪੁੱਟ ਹੋਇਆ ਨਾ ਪੁੱਟ ਹੋਇਆ ਮੈਥੋਂ

ਏਸ ਭੌਂ ਦਾ

ਤੇ ਏਸ ਬੂਟੇ ਦਾ

ਰਿਸ਼ਤਾ ਇਕ ਹੈ ਅਟੁੱਟ ਏਦਾਂ ਦਾ

ਜਿੱਦਾਂ ਨਹੁੰ ਦਾ

ਤੇ ਮਾਸ ਦਾ ਰਿਸ਼ਤਾ

ਜਿੱਦਾਂ ਤਨ ਦਾ, ਸੁਆਸ ਦਾ ਰਿਸ਼ਤਾ

ਜਿੱਦਾਂ ਫੁੱਲ ਦਾ ਤੇ ਬਾਸ ਦਾ ਰਿਸ਼ਤਾ।

...............

ਕਿੰਨਾ ਭਾਰੀ

ਗੁਨਾਹ ਮੈਂ ਕੀਤਾ

ਵਾਰੀ-ਵਾਰੀ ਜੋ ਪੁੱਟਿਆ ਇਸਨੂੰ

ਪੁੱਟ ਕਿਧਰੇ ਜੋ ਸੁੱਟਿਆ ਇਸਨੂੰ

ਫੁੱਲ ਪੈਂਦੇ ਨੇ

ਏਸ ਨੂੰ ਫ਼ਨ ਦੇ

ਸਾਰੇ ਮੌਸਮ ਬਹਾਰ ਦੇ ਮੌਸਮ

ਹੁੰਦੇ ਇਸ ਦੀ ਨੇ ਹੋਂਦ ਦੇ ਸਦਕੇ।

ਫੁੱਟੇ, ਫੁੱਲੇ,

ਫਲ਼ੇ ਹਮੇਸ਼ਾ ਇਹ

ਦਿਲ ਦੀ ਭੌਂ ਤੇ ਜਨੂੰਨ ਦਾ ਬੂਟਾ

ਮੇਰੇ ਆਪਣੇ ਹੀ ਖ਼ੂਨ ਦਾ ਬੂਟਾ।