ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਕੇਹਰ ਸ਼ਰੀਫ਼. Show all posts
Showing posts with label ਕੇਹਰ ਸ਼ਰੀਫ਼. Show all posts

Tuesday, February 2, 2010

ਕੇਹਰ ਸ਼ਰੀਫ਼ - ਨਜ਼ਮ

ਗੀਤ ਦੀ ਹੂਕ

ਨਜ਼ਮ

ਨਫ਼ਰਤ ਦੀ ਅੱਗ ਦੇ ਅੰਗਿਆਰੇ

ਸਾਡੇ ਵਿਹੜੇ ਪੈਣ

ਧਰਤੀ ਦੀ ਕੁੱਖ ਲਾਵਾ ਉਗਲ਼ੇ

ਹਰ ਪਲ ਪਾਵੇ ਵੈਣ ।

...........

ਅਗਨੀ ਮਹਿਜ਼ ਭੁਲੇਖਾ ਹੋ ਗਈ

ਜਿੰਦ ਬਣੀ ਕਲਬੂਤ

ਵਕਤ ਦੇ ਮੋਢੇ ਸੂਲ਼ੀ ਟੰਗੀ

ਮੱਥੇ ਵਿਚ ਤਾਬੂਤ ।

.............

ਪਿੰਡ ਮੇਰੇ ਦੀਆਂ ਗਲ਼ੀਆਂ ਅੰਦਰ

ਰਾਤੀਂ ਭੌਂਕਣ ਕੁੱਤੇ

ਕੰਨੀਉਂ ਪਾਟੀਆਂ ਚਿੱਠੀਆਂ ਆਵਣ

ਰੋਈਏ ਸੋਗ ਵਿਗੁੱਤੇ ।

..............

ਬੁੱਲ੍ਹ ਹਿਲਦੇ ਪਰ ਬੋਲ ਨਾ ਨਿਕਲ਼ੇ

ਸਾਡੇ ਮੂੰਹੋਂ ਕੋਈ

ਪਿੰਡ ਦੇ ਬਾਹਰ ਬਸੀਂਵਿਉਂ ਹੋ ਗਏ

ਇਹ ਅਨਹੋਣੀ ਹੋਈ ।

..............

ਹੁਣ ਤਾਂ ਦੇਖ ਉਦਾਸੀ ਵਾਲੇ

ਲੰਮੇ ਹੋਏ ਪ੍ਰਛਾਵੇਂ

ਪਿੰਡ ਦੀਆਂ ਜੂਹਾਂ ਸੁਪਨਾ ਬਣਕੇ

ਘੁੰਮਣ ਅੱਖਾਂ ਸਾਹਵੇਂ।

................

ਪੈਣ ਜਦੋਂ ਪੱਛੋਂ ਦੀਆਂ ਕਣੀਆਂ

ਤਨ, ਮਨ ਨਾ ਮਹਿਕਾਵੇ

ਨਾ ਕਿਧਰੇ ਕੋਈ ਕੋਇਲ ਬੋਲੇ

ਮੋਰ ਨਾ ਪੈਲਾਂ ਪਾਵੇ ।

.................

ਹਰ ਪਲ ਨੱਚਦਾ ਹਰ ਪਲ ਗਾਉਂਦਾ

ਫੇਰ ਵੀ ਤਾਲ ਅਧੂਰੇ

ਜਿੰਦ ਸੋਨੇ ਦੀ ਕਿੱਲੀ ਟੰਗਕੇ

ਭਰਮ ਪਾਲ਼ੀਏ ਪੂਰੇ ।

.................

ਨਾ ਅੰਬੀਆਂ ਦੀ ਮਹਿਕ ਸੰਧੂਰੀ

ਨਾ ਹੀ ਦੇਸ ਦੁਆਬਾ

ਬੱਚਿਆਂ ਲਈ ਹਟਕੋਰੇ ਬਣ ਗਏ

ਆਪਣੇ ਦਾਦੀ , ਬਾਬਾ ।

................

ਤਿੜਕੀਆਂ ਸੋਚਾਂ ’ਤੇ ਲੱਖ ਪਰਦੇ

ਪੂਰੇ ਲੱਭਣ ਟਾਵੇਂ

ਗ਼ਮ ਦੀ ਬੁੱਕਲ਼ ਮਾਰੀ ਬੈਠੇ

ਲੋਕੀ ਨੇ ਹਰ ਥਾਵੇਂ ।

................

ਕਿੰਝ ਜੀਊਂਦੇ ਹਾਂ ਕੋਲ਼ ਪਰਾਇਆਂ

ਪੱਲੇ ਬੰਨ੍ਹ ਉਦਾਸੀ

ਏਥੇ ਜੀਵੀਏ , ਏਥੇ 'ਈ ਮਰੀਏ

ਪਰ ਰਹੀਏ ਪਰਵਾਸੀ ।

...............

ਕਾਲ਼ੇ ਸਮਿਆਂ ਦੀ ਨਗਰੀ ਵਿਚ

ਦਿਨ ਵੀ ਜਾਪੇ ਰਾਤ

ਮਨ ਵਿਚ ਵਸਦੀ ਹਾੜ੍ਹ ਦੀ ਗਰਮੀ

ਨੈਣਾਂ ਵਿਚ ਬਰਸਾਤ ।

.................

ਪਿੰਡ ਬੇਗਾਨੇ ਕੀ ਐ ਚੰਗਾ

ਜਲ਼ੇ ਜੀਊਂਦਾ ਮਾਸ

ਫੁੱਲ ਵਰਗੀ ਜਿੰਦ ਸੁਹਲ ਸੜ ਗਈ

ਫਿਰੇ ਤੜਪਦੀ ਆਸ ।

Wednesday, July 8, 2009

ਕੇਹਰ ਸ਼ਰੀਫ਼ - ਨਜ਼ਮ

ਭੱਖੜਾ

ਨਜ਼ਮ

ਭਰਿਆਂ ਸ਼ਹਿਰਾਂ ਦੀ ਵੀਰਾਨਗੀ

ਚੁਭਦੀ ਐ ਭੱਖੜੇ ਵਾਂਗ

ਤੁਰੀ ਜਾਂਦੀ ਭੀੜ ਦਾ ਰੌਲ਼ਾ ਵੀ

ਚੁੱਪ ਵਰਗਾ ਹੀ ਲਗਦਾ ਹੈ ।

ਅੰਦਰ ਉਬਲਣ ਲੱਗ ਪੈਂਦਾ ਹੈ

ਸਾਰੇ ਦਾ ਸਾਰਾ

ਲਾਵੇ ਵਾਂਗ

ਜ਼ਿਹਨ ਘੁੰਮ ਜਾਂਦਾ ਹੈ

ਭੰਬੀਰੀ ਵਾਂਗ

ਅੰਦਰੋਂ ਉਠਦਾ ਹੈ

ਗ਼ਮ ਦੇ ਵਰੋਲ਼ੇ ਵਰਗਾ ਕੁੱਝ ।

...................

ਇਸ ਘੁੰਮਣਘੇਰੀ ਵਿਚ

ਸਾਡੇ ਨੰਗੇ ਪਿੰਡੇ ’ਤੇ ਉੱਗ ਆਏ

ਸਲੂਣੇ ਹੰਝ ਵਿਚੋਂ

ਪ੍ਰਗਟ ਹੋ ਜਾਂਦਾ ਹੈ

ਦੂਰ ਦਿਸਦੀ-ਅਣਦਿਸਦੀ

ਯਾਦ ਦਾ ਖੁੱਲ੍ਹਾ ਮੈਦਾਨ....

ਜਿਸ ’ਤੇ ਉਭਰ ਆਉਂਦੇ ਹਨ

ਕੱਚ-ਕੁਆਰੇ ਮਰ ਗਏ ਸੁਪਨੇ

ਅਤੇ ਖ਼ਾਮੋਸ਼ ਹੋਏ

ਟੱਲੀ ਵਾਂਗ ਟਣਕਦੇ ਹਾਸੇ

ਜੀਹਦੇ ਵਿਚ ਟੁੱਟ ਗਈਆਂ

ਘੂਕਦਿਆਂ ਚਰਖਿਆਂ ਦੀਆਂ ਮਾਲ੍ਹਾਂ

ਬਲਦਾਂ ਦੇ ਗਲ਼ਾਂ ਦੀਆਂ ਘੁੰਗਰਾਲ਼ਾਂ

ਮੱਥੇ ਬੰਨ੍ਹੀਆਂ ਕੌਡੀਆਂ ਦੀਆਂ ਮਾਲ਼ਾਂ

.............................

ਘੁਣ ਨੇ ਖਾ ਲਏ ਹਨ...

ਪੰਜਾਲੀ, ਮੁਠੀਏ ’ਤੇ ਅਰਲਾਂ

ਸੁਹਾਗੇ ਦੀ ਪੱਤੀ ਨੂੰ ਖਾ ਗਿਆ ਜੰਗਾਲ

ਵਾਹਣ ਵੀ ਤਦੇ ਸੂਤ ਨਹੀਂ ਆਉਂਦੇ

ਮਾਂ ਦੀਆਂ ਪੇਕਿਆਂ ਤੋਂ ਲਿਆਂਦੀਆਂ

ਸੋਨੇ ਰੰਗੀਆਂ ਹੱਥੀਂ ਕੱਢੀਆਂ ਫੁਲਕਾਰੀਆਂ

ਪਸ਼ੂਆਂ ਦੇ ਸਿਆਲੂ ਝੁੱਲ ਬਣਕੇ

ਕਦੋਂ ਦੀਆਂ ਰਲ਼ ਗਈਆਂ ਹਨ

ਕੂੜੇ ਦੇ ਢੇਰ ਵਿਚ ।

...........................

ਭੈਣਾਂ ਦੀਆਂ ਚਾਵਾਂ ਨਾਲ ਕੱਢੀਆਂ

ਦਸੂਤੀ ਦੀਆਂ ਚਾਦਰਾਂ

ਹੁਣ ! ਸਮੇਂ ਦੇ ਮੇਚ ਨਹੀਂ ਰਹੀਆਂ ।

ਘਰਾਂ ਦੇ ਭੜੋਲੇ, ਗੋਹਲੇ, ਮੂਹੜੇ, ਬੋਹੀਏ ਤੇ ਪੱਖੀਆਂ

ਪਹੁੰਚ ਗਏ ਹਨ

ਸ਼ਹਿਰ ਦੇ ਮਿਊਜ਼ੀਅਮ ਵਿਚ

ਜਿੱਥੇ ਉਨ੍ਹਾਂ ਨੂੰ ਦੇਖਣ ਵਾਸਤੇ

ਸਾਡੇ ਬੱਚਿਆਂ ਨੂੰ

ਦਾਖਲਾ ਫੀਸ ਤਾਰਨੀ ਪੈਂਦੀ ਹੈ

..........................

ਪਤਾ ਨਹੀਂ ਇਹ ਹੀ ਹੁੰਦਾ ਹੈ

ਨਵੇਂ ਯੁੱਗ ਦਾ ਵੱਡਾ ਦਰਵਾਜਾ

ਜਾਂ ਉੱਤਰ-ਆਧੁਨਿਕੀ ‘ਪ੍ਰਵੇਸ਼ ਦੁਆਰ’ ।

ਜਿੱਥੇ ਸੜ ਜਾਂਦੀਆਂ ਹਨ

ਬਾਲ ਮਨਾਂ ਦੀਆਂ ਸੱਧਰਾਂ

ਬਾਬੇ-ਦਾਦੀ ਦੀਆਂ ਸੁਣਾਈਆਂ ਸੱਚੀਆਂ ਕਹਾਣੀਆਂ

ਵੀ ਝੂਠ ਲਗਦੀਆਂ ਹਨ

ਫੇਰ ਸਵਾਲ ਦਰ ਸਵਾਲ ਜੰਮਦੀਆਂ ਹਨ

ਮੱਥੇ ਦੀਆਂ ਤੀਊੜੀਆਂ

ਅਤੇ ਨਵੇਂ ਜੰਮੇ ਸਵਾਲ

ਚੁਭਦੇ ਹਨ, ਭੱਖੜੇ ਵਾਂਗ

ਸਾਡੇ ਮੱਥੇ ਵਿਚ ।


Tuesday, May 26, 2009

ਕੇਹਰ ਸ਼ਰੀਫ਼ - ਨਜ਼ਮ

ਬੇਚੈਨ ਪਰਿੰਦੇ

ਨਜ਼ਮ

ਉਦਾਸ ਸਮਿਆਂ ਦੇ ਬੇਚੈਨ ਪਰਿੰਦੇ

ਸਿਮਰਤੀਆਂ ’ਚ ਅਟਕੀ

ਚੁੱਪ ਦੇ ਅਰਥ ਢੂੰਡਦੇ

ਮਨੁੱਖ ਦੇ ਅੰਦਰਲੇ ਵਿਰੋਧਾਭਾਸ ਰਾਹੀਂ

ਸਮੇਂ ਨੂੰ ਰਾਹ ਦੱਸਦੇ

ਵਿਚਾਰਾਂ / ਵਿਚਾਰਧਾਰਾਵਾਂ ਦੇ ਜੰਗਲ ਵਿਚੋਂ ਲੰਘਦਿਆਂ

ਦਵੰਧ ਭਰਿਆ ਰਸਤਾ ਕੱਟਦੇ ਹੋਏ

ਅਟਕ ਕੇ ਸੋਚਣ ਲਗਦੇ ਹਨ

ਕਿ.....

......................

ਜਦੋਂ ਸਮਾਜੀ ਸਮੂਹਾਂ ਦੀ

ਜੰਮੀ ਬਰਫ਼ ਤਿੜਕਦੀ ਹੈ

ਧੂੰਆਂ ਖਿਲਰਦਾ ਹੈ , ਰੋਹ ਭਰੇ ਬੋਲਾਂ ਦਾ

ਬੋਲ / ਸ਼ਬਦ ਖੜਾਕ ਕਰਦੇ ਹਨ

ਗੂੰਜਦੇ ਹਨ ਚਾਰੇ ਪਾਸੇ

ਲਾਵਾ ਫੁੱਟਦਾ ਹੈ ਹੱਕ ਸੱਚ ਦਾ

ਅਰਥਾਂ ਦੀ ਕਾੜ ਕਾੜ ਹੁੰਦੀ ਹੈ

ਪਰ ਫੇਰ ਵੀ

ਚੁੱਪ ਕਿਉਂ ਨਹੀਂ ਟੁੱਟਦੀ

ਕੀ ਸੁਪਨਿਆਂ ਦੀ ਧਰਤ

ਅਸਲ ਵਿਚ ਪਥਰੀਲੀ ਹੁੰਦੀ ਹੈ?

ਬਗਾਵਤ ਦੇ ਪੈਰੀਂ ਬੇੜੀਆਂ ਹਨ

ਜਾਂ ਫੇਰ ਮਹਿੰਦੀ ਲੱਗੀ ਹੈ?

ਸੁਪਨਾ ਸੱਚ ਕਿਵੇਂ ਹੁੰਦਾ ਹੈ?

................

ਜੰਮਦੇ ਹਨ, ਸਵਾਲ ਦਰ ਸਵਾਲ

ਉਸ ਸੋਚ ਦੀ ਹਲਚਲ – ਮੱਥੇ ਵਿਚ ਬਾਲਦੀ ਹੈ

ਚੇਤਨਾ ਦੀ ਧੂਣੀ

ਜੋ ਸੁਨੇਹਾ ਬਣ ਜਾਂਦੀ ਹੈ

ਕਿਸੇ ਦਿਸਦੀ ਅਣਦਿਸਦੀ ਮੰਜ਼ਿਲ ਦਾ

ਉਦਾਸ ਸਮਿਆਂ ਦੇ ਬੇਚੈਨ ਪਰਿੰਦੇ

ਜਦੋਂ ਵੀ ਉਡਦੇ ਹਨ

ਸੁਪਨੇ ਨੂੰ, ਆਸ ਦੇ ਫੰਗ ਲਾ ਕੇ

ਜ਼ਖ਼ਮੀ ਸੋਚਾਂ ਦੇ ਵਿਹੜੇ ’ਚੋਂ ਨਿਕਲ

ਬੀਤ ਗਏ ਦੇ ਝੋਰਿਆਂ ਦੇ ਝਾੜੇ ਝੰਬੇ

ਅੱਖਾਂ ਵਿਚ ਉੱਤਰ ਆਈ

ਗੁੱਸੇ ਦੀ ਲਾਲ ਡੋਰ ਲੈ ਕੇ

ਵਕਤ ਨਾਲ ਇਕ-ਮਿਕ ਹੋਣ ਵਾਸਤੇ

ਸੁਪਨਿਆਂ ਦੇ ਅੰਬਰ ਨੂੰ

ਟਾਕੀ ਲਾਉਣ ਲਈ

ਉਤਰ ਜਾਂਦੇ ਹਨ.......

ਪਤਾਲ ਦੇ ਧੁਰ ਤੱਕ

ਖਿਲਰ ਜਾਂਦੇ ਹਨ ਪੂਰੇ ਬ੍ਰਹਿਮੰਡ ਅੰਦਰ

ਆਪਣੀ ਦਬ-ਦ੍ਰਿਸ਼ਟੀ ਨਾਲ

ਭਵਿੱਖ ਵਾਲੀ ਡਿਉੜੀ ਦੀ ਸਰਦਲ ਤੇ ਜਾ ਕੇ

ਲੰਘ ਜਾਂਦੇ ਹਨ ਅੰਦਰ,

ਬਿਨ ਦਸਤਕ ਦਿੱਤਿਆਂ

ਅਤੇ ਘੂਰਦੇ ਹਨ ਅਧੂਰੇ ਸੁਪਨਿਆਂ ਨੂੰ

ਨਵੀਂ ਉੱਗ ਆਈ ਸੋਚ ਦੇ ਆਸਰੇ

ਲੋਕਾਂ ਦੇ ਝੁੰਡ ਵਿਚ ਬੈਠਕੇ

ਸਮੇਂ ਸੰਗ ਸੰਵਾਦ ਰਚਾਉਂਦੇ ਹਨ

ਸਮੇਂ ਦੀ ਤੋਰ ਬਦਲਨ ਦਾ ਅਹਿਦ ਲੈਂਦੇ ਹਨ

.....................

ਸਮਾਂ, ਸੰਵਾਦ ਤੇ ਸਲੀਕਾ ਆਪਸ ਵਿਚ ਮਿਲਦੇ ਹਨ

ਧਰਤੀ ਦੇ ਪੈਰੀਂ ਬੱਝੀ ਝਾਂਜਰ ਛਣਕਦੀ ਹੈ

ਆਪਾ ਵਾਰਨ ਦਾ ਸਿਦਕ ਜੰਮਦਾ ਹੈ

ਰਾਤ ਦੇ ਆਖਰੀ ਪਹਿਰ ਦਾ ਪਹੁ-ਫੁਟਾਲਾ

ਲੋਅ ਦਾ ਸਬੱਬ ਬਣ ਜਾਂਦਾ ਹੈ

ਪਰਿੰਦੇ ਚੜ੍ਹਦੇ ਦੀ ਲਾਲੀ ਨੂੰ ’ਵਾਜ ਮਾਰਦੇ ਹਨ

ਆਪਣੇ ਹੀ ਲੋਕਾਂ ਦਾ ਦਰਦ ਮੱਥੇ ਵਿਚ ਰੱਖਕੇ

ਸੋਚ ਤੇ ਜੋਸ਼ ਭਰੀ, ਥਕੇਵੇਂ ਰਹਿਤ

ਲੰਬੀ ਉਡਾਣ ਭਰਦੇ ਹਨ

..................

ਉਦਾਸ ਸਮਿਆਂ ਦੇ ਬੇਚੈਨ ਪਰਿੰਦੇ ਹੀ

ਇਸ ਧਰਤੀ ਦੇ ਪੈਗੰਬਰ ਹੁੰਦੇ ਹਨ।


Friday, January 16, 2009

ਕੇਹਰ ਸ਼ਰੀਫ਼ - ਲੇਖ

ਹੀਣ ਭਾਵਨਾ ਦਾ ਡੰਗ

ਲੇਖ

ਆਮ ਤੌਰ ਤੇ ਘੱਟ ਅਕਲ ਵਾਲੇ ਲੋਕ ਕਿਸੇ ਦੂਜੇ ਨੂੰ ਐਵੇਂ ਹੀ ਠਿੱਠ ਕਰਦਿਆਂ ਆਪਣੀ ਵਡਿਆਈ ਸਮਝਣ ਲੱਗ ਪੈਂਦੇ ਹਨ। ਉਹ ਇਹ ਬਿਲਕੁਲ ਨਹੀਂ ਸੋਚਦੇ ਕਿ ਉਨ੍ਹਾਂ ਵਲੋਂ ਇੰਜ ਕੀਤਿਆਂ ਦੂਜੇ ਦੇ ਮਨ ’ਤੇ ਕੀ ਬੀਤਦੀ ਹੈ? ਸੁਚੇਤ ਹੋ ਕੇ ਨਾ ਸੋਚਣ ਵਾਲੇ ਜਦੋਂ ਕੋਈ ਅਜਿਹੀ ਗੱਲ ਦਿਲ ਨੂੰ ਲਾ ਲੈਂਦੇ ਹਨ ਜਿਸ ਦੀ ਉਨ੍ਹਾਂ ਨੂੰ ਪੂਰੀ ਸਮਝ ਨਾ ਪਈ ਹੋਵੇ ਕਿ ਗੱਲ ਕਰਨ ਵਾਲੇ ਦਾ ਅਸਲ ਇਰਾਦਾ ਕੀ ਸੀ ਤਾਂ ਉਹ ਅੰਦਰੋ-ਅੰਦਰੀਂ ਨਿਘਰਨ ਲੱਗ ਪੈਂਦੇ ਹਨ। ਅਜਿਹੇ ਵਿਅਕਤੀ ਦੇ ਸਵੈਮਾਣ ਨੂੰ ਸੱਟ ਲਗਦੀ ਹੈ ਸਿੱਟੇ ਵਜੋਂ ਉਸਦੀ ਮਾਨਸਿਕਤਾ ਜ਼ਖ਼ਮੀ ਹੋਣ ਲੱਗ ਪੈਂਦੀ ਹੈ। ਸਵੈ-ਵਿਸ਼ਵਾਸ ਗੁਆਚਣ ਲਗਦਾ ਹੈ। ਭਾਵ ਕਿ ਉਸ ਮਨੁੱਖ ਦੀ ਸ਼ਖ਼ਸੀਅਤ ਨੂੰ ਖੋਰਾ ਲੱਗਣ ਲੱਗ ਪੈਂਦਾ ਹੈ ਮਨ ਤਣਾਉ ਦੇ ਰੋਗ ਦੀ ਪੀੜ ਸਹਿੰਦਾ ਹੈ ਜਿਸ ਨਾਲ ਉਹ ਐਵੇਂ ਹੀ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ।

ਅਜਿਹੇ ਲੋਕ ਵੀ ਮਿਲਦੇ ਹਨ ਜਿਨ੍ਹਾਂ ਨੂੰ ਜ਼ਿੰਦਗੀ ਦੇ ਸਫ਼ਰ ਨੇ ਸਖ਼ਤ ਮਿਹਨਤ ਦੇ ਰਾਹੇ ਪਾਇਆ ਹੁੰਦਾ ਹੈ ਅਤੇ ਅਜਿਹੇ ਦ੍ਰਿੜਤਾ ਭਰੇ ਆਪਣੇ ਅਨੁਭਵ ਜਾਂ ਤਜ਼ੁਰਬੇ ਵਿਚੋਂ ਹੀ ਉਨ੍ਹਾਂ ਨੇ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖਿਆ ਹੁੰਦਾ ਹੈ ਅਤੇ ਸੱਚ ਦਾ ਰਾਹ ਫੜਿਆ ਹੁੰਦਾ ਹੈ। ਅਜਿਹੇ ਲੋਕ ਜਦੋਂ ਵੀ ਕਿਸੇ ਕੰਮ ਨੂੰ ਹੱਥ ਪਾਉਂਦੇ ਹਨ ਤਾਂ ਨਿਸ਼ਾਨਾ ਮਿੱਥ ਕੇ ਸਹੀ ਸੇਧ ਨਾਲ ਤੁਰਨ ਲਗਦੇ ਹਨ। ਦਿਸ਼ਾ ਸਹੀ ਹੋਵੇ ਤਾਂ ਦਸ਼ਾ ਬਦਲਣ ਲਈ ਘੋਲ਼ ਦਾ ਰਾਹ ਸੌਖਾ ਕੀਤਾ ਜਾ ਸਕਦਾ ਹੈ। ਕਈ ਵਾਰ ਹਾਲਤ ਹੀ ਅਜਿਹੇ ਕਠੋਰ ਹੁੰਦੇ ਹਨ ਕਿ ਉਹ ਮਿੱਥੇ ਨਿਸ਼ਾਨੇ ਵਿਚ ਸਫ਼ਲ ਨਹੀਂ ਹੁੰਦੇ। ਪਰ ਇਸ ਦਾ ਮਤਲਬ ਇਹ ਤਾਂ ਨਹੀਂ ਹੋਇਆ ਕਿ ਉਹ ਹਾਰ ਮੰਨ ਲੈਣ। ਸਫਲ ਨਾ ਹੋਣ ਦੇ ਬਾਵਜੂਦ ਵੀ ਉਹ ਅਸਫ਼ਲਤਾ ਨੂੰ ਪ੍ਰਵਾਨ ਨਹੀਂ ਕਰਦੇ । ਹੀਣ ਭਾਵਨਾ ਨੂੰ ਨੇੜੇ ਨਹੀਂ ਫਟਕਣ ਦਿੰਦੇ। ਅਜਿਹੀ ਸਥਿਤੀ ਵਿਚ ਉਹ ਫੇਰ ਮੁੱਢੋਂ ਆਪਣਾ ਘੋਲ਼ ਸ਼ੁਰੂ ਕਰਦੇ ਹਨ। ਨਵੇਂ ਖ਼ਿਆਲ, ਨਵੇਂ ਹੋਸ਼ ਤੇ ਨਵੇਂ ਜੋਸ਼ ਨਾਲ ਪੈਰੋ-ਪੈਰ ਅੱਗੇ ਵਧਦੇ ਹਨ। ਹਾਰ ਨਾ ਮੰਨਣਾ ਹੀ ਉਨ੍ਹਾਂ ਦੀ ਹੀਣ ਭਾਵਨਾ ’ਤੇ ਜਿੱਤ ਹੁੰਦੀ ਹੈ। ਇਹੋ ਸਥਿਤੀ ਹੀ ਮਨੁੱਖ ਨੂੰ ਤਣਾਉ ਮੁਕਤ ਕਰਨ ਦਾ ਸੁਚੱਜਾ ਕਾਰਜ ਕਰਦੀ ਹੈ। ਆਪਣੇ ਆਪ ਤੋਂ ਬੇਗਾਨੇ ਨਾ ਹੋਣ ਵਾਲੀ ਹਾਂਅ ਪੱਖੀ ਸੋਚ ਹੀ ਮਨੁੱਖ ਲਈ ਸਫ਼ਲਤਾ ਪ੍ਰਾਪਤੀ ਵਾਸਤੇ ਪ੍ਰੇਰਨਾ ਸ਼ਕਤੀ ਬਣਦੀ ਹੈ। ਉਂਜ ਵੀ ਦੋ-ਚਿੱਤੀ ਵਾਲਾ ਮਨੁੱਖ ਕਦੋਂ ਪਾਰ ਲੰਘਿਆ ਹੈ?

ਅੱਜ ਦਾ ਸਮਾਜ ਪੈਸੇ ਵਾਲੇ ਨੂੰ ਝੁਕ ਕੇ ਸਲਾਮ ਕਰਦਾ ਹੈ। ਇੱਥੇ ਗਰੀਬ ਨੂੰ ਇਮਾਨਦਾਰ ਤੇ ਸੂਝਵਾਨ ਹੋਣ ਦੇ ਬਾਵਜੂਦ ਵੀ ਬਹੁਤਾ ਇੱਜਤ-ਮਾਣ ਨਹੀਂ ਦਿੱਤਾ ਜਾਂਦਾ। ‘ਲਾਲੋ’ ਨੂੰ ਹਰ ਥਾਵੇਂ ਦੁਰਕਾਰਿਆ ਜਾ ਰਿਹਾ ਹੈ। ਪਰ ਜਦੋਂ ਕੋਈ ਗਰੀਬ ਕਿਸੇ ਅਮੀਰ ਨੂੰ ਉਹਦੀ ਅਮੀਰੀ ਦਾ ਭੇਤ/ਰਾਜ਼ ਪੁੱਛ ਲਵੇ ਤਾਂ ਅਜਿਹੇ ਢੁੱਠ ਵਾਲੇ ਅਮੀਰਜ਼ਾਦੇ ਨੂੰ ਉੱਥੋਂ ਭੱਜਣ ਦਾ ਰਾਹ ਨਹੀਂ ਲੱਭਦਾ, ਅਜਿਹੇ ਸਮੇਂ ਧਰਤੀ ਉਹਨੂੰ ਗਰਕਣ ਲਈ ਥਾਂ ਨਹੀਂ ਦਿੰਦੀ। ਜਵਾਬ ਦੇਣ ਜੋਗਾ ਉਹ ਹੁੰਦਾ ਹੀ ਨਹੀਂ। ਉਹਨੂੰ ਖੁਦ ਨੂੰ ਤਾਂ ਪਤਾ ਹੀ ਹੁੰਦਾ ਹੈ ਕਿ ਇਹ ਮਾਇਆ (ਅਮੀਰੀ) ਕਿਹੜੇ ‘ਮਹਾਰਾਜ’ ਨੇ ‘ਕਿਹੜੇ ਰਸਤੇ’ ਘੱਲੀ ਐ? ਬਾਬਾ ਨਾਨਕ ਦਾ ਕਥਨ ਝੂਠਾ ਕਰਨ ਜੋਗੇ ਅਜੇ ਉਹ ਹੋਏ ਨਹੀਂ ਉਹ ਕਥਨ ਅਜੇ ਵੀ ਸੱਚ ਐ ਕਿ :

ਪਾਪਾਂ ਬਾਝਹੁ ਹੋਇ ਨਾਹਿ ਮੋਇਆਂ ਸਾਥ ਨਾ ਜਾਈ......

ਇਸ ਦੁਨੀਆਂ ਵਿਚ ਕੌਣ ਚਾਹੁੰਦਾ ਹੈ ਕਿ ਉਹਨੂੰ ਗਰੀਬੀ ਮਿਲੇ? ਸਾਡਾ ਸਮਾਜਕ ਤੇ ਆਰਥਕ ਢਾਂਚਾ ਹੀ ਇਹੋ ਜਿਹਾ ਹੈ ਕਿ ਜਿੱਥੇ ਕਿਸੇ ਮਾਇਆਧਾਰੀ, ਜਗੀਰਦਾਰ ਤੇ ਕਾਰਖਾਨੇਦਾਰ ਦਾ ਨਲ਼ੀ-ਚੋਚੋ ਜਿਹਾ ‘ਸਾਹਿਬਜ਼ਾਦਾ’ ਜਿਸ ਨੂੰ ਇੱਲ੍ਹ ਤੇ ਕੋਕੋ ਦੇ ਫ਼ਰਕ ਦਾ ਵੀ ਪਤਾ ਨਹੀਂ ਹੁੰਦਾ, ਸੌ ਤੱਕ ਗਿਣਤੀ ਵੀ ਟੁੱਟ-ਭੱਜ ਕੇ ਹੀ ਆਉਂਦੀ ਹੁੰਦੀ ਐ ਉਹਨੂੰ ਹੀ ਗਰਜਾਂ ਬੱਝੇ ਲੋਕ ‘ਛੋਟਾ ਸਰਦਾਰ’, ‘ਛੋਟਾ ਚੌਧਰੀ’, ‘ਨਿੱਕਾ ਮੀਆਂ’ ਆਦਿ ਆਖ ਕੇ ਵਡਿਆਈ ਕਰਦੇ ਹਨ। ਭਲਾਂ ਕਿਉਂ? ਕਿਉਂਕਿ ਪਿਉ ਦੀ ਜਾਇਦਾਦ ਉਹਦੇ ਨਾਂ ਨਾਲ ਕਲਗੀ ਲਾ ਦਿੰਦੀ ਐ ਅਤੇ ਗਰਦਨ ਵਿਚ ਆਕੜ ਤੇ ਘੁਮੰਡ ਦਾ ਕਿੱਲ ਠੋਕ ਦਿੰਦੀ ਹੈ। ਗਰੀਬ ਦੇ ਪੁੱਤਰ ਦਾ ਕਿੱਡਾ ਵੱਡਾ ਨਾਮ ਹੋਵੇ ਆਪਣੇ ਆਪ ਨੂੰ ਵੱਡੇ ਅਖਵਾਉਣ ਵਾਲੇ ਲੋਕ ਉਹਨੂੰ ਅੱਧਾ ਕਰਨ ਦੀ ਜ਼ਿੱਦ ਫੜ ਲੈਣਗੇ। ਇਸ ਸਬੰਧ ਵਿਚ ਪੁਰਾਣੀ ਕਹਾਵਤ ਅਜੇ ਵੀ ਸੱਚ ਐ ਕਿ ਪਰਸੂ, ਪਰਸਾ, ਪਰਸ ਰਾਮ। ਵਿਚਾਰੇ ਲੋਕ। ਸਮਾਜ ਦੇ ਆਰਥਕ ਢਾਂਚੇ ਵਿਚਲੀਆਂ ਚੋਰ ਮੋਰੀਆਂ ਵਿਚੀਂ ਲੰਘ ਕੇ ਘਟੀਆ/ਨੀਚ ਸੋਚਣੀ ਵਾਲਾ ਬੰਦਾ ਵੀ ਜਦੋਂ ‘ਵੱਡਾ’ (ਦਰਅਸਲ ਅਜਿਹੇ ਬੰਦੇ ਕਦੇ ਵੀ ਵੱਡੇ ਮਨੁੱਖ ਨਹੀਂ ਬਣਦੇ ਸਿਰਫ ਉਰਲ-ਪਰਲ ਕਰਕੇ ਪੈਸੇ ਇਕੱਠੇ ਕਰ ਲੈਂਦੇ ਹਨ) ਹੋ ਜਾਂਦਾ ਹੈ ਤਾਂ ਦੂਜਿਆਂ ਨੂੰ ਆਪਣੇ ਆਪ ਤੋਂ ਹੀਣੇ ਦੱਸਣ ਲੱਗ ਪੈਂਦਾ ਹੈ। ਕਿਸੇ ਦੂਸਰੇ ਵਾਸਤੇ ਇਹ ਜ਼ਹਿਰੀ ਡੰਗ ਹੋ ਜਾਂਦਾ ਹੈ। ਉਸਦੇ ਦਿਲ-ਦਿਮਾਗ ਉੱਤੇ ਇਸ ਦਾ ਭੈੜਾ ਅਸਰ ਹੁੰਦਾ ਹੈ। ਇਹ ਸਮਾਜੀ, ਆਰਥਕ ਢਾਂਚੇ ਤੇ ਕਾਬਜ ਸ਼ੈਤਾਨ ਬਿਰਤੀ ਵਾਲਿਆਂ ਵਲੋਂ ਆਪਣਾ ਭਾਰ/ਦੁੱਖ ਘੱਟ ਕਰਨ ਦੇ ਨੁਸਖੇ ਤਹਿਤ ਆਮ ਮਨੁੱਖ ਦੇ ਮੋਢੇ ਧਰਿਆ ਕੋਝਾ ‘ਸਰਾਪ’ ਹੁੰਦਾ ਹੈ। ਗਰੀਬ ਨੂੰ ਆਪਣੀ ਗਰੀਬੀ ’ਤੇ ਝੂਰਨ ਦੀ ਥਾਵੇਂ ਇਹਦੇ ਕਾਰਨਾਂ ਨੂੰ ਜਾਨਣ ਦੀ ਤੇ ਉਨ੍ਹਾਂ ਦੇ ਖਾਤਮੇ ਦੀ ਸਬੀਲ ਸੋਚਣੀ, ਬਣਾਉਂਣੀ ਚਾਹੀਦੀ ਹੈ। ਆਪਣੇ ਵਰਗੇ ਹੋਰ ਲੋਕਾਂ ਨਾਲ ਰਲ਼ ਕੇ ਸਾਂਝੇ ਉਪਰਾਲਿਆਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਤਾਂ ਕਿ ਉਹ ਆਪਣੇ ਗਰੀਬ ਹੋਣ ਵਾਲੀ ਹੀਣ ਭਾਵਨਾ ਤੋਂ ਛੁਟਕਾਰਾ ਪਾ ਸਕੇ। ਕਿਸੇ ਵਲੋਂ ਆਪੇ ਘੜੀ ਕਹੀ ਜਾਂਦੀ ‘ਵਿਧ-ਮਾਤਾ’ ਵਲੋਂ ਲਿਖੀਆਂ ਹੱਥਾਂ ਦੀਆਂ ਲਕੀਰਾਂ ਵਾਲਾ ਝੂਠਾ ‘ਫਲਸਫਾ’ ਨਕਾਰਿਆ ਜਾਣਾ ਵੀ ਬਹੁਤ ਜ਼ਰੂਰੀ ਹੈ। ਜ਼ਿੰਦਗੀ ਦੀ ਸਫਲਤਾ ਵਲ ਜਾਣ ਵਾਲਾ, ਭਰਪੂਰ ਤੇ ਸੁਹਣੀ-ਸੁਚੱਜੀ ਜ਼ਿੰਦਗੀ ਜੀਊਣ ਦਾ ਇਹ ਵੀ ਇਕ ਰਾਹ ਹੈ। ਲੋੜ, ਜਿਗਰੇ ਨਾਲ ਇਸ ’ਤੇ ਪੈਰ ਧਰ ਕੇ ਲਗਾਤਾਰ ਅੱਗੇ ਵਧਣ ਦੀ ਹੈ।

ਭਾਰਤੀ ਸਮਾਜ ਅੰਦਰ ਸਿਰੇ ਦਾ ਨਸਲਵਾਦ ਸਦੀਆਂ ਤੋਂ ਪਲ ਰਿਹਾ ਹੈ। ਜਾਤ-ਪਾਤ ਸਮਾਜੀ ਕੋਹੜ ਹੈ। ਮਨੁੱਖਾਂ ਵਿਚ ਦਲੀਲ ਰਹਿਤ ਵੰਡੀਆਂ ਪਾਉਣ ਵਾਲਾ। ਜਿੱਥੇ ਅਖੌਤੀ ਉੱਚੀਆਂ ਜਾਤਾਂ ਵਾਲੇ ਅਖੌਤੀ ਨੀਵੀਆਂ ਜਾਤਾਂ ਨੂੰ ਆਪਣੇ ਆਪ ਤੋਂ ਹੀਣਾਂ ਅਤੇ ਘਟੀਆਂ ਸਮਝਦੇ ਹਨ। ਇਸ ਮਿਣਤੀ ਦਾ ਗਜ਼ ਉਨ੍ਹਾਂ ਨੇ ਭਲਾ ਕਿੱਥੋਂ ਲਿਆ? ਕੋਈ ਨਹੀਂ ਜਾਣਦਾ। ਜਾਤ-ਪਾਤ ਦੀ ਘੋਖ ਕੀਤੀ ਜਾਵੇ ਤਾਂ ਸਰ਼ਮਿੰਦਗੀ ਉਪਜਦੀ ਹੈ। ਆਪਣੇ ਆਪ ਨੂੰ ਉੱਚੀ ਜਾਤ ਕਹਾਉਣ ਵਾਲੇ ਬ੍ਰਾਹਮਣਾਂ ਵਿਚ ਹੀ ਨੌਤੀ ਸੌ ‘ਕਿਸਮਾਂ’ ਦੇ ਬ੍ਰਾਹਮਣ ਪਾਏ ਜਾਂਦੇ ਹਨ। ਉਨ੍ਹਾਂ ਵਿਚੋਂ ਕਈ ਦੂਜਿਆਂ ਨੂੰ ਆਪਣੇ ਆਪ ਤੋਂ ਘਟੀਆ ਸਮਝਦੇ ਹਨ। ਕੀ ਇਹ ਜ਼ਰੂਰੀ ਹੈ ਕਿ ਬ੍ਰਾਹਮਣ ਦੇ ਘਰ ਜੰਮਿਆਂ ਬੱਚਾ ਕਿਸੇ ਛੋਟੀ ਕਹੀ ਜਾਂਦੀ ਜਾਤ ਦੇ ਬੱਚੇ ਨਾਲੋਂ ਹੁਸ਼ਿਆਰ ਤੇ ਅਕਲਮੰਦ ਹੋਵੇਗਾ? ਇਹ ਦਲੀਲ ਦੇ ਸਿਰ ਵਿਚ ਬੇ-ਅਕਲੀ ਦਾ ਸੋਟਾ ਮਾਰਨ ਵਾਲੀ ਗੱਲ ਨਹੀਂ ਤਾਂ ਹੋਰ ਕੀ ਹੈ? ਕਿਸੇ ਛੋਟੀ ਕਹੀ ਜਾਂਦੀ ਜਾਤ ਵਿਚ ਜਨਮ ਲੈਣ ਵਾਲੇ ਬੱਚੇ ਨੂੰ ਵੱਡੇ ਹੁੰਦਿਆਂ ਆਪਣੇ ਅੰਦਰ ਅਜਿਹੀ ਹੀਣ ਭਾਵਨਾ ਪੈਦਾ ਕਰਨ ਦੀ ਕੀ ਲੋੜ ਹੈ? ਲੋੜ ਹੈ ਤਾਂ ਆਪਣੀ ਸਿਆਣਪ ਨਾਲ ਅੱਗੇ ਵਧਦਿਆਂ ਮਨੁੱਖਾਂ ਅੰਦਰ ਵੰਡੀਆਂ ਪਾਉਣ ਵਾਲੇ ਸਮਾਜਿਕ ਢਾਂਚੇ ਨੂੰ ਤੋੜਨ ਦੀ ਅਤੇ ਉਸਨੂੰ ਬਲ ਬਖਸ਼ਦੇ ਰਾਜਨੀਤਕ ਅਤੇ ਆਰਥਕ ਪ੍ਰਬੰਧ ਦੇ ਖ਼ਿਲਾਫ਼ ਬੇਕਿਰਕ ਲੜਾਈ ਲੜਨ ਦੀ।

ਸਮਾਜੀ, ਸਿਆਸੀ ਅਤੇ ਆਰਥਕ ਵਿਤਕਰੇ ਅਧੀਨ ਹੀਣ ਭਾਵਨਾ ਹੰਢਾਉਂਦੇ ਲੋਕਾਂ ਨੂੰ ਲੋੜ ਹੈ ਸ਼ੈਤਾਨਾਂ ਦੇ ਲੁੱਟ ਅਧਾਰਤ ਸਿਰਜੇ ਹੋਏ ਸਰਮਾਏਦਾਰੀ ਪ੍ਰਬੰਧ ਅਤੇ ਉਸਨੂੰ ਹੱਕਣ (ਚਲਾਉਂਣ) ਵਾਲੇ ਛਟੇ ਹੋਏ ਹਾਕਮਾਂ ਤੇ ਉਨ੍ਹਾਂ ਦੇ ਅਫਸਰਸ਼ਾਹਾਂ ਨੂੰ ਨੰਗਿਆਂ ਕਰਨ ਦੀ ਤਾਂ ਕਿ ਲੋਕ ਇਸ ਅਸਲੀਅਤ ਨੂੰ ਜਾਣ ਸਕਣ। ਧਰਮਾਂ ਵਾਲੇ ਵੀ ਝੂਠ ਨੂੰ ‘ਦਲੀਲ’ ਬਣਾ ਕੇ ਇਹਨੂੰ ਮਨੁੱਖ ਦੇ ਕਰਮਾਂ ਦਾ ਫਲ ਆਖ ਕੇ ਸਿੱਧੀ ਗੱਲ ਨੂੰ ਵੀ ਗੋਲ਼-ਮੋਲ਼ ਕਰਕੇ ਸਿਰਫ ਆਪਣੇ ਹਲਵੇ-ਮੰਡੇ ਦੀ ਪੂਰਤੀ ਦੇ ਲੋਭ ਵਿਚ ਇਸ ਸ਼ੈਤਾਨੀ ਪ੍ਰਬੰਧ ਦੀ ਭਰਪੂਰ ਸੇਵਾ ਕਰਦੇ ਹਨ। ਸਿਆਸਤਦਾਨ ਇਸ ਬਾਂਦਰ ਵੰਡ ਨੂੰ ਕਾਇਮ ਰੱਖਣ ਵਿਚ ਸਹਾਈ ਹੁੰਦੇ ਹਨ। ਆਪਣੀਆਂ ਕੋਝੀਆਂ ਗਰਜ਼ਾਂ ਖਾਤਰ ਉਹ ਵੀ ਇਸ ਹੀਣ ਭਾਵਨਾ ਦੇ ਡੰਗ ਨਾਲ ਸਮਾਜ ਦੇ ਲਤਾੜੇ ਜਾ ਰਹੇ ਵਰਗਾਂ ਨੂੰ ਵਾਰ ਵਾਰ ਜ਼ਖ਼ਮੀ ਵੀ ਕਰਦੇ ਹਨ ਅਤੇ ਨਾਲ ਹੀ ਆਪਣੇ ਆਪ ਨੂੰ ਉਨ੍ਹਾਂ ਦੇ ਹਮਦਰਦ ਬਣਾ ਕੇ ਪੇਸ਼ ਕਰਦੇ ਹਨ। ਸ਼ਾਇਦ ਇਸੇ ਕਰਮ ਨੂੰ ਹੀ ਚਲਿੱਤਰ ਆਖਿਆ ਜਾਂਦਾ ਹੈ।

ਜ਼ਮਾਨਾ ਬਹੁਤ ਅੱਗੇ ਵਧ ਗਿਆ ਹੈ, ਸਮਾਂ ਲਗਾਤਾਰ ਤੁਰ ਰਿਹਾ ਹੈ। ਸੁਚੱਜੀ ਸੋਚ ਦੇ ਮਾਲਕਾਂ ਨੂੰ ਬੌਨੀ ਸੋਚ ਦਾ ਖਹਿੜਾ ਛੱਡ ਕੇ ਪੂਰੇ-ਸੂਰੇ ਮਨੁੱਖ ਬਣਨ ਦਾ ਜਤਨ ਕਰਨਾ ਪਵੇਗਾ। ਹਰ ਵਿਤਕਰੇ ਨੂੰ ਲਲਕਾਰਨਾ ਪਵੇਗਾ ਤਾਂ ਕਿ ਇਹ ਲਲਕਾਰ ਇਕ ਰਾਹ ਬਣਕੇ ਲੁੱਟ, ਵਿਤਕਰਿਆ ਅਤੇ ਵੰਡਾਂ ਤੋਂ ਮੁਕਤ ਸਮਾਜ ਦੀ ਸਿਰਜਣਾ ਵਲ ਵਧ ਸਕੇ ਜਿੱਥੇ ਕਿਸੇ ਨੂੰ ਵੀ ਆਪਣੇ ਆਪ ਨੂੰ ਹੀਣਾ ਨਾ ਸਮਝਣਾ ਪਵੇ। ਉਹ ਸਮਾਜ ਦਾ ਮਾਣ ਭਰਿਆ ਅੰਗ ਹੋਵੇ ਅਤੇ ਉਸ ਨੂੰ ਸਮਾਜ ਅੰਦਰ ਵਿਚਰਦਿਆਂ ਖੁਸ਼ੀ ਭਰੇ ਪਲਾਂ ਦਾ ਸੰਗ-ਸਾਥ ਨਿਭਾਉਣ ਦਾ ਅਤੇ ਹਰ ਕਿਸੇ ਦੇ ਬਰਾਬਰ ਦਾ ਮੌਕਾ ਮਿਲੇ। ਜਦੋਂ ਕੋਈ ਵੀ ਮਨੁੱਖ ਦੂਜਿਆਂ ਵਲੋਂ ਆਪਣੇ ’ਤੇ ਬਿਨ੍ਹਾ ਕਿਸੇ ਕਾਰਨ ਤੋਂ ਲੱਦਿਆ ਹੀਣ ਭਾਵ ਦਾ ‘ਭਾਰ’ ਤਿਆਗ ਦੇਵੇਗਾ ਤਾਂ ਉਹ ਸਮਾਜ ਅੰਦਰ ਪੂਰੇ ਮਨੁੱਖ ਤੇ ਤੌਰ ’ਤੇ ਵਿਚਰੇਗਾ। ਇਹ ਕਾਰਜ ਔਖਾ ਤਾਂ ਜ਼ਰੂਰ ਹੈ ਪਰ ਅਸੰਭਵ ਨਹੀਂ।

Monday, December 29, 2008

ਕੇਹਰ ਸ਼ਰੀਫ਼ - ਜੀਵਨ-ਚਿੰਤਨ

ਜਿੰਦ ਦਾ ਖੌਅ

ਜੀਵਨ-ਚਿੰਤਨ

ਕਿਸੇ ਵੀ ਇਨਸਾਨ ਵਾਸਤੇ ਜ਼ਿੰਦਗੀ ਤੋਂ ਵੱਧ ਪਿਆਰਾ ਹੋਰ ਕੁੱਝ ਨਹੀਂ ਹੋ ਸਕਦਾ। ‘ਜਾਨ ਨਾਲ ਜਹਾਨ’ ਵਾਲੀ ਕਹਾਵਤ ਇਥੋਂ ਹੀ ਪੈਦਾ ਹੁੰਦੀ ਹੈ। ਇਸ ਕਰਕੇ ਹੀ ਜ਼ਿੰਦਗੀ ਨੂੰ ਜੀਉਂਣ ਦਾ ਚਾਅ ਤੇ ਸੱਧਰ ਮਨ ਵਿਚ ਹੋਣੀ ਬਹੁਤ ਜ਼ਰੂਰੀ ਹੈ। ਜੇ ਕਿਸੇ ਮਨ ਵਿਚ ਜੀਊਣ ਦੀ ਸੱਧਰ ਹੀ ਪੈਦਾ ਨਾ ਹੋਵੇ ਤਾਂ ਕਾਹਦਾ ਜੀਊਣ? ਰੋਣ-ਧੋਣ ਵਾਲੀ ਜ਼ਿੰਦਗੀ ਵਿਚੋਂ ਵੀ ਕਦੇ ਕਿਸੇ ਨੇ ਕੁੱਝ ਖੱਟਿਆ? ਜੱਗ ਉੱਤੇ ਆਏ ਹਾਂ ਤਾਂ ਜ਼ਿੰਦਗੀ ਸਾਰਥਿਕ ਅਤੇ ਅਰਥ ਭਰਪੂਰ ਵੀ ਹੋਣੀ ਚਾਹੀਦੀ ਹੈ।

ਅੱਜ ਦੁਨੀਆਂ ਤਕਨੀਕੀ ਤਰੱਕੀ ਦੀ ਸਿਖ਼ਰ ਛੋਹ ਰਹੀ ਹੈ। ਨਵੀਆਂ ਵਿਗਿਆਨਕ ਕਾਢਾਂ ਦੇ ਆਸਰੇ ਅੱਗੇ ਵਧਣ ਦੇ ਦਰ ਖੁੱਲ੍ਹ ਰਹੇ ਹਨ, ਨਵੇਂ ਸੁਖ, ਨਵੇਂ ਰਾਹ ਮਨੁੱਖ ਦੇ ਪੈਰਾਂ ਹੇਠ ਵਿਛ ਰਹੇ ਹਨ। ਇਹ ਮਨੁੱਖੀ ਸੋਚ-ਸੂਝ ਦੀ ਸਰਗਰਮੀ ਅਤੇ ਸਿਰਜਣਾ ਦੇ ਕ੍ਰਿਸ਼ਮੇ ਹਨ। ਇਨ੍ਹਾਂ ਵਲ ਧਿਆਨ ਨਾ ਦੇਣਾ ਆਪਣੇ ਆਪ ਨਾਲ ਬੇ-ਇਨਸਾਫੀ ਕਰਨ ਦੇ ਬਰਾਬਰ ਹੈ। ਪਰ ਇਹ ਵੀ ਸੱਚ ਹੈ ਕਿ ਬਹੁਤ ਸਾਰੇ ਲੋਕ ਇਸ ਨੂੰ ਸਮਝਣ ਤੋਂ ਵੀ ਅਸਮਰਥ ਹਨ। ਅਜਿਹੇ ਲੋਕ ਅੱਗੇ ਵੀ ਨਹੀਂ ਵਧ ਸਕਦੇ। ਇਸ ਕਰਕੇ ਹੀ ਉਹ ਆਪਣੇ ਆਪ ਅਤੇ ਸਮਾਜ ਵਾਸਤੇ ਸੁਖਾਵਾਂ ਮਹੌਲ ਸਿਰਜਣ ਤੋਂ ਵਿਰਵੇ ਰਹਿ ਜਾਂਦੇ ਹਨ। ਸਮਾਜੀ ਸੰਸਕਾਰ ਦਸਦੇ ਹਨ ਕਿ ਦੁਨੀਆਂ ਅੰਦਰ ਅਜੇ ਵੀ ਬਹੁਤ ਸਾਰੇ ਵਿਤਕਰੇ ਕਾਇਮ ਹਨ। ਬਹੁਤ ਵਾਰ ਪੱਖ-ਪਾਤ ਘਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ।

ਭਾਰਤੀ ਸਮਾਜ ਨੂੰ ਇਸਦੇ ਗੁੰਝਲਦਾਰ ਢਾਂਚੇ ਅਤੇ ਵਤੀਰੇ ਕਰਕੇ ਸਮਝਣਾ ਬਹੁਤ ਔਖਾ ਹੈ। ਕੀ ਇਸ ਨੂੰ ਕੋਈ ਸਮਝਦਾਰੀ ਦੀ ਗੱਲ ਕਹਿ ਸਕਦਾ ਹੈ ਕਿ ਸਮਾਜ ਅੰਦਰ ਔਰਤ ਨੂੰ ਦੂਜੇ ਦਰਜੇ ਦਾ ਇਨਸਾਨ ਸਮਝਿਆ ਜਾਵੇ, ਉਹ ਵੀ ਔਰਤ ਦੇ ਆਪਣੇ ਹੀ ਜਾਇਆਂ ਵਲੋਂ? ਜੇ ਸੰਸਕਾਰਾਂ ਦੀ ਤਹਿ ਫਰੋਲਣ ਵਲ ਵਧੀਏ ਤਾਂ ਦੇਖਦੇ ਹਾਂ ਕਿ ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਹੀਣੀ ਸਮਝ ਕੇ ਬਹੁਤ ਰੋਲ਼ਿਆ ਹੈ, ਤੜਪਾਇਆ, ਦੁਖਾਇਆ, ਸਤਾਇਆ ਅਤੇ ਰੁਆਇਆ ਹੈ। ਸੰਤਾਪ ਭੋਗਣ ਵਾਸਤੇ ਮਜਬੂਰ ਕੀਤਾ ਹੈ। ਬੱਚੇ ਨਾ ਜੰਮਣ ਤਾਂ ਔਰਤ ਦਾ ਕਸੂਰ, ਬੱਚੇ ਬਹੁਤੇ ਜੰਮਣ ਤਾਂ ਵੀ ਔਰਤ ਦੋਸ਼ੀ। ਜੇ ਸਿਰਫ ਧੀਆਂ ਹੀ ਜੰਮ ਪੈਣ ਤਾਂ ਉਸਨੂੰ ਕੁਲੈਹਣੀ, ਕੁਲੱਛਣੀ ਤੇ ਹੋਰ ਭਲਾਂ ਕਿਹੜਾ ਅਜਿਹਾ ਭੈੜਾ ਸ਼ਬਦ ਹੈ ਜਿਹੜਾ ਉਹਦੇ ਵਾਸਤੇ ਨਹੀਂ ਵਰਤਿਆ ਜਾਂਦਾ? ਕੀ ਕਿਸੇ ਜਣਨੀ ਦਾ ਇਸ ਤਰ੍ਹਾਂ ਬਿਨਾ ਕਿਸੇ ਕਾਰਨ ਦੇ ਅਪਮਾਨ ਕਰਨਾ ਠੀਕ ਹੈ? ਕੀ ਮਰਦ ਕਦੇ ਵੀ ਕਸੂਰਵਾਰ ਨਹੀਂ ਹੁੰਦਾ? ਇਹਦੇ ਬਾਰੇ ਠੰਢੇ ਦਿਲ ਤੇ ਦਿਮਾਗ ਨਾਲ ਸੋਚਣਾ ਚਾਹੀਦਾ ਹੈ।

ਮਰਦ ਪ੍ਰਧਾਨ ਸਮਾਜ ਅੰਦਰ ਮਰਦਾਂ ਨੇ ਆਪਣੇ ਆਪ ਨੂੰ ਹੀ ਸੂਤ ਬੈਠਦੀਆਂ ਰਸਮਾਂ/ਰੀਤਾਂ (ਅਲਾਮਤਾਂ) ਸੰਸਕਾਰਾਂ ਦੇ ਨਾਂ ਹੇਠ ਮੱਲੋਜੋਰੀ ਬਿਨਾਂ ਉਹਦੀ ਮਰਜ਼ੀ ਤੋਂ ਔਰਤ ਦੇ ਗਲ਼ ਪਾਈਆਂ ਹਨ। ਕਿਉਂਕਿ ਇਸ ਤਰ੍ਹਾਂ ਮਰਦ ਦੀ ਹਓਮੈਂ ਨੂੰ ਪੱਠੇ ਪੈਂਦੇ ਹਨ। ਔਰਤ ਦੀ ਹੋਂਦ ਨੂੰ ਖੋਰਨ ਦਾ ਯਤਨ ਕੀਤਾ ਜਾਂਦਾ ਹੈ। ਸਵੈ ਮਾਣ ਅਤੇ ਸਵੈ-ਵਿਕਾਸ ਵਲ ਵਧਦੇ ਕਿਸੇ ਔਰਤ ਦੇ ਕਦਮਾਂ ਨੂੰ ਬ੍ਰਾਹਮਣੀ ਸੋਚ (ਜੋ ਗੈਰ ਮਨੁੱਖੀ ਹੈ) ਦਾ ਡਾਹਾ ਪਾਇਆ ਜਾਂਦਾ ਹੈ (ਜਿਨ੍ਹਾਂ ਲੋਕਾਂ ਨੇ ਛੋਟੇ ਹੁੰਦਿਆਂ ਪਸ਼ੂ ਚਾਰੇ ਹਨ ਉਨ੍ਹਾ ਨੂੰ ਪਤਾ ਹੋਣੈ ਕਿ ਨੱਠਣ ਭੱਜਣ ਵਾਲੇ ਅਵੈੜ ਕਿਸਮ ਦੇ ਪਸ਼ੂਆਂ ਦੇ ਬਾਹਰ ਜਾਣ ਵੇਲੇ ਰੱਸੇ ਨਾਲ ਬੰਨ੍ਹ ਕੇ ਗਲ਼ ਵਿਚ ਮਜਬੂਤ ਲੱਕੜ ਦਾ ਇਕ ਟੋਟਾ ਪਾ ਦਿੱਤਾ ਜਾਂਦਾ ਹੈ ਜਿਸਨੂੰ ਡਾਹਾ ਆਖਿਆ ਜਾਂਦਾ ਹੈ। ਜੇ ਪਸ਼ੂ ਨੱਠਣ-ਭੱਜਣ ਦਾ ਯਤਨ ਕਰੇ ਤਾਂ ਉਹ ਗਲ਼ ਪਾਇਆ ਡਾਹਾ ਉਹਦੇ ਗੋਡੇ-ਗਿੱਟੇ ਭੰਨਦਾ ਹੈ) ਬ੍ਰਾਹਮਣੀ ਸੋਚ ਨੇ ਔਰਤ ਨਾਲ ਸਦੀਆਂ ਤੱਕ ਇਹ ਹੀ ਵਿਹਾਰ ਕੀਤਾ। ਔਰਤ ਨੂੰ ਮਰੇ ਹੋਏ ਪਤੀ ਦੇ ਨਾਲ ਮੱਲੋ-ਜੋਰੀ ਜੀਊਂਦਿਆਂ ਸਾੜ ਕੇ ‘ਸਤੀ’ ਦਾ ‘ਖਿਤਾਬ’ ਦਿੱਤਾ ਜਾਂਦਾ ਸੀ। ਕੀ ਕਦੇ ਕਿਸੇ ਮਰਦ ਨੇ ਵੀ ਜੀਊਂਦਿਆਂ ‘ਸਤੀ’ ਹੋਣ ਵਰਗੀ ‘ਮਰਦਾਨਗੀ’ ਵਿਖਾਈ ਸੀ ਜਾਂ ਹੈ? ਸਮਾਜ ਦੇ ਇਨ੍ਹਾਂ ਆਪੇ ਬਣੇ ਦੱਲਿਆਂ ਵਰਗੇ ਮੁਖੀਆਂ ਵਲੋਂ ਵਿਧਵਾ ਔਰਤਾਂ ਨੂੰ ਨਰਕ ਵਰਗੀ ਜ਼ਿੰਦਗੀ ਭੋਗਣ ਵਾਸਤੇ ਮਜਬੂਰ ਕੀਤਾ ਜਾਂਦਾ ਰਿਹਾ। ਜਦੋਂ ਕੋਈ ਸਿਆਣੀ, ਸੂਝਵਾਨ, ਜਾਗ੍ਰਿਤ ਤੇ ਦਲੇਰ ਦੀਪਾ ਮਹਿਤਾ ਕਲਾ ਦੇ ਰਸਤੇ ਔਰਤ ਦੀ ਇਸ ਕੋਹਝ ਭਰੀ ਜ਼ਿੰਦਗੀ ਦਾ ਚਿਤ੍ਰਣ ਪੇਸ਼ ਕਰਨ ਦਾ ਸਾਹਸ ਤੇ ਯਤਨ ਕਰਦੀ ਹੈ ਤਾਂ ਬਦੀ ਅਤੇ ਹਨੇਰੇ ਦੀਆਂ ਹਮਾਇਤੀ, ਨੇਕੀ ਅਤੇ ਚਾਨਣ ਦੀਆਂ ਦੋਖੀ ਕਾਲ਼ੀਆਂ-ਕੁਲੈਹਣੀਆਂ ਬੇਸ਼ਰਮ ਤਾਕਤਾਂ ਆਪਣੀ ਸਿਆਸੀ ਰਖੇਲ ਰਾਜ ਸ਼ਕਤੀ ਨੂੰ ਵਰਤਦੀਆਂ ਹਨ। ਅਜਿਹੇ ਸਮੇਂ ਰਾਜ ਸੱਤਾ ਉੱਤੇ ਕਾਬਜ਼ ਲੋਕ ਦੋਖੀ, ਸਿਆਸੀ ਹੀਜੜੇ (ਜਿਨ੍ਹਾਂ ਨੂੰ ਰਾਜਸੀ ਨੇਤਾ ਵੀ ਆਖਿਆ ਜਾਂਦਾ ਹੈ) ਲੋਕ ਰਾਜ ਦੇ ਹਮਾਇਤੀ ਹੋਣ ਦੀ ਝੂਠੀ ਡੌਂਡੀ ਪਿੱਟਣ ਵਾਲੇ, ਆਪਣੇ ਵੋਟ ਬੈਂਕ ਦੀ ਰਾਖੀ ਕਰਨ ਦਾ ਦੰਭ ਪਾਲਦੇ ਹੋਏ, ਸੁੱਚੀਆਂ ਲੋਕ ਭਾਵਨਾਵਾਂ ਦਾ ਅਪਮਾਨ ਕਰਦੇ ਹੋਏ ਗੈਰ-ਮਨੁੱਖੀ “ਸੰਸਕ੍ਰਿਤੀ” ਦੇ ਝੂਠੇ ਦਾਅਵੇਦਾਰਾਂ ਅੱਗੇ ਸਿਰ ਪਰਨੇ ਹੋ ਕੇ ਆਪਣੀ ਭੁੱਲ ਬਖਸ਼ਾਉਣ ਦੇ ਖੇਖਣ ਵੀ ਕਰਦੇ ਹਨ। ਕੀ ਝੂਠ ਦੇ ਇਨ੍ਹਾਂ ਪੁੱਤਰਾਂ ਵਲੋਂ ਇਸੇ ਤਰ੍ਹਾਂ ਦੇ ‘ਰਾਮ ਰਾਜ’ ਨੂੰ ਲਿਆਉਣ ਦੀ ਦੁਹਾਈ ਦਿੱਤੀ ਜਾਂਦੀ ਹੈ? ਫੇਰ ਤਾਂ ਇਸ ਤੋਂ ਇਨਕਾਰੀ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸਗੋਂ ਹਰ ਕਿਸੇ ਵਲੋਂ ਆਪੋ-ਆਪਣੀ ਸਮੱਰਥਾ ਮੁਤਾਬਿਕ ਇਸ ਕੁਚੱਜ ਦਾ ਸਰਗਰਮੀ ਨਾਲ ਜੋਰਦਾਰ ਵਿਰੋਧ ਕਰਨਾ ਪਵਿੱਤਰ ਮਨੁੱਖੀ ਫ਼ਰਜ਼ ਹੋਣਾ ਚਾਹੀਦਾ ਹੈ।

ਔਰਤ ਨੂੰ ‘ਸੰਸਕ੍ਰਿਤੀ’ ਦੇ ਨਾਂ ਹੇਠ ਲੱਜਾ, ਸ਼ਰਮ-ਹਯਾ ਦੇ ਬਹੁਤ ਪ੍ਰਵਚਨ ਸੁਣਾਏ ਜਾਂਦੇ ਹਨ। ਕੀ ਸ਼ਰਮ-ਹਯਾ ਦਾ ਮਸਲਾ ਸਿਰਫ ਔਰਤ ਤੱਕ ਹੀ ਸੀਮਤ ਹੋਣਾ ਚਾਹੀਦਾ ਹੈ? ਕੀ ਮਰਦਾਂ ਦਾ ਬੇ-ਲੱਜ ਤੇ ਬੇ-ਹਯਾ ਹੋਣਾ ਸਹਿਣਯੋਗ ਹੋ ਸਕਦਾ ਹੈ? ਕੀ ਇਹ ਸਿਹਤਮੰਦ ਸਮਾਜ ਦੀ ਨਿਸ਼ਾਨੀ ਹੋ ਸਕਦੀ ਹੈ? ਨਹੀਂ, ਬਿਲਕੁਲ ਨਹੀਂ।

ਜਦੋਂ ਵੀ ਕਿਸੇ ਕਿਸਮ ਦੇ ਕਹਿਰ ਵਾਪਰਦੇ ਹਨ ਤਾਂ ਰਾਜ ਸੱਤਾ ਉੱਤੇ ਕਾਬਜ਼, ਸੱਚ ਦੇ ਨਾਂ ’ਤੇ ਝੂਠੀਆਂ ਕਸਮਾਂ ਖਾਣ ਵਾਲੇ ਝੂਠ ਦੇ ਪੁੱਤਰ ਲੋੜ ਵੇਲੇ ਸਮੇਂ ਅਤੇ ਸਮਾਜ ਵਲ ਪਿੱਠ ਕਰ ਲੈਂਦੇ ਹਨ। ਆਪਣੇ ਹੀ ਰਾਜ (ਜਿਸਨੂੰ ਉਹ ਲੋਕ ਰਾਜ ਵੀ ਕਹਿੰਦੇ ਹਨ) ਦੀ ਪ੍ਰਜਾ ਨੂੰ ਦਰਿੰਦਿਆਂ ਦੇ ਮੂੰਹ ਦੇਣ ਤੋਂ ਗੁਰੇਜ਼ ਨਹੀਂ ਕਰਦੇ ਅਤੇ ਆਪ ਬੇਸ਼ਰਮੀ ਦੇ ਘੋੜੇ ’ਤੇ ਸਵਾਰ ਹੋ ਕੇ ਨੈਤਿਕਤਾ ਬਾਰੇ ਲੈਕਚਰ ਵੀ ਝਾੜਦੇ ਫਿਰਨਗੇ। ਕਾਨੂੰਨ ਜਿਹੜੇ ਉਨ੍ਹਾਂ ਨੇ ਖੁਦ ਹੀ ਬਣਾਏ ਹੁੰਦੇ ਹਨ, ਉਨ੍ਹਾ ਦੇ ਕਮਜ਼ੋਰ ਹੋਣ ਦੀ ਦੁਹਾਈ ਦੇਣਗੇ। ਭਾਵ ਲੋਕਾਂ ਨੂੰ ਮੂਰਖ ਬਨਾਉਣ ਵਾਸਤੇ ਪੂਰਾ ਟਿੱਲ ਲਾ ਦਿੰਦੇ ਹਨ। ਆਪਣੇ ਵਲੋਂ ਪੂਰੀ ਕੋਸ਼ਿਸ਼ ਕਰਦੇ ਹਨ ਜਾਗਦਿਆਂ ਨੂੰ ਪੌਂਦੀ ਪਾਉਣ ਦੀ। ਅਜਿਹੇ ਕਮੀਨਿਆਂ ਨੂੰ ਬੇਈਮਾਨ ਨਾ ਕਿਹਾ ਜਾਵੇ ਤਾਂ ਕੀ ਕਿਹਾ ਜਾਵੇ?

ਭਾਰਤੀ ‘ਸੰਸਕ੍ਰਿਤੀ’ ਜਿਸ ਨੂੰ ਆਮ ਕਰਕੇ ਹਿੰਦੂਵਾਦ ਦੇ ਨਾਂ ਥੱਲੇ ਹੋਏ ਵਾਪਰੇ, ਇਤਿਹਾਸਕ/ਮਿਥਿਹਾਸਕ ਕਲੋਲਾਂ ਨਾਲ ਬੰਨਣ ਦਾ ਯਤਨ ਕੀਤਾ ਜਾਂਦਾ ਹੈ। ਝੂਠ ਨੂੰ ਸੱਚ ਦੇ ਤੌਰ ’ਤੇ ਪੇਸ਼ ਕਰਨ ਦੇ ਮੱਲੋਜ਼ੋਰੀ ਗੈਰ-ਇਖ਼ਲਾਕੀ ਉਪਰਾਲੇ ਕੀਤੇ ਜਾਂਦੇ ਹਨ। ਚੇਤਿਆਂ ਵਿਚੋਂ ਨਾ ਵਿਸਰਨ ਦੇਣ ਵਾਲੀ ਮਹੱਤਵ ਭਰੀ ਗੱਲ ਇਹ ਹੈ ਕਿ ਭਾਰਤੀ ਸੱਭਿਆਚਾਰਕ ਰਵਾਇਤ ਸਾਰੀ ਦੀ ਸਾਰੀ ਬਿਲਕੁਲ ਗੈਰ-ਮਨੁੱਖੀ ਨਹੀਂ ਰਹੀ। ਇਸ ਅੰਦਰ ਸਹਿਣਸ਼ੀਲਤਾ, ਭਰੱਪਣ, ਆਪਸੀ ਸਾਂਝ ਅਤੇ ਮਸਲਿਆਂ ਸਬੰਧੀ ਸੰਵਾਦ ਰਚਾਉਣ ਦੇ ਜੋਰਦਾਰ ਹੰਭਲੇ ਵਜਦੇ ਰਹੇ ਹਨ। ਦੂਰ ਨਾ ਜਾਈਏ ਭਗਤੀ ਲਹਿਰ, ਗੁਰੂਆਂ ਦੀ ਬਾਣੀ ਅਤੇ ਸੂਫੀਆਂ ਦੇ ਸੁੱਚੇ ਦਰਵੇਸ਼ੀ ਬੋਲ ਕਾਹਦਾ ਸੱਦਾ ਦਿੰਦੇ ਹਨ ਭਲਾਂ? ਆਰਿਆਂ ਥੱਲੇ ਖੜ੍ਹੇ ਹੋਣਾ, ਜ਼ੁਲਮ ਨੂੰ ਵੰਗਾਰਦਿਆਂ ਤੱਤੀ ਤਵੀ ’ਤੇ ਬੈਠ ਤੱਤੀ ਰੇਤ ਸਿਰ ਵਿਚ ਪੈਂਦੀ ਸਹਿਣਾ, ਆਪਣਾ ਸਿਰ ਲੋਕਾਂ ਤੋਂ ਵਾਰ ਕੇ ਹਿੰਦ ਦੀ ਅਣਖ ਦਾ ਨੰਗਾ ਸਿਰ ਢਕਣਾ, ਦੇਸ਼ ਦੀ ਇੱਜਤ-ਅਣਖ ਖਾਤਰ ਤੋਪਾਂ ਮੂਹਰੇ ਖੜ੍ਹੇ ਹੋ ਤੂੰਬਾ ਤੂੰਬਾ ਹੋ ਕੇ ਉਡਣਾ, ਅਣਖੀ ਤੇ ਸੂਝਵਾਨ ਗੱਭਰੂਆਂ ਵਲੋਂ ਮੁਲਕ ਦੇ ਗਲ਼ ਪਏ ਗੁਲਾਮੀ ਦੇ ਸੰਗਲ ਕੱਟਣ ਵਾਸਤੇ ਹੱਸਦਿਆਂ ਫਾਂਸੀ ਦੇ ਰੱਸੇ ਚੁੰਮਣੇ ਆਦਿ ਇਹਨੂੰ ਕਹਿੰਦੇ ਹਨ ਨੈਤਿਕਤਾ, ਲੋਕ ਦਰਦ ਅਤੇ ਸਹਿਣਸ਼ੀਲਤਾ। ਇਹ ਹੈ ਭਾਰਤ ਦੇ ਸੂਰਬੀਰਾਂ ਵਲੋਂ ਸਿਰਜੀ ਅਸਲੀ ਰਵਾਇਤ ਅਣਖੀ ਤੇ ਸੂਝ ਭਰਪੂਰ।

ਜਦੋਂ ਵੀ ਬ੍ਰਾਹਮਣੀ ਸੋਚ/ਸੰਸਕਾਰਾਂ ਦੀ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਇਹ ਮਨੁੱਖਤਾ ਨੂੰ ਪਾੜਦੀ, ਇਨਸਾਨਾਂ ਦਰਮਿਆਨ ਇਕ ਦੂਜੇ ਪ੍ਰਤੀ ਨਫ਼ਰਤ ਪੈਦਾ ਕਰਦੀ ਨਜ਼ਰ ਆਉਂਦੀ ਹੈ। ਔਰਤ ਦਾ ਸਭ ਤੋਂ ਵੱਧ ਅਪਮਾਨ ਇਸ ਸੋਚ ਨੂੰ ਅਪਣਾਏ ਹੋਏ ਲੋਕਾਂ ਨੇ ਹੀ ਕੀਤਾ ਹੈ। ਔਰਤ ਨੂੰ ਸ਼ਰਮ-ਹਯਾ ਦਾ ਪਾਠ ਪੜ੍ਹਾਉਣ ਵਾਲੇ ਵਿਹਲੜ, ਨਿਕੰਮੇ , ਠਰਕੀ ਅਤੇ ਅੱਯਾਸ਼ ਕਿਸਮ ਦੇ “ਮਹਾਂਪੁਰਸ਼” ਔਰਤ ਨੂੰ ਜੂਏ ਤੇ ਦਾਅ ’ਤੇ ਲਾਉਣ ਅਤੇ ਹਾਰਨ ਵਰਗਾ ਕੁਕਰਮ ਵੀ ਕਰਦੇ ਰਹੇ ਹਨ। ਇਹ ਹੀ ਹਨ, ਸ਼ਰਮਾਂ ਵਾਲੇ ਨੈਤਿਕਤਾ ਦੇ ਵੱਡੇ ਠੇਕੇਦਾਰ? ਕਦੇ ਆਪਣੇ ਆਪ ਨੂੰ ਭਗਵਾਨ ਕਹਾਉਣ ਵਾਲੇ ਆਪਣੀ ਹੀ ‘ਅਰਧਾਂਗਨੀ’ (ਪਤਨੀ) ਨੂੰ ਸ਼ੱਕੀ ਸਮਝ ਕੇ ਅਗਨੀ ਪ੍ਰੀਖਿਆ ਦੇਣ ਵਾਸਤੇ ਆਖਦੇ ਰਹੇ। ਇਹਤੋਂ ਵੱਡਾ ਅਨੱਰਥ ਹੋਰ ਕੀ ਹੋ ਸਕਦਾ ਹੈ? ਇਹ ਤਾਂ ਭਾਰਤ ਦੇ ਭ੍ਰੱਪਣ ਭਰੇ ਸਾਂਝੇ ਲੋਕ ਸੱਭਿਆਚਾਰ ਦੇ ਇਤਿਹਾਸ ਉੱਤੇ ਪਏ ਕਾਲੇ ਧੱਬੇ ਹਨ। ਕਾਲੇ ਧੱਬਿਆਂ ਦੀ ਪੂਜਾ ਨਹੀਂ ਕੀਤੀ ਜਾ ਸਕਦੀ, ਦਲੀਲ ਨਾਲ ਪਰਖਦਿਆਂ ਇਨ੍ਹਾਂ ਨੂੰ ਨਕਾਰਨਾ ਸਮੇਂ ਦੀ ਵੱਡੀ ਲੋੜ ਹੈ।

ਸਮਾਜੀ ਰਹੁ-ਰੀਤਾਂ ਦੇ ਆਸਰੇ ਵੀ ਔਰਤ ਨੂੰ ਪਛਾੜਿਆ ਤੇ ਲਤਾੜਿਆ ਜਾਂਦਾ ਹੈ। ਔਰਤ ਦੇ ਪਤੀ-ਬ੍ਰਤਾ ਹੋਣ ਦਾ ਸਬੂਤ ਦੇਣ ਖਾਤਰ ਵਿਆਹ ਵੇਲੇ ਇਕ ਮੰਗਲ ਸੂਤਰ (ਦਰਅਸਲ ਇਹ ਸੰਗਲ ਸੂਤਰ ਹੈ, ਪਸ਼ੂਆਂ ਦੇ ਗਲ ਵਿਚ ਸੰਗਲ ਪਾਇਆ ਜਾਂਦਾ ਹੈ ਔਰਤਾਂ ਦੇ ਗਲ ਵਿਚ ਸੰਗਲ-ਸੂਤਰ) ਪਾਇਆ ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਇਸਨੂੰ ਪਸ਼ੂਆਂ ਦੇ ਗਲ ਵਿਚ ਪਾਏ ਜਾਣ ਵਾਲੇ ਡਾਹੇ ਦਾ ਹੀ ਸੁਧਰਿਆ ਰੂਪ ਕਹਿਣਾ ਚਾਹੀਦਾ ਹੈ। ਕੀ ਔਰਤ ਦੇ ਗਲ ਵਿਚ ਮੰਗਲ ਸੂਤਰ ਪਾਉਣਾ ਹੀ ਉਸਦੀ ਵਫ਼ਾਦਾਰੀ ਅਤੇ ਪ੍ਰੇਮ ਉੱਤੇ ਸ਼ੱਕ ਨਹੀਂ? ਮਰਦ ਪਤਨੀ-ਬ੍ਰਤਾ (ਪਤਨੀ ਦਾ ਵਫਾਦਾਰ) ਵਜੋਂ ਗਲ ਵਿਚ ਕਿਉਂ ਕੁੱਝ ਨਹੀਂ ਪਾਉਂਦਾ? ਕੀ ਮਰਦ ਵਾਸਤੇ ਸਭ ਕੁੱਝ ਜਾਇਜ਼ ਹੈ, ਉਹ ਸਿਆਹ ਕਰੇ ਜਾਂ ਸੁਆਹ? ਪ੍ਰੇਮ ਅਤੇ ਵਫ਼ਾਦਾਰੀ ਤਾਂ ਇਕ ਦੂਜੇ ਪ੍ਰਤੀ ਦਿਲਾਂ ਦੇ ਸੌਦੇ ਹਨ, ਅਪਣੱਤ ਦੀਆਂ ਗੰਢਾਂ ਹਨ। ਸੱਚਾ ਪਿਆਰ ਤਾਂ ਦੋ ਦਿਲਾਂ ਵਿਚਲੀ ਸਾਂਝ ਦੀ ਖੁਸ਼ਬੋਈ ਹੈ। ਇਹਨਾਂ ਕੱਚੇ ਧਾਗਿਆਂ (ਪੈਸੇ ਵਾਲੇ ਬੇਹੱਦ ਕੀਮਤੀ ਸੋਨੇ ਦੇ ਹੀਰਿਆਂ ਜੜੇ ਵੀ ਪਾਉਂਦੇ ਹਨ) ਤੋਂ ਬਿਨਾਂ ਆਪਸੀ ਵਿਸ਼ਵਾਸ ਡੋਲਣ ਨਹੀਂ ਲੱਗਾ, ਅਤੇ ਇਸ ਪਖੰਡ ਤੋਂ ਬਿਨਾ ਪ੍ਰੇਮ ਖਿਲਰਨ ਨਹੀਂ ਲੱਗਾ। ਇਹ ਤਾਂ ਸਿਰਫ ਔਰਤ ਨੂੰ ਹੀਣੀ ਕਰਨ ਦਾ ਸ਼ਰਾਰਤੀਆਂ ਵਲੋਂ ਕਮੀਨਗੀ ਭਰਿਆ ਸੁਚੇਤ ਯਤਨ ਹੀ ਆਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਔਰਤ ਦੇ ਨੱਕ ਵਿਚ ਪਾਏ ਕੋਕੇ ਅਤੇ ਨੱਥ ਦਾ ਹਵਾਲਾ ਵੀ ਦਿੱਤਾ ਜਾ ਸਕਦਾ ਹੈ। ਨੱਥ ਵੀ ਪਸ਼ੂਆਂ ਖਾਸ ਕਰਕੇ ਬਲ਼ਦਾਂ ਅਤੇ ਝੋਟਿਆਂ (ਸੰਢਿਆਂ) ਦੇ ਨੱਕ ਵਿਚ ਪਾਈ ਜਾਂਦੀ ਹੈ। ਇਸ ਤਰ੍ਹਾਂ ਇਹ ਵੀ ਆਖਿਆ ਜਾ ਸਕਦਾ ਹੈ ਕਿ ਇਹ ਮਰਦ ਪ੍ਰਧਾਨ ਸਮਾਜ ਅੰਦਰਲੀ ਭੈੜੀ ਅਤੇ ਬੌਣੀ ਸੋਚ ਵਲੋਂ ਔਰਤ ਨੂੰ ਇਨਸਾਨ ਤੋਂ ਹੀਣਾ ਕਰਨ ਵਲ ਤੁਰਦੇ ਕਦਮ ਹਨ। ਕਈ ਵਾਰ ਜਿਸਨੂੰ ‘ਬਹੁਤੇ ਸਿਆਣੇ’ ਹਿੰਦੂ ਰਹੁ-ਰੀਤਾਂ ਵੀ ਆਖ ਦਿੰਦੇ ਹਨ। ਇਹ ਜੋ ਕੁੱਝ ਵੀ ਹੋਵੇ ਪਰ ਸੱਚ ਨਹੀਂ, ਇਹ ਤਾਂ ਨਿਰਾ ਝੂਠ ਹੈ, ਦੰਭ ਹੈ , ਪਖੰਡ ਹੈ। ਇਹ ਭੰਡਣ ਯੋਗ ਤੋਂ ਵੀ ਅੱਗੇ ਨਕਾਰਨ ਯੋਗ ਹੈ। ਮਾਵਾਂ, ਭੈਣਾਂ, ਧੀਆਂ ਦਾ ਇਹ ਅਪਮਾਨ ਕਦੋਂ ਤੱਕ, ਆਖਰ ਕਦੋਂ ਕੁ ਤੱਕ? ਔਰਤਾਂ ਵਲੋਂ ਵਰਤਮਾਨ ਦੇ ਹਾਣ ਦਾ ਹੋ ਕੇ ਜੀਊਣ ਵਾਸਤੇ, ਆਪਣੇ ਸਵੈਮਾਣ ਦੀ ਰਾਖੀ ਲਈ ਇਹੋ ਜਹੇ ਪਖੰਡਾਂ ਨੂੰ ਛੱਡਣਾ ਬਹੁਤ ਜ਼ਰੂਰੀ ਹੈ।

ਇਕ ਹੋਰ ਭੈੜੀ ਰੀਤ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਔਰਤ ਨੂੰ ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਵਰਤ ਰੱਖਣ (ਕਰਵਾ ਚੌਥ ਆਦਿ) ਦਾ ਆਦੇਸ਼ ਹੈ। ਪਰਦੇਸ ਵਸਦੇ ਭਾਰਤੀ ਭਾਈਚਾਰੇ ਵਿਚ ਇਸ ਵਰਤਾਰੇ ਬਾਰੇ ਬੜਾ ਕੁੱਝ ਸੁਣਨ ਨੂੰ ਮਿਲਦਾ ਹੈ ਜਿਵੇਂ ਕਿ, ‘ਕੋਈ ਬੀਬੀ ਤੜਕੇ ਹੀ ਉੱਠਕੇ, ਲਾਈਟ ਜਗਾ ਕੇ ਘਰ ਦੇ ਅੰਦਰ ਇੱਧਰ ਤੋਂ ਉੱਧਰ ਅਤੇ ਉੱਧਰ ਤੋਂ ਇੱਧਰ ਫਿਰਨ ਲੱਗੀ। ਉਹ ਕਰਵਾ ਚੌਥ ਦਾ ਵਰਤ ਰੱਖਣ ਦੀ ਤਿਆਰੀ ਕਰ ਰਹੀ ਸੀ। ਸੁੱਤੇ ਪਏ ਉਸਦੇ ਘਰ ਵਾਲੇ ਦੀ ਅੱਖ ਖੁੱਲ੍ਹ ਗਈ ਉਹ ਕਹਿਣ ਲੱਗਾ, ਭਾਗਵਾਨੇ ਕੀ ਗੱਲ ਐ, ਘੜੀ ਸੌਂ ਲੈਣ ਦੇ ਫੇਰ ਕੰਮ ਤੇ ਵੀ ਜਾਣਾ ਹੈ। ਬੀਬੀ ਜੋ ਪਹਿਲਾਂ ਹੀ ਖਪੀ ਪਈ ਸੀ ਕਹਿਣ ਲੱਗੀ ‘ਚੁੱਪ ਕਰਕੇ ਪਏ ਰਹੋ ਤੁਹਾਡਾ ਹੀ ਸਿਆਪਾ ਕਰ ਰਹੀ ਹਾਂ’ ਇਸ ਦਾ ਭਾਵ ਸਮਝਣਾ ਸਮਝਾਉਣਾ ਔਖਾ ਨਹੀਂ। ਬਸ! ਮਜਬੂਰੀ ਦਾ ਨਾਂ ਸ਼ੁਕਰੀਆ ਹੈ।’

ਕੀ ਕਦੇ ਕਿਸੇ ਪਤੀ ਨੇ ਵੀ ਆਪਣੀ ਪਤਨੀ ਦੀ ਲੰਬੀ ਉਮਰ ਵਾਸਤੇ ਵਰਤ ਰੱਖਿਆ ਹੈ? ਜੇ ਨਹੀਂ ਤਾਂ ਔਰਤ ਦੇ ਗਲ਼ ਵਿਚ ਮਜਬੂਰੀ ਦਾ ਇਹ ਫਾਹਾ ਕਿਉਂ ਪਾਇਆ ਗਿਆ ਹੈ? ਔਰਤ ਵਾਸਤੇ ਇਹ ਮਜਬੂਰੀ ਕਿਉਂ? ਇਸ ਪੱਖਪਾਤ ਅਤੇ ਮਰਦ ਔਰਤ ਦੇ ‘ਵਰਤਾਂ ਬੱਧੇ ਰਿਸ਼ਤੇ’ ਵਾਲੀ ਅਸਮਾਨਤਾ ਵਿਚੋਂ ਘਿਰਣਾ ਦੀ ਬੋਅ ਆਉਂਦੀ ਹੈ। ਨਾ ਇਹਦੇ ਨਾਲ ਰਿਸ਼ਤੇ ਵਿਚ ਪਕਿਆਈ ਆਉਣ ਦੀ ਕੋਈ ਸੰਭਾਵਨਾ ਹੁੰਦੀ ਹੈ ਨਾ ਕਿਸੇ ਦੀ ਉਮਰ ਲੰਬੀ ਹੋ ਜਾਣ ਦੀ ਗਰੰਟੀ। ਥਾਲ਼ੀ ਵਿਚ ਪਾਏ ਪਾਣੀ ਜਾਂ ਛਾਨਣੀ ਵਿਚੋਂ ਚੰਨ ਸਾਫ ਨਹੀਂ ਘਸਮੈਲ਼ਾ ਹੀ ਨਜ਼ਰ ਆਵੇਗਾ, ਭਾਵੇਂ ਲੱਖ ਵਾਰ ਵੇਖੋ।

ਪ੍ਰਦੇਸ ਵਸਦੇ (ਦੇਸ ਵਿਚ ਵੀ ਵੱਖਰਾ ਨਹੀਂ) ਭਾਰਤੀ ਲੋਕਾਂ ਵਿਚੋਂ ਜਿਹੜੇ ਹਿੰਦੂ ਮੱਤ ਦੇ ਧਾਰਨੀ ਹਨ ਉਨ੍ਹਾਂ ਵਿਚਲੀ ਵੱਡੀ ਗਿਣਤੀ ਕਾਫੀ ਸਾਰੀਆਂ ਮਾੜੀਆਂ ਰਹੁ-ਰੀਤਾਂ ਨਾਲ ਹੀ ਚੁੱਕੀ ਫਿਰਦੇ ਹਨ। ਦੇਸ ਤੇ ਪ੍ਰਦੇਸ ਦੋਹੀਂ ਥਾਈਂ ਬਹੁਤ ਸਾਰੀਆਂ ਔਰਤਾਂ ਬੇਸਮਝੀ ਵਿਚ ਹੀ ਸੋਨੇ ਦੇ ਮੋਟੇ ਮੋਟੇ ‘ਸੰਗਲ ਸੂਤਰ’ ਗਲ਼ਾਂ ਵਿਚ ਲਟਕਾਈ ਫਿਰਦੀਆਂ ਮਿਲਣਗੀਆਂ। ਇਨ੍ਹਾਂ ਵਿਚ ਸਾਰੀਆਂ ਹਿੰਦੂ ਔਰਤਾਂ ਹੀ ਨਹੀਂ, ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹ ਗੁਰਦੁਆਰਿਆਂ ਵਿਚ ਵੀ ਦੇਖੀਆਂ ਜਾ ਸਕਦੀਆਂ ਹਨ। ਗੁਰੂ ਨਾਨਕ ਦੇ ਕਿਸੇ ਵੀ ਨਾਮ ਲੇਵਾ ਤੋਂ ਕਦੇ ਵੀ ਅਜਿਹੀ ਆਸ ਨਹੀਂ ਰੱਖੀ ਜਾ ਸਕਦੀ ਪਰ ਇਹ ਹੋ ਰਿਹਾ ਹੈ। ਦੁੱਖ ਹੁੰਦਾ ਹੈ ਜਦੋਂ ਸਦੀਆਂ ਪਹਿਲਾਂ ਝੂਠ, ਦੰਭ, ਪਖੰਡ ਤੇ ਹਰ ਕਿਸਮ ਦੀਆਂ ਬੋਦੀਆਂ ਰਸਮਾਂ ਦੇ ਖ਼ਿਲਾਫ ਪਰਚਾਰ ਕਰਨ ਵਾਲੇ ਬਾਬੇ ਨਾਨਕ ਦੇ ਪੈਰੋਕਾਰ ਵੀ ਇਸ ਰਾਹੇ ਤੁਰਦੇ ਦੇਖਦੇ ਹਾਂ। ਵਿਆਹਾਂ ਦੇ ਇਕੱਠਾਂ ਵਿਚ ਇਹ ਤਮਾਸ਼ਾ ਕਾਫੀ ਵੱਡੇ ਪੱਧਰ ਤੇ ਹੁੰਦਾ ਹੈ।

ਖਾਸ ਕਰਕੇ ਮਾਵਾਂ-ਭੈਣਾਂ-ਧੀਆਂ ਦੇ ਸੋਚਣ ਦਾ ਵੇਲਾ ਹੈ। ਆਪਣੀ ਹੋਂਦ ਨੂੰ ਖੋਰਾ ਲਾਉਣ ਦਾ ਜਾਂ ਆਪਣੀ ਹੀ ਕਦਰ ਘਟਾਈ ਕਰਨ ਦਾ ਜਤਨ ਬਿਲਕੁੱਲ ਨਹੀਂ ਕਰਨਾ ਚਾਹੀਦਾ। ਅਜਿਹੇ ਜਤਨਾਂ ਵਿਚ ਸ਼ਰੀਕ ਹੋਣ ਤੋਂ ਇਨਕਾਰ ਕਰਨਾ ਚਾਹੀਦਾ ਹੈ ਅਤੇ ਅਜਿਹੇ ਜਤਨਾਂ ਨੂੰ ਉਤਸ਼ਾਹਿਤ ਕਰਨ ਵਾਲੇ ਹਰ ਕਦਮ ਦਾ ਜੋਰਦਾਰ ਵਿਰੋਧ ਵੀ ਹੋਣਾ ਚਾਹੀਦਾ ਹੈ। ਸੱਚ ਭਰਿਆ ਅਜਿਹਾ ਵਿਰੋਧ ਹੀ ਤੁਹਾਡੇ ਵਿਕਾਸ ਦਾ ਅਸਲ ਨੁਕਤਾ ਹੈ। ਅਸਲੋਂ ਸਮਝਣ ਵਾਲਾ ਮਸਲਾ ਇਹ ਹੈ ਕਿ ਤੁਹਾਡੇ ਗਲ਼ਾਂ ਵਿਚ ਪਾਇਆ ਇਹ ਸ਼ਰਾਰਤੀ ‘ਮੰਗਲ ਸੂਤਰ’ ਦਰਅਸਲ ‘ਸੰਗਲ ਸੂਤਰ’ ਹੈ, ਜੋ ਤੁਹਾਡੀ ਅਜਾਦ ਸ਼ਖਸੀਅਤ, ਤੁਹਾਡੇ ਸਵੈਮਾਣ ਅਤੇ ਤੁਹਾਡੇ ਬਹੁ ਪੱਖੀ ਵਿਕਾਸ ਦੇ ਰਾਹ ਦਾ ਵੱਡਾ ਰੋੜਾ ਹੈ। ਮਰਦ ਪ੍ਰਧਾਨ ਸਮਾਜ ਅੰਦਰਲੀ ਮਾੜੀ ਸੋਚ ਵਲੋਂ ਧੱਕੇ ਨਾਲ ਤੁਹਾਡੇ ਉੱਤੇ ਲੱਦੀ ਗਈ ਇਸ ਸੋਚਧਾਰਾ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ। ਇਹ ਆਪਣੇ ਹੱਥੀਂ ਆਪਣਾ ਅਪਮਾਨ ਹੀ ਨਹੀਂ ਸਗੋਂ, ਇਹ ਤਾਂ ਜਿੰਦ ਦਾ ਖੌਅ ਹੈ।

Friday, December 12, 2008

ਕੇਹਰ ਸ਼ਰੀਫ਼ - ਜੀਵਨ-ਚਿੰਤਨ

ਜ਼ਿੰਦਗੀ ਦਾ ਜਸ਼ਨ

ਜੀਵਨ-ਚਿੰਤਨ

ਦੁਨੀਆਂ ਦਾ ਹਰ ਪਾਗਲ ਆਪਣੇ ਆਪ ਨੂੰ ਸਭ ਤੋਂ ਸਿਆਣਾ ਸਮਝਦਾ ਹੈ। ਅਜਿਹਾ ਵਹਿਮ ਸਿਰਫ ਪਾਗਲਾਂ ਨੂੰ ਹੀ ਨਹੀਂ ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਹੈ। ਇਸ ਕਰਕੇ ਹੀ ਉਹ ਜਤਨ ਕਰਦੇ ਰਹਿੰਦੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦਾ ਨਾਂ ਵੀ ਸਿਆਣੇ ਲੋਕਾਂ ਵਿਚ ਵੱਜੇ। ਬੱਸ! ਇਸ ਵੱਜ-ਵਜਾਈ ਦੀ ਧੁਨ ਸੁਣਨ ਵਾਸਤੇ ਉਹ ਬੁਰੇ ਦੇ ਘਰ ਤੱਕ ਜਾਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹ ਤਾਂ ਸਾਰੇ ਲੋਕ ਜਾਣਦੇ ਹਨ ਕਿ ਹਰ ਕਾਰਜ ਪੂਰਤੀ ਵਾਸਤੇ ਸਖਤ ਮਿਹਨਤ ਦੀ ਮੰਗ ਕਰਦਾ ਹੈ। ਬਹੁੱਤ ਘੱਟ ਲੋਕ ਹਨ ਜੋ ਸਿਆਣਪ ਤੱਕ ਪਹੁੰਚਣ ਵਾਸਤੇ ਜਾਂ ਸਿਆਣੇ (ਅਕਲਮੰਦ) ਬਣਨ ਵਾਸਤੇ ਕਿਸੇ ਰਿਸ਼ੀ ਦੀ ਸਮਾਧੀ ਵਾਲੀ ਤਪੱਸਿਆ ਵਰਗੀ ਮਿਹਨਤ ਕਰਦੇ ਹੋਣ ਜਾਂ ਕਰਨ ਦਾ ਸੰਕਲਪ ਰੱਖਦੇ ਹੋਣ। ਬਹੁਤੇ ਤਾਂ ਦਾਅ ਲੱਗਣ ਦੀ ਭਾਵਨਾ ਜਾਂ ਮੌਕਾ-ਮੇਲ ਵਾਲੀ ਝਾਕ ਅਧੀਨ ਪਾਰ ਲੱਗਣ ਵਾਲੇ ‘ਨੁਸਖੇ’ ਵਾਲੀ ਲਿਖੀ ਪਰਚੀ ਹੀ ਵਾਰ ਵਾਰ ਪੜ੍ਹੀ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੇ ਕਿਸੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਬਿਨ੍ਹਾ ਸੂਝ ਭਰੇ ਤਰਕ/ਦਲੀਲ ਤੋਂ ਸਿਰਫ਼ ਵਿਰਸੇ ਦੇ ਨਾਂ ਹੇਠ ਸਮਾਂ ਵਿਹਾ ਚੁੱਕੀ ਕਿਸੇ ਘਸੀ ਪਿਟੀ ਜਹੀ ਲੀਕ ’ਤੇ ਤੁਰੀ ਜਾਣ ਨਾਲ ਮਨੁੱਖ ਦੇ ਅੰਧ-ਵਿਸ਼ਵਾਸੀ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈ।



ਆਪਣੇ ਹੀ ਝੂਠ ਦੇ ਖੋਲ ਵਿਚ ਵੜੇ ਬੈਠੇ ਸਿਆਣੇ ਹੋਣ ਦਾ ਭਰਮ ਪਾਲਣ ਵਾਲੇ ਜਦੋਂ ਕਦੇ ਕਿਸੇ ਬਾਹਰਲੀ ਲੋਅ ਦੇ ਦਰਸ਼ਨ ਕਰਦੇ ਹਨ ਤਾਂ ਹੈਰਾਨੀ ਉਨ੍ਹਾਂ ਨੂੰ ਵੀ ਬਹੁਤ ਹੁੰਦੀ ਹੈ ਕਿਉਂਕਿ ਅਜਿਹੇ ਅਖੌਤੀ ਬੁੱਧੀਜੀਵੀ ਜਾਂ ਕਹੋ ਨਕਲੀ ਸਿਆਣੇ ਟਟੀਹਰੀ ਦੇ ਕਬੀਲੇ ਵਿਚੋਂ ਹੀ ਕਹੇ ਜਾ ਸਕਦੇ ਹਨ ਜਿਨ੍ਹਾਂ ਨੂੰ ਅਸਮਾਨ ਆਪਣੇ ਹੀ ਬਲ ਦੇ ਆਸਰੇ ਟਿਕਿਆ ਹੋਣ ਦਾ ਵਹਿਮ ਹੋ ਜਾਂਦਾ ਹੈ। ਅਜਿਹੇ ਵਿਅਕਤੀ ਜਦੋਂ ਕਦੇ, ਕਿਧਰੇ ਸੂਝਵਾਨਾਂ ਦੇ ਇਕੱਠ, ਸਭਾ ਜਾਂ ਸਮਾਗਮਾਂ ਵਿਚ ਜਾਂਦੇ ਹਨ ਤਾਂ ਉਨ੍ਹਾਂ ਦਾ ਨੰਗ ਦੇਖਣ ਯੋਗ ਹੁੰਦਾ ਹੈ। ਅਜਿਹੇ ਵੇਲੇ ਤਾਂ ਉਨ੍ਹਾਂ ਦੇ ਪੋਲ ਦਾ ਖੋਲ ਤਿੜਕਦਾ ਸੁਣਿਆ ਤੇ ਖਿਲਰਦਾ ਦੇਖਿਆ ਜਾ ਸਕਦਾ ਹੈ ਫੇਰ, ਉਨ੍ਹਾਂ ਨੂੰ ਆਇਆ ਪਸੀਨਾ ਬਰਫ਼ ਵਿਚ ਲਾ ਕੇ ਵੀ ਖ਼ੁਸ਼ਕ ਨਹੀਂ ਕੀਤਾ ਜਾ ਸਕਦਾ।



ਜਦੋਂ ਇਨਸਾਨ ਆਪਣੀ ਜੀਵਨ ਤੋਰ ਨੂੰ ਬੋਚ ਬੋਚ ਕੇ ਪੱਬ ਧਰਨ ਵਾਂਗ ਜੀਊਣਾ ਸਿੱਖ ਜਾਵੇ ਤਾਂ ਉਹ ਸੁੱਖ, ਦੁੱਖ ਹੰਢਾਉਂਦਿਆਂ ਹਰ ਮੌਕੇ ਖੁਸ਼ ਰਹਿਣਾ ਸਿੱਖ ਜਾਂਦਾ ਹੈ। ਸਬੱਬ ਨਾਲ ਸੌਖਿਆਂ ਹੀ ਮਿਲ਼ਿਆ ਸੁਖੀ ਜੀਵਨ ਬਹੁਤ ਸਾਰਿਆਂ ਨੂੰ ਅਣਮਨੁੱਖੀ ਲੀਹੇ ਵੀ ਤੋਰ ਦਿੰਦਾ ਹੈ ਜਿਸਨੂੰ ਇਨਸਾਨੀ ਜੀਵਨ ਵਿਚ ਆਇਆ ਨਿਘਾਰ ਹੀ ਆਖਿਆ ਜਾ ਸਕਦਾ ਹੈ। ਪਰ ਜੇ ਇਨਸਾਨ ਤੋਰ ਨੂੰ ਸਾਵੀਂ ਰੱਖਕੇ ਤੁਰੇ ਤਾਂ ਉਹ ਵਿਅਕਤੀ ਮੌਕੇ-ਮੇਲ ਨਾਲ ਆਏ ਦੁੱਖ ਦੇ ਪਲਾਂ ਵਿਚ ਵੀ ਉਦਾਸ ਨਹੀਂ ਹੁੰਦਾ ਤੇ ਨਾ ਹੀ ਘਾਬਰਦਾ ਹੈ, ਸਗੋਂ ਠਰੰਮੇ ਭਰੀ ਸੂਝ ਨਾਲ ਅਜਿਹੀ ਸਥਿਤੀ ਦਾ ਮੁਕਾਬਲਾ ਕਰਦਾ ਹੋਇਆ ਜਿੱਤ ਪ੍ਰਾਪਤ ਕਰਦਾ ਹੈ।



ਦੁਨੀਆਂਦਾਰੀ ਵਿਚ ਹਰ ਕਿਸੇ ਨਾਲ ਵਾਹ ਪੈਂਦਾ ਹੈ। ਆਪ ਤੋਂ ਸਿਆਣਿਆਂ ਨਾਲ ਵੀ, ਆਪ ਤੋਂ ਕਮਲ਼ਿਆਂ ਨਾਲ ਵੀ ਅਤੇ ਆਪਣੇ ਵਰਗਿਆਂ ਨਾਲ ਵੀ। ਇਹ ਹਰ ਕਿਸੇ ਦੇ ਆਪਣੇ ਵਸ ਹੀ ਹੁੰਦਾ ਹੈ, ਇਸੇ ਬਾਰੇ ਸੋਚਣਾ ਬਣਦਾ ਹੈ ਕਿ ਉਹ ਵੱਖੋ-ਵੱਖ ਸੁਭਾਵਾਂ ਜਾਂ ਉੱਚੇ ਨੀਵੇਂ ਗਿਆਨ ਪੱਧਰ ਵਾਲੇ ਲੋਕਾਂ ਨਾਲ ਕਿਵੇਂ ਦਾ ਵਤੀਰਾ ਅਪਣਾਵੇ ਜਾਂ ਵਰਤਾਅ ਤੇ ਵਿਹਾਰ ਕਰੇ? ਕੀ ਉਹ ਆਪਣੇ ਤੋਂ ਤਕੜੇ ਜਾਂ ਸਿਆਣੇ ਨੂੰ ਝੁਕ ਕੇ ਸਲਾਮ ਕਰੇ? ਨਹੀਂ। ਕਿਸੇ ਵੀ ਸਿਆਣੇ/ਸੂਝਵਾਨ ਤੋਂ ਕੁੱਝ ਸਿੱਖਣਾ ਬਣਦਾ ਹੈ। ਪਰ ਆਪ ਤੋਂ ਹੀਣੇ ਜਾਂ ਮਾੜੇ ਨੂੰ ਉੱਚਾ ਚੁੱਕ ਕੇ ਆਪਣੇ ਬਰਾਬਰ ਲਿਆਉਣ ਦਾ ਜਤਨ ਵੀ ਕਰਨਾ ਚਾਹੀਦਾ ਹੈ। ਇਹ ਚੰਗੇ ਇਨਸਾਨਾਂ ਦੇ ਵਸ ਦੀ ਹੀ ਗੱਲ ਹੈ।



ਜੀਵਨ ਯਾਤਰਾ ਵਿਚੀਂ ਲੰਘਦਿਆਂ ਵੱਡੇ ਬਣਨ ਦੀ ਤਾਂਘ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਪੈਦਾ ਹੁੰਦੀ ਹੈ। ਇਹ ਮਾੜੀ ਵੀ ਨਹੀਂ। ਮਿਹਨਤੀ, ਸਿਰੜੀ ਅਤੇ ਸਿਦਕੀ ਲੋਕ ਆਪਣੇ ਜਤਨਾਂ ਨਾਲ ਇੱਥੋਂ ਤੱਕ ਪਹੁੰਚ ਵੀ ਜਾਂਦੇ ਹਨ। ਕਿੰਨਾ ਚੰਗਾ ਹੋਵੇ ਜੇ ਵੱਡੇ ਬਣਨ ਦੇ ਨਾਲ ਹੀ ਚੰਗੇ ਬਣਨ ਵਾਲੀ ਖਾਹਿਸ਼ ਵੀ ਅੰਦਰ ਪਲ਼ੇ ਤੇ ਉਸਦੀ ਪੂਰਤੀ ਵੀ ਕੀਤੀ ਜਾਵੇ। ਇਸ ਨਾਲ ਸਮਾਜ ਵਿਚ ਚੰਗਿਆਈ ਦਾ ਪਸਾਰ ਹੁੰਦਾ ਹੈ। ਬਦੀ ਨੂੰ ਨਕਾਰਨ ਦਾ ਇਹ ਵੀ ਇਕ ਰਾਹ ਹੈ।



ਸਾਡੇ ਸਮਾਜ ਵਿਚ ਬਹੁਤ ਸਾਰੇ ਲੋਕ ਘਟੀਆ ਸੰਸਕਾਰਾਂ (ਸੰਸਕਾਰ ਸਾਰੇ ਮਾੜੇ ਨਹੀਂ ਹੁੰਦੇ) ਦੇ ਅਸਰ ਅਧੀਨ ਆਮ ਕਰਕੇ ਅਜੇ ਤੱਕ ਵੀ ਔਰਤ ਦਾ ਅਪਮਾਨ ਕਰਨ ਦੇ ਬਹਾਨੇ ਹੀ ਭਾਲ਼ਦੇ ਰਹਿੰਦੇ ਹਨ। ਲੋਕ ਆਪਣੀ ਮਾਂ, ਭੈਣ ਨੂੰ ਤਾਂ ਇੱਜਤ ਦਿੰਦੇ ਹਨ ਪਰ ਆਪਣੀਆਂ ਹੀ ਪਤਨੀਆਂ ਨੂੰ ਆਪਣੇ ਤੋਂ ਹੀਣਾ ਸਮਝਣ ਲੱਗ ਪੈਂਦੇ ਹਨ। ਲੜਾਈ-ਝਗੜੇ, ਮਾਰ-ਕੁਟਾਈ, ਮਾੜੀ ਹੋਣ ਦਾ ਸ਼ੱਕ ਕੀਤਾ ਜਾਂਦਾ ਹੈ, ਘਟੀਆ ਕਿਸਮ ਦੇ ਤਾਹਨਿਆਂ, ਮਿਹਣਿਆਂ ਨਾਲ ਔਰਤਾਂ ਦੇ ਸਵੈਮਾਣ ਨੂੰ ਵਿੰਨ੍ਹਿਆਂ ਜਾਂਦਾ ਹੈ, ਜ਼ਖ਼ਮੀ ਕੀਤਾ ਜਾਂਦਾ ਹੈ। ਪੱਛਮੀ ਸਮਾਜ ਅੰਦਰ ਵੀ ਘਰ ਵਾਲਿਆਂ (ਖਾਸ ਕਰਕੇ ਪਤੀਆਂ) ਵਲੋਂ ਸਤਾਈਆਂ ਔਰਤਾਂ ਦੀ ਸਾਂਭ-ਸੰਭਾਲ ਵਾਸਤੇ ਸੁਰੱਖਿਆ ਕੇਂਦਰ ਬਣੇ ਹੋਏ ਹਨ। ਜਿੱਥੇ ਇਹੋ ਜਹੀਆਂ ਸਮਾਜ ਅਤੇ ਸਥਿਤੀਆਂ ਵਲੋਂ ਸਤਾਈਆਂ ਔਰਤਾਂ ਦੀ ਭੀੜ ਲੱਗੀ ਰਹਿੰਦੀ ਹੈ। ਪੱਛਮੀ ਸਮਾਜ ਅੰਦਰ ਔਰਤ ਸੁਚੇਤ ਵੀ ਹੈ, ਆਰਥਕ ਤੌਰ ’ਤੇ ਆਤਮ ਨਿਰਭਰ ਵੀ ਹੈ ਪਰ ਫੇਰ ਵੀ ਕਈ ਕੋਝ੍ਹ ਇਸ ਸਮਾਜ ਦੇ ਮੱਥੇ ਦੇ ਕਲੰਕ ਬਣਦੇ ਹਨ। ਮਰਦ ਪ੍ਰਧਾਨ ਸਮਾਜ ਅੰਦਰ ਪਲ ਰਹੇ ਕੋਹਝਾਂ ਕਰਕੇ ਇਸ ਨੂੰ ਦੁੱਖ ਭਰਿਆ ਇਕ ਉਦਾਸ ਨੁਕਤਾ/ਵਰਤਾਰਾ ਹੀ ਕਿਹਾ ਜਾ ਸਕਦਾ ਹੈ।



ਸਾਡੇ ਲੋਕਾਂ ਨੂੰ ਬਹੁਤ ਸਾਰੇ ਕਾਰਨਾਂ ਕਰਕੇ ਬਾਹਰ ਜਾਣ ਦੀ ਲਾਗ ਲੱਗ ਗਈ ਹੈ। ਇਸ ਕਰਕੇ ਹੀ ਲੋਕ ਆਪਣੀਆਂ ਡਿਗਰੀਆਂ ਤੱਕ ਪੜ੍ਹੀਆਂ ਧੀਆਂ ਨੂੰ ਬਿਨਾ ਹਾਣ-ਪ੍ਰਵਾਨ ਦੇਖਿਆਂ ਅਜਿਹੇ ਮੁੰਡਿਆਂ ਦੇ ਲੜ ਲਾਣ ਤੋਂ ਨਹੀਂ ਝਿਜਕਦੇ ਜੋ ਬਿਲਕੁੱਲ ਉਨ੍ਹਾਂ ਕੁੜੀਆਂ ਦੇ ਲਾਇਕ ਨਹੀਂ ਹੁੰਦੇ। ਲੋਭ ਹੁੰਦਾ ਹੈ ਕਿ ਮਗਰ ਹੀ ਅਸੀਂ ਵੀ ਕਿਧਰੇ ਬਾਹਰ ਚਲੇ ਜਾਵਾਂਗੇ। ਕੁੜੀਆਂ ਜਿਵੇਂ ਦਿਨ-ਕਟੀ ਕਰਦੀਆਂ ਹਨ ਇਹ ਉਹ ਨਹੀਂ ਜਾਣਦੇ ਹੁੰਦੇ। ਕੁੜੀਆਂ ਬੇ-ਗਿਣਤ ਤਸੀਹੇ ਝੱਲਦੀਆਂ ਹਨ, ਪਰ ਮਾਪਿਆਂ ਦੀ ਇੱਜ਼ਤ ਨੂੰ ਵੱਟਾ ਨਾ ਲੱਗੇ, ਮਾਪਿਆਂ ਦੀ ਇੱਜ਼ਤ ਦੀ ਬਦਨਾਮੀ ਤੋਂ ਡਰ ਲਗਦਾ ਹੈ। ਉਹ ਇਸੇ ਵਿਚਾਰ ਦੀ ਲੱਜ ਪਾਲਦੀਆਂ ਜ਼ੁਲਮ ਦੇ ਸਿ਼ਕੰਜੇ ਵਿਚ ਕੱਸੀਆਂ ਦਿਨ ਕਟੀ ਕਰਨ ਵਾਸਤੇ ਮਜ਼ਬੂਰ ਹੋ ਜਾਂਦੀਆਂ ਹਨ, ਦੁੱਖਾਂ ਦੇ ਵੇਲਣੇ ਵਿਚ ਨਿੱਤ ਨਪੀੜੀਆਂ ਜਾਂਦੀਆਂ ਹਨ।



ਆਮ ਸਾਧਾਰਨ ਜਹੇ ਲੋਕ ਜੇ ਭੁੱਲਾਂ ਕਰਨ ਤਾਂ ਲੋਕ ਹੋਊ-ਪਰੇ ਕਰ ਦਿੰਦੇ ਹਨ ਪਰ ਸਿਆਣੇ ਕਹੇ ਜਾਂ ਸਮਝੇ ਜਾਣ ਵਾਲੇ ਵੀ ਜਦੋਂ ਸਾਧਾਰਨ ਬੁੱਧੀ ਦਾ ਦਿਖਾਵਾ ਕਰਦੇ ਹਨ ਤਾਂ ਸਭ ਨੂੰ ਹੀ ਬੁਰਾ ਲਗਦਾ ਹੈ। ਉਨ੍ਹਾਂ ਦਾ ਇਹ ਅਮਲ ਹਰ ਇਨਸਾਨ ਨੂੰ ਦੁੱਖ ਬਣਕੇ ਚੁਭਦਾ ਹੈ। ਇਸ ਨਾਲ ਸਮਾਜ ਦੇ ਹੋ ਰਹੇ ਵਿਕਾਸ ਵਿਚ ਵਿਗਾੜ ਪੈਦਾ ਹੁੰਦੇ ਹਨ। ਉਹ ਜਿਹੜੇ ਐਵੇਂ ਹੀ ਬਿਨਾ ਕਿਸੇ ਕਾਰਨੋਂ ਆਪਣੀਆਂ ਝੂਠੀਆਂ ਸਿਫਤਾਂ ਦਾ ਪਾਟਿਆ ਢੋਲ ਗਲ਼ ਵਿਚ ਪਾਈ ਫਿਰਦੇ ਹਨ ਉਨ੍ਹਾਂ ਦੇ ਤਾਂ ਕਹਿਣੇ ਹੀ ਕੀ। ਉਨ੍ਹਾਂ ਦੀ ਹਾਲਤ ਦੀ ਤਾਂ ਭਾਰਤੀ ਫਿਲਮਾਂ ਦੇ ਘਟੀਆ ਜਹੇ ਖਲਨਾਇਕਾਂ ਨਾਲ ਹੀ ਤੁਲਨਾ ਕੀਤੀ ਜਾ ਸਕਦੀ ਹੈ। ਜਿਵੇਂ ਇਹ ਖਲਨਾਇਕ ਕਿਸੇ ਵਿਰੋਧੀ ਦੀ ਕੁੱਟਮਾਰ ਕਰਨ ਤੋਂ ਬਾਅਦ ਉਹਨੂੰ ਧਰਤੀ ’ਤੇ ਸੁੱਟ ਉਹਦੇ ਲਹੂ-ਲੁਹਾਣ ਹੋਏ ਗਲ਼ ਤੇ ਆਪਣੇ ਲਿੱਬੜੇ ਬੂਟ ਰੱਖਕੇ ਆਪਣੇ ਗ੍ਰੋਹ (ਜਾਂ ਗਰੁੱਪ) ਦੇ ਬਾਕੀ ਮੈਂਬਰਾਂ ਨੂੰ ਵਿਸਕੀ ਦੇ ਪੈੱਗ ਦੀ ‘ਚੀਅਰਜ਼’ ਆਖਦੇ ਅਣ-ਮਨੁੱਖੀ ਜਿਹਾ ਗੰਦਾ ਹਾਸਾ ਹੱਸਦੇ ਹਨ।



ਕੀ ਮਨੁੱਖੀ ਰਿਸ਼ਤੇ, ਖਾਸ ਕਰਕੇ ਪਤੀ, ਪਤਨੀ ਦਾ ਰਿਸ਼ਤਾ ਇੱਥੋਂ ਕੁ ਤੱਕ ਹੀ ਹੁੰਦਾ ਹੈ ਕਿ ਉਹਨੂੰ ਧੌਂਸ ਦੇ ਵੇਲਣੇ ਵਿਚ ਪੀੜਿਆ ਜਾਵੇ। ਇਹ ਹੀ ਮਿਹਣੇ ਮਾਰੀ ਜਾਣੇ ਕਿ ਇਹ ਸਭ ਕੁੱਝ ਮੇਰੇ ਕਰਕੇ ਹੀ ਹੈ। ਪਤਨੀ ਆਪ ਤੋਂ ਸੂਝਵਾਨ ਹੋਵੇ ਤਾਂ ਉਸ ਤੋਂ ਸਿੱਖਣ ਵਿਚ ਕੀ ਹਰਜ਼ ਹੈ? ਉਸਦੇ ਗਿਆਨ ਦੀ ਕਦਰ ਕਰਦਿਆਂ ਆਪ ਵੀ ਸਿਆਣਾ ਬਣਨ ਦਾ ਜਤਨ ਕਰਨਾ ਚਾਹੀਦਾ ਹੈ। ਕਈ ਤਾਂ ਲੱਕੜੀ ਨਾਲ ਲੋਹਾ ਤਰਨ ਵਾਲੀ ਕਹਾਵਤ ਨੂੰ ਪੁੱਠੀ ਕਰਦਿਆਂ ਲੋਹੇ ਨਾਲ ਲੱਕੜੀ ਡੋਬਣ ਦੇ ਕਾਰਜ ਵਿਚ ਹੀ ਵਿਅਸਥ ਰਹਿੰਦੇ ਹਨ ਪਰ ਫੇਰ ਵੀ ਆਪਣੇ ਆਪ ਨੂੰ ਇਨਸਾਨ ਹੀ ਗਿਣੀ ਜਾਣਗੇ। ਅਜਿਹੀ ਸਥਿਤੀ ’ਤੇ ਕੋਈ ਕਿਹੜੀ ਟਿੱਪਣੀ ਕਰੇ? ਬਸ! ਇਹ ਹੀ ਕਿਹਾ ਜਾ ਸਕਦਾ ਹੈ ਕਿ “ਰੱਬ” ਖੈਰ ਈ ਕਰੇ।



ਜ਼ਿੰਦਗੀ ਤਾਂ ਜਸ਼ਨ ਹੈ-ਇਸਨੂੰ ਮਾਨਣਾ ਚਾਹੀਦਾ ਹੈ। ਸਾਂਝ ਤੇ ਖੁਸ਼ੀ ਭਰੀ ਜ਼ਿੰਦਗੀ ਵਰਗਾ ਹੋਰ ਕੋਈ ਸਵਰਗ ਨਹੀਂ ਹੁੰਦਾ। ਲੋੜ ਹੈ ਸੂਝ, ਸਮਝ ਵਰਤਦਿਆਂ ਦੁੱਖ-ਸੁਖ ਵੰਡਦਿਆਂ, ਮੁਹੱਬਤਾਂ ਭਰਿਆ ਸਾਂਝਾ ਹਾਸਾ ਹੱਸਣ ਦੀ। ਆਪਣੇ ਪੱਲੇ ਵਿਚ ਝਾਕਦਿਆਂ ਆਪਣੇ ਗੁਣ ਹੀ ਨਹੀਂ ਆਪਣੀਆਂ ਘਾਟਾਂ ਵੀ ਨਜ਼ਰੀਂ ਪੈਦੀਆਂ ਹਨ। ਫੇਰ ਆਪਣੇ ਅੰਦਰ ਝਾਕਣਾ ਕੀ ਔਖਾ ਹੈ? ਲੋੜ ਤਾਂ ਝੂਠ, ਕੁਸੱਤ ਅਤੇ ਉਜੱਡਪੁਣੇ ਦੀ ਪੱਟੀ ਆਪਣੀ ਸੋਚ ਤੋਂ ਲਾਹੁਣ ਦੀ ਹੈ। ਫੇਰ ਮਨੁੱਖ ਦੁੱਖਾਂ ਤੇ ਫ਼ਿਕਰਾਂ ਵੇਲੇ ਵੀ ਝੋਰਿਆਂ ਤੇ ਉਦਾਸੀ ਦੇ ਵਸ ਨਹੀਂ ਪੈਂਦਾ। ਆਪਣੇ ਵਲੋਂ ਹੀ ਕੀਤੀ ਸਵੈ-ਪੜਚੋਲ ਨਾਲ ਫੜੇ ਸਿੱਧੇ ਰਾਹ ਦੇ ਆਸਰੇ ਜੀਵੀ ਜਾ ਰਹੀ ਜ਼ਿੰਦਗੀ ਜਸ਼ਨ ਬਣ ਜਾਂਦੀ ਹੈ।