ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਸ਼ਿਵਚਰਨ ਜੱਗੀ ਕੁੱਸਾ. Show all posts
Showing posts with label ਸ਼ਿਵਚਰਨ ਜੱਗੀ ਕੁੱਸਾ. Show all posts

Friday, August 28, 2009

ਸ਼ਿਵਚਰਨ ਜੱਗੀ ਕੁੱਸਾ - ਨਜ਼ਮ

ਨਾਗਮਣੀ

ਨਜ਼ਮ

ਨਾ ਹੰਝੂਆਂ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਹਾਸੇ ਦੀ!

ਨਾ ਦਰਦ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਸ਼ੋਖ਼ ਚਿਹਰੇ ਦੀ!

ਨਾ ਅੱਖਾਂ ਦੀ ਰੜਕ ਦੀ ਭਾਸ਼ਾ ਹੁੰਦੀ ਹੈ

ਨਾ ਪੈਰਾਂ ਦੇ ਛਾਲਿਆਂ ਦੀ!

ਨਾ ਅੱਗ ਦੇ ਸੇਕ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਸੀਤਲ ਜਲ ਦੀ!

ਨਾ ਸੁਆਦ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਬਿਖ਼ਰੀ ਖ਼ੁਸ਼ਬੂ ਦੀ!

ਨਾ ਬਹਾਰ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਪੱਤਝੜ ਦੀ!

ਪਰ...

ਲੋਕ ਉਸ ਦੇ 'ਅਰਥ'

ਫਿਰ ਵੀ ਸਮਝਦੇ ਨੇ!

ਕਿਉਂਕਿ ਉਹਨਾਂ ਦੀ ਵੀ ਇਕ,

ਆਪਣੀ 'ਬੋਲੀ' ਅਤੇ ਬੋਲਣ ਦਾ 'ਢੰਗ' ਹੁੰਦੈ!!

......

ਕਾਸ਼...!

ਹਰ ਬੰਦਾ ਅੰਤਰਜਾਮੀ ਹੁੰਦਾ,

ਜੋ ਬੁੱਝ ਲੈਂਦਾ

ਹਰ ਇਕ ਦੇ ਮਨ ਦੀ ਪੀੜ

ਅਤੇ ਮਜਬੂਰੀ!

ਨਦੀ ਦੇ ਵਹਾਅ ਵੱਲ ਮੂੰਹ ਕਰਕੇ

ਮੈਨੂੰ ਇਹ ਉਲਾਂਭਾ ਨਾ ਦੇਹ

ਕਿ ਮੈਨੂੰ ਪਾਣੀ ਦੇ ਸਿਰੜ 'ਤੇ ਸ਼ੱਕ ਹੈ!

ਉਹ ਤਾਂ ਪਰਬਤ ਦੇ ਚਰਨਾਂ ਵਿਚ ਵਗ ਕੇ

ਆਪਣੀ ਨਿਮਰਤਾ ਤੇ ਧਾਰਨਾ ਦਾ

ਆਪ ਸਬੂਤ ਦੇ ਰਹੀ ਹੈ!

.....

ਜਦ ਸਰ੍ਹੋਂ ਦਾ ਫੁੱਲ

ਫੁਲਕਾਰੀ ਦੇ ਪੱਲੇ ਵਿਚ ਮਸਲ਼ ਕੇ

ਤੂੰ ਮੈਨੂੰ ਪੁੱਛਿਆ ਸੀ

ਕਿ ਦੱਸ ਹੁਣ ਇਹ,

ਸਵਰਗ ਗਿਆ ਹੈ ਕਿ ਨਰਕ?

ਤਾਂ ਮੈਂ ਤੈਨੂੰ ਇੱਕੋ ਉਤਰ ਮੋੜਿਆ ਸੀ

ਕਿ ਇਹ ਤੇਰੀ

ਬੇਰਹਿਮੀ ਦੀ 'ਭੇਂਟ' ਚੜ੍ਹਿਐ!

ਹੁਣ ਇਹਦੇ ਲਈ ਸਵਰਗ ਜਾਂ ਨਰਕ

ਕੋਈ ਮਾਅਨਾ ਹੀ ਨਹੀਂ ਰੱਖਦੇ!

ਕਿਉਂਕਿ ਭੇਂਟ ਚੜ੍ਹਨ ਵਾਲ਼ੇ

'ਮੁਕਤ' ਹੋ ਜਾਂਦੇ ਨੇ!

.....

ਜਦ ਤੇਰੇ ਸੜਦੇ ਹੋਂਠਾਂ ਦੀਆਂ ਪੰਖੜੀਆਂ

ਬਾਤ ਪਾਉਂਦੀਆਂ ਸਨ,

ਮੇਰੀਆਂ ਮੁੰਦੀਆਂ ਅੱਖੀਆਂ ਕੋਲ਼ ਜਾ

ਧਰਤ-ਅਸਮਾਨ ਦੀ,

ਬ੍ਰਿਹੋਂ ਤੇ ਸੰਯੋਗ ਦੀ,

ਤਾਂ ਮੈਂ ਉਹਨਾਂ ਵਿਚਲੇ ਫ਼ਾਸਲੇ ਦੀ

ਮਿਣਤੀ-ਗਿਣਤੀ ਵਿਚ ਭਟਕਦਾ ਹੀ,

ਦਿਨ ਚੜ੍ਹਾ ਲੈਂਦਾ ਸੀ

ਤੇ ਤੇਰੇ ਨਾਲ਼ ਹੰਢਾਈ ਜਾਣ ਵਾਲ਼ੀ ਰਾਤ ਵੀ

ਤੇਰੇ 'ਪ੍ਰਸ਼ਨ' ਦੀ ਬਲੀ ਹੀ ਚੜ੍ਹਦੀ ਸੀ!

....

ਯਾਦ ਹੈ...?

ਯਾਦ ਹੈ ਕੁਛ ਤੈਨੂੰ..??

ਤੂੰ ਮੈਨੂੰ ਸੂਰਜ ਦਾ ਸੋਹਿਲਾ

ਲਿਆਉਣ ਲਈ ਵੰਗਾਰ ਪਾਈ ਸੀ?

ਪਰ ਮੈਂ ਤਾਂ ਘਿਰਿਆ ਰਿਹਾ

ਗ੍ਰਹਿਆਂ ਦੀ ਚਾਲ ਵਿਚ

ਧੁਰ ਤੱਕ ਪਹੁੰਚਣ ਲਈ

ਮੈਨੂੰ ਮਾਰਗ ਹੀ ਨਹੀਂ ਮਿਲਿਆ

ਜਿਸ ਨੂੰ ਵੀ ਰਾਹ ਪੁੱਛਦਾ,

ਕੋਈ 'ਚਿਤਰ' ਬਾਰੇ ਕਹਿੰਦਾ,

ਤੇ ਕੋਈ 'ਗੁਪਤ' ਦੀ ਦੱਸ ਪਾਉਂਦਾ

..ਤੇ ਮੈਂ ਰੁਲ਼ਦਾ-ਖੁਲ਼ਦਾ,

ਟੁੱਟੇ ਤਾਰੇ ਦੀ ਰਾਖ਼ ਲੈ ਕੇ ਹੀ

ਪਰਤ ਆਇਆ ਸੀ...!

.....

ਪਰ ਤੂੰ ਉਦਾਸ ਨਾ ਹੋ..!!

ਧਰਤੀਆਂ ਹੋਰ ਬਹੁਤ ਨੇ!

ਤੇ ਜਨਮ ਵੀ ਅਨੇਕ!!

ਸ਼ਾਇਦ ਕਿਸੇ ਜਨਮ ਵਿਚ

ਤੇਰਾ ਚੰਦਰਮਾ ਨਾਲ਼

ਮੇਲ ਹੋ ਜਾਵੇ?

ਕਹਿੰਦੇ ਉਹ ਸੂਰਜ ਤੋਂ

ਰੌਸ਼ਨੀ ਉਧਾਰੀ ਲੈਂਦਾ ਹੈ!

ਉਹਨਾਂ ਦੀ ਸਾਂਝ ਦੀ ਤਾਂ ਲੋਕ

ਕਮਲ਼ੀਏ ਦਾਦ ਦਿੰਦੇ ਨੇ!

ਤੇਰੀ ਚਾਹਤ ਮੈਂ ਨਹੀਂ ਤਾਂ,

ਇਕ ਨਾ ਇਕ ਦਿਨ ਚੰਦਰਮਾ

ਜ਼ਰੂਰ ਪੂਰੀ ਕਰੇਗਾ!

.....

ਠਹਿਰ ਜ਼ਰਾ..!

ਇਕ ਗੱਲ ਦੱਸ ਦੇਵਾਂ...

ਚੰਦਨ ਦੇ ਰੁੱਖ ਹੇਠ ਬੈਠ

ਮਣੀ ਦੀਆਂ ਬੁਝਾਰਤਾਂ ਨਾ ਪਾਇਆ ਕਰ

ਚੰਦਨ ਦੇ ਰੁੱਖ ਨਾਲ,

ਸੱਪ ਲਿਪਟੇ ਹੁੰਦੇ ਨੇ

...ਤੇ ਮਣੀ,

ਨਾਗ ਦੇ ਸਿਰ ਵਿਚ ਹੁੰਦੀ ਹੈ!

ਰੇਗਿਸਤਾਨ ਦੀ ਬੁੱਕਲ਼ ਵਿਚ ਬੈਠ

ਕਸਤੂਰੀ ਲੱਭਣ ਦੀ

ਜ਼ਿੱਦ ਵੀ ਨਾ ਕਰਿਆ ਕਰ

ਕਸਤੂਰੀ ਵੀ ਸੁਣਿਐਂ

ਕਾਲ਼ੇ ਨੈਣਾਂ ਵਾਲ਼ੇ ਮਿਰਗ ਦੀ

ਨਾਭੀ ਵਿਚ ਹੁੰਦੀ ਹੈ,

ਜੋ ਖ਼ੁਦ ਉਸ ਦੀ ਹੀ ਭਾਲ਼ ਵਿਚ

ਆਖ਼ਰ ਨੂੰ ਪ੍ਰਾਣ-ਹੀਣ ਹੋ ਜਾਂਦੈ!

......

ਪੁੱਛ ਕੇ ਦੇਖੀਂ ਕਿਸੇ ਦਿਨ

ਮੰਦਰ ਦੇ ਪੱਥਰਾਂ ਨੂੰ

ਕਿ ਹੁਣ ਉਹਨਾਂ ਨੂੰ ਧੂਫ਼ 'ਚੋਂ

ਕਿੰਨੀ ਕੁ ਮਹਿਕ ਆਉਂਦੀ ਹੈ?

ਹੁਣ ਤਾਂ ਉਹ ਵੀ ਆਦਮ-ਜ਼ਾਤ ਵਾਂਗ

ਸਿਲ਼-ਪੱਥਰ ਹੀ ਹੋ ਗਏ ਹੋਣਗੇ

ਅਤੇ ਖਿਝਦੇ ਹੋਣਗੇ ਕਿਸੇ ਦੀ

ਅੰਨ੍ਹੀ ਸ਼ਰਧਾ 'ਤੇ!

ਜਾਂ ਫਿਰ ਹੱਸਦੇ ਹੋਣਗੇ ਮਾਣਸ-ਜ਼ਾਤ 'ਤੇ

ਕਿ ਤੁਹਾਡੇ ਨਾਲ਼ੋਂ ਤਾਂ ਅਸੀਂ ਹੀ ਬਿਹਤਰ ਹਾਂ,

ਜਿੰਨਾਂ ਦੀ ਇਬਾਦਤ ਤਾਂ ਹੁੰਦੀ ਹੈ!

.....

ਖਿਝਿਆ ਨਾ ਕਰ ਤੂੰ ਮੇਰੀ ਸ਼ਰਾਬ ਤੋਂ

ਤੂੰ ਆਦਮ-ਜ਼ਾਤ ਤੋਂ ਡਰਿਆ ਕਰ!

ਮੈਂ ਤਾਂ ਸ਼ਰਾਬ ਹੀ ਪੀਂਦਾ ਹਾਂ,

ਕੋਈ ਦਰਦ ਭੁਲਾਉਣ ਵਾਸਤੇ,

ਪਰ....

ਅੱਜ ਕੱਲ੍ਹ ਆਦਮ-ਜ਼ਾਤ ਨੂੰ

ਮਾਣਸ ਦਾ ਖ਼ੂਨ ਪੀਣ ਦਾ ਸ਼ੌਕ ਪੈ ਗਿਐ!

.....

ਨਾਲ਼ੇ ਵਾਰ ਵਾਰ ਪੌਣਾਂ ਨੂੰ

ਵੰਗਾਰਾਂ ਨਾ ਪਾਇਆ ਕਰ

ਬ੍ਰਹਿਮੰਡ ਵਿਚ ਉਹਨਾਂ 'ਤੇ ਕੋਈ

ਪਾਬੰਦੀ ਨਹੀਂ!

ਪਰਬਤਾਂ 'ਤੇ ਵਾਸ ਕਰਨ ਵਾਲਿਆਂ ਨੂੰ

ਸੀਮਾਵਾਂ ਦਾ ਘੇਰਾ ਨਹੀਂ ਦੱਸੀਦਾ

ਤੇ ਨਾ ਹੀ ਕਿਰਨਾਂ ਨੂੰ

ਉਹਨਾਂ ਦੀ ਹੱਦ ਦਾ ਮਿਹਣਾ ਮਾਰੀਦੈ

ਸਾਢੇ ਤਿੰਨ ਹੱਥ ਧਰਤੀ ਤਾਂ,

ਸਿਰਫ਼ ਬੰਦੇ ਦੀ ਮਲਕੀਅਤ ਹੈ,

ਬਾਕੀ ਸਭ ਉਸ ਤੋਂ ਕਿਤੇ ਅਮੀਰ ਨੇ!!!

Friday, January 16, 2009

ਸ਼ਿਵਚਰਨ ਜੱਗੀ ਕੁੱਸਾ - ਲੇਖ

ਪੰਜਾਬੀ ਮਾਂ-ਬੋਲੀ ਨੂੰ ਬੇਦਾਵਾ ਜ਼ਰੂਰੀ ਜਾਂ ਮਜ਼ਬੂਰੀ?

ਲੇਖ

ਮੇਰੇ ਪਿੱਛੇ ਜਿਹੇ ਛਪੇ ਨਾਵਲ 'ਉੱਜੜ ਗਏ ਗਰਾਂ' ਦੇ ਨਵੇਂ ਐਡੀਸ਼ਨ ਬਾਰੇ ਇਕ ਪਾਠਕ ਦਾ ਖ਼ਤ ਆਇਆ। ਮੈਂ ਬੜਾ ਹੀ ਹੈਰਾਨ ਹੋਇਆ, ਕਿਉਂਕਿ ਇਸ ਪੰਜਾਬੀ ਦੇ ਨਾਵਲ ਬਾਰੇ ਖ਼ਤ ਅੰਗਰੇਜ਼ੀ ਵਿਚ ਲਿਖਿਆ ਹੋਇਆ ਸੀ। ਮੇਰੇ ਹੁਣ ਤੱਕ 17 ਨਾਵਲ ਅਤੇ 4 ਕਹਾਣੀ-ਸੰਗ੍ਰਹਿ ਛਪ ਚੁੱਕੇ ਹਨ। ਕਈ ਨਾਵਲਾਂ ਦੇ ਕਈ-ਕਈ ਐਡੀਸ਼ਨ ਛਪੇ। ਪੰਜਾਬ, ਦਿੱਲੀ ਤੋਂ ਲੈ ਕੇ ਕੈਨੇਡਾ ਤੱਕ! ਇਹਨਾਂ ਨਾਵਲਾਂ ਅਤੇ ਕਹਾਣੀ-ਸੰਗ੍ਰਹਿ ਪ੍ਰਤੀ ਕਈ ਪੰਜਾਬੀ ਲੇਖਕ, ਗਾਇਕ, ਐਕਟਰ, ਸੰਪਾਦਕ ਮਿੱਤਰਾਂ ਅਤੇ ਸੁਹਿਰਦ ਪਾਠਕਾਂ-ਆਲੋਚਕਾਂ ਨੇ ਮਿੱਠੇ, ਅਤਿਅੰਤ ਮਿੱਠੇ, ਬੇਸੁਆਦੇ, ਖਰ੍ਹਵੇਂ ਅਤੇ ਕੌੜੇ ਵਿਚਾਰ ਵੀ ਭੇਜੇ। ਮੈਂ ਹਰ ਵਿਚਾਰ ਦਾ ਖਿੜੇ ਮੱਥੇ ਸੁਆਗਤ ਕੀਤਾ।

ਪਰ ਇਸ ਪ੍ਰਸ਼ੰਸਕ-ਪਾਠਕ ਵੱਲੋਂ ਲਿਖੀ ਪ੍ਰਸ਼ੰਸਾ ਭਰੀ ਚਿੱਠੀ ਵੀ ਮੈਨੂੰ ਇੰਜ ਜਾਪੀ, ਜਿਵੇਂ ਕਿਸੇ ਨੇ ਮੇਰੇ ਥੱਪੜ ਕੱਢ ਮਾਰਿਆ ਹੋਵੇ! ਮੈਂ ਕਸੀਸ ਵੱਟ ਲਈ ਅਤੇ ਸੋਚਦਾ ਰਿਹਾ ਕਿ ਅਸੀਂ ਕਿੰਨੇ ਕੁ ਪਾਣੀ ਵਿਚ ਹਾਂ ਅਤੇ ਸਾਡੀ ਮਾਂ-ਬੋਲੀ ਦਾ ਭਵਿੱਖ ਕੀ ਹੈ? ਅਸੀਂ ਕਿੰਨੇ ਕੁ ਪਾਣੀ ਵਿਚ ਹਾਂ? 2003 ਵਿਚ ਜਦੋਂ ਮੈਨੂੰ ਨਾਨਕ ਸਿੰਘ ਨਾਵਲਿਸਟ ਅਵਾਰਡ ਅਤੇ ਗੋਲਡ ਮੈਡਲ 'ਪੰਜਾਬੀ ਸੱਥ ਲਾਂਬੜਾ' ਵੱਲੋਂ ਦਿੱਤਾ ਗਿਆ ਤਾਂ ਵਾਲਸਾਲ (ਇੰਗਲੈਂਡ) ਦੀ ਉਸ ਸਟੇਜ਼ 'ਤੇ ਸਤਿਕਾਰਯੋਗ ਬਜੁਰਗ ਲੇਖਕ ਪ੍ਰੋਫ਼ੈਸਰ ਸੁਰਜੀਤ ਸਿੰਘ ਕਾਲੜਾ ਜੀ ਨੇ ਕਿਹਾ ਸੀ, "ਪੰਜਾਬੀ ਹੀ ਇਕ ਅਜਿਹੇ ਲੋਕ ਹਨ, ਜਿੰਨ੍ਹਾਂ ਨੂੰ ਦੱਸਣਾ ਪੈਂਦਾ ਹੈ ਕਿ ਤੁਹਾਡੀ ਮਾਂ-ਬੋਲੀ 'ਪੰਜਾਬੀ' ਹੈ!" ਮੈਂ ਉਹਨਾਂ ਦੀ ਇਸ ਟਿੱਪਣੀ ਨਾਲ ਸੌ ਪ੍ਰਤੀਸ਼ਤ ਸਹਿਮਤ ਹਾਂ। ਇਸ ਪੱਤਰ ਨੂੰ ਪੜ੍ਹਨ ਨਾਲ ਤਾਂ ਮੈਨੂੰ ਹੋਰ ਵੀ ਪ੍ਰਪੱਕ ਨਿਸ਼ਚਾ ਹੋ ਗਿਆ।

ਇਕ ਅਧਿਐਨ ਅਨੁਸਾਰ ਸੰਸਾਰ ਭਰ ਵਿਚ 2792 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹਨਾਂ ਵਿਚੋਂ ਪੰਜਾਬੀ ਦਾ ਉਪਰੋਂ 11ਵਾਂ ਨੰਬਰ ਆਉਂਦਾ ਹੈ। ਕਈ ਬੁੱਧੀਜੀਵੀ 13ਵਾਂ ਵੀ ਮੰਨਦੇ ਹਨ। ਕੁਝ ਵੀ ਹੋਵੇ, ਪਰ ਸਾਨੂੰ ਬਗੈਰ ਪਾਣੀ ਤੋਂ ਜੋੜੇ ਨਹੀਂ ਉਤਾਰਨੇ ਚਾਹੀਦੇ। ਗੋਰੇ ਲੋਕ ਰੱਜ ਕੇ ਸ਼ਰਾਬ ਪੀ ਕੇ ਵੀ, ਆਪਣੀ ਮਾਂ-ਬੋਲੀ ਦੀ ਬੁੱਕਲ ਵਿਚੋਂ ਨਹੀਂ ਨਿਕਲਦੇ। ਜਦ ਕਿ ਅਸੀਂ ਪੰਜਾਬੀ ਘੁੱਟ ਕੁ ਦਾਰੂ ਮੂੰਹ ਨੂੰ ਲਾ ਕੇ, ਝੱਟ ਹੀ ਅੰਗਰੇਜ਼ੀ ਦੇ ਘਨ੍ਹੇੜੀਂ ਜਾ ਚੜ੍ਹਦੇ ਹਾਂ। ਦਾਰੂ ਪੀ ਕੇ ਪਤਾ ਨਹੀਂ ਪੰਜਾਬੀ ਸਾਡੇ ਕੀ ਛੜਾਂ ਮਾਰਨ ਲੱਗ ਪੈਂਦੀ ਹੈ?

ਕਿਤੇ ਇਕ ਤ੍ਰੈ-ਮਾਸਿਕ ਰਸਾਲੇ ਦੇ ਸੰਪਾਦਕ ਨੇ ਆਪਣੀ ਸੰਪਾਦਕੀ ਵਿਚ ਲਿਖਿਆ ਸੀ: ਪੰਜਾਬੀ ਸਾਹਿਤਕਾਰ ਸਿਰਫ਼ ਪੰਜਾਬੀ ਵਿਚ ਲਿਖਦੇ ਹਨ-ਪਰ ਪੜ੍ਹਦੇ ਉਹ ਹਿੰਦੀ ਜਾਂ ਅੰਗਰੇਜ਼ੀ ਦੀਆਂ ਪੁਸਤਕਾਂ ਹੀ ਹਨ-ਆਪਣੀਆਂ ਛਪੀਆਂ ਪੁਸਤਕਾਂ ਨੂੰ ਉਹ ਜ਼ਰੂਰ ਪੜ੍ਹਦੇ ਹਨ ਜਾਂ ਫਿਰ ਪ੍ਰੇਮ-ਭੇਟਾ ਵਜੋਂ ਜਾਂ ਸਮੀਖਿਆ ਲਈ ਪਹੁੰਚੀਆਂ ਕਿਤਾਬਾਂ ਦਾ ਉਹ ਤਤਕਰਾ ਪੜ੍ਹਦੇ ਹਨ-ਜੇ ਕਿਤਾਬ ਉਹਨਾਂ ਦੇ 'ਧੜੇ' ਦੇ ਲੇਖਕ ਦੀ ਹੋਵੇ ਤਾਂ ਉਸਤਤ, ਆਲੋਚਨਾ, ਲੇਖ ਅਤੇ ਸਮੀਖਿਆ ਵੀ ਲਿਖ ਮਾਰਦੇ ਹਨ। ਹਾਂ, ਜੇਕਰ 'ਵਿਰੋਧੀ ਧੜੇ' ਦਾ ਲੇਖਕ ਹੋਵੇ ਤਾਂ ਉਸ ਨੂੰ 'ਨਿਰਵਸਤਰ' ਕਰਨ ਤੱਕ ਜਾਣਗੇ! ਇਹ ਧੜ੍ਹੇਬੰਦੀ ਪੰਜਾਬੀ ਦੀ ਕਿੰਨੀ ਕੁ 'ਸੇਵਾ' ਕਰ ਸਕੇਗੀ? ਪੰਜਾਬੀ ਸਾਹਿਤ ਸਭਾਵਾਂ ਦੇ ਕਾਰਕੁੰਨ ਇਕ ਦੂਜੇ 'ਤੇ ਚਿੱਕੜ ਸੁੱਟਣ ਵਿਚ ਲੱਗੇ ਹੋਏ ਹਨ। ਖ਼ੁਸ਼ਾਮਦੀ ਅਤੇ ਚਾਪਲੂਸੀ ਦੀ ਵੀ ਹੱਦ ਹੋ ਗਈ ਹੈ। ਮਾਂ-ਬੋਲੀ ਮਰਦੀ ਤੁਰੀ ਜਾ ਰਹੀ ਹੈ।

ਪੰਜਾਬੀ ਕੋਲ ਇਸ ਮੌਕੇ ਕੁਝ ਚੰਗੀਆਂ ਅਖ਼ਬਾਰਾਂ, ਰਸਾਲੇ ਹਨ। ਪਰ ਇਹਨਾਂ ਅਖ਼ਬਾਰਾਂ ਦਾ ਜ਼ਰਾ ਅੰਗਰੇਜ਼ੀ ਦੇ ਕਿਸੇ ਵੀ ਅਖ਼ਬਾਰ, ਰਸਾਲੇ ਨਾਲ ਟਾਕਰਾ ਕਰ ਕੇ ਦੇਖੋ! ਕਾਗਜ਼, ਪੰਨੇ, ਛਪਾਈ, ਮਸੌਦਾ ਅਤੇ ਵਿਲੱਖਣਤਾ ਵੱਲ ਧਿਆਨ ਮਾਰੋ, ਮਿਆਰ ਅਤੇ ਅਕਾਰ ਦਾ ਫ਼ਰਕ ਪ੍ਰਤੱਖ ਦਿਸੇਗਾ! ਜਿੱਥੇ ਅੰਗਰੇਜ਼ੀ ਦੇ ਰੋਜ਼ਾਨਾ ਅਖ਼ਬਾਰ ਦੇ ਸਧਾਰਨ ਛਪਦੇ 16 ਜਾਂ ਇਸ ਤੋਂ ਵੀ ਵੱਧ ਸਫ਼ੇ ਹੁੰਦੇ ਹਨ, ਉਥੇ ਪੰਜਾਬੀ ਅਖ਼ਬਾਰ ਦੇ ਅੱਠ ਜਾਂ ਦਸ ਪੰਨੇ ਹੀ ਹੁੰਦੇ ਹਨ। ਹਾਲਾਂ ਕਿ ਕੀਮਤ ਦੋਹਾਂ ਦੀ ਬਰਾਬਰ ਹੁੰਦੀ ਹੈ। ਪੰਜਾਬੀ ਅਖ਼ਬਾਰਾਂ, ਰਸਾਲਿਆਂ ਨੂੰ ਮਲਿਆਲਮ, ਤਾਮਿਲ ਅਤੇ ਬੰਗਾਲੀ ਪੱਧਰ ਉਤੇ ਖੜ੍ਹਾ ਕਰਨ ਲਈ ਸਾਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਵੇਗੀ!

ਪੰਜਾਬ ਦੇ ਸਕੂਲਾਂ ਵਿਚ ਮੁੱਖ-ਬੋਲੀ ਪੰਜਾਬੀ ਨਾਲ ਵਿਤਕਰਾ ਇਕ ਆਮ ਗੱਲ ਹੈ। ਬਾਕੀ ਵਿਸ਼ਿਆਂ ਦੇ ਸਬੰਧ ਵਿਚ ਪੰਜਾਬੀ ਨੂੰ ਘੱਟ ਪੀਰੀਅਡ ਦਿੱਤੇ ਜਾਂਦੇ ਹਨ। ਪੰਜਾਬੀ ਅਧਿਆਪਕਾਂ ਦੀ ਗਿਣਤੀ ਘੱਟ ਹੈ। ਕਈ ਜਗਾਹ ਪੰਜਾਬੀ ਦਾ ਕੋਈ ਕਾਬਲ (ਯੋਗ) ਅਧਿਆਪਕ ਹੀ ਨਹੀਂ ਹੁੰਦਾ! ਕਈ ਸਕੂਲਾਂ ਵਿਚ ਪੰਜਾਬੀ ਉਹ ਅਧਿਆਪਕ ਪੜ੍ਹਾ ਰਿਹਾ ਹੁੰਦਾ ਹੈ, ਜਿਸ ਦਾ ਸੁੱਖ ਨਾਲ ਆਪਣਾ ਪੰਜਾਬੀ-ਸਾਹਿਤ ਕੋਈ ਵਾਹ ਵਾਸਤਾ ਹੀ ਨਹੀਂ ਰਿਹਾ ਹੁੰਦਾ! ਕਾਲਜਾਂ ਵਿਚ ਅਧਿਆਪਕਾਂ ਲਈ ਬੀ ਏ ਤੱਕ ਸੰਸਕ੍ਰਿਤ ਪਾਸ ਕਰਨਾ ਲਾਜ਼ਮੀ ਹੈ। ਪਰ ਸੰਸਕ੍ਰਿਤ ਅਤੇ ਹਿੰਦੀ ਅਧਿਆਪਕਾਂ ਲਈ ਬੀ ਏ ਤੱਕ ਪੰਜਾਬੀ ਪਾਸ ਕਰਨਾ ਜ਼ਰੂਰੀ ਨਹੀਂ! ਹਾਲਾਂ ਕਿ ਪੰਜਾਬ ਵਿਚ ਹਰ ਕਰਮਚਾਰੀ, ਅਧਿਕਾਰੀ ਅਤੇ ਅਧਿਆਪਕ ਲਈ ਪੰਜਾਬੀ ਦੀ ਪੜ੍ਹਾਈ-ਲਿਖਾਈ ਦਾ ਗਿਆਨ ਲਾਜ਼ਮੀ ਹੋਣਾ ਚਾਹੀਦਾ ਹੈ।

ਪੰਜਾਬ ਦੇ ਵਿਸ਼ਵ-ਵਿਦਿਆਲਿਆਂ, ਕਾਲਜਾਂ ਅਤੇ ਸਕੂਲਾਂ ਵਿਚ ਲੱਗਭੱਗ ਸਾਰਾ ਕੰਮ ਅੰਗਰੇਜ਼ੀ ਵਿਚ ਹੀ ਹੁੰਦਾ ਹੈ। ਪੰਜਾਬੀ-ਭਾਸ਼ਾ ਦੇ ਆਧਾਰ 'ਤੇ ਪੰਜਾਬ ਨੂੰ ਹੋਂਦ ਵਿਚ ਆਇਆਂ ਤਕਰੀਬਨ 38 ਸਾਲ ਹੋ ਚੁੱਕੇ ਹਨ। ਪੰਜਾਬ ਦੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ ਅਤੇ ਕਾਲਜ ਸਰਕਾਰ ਪਾਸੋਂ 95 ਪ੍ਰਤੀਸ਼ਤ ਗਰਾਂਟ ਲੈਦੇ ਹਨ, ਪਰ ਪੰਜਾਬੀ ਲਾਗੂ ਕਰਨ ਵੇਲੇ ਉਹ ਕਾਨੂੰਨ ਦੀ ਘੋਰ ਉਲੰਘਣਾ ਕਰਦੇ ਹਨ। ਪੰਜਾਬੀ ਅਧਿਆਪਕ ਲਈ ਪੰਜਾਬ ਵਿਚ ਇਕ ਵੀ ਓ ਟੀ (ਗਿਆਨੀ) ਸਿਖਲਾਈ ਕੇਂਦਰ ਨਹੀਂ। ਘੱਟੋ-ਘੱਟ ਓ ਟੀ ਲਈ ਅੱਠ ਕੇਂਦਰ ਚਾਹੀਦੇ ਹਨ। ਪੰਜਾਬ ਦੀਆਂ ਯੂਨੀਵਰਿਸਟੀਆਂ, ਕਾਲਜਾਂ, ਸਕੂਲਾਂ, ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਦੀਆਂ ਲਾਇਬਰੇਰੀਆਂ ਵੱਲ ਧਿਆਨ ਮਾਰਿਆ ਜਾਵੇ ਤਾਂ ਪੰਜਾਬੀ ਦੀਆਂ ਪੁਸਤਕਾਂ ਆਟੇ ਵਿਚ ਲੂਣ ਦੇ ਬਰਾਬਰ ਹੀ ਹੋਣਗੀਆਂ। ਸਰਕਾਰੀ ਅਤੇ ਗ਼ੈਰ-ਸਰਕਾਰੀ ਸਕੂਲਾਂ ਵਿਚ ਤਾਂ ਲਾਇਬ੍ਰੇਰੀਅਨ ਦੀ ਕੋਈ ਪੋਸਟ ਹੀ ਨਹੀਂ ਹੁੰਦੀ! ਸਕੂਲ ਵਿਚ ਜਾਂ ਤਾਂ ਕੋਈ ਲਾਇਬਰੇਰੀ ਆਮ ਤੌਰ 'ਤੇ ਹੁੰਦੀ ਹੀ ਨਹੀਂ, ਤੇ ਜੇ ਹੁੰਦੀ ਵੀ ਹੈ ਫਿਰ ਸਾਰਾ ਸਾਲ ਬੰਦ ਹੀ ਰਹਿੰਦੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਸਰਕਾਰੀ ਅਤੇ ਗ਼ੈਰ-ਸਰਕਾਰੀ, ਮਾਨਤਾ ਪ੍ਰਾਪਤ ਹਾਈ ਸਕੂਲਾਂ ਵਿਚ ਲਾਇਬ੍ਰੇਰੀਅਨ ਦੀ ਨਿਯੁਕਤੀ ਲਾਜ਼ਮੀ ਕਰੇ ਅਤੇ ਹਰ ਸਕੂਲ, ਕਾਲਿਜ ਦੀ ਲਾਇਬਰੇਰੀ ਵਿਚ 75 ਪ੍ਰਤੀਸ਼ਤ ਪੰਜਾਬੀ ਪੁਸਤਕਾਂ ਰੱਖਣਾ ਲਾਜ਼ਮੀ ਕਰਾਰ ਦੇਵੇ! ਇਸ ਖਾਤਰ ਵਧੇਰੇ ਅਤੇ ਹਰ ਸਾਲ ਨਿਯਮਬੱਧ ਲਾਇਬਰੇਰੀ ਗਰਾਂਟ ਦੇਵੇ। ਹਰ ਪੰਚਾਇਤ, ਬਲਾਕ ਨਗਰਪਾਲਿਕਾ ਅਤੇ ਨਗਰ ਨਿਗਮ ਲਈ ਪਬਲਿਕ ਲਾਇਬਰੇਰੀ ਲਾਜ਼ਮੀ ਹੋਵੇ ਅਤੇ ਹਰ ਲਾਇਬਰੇਰੀ ਵਿਚ ਘੱਟੋ-ਘੱਟ ਅੱਧੀਆਂ ਕਿਤਾਬਾਂ ਪੰਜਾਬੀ ਦੀਆਂ ਹੋਣ!

ਪੰਜਾਬੀ ਦੇ 98 ਪ੍ਰਤੀਸ਼ਤ ਫਿ਼ਲਮਕਾਰਾਂ ਲਈ ਪੰਜਾਬੀ-ਭਾਸ਼ਾ ਵਿਚ ਸ਼ਾਇਦ ਕੋਈ 'ਸੱਭਿਅਤ' ਸ਼ਬਦ ਹੈ ਹੀ ਨਹੀਂ। ਪੰਜਾਬ ਦਾ ਅੱਜ ਕੋਈ ਸਿਹਤਮੰਦ ਸੱਭਿਆਚਾਰ ਹੈ ਹੀ ਨਹੀਂ। ਉਹਨਾਂ ਲਈ ਪੰਜਾਬੀ ਸਿਰਫ਼ ਗਾਲ੍ਹਾਂ ਦੀ ਭਾਸ਼ਾ ਹੈ ਅਤੇ ਜਾਂ ਫਿਰ ਅਸ਼ਲੀਲ 'ਕਾਮੀ-ਮਜ਼ਾਕਾਂ' ਦੀ! ਬਹੁਤੇ ਸਿੱਖ ਪ੍ਰੀਵਾਰ ਪੰਜਾਬੀ ਸਿਰਫ਼ ਬੋਲਦੇ ਹਨ, ਪਰ ਉਹ ਵੀ ਲੰਗੇ-ਡੰਗ ਹੀ, ਗਲ਼ ਪਿਆ ਢੋਲ ਵਜਾਉਣ ਵਾਂਗ। ਉਹਨਾਂ ਦੇ ਬੱਚੇ ਪਬਲਿਕ ਸਕੂਲਾਂ ਜਾਂ ਸੈਨਿਕ ਸਕੂਲਾਂ ਵਿਚ ਅੰਗਰੇਜ਼ੀ ਪੜ੍ਹਦੇ ਅਤੇ ਅੰਗਰੇਜ਼ੀ ਬੋਲਦੇ ਹਨ। ਵਿਹਲੇ ਸਮੇਂ ਉਹ, "ਚੋਲੀ ਕੇ ਪੀਛੇ ਕਿਆ ਹੈ...!" ਗੁਣਗੁਣਾਉਂਦੇ ਹਨ। ਮੇਰਾ ਇੱਕ ਅਤੀ-ਅੰਤ ਜਿਗਰੀ ਦੋਸਤ "ਐੱਨ ਸਿੰਘ" ਪੰਜਾਬੀ ਬੋਲਦਾ ਹੈ, ਪਰ ਲਿਖਣੀ ਉਸ ਨੂੰ ਨਹੀਂ ਆਉਂਦੀ। ਹਾਂ! ਪੰਜਾਬੀ ਪੜ੍ਹ ਜ਼ਰੂਰ ਲੈਂਦਾ ਹੈ, ਇਹ ਵੀ ਸੈਨਿਕ ਸਕੂਲ ਵਿਚ ਪੜ੍ਹੇ ਹੋਣ ਦਾ ਨਤੀਜਾ ਹੀ ਹੈ!

ਪੰਜਾਬ ਦੇ ਸਾਰੇ ਦਫ਼ਤਰਾਂ ਵਿਚ ਪੰਜਾਬੀ ਬੋਲੀ ਜਾਂਦੀ ਹੈ, ਪਰ ਤਕਰੀਬਨ ਸਾਰੀਆਂ ਹੀ ਫ਼ਾਈਲਾਂ, ਅਰਜ਼ੀਆਂ, ਚਿੱਠੀ-ਪੱਤਰ ਅੰਗਰੇਜ਼ੀ ਵਿਚ ਹੀ ਹੁੰਦਾ ਹੈ। ਇਸ ਤੋਂ ਇਲਾਵਾ ਕਮਿਸ਼ਨਾਂ, ਨਿਗਮਾਂ, ਬੋਰਡਾਂ ਆਦਿ ਦਾ ਸਾਰਾ ਮੁੱਖ ਕੰਮ, ਆਮ ਤੌਰ 'ਤੇ ਅੰਗਰੇਜ਼ੀ ਵਿਚ ਹੀ ਹੁੰਦਾ ਹੈ। ਪੰਜਾਬ ਦੀ ਅਕਾਸ਼ਬਾਣੀ ਅਤੇ ਦੂਰਦਰਸ਼ਨ ਪੰਜਾਬੀ ਬੋਲਦੇ ਹਨ, ਪਰ ਉਹਨਾਂ ਵਿਚੋਂ ਪੰਜਾਬੀ ਦੇ ਅੱਖਰ ਖੁਰਚ-ਖੁਰਚ ਕੇ ਲੱਭਣੇ ਪੈਂਦੇ ਸਨ। ਜਿਹਨਾਂ ਕਾਗਜ਼ਾਂ ਉਤੋਂ ਪੜ੍ਹ ਕੇ 'ਘੋਸ਼ਨਾਵਾਂ' ਹੁੰਦੀਆਂ ਹਨ, ਉਹ ਕਈ ਹਾਲਾਤਾਂ ਵਿਚ 'ਦੇਵਨਗਰੀ' ਅੱਖਰਾਂ ਵਿਚ ਹੁੰਦੇ ਹਨ। ਇਸ ਕਰਕੇ 'ਲਿਆ' ਨੂੰ 'ਲਿੱਤਾ' ਅਤੇ 'ਕਿਉਂਕਿ' ਨੂੰ 'ਯੂੰਕਿ' ਆਦਿ ਬੋਲਿਆ ਜਾਂਦਾ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਅਕਾਸ਼ਬਾਣੀ ਤਾਂ ਹੈ ਹੀ 'ਹਿੰਦੀ-ਬੋਲੂ' ਸਟੇਸ਼ਨ! ਜਲੰਧਰ ਦੂਰਦਰਸ਼ਨ ਦਾ ਗਲਾ ਨੈਸ਼ਨਲ ਪ੍ਰੋਗਰਾਮਾਂ ਅਤੇ ਨੈੱਟਵਰਕ ਨੇ ਘੁੱਟਿਆ ਹੋਇਆ ਹੈ। ਜਲੰਧਰ ਅਤੇ ਬਠਿੰਡਾ ਦੂਰਦਰਸ਼ਨ, ਜਲੰਧਰ ਅਤੇ ਚੰਡੀਗੜ੍ਹ ਅਕਾਸ਼ਬਾਣੀ ਦਾ ਪੰਜਾਬੀਕਰਣ ਕਰਨਾ ਜ਼ਰੂਰੀ ਹੈ। ਸਰਕਾਰ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਪੰਜਾਬ ਦੇ ਪ੍ਰਸਾਰ ਮਾਧਿਅਮਾਂ ਉਤੇ ਪੰਜਾਬ ਦਾ ਹੀ ਕੰਟਰੋਲ ਹੋਵੇ।

ਪੰਜਾਬ ਦਾ ਭਾਸ਼ਾ-ਵਿਭਾਗ, ਪੰਜਾਬੀ ਭਾਸ਼ਾ ਵਿਭਾਗ ਨਹੀਂ, ਹਿੰਦੀ, ਅੰਗਰੇਜ਼ੀ, ਉਰਦੂ, ਸੰਸਕ੍ਰਿਤ ਅਤੇ ਪੰਜਾਬੀ ਭਾਸ਼ਾਵਾਂ ਦਾ "ਖਿਚੜੀ-ਵਿਭਾਗ" ਹੈ। ਪੰਜਾਬੀ ਦੇ ਬਰਾਬਰ ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਰਸਾਲੇ, ਖੋਜ-ਪੱਤਰ ਅਤੇ ਪੁਸਤਕਾਂ ਛਾਪੀਆਂ ਜਾਂਦੀਆਂ ਹਨ। ਚਾਰ ਭਾਸ਼ਾਵਾਂ ਦੇ ਲੇਖਕਾਂ ਨੂੰ ਪੁਰਸਕਾਰ, ਪਰਚਿਆਂ ਨੂੰ ਮਾਇਕ ਸਹਾਇਤਾ ਅਤੇ ਸਾਹਿਤਕ-ਸਮਾਗਮ ਕੀਤੇ ਜਾਂਦੇ ਹਨ। ਪ੍ਰਾਂਤ ਦੀ ਰਾਜ-ਭਾਸ਼ਾ ਦੇ ਨਾਲ-ਨਾਲ ਚਾਰ ਹੋਰ ਭਾਸ਼ਾਵਾਂ 'ਤੇ ਵੀ ਸਰਕਾਰੀ ਪੈਸਾ ਖਰਚਿਆ ਜਾ ਰਿਹਾ ਹੈ।

ਇਹੋ ਹੀ ਹਾਲ ਲੋਕ ਸੰਪਰਕ ਵਿਭਾਗ ਦਾ ਹੈ। ਪੰਜਾਬੀ ਬੋਲੀ ਨੂੰ 'ਪੰਜਾਬ ਰਾਜ ਬੋਲੀ' ਬਣਾਉਣ ਵਾਲਾ ਬਿੱਲ 29 ਦਸੰਬਰ 1967 ਨੂੰ ਐਕਟ ਬਣ, ਲਾਗੂ ਹੋ ਗਿਆ ਸੀ। ਪਹਿਲੀ ਜਨਵਰੀ 1968 ਨੂੰ ਇਸ ਕਾਨੂੰਨ ਦੇ ਤਹਿਤ ਪੰਜਾਬੀ, ਸਕੱਤਰੇਤ ਪੱਧਰ ਤੱਕ ਲਾਗੂ ਹੋ ਗਈ ਸੀ। 37-38 ਵਰ੍ਹੇ ਬੀਤ ਚੁੱਕੇ ਹਨ, ਪਰ ਅੱਜ ਵੀ ਦੇਖਣਾ ਪੈਂਦਾ ਹੈ ਕਿ ਪੰਜਾਬ ਦੀ "ਸਰਕਾਰੀ ਪੰਜਾਬੀ ਭਾਸ਼ਾ" ਕਿਸੇ ਦਫ਼ਤਰ ਜਾਂ ਕਿਸੇ ਅਦਾਰੇ ਵਿਚ ਲਾਗੂ ਹੈ ਵੀ ਜਾਂ ਨਹੀਂ? ਪੰਜਾਬ ਵਿਚ ਪੰਜਾਬੀ ਕੌਣ ਹਨ? ਇਹ ਵੀ ਦੀਵਾ ਲੈ ਕੇ ਲੱਭਣਾ ਪੈਂਦਾ ਹੈ, ਕਿਉਂਕਿ ਪੰਜਾਬ ਵਿਚ ਆਪ ਬਣੇ "ਟੀਲੋਂ" (ਢਿੱਲੋਂ) ਜਾਂ "ਬਰਾਰ" (ਬਰਾੜ) ਦੀ ਬੜੀ ਭਰਮਾਰ ਹੈ। ਰੱਬ ਸੁੱਖ ਹੀ ਰੱਖੇ!!

Wednesday, December 31, 2008

ਸ਼ਿਵਚਰਨ ਜੱਗੀ ਕੁੱਸਾ - ਵਿਅੰਗ

"ਸੱਦਾਰ ਜੀ, ਨਮਾਂ ਸਾਲ ਬੰਬਾਰਕ...!"

ਵਿਅੰਗ

ਪਹਿਲੀ ਜਨਵਰੀ ਦਾ ਦਿਨ ਸੀ।

ਅੱਜ ਤਿੱਖੀ ਧੁੱਪ ਨਿਕਲ਼ੀ ਹੋਈ ਸੀ। ਮੰਦਰ ਦੇ ਰਾਹ ਵਾਲ਼ਾ ਖੁੰਢ ਅਤੇ ਤਖ਼ਤਪੋਸ਼ ਅਜੇ ਖਾਲੀ ਹੀ ਪਏ ਸਨ। ਰੌਣਕ ਨਹੀਂ ਹੋਈ ਸੀ।

-"ਤਕੜੈਂ ਅਮਲੀਆ...? ਸਾਸਰੀਕਾਲ...!" ਖੇਤੋਂ ਸਾਈਕਲ 'ਤੇ ਚੜ੍ਹੇ ਆਉਂਦੇ ਪਾੜ੍ਹੇ ਨੇ ਸਵੇਰੇ ਸਵੇਰੇ ਅਮਲੀ ਨੂੰ ਛੇੜ ਲਿਆ।

-"ਦੋ ਆਰੀ ਸਾਸਰੀਕਾਲ ਭਾਈ ਪਾੜ੍ਹਿਆ...! ਮੈਂ ਤਾਂ ਜਮਾਂ ਲੋਹੇ ਵਰਗੈਂ..!"

-"ਨਾਲ਼ੇ ਹੈਪੀ ਨਿਊ ਯੀਅਰ...!"

-"ਉਹ ਕੀ ਹੁੰਦੈ...?" ਗੱਲ ਅਮਲੀ ਦੇ ਸਿਰ ਤੋਂ ਗਿਰਝ ਵਾਂਗ ਲੰਘ ਗਈ।

-"ਨਵਾਂ ਸਾਲ ਮੁਬਾਰਕ ਹੋਵੇ...!"

-"ਚੱਲ ਸਾਸਰੀਕਾਲ ਤਾਂ ਤੇਰੀ ਮੰਨੀਂ, ਪਰ ਆਹ ਨਮਾਂ ਸਾਲ ਬੰਬਾਰਕ ਤੂੰ ਆਬਦੇ ਕੋਲ਼ੇ ਈ ਰੱਖ...!" ਬਲ਼ਦ ਮੂਤਣੀਆਂ ਪਾਉਂਦੇ ਅਮਲੀ ਨੇ ਗੱਲ ਪਾੜ੍ਹੇ ਦੇ ਗਲ਼ ਹੀ ਸੁੱਟ ਦਿੱਤੀ। ਅਜੇ ਉਸ ਨੂੰ ਚਾਹ ਅਤੇ 'ਮਾਵੇ' ਦਾ ਨਸ਼ਾ ਚੜ੍ਹਿਆ ਨਹੀਂ ਸੀ। ਧੁੱਪ ਨੇ ਵੀ ਸਰੀਰ ਨੂੰ ਨਿੱਘ ਨਹੀਂ ਦਿੱਤਾ ਸੀ। ਉਸ ਦਾ ਸਰੀਰ ਕੋਹਲੂ ਵਾਂਗ ਜਾਮ ਹੋਇਆ ਪਿਆ ਸੀ।

-"ਕਿਉਂ ਨਵੇਂ ਸਾਲ ਤੋਂ ਬੜਾ ਚਿੜਿਆ ਪਿਐਂ...? ਕੀ ਭੜ੍ਹਾਕਾ ਪੈ ਗਿਆ?"

-"ਜਿਹੋ ਜੇ ਪੁਰਾਣੇਂ ਸਾਲ 'ਚ ਲੋਕਾਂ ਨੇ ਗੁੱਲ ਖਿਲਾਤੇ, ਓਹੋ ਜਿਆ ਨਮੇਂ ਸਾਲ 'ਚ ਚੰਦ ਚਾਹੜ੍ਹ ਦੇਣਗੇ...! ਭਦਰਕਾਰੀ ਦੀ ਆਸ ਤਾਂ ਮੈਨੂੰ ਕਿਸੇ ਤੋਂ ਹੈਨ੍ਹੀਂ..!"

-"ਗੱਲ ਨੂੰ ਨਾਗਵਲ਼ ਨਾ ਪਾਇਆ ਕਰ ਅਮਲੀਆ..! ਸਿੱਧੀ ਦੱਸਿਆ ਕਰ..! ਸਾਨੂੰ ਕਦੇ ਕਦੇ ਤੇਰੀ ਪਛਤੋਂ ਦੀ ਸਮਝ ਨ੍ਹੀ ਆਉਂਦੀ।"

-"ਲੈ ਪਛਤੋ ਦੀ ਗੱਲ ਸੁਣ ਲਾ..!" ਅਮਲੀ ਨੇ ਤਖ਼ਤਪੋਸ਼ 'ਤੇ ਬੈਠਦਿਆਂ ਡਾਂਗ ਜੁਆਕ ਵਾਂਗ ਲੰਮੀ ਪਾ ਲਈ, "ਆਹ ਪਿਛਲੇ ਹਫ਼ਤੇ ਆਪਣੇ ਬੱਸ ਅੱਡੇ 'ਚ ਕਾਲਜ ਦੀਆਂ ਪਾੜ੍ਹੀਆਂ ਖੜ੍ਹੀਆਂ, ਤੇ ਇਕ ਦੂਜੀ ਨੂੰ ਹਾਏ ਮੇਰੀ ਘਿਛਮਿਛ-ਹਾਏ ਮੇਰੀ ਘਿਛਮਿਛ ਕਰੀ ਜਾਣ..! ਉਹ ਸੀ ਈ ਕੁੜੀਆਂ, ਜੇ ਮੁੰਡੇ ਹੁੰਦੇ ਤਾਂ ਡਾਂਗ ਨਾਲ਼ ਪੁੱਛ ਵੀ ਲੈਂਦਾ ਬਈ ਇਹ ਹਾਏ ਮੇਰੀ ਘਿਛਮਿਛ ਹੈ ਕੀ ਖ਼ਸਮਾਂ ਨੂੰ ਖਾਣਿਓਂ...? ਲੈ ਹੁਣ ਤੂੰ ਦੱਸ ਬਈ ਥੋਡੀ ਪਛਤੋਂ ਦੀ ਕਿਸੇ ਨੂੰ ਸਮਝ ਆਉਂਦੀ ਐ...?"

-"ਉਹ ਮੇਰੀ ਘਿਛਮਿਛ ਨਹੀਂ ਅਮਲੀਆ...!" ਪਾੜ੍ਹਾ ਸਾਈਕਲ ਰੋਕ ਕੇ ਉਚੀ-ਉਚੀ ਹੱਸ ਪਿਆ, "ਉਹ ਮੈਰੀ ਕ੍ਰਿਸਮਿਸ ਆਖਦੀਆਂ ਹੋਣਗੀਆਂ...!" ਪਾੜ੍ਹੇ ਨੇ ਸੋਧ ਕਰਕੇ ਦੱਸਿਆ। ਉਸ ਦਾ ਹਾਸਾ ਬੰਦ ਨਹੀਂ ਹੁੰਦਾ ਸੀ ਅਤੇ ਚੱਜ ਨਾਲ਼ ਗੱਲ ਨਹੀਂ ਹੋ ਰਹੀ ਸੀ।

-"ਉਹ ਕੀ ਹੁੰਦੀ ਐ...?" ਅਮਲੀ ਦੇ ਮੂੰਹ ਨਾਲ਼ ਉਸ ਦੀਆਂ ਨਾਸਾਂ ਵੀ ਦੋਨਾਲ਼ੀ ਬੰਦੂਕ ਵਾਂਗ ਖੁੱਲ੍ਹੀਆਂ ਸਨ।

-"ਆਪਣੇ ਧਰਮ ਵਾਂਗੂੰ ਇਸਾਈਆਂ ਦਾ ਵੀ ਇਕ ਧਰਮ ਐਂ, ਤੇ ਇਸਾਈਆਂ ਦੇ ਈਸਾ ਮਸੀਹ ਉਸ ਦਿਨ ਜਨਮੇ ਸੀ...!"

-"ਜਨਮਿਆਂ ਹੋਣੈਂ..! ਪਰ ਇਹਨਾਂ ਨੂੰ ਐਨੀ ਚੰਡੀ ਕੀ ਚੜ੍ਹੀ ਸੀ...? ਸਾਡੇ ਬਾਬੇ ਨਾਨਕ ਦੇ ਗੁਰਪਰਬ 'ਤੇ ਤਾਂ ਸਾਨੂੰ ਕਦੇ ਕਿਸੇ ਨੇ ਹਾਏ ਮੇਰੀ ਘਿਛਮਿਛ ਕਿਹਾ ਨ੍ਹੀ...!" ਅਮਲੀ ਨੇ ਗ਼ਿਕਵਾ ਕੀਤਾ।

-"ਹੁਣ ਆਖਦਿਆ ਕਰਨਗੀਆਂ ਅਮਲੀਆ...! ਜਾਂ ਉਹਨਾਂ ਨੇ ਮੂੰਹ 'ਚ ਕਹਿਤਾ ਹੋਣੈਂ, ਤੈਨੂੰ ਸੁਣਿਆਂ ਨ੍ਹੀ ਹੋਣਾਂ...! ਬਾਹਲ਼ਾ ਗੁੱਸਾ ਵੀ ਨੀ ਕਰੀਦਾ ਹੁੰਦਾ, ਬਲੱਡ ਪ੍ਰੈਸ਼ਰ ਹੋ ਜਾਂਦੈ..!" ਕਿਸੇ ਨੇ ਢਾਣੀਂ 'ਚ ਸਿਰ ਫਸਾਉਂਦਿਆਂ ਕਿਹਾ।

-"ਕੀਹਦਾ ਕੁਛ ਐਂ ਬਈ ਤੂੰ...?" ਅੱਧ ਖੁੱਲ੍ਹੀਆਂ ਅੱਖਾਂ ਵਿਚ ਅਮਲੀ ਨੂੰ ਅਵਾਜ਼ ਦੀ ਪਹਿਚਾਣ ਨਹੀਂ ਆਈ ਸੀ।

-"ਮੁਖਤਿਆਰ ਫ਼ੌਜੀ ਦਾ ਮੁੰਡਾ ਕਰਮਜੀਤ ਐ ਅਮਲੀਆ...!" ਪਾੜ੍ਹੇ ਨੇ ਦੱਸਿਆ।

-"ਅੱਛਾ..! ਮੈਂ ਵੀ ਆਖਾਂ..! ਤੂੰ ਪਹਿਲਾਂ ਆਬਦੀ ਬੇਬੇ ਤੋਂ ਕਰੜੀ ਜੀ ਚਾਹ ਬਣਵਾ ਕੇ ਲਿਆ, ਫ਼ੇਰ ਸਿੱਧੀ ਦੱਸੂੰ, ਤੂੰ ਤਾਂ ਓਸ ਗੱਲ ਦੇ ਆਖਣ ਮਾਂਗੂੰ ਮੁਖ਼ਤੋ ਮੁਖ਼ਤੀ ਸਿੱਧੀ ਸੁਣ ਨੂੰ ਫਿਰਦੈਂ ਭਤੀਜ..!" ਅਮਲੀ ਬੋਲਿਆ।

-"ਤੈਨੂੰ ਬਨੱਖ਼ਸ਼ਾਂ ਨਾ ਉਬਾਲ਼ ਕੇ ਪਿਆਈਏ..? 'ਵਾਜ ਵੀ ਲੋਟ ਹੋਜੂ...! ਪਾਟੇ ਢੋਲ ਵਰਗੀ ਕੱਢਦੈਂ..!" ਬਿੰਦੇ ਨੇ ਤਰਕ ਲਾਈ।

-"ਤੂੰ ਊਂ ਈਂ ਸੁਣਾ ਦੇ ਕੋਈ ਗੱਲ ਬਾਤ, ਪੰਘਲ਼ ਤੈਨੂੰ ਕਿਸੇ ਨੇ ਨ੍ਹੀ ਪਿਆਉਣਾ ਅਮਲੀਆ..!" ਨਿੰਮੇਂ ਗਿਆਨੀ ਨੇ ਢਾਣੀਂ 'ਚੋਂ ਵਾਰੀ ਲੈਂਦਿਆਂ ਆਖਿਆ।

-"ਤੇਰਾ ਤਾਂ ਮੈਨੂੰ ਪਹਿਲਾਂ ਈ ਪਤੈ ਗਿਆਨੀ..! ਗਿਆਨਣ ਤਾਂ ਮੇਰੀ ਬੱਕਰੀ ਵਾਸਤੇ ਥੱਬੀ ਪੱਠੇ ਨ੍ਹੀ ਦਿੰਦੀ, ਮੈਨੂੰ ਚਾਹ ਕਿੱਥੋਂ ਪਿਆਦੂ..? ਉਹ ਤਾਂ ਜੇ ਨਲ਼ੀ ਵੀ ਸੁਣਕੂ ਤਾਂ ਆਬਦੇ ਕੁੱਕੜਾਂ ਮੂਹਰੇ ਈ ਸਿੱਟੂ...!" ਅਮਲੀ ਨੇ ਠੁਣਾਂ ਗਿਆਨੀ ਸਿਰ ਹੀ ਭੰਨਿਆਂ।

-"ਆਹ ਲੈ ਟੁੱਟੇ ਪੈਸੇ, ਚਾਹ ਆਲ਼ੀ ਦੁਕਾਨ ਤੋਂ ਈ ਪੀ ਲਈਂ...!" ਖਹਿਰੇ ਨੇ ਟਾਂਚ ਵਜੋਂ ਭਾਨ ਅਮਲੀ ਵੱਲ ਨੂੰ ਕਰਦਿਆਂ ਕਿਹਾ।

-"ਭਾਨ ਉਹ ਦਿੰਦਾ ਹੁੰਦੈ, ਜੀਹਦੀ ਘਰੇ ਨਾ ਚੱਲਦੀ ਹੋਵੇ..! ਜੀਹਦੀ ਘਰੇ ਚੱਲਦੀ ਹੋਵੇ, ਅਗਲਾ ਬਿੱਲੇ ਦੇ ਕੰਨ ਜਿੱਡਾ ਨੋਟ ਕੱਢ ਕੇ ਹੱਥ 'ਤੇ ਧਰ ਦਿੰਦੈ..!" ਅਮਲੀ ਨੇ ਖਹਿਰੇ ਦੇ ਹੱਡ 'ਤੇ ਮਾਰੀ।

-"ਅਮਲੀਆ ਜੇ ਇਹਨੇ ਤੈਨੂੰ ਨੋਟ ਦੇਤਾ, ਇਹ ਘਰੇ ਕੀਹਦੇ ਵੜੂ..? ਖਹਿਰੀ ਖੌਂਸੜਾ ਨਾ ਲਾਹ ਲਊ...!"

-"ਨਾਲ਼ੇ ਉਹਦੀ ਜੁੱਤੀ ਦੇਖਲਾ ਕਿੱਡੀ ਐ? ਪੂਰੇ ਹੱਥ ਜਿੱਡੀ ਐ, ਇਕ ਪਾਸੇ ਮਾਰੂ ਤੇ ਮੁੜ ਕੇ ਦੂਜੇ ਪਾਸੇ ਵੱਜੂ..! ਇਹਨੇ ਪੁੜਪੜੀ 'ਚ ਚਿੱਬ ਜਰੂਰ ਪੁਆਉਣੈਂ..?" ਬਾਈ ਭਾਲਾ ਬੋਲਿਆ।

ਹਾਸੜ ਪੈ ਗਈ।

-"ਨਵੇਂ ਸਾਲ ਦੀ ਮੁਬਾਰਕ ਹੋਵੇ ਬਈ ਸਾਰਿਆਂ ਨੂੰ...!" ਪੀਤੇ ਦੇ ਮੁੰਡੇ ਬਿੱਟੂ ਨੇ ਖੁੰਢ 'ਤੇ ਲੋਟ ਜਿਹਾ ਹੋ ਕੇ ਬਹਿੰਦਿਆਂ ਆਖਿਆ।

-"ਲਓ ਜੀ, ਇਕ ਹੋਰ ਆ ਗਿਆ...! ਇਹਨਾਂ ਨੂੰ ਨਵੇਂ ਸਾਲ ਦੀ ਬੜੀ ਭੰਮਾਲ਼ੀ ਚੜ੍ਹੀ ਐ ਯਾਰ, ਜਿਹੜਾ ਆਉਂਦੈ, ਨਮਾਂ ਸਾਲ ਬੰਬਾਰਕ ਈ ਦੱਸਦੈ..!"

-"ਤੇ ਹੋਰ ਕੀ ਐ? ਨਵਾਂ ਸਾਲ ਚੜ੍ਹਿਐ, ਤਾਂ ਈ ਆਖਦੇ ਐਂ...!" ਅੱਛਰੂ ਨੂੰ ਕੋਈ ਟਿਕਾਣੇਂ ਦੀ ਗੱਲ ਨਾ ਔੜੀ।

-"ਯਾਰ ਮੇਰਾ ਦਿਲ ਕਰਦੈ ਬਈ ਆਪਣੇ ਲੋਕਾਂ ਦੇ ਗੋਲ਼ੀ ਮਾਰਾਂ...!"

-"ਕਿਉਂ...? ਤੂੰ ਬੜਾ ਤਪਿਆ ਬੈਠੈਂ ਅੱਜ ਸਵੇਰੇ ਸਵੇਰੇ...!" ਨੀਲੂ ਨੇ ਅਮਲੀ ਦਾ ਵਾਰ ਰੋਕਿਆ।

-"ਜੱਥੇਦਾਰਾ, ਤੇਰਾ ਪੱਤਰਕਾਰ ਕਿੱਥੇ ਐ ਅੱਜ...?"

-"ਪੱਠੇ ਲੈਣ ਗਿਐ, ਆਜੂਗਾ...! ਕਿਉਂ ਕੋਈ ਖ਼ਬਰ ਲੁਆਉਣੀਂ ਐਂ...?"

-"ਆਹ ਲੁਆਉਣੀਂ ਐਂ ਖ਼ਬਰ, ਮੈਂ ਕੋਈ ਨੀਂਹ ਪੱਥਰ ਰੱਖਿਐ? ਪਿਛਲੇ ਸਾਲ ਦੀਆਂ ਕੁਛ ਗੱਲਾਂ ਦੱਸਣੀਆਂ ਸੀ..!"

-"ਸਾਨੂੰ ਦੱਸਲਾ...? ਉਹਨੂੰ ਕਿਹੜੀਆਂ ਦੱਸਣੀਐਂ...?" ਮੋਨੀਂ ਨੇ ਉਭੜਵਾਹਿਆਂ ਵਾਂਗ ਪੁੱਛਿਆ।

-"ਜਿਹੜੀਆਂ ਐਥੇ ਪਾੜ੍ਹਾ ਬੈਠ ਕੇ ਸੁਣਾਉਂਦਾ ਰਿਹੈ, ਹੋਰ ਮੈਂ ਕਿਹੜਾ ਗੱਲਾਂ ਪ੍ਰਲੋਕ 'ਚੋਂ ਲੈ ਕੇ ਆਉਣੀਐਂ...?"

-"ਲੈ, ਆ ਗਿਆ ਪੱਤਰਕਾਰ ਵੀ...!" ਡਾਕਟਰ ਸੁਖਮੰਦਰ ਬੋਲਿਆ।

-"ਲੈ ਬਈ ਜੀਵਨਾਂ, ਕਰ ਆਬਦੇ ਸੰਦ ਤਿੱਖੇ ਤੇ ਲਿਖ...!"

-"ਦੱਸ ਤਾਇਆ...!" ਪੱਤਰਕਾਰ ਨੇ ਦਿਖਾਵੇ ਜਿਹੇ ਵਜੋਂ ਪੈੱਨ ਕੱਢ ਲਿਆ ਤਾਂ ਅਮਲੀ ਹੱਡਾਂਰੋੜੀ ਦੀ ਗਿਰਝ ਵਾਂਗ ਉਸ ਵੱਲ ਝਾਕਿਆ।

-"ਗੱਲ ਸੁਣ ਉਏ ਕਾਂਗਿਆਰੀਏ...! ਮੈਂ ਤੇਰਾ ਤਾਇਆ ਕਿੱਥੋਂ ਲੱਗਿਆ? ਚਾਹੇ ਆਬਦੀ ਬੇਬੇ ਨੂੰ ਪੁੱਛਲੀਂ...!"

-"ਚੱਲ ਚਾਚਾ ਆਖ ਦਿੰਨੈਂ...! ਹੁਣ ਖ਼ੁਸ਼ ਐਂ...?"

-"ਆਹ ਪਿਛਲੇ ਸਾਲ, ਨਮਾਂ ਸਾਲ ਚੜ੍ਹਨ ਸਾਰ ਈ ਇਕ 'ਮਕੇਟੀ' ਆਲ਼ੇ ਬੰਦੇ ਨੇ ਬੜੀਆਂ ਰੰਗਰਲ਼ੀਆਂ ਮਨਾਈਆਂ ਸੀ ਬਈ ਕਿਸੇ ਬੀਬੀ ਨਾਲ਼...! ਫ਼ੋਟੂ ਵੀ ਛਪੇ ਸੀ 'ਖ਼ਬਾਰਾਂ 'ਚ..! ਉਹਦੇ ਬਾਰੇ ਤੇਰੇ 'ਖ਼ਬਾਰ ਚੁੱਪ ਈ ਧਾਰ ਗਏ...?"

-"ਇਹ ਕੰਮ ਚਾਚਾ ਸਾਡਾ ਨ੍ਹੀ, ਅਖ਼ਬਾਰਾਂ ਆਲਿਆਂ ਦੈ...! ਨਾਲੇ 'ਮਕੇਟੀ' ਆਲ਼ੇ ਨ੍ਹੀਂ, 'ਕਮੇਟੀ' ਆਲ਼ੇ ਆਖ...!"

-"ਚਾਹੇ ਕੋਈ ਵੀ ਸੀ, ਕਰਦੇ ਤਾਂ ਕੁੱਤ ਪੌਅ ਈ ਸੀ...! ਪਰ ਚੁੱਪ ਕਾਹਤੋਂ ਧਾਰ ਗਏ..?"

-"ਇਕ ਗੱਲ ਹੋਰ ਐ ਪੱਤਰਕਾਰਾ...!" ਸੁਰਿੰਦਰ ਮਾਸਟਰ ਨੇ ਮੌਕਾ ਜਿਹਾ ਮਿਲ਼ਿਆ ਕਰਕੇ ਗੱਲ ਸ਼ੁਰੂ ਕੀਤੀ।

-"ਦੱਸ ਬਾਈ...!"

-"ਆਹ ਪਿਛਲੇ ਸਾਲ ਆਹ ਕ੍ਰਿਕਟ ਆਲ਼ੇ ਹਰਭਜਨ ਤੇ ਮੋਨਾ ਸਿੰਘ ਨੇ ਸੀਤਾ ਮਾਤਾ ਤੇ ਰਾਵਣ ਦਾ ਰੋਲ ਕਰਤਾ ਕਿਤੇ ਰਾਮ ਲੀਲ੍ਹਾ 'ਚ, ਤੇ ਲੋਕ ਉਹਨਾਂ ਦੇ ਮਗਰ ਪੈ ਗਏ, ਅਖੇ ਇਹ ਸਿੱਖ ਹੋ ਕੇ ਹਿੰਦੂਆਂ ਆਲ਼ੇ ਰੋਲ ਕਰੀ ਜਾਂਦੇ ਐ, ਪਰ ਜਿਹੜੇ ਸਿੱਖ ਹੋ ਕੇ ਸੱਚੀਂ ਈ ਤਿਲਕ ਲੁਆਈ ਜਾਂਦੇ ਐ, ਹਵਨ ਕਰਵਾਈ ਜਾਂਦੇ ਐ ਤੇ ਆਹੂਤੀਆਂ ਪਾਈ ਜਾਂਦੇ ਐ, ਉਹਨਾਂ ਨੂੰ ਕੋਈ ਕੁਛ ਨ੍ਹੀ ਆਖਦਾ...!"

-"ਇਹ ਸਿਆਸਤ ਐ ਬਾਈ...! ਮੰਤਰੀਆਂ ਤੇ ਅਮੀਰ ਬੰਦਿਆਂ ਨੂੰ ਕੌਣ ਕੁਛ ਆਖੇ..?"

-"ਤੇ ਥੋਡੇ 'ਖ਼ਬਾਰ ਸਿਰ 'ਚ ਮਾਰਨ ਨੂੰ ਐਂ...?" ਅਮਲੀ ਪਿੱਟਣ ਵਾਲਿ਼ਆਂ ਵਾਂਗ ਬੋਲਿਆ।

-"ਆਹ ਤੇਰੇ ਸਾਹਮਣੇ ਬੀਬੀ ਬਾਦਲ ਨੂੰ ਲੰਗਰ 'ਚ ਸੇਵਾ ਕਰਨ ਕਰਕੇ ਮਾਤਾ ਖੀਵੀ ਦਾ ਸਨਮਾਨ ਨ੍ਹੀਂ ਦੇਤਾ...?" ਰਾਮ ਜੀ ਫ਼ੌਜੀ ਨੇ ਖਿਝ ਕੇ ਆਖਿਆ।

-"ਉਏ ਇਹਨਾਂ ਦੇ ਯਾਦ ਈ ਨ੍ਹੀ ਰਿਹਾ ਹੋਣਾਂ...! ਨਹੀਂ ਬਾਦਲ ਸਾਹਬ ਨੂੰ ਲੰਗਰ 'ਚ ਮਟਰ ਕੱਢਣ ਵਾਸਤੇ ਬਾਬਾ ਬੁੱਢਾ ਜੀ ਦਾ ਖ਼ਿਤਾਬ ਕਿਉਂ ਨਾ ਦੇ ਦਿੰਦੇ..?"

-"ਅਮਲੀਆ ਸੁਖਬੀਰ ਬਾਦਲ ਨੇ ਤਾਂ ਬਿਆਨ ਦਾਗਿਐ ਬਈ ਲੁੱਦੇਆਣੇ ਮੈਟਰੋ ਚੱਲੂਗੀ...?" ਨਾਜੇ ਡਰਾਈਵਰ ਨੇ ਅਮਲੀ ਨੂੰ ਹੋਰ ਪੁਲੀਤਾ ਲਾਇਆ।

-"ਢਿੱਡੋਂ ਭੁੱਖੀ ਤੇ ਡਕਾਰ ਬਦਾਮਾਂ ਦੇ...! ਵਿਚਾਰਾ ਮਨਪ੍ਰੀਤ ਬਾਦਲ ਤਾਂ ਪਿੱਟੀ ਜਾਂਦੈ ਬਾਈ ਖ਼ਜ਼ਾਨਾ ਖਾਲੀ ਐ...!" ਖੇਤ ਵਾਲ਼ਾ ਭੂਰਾ ਡਰਿਆਂ ਵਾਂਗ ਬੋਲ ਉਠਿਆ।

-"ਪਰ ਇਕ ਗੱਲ ਹੋਰ ਐ ਜੀ..!" ਗੁਰਦੀਪ ਗਾਇਕ ਤੋਂ ਵੀ ਪਿੱਛੇ ਨਾ ਰਿਹਾ ਗਿਆ, "ਜੇ ਅੱਜ ਕਿਤੇ ਸੁਖਬੀਰ ਬਾਦਲ ਆਖ ਦੇਵੇ ਬਈ ਲੁਧਿਆਣੇ 'ਚ ਤਾਂ ਰੱਬ ਦਾ ਰੱਥ ਚੱਲੂਗਾ, ਲੋਕ ਉਹ ਵੀ ਸੱਚ ਮੰਨ ਲੈਣ..!"

-"ਆਹ ਹੰਸ ਰਾਜ ਹੰਸ ਬਾਰੇ ਤੇਰਾ ਕੀ ਖ਼ਿਆਲ ਐ...? ਕਹਿੰਦਾ ਐਮ. ਪੀ. ਬਣ ਕੇ ਸਭ ਤੋਂ ਪਹਿਲਾਂ ਦਿੱਲੀ ਦੰਗਿਆਂ ਦੇ ਦੋਸ਼ੀਆਂ ਵਿਰੁੱਧ ਅਵਾਜ਼ ਉਠਾਊਂਗਾ?"

-"ਪਰ ਉਠਾਊ ਕਿਵੇਂ? ਉਹ ਵੀ ਸੁਣ ਲਓ..! ...ਗਰੀਬ ਨਾਚੀਜ਼ ਕੀ ਏਕ ਅਰਜ਼ ਮਨਜ਼ੂਰ ਕੀਜੀਏ ਬਾਬਿਓ...! ਯੇਹ ਦੇਖੋ...ਦੋਨੋਂ ਹਾਥ ਜੋੜ ਕਰ ਬਿਨਤੀ ਕਰਤਾ ਹੂੰ ਜਨਾਬ...! ਇਨ ਦੋਸ਼ੀ ਸੱਜਨੋ ਕੋ ਅੰਦਰ ਕਰਨੇ ਕੀ ਮਿਹਰਬਾਨੀ ਕਰੇਂ...ਨਹੀਂ ਤੋ ਹਮ ਪੰਜਾਬ ਮੇਂ ਜਾ ਕਰ ਫਿਰ ਗਾਨੇ ਵਜਾਨੇ ਕਾ ਅਖਾੜਾ ਸ਼ੁਰੂ ਕਰਦੇਗਾ...!" ਭੋਲੇ ਮਰਾਸੀ ਦੇ ਆਖਣ 'ਤੇ ਹਾਸੜ ਪੈ ਗਈ।

-"ਲੈ ਹੋਰ ਸੁਣ ਲਾ..! ਕਹਿੰਦੇ ਪੰਜਾਬ 'ਚ ਪੰਜਾਬੀ ਲਾਗੂ ਹੋਗੀ..! ਪਰ ਪੰਜਾਬੀਆਂ ਦੇ ਵਿਆਹ ਦੇ ਕਾਰਡ ਅਜੇ ਵੀ ਅੰਗਰੇਜ਼ੀ 'ਚ ਛਪਦੇ ਐ..! ਤੇ ਜਿਹੜੇ ਚਾਰ ਗੌਰਮਿੰਟੀ ਫ਼ਾਰਮ ਪੰਜਾਬੀ 'ਚ ਆ ਵੀ ਗਏ, ਉਹਨਾਂ ਦੇ ਅਰਥ ਵੀ ਸ਼ਬਦ ਕੋਸ਼ 'ਚੋਂ ਲੱਭਣੇ ਪੈਂਦੇ ਐ...!" ਜਾਗੇ ਕੇ ਬਿੱਟੂ ਨੇ ਆਪਣਾ ਸ਼ਿਕਵਾ ਦੱਸਿਆ।

-"ਐਤਕੀਂ ਛਰਲ੍ਹਾ ਵੀ ਬੋਟਾਂ 'ਚ ਖੜੂ ਬਈ...?" ਅਮਲੀ ਨੇ ਹੀਂਗਣਾ ਛੁੱਟਣ ਵਾਂਗ ਕਿਹਾ।

-"ਕਿਹੜਾ ਛਰਲ੍ਹਾ...?" ਸਾਰੇ ਤੁੱਕਿਆਂ ਵੱਲ ਝਾਕਦੇ ਬੋਕ ਵਾਂਗ ਇਕ ਦੂਜੇ ਦੇ ਮੂੰਹ ਵੱਲ ਝਾਕਣ ਲੱਗ ਪਏ।

-"ਉਏ ਮੈਂ ਮੋਗੇ ਆਲ਼ੀ ਛਰਲ੍ਹਾ ਦੀ ਗੱਲ ਕਰਦੈਂ...!"

-"ਉਹ ਛਰਲ੍ਹਾ ਨ੍ਹੀ ਅਮਲੀਆ..! ਸਰਲਾ ਦੇਵੀ ਐ...!" ਕਿਸੇ ਨੇ ਜ਼ੋਰ ਦੇ ਕੇ ਕਿਹਾ।

-"ਕੁਛ ਹੋਵੇ...! ਪਰ ਤੈਨੂੰ ਤਾਂ ਸਮਝ ਆਗੀ ਨ੍ਹਾ ਬਈ ਮੈਂ ਕੀਹਦੀ ਗੱਲ ਕਰਦੈਂ...? ਤੁਸੀਂ ਬਿਨਾਂ ਗੱਲੋਂ ਅਗਲੇ ਦੀ ਤਹਿ ਲਾਉਨੇਂ ਓਂ..!"

-"ਆਗੀ-ਆਗੀ ਅਮਲੀਆ...! ਪੂਰੀ ਸਮਝ ਈ ਆਗੀ..! ਤੂੰ ਗੁੱਸਾ ਨਾ ਕਰ..!"

-"ਅਮਲੀਆ, ਆਹ ਅਮਰਿੰਦਰ ਤੇ ਆਰੂਸਾ ਦੀਆਂ ਬਾਹਵਾ ਖ਼ਬਰਾਂ ਛਪਦੀਆਂ ਰਹੀਐਂ...!" ਨੀਲੂ ਨੇ ਅਮਲੀ ਨੂੰ ਫ਼ੇਰ ਛੇੜ ਲਿਆ।

-"ਛਪੀ ਜਾਣ ਦਿਓ, ਅਗਲੇ ਨੇ ਕੋਈ ਮਾਰ ਮਾਰੀ ਐ ਤਾਂ ਹੀ ਛਪਦੀਐਂ...! ਉਠਿਆ ਆਪ ਤੋਂ ਨਾ ਜਾਵੇ ਤੇ ਫ਼ਿੱਟੇ ਮੂੰਹ ਗੋਡਿਆਂ ਦੇ...! ਜੇ ਸਾਥੋਂ ਨੀ ਕੱਖ ਹੁੰਦਾ, ਅਗਲੇ ਦੇ ਵੀ ਠੂਠੇ ਡਾਂਗ ਮਾਰਨੀ ਐਂ...? ਪਰੋਚ ਗਾਂਧੀ ਨਾਲ਼ ਵਿਆਹੀ ਹੋਣ ਕਰਕੇ ਪਾਕਿਸਤਾਨ ਆਲ਼ੇ ਹੁਣ ਤੱਕ ਆਪਣੇ ਆਲ਼ੀ ਨੂੰ ਭਰਜਾਈ ਆਖਦੇ ਰਹੇ ਐ, ਜੇ ਇਹਨੇ ਇੱਕੀਆਂ ਦੀ 'ਕੱਤੀ ਪਾ ਕੇ ਮੋੜਤੀ, ਕੀ ਲੋਹੜ੍ਹਾ ਆ ਗਿਆ...? ਮੈਂ ਤਾਂ ਕਿੱਪਟਨ ਜਿੰਦਾਬਾਦ ਈ ਕਹੂੰਗਾ...! ਕਿੱਪਟਨ ਨਰ ਬੰਦੈ, ਜੀਹਨੇ ਪਾਕਸਤਾਨਣ ਸਾਡੀ ਭਰਜਾਈ ਬਣਾਈ...!"

-"ਇਹਦੇ 'ਚ ਵੀ ਕੋਈ ਸ਼ੱਕ ਨ੍ਹੀ...! ਨਾਲ਼ੇ ਪਰੋਚ ਗਾਂਧੀ ਨ੍ਹੀ ਅਮਲੀਆ, ਉਹਦਾ ਨਾਂ ਫ਼ਿਰੋਜ਼ ਗਾਂਧੀ ਸੀ...!"

-"ਕਹਿੰਦੇ ਮੁੰਬਈ ਆਲ਼ੇ ਕਾਂਡ 'ਚ ਪਾਕਿਸਤਾਨ ਦਾ ਹੱਥ ਐ ਬਈ..?" ਕਿਸੇ ਨੇ ਨਵੀਂ ਸਿੰਗੜੀ ਛੇੜ ਲਈ।

-"ਹੋਣਾਂ ਈ ਐਂ...!" ਅਮਲੀ ਟੱਪ ਉਠਿਆ, "ਫ਼ਸਲ 'ਚੋਂ ਸਾਹਣ ਕੱਢਣਾ ਹੋਵੇ, ਸੌ ਡਾਂਗ ਸੋਟੀ ਦਾ ਪ੍ਰਬੰਧ ਕਰੀਦੈ, ਤੇ ਇਹ ਤਾਂ ਕੰਜਰ ਦੇ ਤਿੰਨ ਦਿਨ ਸਾਰਾ ਬੰਬਾ ਵੰਝ 'ਤੇ ਟੰਗੀ ਫਿਰਦੇ ਰਹੇ ਐ...! ਐਨਾਂ ਅਸਲਾ ਕਿਤੋਂ ਤਾਂ ਆਇਆ ਈ ਐ...!"

-"ਪਰ ਪਾਕਿਸਤਾਨ ਤਾਂ ਮੰਨਦਾ ਨ੍ਹੀ, ਅਖੇ ਸਾਡਾ ਤਾਂ ਵਿਚ ਹੱਥ ਈ ਹੈਨ੍ਹੀ...!"

-"ਉਏ ਗੱਲ ਸੁਣੋਂ ਉਏ ਕਮਲ਼ਿਓ..! ਚੋਰ ਕਦੇ ਮੰਨਿਐਂ ਬਈ ਮੈਂ ਚੋਰੀ ਕੀਤੀ ਐ..? ਚੋਰ ਤਾਂ ਪਾੜ 'ਚ ਫੜਿਆ ਜਾਵੇ, ਉਹ ਵੀ ਦੁੱਧ ਧੋਤਾ ਹੋਣ ਦਾ ਢੰਡੋਰਾ ਪਿੱਟੀ ਜਾਂਦਾ ਰਹਿੰਦੈ..!"

-"ਉਏ ਉਹਨਾਂ ਨੂੰ ਇਉਂ ਐਂ ਬਈ ਦੋ ਚਾਰ ਦਿਨ ਇਉਂ ਈ ਮੁੱਕਰ ਮੱਕਰ ਕੇ ਸਾਰ ਲਓ, ਭਾਰਤ ਆਲ਼ੇ ਸੀਲ ਲਾਣਾਂ ਐ, ਆਪੇ ਚਾਰ ਦਿਨਾਂ 'ਚ ਭੁੱਲ ਭੁਲਾ ਜਾਣਗੇ...! ਇਕ ਆਪਣਾ ਪ੍ਰਧਾਨ ਮੰਤਰੀ ਮੁਛਕੜੀਏਂ ਜੇ ਹੱਸ ਕੇ ਹੱਥ ਜੋੜ ਲੈਂਦੈ ਜਿਵੇਂ ਸੁੱਖ ਦੇਣੀਂ ਹੁੰਦੀ ਐ..!"

-"ਆਹ ਕੜਬਬੱਚਾਂ ਦਾ ਗਿੱਡਲ਼ ਜਿਆ ਪਰਸੋਂ ਖ਼ਬਰਾਂ ਪੜ੍ਹ-ਪੜ੍ਹ ਸੁਣਾਈ ਜਾਵੇ, ਅਖੇ ਫ਼ਲਾਨੇ ਪਿੰਡ ਘਰ ਘਰ ਪੋਲੀਓ ਦੀਆਂ ਬੂੰਦਾਂ ਪਿਆਈਆਂ...!" ਅਮਲੀ ਨੂੰ ਪਤਾ ਨਹੀਂ ਫਿ਼ਰ ਕਿਸ 'ਤੇ ਖੁੰਧਕ ਉਠ ਖੜ੍ਹੀ।

-"ਫ਼ੇਰ...? ਕੋਈ ਮਾੜੀ ਗੱਲ ਐ...?" ਬੂਟਾ ਕਨੇਡੀਅਨ ਬੋਲਿਆ।

-"ਮੈਂ ਕਿਹਾ ਸਾਲ਼ਿਆ ਨੱਬਲ਼ਾ ਜਿਆ, ਕੋਈ ਐਹੋ ਜੀ ਖ਼ਬਰ ਕੱਢ, ਜਿੱਥੇ ਲਿਖਿਆ ਹੋਵੇ ਬਈ ਅਮਲੀਆਂ ਨੂੰ ਡੋਡੇ ਤੇ ਭੁੱਕੀ ਮੁਖ਼ਤ ਵੰਡੀ...!"

-"ਲਓ, ਕਰ ਲਓ ਘਿਉ ਨੂੰ ਭਾਂਡਾ...! ਮਿਲ ਲਓ ਇਹਨਾਂ ਨੂੰ...! ਕਰੋ ਸਨਮਾਨ ਇਹਨਾਂ ਦਾ...!"

-"ਆਹ ਪੁਲ਼ਸ ਦੀ ਜਿਪਸੀ ਕਿਵੇਂ ਆਉਂਦੀ ਐ ਬਈ...?" ਕਿਸੇ ਨੇ ਬੌਡਿਆਂ ਵਾਲ਼ੀ ਸੜਕ 'ਤੇ ਲੰਮੀ ਨਜ਼ਰ ਮਾਰਦਿਆਂ ਕਿਹਾ।

-"ਮੰਨੋਂ ਦੇ ਜਾਣੇਂ ਹਾਏ ਮੇਰੀ ਘਿਛਮਿਛ ਇਹ ਬਣਾਉਣ ਆਏ ਹੋਣਗੇ...! ਇਹਨਾਂ ਪੱਟ ਹੋਣਿਆਂ ਨੇ ਕਿਹੜਾ ਘਰੋਂ ਛਕਣੈਂ? ਤੇਰੇ ਮੇਰੇ ਅਰਗੇ ਦੇ ਗੀਝੇ ਨੂੰ ਇਹ ਚੁੰਬੜਨਗੇ..!" ਅਮਲੀ ਡਾਂਗ 'ਤੇ ਭਾਰ ਪਾ ਕੇ ਉਠ ਖੜ੍ਹਿਆ।

-"ਤੇਰੇ ਗੀਝੇ 'ਚ ਕੀ ਜੂੰਐਂ...?" ਕਿਸੇ ਨੇ ਤਰਕ ਲਾਈ।

-"ਹੁਣ ਫ਼ੌਜੀ ਛਾਉਣੀਂ ਵਾਂਗੂੰ ਤੂੰ ਕਿੱਧਰ ਨੂੰ ਹਿੱਲ ਪਿਆ...? ਬਹਿ ਕੇ ਗੱਲ ਬਾਤ ਸੁਣਾ ਕੋਈ...! ਕੁਛ ਨ੍ਹੀਂ ਕਹਿੰਦੇ ਉਹ ਤੈਨੂੰ...!" ਡੈਰ੍ਹੀ ਵਾਲ਼ੇ ਦਰਸ਼ਣ ਨੇ ਕਿਹਾ।

-"ਕਿਤੇ ਹਾਏ ਮੇਰੀ ਘਿਛਮਿਛ ਮਨਾਉਣ ਵਾਸਤੇ ਲਹੁਡੀ ਦੇਣੇਂ ਮੈਨੂੰ ਨਾ ਠਾਣੇਂ ਨੂੰ ਲੱਦ ਤੁਰਨ, ਇਹਨਾਂ ਦਾ ਕੀ 'ਤਬਾਰ...? ਇਹ ਤਾਂ ਦੰਦੀਆਂ ਜੀਆਂ ਕੱਢਦੇ ਕੱਢਦੇ ਮੂਧਾ ਪਾ ਲੈਂਦੇ ਐ..!" ਅਮਲੀ ਅੰਦਰੋਂ ਪਰਾਲ਼ ਹੋਇਆ ਪਿਆ ਸੀ।

-"ਨ੍ਹਾ ਤੈਨੂੰ ਠਾਣੇ ਲਿਜਾ ਕੇ ਇਹਨਾਂ ਨੇ ਆਬਦੇ ਠਾਣੇ ਦਾ ਨਾਸ ਮਾਰਨੈਂ?"

-"ਤੂੰ ਤਾਂ ਮੋਕ ਵੀ ਮਾੜੇ ਬਲ਼ਦ ਜਿੰਨੀ ਮਾਰਦੈਂ ਅਮਲੀਆ...!"

-"ਉਏ ਅਮਲੀ ਹੋਰ ਗੱਲੋਂ ਡਰਦੈ...!"

-"ਕਿਹੜੀ ਗੱਲੋਂ...?"

-"ਇਹਦੇ ਕੋਲ਼ੇ ਇਕ ਕੁਤੀੜ੍ਹ ਜੀ ਰੱਖੀ ਹੁੰਦੀ ਸੀ ਨ੍ਹਾਂ?"

-"ਖ਼ੁਰਕ ਖਾਧਾ ਜਿਆ ਕੁੱਤਾ...?"

-"ਆਹੋ...!"

-"ਉਹਦੇ 'ਚ ਭੈੜ੍ਹ ਇਹ ਸੀ ਬਈ ਉਹਦੇ ਰੋੜਾ ਕਿਸੇ ਨੇ ਹੋਰ ਮਾਰਨਾਂ ਤੇ ਉਹਨੇ ਕੰਜਰ ਦੇ ਨੇ ਲੱਤ ਕਿਸੇ ਹੋਰ ਦੀ ਜਾ ਫ਼ੜਨੀਂ..!"

ਫਿ਼ਰ ਹਾਸੜ ਮੱਚ ਗਈ।

-"ਕੁੱਤਾ ਵੀ ਪੱਟ ਹੋਣਾਂ ਅਮਲੀ ਅਰਗਾ ਈ ਘਤਿੱਤੀ ਸੀ..!"

-"ਉਏ ਗੱਲ ਤਾਂ ਸੁਣ...! ਇਕ ਦਿਨ ਅਮਲੀ ਸਕੂਲ ਕੋਲ਼ ਦੀ ਕੁੱਤਾ ਲਈ ਜਾਵੇ, ਤੇ ਸਕੂਲ 'ਚ ਇਕ ਮੰਤਰੀ ਭਾਸ਼ਣ ਦੇਣ ਲੱਗਿਆ ਵਿਆ..! ਤੇ ਮੰਤਰੀ ਨੂੰ ਸਪੀਕਰ 'ਤੇ ਬੋਲਦਾ ਸੁਣ ਕੇ ਕੁੱਤਾ ਲੱਗ ਪਿਆ ਭੌਂਕਣ, ਤੇ ਪੁਲ਼ਸ ਆਲ਼ਿਆਂ ਦੇ ਭਾਅ ਦੀ ਬਣਗੀ ਬਈ ਇਹ ਕਤੀੜ੍ਹ ਤਾਂ ਸਾਨੂੰ ਮੰਤਰੀ ਤੋਂ ਗਾਲ਼ਾਂ ਪੁਆਊ...!"

-"ਗਾਲ਼ ਕੱਢਣ ਲੱਗੇ ਕਿਹੜਾ ਉਹ ਅੱਗਾ ਪਿੱਛਾ ਦੇਖਦੇ ਐ..?"

-"ਕਿਹੜਾ ਆਪ ਨੂੰ ਆਉਣੀ ਐਂ...! ਫ਼ੇਰ...?"

-"ਪੁਲ਼ਸ ਆਲ਼ਿਆਂ ਨੇ ਕੁੱਤੇ ਨੂੰ ਤਾਂ ਕੀ ਆਖਣਾ ਸੀ? ਪਰ ਉਹਨਾਂ ਨੇ ਅਮਲੀ ਨੂੰ ਆ ਢਾਹਿਆ...!"

-"ਅੱਛਾ...!"

-"ਨਾ ਕਾਹਤੋਂ ਆ ਢਾਹਿਆ...?"

-"ਉਏ ਅਗਲੇ ਸੋਚਦੇ ਹੋਣੇਂ ਐਂ ਬਈ ਅੰਦਰ ਸਾਡੇ ਆਲ਼ਾ ਭੌਂਕੀ ਜਾਂਦੈ ਤੇ ਬਾਹਰ ਅਮਲੀ ਦਾ ਕਾਹਤੋਂ ਭੌਂਕਣ ਲੱਗ ਪਿਆ...!"

ਹਾਸੇ ਦਾ ਫ਼ਰਾਟਾ ਇਕ ਵਾਰ ਫਿਰ ਉਚਾ ਉਠਿਆ।

ਇਤਨੇ ਚਿਰ ਨੂੰ ਪੁਲੀਸ ਦੀ ਜਿਪਸੀ ਕੋਲ਼ ਆ ਖੜ੍ਹੀ ਅਤੇ ਸਾਰੇ ਪੁਲੀਸ ਦੇ ਸਤਿਕਾਰ ਵਿਚ ਸਾਵਧਾਨ ਹੋ ਗਏ।

-"ਸੱਦਾਰ ਜੀ, ਨਮਾਂ ਸਾਲ ਬੰਬਾਰਕ...!" ਅਮਲੀ ਠਾਣੇਦਾਰ ਸਾਹਮਣੇਂ ਅਜ਼ੀਜ਼ ਬਣਿਆਂ ਹੱਥ ਜੋੜੀ ਖੜ੍ਹਾ ਸੀ। ਇਸ ਤੋਂ ਬਿਨਾਂ ਉਸ ਨੂੰ ਹੋਰ ਕੁਝ ਸੁੱਝ ਨਹੀਂ ਰਿਹਾ ਸੀ।