ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, September 30, 2010

ਬਲਵਿੰਦਰ ਸੰਧੂ - ਨਜ਼ਮ

ਰੂਪਾਂਤਰ

ਨਜ਼ਮ

ਹੌਲ਼ੀ ਹੌਲ਼ੀ ਰਮ ਰਹੀ

ਮੇਰੇ ਤਨ ਅੰਦਰ

ਮੱਠੀ ਮੱਠੀ ਸੂਰਜੇ ਦੀ ਧੁੱਪ

ਰਿਸ਼ਮ ਰਹੀ

ਸ਼ੀਤਲ ਚੰਨ ਦੀ ਰੁਸ਼ਨਾਈ

ਰੁਮਕ ਰਹੀ

ਪੁਰੇ ਦੀ ਸੁਬਕ ਹਵਾ

ਬਰਸ ਰਹੀ

ਨਿੱਕੀ ਨਿੱਕੀ ਬੱਦਲ਼ਾਂ ਦੀ ਭੂਰ

ਵਗ ਰਹੀ

ਹਿਮ ਪਾਣੀਆਂ ਦੀ ਸ਼ੀਰ ਨਦੀ

ਇਤਰਾਅ ਰਹੀ

ਫੁੱਲਾਂ ਦੀ ਕਿਓੜੀ ਖ਼ੁਸ਼ਬੋ

ਟਿਮਕ ਰਹੀ

ਭਿੰਨੀ ਭਿੰਨੀ ਤਾਰਿਆਂ ਦੀ ਲੋਅ

ਰਸ ਰਹੀ

ਬੂੰਦ ਬੂੰਦ ਤ੍ਰੇਲ ਦੀ ਤਾਜ਼ਗੀ...

................

ਹੌਲ਼ੀ ਹੌਲ਼ੀ ਮਘ ਰਹੀ

ਮੇਰੇ ਮਨ

ਊਰਜਾ ਦੀ ਮੁਤਲਾਸ਼ੀ ਅਗਨ

ਖ਼ੁਮਾਰ ਰਹੀ

ਤੁਪਕਾ ਤੁਪਕਾ ਲਹੂ ਦੀ ਚਾਸ਼ਨੀ

ਮਹਿਕ ਰਹੀ

ਮਿੱਠੀ ਮਿੱਠੀ ਪ੍ਰੇਮ ਦੀ ਮੁਸਕਾਨ

ਅੰਕੁਰ ਰਹੀ

ਕੂਲ਼ੀ ਕੂਲ਼ੀ ਸ਼ਬਦਾਂ ਦੀ ਲੂਈ

ਲਹਿਰਾਅ ਰਹੀ

ਗੀਤਾਂ ਦੀ ਸਾਵੀ ਸਾਵੀ ਘਾਹ...

...............

ਨਿੱਤਰ ਰਹੀ

ਵਿਵੇਕ ਪਾਣੀਆਂ ਦੀ ਝੀਲ

ਖ਼ੁਸ਼ਬੋਅ ਰਹੀ

ਮੇਰੇ ਤਨ ਦੀ ਅਗਰਬੱਤੀ

ਰੁਸ਼ਨਾਅ ਰਹੀ

ਮਨ ਦੀ ਉੱਚੀ ਅਟਾਰੀ...

................

ਹੌਲ਼ੀ ਹੌਲ਼ੀ ਮੈਂ

ਧਰਤ ਹੋ ਰਿਹਾਂ

ਕਰਤੇ ਦੀ ਕਿਰਤ ਹੋ ਰਿਹਾਂ

ਮੈਂ ਹੌਲ਼ੀ ਹੌਲ਼ੀ...

=====

ਗ਼ਜ਼ਬ ਸਮਾਂ

ਨਜ਼ਮ

ਅੱਖਾਂ ਖੋਲ੍ਹਦਾਂ-

ਝਿੰਮਣੀਆਂ ਪੱਠ-ਕੰਡੇ ਬਣ ਜਾਂਦੀਆਂ

...........

ਘਰੋਂ ਨਿੱਕਲ਼ਦਾਂ

ਮੋਹ ਦੀਆਂ ਬੇੜੀਆਂ ਛਣਕਦੀਆਂ

............

ਨਗਰ ਪਰਤਦਾਂ

ਤਮਾਮ ਦੀਵੇ ਬੁਝ ਜਾਂਦੇ

..........

ਦੀਨ ਧਿਆਉਦਾਂ

ਮਜ਼੍ਹਬ ਫ਼ੁੰਕਾਰੇ ਮਾਰਦਾ

..........

ਚੋਰ ਫੜਦਾਂ

ਅੰਦਰਲਾ ਸ਼ੋਰ ਮਚਾਉਂਦਾ

.............

ਗੀਤ ਸੁਣਦਾਂ

ਕੰਨਾਂ ਚੋਂ ਪੀਕ ਵਗਦੀ

..........

ਕਿਤੇ ਨਜ਼ਰ ਮਿਲਾਉਂਦਾਂ

ਅੱਖ ਗਾਇਬ ਹੋ ਜਾਂਦੀ

..............

ਵਕ਼ਤ ਦੇਖਦਾਂ

ਧਰਤ ਪੁੱਠਾ ਗਿੜਦੀ

.............

ਦਿਲ ਦੀ ਸੁਣਦਾਂ

ਸਿਰ ਚੋਂ ਰੇਤ ਕਿਰਦੀ

..............

ਕੇਹਾ ਮੌਸਮ, ਕੇਹੀ ਹਵਾ

ਗ਼ਜ਼ਬ ਰਜ਼ਾ ਗ਼ਜ਼ਬ ਸਜ਼ਾ...!


Wednesday, September 29, 2010

ਸੰਦੀਪ ਸੀਤਲ - ਨਜ਼ਮ

ਇਜਾਜ਼ਤ

ਨਜ਼ਮ

ਜੇ ਤੂੰ ਮੰਨਦਾ ਏਂ ..

ਕਿ ਮੈਂ

ਤੇਰੇ ਰਾਹਾਂ 'ਚ ਉੱਗਿਆ

ਕੋਈ ਕੰਡਾ ਨਹੀਂ

ਸਗੋਂ

ਤੇਰੇ ਪਹਿਲੂ ਚ ਮਹਿਫ਼ੂਜ਼

ਇਕ ਸੁਰਖ਼ ਗੁਲਾਬ ਹਾਂ

ਤਾਂ ਮੈਨੂੰ ਖਿੜਣ ਦੀ ਇਜਾਜ਼ਤ ਦੇ ..

ਮੈਂ ਤੇਰਾ ਗੁਲਸ਼ਨ ਮਹਿਕਾ ਦਿਆਂਗੀ !

======

ਅਨੁਵਾਦ

ਨਜ਼ਮ

ਕਿਸ ਤਰਾਂ ਕਰ ਸਕਣਗੇ

ਨਿਸ਼ਬਦ ਜਜ਼ਬਿਆਂ ਦਾ

ਸਹੀ ਅਨੁਵਾਦ ਓਹ ...

ਚਸ਼ਮਦੀਦ ਸ਼ਬਦਾਂ ਦੇ

ਕੱਢਦੇ ਰਹਿੰਦੇ ਨੇ

ਮੁਖ਼ਤਲਿਫ਼ ਜਿਹੇ ਅਰਥ ਜੋ ...

=====

ਜਦ ਮੈਂ ਰੁਖ਼ਸਤ ਹੋਵਾਂ

ਨਜ਼ਮ

ਮੇਰੇ ਮਹਿਰਮ !

ਜਦ ਮੈਂ ਰੁਖ਼ਸਤ ਹੋਵਾਂ

ਤੂੰ ਮੈਨੂੰ ਆਵਾਜ਼ ਨਾ ਦੇਵੀਂ...

ਨਾ ਸੁਣਾਵੀਂ ਮੈਨੂੰ

ਟੂਣੇਹਾਰਾ ਕੋਈ ਦਿਲਕਸ਼ ਨਗ਼ਮਾ

ਤੇ ਨਾ ਹੀ ਦਿਖਾਵੀਂ ਨੈਣਾਂ ਨੂੰ ਮੇਰੇ

ਛਿਣ-ਭੰਗਰਾ ਕੋਈ ਹੁਸੀਨ ਸੁਪਨਾ...

............

ਸ਼ਾਂਤ ਹੋ ਚੁੱਕੇ ਨੇ

ਮਨ ਦੇ ਹਨੇਰੇ ਜੰਗਲ ਵਿਚ ਕੂਕਦੇ

ਜਜ਼ਬਾਤ ਦੇ ਚੰਚਲ ਪਰਿੰਦੇ ...

ਸੁਪਨਿਆਂ ਦੇ ਮਰਮਰੀ ਸਪਰਸ਼ ਦਾ

ਦਿਲ ਦੀ ਧੜਕਣ ਉੱਤੇ

ਕੋਈ ਇਖ਼ਤਿਆਰ ਨਹੀ ...

............

ਸੁਣ ਨਹੀ ਸਕਦੇ ਦੁਇ ਕੰਨ ਹੁਣ

ਫ਼ਿਜ਼ਾਵਾਂ ਵਿਚ ਗੂੰਜਦੇ ਬੁਲਬੁਲ ਦੇ ਤਰਾਨੇ

ਵਗਦੇ ਪਾਣੀਆਂ ਵਿਚ ਲਹਿਰਾਂ ਦੇ ਗੀਤ

ਬਾਰਿਸ਼ ਦੀਆਂ ਬੂੰਦਾਂ 'ਚੋਂ ਟਪਕਦਾ ਸੰਗੀਤ ...

..........

ਵੇਖ ਨਹੀ ਸਕਦੇ ਦੁਇ ਨੈਣ ਹੁਣ

ਦਿਸਹੱਦੇ 'ਤੇ ਉਭਰਿਆ ਸਤਰੰਗਾ ਧਨੁਸ਼

ਸਿਆਹ ਰਾਤ 'ਚ ਉਗਮਿਆ ਪੂਨਮ ਦਾ ਚੰਨ

ਗੰਧਲੇ ਪਾਣੀਆਂ ਉੱਤੇ ਤਰਦਾ ਰੁਪਹਿਲਾ ਕੰਵਲ ਫੁੱਲ ...

...............

ਅਨੁਭਵ ਨਹੀ ਕਰ ਸਕਦੀ ਰਸਨਾ ਹੁਣ

ਸਮੁੰਦਰ ਦੇ ਪਾਣੀਆਂ 'ਚੋਂ ਨੁੱਚੜੇ

ਸਲੂਣੇ ਅਰਕ ਦਾ ਜ਼ਾਇਕਾ,

ਅੰਮ੍ਰਿਤ-ਜਲ ਦੀਆਂ ਬੂੰਦਾਂ 'ਚ ਘੁਲ਼ੀ ਮਿਠਾਸ,

ਕੰਵਲ ਫੁੱਲ ਦੀਆਂ ਪੱਤੀਆਂ ਚੋਂ ਰਿਸਦਾ ਸੋਮਰਸ ...

............

ਜਿਸਮ ਦੇ ਰੱਥ ਉੱਤੇ ਬੈਠੇ

ਇੰਦਰੀਆਂ ਦੇ ਘੋੜੇ

ਹੋ ਚੁੱਕੇ ਨੇ

ਬੇਹਰਕਤ, ਬੇਜਾਨ ਜਿਹੇ...

.............

ਨਹੀਂ ਹੁਣ ਫ਼ਾਸਲਾ ਕੋਈ

ਵਸਲ ਅਰ ਵਿਛੋੜੇ ਵਿਚ

ਸੰਧਿਆ ਅਰ ਪ੍ਰਭਾਤ ਵਿਚ

ਪਤਝੜ ਅਰ ਬਹਾਰ ਵਿਚ

..............

ਜੜ੍ਹ ਤੋਂ ਉੱਖੜਿਆ ਰੁੱਖ

ਆਖਿਰ !

ਕਿਸ ਰੁੱਤ ਦਾ ਇੰਤਜ਼ਾਰ ਕਰੇ ?

ਕਿਸ ਤਰ੍ਹਾਂ ਸੁਣੇ

ਅੰਤਰਮਨ ਦਾ ਅਨਹਦ ਨਾਦ ….


Tuesday, September 28, 2010

ਗੁਰਮੀਤ ਖੋਖਰ - ਗ਼ਜ਼ਲ

ਗਜ਼ਲ

ਹਵਾਵਾਂ ਵਿੱਚ ਘੁਟਨ ਕੈਸੀ ਭਰੀ ,

ਕਿ ਹੁਣ ਤਾਂ ਸਾਹ ਵੀ ਮੁੱਲ ਦੇ ਆ ਰਹੇ ਨੇ।

ਚੁਫੇਰੇ ਲਰਜ਼ਦੇ ਦਰਿਆ ਸੀ ਜਿਹੜੇ,

ਥਲਾਂ ਦੀ ਰੇਤ ਹੁੰਦੇ ਜਾ ਰਹੇ ਨੇ।

-----

ਨਹੀਂ ਬਾਕੀ ਕਿਸੇ ਦੇ ਕੋਲ਼ ਪਾਣੀ,

ਕਿਵੇਂ ਸਕਦੇ ਨੇ ਬੱਦਲ ਡੋਲ੍ਹ ਪਾਣੀ,

ਕਿਸੇ ਸਹਿਰਾ ਚੋਂ ਚੁੱਕ ਕੇ ਰੇਤ ਸੁੱਕੀ,

ਨਗਰ ਮੇਰੇ 'ਤੇ ਅੱਜ ਬਰਸਾ ਰਹੇ ਨੇ।

-----

ਨਹੀਂ ਘਟਦਾ ਜ਼ਰਾ ਵੀ ਸ਼ੋਰ ਪੈਂਦਾ,

ਵਧੀ ਜਾਵੇ ਸਗੋਂ ਹੈ ਹੋਰ ਪੈਂਦਾ,

ਇਵੇਂ ਲਗਦਾ ਜਿਵੇਂ ਪੱਤੇ ਬਿਰਖ਼ ਦੇ,

ਕਿਤੇ ਆਪਸ ਦੇ ਵਿਚ ਟਕਰਾ ਰਹੇ ਨੇ।

-----

ਨਗਰ ਦੇ ਬਿਰਖ਼ ਸਾਰੇ ਸੁੱਕ ਗਏ ਨੇ,

ਬਿਨਾਂ ਪਾਣੀ ਤੋਂ ਮੋਹ ਤੋਂ ਮੁੱਕ ਗਏ ਨੇ,

ਨਗਰ ਵਾਸੀ ਬਣਾ ਕੇ ਰਬੜ ਦੇ ਰੁੱਖ,

ਨਗਰ ਦੇ ਪਾਰਕਾਂ ਵਿਚ ਲਾ ਰਹੇ ਨੇ।

-----

ਕਦੇ ਤੁਪਕੇ ਚੋਂ ਸਾਗਰ ਬਰਸਦੇ ਸੀ,

ਬੜੇ ਸੱਚੇ ਉਹ ਰਿਸ਼ਤੇ ਜਾਪਦੇ ਸੀ,

ਨਾ ਹੁਣ ਲੱਭਦੀ ਹਵਾ ਨੂੰ ਬੂੰਦ ਕੋਈ,

ਇਵੇਂ ਲਗਦਾ ਜਿਵੇਂ ਪਥਰਾ ਰਹੇ ਨੇ।

-----

ਕਿਸੇ ਉੱਚੇ ਜਿਹੇ ਰੁੱਖ ਤੇ ਚੜ੍ਹੇ ਨੇ,

ਉਨ੍ਹਾਂ ਦੇ ਹੱਥਾਂ ਵਿਚ ਤਾਰੇ ਫੜੇ ਨੇ,

ਕਿਸੇ ਵੱਖਰੀ ਤਰ੍ਹਾਂ ਤਾਰੇ ਸਜਾ ਕੇ,

ਨਵਾਂ ਅੰਬਰ ਬਣਾਉਂਦੇ ਜਾ ਰਹੇ ਨੇ।

-----

ਮੇਰੇ ਦਿਲ ਚੋਂ ਲਹੂ ਨਾਚੋੜ ਦਿੰਦੇ,

ਕਦੀ ਫਿਰ ਟੁਕੜਿਆਂ ਵਿਚ ਤੋੜ ਦਿੰਦੇ,

ਦਿਲਾਂ ਦੇ ਦੁੱਖ ਨਿਵਾਰਣ ਦੀ ਕਿਸੇ ਉਹ,

ਨਵੀਂ ਤਕਨੀਕ ਨੂੰ ਅਜ਼ਮਾ ਰਹੇ ਨੇ ।

Monday, September 27, 2010

ਰਹਿਬਰ ਤਾਬਾਨੀ - ਉਰਦੂ ਰੰਗ

ਸਾਹਿਤਕ ਨਾਮ : ਰਹਿਬਰ ਤਾਬਾਨੀ

ਉਸਤਾਦ ਦਾ ਨਾਮ : ਤਾਬਾਂ ਸਫ਼ੀਕੀ

ਰਿਹਾਇਸ਼: ਦਰਿਆਬਾਦ ਜ਼ਿਲ੍ਹਾ ਬਾਰਾਬੰਕੀ, ਉਤਰ ਪ੍ਰਦੇਸ਼

ਗ਼ਜ਼ਲ ਸੰਗ੍ਰਹਿ : ਆਬਗੀਨੇ, ਆਬਲੇ, ਸ਼ਬ ਚਿਰਾਗ਼ ਨਾਤੀਆ ਕਲਾਮ : ਹਰਮੈਨ

ਵਿਸ਼ੇਸ਼ ਧੰਨਵਾਦ: ਹੁਸ਼ਿਆਰਪੁਰ ਵਸਦੇ ਗ਼ਜ਼ਲਗੋ ਇਕਵਿੰਦਰ ਜੀ ਦਾ, ਜਿਨ੍ਹਾਂ ਨੇ ਤਾਬਾਨੀ ਸਾਹਿਬ ਦੀ ਗ਼ਜ਼ਲ ਆਰਸੀ ਲਈ ਭੇਜੀ।

******

ਗ਼ਜ਼ਲ

ਫ਼ਨਕਾਰ ਬੇ-ਹੁਨਰ ਕੋ ਬਤਾਨਾ ਪੜਾ ਮੁਝੇ

ਇਸ ਦੌਰ ਮੇਂ ਯੇ ਜ਼ਹਿਰ ਵੀ ਖਾਨਾ ਪੜਾ ਮੁਝੇ।

-----

ਹਰ ਚੇਹਰੇ ਸੇ ਨਕਾਬ ਉਠਾਨਾ ਪੜਾ ਮੁਝੇ,

ਸੱਚਾਈਓਂ ਕੋ ਸਾਮਨੇ ਲਾਨਾ ਪੜਾ ਮੁਝੇ।

-----

ਨਾਸੂਰ ਬਨ ਨਾ ਜਾਏ ਯੇ ਖ਼ਤਰਾ ਥਾ ਇਸ ਲੀਏ,

ਚਾਰਾਗਰੋਂ ਸੇ ਜ਼ਖ਼ਮ ਛੁਪਾਨਾ ਪੜਾ ਮੁਝੇ।

-----

ਇਕ ਬਾਰ ਕੇ ਗੁਰੇਜ਼ ਕੀ ਉਸਨੇ ਯੇ ਦੀ ਸਜ਼ਾ,

ਸੌ ਬਾਰ ਉਸਕੀ ਬਜ਼ਮ ਮੇਂ ਜਾਨਾ ਪੜਾ ਮੁਝੇ।

-----

ਆਇਆ ਥਾ ਜਿਸਕਾ ਜ਼ਸ਼ਨ ਮਨਾਨੇ ਮੈਂ ਸ਼ਹਿਰ ਮੇਂ,

ਉਸ ਜ਼ਿੰਦਗੀ ਕਾ ਸੋਗ ਮਨਾਨਾ ਪੜਾ ਮੁਝੇ।

-----

ਕਿਓਂ ਬਦ-ਮਜ਼ਾ ਹੋ ਮੇਰੇ ਸਬਬ ਉਸਕੀ ਅੰਜੁਮਨ,

ਬਸ! ਇਤਨਾ ਸੋਚ ਕਰ ਪਲਟ ਆਨਾ ਪੜਾ ਮੁਝੇ।

-----

ਜੋ ਜ਼ਿੰਦਗੀ ਕੇ ਨਾਮ ਸੇ ਉਸਨੇ ਦੀਆ ਥਾ ਕਲ,

ਵੋ ਕਰਜ਼ ਆਜ ਮਰ ਕੇ ਚੁਕਾਨਾ ਪੜਾ ਮੁਝੇ।

-----

ਰਹਿਬਰਨਾਦਾਮਤੋਂ* ਸੇ ਨਿਗਾਹੇਂ ਨਾ ਉਠ ਸਕੀ,

ਜਬ ਅਪਨੀ ਬਾਰਗਾਹ** ਮੇਂ ਜਾਨਾ ਪੜਾ ਮੁਝੇ।

******

ਔਖੇ ਸ਼ਬਦਾਂ ਦੇ ਅਰਥ: *ਸ਼ਰਮਿੰਦਗੀ, ** ਆਰਾਮਗਾਹ ।

******

ਗ਼ਜ਼ਲ ਮੂਲ ਉਰਦੂ/ਹਿੰਦੀ ਤੋਂ ਪੰਜਾਬੀ ਲਿਪੀਅੰਤਰ ਇਕਵਿੰਦਰ



Sunday, September 26, 2010

ਸ਼ਹਰਯਾਰ ਸਾਹਿਬ ਨੂੰ ‘ਗਿਆਨ-ਪੀਠ’ ਐਵਾਰਡ ਦੇਣ ਦਾ ਐਲਾਨ – ਆਰਸੀ ਵੱਲੋਂ ਮੁਬਾਰਕਬਾਦ

ਦੋਸਤੋ! ਉਰਦੂ ਦੇ ਅਜ਼ੀਮ ਸ਼ਾਇਰ ਸ਼ਹਰਯਾਰ ਸਾਹਿਬ ਨੂੰ ਹਾਲ ਹੀ ਵਿਚ ਉਰਦੂ ਸਾਹਿਤ ਵਿਚ ਪਾਏ ਯੋਗਦਾਨ ਲਈ ਗਿਆਨ-ਪੀਠ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਖ਼ੁਸ਼ੀ ਵਾਲ਼ੀ ਗੱਲ ਹੈ। ਗਿਆਨ-ਪੀਠ ਐਵਾਰਡ ਤੋਂ ਪਹਿਲਾਂ ਉਹਨਾਂ ਨੂੰ ਸਾਹਿਤਯ ਅਕਾਦਮੀ ਐਵਾਰਡ, ਉੱਤਰ-ਪ੍ਰਦੇਸ਼ ਅਕਾਦਮੀ ਐਵਾਰਡ ਅਤੇ ਦਿੱਲੀ ਅਕਾਦਮੀ ਐਵਾਰਡਾਂ ਨਾਲ਼ ਵੀ ਸਨਮਾਨਿਆ ਜਾ ਚੁੱਕਾ ਹੈ। 1936 ਚ ਜਨਮੇ ਸ਼ਹਰਯਾਰ ਸਾਹਿਬ ਦਾ ਅਸਲੀ ਨਾਮ ਅਖ਼ਲਾਕ਼ ਮੁਹੰਮਦ ਖ਼ਾਨ ਹੈ ਅਤੇ ਸਾਹਿਤ ਪ੍ਰੇਮੀਆਂ ਨੂੰ ਸਾਤਵਾਂ ਦਰ, 'ਹਿਜਰ ਕਾ ਮੌਸਮ, ਖ਼ਵਾਬ ਕਾ ਦਰ ਬੰਦ ਹੈ, 'ਨੀਂਦ ਕੀ ਕਿਰਚੇਂ', ਸੈਰੇ-ਜਹਾਂ ਵਰਗੀਆਂ ਉਮਦਾ ਕਿਤਾਬਾਂ ਦੇ ਚੁੱਕੇ ਹਨ। ਉਹਨਾਂ ਦੀਆਂ ਲਿਖਤਾਂ ਨੂੰ ਉਰਦੂ ਅਤੇ ਹਿੰਦੀ ਵਿਚ ਇੱਕੋ ਜਿਹਾ ਥਾਂ ਹਾਸਿਲ ਹੈ।

-----

ਭਲਾ ਸ਼ਹਰਯਾਰ ਸਾਹਿਬ ਦੁਆਰਾ ਫਿਲਮ ਉਮਰਾਓ ਜਾਨ ਲਈਆਂ ਲਿਖੀਆਂ ਗ਼ਜ਼ਲਾਂ ਨੂੰ ਕੌਣ ਭੁਲਾ ਸਕਦਾ ਹੈ? ਡਾ: ਮਹਤਾਬ ਹੈਦਰ ਨਕ਼ਵੀ ਲਿਖਦੇ ਨੇ ਕਿ:

....ਉਨਕੀ ਨਜ਼ਮੇਂ ਔਰ ਗ਼ਜ਼ਲੇਂ ਦੋਨੋਂ ਵਿਧਾਏਂ ਭਾਸ਼ਾ ਕੇ ਖੁਰਦਰੇਪਨ ਸੇ ਦੂਰ ਹਮੇਂ ਗੀਤਾਤਮਕਤਾ ਕੀ ਤਰਫ਼ ਲੇ ਜਾਤੀ ਹੈਂ। ਸ਼ਹਰਯਾਰ ਨੇ ਫਿਲਮੋਂ ਕੇ ਭੀ ਲੀਏ ਭੀ ਗੀਤ ਲਿਖੇ ਹੈਂ, ਜਿਨਕੋ ਸੁਨ ਕਰ ਯਹ ਮਹਿਸੂਸ ਹੋਤਾ ਹੈ ਕਿ ਫਿਲਮੋਂ ਮੇਂ ਭੀ ਅੱਛੀ ਔਰ ਸੱਚੀ ਸ਼ਾਇਰੀ ਪੇਸ਼ ਕੀ ਜਾ ਸਕਤੀ ਹੈ.....ਇਨਸਾਨੀ ਜ਼ਿੰਦਗੀ ਮੈਂ ਪੈਦਾ ਹੋਨੇ ਵਾਲੀ ਕੋਈ ਭੀ ਹਲਚਲ ਸ਼ਹਰਯਾਰ ਕੋ ਛੂਏ ਬਿਨਾ ਨਹੀਂ ਰਹਿਤੀ...

-----

ਆਰਸੀ ਪਰਿਵਾਰ ਵੱਲੋਂ ਸ਼ਹਰਯਾਰ ਸਾਹਿਬ ਨੂੰ ਮੁਬਾਰਕਬਾਦ ਆਖਦਿਆਂ, ਅੱਜ ਦੀ ਪੋਸਟ ਚ ਉਹਨਾਂ ਦੀਆਂ ਚੰਦ ਬੇਹੱਦ ਖ਼ੂਬਸੂਰਤ ਰਚਨਾਵਾਂ ਨੂੰ ਸ਼ਾਮਿਲ ਕਰਨ ਜਾ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਨਜ਼ਮਾਂ

ਬਾਮੇ-ਖ਼ਲਾ 1 ਸੇ ਜਾ ਕੇ ਦੇਖੋ

ਦੂਰ ਉਫ਼ਕ 2 ਪਰ ਸੂਰਜ ਸਾਯਾ

ਔਰ ਵਹੀਂ ਪਰ ਆਸ ਪਾਸ ਹੀ

ਪਾਨੀ ਕੀ ਦੀਵਾਰ ਕਾ ਗਿਰਨਾ

ਬੋਲੋ ਤੋ ਕੈਸਾ ਲਗਤਾ ਹੈ?

=====

ਮੈਂ ਨੀਲੇ ਪਾਨੀਓਂ ਮੈਂ ਗਿਰ ਗਯਾ ਹੂੰ

ਕਿਸ ਤਰਹ ਨਿਕਲੂੰ

ਕਿਨਾਰੇ ਪਰ ਖੜੇ ਲੋਗੋਂ ਕੇ ਹਾਥੋਂ ਮੇਂ

ਯੇ ਕੈਸੇ ਫੂਲ ਹੈਂ

ਮੁਝੇ ਰੁਖ਼ਸਤ ਹੁਏ ਤੋ ਮੁੱਦਤੇਂ ਗੁਜ਼ਰੀਂ

=====

ਬੇਚੀ ਹੈ ਸਹਰਾ ਕੇ ਹਾਥੋਂ

ਰਾਤੋਂ ਕੀ ਸਿਆਹੀ ਤੁਮਨੇ

ਕੀ ਹੈ ਜੋ ਤਬਾਹੀ ਤੁਮੇ

ਕਿਸ ਰੋਜ਼ ਸਜ਼ਾ ਪਾਓਗੇ?

=====

ਵਹ ਸੁਬਹ ਕਾ ਸੂਰਜ ਜੋ ਤੇਰੀ ਪੇਸ਼ਾਨੀ 3 ਥਾ

ਮੇਰੇ ਹੋਠੋਂ ਕੇ ਲੰਬੇ ਬੋਸੋਂ 4 ਕਾ ਮਰਕਜ਼ 5 ਥਾ

ਕਯੂੰ ਆਂਖ ਖੁਲੀ ਕਯੂੰ ਮੁਝਕੋ ਯੇ ਅਹਿਸਾਸ ਹੁਆ

ਤੂ ਅਪਨੀ ਰਾਤ ਕੋ ਸਾਥ ਯਹਾਂ ਭੀ ਲਾਯਾ ਹੈ

=====

ਲੱਜ਼ਤੋਂ ਕੀ ਜੁਸਤਜੂ ਮੈਂ ਇਤਨੀ ਦੂਰ ਆ ਗਯਾ ਹੂੰ

ਚਾਹੂੰ ਭੀ ਤੋ ਲੌਟ ਕੇ ਜਾ ਨਹੀਂ ਸਕੂੰਗਾ ਮੈਂ

ਉਸ ਉਦਾਸ ਸ਼ਾਮ ਤਕ

ਜੋ ਮੇਰੇ ਇੰਤਜ਼ਾਰ ਮੇਂ

ਰਾਤ ਸੇ ਨਹੀਂ ਮਿਲੀ

=====

ਸ਼ਾਮ ਕੋ ਇੰਜੀਰ ਕੇ ਪੱਤੋਂ ਕੇ ਪੀਛੇ

ਇਕ ਸਰਗੋਸ਼ੀ ਬਰਹਨਾ ਪਾਂਵ 6

ਇਤਨੀ ਤੇਜ਼ ਦੌੜੀ

ਮੇਰਾ ਦਮ ਘੁਟਨੇ ਲਗਾ

ਰੇਤ ਜੈਸੇ ਜ਼ਾਇਕੇ ਵਾਲ਼ੀ ਕਿਸੀ ਮਸ਼ਰੂਬ 7 ਕੀ ਖ਼ਵਾਹਿਸ਼ ਹੁਈ

ਵਹ ਵਹਾਂ ਕੁਛ ਦੂਰ ਇਕ ਆਂਧੀ ਚਲੀ

ਫਿਰ ਦੇਰ ਤਕ ਬਾਰਿਸ਼ ਹੁਈ

=====

ਗ਼ਜ਼ਲ

ਖ਼ਵਾਹਿਸ਼ੇਂ ਜਿਸਮ ਮੇਂ ਬੋ ਦੇਖਤਾ ਹੂੰ।

ਆਜ ਮੈਂ ਰਾਤ ਕਾ ਹੋ ਦੇਖਤਾ ਹੂੰ।

-----

ਸੀੜ੍ਹੀਆਂ ਜਾਤੀ ਹੁਈਂ ਸੂਰਜ ਤਕ,

ਦੇਖਨਾ ਚਾਹਾ ਥਾ ਸੋ ਦੇਖਤਾ ਹੂੰ।

-----

ਤਿਤਲੀਆਂ, ਫੂਲ, ਭੰਵਰ ਖ਼ੁਸ਼ਬੂ ਕੇ,

ਯਾਦ ਵੋ ਆਤਾ ਹੈ ਤੋ ਦੇਖਤਾ ਹੂੰ।

-----

ਐ ਖ਼ੁਦਾ! ਔਰ ਨ ਦੇਖੇ ਕੋਈ,

ਮੈਂ ਖੁਲੀ ਆਂਖ ਸੇ ਜੋ ਦੇਖਤਾ ਹੂੰ।

-----

ਸ਼ਰਤ ਗਰ ਹੈ ਯੇ ਸਮੰਦਰ ਤੇਰੀ,

ਕਿਸ਼ਤੀਆਂ ਸਾਰੀ ਡੁਬੋ ਦੇਖਤਾ ਹੂੰ।

-----

ਆਈਨੇ ਧੁੰਧਲੇ ਹੁਏ ਮਾਜ਼ੀ 8 ਕੇ,

ਆਂਸੂਓਂ ਸੇ ਉਨਹੇਂ ਧੋ ਦੇਖਤਾ ਹੂੰ।

=====

ਗ਼ਜ਼ਲ

ਦਰੀਯਾ ਚੜ੍ਹਤੇ ਹੈਂ ਉਤਰ ਜਾਤੇ ਹੈਂ।

ਹਾਦਿਸੇ ਸਾਰੇ ਗੁਜ਼ਰ ਜਾਤੇ ਹੈਂ।

-----

ਰਾਤੇਂ ਜੈਸੀ ਭੀ ਹੋਂ ਢਲ ਜਾਤੀ ਹੈਂ,

ਜ਼ਖ਼ਮ ਕੈਸੇ ਭੀ ਹੋਂ ਭਰ ਜਾਤੇ ਹੈਂ।

-----

ਕੋਈ ਮਾਤਮ ਨਹੀਂ ਕਰਤਾ ਉਨਕਾ,

ਪੈਦਾ ਹੋਤੇ ਹੀ ਜੋ ਮਰ ਜਾਤੇ ਹੈਂ।

-----

ਯਾਦੇਂ ਰਹਿ ਜਾਤੀ ਹੈਂ ਡਸਨੇ ਕੇ ਲੀਏ,

ਦਿਨ ਤੋ ਆਤੇ ਹੈਂ ਗੁਜ਼ਰ ਜਾਤੇ ਹੈਂ।

-----

ਜਾਨੇ ਕਯਾ ਹੋ ਗਯਾ ਅਹਲੇ-ਗ਼ਮ ਕੋ,

ਦਿਲ ਧੜਕਤਾ ਹੈ ਤੋ ਡਰ ਜਾਤੇ ਹੈਂ।

******

ਔਖੇ ਸ਼ਬਦਾਂ ਦੇ ਅਰਥ: ਬਾਮੇ-ਖ਼ਲਾ 1 ਆਕਾਸ਼ ਦੀ ਛੱਤ ਤੋਂ, ਉਫ਼ਕ 2 ਦੁਮੇਲ਼, ਪੇਸ਼ਾਨੀ 3 ਮੱਥਾ, ਬੋਸੇ 4 ਚੁੰਮਣ, ਮਰਕਜ਼ 5 ਕੇਂਦਰ, ਬਰਹਨਾ ਪਾਂਵ 6 ਨੰਗੇ ਪੈਰੀਂ, ਮਸ਼ਰੂਬ 7 ਇਕ ਕਿਸਮ ਦੀ ਸ਼ਰਾਬ, ਮਾਜ਼ੀ 8 - ਅਤੀਤ

*****

ਨਜ਼ਮਾਂ ਅਤੇ ਗ਼ਜ਼ਲ ਮੂਲ ਉਰਦੂ/ਹਿੰਦੀ ਤੋਂ ਪੰਜਾਬੀ ਲਿਪੀਅੰਤਰ: - ਤਨਦੀਪ ਤਮੰਨਾ


Saturday, September 25, 2010

ਬਾਬਾ ਸ਼ੇਖ਼ ਫ਼ਰੀਦ ਜੀ – ਸ਼ਲੋਕ

ਦੋਸਤੋ! ਯੂ.ਕੇ. ਵਸਦੇ ਲੇਖਕ ਬਲਰਾਜ ਸਿੱਧੂ ਜੀ ਦਾ ਬਾਬਾ ਸ਼ੇਖ਼ ਫ਼ਰੀਦ ਜੀ ਬਾਰੇ ਲਿਖਿਆ ਜਾਣਕਾਰੀ ਭਰਪੂਰ ਲੇਖ ਪੜ੍ਹਨ ਲਈ ਆਰਸੀ ਸ਼ਿਲਾਲੇਖ ਕਾਲਮ ਤੇ ਫੇਰੀ ਜ਼ਰੂਰ ਪਾਓ ਜੀ। ਇਸ ਬਲੌਗ ਦਾ ਲਿੰਕ ਅੱਜ ਖੋਲ੍ਹ ਦਿੱਤਾ ਗਿਆ ਹੈ। ਸ਼ੁਕਰੀਆ।

******

ਸ਼ਲੋਕ

ਜਿਉ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਇ ।

ਮਲਕੁ ਜੋ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ।

ਜਿੰਦੇ ਨਿਮਾਣੀ ਕਢੀਐ ਹਡਾ ਕੂ ਕੜਕਾਇ ।

ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ।

ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ।

ਆਪਣ ਹਥੀ-ਜੋਲਿ ਕੈ ਕੈ ਗਲਿ ਲਗੈ ਧਾਇ ।

ਵਾਲਹੁ ਨਿਕੀ ਪੁਰਸਲਾਤ ਕੰਨੀਂ ਨਾ ਸੁਣੀਆਇ ।

ਫ਼ਰੀਦਾ ਕਿੜੀ ਪਵੰਦੀਈ, ਖੜਾ ਨ ਆਪੁ ਮੁਹਾਇ ।

-----

ਫ਼ਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ।

ਬੰਨ੍ਹਿ ਉਠਾਈ ਪੋਟਲੀ ਕਿਥੇ ਵੰਞਾਂ ਘਤਿ।

------

ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆਂ ਗੁਝੀ ਭਾਹਿ।

ਸਾਈਂ ਮੇਰੈ ਚੰਗਾ ਕੀਤਾ ਨਾਹੀ ਤ ਹੰਭੀ ਦਝਾਂ ਆਹਿ।

-----

ਫ਼ਰੀਦਾ ਜੇ ਜਾਣਾਂ ਤਿਲ ਥੋੜੜੇ ਸਮੰਲਿ ਬੁਕੁ ਭਰੀ।

ਜੇ ਜਾਣਾ ਸਹੁ ਨਢੜਾ ਤਾਂ ਥੋੜਾ ਮਾਣੁ ਕਰੀ।

-----

ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ।

ਤੈ ਜੇਵਡੁ ਮੈ ਨਾਹਿ ਕੋ ਸਭ ਜਗੁ ਡਿਠਾ ਹੰਢਿ।

------

ਫ਼ਰੀਦਾ ਜੇ ਤੂੰ ਅਕਲਿ ਲਤੀਫੁ ਕਾਲੇ ਲਿਖੁ ਨਾ ਲੇਖ।

ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ।

-----

ਫ਼ਰੀਦਾ ਜੋ ਤੈ ਮਾਰਨਿ ਮੁਕੀਆਂ ਤਿੰਨਾ ਨਾ ਮਾਰੇ ਘੁੰਮਿ।

ਆਪਨੜੈ ਘਰਿ ਜਾਈਐ ਪੈਰ ਤਿੰਨਾ ਦੇ ਚੁੰਮਿ।

-----

ਫ਼ਰੀਦਾ ਜਾ ਤਉ ਖਟਣ ਵੇਲ ਤਾ ਤੂ ਰਤਾ ਦੁਨੀ ਸਿਉ।

ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ।

------

ਦੇਖ ਫ਼ਰੀਦਾ ਜੁ ਥੀਆ ਦਾੜੀ ਹੋਈ ਭੂਰ।

ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ।

-----

ਦੇਖੁ ਫ਼ਰੀਦਾ ਜਿ ਥੀਆ ਸ਼ਕਰ ਹੋਈ ਵਿਸੁ।

ਸਾਈਂ ਬਾਝਹੁ ਆਪਣੇ ਵੇਦਣ ਕਹੀਐ ਕਿਸੁ।

ਦੇਵ ਰਾਜ ਦਿਲਬਰ - ਗ਼ਜ਼ਲ

ਗ਼ਜ਼ਲ

ਭੀੜ ਯਾਰਾਂ ਦੀ ਬੜੀ ਸੀ ।

ਦੁਸ਼ਮਣਾਂ ਦੀ ਕੀ ਕਮੀ ਸੀ ।

-----

ਬਲ਼ਦਾ ਸਾਂ ਮੈਂ ਦੀਪ ਬਣ ਕੇ,

ਓਸ ਦੇ ਘਰ ਜੋ ਰੌਸ਼ਨੀ ਸੀ ।

-----

-----

ਰੁਕਿਆ ਨਾ ਸੱਚ ਬੋਲਣੋਂ ਮੈਂ ,

ਭਾਵੇਂ ਗਰਦਨ ਤੇ ਛੁਰੀ ਸੀ ।

------

ਮੇਰਾ, ਓਸ ਦੇ ਰਸਤਿਆਂ ਵਿਚ,

ਟਿਮਟਿਮਾਓਣਾ ਲਾਜ਼ਮੀ ਸੀ ।

------

ਰੂਹ ਮਿਰੀ ਤਪਦੀ ਦੁਪਿਹਰੇ,

ਛਾਂ ਲਈ ਰੁੱਖ ਚਿਤਰਦੀ ਸੀ ।

-----

ਰਾਤ ਬੀਤੀ ਤੇਰੇ ਬਿਨ ਜੋ,

ਰਾਤ ਨਈਂ ਸੀ ਇੱਕ ਸਦੀ ਸੀ।


Friday, September 24, 2010

ਜਸਵਿੰਦਰ ਮਹਿਰਮ - ਗ਼ਜ਼ਲ

ਗ਼ਜ਼ਲ

ਮੈਂ ਜਦੋਂ ਸੰਸਾਰ ਬਾਰੇ ਸੋਚਦਾ ਹਾਂ।

ਮਹਿਕਦੀ ਗੁਲਜ਼ਾਰ ਬਾਰੇ ਸੋਚਦਾ ਹਾਂ।

-----

ਤੂੰ ਕਹੇਂ ਤੂੰ ਸੋਚ ਅਪਣੇ ਆਪ ਬਾਰੇ,

ਮੈਂ ਕਹਾਂ, ਮੈਂ ਯਾਰ ਬਾਰੇ ਸੋਚਦਾ ਹਾਂ।

-----

-----

ਲੋਕ ਜਾ ਕੇ ਬਾਗ਼ ਵਿਚ ਫੁੱਲਾਂ ਦੀ ਸੋਚਣ,

ਮੈਂ ਹਮੇਸ਼ਾ, ਖ਼ਾਰ ਬਾਰੇ ਸੋਚਦਾ ਹਾਂ।

-----

ਹਰ ਧਡ਼ੇ ਵਿਚ ਨੇ ਬੁਰੇ ਕਿਰਦਾਰ ਵਾਲ਼ੇ ,

ਕੀ ਬਣੂੰ, ਸਰਕਾਰ ਬਾਰੇ ਸੋਚਦਾ ਹਾਂ।

-----

ਸੋਚ ਜਿਸਦੀ ਹੈ ਕਮੀਨੀ, ਉਹ ਭਲਾ ਫਿਰ,

ਕੀ ਕਰੂ, ਫ਼ਨਕਾਰ ਬਾਰੇ ਸੋਚਦਾ ਹਾਂ।

-----

ਧਰਮ ਅੰਮ੍ਰਿਤ ਹੈ ਪਰ ਇਸ ਦੇ ਨਾਂ ਤੇ ਹੁੰਦੇ,

ਵਿਸ਼-ਭਰੇ, ਪਰਚਾਰ ਬਾਰੇ ਸੋਚਦਾ ਹਾਂ।

-----

ਇਹ ਤੇਰੀ ਮਰਜ਼ੀ, ਇਹ ਕਦੋਂ ਇਨਕਾਰ ਕਰਨੈ,

ਮੈਂ ਅਜੇ , ਇਕਰਾਰ ਬਾਰੇ ਸੋਚਦਾ ਹਾਂ।

-----

ਰੋਕ ਲੈਂਦੇ ਨੇ ਮੇਰੇ ਜਜ਼ਬਾਤ ਮੈਨੂੰ,

ਜਦ ਕਦੇ, ਇਜ਼ਹਾਰ ਬਾਰੇ ਸੋਚਦਾ ਹਾਂ।

-----

ਫਿਰ ਉਦ੍ਹੀ ਤਸਵੀਰ ਵੀ ਬੇਕਾਰ ਜਾਪੇ,

ਜਦ ਉਦ੍ਹੇ , ਕਿਰਦਾਰ ਬਾਰੇ ਸੋਚਦਾ ਹਾਂ।

-----

ਬੇਵਫ਼ਾ ਨਹੀਂ ਆਖਿਆ ਅਜ ਤਕ ਕਿਸੇ ਨੂੰ,

ਆਪਣੇ ਵਿਵਹਾਰ ਬਾਰੇ ਸੋਚਦਾ ਹਾਂ।

-----

ਇਹ ਕਰੇਗਾ ਮਾਰ ਇਕ ਦਿਨ, ਲਾਜ਼ਮੀ ਹੈ,

ਕਲਮ ਦੇ ਹਥਿਆਰ ਬਾਰੇ ਸੋਚਦਾ ਹਾਂ।

-----

ਭੇਤ ਪਹਿਲਾਂ ਪਾ ਲਵਾਂ, ਕੀ ਇਸ਼ਕ਼ ਹੁੰਦੈ,

ਫੇਰ ਕੁਝ ਜਿੱਤ-ਹਾਰ ਬਾਰੇ ਸੋਚਦਾ ਹਾਂ।

------

ਫਿਰ ਕਦੇ ਸੰਸਾਰ ਬਾਰੇ ਗੱਲ ਕਰਾਂਗੇ ,

ਮੈਂ ਅਜੇ ਘਰ-ਬਾਰ ਬਾਰੇ ਸੋਚਦਾ ਹਾਂ।

-----

ਦਿਲ ਕਹੇ, ਕਰ ਯਾਦ ਪਹਿਲਾਂ ਫ਼ਰਜ਼ ਮਹਿਰਮ,

ਮੈਂ ਜਦੋਂ ਅਧਿਕਾਰ ਬਾਰੇ ਸੋਚਦਾ ਹਾਂ।


Thursday, September 23, 2010

ਵਿਜੇ ਵਿਵੇਕ - ਗ਼ਜ਼ਲ

ਆਰਸੀ ਤੇ ਖ਼ੁਸ਼ਆਮਦੀਦ

ਸਾਹਿਤਕ ਨਾਮ - ਵਿਜੇ ਵਿਵੇਕ

ਨਿਵਾਸ - ਫ਼ਰੀਦਕੋਟ, ਪੰਜਾਬ

ਪ੍ਰਕਾਸ਼ਿਤ ਕਿਤਾਬ - ਚੱਪਾ ਕੁ ਪੂਰਬ (੨੦੦੨) ਪ੍ਰਕਾਸ਼ਿਤ ਹੋ ਚੁੱਕੀ ਹੈ।

ਵਿਸ਼ੇਸ਼ ਧੰਨਵਾਦ: ਯੂ.ਕੇ. ਵਸਦੇ ਗ਼ਜ਼ਲਗੋ ਰਾਜਿੰਦਰਜੀਤ ਜੀ ਦਾ, ਜਿਨ੍ਹਾਂ ਨੇ ਵਿਜੇ ਜੀ ਦੀਆਂ ਗ਼ਜ਼ਲਾਂ ਆਰਸੀ ਲਈ ਭੇਜ ਕੇ ਉਹਨਾਂ ਦੀ ਹਾਜ਼ਰੀ ਲਵਾਈ।

*****

ਗ਼ਜ਼ਲ

ਬਿਗਾਨੇ ਰਾਹ ਨੇ ਤੇ ਵੀਰਾਨ ਜੂਹਾਂ,

ਭਟਕਦੀ ਬੇਖ਼ੁਦੀ ਨੂੰ ਵਰਜਿਆ ਕਰ।

ਤਿਰਾ ਹਾਂ ਜਿਸਮ ਤੋਂ ਰੂਹ ਤੀਕ ਤੇਰਾ,

ਕਦੀ ਤਾਂ ਮਿੱਠਾ-ਮਿੱਠਾ ਝਿੜਕਿਆ ਕਰ।

-----

ਇਹ ਅਪਣੀ ਹੋਂਦ ਦੇ ਵਿਪਰੀਤ ਹੋ ਗਏ,

ਬਦਨ ਤਾਂ ਕੀ ਲਹੂ ਤੱਕ ਸੀਤ ਹੋ ਗਏ,

ਨਹੀਂ ਸਮਝਣਗੇ ਤੇਰੀ ਪੀੜ ਬੰਦੇ,

ਦਰੱਖ਼ਤਾਂ ਕੋਲ਼ ਬਹਿ ਕੇ ਰੋ ਲਿਆ ਕਰ।

-----

ਇਹ ਤੇਰਾ ਹਾਣ, ਤੇਰੀ ਰੂਹ ਇਹੋ ਨੇ,

ਹਵਾ, ਧੁੱਪ, ਰੌਸ਼ਨੀ, ਖ਼ੁਸ਼ਬੂ ਇਹੋ ਨੇ,

ਸਿਮਟ ਜਾਵਣ ਤਾਂ ਫਿਰ ਖਿੜਦੇ ਨਹੀਂ ਇਹ,

ਕਦੀ ਜਜ਼ਬਾਤ ਨਾ ਸਿਮਟਣ ਦਿਆ ਕਰ।

-----

ਕਿਸੇ ਨੀਲੇ ਗਗਨ 'ਤੇ ਨੀਝ ਵੀ ਹੈ,

ਉਡਾਰੀ ਦੀ ਮਨਾਂ ਵਿਚ ਰੀਝ ਵੀ ਹੈ,

ਅਜੇ ਪਰਵਾਜ਼ ਕਿੱਥੇ ਹੈ ਪਰਾਂ ਵਿਚ,

ਅਜੇ ਉੱਡਣ ਲਈ ਨਾ ਆਖਿਆ ਕਰ।

------

ਬੁਝੇ ਸੂਰਜ ਤੋਂ ਹੁਣ ਨਜ਼ਰਾਂ ਹਟਾ ਲੈ,

ਕਿਤੇ ਚੱਪਾ ਕੁ ਥਾਂ ਪੂਰਬ ਬਚਾ ਲੈ,

ਮੇਰੀ ਤਾਂ ਧੁਖਣ ਦੀ ਆਦਤ ਹੀ ਬਣ ਗਈ,

ਮੇਰੇ ਬਾਰੇ ਨਾ ਏਨਾ ਸੋਚਿਆ ਕਰ।

=====

ਗ਼ਜ਼ਲ

ਅਜੇ ਤਾਂ ਦੂਰ ਸੀ ਮੰਜ਼ਿਲ ਨਜ਼ਰ ਤੋਂ ਦੂਰ ਕਿਤੇ,

ਇਹ ਰਸਤਿਆਂ 'ਚ ਹੀ ਕੀ-ਕੀ ਅੜਾਉਣੀਆਂ ਪਈਆਂ।

ਇੱਕ ਤਾਂ ਪੈਰਾਂ ਦੇ ਜ਼ਖ਼ਮ, ਦੂਸਰਾ ਸਫ਼ਰ ਥਲ ਦਾ,

ਤੇ ਤੀਜਾ ਕਿਸ਼ਤੀਆਂ ਸਿਰ 'ਤੇ ਉਠਾਉਣੀਆਂ ਪਈਆਂ ।

------

ਨਵੇਂ ਹੀ ਰੰਗ ਤੇ ਕੈਨਵਸ ਨਵੇਂ ਮੁਸੱਵਰ ਸਨ,

ਨਵੇਂ ਹੀ ਸਾਰਿਆਂ ਦੇ ਜ਼ਿਹਨ ਵਿਚ ਤਸੱਵੁਰ ਸਨ,

ਸਮੇਂ ਦੀ ਮੰਗ ਸੀ ਸਾਨੂੰ ਪੁਰਾਣੇ ਲੋਕਾਂ ਨੂੰ,

ਤਮਾਮ ਮੂਰਤਾਂ ਢਾਹ ਕੇ ਬਣਾਉਣੀਆਂ ਪਈਆਂ।

-----

ਮੇਰੇ ਹਬੀਬ, ਮੇਰੇ ਹਮਸਫ਼ਰ ਤੇ ਹਮਸਾਏ,

ਖ਼ਿਜ਼ਾਂ ਜਲਾਉਣ ਗਏ ਬਿਰਖ਼ ਹੀ ਜਲਾ ਆਏ,

ਨਹੀਂ ਸਲੀਬ 'ਤੇ ਚੜ੍ਹ ਕੇ ਝੁਕਾਉਣੀਆਂ ਸੀ ਕਦੀ,

ਨਿਗਾਹਾਂ ਸ਼ਰਮ ਦੇ ਮਾਰੇ ਝੁਕਾਉਣੀਆਂ ਪਈਆਂ।

-----

ਕਿਸੇ ਚਿਰਾਗ਼ ਦੇ ਮਸਤਕ 'ਚੋਂ ਤੋੜ ਕੇ ਕਿਰਨਾਂ,

ਤੁਸੀਂ ਜਾਂ ਸੁੱਟ ਗਏ ਝੰਭ ਕੇ ਮਰੋੜ ਕੇ ਕਿਰਨਾਂ,

ਮਿਸ਼ਾਲਾਂ ਮਮਟੀਆਂ 'ਤੇ ਜਗਦੀਆਂ ਸੀ ਪਰ ਸਾਨੂੰ,

ਉਠਾ ਕੇ ਸੀਨਿਆਂ ਅੰਦਰ ਜਗਾਉਣੀਆਂ ਪਈਆਂ ।

-----

ਬਹੁਤ ਮਾਸੂਮ ਸਨ ਕੰਜਕਾਂ ਕੁਆਰੀਆਂ ਗ਼ਜ਼ਲਾਂ,

ਤੇ ਧਾਹਾਂ ਮਾਰ ਕੇ ਰੋਈਆਂ ਵਿਚਾਰੀਆਂ ਗ਼ਜ਼ਲਾਂ,

ਅਸੀਂ ਤਾਂ ਸਾਵਿਆਂ ਬਿਰਖ਼ਾਂ ਦੇ ਇਸ਼ਕ ਵਿਚ ਲਿਖੀਆਂ ,

ਤੇ ਸਾਨੂੰ ਕੁਰਸੀਆਂ ਤਾਈਂ ਸੁਣਾਉਣੀਆਂ ਪਈਆਂ।


Wednesday, September 22, 2010

ਹਰਦਿਆਲ ਸਾਗਰ - ਗ਼ਜ਼ਲ

ਗ਼ਜ਼ਲ

ਉਦਾਸੇ ਪਰਬਤਾਂ ਤੇ ਬੈਠ ਕੇ ਦਿਨ ਭਰ ਵਫ਼ਾ ਸਿਸਕੇ।

ਬੜਾ ਮਾਯੂਸ ਹੋ ਕੇ ਆਦਮੀ ਤੋਂ ਜਿਉਂ ਖ਼ੁਦਾ ਸਿਸਕੇ।

-----

ਨਾ ਬੁੱਲ੍ਹਾਂ ਤੇ ਰਹੀ ਨਾ ਦੇਵਤੇ ਦੇ ਕੋਲ਼ ਹੀ ਪਹੁੰਚੀ,

ਖ਼ਿਲਾ ਵਿਚ ਪਰ-ਕਟੇ ਪੰਛੀ ਜਿਹੀ ਬੇਬਸ ਦੁਆ ਸਿਸਕੇ।

-----

-----

ਭਰੀ ਮਹਿਫ਼ਲ ਚ ਤੇਰੇ ਜ਼ਿਕਰ ਤੇ ਜਦ ਕਹਿਕਹੇ ਗੂੰਜੇ,

ਅਸੀਂ ਚੁੱਪ ਚਾਪ ਤੈਨੂੰ ਯਾਦ ਕੀਤਾ ਹੈ, ਬੜਾ ਸਿਸਕੇ।

-----

ਯਕੀਨਨ, ਦਰਦ ਦੀ ਉਸ ਸ਼ਖ਼ਸ ਨੇ ਤੌਹੀਨ ਕੀਤੀ ਹੈ,

ਸਲੀਕਾ ਹੀ ਨਹੀਂ ਉਸ ਨੂੰ ਕਿ ਥਾਂ-ਪਰ ਥਾਂ ਪਿਆ ਸਿਸਕੇ।

-----

ਕਿਸੇ ਨੇ ਬੰਸਰੀ ਨੂੰ ਛਾਂਗਿਆ ਫਿਰ ਛਿੱਲਿਆ ਏਦਾਂ,

ਜਦੋਂ ਛੂਹੇ ਬੜੇ ਚਿਰ ਤਕ ਬੜੀ ਉੱਚੀ ਹਵਾ ਸਿਸਕੇ।

-----

ਬੜਾ ਹੈਰਾਨ ਹੈ ਹਾਕ਼ਮ ਕਿ ਮੁਜਰਿਮ ਕਿਸ ਤਰ੍ਹਾਂ ਦਾ ਹੈ,

ਜੇ ਹੋਵੇ ਕ਼ੈਦ ਤਾਂ ਹੱਸੇ, ਜੇ ਹੋ ਜਾਵੇ ਰਿਹਾ, ਸਿਸਕੇ।

-----

ਇਹ ਮੇਰਾ ਮੁਲਕ ਉਠ ਉਠ ਕੇ ਹੈ ਰਾਤੀਂ ਸਿਸਕਦਾ ਜੀਕਣ,

ਕਿਸੇ ਅਪਹਰਨ ਹੋ ਚੁਕੀ ਕੁਆਰੀ ਦਾ ਪਿਤਾ ਸਿਸਕੇ।

-----

ਤਪੇ ਮਾਰੂਥਲਾਂ ਵਿਚ ਜ਼ਿੰਦਗੀ ਸਾਡੇ ਕਿਵੇਂ ਭਟਕੀ,

ਲਿਖਾਂ ਜੇ ਨਾ ਕਥਾ ਸਿਸਕੇ, ਲਿਖਾਂ ਜੇਕਰ ਸਫ਼ਾ ਸਿਸਕੇ।

=====

ਗ਼ਜ਼ਲ

ਕਦੋਂ ਤਕ ਕਿਸ਼ਤੀਆਂ ਸਿਸਕਣ ਥਲਾਂ ਦੀ ਬੰਸਰੀ ਬਣ ਕੇ।

ਕਦੋਂ ਇਸ ਬਰਫ਼ ਨੇ ਤੁਰਨੈ ਪਹਾੜਾਂ ਤੋਂ ਨਦੀ ਬਣ ਕੇ।

-----

ਤੁਹਾਡੇ ਪੈਰ ਰੇਸ਼ਮ ਦੇ ਤਰਾਸ਼ਣਗੇ ਸਫ਼ਰ ਨਾਜ਼ੁਕ,

ਅਸਾਂ ਤਕ ਪਹੁੰਚਣਾ ਮੁਮਕਿਨ ਹੈ ਬਸ ਆਵਾਰਗੀ ਬਣ ਕੇ।

-----

ਪਿਘਲੀ ਸੜਕ ਤੇ ਜਦ ਕੁਲਬੁਲਾਈ ਝੁਲ਼ਸਦੀ ਤਿਤਲੀ,

ਚੁਰਾ ਕੇ ਰੰਗ ਉਸ ਦੇ ਤੁਰ ਪਵਾਂਗੇ ਅਜਨਬੀ ਬਣ ਕੇ।

-----

ਤੁਸੀਂ ਤਾਂ ਰਸਤਿਆਂ ਨੂੰ ਵਰਗਲਾ ਕੇ ਪਾ ਲਈ ਮੰਜ਼ਿਲ,

ਬੜਾ ਭਟਕੇ ਅਸੀਂ ਥਾਂ ਥਾਂ ਸਫ਼ਰ ਦੀ ਬੇਬਸੀ ਬਣ ਕੇ।

-----

ਹੁਣੇ ਜੋ ਕਹਿ ਰਿਹਾ ਸੀ ਤੋੜਦੇ ਹਨ ਸ਼ੀਸ਼ਿਆਂ ਦੇ ਘਰ,

ਹੁਣੇ ਸ਼ੋ-ਕੇਸ ਵਿਚ ਜਾ ਬੈਠਿਆ ਹੈ ਮੂਰਤੀ ਬਣ ਕੇ।

-----

ਬੜੀ ਦੂਰੋਂ ਬੜੀ ਉੱਚੀ ਜੋ ਮੈਨੂੰ ਵਕ਼ਤ ਨੇ ਕੱਢੀ,

ਸਰਾਪੀ ਗਾਲ਼੍ਹ ਸਾਡੇ ਤੀਕ ਪਹੁੰਚੀ ਜ਼ਿੰਦਗੀ ਬਣ ਕੇ।