ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਉਂਕਾਰਪ੍ਰੀਤ. Show all posts
Showing posts with label ਉਂਕਾਰਪ੍ਰੀਤ. Show all posts

Wednesday, July 13, 2011

ਉਂਕਾਰਪ੍ਰੀਤ - ਗ਼ਜ਼ਲ

ਗ਼ਜ਼ਲ

ਅੱਧੀ ਰਾਤੇ ਗੱਚ ਭਰਾਤੇ ਖ਼ਤ ਇਹ ਕਿੱਥੋਂ ਆਉਂਦੇ ਨੇ।
ਕੋਸੇ ਕੋਸੇ ਚਾਨਣ ਨਾਹ ਕੇ ਖ਼ਤ ਇਹ ਕਿੱਥੋਂ ਆਉਂਦੇ ਨੇ।

ਲੀਕਾਂ, ਲੀਹਾਂ, ਰਿਸ਼ਤੇ, ਨਾਤੇ, ਲਿਖਤਾਂ, ਪੜ੍ਹਤਾਂ, ਨਾਮ-ਕੁਨਾਮ,
ਸਾਰੇ ਕੁਛ ਨੂੰ ਮੇਟ ਮਿਟਾ ਕੇ ਖ਼ਤ ਇਹ ਕਿੱਥੋਂ ਆਉਂਦੇ ਨੇ।

ਉਹ ਜੋ ਤੈਨੂੰ ਲਿਖ ਨਾ ਹੋਏ ਉਹ ਜੋ ਤੈਨੂੰ ਪਾਏ ਨਾ,
ਉਨ ਸਭ ਦੇ ਉੱਤਰ ਅਣ-ਪਾਤੇ ਖ਼ਤ ਇਹ ਕਿੱਥੋਂ ਆਉਂਦੇ ਨੇ।

ਸੁਣਿਆ ਇਕ ਖ਼ਤ ਸੁੰਨ-ਸਮਾਧੋਂ ਜ਼ੱਰਾ ਬਣਿਆ ਮਾਧੋ ਦਾਸ,
ਮਾਧੋ ਦਾਸ ਨੂੰ ਬੰਦਾ ਕਰਨੇ ਖ਼ਤ ਇਹ ਕਿੱਥੋਂ ਆਉਂਦੇ ਨੇ।

ਮਕ਼ਤਲ ਵੱਲ ਹੱਸਦੇ ਗਾਉਂਦੇ ਜਾਂਦੇ ਲੋਕ ਜਿਨਾਂ ਨੂੰ ਪੜ੍ਹ ਪੜ੍ਹ ਕੇ,
ਥੱਈਆ ਥੱਈਆ ਬੁੱਲ੍ਹੇ ਨੱਚਦੇ ਖ਼ਤ ਇਹ ਕਿੱਥੋਂ ਆਉਂਦੇ ਨੇ।

ਅੱਗ ਦੇ ਦਰਿਆ ਅੰਦਰ ਤੱਤੀ ਲੋਹ ਦੇ ਟਾਪੂ ਉੱਤੇ,
ਤੇਰੇ ਪੱਲੇ ਦੀ ਛਾਂ ਵਰਗੇ ਖ਼ਤ ਇਹ ਕਿੱਥੋਂ ਆਉਂਦੇ ਨੇ।

ਫੁੱਲ ਜਿਹੇ ਇੱਕ ਪਲ ਵਿੱਚ ਜੀਂਦੇ ਕਿੱਦਾਂ ਆਸ਼ਿਕ ਤਿੰਨ ਵੇਲੇ,
ਪ੍ਰੀਤ-ਸੁਨੇਹੇ ਧੁਰ ਅੰਦਰ ਦੇ ਖ਼ਤ ਇਹ ਕਿੱਥੋਂ ਆਉਂਦੇ ਨੇ।
=====
ਗ਼ਜ਼ਲ
ਧਰਤੀ 'ਤੇ ਲਿਖਦਾ ਹੈ ਸੂਰਜ ਲੋਅ ਨਾਲ ਮੇਰਾ ਨਾਮ।
ਰੋਜ਼ ਨਵਾਂ ਦਿਨ ਆਉਂਦਾ ਹੈ ਬਣ ਕੇ ਤੇਰਾ ਪੈਗ਼ਾਮ।

ਤਿਪ ਤਿਪ ਦਿਲ 'ਤੇ ਵਰ੍ਹੇ ਇਉਂ ਪਲ ਪਲ ਤੇਰੀ ਯਾਦ,
ਤਿਲ ਤਿਲ ਕਰਕੇ ਕਵਿਤਾਉਂਦਾ ਹੈ ਮੈਨੂੰ ਜਿਉਂ ਇਲਹਾਮ।

ਮਲ਼ਿਆਂ ਦੀ ਮਹਿਕ ਦਾ ਤੋਸਾ ਦੇ ਕੇ ਰੁਖ਼ਸਤ ਕੀਤਾ ਜਿਸਨੇ,
ਉਸਨੂੰ ਪਤਾ ਸੀ ਰਾਹ 'ਚ ਪੈਣੀ ਸਿੰਮਲ-ਫੁੱਲੀ ਸ਼ਾਮ।

ਸਾਇੰਸ,ਕਲਾ ਤੇ ਸਾਹਿਤ ਦਾ ਜਿਸ ਦਿਲ ਵਿੱਚ ਧਰਮ ਨਹੀਂ,
ਉਸ ਬੇਮੁੱਖ ਨੂੰ ਰਟਣ ਦਿਓ ਅੱਲ੍ਹਾ,ਹਰ-ਹਰ, ਸਤਿਨਾਮ।

ਖੀਸੇ ਪੈਨਸ਼ਨ, ਝੋਲੇ ਬੋਤਲ, ਪੈਰੀਂ ਲਾਲ ਦਰੀ,
'
ਮਾਰਕਸ' ਨੂੰ ਅਮਰੀਕਾ ਦੇ ਵਿਚ ਕਿੰਨਾ ਹੈ ਆਰਾਮ।

ਏਡੇ ਸੂਖ਼ਮ ਜਾਲ਼ ਨੂੰ ਸਮਝੇ ਕਾਮੇ ਨੂੰ ਕਦ ਵਿਹਲ,
ਕਿ ਉਸਦਾ ਲੀਡਰ ਹੈ ਅੱਜਕਲ ਸਰਮਾਏ ਦਾ ਜਾਮ।

ਤਹਿਜ਼ੀਬ ਏਹੋ ਜੇਹੀ ਸਾਡੇ ਹੈ ਕਿਸ ਕੰਮ ਦੀ 'ਪ੍ਰੀਤ',
ਜਿਸ ਵਿੱਚ ਦਿਲਮੱਤ ਰਹਿੰਦਾ ਬਹੁਮੱਤ ਅੱਗੇ ਸਦਾ ਨਾਕਾਮ।



Sunday, August 2, 2009

ਉਂਕਾਰਪ੍ਰੀਤ - ਗ਼ਜ਼ਲ

ਸਾਹਿਤਕ ਨਾਮ: ਉਂਕਾਰਪ੍ਰੀਤ

ਮੌਜੂਦਾ ਨਿਵਾਸ: ਟਰਾਂਟੋ, ਕੈਨੇਡਾ

ਕਿਤਾਬਾਂ: ਤਿੰਨ ਸੰਗ੍ਰਹਿ: ਮਿੱਪਲ ਦੀ ਕੈਨਵਸ, ਪ੍ਰਗਟਿਓ ਖਾਲਸਾ, ਆਜ਼ਾਦੀ ਦੇ ਜਹਾਜ਼ ਪ੍ਰਕਾਸ਼ਿਤ ਹੋ ਚੁੱਕੇ ਹਨ। ਉਂਕਾਰਪ੍ਰੀਤ ਜੀ ਗੀਤ, ਗ਼ਜ਼ਲ, ਨਜ਼ਮ, ਕਹਾਣੀ ਅਤੇ ਆਲੋਚਤਾਨਮਕ ਲੇਖ ਲਿਖਦੇ ਹਨ। ਉਹਨਾਂ ਦੀਆਂ ਖ਼ੂਬਸੂਰਤ ਰਚਨਾਵਾਂ ਸਿਰਕੱਢ ਮੈਗਜ਼ੀਨਾਂ ਅਤੇ ਅਖ਼ਬਾਰਾਂ ‘ਚ ਛਪਦੀਆਂ ਰਹਿੰਦੀਆਂ ਹਨ।

----

ਦੋਸਤੋ! ਅੱਜ ਉਂਕਾਰਪ੍ਰੀਤ ਜੀ ਨੇ ਮੇਰੀ ਬੇਨਤੀ ਸਵੀਕਾਰ ਕਰਦਿਆਂ, ਆਰਸੀ ਲਈ ਆਪਣੀਆਂ ਲਿਖਤਾਂ ਭੇਜ ਕੇ ਅਦਬੀ ਮਹਿਫ਼ਿਲ ‘ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ। ਮੈਂ ਸਾਰੇ ਪਾਠਕ/ਲੇਖਕ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦੀ, ਉਹਨਾਂ ਦਾ ਇੱਕ ਬੇਹੱਦ ਖ਼ੂਬਸੂਰਤ ਸਾਹਿਤਕ ਗੀਤ, ਇੱਕ ਗ਼ਜ਼ਲ ਅਤੇ ਇੱਕ ਨਜ਼ਮ ਨੂੰ ਆਰਸੀ ‘ਚ ਅਤੇ ਉਹਨਾਂ ਦੇ ਟਰਾਂਟੋ, ਕੈਨੇਡਾ ‘ਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ 2009 ਦੇ ਨਾਮ ਲਿਖੇ ਖੁੱਲ੍ਹੇ ਖ਼ਤ ਨੂੰ ਵਿਸ਼ੇਸ਼ ਤੌਰ ਤੇ ਆਰਸੀ ਰਿਸ਼ਮਾਂ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

********

ਗ਼ਜ਼ਲ

ਜੀਭਾਂ ਤੇ ਕੰਨਾਂ ਦੇ ਦਰੋਂ,

ਲੈ, ਰੂਹ-ਦਿਲ ਦੇ ਘਰ ਗਈ।

ਇਕ ਤਾਂਘ ਕਵਿਤਾ ਜੀਣ ਦੀ,

ਸ਼ਾਇਰ ਨੂੰ ਜ਼ਿੰਦਾ ਕਰ ਗਈ॥

----

ਤੇਰੀ ਨਜ਼ਰ ਨੇ ਪੀ ਲਿਆ,

ਹਰ ਇਕ ਮਾਰੂਥਲ ਮੇਰਾ।

ਬਰਸਾਤ ਤੇਰੀ ਪਿਆਸ ਦੀ,

ਮੈਨੂੰ ਸਮੁੰਦਰ ਕਰ ਗਈ॥

----

ਚੁੰਮਣ ਇੱਕ ਦਾ ਨਿਕਲਿਆ,

ਧਰਤੀ ਗਗਨ ਵਿੱਚ ਫਾਸਲਾ।

ਚੁੰਮ ਕੇ ਤੂੰ ਮੇਰੀ ਧਰਤ ਨੂੰ,

ਆਕਾਸ਼-ਗੰਗਾ ਕਰ ਗਈ॥

----

ਤਿਰੇ ਇਸ਼ਕ ਦੀ ਮਘਦੀ ਕਣੀ,

ਇਸ ਤੋਂ ਹੀ ਹਰ ਧੜਕਣ ਬਣੀ।

ਜੀ ਨਾ ਸਕੇਗੀ ਜ਼ਿੰਦਗੀ,

ਜੇਕਰ ਕਣੀ ਇਹ ਠਰ ਗਈ॥

----

ਕਵਿਤਾ, ਨਾ ਕੋਈ ਗੀਤ ਹੈ,

ਇਹ ਤਾਂ ਉਹ ਤੇਰੀ ਪ੍ਰੀਤ ਹੈ।

ਛੋਹ ਛੋਹ ਦਿਲਾਂ ਦੇ ਵਰਕੇ ਜੋ

ਬਣ ਲੋਅ ਦੇ ਅੱਖਰ ਗਈ॥

=====

ਖੰਡ-ਪਾਠ

ਨਜ਼ਮ

ਕੱਚੇ ਰਾਹੇ ਪਿੰਡ ਦੇ

ਛੱਟੇ ਸੁੱਚੇ ਸੁੱਚੇ ਜਲ ਦੇ

ਨੰਗੇ ਨੰਗੇ ਪੈਰ ਪਿਤਾ

ਸਿਰ ਤੇ ਗੁਰੂ ਗ੍ਰੰਥ

ਸੁੱਚੇ ਸੁੱਚੇ ਕਦਮ ਪੁੱਟਦਾ

...........

ਇਕ ਪਿਤਾ ਸਿਰ ਗ੍ਰੰਥ ਚਾਇਆ

ਇਕ ਪਿਤਾ

ਸੁੱਚੇ ਜਲ ਸਮਾਇਆ

..............

ਇਕ ਮਾਤ ਉਡੀਕੇ

ਦਰਾਂ ਦੇ ਅੰਦਰਵਾਰ

ਹੱਥ ਸ਼ੀਸ਼ੀ ਤੇਲ ਦੀ

ਇਕ ਮਾਤ,

ਨੰਗੇ ਨੰਗੇ ਪੈਰ ਪਿਤਾ, ਹੇਠ ਵਿਛੀ

ਸੁੱਚੇ ਸੁੱਚੇ ਜਲਾਂ ਨਾਲ

ਕੁੱਖ ਜਿਸਦੀ ਤ੍ਰਿਪਤਦੀ

ਭਾਈ ‘ਸੰਖ’ ਪੂਰਦਾ

ਵਿੱਚ ਕੁੰਨ ਨਾਦ

ਜ਼ਾਹਿਰਾ ਜ਼ਹੂਰ ਦਾ।

.............

ਧੁੱਪੀ ਧੁੱਪੀ ਪੌਣ ਰੁਮਕਦੀ

ਮਹਿਕੀ ਮਹਿਕੀ ਗੁਰ-ਸ਼ਬਦ ਦੀ

ਗਗਨ ਚੰਦੋਆ ਤਣਿਆ

ਕੱਚੇ ਰਾਹ ਦਾ ਰੁੱਖ ਰੁੱਖ, ਚੌਰ ਬਣਿਆ।

ਜ਼ੱਰਾ ਜ਼ੱਰਾ ਗੁਰ-ਵਾਕ

ਦਹਿਦਿਸ ‘ਆਖੰਡ-ਪਾਠ’।

...............

ਸਿਰ ਗ੍ਰੰਥ ਚਾਈ ਪਿਤਾ

ਚਾਰ ਦੁਆਰੀ ਵੱਲ ਵੱਧ ਰਿਹਾ

ਮੂਹਰੇ ਦਰ ਲੋਹੇ ਦਾ

ਵਿੱਚ ਖੜ੍ਹੀ ਉਡੀਕੇ ਮਾਤਾ

ਅੰਦਰ

ਕੰਧਾਂ ਵਿੱਚ ਮੇਖਾਂ ਬੱਧੀ ਚਾਨਣੀ ਹੇਠ

ਰੌਲ਼ਾਂ ਦੀ ਲਿਸਟ, ਉਡੀਕਦੀ

ਇਕ-ਪਾਠ ‘ਖੰਡਿਤ’ ਕਰਨ ਲਈ।

=====

ਗੀਤ

ਉਡਦੇ ਉਡਦੇ ਆਓ…

ਜਿਸਮਾਂ ਚੋਂ ਗੁਜ਼ਰੋ,

ਦਿਲਾਂ ‘ਚ ਉਤਰੋ,

ਰੂਹ ਦਾ ਗੀਤ ਸੁਣਾਓ॥

----

ਕੰਧਾਂ-ਮੱਲੇ ਰਸਤੇ ਸਾਰੇ,

ਪਥਰਾਏ ਪਾਂਧੀ-ਪੰਧ ਬੇਚਾਰੇ।

ਰੂਹ ਵਿਚ ਭਿਉਂ-ਭਿਉਂ, ਪੌਣ ਦਾ ਫੰਭਾ,

ਬੁੱਤਾਂ ਨਾਲ ਛੁਹਾਓ॥

ਉਡਦੇ ਉਡਦੇ ਆਓ…॥

----

ਬਸਤੀ-ਬਸਤੀ ਨੇਰ੍ਹ-ਸਿੰਘਾਸਣ,

ਖੰਡਰੀਂ ਭਟਕੇ ਬਾਗ਼ੀ-ਚਾਨਣ।

ਬਾਲ਼ ਕੇ ਚਾਨਣ ਨਾਲ ਪਰਾਂ ਨੂੰ,

ਬਸਤੀ ਬਸਤੀ ਰੁਸ਼ਨਾਓ॥

ਉਡਦੇ ਉਡਦੇ ਆਓ…॥

----

ਨਜ਼ਰੋਂ ਲਹਿਣ ਪਾਖੰਡੀ ਪਰਦੇ,

ਕੰਧਾਂ ਉਪਰੋਂ ਲੇਬਲ ਘਰ ਦੇ।

ਮਿਲਣ ਰੂਹਾਂ ਜਿਸ ਵਿਚ ਉਡ ਉਡ,

ਉਹ ਨੇਰੀ ਬਣ ਝੁੱਲ ਜਾਓ॥

ਉਡਦੇ ਉਡਦੇ ਆਓ…॥

----

ਇਸ ਪਿੰਡ ਨਕਾਰੇ ਢੋਲ ਨਗਾਰੇ

ਸੱਚੋਂ ਮੁਨਕਰ ਸਭ ਹਰਕਾਰੇ

ਬੁੱਲਿਓ ਵੇ! ਹੁਣ ਫਿਰ ‘ਮਿੱਤਰਾਂ’ ਤਕ

ਦਿਲ ਦਾ ਹਾਲ ਪੁਜਾਓ॥

ਉਡਦੇ ਉਡਦੇ ਆਓ…॥

----

ਜੀਣਾ-ਮਜਬੂਰੀ ਰੀਤ ਜਿਨ੍ਹਾਂ ਲਈ,

‘ਢਾਈ-ਅੱਖਰ’,‘ਪ੍ਰੀਤ’ ਜਿਨ੍ਹਾਂ ਲਈ ।

ਉਹਨਾਂ ਕਲਮਾਂ ਦੀ ਕੈਦ ਦੇ ਵਿੱਚੋਂ,

ਗ਼ਜ਼ਲਾਂ, ਗੀਤ ਛੁਡਾਓ॥

ਉਡਦੇ ਉਡਦੇ ਆਓ…॥