ਦੋਸਤੋ! ਸਤਿਕਾਰਤ ਡਾ: ਕੌਸਰ ਮਹਿਮੂਦ ਜੀ ਨੇ ਤਬੀਅਤ ਨਾਸਾਜ਼ ਹੁੰਦਿਆਂ ਵੀ ਨਵੀਦ ਅਨਵਰ ਸਾਹਿਬ ਦੀ ਇੱਕ ਖ਼ੂਬਸੂਰਤ ਨਜ਼ਮ ਆਰਸੀ ਲਈ ਪਾਕਿਸਤਨ ਤੋਂ ਭੇਜੀ ਹੈ! ਮੈਂ ਡਾ: ਸਾਹਿਬ ਤੇ ਅਨਵਰ ਸਾਹਿਬ ਦੀ ਤਹਿ-ਦਿਲੋਂ ਮਸ਼ਕੂਰ ਹਾਂ! ਤੇ ਡਾ: ਸਾਹਿਬ ਦੀ ਸਿਹਤਯਾਬੀ ਦੀ ਦੁਆ ਕਰਦੀ ਹਾਂ।ਬਹੁਤ-ਬਹੁਤ ਸ਼ੁਕਰੀਆ!
ਮਾਂ ਦੀ ਕਬਰ 'ਤੇ
ਨਜ਼ਮ
ਮਾਂ ਦੀ ਕਬਰ ‘ਤੇ
ਫੁੱਲ ਪਏ ਨੇ
ਰੰਗ ਬਿਰੰਗੇ
ਤਿਤਲੀ ਰੰਗੇ ਫੁੱਲ
ਕਬਰ ਸਿਰ੍ਹਾਣੇ ਮਰੂਆ ਖਿੜਿਆ
ਪੈਂਦ ਵੱਲ ਅੱਕ
ਅੱਕ ਦੇ ਫੁੱਲ ਦਾ ਮੂੰਹ ਛੂਹ ਕੇ
ਅੱਖ ‘ਚ ਇਹ ਤਾਰੇ ਉੱਗ ਆਏ ਨੇ
ਕਿੰਨੇ ਸਾਰੇ ਉੱਗ ਆਏ ਨੇ
ਮੈਂ ਪਲਕਾਂ ਦੀ ਬਹੁਕਰ ਨਾਲ਼
ਡੁਬਦੇ ਤਾਰੇ ਹੂੰਝ ਰਿਹਾਂ ਵਾਂ!
ਗੱਲ੍ਹ ਤੱਕ ਆਉਂਣ ਵਾਲ਼ਾ
ਹਰ ਇੱਕ ਤਾਰਾ ਪੂੰਝ ਰਿਹਾ ਵਾਂ!
ਮਾਂ ਦੀ ਕਬਰ ‘ਤੇ
ਫੁੱਲ ਪਏ ਨੇ
ਰੰਗ ਬਿਰੰਗੇ
ਤਿਤਲੀ ਰੰਗੇ ਫੁੱਲ!