ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਪਰਵੇਜ਼ ਸੰਧੂ. Show all posts
Showing posts with label ਪਰਵੇਜ਼ ਸੰਧੂ. Show all posts

Thursday, August 18, 2011

ਪਰਵੇਜ਼ ਸੰਧੂ - ਸਵੀਨਾ ਦੇ ਨਾਮ 'ਤੇ ਪ੍ਰਕਾਸ਼ਨ ਸ਼ੁਰੂ ਹੋਵੇਗਾ - ਜ਼ਰੂਰੀ ਸੂਚਨਾ

ਦੋਸਤੋ! ਕੈਲੇਫੋਰਨੀਆ ਵਸਦੀ ਪੰਜਾਬੀ ਦੀ ਅਜ਼ੀਮ ਕਹਾਣੀਕਾਰਾ ਮੈਡਮ ਪਰਵੇਜ਼ ਸੰਧੂ ਹੁਰਾਂ ਨੂੰ ਮਾਰਚ ਦੀ ਮਹੀਨੇ ਵਿਚ ਬਹੁਤ ਵੱਡਾ ਸਦਮਾ ਲੱਗਿਆ ਸੀ ਜਦੋਂ ਉਹਨਾਂ ਦੀ ਪਿਆਰੀ ਬੇਟੀ ਸਵੀਨਾ ਸੰਧੂ ਕੈਂਸਰ ਵਰਗੀ ਨਾ-ਮੁਰਾਦ ਬੀਮਾਰੀ ਨਾਲ਼ ਜੂਝਣ ਤੋਂ ਬਾਅਦ, ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਈ ਸੀ। ਪਰਵੇਜ਼ ਦੀਦੀ ਦੁਬਾਰਾ ਸਾਹਿਤ ਅਤੇ ਸਾਹਤਿਕ ਦੋਸਤਾਂ ਨਾਲ਼ ਜੁੜ ਰਹੇ ਨੇ, ਸਾਡੇ ਲਈ ਇਹ ਬੜੀ ਹੀ ਸਕੂਨ ਵਾਲ਼ੀ ਗੱਲ ਹੈ।
...........
ਹੁਣ ਉਹਨਾਂ ਨੇ ਇਕ ਬਹੁਤ ਹੀ ਵਧੀਆ ਫ਼ੈਸਲਾ ਕੀਤਾ ਹੈ, ਜਿਸ ਕਰਕੇ ਮੈਨੂੰ ਉਹਨਾਂ
‘ਤੇ ਹੋਰ ਵੀ ਫ਼ਖ਼ਰ ਮਹਿਸੂਸ ਹੁੰਦਾ ਹੈ। ਮੈਂ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਪਿਆਰੀ ਸਵੀਨਾ ਨੂੰ ਵੀ ਲਿਖਣ ਦਾ ਸ਼ੌਕ ਸੀ ਆਪਣੇ ਸਕੂਲ ਦੇ ਅਖ਼ਬਾਰਾਂ ਵਿਚ ਆਮ ਲਿਖਿਆ ਕਰਦੀ ਸੀ ਤੇ ਦੀਦੀ ਕੋਲ਼ ਕੁਝ ਹੋਰ ਵੀ ਲਿਖਿਆ ਪਿਆ ਹੈ ਜੋ ਉਹ ਅਜੇ ਪੜ੍ਹ ਨਹੀਂ ਸਕੇ। ਪਰਵੇਜ਼ ਦੀਦੀ, ਸਵੀਨਾ ਦਾ ਨਾਂ ਸਾਹਿਤ ਵਿਚ ਜਿਉਂਦਾ ਰੱਖਣ ਲਈ ਇੱਕ ਪਬਲੀਕੇਸ਼ਨ ਸ਼ੁਰੂ ਕਰਨ ਦੀ ਸੋਚ ਰਹੇ ਹਨ ਜੋ ਸਵੀਨਾ ਦੇ ਨਾਂ ਹੋਵੇਗਾ, ਪਰ ਉਸਦਾ ਸਾਰਾ ਕੰਮ ਇੰਡੀਆ ਵਿਚ ਹੋਵੇਗਾ।

.........
ਇਸ ਲੜੀ ਤਹਿਤ
ਸਿਰਫ਼ ਉਹਨਾਂ ਲੇਖਕਾਂ ਦੀਆਂ ਇੱਕ ਜਾਂ ਦੋ ਕਿਤਾਬਾਂ ਸਾਲ ਵਿਚ ਛਾਪੀਆਂ ਜਾਣਗੀਆਂ ਜੋ ਕਿਸੇ ਕਾਰਣ ਕਿਤਾਬ ਛਪਵਾ ਨਹੀ ਸਕਦੇ, ਪਰ ਪਹਿਲੀਆਂ ਕੁਝ ਕਿਤਾਬਾਂ ਜੋ ਸਵੀਨਾ ਪ੍ਰਕਾਸ਼ਨ ਦੇ ਨਾਂ ਹੇਠ ਛਾਪੀਆਂ ਜਾਣਗੀਆਂ ਉਹ ਉਹਨਾਂ ਦੇ ਆਪਣੀ ਪਸੰਦ ਦੇ ਸ਼ਾਇਰਾਂ ਜਾਂ ਲੇਖਕਾਂ ਦੀਆਂ ਹੋਣਗੀਆਂ ਉਸ ਤੋਂ ਬਾਅਦ ਉਹਨਾਂ ਲੇਖਕਾਂ ਦੀਆਂ ਕਿਤਾਬਾਂ ਛਾਪੀਆਂ ਜਾਣਗੀਆਂ, ਜੋ ਆਰਥਿਕ ਤੰਗੀ ਕਰਕੇ ਆਪਣਾ ਵਰਕ ਛਪਵਾ ਨਹੀਂ ਸਕੇ।
..........
ਜਲਦੀ ਹੀ ਇਸ ਬਾਰੇ ਬਹੁਤੀ ਜਾਣਕਾਰੀ ਅਸੀਂ ਆਰਸੀ ਬਲੌਗ ਅਤੇ ਆਰਸੀ ਕਲੱਬ ਦੀ ਫੇਸਬੁੱਕ ਵਾੱਲ
‘ਤੇ ਸਾਂਝੀ ਕਰਾਂਗੇ ਜੀ। ਮੈ ਪਰਵੇਜ਼ ਦੀਦੀ ਦੇ ਇਸ ਨੇਕ ਫ਼ੈਸਲੇ ‘ਤੇ ਫੁੱਲ ਚੜ੍ਹਾਉਂਦਿਆਂ ਸਮੂਹ ਆਰਸੀ ਪਰਿਵਾਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਕਰਦੀ ਹਾਂ। ਬਹੁਤ-ਬਹੁਤ ਸ਼ੁਕਰੀਆ ਜੀ।

ਅਦਬ ਸਹਿਤ
ਤਨਦੀਪ ਤਮੰਨਾ


*********


ਉਂਜ ਬਦਲਿਆ ਤਾਂ ਕੁਝ ਵੀ ਨਹੀਂ


ਨਜ਼ਮ



ਉਂਜ ਬਦਲਿਆ ਤਾਂ ਕੁਝ ਵੀ ਨਹੀਂ


ਸੂਰਜ ਵੀ ਚੜ੍ਹਦਾ ਹੈ



ਹਵਾ ਵੀ ਚਲਦੀ ਹੈ


ਫੁੱਲਾਂ ਦੇ ਖਿੜਨ ਦੀ ਖ਼ਬਰ ਵੀ ਸੁਣੀ ਹੈ



ਉਂਜ ਬਦਲਿਆ ਤਾਂ ਕੁਝ ਵੀ ਨਹੀਂ


ਲੋਕ ਸੜਕਾਂ ਤੇ ਵੀ ਪਹਿਲਾਂ ਵਾਂਗ ਹੀ ਤੁਰੇ ਫਿਰਦੇ ਨੇ



ਗੁਆਂਢੀਆਂ ਦੇ ਬੱਚੇ ਵੀ ਉਂਜ ਹੀ ਕਿਲਕਾਰੀਆਂ ਮਾਰਦੇ ਨੇ


ਲੋਕਾਂ ਦੇ ਘਰਾਂ ਚੋਂ ਕਦੀ ਕਦੀ ਹਾਸੇ ਦੀ ਆਵਾਜ਼ ਵੀ ਮੇਰੇ ਕੰਨੀ ਪੈ ਜਾਂਦੀ ਆ



ਉਂਜ ਬਦਲਿਆ ਤਾਂ ਕੁਝ ਵੀ ਨਹੀਂ


ਸੂਰਜ ਵੀ ਢਲ਼ਦਾ ਹੈ



ਲੋਕਾਂ ਦੇ ਘਰਾਂ ਵਾਂਗ ਮੇਰੇ ਘਰ ਵੀ ਚੁੱਲ੍ਹਾ ਬਲ਼ਦਾ ਹੈ


ਢਿੱਡ ਭਰਨ ਦੇ ਵਸੀਲੇ ਕੀਤੇ ਜਾਂਦੇ ਨੇ



ਉਂਜ ਬਦਲਿਆ ਤਾਂ ਕੁਝ ਵੀ ਨਹੀਂ


ਛਿਪਦੇ ਸੂਰਜ ਦੀ ਲਾਲੀ ਤੇ


ਤਾਰਿਆਂ ਦੀ ਲੋਅ ਵੀ ਸ਼ਾਇਦ ਪਹਿਲਾਂ ਵਰਗੀ ਹੋਵੇ


ਰਾਤ ਵੀ ਆਪਣੇ ਸਮੇਂ ਨਾਲ ਆਉਂਦੀ ਹੈ


ਤੇ ਦਿਨ ਵੀ ਸੂਰਜ ਦੀਆਂ ਕਿਰਨਾ ਨਾਲ ਉੱਗ ਆਉਂਦਾ ਹੈ


ਉਂਜ ਬਦਲਿਆ ਤਾਂ ਕੁਝ ਵੀ ਨਹੀਂ



ਸੂਰਜ ਦੀਆਂ ਕਿਰਨਾਂ ਨਾਲ ਤੇਰੇ ਕਮਰੇ ਦਾ ਪਰਦਾ ਵੀ ਖੁੱਲ੍ਹਦਾ ਹੈ


ਹਵਾ ਦਾ ਇੱਕ ਸੁਨੇਹਾ ਜਿਹਾ ਵੀ ਆਉਂਦਾ ਹੈ


ਸੂਰਜ ਢਲ਼ਦਿਆਂ ਤੇਰੀ


ਖਿੜਕੀ ਚੋਂ ਕੁਝ ਉਦਾਸ ਜਿਹੀ ਰੌਸ਼ਨੀ ਵੀ ਝਾਤ ਪਾ ਜਾਂਦੀ ਹੈ


ਉਂਜ ਬਦਲਿਆ ਤਾਂ ਕੁਝ ਵੀ ਨਹੀਂ


ਪਰ ਫੇਰ ਵੀ ਸੜਕਾਂ ‘ਤੇ ਤੁਰੇ ਫਿਰਦੇ


ਚਿਹਰਿਆਂ ਵਿੱਚ ਤੇਰਾ ਚਿਹਰਾ ਨਹੀਂ ਦਿਸਦਾ


ਗੁਆਂਢੀਆਂ ਦੇ ਘਰਾਂ ‘ਚੋਂ ਆਉਂਦੇ ਹਾਸੇ ‘ਚ


ਤੇਰੇ ਹਾਸੇ ਦੀ ਗੂੰਜ ਨਹੀ ਆਉਂਦੀ


ਮੇਰੇ ਘਰ ਬਲ਼ਦੇ ਚੁੱਲ੍ਹੇ ‘ਚ ਤੇਰੇ ਲਈ ਕੁਝ


ਪੱਕਣ ਦੀ ਫਰਮਾਇਸ਼ ਨਹੀ ਆਉਂਦੀ



ਹੁਣ ਰਾਤ ਆਉਂਦੀ ਤਾਂ ਆਪਣੇ ਸਮੇਂ ਨਾਲ ਪਰ


ਅੱਜ ਕੱਲ ਰਾਤ ਲੰਬੀ ਤੇ ਦਿਨ ਮੁੱਕਣ ‘ਚ ਨਹੀ ਆਉਂਦੇ



ਹੁਣ ਹਵਾ ਰੁਮਕਦੀ ਨਹੀ ਲਗਦੀ


ਹੁਣ ਹਵਾ ਦਾ ਬੁੱਲਾ ,


ਫੁੱਲਾਂ ਦਾ ਖਿੜਨਾ


ਲੋਕਾਂ ਦਾ ਹੱਸਣਾ



ਤਾਰਿਆਂ ਦਾ ਚਮਕਣਾ


ਦਿਨ ਚੜ੍ਹਨਾ ਜਾਂ ਦਿਨ ਦਾ ਢਲਨਾ



ਪਹਿਲਾਂ ਜਿਹਾ ਕਿਉਂ ਨਹੀਂ ਲਗਦਾ



ਉਂਜ ਲੋਕ ਕਹਿੰਦੇ ਨੇ ਕਿ ਕੁਝ ਨਹੀਂ ਬਦਲਿਆ



ਪਰ ਪਤਾ ਨਹੀ ਕਿਉਂ ਤੇਰੇ ਜਾਣ ਤੋਂ ਬਾਅਦ


ਤਾਰਿਆਂ ‘ਚ ਚਮਕ ਨਹੀਂ ਰਹੀ



ਫੁੱਲਾਂ ‘ਚ ਮਹਿਕ ਨਹੀਂ ਰਹੀ


ਜ਼ਿੰਦਗੀ ‘ਚ ਸਾਹ ਨਹੀਂ ਰਹੇ



ਉਂਜ ਬਦਲਿਆ ਤਾਂ ਕੁਝ ਵੀ ਨਹੀਂ


ਪਰ " ਸ਼ੀਨੇ " ਤੇਰੇ ਬਿਨਾ ਸੱਚਮੁੱਚ


ਜ਼ਿੰਦਗੀ ਚ ਸਾਹ ਨਹੀਂ ਰਹੇ




Thursday, June 23, 2011

ਮੈਡਮ ਪਰਵੇਜ਼ ਸੰਧੂ - ਸਵੀਨਾ...ਮਾਫ਼ ਕਰੀਂ ਬੱਚੀਏ.....

21 ਜੂਨ, 2011 - “...ਅੱਜ ਤਿੰਨ ਮਹੀਨੇ ਹੋ ਗਏ ਨੇ ਸਵੀਨਾ ਨੂੰ ਗਿਆਂ।
ਅਕਸਰ ਮੈ ਘਰੋਂ ਬਾਹਰ ਨਿੱਕਲ ਕੇ ਸੜਕ ਵੱਲ ਦੇਖਦੀ ਹਾਂ ਕਿ ਸ਼ਾਇਦ ਉਹ ਕਿਧਰੇ ਰਾਹ ਭੁੱਲ ਕੇ ਘਰ ਆ ਜਾਵੇ।

ਕਈ ਵਾਰ ਸੋਚਦੀ ਹਾਂ ਕਿ ਸ਼ਾਇਦ ਮੈ ਬੁਰੇ ਸੁਪਨੇ ‘ਚ ਹਾਂ ............ਪਲ, ਘੜੀਆਂ, ਹਫ਼ਤੇ ਮਹੀਨਿਆਂ ‘ਚ ਬਦਲ ਰਹੇ ਨੇ ਪਰ ਇਹ ਬੁਰਾ ਸੁਪਨਾ ਮੁੱਕਣ ਚ ਨਹੀ ਆ ਰਿਹਾ। ਮੇਰੇ ਆਪਣੇ ਕਹਿ ਰਹੇ ਨੇ ਕਿ ਮੈਂ ਤਕੜੀ ਹੋਵਾਂ ....ਪਰ ਕਿਵੇਂ ?
ਇਹ ਕੋਈ ਨਹੀ ਦੱਸ ਰਿਹਾ .... ਤਿੰਨ ਮਹੀਨੇ ਪਹਿਲਾਂ ਅੱਜ ਦੇ ਦਿਨ ਪਹਿਲੀ ਵਾਰ ਉਹ ਆਪਣਿਆਂ ਬਿਨਾ ਇਕੱਲੀ morgue ਦੇ ਕਿਸੇ ਅਨਜਾਣ ਕਮਰੇ ਦੇ ਹਨੇਰੇ ‘ਚ ਸੁੱਤੀ ਪਈ ਸੀ ....ਸਦਾ ਦੀ ਨੀਂਦ ਤੇ ਮੈਂ ਘਰ ਬਿਸਤਰੇ ‘ਚ ਪਈ ਸੋਚ ਰਹੀ ਸੀ ਕਿ ਮੇਰੀ ਬੱਚੀ ਨੂੰ ਹਨੇਰੇ ‘ਚ ਨੀਂਦ ਨਹੀਂ ਆਉਂਦੀ .......ਕੀ ਕਿਸੇ ਨੇ ਉਸ ਕਮਰੇ ਵਿਚ ਚਾਨਣ ਵੀ ਕੀਤਾ ਹੋਵੇਗਾ ਜਾਂ ਨਹੀ........
?”
ਪਰਵੇਜ਼ ਸੰਧੂ


******


ਮਾਫ਼ ਕਰੀਂ ਬੱਚੀਏ


ਨਜ਼ਮ


ਸੋਚਿਆ ਤਾਂ ਸੀ ਕਿ


ਇੱਕ ਚੰਨ ਤੇਰੇ ਟਿੱਕੇ ‘ਚ


ਲਾ ਦਿਆਂਗੀ


ਸੋਚਿਆ ਤਾਂ ਸੀ ਕਿ


ਸੂਰਜ ਦੀਆਂ ਕਿਰਨਾਂ


ਤੇਰੇ ਰਾਹਾਂ ‘ਚ ਵਿਛਾਅ ਦਿਆਂਗੀ


ਕੁਝ ਤਾਰਿਆਂ ਨੂੰ


ਕਹਾਂਗੀ


ਕਿ ਨ੍ਹੇਰੀਆਂ ਰਾਤਾਂ ‘ਚ


ਮੇਰੀ ਬੱਚੀ ਦੇ ਬੂਹਿਆਂ ‘ਤੇ


ਬੈਠੇ ਰਹਿਣਾ


ਤਾਂ ਕਿ ਮੇਰੀ


ਬੱਚੀ ਨੂੰ ਕੋਈ ਨ੍ਹੇਰੇ ਦੀ ਲੀਕ


ਡਰਾ ਨਾ ਜਾਵੇ


ਸੋਚਿਆਂ ਤਾਂ ਬਹੁਤ ਕੁਝ ਸੀ


ਪਰ ਮੇਰੀ ਬੱਚੀਏ


ਮਾਫ਼ ਕਰੀ ਮੈਨੂੰ...


ਮੈ ਆਪਣੇ ਵਾਦਿਆਂ ‘ਤੇ ਨਹੀਂ ਉੱਤਰੀ


ਚੰਨ ਤਾਰਿਆਂ ਦੀ ਥਾਂ ਤੈਨੂੰ


ਮੌਰਗ ਦੀ ਹਨੇਰ ਕੋਠੜੀ ‘ਚ


ਛੱਡ ਆਈ ਸਾਂ


ਮਾਫ਼ ਕਰੀ ਮੇਰੀ ਬੱਚੀਏ


ਤੇਰੀ ਝੂਠੀ ਮਾਂ


ਆਪਣੇ ਵਾਦਿਆਂ ‘ਤੇ ਨਹੀ ਉੱਤਰੀ


ਮਾਫ਼ ਕਰੀਂ ਬੱਚੀਏ ਮਾਫ਼ ਕਰੀ ......


======


ਤਸਵੀਰਾਂ


ਨਜ਼ਮ


ਬੜਾ ਸੌਖਾ ਸੀ


ਫਰੇਮਾਂ ਦੇ ਰੰਗਾਂ ਨੂੰ ਪਰਖਣਾ


ਤੇ ਮੇਖਾਂ ਦਾ ਖ਼ਰੀਦਣਾ


ਬੜਾ ਹੀ ਅਸਾਨ ਸੀ


ਤਸਵੀਰਾਂ ਨੂੰ


ਸ਼ੀਸ਼ਿਆਂ ਵਿਚ ਜੜਨਾ


ਤੇ ਕੰਧਾਂ ਨੂੰ ਮਾਪਣਾ


ਬਹੁਤ ਸੌਖਾ ਹੈ ਇਹਨਾਂ


ਤਸਵੀਰਾਂ ਨੂੰ ਕੰਧਾਂ ਉੱਤੇ ਟੰਗਣਾ


ਤੇ ਰੱਬ ਵਾਂਗ ਪੂਜਣਾ


ਹੋ ਜਾਂਦਾ ਹੈ ਇਹ ਸਭ


ਬਹੁਤ ਹੀ ਅਸਾਨ



ਰੰਗਾ ਦਾ ਪਰਖਣਾ


ਮੇਖਾਂ ਦਾ ਖ਼ਰੀਦਣਾ


ਸ਼ੀਸ਼ਿਆਂ ਵਿਚ ਜੜ ਕੇ


ਤਸਵੀਰਾਂ ਦਾ ਕੰਧਾਂ ‘ਤੇ


ਲਟਕਣਾ


ਪਰ ਬੜਾ ਹੀ ਔਖਾ ਹੈ


ਇਹਨਾਂ ਤਸਵੀਰਾਂ


ਦੀ ਧੂੜ ਸਾਫ਼ ਕਰਨਾ



ਪਰ ਬੜਾ ਹੀ ਔਖਾ ਹੈ


ਇਹਨਾਂ ਤਸਵੀਰਾਂ


ਦੀ ਧੂੜ ਸਾਫ਼ ਕਰਨਾ...

Saturday, June 11, 2011

ਮੈਡਮ ਪਰਵੇਜ਼ ਸੰਧੂ - ਸ਼ੀਨੇ... ਤੂੰ ਮੈਨੂੰ ਚੇਤੇ ਆਵੇਂਗੀ..

ਦੋਸਤੋ! ਮੈਂ ਆਪਣੀ ਇਕ ਨਜ਼ਮ ‘ਚ ਇੰਝ ਲਿਖਿਆ ਸੀ ਕਿ...

ਕੱਲ੍ਹ ਰਾਤ


ਹਾਂ ! ਕੱਲ੍ਹ ਰਾਤ


ਮੈਂ ਤੇਰੇਦਰਦ ਦੇ


ਜੰਗਲ ‘ਚੋਂ ਗੁਜ਼ਰੀ ਸਾਂ


ਪਰ ਕੁਤਰੇ ਗਏ ਸਨ


ਮੇਰੀ ਚੀਖ ਦੇ....


ਇਸ ਨਜ਼ਮ ਨੂੰ ਲਿਖਣ ਸਮੇਂ ਜਿਹੜੇ ਅਹਿਸਾਸਾਂ ਮੈਨੂੰ ਚਾਰੇ ਪਾਸਿਉਂ ਵਲ਼ਿਆ ਸੀ, ਮੈਨੂੰ ਕੀ ਪਤਾ ਸੀ ਕਿ ਕੋਈ ਮੈਥੋਂ ਬਿਨਾ ਵੀ ਕਿਤੇ ਬੈਠਾ ਕਦੇ ਇਹਨਾਂ ਨੂੰ ਤਨ, ਮਨ ‘ਤੇ ਹੰਢਾ ਵੀ ਰਿਹਾ ਹੋਵੇਗਾ। ਕੁਝ ਕੁ ਦਿਨ ਪਹਿਲਾਂ ਫੇਸਬੁੱਕ ‘ਤੇ ਕਿਸੇ ਦੋਸਤ ਨੇ ਪੋਸਟ ਕੀਤਾ ਸੀ ਕਿ ਪੰਜਾਬੀ ਦੀ ਅਜ਼ੀਮ ਕਹਾਣੀਕਾਰਾ ਪਰਵੇਜ਼ ਸੰਧੂ ਨਾਲ਼ ਕੋਈ ਸੰਪਰਕ ਨਹੀਂ ਹੋ ਰਿਹਾ, ਉਸਦੇ ਸਾਰੇ ਸਾਹਿਤਕ ਦੋਸਤ ਪਰੇਸ਼ਾਨ ਸਨ।


ਅਚਾਨਕ ਕੱਲ੍ਹ ਮੈਨੂੰ ਪਰਵੇਜ਼ ਸੰਧੂ ਜੀ ਨੇ ਆਪਣੀ ਪਰੋਫਾਈਲ ਘੱਲੀ, ਮੈਂ ਹੈਰਾਨ ਹੋਈ....ਸੋਚਿਆ ਸ਼ਾਇਦ ਬੱਚੇ ਪਰੇਸ਼ਾਨ ਹੋਣਗੇ, ਏਸੇ ਕਰਕੇ ਫੇਸਬੁੱਕ ‘ਤੇ ਸਰਚ ਕਰ ਰਹੇ ਹੋਣਗੇ। ਨਿੱਜੀ ਰੁਝੇਵਿਆਂ ਕਰਕੇ ਮੈਂ ਪਰੋਫਾਈਲ ਨੂੰ ਸਵੇਰੇ ਵੇਖਣ ਲਈ ਛੱਡ ਦਿੱਤਾ। ਅੱਜ ਮੈਂ ਕੁਝ ਸੁਨੇਹੇ ਵੇਖ ਹੀ ਰਹੀ ਸੀ ਕਿ ਪਰਵੇਜ਼ ਸੰਧੂ ਹੁਰੀ ਦੀ ਆਈ.ਡੀ. ਤੋਂ ‘ਹੈਲੋ’ਦਾ ਸੰਖੇਪ ਜਿਹਾ ਸੁਨੇਹਾ ਤੇ ਇਕ ਤਸਵੀਰ ਤੇ ਦਿਲ ਨੂੰ ਹਿਲਾ ਦੇਣ ਵਾਲ਼ੀਆਂ ਸਤਰਾਂ ਨਾਲ਼ ਕੀਤਾ ਟੈਗ ਵੀ ਮਿਲ਼ਿਆ...ਮੈਂ ਬਹੁਤ ਹੈਰਾਨ ਵੀ ਹੋਈ ਤੇ ਖ਼ੁਸ਼ ਵੀ...ਫੇਰ ਸੋਚਿਆ ਕਿ ਸ਼ਾਇਦ ਉਹਨਾਂ ਦੇ ਬੱਚੇ ਉਹਨਾਂ ਨੂੰ ਲੱਭ ਰਹੇ ਨੇ...ਮੈਂ ਪੰਜਾਬੀ ‘ਚ ਜਵਾਬ ਲਿਖਿਆ....ਮੈਡਮ ਪਰਵੇਜ਼ ਜੀ ਦਾ ਜਵਾਬ ਆਇਆ..... ਪਤਾ ਲੱਗਿਆ ਕਿ ਇਹ ਤਾਂ ਉਹ ਖ਼ੁਦ ਹੀ ਸਨ....ਉਹਨਾਂ ਨੇ ਲਿਖਿਆ ਸੀ ਕਿ ਤਸਵੀਰ ਵਿਚਲੀ ਖ਼ੂਬਸੂਰਤ ਲੜਕੀ ਜੋ ਕਿ ਉਹਨਾਂ ਦੀ ਬੇਟੀ ਸਵੀਨਾ ਸੰਧੂ ਹੈ, ਨੂੰ ਮਾਰਚ 2011 ਵਿਚ ਕੈਂਸਰ ਜਿਹੀ ਨਾ-ਮੁਰਾਦ ਬੀਮਾਰੀ ਨੇ ਉਹਨਾਂ ਤੋਂ ਖੋਹ ਲਿਆ ਸੀ...ਮੈਂ ਕਦੇ ਤਸਵੀਰ ਵੱਲ ਵੇਖਾਂ...ਕਦੇ ਤਸਵੀਰ ‘ਤੇ ਲਿਖਿਆ ਪੜ੍ਹਾਂ...


ਅਰਥੀ ਨੂੰ ਮੋਢਾ ਦੇਣ ਵਾਲ਼ਿਓ...


ਪਿੱਛੇ ਮੁੜ ਕੇ ਵੀ


ਦੇਖ ਲੈਣਾ ਸੀ


ਬਹੁਤ ਕੁਝ


ਰਹਿ ਗਿਆ ਹੈ ਪਿੱਛੇ


ਜੋ ਤੁਹਾਡੇ ਨਜ਼ਰੀ ਨਹੀਂ ਪਿਆ


ਬਹੁਤ ਕੁਝ


...ਤੇ ਸੋਚਾਂ ਇਸ ਦਾ ਕੀ ਜਵਾਬ ਲਿਖਾਂ...ਲਫ਼ਜ਼ ਕਿੱਥੋਂ ਲਿਆਵਾਂ.....ਜੇਰਾ ਕਿੱਥੋਂ ਟੋਲ਼ਾਂ....ਇਕ ਮਾਂ ਦੇ ਹਿਰਦੇ ਦੇ ਧੁਰ ਅੰਦਰੋਂ ਨਿਕਲ਼ੇ ਇਸ ਸ਼ਬਦ ਨਹੀਂ, ਦੁਹਾਈ ਸਨ.....ਉਸ ਸੱਚੇ ਰੱਬ ਅੱਗੇ ਜੀਹਨੇ ਕਲੀਆਂ ਤੋਂ ਕੋਮਲ ਉਸਦੀ ਧੀ ਨੂੰ ਕਰੁੱਤੇ ਹੀ ਖੋਹ ਲਿਆ ਸੀ....



ਖ਼ੈਰ! ਦਿਲ ਕਰੜਾ ਕਰਕੇ ਜਵਾਬ ਲਿਖਿਆ ਤਾਂ ਪਰਵੇਜ਼ ਹੁਰਾਂ ਨੇ ਲਿਖਿਆ ਕਿ ਉਹ ਸਵੀਨਾ ਸੰਧੂ ( ਉਹਨਾਂ ਦੀ ਬੇਟੀ ) ਦੇ ਵਿਛੋੜੇ ਤੋਂ ਬਾਅਦ ਬਹੁਤ ਇਕੱਲੇ ਹੋ ਗਏ ਹਨ....ਤੇ ਚੁੱਪ ਰਹਿ ਕੇ ਬਸ ਸਵੀਨਾ ਦੀ ਮਿੱਠੀਆਂ ਯਾਦਾਂ ਨੂੰ ਗਲ਼ੇ ਲਾ ਉਹਦੇ ਬਾਰੇ ਲਿਖਦੇ ਰਹੇ ਹਨ....ਫੇਰ ਉਹਨਾਂ ਨੇ ਆਪਣੀਆਂ ਦੋ ਨਜ਼ਮਾਂ ਮੈਨੂੰ ਘੱਲੀਆਂ ਤੇ ਨਾਲ਼ ਪਿਆਰੀ ਜਿਹੀ ਸਵੀਨਾ ਦੀ ਫ਼ੋਟੋ ਵੀ...ਬਾਕੀ ਫ਼ੋਟੋਆਂ ਮੈਂ ਫੇਸ ਬੁੱਕ ‘ਤੇ ਵੇਖ ਕੇ ਪਹਿਲਾਂ ਹੀ ਰੋ ਚੁੱਕੀ ਸਾਂ....




ਦਰਦ ਨੂੰ ਮਿਟਾਉਣਾ ਸੰਭਵ ਨਹੀਂ ਹੁੰਦਾ, ਪਰ ਆਖਦੇ ਨੇ ਜੇ ਉਹਨਾਂ ਨੂੰ ਕਾਗ਼ਜ਼ ‘ਤੇ ਉਤਾਰ ਲਈਏ ਤਾਂ ਮਨ ਹਲਕਾ ਹੋ ਜਾਂਦੈ...ਇਹੀ ਪਰਵੇਜ਼ ਜੀ ਨੇ ਕੀਤਾ ਹੈ। ਅੱਜ ਦੀ ਪੋਸਟ ਵਿਚ ‘ਸਵੀਨਾ’ ਨੂੰ ਯਾਦ ਕਰਦੀ ਇਕ ਮਾਂ ਦੀਆਂ ਨਜ਼ਮਾਂ ( ਜਾਂ ਮਰਸੀਏ ਆਖ ਲਈਏ ).. ਸਾਂਝੀਆਂ ਕਰ ਰਹੀ ਆਂ....ਪੰਜਾਬੀ ਦੀ ਏਨੀ ਪਿਆਰੀ ਕਹਾਣੀਕਾਰਾ ਪਰਵੇਜ਼ ਜੀ ਦੀ ਹਾਜ਼ਰੀ ਮਰਸੀਆਂ ਵਰਗੀਆਂ ਨਜ਼ਮਾਂ ਨਾਲ਼ ਲੱਗੇਗੀ...ਕਿਸਨੇ ਕਿਆਸ ਕੀਤਾ ਸੀ?? ਪਿਆਰੀ ਸਵੀਨਾ......ਤੂੰ ਪਰੀ ਸੈਂ...ਬਸ ਥੋੜ੍ਹੀ ਦੇਰ ਲਈ ਅਰਸ਼ੋਂ ..ਪਰਵੇਜ਼ ਹੁਰਾਂ ਦੇ ਵਿਹੜੇ ਉੱਤਰੀ ਸੈਂ.....ਪਰ ਤੇਰੀ ਮੰਮੀ ਦੀ ਦੁਨੀਆਂ ਤੇਰੇ ਨਾਲ਼ ਸੀ ਅਤੇ ਹੈ......ਪਰ ਪਰੀਏ ! ਕਦੇ ਉਸਦੀਆਂ ਯਾਦਾਂ ‘ਚ ਆਉਣਾ ਨਾ ਭੁੱਲੀਂ......ਉਹ ਰੋਜ਼ ਆਪਣੇ ਹੰਝੂਆਂ ਨਾਲ਼, ਆਪਣੇ ਘਰ ਦੀ ਦਹਿਲੀਜ਼ ਤੇਰੀ ਆਮਦ ਲਈ ਰੌਸ਼ਨ ਕਰਦੀ ਹੈ....ਆਮੀਨ!


ਮੈਡਮ ਪਰਵੇਜ਼ ਸੰਧੂ ਜੀ ਦੇ ਨਾਲ਼ ਸਵੀਨਾ ਨੂੰ ਆਰਸੀ ਪਰਿਵਾਰ ਵੱਲੋਂ ਯਾਦ ਕਰਦਿਆਂ...


ਤਨਦੀਪ


******


ਅਰਥੀ ਨੂੰ ਮੋਢਾ ਦੇਣ ਵਾਲ਼ਿਓ...


ਨਜ਼ਮ


ਅਰਥੀ ਨੂੰ ਮੋਢਾ ਦੇਣ ਵਾਲ਼ਿਓ...


ਪਿੱਛੇ ਮੁੜ ਕੇ ਵੀ


ਦੇਖ ਲੈਣਾ ਸੀ


ਬਹੁਤ ਕੁਝ


ਰਹਿ ਗਿਆ ਹੈ ਪਿੱਛੇ


ਜੋ ਤੁਹਾਡੇ ਨਜ਼ਰੀ ਨਹੀਂ ਪਿਆ


ਬਹੁਤ ਕੁਝ


ਦੇਖਿਆ ਨਹੀ ਤੁਸੀਂ


ਬਹੁਤ ਕੁਝ ਰਹਿ ਗਿਆ ਹੈ


ਦੇਖਣ ਵਾਲਾ




ਤੁਸੀਂ ਤਾਂ ਸਿਰਫ਼ ਅਰਥੀ ਦਾ ਬੋਝ


ਹੀ ਢੋਇਆ ਹੈ


ਸਿਰਫ਼ ਬਲ਼ਦਾ


ਸਿਵਾ ਹੀ ਦੇਖਿਆ


ਜਾਂ ਬੱਸ ਕੋਈ


ਰੋਂਦੀ ਅੱਖ ਦੇਖੀ ਐ


ਜਾਂ ਸਿਰਫ਼ ਛਾਤੀ ਦੀ


ਹੂਕ ਸੁਣੀ ਐ


ਤੁਸੀਂ ਤਾਂ ਡਰ ਗਏ


ਕਿਸੇ ਦੀ ਸਜੀ ਲੋਥ


ਦੇਖ ਕੇ ਹੀ


ਤਾਹਿਓਂ ਤਾਂ ਤੁਸਾਂ ਪਿੱਛੇ


ਮੁੜ ਕੇ ਨਹੀ ਤੱਕਿਆ



ਅਰਥੀ ਦਾ ਬੋਝ ਤਾਂ


ਸਿਰਫ਼ ਘੜੀਆਂ ਪਲਾਂ


ਦਾ ਬੋਝ ਸੀ



ਤੁਸੀਂ ਤਾਂ ਤੁਰ ਗਏ


ਪਲਾਂ ਦਾ ਬੋਝ ਢੋਅ ਕੇ


ਕਦੀ ਮੁੜ ਕੇ ਤਾਂ ਦੇਖ ਲੈਂਦੇ


ਕਿ ਕਿੰਝ


ਢੋਦੀਆਂ ਨੇ ਜਿਉਂਦੀਆਂ ਲਾਸ਼ਾਂ


ਆਪਣਾ ਬੋਝ ਆਪੇ ..


=====


ਸ਼ੀਨੇ... ਤੂੰ ਮੈਨੂੰ ਚੇਤੇ ਆਵੇਂਗੀ..


ਨਜ਼ਮ


ਜਦ ਕਦੀ ਕਿਸੇ ਮਾਂ ਦੀ


ਹਰੀ ਕੁੱਖ ਦੇਖਾਂਗੀ


ਜਾਂ ਲੋਰੀ ਦੀ ‘ਵਾਜ ਸੁਣਾਂਗੀ.....


ਤਾਂ ਤੂੰ ਚੇਤੇ ਆਵੇਂਗੀ......




ਜਦੋਂ ਕਦੀ ਭੋਲ਼ੀਆਂ ਅੱਖਾਂ


ਵਾਲ਼ੀ ਨੰਨ੍ਹੀ ਪਰੀ


ਸਾਹਵੇਂ ਆਏਗੀ


ਜਾਂ ਲਾਲ ਰਿਬਨਾਂ ਵਾਲ਼ੀ


ਗੁਆਂਢੀਆਂ ਦੀ ਧੀ ਦੀਆਂ


ਕਿਲਕਾਰੀਆਂ ਸੁਣਾਂਗੀ


ਤਾਂ ਤੂੰ ਚੇਤੇ ਆਵੇਂਗੀ....




ਜਦ ਕਦੀ ਚਿੜੀਆਂ ਦਾ ਚੰਬਾ


ਜਾਂ ਕੁੜੀਆਂ ਦਾ ਝੁੰਡ ਤੇ


ਰੰਗਲੇ ਉੱਡਦੇ ਦੁਪੱਟੇ ਦੇਖਾਂਗੀ ...


ਜਾਂ ਨਵੀ ਵਿਆਹੀ ਦੇ


ਸੂਹੇ ਚੂੜੇ ਦੀ ਛਣਕਾਰ ਸੁਣਾਂਗੀ


ਤਾਂ ਤੂੰ ਚੇਤੇ ਆਵੇਂਗੀ ...




ਜਦ ਕਦੀ ਮਹਿੰਦੀ ਰੱਤੜੇ ਹੱਥ..


ਫੁਲਕਾਰੀ ਨਾਲ਼ ਲਪੇਟੀ


ਮਾਂਈਏ ਪਈ ਕਿਸੇ


ਕਰਮਾਂ ਵਾਲ਼ੀ ਨੂੰ ਦੇਖਾਗੀ


ਜਾਂ ਸੁਹਾਗ ਗਾਉਦੀ ਕਿਸੇ ਮਾਂ ਨੂੰ ਸੁਣਾਂਗੀ


ਤਾਂ ਤੂੰ ਚੇਤੇ ਆਵੇਂਗੀ




ਜਦ ਕਦੀ ਸਿਹਰਿਆਂ ‘ਚ ਸਜਿਆ ਗੱਭਰੂ


ਜਾਂ ਬਰੂਹਾਂ ‘ਤੇ ਢੁਕੀ ਜੰਞ ਦੇਖਾਂਗੀ


ਜਾਂ ਫੇਰ ਸਜੀ ਡੋਲੀ


ਤੇ ਬਾਪ ਦੇ ਗਲ਼ ਲੱਗੀ ਧੀ


ਜਾਂ ‘ਆਹ ਲੈ ਮਾਏ ਸਾਂਭ ਕੁੰਜੀਆਂ’


ਦਾ ਗੀਤ ਸੁਣਾਂਗੀ


ਤਾਂ ਤੂੰ ਚੇਤੇ ਆਵੇਂਗੀ....




ਜਦ ਕਦੀ ਚੜ੍ਹਦਾ ਚੰਨ ਦੇਖਾਂਗੀ


ਡੁੱਬਦਾ ਸੂਰਜ ਦੇਖਾਂਗੀ


ਜਾਂ ਅਸਮਾਨਾਂ ਦੀ ਹਿੱਕ ‘ਚੋਂ


ਵਰ੍ਹਦੀ ਬੱਦਲੀ ਨੂੰ ਦੇਖਾਂਗੀ


ਜਾਂ ਟੁੱਟਦੇ ਤਾਰਿਆਂ ਦੀ ਚੀਖ ਸੁਣਾਂਗੀ


ਤਾਂ ਤੂੰ ਚੇਤੇ ਆਵੇਂਗੀ....




ਜਦ ਕਦੀ ਅਰਥੀ ਨੂੰ ਦੇਖਾਂਗੀ


ਜਾਂ ਡੋਲੀ ਨੂੰ ਦੇਖਾਂਗੀ


ਭੈਣਾਂ ਨੂੰ ਵਿਦਾ ਕਰਦੇ ਵੀਰਾਂ ਨੂੰ ਦੇਖਾਂਗੀ


ਜਾਂ ਮੋਈ ਧੀ ਨੂੰ, ਰੋਂਦੇ ਬਾਪ ਨੂੰ ਦੇਖਾਂਗੀ


ਚੂੜਾ ਪਾਉਂਦੇ ਮਾਮੇ ਨੂੰ


ਦੁਹੱਥੜੀਂ ਪਿੱਟਦੀ ਕਿਸੇ ਮਾਂ ਨੂੰ


ਜਾਂ ਮਾਸੀ ਦੇ ਕੀਰਨੇ ਸੁਣਾਂਗੀ


ਤਾਂ ਤੂੰ ਚੇਤੇ ਆਵੇਂਗੀ....


ਤੂੰ ਚੇਤੇ ਆਵੇਂਗੀ....


ਚੇਤੇ ਆਵੇਂਗੀ........