ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਗਗਨਦੀਪ ਸ਼ਰਮਾ. Show all posts
Showing posts with label ਗਗਨਦੀਪ ਸ਼ਰਮਾ. Show all posts

Tuesday, March 23, 2010

ਗਗਨਦੀਪ ਸ਼ਰਮਾ - 23 ਮਾਰਚ 'ਤੇ ਵਿਸ਼ੇਸ਼ - ਨਜ਼ਮ

ਪੀੜ੍ਹੀਆਂ ਦਾ ਸਫ਼ਰ

ਨਜ਼ਮ

ਮੈਂ ਜਿਉਂਦਾ ਹਾਂ ਅਜੇ,

ਮਰਿਆ ਨਹੀਂ ਹਾਂ ਮੈਂ।

ਦੌੜਿਆ ਫਿਰਦਾ ਹਾਂ ਮੈਂ,

ਥੋੜ੍ਹ-ਜ਼ਮੀਨੇ ਕਿਸਾਨ ਦੇ ਖੇਤਾਂ ਵਿਚ –

ਉਸਦਾ ਲਹੂ ਬਣ ਕੇ,

ਹਉਕੇ ਭਰਦੀ ਬੇਰੁਜ਼ਗਾਰ ਜਵਾਨੀ ਦੇ ਵਿਚ –

ਸਾਬਤ-ਸਬੂਤਾ ਫਿਰਦਾ ਹਾਂ ਮੈਂ,

ਜਲ੍ਹਿਆਂਵਾਲੇ ਬਾਗ਼ ਦੀ ਦੀਵਾਰ ਵਿਚ ਦੀ ਸਾਹ ਲੈਂਦਾ –

ਜਿਉਂਦਾ ਹਾਂ ਮੈਂ ਅਜੇ।

..............

ਮੈਂ ਲੜਨਾ ਹੈ ਅਜੇ

ਦਹਿਸ਼ਤ ਫੈਲਾਉਂਦੇ ਹੈਵਾਨ ਨਾਲ਼,

ਭਾਰਤ ਨੂੰ ਖੋਖਲਾ ਕਰ ਦੇਣ ਦੇ ਸੁਪਨੇ ਲੈਂਦੇ –

ਪੱਛਮੀ ਸ਼ੈਤਾਨ ਨਾਲ਼,

ਲੋਕਾਂ ਦੀਆਂ ਭੀੜਾਂ ਨੂੰ

ਅਧਰਮ ਦਾ ਪਾਠ ਪੜ੍ਹਾਉਂਦੇ –

ਵਪਾਰੀ ਭਗਵਾਨ ਨਾਲ਼,

ਲੜਨਾ ਹੈ ਮੈਂ ਅਜੇ।

.............

ਤੇਜ਼ ਕਰਨੀ ਹੈ ਤਲਵਾਰ,

ਇਨਕਲਾਬੀ ਵਿਚਾਰਾਂ ਦੀ ਸਾਣ ’ਤੇ।

ਅਜੇ ਤਾਂ

ਮਿਲ਼ਣਾ ਹੈ ਮੈਂ ਆਪਣੇ ਨਿੱਕੇ ਵੀਰਾਂ ਨੂੰ,

ਦੱਸਣੇ ਨੇ ਉਹਨਾਂ ਨੂੰ –

ਪੱਗ ਤੇ ਮੁੱਛ ਦੇ ਅਰਥ

ਕਿ ਇਹ ਕੇਵਲ ਵਿਖਾਉਣ ਲਈ ਨਹੀਂ

ਮਨ ਵਿਚ ਵਸਾਉਣ ਲਈ ਵੀ ਹੁੰਦੀਆਂ,

ਮਿਲਣਾ ਹੈ ਉਹਨਾਂ ਨੂੰ ਮੈਂ ਅਜੇ।

.............

ਮੇਰਾ ਕਚਹਿਰੀਆਂ ਵਿਚ ਦਿੱਤਾ ਬਿਆਨ

ਭੁੱਲ ਗਏ ਨੇ ਜੋ

ਉਹਨਾਂ ਨੂੰ ਯਾਦ ਦਿਵਾਉਣਾ ਹੈ ਅਜੇ,

ਕਿ ਗ਼ੁਲਾਮੀ ਤੇ ਆਜ਼ਾਦੀ –

ਮਸਤਕ ਵਿਚ ਹੁੰਦੀ ਹੈ ਕੇਵਲ,

ਕਿ ਬੰਬ –

ਵਿਚਾਰਾਂ ਦੇ ਵੀ ਹੁੰਦੇ ਨੇ,

ਯਾਦ ਦਿਵਾਉਣਾ ਹੈ ਅਜੇ।

...............

ਅਜੇ ਤਾਂ

ਮੁੜ ਕਹਿਣਾ ਹੈ ਮਾਂ ਨੂੰ –

ਰੰਗ ਦੇ ਚੋਲਾ

ਬਸੰਤੀ ਰੰਗ ਵਿਚ

ਲੜਨੀ ਹੈ –

ਜੰਗ ਸੋਚ ਦੀ ਆਜ਼ਾਦੀ ਦੀ।

ਬੜਾ ਕੁਝ ਕਰਨਾ ਹੈ ਅਜੇ ਤਾਂ ਮੈਂ

ਕਿ ਮੈਂ ਜਿਉਂਦਾ ਹਾਂ ਅਜੇ।

...........

ਉੱਠੋ ਸਾਥੀਓ!

ਅਜੇ ਜ਼ਿੰਦਗ਼ੀ ਦੇ ਅਰਥ ਭਾਲਣੇ ਨੇ।

ਮੈਂ ਸ਼ਹੀਦ ਨਹੀਂ

ਹਵਾ ਬਣ ਕੇ ਵਗ ਰਿਹਾ ਵੇਗ ਹਾਂ

ਮੈਨੂੰ ਸ਼ਰਧਾ ਦੇ ਫੁੱਲ ਨਹੀਂ

ਸਾਥ ਨਿਭਾਉਣ ਵਾਲੇ ਹੱਥ ਲੋੜੀਂਦੇ ਨੇ।

.............

ਮੈਂ ਜਿਉਂਦਾ ਹਾਂ ਅਜੇ

ਅਸੀਂ ਮਰਦੇ ਨਹੀਂ ਹੁੰਦੇ

ਅਸੀਂ ਤਾਂ ਸਫ਼ਰ ਕਰਦੇ ਹਾਂ –

ਪੀੜ੍ਹੀ-ਦਰ-ਪੀੜ੍ਹੀ।

Saturday, February 20, 2010

ਗਗਨਦੀਪ ਸ਼ਰਮਾ - ਨਜ਼ਮ

ਤੇਰੇ ਤੋਂ ਪਾਰ

ਨਜ਼ਮ

ਤੇਰਾ ਮੋਹ ਸੀ ਬੜਾ

ਮੋਹ-ਮੋਹ ਵਿਚ ਬਣ ਗਿਆ –

ਤੂੰ ਹਰ ਪਲ ਦਾ ਮਾਲਕ

ਬਿਨ ਤੇਰੇ ਮੈਂ ਸਾਹ ਨਾ ਲੈਂਦੀ ।

.............

ਮੈਂ ਤੁਰਦੀ

ਤੂੰ ਅੰਗ-ਸੰਗ ਤੁਰਦਾ

ਹੱਥ ਵਿਛਾਉਂਦਾ –

ਮੇਰੇ ਪੈਰੀਂ

ਇੱਕ ਟੋਟਾ ਵੀ ਧੁੱਪ ਦਾ ਆਉਂਦਾ –

ਤੂੰ ਮੇਰੀ ਛਤਰੀ ਬਣ ਜਾਂਦਾ ।

............

ਨਿੱਕੇ-ਨਿੱਕੇ ਸਾਂ ਦੋਵੇਂ ਜਦ

ਮੋਹ ਨੇ ਆਪਣੀ ਜੜ੍ਹ ਲਾਈ ਸੀ

ਸੰਗ ਨਿਭਣ ਦੇ ਕੌਲ ਹੋ ਗਏ –

ਆਪ-ਮੁਹਾਰੇ

ਚੁੱਪ-ਚੁਪੀਤੇ ।

ਏਸੇ ਮੋਹ ਵਿਚ ਬੀਤ ਗਿਆ ਸੀ ਮੇਰਾ ਬਚਪਨ

ਪਰ ਤੇਰਾ ਮੋਹ

ਮੈਨੂੰ ਬੱਚਿਆਂ ਵਾਂਗ ਰੱਖਦਾ

ਸਭ ਕੁਝ ਸੀ ਤੇਰੇ ’ਤੇ ਨਿਰਭਰ ।

ਖ਼ੁਸ਼ ਸੀ ਮੇਰੀ ਜਿੰਦ ਕੁਆਰੀ

ਜੋ ਤੇਰੀ ਜਾਗੀਰ ਬਣੀ ਸੀ ।

...............

ਮੈਨੂੰ ਕੁਝ ਨਾ ਦਿਸਦਾ ਸੀ –

ਤੇਰੇ ਤੋਂ ਬਾਹਰ

ਤੇਰੇ ਅੰਦਰ

ਮੇਰੇ ਭਾਣੇ ਜੱਗ ਵਸਦਾ ਸੀ ।

ਫਿਰ ਇੱਕ ਦਿਨ ਕੀ ਪਰਲੋ ਆਈ

ਕਿਸੇ ਸਰਾਪ ਨੇ ਡੰਗਿਆ ਮੈਨੂੰ

ਤੇ ਤੂੰ ਮੈਥੋਂ ਦੂਰ ਹੋ ਗਿਆ ।

ਸੁੰਨਾ ਹੋ ਗਿਆ ਸਭ ਜੱਗ ਮੇਰਾ

ਹਵਾ ’ਚ ਉੱਡ ਗਈ ਛਤਰੀ ਮੇਰੀ

ਧੁੱਪ ’ਚ ਸੜਨੇ ਜੋਗੀ ਰਹਿ ਗਈ –

ਜਿੰਦ ਕੁਆਰੀ

ਕੱਲੀ-ਕਾਰੀ

ਤੈਨੂੰ ਲੱਭਦੀ ਨਜ਼ਰ ਘੁਮਾਉਂਦੀ –

ਚੌਹੀਂ ਪਾਸੀਂ

ਪਰ ਹਰ ਪਾਸੇ ਨ੍ਹੇਰਾ ਦਿਸਦਾ

ਮਨ ਕਰਦਾ ‘ਬੀਤਾ’ ਬਣ ਜਾਵਾਂ

ਨਹਿਰ, ਸੜਕ ਜਾਂ ਲਾਈਨ ਰੇਲ ਦੀ

ਹਰਦਮ ਮੈਨੂੰ ’ਵਾਜਾਂ ਲਾਉਂਦੇ ।

............

ਪਰ ਫਿਰ ਇਕ ਆਵਾਜ਼ ਸੀ

ਮੇਰੇ ਅੰਦਰੋਂ ਆਈ

ਜੀਵਨ ਦੇ ਸੂਰਜ ਦੀ

ਜਿਉਂ ਇਕ ਕਿਰਨ ਦਿਸੀ ਸੀ ।

ਪਿੱਛੇ ਮੁੜ ਕੇ ਤੱਕਿਆ ਤਾਂ

ਅਫ਼ਸੋਸ ਹੀ ਹੋਇਆ

ਆਪਣਾ ਆਪਾ ਕੈਦ ਕਰੀਂ ਰੱਖਿਆ ਮੈਂ ਕਿਉਂਕਰ

ਸੋਚ-ਉਡਾਰੀ

ਕਦੇ ਨਾ ਮਾਰੀ ।

............

ਫਿਰ ਤਾਂ ਮੈਂ ਦਰਵੇਸ਼ ਹੋ ਗਈ

ਮਨ ਵਿਚਲੇ ਸਭ ਗੀਤ ਸੀ ਗਾਏ

ਦਿਲ ਕਹਿੰਦਾ ਜਿੱਧਰ –

ਤੁਰ ਜਾਂਦੀ

ਖ਼ੁਦ ਜਾਗੀਰ ਸਾਂ ਪਹਿਲਾਂ

ਤੇ ਹੁਣ ਫਿਰਾਂ

ਸਾਗਰਾਂ ਦੀ ਥਹੁ ਪਾਉਂਦੀ ।

...........

ਹੁਣ ਜਿਊਂਦੀ ਹਾਂ

ਪਲ-ਪਲ

ਛਿਣ-ਛਿਣ

ਸਭ ਕੁਝ ਸਹਿਜ-ਸੁਭਾਅ ਵਿੱਚ ਹੁੰਦਾ ਹੈ –

ਤੇਰੇ ਬਿਨ ।

Thursday, October 8, 2009

ਗਗਨਦੀਪ ਸ਼ਰਮਾ - ਨਜ਼ਮ

ਅੱਥਰੂ ਪੀਣਿਆਂ ਦੇ ਵਾਰਸ

ਨਜ਼ਮ

ਅਸੀਂ ਤਾਂ

ਅੱਥਰੂ ਪੀਣਿਆਂ ਦੇ ਵਾਰਸ ਹਾਂ

ਹਿੱਕ ਅੰਦਰ ਸਾਂਭੀ ਫਿਰੀਏ

ਆਪਣੀ ਵਿਰਾਸਤ।

............

ਨਿੱਕੇ ਹੁੰਦਿਆਂ

ਥੁੜ੍ਹਾਂ ਦੀ ਜੰਗ ਲੜਦੀ ਮਾਂ ਤੋਂ

ਦੁੱਧ ਦੇ ਨਾਲ਼-ਨਾਲ਼

ਉਸਦੇ ਹੰਝੂ ਪੀਂਦਿਆਂ ਨੂੰ

ਸਾਨੂੰ ਤਾਂ ਉਦੋਂ ਦੀ ਸੋਝੀ ਹੈ –

ਮਿੱਠੇ ਤੇ ਲੂਣੇ ਦਾ ਅੰਤਰ

ਸਾਡੇ ਲਈ ਨਹੀਂ ਹੁੰਦਾ।

...............

ਖੇਤਾਂ ਵਿਚ ਮਿੱਟੀ ਨਾਲ਼ ਘੁਲ਼ਦਾ ਬਾਪੂ

ਘਰ ਮੁੜਦਾ

ਤਾਂ ਮੁੜ੍ਹਕਾ ਮੁੜ੍ਹਕਾ ਹੋ ਕੇ ਮੁੜਦਾ

ਬਾਲਪਣ ਉਸਦੇ ਕੁੜਤੇ ‘ਚੋਂ ਸੁਗੰਧੀਆਂ ਭਾਲ਼ਦਾ

ਇਹੋ ਖੇਡਾਂ ਵੇਖ

ਬਾਪੂ ਦੀਆਂ ਅੱਖਾਂ ‘ਚੋਂ ਸਿੰਮੇ ਅੱਥਰੂ

ਅਜੇ ਤੱਕ ਬੈਠੇ ਨੇ –

ਸਾਡੇ ਮਨਾਂ ਅੰਦਰ।

.............

ਵਲੈਤ ਜਾਣ ਦੇ ਚਾਅ ਵਿਚ

ਜਹਾਜ਼ੀਂ ਚੜ੍ਹੇ

ਤੇ ਫਿਰ

ਕਿਸ਼ਤੀਆਂ ਥਾਣੀਂ ਹੁੰਦੇ ਹੋਏ

ਸਮੁੰਦਰ ਦੀਆਂ ਲਹਿਰਾਂ ਦੇ

ਹਮਸਫ਼ਰ ਹੋ ਗਏ ਵੀਰ ਨੇ

ਦਰਦ ਨੂੰ

ਪਲਕ ਦੀ ਥਾਂ

ਦਿਲ ਦਾ ਘਰ ਦਿੰਦੇ ਹਾਂ –

ਇਕ-ਦੂਜੇ ਨੂੰ ਦਿਸ ਜਾਣ ਡਰੋਂ।

..................

ਜ਼ਮੀਨ ਖੁੱਸ ਜਾਣ ਮਗਰੋਂ

ਹੁਣ ਨਿੱਤ ਜਾਂਦੇ ਹਾਂ ਕੰਮਾਂ-ਕਾਰਾਂ ‘ਤੇ

ਫਿਰ ਵੀ

ਤੈਅ ਨਾ ਹੋ ਪਾਉਂਦਾ –

ਹੱਥ ਤੋਂ ਮੂੰਹ ਦਾ ਸਫ਼ਰ

ਇਸ ਸਫ਼ਰ ‘ਤੇ ਤੁਰਦੇ

ਸ਼ੀਸ਼ੇ ਸਾਹਵੇਂ ਜਲ-ਥਲ ਹੋ ਜਾਵਣ ਵਾਲ਼ੇ

ਅਸੀਂ ਤਾਂ

ਅੱਥਰੂ ਪੀਣਿਆਂ ਦੇ ਵਾਰਸ ਹਾਂ।

Wednesday, June 24, 2009

ਗਗਨਦੀਪ ਸ਼ਰਮਾ - ਗ਼ਜ਼ਲ

ਗ਼ਜ਼ਲ

ਘਰੋਂ ਜਿਹਨਾਂ ਸੀ ਘੱਲੇ ਸੱਧਰਾਂ-ਚਾਵਾਂ ਨਾਲ਼।

ਕੀਕਰ ਵੰਡੀਏ ਹਉਕੇ ਉਹਨਾਂ ਮਾਵਾਂ ਨਾਲ਼।

----

ਮਨ ਅੰਦਰਲੀ ਅੱਗ ਤਾਂ ਤੇਰੀ ਆਪਣੀ ਹੈ,

ਕਾਹਦਾ ਰੋਸਾ ਤੱਤੀਆਂ ਠੰਢੀਆਂ ਹਵਾਵਾਂ ਨਾਲ਼।

----

ਉਸਨੇ ਹੁਣ ਨਹੀਂ ਪਾਉਣੀ ਤੇਰੇ ਘਰ ਫ਼ੇਰੀ,

ਕਾਹਤੋਂ ਝੱਲਿਆ ਉਲਝੀ ਜਾਵੇਂ ਕਾਵਾਂ ਨਾਲ਼।

----

ਦੁਨੀਆਂ ਦੀ ਹਰ ਉਲਝਣ ਨੂੰ ਸੁਲਝਾਵੇ ਜੋ,

ਉਲਝ ਹੀ ਜਾਂਦੈ ਉਹ ਵੀ, ਮਨ ਦੇ ਭਾਵਾਂ ਨਾਲ਼।

----

ਸਿੱਧੇ ਰਾਹ ’ਤੇ ਤੁਰਨਾ ਸੌਖਾ ਨਹੀਂ ਹੁੰਦਾ,

ਹੁੰਦੇ ਬੜੇ ਵਿਰੋਧੀ, ਵਿਰਲਾ-ਟਾਵਾਂ ਨਾਲ਼।

----

ਮਨ ਤੋਂ ਮਨ ਦਾ ਰਸਤਾ ਡਾਢਾ ਲੰਮਾ ਹੈ,

ਤੈਅ ਨਹੀਂ ਹੋਇਆ ਕਰਦਾ ’ਕੱਲੀਆਂ ਲਾਵਾਂ ਨਾਲ਼।

----

ਜ਼ਿੰਦਗ਼ੀ ਦਾ ਦਿਲ ਆਸ਼ਿਕ ਵਰਗਾ ਹੀ ਹੁੰਦੈ,

ਮੌਤ ਕੁੜੀ ਮੋਹ ਲੈਂਦੀ ਸ਼ੋਖ਼ ਅਦਾਵਾਂ ਨਾਲ਼।


Monday, May 25, 2009

ਗਗਨਦੀਪ ਸ਼ਰਮਾ - ਗ਼ਜ਼ਲ

ਗ਼ਜ਼ਲ

ਇਸ਼ਾਰਾ ਇੱਕ ਤੇਰਾ ਇਸ਼ਕ ਜਿਸਨੂੰ ਕਰ ਗਿਆ ਹੋਣੈ।

ਉਹ ਬੰਦਾ ਅੱਗ ਦਾ ਦਰਿਆ ਵੀ ਹੱਸ ਕੇ ਤਰ ਗਿਆ ਹੋਣੈ।

----

ਹਨੇਰਾ ਮਿਟ ਰਿਹੈ, ਇਕ ਲੀਕ ਚਾਨਣ ਦੀ ਉਦੈ ਹੋਈ,

ਦਸਤਖ਼ਤ ਨ੍ਹੇਰਿਆਂ ’ਤੇ ਕੋਈ ਸੂਰਜ ਕਰ ਗਿਆ ਹੋਣੈ।

----

ਨਾ ਕੋਈ ਰਾਮ ਆਇਆ ਮੁੜ ਕੇ, ਨਾ ਨਾਨਕ ਤੇ ਨਾ ਈਸਾ,

ਘੜਾ ਪਾਪਾਂ ਦਾ ਹੁਣ ਤੱਕ ਲੱਖ ਵਾਰੀ ਭਰ ਗਿਆ ਹੋਣੈ।

----

ਬੰਦੇ ਦੇ ਖ਼ੂਨ ਦੀ ਜਿਸਨੇ ਕੁੜੱਤਣ ਪੀ ਲਈ ਹੋਣੀ,

ਉਹ ਪੰਛੀ ਮਰਦੇ-ਮਰਦੇ, ਮਰਦੇ-ਮਰਦੇ ਮਰ ਗਿਆ ਹੋਣੈ।

----

ਹਰਿਕ ਸਾਹ ਨਾਲ ਸਿਰਨਾਵਾਂ ਸੀ ਪੁੱਛਦਾ ਆਪਣੇ ਘਰ ਦਾ,

ਜੋ ਬੇਘਰ ਸੀ ਉਹ ਖ਼ੌਰੇ ਅੰਤ ਕਿਹੜੇ ਘਰ ਗਿਆ ਹੋਣੈ।

----

ਇਹ ਇਕ ਵਾਰੀ ਦਾ ਕਿੱਸਾ ਨਾ, ਇਹ ਹਰ ਯੁਗ ਵਿੱਚ ਹੋਇਆ ਹੈ,

ਯੁਧਿਸ਼ਟਰ ਫ਼ੇਰ ਤੀਵੀਂ ਨੂੰ ਜੂਏ ਵਿਚ ਹਰ ਗਿਆ ਹੋਣੈ।

----

ਉਹ ਦੁਖ ਜਿਸਤੋਂ ਕਿ ਸਾਰਾ ਜੱਗ ਡਰਦਾ ਹੈ ਤੇ ਕੰਬਦਾ ਹੈ,

ਉਹ ਦੂਰੋਂ ਦੇਖ ਕੇ ਹੀ ਮੇਰੀ ਹਾਲਤ ਡਰ ਗਿਆ ਹੋਣੈ।

----

ਉਹ ਤੇਰੇ ਜਾਣ ਪਿੱਛੋਂ ਔਸੀਆਂ ਜੋਗੀ ਹੀ ਰਹਿ ਗਈ ਸੀ,

ਤੇਰਾ ਖ਼ਤ ਸੀਨੇ ਲਾ, ਮਾਂ ਦਾ ਕਲੇਜਾ ਠਰ ਗਿਆ ਹੋਣੈ।

----

ਇਹ ਦੁਨੀਆਂ ਹੈ ਤੇ ਏਥੇ ਆਉਣਾ ਜਾਣਾ ਚਲਦਾ ਰਹਿੰਦਾ ਹੈ,

ਜਿਵੇਂ ਸਰਦਾ ਹੈ ਸਭ ਦੇ ਬਿਨ, ਮਿਰੇ ਬਿਨ ਸਰ ਗਿਆ ਹੋਣੈ।


Monday, April 20, 2009

ਗਗਨਦੀਪ ਸ਼ਰਮਾ - ਨਜ਼ਮ

ਪੂਰਬ ਬਨਾਮ ਪੱਛਮ

ਨਜ਼ਮ

ਧਰਤੀ ਤੋਂ ਕੋਹਾਂ ਦੂਰ

ਬੱਦਲਾਂ ਦੇ ਨੇੜੇ ਨੇੜੇ

ਇੱਕੋ ਹੀ ਘਰ ਵਿਚ

ਸੌਂ ਰਿਹਾ ਹੈ

ਇੱਕ ਛੋਟਾ ਜਿਹਾ ਸੰਸਾਰ ।

..................

ਪੂਰਬ ਦੇ ਵੱਲ ਛਾ ਰਹੀ ਹੈ ਲਾਲੀ

ਸੂਰਜ ਕੋਈ ਉਬਾਲ਼ੇ ਲੈਂਦਾ ਜਿਵੇਂ

ਖਿੜਕੀ ’ਚੋਂ ਦਿਸਦਾ ਹੈ ਝਲਕਾਰਾ –

ਨਿੰਮ੍ਹੀ ਨਿੰਮ੍ਹੀ ਰੋਸ਼ਨੀ ਦਾ ।

.....................

ਕੁਝ ਅੱਖਾਂ ’ਤੇ ਬੰਨ੍ਹੀਆਂ ਪੱਟੀਆਂ

ਕੁਝ ਕੰਨਾਂ ਵਿੱਚ ਪਾਈ ਕੌਟਨ

ਕੁਝ ਚਿਹਰੇ ਟਿਕਟਿਕੀ ਲਗਾਈ ਬੈਠੇ –

ਪੱਛਮ ਦਿਸ਼ਾ ਵੱਲ ।

ਹਨ੍ਹੇਰਾ –

ਅਜੇ ਵੀ ਕਸੀ ਬੈਠਾ ਹੈ ਆਪਣਾ ਸ਼ਿਕੰਜਾ –

ਪੱਛਮ ਉੱਪਰ

....

ਸੂਰਜ ਉੱਗ ਵੀ ਆਇਆ ਹੈ –

ਪੂਰਬ ਵੰਨ੍ਹੀਂ ।

...................

ਅੱਖਾਂ ਦੀਆਂ ਪੱਟੀਆਂ

ਕੰਨਾਂ ਦੀ ਕੌਟਨ

ਗਿਣ ਰਹੇ ਨੇ

ਆਪਣੇ ਆਖ਼ਰੀ ਸਾਹ ।


Thursday, March 19, 2009

ਗਗਨਦੀਪ ਸ਼ਰਮਾ - ਗ਼ਜ਼ਲ

ਗ਼ਜ਼ਲ

ਨ੍ਹੇਰਿਆਂ ’ਚੋਂ ਆਸ ਦੀ ਕਵਿਤਾ ਲਿਖੀ।

ਆਮ ਦੀ ਤੇ ਖਾਸ ਦੀ ਕਵਿਤਾ ਲਿਖੀ।

----

ਜ਼ਿੰਦਗੀ ਦਾ ਸੱਚ ਸਮਝਣ ਵਾਸਤੇ,

ਮੌਤ ਦੇ ਅਹਿਸਾਸ ਦੀ ਕਵਿਤਾ ਲਿਖੀ।

----

ਉਮਰ ਭਰ ਜਲ ਬਣ ਵਗੇ ਪਰ ਨਾ ਬੁਝੀ,

ਸਾਗਰਾਂ ਦੀ ਪਿਆਸ ਦੀ ਕਵਿਤਾ ਲਿਖੀ।

----

ਹਾਰ ਕੇ ਸਭ ਕੁਝ ਜੋ ਜਿੱਤਿਆ ਹੈ ਸਦਾ,

ਦਿਲ ਦੇ ਉਸ ਇਤਿਹਾਸ ਦੀ ਕਵਿਤਾ ਲਿਖੀ।

----

ਠੱਲ੍ਹ ਕੇ ਦਰਿਆ ’ਚ ਜੋ ਮਰ ਖਪ ਗਈ,

ਉਸ ਨਦੀ ਦੀ ਲਾਸ਼ ਦੀ ਕਵਿਤਾ ਲਿਖੀ।


Wednesday, March 4, 2009

ਗਗਨਦੀਪ ਸ਼ਰਮਾ- ਨਜ਼ਮ

ਪਰਸੂ, ਪਰਸਾ, ਪਰਸ ਰਾਮ

ਨਜ਼ਮ

ਪਰਸੂ ਤੋਂ ਪਰਸਾ

ਪਰਸੇ ਤੋਂ ਪਰਸ ਰਾਮ

ਪਰਸ ਰਾਮ ਤੋਂ ਹੋਰ ਕਈ ਕੁਝ....

ਬਣਦਾ ਰਿਹਾ ਮੈਂ ।

..................

ਸਾਈਕਲ

ਮੋਟਰ ਸਾਈਕਲ

ਕਾਰਾਂ

ਘਟਦੀ ਰਹੀ ਦੂਰੀ

ਵਧਦੀ ਰਹੀ ਰਫ਼ਤਾਰ

ਵਧਦਾ ਰਿਹਾ ਮੈਂ ।

..................

ਰੁਤਬਾ – ਪੈਸਾ

ਇੱਜ਼ਤ – ਸ਼ੋਹਰਤ

ਜਾਪਿਆ –

ਜਿਉਂ ਸਭ ਕੁਝ ਹੈ ਮਿਲਿਆ

ਆਪਣੇ ਘਰ ਦੇ ਬਾਗ਼ ’ਚ –

ਜਿਉਂ ਹਰ ਫੁੱਲ ਹੈ ਖਿੜਿਆ ।

...................

ਪਰ ਫ਼ਿਰ ਇੱਕ ਦਿਨ

ਘਰ ਪਰਤੇ ਨੂੰ

ਮਾਂ ਨੇ ਸੀ ਆਵਾਜ਼ ਲਗਾਈ

‘ਪੁੱਤਰ ਪਰ……’

ਮਾਂ ਨੂੰ ਅੱਗੇ ਗੱਲ ਨਾ ਆਈ ।

.......................

ਮਾਂ ਦੇ ਰੱਖੇ ਨਾਂ ਦਾ ਐਸਾ ਨਾਮ ਬਣ ਗਿਆ

ਮਾਂ ਨੂੰ ਉਹ ਲੈਣਾ ਨਾ ਆਇਆ

ਅੰਬਰ ਜਿੱਡਾ ਜੋਇਆ ਰੁਤਬਾ

ਇੰਝ ਲਟਕਿਆ

ਧਰਤੀ ’ਤੇ ਵੀ ਖੜ੍ਹ ਨਾ ਪਾਇਆ ।


Wednesday, February 4, 2009

ਗਗਨਦੀਪ ਸ਼ਰਮਾ - ਗ਼ਜ਼ਲ

ਗ਼ਜ਼ਲ

ਇਸ਼ਕ ਨੇ ਬੰਨ੍ਹੀ ਮੇਰੀ ਪਰਵਾਜ਼ ਹੈ।

ਕਤਲ ਦਾ ਕਿਤਨਾ ਹਸੀਨ ਅੰਦਾਜ਼ ਹੈ।

----

ਜ਼ਹਿਰ ਪੀਣਾ, ਵੰਡਣਾ ਅੰਮ੍ਰਿਤ ਸਦਾ,

ਤਲਖ਼ੀਆਂ ਵਿਚ ਮੁਸਕਣੀ ਦਾ ਰਾਜ਼ ਹੈ।

----

ਉਮਰ ਦਾ ਜੋ ਦਰਦ ਦੇ ਕੇ ਤੁਰ ਗਿਆ,

ਗ਼ਜ਼ਲ ਉਸਦੀ ਹੈ, ਮਿਰੀ ਆਵਾਜ਼ ਹੈ।

----

ਗੀਤ ਗਾਉਂਨਾਂ ਜ਼ਿੰਦਗੀ ਦੇ ਏਸ ‘ਤੇ,

ਮੇਰੀ ਧੜਕਣ ਹੀ ਮਿਰਾ ਤਾਂ ਸਾਜ਼ ਹੈ।

----

ਨ੍ਹੇਰਿਆਂ ਨੂੰ ਮੂੰਹ ਚਿੜਾਉਂਦੇ ਫਿਰਨ ਜੋ,

ਜੁਗਨੂੰਆਂ ਨੂੰ ਆਪਣੇ ‘ਤੇ ਨਾਜ਼ ਹੈ।

----

ਜੋ ਛੁਪਾਉਂਦਾ ਜੱਗ ਤੋਂ ਹਰਦਮ ਰਿਹਾ,

ਅੱਖਰੋ, ਦੱਸਿਆ ਤੁਹਾਨੂੰ ਰਾਜ਼ ਹੈ।


Saturday, January 17, 2009

ਗਗਨਦੀਪ ਸ਼ਰਮਾ - ਲੇਖ

ਸੱਤਿਅਮ ਵਿਚਲੇ ਝੂਠ ਤੋਂ ਉਭਰਦੇ ਨੁਕਤੇ
ਲੇਖ

ਬੜੀ ਮਸ਼ਹੂਰ ਕਹਾਵਤ ਹੈ ਕਿ ਸਾਖ਼ ਬਣਾਉਂਣ/ਕਮਾਉਂਣ ਨੂੰ ਵਰ੍ਹੇ ਲੱਗ ਜਾਂਦੇ ਹਨ ਅਤੇ ਢਹਿਣ ਨੂੰ ਇੱਕ ਬਿੰਦ ਲੱਗਦਾ ਹੈ। ਇਸੇ ਕਹਾਵਤ ਨੂੰ ਸੱਚ ਕਰਦੇ ਹੋਏ ਭਾਰਤ ਦੀ ਚੌਥੇ ਨੰਬਰ ਦੀ ਆਈ.ਟੀ. (ਇਨਫਰਮੇਸ਼ਨ ਟੈਕਨਾਲੋਜੀ) ਕੰਪਨੀ ਸੱਤਿਅਮ ਕੰਪਿਊਟਰਜ਼ ਲਿਮਿਟਡ ਨੇ ਆਪਣੀ ਵੀਹ ਸਾਲਾਂ ਵਿਚ ਕਮਾਈ ਸਾਖ਼ ਮਿੱਟੀ ਕਰ ਦਿੱਤੀ। ਚਿੰਤਾ ਦੀ ਗੱਲ ਇਹ ਵੀ ਹੈ ਕਿ ਇਹਨਾਂ ਵੀਹ ਸਾਲਾਂ ਵਿਚ ਨਾ ਸਿਰਫ਼ ਇਸ ਕੰਪਨੀ ਨੇ ਆਪਣਾ ਨਾਮ ਕਮਾਇਆ ਸੀ ਬਲਕਿ ਭਾਰਤ ਦੇ ਆਈ. ਟੀ. ਉਦਯੋਗ ਨੇ ਵੀ ਵਿਸ਼ਵ ਬਾਜ਼ਾਰ ਵਿਚ ਆਪਣੀ ਨਿਵੇਕਲੀ ਥਾਂ ਬਣਾ ਲਈ ਸੀ। ਇਸ ਸਭ ਦੇ ਨਤੀਜਤਨ ਸੰਸਾਰ ਦੇ ਆਈ. ਟੀ. ਬਾਜ਼ਾਰ ਵਿਚ ‘ਬਰਾਂਡ ਇੰਡੀਆ’ ਇਕ ਸਸ਼ਕਤ ਬਰਾਂਡ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆ ਰਿਹਾ ਸੀ। ਇਸੇ ਕਰਕੇ ਸੱਤਿਅਮ ਵਿਚ ਹੋਈ ਉਥਲ-ਪੁਥਲ ਦਾ ਦੁਰ-ਪ੍ਰਭਾਵ ਨਾ ਕੇਵਲ ਇਸ ਕੰਪਨੀ ਉੱਤੇ ਸਗੋਂ ਭਾਰਤ ਦੇ ਪੂਰੇ ਆਈ. ਟੀ. ਉਦਯੋਗ ਅਤੇ ‘ਬਰਾਂਡ ਇੰਡੀਆ’ ਉੱਤੇ ਪੈਣ ਦੇ ਆਸਾਰਾਂ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ।
----
ਸਭ ਤੋਂ ਪਹਿਲਾਂ ਸੱਤਿਅਮ ਦੇ ਸਾਰੇ ਕਿੱਸੇ ਨੂੰ ਸੌਖੇ ਸ਼ਬਦਾਂ ਵਿਚ ਸਮਝ ਲੈਣਾ ਬੇਹੱਦ ਜ਼ਰੂਰੀ ਹੇ। 30 ਸਿਤੰਬਰ 2008 ਨੂੰ ਖ਼ਤਮ ਹੋਈ ਵਿੱਤੀ ਤਿਮਾਹੀ ਦੇ ਨਤੀਜਿਆਂ ਵਿਚ ਸੱਤਿਅਮ ਨੇ ਕਈ ਗ਼ਲਤ ਤੱਥ ਦਿਖਾਏ। ਇਹਨਾਂ ਵਿਚੋਂ ਪ੍ਰਮੁੱਖ ਸਨ – (1) ਕੰਪਨੀ ਦੀ ਮੁਦਰਾ (ਕੈਸ਼) ਅਤੇ ਬੈਂਕ ਬੈਲੈਂਸ 5361 ਕਰੋੜ ਰੁਪਏ ਦਾ ਦਿਖਾਇਆ ਗਿਆ ਜਦ ਕਿ ਅਸਲ ਵਿਚ ਇਹ ਕੇਵਲ 321 ਕਰੋੜ ਹੀ ਸੀ; (2) 376 ਕਰੋੜ ਰੁਪਏ ਦੀ ਰਾਸ਼ੀ ਲੈਣਯੋਗ ਵਿਆਜ ਵਜੋਂ ਦਿਖਾਈ ਗਈ ਜੋ ਵਾਸਤਵ ਵਿਚ ਸੀ ਹੀ ਨਹੀਂ; (3) ਕੰਪਨੀ ਦੀਆਂ ਦੇਣਦਾਰੀਆਂ ਦੀ ਰਾਸ਼ੀ ਅਸਲ ਨਾਲੋਂ 1230 ਕਰੋੜ ਰੁਪਏ ਘੱਟ ਦਿਖਾਈ ਗਈ; ਅਤੇ (4) ਕੰਪਨੀ ਦੇ ਕਰਜ਼ਾਈਆਂ ਦੀ ਰਾਸ਼ੀ 490 ਕਰੋੜ ਰੁਪਏ ਜ਼ਿਆਦਾ ਦਿਖਾਈ ਗਈ। ਹੈਰਾਨੀਜਨਕ ਗੱਲ ਇਹ ਹੈ ਕਿ ਇਹ ਬੇਨਿਯਮੀਆਂ ਕੇਵਲ ਇਸੇ ਤਿਮਾਹੀ ਜਾਂ ਇਸੇ ਵਰ੍ਹੇ ਦਾ ਕਿੱਸਾ ਨਹੀਂ ਸੀ ਸਗੋਂ ਕਈ ਸਾਲਾਂ ਤੋਂ ਇਉਂ ਹੀ ਹੁੰਦਾ ਆ ਰਿਹਾ ਸੀ। ਇਸ ਸਾਲ ਇਹਨਾਂ ਬੇਨਿਯਮੀਆਂ ਅਧੀਨ ਰਾਸ਼ੀ ਹੱਦ ਨਾਲੋਂ ਜ਼ਿਆਦਾ ਵਧ ਗਈ ਤਾਂ 16 ਦਸੰਬਰ ਨੂੰ ਕੰਪਨੀ ਬੋਰਡ ਨੇ ਫੈਸਲਾ ਕੀਤਾ ਕਿ 160 ਕਰੋੜ ਡਾਲਰ ਖਰਚ ਕੇ ਦੋ ਕੰਪਨੀਆਂ ਮੈਟਾਸ ਇਨਫਰਾਸਟਰਕਚਰ ਅਤੇ ਮੈਟਾਸ ਪਰਾਪਰਟੀਜ਼ ਖਰੀਦੀਆਂ ਜਾਣਗੀਆਂ (ਇਥੇ ਇਹ ਵਰਨਣਯੋਗ ਹੈ ਕਿ ਇਹ ਦੋਵੇਂ ਕੰਪਨੀਆਂ ਸੱਤਿਅਮ ਚੇਅਰਮੈਨ ਬੀ.ਰਾਮਲਿੰਗਾ ਰਾਜੂ ਦੇ ਪੁੱਤਰਾਂ ਦੀਆਂ ਹਨ)। ਕੰਪਨੀ ਦੇ ਸ਼ੇਅਰਧਾਰਕਾਂ ਨੇ ਇਸ ਫੈਸਲੇ ’ਤੇ ਜ਼ਬਰਦਸਤ ਇਤਰਾਜ਼ ਕੀਤਾ ਅਤੇ ਸੱਤਿਅਮ ਦਾ ਸ਼ੇਅਰ ਮੂਧੇ-ਮੂੰਹ ਡਿਗ ਪਿਆ। ਘਬਰਾਹਟ ਵਿਚ ਬੋਰਡ ਨੇ ਆਪਣਾ ਫੈਸਲਾ ਵਾਪਿਸ ਲੈ ਲਿਆ। ਸ਼ੇਅਰਧਾਰਕਾਂ ਵਲੋਂ ਕੰਪਨੀ ਦੇ ਬੋਰਡ ਵਿਚ ਸ਼ਾਮਿਲ ਆਜ਼ਾਦ ਡਾਇਰੈਕਟਰਾਂ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕੀਤੇ ਜਾਣ ਤੋਂ ਮਗਰੋਂ ਚਾਰ ਆਜ਼ਾਦ ਡਾਇਰੈਕਟਰਾਂ ਨੇ ਅਸਤੀਫ਼ਾ ਦੇ ਦਿੱਤਾ। ਇਸ ਉਪਰੰਤ ਚੇਅਰਮੈਨ ਰਾਜੂ ਨੇ ਕੰਪਨੀ ਨੂੰ ਵੇਚਣ ਦੀ ਯੋਜਨਾ ਅਧੀਨ ਮੈਰਿਲ ਲਿੰਚ ਨੂੰ ਸੱਤਿਅਮ ਲਈ ਖ਼ਰੀਦਦਾਰ ਲੱਭਣ ਦਾ ਕੰਮ ਦਿੱਤਾ। ਖ਼ਾਤੇ ਚੈੱਕ ਕਰ ਰਹੀ ਮੈਰਿਲ ਲਿੰਚ ਦੀ ਟੀਮ ਖ਼ਾਤਿਆਂ ਦਾ ਸੱਚ ਜਾਣ ਗਈ ਅਤੇ ਉਹਨਾਂ ਸੱਤਿਅਮ ਲਈ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਸਮਝਿਆ ਜਾਂਦਾ ਹੈ ਕਿ ਮੈਰਿਲ ਲਿੰਚ ਨੇ ਆਪਣੇ ਇਸ ਨਿਰਣੇ ਦਾ ਕਾਰਨ ਬੰਬੇ ਸਟਾਕ ਐਕਸਚੇਂਜ, ਨੈਸਨਲ ਸਟਾਕ ਐਕਸਚੇਂਜ, ਨਿਊਯਾਰਕ ਸਟਾਕ ਐਕਸਚੇਂਜ (ਸੱਤਿਅਮ ਦਾ ਸ਼ੇਅਰ ਤਿੰਨਾਂ ਐਕਸਚੇਂਜਾਂ ’ਤੇ ਲਿਸਟ ਹੈ) ਅਤੇ ਸੇਬੀ ਨੂੰ ਦੱਸ ਦਿੱਤਾ। ਇਸ ਦੇ ਬਾਅਦ ਚੇਅਰਮੈਨ ਰਾਜੂ ਪਾਸ ਅਸਤੀਫ਼ਾ ਦੇਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਸੀ।
----
ਇਹ ਘਟਨਾ ਕਈ ਅਹਿਮ ਨੁਕਤੇ ਖੜ੍ਹੇ ਕਰਦੀ ਹੈ। ਪਹਿਲਾ ਨੁਕਤਾ ਇਹ ਹੈ ਕਿ ਖ਼ਾਤਿਆਂ ਬਾਰੇ ਗ਼ਲਤ ਜਾਣਕਾਰੀ ਦੇਣ ਦਾ ਕਿਸਨੂੰ ਕੀ ਫ਼ਾਇਦਾ ਹੋਇਆ! ਦਰਅਸਲ, ਲਗਾਤਾਰ ਅਜਿਹਾ ਕਰਨ ਨਾਲ ਕੰਪਨੀ ਦੀਆਂ ਸੰਪਤੀਆਂ ਵਧਦੀਆਂ ਗਈਆਂ ਅਤੇ ਕੰਪਨੀ ਨਿਵੇਸ਼ਕਾਂ ਲਈ ਆਕਰਸ਼ਕ ਬਣਦੀ ਰਹੀ। ਸਿੱਟੇ ਵਜੋਂ ਕੰਪਨੀ ਦੇ ਸ਼ੇਅਰ ਦਾ ਮੁੱਲ ਵੀ ਵਧਦਾ ਰਿਹਾ ਅਤੇ ਰਾਜੂ ਜਿਹੇ ਪਰਮੋਟਰਾਂ ਨੂੰ ਫ਼ਾਇਦਾ ਪਹੁੰਚਦਾ ਰਿਹਾ।
ਦੂਜਾ ਸੁਆਲ ਹੈ ਕਿ ਇਸ ਦਾ ਨੁਕਸਾਨ ਕਿਸ ਨੂੰ ਹੋਵੇਗਾ! ਬੇਸ਼ੱਕ ਸਭ ਤੋਂ ਵੱਡਾ ਨੁਕਸਾਨ ਸ਼ੇਅਰਧਾਰਕਾਂ ਦਾ ਹੋਵੇਗਾ। 6 ਜਨਵਰੀ ਨੂੰ ਸ਼ੇਅਰ ਦਾ ਬਾਜ਼ਾਰ ਮੁੱਲ 179 ਰੁਪਏ ਸੀ ਜੋ ਕਿ 7 ਜਨਵਰੀ ਨੂੰ 40 ਰੁਪਏ ’ਤੇ ਬੰਦ ਹੋਇਆ ਅਤੇ 9 ਜਨਵਰੀ ਨੂੰ ਇਹ 11 ਰੁਪਏ ਤੱਕ ਦਾ ਸਤਰ ਛੂਹ ਆਇਆ। ਇਸ ਤਰ੍ਹਾਂ ਨਾ ਸਿਰਫ਼ ਸੱਤਿਅਮ ਦੇ ਸ਼ੇਅਰ ਸਗੋਂ ਸਮੁੱਚਾਂ ਸ਼ੇਅਰ ਬਾਜ਼ਾਰ ਹੀ ਨਿਵਾਣ ਵੱਲ ਜਾ ਰਿਹਾ ਹੈ ਜਿਸ ਦਾ ਸਿੱਧਾ ਨੁਕਸਾਨ ਸ਼ੇਅਰਧਾਰਕਾਂ ਨੂੰ ਹੋਣਾ ਤੈਅ ਹੈ। ਦੂਜਾ ਨੁਕਸਾਨ ਕੰਪਨੀ ਦੇ 50000 ਮੁਲਾਜ਼ਮਾਂ ਦਾ ਹੈ ਜਿਹਨਾਂ ਉੱਪਰ ਨੌਕਰੀਆਂ ਖੁੱਸਣ ਦਾ ਖ਼ਦਸ਼ਾ ਮੰਦੀ ਕਾਰਨ ਪਹਿਲਾਂ ਤੋਂ ਹੀ ਮੰਡਰਾ ਰਿਹਾ ਸੀ। ਤੀਜਾ ਵੱਡਾ ਘਾਟਾ ਭਾਰਤ ਦੇ ਆਈ.ਟੀ. ਉਦਯੋਗ ਨੂੰ ਵੀ ਹੈ ਕਿਉਂਕਿ ਇਸ ਸਿਲਸਿਲੇ ਤੋਂ ਬਾਅਦ ਵਿਸ਼ਵ ਭਰ ਦੇ ਗ੍ਰਾਹਕਾਂ ਅਤੇ ਨਿਵੇਸ਼ਕਾਂ ਵਲੋਂ ਭਾਰਤੀ ਵਪਾਰਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਇਸ ਘਟਨਾ ਦਾ ਚੌਥਾ ਘਾਟਾ (ਕਿਸੇ ਹੱਦ ਤੱਕ) ਭਾਰਤ ਦੀ ਸਮੁੱਚੀ ਅਰਥਵਿਵਸਥਾ ਨੂੰ ਵੀ ਪਵੇਗਾ।
----
ਤੀਜਾ ਨੁਕਤਾ ਇਸ ਘਪਲੇ ਵਿਚ ਦੋਸ਼ੀ ਧਿਰਾਂ ਦੀ ਨਿਸ਼ਾਨਦੇਹੀ ਕਰਨਾ ਹੈ। ਸਰਕਾਰ ਇਸ ਦੀ ਜਾਂਚ ਸੀ.ਆਈ.ਐਫ.ਓ. (ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫ਼ਿਸ) ਦੇ ਹੱਥਾਂ ਵਿਚ ਦਿੰਦੀ ਜਾਪਦੀ ਹੈ। ਸਰਕਾਰੀ ਜਾਂਚ ਚਾਹੇ ਜਿੰਨਾ ਵੀ ਸਮਾਂ ਲਵੇ, ਕੁਝ ਦੋਸ਼ੀ ਧਿਰਾਂ ਤਾਂ ਉੱਭਰ ਕੇ ਸਾਹਮਣੇ ਆ ਹੀ ਰਹੀਆਂ ਹਨ। ਬਿਨਾਂ ਸ਼ੱਕ ਪਹਿਲਾ ਗੁਨਾਹਗਾਰ ਕੰਪਨੀ ਦਾ ਚੇਅਰਮੈਨ ਰਾਮਲਿੰਗਾ ਰਾਜੂ ਹੈ ਪ੍ਰੰਤੂ ਗੱਲ ਉਸੇ ਤੱਕ ਸੀਮਤ ਨਹੀਂ। ਕੰਪਨੀ ਦੇ ਆਡਿਟਰ – ਪਰਾਈਸ ਵਾਟਰਹਾਊਸ - ਦੀ ਭੂਮਿਕਾ ਸੰਦੇਹ ਦੇ ਘੇਰੇ ਵਿਚ ਆਉਂਦੀ ਹੈ। ਇਕ ਸਾਧਾਰਨ ਆਡਿਟਰ ਵੀ ਖਾਤਿਆਂ ’ਤੇ ਦਸਤਖ਼ਤ ਕਰਨ ਤੋਂ ਪਹਿਲਾਂ ਬੈਂਕ ਸਟੇਟਮੈਂਟ ਦੇਖਦਾ ਹੈ ਤਾਂ ਇੰਨੀ ਵੱਡੀ ਆਡਿਟ ਫ਼ਰਮ ਤੋਂ ਇਹ ਕਿਉਂ ਨਾ ਹੋਇਆ? ਇਹ ਤਾਂ ਜਾਂਚ ਹੀ ਦੱਸੇਗੀ ਕਿ ਕੀ ਆਡਿਟ ਫ਼ਰਮ ਰਾਜੂ ਦੇ ਨਾਲ ਮਿਲੀ ਹੋਈ ਸੀ ਜਾਂ ਗੱਲ ਕੁਝ ਹੋਰ ਸੀ। ਇਥੇ ਇਹ ਵੀ ਯਾਦ ਰੱਖਣਯੋਗ ਹੈ ਕਿ ਕੁਝ ਸਾਲ ਪਹਿਲਾਂ ਡੁੱਬ ਗਏ ਗਲੋਬਲ ਟਰਸਟ ਬੈਂਕ ਦੇ ਆਡਿਟਰ ਵੀ ਪਰਾਈਸ ਵਾਟਰਹਾਊਸ ਹੀ ਸਨ। ਇਸ ਘਟਨਾ ਦੇ ਗੁਨਾਹਗਾਰਾਂ ਦੀ ਸੂਚੀ ਵਿਚੋਂ ਬੈਕਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਵੱਡੀ ਕੰਪਨੀ ਹੋਣ ਕਾਰਨ ਸੱਤਿਅਮ ਦੇ ਕਈ ਬੈਂਕਰ ਹਨ। ਹਰ ਤਿਮਾਹੀ ਦੇ ਅੰਤ ’ਤੇ ਸਟੇਟਮੈਂਟਾਂ ਅਤੇ ਸਰਟੀਫਿਕੇਟ ਦੇਣੇ ਬੈਂਕਾਂ ਦੀ ਜਿੰਮੇਵਾਰੀ ਬਣਦੀ ਹੈ। ਇਸ ਸੰਦਰਭ ਵਿਚ ਆਜ਼ਾਦ ਡਾਇਰੈਕਟਰਾਂ ਦੀ ਭੂਮਿਕਾ ’ਤੇ ਵੀ ਸਵਾਲ ਉੱਠਣੇ ਨਿਸ਼ਚਿਤ ਹਨ। ਆਜ਼ਾਦ ਡਾਇਰੈਕਟਰ ਕੰਪਨੀ ਦੇ ਬੋਰਡ ਉੱਤੇ ਆਮ ਜਨਤਾ ਦੀ ਪ੍ਰਤੀਨਿਧਤਾ ਕਰਦੇ ਹਨ। ਸਵਾਲ ਇਹ ਹੈ ਕਿ ਕੀ ਆਜ਼ਾਦ ਡਾਇਰੈਕਟਰਾਂ ਨੂੰ ਐਨੇ ਵੱਡੇ ਘਪਲੇ ਦੀ ਅਤੇ ਮੈਟਾਸ ਨੂੰ ਖ਼ਰੀਦਣ ਵਾਲੀ ਚਾਲ ਦੀ ਸਮਝ ਹੀ ਨਾ ਆਈ ਜਾਂ ਉਹ ਜਾਣ ਬੁੱਝ ਕੇ ਚੁੱਪ ਕਰ ਰਹੇ? ਮੈਟਾਸ ਨੂੰ ਖ਼ਰੀਦਣ ਦੇ ਫੈਸਲੇ ਤੋਂ ਪੈਦਾ ਹੋਏ ਰੋਸ ਅਤੇ ਫੈਸਲਾ ਵਾਪਸ ਲਏ ਜਾਣ ਤੋਂ ਮਗਰੋਂ ਅਸਤੀਫ਼ੇ ਦੇਣ ਦੀ ਥਾਂ ਉਹ ਪਹਿਲਾਂ ਅਸਤੀਫ਼ੇ ਕਿਉਂ ਨਾ ਦੇ ਸਕੇ? ਇਥੇ ਆਜ਼ਾਦ ਡਾਇਰੈਕਟਰਾਂ ਦੀ ਨਿਯੁਕਤੀ ਦਾ ਸਿਸਟਮ ਧਿਆਨ ਦੀ ਮੰਗ ਕਰਦਾ ਹੈ। ਆਜ਼ਾਦ ਡਾਇਰੈਕਟਰਾਂ ਦੀ ਨਿਯੁਕਤੀ ਕੰਪਨੀ ਮੈਨੇਜਮੈਂਟ ਕਰਦੀ ਹੈ। ਇਕ ਸਰਵੇ ਅਨੁਸਾਰ 90 ਫ਼ੀਸਦੀ ਕੰਪਨੀਆਂ ਵਿਚ ਚੇਅਰਮੈਨ ਅਤੇ/ਜਾਂ ਸੀ.ਈ.ਓ. ਦੇ ਕਹੇ ਅਨੁਸਾਰ ਹੀ ਆਜ਼ਾਦ ਡਾਇਰੈਕਟਰ ਲਗਾਏ ਜਾਂਦੇ ਹਨ। ਅਸਲ ਵਿਚ ਆਜ਼ਾਦ ਡਾਇਰੈਕਟਰ ਸੰਸਥਾਗਤ ਨਿਵੇਸ਼ਕਾਂ ਵਿਚੋਂ ਹੋਣੇ ਚਾਹੀਦੇ ਹਨ ਕਿਉਂਕਿ ਉਹਨਾਂ ਦੀ ਨਿਵੇਸ਼ਤ ਰਾਸ਼ੀ ਵੱਡੀ ਹੁੰਦੀ ਹੈ। ਇਉਂ ਆਮ ਨਿਵੇਸ਼ਕ ਦੇ ਹਿਤਾਂ ਦੀ ਰਾਖੀ ਵੀ ਹੋ ਸਕਦੀ ਹੈ। ਨਾਲ ਹੀ ਕੰਪਨੀ ਦੇ ਬੋਰਡ ’ਤੇ ਮੁਲਾਜ਼ਮਾਂ ਦੇ ਨੁਮਾਇੰਦੇ ਦਾ ਹੋਣਾ ਵੀ ਅਤਿਅੰਤ ਜ਼ਰੁਰੀ ਹੈ।
ਇਸ ਤੋਂ ਇਲਾਵਾ ਗੌਲਣਯੋਗ ਤੱਥ ਇਹ ਵੀ ਹੈ ਕਿ ਹਾਲੇ ਤੀਕ ਬਹੁਤੀਆਂ ਭਾਰਤੀ ਕੰਪਨੀਆਂ ਨੇ ਚੇਅਰਮੈਨ ਅਤੇ ਸੀ.ਈ.ਓ. ਦੀਆਂ ਭੂਮਿਕਾਵਾਂ ਦੀ ਨਿਸ਼ਾਨਦੇਹੀ ਨਹੀਂ ਕੀਤੀ। ਸੈਂਸੈਕਸ ਵਿਚਲੀਆਂ ਤੀਹ ਕੰਪਨੀਆਂ ਵਿਚੋਂ ਕੇਵਲ 19 ਨੇ ਦੋਵੇਂ ਭੁਮਿਕਾਵਾਂ ਨੂੰ ਵੱਖਰੇ ਕੀਤਾ ਹੈ। ਇਥੋਂ ਤੱਕ ਕਿ ਚੰਗੀਆਂ ਕੰਪਨੀਆਂ ਵਿਚ ਗਿਣੀਆਂ ਜਾਂਦੀਆਂ ਭਾਰਤੀ ਟੈਲੀ ਅਤੇ ਵਿਪਰੋ ਆਦਿ ਨੇ ਵੀ ਅਜਿਹਾ ਨਹੀਂ ਕੀਤਾ। ਕਈ ਕੰਪਨੀਆਂ ਜਿਹਨਾਂ ਨੇ ਦੋਵੇਂ ਰੋਲ ਵੱਖੋ-ਵੱਖਰੇ ਬੰਦਿਆਂ ਨੂੰ ਦਿੱਤੇ ਹਨ, ਵਿਚ ਵੀ ਰਿਸ਼ਤੇਦਾਰਾਂ ਨੂੰ ਹੀ ਅੱਗੇ ਲਿਆਂਦਾ ਗਿਆ ਹੈ ਜਿਸ ਨਾਲ ਬੇਨਿਯਮੀਆਂ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਦੇ ਉਲਟ ਯੂਰੋਪ ਵਿਚ 90% ਅਤੇ ਅਮਰੀਕਾ ਵਿਚ 61% ਕੰਪਨੀਆਂ ਵਿਚ ਦੋਵੇਂ ਭੂਮਿਕਾਵਾਂ ਨੂੰ ਇਕ ਦੂਜੀ ਤੋਂ ਨਿਖੇੜਿਆ ਗਿਆ ਹੈ।
----
ਇਸ ਘੋਟਾਲੇ ਨਾਲ ਭਾਰਤ ਦੇ ਉਦਯੋਗ ਜਗਤ ਦਾ ਸਿਰ ਨੀਵਾਂ ਹੋਇਆ ਹੈ। ਅਜਿਹੇ ਵਿਚ ਆਪਣੀ ਪੁਰਾਣੀ ਸਾਖ਼ ਪਾਉਣ ਲਈ ਜਿਥੇ ਉਦਯੋਗ ਨੂੰ ਪੁਰਜ਼ੋਰ ਮਿਹਨਤ ਕਰਨੀ ਪਵੇਗੀ ਉਥੇ ਵਿਸ਼ਵ ਭਰ ਨੂੰ ਇਹ ਵੀ ਸਮਝਾਉਣਾ ਪਵੇਗਾ ਕਿ ਸਮੁੱਚੇ ਭਾਰਤੀ ਉਦਯੋਗ ਨੂੰ ਇਸ ਘੋਟਾਲੇ ਦੀ ਨਜ਼ਰ ਤੋਂ ਨਾ ਵਾਚਿਆ ਜਾਵੇ। ਇਹ ਇੱਕ ਐਸੀ ਸ਼ਰਮਨਾਕ ਘਟਨਾ ਹੈ ਜੋ ਦੁਨੀਆਂ ਦੇ ਕਿਸੇ ਵੀ ਖਿੱਤੇ ਵਿਚ ਵਾਪਰ ਸਕਦੀ ਹੈ। ਹਾਲ ਹੀ ਵਿਚ ਵਿਸ਼ਵ ਪੱਧਰ ’ਤੇ 2001 ਵਿਚ ਐਨਰਾਨ ਵਿਚ 5000 ਕਰੋੜ ਡਾਲਰ ਅਤੇ 2004 ਵਿਚ ਟਾਈਕੋ ਵਿਚ 60 ਕਰੋੜ ਡਾਲਰ ਦੇ ਹੋਏ ਵੱਡੇ ਘਪਲੇ ਇਸ ਗੱਲ ਦਾ ਪ੍ਰਮਾਣ ਹਨ।
----
ਸਿਤੰਬਰ 2008 ਵਿਚ ‘ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ’ ਅਤੇ ‘ਇੰਡੀਆ ਫਾਰੈਂਸਿਕ ਕੰਸਲਟੈਂਸੀ ਸਰਵਿਸਜ਼’ ਦੀ ਇਕ ਸਾਂਝਾ ਰਿਪੋਰਟ ਮੁਤਾਬਕ ਭਾਰਤ ਵਿਚ 1200 ਕੰਪਨੀਆਂ ਵਿੱਤੀ ਧੋਖਾਧੜੀ ਕਰ ਰਹੀਆਂ ਹਨ। ਅਜਿਹੇ ਵਿਚ ਸੱਤਿਅਮ ਵਿਚਲੇ ਧੋਖੇ ਦਾ ਪਤਾ ਚੱਲਣਾ ਜਿਥੇ ਇਕ ਅਤਿਅੰਤ ਸ਼ਰਮਨਾਕ ਘਟਨਾ ਹੈ ਉਥੇ ਜਾਗਦੇ ਰਹੋ ਦਾ ਹੋਕਾ ਵੀ ਹੈ।

Thursday, January 1, 2009

ਗਗਨਦੀਪ ਸ਼ਰਮਾ - ਨਜ਼ਮ

ਸਾਲ ਮੁਬਾਰਕ

ਨਜ਼ਮ

ਕਿੰਝ ਆਖਾਂ ਮੈਂ....

‘ਸਾਲ ਮੁਬਾਰਕ’?

ਕਿੰਝ ਹੋ ਸਕਦੈ.....

‘ਸਾਲ ਮੁਬਾਰਕ’?

----

ਮਨ ਵਿਚ ਚਲਦਾ ਯੁੱਧ ਭਿਅੰਕਰ

ਪੁਰਜ਼ਾ-ਪੁਰਜ਼ਾ ਦਿਲ ਦਾ ਤੰਤਰ

ਇਹਨਾਂ ਹਾਲਾਤਾਂ ਦੇ ਵਿਚ

ਦਿਲ ਨੂੰ ਕਿਵੇਂ ਕਹਾਂ –

‘ਇਹ ਹਾਲ ਮੁਬਾਰਕ’?

----

ਮੰਡੀ ਦੇ ਵਿਚ ਲਫ਼ਜ਼ ਨੇ ਵਿਕਦੇ

ਸ਼ਾਇਰ ਦੇ ਪਰ ਕੋਲ਼ ਨਾ ਟਿਕਦੇ

ਸ਼ਾਇਰ ਨੂੰ ਕਿੰਝ ਕਹਿ ਸਕਦੇ ਹੋ –

‘ਲਫ਼ਜ਼ਾਂ ਦੀ ਹੜਤਾਲ ਮੁਬਾਰਕ’?

----

ਆਪ ਹੀ ਜਣ ਕੇ ਫਾਹੇ ਲਾਉਂਦੇ

ਅਮਨ ਦੇ ਫ਼ਿਰ ਰਾਖੇ ਅਖਵਾਉਂਦੇ

ਜੋ ਇਹਨਾਂ ਦੇ ਗੜ੍ਹ ਤੋੜਨਗੇ

ਮਾਵਾਂ ਨੂੰ ਉਹ ਲਾਲ ਮੁਬਾਰਕ।

----

ਮਨ ਤਾਈਂ ਪਰਵਾਜ਼ ਮਿਲੇ ਜਦ

ਲਫ਼ਜ਼ਾਂ ਨੂੰ ਆਵਾਜ਼ ਮਿਲੇ ਜਦ

ਦਹਿਸ਼ਤ ਵਾਲਾ ਨਾਗ ਜਾਂ ਮਰਿਆ

ਮਜ਼ਲੂਮਾਂ ਨੂੰ ਰਾਜ ਮਿਲੇ ਜਦ

ਫਿਰ ਆਪੇ ਹੀ ਮਨ ਬੋਲੇਗਾ

...............................

ਫਿਰ ਆਪੇ ਹੀ ਮਨ ਗਾਵੇਗਾ

.............................

ਫਿਰ ਆਖਾਂਗੇ –

‘ਸਾਲ ਮੁਬਾਰਕ’

.................

ਫਿਰ ਹੋਵੇਗਾ –

‘ਸਾਲ ਮੁਬਾਰਕ’।

Tuesday, December 30, 2008

ਗਗਨਦੀਪ ਸ਼ਰਮਾ - ਲੇਖ

ਅੱਤਵਾਦ ਖ਼ਿਲਾਫ਼ ਭਾਰਤ ਦੀ ਜੰਗ

ਲੇਖ

ਇਨਸਾਨ ਤੇ ਮੁਲਕ ਗ਼ਲਤੀਆਂ ਕਰ ਕਰ ਕੇ ਹੀ ਸਿੱਖਦੇ ਹਨ । ਆਪਣੀਆਂ ਗ਼ਲਤੀਆਂ ਤੋਂ ਸਿੱਖਣ ਵਾਲਾ ਸਿਆਣਾ ਹੁੰਦਾ ਹੈ ਤਾਂ ਦੂਜੇ ਦੀਆਂ ਗ਼ਲਤੀਆਂ ਤੋਂ ਸਿੱਖਣ ਵਾਲਾ ਮਹਾਂ-ਗਿਆਨੀ । ਅਮਰੀਕਾ ਨੇ 11 ਸਿਤੰਬਰ ਦੀ ਦੁਰਘਟਨਾ ਤੋਂ ਸਬਕ ਲਿਆ ਅਤੇ ਆਪਣੇ ਸੁਰੱਖਿਆ ਸਿਸਟਮ ਨੂੰ ਕੈੜਾ ਕਰ ਲਿਆ । ਭਾਰਤ ਕੋਲ ਮਹਾਂ-ਗਿਆਨੀਆਂ ਵਾਂਗ ਇਸੇ ਦੁਰਘਟਨਾ ਦੇ ਸਬਕ ਵਜੋਂ ਆਪਣੀ ਸੁਰੱਖਿਆ ਵਿਵਸਥਾ ਨੂੰ ਤਿੱਖਿਆਂ ਕਰਨ ਦਾ ਮੌਕਾ ਸੀ 1 ਉਹ ਮੌਕਾ ਖੁੰਝ ਗਿਆ ਅਤੇ ਸਿੱਟੇ ਵਜੋਂ 26 ਨਵੰਬਰ ਦਾ ਦੁਖਾਂਤ ਵਾਪਰਿਆ ।

55 ਘੰਟਿਆਂ ਤੱਕ ਮੁਕਾਬਲਾ ਚਲਦਾ ਰਿਹਾ । ਉਂਝ ਇੰਨੀ ਦੇਰ ਮੁਕਾਬਲੇ ਨਹੀਂ, ਜੰਗ ਚਲਦੀ ਹੈ । ਕਈ ਵਾਰ ਜੰਗ ਦਿਨਾਂ ਤੱਕ ਚਲਦੀ ਹੈ, ਕਦੇ ਹਫ਼ਤਿਆਂ ਤੱਕ, ਕਦੇ ਮਹੀਨਿਆਂ ਤੱਕ, ਕਈ ਵਾਰ ਸਾਲਾਂ ਤੱਕ ਅਤੇ ਕਈ ਵਾਰ ਜੰਗ ਦਹਾਕਿਆਂ ਤੱਕ ਵੀ ਜਾਰੀ ਰਹਿੰਦੀ ਹੈ । ਦੇਖਿਆ ਜਾਵੇ ਤਾਂ ਇਹ ਮੁਕਾਬਲਾ ਵੀ ਜੰਗ ਦਾ ਹੀ ਹਿੱਸਾ ਹੈ । ਜੰਗ, ਜੋ ਭਾਰਤ ਦਹਾਕਿਆਂ ਤੋਂ ਲੜ ਰਿਹਾ ਹੈ ਅੱਤਵਾਦ ਦੇ ਖ਼ਿਲਾਫ਼ । ਏਨੀ ਲੰਬੀ ਜੰਗ ਲੜਨ ਵਾਲਾ, ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਅਤੇ ਨੌਜਵਾਨ ਸ਼ਕਤੀ ਦੇ ਬਿੰਬ ਭਗਤ ਸਿੰਘ ਦਾ ਇਹ ਮੁਲਕ, ਜੰਗ ਵੀ ਸ਼ਾਂਤੀ ਵਾਂਗ ਲੜਦਾ ਆ ਰਿਹਾ ਹੈ । ਇਸ ਨਾਲ ਸਾਡੇ ਲੋਕਤੰਤਰ ਦੇ ਕੇਲੇ ਵਾਂਗ ਪਿਲਪਿਲੇ ਹੋ ਗਏ ਹੋਣ ਦਾ ਖ਼ਿਆਲ ਆਉਂਦਾ ਹੈ ।

ਭਾਰਤ ਅੱਤ ਦੇ ਕੇਂਦਰ ਵਿਚ ਸਥਿਤ ਹੈ । ਪੱਛਮ ਵਾਲੇ ਪਾਸੇ ਪਾਕਿਸਤਾਨ ਹੈ ਜੋ ਜੇਹਾਦੀਆਂ ਦਾ ਅੱਡਾ ਬਣ ਚੁੱਕਾ ਹੈ ਅਤੇ ਜਿਥੋਂ ਦੀ ਸਰਕਾਰ ਦਾ ਅੱਤਵਾਦ ’ਤੇ ਰਤਾ ਵੀ ਨਿਯੰਤ੍ਰਣ ਨਹੀਂ, ਨਾ ਹੀ ਨਿਯੰਤ੍ਰਣ ਕਰਨ ਦੀ ਇੱਛਾ ਹੈ । ਪੂਰਬ ਵਲ ਬੰਗਲਾਦੇਸ਼ ਹੈ ਜਿਥੇ ਅੱਤ ਦੇ ਸਰਗਨਾ ਜਾਣਦੇ ਹਨ ਕਿ ਸਰਕਾਰ ਚਾਹ ਕੇ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ । ਉੱਤਰ ਵਲ ਨੇਪਾਲ ਵਸਦਾ ਹੈ ਜਿਥੇ ਅੱਤਵਾਦੀ ਤੇ ਮਾਓਵਾਦੀ ਖੁੱਲ੍ਹੇਆਮ ਦਹਿਸ਼ਤ ਫੈਲਾਉਂਦੇ ਹਨ । ਦੱਖਣ ਵਲ ਸਥਿਤ ਸ੍ਰੀਲੰਕਾ ਲਿੱਟੇ ਦੀਆਂ ਗਤੀਵਿਧੀਆਂ ਦਾ ਕੇਂਦਰ ਹੈ । ਅਜਿਹੀ ਭੂਗੋਲਿਕ ਥਾਂ ’ਤੇ ਵਸਦਾ ਹੋਣ ਕਾਰਨ ਲੋੜ ਤਾਂ ਭਾਰਤ ਨੂੰ ਜ਼ਿਆਦਾ ਸਤਰਕ ਹੋਣ ਦੀ ਹੈ ਪਰ ਅਸੀਂ ਅੰਦਰੂਨੀ ਧਰਮ ਅਤੇ ਰਾਜਨੀਤੀ ਦੀ ਲੜਾਈ ਵਿਚ ਹੀ ਗ੍ਰਸਤ ਹੋ ਰਹੇ ਹਾਂ । ਆਲਮ ਇਹ ਹੈ ਕਿ 2008 ਵਿਚ ਹਰ ਮਹੀਨੇ ਕੋਈ ਨਾ ਕੋਈ ਵੱਡੀ ਅੱਤਵਾਦੀ ਘਟਨਾ ਹੋਈ ਹੈ ।

ਪਿਛਲੇ ਕੁਝ ਮਹੀਨਿਆਂ ਵੱਲ ਨਜ਼ਰ ਮਾਰੀਏ ਤਾਂ ਮਈ ਵਿਚ ਜੈਪੁਰ ਵਿਚ 80 ਜਾਨਾਂ ਗਈਆਂ, ਜੁਲਾਈ ਵਿਚ ਬੰਗਲੋਰ ਵਿਚ 2 ਤੇ ਅਹਿਮਦਾਬਾਦ ਵਿਚ 45 ਜਾਨਾਂ ਦਾ ਨੁਕਸਾਨ ਹੋਇਆ, ਸਿਤੰਬਰ ਵਿਚ ਮਾਲੇਗਾਓਂ ਵਿਚ 5 ਤੇ ਨਵੀਂ ਦਿੱਲੀ ਵਿਚ 21 ਜ਼ਿੰਦਗ਼ੀਆਂ ਦੀ ਸ਼ਾਮ ਹੋ ਗਈ, ਅਕਤੂਬਰ ਵਿਚ ਅਸਾਮ ਵਿਚ 80 ਨਾਗਰਿਕ ਮਾਰੇ ਗਏ ਅਤੇ ਹੁਣ ਮੁੰਬਈ ਵਿਚ 200 ਘਰਾਂ ਦੇ ਚਿਰਾਗ਼ ਬੁਝ ਗਏ । ਇਸ ਤੋਂ ਬਿਨਾਂ ਕਸ਼ਮੀਰ, ਅਸਾਮ, ਝਾਰਖੰਡ ਤੇ ਛੱਤੀਸਗੜ੍ਹ ਵਿਚ ਨਿੱਤ ਦਿਨ ਅੱਤ ਦਾ ਤਾਂਡਵ ਚਲਦਾ ਰਹਿੰਦਾ ਹੈ । ਨਾਲ ਹੀ ਨੇਤਾਵਾਂ ਦੀ ਸ਼ਹਿ ’ਤੇ ਗੋਧਰਾ, ਮੁੰਬਈ ਜਾਂ ਮਾਲੇਗਾਓਂ ਵਿਚ ਧਰਮ ਦੇ ਨਾਂ ’ਤੇ ਜ਼ਿੰਦਗ਼ੀ ਮੌਤ ਦੀ ਬੁੱਕਲ ਵਿਚ ਕਦ ਜਾ ਬਹਿੰਦੀ ਹੈ, ਪਤਾ ਹੀ ਨਹੀਂ ਲੱਗਦਾ । ਗਲੋਬਲ ਟੈਰੋਰਿਜ਼ਮ ਡੈਟਾਬੇਸ (ਜੀ ਟੀ ਡੀ) ਦੇ ਅੰਕੜਿਆਂ ਅਨੁਸਾਰ 1970 ਤੋਂ 2004 ਤੱਕ 4108 ਅੱਤਵਾਦੀ ਘਟਨਾਵਾਂ ਹੋਈਆਂ ਅਤੇ ਇਹਨਾਂ ਵਿਚ 12539 ਮੌਤਾਂ ਹੋਈਆਂ ਜਿਸ ਦਾ ਮਤਲਬ ਹੈ ਕਿ ਹਰ ਰੋਜ਼ ਇਕ ਮੌਤ । ਜਿਥੇ ਅੱਤ ਅਤੇ ਮੌਤ ਦੀਆਂ ਘਟਨਾਵਾਂ ਇਸ ਕਦਰ ਕਹਿਰ ਵਰਸਾ ਰਹੀਆਂ ਹੋਣ, ਉਥੇ ਕਿਸੇ ਸਵਾਰਥੀ ਨੇਤਾ ਵਲੋਂ ਮੁੰਬਈ ਵਰਗੀ ਅੱਤ ਨੂੰ ‘ਆਮ ਜਿਹੀ ਘਟਨਾ’ ਗਰਦਾਨਣਾ ਹੈਰਾਨ ਨਹੀਂ ਕਰਦਾ ।

ਇਸ ਹਮਲੇ ਤੋਂ ਬਾਅਦ ਕੁਝ ਬੁਨਿਆਦੀ ਸਵਾਲ ਖੜ੍ਹੇ ਹੁੰਦੇ ਹਨ । ਇਹਨਾਂ ਵਿਚੋਂ ਪਹਿਲਾ ਖੁਫ਼ੀਆ ਸੂਚਨਾ ਤੰਤਰ ਦੇ ਬਾਰੇ ਹੈ । ਇਹ ਜਾਨਣਾ ਬੇਹੱਦ ਜ਼ਰੂਰੀ ਹੈ ਕਿ ਸਰਕਾਰ ਨੂੰ ਅੱਤਵਾਦੀ ਹਮਲੇ ਦੀ ਸੰਭਾਵਨਾ ਦੇ ਬਾਰੇ ਕੀ ਜਾਣਕਾਰੀ ਸੀ ਅਤੇ ਸਰਕਾਰ ਨੇ ਉਸ ਜਾਣਕਾਰੀ ਤੋਂ ਬਾਅਦ ਕੀ ਕਦਮ ਉਠਾਏ । ਸਰਕਾਰ ਦੇ ਖੁਫ਼ੀਆ ਤੰਤਰ ਦੀਆਂ ਖਾਮੀਆਂ ਕਾਰਨ ਇਹ ਹਮਲੇ ਸੰਭਵ ਹੋਏ ਤਾਂ ਕੋਤਾਹੀ ਵਰਤਣ ਵਾਲੇ ਅਫ਼ਸਰਾਂ ਅਤੇ ਰਾਜਨੀਤਕਾਂ ਖ਼ਿਲਾਫ਼ ਕੀ ਕਾਰਵਾਈ ਹੋ ਰਹੀ ਹੈ (ਬਦਲੀਆਂ ਜਾਂ ਅਸਤੀਫ਼ੇ ਕੋਈ ਠੋਸ ਕਾਰਵਾਈ ਨਹੀਂ, ਸਜ਼ਾ ਮਿਲਣੀ ਜ਼ਰੂਰੀ ਹੈ) 1 ਸਰਕਾਰ ਲਈ ਇਹ ਵੀ ਜ਼ਰੂਰੀ ਹੈ ਕਿ ਰਾਅ (ਰਿਸਰਚ ਐਂਡ ਅਨੈਲਸਿਸ ਵਿੰਗ) ਦੀ ਗੁਪਤ ਕਾਰਜ ਯੋਗਤਾ (Covert Action Capability) ਦੀ ਪੁਨਰ ਸਥਾਪਨਾ ਕੀਤੀ ਜਾਵੇ ਤਾਂ ਜੋ ਪਾਕਿਸਤਾਨ ਨੂੰ ਆਪਣੀਆਂ ਅੱਤਵਾਦੀ ਸਰਗਰਮੀਆਂ ਦੀ ਕੀਮਤ ਚੁਕਾਉਣੀ ਪਵੇ । ਖਾਲਿਸਤਾਨੀ ਲਹਿਰ ਵੇਲੇ ਇਸੇ ਯੋਗਤਾ ਸਦਕਾ ਪਾਕਿਸਤਾਨ ਨੂੰ ਆਪਣੀਆਂ ਸਰਗਰਮੀਆਂ ਦਾ ਭਾਰੀ ਮੁੱਲ ਚੁਕਾਉਣਾ ਪਿਆ ਸੀ । ਇਹ ਯੋਗਤਾ 1997 ਵਿਚ ਇੰਦਰ ਕੁਮਾਰ ਗੁਜਰਾਲ ਦੁਆਰਾ ਠੱਪ ਕਰ ਦਿੱਤੀ ਗਈ ਸੀ ।

ਦੂਜਾ ਸਵਾਲ ਸੁਰੱਖਿਆ ਏਜੰਸੀਆਂ ਨਾਲ ਸਬੰਧਿਤ ਹੈ । ਇਸ ਆਪਰੇਸ਼ਨ ਵਿਚ ਪੁਲਿਸ, ਮੇਰਾਈਨ ਕਮਾਂਡੋ (ਮਾਰਕੋ), ਗਾਰੂਦ, ਐਂਟੀ ਟੈਰੋਰਿਸਟ ਸਕੁਐਡ ਅਤੇ ਨੈਸ਼ਨਲ ਸਿਕਿਉਰਿਟੀ ਗਾਰਡ ਦਾ ਯੋਗਦਾਨ ਸੀ । ਇਹਨਾਂ ਸਾਰੀਆਂ ਏਜੰਸੀਆਂ ਦੀ ਬੁਨਿਆਦੀ ਭੁਮਿਕਾ ਅਤੇ ਕਾਰਜਸ਼ੈਲੀ ਵੱਖਰੀ ਹੈ । ਕੀ ਇਹਨਾਂ ਵਿਚਕਾਰ ਤਾਲਮੇਲ ਦੀ ਘਾਟ ਤਾਂ ਨਹੀਂ ਸੀ ਕਿ ਇਸ ਆਪਰੇਸ਼ਨ ਵਿਚ 10 ਅੱਤਵਾਦੀਆਂ ਦਾ ਪਾਰ ਪਾਉਣ ਲਈ 55 ਘੰਟੇ ਲੱਗੇ?

ਤੀਜਾ, ਭਵਿੱਖ ਵਿਚ ਜੇਕਰ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਾਡੀ ਤਿਆਰੀ ਕੀ ਹੈ? ਸਦਕੇ ਜਾਈਏ ਸੁਰੱਖਿਆ ਜਵਾਨਾਂ ਦੇ ਜੋ ਮੁੰਬਈ ਵਿਚ ਅੱਤਵਾਦੀਆਂ ਦੇ ਆਧੁਨਿਕ ਹਥਿਆਰਾਂ ਦਾ ਮੁਕਾਬਲਾ ਆਪਣੇ ਵੇਲ਼ਾ ਵਿਹਾ ਚੁੱਕੇ ਹੀਥਆਰਾਂ ਨਾਲ ਹੀ ਕਰਦੇ ਰਹੇ ਪਰ ਭਵਿੱਖ ਵਿਚ ਸੁਰੱਖਿਆ ਦਸਤਿਆਂ ਦੇ ਹਥਿਆਰਾਂ ਦੇ ਆਧੁਨਿਕੀਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ ।

ਚੌਥਾ, ਕੀ ਭਾਰਤ ਦੇ ਰਾਜਾਂ ਨੂੰ ਅਲੱਗ ਸਮਝਣ ਦੀ ਰਾਜਨੇਤਾਵਾਂ ਦੀ ਆਦਤ ਕਦੇ ਜਾਵੇਗੀ? ਮਹਾਰਾਸ਼ਟਰ ਵਿਚ ਬਿਹਾਰੀਆਂ ਨਾਲ ਜੋ ਕੁਝ ਹੋਇਆ, ਕੀ ਸਾਡੇ ਖੇਤਰੀ ਨੇਤਾ ਸਾਨੂੰ ਅਜਿਹੀ ਸੇਧ ਹੀ ਦਿੰਦੇ ਰਹਿਣਗੇ ਅਤੇ ਇਸ ਸਭ ਦੇ ਬਾਵਜੂਦ ਕੀ ਦੋਵੇਂ ਪ੍ਰਮੁੱਖ ਰਾਸ਼ਟਰੀ ਪਾਰਟੀਆਂ ਚੁੱਪ ਧਾਰੀ ਰਹਿਣਗੀਆਂ? ਕੀ ਰਾਜ ਸਰਕਾਰਾਂ ਬਿਹਤਰ ਤਰੀਕੇ ਨਾਲ ਸੂਚਨਾ ਦਾ ਆਦਾਨ ਪ੍ਰਦਾਨ ਕਰ ਕੇ ਅੱਤਵਾਦ ਵਿਰੁੱਧ ਸਾਂਝਾ ਮੋਰਚਾ ਖੋਲ੍ਹਣ ਦੀ ਸਮਝ ਰੱਖਣਗੀਆਂ?

ਪੰਜਵਾਂ, ਕੀ ਸਾਡੀ ਸਰਕਾਰ ਅੱਤਵਾਦ ਵਿਰੁੱਧ ਠੋਸ ਸਟੈਂਡ ਲਵੇਗੀ? ਅੱਤਵਾਦੀਆਂ ਨੂੰ ਇੱਜ਼ਤ ਮਾਣ ਨਾਲ ਦੂਜੇ ਮੁਲਕ ਛੱਡ ਆਉਣ ਜਿਹੀਆਂ ਘਟਨਾਵਾਂ ਅੱਤਵਾਦੀਆਂ ਦੀ ਹੌਸਲਾ ਵਧਾਉਣ ਤੋਂ ਵੱਧ ਹੋਰ ਕੁਝ ਨਹੀਂ ਕਰਦੀਆਂ । ਅੱਤ ਦੀ ਕੋਈ ਜਾਤ ਨਹੀਂ ਹੁੰਦੀ ਅਤੇ ਅੱਤਵਾਦੀ ਹਿੰਦੂ, ਮੁਸਲਮਾਨ, ਸਿੱਖ, ਇਸਾਈ ਜਾਂ ਹੋਰ ਕਿਸੇ ਵੀ ਧਰਮ ਨਾਲ ਸਬੰਧਿਤ ਹੋ ਸਕਦਾ ਹੈ । ਇਕ ਹੀ ਧਰਮ ਵਿਸ਼ੇਸ਼ ਨਾਲ ਅੱਤਵਾਦ ਨੂੰ ਜੋੜ ਕੇ ਦੇਖਣਾ ਘਟੀਆ ਰਾਜਨੀਤੀ ਦੀ ਮਿਸਾਲ ਮਾਤਰ ਹੀ ਹੋ ਸਕਦਾ ਹੈ 1

ਇਸ ਸਭ ਤੋਂ ਪੈਦਾ ਹੁੰਦਾ ਛੇਵਾਂ ਸਵਾਲ ਇਲੈਕਟ੍ਰਾਨਿਕ ਮੀਡੀਆ ਦੇ ਸਬੰਧ ਵਿਚ ਹੈ । ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਵਿਧਾਨਪਾਲਿਕਾ ਤੋਂ ਬਾਅਦ ਮੀਡੀਆ ਲੋਕਤੰਤਰ ਦੀ ਮੰਜੀ ਦਾ ਚੌਥਾ ਪਾਵਾ ਹੁੰਦਾ ਹੈ । ਕੁੱਲ ਦੁਨੀਆਂ ਨੂੰ ਜਾਗਰੂਕ ਬਣਾਉਣ ਅਤੇ ਸਭ ਦੀਆਂ ਅੱਖਾਂ ਖੋਲ੍ਹਣ ਦੇ ਦਾਅਵੇ ਕਰਨ ਵਾਲਾ ਮੀਡੀਆ ਖ਼ੁਦ ਆਪਣੀਆਂ ਅੱਖਾਂ ਕਦ ਖੋਲ੍ਹੇਗਾ, ਖੋਲ੍ਹੇਗਾ ਵੀ ਜਾਂ ਨਹੀਂ? ਉਹ ਮੀਡੀਆ ਜੋ ਲੋਕਤੰਤਰ ਦੀ ਅੱਖ ਹੁੰਦਾ ਹੈ , ਸੁਰੱਖਿਆ ਏਜੰਸੀਆਂ ਦੇ ਹਰ ਕਦਮ ਦਾ ਸਿੱਧਾ ਪ੍ਰਸਾਰਣ ਕਰ ਕੇ ਅੱਤਵਾਦੀਆਂ ਦੀ ਅੱਖ ਬਣ ਸਕਦਾ ਹੈ । ਇਥੇ ਹੀ ਬੱਸ ਨਹੀਂ, ਸਨਸਨੀ ਫੇਲਾਉਣ ਦੀ ਹੋੜ ਵਿਚ ਇਕ ਚੈਨਲ ਤਾਂ ਅੱਤਵਾਦੀ ਨਾਲ ਮੁਲਾਕਾਤ ਕਰਾਉਣ ਦੀ ਹੱਦ ਤਕ ਚਲਿਆ ਗਿਆ । ਪ੍ਰੈਸ ਦੀ ਆਜ਼ਾਦੀ ਦਾ ਨਾਜਾਇਜ਼ ਫ਼ਾਇਦਾ ਉਠਾਉਣ ਵਾਲੇ ਅਜਿਹੇ ਚੈਨ ਖ਼ਿਲਾਫ਼ ਤਾਂ ਫ਼ੌਰੀ ਤੌਰ ’ਤੇ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ । ਬਾਕੀ ਇਲੈਕਟ੍ਰਾਨਿਕ ਮੀਡੀਆ ਨੂੰ ਵੀ ਬਾਜ਼ਾਰ ਦੀ ਦੌੜ ਤੋਂ ਉੱਪਰ ਉੱਠ ਕੇ ਆਪਣੀ ਸਕਾਰਾਤਮਕ ਭੂਮਿਕਾ ਸਮਝਣੀ ਤੇ ਨਿਭਾਉਣੀ ਚਾਹੀਦੀ ਹੈ ।

ਇਕ ਆਖ਼ਰੀ ਸਵਾਲ ਆਮ ਨਾਗਰਿਕ ਲਈ ਵੀ ਪੈਦਾ ਹੁੰਦਾ ਹੈ । ਸੁਰੱਖਿਆ ਵਿਚ ਰਹਿਣਾ ਹਰ ਭਾਰਤੀ ਦਾ ਹੱਕ ਹੈ ਪਰ ਉਸੇ ਸੁਰੱਖਿਆ ਦੀ ਰਾਖੀ ਕਰਦਿਆਂ ਜਦ ਕੋਈ ਸੁਰੱਖਿਆ ਕਰਮੀ ਤਲਾਸ਼ੀ ਲੈਣ ਵਰਗਾ ਕੋਈ ਕੰਮ ਕਰਦਾ ਹੈ ਤਾਂ ਇਸ ਨੂੰ ਸਹਿਜ ਨਾਲ ਲੈਣ ਦੀ ਥਾਂ ਆਪਣਾ ਰਸੂਖ ਵਰਤ ਕੇ ਇਸ ਤੋਂ ਬਚਣ ਦੀ ਹਰ ਸੰਭਵ ਕੋਸ਼ਿਸ਼ ਹੁੰਦੀ ਹੈ ।

ਮੁੱਕਦੀ ਗੱਲ ਇਹ ਹੈ ਕਿ ਅੱਤਵਾਦ ਨਾਲ ਜੰਗ ਨਾ ਤਾਂ ਇਕੱਲੇ ਅਫ਼ਸਰਾਂ ਦੀ ਹੈ, ਨਾ ਸਿਰਫ਼ ਸੁਰੱਖਿਆ ਜਵਾਨਾਂ ਦੀ, ਨਾ ਹੀ ਇਹ ਮਹਿਜ਼ ਆਮ ਜਨਤਾ ਦੀ ਜੰਗ ਹੈ, ਨਾ ਇਕੱਲੇ ਮੀਡੀਏ ਦੀ ਅਤੇ ਸਿਰਫ਼ ਰਾਜ ਨੇਤਾਵਾਂ ਦੀ ਤਾਂ ਹਰਗਿਜ਼ ਨਹੀਂ । ਇਹ ਭਾਰਤ ਦੀ ਜੰਗ ਹੈ ਅਤੇ ਇਸ ਨੂੰ ਸਮੁੱਚਾ ਭਾਰਤ ਇਕ ਹੋ ਕੇ ਹੀ ਲੜ ਸਕਦਾ ਹੈ 1 ਸਭ ਤੋਂ ਪਹਿਲਾਂ ਸਾਡੇ ਨੇਤਾਵਾਂ ਨੂੰ ਇਹ ਸਮਝ ਲੈਣਾ ਪਵੇਗਾ ਕਿ ਉਹਨਾਂ ਦੀ ਜ਼ੈੱਡ ਪਲੱਸ ਸਿਕਿਉਰਿਟੀ ਵਿਚਲੇ ਇਕ ਸੁਰੱਖਿਆ ਮੁਲਾਜ਼ਮ ਦੀ ਜਾਨ ਵੀ ਉੰਨੀ ਹੀ ਕੀਮਤੀ ਹੈ ਜਿੰਨੀ ਕਿ ਇਹਨਾਂ ਨੇਤਾਵਾਂ ਦੀ । ਨਹੀਂ ਵਿਸ਼ਵਾਸ ਤਾਂ ਅਜਿਹੀ ਕਿਸੇ ਘਟਨਾ ਦੌਰਾਨ ਮਰਨ ਵਾਲੇ ਕਿਸੇ ਸੁਰੱਖਿਆ ਕਰਮੀ ਦੇ ਪਰਿਵਾਰ ਤੋਂ ਪੁੱਛ ਵੇਖੋ ।

Friday, December 19, 2008

ਗਗਨਦੀਪ ਸ਼ਰਮਾ - ਨਜ਼ਮ

ਮਿਲ਼ਦੀ ਗਿਲ਼ਦੀ ਰਹੀਂ...
ਨਜ਼ਮ

ਕਵਿਤਾ
ਤੂੰ ਮਿਲ਼ਦੀ ਗਿਲ਼ਦੀ ਰਹੀਂ
ਦੂਰ ਨਾ ਹੋਵੀਂ ਮੈਥੋਂ
ਮੇਰੇ ਮਨ ਪੈੜਾਂ ਪਾਉਂਦੀ ਰਹੀਂ
ਮੇਰੇ ਘਰ ਆਉਂਦੀ ਜਾਂਦੀ ਰਹੀਂ !
---
ਕਵਿਤਾ।
ਅੱਖਾਂ ਦੇ ਹੰਝੂ
ਕਦੇ ਬੁੱਲ੍ਹਾਂ ਦੀ ਮੁਸਕਾਨ ਬਣ ਕੇ
ਮਾਂ ਦੀ ਲੋਰੀ
ਜਾਂ ਬੱਚੀ ਦਾ ਅਰਮਾਨ ਬਣ ਕੇ
ਮੇਰੇ ਨੇੜੇ-ਨੇੜੇ ਰਹੀਂ!
---
ਕਵਿਤਾ।
ਕਦੇ ਆਵੀਂ ਚੁੱਪ-ਚਾਪ
ਮੇਰੀਆਂ ਅੱਖਾਂ ’ਤੇ ਆਪਣੇ ਹੋਂਠ ਰੱਖੀਂ
ਤੇ ਫਿਰ ਆਖੀਂ –
‘ਤੂੰ ਸਿਰਫ਼ ਮੇਰਾ ਏਂ, ਗਗਨ’
ਮੇਰੀ ਮਹਿਬੂਬ ਬਣ ਮਿਲੀਂ ਮੈਂਨੂੰ!
---
ਕਵਿਤਾ।
ਜਦ ਮੈਂ ਮੰਜੇ ’ਤੇ ਹੋਵਾਂ ਕਦੇ
ਬਿਮਾਰੀ ਦੇ ਸਰਾਲ਼ ਨਾਲ਼ ਘੁਲ਼ਦਾ
ਤੂੰ ਬਾਪੂ ਦਾ ਹੱਥ ਫੜ
ਮੇਰੇ ਮੋਢੇ ’ਤੇ ਆ ਬਵ੍ਹੀਂ
ਆਪਣੀ ਉਂਗਲ ਫੜਾ
ਤੁਰਨਾ ਸਿਖਾਵੀਂ ਮੈਂਨੂੰ!
---
ਕਵਿਤਾ।
ਜਾਂ ਫਿਰ ਕਦੇ
ਨਿੱਕੇ ਵੀਰ ਵਾਂਗ ਆਵੀਂ
ਤੇ ਮੇਰੀ ਗੋਦੀ ਵਿਚ ਬੈਠ ਜਾਵੀਂ
ਮਿੱਟੀ ਦੇ ਘਰ ਬਣਾਵਾਂਗੇ ਆਪਾਂ
ਤੇ ਜਾਂ ਆਟੇ ਦੀਆਂ ਚਿੜੀਆਂ!
---
ਜ਼ਰੂਰ ਆਵੀਂ ਤੂੰ
ਕਵਿਤਾ।
ਸੁਪਨੇ ਤੇ ਹਕੀਕਤ ਦੇ ਪਲਾਂ ਵਿਚ
ਅੰਗ-ਸੰਗ ਰਹੀਂ ਮੇਰੇ
ਮੇਰੇ ਨਾਲ ਤੁਰੀਂ ਸਫ਼ਰ ’ਤੇ!
---
ਕਵਿਤਾ।
ਤੂੰ ਜ਼ਿੰਦਗੀ ਏਂ ਮੇਰੀ
ਮੇਰੇ ਸਾਹਾਂ ਵਿਚ ਵਸੀਂ
ਮੇਰੀ ਆਵਾਜ਼ ਰਾਹੀਂ ਬੋਲੀਂ
ਮੇਰੇ ਹੱਥ ਫੜ ਫੜ
ਲਿਖਦੀ ਰਹੀਂ ਮੈਨੂੰ
ਕਵਿਤਾ
ਤੂੰ...
ਮੈਂਨੂੰ ਮਿਲਦੀ ਗਿਲਦੀ ਰਹੀਂ!

Monday, December 15, 2008

ਗਗਨਦੀਪ ਸ਼ਰਮਾ - ਨਜ਼ਮ

ਗੁਆਚਾ ਬਚਪਨ
ਨਜ਼ਮ


ਨਿੱਕੇ ਹੁੰਦਿਆਂ
ਜਦ ਵੀ ਪੁੱਛੀਦਾ ਸੀ
ਕਦੇ
ਭੰਡ-ਭੰਡਾਰੀ ਨੂੰ –
'ਭੰਡਾ-ਭੰਡਾਰੀਆ
ਕਿੰਨਾ ਕੁ ਭਾਰ'
ਤਾਂ ਝੱਟ
ਮਿਲ਼ਦਾ ਸੀ ਜਵਾਬ –
'ਇੱਕ ਮੁੱਠੀ ਚੁੱਕ ਲੈ
ਦੂਜੀ ਤਿਆਰ।'
---
ਹੁਣ
ਬਿਨਾਂ ਪਹਿਲੀ ਮੁੱਠੀ
ਚੁੱਕਿਆਂ ਹੀ
ਰਹਿੰਦੀ ਦੂਜੀ ਏ ਤਿਆਰ।
ਇਹੀ ਨੇ
ਬਚਪਨ ਗੁਆਚ ਜਾਣ ਦੇ
ਅਰਥ।

Friday, December 12, 2008

ਗਗਨਦੀਪ ਸ਼ਰਮਾ - ਲੇਖ

ਦੋਸਤੋ! ਗਗਨਦੀਪ ਜੀ ਇੱਕ ਵਧੀਆ ਕਵੀ ਹੋਣ ਦੇ ਨਾਲ਼-ਨਾਲ਼ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ‘ਚ ਬਕਾਇਦਗੀ ਨਾਲ਼ ਕੌਲਮ ਵੀ ਲਿਖਦੇ ਨੇ। ਅੱਜ ਉਹਨਾਂ ਹਾਲ ਹੀ ਵਿਚ ਆਰਥਿਕ ਮੰਦਵਾੜੇ ਤੇ ਲਿਖਿਆ ਜਾਣਕਾਰੀ ਭਰਪੂਰ ਲੇਖ ‘ਆਰਸੀ’ ਤੇ ਸਾਂਝਾ ਕਰਨ ਲਈ ਭੇਜਿਆ ਹੈ, ਮੈਂ ਉਹਨਾਂ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ।

ਸਮਾਜਵਾਦ ਦੀ ਮੱਦਦ ਭਾਲ਼ਦਾ ਪੂੰਜੀਵਾਦ

ਲੇਖ

ਅਮਰੀਕਾ ਤੋਂ ਸ਼ੁਰੂ ਹੋ ਕੇ ਵਿਸ਼ਵ ਭਰ ਵਿਚ ਫੈਲ ਰਹੀ ਆਰਥਿਕ ਸੁਸਤ-ਰਫ਼ਤਾਰੀ ((Economic slowdown) ਅੱਜ ਕੁੱਲ ਦੁਨੀਆਂ ਦੇ ਧਿਆਨ ਦਾ ਕੇਂਦਰ ਬਿੰਦੂ ਬਣੀ ਹੋਈ ਹੈ । ਜਿਥੇ ਆਰਥਿਕ ਧਰਾਤਲਾਂ ਦੀ ਸਮਝ ਰੱਖਣ ਵਾਲੇ ਮਾਹਿਰ ਇਸ ਸੁਸਤ-ਰਫ਼ਤਾਰੀ ਦੀਆਂ ਜੜ੍ਹਾਂ ਤਲਾਸ਼ਦੇ ਦਿਸਦੇ ਹਨ, ਉਥੇ ਦੂਜੇ ਖੇਤਰਾਂ ਨਾਲ ਸਬੰਧ ਰੱਖਣ ਵਾਲੇ ਜਾਗਰੂਕ ਲੋਕ ਵੀ ਇਸ ਦੇ ਪ੍ਰਭਾਵਾਂ ਅਤੇ ਦੁਰ-ਪ੍ਰਭਾਵਾਂ ਬਾਰੇ ਆਪਣੇ ਵਿਚਾਰ ਬਣਾਉਂਦੇ ਨਜ਼ਰ ਆਉਂਦੇ ਹਨ । ਵੱਡੇ ਪੱਧਰ ’ਤੇ ਹੋ ਰਹੀ ਬਹਿਸ ਵਿਚ ਭਾਗ ਲੈ ਰਹੇ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਵਿਦਵਾਨ, ਆਪੋ-ਆਪਣੀ ਥਿਊਰੀ ਅਨੁਸਾਰ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਲੇਖ ਲਿਖ ਰਹੇ ਹਨ । ਬੇਸ਼ੱਕ ਇਸ ਬਹਿਸ ਨਾਲ ਸੁਸਤ-ਰਫ਼ਤਾਰੀ ਦੇ ਕਾਰਨਾਂ ਅਤੇ ਸਿੱਟਿਆਂ ਤੱਕ ਪਹੁੰਚਣ ਦੀ ਆਸ ਬੱਝਦੀ ਹੈ ਪਰ ਇਸ ਬਹਿਸ ਵਿਚਲੇ ਉੱਤਰ-ਪ੍ਰਤੀਉੱਤਰ ਆਮ ਆਦਮੀ ਲਈ ਗੁੰਮਰਾਹਕੁੰਨ ਵੀ ਸਾਬਿਤ ਹੋ ਸਕਦੇ ਹਨ । ਹਥਲੇ ਲੇਖ ਦਾ ਮੰਤਵ ਵੱਡੇ ਪੱਧਰ ’ਤੇ ਹੋ ਰਹੀ ਬਹਿਸ ਵਿਚ ਹਿੱਸਾ ਲੈਣਾ ਨਹੀਂ ਸਗੋਂ ਇਸ ਸੁਸਤ-ਰਫ਼ਤਾਰੀ ਦੇ ਪ੍ਰਭਾਵਾਂ ਅਤੇ ਦੁਰ-ਪ੍ਰਭਾਵਾਂ ਬਾਰੇ ਆਮ ਲੋਕਾਂ ਵਿਚ ਜਾਣਕਾਰੀ ਫੈਲਾਉਣ ਅਤੇ ਬਹਿਸ ਛੇੜਨ ਦੇ ਜਤਨ ਮਾਤਰ ਦੀ ਸ਼ੁਰੂਆਤ ਕਰਨਾ ਹੈ ।

ਇਸ ਸੁਸਤ-ਰਫ਼ਤਾਰੀ ਦਾ ਆਰੰਭ ਅਮਰੀਕਾ ਤੋਂ ਹੋਇਆ ਹੋਣ ਕਾਰਨ ਇਸ ਨੂੰ ਪੂੰਜੀਵਾਦ ਦੀ ਮੌਤ ਵੀ ਗਰਦਾਨਿਆ ਜਾ ਰਿਹਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਸੋਵੀਅਤ ਯੂਨੀਅਨ ਦੇ ਟੁੱਟਣ ਨੂੰ ਸਮਾਜਵਾਦ ਦੀ ਮੌਤ ਐਲਾਨਿਆ ਗਿਆ ਸੀ । ਬਿਨਾਂ ਸ਼ੱਕ ਅਮਰੀਕਨ ਪ੍ਰਣਾਲੀ ਪੂੰਜੀਵਾਦ ਦਾ ਸਿਖ਼ਰ (extreme) ਹੈ ਜਿਥੇ ਸਰਕਾਰ ਵਪਾਰ ਨੂੰ ਨਹੀਂ ਚਲਾਉਂਦੀ ਸਗੋਂ ਵਪਾਰ ਸਰਕਾਰ ਨੂੰ ਚਲਾਉਂਦਾ ਹੈ । ਇਸ ਦੁਖਾਂਤ ਨੂੰ 1929 ਤੋਂ 1933 ਦੀ ਆਰਥਿਕ ਮੰਦੀ (Great Depression) ਸਮੇਂ ਅਮਰੀਕਾ ਦੇ ਰਾਸ਼ਟਰਪਤੀ ਰਹੇ ਹਰਬਰਟ ਹੂਵਰ ਨੇ ਵੀ ਮਹਿਸੂਸ ਕੀਤਾ । ਹੂਵਰ ਨੇ ਲਿਖਿਆ ਹੈ, “ਜਿੰਨਾ ਜ਼ਰੂਰੀ ਇਹ ਹੈ ਕਿ ਸਰਕਾਰ ਵਪਾਰ ਤੋਂ ਦੂਰ ਰਹੇ, ਉੰਨਾ ਹੀ ਜ਼ਰੂਰੀ ਇਹ ਵੀ ਹੈ ਕਿ ਵਪਾਰ ਸਰਕਾਰ ਤੋਂ ਬਾਹਰ ਰਹੇ ।” ਅਮਰੀਕਾ ਵਿਚ ਵਪਾਰ ਦੀ ਸਰਕਾਰ ਦੇ ਕੰਮਾਂ ਵਿਚ ਦਖ਼ਲਅੰਦਾਜ਼ੀ ਨਾ ਸਹੇ ਜਾਣ ਦੀ ਹੱਦ ਤੱਕ ਹੈ । ਕਿਸ ਦੇਸ਼ ਨਾਲ ਕਿਹੋ ਜਿਹੇ ਸਬੰਧ ਰੱਖਣੇ ਹਨ, ਕਿਸ ਦੇਸ਼ ਨਾਲ ਕਿਹੜੀ ਸੰਧੀ ਕਦੋਂ ਕਰਨੀ ਹੈ, ਆਦਿ ਫ਼ੈਸਲੇ ਸਰਕਾਰ ਦੇ ਮੁਖੌਟੇ ਓਹਲੇ ਛੁਪਿਆ ਵਪਾਰ ਕਰਦਾ ਹੈ । ਜਦੋਂ ਵਪਾਰਕ ਸੰਗਠਨ ਅਜਿਹੇ ਵੱਡੇ ਫ਼ੈਸਲੇ ਕਰਵਾਉਣ ਅਤੇ ਉਹਨਾਂ ਨੂੰ ਲਾਗੂ ਕਰਵਾਉਂਣ ਦੇ ਸਮਰੱਥ ਹੋਣ ਤਾਂ ਫ਼ਿਰ ਸਰਕਾਰੀ, ਗ਼ੈਰ-ਸਰਕਾਰੀ; ਵਿੱਤੀ, ਗ਼ੈਰ-ਵਿੱਤੀ ਸੰਸਥਾਵਾਂ ਤੋਂ ਕਰਜ਼ੇ ਲੈਣ ਵਰਗੇ ਫ਼ੈਸਲੇ ਤਾਂ ਇਹ ਸੰਗਠਨ ਸਹਿਜੇ ਹੀ ਕਰਵਾ ਲੈਣ ਦੀ ਸਮਰੱਥਾ ਰੱਖਦੇ ਹਨ । ਇੰਝ ਇਹ ਦੂਰਗਾਮੀ ਪ੍ਰਭਾਵਾਂ ਵਾਲੇ ਅਹਿਮ ਫ਼ੈਸਲੇ ਆਰਥਿਕ ਸਮਝ (Economic prudence) ’ਚੋਂ ਨਾ ਉਪਜ ਕੇ ਦਬਾਅ (pressure) ਅਧੀਨ ਲਏ ਜਾਂਦੇ ਹਨ । ਪਿਛਲੇ ਕੁਝ ਸਾਲਾਂ ਤੋਂ ਅਮਰੀਕਨ ਅਰਥ-ਵਿਵਸਥਾ ਵਿਚ ਪਨਪ ਰਿਹਾ Sub-prime Crisis ਵੀ ਖ਼ੌਰੇ ਅਜਿਹੇ ਫ਼ੈਸਲਿਆਂ ਦਾ ਹੀ ਨਤੀਜਾ ਸੀ । ਇਥੇ Sub-prime crisis ਬਾਰੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਉੱਪਰ ਛਾਇਆ ਉਹ ਸੰਕਟ ਹੈ/ ਸੀ ਜਿਸਦੀ ਵਜ੍ਹਾ ਵਪਾਰਕ ਸੰਸਥਾਵਾਂ/ ਵਿਅਕਤੀਆਂ ਦੁਆਰਾ ਲਏ ਗਏ ਕਰਜ਼ੇ ਸਨ । ਇਹ ਕਰਜ਼ੇ ਉਨ੍ਹਾਂ ਸੰਪਤੀਆਂ ਵਿਰੁੱਧ ਲਏ ਗਏ ਸਨ ਜਿਹਨਾਂ ਦੇ ਬਜ਼ਾਰੀ ਮੁੱਲ (market prices) ਅਸਮਾਨ ਛੂਹ ਰਹੇ ਸਨ । ਬਜ਼ਾਰ ਮੁੱਲ ਦੇ ਵਿਰੁੱਧ ਲਏ ਗਏ ਕਰਜ਼ੇ ਦੀ ਰਕਮ ਜਿਉਂ-ਦੀ-ਤਿਉਂ ਖੜ੍ਹੀ ਰਹੀ ਜਦੋਂ ਕਿ ਸੰਪਤੀਆਂ ਦੇ ਬਜ਼ਾਰ ਮੁੱਲ ਥੋੜ੍ਹੇ-ਥੋੜ੍ਹੇ ਕਰਦੇ ਬਹੁਤ ਘਟ ਗਏ ਅਤੇ ਬੈਂਕਾਂ/ ਵਿੱਤੀ ਸੰਸਥਾਵਾਂ ਉੱਪਰ ਕਰਜ਼ਿਆਂ ਦੇ ਡੁੱਬਣ ਦਾ ਖ਼ਤਰਾ ਮੰਡਰਾਉਣ ਲੱਗਾ । ਕੁਝ ਸਮੇਂ ਵਿਚ ਹੀ ਇਹ ਸਮੱਸਿਆ ਇਕ ਵਿਕਰਾਲ ਰੂਪ ਧਾਰਨ ਕਰ ਕੇ Sub-prime crisis ਦੀ ਜੜ੍ਹ ਬਣੀ (ਅਜਿਹੇ ਹੀ ਕਰਜ਼ੇ ਚੀਨ ਵਿਚ ਉੱਚੇ ਭਾਅ ਛੂੰਹਦੀ ਜ਼ਮੀਨ ਦੇ ਵਿਰੁਧ ਵੀ ਬਹੁ-ਮਾਤਰਾ ਵਿਚ ਲਏ ਗਏ ਹਨ )।

ਇਸੇ Sub-prime crisis ਦਾ ਪ੍ਰਭਾਵ ਇਹਨਾਂ ਦਿਨਾਂ ਵਿਚ ਦੇਖੀ ਜਾ ਰਹੀ ਵਿਸ਼ਵ ਅਰਥ-ਵਿਵਸਥਾ (Global Economy) ਵਿਚ ਫ਼ੈਲ ਰਹੀ ਸੁਸਤ-ਰਫ਼ਤਾਰੀ ਹੈ ਜਿਸਦੀ ਸ਼ੁਰੂਆਤ ਅਮਰੀਕਾ ਤੋਂ ਹੋਈ । ਵਿੱਤੀ ਢਾਂਚੇ ਦੀ ਹਾਲਤ ਇਸ ਕਦਰ ਵਿਗੜ ਗਈ ਕਿ ਅਮਰੀਕਨ ਬੈਂਕਾਂ ਦਾ ਦੀਵਾਲਾ ਨਿਕਲਣਾ ਸ਼ੁਰੂ ਹੋ ਗਿਆ । ਅਮਰੀਕਾ ਦੀ ਇਕ ਵੱਡੀ ਬੈਂਕ ‘ਲੇਹਮੈਨ ਬ੍ਰਦਰਜ਼’ (Lehman Brothers) ਦੇ ਦੀਵਾਲੀਆ ਹੋਣ ਨੇ ਸਭ ਤੋਂ ਪਹਿਲਾਂ ਇਸ ਸੁਸਤ-ਰਫ਼ਤਾਰੀ ਦੇ ਆਰਥਿਕ ਮੰਦੀ ਬਣਨ ਦੇ ਸਫ਼ਰ ਦਾ ਐਲਾਨ ਕੀਤਾ । ਇਸ ਤੋਂ ਬਾਅਦ ਇਕ ਹੋਰ ਵੱਡੀ ਵਿੱਤੀ ਸੰਸਥਾ ‘ਮੈਰਿਲ ਲਿੰਚ’ (Merrill Lynch) ਵਿਕ ਗਈ । ਅਮਰੀਕਾ ਦੀ ਸਭ ਤੋਂ ਵੱਡੀ ਬੀਮਾ ਕੰਪਨੀ ‘ਅਮਰੀਕਨ ਇੰਟਰਨੈਸ਼ਨਲ ਗਰੁੱਪ’ (AIG) ਨੂੰ ਸਰਕਾਰ ਨੇ ਆਪਣੇ ਨਿਯੰਤ੍ਰਣ ਹੇਠ ਲੈ ਲਿਆ । ਖ਼ਬਰਾਂ ਤਾਂ ਇਹ ਵੀ ਆਈਆਂ ਕਿ ਛੇਤੀ ਹੀ ‘ਮੌਰਗਨ ਸਟੈਨਲੇ’ (Morgan Stanley) ਵੀ ਖ਼ਤਮ ਹੋ ਜਾਵੇਗੀ । ਹੁਣ ਤੱਕ ਕੁਲ ਮਿਲਾ ਕੇ 13 ਬਿਲੀਅਨ ਡਾਲਰ ($ 13,000,000,000) ਜਾਂ 5.85 ਖ਼ਰਬ ਰੁਪਏ ਦੇ ਕਰਜ਼ੇ ਡੁੱਬ ਚੁੱਕੇ ਹਨ ਤੇ ਇਕ ਅੰਦਾਜ਼ੇ ਮੁਤਾਬਕ ਡੁੱਬਣ ਵਾਲੀ ਕੁਲ ਰਕਮ । ਟ੍ਰਿਲੀਅਨ ਡਾਲਰ ਤੱਕ ਜਾ ਸਕਦੀ ਹੈ । ਵੱਖੋ-ਵੱਖਰੇ ਬੈਂਕਾਂ ਦੀਆਂ ਰਿਪੋਰਟਾਂ ’ਤੇ ਇਕ ਝਾਤ ਮਾਰੀਏ ਤਾਂ ਪਤਾ ਚਤਲਦਾ ਹੈ ਕਿ ਸਿਟੀ ਗਰੁੱਪ (Citigroup) ਦੇ 55 ਬਿਲੀਅਨ ਡਾਲਰ, ਮੈਰਿਲ ਲਿੰਚ ਦੇ 52 ਬਿਲੀਅਨ ਡਾਲਰ, ਯੂ. ਬੀ. ਐੱਸ. (UBS) ਦੇ 44 ਬਿਲੀਅਨ ਡਾਲਰ, ਐਚ. ਐਸ. ਬੀ. ਸੀ. (HSBC) ਦੇ 27 ਬਿਲੀਅਨ ਡਾਲਰ, ਵਾਚੋਵੀਆ(Wachovia) ਦੇ 22 ਬਿਲੀਅਨ ਡਾਲਰ ਅਤੇ ਬੈਂਕ ਆਫ਼ ਅਮਰੀਕਾ ਦੇ 21 ਬਿਲੀਅਨ ਡਾਲਰ ਦੇ ਕਰਜ਼ੇ ਡੁੱਬ ਚੁੱਕੇ ਹਨ । ਇਸ ਸਭ ਤੋਂ ਅਮਰੀਕਾ ਦੀਆਂ ਬੈਂਕਾਂ ਇੰਨੀਆਂ ਡਰ ਚੁੱਕੀਆਂ ਹਨ ਕਿ ਉਹਨਾਂ ਨੇ ਵਿਅਕਤੀਆਂ ਦੀ ਗੱਲ ਤਾਂ ਦੂਰ, ਦੂਜੀਆਂ ਬੈਂਕਾਂ ਨੂੰ ਵੀ ਕਰਜ਼ਾ ਦੇਣ ਤੋਂ ਤੌਬਾ ਕਰ ਲਈ ਹੈ । ਇਉਂ ਅਮਰੀਕਨ ਵਿੱਤੀ ਢਾਂਚਾ ਖੇਰੂੰ-ਖੇਰੂੰ ਹੁੰਦਾ ਦਿਸਣ ਲੱਗਿਆ ਹੈ ।

ਵਿਸ਼ਵੀਕਰਨ ਦੇ ਦੌਰ ਵਿਚ ਇਹ ਤਾਂ ਸੰਭਵ ਹੀ ਨਹੀਂ ਕਿ ਅਮਰੀਕਾ ਵਿਚਲੀ ਆਰਥਿਕ ਘਟਨਾ ਤੋਂ ਬਾਕੀ ਦੁਨੀਆਂ ਅਛੂਤੀ ਰਹਿ ਸਕੇ । ਵਿਸ਼ਵ ਦੇ ਵੱਖੋ-ਵੱਖਰੇ ਮੁਲਕਾਂ ਦੀਆਂ ਕੰਪਨੀਆਂ ਦੀ ਪੂੰਜੀ ਦਾ ਕੁਝ ਹਿੱਸਾ ਸਿੱਧੇ-ਅਸਿੱਧੇ ਰੂਪ ਵਿਚ ਇਹਨਾਂ ਅਮਰੀਕਨ ਕੰਪਨੀਆਂ ਵਿਚ ਨਿਵੇਸ਼ਿਤ ਹੈ । ਨਤੀਜੇ ਵਜੋਂ ਉਹਨਾਂ ਕੰਪਨੀਆਂ ਦੀ ਆਮਦਨੀ ਨੂੰ ਵੀ ਖ਼ੋਰਾ ਲੱਗਣਾ ਸ਼ੁਰੂ ਹੋਇਆ ਤੇ ਵਿਗੜਦੇ-ਵਿਗੜਦੇ ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਇਹ ਕਿਹਾ ਜਾਣ ਲੱਗਿਆ ਕਿ ਇਹ ਕੇਵਲ ਆਰਥਿਕ ਸੁਸਤ-ਰਫ਼ਤਾਰੀ ਨਹੀਂ ਸਗੋਂ ਵਿਸ਼ਵੀ ਆਰਥਿਕ ਮੰਦੀ (Global Economic Recession) ਦੇ ਲੱਛਣ ਹਨ । ਇਸ ਮੰਦੀ ਨੇ ਨਾ ਕੇਵਲ ਅਮਰੀਕਾ ਸਗੋਂ ਸਮੂਹ ਵਿਕਸਿਤ ਅਤੇ ਵਿਕਾਸਸ਼ੀਲ ਮੁਲਕਾਂ ਨੂੰ ਆਪਣੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ ।

ਭਾਰਤ ਵੀ ਇਸ ਪ੍ਰਭਾਵ ਤੋਂ ਮੁਕੰਮਲ ਤੌਰ ’ਤੇ ਬਚਣ ਦੀ ਸਥਿਤੀ ਵਿਚ ਨਹੀਂ । ਹਾਲਾਂਕਿ ਇਸ ਮੰਦੀ ਦੇ ਭਾਰਤ ਉੱਤੇ ਦੁਰ-ਪ੍ਰਭਾਵ ਤੁਲਨਾਤਮਕ ਤੌਰ ’ਤੇ ਘੱਟ ਹਨ । ਪਹਿਲਾ, ਇਹਨਾਂ ਅਮਰੀਕਨ ਕੰਪਨੀਆਂ ਵਿਚ ਕੰਮ ਕਰਨ ਵਾਲੇ ਭਾਰਤੀ ਕਰਮਚਾਰੀ ਵੀ ਬੇਰੁਜ਼ਗਾਰ ਹੋ ਰਹੇ ਹਨ ਜਾਂ ਹੋ ਜਾਣ ਦੇ ਖ਼ਤਰੇ ਵਿਚ ਹਨ । ਦੂਜਾ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (Foreign Institutional Investors) ਪੈਸੇ ਦੀ ਕਿੱਲਤ(Liquidity crunch) ਕਾਰਨ ਭਾਰਤੀ ਸ਼ੇਅਰ ਬਜ਼ਾਰ ਵਿਚੋਂ ਮਾਲ ਖ਼ਰੀਦਣ ਦੀ ਥਾਂ ਵੇਚ ਰਹੇ ਹਨ । ਹਾਲ ਹੀ ਵਿਚ ਭਾਰਤੀ ਸ਼ੇਅਰ ਬਜ਼ਾਰ ਦੇ ਮੂਧੇ-ਮੂੰਹ ਡਿਗਣ ਦਾ ਇਕ ਕਾਰਨ ਇਹ ਵੀ ਸੀ । ਤੀਜਾ, ਕੁਝ ਭਾਰਤੀ ਕੰਪਨੀਆਂ ਦਾ ਪੈਸਾ ਸਿੱਧੇ-ਅਸਿੱਧੇ ਤੌਰ ’ਤੇ ਡੁੱਬਣ ਵਾਲੀਆਂ ਬੈਂਕਾਂ/ ਸੰਸਥਾਵਾਂ ਵਿਚ ਨਿਵੇਸ਼ਿਤ ਹੋਣ ਕਾਰਨ ਉਹਨਾਂ ਦੀ ਕੁਝ ਪੂੰਜੀ ਦਾ ਨੁਕਸਾਨ ਹੋਣਾ ਨਿਸ਼ਚਿਤ ਹੈ (ਹਾਲਾਂਕਿ ਅਜਿਹੀਆਂ ਭਾਰਤੀ ਕੰਪਨੀਆਂ ਦੀ ਸੰਖਿਆ ਬਹੁਤ ਘੱਟ ਹੈ) । ਮਿਸਾਲ ਵਜੋਂ ਆਈ. ਸੀ. ਆਈ. ਸੀ. ਆਈ. ਬੈਂਕ ਦੇ 375 ਕਰੋੜ ਲੇਹਮੈਨ ਬ੍ਰਦਰਜ਼ ਦੇ ਨਾਲ ਹੀ ਡੁੱਬ ਗਏ । ਉਂਝ ਇਹ ਗੱਲ ਕੁਝ ਦਿਲਾਸਾ ਦਿੰਦੀ ਹੈ ਕਿ ਇਹ ਰਾਸ਼ੀ ਬੈਂਕ ਦੀ ਕੁਲ ਸੰਪਤੀ ਦਾ ਮਹਿਜ਼ ਇਕ ਫ਼ੀਸਦੀ ਹੀ ਹੈ ।

ਇਸ ਦੌਰ ਵਿਚ ਭਾਰਤ ਨੂੰ ਇਕ ਆਸ ਦੀ ਕਿਰਨ ਵੀ ਦਿਖਾਈ ਦਿੰਦੀ ਹੈ । ਜਿਉਂ-ਜਿਉਂ ਵਿਕਸਿਤ ਦੇਸ਼ਾਂ ਵਿਚ ਮੰਦੀ ਦਾ ਪ੍ਰਭਾਵ ਵਧੇਗਾ, ਉਥੋਂ ਦੇ ਵਪਾਰ/ ਉਪਭੋਗਤਾ ਸਸਤੀਆਂ ਵਸਤਾਂ/ ਸੇਵਾਵਾਂ ਵੱਲ ਰੁਖ ਕਰਨਗੇ । ਇਹ ਹਾਲਾਤ ਸਸਤੀਆਂ ਵਸਤਾਂ/ ਸੇਵਾਵਾਂ ਬਣਾਉਣ ਵਾਲੇ ਮੁਲਕਾਂ (ਮੁੱਖ ਰੂਪ ਵਿਚ ਭਾਰਤ, ਚੀਨ ਆਦਿ) ਲਈ ਵਰਦਾਨ ਵੀ ਸਾਬਿਤ ਹੋ ਸਕਦੇ ਹਨ ।

ਇਥੇ ਇਕ ਹੋਰ ਦਿਲਚਸਪ ਤੱਥ ਇਹ ਹੈ ਕਿ ਇਰਾਕ ਇੱਕ ਅਜਿਹਾ ਮੁਲਕ ਹੈ ਜਿਥੇ ਇਸ ਦੌਰ ਵਿਚ ਵੀ ਤੇਜ਼ੀ ਨਜ਼ਰੀਂ ਆਉਂਦੀ ਹੈ । ਇਰਾਕ ਦਾ ਸ਼ੇਅਰ ਬਜ਼ਾਰ ਪਿਛਲੇ ਇਕ ਮਹੀਨੇ ਦੌਰਾਨ ਕਰੀਬ ਚਾਲੀ ਫ਼ੀਸਦੀ ਵਧਿਆ ।

ਅਮਰੀਕਾ ਦੇ ਫੈਡਰਲ ਰਿਜ਼ਰਵ ਬੈਂਕ ਦੇ ਪੂਰਵ ਚੇਅਰਮੈਨ ਐਲਨ ਗਰੀਨਸਪੈਨ ਅਨੁਸਾਰ ਇਹ ਸਦੀਆਂ ਪਿੱਛੋਂ ਆਉਣ ਵਾਲਾ ਸੰਕਟ ਹੈ । ਇਸ ਸੰਕਟ ਤੋਂ ਪਾਰ ਪਾਉਣ ਲਈ ਅਮਰੀਕੀ ਸਰਕਾਰ ਪੱਬਾਂ ਪਾਰ ਹੋਈ ਫਿਰਦੀ ਹੈ । ਅਮਰੀਕਨ ਸਰਕਾਰ ਅਤੇ ਫੈਡਰਲ ਬੈਂਕ ਨੇ ਅਰਥਵਿਵਸਥਾ ਵਿਚ ਇਕ ਟ੍ਰਿਲੀਅਨ ਡਾਲਰ ਝੋਕਣ ਦਾ ਭਰੋਸਾ ਦਿਵਾਇਆ ਹੈ । ਕੁਝ ਕੰਪਨੀਆਂ ਜਿਵੇਂ ਕਿ ਅਮਰੀਕਨ ਇੰਟਰਨੈਸ਼ਨਲ ਗਰੁੱਪ, ਫਰੈਡੀ ਮੈਕ (Freddie Mac) ਅਤੇ ਫੈਨੀ ਮਾਏ (Fannie Mae), ਸਰਕਾਰ ਵਲੋਂ ਖ਼ਰੀਦੀਆਂ ਜਾ ਚੁੱਕੀਆਂ ਹਨ ਅਤੇ ਕੁਝ ਹੋਰ ਨੂੰ ਖ਼ਰੀਦਣ ਬਾਰੇ ਵਿਚਾਰਾਂ ਹੋ ਰਹੀਆਂ ਹਨ ।

ਪੂੰਜੀਵਾਦ ਮੂਲ ਰੂਪ ਵਿਚ ਸਰਕਾਰ ਦੀ ਵਪਾਰ ਤੋਂ ਦੂਰੀ (Laissez Faire) ਦੇ ਸਿਧਾਂਤ ਅਧੀਨ ਕੰਮ ਕਰਦਾ ਹੈ । ਇਸ ਸਿਧਾਂਤ ਅਧੀਨ ਵਪਾਰ ਨੂੰ ਕੋਈ ਮਦਦ ਜਾਂ ਸਬਸਿਡੀ ਨਹੀਂ ਦਿੱਤੀ ਜਾਣੀ ਚਾਹੀਦੀ । ਇਹ ਸਭ ਕਰਦੀਆਂ ਵਿਕਾਸਸ਼ੀਲ ਮੁਲਕਾਂ ਦੀਆਂ ਸਰਕਾਰਾਂ ਨੂੰ ਰੋਕਣ ਵਿਚ ਅਮਰੀਕਾ ਸਦਾ ਹੀ ਅੱਗੇ ਆਉਂਦਾ ਰਿਹਾ ਹੈ । ਇਸੇ ਕਰਕੇ ਅਮਰੀਕਨ ਸਰਕਾਰ ਦੇ ਉਪਰੋਕਤ ਕਦਮਾਂ ਨੂੰ ਖ਼ਾਸ ਤਵੱਜੋ ਨਾਲ ਵਾਚਣ ਦੀ ਲੋੜ ਹੈ ।

ਜਿਥੇ ਇਕ ਪਾਸੇ ਕੁਝ ਵਿਸ਼ਲੇਸ਼ਕ ਇਸ ਸਭ ਨੂੰ ਪੂੰਜੀਵਾਦ ਦੀ ਮੌਤ ਗਰਦਾਨਦੇ ਹਨ ਉਥੇ ਹੀ ਇਸ ਘਟਨਾਕ੍ਰਮ ਨੂੰ ਖੁੱਲ੍ਹੀਆਂ ਅੱਖਾਂ ਅਤੇ ਖੁੱਲ੍ਹੇ ਦਿਮਾਗ਼ ਨਾਲ ਵੇਖਣ/ਸਮਝਣ ’ਤੇ ਸਾਨੂੰ ਇੰਝ ਪ੍ਰਤੀਤ ਹੋਵੇਗਾ ਜਿਵੇਂ ਪੂੰਜੀਵਾਦ ਸਮਾਜਵਾਦ ਦਾ ਸਹਾਰਾ ਭਾਲ ਰਿਹਾ ਹੋਵੇ । ਕੁਝ ਅਜਿਹਾ ਹੀ ਸਹਾਰਾ ਕਰੀਬ ਦੋ ਕੁ ਦਹਾਕੇ ਪਹਿਲਾਂ ਰੂਸ ਵਿਚਲੇ ਸਮਾਜਵਾਦ ਨੇ ਪੂੰਜੀਵਾਦ ਤੋਂ ਭਾਲਿਆ ਸੀ । ਅਜਿਹੇ ਵਿਚ ਇਹ ਸੰਕੇਤ ਬਹੁਤ ਹੀ ਮਹੱਤਵਪੂਰਨ ਹੈ ਕਿ ਇਕੱਲੇ ਤੌਰ ’ਤੇ ਪੂੰਜੀਵਾਦ ਜਾਂ ਸਮਾਜਵਾਦ ਅਰਥ-ਵਿਵਸਥਾ ਦੇ ਵਿਕਾਸ ਨੂੰ ਲੰਬੇ ਸਮੇਂ ਤੱਕ ਬਣਾਏ ਨਹੀਂ ਰੱਖ ਸਕਦਾ ਅਤੇ ਦੋਵਾਂ ਵਿਚਾਰਧਾਰਾਵਾਂ ਦੇ ਚੰਗੇ ਪਹਿਲੂਆਂ ਨੂੰ ਸਾਹਮਣੇ ਰੱਖ ਕੇ ਆਰਥਿਕ ਨੀਤੀਆਂ ਬਣਾਏ ਜਾਣ ਦੀ ਲੋੜ ਹੈ ।