ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, April 30, 2010

ਸੁਰਿੰਦਰ ਸੀਰਤ - ਡਾ: ਜਗਤਾਰ ਨੂੰ ਸਮਰਪਿਤ - ਗ਼ਜ਼ਲ

ਗ਼ਜ਼ਲ

( ਡਾ: ਜਗਤਾਰ ਨੂੰ ਸਮਰਪਿਤ )

ਸਮੇਂ ਦੇ ਨਾਲ਼ ਸਮਝੋਤਾ ਕਰੋਗੇ।

ਤਾਂ ਅਪਣੇ ਆਪ ਵਿਚ ਨਿਸਦਿਨ ਮਰੋਗੇ।

-----

ਮਿਰੇ ਗੁੰਮ ਹੋਣ ਦਾ ਦਾਅਵਾ ਕਰੋਗੇ।

ਕਜੇਹੀ ਚੁੱਪ ਦਾ ਸਾਗਰ ਤਰੋਗੇ।

-----

ਬੜਾ ਚੰਗਾ ਏ ਰਹਿਣਾ ਫਾਸਲੇ ਤੇ,

ਜੇ ਪਰਛਾਵੇਂ ਤੋਂ ਅਪਣੇ ਵੀ ਡਰੋਗੇ

-----

ਜੇ ਸੁਣੀਏਂ ਤਾਂ ਕਿਤੇ ਰਮਜ਼ਾਂ ਫੜੀਏ,

ਖ਼ਲਾ ਅੰਦਰ ਹਵਾ ਕੀਕਣ ਭਰੋਗੇ।

-----

ਪਛਾਣ ਅਪਣੀ ਪਿਛਾਂਹ ਸੁਟ ਆੳਣ ਮਗਰੋਂ,

ਕਿਵੇਂ ਅਪਮਾਨ ਹੁਣ ਨਿੱਜ ਦਾ ਜਰੋਗੇ।

-----

ਜੇ ਜਿਤਣੀ ਹੈ ਤਾਂ ਜੰਗ ਆਪੇ ਦੀ ਜਿੱਤੋ,

ਜੇ ਹਰਦੇ ਹੋ ਤਾਂ ਆਪੇ ਤੋਂ ਹਰੋਗੇ।

-----

ਲਗਾ ਬੈਠੇ ਹੋ ਅੱਗ ਅਪਣੇ ਦੁਆਲੇ,

ਤੁਸੀਂ ਐ ਮੋਮ ਦੇ ਲੋਕੋ! ਮਰੋਗੇ।

-----

ਉਹ ਹੈ ਜਗਤਾਰ, ਪੀੜਾਂ ਦਾ ਮੁਸੱਵਰ,

ਉਹਦੇ ਹਰ ਸ਼ਬਦ ਨੂੰ ਸਿਜਦਾ ਕਰੋਗੇ।

-----

ਦਬੋਏ ਹਰਫ਼ ਹਨ ਜਿਸ ਬਰਫ਼ ਹੇਠਾਂ,

ਤਪਸ਼ ਸੀਰਤ ਚ ਵੀ ਆ ਕੇ ਠਰੋਗੇ।

ਅੰਮ੍ਰਿਤ ਦੀਵਾਨਾ – ਨਜ਼ਮ

ਤੂੰ ਕਿੱਥੇ ... ਮੈਂ ਕਿੱਥੇ

ਨਜ਼ਮ

ਤੇਰਾ ਮੇਰਾ ਮੇਲ਼

ਭਲਾ ਹੋਵੇ ਵੀ ਕਿੰਝ?

ਤੂੰ ਭਾਰਤ ਦੇ ਨਕਸ਼ੇ ਵਾਂਗ

ਤੇ ਮੈਂ, ਤੇਰੇ ਪੈਰਾਂ ਵਿਚ

ਬੈਠਾ ਸ਼੍ਰੀਲੰਕਾ

=====

ਬਾਰਿਸ਼ਾਂ ਵਾਲ਼ਾ ਸ਼ਹਿਰ

ਨਜ਼ਮ

ਇਹ ਸ਼ਹਿਰ ਬਾਰਿਸ਼ਾਂ ਕਾਰਣ

ਬਹੁਤ ਹੀ ਮਸ਼ਹੂਰ ਹੈ,

ਚਾਰੇ ਪਾਸੇ ਜਲ-ਥਲ ਹੋਈ ਰਹਿੰਦੀ ਹੈ,

ਹਰ ਤਰਫ਼ ਠੰਡਾ ਠਾਰ ਮੌਸਮ,

ਪਰ ਪਤਾ ਨਹੀਂ ਕਿਉਂ

ਮੇਰੀ ਰੂਹ ਵਿਚ ਫ਼ੈਲੇ ਹੋਏ

ਰੇਗਿਸਤਾਨ ਦੀ ਤਪਸ਼ ਤੱਕ

ਇਕ ਬੂੰਦ ਵੀ ਨਹੀਂ ਪਹੁੰਚਦੀ?

=====

ਮਹਿਮਾਨ

ਨਜ਼ਮ

ਜਿਵੇਂ ਕਿਸੇ ਸਸਤੀ ਜਿਹੀ

ਫਿਲਮ ਵਿਚ ਕੋਈ

ਆ ਜਾਂਦਾ ਹੈ ਮਹਿੰਗਾ ਕਲਾਕਾਰ

ਮਹਿਮਾਨ ਵਜੋਂ ਥੋੜ੍ਹੇ ਸਮੇਂ ਲਈ

ਤੂੰ ਕਿਤੇ ਮੇਰੀ ਜ਼ਿੰਦਗੀ ਵਿਚ

ਇੰਝ ਹੀ ਆ ਜਾ....!

Thursday, April 29, 2010

ਮਰਹੂਮ ਬਿਸ਼ਨ ਸਿੰਘ ਮਤਵਾਲਾ - ਗ਼ਜ਼ਲ

ਸਾਹਿਤਕ ਨਾਮ: ਬਿਸ਼ਨ ਸਿੰਘ ਮਤਵਾਲਾ

ਜਨਮ: 04 ਮਾਰਚ, 1936 – 05 ਅਗਸਤ 2006

ਪਿੰਡ : ਨਡਾਲੋਂ, ਤਹਿਸੀਲ : ਗੜਸ਼ੰਕਰ ਜ਼ਿਲ੍ਹਾ : ਹੁਸ਼ਿਆਰਪੁਰ

ਪ੍ਰਕਾਸ਼ਿਤ ਕਿਤਾਬਾਂ: ਜਿਉਂ ਹੀ ਜਾਣਕਾਰੀ ਉਪਲਬਧ ਹੋਈ, ਅਪਡੇਟ ਕਰ ਦਿੱਤੀ ਜਾਵੇਗੀ।

-----

ਦੋਸਤੋ! ਹੁਸ਼ਿਆਰਪੁਰ ਵਸਦੇ ਗ਼ਜ਼ਲਗੋ ਇਕਵਿੰਦਰ ਜੀ ਨੇ ਮਰਹੂਮ ਬਿਸ਼ਨ ਸਿੰਘ ਮਤਵਾਲਾ ਜੀ ਦੀ ਇਕ ਬੇਹੱਦ ਖ਼ੂਬਸੂਰਤ ਗ਼ਜ਼ਲ ਭੇਜ ਕੇ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਵਾਈ ਹੈ। ਮੈਂ ਇਕਵਿੰਦਰ ਜੀ ਦਾ ਸ਼ੁਕਰੀਆ ਅਦਾ ਕਰਦੀ ਹੋਈ, ਇਸ ਗ਼ਜ਼ਲ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਗ਼ਜ਼ਲ

ਉਮਰਾਂ ਭਰ ਦੇ ਚੀਕ-ਚਿਹਾਟ ਨਿਬੇੜ ਲਏ

ਖਿੱਲਾਂ ਵਾਂਗੂ ਯਾਰ ! ਕਲੇਜੇ ਖੇੜ ਲਏ

-----

ਕਦ ਜਾ ਕੇ ਹੁਣ ਸਾਡਾ ਚੇਤਾ ਆਇਆ ਸੀ,

ਹੁਣ ਤੇ ਅੜਿਆ ! ਕਦ ਦੇ ਬੂਹੇ ਭੇੜ ਲਏ

-----

ਬਾਗ਼ੇ ਦੇ ਵਿੱਚ ਫੁੱਲ-ਕਲੀਆਂ ਵੀ ਮਿਲ਼ਦੇ ਸਨ,

ਮੰਗਵੇਂ ਆਪਾਂ ਅੰਗਿਆਰਾਂ ਦੇ ਨੇੜ ਲਏ

-----

ਮੈਂ ਤੇ ਮੇਰੀ ਵੰਝਲੀ ਅੱਜ ਵੀ ਕੱਲੇ ਹਾਂ,

ਚੰਗਾ ਹੋਇਆ ਤੂੰ ਤੇ ਸਾਕ ਸਹੇੜ ਲਏ

-----

ਛਿੱਟੇ ਮਾਰੋ ! ਖਾਰੇ-ਖਾਰੇ ਪਾਣੀ ਦੇ,

ਮਤਵਾਲੇਨੇ ਮੁੜ ਕੇ ਫ਼ੱਟ ਉਧੇੜ ਲਏ

ਜਸਵੰਤ ਦੀਦ - ਕੈਨੇਡਾ ਫੇਰੀ 'ਤੇ ਆਰਸੀ ਪਰਿਵਾਰ ਵੱਲੋਂ 'ਜੀਅ ਆਇਆਂ' - ਨਜ਼ਮ

ਦੋਸਤੋ! ਸੁਪ੍ਰਸਿੱਧ ਸ਼ਾਇਰ ਜਸਵੰਤ ਦੀਦ ਜੀ ਇਹਨੀਂ ਦਿਨੀਂ ਜਲੰਧਰ, ਪੰਜਾਬ ਤੋਂ ਕੈਨੇਡਾ ਦੀ ਫੇਰੀ ਤੇ ਆਏ ਹੋਏ ਹਨ ਅਤੇ ਬਰੈਂਪਟਨ, ਓਂਕਾਰਪ੍ਰੀਤ ਜੀ ਕੋਲ਼ ਠਹਿਰੇ ਹੋਏ ਹਨ। ਕੁਝ ਦਿਨਾਂ ਬਾਅਦ ਉਹ ਐਲਬਰਟਾ ਅਤੇ ਫੇਰ ਬੀ.ਸੀ. ਵੀ ਆਉਣਗੇ। ਕੱਲ੍ਹ ਉਹਨਾਂ ਨਾਲ਼ ਫ਼ੋਨ ਤੇ ਗੱਲ ਹੋਈ ਸੀ। ਮੈਂ ਆਰਸੀ ਪਰਿਵਾਰ ਵੱਲੋਂ ਦੀਦ ਸਾਹਿਬ ਨੂੰ ਉਹਨਾਂ ਦੇ ਕਾਵਿ-ਸੰਗ੍ਰਹਿ ਕਮੰਡਲ ਚੋਂ ਚੰਦ ਬੇਹੱਦ ਖ਼ੂਬਸੂਰਤ ਨਜ਼ਮਾਂ ਨਾਲ਼ ਕੈਨੇਡਾ ਪਧਾਰਨ ਤੇ ਜੀਅ ਆਇਆਂ ਆਖ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਜਨਵਰੀ-ਫਰਵਰੀ

ਨਜ਼ਮ

ਅੱਜ ਕੋਈ ਤਿਓਹਾਰ ਹੈ ਸ਼ਾਇਦ!

...........

ਇਸੇ ਲਈ ਸਵੇਰ ਦਾ ਮੈਂ

ਖ਼ਾਮੋਸ਼ ਹਾਂ...

..........

ਤੂੰ ਏਨੀ ਚੁੱਪ ਚ ਹੀ ਆ ਸਕਦੀ ਸੈਂ...

...........

ਇਸੇ ਲਈ ਮੌਨ ਸਾਂ

ਕਈ ਜਨਮਾਂ ਤੋਂ...

..........

ਤੇ ਹੁਣ ਤੂੰ ਮੈਨੂੰ ਦੇਖੀ ਜਾ ਰਹੀ ਹੈਂ

ਲਗਾਤਾਰ

..........

ਮੈਂ ਤੇਰੀਆਂ ਅੱਖਾਂ ਅੰਦਰ

ਪੂਰਾ ਕਿਉਂ ਨਹੀਂ ਝਾਕ ਸਕਦਾ?

..........

ਕਿਉਂ ਲਗਦਾ ਹੈ ਇਹ ਨੀਲਾ ਸਮੁੰਦਰ

ਕਦੀ ਜਾਮਨੀ ਕਦੇ ਪਹਾੜੀ ਹਰਾ

ਕਦੀ ਕਾਲ਼ਾ ਸਿਆਹ

ਹੁੰਦਾ ਜਾ ਰਿਹਾ ਹੈ

ਤੇ ਮੈਂ ਰੁੜ੍ਹਿਆ ਜਾ ਰਿਹਾ ਹਾਂ

ਪਾਰ ਧਰਤੀਆਂ ਮੁਲਕਾਂ ਬੰਨਿਆਂ ਬੰਨ੍ਹਾਂ ਤੋਂ

ਪਾਰ...

.............

ਤੇ ਤੂੰ ਹੱਸੀ ਜਾ ਰਹੀ ਹੈਂ

ਲਗਾਤਾਰ

======

ਮੋੜ

ਨਜ਼ਮ

ਤੂੰ ਆਪਣਾ ਹੱਥ ਛੁਡਾ ਕੇ

ਸਮੁੰਦਰ ਵੱਲ ਨੂੰ ਹੋ ਤੁਰੀ...

..........

ਮੇਰੀ ਚੁੱਪ ਦੀ ਹਲਕੀ ਹਲਕੀ ਧੁੰਦ

ਅਜੇ ਵੀ ਪੱਸਰੀ ਹੋਈ ਉੱਥੇ

ਤੇ ਹੱਥ ਮੇਰਾ ਅਜੇ ਵੀ

ਪਰੇਸ਼ਾਨ ਹਵਾ ਅੰਦਰ ਅਟਕਿਆ

ਤੈਨੂੰ ਜਾਂਦਿਆਂ ਤੱਕਦਾ...

...........

ਮੈਂ ਉੱਥੇ ਪਿਛਲੇ ਕਈ ਵਰ੍ਹਿਆਂ ਤੋਂ

ਲੰਘ ਰਿਹਾਂ

ਹਰ ਵਾਰ ਉੱਥੋਂ ਧਰਤੀ ਦੀ

ਇਕ ਗਾਚੀ ਪੱਟਦਾ ਹਾਂ

ਉਸ ਅੰਦਰ ਕੁਝ ਰੱਖਦਾ ਹਾਂ

ਤੇ ਪਰਤ ਆਉਂਦਾ ਹਾਂ

..........

ਉੱਥੇ ਇਕ ਸੰਘਣੀ ਬੇਰੀ ਕੋਲ਼

ਇੱਥੇ ਸਮੁੰਦਰ ਕੋਲ਼

ਆਪਾਂ ਕਿਸਨੂੰ ਲੱਭ ਰਹੇ ਹਾਂ?

.........

ਧਰਤੀ ਦੀ ਗਾਚੀ ਹਿੱਲ ਰਹੀ ਹੈ...

=====

ਆਨੰਦ

ਨਜ਼ਮ

ਹਟੇ ਹੀ ਨਾ ਸਮੁੰਦਰ

ਉੱਛਲਣੋਂ

...........

ਕਿੰਨੀ ਲਿਸ਼ਕ, ਵੇਗ

ਤੇ ਬੱਦਲ਼ ਨਾਲ਼ ਕਰਿੰਗੜੀ ਪਾਈ

ਹਿੱਲੇ...

..........

ਚਿੱਟੀਆਂ ਭਰੀਆਂ ਭਰਾਈਆਂ ਬੱਤਖਾਂ

ਤਰਦੀਆਂ ਉੱਛਲ਼ਦੀਆਂ ਬਹਿੰਦੀਆਂ

ਹਟਣ ਹੀ ਨਾ ਮੈਨੂੰ ਝਾਕਣੋਂ

ਮੈਂ ਅੱਖਾਂ ਮੀਟੀਆਂ....

............

ਸਮੁੰਦਰ ਹੱਸਿਆ

ਛਿੱਟੇ ਉਸਦੇ ਚਾਂਦੀ ਰੰਗੇ

ਚਿਹਰੇ ਮੇਰੇ ਤੇ

ਮੈਂ ਝਰਨਾਹਟ ਚ ਖਿੱਚਿਆ ਗਿਆ...

............

ਪੈਰ ਨੰਗੇ ਰੇਤ ਤੇ ਰੱਖੇ

ਠੰਡਕ ਨੇ ਮੈਨੂੰ ਮੇਰੀਆਂ ਜੜਾਂ ਨਾਲ਼ ਜੋੜਿਆ

ਅਨੰਤ ਇਕ ਵਜਦ ਅੰਦਰ

ਮੈਂ ਉੱਪਰ ਵੱਲ ਨੂੰ ਉੱਠਿਆ

ਤੇ ਅਚਾਨਕ ਧਰਤੀ ਅੰਦਰੋਂ

ਯੁੱਗਾਂ ਪੁਰਾਣਾ ਲਾਵਾ ਲੈ ਕੇ

ਸਮੁੰਦਰ ਅੰਦਰ ਲਹਿ ਗਿਆ...

=====

ਨਾਗ

ਨਜ਼ਮ

ਕੌਡੀਆਂ ਚੋਂ ਤੇਰੇ ਨਕਸ਼ ਹਿੱਲਦੇ

ਡੰਗ ਨਾਲ਼

ਹਵਾ ਸ਼ੂਕਦੀ

...........

ਤੇਰੇ ਸਾਹਾਂ

ਕੁੰਡਲੀ ਮਾਰੀ ਬੈਠਾ

ਸਦੀਆਂ ਤੋਂ

ਪਟਾਰੀ ਅੰਦਰੋਂ ਜਾਣ ਦਿਹ ਇਸਨੂੰ

.............

ਜੰਗਲ਼ ਖੋਲ੍ਹ ਦੇ...

Wednesday, April 28, 2010

ਸੰਤੋਖ ਧਾਲੀਵਾਲ - ਨਜ਼ਮ

ਬੀਮਾਰ ਮਾਂ

ਨਜ਼ਮ

ਮਾਂ...!!

ਮੈਨੂੰ ਕੀ ਪਤਾ ਸੀ

ਕਿ ਤਪਦਿਕ

ਕੀ ਹੁੰਦੀ ਹੈ

ਕਿਉਂ ਮੈਨੂੰ

ਰੋਕਿਆ ਜਾਂਦਾ ਤੈਨੂੰ ਮਿਲ਼ਣ ਤੋਂ

.............

ਤੂੰ ਚੁਬਾਰੇ ਚ ਇਕੱਲੀ

ਸ਼ਾਇਦ ਉਡੀਕਦੀ ਹੋਵੇਂਗੀ

ਤੇਰੇ ਕੰਨ ਸ਼ਾਇਦ ਸਾਰਾ ਦਿਨ

ਆਵਾਜ਼ਾਂ ਦੇ ਝੁਰਮਟ ਚੋਂ

ਸਿਆਨਣ ਚ ਮਸਰੂਫ਼ ਹੁੰਦੇ ਹੋਣਗੇ

ਮੇਰੇ ਨਿੱਕੇ ਨਿੱਕੇ ਪੈਰਾਂ ਦੀ ਆਹਟ

.............

ਤੂੰ ਤੜਪਦੀ ਹੋਵੇਂਗੀ

ਕਿ ਹਜ਼ਾਰ ਮੰਨਤਾਂ ਬਾਅਦ

ਮਿਲ਼ਿਆ ਪੁੱਤ

ਹੁਣ ਤੈਨੂੰ

ਮਿਲ਼ਣ ਕਿਉਂ ਨਹੀਂ ਆਉਂਦਾ

.............

ਇਸ ਚ ਮੇਰਾ ਕੋਈ ਦੋਸ਼ ਨਹੀਂ ਸੀ ਮਾਂ

ਚੁਬਾਰੇ ਨੂੰ ਚੜ੍ਹਦੀ ਪੌੜੀ ਦੇ

ਪਹਿਲੇ ਡੰਡੇ ਤੇ

ਪੈਰ ਧਰਦਿਆਂ ਹੀ

ਦਾਦੀ ਦੀ ਕੁਰੱਖਤ ਚੀਕ

ਰੋਕ ਦੇਂਦੀ ਸੀ ਮੇਰੇ ਪੈਰ...

..........

ਨਹੀਂ ਜਾਣਾ ਤੂੰ ਉੱਪਰ ਚੁਬਾਰੇ

ਉਹ ਤੇਰੀ ਮਾਂ ਨਹੀਂ

ਡੈਣ ਹੈ

ਖਾ ਜਾਵੇਗੀ ਤੈਨੂੰ ਤੇ

ਇਸ ਘਰ ਦੇ ਹਰ ਇੱਕ ਜੀਅ ਨੂੰ

ਨਾਮੁਰਾਦ

ਪਤਾ ਨਹੀਂ ਕਿਉਂ ਮੇਰੇ ਪੁੱਤ ਦੇ

ਮੱਥੇ ਦੀਆਂ ਲਕੀਰਾਂ

ਹੋਣਾ ਸੀ ਇਸਦਾ ਪ੍ਰਵੇਸ਼...

................

ਦਾਦੀ ਵੀ ਤਾਂ ਮਾਂ ਸੀ

ਮਾਂ ਵੀ ਏਡੀ ਕਰੋਪੀ ਹੋ ਸਕਦੀ ਹੈ

ਮੈਂ ਹਾਲੀ ਤੱਕ ਵੀ ਸਮਝ ਨਹੀਂ ਸਕਿਆ

.............

ਮੈਂ ਜਦੋਂ ਵੀ ਦਾਦੀ ਤੋਂ ਚੋਰੀ

ਪੌੜੀਆਂ ਚੜ੍ਹ ਤੈਨੂੰ ਮਿਲ਼ਣ ਆਉਂਦਾ

ਤੇਰੀਆਂ ਅੱਖਾਂ ਦੀ ਤਲਖ਼ੀ ਤੇ

ਤੇਰੀ ਘੂਰ ਮੈਥੋਂ ਝੱਲੀ ਨਾ ਜਾਂਦੀ

.......

ਕਿਉਂ ਨਹੀਂ ਆਉਂਦਾ ਤੂੰ

ਮੈਨੂੰ ਮਿਲ਼ਣ..?

ਤੂੰ ਗ਼ੁੱਸੇ ਚ ਮੈਨੂੰ ਆਪਣੇ ਕੋਲ਼ੇ ਖਿੱਚ ਕੇ ਕਹਿੰਦੀ

ਪਰ

ਆਪਣੇ ਸਾਹਾਂ ਤੋਂ ਸਦਾ ਪਰੇ ਹੀ ਰੱਖਦੀ

ਸ਼ਾਇਦ ਤੇਰੇ ਅੰਦਰ ਵੀ ਕੋਈ ਡਰ ਸੀ

ਕਿ ਤੇਰੀ ਬੀਮਾਰੀ

ਕਿਧਰੇ ਤੇਰੇ ਪੁੱਤ ਨੂੰ ਨਾ ਲੱਗ ਜਾਵੇ

............

ਤੇਰਾ ਹਿਰਖ ਜਾਇਜ਼ ਸੀ

ਪਰ-ਤੈਨੂੰ ਗ਼ੁੱਸੇ ਨਾਲ ਭਰੀ ਵੇਖ

ਮੈਂ ਤੈਥੋਂ ਹੋਰ ਡਰਨ ਲਗਦਾ

ਤੇ ਤੂੰ ਮੈਨੂੰ ਸੱਚੀਂ

ਦਾਦੀ ਵਾਲੀ ਡੈਣ ਲੱਗਣ ਲਗਦੀ

ਤੇ ਮਨ ਹੀ ਮਨ ਚ ਕਹਿੰਦਾ

ਨਹੀਂ ਆਉਣਾ ਹੁਣ ਫੇਰ ਮੈਂ ਇਸਨੂੰ ਮਿਲ਼ਣ

ਤੂੰ ਗ਼ੁੱਸਾ ਕਰਦੀ ਕਿ ਮੈਂ ਕਿਉਂ

ਮਿਲ਼ਣ ਨਹੀਂ ਆਉਂਦਾ

ਤੇ ਮੈਂ ਤੈਥੋਂ ਡਰਦਾ ਪੌੜੀਆਂ ਚੜ੍ਹਨ

ਤੋਂ ਸਹਿਮਿਆ ਰਹਿੰਦਾ

............

ਪਰ ਅੱਜ ਸੋਚਦਾ ਹਾਂ

ਤੇ ਜਾਣ ਗਿਆ ਹਾਂ

ਕਿ ਕਿਉਂ ਘੂਰਦੀ ਸੀ ਤੂੰ ਮੈਨੂੰ

ਤੇ ਉਹ ਤੇਰੀ ਘੂਰ

ਬਹੁਤ ਪਿਆਰੀ ਲਗਦੀ ਹੈ ਹੁਣ

............

ਕਾਸ਼!

ਮੈਂ ਉਦੋਂ ਬੁੱਢਾ ਹੋ ਚੁੱਕਿਆ ਹੁੰਦਾ

ਦਾਦੀ ਦੇ ਰੋਕਣ ਤੇ ਵੀ

ਤੇ ਤੇਰੇ ਗ਼ੁੱਸੇ ਹੋਣ 'ਤੇ ਵੀ

ਮੈਂ ਤੈਨੂੰ

ਰੋਜ਼ ਮਿਲਣ ਆਉਂਦਾ

Tuesday, April 27, 2010

ਸੰਦੀਪ ਸੀਤਲ - ਨਜ਼ਮ

ਸਾਹਿਤਕ ਨਾਮ: ਸੰਦੀਪ ਸੀਤਲ

ਅਜੋਕਾ ਨਿਵਾਸ: ਯੂ.ਐੱਸ.ਏ.

ਪ੍ਰਕਾਸ਼ਿਤ ਕਿਤਾਬਾਂ: ਰਚਨਾਵਾਂ ਹਾਲੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਨਹੀਂ ਹੋਈਆਂ।

-----

ਦੋਸਤੋ! ਅੱਜ ਸੰਦੀਪ ਸੀਤਲ ਜੀ ਨੇ ਆਰਸੀ ਪਰਿਵਾਰ ਨਾਲ਼ ਕੁਝ ਰਚਨਾਵਾਂ ਭੇਜ ਕੇ ਪਹਿਲੀ ਵਾਰ ਸਾਹਿਤਕ ਸਾਂਝ ਪਾਈ ਹੈ। ਆਰਸੀ ਪਰਿਵਾਰ ਵੱਲੋਂ ਸੀਤਲ ਜੀ ਨੂੰ ਖ਼ੁਸ਼ਆਮਦੀਦ ਆਖਦਿਆਂ ਉਹਨਾਂ ਵੱਲੋਂ ਘੱਲੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ਨੂੰ ਅੱਜ ਦੀ ਪੋਸਟ ਵਿਚ ਸ਼ਾਮਿਲ ਕਰ ਰਹੀ ਹਾਂ। ਬਾਕੀ ਰਚਨਾਵਾਂ ਆਉਣ ਵਾਲ਼ੇ ਦਿਨਾਂ 'ਚ ਸਾਂਝੀਆਂ ਕਰਦੇ ਰਹਾਂਗੇ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਕਸ਼ਮਕਸ਼

ਨਜ਼ਮ

ਹੁਣ ਤੁਸੀਂ
ਮੈਨੂੰ ਖ਼ਾਮੋਸ਼ੀ ਦੇ ਜਜ਼ੀਰਿਆਂ
'
ਚੋਂ ਵਾਪਸ ਨਾ ਬੁਲਾਓ
ਇਹ ਮੌਨ ਜੰਗਲ
ਜੋ ਮੇਰੇ ਆਸ ਪਾਸ
ਕਿਧਰੇ ਪਸਰਿਆ ਹੋਇਆ ਹੈ
ਇਸ ਦੀ ਭਿਆਨਕ ਚੁੱਪ ਅੰਦਰ
ਮੈਨੂੰ ਇਕ
ਅਜਬ ਜਿਹਾ ਸਕੂਨ ਮਿਲਦਾ ਹੈ......
...........
ਹੁਣ ਮੈਂ... ਉਦਾਸ ਫ਼ਿਜ਼ਾਵਾਂ ਨੂੰ
ਸ਼ੋਖ ਰੰਗਾਂ ਨਾਲ
ਰੰਗਣਾ ਨਹੀਂ ਚਾਹੁੰਦੀ ...
ਨਿੱਤ ਬਦਲਦੇ ਮੌਸਮ
ਮੈਨੂੰ ਪਰੇਸ਼ਾਨ ਕਰ ਦਿੰਦੇ ਨੇ.....
.............
ਹੁਣ ਮੈਂ ..ਸ਼ਬਦਾਂ ਨੂੰ ਜੋੜ ਜੋੜ
ਉਪਮਾ 'ਤੇ ਅਲੰਕਾਰ
ਘੜਨਾ ਨਹੀ ਚਾਹੁੰਦੀ ...
ਕੋਰੇ ਕਾਗ਼ਜ਼ ਦੀ ਹਿੱਕ ਉੱਤੇ
ਉੱਕਰੇ ਸ਼ਬਦਾਂ ਦੇ
ਮੁਖ਼ਤਲਿਫ਼ ਜਿਹੇ ਅਰਥ
ਮੈਨੂੰ ਉਲਝਾ ਦਿੰਦੇ ਨੇ ....
.............
ਹੁਣ ਮੈਂ.. ਡੁੱਬਦੇ ਸੂਰਜ ਦੀਆਂ
ਟੁਕੜੇ ਟੁਕੜੇ ਕਿਰਨਾਂ ਨੂੰ ਸਮੇਟ
ਕੋਈ ਗੀਤ ਲਿਖਣਾ ਨਹੀ ਚਾਹੁੰਦੀ ..
ਸੰਧੂਰੀ ਸ਼ਾਮਾਂ ਨਾਲ ਸੰਜੀਦਾ ਸੰਵਾਦ
ਮੈਨੂੰ ਬੇਚੈਨ ਕਰ ਦਿੰਦੇ ਨੇ.....
..........
ਕਤਰਾ ਕਤਰਾ ਸਮੁੰਦਰ
ਨਾਲ਼ ਹੁਣ ਮੇਰੀ
ਪਿਆਸ ਨਹੀ ਬੁਝਦੀ ....
ਵਗਦੇ ਪਾਣੀਆਂ ਵਿਚ
ਲਹਿਰਾਂ ਦੇ ਗੀਤ
ਮੇਰੇ ਅੰਦਰ
ਖਲਬਲੀ ਜਿਹੀ ਮਚਾ ਦਿੰਦੇ ਨੇ ....
..........
ਓਹ
ਮੁੱਠੀ ਭਰ ਬਾਰਿਸ਼ ....
ਚੰਦ ਫੁੱਲ ਪੱਤੀਆਂ ....
ਛਿਣ-ਭੰਗਰੀ ਮ‌ਹਿਕ ....
ਰੰਗ ਬਦਲਦੇ ਮੌਸਮ ...
ਏਕਮ ਦਾ ਚੰਨ ....
ਜ਼ਰਾ ਸਿਤਾਰਾ ....
ਪਲ ਭਰ ਦਾ ਉਜਾਲਾ ....
ਬੂੰਦ ਬੂੰਦ ਸਾਗਰ ....
ਦੋ ਚਾਰ ਸ਼ੋਖ਼ ਤਿਤਲੀਆਂ ....
ਕੁਝ ਟਿਮਟਿਮਾਉਂਦੇ ਜੁਗਨੂੰ ....
ਕੁਝ ਵੀ ਤਾਂ ਨਹੀ ਚਾਹੀਦਾ ....
ਹੁਣ ਮੈਨੂੰ....
..........
ਰੰਗਹੀਣ ਮੌਸਮਾਂ ਨੇ ਮੈਨੂੰ
ਆਪਣਾ ਹਾਣੀ ਜੋ ਬਣਾ ਲਿਆ ਏ ......
ਸਿਆਹ ਹਨੇਰਿਆਂ ਦੇ ਸੱਨਾਟੇ ਅੰਦਰ
ਹੁਣ ਮੈਨੂੰ ਖ਼ੌਫ਼ ਮਹਿਸੂਸ ਨਹੀ ਹੁੰਦਾ
ਕਾਲ਼ੀਆਂ ਰਾਤਾਂ ਨੇ ਮੈਨੂੰ
ਆਪਣਾ ਰਾਜ਼ਦਾਰ ਜੋ ਬਣਾ ਲਿਆ ਏ...
ਭਟਕਦੀਆਂ ਰੂਹਾਂ ਨਾਲ਼
ਮੇਰੀ ਗਹਿਰੀ ਦੋਸਤੀ ਹੋ ਗਈ ਏ
ਘੁੱਪ ਹਨੇਰੇ
ਮੈਨੂੰ ਹੁਣ ਰਾਸ ਆ ਗਏ ਨੇ ....
ਕਿਸੇ ਨਿਪੱਤਰੇ ਰੁੱਖ ਦੀ ਮੁਰਝਾਈ ਛਾਂ
ਹੁਣ ਮੈਨੂੰ ਨਹੀਂ ਚਾਹੀਦੀ ....
ਮੋਮ ਤੋਂ ਪੱਥਰ ਜੋ ਹੋ ਗਈ ਹਾਂ ਮੈਂ
ਕੜਕਦੀ ਧੁੱਪ
ਮੈਨੂੰ ਹੁਣ ਰਾਸ ਆ ਗਈ ਏ .....
.........
ਹੁਣ ਮੈਂ
ਮਾਰੂਥਲ ਦੀ ਤੱਤੀ ਰੇਤ ਉੱਤੇ
ਰੰਗ ਬਰੰਗੀਆਂ ਇਬਾਰਤਾਂ
ਲਿਖਣਾ ਨਹੀ ਚਾਹੁੰਦੀ ..
ਸ਼ੋਖ ਰੰਗ ਮੇਰਾ ਸਕੂਨ ਭੰਗ ਕਰ ਦਿੰਦੇ ਨੇ
ਜ਼ਰਦ ਰੰਗ ਮੇਰੇ ਤੇ ਹਾਵੀ ਹੋ ਗਏ ਨੇ ......
ਸੁਫ਼ਨਿਆਂ ਦੇ ਚਮਕਦੇ ਰੰਗ ਵੀ ਤਾਂ
ਹੁਣ ਫ਼ਿੱਕੇ ਪੈ ਗਏ ਨੇ....
.........

ਹੁਣ ਮੈਂ
ਕਸ਼ਮਕਸ਼-ਏ-ਜ਼ਿੰਦਗੀ ਤੋਂ
ਆਜ਼ਾਦ ਹੋਣਾ ਚਾਹੁੰਦੀ ਹਾਂ....
ਹੁਣ ਤੁਸੀਂ
ਮੈਨੂੰ ਖ਼ਾਮੋਸ਼ੀ ਦੇ ਜਜ਼ੀਰਿਆਂ
'
ਚੋਂ ਵਾਪਸ ਨਾ ਬੁਲਾਓ
ਮੈਂ ਹੁਣ
ਪਰਤਣਾ ਨਹੀਂ ਚਾਹੁੰਦੀ ....

=====

ਸੋਨ ‌ਚਿੜੀ

ਨਜ਼ਮ

ਸੋਨੇ ਦੀ ਚੁੰਝ ਵਾਲ਼ੀ ਸੋਨ ‌ਚਿੜੀ

ਸੱਤ ਸਮੁੰਦਰ ਪਾਰ ਕਰ

ਹੰਸਾਂ ਸੰਗ ਮਾਨ ਸਰੋਵਰ ਵਿਚੋਂ

ਅੰਮ੍ਰਿਤ ਜਲ ਲਿਆਉਣ ਸੀ ਗਈ

ਨਿੱਕੀ ਜਿਹੀ ਡਾਰ ਵਿਚ ਰਲ਼ ਕੇ ......

...........

ਸਿਕੰਦਰ ਵਾਂਗ ਨਹੀਂ

ਜੋ ਆਬਿ-ਹਯਾਤ ਦੇ ਚਸ਼ਮੇ ਤੇ ਪੁੱਜ ਕੇ ਵੀ

ਤ੍ਰਿਹਾਇਆ ਪਰਤ ਆਇਆ ਸੀ

ਉਹ ਤਾਂ ਸਗੋਂ ਅੰਮ੍ਰਿਤ-ਮੰਥਨ ਲਈ ਗਈ ਸੀ

ਇਸ ਆਸਥਾ ਨਾਲ਼...

ਕਿ ਪਰਤਣ ਸਮੇਂ

ਉਸ ਦੀ ਚੁੰਝ ਵਿਚ ਸੋਲ਼ਾਂ ਰਤਨ ਹੋਣਗੇ

ਅਤੇ ਸੁਨ‌ਹਿਰੀ ਕਿਰਨਾਂ

ਉਸ ਦੇ ਪਰਾਂ ਦੇ ਫੜਫੜਾੳਣ ਨਾਲ਼

ਉਸ ਦਾ ਰਾਹ ਰੌਸ਼ਨ ਕਰਨਗੀਆਂ

ਅਤੇ ਪ੍ਰਕਿਰਤੀ ਉਸ ਦੀ ਸ਼ਕਤੀ ਹੋਵੇਗੀ .......

...........

ਐਪਰ!

ਪ੍ਰਕਿਰਤੀ ਨੇ ਸਹਿਜੇ ਸਹਿਜੇ

ਬੜੀ ਹੀ ਕਲਾਕਾਰੀ ਨਾਲ਼

ਉਸ ਨੂੰ ਆਪਣੇ ਕਲ਼ਾਵੇ ਵਿਚ ਲੈ

ਸੋਨ ਪਿੰਜਰੇ ਵਿਚ ਕੈਦ ਕਰ ਲਿਆ

ਤੇ ਫਿਰ ਉਸ ਦੇ ਸੁਨ‌ਹਿਰੀ ਖੰਭ

ਸੋਨ ਪਿੰਜਰੇ ਦੀਆਂ ਬੰਦ ਸਲਾਖ਼ਾਂ ਅੰਦਰ ਹੀ

ਇਕ ਇਕ ਕਰ ਕੇ ਛਿਟਕ ਗਏ .....

Monday, April 26, 2010

ਬਲਵਿੰਦਰ ਸੰਧੂ - ਨਜ਼ਮ

ਸਾਹਿਤਕ ਨਾਮ: ਬਲਵਿੰਦਰ ਸੰਧੂ

ਅਜੋਕਾ ਨਿਵਾਸ: ਪਟਿਆਲਾ, ਪੰਜਾਬ

ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ਇਕ ਅਧੂਰਾ ਗੀਤ, ਕੋਮਲ ਸਿੰਘ ਆਖਦਾ ਹੈ ਅਤੇ ਘਾੜਤਿ ਪ੍ਰਕਾਸ਼ਿਤ ਹੋ ਚੁੱਕੇ ਹਨ।

-----

ਦੋਸਤੋ! ਕੋਈ ਡੇਢ ਕੁ ਸਾਲ ਪਹਿਲਾਂ ਦਵਿੰਦਰ ਪੂਨੀਆ ਜੀ ਨੇ ਮੈਨੂੰ ਪਟਿਆਲ਼ੇ ਵਸਦੇ ਸ਼ਾਇਰ ਬਲਵਿੰਦਰ ਸੰਧੂ ਸਾਹਿਬ ਦੁਆਰਾ ਰਚਿਤ ਇਕ ਕਿਤਾਬ ਪੜ੍ਹਨ ਨੂੰ ਦਿੱਤੀ ਸੀ: ਕਿਤਾਬ ਦਾ ਨਾਮ ਬੜਾ ਰੌਚਕ ਸੀ ਘਾੜਤਿ। ਕਿਤਾਬ ਦਾ ਟਾਈਟਲ ਜਿੱਥੇ ਖਿੱਚ ਪਾਉਂਦਾ ਸੀ ਕਿ ਜਲਦੀ ਪੜ੍ਹਾਂ, ਉੱਥੇ ਕਿਤਾਬ ਦੇ ਪਿਛਲੇ ਪੰਨੇ ਤੇ ਅੰਕਿਤ ਇਸ ਨਜ਼ਮ ਨੇ ਮੇਰੀ ਕਿਤਾਬ ਪੜ੍ਹਨ ਦੀ ਉਤਸੁਕਤਾ ਹੋਰ ਵਧਾ ਦਿੱਤੀ:

ਇਹ ਨਜ਼ਮ ਸੀ:

-----

ਰੰਗ ਜਾਮਣੀ ਬੋਲਿਆ

ਦਿਲ ਦੀ ਆਵਾਜ਼-

ਕਵਿਤਾ ਚ ਪਿਆਰ ਦਾ ਇਜ਼ਹਾਰ ਕਰੋ

...........

ਰੰਗ ਨੀਲਮ ਬਹਿਸਿਆ

ਸ਼ਬਦ ਦਾ ਰਾਜ਼-

ਕਵਿਤਾ ਚ ਨਿਰੰਕਾਰ ਦਾ ਪ੍ਰਚਾਰ ਕਰੋ

............

ਰੰਗ ਅਸਮਾਨੀ ਗੱਜਿਆ

ਸਾਗਰ ਦੀ ਸਦਾਅ-

ਕਵਿਤਾ ਚ ਪਾਣੀ ਦੀ ਕਹਾਣੀ ਲਿਖੋ

...........

ਰੰਗ ਹਰਾ ਸਿਸਕਿਆ

ਧਰਤ ਦੀ ਬਿਨਾਹ-

ਕਵਿਤਾ ਚ ਕਰਤੇ ਦੀ ਫੁੱਲਵਾਣੀ ਲਿਖੋ

..............

ਰੰਗ ਪੀਲ਼ਾ ਲਿਸ਼ਕਿਆ

ਧੁੱਪ ਦਾ ਸੰਕੇਤ-

ਕਵਿਤਾ ਚ ਉਪਜਣ-ਬਿਨਸਣ ਦੀ ਵਜ੍ਹਾ ਲਿਖੋ

..............

ਰੰਗ ਬਸੰਤੀ ਗੁਣਗੁਣਾਇਆ

ਵਤਨ ਦਾ ਆਦੇਸ਼-

ਕਵਿਤਾ ਚ ਤਿਰੰਗੇ ਦੀ ਰਜ਼ਾ ਲਿਖੋ

...........

ਰੰਗ ਰੱਤਾ ਦਨਦਨਾਇਆ

ਅਦਨੇ ਦੀ ਹਾਹਾਕਾਰ-

ਕਵਿਤਾ ਚ ਸ਼ਕਤੀ ਦਾ ਸਤਿਭੋਗ ਲਿਖੋ

.............

ਰੰਗ ਚਿੱਟਾ ਵਿਲਕਿਆ

ਨਵਿਆਂ ਦੀ ਫ਼ਰਿਆਦ-

ਕਵਿਤਾ ਚ ਕੁਝ ਪ੍ਰਯੋਗ ਲਿਖੋ

................

ਸੂਰਜ ਚਮਕਿਆ

ਮੈਂ ਰੰਗਾਂ ਦਾ ਸਿਰਜਣਹਾਰ-

ਮੇਰੇ ਰੰਗਾਂ ਨੂੰ ਪਿਆਰ ਕਰੋ

ਪ੍ਰਿਜ਼ਮ ਹੱਸਿਆ

ਮੈਂ ਰੰਗਾਂ ਦਾ ਅਧਾਰ-

ਮੇਰੇ ਰੰਗਾਂ ਦਾ ਸਤਿਕਾਰ ਕਰੋ

..............

ਕਵਿਤਾ ਨੇ ਸੁਣੀ ਦੁਹਾਈ

ਇਹ ਕਹਿ ਮੁੰਦਾਵਣੀ ਲਾਈ

ਜੋ ਜੀਅ ਆਵੇ ਸੋਈ ਲਿਖੋ

ਪਰ ਹਜ਼ੂਰ ! ਮੇਰੇ ਮਸ਼ਕੂਰ !!

ਕਵਿਤਾ ਚ ਕਵਿਤਾ ਜ਼ਰੂਰ ਲਿਖੋ।

-----

ਰਾਤ ਦੇ ਇਕ ਵਜੇ ਤੱਕ ਬੈਠ ਕੇ ਸਾਰੀ ਕਿਤਾਬ ਪੜ੍ਹੀ, ਸਵੇਰੇ ਹੁੰਦਿਆਂ ਹੀ ਫੇਰ ਪੜ੍ਹੀ, ਅੱਖਰ-ਅੱਖਰ ਮਾਣਿਆ। ਸੰਧੂ ਸਾਹਿਬ ਨੂੰ ਕਾਲ ਕੀਤੀ ਤੇ ਦੱਸਿਆ ਕਿ 'ਘਾੜਤਿ' ਮੇਰੀਆਂ ਮਨ-ਪਸੰਦੀਦਾ ਕਿਤਾਬਾਂ ਚ ਸ਼ਾਮਿਲ ਹੋ ਗਈ ਹੈ। ਉਹਨਾਂ ਨੇ ਨਵੀਆਂ ਰਚਨਾਵਾਂ ਜਲਦ ਘੱਲਣ ਦਾ ਵਾਅਦਾ ਕੀਤਾ, ਫੇਰ ਮੈਂ ਵੀ ਬਹੁਤ ਰੁੱਝ ਗਈ, ਤੇ ਸ਼ਾਇਦ ਸੰਧੂ ਸਾਹਿਬ ਵੀ, ਪਰ ਉਹ ਵਾਅਦਾ ਭੁੱਲੇ ਨਹੀਂ। ਕੁਝ ਦਿਨ ਪਹਿਲਾਂ ਉਹਨਾਂ ਦੀ ਈਮੇਲ ਆਈ, ਨਵੀਆਂ ਰਚਨਾਵਾਂ ਨਾਲ਼ ਨੱਥੀ ਸਨ। ਮੇਰੀ ਖ਼ੁਸ਼ੀ ਦੀ ਹੱਦ ਨਾ ਰਹੀ।

-----

ਦੋਸਤੋ! ਅੱਜ ਸੰਧੂ ਸਾਹਿਬ ਦੀਆਂ ਘੱਲੀਆਂ ਇਹਨਾਂ ਨਜ਼ਮਾਂ ਵਿੱਚੋਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ ਤੁਹਾਡੇ ਨਾਲ਼ ਸਾਂਝੀਆਂ ਕਰਦਿਆਂ ਮੈਂ ਮਾਣ ਮਹਿਸੂਸ ਕਰ ਰਹੀ ਹਾਂ, ਬਾਕੀ ਆਉਣ ਵਾਲ਼ੇ ਦਿਨਾਂ ਚ ਪੋਸਟ ਕਰਦੇ ਰਹਾਂਗੇ। ਮੈਨੂੰ ਪੂਰਨ ਆਸ ਹੈ ਕਿ ਇਹ ਨਜ਼ਮਾਂ ਤੁਹਾਨੇ ਮਨ 'ਤੇ ਵੀ ਗਹਿਰੀ ਛਾਪ ਛੱਡਣਗੀਆਂ। ਉਹਨਾਂ ਦੀ ਹਾਜ਼ਰੀ ਆਰਸੀ ਦਾ ਸੁਭਾਗ ਹੈ, ਜਿਸ ਨਾਲ਼ ਆਰਸੀ ਦਾ ਸਾਹਿਤਕ ਕੱਦ ਹੋਰ ਬੁਲੰਦ ਹੋਇਆ ਹੈ। ਸੰਧੂ ਸਾਹਿਬ! ਤੁਹਾਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਹੇ ਕਵਿਤਾ !

ਨਜ਼ਮ

ਹੇ ਕਵਿਤਾ !

ਮੈਨੂੰ ਨਾਲ਼ ਨਾਲ਼ ਰੱਖੀਂ

...........

ਨਾਲ਼ ਨਾਲ਼ ਰੱਖੀਂ ਮੈਨੂੰ

ਤੂੰ ਜਦ ਬੂਰ ਪਈ ਅੰਬੀ ਤੇ

ਕੋਇਲ ਹੋ ਕੂਕੇਂ

ਤੂੰ ਜਦ ਫੁੱਲ-ਸੁਗੰਧੀਆਂ

ਆਪਣੇ ਅੱਖਰਾਂ ਚ ਘੋਲੇਂ

............

ਗੋਰੀ ਨਿਛੋਹ ਰਾਤੇ ਜਾ

ਸਮੁੰਦਰੀ ਲਹਿਰਾਂ ਨੂੰ ਗੋਟਾ ਲਾਵੇਂ

ਨਿਪੱਤੀਆਂ ਟਹਿਣੀਆਂ ਤੇ

ਸਾਵੇ ਹਰਫ਼ ਲਿਖੇਂ

...............

ਤੂੰ ਜਦ ਸੁਨਹਿਰੀ ਬੱਲੀਆਂ ਦਾ

ਮਿੱਠੜਾ ਗੀਤ ਬੁਣੇਂ

ਸ਼ਾਮ ਦੇ ਘੁਸਮੁਸੇ

ਬੀਂਡਿਆਂ ਦੀ ਰਹਿਰਾਸ ਸੁਣੇਂ

..............

ਜਾਂ ਖੁੰਡੇ ਸ਼ਬਦਾਂ ਨੂੰ

ਲੋਹ-ਸਾਣ ਲਾਵੇਂ

ਜਾਂ ਤਾਂਬੇ ਹਾਰ ਪਿੰਡਿਆਂ ਚੋ ˆ

ਪਸੀਨਾ ਬਣ ਚੋਵੇਂ

ਤੇ ਹਨੇਰ ਸਮਿਆਂ

ਆਪਣੇ ਸੱਚ ਨਾਲ ਖਲੋਵੇਂ

..........

ਹੇ ਕਵਿਤਾ !

ਮੈਨੂੰ ਨਾਲ਼ ਨਾਲ਼ ਰੱਖੀਂ

ਨਾਲ਼ ਨਾਲ਼ ਰੱਖੀਂ ਮੈਨੂੰ

=====

ਉਥੇ ਜਿਥੇ

ਨਜ਼ਮ

ਮੈਨੂੰ ਉਥੇ ਹੀ ਛੱਡ ਆਓ

ਜਿਥੇ ਕੋਇਲ ਕੂਕਦੀ

ਤੇ ਕੂਲ ਵਹਿੰਦੀ ਏ

..........

ਜਿਥੇ ਤਾਰੇ ਕੋਲ਼ ਕੋਲ਼

ਤੇ ਚੰਦ ਮੇਰੇ ਨਾਲ ਤੁਰਦੈ

ਜਿਥੇ ਰਾਤ ਸੁਪਨਈ

ਤੇ ਸੂਰਜ ਮਰਜ਼ੀ ਨਾਲ਼ ਚੜ੍ਹਦੈ

.............

ਜਿਥੇ ਜੁਗਨੂੰਆਂ ਦੀਆਂ ਠਾਹਰਾਂ

ਤੇ ਹੰਸਾਂ ਦੀਆਂ ਡਾਰਾਂ ਨੇ

ਜਿਥੇ ਜੰਗਲ ਅਣਗਾਹੇ

ਤੇ ਪੱਤਣ ਅਣ ਛੂਹੇ ਨੇ

..............

ਜਿਥੇ ਬਿਰਖ਼ਾਂ ਦਾ ਹਲੇਮੀ ਰਾਜ

ਤੇ ਪੰਛੀਆਂ ਦੀ ਸਲਤਨਤ ਏ

ਜਿਥੇ ਹਵਾ ਇਸ਼ਕ਼ ਚ ਖੀਵੀ

ਤੇ ਧਰਤ ਉਡੀਣੀ ਏ

..........

ਜਿਥੇ ਸਮੁੰਦਰ ਖੰਭ ਲਾ

ਅੰਬਰ ਚ ਉੱਡਦੈ

ਤੇ ਜਿਥੇ ਰੱਬ

ਮਰਮਰੀ ਪਿੰਜਰਿਆਂ ਤੋਂ ਬਾਹਰ ਵਸਦੈ

........

ਮੈਨੂੰ ਉਥੇ ਹੀ ਛੱਡ ਆਓ

ਜਿਥੇ ਕੋਇਲ ਕੂਕਦੀ

ਤੇ ਕੂਲ ਵਹਿੰਦੀ ਏ

======

ਸ਼ੁਕਰੀਆ

ਨਜ਼ਮ

ਤੂੰ ਮੁਸਕਰਾਵੇਂ ਤਾਂ-

ਉਮਡ ਆਉਦੇ ਨੇ ਬੱਦਲ

ਸਬਜ਼ਾਅ ਜਾਂਦਾ ਏ ਖੜਸੁੱਕ

ਜਗਮਗਾ ਉੱਠਦਾ ਏ ਸਭ ਕੁਝ

ਚੰਨ ਤੀਜ ਦਾ ਮੈਨੂੰ ਪੂਰਾ ਲੱਗਦਾ

ਤੇ ਸੂਰਜ ਕੋਈ ਸੋਨੇ ਦਾ ਟਿੱਲਾ

.............

ਤੂੰ ਮੁਸਕਰਾਵੇਂ ਤਾਂ-

ਅੰਬਰ ਨੂੰ ਰੰਗਣ ਤਿਤਲੀਆਂ

ਪਸਮ ਪੈਦੀਆਂ ਨੇ ਬੱਦਲੀਆਂ

ਧੁੱਪ ਪੱਤਿਆਂ ਤੇ ਥਿਰਥਰਉਦੀ

ਹਵਾ ਨਾਦ-ਬ੍ਰਹਮ ਕਰਦੀ

ਕੁਦਰਤ ਜੁਗਤਿ ਨਾਲ਼ ਤੁਰਦੀ

.............

ਤੂੰ ਮੁਸਕਰਾਵੇਂ ਤਾਂ-

ਕੁੱਲ ਆਲਮ ਸਹਿਜ ਚ ਹੁੰਦਾ

ਥਕਾਨ-ਵੇਲਾ ਵਜਦ ਚ ਆਉਂਦਾ

ਖ਼ੁਸ਼ਬੋਅ ਉੱਠਦਾ ਸਭ ਵਣ-ਤ੍ਰਿਣ

ਫੁੱਲ ਮਹਿਕਾਂ ਦੀ ਧੂਫ਼-ਬੱਤੀ ਕਰਦੇ

ਜੀਅ-ਜੰਤ ਸਭ ਅੰਜੁਲੀ ਚ ਖੜ੍ਹਦੇ

................

ਤੂੰ ਮੁਸਕਰਾਵੇਂ ਤਾਂ-

ਸ਼ਬਦਾਂ ਚੋਂ ਅਰਥ ਝਰਦੇ

ਗੀਤਾਂ ਚੋਂ ਰਾਗ ਛਿੜਦੇ

ਹੋਠਾਂ ਤੇ ਵਾਕ ਉੱਗਦੇ

ਮੱਥੇ ਦਾ ਦੀਵਾ ਬਲ਼ਦਾ

ਹਨੇਰੇ ਦਾ ਕੜ ਪਾਟ ਜਾਂਦਾ

..............

ਤੂੰ ਮੁਸਕਰਾਵੇਂ ਤਾਂ-

ਮਨ ਦਾ ਚੌਰ ਰਫ਼ੂ ਹੋ ਜਾਂਦਾ

ਅੰਦਰਲਾ ਘੋੜਾ ਡੰਡੋਤ ਕਰਦਾ

ਸੀਨਾ ਭੋਇੰ ਨੂੰ ਲੱਗ ਜਾਂਦਾ

ਸੰਸਿਆਂ ਦਾ ਪਹਾੜ ਢਹਿ ਜਾਂਦਾ

ਸੱਚੀਓਂ ਮੈਂ ਜਿਓਣ ਜੋਗਾ ਹੋ ਜਾਂਦਾ

=====

ਸ਼ਾਪਿੰਗ-ਮਾਲ ਤੇ ਕੀੜੀਆਂ

ਨਜ਼ਮ

ਕੀੜੀਆਂ ਹੁਣ ਕਿਵੇਂ ਚੜ੍ਹਨਗੀਆਂ

ਸ਼ਾਪਿੰਗ-ਮਾਲ ਦੀਆਂ

ਵੱਡੀਆਂ ਤੇ ਮਰਮਰੀ ਪੌੜੀਆਂ-

.............

ਚੜ੍ਹ ਵੀ ਗਈਆਂ ਤਾਂ

ਤੁਰ ਨਾ ਸਕਣਗੀਆਂ

ਮੂੰਹ-ਦਿਸਦੇ ਸ਼ੱਫ਼ਾਫ਼ ਫ਼ਰਸ਼ ਤੇ

ਜਿਥੇ ਵਾਰ-ਵਾਰ ਪੋਚਾ ਲੱਗਦਾ

ਸਭ ਕੁਝ ਪੈਕ ਮਿਲ਼ਦਾ

ਨਾ ਕੁਝ ਡੁੱਲ੍ਹਦਾ, ਨਾ ਡਿੱਗਦਾ

ਕੀ ਚੁਗਣਗੀਆਂ

ਵਿਚਾਰੀਆਂ ਇਹ ਕੀੜੀਆਂ।

..................

ਸਮਿਆਂ ਪਹਿਲਾਂ ਇਥੇ

ਪੰਸਾਰੀ ਦੀ ਨਿੱਕੀ ਜਿਹੀ ਹੱਟੀ ਸੀ

ਵਿਚਾਰੇ ਨੂੰ ਗੁਜ਼ਾਰੇ ਜੋਗ ਖੱਟੀ ਸੀ

ਅਕਸਰ ਪੀਪਿਆਂ ਥੈਲਿਆਂ ਚੋਂ

ਸੌਦਾ-ਪੱਤਾ ਕੱਢਦਿਆਂ

ਚਿੱਬ-ਖੜਿੱਬੀ ਤੱਕੜੀ ਚ ਤੋਲਦਿਆਂ

ਕੁਝ ਨਾ ਕੁਝ ਕਿਰ ਜਾਂਦਾ, ਡੁੱਲ੍ਹ ਜਾਂਦਾ

ਕੀੜੀਆਂ ਦੇ ਚੁਗਣ ਲਈ

ਮਾੜਾ-ਮੋਟਾ ਆਹਰ ਬਣ ਜਾਂਦਾ

................

ਪੰਸਾਰੀ ਦੇਖਦਾ-

ਪਰ ਕਹਿੰਦਾ ਕੁਝ ਨਾ

ਉਲਟਾ ਰਾਮ ਦਾ ਸ਼ੁਕਰ ਕਰੇਂਦਾ

ਉਸ ਭਾਣੇ, ਕੀੜੀਆਂ ਮੂੰਹ

ਨਿੱਕ-ਸੁੱਕ ਲੱਗਦਾ

ਤਾਂ ਹੱਟੀ ਦਾ ਕਾਰੋਬਾਰ ਵਾਹਵਾ ਚੱਲਦਾ

ਟੱਬਰ-ਟੀਰ ਸੋਹਣਾ ਪਲ਼ਦਾ

ਗਾਹਕਾਂ ਦੀ ਆਓ-ਜਾਓ ਰਹਿੰਦੀ

ਤੱਕੜੀ ਦੀ ਡੰਡੀ ਹਿਲਦੀ ਰਹਿੰਦੀ

ਰਿਜ਼ਕ ਚ ਬਰਕਤ ਪੈਂਦੀ

ਕੀੜੀਆਂ ਨੂੰ ਮੌਜ ਬਣੀ ਰਹਿੰਦੀ

............

ਪਰ ਕੁਝ ਵਰ੍ਹਿਆਂ ਤੋਂ ਇਧਰ

ਪੱਥਰਾਂ ਦਾ ਸ਼ਹਿਰ ਵਸ ਗਿਆ

ਹੱਟੀ ਦੀ ਥਾਵੇਂ

ਇੱਕ ਸ਼ਾਪਿੰਗ-ਮਾਲ ਉੱਸਰ ਗਿਆ

ਜਿਸ ਮੂੰਹ-ਅੱਡੀ ਦੈਂਤ ਨੇ

ਨਾਨਕ ਸ਼ਾਹੀ ਇੱਟ ਨੂੰ ਨਿਗਲ਼ ਲਿਆ

ਪੰਸਾਰੀ ਵਿਚਾਰਾ ਉਜੜ ਗਿਆ

ਕੀੜੀਆਂ ਦਾ ਖਾਣ-ਪਾਣ ਹੜ੍ਹ ਗਿਆ

.............

ਕੀੜੀਆਂ ਹੁਣ ਆਉਂਦੀਆਂ

ਪਰ ਚੜ੍ਹ ਨਾ ਸਕਦੀਆਂ

ਸ਼ਾਪਿੰਗ-ਮਾਲ ਦੀਆਂ

ਵੱਡੀਆਂ ਤੇ ਮਰਮਰੀ ਪੌੜੀਆਂ-

ਬਾਹਰੋਂ ਹੀ ਦੇਖਦੀਆਂ

ਤੇ ਪਰਤ ਜਾਂਦੀਆਂ

ਵਿਚਾਰੀਆਂ ਕੀੜੀਆਂ