ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, June 29, 2011

ਇਮਰੋਜ਼ -- ਅੰਮ੍ਰਿਤਾ, ਤੇਰਾ ਵਿਹੜਾ ਛੱਡ ਹੁਣ ਪੰਛੀ ਕਿੱਥੇ ਜਾਣਗੇ...???

ਦਰਸ਼ਨ ਦਰਵੇਸ਼ - ਹੌਜ਼ ਖ਼ਾਸ ਵਾਲ਼ਾ ਘਰ ਢਹਿ ਗਿਆ ਹੈ. ਇਹੀ ਤਾਂ ਬਹੁਤ ਵੱਡੀ ਦਿੱਕਤ ਹੈ ਕਿ ਉਹ ਘਰ ਰਿਹਾ ਹੀ ਨਹੀਂ....ਜਿਹੜਾ ਅੰਮ੍ਰਿਤਾ ਦਾ ਨਹੀਂ, ਸਾਡਾ ਆਪਣਾ ਘਰ ਸੀ....ਦਾਅਵੇ ਵਾਲ਼ੇ ਤਾਂ ਦਾਅਵਾ ਜਤਾਉਂਦੇ ਸੀ ਕਿ ਉਹ ਪੰਜਾਬੀ ਅਕਾਦਮੀ ਦਿੱਲੀ, ਸਾਹਿਤ ਅਕਾਦਮੀ ਦਿੱਲੀ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਹੋਰ ਵੀ ਬਹੁਤ ਸਾਰੀਆਂ ਮਾਨਤਾ ਪ੍ਰਾਪਤ ਅਕਾਦਮੀਆਂ ਅਤੇ ਨਾਗਮਣੀ ਦੀ ਛਾਂ ਵਿੱਚ ਪਲ਼ੇ-ਵਧੇ ਉਹਨਾਂ ਲੇਖਕਾਂ ਦਾ ਘਰ ਸੀ......ਜਿਹਨਾਂ ਦਾ ਜ਼ਿਕਰ ਅੱਜ ਦੇ ਮੇਰੇ ਅੱਥਰੂਆਂ ਦੇ ਰੁਦਨ ਤੋਂ ਬਾਅਦ ਸ਼ੁਰੂ ਹੋਵੇਗਾ....ਜਿਸਨੇ ਉਮਰ ਬਿਤਾ ਦਿੱਤੀ ਪੰਜਾਬੀ ਦੇ ਨਾਂ ਤੇ.. .. ਦੀਦੀ ਦੀ ਜ਼ੁਬਾਨ ਵਾਲਿਆਂ ਦੀ ਜ਼ੁਬਾਨ ਕੱਲ੍ਹ ਮੇਰੇ ਰੂ-ਬ-ਰੂ ਹੋਵੇਗੀ.......ਇੱਕ ਘਰ ਨਾ ਬਚਾਇਆ ਗਿਆ ਅਕਾਦਮੀਆਂ ਵਾਲ਼ਿਆਂ ਤੋਂ..???.....ਤੇ ਮੈਂ.........ਕੱਲ੍ਹ ਫੇਰ ਸਭ ਦੇ ਰੂ-ਬ-ਰੂ ਹੋਵਾਂਗਾ ਕਿਸੇ ਸਮਰਪਣ ਜਿਹੇ ਇਰਾਦੇ ਨਾਲ਼.............ਹੌਜ਼ ਖ਼ਾਸ ਵਾਲ਼ਾ ਘਰ ਢਹਿ (ਕਿਸੇ ਸਾਡਾ ਚੈਨਲ ਦੇ ਦਾਅਵੇ ਮੁਤਾਬਿਕ) ਗਿਆ ਹੈ.......ਆਹ ! ਇਮਰੋਜ਼, ਨਵਰਾਜ ਤੇ ਕੰਦਲਾ...... !! ਹੁਣ ਸਿਰਫ਼ ਇਹੋ ਗੱਲ ਤੁਰੇਗੀ....


ਰਿਸ਼ਤਾ ਜੇ ਸਿਰਫ਼ ਨਜ਼ਮ ਦਾ ਹੀ ਹੁੰਦਾ


ਤਾਂ ਉਹ ਕੁੜੀ


ਸਾਡੀਆਂ ਸੋਚਾਂ ਦੀ ਨਜ਼ਰ '


ਚਿੰਤਨ ਬਣ ਕੇ ਨਾ ਵਹਿੰਦੀ


ਜਿਸ ਵਿੱਚ ਡੁੱਬ ਕੇ


ਮੈਂ ਹਰ ਵਾਰ


ਸਿੱਪ ਤੇ ਮੋਤੀ ਚੋਰੀ ਕਰ ਲਿਆਉਂਦਾ ਹਾਂ


ਜਿਸਨੂੰ ਮੈਂ


ਬਹੁਤਾ ਨਹੀਂ ਮਿਲ਼ਿਆ
ਪਰ ਕਿਤੇ ਜ਼ਿਆਦਾ ਮਿਲ਼ ਲਿਆ ਹਾਂ
=====
ਤਨਦੀਪ ਤਮੰਨਾ: ਦਰਵੇਸ਼ ਜੀਓ! ਇਹ ਤੁਸੀਂ ਕੀ ਲਿਖ ਦਿੱਤੇ ਕਿ ਮੇਰੀਆਂ ਅੱਖਾਂ ਭਰ ਆਈਆਂ ਨੇ....ਅੰਮ੍ਰਿਤਾ-ਇਮਰੋਜ਼ ਜੀ ਦਾ ਘਰ ਕਿਉਂ ਢਹਿ ਗਿਆ ਹੈ? ਢਹਿ ਗਿਐ ਜਾਂ ਢਾਹਿਆ ਗਿਐ? ਮੈਂ ਤਾਂ ਇਮਰੋਜ਼ ਜੀ ਨਾਲ਼ ਚਿੱਠੀ ਪਾਉਣ ਦਾ ਵਾਅਦਾ ਕਰੀ ਫਿਰਦੀ ਸੀ...ਪਰ ਪਿਛਲੇ ਦੋ-ਢਾਈ ਸਾਲ ਮਾਈਗ੍ਰੇਨ ਰਹਿਣ ਕਰਕੇ ਮੈਂ ਵਾਅਦਾ ਨਾ ਪੁਗਾ ਸਕੀ...ਉਹ ਉਡੀਕਦੇ ਹੋਣਗੇ ...ਮੇਰਾ ਖ਼ਤ....ਉਹਨਾਂ ਨੇ ਮੇਰੇ ਲਈ ਕੋਈ ਪੇਂਟਿੰਗ ਵੀ ਬਣਾ ਰੱਖੀ ਹੋਵੇਗੀ....ਕਹਿੰਦੇ ਸੀ.. ਤਮੰਨਾ, ਮੈਨੂੰ ਖ਼ਤ ਜ਼ਰੂਰ ਲਿਖੀਂ....ਮੈਂ ਤੈਨੂੰ ਆਪਣੀ ਪੇਂਟਿੰਗ ਘੱਲਾਂਗਾ....ਮੇਰੀ ਨਿਸ਼ਾਨੀ ਸਾਂਭ ਕੇ ਰੱਖੀਂ... ਜੇ ਉਹ ਘਰ ਹੀ ਢਹਿ ਗਿਐ...ਤਾਂ ਹੁਣ ਖ਼ਤ ਕਿੱਥੇ ਪਾਵਾਂਗੀ??ਉਫ਼! ਉਫ਼!! ਉਫ਼!!!
ਅੱਜ ਫ਼ੋਨ ਨੰਬਰ ਲੱਭ ਕੇ ਇਮਰੋਜ਼ ਜੀ ਨੂੰ ਕਾਲ ਕਰਦੀ ਹਾਂ....ਤਦ ਤੱਕ ਮੈਥੋਂ ਹੋਰ ਨਹੀਓਂ ਲਿਖਿਆ ਜਾਂਦਾ...:(


----


ਦੋਸਤੋ! ਉਪਰੋਕਤ ਟਿੱਪਣੀ ਮੈਂ ਦਰਵੇਸ਼ ਜੀ ਦੀ ਫੇਸਬੁੱਕ ਵਾੱਲ ਦੀ ਉਸ ਪੋਸਟ ਤੇ ਕੀਤੀ ਸੀ ਜਿਸ ਵਿਚ ਉਹਨਾਂ ਨੇ ਅੰਮ੍ਰਿਤਾ-ਇਮਰੋਜ਼ ਜੀ ਦਾ ਘਰ ਢਾਹੇ ਜਾਣ ਦੀ ਖ਼ਬਰ ਦਿੱਤੀ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਜਿਨ੍ਹਾ ਤੇ ਅੰਮ੍ਰਿਤਾ ਵਰਗੀ ਲੇਖਿਕਾ, ਵੱਡੇ ਸ਼ਾਇਰ ਹੋਣ ਦੀ ਮੋਹਰਾਂ ਲਾ ਕੇ ਤੁਰ ਗਈ, ਉਸਦਾ ਘਰ ਕਿਸੇ ਵੀ ਨਾ ਬਚਾਇਆ? ਮੇਰੇ ਸਮਝੋਂ ਬਾਹਰ ਦੀ ਗੱਲ ਹੈ। ਸਾਡੇ ਏਥੇ ਕੋਕਿਟਲਮ ਤੇ ਬਰਨਬੀ ਸ਼ਹਿਰ ਚੋਂ ਨਵੀਂ ਸਕਾਈ ਟਰੇਨ ਚਲਾਉਣ ਦੀ ਯੋਜਨਾ ਲੋਕਾਂ ਸਾਹਮਣੇ ਰੱਖੀ ਗਈ, ਰਾਤੋ-ਰਾਤ ਕਿੰਨੀਆਂ ਸੰਸਥਾਵਾਂ ਸਰਾਕਾਰ/ਟਰਾਂਜ਼ਿਟ ਵਿਰੁੱਧ ਉੱਠ ਖੜ੍ਹੀਆਂ ਹੋਈਆਂ ਕਿ ਤੁਸੀਂ ਸਕਾਈ ਟਰੇਨ ਦੀ ਲਾਈਨ ਕਿਵੇਂ ਚਲਾ ਸਕਦੇ ਹੋਂ, ਜਿੱਥੋਂ ਦੀ ਤੁਸੀਂ ਲਾਈਨ ਵਿਛਾਉਣੀ ਹੈ, ਉੱਥੇ ਕਿੰਨੇ ਦਰੱਖਤ ਕੱਟੇ ਜਾਣਗੇ, ਉਹਨਾਂ ਦਰੱਖਤਾਂ ਤੇ ਅਣਗਿਣਤ ਪੰਛੀਆਂ ਦੇ ਆਲ੍ਹਣੇ ਨੇ, ਪਹਿਲਾਂ ਇਹ ਦੱਸੋ ਵਿਚਾਰੇ ਪੰਛੀ ਕਿੱਥੇ ਜਾਣਗੇ??? ਤੇ ਇੰਡੀਆ ਚ ਪੰਜਾਬੀ ਦੀ ਮਹਾਨ ਲੇਖਿਕਾ ਦਾ ਘਰ ਢਾਹ ਦਿੱਤਾ ਗਿਐ, ਕੋਈ ਬੋਲਿਆ ਤੱਕ ਨਹੀਂ???? ਕਿਤੇ ਬਾਹਰਲੇ ਦੇਸ਼ ਚ ਏਦਾਂ ਹੁੰਦਾ ਸੁਣਿਆ ਹੈ, ਸਰਕਾਰਾਂ ਆਪਣੇ ਲੇਖਕਾਂ ਦੇ ਘਰ, ਲਾਇਬ੍ਰੇਰੀਆਂ, ਕਬਰਾਂ ਦੇ ਸਮਾਰਕ, ਮਿਉਜ਼ੀਅਮ ਬਣਾ ਕੇ ਰੱਖਦੀ ਹੈ, ਤੇ ਇੰਡੀਆ ਚ....???? ਸੱਚ ਹੀ ਹੈ ਕਿ ਇੰਡੀਆ ਚ ਦੁਨੀਆਂ ਚੜ੍ਹਦੇ ਸੂਰਜ ਨੂੰ ਸਲਾਮ ਕਰਦੀ ਹੈ...:(
ਅੱਜ ਦੀ ਪੋਸਟ
ਚ ਜਿਹੜੀਆਂ ਇਮਰੋਜ਼ ਜੀ ਦੀਆਂ ਨਜ਼ਮਾਂ ਮੈਂ ਭਰੇ ਮਨ ਨਾਲ਼ ਸ਼ਾਮਿਲ ਕਰ ਰਹੀ ਹਾਂ, ਉਹ ਮੈਨੂੰ ਸਰੀ ਵਸਦੇ ਸਾਇਰ ਜਸਬੀਰ ਮਾਹਲ ਸਾਹਿਬ ਨੇ ਕੁਝ ਦਿਨ ਪਹਿਲਾਂ ਅੱਖਰ ਮੈਗਜ਼ੀਨ ਦੇ ਅਪ੍ਰੈਲ-ਮਈ ਅੰਕ ਚੋਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਘੱਲੀਆਂ ਸਨ, ਇਲਮ ਨਹੀਂ ਸੀ ਕਿ ਇਮਰੋਜ਼ ਜੀ ਦੀਆਂ ਨਜ਼ਮਾਂ ਇਸ ਖ਼ਬਰ ਨਾਲ਼ ਪੋਸਟ ਕਰਨੀਆਂ ਪੈਣਗੀਆਂ....ਇਸ ਘਰ ਦੇ ਢਹਿ ਜਾਣ ਨਾਲ਼ ਇਮਰੋਜ਼ ਜੀ ਤੇ ਕੀ ਬੀਤੀ ਹੋਵੇਗੀ...ਕੋਈ ਜਾਣਦਾ ਹੈ??? .:(
ਅਦਬ ਸਹਿਤ
ਤਨਦੀਪ ਤਮੰਨਾ


=====


ਦੁੱਖ ਸੁੱਖ
ਨਜ਼ਮ

ਸਾਰੇ ਅਸਮਾਨ 'ਤੇ
ਭਾਵੇਂ ਅਸਮਾਨ ਜਿੱਡਾ ਵੀ
ਲਿਖਿਆ ਹੋਵੇ
ਕਿ ਜ਼ਿੰਦਗੀ ਦੁੱਖ ਹੈ
ਤਾਂ ਵੀ
ਬੰਦਾ ਧਰਤੀ 'ਤੇ
ਆਪਣੇ ਜਿੱਡਾ ਤਾਂ ਲਿਖ ਹੀ ਸਕਦਾ ਹੈ
ਕਿ ਜ਼ਿੰਦਗੀ ਸੁੱਖ ਵੀ ਹੈ
=====
ਖ਼ਿਆਲਾਂ ਵਰਗੇ
ਨਜ਼ਮ

ਧਰਤੀ 'ਤੇ ਵੱਸਣ ਵਾਲ਼ਿਆਂ ਦਾ
ਇਕ ਵਕਤ ਹੁੰਦਾ ਹੈ
ਤੇ ਜਦੋਂ ਧਰਤੀ 'ਤੇ ਵਸਣ ਦਾ
ਇਕ ਵਕਤ ਮੁੱਕ ਜਾਂਦਾ ਹੈ
ਲੋਕ ਕਿੱਥੇ ਜਾਂਦੇ ਹਨ
ਮੈਨੂੰ ਪਤਾ ਨਹੀਂ
ਹਾਂ, ਜੋ ਖ਼ਿਆਲਾਂ ਵਰਗੇ ਹੁੰਦੇ ਹਨ
ਉਹ ਖ਼ਿਆਲਾਂ ਵਿਚ ਜਾ ਵਸਦੇ ਹਨ
ਖ਼ਿਆਲਾਂ ਵਰਗੇ ਖ਼ਾਸ ਲੋਕ
ਇਕ ਵਕਤ ਲਈ ਨਹੀਂ ਹੁੰਦੇ
ਉਹ ਹਰ ਵਕਤ ਲਈ ਹੁੰਦੇ ਹਨ
=====
ਕਈ ਵਾਰ
ਨਜ਼ਮ

ਕਈ ਵਾਰ
ਮੈਂ ਸੋਚਦਾ ਵਾਂ
ਨਾ ਕੋਈ ਬੋਲਣ ਲਈ ਹੈ
ਨਾ ਸੁਣਨ ਲਈ
ਘਰ ਵਿਚ ਸਾਰੇ ਹਨ
ਪਰ ਘਰ ਨਹੀਂ
ਕਵਿਤਾ ਕਵਿਤਾ ਹੋ ਕੇ ਉਹ ਆ ਜਾਂਦੀ ਹੈ
ਮੇਰੇ ਸਾਹਮਣੇ ਬੈਠ ਜਾਂਦੀ ਹੈ
ਖ਼ੁਸ਼ਬੂ ਵਾਂਗ ਬੋਲਦੀ ਹੈ
ਹਵਾ ਵਾਂਗ ਮੈਂ ਸੁਣ ਲੈਂਦਾ ਵਾਂ
ਉਹ ਅਕਸਰ ਹੱਸਦੀ ਰਹਿੰਦੀ ਹੈ
ਜਦੋਂ ਹੱਸਦੀ ਹੈ ਦਿਸਦੀ ਵੀ ਹੈ
ਜਦੋਂ ਦਿਸਦੀ ਹੈ
ਘਰ ਵੀ ਦਿਸਦਾ ਹੈ
ਮੈਂ ਘਰ ਵਿਚ ਹੁੰਦਾ ਵਾਂ
ਜਦੋਂ ਘਰ ਵਿਚ ਹੁੰਦਾ ਵਾਂ
ਮੈਂ ਹੋਰ ਨਹੀਂ ਸੋਚਦਾ











Saturday, June 25, 2011

ਸੰਤੋਖ ਧਾਲੀਵਾਲ - ਨਜ਼ਮ

ਦੋਸਤੋ! ਅੱਜ ਯੂ.ਕੇ. ਵਸਦੇ ਸੁਪ੍ਰਸਿੱਧ ਕਹਾਣੀਕਾਰ, ਨਾਵਲਿਸਟ, ਸ਼ਾਇਰ ਸੰਤੋਖ ਧਾਲੀਵਾਲ ਸਾਹਿਬ ਦੀਆਂ ਨਜ਼ਮਾਂ ਪੜ੍ਹ ਕੇ ਮੈਂ ਬਹੁਤ ਭਾਵੁਕ ਹੋ ਕੇ ਇਹ ਸਤਰਾਂ ਲਿਖ ਰਹੀ ਹਾਂ ਕਿ ਦੁਨੀਆਂ ਚ ਬਹੁਤ ਘੱਟ ਦੋਸਤ ਹੁੰਦੇ ਹਨ ਜਿਨ੍ਹਾਂ ਨੂੰ ਪਤਾ ਹੁੰਦੈ ਕਿ ਤੁਸੀਂ ਜ਼ਿੰਦਗੀ ਦਾ ਇਕ-ਇਕ ਲਮਹਾ ਕਿੰਝ ਜਿਉਂਦੇ ਹੋ .... ਕਿਸ ਵੇਲ਼ੇ ਕਿਹੜੀ ਕੈਫ਼ੀਅਤ ਤੁਹਾਡੇ ਮਨ ਤੇ ਭਾਰੂ ਹੁੰਦੀ ਹੈ .... ਕਿਹੜੇ ਮੌਸਮ ਚ ਕਿਹੜੇ ਰੰਗ ਦੇ ਪਰਦੇ ਤੁਹਾਡੇ ਕਮਰੇ ਦੀਆਂ ਖਿੜਕੀਆਂ ਤੇ ਸਜਦੇ ਹੋਣਗੇ..... ਕਿਹੜੇ ਖਾਣੇ ਦੇ ਨਾਮ ਤੋਂ ਤੁਹਾਨੂੰ ਅੰਤਾਂ ਦੀ ਐਲਰਜੀ ਏ....


ਜਿਵੇਂ ਕਿ ਦਰਵੇਸ਼ ਜੀ ਜਾਣਦੇ ਨੇ ਕਿ ਕਿੰਝ ਉਹਨਾਂ ਦੀਆਂ ਨਜ਼ਮਾਂ ਮੈਨੂੰ ਸੁਪਨਿਆਂ ਦੀ ਖ਼ੁਦਕੁਸ਼ੀ ਵੇਖਣ ਤੋਂ ਪਹਿਲਾਂ, ਪਹਾੜਾਂ ਚ ਲੰਮੇ ਤੇ ਠੰਡੇ ਸਾਹ ਭਰਦੇ ਜੀਵਨ ਵੱਲ ਮੋੜ ਲਿਆਉਂਦੀਆਂ ਨੇ, ਜੀਤ ਔਲਖ ਜਾਣਦੈ ਕਿ ਕਿੰਝ ਉਸਦੀਆਂ ਕਲਾ-ਕ੍ਰਿਤਾਂ, ਮੈਨੂੰ ਆਪਣੇ ਰੰਗਾਂ ਚ ਕੈਦ ਕਰ, ਮੇਰੇ ਅੰਦਰਲੇ ਖ਼ਾਮੋਸ਼ ਚਿਤਰਕਾਰ ਨੂੰ ਵੰਗਾਰ ਸਕਦੀਆਂ ਨੇ....ਯੂ.ਕੇ. ਜੰਮਿਆ, ਪਲ਼ਿਆ ਦੋਸਤ ਰਾਜ ਜਾਣਦੈ ਕਿ ਉਸ ਕੋਲ਼ ਨਜ਼ਮਾਂ ਤਾਂ ਨਹੀਂ ਪਰ ਉਸਦਾ ਮੈਂ ਮੱਝਾਂ ਨੂੰ ਪਾਣੀ ਪਾਉਨਾ..ਤੂੰ ਕਣਕਾਂ ਦੀ ਰਾਖੀ ਬਹਿ ਜਾਹ....ਵਰਗਾ ਇਕ ਮਜ਼ਾਹੀਆ ਟੈਕਸਟ ਮੇਰਾ ਮੂਡ ਕਿੰਝ ਬਦਲ ਸਕਦੈ .....ਕਹਾਣੀਕਾਰਾ ਸਹੇਲੀ ਸੁਖਜਿੰਦਰ ਜਾਣਦੀ ਹੈ ਕਿ ਉਸਦੀ ਕਹਾਣੀ ਪੜ੍ਹ ਕੇ ਲਿਖੇ ਵੀਹ ਸਫ਼ਿਆ ਦੇ ਖ਼ਤ ਚ ਕਿੰਝ ਬੜਾ ਕੁਝ ਲੁਕੋਅ ਗਈ ਹੋਵਾਂਗੀ ਤੇ ਉਹ ਗਿਲਾ ਕਰੇਗੀ ਕਿ ਖੰਡ ਦੀ ਕੌਲੀ ਦਿਖਾ ਕੇ ਦੋ ਦਾਣੇ ਹੀ ਮੂੰਹ ਚ ਪਾਉਣ ਨੂੰ ਦਿੱਤੇ ਨੇ.........ਤੇ ਏਵੇਂ ਹੀ ਰਵਿੰਦਰ ਰਵੀ ਸਾਹਿਬ ਤੇ ਧਾਲੀਵਾਲ ਸਾਹਿਬ ਨੂੰ ਇਸ ਰਾਜ਼ ਦਾ ਪਤਾ ਹੈ ਕਿ ਤਨਦੀਪ ਦੀ ਚੁੱਪ ਨਜ਼ਮਾਂ ਘੱਲ ਕੇ ਕਿੰਝ ਤੋੜੀ ਜਾ ਸਕਦੀ ਹੈ ..... ਇਸ ਚੁੱਪ ਦਾ ਘੇਰਾ ਤੋੜਨਾ ਅਭਿਮੰਨਯੂ ਦੇ ਚੱਕਰਵਿਊ ਵਰਗਾ ਹੀ ਔਖਾ ਕੰਮ ਹੈ....ਉਹਨਾਂ ਨੂੰ ਇਹ ਵੀ ਪਤੈ ਕਿ ਇਹ ਹੋ ਹੀ ਨਹੀਂ ਸਕਦਾ ਕਿ ਤਨਦੀਪ ਨਜ਼ਮਾਂ ਪੜ੍ਹੇ ਤੇ ਚੁੱਪ ਹੀ ਰਵ੍ਹੇ... ਚੁੱਪ ਉਹ ਓਨੀ ਦੇਰ ਰਹਿੰਦੀ ਹੈ ਜਿੰਨੀ ਦੇਰ ਤੱਕ ਦਰਵੇਸ਼ ਜੀ, ਸੁਖਜਿੰਦਰ , ਧਾਲੀਵਾਲ ਸਾਹਿਬ, ਰਵੀ ਸਾਹਿਬ ਦੀਆਂ ਨਜ਼ਮਾਂ/ਕਹਾਣੀਆਂ ਪੜ੍ਹਦੀ ਹੋਵੇ, ਜੀਤ ਦੀਆਂ ਪੇਂਟਿੰਗਜ਼ ਨੂੰ ਇਕਾਂਤ ਵਿਚ ਨਿਹਾਰਦੀ ਜਾਂ ਰਾਜ ਦੇ ਟੈਕਸਟ ਨੂੰ ਪੜ੍ਹ ਕੇ ਹੱਸ-ਹੱਸ ਦੂਹਰੀ ਹੁੰਦੀ ਹੋਵੇ....ਸੱਚ ਜਾਣਿਓ ਦੋਸਤੋ! ਇਹਨਾਂ ਦੇ ਸੁਨੇਹੇ ਵੇਖਦਿਆਂ ਹੀ ਮੈਂ ਸਵਾਰਥੀ ਹੋ ਜਾਨੀ ਆਂ...ਆਰਸੀ ਬਾਰੇ ਉਦੋਂ ਖ਼ਿਆਲ ਆਉਂਦੇ ਜਦੋਂ ਪੰਜ-ਸੱਤ ਈਮੇਲਾਂ ਆ ਜਾਣ ਕਿ ਤੈਨੂੰ ਨਜ਼ਮਾਂ ਭੇਜੀਆਂ ਸੀ, ਮਿਲ਼ੀਆਂ ਕਿ ਨਹੀਂ...ਜਵਾਬ ਤਾਂ ਲਿਖ ਦਿਆ ਕਰ...:)



ਅੱਜ ਦੀ ਪੋਸਟ ਚ ਮੈਂ ਧਾਲੀਵਾਲ ਸਾਹਿਬ ਦੀਆਂ ਘੱਲੀਆਂ ਦੋ ਅਤਿ ਖ਼ੂਬਸੂਰਤ ਨਜ਼ਮਾਂ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ.....


ਸ਼ਬਦ ਹੀ ਤਾਂ ਹਨ
ਮੇਰੇ ਕੋਲ਼
ਆਪਾ ਬਿਆਨਣ ਲਈ
ਆਪੇ ਨੂੰ ਜਾਨਣ ਲਈ
ਤੇਰੇ ਤੱਕ ਪਹੁੰਚਣ ਲਈ
ਤੇਰੀਆਂ ਨਜ਼ਰਾਂ 'ਚ ਖ਼ਾਮੋਸ਼
ਘੂਕ ਸੁੱਤੇ
ਤੇਰਿਆਂ ਹੋਠਾਂ '


ਚੁੱਪ ਸਾਧੀ ਬੈਠੇ ਸ਼ਬਦਾਂ ਨੂੰ
ਜਗਾਵਣ ਲਈ
ਬੋਲਣ ਲਈ ਉਕਸਾਵਣ ਲਈ
ਆਪਣੇ ਬਣਾਵਣ ਲਈ
ਮੈਂ ਜਾਣਦੀ ਹਾਂ ਧਾਲੀਵਾਲ ਸਾਹਿਬ...ਇਹ ਨਜ਼ਮ ਮੇਰੇ ਲਈ ਹੀ ਹੈ...:) ਦਰਵੇਸ਼ ਜੀ ਦੇ ਰਜਿਸਟਰ ਵਾਂਗ ਤੁਹਾਡੀਆਂ ਡਾਇਰੀਆਂ ਤੇ ਵੀ ਮੇਰੀ ਨਜ਼ਰ ਹੈ...ਬਚਾਅ ਕੇ ਰੱਖਿਆ ਕਰੋ....:) ਹਾਂ ਜੀ, ਮੈਂ ਉਹਨਾਂ ਪੁਰਾਣੀਆਂ ਡਾਇਰੀਆਂ ਦੀ ਹੀ ਗੱਲ ਕਰ ਰਹੀ ਆਂ ਜਿਹੜੀਆਂ ਤੁਸੀਂ ਆਖਦੇ ਹੁੰਦੇ ਓ ਕਿ ਤਨਦੀਪ ਕਰਕੇ ਫ਼ਰੋਲਣੀਆਂ ਪੈਂਦੀਆਂ ਨੇ....:) ਅੱਜ ਮੇਰੇ ਸਾਰੇ ਸ਼ਬਦ ਤੁਸੀਂ ਆਪਣੀ ਨਜ਼ਮ ਹਵਾਲੇ ਕਰ ਚੁੱਕੇ ਹੋ.... ਗਿਲੇ-ਸ਼ਿਕਵੇ ਤਾਂ ਫ਼ੋਨ ਤੇ ਦੂਰ ਹੋ ਜਾਣਗੇ......ਪਰ ਸ਼ੁਕਰੀਆ ਕਿੰਝ ਕਰਾਂ? ਇਕ ਅਰਸੇ ਬਾਅਦ ਲੱਗ ਰਿਹੈ ਕਿ ਜ਼ਿੰਦਗੀ ਵਰਗਾ ਮੇਰੇ ਆਲ਼ੇ-ਦੁਆਲ਼ੇ ਕੁਝ ਮਹਿਕ ਰਿਹਾ ਹੈ.... ਕਿਸੇ ਖੜਸੁੱਕ ਰੁੱਖ ਤੇ ਨਵੀਆਂ ਕਰੂੰਬਲਾਂ ਫੁੱਟ ਪਈਆਂ ਨੇ....ਦੋਵੇਂ ਨਜ਼ਮਾਂ ਕਮਾਲ ਨੇ...ਮੁਬਾਰਕਾਂ ਕਬੂਲ ਕਰੋ ਜੀ....


ਤੁਹਾਡੀ ਸਿਹਤਯਾਬੀ ਲਈ ਦੁਆਗੋ..


ਅਦਬ ਸਹਿਤ


ਤਨਦੀਪ


******


ਸ਼ਬਦ
ਨਜ਼ਮ


ਬੜਾ ਵਰਜਿਆ ਮੈਂ


ਆਪਣੇ ਆਪ ਨੂੰ ਕਿ
ਨਾ ਕਰਾਂ ਗੂੰਗੇ ਹੋਏ ਸ਼ਬਦਾਂ ਰਾਹੀ
ਇਲਤਿਜਾ


ਅਪਾਹਜ ਹੋਏ ਅਰਥਾਂ 'ਚ ਲੁਕੋ ਕੇ
ਲੱਕੋਂ ਟੁੱਟੇ ਫਿਕਰਿਆਂ ਰਾਹੀਂ
ਨਾ ਚੜ੍ਹਾਂ ਸ਼ਬਦਾਂ ਦੀ ਦਰਗਾਹੇ
ਆਪਣੀਆਂ ਖ਼ਾਹਿਸ਼ਾਂ ਨੂੰ
ਲੀਰਾਂ ਹੋਏ ਸਾਲੂ ' ਲਪੇਟ ਕੇ...



ਪਰ
ਕੀ ਕਰਾਂ
ਸ਼ਬਦ ਹੀ ਤਾਂ ਹਨ
ਮੇਰੇ ਕੋਲ਼
ਆਪਾ ਬਿਆਨਣ ਲਈ
ਆਪੇ ਨੂੰ ਜਾਨਣ ਲਈ
ਤੇਰੇ ਤੱਕ ਪਹੁੰਚਣ ਲਈ
ਤੇਰੀਆਂ ਨਜ਼ਰਾਂ 'ਚ ਖ਼ਾਮੋਸ਼
ਘੂਕ ਸੁੱਤੇ
ਤੇਰਿਆਂ ਹੋਠਾਂ '


ਚੁੱਪ ਸਾਧੀ ਬੈਠੇ ਸ਼ਬਦਾਂ ਨੂੰ
ਜਗਾਵਣ ਲਈ
ਬੋਲਣ ਲਈ ਉਕਸਾਵਣ ਲਈ
ਆਪਣੇ ਬਣਾਵਣ ਲਈ


...ਕਿਉਂ ਕਰ ਰਿਹੈਂ ਧੋਖਾ
ਆਪਣੇ ਆਪ ਨਾਲ਼
ਮੇਰੇ ਨਾਲ਼...
ਇਹ ਕਹਿ ਕੇ
"
ਕਿ ਨਾ ਕਰੀਂ ਸ਼ਬਦਾਂ ਦੀ ਵਰਖਾ
ਖ਼ਤਾਂ ਰਾਹੀਂ
ਈਮੇਲਾਂ ਰਾਹੀਂ
ਤੂੰ ਸਿਰਫ਼ ਸ਼ਬਦਾਂ ਨੂੰ ਹੀ ਨਹੀਂ
ਆਪਣੇ ਰਿਸ਼ਤੇ ਨੂੰ ਵੀ
ਸੋਚਾਂ ਦੀ ਸੀਤ ਸਿੱਲ੍ਹ ਤੇ ਧਰ ਦਿੱਤਾ ਹੈ!
ਸਾਂਝੇ ਪਲਾਂ ਨੂੰ ਹਕਿਆਂ ਦੀ
ਜੂਨ ਬਖ਼ਸ਼ ਦਿੱਤੀ ਹੈ!


ਪਰ
ਮੈਨੂੰ ਪੂਰਾ ਯਕੀਨ ਹੈ
ਕਿ ਜੇ ਸਾਡੀ


ਸ਼ਬਦਾਂ ਦੀ ਸਾਂਝ ਬਣ ਰਹੀ
ਤਾਂ
ਅਸੀਂ ਕਦੇ ਵੀ ਵਿੱਛੜ ਨਹੀਂ ਸਕਾਂਗੇ


=====


ਨਜ਼ਮ


ਨਜ਼ਮ


ਮੈਂ ਸਿਰਾਂ ਤੇ
ਤਿੱਖੀਆਂ ਚੁੰਝਾਂ ਵਾਲਿਆਂ ਨੂੰ
ਇਲਤਜਾ ਕੀਤੀ ਕਿ....
ਨਜ਼ਮ ਨੂੰ---
ਚਾਨਣ 'ਚ ਰੰਗਦਾਰ ਸਲਾਈਡ ਵਾਂਗੂੰ ਵੇਖੋ!
ਨਜ਼ਮ 'ਚੋਂ ਉਭਰਦੇ ਸੰਗੀਤ ਨੂੰ ਸੁਣੋ!
ਖੜਕਦੇ ਸਾਜ਼ਾਂ ਨੂੰ ਮਹਿਸੂਸ ਕਰੋ!


ਜਾਂ ਫਿਰ ਸੋਚ ਦੇ ਚੂਹੇ ਨੂੰ
ਨਜ਼ਮ ਦੀ ਸੁਰਾਹੀ ' ਸੁੱਟ ਦਿਓ
ਤੇ ਉਸਨੂੰ ਬਾਹਰ ਨਿਕਲ਼ਣ ਲਈ


ਹਿੰਮਤ ਕਰਦੇ ਨੂੰ ਵੇਖੋ!
ਨਜ਼ਮ ਦੀਆਂ ਦੀਵਾਰਾਂ ਨੂੰ
ਨ੍ਹੇਰੇ 'ਚ ਬਿਜਲੀ ਦੇ ਸਵਿੱਚ ਵਾਂਗੂੰ ਟੋਹੋ!
ਨਜ਼ਮ ਦੇ ਸਮੁੰਦਰਾਂ '


ਡੁਬਕਣੀ ਵਾਂਗੂੰ ਤਾਰੀਆਂ ਲਾਵੋ...
ਤੇ ਕੰਢੇ ਤੇ ਖੜੋਤੇ ਕਵੀ ਨੂੰ
ਉੱਚੀ ਉੱਚੀ ਆਵਾਜ਼ਾਂ ਮਾਰੋ!


ਪਰ ਉਹ ਤਾਂ ਸਿਰਫ਼


ਏਨਾ ਹੀ ਚਾਹੁੰਦੇ ਸਨ
ਨਜ਼ਮ ਨੂੰ


ਆਪਣੀਆਂ ਕੁਰਸੀ ਦੀਆਂ ਲੱਤਾਂ ਨਾਲ਼


ਨੂੜ ਕੇ
ਉਸਤੋਂ ਕਨਫੈਸ਼ਨ ਕਰਾਉਣਾ
ਆਪਣੀ ਆਲੋਚਨਾ ਦੇ ਮੌਜਿਆਂ '


ਫਿੱਟ ਕਰਨਾ


ਨਜ਼ਮ ਨੂੰ ਅੱਕੀ ਹੋਈ ਵੇਖ
ਉਹ ਉਸਨੂੰ ਆਪਣੀ ਦਕੀਆਨੂਸੀ
ਸੋਚ ਦੀਆਂ ਛਮਕਾਂ ਨਾਲ਼
ਕੋਹਣ ਲੱਗੇ
ਤਾਂ ਕਿ ਉਸਤੋਂ ਕਨਫੈਸ਼ਨ ਕਰਵਾ ਕੇ
ਆਪਣੀ ਹੋਂਦ ਲਈ
ਨਜ਼ਮ ਦੇ ਗਲੇ ' ਅਰਥਾਂ ਦੀ
ਸਲੀ ਲਟਕਾ ਸਕਣ
ਤੇ ਨਜ਼ਮ ਨੂੰ
ਮੁਜਰਿ ਕਰਾਰ ਦੇ ਸਕਣ...







Thursday, June 23, 2011

ਕੁਲਵਿੰਦਰ ਬੱਛੋਆਣਾ – ਆਰਸੀ ‘ਤੇ ਖ਼ੁਸ਼ਆਮਦੀਦ - ਗ਼ਜ਼ਲ


ਆਰਸੀ 'ਤੇ ਖ਼ੁਸ਼ਆਮਦੀਦ
ਸਾਹਿਤਕ ਨਾਮ : : ਕੁਲਵਿੰਦਰ ਬੱਛੋਆਣਾ

ਅਜੋਕਾ ਨਿਵਾਸ: ਪਿੰਡ : ਬੱਛੋਆਣਾ, ਜ਼ਿਲਾ ਮਾਨਸਾ


ਕਿਤਾਬ: ਹਾਲੇ ਨਹੀਂ ਛਪੀ, ਉਂਝ ਰਚਨਾਵਾਂ ਸਿਰਕੱਢ ਪੰਜਾਬੀ ਸਾਹਿਤਕ ਰਸਾਲਿਆਂ ਚ ਛਪ ਚੁੱਕੀਆਂ ਹਨ।


-----


ਦੋਸਤੋ! ਕੁਝ ਮਹੀਨੇ ਪਹਿਲਾਂ, ਮਾਨਸਾ ਵਸਦੇ ਸ਼ਾਇਰ ਕੁਲਵਿੰਦਰ ਬੱਛੋਆਣਾ ਜੀ ਨੇ ਆਪਣੀਆਂ ਚੰਦ ਖ਼ੂਬਸੂਰਤ ਗ਼ਜ਼ਲਾਂ, ਫ਼ੋਟੋ ਅਤੇ ਸਾਹਿਤਕ ਵੇਰਵੇ ਸਹਿਤ ਘੱਲੀਆਂ ਨ, ਉਹਨੀਂ ਦਿਨੀਂ ਮੈਂ ਆਰਸੀ ਨੂੰ ਅਪਡੇਟ ਨਹੀਂ ਸੀ ਕੀਤਾ। ਫੇਰ ਉਹਨਾਂ ਨਾਲ਼ ਫ਼ੋਨ ਤੇ ਗੱਲ ਹੋਈ ਕਿ ਮੈਂ ਜਲਦੀ ਹੀ ਉਹਨਾਂ ਦੀ ਹਾਜ਼ਰੀ ਆਰਸੀ ਤੇ ਲਗਾਵਾਂਗੀ, ਪਿਛਲੇ ਮਹੀਨੇ ਮੰਮੀ ਜੀ ਤੇ ਡੈਡੀ ਜੀ ਦਾ ਐਕਸੀਡੈਂਟ ਹੋ ਜਾਣ ਕਰਕੇ ਹੋਰ ਜ਼ਿੰਮੇਵਾਰੀਆਂ ਆ ਪਈਆਂ, ਜਿਨ੍ਹਾਂ ਕਰਕੇ ਆਰਸੀ ਦੀ ਅਪਡੇਟ ਦਾ ਕੰਮ ਇਕ ਵਾਰ ਫੇਰ ਤੋਂ ਰੋਕਣਾ ਪਿਆ। ਕੱਲ੍ਹ ਕੁਲਵਿੰਦਰ ਜੀ ਦੀ ਈਮੇਲ ਆਈ ਸੀ ਜਿਸ ਵਿਚ ਉਹਨਾਂ ਨੇ ਰਚਨਾਵਾਂ ਅਜੇ ਤੱਕ ਪੋਸਟ ਨਾ ਹੋਣ ਦਾ ਮਿੱਠਾ ਜਿਹਾ ਉਲਾਂਭਾ ਦਿੱਤਾ ਸੀ, ਕਿਉਂਕਿ ਉਹਨਾਂ ਨੂੰ ਐਕਸੀਡੈਂਟ ਬਾਰੇ ਕੁਝ ਵੀ ਪਤਾ ਨਹੀਂ ਸੀ। ਖ਼ੈਰ! ਮੈਂ ਫ਼ੋਨ ਕਰਕੇ ਮੁਆਫ਼ੀ ਮੰਗ ਲਈ ਹੈ ਤੇ ਕੋਸ਼ਿਸ਼ ਕਰਾਂਗੀ ਕਿ ਹੁਣ ਤੋਂ ਆਰਸੀ ਨੂੰ ਬਕਾਇਦਗੀ ਨਾਲ਼ ਅਪਡੇਟ ਕਰਿਆ ਕਰਾਂ। ਕੁਲਵਿੰਦਰ ਜੀ ਨੂੰ ਆਰਸੀ ਪਰਿਵਾਰ ਚ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਗ਼ਜ਼ਲਾਂ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਆਸ ਹੈ ਕਿ ਕੁਲਵਿੰਦਰ ਜੀ ਭਵਿੱਖ ਵਿਚ ਵੀ ਆਰਸੀ ਪਰਿਵਾਰ ਨਾਲ਼ ਸਾਹਿਤਕ ਸਾਂਝ ਪਾਉਂਦੇ ਰਹਿਣਗੇ। ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ


ਤਨਦੀਪ ਤਮੰਨਾ


******


ਗ਼ਜ਼ਲ


ਹਿੰਮਤ, ਲਗਨ, ਇਰਾਦਾ ਰੱਖ ਸੰਗ ਸਾਹਾਂ ਦੇ


ਸਫ਼ਰ ਔਖੇਰੇ ਹੁੰਦੇ ਬਿਖਡ਼ੇ ਰਾਹਾਂ ਦੇ



ਛੱਡ ਕੇ ਜੋਗ ਮਸਾਂ ਖੇਤਾਂ ਵੱਲ ਪਰਤੇ ਹਾਂ,


ਬੱਸ ਕਰ ਹੁਣ ਨਾ ਛੱਡ ਤੂੰ ਤੀਰ ਨਿਗਾਹਾਂ ਦੇ



ਸਾਗਰ ਸ਼ਾਂਤ, ਤਿਆਰ ਨੇ ਕਿਸ਼ਤੀ ਚੱਪੂ ਵੀ,


ਜਿਗਰੇ ਸਾਥ ਨਾ ਦਿੰਦੇ ਬੱਸ ਮਲਾਹਾਂ ਦੇ



ਏਹ ਝੁੱਗੀਆਂ ਦੀ ਗ਼ੈਰਤ ਦੇ ਰਖਵਾਲੇ ਸਨ,


ਵੇਚ ਜ਼ਮੀਰਾਂ ਬਣ ਗਏ ਚਾਕਰ ਸ਼ਾਹਾਂ ਦੇ



ਲੋਕ ਸਜ਼ਾ ਹੁਣ ਦੇਣਗੇ ਆਖ਼ਰ ਮੁਜਰਿਮ ਨੂੰ,


ਬੇਵੱਸ ਜੱਜ, ਵਕੀਲ, ਬਿਆਨ ਗਵਾਹਾਂ ਦੇ



ਜਦ ਸਾਡੇ ਪੈਰਾਂ ਦੀ ਜ਼ਿੱਦ ਨੂੰ ਦੇਖ ਲਿਆ,


ਹੋ ਗਏ ਪਾਸੇ ਆਪੇ ਪੱਥਰ ਰਾਹਾਂ ਦੇ


=====


ਗ਼ਜ਼ਲ


ਰਹੇ ਰੁੱਸੀ ਜਹੀ ਬਸ ਧੁੱਪ ਅਜਕਲ੍ਹ,


ਹਵਾ ਦੇ ਢੰਗ ਬਦਲੇ ਲੱਗ ਰਹੇ ਨੇ


ਸਮੇਂ ਕੈਸੇ ਇਹ ਆਏ, ਰੁੱਖ ਸੋਚਣ,


ਕਿ ਪੱਤੇ ਹੁਣ ਜਡ਼੍ਹਾਂ ਨੂੰ ਠੱਗ ਰਹੇ ਨੇ



ਹਵਾ ਨੂੰ ਵੀ ਮੇਰੇ ਤੋਂ ਦੂਰ ਕਰ ਗਏ,


ਉਹ ਮੇਰੀ ਹਿੱਕ ਤੇ ਵੀ ਬਰਫ਼ ਧਰ ਗਏ,


ਬੁਝਣ ਦਾ ਨਾਂ ਨਹੀਂ ਲੈਂਦੇ ਇਹ ਫਿਰ ਵੀ,


ਜੁ ਕੋਲੇ ਸੀਨੇ ਅੰਦਰ ਮਘ ਰਹੇ ਨੇ



ਬਡ਼ੇ ਸਾਲਾਂ ਤੋਂ ਥਲ ਦੀ ਰੇਤ ਤਡ਼ਪੇ,


ਬਡ਼ੇ ਸਾਲਾਂ ਤੋਂ ਮਰਦੇ ਬਿਰਖ਼ ਸਡ਼ ਕੇ,


ਇਹਨਾਂ ਦਰਿਆਵਾਂ ਦੇ ਹੀ ਦਿਲ ਨਹੀਂ ਹੈ,


ਅਜੇ ਵੀ ਸਾਗਰਾਂ ਵੱਲ ਵਗ ਰਹੇ ਨੇ



ਇਹਨਾਂ ਚੋਂ ਕੌਣ ਜਿੱਤਣ ਹਰਨ ਵਾਲਾ,


ਬਚੇਗਾ ਕੌਣ, ਕਿਹਡ਼ਾ ਮਰਨ ਵਾਲਾ,


ਬਹੁਤ ਸਹਿਮੇ ਤੇ ਘਬਰਾਏ ਨੇ ਕ਼ਾਤਿਲ,


ਤੇ ਮਕ਼ਤੂਲਾਂ ਦੇ ਚੇਹਰੇ ਦਗ਼ ਰਹੇ ਨੇ



ਬਡ਼ੇ ਹੀ ਅਜਬ ਜਹੇ ਕਿਰਦਾਰ ਨੇ ਓਹ,


ਬਣੇ ਬਾਗ਼ਾਂ ਦੇ ਪਹਿਰੇਦਾਰ ਨੇ ਜੋ,


ਨ ਸਹਿੰਦੇ ਤਿਤਲੀਆਂ, ਫੁੱਲਾਂ ਦਾ ਮਿਲਣਾ,


ਤੇ ਖ਼ੁਦ ਉਹ ਖ਼ੁਸ਼ਬੂਆਂ ਗਲ਼ ਲੱਗ ਰਹੇ ਨੇ



ਨਹੀਂ ਮਿਲ਼ਣਾ ਕਦੇ ਇਨਸਾਫ਼ ਏਥੋਂ,


ਘਰਾਂ ਨੂੰ ਪਰਤੋਗੇ ਬੇਆਸ ਏਥੋਂ,


ਨਿਆਂ ਦੇ ਦੇਵਤੇ ਇਸ ਸ਼ਹਿਰ ਅੰਦਰ,


ਵਟਾ ਖ਼ੁਦ ਮੁਜਰਿਮਾਂ ਨਾਲ ਪੱਗ ਰਹੇ ਨੇ



ਸਿਰਾਂ ਤੇ ਸਾਕਿਆਂ ਦੀ ਧੁੱਪ ਤਣੀ ਹੈ,


ਤੇ ਫਿਰ ਵੀ ਚਿਹਰਿਆਂ ਤੇ ਮੁਸਕਣੀ ਹੈ,


ਸਿਆਹ ਵਕਤਾਂ ਸੂਹੇ ਖ਼ਾਬ ਲੈਂਦੇ,


ਇਹੀ ਰਹਿਬਰ ਸਮੇਂ ਦੇ ਲੱਗ ਰਹੇ ਨੇ



ਹਨੇਰੀ ਨੇ ਜ਼ੁਲਮ ਦੀ ਹੱਦ ਕੀਤੀ,


ਇਨ੍ਹਾਂ ਉੱਤੇ ਕਜ਼ਾ ਹਰ ਰੋਜ਼ ਬੀਤੀ,


ਹੋਏ ਨਈਂ ਫ਼ਰਜ਼ ਤੋਂ ਬੇਮੁੱਖ ਦੀਵੇ,


ਬਡ਼ੇ ਸਿਰਡ਼ੀ ਨੇ ਹੁਣ ਵੀ ਜਗ ਰਹੇ ਨੇ


=====


ਗ਼ਜ਼ਲ


ਹੱਥ ਚ ਰਖਦੇ ਮਰਹਮ, ਮਨ ਵਿੱਚ ਨੇਜ਼ੇ ਨੇ


ਅਜਕਲ੍ਹ ਚਿਹਰੇ-ਚਿਹਰੇ ਹੇਠ ਛਲੇਡੇ ਨੇ



ਚਾਨਣ ਦੇਣ ਬਹਾਨੇ ਘਰ ਨੂੰ ਸਾਡ਼ ਗਏ,


ਕ਼ਾਤਿਲ ਦੀਵੇ ਕਿਸਨੇ ਮੈਨੂੰ ਭੇਜੇ ਨੇ ?



ਛਾਂ ਨਈਂ ਕਰਦਾ ਸਾਨੂੰ ਦੇਣ ਉਲਾਂਭੇ ਉਹ,


ਜਿੰਨ੍ਹਾਂ ਮੇਰੇ ਫੁੱਲ -ਪੱਤੇ ਸਭ ਡੇਗੇ ਨੇ



ਰਿਸ਼ਤਿਆਂ ਦੇ ਮੁੱਢ ਉੱਤੇ ਆਰੀ ਫੇਰਨ ਹੁਣ,


ਨਾਲ਼ ਹੀ ਜਿਹਡ਼ੇ ਜੰਮੇ, ਪਲ਼ੇ ਤੇ ਖੇਡੇ ਨੇ



ਫੂਕਾਂ ਮਾਰਨ ਨਾਲ਼ ਕਦੇ ਵੀ ਭਰਨੇ ਨਈਂ,


ਸਦੀਆਂ ਦੇ ਇਹ ਜ਼ਖ਼ਮ ਤੇ ਅੰਬਰ ਜੇਡੇ ਨੇ



ਅਪਣੀ ਦੁਨੀਆ ਕਾਲਖ ਦੇ ਵਿੱਚ ਡੋਬ ਲਈ,


ਸੂਰਜ ਦੇ ਵੱਲ ਤੀਰ ਜਿਨ੍ਹਾਂ ਨੇ ਸੇਧੇ ਨੇ



ਖੌਰੇ ਏਨ੍ਹਾਂ ਨਾਲ਼ ਕੀ ਕੌਤਕ ਵਰਤਣਗੇ?


ਰਸਤੇ ਸਿੱਧੇ ਸਾਫ਼ ਨੇ, ਬੰਦੇ ਟੇਢੇ ਨੇ


=====


ਗ਼ਜ਼ਲ


ਦਿਨ-ਬ-ਦਿਨ ਹੀ ਖ਼ੌਫ, ਚਿੰਤਾ, ਦਰਦ ਨੈਣੀਂ ਭਰ ਰਿਹਾ


ਮਹਿਕਦੇ ਜੀਵਨ ਦਾ ਸੁਪਨਾ ਹੈ ਅਜੇ ਵੀ ਤਰ ਰਿਹਾ



ਚੀਰ ਦਿੱਤੇ ਭੁਜਦਿਆਂ ਪੈਰਾਂ ਨੇ ਮਾਰੂਥਲ ਬਡ਼ੇ,


ਵਾਦੀਆਂ ਦੀ ਖੋਜ ਵਿੱਚ ਪਾਂਧੀ ਮੈਂ ਜੀਵਨ ਭਰ ਰਿਹਾ



ਪਗਡ਼ੀਆਂ ਤੇ ਟੋਪੀਆਂ ਦੇ ਲਈ ਸਿਰਾਂ ਦਾ ਵੈਰ ਕਿਉਂ,


ਆਉਣੀਆਂ ਕਿਸ ਕੰਮ ਇਹ, ਸਿਰ ਧਡ਼ ਤੇ ਨਾ ਜੇਕਰ ਰਿਹਾ



ਇਹ ਬਹਾਰਾਂ ਵਿੱਚ ਸੁਕਦੇ ਹਨ, ਜਲਣ ਬਰਸਾਤ ਵਿਚ,


ਸਿਤਮ ਕੁਦਰਤ ਦਾ ਇਨ੍ਹਾਂ ਰੁੱਖਾਂ 'ਤੇ ਕੈਸਾ ਵਰ੍ਹ ਰਿਹਾ?



ਪੰਜ ਸਾਲਾਂ ਬਾਦ ਸ਼ਿਕਰੇ ਗਏ ਅਪਣੇ ਗਰਾਂ,


ਪਾ ਦਿਓ ਬਕਸੇ ਚੁੰਝਾਂ, ਦਿਓ ਜੇ ਕੋਈ ਪਰ ਰਿਹਾ



ਆਪਣਾ ਸੰਵਿਧਾਨ, ਅਪਣਾ ਮੁਲਕ, ਅਪਣੇ ਲੋਕ ਸਭ,


ਕੌਣ ਇਹ ਕਹਿ ਕੇ ਹੈ ਜ਼ਖ਼ਮਾਂ ਤੇ ਅੰਗਾਰੇ ਧਰ ਰਿਹਾ?



ਪਹੁੰਚਿਆ ਨਾ ਓਸ ਬਸਤੀ ਜਿੱਥੋਂ ਮਿਲ਼ਣੀ ਸੀ ਗ਼ਜ਼ਲ,


ਸ਼ਬਦਾਂ ਦੇ ਨਗਰਾਂ ਚ ਐਵੇਂ ਭਟਕਦਾ ਦਰ -ਦਰ ਰਿਹਾ।.