ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਡਾ: ਦੇਵਿੰਦਰ ਕੌਰ. Show all posts
Showing posts with label ਡਾ: ਦੇਵਿੰਦਰ ਕੌਰ. Show all posts

Sunday, September 5, 2010

ਡਾ: ਦੇਵਿੰਦਰ ਕੌਰ - ਨਜ਼ਮ

ਇਹ ਕੌਣ ?

ਨਜ਼ਮ

ਰਾਤ ਸੁਪਨੇ ‘ਚ ਸੂਰਜ

ਲਹਿਰਾਂ ‘ਚ ਢਲ਼ ਗਿਆ

ਉਨੀਂਦੀਆਂ ਅੱਖਾਂ

ਖਿੜਕੀ ‘ਚੋਂ ਝਾਕਦੀਆਂ

ਦੂਰ ਕਿਸੇ ਕੁੱਲੀ ‘ਚੋਂ

ਬਾਂਸੁਰੀ ਦੀ ਧੁਨ

ਵੱਜਦੀ ਰਹੀ ਸਾਰੀ ਰਾਤ

...........

ਨਾ ਪੈਰਾਂ ‘ਚ ਕੋਈ ਝਾਂਜਰ

ਨਾ ਵੀਣੀ ‘ਚ ਵੰਗਾਂ

ਇਹ ਛਣ ਛਣ ਦੀ ਆਵਾਜ਼

ਕਿਥੋਂ ਆ ਰਹੀ ?

............

ਸੂਰਜ ਦੀਆਂ ਲਹਿਰਾਂ ‘ਤੇ

ਬੇੜੀ ‘ਚ ਸਵਾਰ

ਕੌਣ ਕਿੱਥੇ ਜਾ ਰਿਹਾ ?

ਕੌਣ ਕਿੱਥੋਂ ਆ ਰਿਹਾ ?

............

ਖਿੜਕੀ ਢੋਅ

ਪੈਰ ਅੰਦਰ ਨੂੰ ਮੁੜ ਰਹੇ

ਹੱਥਾਂ ਦੀਆਂ ਤਲੀਆਂ ‘ਚੋਂ

ਉੱਗ ਰਹੀਆਂ ਕਿਰਨਾਂ

ਇਹ ਕੌਣ ਚਾਨਣ ਹੋ ਰਿਹਾ

ਇਹ ਕੌਣ ਨ੍ਹੇਰਾ ਧੋ ਰਿਹਾ ?

=====

ਸਵੇਰ

ਨਜ਼ਮ

ਸੁੱਕੀ ਸਵੇਰ

ਯਾਦਾਂ ਦੇ ਅਕਸ ਲੱਭਦੀ

ਬੁੱਕ ਰੈਕ ‘ਤੇ ਜੰਮੀ ਧੂੜ ‘ਚੋਂ

ਗੁੰਝਲ਼ਾਂ ਸੁਲਝਾਉਂਦੀ

ਚੇਤਿਆਂ ਖ਼ਿਆਲਾਂ ਸੰਗ ਉਲਝਦੀ

ਕਦੇ ਖਿੜਕੀ ਖੋਲ੍ਹਦੀ

ਕਦੇ ਬੰਦ ਕਰਦੀ

ਪਾਣੀਆਂ ‘ਤੇ ਨਜ਼ਮ ਲਿਖਦੀ

ਰੇਤ ‘ਤੇ ਘਰ ਬਣਾਉਂਦੀ

ਸਾਂਭ ਸਾਂਭ ਰੱਖਦੀ

ਕਲਮ ਤੇ ਦਵਾਤ

ਸਿਰ੍ਹਾਣੇ ਰੱਖ ਸੌਂਦੀ

ਕਾਗ਼ਜ਼ ਤੇ ਪੈੱਨ

.............

ਕੀ ਪਤਾ

ਰਾਤ ਨੂੰ ਫੇਰ ਨੀਂਦ ਨਾ ਆਏ

ਕਾਗ਼ਜ਼ ਤੇ ਪੈੱਨ ਖੁਣੋਂ

ਫੇਰ ਕੋਈ ਨਜ਼ਮ

ਆਉਣ ਤੋਂ ਪਹਿਲਾਂ ਮਰ ਜਾਏ

ਸੁੱਕੀ ਸਵੇਰ

ਯਾਦਾਂ ਦੇ ਅਕਸ ....

Friday, January 8, 2010

ਡਾ: ਦੇਵਿੰਦਰ ਕੌਰ - ਨਜ਼ਮ

ਇਨਸਾਫ਼
ਨਜ਼ਮ
‘ਨਿਵਣ ਸੁ ਅੱਖਰ
ਖਵਣ ਗੁਣ
ਜਿਹਬਾ ਮਣੀਆਂ ਮੰਤ
ਏ ਤ੍ਰੈ ਭੈਣੇ ਵੇਸ ਕਰ
ਤਾਂ ਵਸ ਆਵੀ ਕੰਤ
ਉਸ ਤ੍ਰੈ ਵੇਸ ਧਾਰੇ’
.............
ਕੰਤ ਗਰਜਿਆ ਵਾਂਗ ਦਰਿੰਦੇ
ਡੀਕ ਗਿਆ ਸਾਰਾ ਲਹੂ
ਤ੍ਰੈ ਵੇਸ ਕੰਬੇ
ਸਿਸਕੇ ਛਟਪਟਾਏ.............
ਕਾਸ਼! ਇਹ ਮੰਤਰ
ਦੋਹਾਂ ਲਈ ਹੁੰਦਾ!
====
ਸੂਰਜ ਨੂੰ ਕਹੋ
ਨਜ਼ਮ
ਆ ਰਹੀ ਹੈ ਪਤਝੜ੍ਹ
ਇਸ ਸਾਲ ਵੀ
ਝਰ ਰਹੀ ਹੈ ਬਹਾਰ
ਡੁੱਲ੍ਹ ਰਹੇ ਨੇ ਰੰਗ
ਭਰ ਗਈ ਹੈ ਧਰਤੀ
ਫੁੱਲਾਂ ਪੱਤੀਆਂ ਦੇ ਰੰਗਾਂ ਸੰਗ
ਸੂਰਜ ਨੂੰ ਕਹੋ
ਭਰ ਦੇਵੇ
ਰੌਸ਼ਨੀ ਦੇ ਰੰਗ
ਜ਼ਿੰਦਗੀ ਪਤਝੜ੍ਹ ਹੋ ਰਹੀ
====
ਸਿਰਨਾਵਾਂ
ਨਜ਼ਮ
ਪੁੱਛਦਾ ਹੈ ਘਰ
ਤੇਰਾ ਘਰ ਕਿੱਥੇ ਹੈ ?
ਦੱਸਦੀ ਹਾਂ ਮੈ
ਮੇਰਾ ਘਰ
ਫੈਲਿਆ ਹੈ
ਸੜਕਾਂ
ਅੰਬਰਾਂ
ਦਰਿਆਵਾਂ ਤੱਕ
ਤੇ ਬਣ ਗਿਆ ਹੈ ਖ਼ੁਦ
ਇੱਕ ਐਸਾ ਸਿਰਨਾਵਾਂ
ਜਿੱਥੇ ਬਸ ਸੋਚ ਜਾਗਦੀ ਹੈ
ਜਿੱਥੇ ਬਸ ਅਹਿਸਾਸ ਜਿਉਂਦਾ ਹੈ।
=====
ਲੋੜ
ਨਜ਼ਮ
ਦੂਰੀ ਏਨੀ
ਜਾਣ ਦਾ ਅਹਿਸਾਸ
ਬੁਣਦਾ ਰਿਹਾ
ਨੇੜਤਾ ਏਨੀ
ਦਿਲ ਦੀ ਧੜਕਣ ਦਾ
ਹਰ ਸਾਹ ਬੁਣਦਾ ਰਿਹਾ
ਨਾ ਬਣਿਆ ਕੋਈ
ਕਿਸੇ ਦਾ ਮੀਤ
ਹੋਠਾਂ 'ਚ ਹੀ ਬਸ
ਰਿਹਾ ਸੁਲਗਦਾ
ਦਿਲ ਦਾ ਗੀਤ
ਮਮਤਾ ਨੂੰ ਲੋੜ ਸੀ
ਬਸ ਜਿਉਂਦੇ ਰਹਿਣ ਦੀ
ਦਰਦ ਨੂੰ ਲੋੜ ਸੀ
ਚੁੱਪ ਚੁੱਪ ਸਭ ਸਹਿਣ ਦੀ

Tuesday, September 15, 2009

ਡਾ: ਦੇਵਿੰਦਰ ਕੌਰ - ਨਜ਼ਮ

ਮੇਰੀ ਕਵਿਤਾ
ਨਜ਼ਮ
ਮੇਰੀ ਕਵਿਤਾ
ਅੱਖਰਾਂ ਦੀ ਜਟਿਲ ਖੇਡ ਤੋਂ
ਤ੍ਰਹਿੰਦੀ ਹੈ
ਉਹ ਇਸ ਤੋਂ ਪਾਰ ਜਾਣਾ ਲੋਚਦੀ ਹੈ
ਉਸ ਪਾਰ
ਜਿਥੇ ਸਿਰਫ਼ ਅਹਿਸਾਸ ਜਿਉਂਦਾ ਹੈ
ਤੇ
ਅੰਨ੍ਹੀ ਸੋਚ ਦਾ ਨਸੀਬ
ਜ਼ਹਿਰ ਬਣਦਾ ਹੈ
ਜਿਥੇ ਸਵਾਲਾਂ ਦੇ ਜਵਾਬ
ਪਹਿਲੇ ਅਤੇ ਆਖ਼ਰੀ ਝੂਠ ਤੋਂ ਮੁਨਕਰ ਹੁੰਦੇ ਨੇ
.........
ਮੇਰੀ ਕਵਿਤਾ
ਕੰਜਕ ਦੀ ਗਾਨੀ ਦਾ
ਨਸੀਬ ਬਣਨਾ ਲੋਚਦੀ ਹੈ...!
======
ਹਾਰ
ਨਜ਼ਮ
ਕਿਸ ਸਰੂਰ 'ਚ
ਬੈਠਾ ਹੈ ਤਪੱਸਵੀ
ਅੰਤਰ ਆਤਮਾ ਸੰਗ
ਕਰ ਰਿਹੈ ਗੁਫ਼ਤਗੂ
ਕਿਸ ਗ਼ਰੂਰ 'ਚ
ਰਕਸ ਵਿਚ ਹੈ ਰੌਸ਼ਨੀ
ਫੈਲ ਰਹੀ ਹੈ
ਅਨੰਤ ਸਮੇਂ ਦੀ ਤਾਲ ਵਿਚ
...........
ਮੁਕਾਬਲਾ ਹੈ
ਤਪੱਸਵੀ ਅਤੇ ਰੌਸ਼ਨੀ ਦਾ
ਵੇਖੋ ਕੌਣ ਹਾਰਦਾ ਹੈ!



Sunday, July 12, 2009

ਡਾ: ਦੇਵਿੰਦਰ ਕੌਰ - ਨਜ਼ਮ

ਡਰ

ਨਜ਼ਮ

ਸ਼ਾਂਤ ਸਮੁੰਦਰ

ਗਹਿਰੀ ਚੁੱਪ

ਇਕਸਾਰ ਵਗਦੀਆਂ ਲਹਿਰਾਂ

ਮਧੁਰ ਸੰਗੀਤ

ਦੇਂਦਾ ਹੈ ਮਨ ਨੂੰ ਆਰਾਮ

...............

ਸੋਚ ਹੁੰਦੀ ਹੈ

ਸ਼ੀਤ, ਸ਼ਾਂਤ

ਪਰ

ਠਹਿਰਦੀ ਨਹੀਂ

ਡਰਦੀ ਹੈ ਸੋਚ....

..................

ਸਮੁੰਦਰ ਦੇ ਖੌਲ੍ਹ ਜਾਣ ਤੋਂ...

ਚੁੱਪ ਦੀਆਂ ਹੱਦਾਂ ਦੇ ਟੁੱਟ ਜਾਣ ਤੋਂ...

ਵਗਦੀਆਂ ਲਹਿਰਾਂ ਦੀ ਤੋਰ

ਵਿਗੜ ਜਾਣ 'ਤੋਂ....

.................

ਡਰਦੀ ਹੈ ਸੋਚ

ਅੱਗ ਦਾ ਦਰਿਆ

ਨਾ ਬਣ ਜਾਏ ਸਮੁੰਦਰ

ਸੁੱਖ ਮੰਗਦੀ ਹੈ

ਸੋਚ ਸਮੁੰਦਰ !


Monday, February 9, 2009

ਡਾ: ਦੇਵਿੰਦਰ ਕੌਰ - ਨਜ਼ਮ

ਜਸ਼ਨ

ਨਜ਼ਮ

ਨਾ ਖ਼ਤ ਦੀ ਉਡੀਕ

ਨਾ ਕਿਸੇ ਆਮਦ ਦੀ ਇੰਤਜ਼ਾਰ

ਨਾ ਮਿਲਣ ਸਮੇਂ ਸਤਰੰਗੀ ਪੀਂਘ ਦੇ ਝੂਟੇ

ਨਾ ਵਿਛੜਣ ਸਮੇ ਕੌਲ ਕਰਾਰਾਂ ਦੀ ਮਿਠਾਸ…

..................

ਉਹ ਹੁੰਦਾ ਹੈ.........

ਰੌਣਕ ਹੀ ਰੌਣਕ ਹੁੰਦੀ ਹੈ

ਉਹ ਨਹੀਂ ਹੁੰਦਾ ਤਾਂ

ਸੁੰਨਸਾਨ ਰੌਣਕ ਹੁੰਦੀ ਹੈ

ਰੌਣਕ ਮੇਰੇ ਸਾਹਾਂ ‘ਚ ਧੜਕਦੀ ਹੈ…

.......................

ਮੇਰੀ ਮਿੱਟੀ’ਚੋਂ ਇਕ ਸੁਗੰਧ

ਲਗਾਤਾਰ ਉੱਠਦੀ ਰਹਿੰਦੀ ਹੈ

ਮੈਂ ਉਸ ਸੁਗੰਧ ‘ਚ ਮੁਗਧ

ਸਾਰੇ ਕਾਰ ਵਿਹਾਰ ਕਰ

ਘਰ ਪਰਤਦੀ ਹਾਂ…

............................

ਲੱਛਮੀ ਦਾ ਬਸਤਾ ਕਿੱਲੀ ਟੰਗਦੀ ਹਾਂ

............................

ਮੇਨਕਾ ਦੇ ਹਉਕੇ ਨਾਲ ਗੀਤ ਲਿਖਦੀ ਹਾਂ

.............................

ਪਾਰਵਤੀ ਦੇ ਪੈਰਾਂ ‘ਚ ਅਗਰਬੱਤੀ ਜਲਾਉਂਦੀ ਹਾਂ

................................

ਸਰਸਵਤੀ ਦੇ ਬੋਲਾਂ ਸੰਗ ਹੇਕ ਲਾਉਂਦੀ ਹਾਂ

.................................

ਇੰਝ...........

ਆਪਣੇ ਹੋਣ ਦਾ ਜਸ਼ਨ ਮਨਾਉਂਦੀ ਹਾਂ!!


Thursday, January 22, 2009

ਡਾ: ਦੇਵਿੰਦਰ ਕੌਰ - ਨਜ਼ਮ

ਚਿੜੀਆਂ
ਨਜ਼ਮ

ਚਿੜੀਆਂ ਦਾ ਚੰਬਾ
ਹਰ ਸਾਲ ਦੇਸੋਂ ਉੱਡਦਾ ਹੈ
ਚਿੜੀਆਂ ਦੀਆਂ ਚੁੰਝਾਂ ਵਿੱਚ
ਸਰਟੀਫ਼ਿਕੇਟਾਂ ਦੇ ਨਾਲ਼ ਨਾਲ਼
ਮਾਵਾਂ ਦੀਆਂ ਦੁਆਵਾਂ ਦਾ
ਨਿੱਕਾ ਜਿਹਾ ਸੰਸਾਰ ਵੀ ਬੱਝਾ ਹੁੰਦਾ ਹੈ
---
ਤਲਾਸ਼ਦਾ ਹੈ ਇਹ ਚੰਬਾ
ਨਰਸਿੰਗ ਹੋਮਾਂ ਦੀਆਂ ਵੇਕੈਂਸੀ ਲਿਸਟਾਂ
ਉਂਝ ਇਹ ਚੰਬਾ
ਡਾਕਟਰੀ ਦੇ ਸਰਟੀਫਿਕੇਟ
ਆਪਣੀਆਂ ਚੁੰਝਾਂ 'ਚ ਸਮੇਟ
ਦੇਸੋਂ ਤੁਰਦਾ ਹੈ
ਹਸਪਤਾਲਾਂ ਦੇ ਬੂਹੇ
ਇਨ੍ਹਾਂ ਚਿੜ੍ਹੀਆਂ ਲਈ
ਕਈ ਕਈ ਸਾਲ ਨਹੀਂ ਖੁੱਲ੍ਹਦੇ
ਨਰਸਿੰਗ ਹੋਮਾਂ ਵਿੱਚ ਇਹ ਚਿੜੀਆਂ
ਮਰ ਰਹੇ ਮਰੀਜ਼ਾਂ ਦੀਆਂ
ਸਿਸਕੀਆਂ ਸੁਣਦੀਆਂ ਨੇ
ਪਰ ਦਵਾਈ ਨਹੀਂ ਦੇ ਸਕਦੀਆਂ
ਸਿਸਕ ਕੇ ਰਹਿ ਜਾਂਦੀਆਂ ਨੇ
ਇਹ ਚਿੜੀਆਂ
---
ਜਦ ਸਾਹਮਣੇ ਕਿਸੇ ਮਰੀਜ਼ ਦਾ
ਦਮ ਨਿਕਲਦਾ ਦੇਖਦੀਆਂ
ਮਾਵਾਂ ਦੀਆਂ ਦੁਆਵਾਂ
ਬਾਰ ਬਾਰ ਯਾਦ ਕਰਦੀਆਂ
ਨਿੱਕੇ ਜਿਹੇ ਸੰਸਾਰ ਵਿੱਚ
ਲਾਚਾਰ ਮੁੜਦੀਆਂ ਨੇ ਇਹ ਚਿੜੀਆਂ
ਤੇ ਤਲਾਸ਼ ਕਰਦੀਆਂ ਨੇ
ਕਿਸੇ ਹੋਰ ਨਰਸਿੰਗ ਹੋਮ ਦੀਆਂ
ਵੇਕੈਂਸੀ ਲਿਸਟਾਂ
ਬਸ ਸਾਲਾਂ ਦੇ ਸਾਲ ਚੱਕਰ
ਕੱਟਦੀਆਂ ਰਹਿ ਜਾਂਦੀਆਂ ਨੇ ਇਹ ਚਿੜ੍ਹੀਆਂ
----
ਸਾਂਭ ਦੇਂਦੀਆਂ ਨੇ
ਆਪਣੇ ਸਰਟੀਫਿਕੇਟ
ਦੇਸੋਂ ਲਿਆਂਦੇ ਸੰਦੂਕ 'ਚ
ਬੱਸ ਇੱਕ ਨਰਸਿੰਗ ਹੋਮ ਤੋਂ
ਦੂਜੇ ਨਰਸਿੰਗ ਹੋਮ ਦੇ ਗੇੜੇ
ਕੱਟਦੀਆਂ ਰਹਿੰਦੀਆਂ ਨੇ ਇਹ ਚਿੜੀਆਂ

Saturday, January 3, 2009

ਡਾ: ਦੇਵਿੰਦਰ ਕੌਰ - ਨਜ਼ਮ

ਤਲਾਸ਼
ਨਜ਼ਮ

ਉਹ ਲੱਭਣ ਤੁਰੀ
ਉਹਦੇ ਨਜ਼ਮ ਵਰਗੇ ਸਾਹਾਂ ਨੂੰ
ਰਸਤਿਆਂ ਦੇ ਪਹਾੜ ਟੱਪ
ਧੜਕਦੇ ਸਾਹਾਂ ਦੀ ਝੋਲ ਭਰ
ਵਕਤ ਦੀ ਕਾਲੀ ਸਾਜ਼ਿਸ਼ 'ਚੋਂ…
---
ਉਹ ਨਿਕਲ ਤੁਰੀ
ਆਸਾਂ ਦੇ ਟਟਹਿਣਿਆਂ ਸੰਗ
ਜੁਗਨੂੰਆਂ ਦੀ ਮੁੱਠ ਭਰ…
ਪਹੁੰਚੀ ਉਸ ਦੇ ਦੁਆਰ
ਚੁੱਪ ਉਸਨੂੰ ਜੀ ਆਇਆਂ ਆਖਿਆ
ਖੁੱਲੀਆਂ ਖ਼ਾਮੋਸ਼ ਅੱਖਾਂ
ਆਪਣਾ ਰਾਗ ਸੁਣਾਇਆ...
ਚਿਹਰੇ ਦੀ ਲਾਲੀ
ਬਦਨ ਦੀ ਖ਼ੁਸ਼ਬੂ
ਪਹੁੰਚ ਚੁੱਕੀ ਸੀ ਦਸਵੇਂ ਦੁਆਰ
----
ਰਸਤਿਆਂ ਦੀਆਂ ਬੇਵਫ਼ਾਈਆਂ
ਸਰ ਕਰਦਿਆਂ ਕਰਦਿਆਂ...
ਉਹਦੇ ਸਾਹਾਂ ਦੀ ਧੜਕਣ
ਤੇਜ਼ ਹੋਈ
ਉਹਦੇ ਹੱਥਾਂ 'ਚ ਫੜੇ
ਜੁਗਨੂੰਆਂ ਦੀ ਮੁੱਠ
ਹੋਰ ਪੀਢੀ ਹੋਈ...
---
ਮਰ ਗਏ ਜੁਗਨੂੰ
ਮੁੱਠ ਪੀਚਦਿਆਂ
ਉਹਦੀ ਨਜ਼ਮ ਦੀ ਹਰ ਸਤਰ
ਸਾਹ ਘੁੱਟ ਮੋਈ
ਜਦ ਨੇਰ੍ਹਿਆਂ ਸੰਗ ਬਹਿ
ਉਹ ਖ਼ੂਬ ਰੋਈ!

Sunday, December 28, 2008

ਡਾ: ਦੇਵਿੰਦਰ ਕੌਰ - ਨਜ਼ਮ

ਕਮੀਜ਼
ਨਜ਼ਮ

ਅਲਮਾਰੀ 'ਚ ਲਟਕ ਰਹੀ
ਵਰ੍ਹਿਆਂ ਤੋਂ....
ਉਹਦੀ ਕਮੀਜ਼
ਚੁੱਪ, ਖ਼ਾਮੋਸ਼…
ਰੋਜ਼ ਅਲਮਾਰੀ ਖੁੱਲ੍ਹਦੀ
ਰੋਜ਼ ਉਹ ਕਾਹਲ਼ 'ਚ ਹੁੰਦੀ
ਕਾਹਲ਼ ‘ਚ ਕਪੜੇ ਬਦਲਦੀ
ਬੈਗ ਮੋਢੇ ਲਟਕਾ ਨਿਕਲ਼ ਪੈਂਦੀ…
---
ਰੋਜ਼ ਬਾਹਰਲਾ ਬੂਹਾ ਖੁੱਲ੍ਹਦਾ
ਗਰਾਜ ਦਾ ਸ਼ਟਰ ਉੱਪਰ ਹੁੰਦਾ
ਕਾਰ ਬਾਹਰ ਨਿਕਲ਼ਦੀ
ਸ਼ਟਰ ਥੱਲੇ ਹੁੰਦਾ…
ਕਾਰ ਸੜਕਾਂ ਤੇ ਦੌੜਦੀ
ਉਹ ਅੰਦਰ ਬੈਠੀ
ਸੁਪਨੇ ਬੁਣਦੀ
ਸੋਚਾਂ ਸੰਵਾਰਦੀ…
---
ਅੱਜ ਅਲਮਾਰੀ ਦਾ ਬੂਹਾ ਖੋਲ੍ਹਦਿਆਂ
ਉਸ ਕਮੀਜ਼ ਵੱਲ ਵੇਖਿਆ
ਕਮੀਜ਼ ਦੀ ਚੁੱਪ ਟੁੱਟੀ
ਉਹਦਾ ਸਾਹ ਤੇਜ਼ ਹੋਇਆ…
ਉਸ ਕਾਹਲ਼ੀ-ਕਾਹਲ਼ੀ
ਕੱਪੜੇ ਬਦਲੇ
ਅਲਮਾਰੀ ਦਾ ਬੂਹਾ ਬੰਦ ਕੀਤਾ
ਸੂਟ ਬਦਲਿਆ
ਘਰ ਦਾ ਬੂਹਾ ਖੁੱਲ੍ਹਿਆ
ਗਰਾਜ ਦਾ ਸ਼ਟਰ ਉੱਚਾ ਹੋਇਆ
ਕਾਰ ਨਿਕਲੀ........
----
ਉਹ ਉੱਡ ਰਹੀ ਸੜ੍ਹਕਾਂ 'ਤੇ
ਸੋਚਾਂ, ਸੁਪਨਿਆਂ 'ਚ ਉਲ਼ਝੀ
ਸਵੱਖਤੇ ਕੰਮੋਂ ਪਰਤੀ
ਦੇਖਿਆ...
ਅੱਜ ਗਰਾਜ ਦਾ ਸ਼ਟਰ
ਉਸੇ ਤਰ੍ਹਾਂ ਖੁੱਲ੍ਹਾ ਸੀ
ਘਰ ਦਾ ਦਰਵਾਜ਼ਾ
ਕਿਸੇ ਚਾਬੀ ਦੀ ਉਡੀਕ 'ਚ ਨਹੀਂ ਸੀ
………………
ਅੱਜ ਕੱਲ੍ਹ ਕਵਿਤਾ
ਆਪਣਾ ਚਿਹਰਾ ਬਦਲ ਰਹੀ ਹੈ
ਲੋਹੇ ਦੀਆਂ ਜ਼ੰਜੀਰਾਂ ਦੀ ਥਾਂ
ਪੈਰਾਂ 'ਚ ਪਈਆਂ
ਸੋਨੇ ਦੀਆਂ ਝਾਂਜਰਾਂ ਦੀ
ਛਣ ਛਣ ਬੋਲਦੀ ਹੈ
ਖ਼ਿਆਲਾਂ ਦੇ ਸਮੁੰਦਰ 'ਚ!

Wednesday, December 24, 2008

ਡਾ: ਦੇਵਿੰਦਰ ਕੌਰ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਯੂ.ਕੇ. ਨਿਵਾਸੀ ਉੱਘੀ ਲੇਖਿਕਾ ਮੈਡਮ ਡਾ: ਦੇਵਿੰਦਰ ਕੌਰ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ‘ਆਰਸੀ’ ਲਈ ਭੇਜੀਆਂ ਹਨ। ਉਹਨਾਂ ਦੀਆਂ ਖ਼ੂਬਸੂਰਤ ਲਿਖਤਾਂ ਪੰਜਾਬੀ ਦੇ ਸਿਰਮੌਰ ਅਖ਼ਬਾਰਾਂ, ਰਸਾਲਿਆਂ ਤੇ ਸਾਹਿਤਕ ਵੈੱਬ-ਸਾਈਟਾਂ ‘ਤੇ ਪੜ੍ਹਦੇ ਹੀ ਰਹਿੰਦੇ ਹਾਂ। ਕਪੂਰਥਲਾ ਜ਼ਿਲੇ ‘ਚ ਅਕਤੂਬਰ 20, 1948 ਨੂੰ ਜਨਮੀ ਡਾ: ਸਾਹਿਬਾ ਅੰਗਰੇਜ਼ੀ ਤੇ ਪੰਜਾਬੀ ਸਾਹਿਤ ‘ਚ ਐਮ.ਏ. ਤੇ ਪੰਜਾਬੀ ਕਵਿਤਾ ਤੇ ਪੀ.ਐੱਚ.ਡੀ. ਹਨ। ਦਿੱਲੀ ਯੂਨੀਵਰਸਿਟੀ ਕਾਲਜ ਤੋਂ ਸੰਨ 1970 ਤੋਂ ਅਧਿਆਪਨ ਸ਼ੁਰੂ ਕਰਕੇ ਯੂ.ਕੇ. ‘ਚ ਬਿਲਸਟਨ ਕਮਿਊਨਿਟੀ ਤੇ ਵੁਲਵਰਹੈਂਪਟਨ ਕਾਲਜ ‘ਚ ਲੈਕਚਰਾਰ ਦੇ ਸਨਮਾਨਯੋਗ ਅਹੁਦਿਆਂ ਤੇ ਅਧਿਆਪਨ ਦੀਆਂ ਸੇਵਾਵਾਂ ਪ੍ਰਦਾਨ ਕਰ ਚੁੱਕੇ ਹਨ।

ਉਹਨਾਂ ਦੁਆਰਾ ਰਚਿਤ ਪੁਸਤਕਾਂ ‘ਚ : ਕਾਵਿ-ਸੰਗ੍ਰਹਿ : ਇਸ ਤੋਂ ਪਹਿਲਾਂ ਕਿ, ਨੰਗੀਆਂ ਸੜਕਾਂ ਦੀ ਦਾਸਤਾਨ, ਅਗਨ ਚੋਲ਼ਾ, ਸਾਹਿਤਕ ਆਲੋਚਨਾ ‘ਚ: ਕ੍ਰਿਆ ਪ੍ਰਤਿਕ੍ਰਿਆ, ਪੰਜਵਾਂ ਚਿਰਾਗ਼, ਵੀਰ ਸਿੰਘ ਕਾਵਿ ਦਾ ਰੂਪ – ਵਿਗਿਆਨਕ ਅਧਿਐਨ, ਵਿਵਿਧਾ, ਯੁਕਲਿਪਟਸ ਤੇ ਹੈਮਿੰਗਵੇਅ, ਅੰਮ੍ਰਿਤਾ ਪ੍ਰੀਤਮ ਦੀ ਗਲਪ ਤੇ ਕਾਵਿ ਚੇਤਨਾ, ਬਰਤਾਨਵੀ ਪੰਜਾਬੀ ਸਾਹਿਤ ਦੇ ਮਸਲੇ, ਦੇਵ, ਸ਼ਬਦ ਤੇ ਸਿਰਜਣਾ, ਬਰਤਾਨੀਆ ’ਚ ਲਿਖਿ ਜਾ ਰਹੀ ਪੰਜਾਬੀ ਕਵਿਤਾ – ਇੱਕ ਇਤਿਹਾਸਕ ਪਰਿਪੇਖ, ਸੰਪਾਦਨਾ ‘ਚ : ਨਿਬੰਧਨੀ, ਹਰਫ਼ ਹਮੇਸ਼ਾ, ਲੋਕ ਵੇਦੀ ਵਣਜਾਰਾ ਬੇਦੀ, ਨਵਾਂ ਪੁਰਾਣਾ ਮਾਖਿਓਂ ਸ਼ਾਮਲ ਹਨ। ਉਹ ਪੰਜਾਬੀ ਸਾਹਿਤ ਨੂੰ ਸਮਰਪਿਤ ਮੈਗਜ਼ੀਨ ‘ਸਾਹਿਤਕ ਸੂਰਜ’ ( ਮਾਸਿਕ 1990-1993) ਦੇ ਸੰਪਾਦਕ ਰਹੇ ਅਤੇ ਅੱਜਕੱਲ੍ਹ ਤ੍ਰੈਮਾਸਿਕ ਮੈਗਜ਼ੀਨ ‘ਪ੍ਰਵਚਨ’ ਦੀ ਸੰਪਾਦਨਾ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਦੇ 40-50 ਲੇਖ ਸਿਰਕੱਢਵੇਂ ਮੈਗਜ਼ੀਨਾਂ ‘ਚ ਛਪ ਚੁੱਕੇ ਹਨ।

ਸਾਹਿਤਕ ਤੌਰ ਤੇ ਸਰਗਰਮ ਡਾ: ਦੇਵਿੰਦਰ ਕੌਰ ਜੀ ਸਾਹਿਤਕ ਸੇਵਾਵਾਂ ਬਦਲੇ ਬਹੁਤ ਸਾਹਿਤ ਸਭਾਵਾਂ ਵੱਲੋਂ ਸਨਮਾਨੇ ਜਾ ਚੁੱਕੇ ਹਨ। ਕਈ ਇਨਾਮਾਂ, ਜਿਨ੍ਹਾਂ ਚੋਂ : ਪੰਜਾਬੀ ਅਕਾਦਮੀ ਦਿੱਲੀ ਤੋਂ ਵਾਰਤਕ ਐਵਾਰਡ, ਹਰਿਆਣਾ ਅਕਾਦਮੀ ਤੇ ਕਲਾਕਾਰ ਲੇਖਕ ਮੰਡਲ ਤੋਂ ਸਾਹਿਤ ਸੇਵਾਵਾਂ ਐਵਾਰਡ, ਇੰਡੋ-ਕੈਨੇਡੀਅਨ ਟਾਈਮਜ਼ ਟਰੱਸਟ ਅਤੇ ਕੇਂਦਰੀ ਲਿਖਾਰੀ ਸਭਾ ਤੋਂ ਆਲੋਚਨਾ ਦੇ ਖੇਤਰ ‘ਚ ਸੇਵਾਵਾਂ ਬਦਲੇ ਐਵਾਰਡ, ਪੰਜਾਬ ਸਟੇਟ ਬਿਜਲੀ ਬੋਰਡ ਲੇਖਕ ਸਭਾ, ਲੁਧਿਆਣਾ ਵੱਲੋਂ ਸਫ਼ਦਰ ਹਾਸ਼ਮੀ ਆਲੋਚਨਾ ਐਵਾਰਡ, ਪੰਜਾਬੀ ਸਾਹਿਤ ਸਭਾ ਸਾਉਥੈਂਪਟਨ ਯੂ.ਕੇ. ਤੋਂ ਸਾਹਿਤਕ ਸੇਵਾਵਾਂ ਲਈ ਐਵਾਰਡ, ਅਤੇ ਪੰਜਾਬੀ ਸੱਥ ਲਾਂਬੜਾ, ਯੌਰਪੀਅਨ ਇਕਾਈ ਵੱਲੋਂ ਸੰਤ ਸਿੰਘ ਸੇਖੋਂ ਆਲੋਚਨਾ ਐਵਾਰਡ ਪ੍ਰਮੁੱਖ ਹਨ।

ਉਹਨਾਂ ਨੇ ਈਮੇਲ ‘ਚ ਬਹੁਤ ਹੌਸਲਾ-ਅਫ਼ਜ਼ਾਈ ਕੀਤੀ ਹੈ ਅਤੇ ਬਲੌਗ ਲਈ ਸ਼ੁੱਭ-ਇੱਛਾਵਾਂ ਭੇਜੀਆਂ ਨੇ। ਮੈਂ ਉਹਨਾਂ ਦੀ ਤਹਿ-ਦਿਲੋਂ ਮਸ਼ਕੂਰ ਹਾਂ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਡਾ: ਦੇਵਿੰਦਰ ਕੌਰ ਜੀ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀਆਂ ਰਚਨਾਵਾਂ ‘ਚੋਂ ਦੋ ਖ਼ੂਬਸੂਰਤ ਨਜ਼ਮਾਂ ਨੂੰ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਉਹਨਾਂ ਨੂੰ ਤੇ ਉਹਨਾਂ ਦੀ ਕਲਮ ਨੂੰ ਮੇਰਾ ਸਲਾਮ! ਉਹਨਾਂ ਨੂੰ ਆਰਸੀ ਦਾ ਲਿੰਕ ਸਤਿਕਾਰਤ ਲੇਖਕ ਸੁਖਿੰਦਰ ਜੀ ਨੇ ਭੇਜਿਆ ਸੀ, ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ!

ਸਮਰਪਣ

ਨਜ਼ਮ

ਉਹ ਬਹੁਤ ਕੁਝ

ਕਹਿ ਸਕਦੀ ਸੀ

ਸ਼ਾਇਰ ਨੂੰ

ਲੱਭਦਿਆਂ ਲੱਭਦਿਆਂ

ਸ਼ਾਇਰੀ ਨੂੰ

ਲਿਖਦਿਆਂ ਲਿਖਦਿਆਂ

ਪਰ ਉਹ ਕੁਝ ਨਹੀਂ ਉਚਰਦੀ

---

ਉਹ ਉਸਨੂੰ ਪੁੱਛਦੇ ਨੇ

ਤੇਰੀ ਸੋਚ,

ਤੇਰੀ ਮੜ੍ਹਕ ਕਿਥੇ ਹੈ?

ਉਹ ਦੱਸਦੀ ਹੈ

ਉਹ ਗਵਾ ਆਈ ਹੈ

ਆਪਣੇ ਆਪ ਦੀ ਭਾਲ਼ ਵਿਚ

---

ਸ਼ਾਇਰ ਨੂੰ

ਲੱਭਦਿਆਂ ਲੱਭਦਿਆਂ

ਸ਼ਾਇਰੀ ਨੂੰ

ਲਿਖਦਿਆਂ ਲਿਖਦਿਆਂ

ਆਪਣੇ ਆਪ ਨੂੰ ਭਾਲ਼ਦਿਆਂ

ਉਹ ਬੇਗਾਨੀ ਹੋ ਗਈ ਇਕ ਦਿਨ

---

ਤੇ..............

ਸ਼ਾਇਰੀ ਦੇ ਦੇਸ 'ਚੋਂ

ਪਤਾ ਨਹੀਂ ਕਿਹੜੇ ਵੇਲ਼ੇ

ਤੁਰ ਪਈ ਉਹ

ਬੱਚਿਆਂ ਦੇ ਦੇਸ

ਫੁੱਲਾਂ ਪੱਤੀਆਂ ਦੇ ਦੇਸ

ਜਿਥੇ ਫੁੱਲਾਂ ਵਰਗੇ ਹਾਸੇ

ਮਾਸੂਮ ਅੱਖਾਂ 'ਚੋਂ ਉੱਡਦੀਆਂ ਘੁੱਗੀਆਂ

ਉਹਨੂੰ ਮਿਲ਼ਣ ਆਈਆਂ

ਤੇ ਉਹ ਹੋ ਗਈ ਸਾਰੀ ਦੀ ਸਾਰੀ

ਉਨ੍ਹਾਂ ਘੁੱਗੀਆਂ ਦੇ ਹਵਾਲੇ

==========

ਧੜਕਣ

ਨਜ਼ਮ

ਅਰਦਾਸ ਉਦਾਸ ਹੈ

ਉਸ ਵਿਚ ਬੋਲੇ ਜਾ ਰਹੇ

ਸ਼ਬਦ

ਉਸਨੂੰ ਯਾਦ ਕਰਾਉਂਦੇ ਨੇ

ਆਪਣੀ ਮਾਂ ਦੀਆਂ

ਬੇਰਹਿਮੀ ਨਾਲ

ਮਰ ਰਹੀਆਂ ਸੱਧਰਾਂ

ਆਪਣੀ ਨਾਨੀ ਦੇ

ਸੁੰਘੜ ਰਹੇ ਸਰੀਰ 'ਚੋਂ

ਘੁਟ ਘੁਟ ਜਾਂਦੀ ਰੂਹ

---

ਕਦੇ ਕਦੇ ਜਦ ਉਹ

ਮਨ ਦੇ ਗੁਰਦੁਆਰੇ 'ਚ ਬੈਠ

ਕੀਰਤਨ ਸੋਹਿਲੇ ਦਾ

ਪਾਠ ਕਰਦੀ ਹੈ

ਕਰ ਲੈਂਦੀ ਹੈ ਮਨ ਸ਼ਾਂਤ

---

ਫਿਰ ਵੀ....

ਉਸਨੂੰ ਜਾਪਦਾ ਹੈ

ਸ਼ਾਂਤੀ 'ਚੋਂ ਨਿਕਲ ਰਹੇ

ਸੇਕ ਦੀ ਹਵਾੜ੍ਹ

ਉਹ ਆਪਣੇ ਹੀ ਅੰਦਰ

ਕਿਤੇ ਭਰਦੀ ਰਹਿੰਦੀ ਹੈ

---

ਕਿੰਨਾ ਕੁ ਕੁਝ

ਸਹਿ ਸਕਦੀ ਹੈ ਉਹ

ਆਪਣੇ ਹਿੱਸੇ ਦੀ ਉਦਾਸੀ

ਜਾਂ ਸਾਰੇ ਪਿੰਡ ਦੀ ਅਰਦਾਸ 'ਚੋਂ

ਫੈਲ ਰਹੀ ਧੂਏਂ ਭਰੀ ਹਵਾ

---

ਸ਼ਾਂਤੀ ਤਾਂ ਬੱਸ

ਨਿਰੀ ‘ਓਮ ਸ਼ਾਂਤੀ’ ਹੈ

ਅਰਦਾਸ ਤਾਂ ਨਿਰੀ ਸ਼ਾਂਤੀ ਹੈ

ਤੇ....

ਉਹ ..............

ਰੂਹ ਦੀ ਧੜਕਣ

ਭਾਲ਼ ਰਹੀ ਹੈ!